.

ਗੁਰਬਾਣੀ ਇਕਤ੍ਰ ਤਾਂ ਹੋਈ, ਪਰ ਕਿਵੇਂ?

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀਆਂ ਬੀੜਾਂ ਅੰਦਰ ੬ ਗੁਰੂ ਸਰੂਪਾਂ ਸਮੇਤ ੩੫ ਲਿਖਾਰੀਆਂ ਦੀ ਬਾਣੀ ਦਰਜ ਹੈ। ਇਹ ੬ ਗੁਰੂ ਪਾਤਸ਼ਾਹੀਆਂ ਹਨ, ਪਹਿਲੀ ਤੋਂ ਪੰਜਵੀਂ ਪਾਤਸ਼ਾਹੀ ਅਤੇ ਨੌਵੀਂ ਪਾਤਸ਼ਾਹੀ ਗੁਰੂ ਤੇਗ਼ਬਹਾਦੁਰ ਜੀ। ਇਨ੍ਹਾਂ ਤੋਂ ਇਲਾਵਾ ਇਥੇ ੧੫ ਭਗਤਾਂ, ਯਾਰਾਂ ਭੱਟਾਂ ਅਤੇ ਤਿੰਨ ਸਿੱਖਾਂ ਦੀ ਬਾਣੀ ਵੀ ਦਰਜ ਹੈ।

੧੫ ਭਗਤਾਂ, ੩ ਸਿੱਖਾਂ ਤੇ ੧੧ ਭੱਟਾਂ ਦੇ ਨਾਮ- ਗੁਰਬਾਣੀ ਵਿਚਲੇ ੧੫ ਭਗਤਾਂ ਦੇ ਕ੍ਰਮਵਾਰ ਨਾਮ ਹਨ ੧. ਫ਼ਰੀਦ ਜੀ, ੨. ਕਬੀਰ ਸਾਹਿਬ, 3. ਨਾਮਦੇਵ ਜੀ, 4. ਰਵਿਦਾਸ ਜੀ, 5. ਤ੍ਰਿਲੋਚਨ ਜੀ, 6. ਬੈਣੀ ਜੀ, 7. ਧੰਨਾ ਜੀ, 8. ਜੈਦੇਵ ਜੀ, 9. ਭੀਖਨ ਜੀ, 10. ਸੂਰਦਾਸ (ਕੇਵਲ ੧ ਤੁਕ), ੧੧. ਪਰਮਾਨੰਦ ਜੀ, ੧੨. ਸੈਣ ਜੀ, ੧੩. ਪੀਪਾ ਜੀ, ੧੪. ਸਧਨਾ ਜੀ, ੧੫. ਰਾਮਾਨੰਦ ਜੀ, ਇਸਤੋਂ ਇਲਾਵਾ ੧੧ ਭੱਟ- ਜਿਨ੍ਹਾਂ ਦੇ ਨਾਮ ਹਨ ੧. ਕਲBਸਹਾਰ (ਇਨ੍ਹਾਂ ਦੇ ਨਾਮ ਕਲ ਅਤੇ ਟਲ ਵੀ ਆਏ ਹਨ) ੨. ਜਾਲਪ ੩. ਕੀਰਤ ੪. ਭਿਖਾ ੫. ਸਲB ੬. ਭਲB ੭. ਨਲB ੮. ਗਯੰਦ ੯. ਮਥੁਰਾ ੧੦. ਬਲB ਅਤੇ ੧੧. ਹਰਿਬੰਸ। ਉਪ੍ਰੰਤ ਜੋ ਤਿੰਨ ਸਿੱਖਾਂ ਦੀ ਬਾਣੀ ਦਰਜ ਹੋਈ ਹੈ ਉਹ ਹਨ ੧. ਸੱਤਾ ੨. ਬਲਵੰਡ ਅਤੇ ੩. ਭਗਤ ਸੁੰਦਰ ਜੀ। ਇਥੇ ਧਿਆਨ ਦੇਣ ਦੀ ਲੋੜ ਹੈ ਕਿ ਕੁੱਝ ਲਿਖਾਰੀਆਂ ਨੇ ਤਿੰਨ ਸਿੱਖਾਂ ਦੀ ਬਜਾਏ ੪ ਸਿੱਖਾਂ ਦੀ ਬਾਣੀ ਵੀ ਲਿਖਿਆ ਅਤੇ ਉਸ ਗਿਣਤੀ `ਚ ਭਾਈ ਮਰਦਾਨਾ ਜੀ ਨੂੰ ਜੋੜਿਆ ਹੈ ਜੋਕਿ ਉੱਕਾ ਹੀ ਗ਼ਲਤ ਹੈ। ਪੰਨਾਂ ੫੫੩ ਉਪਰ ਜੋ ਮਰਦਾਨਾ ਜੀ ਬਾਰੇ ਤਿੰਨ ਸਲੋਕ ਆਏ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੀ ਰਚਨਾ ਹਨ ਅਤੇ ਭਾਈ ਮਰਦਾਨਾ ਜੀ ਨੂੰ ਸਮਰਪਤ ਹਨ। ਇਸ ਬਾਰੇ ਵੇਰਵਾ ਅਸੀਂ ਗੁਰਮਤਿ ਪਾਠ ਨੰਬਰ ੧੯ ‘ਭਾਈ ਮਰਦਾਨਾ ਜੀ’ `ਚ ਦੇ ਚੁੱਕੇ ਹਾਂ, ਇਥੇ ਲੋੜ ਨਹੀਂ। ਇਸ ਹੱਥਲੇ ਗੁਰਮਤਿ ਪਾਠ ਜਾਂ ਦਾਸ ਰਾਹੀਂ ਲਿਖਤ ਪਾਠਾਂ `ਚੋਂ ਜਿੰਨੇ ਵੀ ਪੰਨਾ ਨੰਬਰ ਦਿੱਤੇ ਗਏ ਹਨ ਉਹ ਸਾਰੇ ਮੌਜੂਦਾ ਛਪਾਈ ਵਾਲੀਆਂ ੧੪੩੦ ਪੰਨਿਆਂ ਦੀਆਂ ਬੀੜਾਂ ਵਿਚੋਂ ਹਨ।

ਕੁਝ ਭਗਤਾਂ ਦੀ ਬਾਣੀ ਬਾਰੇ- ਸਾਰੀ ਗੁਰਬਾਣੀ ਰਚਨਾਂ ਅੰਦਰ ਜੋ ੧੫ ਭਗਤਾਂ ਦੀ ਬਾਣੀ ਦਰਜ ਹੈ ਇਹ ਬਾਣੀ, ਗੁਰੂ ਨਾਨਕ ਪਾਤਸ਼ਾਹ ਨੇ ਆਪ ਅਪਣੇ ਹਸਤ-ਕਮਲਾਂ ਨਾਲ ਆਪਣੇ ਪ੍ਰਚਾਰਕ ਦੌਰਿਆਂ ਸਮੇਂ ਇਕਤ੍ਰ ਕੀਤੀ। ਆਪਜੀ ਦੇ ਇਨ੍ਹਾਂ ਪ੍ਰਚਾਰਕ ਦੌਰਿਆਂ ਨੂੰ ਹੀ ਉਸ ਸਮੇਂ ਦੀ ਬੋਲੀ `ਚ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰਦੇਵ ਨੇ ਆਪ ਇਨ੍ਹਾਂ ਭਗਤਾਂ ਦੇ ਪ੍ਰਚਾਰ ਕੇਂਦ੍ਰਾਂ `ਤੇ ਪੁੱਜ ਕੇ, ਕਿਸੇ ਵੀ ਭਗਤ ਦੀ ਕੇਵਲ ਉਹ ਰਚਨਾ ਹੀ ਪ੍ਰਵਾਣ ਕੀਤੀ ਜੋ ਗੁਰਬਾਣੀ ਵਾਲੇ ਇਲਾਹੀ ਸੱਚ ਭਾਵ “ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ” (ਪੰ: ੬੪੬) ਦੀ ਕਸਵੱਟੀ `ਤੇ ਪੂਰੀ ਉਤਰਦੀ ਸੀ। ਚੇਤੇ ਰਹੇ! ਭਗਤਾਂ ਦੀ ਬਾਣੀ ਇਸ ਤਰੀਕੇ ਇਕਤ੍ਰ ਨਹੀਂ ਕੀਤੀ ਗਈ ਕਿ ਕੋਈ ਭਗਤ ਵੈਸ਼ਨਵੀ ਹੋਵੇ, ਦੂਜਾ ਬ੍ਰਾਹਮਣ; ਕੋਈ ਸ਼ੂਦਰ ਹੋਵੇ ਅਤੇ ਕੋਈ ਮੁਸਲਮਾਨਾਂ ਵਿਚੋਂ ਵੀ। ਇਸੇ ਤਰ੍ਹਾਂ ਇਹ ਭਗਤ ਜ਼ਰੂਰੀ ਵੱਖ ਵੱਖ ਪ੍ਰਾਂਤਾਂ ਦੇ ਹੋਣ ਜਿਵੇਂ ਕੋਈ ਭਗਤ ਮਹਾਰਾਸ਼ਟਰ ਤੋਂ ਹੋਵੇ, ਦੂਜਾ ਬਨਾਰਸ ਤੋਂ; ਕੋਈ ਗੁਜਰਾਤ ਤੋਂ, ਕੋਈ ਬੰਗਾਲ ਤੋਂ ਤੇ ਕੋਈ ਪਾਕਪਟਣ ਤੋਂ; ਜਿਵੇਂ ਅੱਜ ਸਾਡੇ ਕਈ ਪ੍ਰਚਾਰਕ-ਲਿਖਾਰੀ ਆਦਿ ਅਜੇਹਾ ਪ੍ਰਚਾਰ ਕਰਦੇ ਹਨ। ਉਪ੍ਰੰਤ ਜੋ-ਜੋ ਬਾਣੀ ਪ੍ਰਵਾਣ ਹੋਈ, ਉਹ ਸਾਰੀਆਂ ਰਚਨਾਵਾਂ ਭਗਤਾਂ ਦੇ ਜੀਵਨ ਦੀ ਸਫ਼ਲ ਅਵਸਥਾ ਨਾਲ ਸੰਬੰਧਤ ਸਨ। ਇਹ ਤਾਂ ਕੇਵਲ ਕਰਤੇ ਦੀ ਹੀ ਖੇਡ ਸੀ ਕਿ ਇਹ ਸਾਰੇ ਭਗਤ, ਆਪਣੀ-ਆਪਣੀ ਭਗਤੀ ਭਾਵਨਾ ਤੇ ਘਾਲਣਾ ਬਲਕਿ ਇਨ੍ਹਾਂ `ਚੋਂ ਕਈ ਤਾਂ ਇੱਕ ਦੂਜੇ ਦੀ ਸੰਗਤ `ਚ ਆ ਕੇ “ਪੰਚ ਪਰਵਾਣ, ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ, ਦਰਿ ਰਾਜਾਨੁ॥ ਪੰਚਾ ਕਾ, ਗੁਰੁ ਏਕੁ ਧਿਆਨੁ ਵਾਲੀ ਜੀਵਣ ਦੀ ਅਵਸਥਾ ਨੂੰ ਪੁੱਜੇ ਹੋਏ ਸਨ। ਜੀਵਨ ਦੀ ਅਜੇਹੀ ਅਵਸਥਾ ਜਿੱਥੇ ਪੁੱਜਕੇ ਸੰਸਰਕ ਦੇਸ਼ਾਂ, ਧਰਮਾਂ-ਵਰਨਾਂ, ਉਮਰਾਂ ਦੀਆਂ ਹੱਦਾਂ ਮੁੱਕ ਜਾਂਦੀਆਂ ਹਨ ਅਤੇ ਜਗਿਆਸੂ “ਪੰਚਾ ਕਾ, ਗੁਰੁ ਏਕੁ ਧਿਆਨੁ” ਵਾਲੀ ਜੀਵਨ ਦੀ ਅਵਸਥਾ `ਚ ਪੁੱਜ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਸਫ਼ਲ ਵਿਅਕਤੀਆਂ ਦਾ ਗੁਰੂ ਵੀ ਇਕੋਇਕ ਅਕਾਲਪੁਰਖ ਹੁੰਦਾ ਹੈ ਕੋਈ ਦੁਨਿਆਵੀ ਗਰੂ ਨਹੀਂ ਅਤੇ ਉਨ੍ਹਾਂ ਦਾ ਧਰਮ ਵੀ ਇਲਾਹੀ ਧਰਮ, ਉਪਰੰਤ ਸੋਚਮੰਡਲ ਭਾਵ ਵਿਚਾਰਧਾਰਾ ਵੀ ਰੱਬੀ ਹੋ ਚੁਕੀ ਹੁੰਦੀ ਹੈ।

“ਮਿਲੇ ਪ੍ਰਤਖਿ ਗੁਸਾਈਆ” -ਇਥੇ ਇਹ ਧਿਆਨ ਕਰ ਲੈਣਾ ਵੀ ਜ਼ਰੂਰੀ ਹੈ ਕਿ ਇਹ ਸਾਰੇ ਭਗਤ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਇਸ ਜਗਤ `ਚ ਆਏ। ਇਸ ਤਰ੍ਹਾਂ ਇਨ੍ਹਾਂ ਪ੍ਰਵਾਣਤ ੧੫ ਭਗਤਾਂ `ਚੋਂ ਇੱਕ ਵੀ ਭਗਤ ਅਜੇਹਾ ਨਹੀਂ ਸੀ, ਜਿਸਦਾ ਸਰੀਰਕ ਤੌਰ `ਤੇ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋਇਆ ਹੋਵੇ। ਇਹ ਸਾਰੇ ਭਗਤ ਜਮਾਂਦਰੂ ਤੌਰ `ਤੇ ਸਫ਼ਲ ਜੀਵਨ ਵਾਲੇ ਨਹੀਂ ਸਨ ਬਲਕਿ ਆਪਣੀ-ਆਪਣੀ ਭਗਤੀ ਭਾਵਨਾ ਅਤੇ ਘਾਲਣਾ ਕਰਕੇ ਜੀਵਨ ਦੀ ਇਸ ਇਲਾਹੀ ਅਵਸਥਾ ਨੂੰ ਪ੍ਰਾਪਤ ਹੋਏ ਸਨ। ਇਹੀ ਕਾਰਨ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ, ਗੁਰਦੇਵ ਨੇ ਇਨ੍ਹਾਂ ਸਾਰੇ ਭਗਤਾਂ ਨੂੰ ਆਪਣੀ ਛਾਤੀ ਨਾਲ ਲਗਾਇਆ ਅਤੇ ਬਰਾਬਰੀ ਵੀ ਦਿੱਤੀ। ਇਸੇ ਲਈ ਇਨ੍ਹਾਂ ਭਗਤਾਂ ਦੀਆਂ ਰਚਨਾਵਾਂ ਉਪਰ ਗੁਰਦੇਵ ਨੇ ਜੋ ਸਿਰਲੇਖ ਵੀ ਵਰਤਿਆ, ਉਹ ਹੈ ਬਾਣੀ ਭਗਤਾਂ ਕੀ। ਇਸਦੇ ਨਾਲ ਨਾਲ ਅਸਾਂ ਇਸ ਸਚਾਈ ਨੂੰ ਵੀ ਕਦੇ ਨਜ਼ਰੋਂ ਉਹਲੇ ਨਹੀਂ ਕਰਨਾ ਕਿ ਇਹ ਸਾਰੇ ਭਗਤ ਜਮਾਂਦਰੂ ਇਸ ਉੱਚੀ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਥੋੜਾ ਗੁਰਬਾਣੀ ਵਿਚਾਰ ਵਲ ਵਧੋ ਤਾਂ ਇਸ ਬਾਰੇ ਗੁਰਬਾਣੀ ਵਿਚੋਂ ਹੀ ਅਜੇਹੀਆਂ ਗਵਾਹੀਆਂ ਸਪਸ਼ਟ ਮਿਲ ਜਾਣਗੀਆਂ। ਆਓ ਦੇਖੀਏ ਤਾਂ ਸਹੀ ਕਿ ਇਸ ਵਿਸ਼ੇ `ਤੇ ਭਗਤ ਧੰਨਾ ਜੀ ਬਾਰੇ ਕੇਵਲ ਪੰਚਮ ਪਿਤਾ ਆਪ ਹੀ ਨਹੀਂ ਕਹਿ ਰਹੇ “ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡਭਾਗਾ” (ਪੰ: ੪੮੮) ਬਲਕਿ ਭਗਤ ਧੰਨਾ ਜੀ ਖੁਦ ਆਪਣੀ ਬਾਣੀ `ਚ ਇਸ ਸਚਾਈ ਨੂੰ ਬਿਆਨਦੇ ਹਨ ਕਿ “ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ” (ਪੰ: ੪੮੭)। ਅਤੇ ਇਨ੍ਹਾਂ ਸੰਤ ਜਨਾ ਦਾ ਜ਼ਿਕਰ ਵੀ ਪੰਚਮ ਪਾਤਸ਼ਾਹ ਆਪ ਕਰਦੇ ਹਨ ਕਿ ਇਹ ਸੰਤ ਜਨ ਕੌਣ ਸਨ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ, ਹੋਇਓ ਲਾਖੀਣਾ॥   ॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ, ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ, ਭਇਓ ਗੁਨੀਯ ਗਹੀਰਾ॥   ॥ ਰਵਿਦਾਸੁ ਢੁਵੰਤਾ ਢੋਰ ਨੀਤਿ, ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ, ਹਰਿ ਦਰਸਨੁ ਪਾਇਆ॥   ॥ ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾਮਹਿ ਗਨਿਆ॥   ॥”ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡਭਾਗਾ॥ ੪॥” (ਪੰ: ੪੮੮) ਭਾਵ ਕੇਵਲ ਧੰਨਾ ਹੀ ਨਹੀਂ ਬਲਕਿ ਨਾਮਦੇਵ, ਕਬੀਰ, ਰਵਿਦਾਸ, ਸੈਣ-ਇਹ ਸਾਰੇ ਆਰੰਭ ਤੋਂ ਤਾਂ ਭਗਤ ਨਹੀਂ ਸਨ ਬਲਕਿ ਇੱਕ ਦੂਜੇ ਦੀ ਸੰਗਤ `ਚ ਆ ਕੇ ਉਭਰੇ ਅਤੇ ਆਪਣੇ ਆਪਣੇ ਸਫ਼ਲ ਜੀਵਨ ਨੂੰ ਪ੍ਰਾਪਤ ਹੋਏ। ਇਹੀ ਕਾਰਨ ਹੈ ਕਿ ਭਗਤ-ਬਾਣੀ ਨੂੰ ਇਕਤ੍ਰ ਕਰਣ ਸਮੇਂ, ਜੇ ਕਰ ਕਿਸੇ ਜਾਂ ਕੁੱਝ ਭਗਤਾਂ ਦੀਆਂ ਰਚਨਾਵਾਂ ਉਨ੍ਹਾਂ ਦੇ ਸਫ਼ਲ ਜੀਵਨ ਤੋਂ ਪਹਿਲਾਂ ਦੀਆਂ ਹੈ ਵੀ ਸਨ ਤਾਂ ਉਹ ਪਾਤਸ਼ਾਹ ਨੇ ਪ੍ਰਵਾਣ ਨਹੀਂ ਕੀਤੀਆਂ ਅਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ `ਚ, ਇਨ੍ਹਾਂ ਭਗਤਾਂ ਦੀਆਂ ਕੇਵਲ ਉਹੀ ਰਚਨਾਵਾਂ ਪ੍ਰਵਾਣ ਹੋਈਆਂ ਜਿਹੜੀਆਂ ਇਨ੍ਹਾਂ ਦੇ ਸਫ਼ਲ ਜੀਵਨ ਨਾਲ ਸੰਬੰਧਤ ਸਨ।

ਗੁਰੂ ਸਾਹਿਬਾਨ ਦੀ ਬਾਣੀ ਕਿਵੇਂ ਇਕਤ੍ਰ ਹੋਈ? - ਪਹਿਲੇ ਪਾਤਸ਼ਾਹ ਨੇ ਆਪਣੀ ਬਾਣੀ, ਆਪ ਲਿਖੀ ਅਤੇ ਆਪ ਹੀ ਉਸਦੀ ਸੰਭਾਲ ਜਗਿਆਸੂਆਂ ਅਤੇ ਸਿੱਖ ਸੰਗਤਾਂ ਲਈ ਕੀਤੀ ਵੀ। ਉਪ੍ਰੰਤ ਦੂਜੇ ਪਾਤਸ਼ਾਹ ਨੂੰ ਗੁਰਗੱਦੀ ਸੋਂਪਣਾ ਸਮੇਂ, ਆਪ ਨੇ ਆਪਣੀ ਅਤੇ ਭਗਤਾਂ ਦੀ ਬਾਣੀ ਦਾ ਖਜ਼ਾਨਾ ਗੁਰੂ ਅੰਗਦ ਪਾਤਸ਼ਾਹ ਦੇ ਸਪੁਰਦ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਗੁਰਗੱਦੀ ਦੀ ਜ਼ਿਮੇਂਵਾਰੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਪਾਸ ਆਈ ਤਾਂ ਦੂਜੇ ਪਾਤਸ਼ਾਹ ਨੇ ਵੀ ਹੁਣ ਤੀਕ ਦਾ ਗੁਰਬਾਣੀ ਦਾ ਖਜ਼ਾਨਾ ਤੀਜੇ ਪਾਤਸ਼ਾਹ ਦੇ ਸਪੁਰਦ ਕਰ ਦਿੱਤਾ। ਇਸ ਖਜ਼ਾਨੇ `ਚ ਸਨ, ਪਹਿਲੇ ਪਾਤਸ਼ਾਹ ਤੋਂ ਪ੍ਰਾਪਤ ਬਾਣੀ, ਭਗਤਾਂ ਦੀ ਬਾਣੀ ਜੋ ਆਪ ਪਾਸ ਪਹਿਲੇ ਪਾਤਸ਼ਾਹ ਤੋਂ ਹੀ ਆਈ ਸੀ ਅਤੇ ਨਾਲ ਆਪਣੀ ਬਾਣੀ ਰਚਨਾ ਵੀ। ਇਸਤੋਂ ਬਾਅਦ ਜਦੋਂ ਤੀਜੇ ਪਾਤਸ਼ਾਹ ਨੇ ਗੁਰਗੱਦੀ ਦੀ ਸੇਵਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਸੌਪੀ ਤਾਂ ਉਸ ਦਾ ਸਪਸ਼ਟ ਵੇਰਵਾ ਤਾਂ ਗੁਰਬਾਣੀ `ਚ ਵੀ ਇਸ ਤਰ੍ਹਾਂ ਆਇਆ ਹੈ। ਫ਼ੁਰਮਾਨ ਹੈ “ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ” (ਪੰ: ੯੨੩) ਅਰਥ ਹਨ “ਗੁਰੂ ਅਮਰਦਾਸ ਜੀ ਨੇ “ਸਚੁ ਨੀਸਾਣੁ ਜੀਉ” ਭਾਵ ਮਨੁੱਖ ਮਾਤ੍ਰ ਦੀ ਹਮੇਸ਼ਾਂ ਲਈ ਰਹਿਨੁਮਈ ਕਰਣ ਵਾਲੀ ਗੁਰਬਾਣੀ ਦੇ ਖਜ਼ਾਨੇ ਰਾਹੀਂ, ਸੋਢੀ ਕੁਲ ਦੇ ਰਾਮਦਾਸ ਜੀ ਨੂੰ ਗੁਰਿਆਈ ਦੀ ਜ਼ਿਮੇਂਵਾਰੀ (ਤਿਲਕ) ਬਖਸ਼ ਦਿੱਤਾ।

ਸਮਝਣ ਦਾ ਵਿਸ਼ਾ ਹੈ ਕਿ ਉਪ੍ਰੋਕਤ ਇਤਿਹਾਸਕ ਘਟਨਾ ਆਪਣੇ ਆਪ `ਚ ਇਸ ਗੱਲ ਦਾ ਵੀ ਸਬੂਤ ਹੈ ਕਿ ਜਦੋਂ ਗੁਰੂ ਤੀਜੇ ਪਾਤਸ਼ਾਹ ਨੇ, ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ੀ ਤਾਂ ਉਸ ਦਾ ਢੰਗ ਸੀ ਗੁਰਿਆਈ ਦੀ ਜ਼ਿਮੇਵਾਰੀ (ਤਿਲਕ) ਬਖਸ਼ਿਆ ਤਾਂ ਉਹ ਤਿਲਕ ਸੀ ਗੁਰ ਸਬਦੁ ਸਚੁ ਨੀਸਾਣੁ ਜੀਉ”। ਸਪਸ਼ਟ ਹੋਇਆ ਕਿ ਕਿ ਜਦੋਂ ਦੂਜੇ ਪਾਤਸ਼ਾਹ ਵਲੋਂ ਤੀਜੇ ਪਾਤਸ਼ਾਹ ਨੂੰ ਗੁਰਗੱਦੀ ਦੀ ਸੌਪਣਾ ਹੋਈ ਸੀ ਤਾਂ ਉਸਦਾ ਢੰਗ ਵੀ-ਦੂਜੇ ਪਾਤਸ਼ਾਹ ਰਾਹੀਂ ਤੀਜੇ ਪਾਤਸ਼ਾਹ ਨੂੰ ਗੁਰਬਾਣੀ ਦਾ ਖਜ਼ਾਨਾ ਸੌਂਪਣਾ ਹੀ ਸੀ। ਉਪ੍ਰੰਤ ਇਹੀ ਗੁਰਿਆਈ ਦੀ ਜ਼ਿਮੇਂਵਾਰੀ ਜਦੋਂ ਪੰਜਵੇਂ ਪਾਤਸ਼ਾਹ ਕੋਲ ਪੁੱਜੀ ਤਾਂ ਉਸ ਬਾਰੇ ਗੁਰਬਾਣੀ ਵਿੱਚ ਹੀ ਪੰਜਵੇਂ ਪਾਤਸ਼ਾਹ ਆਪ ਬਖਸ਼ਿਸ਼ ਕਰਦੇ ਹਨ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥   ॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥   ॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ” (ਪੰ: ੧੮੬) ਭਾਵ ਗੁਰੂ ਨਾਨਕ ਪਾਤਸ਼ਾਹ ਤੋਂ “ਪੀਊ ਦਾਦੇ ਕਾ” ਚਲਦੇ ਆ ਰਹੇ ਗੁਰਬਾਣੀ ਦਾ ਖਜ਼ਾਨਾ ਜਦੋਂ ਮੈਨੂੰ ਪ੍ਰਾਪਤ ਹੋਇਆ, ਫ਼ਿਰ ਇਸ ਇਲਾਹੀ (ਖਜ਼ਾਨੇ ਨੂੰ) ਜਦੋਂ ਮੈਂ ਖੋਲਿਆ ਤਾਂ ਮੇਰਾ ਮਨ ਪ੍ਰਭੂ ਪਿਆਰ ਨਾਲ ਹੀ ਭਿੱਜ ਗਿਆ। ਮੈਂਨੂੰ ਇਹ ਵੀ ਸਮਝ ਆ ਗਈ ਕਿ ਵਰਤ-ਵਰਤ ਕੇ ਵੀ ਇਹ ਖਜ਼ਾਨਾ ਕਦੇ ਨਾ ਮੁੱਕਣ ਵਾਲਾ ਹੈ। ਬਲਕਿ ਇਹ ਖਜ਼ਾਨਾ ਤਾਂ ਹਮੇਸ਼ਾਂ ਵੱਧਣ ਵਾਲਾ ਹੀ ਹੈ ਅਤੇ ਇਸ ਦੇ ਸਾਹਮਣੇ ਤਾਂ ਸੰਸਾਰ ਦੇ ਸਾਰੇ ਹੀਰੇ-ਜਵਾਹਰਾਤ ਵੀ ਤੁੱਛ ਅਤੇ ਫਿੱਕੇ ਹਨ।

ਦਸਤਾਰਬੰਦੀ ਅਤੇ ਤਿਲਕ ਨਾਰੀਅਲ? -ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅੱਜ ਸਾਨੂੰ ਜਿਤਨਾ ਵੀ ਸਿੱਖ ਇਤਿਹਾਸ ਮਿਲ ਰਿਹਾ ਹੈ ਇਹ ਸਾਰਾ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਵਿਰੋਧੀਆਂ ਤੇ ਦੋਖੀਆਂ ਰਾਹੀਂ ਕੇਵਲ ਇਸ ਉਪਰ ਗੁਰਮਤਿ ਦੀ ਚਾਸ਼ਣੀ ਚੜ੍ਹਾ ਕੇ ਲਿਖਿਆ ਅਤੇ ਤਿਆਰ ਕੀਤਾ ਹੋਇਆ ਹੇ। ਜਾਂ ਫ਼ਿਰ ਵੱਧ ਤੋਂ ਵਧ ਵਿਰੋਧੀਆਂ ਦੇ ਪ੍ਰਭਾਵ ਅਧੀਨ ਹੀ ਤਿਆਰ ਹੋਇਆ ਦਾ ਹੈ। ਇਸ ਲਈ ਅੱਜ ਸਿੱਖਾਂ ਨੂੰ ਆਪਣਾ ਇਤਿਹਾਸ ਢੂੰਡਣ ਲਈ ਬੜੀਆਂ ਮੇਹਨਤਾਂ-ਮੁਸ਼ਕਤਾਂ ਦੀ ਲੋੜ ਹੈ। ਇਸ ਤੋਂ ਬਾਅਦ ਇਸ ਇਤਹਾਸ ਨੂੰ ਢੂਡਣ ਲਈ, ਗੁਰਬਾਣੀ ਦੇ ਪ੍ਰਕਾਂਡ ਅਤੇ ਬੇਲਾਗ ਅਜੇਹੇ ਵਿਦਵਾਨਾਂ ਦੀ ਲੋੜ ਹੈ, ਜੋ ਹੰਸ ਬਿਰਤੀ ਨਾਲ ਉਸਦੀ ਖੋਜ ਪੜਤਾਲ ਕਰਣ ਦੇ ਯੋਗ ਹੋਣ। ਇਸੇ ਲੜੀ ਅਧੀਨ ਵਿੱਚਲੇ ਸਮੇਂ, ਸਿੱਖ ਇਤਿਹਾਸ `ਚ ਹੋਈਆਂ ਅਨੇਕਾਂ ਮਿਲਾਵਟਾਂ `ਚੋਂ ਦੋ ਮਿਲਾਵਟਾਂ ਦਾ ਇਥੇ ਅਸੀਂ ਜ਼ਿਕਰ ਕਰ ਰਹੇ ਹਾਂ।

ਪਹਿਲੀ-ਗੁਰਗੱਦੀ ਸੌਪਣਾ ਸਮੇਂ ਹਰੇਕ ਆਉਣ ਵਾਲੇ ਗੁਰੂ-ਵਿਅਕਤੀ ਨੂੰ ਪਹਿਲੇ ਗੁਰੂ ਪਾਤਸ਼ਾਹ ਤਿਲਕ ਲਾਂਦੇ, ‘ਟੱਕਾ/ ਪੰਜ ਪੈਸੇ `ਤੇ ਨਾਰੀਅਲ ਉਸ ਅੱਗੇ ਰਖ ਕੇ ਮੱਥਾ ਟੇਕ ਦੇਂਦੇ ਸਨ। ਦੂਜਾ-ਕਿ ਚੋਥੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਉਪ੍ਰੰਤ ਪੰਜਵੇਂ ਪਾਤਸ਼ਾਹ ਨਾਲ ‘ਦਸਤਾਰਬੰਦੀ ਨੂੰ ਜੋੜ ਕੇ, ਉਸਨੂੰ ਵੀ ਭਰਵੀਂ ਹਵਾ ਦਿੱਤੀ ਗਈ। ਉਂਝ ਇਹ ਦੋਵੇਂ ਗੱਲਾਂ ਸਿੱਖਾਂ ਨੂੰ ਬ੍ਰਾਹਮਣੀ ਜਾਲ `ਚ ਫ਼ਸਾਉਣ ਦੀਆਂ ਚੋਰ ਦਰਵਾਜ਼ੇ ਤੋਂ ਗੁੱਝੀਆਂ ਚਾਲਾਂ ਹਨ। ਹੋਰ ਤਾਂ ਹੋਰ ਗੁਰਗੱਦੀ ਸੌਪਣਾ ਦਾ ਜ਼ਿਕਰ ਤਾਂ ਸੱਤੇ ਬਲਵੰਡ ਦੀ ਵਾਰ `ਚ ਵੀ ਹੈ ਜਿਵੇਂ “ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ (ਜ਼ਿਮੇਂਵਾਰੀ) ਦਿਤੋਸੁ ਜੀਵਦੈ” (ਪ: 966) ਇਸੇਤਰ੍ਹਾਂ “ਥਾਪਿਆ ਲਹਿਣਾ ਜੀਂਵਦੇ, ਗੁਰਿਆਈ ਸਿਰ ਛਤ੍ਰ ਫਿਰਾਯਾ॥ ਜੋਤੀ ਜੋਤ ਮਿਲਾਇ ਕੈ, ਸਤਿਗੁਰ ਨਾਨਕ ਰੂਪ ਵਟਾਯਾ” (ਭਾ: ਗੁ: 1/45) ਇਹ ਘੱਟਨਾ ਭੱਟਾਂ ਦੇ ਸਵੈਯਾਂ ਰਾਹੀਂ ਵੀ ਉਘੱੜ ਕੇ ਸਾਹਮਣੇ ਆਉਂਦੀ ਹੈ। ਬਾਣੀ ਸੱਦ ਦੀ ਪੰਜਵੀਂ ਪਉੜੀ ਜਿਸਦਾ ਕਿ ਜ਼ਿਕਰ ਕੀਤਾ ਵੀ ਜਾ ਚੁੱਕਾ ਹੈ, ਉਹ ਹੈ “… ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ” (ਪੰ: 923) ਭਾਵ ਗੁਰੂ ਅਮਰਦਾਸ ਜੀ ਨੇ ‘ਸੋਢੀ ਕੁਲ ਦੇ ਰਾਮਦਾਸ ਜੀ ਨੂੰ ਸੱਚ ਦੀ ਰਾਹਦਾਰੀ ਕਰਨ ਵਾਲੇ ਗੁਰਸ਼ਬਦ ਰਾਹੀਂ, ਗੁਰਗੱਦੀ ਦੀ ਜ਼ਿਮੇਵਾਰੀ (ਤਿਲਕ) ਬਖਸ਼ੀ। ਇਥੇ ਭਗਤ ਸੁੰਦਰ ਜੀ ਨੇ “ਸਭੁ ਜਗਤੁ ਪੈਰੀ ਪਾਇ ਜੀਉ” ਤੇ “ਗੁਰ ਸਬਦੁ ਸਚੁ ਨੀਸਾਣੁ ਜੀਉ” ਦੀ ਗੱਲ, ਤਾਂ ਸਾਫ਼ ਲਿਖੀ ਹੈ ਪਰ ਕਿਸੇ ਵੀ ਗੁਰੂ ਵਿਅਕਤੀ ਨੂੰ ਦਸਤਾਰਬੰਦੀ ਜਾਂ ਤਿਲਕ-ਨਾਰੀਅਲ ਦਾ ਇਸ਼ਾਰਾ ਤੀਕ ਨਹੀਂ ਕੀਤਾ ਤਾਂ ਕਿਉਂ? ਕਿਉਂਕਿ ਜੋ ਕੰਮ ਕਦੇ ਹੋਇਆ ਹੀ ਨਹੀਂ, ਉਸਦਾ ਜ਼ਿਕਰ ਕਿਵੇਂ ਆਉਂਦਾ।

ਗੁਰੂ ਸਾਹਿਬਾਨ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਸਦਾ ਪਹਿਲੇ ਗੁਰੂ ਵਿਅਕਤੀ ਵਲੋ ਗੁਰਬਾਣੀ ਖਜ਼ਾਨੇ ਦੀ ਜ਼ਿਮੇਵਾਰੀ ਸੌਂਪ ਕੇ ਉਸ ਅਗੇ ਮੱਥਾ ਟੇਕ ਦਿੱਤਾ ਜਾਂਦਾ ਸੀ। ਨਾਰੀਅਲ `ਤੇ ਤਿਲਕ ਨਿਰੋਲ ਬ੍ਰਾਹਮਣ ਮੱਤ ਦੀਆਂ ਵਸਤਾਂ ਹਨ, ਗੁਰਮਤਿ ਰਹਿਣੀ ਜਾਂ ਬਾਣੀ ਸਿੱਖਿਆ ਨਾਲ ਇਨ੍ਹਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਇਸੇ ਤਰ੍ਹਾਂ ‘ਦਸਤਾਰਬੰਦੀ’ ਜਾਂ ‘ਰਸਮ ਪੱਗੜੀ’ ਦਾ ਵੀ ਸਿੱਖ ਵਿਚਾਰਧਾਰਾ ਨਾਲ ਉੱਕਾ ਸੰਬੰਧ ਨਹੀਂ। ਖੁਬੀ ਇਹ ਕਿ ‘ਦਸਤਾਰਬੰਦੀ’ ਵੀ ਅਚਾਨਕ ਪੰਜਵੇਂ ਪਾਤਸ਼ਾਹ ਨਾਲ ਹੀ ਜੋੜੀ ਗਈ; ਨਾ ਇਸਤੋਂ ਪਹਿਲੇ ਤੇ ਨਾ ਹੀ ਬਾਅਦ ਦਸਵੇਂ ਪਾਤਸ਼ਾਹ ਤੀਕ ਕਿੱਧਰੇ ਵੀ।

ਫ਼ਿਰ ਬਾਣੀ `ਚ ਵੀ ਇਸ ਬਾਰੇ ਕਿੱਧਰੇ ਇਸ਼ਾਰਾ ਤੀਕ ਨਹੀਂ ਆਇਆ। ਇਸੇ ਤਰ੍ਹਾਂ ਤਿਲਕ ਲਗਾਉਣ ਵਾਲੀ ਮਿਲਾਵਟ ਲਈ ਵੀ ਗੁਰਬਾਣੀ ਖਜ਼ਾਨੇ ਚੋਂ ਸਾਂਝ ਪਾ ਲੈਂਦੇ ਹਾਂ। ਪਹਿਲੇ ਪਾਤਸ਼ਾਹ ਇਨ੍ਹਾਂ ਤਿਲਕ-ਨਾਰੀਅਲ ਦੀ ਬ੍ਰਾਹਮਣੀ ਰਸਮਾਂ ਬਾਰੇ ਫ਼ੁਰਮਾਂਦੇ ਹਨ “ਨਾਨਕ ਸਚੇ ਨਾਮ ਬਿਨੁ, ਕਿਆ ਟਿਕਾ (ਤਿਲਕ) ਕਿਆ ਤਗੁ” (ਪੰ: 467) ਇਸ ਤਰ੍ਹਾਂ ਜਦੋਂ ਤੱਗ ਭਾਵ ਜਨੇਊ ਦੀ ਗੱਲ ਹੀ ਮੁੱਕੀ ਪਈ ਹੈ ਤਾਂ ਨਾਰੀਅਲ ਤੇ ਬਾਕੀ ਬ੍ਰਾਹਮਣੀ ਕਰਮਕਾਂਡਾਂ ਦੀ ਗੱਲ ਕਿੱਥੋਂ ਆ ਟਪਕੀ? ਇਸੇ ਤਰ੍ਹਾਂ ਤਿਲਕ ਬਾਰੇ ਗੁਰਬਾਣੀ ਵਿਚੋਂ ਹੀ ਇੱਕ ਹੋਰ ਪ੍ਰਮਾਣ “ਨਾਮੁ ਤੇਰੋ ਆਸਨੋ, ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥ ਨਾਮੁ ਤੇਰਾ ਅੰਭੁਲਾ, ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ” (ਪੰ: ੬੯੪) ਤਾਂ ਤੇ ਅਜੇਹੀਆਂ ਮਿਲਾਵਟਾਂ ਨੂੰ ਸਮਝਦੇ ਦੇਰ ਨਹੀਂ ਲਗਣੀ ਚਾਹੀਦੀ। ਕੇਵਲ ਸੰਗਤਾਂ ਨੂੰ ਅਜੇਹੀਆਂ ਵਿਰੋਧੀ ਮਿਲਾਵਟਾਂ ਤੋਂ ਸੁਚੇਤ ਹੋਣ ਲਈ ਗੁਰਬਾਣੀ ਗਿਆਨ `ਚ ਜਾਗ੍ਰਤ ਹੋਣ ਦੀ ਲੋੜ ਹੈ। ਸਚਾਈ ਇਹੀ ਹੈ ਕਿ ਜਿਸ ਕੌਮ ਜਾਂ ਸਭਿਅਤਾ ਨੂੰ ਖ਼ਤਮ ਕਰਨਾ ਹੋਵੇ ਉਸਦੇ ਸਿਧਾਂਤ-ਰਹਿਣੀ ਤੇ ਇਤਿਹਾਸ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਹੀ ਮੁੱਕ ਜਾਵੇਗੀ। ਲਗਭਗ ਇਹੀ ਗੱਲ ਅੱਜ ਸਿੱਖ ਇਤਿਹਾਸ ਤੇ ਸਿੱਖ ਜੀਵਨ ਜਾਚ ਨਾਲ ਵੱਡੀ ਪੱਧਰ ਤੇ ਹੋਈ ਪਈ ਹੈ।

ਬਾਣੀ ਇਕਤ੍ਰ ਕਰਣ ਦੀ ਤਾਂ ਲੋੜ ਨਹੀਂ ਸੀ- ਹੁਣ ਤੀਕ ਦੀ ਵਿਚਾਰ ਦਾ ਸਿੱਟਾ ਹੈ ਕਿ ਆਦਿ ਬੀੜ ਦੀ ਸੰਪਾਦਨਾ ਸਮੇਂ ਪੰਜਵੇਂ ਪਾਤਸ਼ਾਹ ਨੂੰ ਕਿਧਰੋਂ ਵੀ ਬਾਣੀ ਇਕੱਠੀ ਕਰਣ ਦੀ ਲੋੜ ਨਹੀਂ ਸੀ। ਇਸ ਲਈ ਬਾਬਾ ਮੋਹਣ ਜੀ ਦੇ ਚੁਬਾਰੇ ਵਾਲੀ ਗੱਲ, ਸੰਗਲਾਦੀਪ, ਭਾਈ ਬਖਤੇ ਜਾਂ ਹੋਰ ਇਧਰੋਂ-ਓਧਰੋਂ ਬਾਣੀ ਇਕੱਠੀ ਕਰਣ ਵਾਲੀਆਂ ਕਹਾਣੀਆਂ ਬਿਲਕੁਲ ਨਿਰਮੂਲ ਅਤੇ ਸੰਗਤਾਂ ਨੂੰ ਟੱਪਲਾ ਦੇਣ ਤੇ ਭਮਲ ਭੂਸੇ `ਚ ਪਾਉਣ ਲਈ ਹੀ ਹਨ, ਤਾਕਿ ਗੁਰੂ ਕੀਆਂ ਸੰਗਤਾਂ ਵਿਚਕਾਰ ਭੁਲੇਖਾ ਬਣਿਆ ਰਹੇ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਧੂਰੇ ਹਨ ਅਤੇ ਇਕੱਠਾ ਕਰਣ ਸਮੇਂ ਕੁੱਝ ਬਾਣੀ ਬਾਹਰ ਛੁੱਟ ਗਈ ਜਾਂ ਵਾਧੂ ਵੀ ਚੜ੍ਹ ਗਈ। ਇਹ ਕੇਵਲ ਵਿਰੋਧੀ ਸ਼ਰਾਰਤਾਂ ਸਨ ਹੋਰ ਕੁੱਝ ਨਹੀਂ ਬਲਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਾਨੂੰ ਪੂਰੀ ਤਰ੍ਹਾਂ ਇਸ ਸਚਾਈ ਪੱਲੇ ਬੰਨ ਲੈਣ ਦੀ ਲੋੜ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਣ ਗੁਰੂ ਹਨ ਅਤੇ ਇਥੇ ਨਾ ਹੀ ਕੋਈ ਪੰਕਤੀ ਵਾਧੂ ਚੜ੍ਹੀ ਅਤੇ ਨਾ ਹੀ ਕੋਈ ਪੰਕਤੀ ਬਾਹਿਰ ਹੀ ਰਹੀ ਹੈ।

ਇਸ ਸਾਰੇ ਦੇ ਬਾਵਜੂਦ ਇਸ ਵਿਸ਼ੇ ਨੂੰ ਦ੍ਰਿੜਤਾ ਨਾਲ ਪਹਿਚਾਨਣ ਲਈ ਕਿ ਭਗਤਾਂ ਦੀ ਬਾਣੀ ਸਮੇਤ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੀਕ, ਹਰੇਕ ਗੁਰੂ ਵਿਅਕਤੀ ਦੀ ਬਾਣੀ ਦਰਜਾ-ਬ-ਦਰਜਾ ਹਰੇਕ ਗੁਰੂ ਵਿਅਕਤੀ ਕੋਲ ਮੌਜੂਦ ਸੀ ਇਸ ਸੰਬੰਧ `ਚ ਗੁਰਬਾਣੀ ਵਿਚੋਂ ਹੀ ਗੁਰੂ ਕੀਆਂ ਸੰਗਤਾਂ ਲਈ ਕੁੱਝ ਸਬੂਤ ਪ੍ਰਗਟ ਕਰਣਾ ਚਾਹੁੰਦੇ ਹਾਂ। ੧. ਸੂਹੀ ਰਾਗ `ਚ ਫ਼ਰੀਦ ਸਾਹਿਬ ਦਾ ਪੰਨਾ ਨੰਬਰ ੭੯੪ `ਤੇ ਸ਼ਬਦ ਹੈ ਜੋ ਇਸ ਤਰ੍ਹਾਂ ਹੈ- “ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ, ਤਬ ਤਰਣੁ ਦੁਹੇਲਾ॥  ੧ ॥ ਹਥੁ ਨ ਲਾਇ ਕਸੁੰਭੜੈ, ਜਲਿ ਜਾਸੀ ਢੋਲਾ॥  ੧ ॥ ਰਹਾਉ॥ ਇੱਕ ਆਪੀਨ੍ਹ੍ਹੈ ਪਤਲੀ, ਸਹ ਕੇਰੇ ਬੋਲਾ॥ ਦੁਧਾ ਥਣੀ ਨ ਆਵਈ, ਫਿਰਿ ਹੋਇ ਨ ਮੇਲਾ॥  ੨ ॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ ਹੰਸੁ ਚਲਸੀ ਡੁੰਮਣਾ, ਅਹਿ ਤਨੁ ਢੇਰੀ ਥੀਸੀ॥  ੩ ॥  ੨ ॥ ਵਿਚਾਰਣ ਦੀ ਗੱਲ ਹੈ ਕਿ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਕੋਲ ਮੌਜੂਦ ਸੀ। ਆਪ ਨੇ ਦੇਖਿਆ, ਵਿਸ਼ਾ ਤਾਂ ਗੁਰਬਾਣੀ ਕਸਵਟੀ `ਤੇ ਪੂਰਾ ਉਤਰਦਾ ਹੈ। ਫ਼ਰਕ ਹੈ ਤਾਂ ਇਹ, ਕਿ ਸ਼ਬਦ `ਚ ਫ਼ਰੀਦ ਸਾਹਿਬ ਦਾ ਸਾਰਾ ਜ਼ੋਰ ਇਸੇ ਗੱਲ `ਤੇ ਹੈ ਕਿ ਸਮਾਂ ਵਿਹਾਜ ਕੇ ਪਛਤਾਉਣਾ ਹੀ ਪੈਂਦਾ ਹੈ। ਬਲਕਿ ਇਸ ਤੋਂ ਅਗਲੀ ਗੱਲ ਹੋਰ ਵੀ ਹੈ, ਜੇਕਰ ਬਾਕੀ ਰਹਿੰਦੇ ਸਮੇਂ ਦੀ ਵੀ ਸੰਭਾਲ ਕਰ ਲਈ ਜਾਵੇ ਤਾਂ ਵੀ ਗੱਲ ਬਣ ਸਕਦੀ ਹੈ। ਲੋੜ ਹੈ, ਜਦ ਤੀਕ ਸੁਆਸ ਬਾਕੀ ਹਨ, ਮਨੁੱਖ ਨੂੰ ਕਦੇ ਵੀ ਨਿਰਾਸ਼ ਨਹੀਂ ਹੋ ਜਾਣਾ ਚਾਹੀਦਾ। ਸ਼ਬਦ ਦੇ ਇਸੇ ਦੂਜੇ ਪੱਖ ਨੂੰ ਦੇਣ ਲਈ ਗੁਰਦੇਵ ਨੇ ਉਸੇ ਰਾਗ ਅਤੇ ਉਸੇ ਸ਼ਬਦਾਵਲੀ `ਚ ਇੱਕ ਹੋਰ ਸ਼ਬਦ ਬਖਸ਼ ਦਿੱਤਾ। ਇਹ ਸ਼ਬਦ ਉਸੇ ਸੂਹੀ ਰਾਗ `ਚ ਹੀ ਪੰਨਾ ੭੨੯ `ਤੇ ਦਰਜ ਹੈ। ਕਮਾਲ ਤਾਂ ਇਹ ਕਿ ਕੇਵਲ ਸ਼ਬਦਾਵਲੀ ਦੀ ਸਾਂਝ ਹੀ ਨਹੀਂ, ਬਲਕਿ ਰਹਾਉ ਦੀਆਂ ਪੰਕਤੀਆਂ ਤੀਕ ਵੀ ਸਮਾਨਤਾ ਹੈ। ਸ਼ਬਦ ਹੈ “ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥  ੧ ॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥  ੧ ॥ ਰਹਾਉ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ॥  ੨ ॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ॥  ੩ ॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ॥  ੪ ॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥  ੫ ॥  ੨ ॥  ੪ ਆਖਿਰ ਇਹ ਇਸੇ ਲਈ ਸੰਭਵ ਹੋਇਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਕੋਲ ਫ਼ਰੀਦ ਸਾਹਿਬ ਦੀ ਬਾਣੀ ਮੌਜੂਦ ਸੀ।

੨. ਹੋਰ ਲਵੋ! ਪੰਨਾ ੧੩੫੧ `ਤੇ ਭਗਤ ਬੇਣੀ ਜੀ ਦਾ ਸ਼ਬਦ ਹੈ “ਤਨਿ ਚੰਦਨੁ ਮਸਤਕਿ ਪਾਤੀ॥ ਰਿਦ ਅੰਤਰਿ ਕਰ ਤਲ ਕਾਤੀ. .” ਅਤੇ ਸ਼ਬਦ ਦੀ ਅੰਤਮ ਪੰਕਤੀ ਹੈ “. . ਜਿਨਿ ਆਤਮ ਤਤੁ ਨ ਚੀਨਿ੍ਹ੍ਹਆ॥ ਸਭ ਫੋਕਟ ਧਰਮ ਅਬੀਨਿਆ॥ ਕਹੁ ਬੇਣੀ ਗੁਰਮੁਖਿ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ”॥ ੫ ॥ ੧॥ ਹੁਣ ਦਰਸ਼ਨ ਕਰੀਏ ਪੰਨਾ ੪੭੦ `ਤੇ ਗੁਰ ਨਾਨਕ ਪਾਤਸ਼ਾਹ ਦੇ ਇਸ ਸਲੋਕ ਦੀ ਅੰਤਮ ਪੰਕਤੀ ਦੇ, ਵਿਚਾਰ ਤੇ ਸ਼ਬਦਾਵਲੀ ਆਹਮਣੇ ਸਾਹਮਣੇ ਰਖਕੇ ਦੇਖੋ! ਸਲੋਕ ਹੈ “ਮਃ ੧॥ ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥  ੨ ॥” ਸਪਸ਼ਟ ਹੈ ਕਿ ਇਹ ਸਾਂਝ ਅਚਾਨਕ ਨਹੀਂ।

੩. ਫ਼ਰੀਦ ਸਾਹਿਬ ਦਾ ਸਲੋਕ ਨੰਬਰ ੫੧ “ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ॥  ੫੧ ॥ ਦਰਸ਼ਨ ਕਰੀਏ ਚੂੰਕਿ ਇਹ ਸਲੋਕ ਦਰਜਾ-ਬ-ਦਰਜਾ ਤੀਜੇ ਪਾਤਸ਼ਾਹ ਕੋਲ ਵੀ ਸੀ। ਆਪ ਨੇ ਦੇਖਿਆ, ਰਤ ਦਾ ਸਿੱਧਾ ਮਤਲਬ ਤਾਂ ਖੂਨ ਹੀ ਹੁੰਦਾ ਹੈ ਅਤੇ ਖੂਨ ਤੋਂ ਬਿਨਾ ਕੋਈ ਸਰੀਰ ਨਹੀਂ ਇਸ ਲਈ ਜਗਿਆਸੂ ਤਾਂ ਭਮਲ ਭੁਸੇ `ਚ ਵੀ ਪੈ ਸਕਦਾ ਹੈ। ਜਗਿਆਸੂ ਨੂੰ ਇਸ ਤੋਂ ਬਚਾਉਣ ਲਈ ਗੁਰਦੇਵ ਨੇ ਉਸਦੇ ਨਾਲ ਹੀ ਸਲੋਕ ਨੂੰ ੫੨ ਆਪਣੇ ਵਲੋਂ ਦੇ ਦਿੱਤਾ ਜੋ ਇਸ ਤਰ੍ਹਾਂ ਹੈ “ਮਃ ੩॥ ਇਹੁ ਤਨੁ ਸਭੋ ਰਤੁ ਹੈ, ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ, ਤਿਤੁ ਤਨਿ ਲੋਭੁ ਰਤੁ ਨ ਹੋਇ॥ ਭੈ ਪਇਐ ਤਨੁ ਖੀਣੁ ਹੋਇ, ਲੋਭੁ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ, ਦੁਰਮਤਿ ਮੈਲੁ ਗਵਾਇ॥ ਨਾਨਕ ਤੇ ਜਨ ਸੋਹਣੇ, ਜਿ ਰਤੇ ਹਰਿ ਰੰਗੁ ਲਾਇ॥  ੫੨ ॥ (ਪੰ: ੧੩੮੦) ਸਾਬਤ ਕਰਦਾ ਹੈ ਕਿ ਤੀਜੇ ਪਾਤਸ਼ਾਹ ਕੋਲ ਵੀ ਭਗਤ ਬਾਣੀ ਮੋਜੂਦ ਸੀ

੪. ਸਲੋਕ ਫ਼ਰੀਦ ਜੀ ੧੦੭ ਤੇ ੧੧੨ ਫਰੀਦਾ ਪਿਛਲ ਰਾਤਿ ਨ ਜਾਗਿਓਹਿ, ਜੀਵਦੜੋ ਮੁਇਓਹਿ॥ ਜੇ ਤੈ ਰਬੁ ਵਿਸਾਰਿਆ, ਤ ਰਬਿ ਨ ਵਿਸਰਿਓਹਿ॥  ੧੦੭ ॥ ਪਹਿਲੈ ਪਹਰੈ ਫੁਲੜਾ, ਫਲੁ ਭੀ ਪਛਾ ਰਾਤਿ॥ ਜੋ ਜਾਗੰਨਿ੍ਹ੍ਹ ਲਹੰਨਿ ਸੇ, ਸਾਈ ਕੰਨੋ ਦਾਤਿ”॥  ੧੧੨ ॥ ਉਪ੍ਰੰਤ ਇਸਦੇ ਨਾਲ ਹੀ ਸਲੋਕ ਨੰ: ੧੦੮ ਤੋਂ ੧੧੧ ਪੰਚਮ ਪਿਤਾ ਦੇ ਤੇ ੧੧੩ ਗੁਰੂ ਨਾਨਕ ਪਾਤਸ਼ਾਹ ਦਾ “ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ॥ ਇਕਿ ਜਾਗੰਦੇ ਨਾ ਲਹਨਿ੍ਹ੍ਹ, ਇਕਨ੍ਹ੍ਹਾ ਸੁਤਿਆ ਦੇਇ ਉਠਾਲਿ”॥  ੧੧੩ ॥ (ਪੰ: ੧੩੮੪) ਦੇ ਦਿੱਤੇ। ਕਾਰਨ, ਫਰੀਦ ਜੀ ਨੇ ਤਾਂ ੧੦੭, ੧੧੨ ਇਨ੍ਹਾਂ ਦੋਹਾਂ ਸਲੋਕਾਂ `ਚ ਸਾਰਾ ਜ਼ੋਰ ਹੀ ਪ੍ਰਭੂ ਦੀ ਬੰਦਗੀ `ਤੇ ਦਿੱਤਾ ਤੇ ਕਿਹਾ “ਪਹਿਲੀ ਰਾਤੇ ਭੀ ਰੱਬ ਦੀ ਬੰਦਗੀ `ਚ ਰਹਿ ਕੇ ਹੀ ਸੌਣਾ ਹੈ, ਇਸ ਤੋਂ ਬਾਅਦ ਪਹਿਲੇ ਪਹਿਰ ਨਾਲੋਂ ਪਿਛਲ ਰਾਤ ਹੋਰ ਵੀ ਵਧੀਕ ਗੁਣਕਾਰੀ ਹੈ”। ਉਪ੍ਰੰਤ ਇੱਕ ਦਮ, ਨਾਲ ਹੀ ੧੦੮ ਤੋਂ ੧੧੧ ਸਲੋਕਾਂ ਰਾਹੀਂ ਪੰਚਮ ਪਿਤਾ ਨੇ ਸਪਸ਼ਟ ਕੀਤਾ ਕਿ ਬੰਦਗੀ ਤਾਂ ਕਰਣੀ ਹੈ ਪਰ ਉਸ ਬੰਦਗੀ `ਚ ਪ੍ਰਭੂ ਅੱਗੇ “—ਬੇ-ਮੁਥਾਜੀ, ਪਾਪ ਦੀ ਨਵਿਰਤੀ, ਰਜ਼ਾ ਵਿੱਚ ਰਹਿਣਾ, ਮਾਇਆ ਦੀ ਮਾਰ ਤੋਂ ਬਚਾਉ” ਲਈ ਅਰਦਾਸ ਵੀ ਹੋਵੇ। ਤਾਕਿ ਕੇਵਲ ਨਿਰੀ ਪੁਰੀ ਬੰਦਗੀ, ਹੰਕਾਰ ਵਧਾਉਣਾ ਹੀ ਨਾ ਬਣ ਕੇ ਰਹਿ ਜਾਵੇ। ਉਪ੍ਰੰਤ ਸਲੋਕ ੧੧੩ ਪਹਿਲੇ ਪਾਤਸ਼ਾਹ ਦਾ ਹੈ, ਪੰਜਵੇਂ ਪਾਤਸ਼ਾਹ ਨੇ ਮੂਲ ਰੂਪ `ਚ ਇਹ ਸਲੋਕ ਗੁਰੂ ਰਾਮਦਾਸ ਜੀ ਦੀ ‘ਸਿਰੀ ਰਾਗ’ ਦੀ ਵਾਰ ਦੀ ਦੂਜੀ ਪਉੜੀ ਨਾਲ ਭੀ ਵਰਤਿਆ ਸੀ ਤੇ ਮਾਮੂਲੀ ਸਥਾਨ-ਅੰਤਰ ਨਾਲ ਇਥੇ ਵੀ ਲੋੜ ਅਨੁਸਾਰ ਵਰਤ ਲਿਆ। ਸਮਝਣ ਦੀ ਗੱਲ ਕਿ ਫ਼ਰੀਦ ਸਾਹਿਬ ਦੇ ਸਲੋਕ ੧੦੭, ੧੧੧ ਪਹਿਲੇ ਪਾਤਸ਼ਾਹ ਕੋਲ ਹੈ ਸਨ, ਜਿਸੋਂ ਉਨ੍ਹਾਂ ਨੇ ਉਸੇ ਸ਼ਬਦਾਵਲੀ `ਚ ਆਪਣੇ ਸਲੋਕ ਰਾਹੀਂ ਉਸਨੂੰ ਨਿਖਾਰਿਆ।

੫.”ਤਨੁ ਤਪੈ ਤਨੂਰ ਜਿਉ, ਬਾਲਣੁ ਹਡ ਬਲੰਨਿ੍ਹ੍ਹ॥ ਪੈਰੀ ਥਕਾਂ ਸਿਰਿ ਜੁਲਾਂ, ਜੇ ਮੂੰ ਪਿਰੀ ਮਿਲੰਨਿ੍ਹ੍ਹ”॥  ੧੧੯ ॥ ਨਾਲ ਹੀ ਸਲੋਕ ਨੰਬਰ ੧੨੦ ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ॥ ਸਿਰਿ ਪੈਰੀ ਕਿਆ ਫੇੜਿਆ, ਅੰਦਰਿ ਪਿਰੀ ਨਿਹਾਲਿ”॥  ੧੨੦ ॥ (ਪੰ: ੧੩੮੪) ਜਦਕਿ ਪਹਿਲੇ ਪਾਤਸ਼ਾਹ ਦਾ ਇਹੀ ਸਲੋਕ ਮਾਮੂਲੀ ਜਹੇ ਅੰਤਰ ਨਾਲ ਪੰਜਵੇਂ ਪਾਤਸ਼ਾਹ ਨੇ ‘ਸਲੋਕ ਵਾਰਾਂ `ਤੇ ਵਧੀਕ, ਮਹਲਾ ੧’ `ਚ ਵੀ ਦਿੱਤਾ ਹੈ। ਇਹ ਸਲੋਕ ਵੀ ਸਾਬਤ ਕਰ ਰਿਹਾ ਹੈ ਕਿ ਫ਼ਰੀਦ ਜੀ ਦੀ ਬਾਣੀ, ਗੁਰੂ ਨਾਨਕ ਪਾਤਸ਼ਾਹ ਕੋਲ ਮੋਜੂਦ ਸੀ। ਕਿਉਂਕਿ ਫ਼ਰੀਦ ਜੀ ਦੇ ਸਲੋਕ `ਚ ਠੀਕ ਗੱਲ ਕਹਿਕੇ ਵੀ ਕੁੱਝ ਹੱਠ ਕਰਮ ਵਾਲਾ ਪ੍ਰਭਾਵ ਪੈ ਰਿਹਾ ਸੀ ਇਸੇ ਲਈ ਗੁਰਦੇਵ ਨੂੰ ਇਸ ਸਲੋਕ ਨੂੰ ਨਿਖਾਰਣ ਦੀ ਲੋੜ ਪਈ।

੬. ਇਥੇ ‘ਵਾਰ ਆਸਾ’ ਵਿਚੋਂ ਪਹਿਲੇ ਪਾਤਸ਼ਾਹ ਦੀ ਪਉੜੀ ਦੇ ਰਹੇ ਹਾਂ ਅਤੇ ਦੂਜੇ ਪਾਤਸ਼ਾਹ ਦਾ ਸਲੋਕ। ਇਹ ਹਨ “ਪਉੜੀ॥ ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ॥ ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ॥ ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ॥ ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ॥ ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ (ਮ: ੧, ੪੭੪) ਉਪ੍ਰੰਤ “ਮਹਲਾ ੨॥ ਨਾਲਿ ਇਆਣੇ …. . ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ॥ ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ (੪੭੪) ਇਥੇ ਲਕੀਰ ਦੀ ਨਿਸ਼ਾਨੀ ਵਾਲੀਆਂ ਪੰਕਤੀਆਂ `ਚ ਤਾਂ ਸ਼ਬਦਾਵਲੀ ਤੀਕ ਦੀ ਵੀ ਸਾਂਝ ਹੈ ਜੋ ਸਾਬਤ ਕਰ ਰਹੀ ਕਿ ਦੂਜੇ ਪਾਤਸ਼ਾਹ ਕੋਲ ਪਹਿਲੇ ਪਾਤਸ਼ਾਹ ਦੀ ਬਾਣੀ ਮੌਜੂਦ ਸੀ।

੭. ਰਾਗ ਆਸਾ ‘ਪਟੀ’ “ਮ: ੧ ਮਨ ਕਾਹੇ ਭੂਲੇ ਮੂੜ ਮਨਾ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ” … ਇਸੇ ਤਰ੍ਹਾਂ “ਮ: ੩ “ਮਨ ਐਸਾ ਲੇਖਾ ਤੂੰ ਕੀ ਪੜਿਆ॥ ਲੇਖਾ ਦੇਣਾ ਤੇਰੈ ਸਿਰਿ ਰਹਿਆ” (ਪੰ: ੪੩੪) ਦੋਵੇਂ ਪਾਸੇ ਪੰਕਤੀ ਦੀ ਸਾਂਝ ਹੀ ਸਾਬਤ ਕਰ ਰਹੀ ਹੈ ਕਿ ਪਹਿਲੇ ਪਾਤਸ਼ਾਹ ਦੀ ਬਾਣੀ ਤੀਜੇ ਪਾਤਸ਼ਾਹ ਕੋਲ ਮੌਜੂਦ ਸੀ।

੮.’ਮਾਝ ਕੀ ਵਾਰ’ `ਚ “ਮਃ ੨॥ ਸੇਈ ਪੂਰੇ ਸਾਹ, ਜਿਨੀ ਪੂਰਾ ਪਾਇਆ… (ਪੰ: ੧੪੬) “ਸਲੋਕੁ ਮਃ ੧॥ ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨਿ॥ ਸੇਈ ਪੂਰੇ ਸਾਹ, ਵਖਤੈ ਉਪਰਿ ਲੜਿ ਮੁਏ (ਪੰ: ੧੪੫) ਨਿਸ਼ਾਨੀ ਵਾਲੀਆਂ ਪੰਕਤੀਆਂ ਆਪਣੇ ਆਪ `ਚ ਸਬੂਤ ਹਨ ਕਿ ਦੂਜੇ ਪਾਤਸ਼ਾਹ ਕੋਲ, ਪਹਿਲੇ ਪਾਤਸ਼ਾਹ ਦੀ ਬਾਣੀ ਮੌਜੂਦ ਸੀ ਜਿਸਤੋਂ ਇਹ ਸਾਂਝ ਬਣ ਸਕੀ।

੯.’ਸਲੋਕ ਵਾਰਾਂ ਤੇ ਵਧੀਕ’, ਪਹਿਲੇ ਪਾਤਸ਼ਾਹ ਦੇ ਸਲੋਕ ਹਨ। ਸਲੋਕ ਨੰਬਰ ੨੭ `ਚ ਆਪ ਬਾਬਰ ਦੇ ਹਮਲੇ ਤੇ ਉਸ ਰਾਹੀਂ ਲਾਹੌਰ `ਚ ਲਗਾਤਾਰ ਸਵਾ ਪਹਿਰ ਤੀਕ ਕਤਲੋਗ਼ਾਰਤ ਦਾ ਜ਼ਿਕਰ ਕਰ ਰਹੇ ਹਨ “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ”॥  ੨੭ ॥ ਉਪ੍ਰੰਤ ਸੰਪਾਦਨਾ ਸਮੇਂ ਇਸ ਸਲੋਕ ਦੇ ਨਾਲ ਹੀ ਨੰਬਰ ੨੮ `ਤੇ, ਪੰਜਵੇਂ ਪਾਤਸ਼ਾਹ ਉਚੇਚਾ, ਤੀਜੇ ਪਾਤਸ਼ਾਹ ਦਾ ਦੇਂਦੇ ਹਨ “ਮਹਲਾ ੩॥ ਲਾਹੌਰ ਸਹਰੁ, ਅੰਮ੍ਰਿਤ ਸਰੁ ਸਿਫਤੀ ਦਾ ਘਰੁ” (ਪੰ: ੧੪੧੨) ਭਾਵ ਚਾਹੇ ਕਿਤਨੇ ਵੀ ਕਹਿਰ ਵਰਤ ਜਾਣ ਤੇ ਸਥਾਨ ਵੀ ਲਾਹੌਰ ਹੀ ਕਿਉਂ ਨਾ ਹੋਵੇ, ਜਦੋਂ ਉਥੇ ਪ੍ਰਭੂ ਦੀਆਂ ਸਿਫ਼ਤਾਂ ਦਾ ਆਰੰਭ ਹੋ ਜਾਵੇ ਤਾਂ ਉਹੀ ਲਾਹੌਰ, ਨਾਮ ਅੰਮ੍ਰਿਤ ਦਾ ਸਰੋਵਰ ਬਣ ਜਾਂਦਾ ਹੈ। ਸਬੂਤ ਹੈ ਕਿ ਇਸ ਸਲੋਕ ਦੀ ਰਚਨਾ ਵੇਲੇ ਤੀਜੇ ਸਤਿਗੁਰਾਂ ਕੋਲ ਪਹਿਲੇ ਪਾਤਸ਼ਾਹ ਦੀ ਬਾਣੀ ਮੌਜੂਦ ਸੀ।

ਕੁਝ ਹੋਰ ਸਬੂਤ, ਬਾਣੀ ਦਰਜਾ-ਬ-ਦਰਜਾ ਪੁੱਜੀ- ੧. ਪਹਿਲੇ ਪਾਤਸ਼ਾਹ ਨੇ ੧੯ ਰਾਗਾਂ `ਚ ਗੁਰਬਾਣੀ ਦੀ ਰਚਨਾ ਕੀਤੀ। ਉਪ੍ਰੰਤ ਉਨ੍ਹਾਂ ਹੀ ੧੯ ਰਾਗਾਂ ਵਿਚੋਂ ੧੭ ਰਾਗ ਤੀਜੇ ਪਾਤਸ਼ਾਹ ਨੇ ਵਰਤੇ। ਇਸੇ ਤਰ੍ਹਾਂ ਇਹੀ ੧੯ ਰਾਗ ਅਤੇ ਛੇ ਰਾਗ ਭਗਤ ਬਾਣੀ ਵਿਚੋਂ (ਕਿਉਂਕਿ ਭਗਤ ਬਾਣੀ ਵੀ ਆਪ ਪਾਸ ਸੀ) ਅਤੇ ਪੰਜ ਹੋਰ ਨਵੇਂ ਰਾਗ ਚੌਥੇ ਪਾਤਸ਼ਾਹ ਨੇ ਵਰਤੇ। ਫ਼ਿਰ ਇਹੀ ੩੦ ਰਾਗ ਪੰਜਵੇਂ ਪਾਤਸ਼ਾਹ ਨੇ ਵੀ ਵਰਤੇ; ਇਹ ਸਾਰੀ ਸਾਂਝ ਵੀ ਅਚਣਚੇਤ ਨਹੀਂ ਸੀ।

੨. ਪਹਿਲੇ ਪਾਤਸ਼ਾਹ ਨੇ ਰਾਗ ਆਸਾ `ਚ ਬਾਣੀ ‘ਪਟੀ’ ਲਿਖੀ। ਤੀਜੇ ਪਾਤਸ਼ਾਹ ਨੇ ਵੀ ਬਾਣੀ ‘ਪਟੀ’ ਲਿਖੀ ਤਾਂ ਇਸੇ ਹੀ ਰਾਗ `ਚ। ਦੋਹਾਂ ਹੀ ਰਚਨਾਵਾਂ `ਚ ਮਨ ਨੂੰ ਹੀ ਸੰਬੋਧਨ ਕਰਣ ਵਾਲੀ ਵਾ ਸਾਂਝ ਮੋਜੂਦ ਹੈ। ਇਥੋਂ ਤੀਕ ਕਿ ਕਾਵਿ ਰਚਨਾ ਦੇ ਢੰਗ `ਚ ਵੀ ਸਾਂਝ ਹੈ ਕਿਵੇਂ?

. ਬਾਣੀ ਅਲਾਹਣੀਆਂ- ਪਹਿਲੇ ਪਾਤਸ਼ਾਹ ਨੇ ਇਸ ਬਾਣੀ ਦੀ ਰਚਨਾ ਰਾਗ ਵਡਹੰਸ `ਚ ਕੀਤੀ ਤੇ ਇਸ `ਚ ੫ ਸ਼ਬਦ ਹਨ। ਇਹ ਵੀ ਅਚਾਨਕ ਨਹੀਂ ਹੋਇਆ ਕਿ ਜਦੋਂ ਤੀਜੇ ਪਾਤਸ਼ਾਹ ਨੇ ਇਸੇ ਸਿਰਲੇਖ ਹੇਠ ਬਾਣੀ ਦੀ ਰਚਨਾ ਕੀਤੀ ਤਾਂ ਉਹ ਵੀ ਇਸੇ ਰਾਗ `ਚ। ਬਲਕਿ ਬੋਲੀ, ਕਾਵਿ ਢੰਗ, ਵਿਚਾਰਾਂ ਦੀ ਵੀ ਸਾਂਝ ਹੈ ਕਿਉਂਕਿ ਬਾਣੀ ਤੀਜੇ ਪਾਤਸ਼ਾਹ ਕੋਲ ਮੌਜੂਦ ਸੀ।

੪. ਮਾਰੂ ਸੋਲਹੇ- ਮਾਰੂ ਰਾਗ `ਚ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਜਿਸਦਾ ਸਿਰਲੇਖ ਹੈ ‘ਸੋਲਹੇ’ ਅਤੇ ਇਸ `ਚ ੨੨ ਸ਼ਬਦ ਹਨ। ਹੋਰ ਕਿਸੇ ਰਾਗ `ਚ ਵੀ ਇਹ ਬਾਣੀ ਮੌਜੂਦ ਨਹੀਂ। ਉਪ੍ਰੰਤ ਤੀਜੇ ਪਾਤਸ਼ਾਹ ਨੇ ਜਦੋਂ ਸੋਲਹੇ ਨਾਮ ਦੀ ਬਾਣੀ ਰਚੀ ਤਾਂ ਉਹ ਵੀ ਇਸੇ ਮਾਰੂ ਰਾਗ `ਚ ਅਤੇ ਸ਼ਬਦ ਰਚੇ ਤਾਂ ਉਹ ਵੀ ਮਿਲਵੀ ਗਿਣਤੀ `ਚ ਭਾਵ ੨੪ (ਚੋਵੀ)।

੫. ਰਾਮਕਲੀ ਰਾਗ `ਚ- ਗੁਰੂ ਨਾਨਕ ਪਾਤਸ਼ਾਹ ਨੇ ਰਾਮਕਲੀ ਰਾਗ `ਚ ‘ਓਅੰਕਾਰ’ ਅਤੇ ‘ਸਿਧ ਗੋਸ਼ਟਿ’ ਦੋ ਲੰਮੀਆਂ ਬਾਣੀਆਂ ਰਚੀਆਂ। ਉਪ੍ਰੰਤ ਤੀਜੇ ਪਾਤਸ਼ਾਹ ਨੇ ਵੀ ਜਦੋਂ ਲੰਮੀ ਬਾਣੀ ‘ਅਨੰਦ’ ਦੀ ਰਚਨਾ ਕੀਤੀ ਤਾਂ ਰਾਮਕਲੀ ਰਾਗ `ਚ ਹੀ। ਕਿਉਂਕਿ ਤੀਜੇ ਪਾਤਸ਼ਾਹ ਕੋਲ ਪਹਿਲੇ ਪਾਤਸ਼ਾਹ ਦੀ ਬਾਣੀ ਸਮੇਤ ਹੁਣ ਤੀਕ ਦੀ ਸਾਰੀ ਬਾਣੀ ਮੋਜੂਦ ਸੀ।

੬. ਥਿਤ ਵਾਰ ਅਤੇ ਵਾਰ ਸਤ- ਬਿਲਾਵਲ ਰਾਗ `ਚ ਪਹਿਲੇ ਪਾਤਸ਼ਾਹ ਨੇ ਬਾਣੀ ਰਚੀ ਜਿਸਦਾ ਸਿਰਲੇਖ ਹੈ ‘ਥਿਤੀ ਮਹਲਾ ੧’। ਮਿਲਵੇਂ ਮਜ਼ਮੂਨ `ਤੇ ਜਦੋਂ ਤੀਜੇ ਪਾਤਸ਼ਾਹ ਨੇ ਬਾਣੀ ਰਚੀ ਤਾਂ ਉਹ ਵੀ ਬਿਲਾਵਲ ਰਾਗ `ਚ ਹੀ ਤੇ ਉਸਦਾ ਸਿਰਲੇਖ ਦਿੱਤਾ ‘ਵਾਰ ਸਤ ਮ: ੩’।

ਇਤਨੇ ਵੇਰਵੇ ਤੋਂ ਬਾਅਦ ਵੀ ਜੇ ਕੋਈ ਸੱਜਣ ਹੱਠ ਕਰੇ ਕਿ ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਸਮੇਂ ਹੁਕਮਨਾਮੇ ਭੇਜੇ ਤੇ ਦੂਰੋਂ ਨੇੜਿਓ ਜਾਂ ਬਾਬਾ ਮੋਹਨ ਆਦਿ ਦੇ ਚੁਬਾਰੇ ਤੋਂ ਬਾਣੀ ਇਕਤ੍ਰ ਕੀਰਵਾਈ ਤਾਂ ਉਸਦੀ ਨੀਯਤ `ਤੇ ਹੀ ਸ਼ੱਕ ਕਰਨਾ ਪਵੇਗਾ। ਉਂਝ ਇਸ ਸੰਬੰਧ `ਚ ਹੋਰ ਵੇਰਵਿਆਂ ਲਈ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਲਿਖਤ ਦੋ ਪੁਸਤਕਾਂ ‘ਗੁਰਬਾਣੀ ਦੇ ਇਤਿਹਾਸ ਬਾਰੇ’ ਅਤੇ ਆਦਿ ਬੀੜ ਬਾਰੇ ਪੰਥ ਪਾਸ ਬਹੁਤ ਵੱਡਾ ਸਰਮਾਇਆ ਹਨ ਜਿਨ੍ਹਾਂ ਦਾ ਲਾਭ ਵੀ ਲਿਆ ਜਾ ਸਕਦਾ ਹੈ। #147s6.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵ ‘ਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ ਜਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 147

ਗੁਰਬਾਣੀ ਇਕਤ੍ਰ ਤਾਂ ਹੋਈ, ਪਰ ਕਿਵੇਂ?

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.