.

ਸਿੱਖ: ਇੱਕ ਬਹਾਦਰ ਅਤੇ ਮਦਦਗਾਰ ਕੌਮ

ਅਮਿਤ ਕੁਮਾਰ ਲਾਡੀ, ਫਰੀਦਕੋਟ

ਸਿੱਖੀ ਕੌਮ ਗੋਰਵ ਦਾ ਪ੍ਰਤੀਕ ਹੈ, ਸ਼ਕਤੀ ਦਾ ਸੂਚਕ ਹੈ। ਖ਼ਿਮਾ ਕਰਨਾ ਅਤੇ ਭੁਲ ਜਾਣਾ ਸਿੱਖ ਬੜ੍ਹਾ ਸੋਹਣਾ ਜਾਣਦੇ ਹਨ। ਸਿੱਖ ਸੀਨੇ `ਤੇ ਵਾਰ ਝੱਲਣ ਅਤੇ ਵਾਰ ਕਰਨ ਦਾ ਵੀ ਆਦੀ ਹੈ। ਸਿੱਖ ਤਾਂ ਉਹ ਹਨ ਜਦੋਂ ਕਿਤੇ ਕੁਦਰਤੀ ਆਫ਼ਤ ਆਵੇ, ਭੂਚਾਲ ਆਉਣ, ਮਹਾਮਾਰੀਆਂ ਆਉਣ, ਉੱਥੇ ਆਪਣੇ ਲੰਗਰ ਜਾ ਸਜਾਉਂਦਾ ਹੈ। ਸਿੱਖ ਸਭ ਤੋਂ ਪਹਿਲਾਂ ਅਜਿਹੇ ਆਫ਼ਤ ਵਾਲੇ ਸਥਾਨ `ਤੇ ਪਹੁੰਚ ਕੇ ਮਦਦ ਕਰਦਾ ਹੈ। ਨਿਸ਼ਕਾਮ ਸੇਵਾ ਭਾਵਨਾ ਨਾਲ ਦੁਖੀਆਂ ਦੇ ਦੁਖ ਹਰਨ ਵਿੱਚ ਆਪਣੇ ਤਨ-ਮਨ-ਧਨ ਨਾਲ ਪੂਰਾ-ਪੂਰਾ ਸਹਿਯੋਗ ਦਿੰਦਾ ਹੈ। ਸਿੱਖ ਨਾ ਤਾਂ ਜ਼ੁਲਮ, ਧੱਕੇਸ਼ਾਹੀ ਅਤੇ ਕੂੜ-ਕਪਟ ਦੇਖ ਕੇ ਇੱਕ ਪਾਸੇ ਹੋ ਕੇ ਬੈਠ ਸਕਦਾ ਹੈ, ਅਤੇ ਨਾ ਹੀ ਅਨਿਆ ਨਾਲ ਸਮਝੌਤਾ ਕਰ ਸਕਦਾ ਹੈ। ਜੇਕਰ ਕਿਸੇ ਨੇ ਇਹਨਾਂ ਦੀ ਅਣਖ ਨੂੰ ਲਲਕਾਰਿਆ ਹੈ ਤਾਂ ਉਹ ਲੋਹਾ ਲੈ ਕੇ ਹੱਟਿਆ ਹੈ ਭਾਵੇਂ ਉਸ ਨੂੰ ਭਾਰੀ ਨੁਕਸਾਨ ਹੀ ਕਿਉਂ ਨਾ ਝੱਲਣਾ ਪਵੇ। ਜੇਕਰ ਲੋੜ ਪਏ ਤਾਂ ਸਿੱਖ ਸ਼ਹੀਦੀ ਦਾ ਜਾਮ ਪੀਣ ਤੋਂ ਵੀ ਪਿੱਛੇ ਨਹੀਂ ਹੱਟਦਾ, ਹਮੇਸ਼ਾ ਤਿਆਰ-ਬਰ-ਤਿਆਰ ਹੀ ਰਹਿੰਦਾ ਹੈ।

ਜੇ. ਐੱਚ. ਗਾਰਡਨ ਸਿੱਖਾਂ ਦੀ ਉਸਤਤੀ ਕਰਦਾ ਹੋਇਆ ਲਿਖਦਾ ਹੈ, “ਸਿੱਖਾਂ ਤੋਂ ਇਲਾਵਾ ਕੋਈ ਵੀ ਹੋਰ ਸਾਡੇ ਵਿਰੁੱਧ ਦਲੇਰੀ ਨਾਲ ਤੇ ਡੱਟ ਕੇ ਨਹੀਂ ਲੜਿਆ ਅਤੇ ਸਿੱਖਾਂ ਤੋਂ ਇਲਾਵਾ ਕੋਈ ਵੀ ਹੋਰ ਬਹਾਦਰੀ ਨਾਲ ਤੇ ਵਫ਼ਾਦਾਰੀ ਨਾਲ ਸਾਡੇ ਲਈ ਨਹੀਂ ਲੜਿਆ।” ਗਾਰਡਨ ਅੱਗੇ ਹੋਰ ਲਿਖਦਾ ਹੈ, “ਜਿੱਥੇ ਕਿਧਰੇ ਦੁਸ਼ਮਣ ਨਾਲ ਲੋਹਾ ਲੈਣ ਦੀ ਗੱਲ ਆਉਂਦੀ ਤੇ ਭਿਆਨਕ ਯੁੱਧ ਕਰਨਾ ਜ਼ਰੂਰੀ ਹੁੰਦਾ ਤਾਂ ਸਿੱਖ ਸਭ ਤੋਂ ਮੁਹਰਲੀ ਕਤਾਰ ਵਿੱਚ ਖੜ੍ਹੇ ਹੁੰਦੇ। ਇਵੇਂ ਉਹ ਆਪਣੀ ਯੁੱਧ ਕੁਸ਼ਲਤਾ, ਸੂਰਮਗਤੀ, ਜੰਗੀ ਪੈਂਤੜੇਬਾਜ਼ੀ ਅਤੇ ਉੱਚੀਆਂ ਰਵਾਇਤਾਂ ਨੂੰ ਬਰਕਰਾਰ ਰੱਖਣ ਲਈ ਅਥਾਹ ਦਲੇਰੀ ਤੇ ਜੰਗੀ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ।”

ਸਿੱਖਾਂ ਦੀ ਬਹਾਦਰੀ ਨੂੰ ਦੇਖਦਿਆਂ ਹੋਇਆਂ ਸਰ ਓਸਬੋਰਨ ਨੇ ਲਿਖਿਆ ਸੀ, “ਫੌਜ ਖੜੀ ਕਰਨ ਲਈ ਸਿੱਖ ਸੰਸਾਰ ਭਰ ਵਿੱਚ ਸਭ ਤੋਂ ਉੱਤਮ ਸਮਗਰੀ ਹਨ।” ਇਹਨਾਂ ਦੀ ਮਿਹਨਤ ਅਤੇ ਸਾਹਸ ਦਾ ਜ਼ਿਕਰ ਕਰਨ ਸਮੇਂ ਉਹ ਲਿਖਦਾ ਹੈ, “ਮੈਂ ਬਹੁਤ ਸਾਰੇ ਅਜਿਹੇ ਸਿੱਖ ਦੇਖੇ ਹਨ ਜੋ 12 ਤੋਂ 15 ਦਿਨਾਂ ਤੱਕ ਲਗਾਤਾਰ ਸੌ-ਸੌ ਮੀਲ ਪੈਦਲ ਚਲ ਸਕਦੇ ਹਨ।”

ਪੰਡਿਤ ਜਵਾਹਰ ਲਾਲ ਨਹਿਰੂ ਦੇ ਪਿਤਾ ਸ੍ਰੀ ਮੋਤੀ ਲਾਲ ਨਹਿਰੂ ਨੇ ਵੀ ਸਿੱਖਾਂ `ਤੇ ਤਸ਼ਦੱਦ ਹੁੰਦੇ ਦੇਖ ਕੇ ਇਹ ਸ਼ਬਦ ਕਹੇ ਸਨ, “ਬਹਾਦਰ ਅਕਾਲੀ ਸਿੰਘ ਜਿਵੇਂ ਸ਼ਾਂਤ ਚਿਤ ਰੂਪ ਵਿੱਚ ਅਥਾਹ ਅੱਤਿਆਚਾਰ ਝੱਲ ਰਹੇ ਹਨ, ਉਹ ਵੇਖ ਕੇ ਮੈਂ ਬਹੁਤ ਪ੍ਰਭਾਵਤ ਹੋਇਆ ਹਾਂ ਤੇ ਮੇਰੇ ਦਿਲ ਵਿੱਚ ਇਹਨਾਂ ਸੂਰਬੀਰਾਂ ਬਾਰੇ ਬਹੁਤ ਪ੍ਰਸ਼ੰਸਾ ਤੇ ਸਤਿਕਾਰ ਪੈਦਾ ਹੋਇਆ ਹੈ। ਮੈਂ ਪੂਰੇ ਸਤਿਕਾਰ ਨਾਲ ਇਹਨਾਂ ਅੱਗੇ ਆਪਣਾ ਸਿਰ ਝੁਕਾਂਦਾ ਹਾਂ। ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵਸਦੇ ਵਧੀਆ ਤੋਂ ਵਧੀਆ ਮਨੁੱਖਾਂ ਨਾਲੋਂ ਵੀ ਇਹ ਕਿਤੇ ਵਧੀਆ ਇਨਸਾਨ ਹਨ।”

‘ਹਾਈਰੋਡਜ਼ ਆਫ਼ ਸਿੱਖ ਹਿਸਟਰੀ ਨਾਮਕ ਪੁਸਤਕ ਦੇ ਪੰਨਾ ਨੰਬਰ 45 `ਤੇ ਇੱਕ ਅੰਗਰੇਜ਼ ਲੇਖਕ ਨੇ ਲਿਖਿਆ ਹੈ ਕਿ ਸਿੱਖ ਬਹੁਤ ਹੀ ਬਹਾਦਰ ਹਨ ਅਤੇ ਠੰਡ ਤੇ ਭੁੱਖ ਨੂੰ ਬਰਦਾਸ਼ਤ ਕਰਨ ਦੀ ਇਹਨਾਂ ਵਿੱਚ ਬਹੁਤ ਭਾਰੀ ਸ਼ਕਤੀ ਹੈ। ਇਹਨਾਂ ਲਈ ਦਿਨ ਵਿੱਚ ਪੰਜਾਹ ਮੀਲ ਚਲਣਾ ਕੋਈ ਵੱਡੀ ਗੱਲ ਨਹੀਂ। ਉਹ ਆਪਣੀ ਖੁਰਾਕ ਦੀ ਵੀ ਪ੍ਰਵਾਹ ਨਹੀਂ ਕਰਦੇ। ਉਹ ਮੁੱਠੀ ਭਰ ਛੋਲਿਆਂ ਦੇ ਦਾਣਿਆਂ ਨੂੰ ਪਾਣੀ ਦੇ ਘੁੱਟ ਨਾਲ ਗਲੇ ਤੋਂ ਥੱਲੇ ਉਤਾਰ ਕੇ ਸੰਤੁਸ਼ਟ ਹੋ ਜਾਂਦੇ ਹਨ। ਜਦ ਉਹ ਬਾਹਰ ਲੜਾਈਆਂ (ਜੰਗਾਂ) ਲਈ ਕੂਚ ਕਰਦੇ ਹਨ ਤਾਂ ਆਪਣੇ ਨਾਲ ਟੈਂਟ ਜਾਂ ਬਹੁਤ ਲੰਮਾ ਚੌੜਾ ਸਮਾਨ ਨਹੀਂ ਲੈ ਕੇ ਜਾਂਦੇ। ਇੱਕ ਲੋਟਾ ਅਤੇ ਦੋ ਕੰਬਲ ਇਹਨਾਂ ਦਾ ਸਮਾਨ ਹੁੰਦਾ ਹੈ। ਇੱਕ ਕੰਬਲ ਨਾਲ ਆਪ ਸਾਰ ਲੈਂਦੇ ਹਨ ਤੇ ਦੂਜਾ ਆਪਣੇ ਘੋੜੇ ਨੂੰ ਠੰਡ ਤੋਂ ਬਚਾਉਣ ਲਈ ਉਸ ਉੱਪਰ ਪਾ ਦਿੰਦੇ ਹਨ।

ਸੀ. ਐੱਚ. ਲੀਹੋਲਿਨ ਸਿੱਖਾਂ ਦੇ ਬਰਦਾਸ਼ਤ ਕਰਨ ਦੇ ਮਾਦੇ ਅਤੇ ਲਚਕੀਲੇ ਸੁਭਾਅ ਬਾਰੇ ਲਿਖਦਾ ਹੈ, “ਆਪਣੇ ਸਰੀਰਕ ਜੁੱਸੇ, ਮਜ਼ਬੂਤ ਹੌਸਲੇ ਤੇ ਮਾਨਸਿਕ ਸ਼ਕਤੀ ਕਾਰਨ ਸਖ਼ਤ ਖ਼ਰਾਬ ਆਬੋ-ਹਵਾ, ਕੜਕਵੀਂ ਧੁੱਪ, ਮੂਸਲੇਧਾਰ ਬਾਰਸ਼, ਸੁੰਨ ਕਰ ਦੇਣ ਵਾਲੀ ਠੰਡ ਅਤੇ ਕਸੂਤਾ ਮੌਸਮ ਇਹਨਾਂ ਦੇ ਹੌਸਲੇ ਪਸਤ ਨਹੀਂ ਕਰ ਸਕਦਾ। ਇਥੋਂ ਤੱਕ ਕਿ ਇਹਨਾਂ `ਤੇ ਕੋਈ ਵੀ ਅੱਤਿਆਚਾਰ ਢਾਹਿਆ ਜਾਵੇ ਜਾਂ ਇਹਨਾਂ ਦੇ ਘਰ-ਘਾਟ ਅਤੇ ਪਵਿੱਤਰ ਧਾਮਾਂ ਨੂੰ ਢਹਿ-ਢੇਰੀ ਕਰ ਦਿੱਤਾ ਜਾਵੇ ਜਾਂ ਇਹਨਾਂ ਦੀਆਂ ਔਰਤਾਂ ਤੇ ਬੱਚਿਆਂ ਨੂੰ ਬੰਦੀ ਬਣਾ ਲਿਆ ਜਾਵੇ, ਤਦ ਵੀ ਇਹਨਾਂ ਦੀ ਚੜ੍ਹਦੀਕਲਾ ਦੀ ਭਾਵਨਾ ਨੂੰ ਦਬਾਇਆ ਨਹੀਂ ਜਾ ਸਕਦਾ।”

ਪੰਡਿਤ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਪ੍ਰਤੀ ਆਪਣਾ ਸਤਿਕਾਰ ਇਸ ਤਰ੍ਹਾਂ ਪ੍ਰਗਟ ਕੀਤਾ ਹੈ, “ਆਪਣੇ ਮਕਸਦ ਵਿੱਚ ਇਮਾਨਦਾਰੀ, ਇਤਫਾਕ, ਸਬਰ, ਬਰਦਾਸ਼ਤ ਕਰਨ ਦਾ ਮਾਦਾ, ਨੇਕ ਨੀਅਤੀ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਸਿੱਖਾਂ ਦੇ ਅਜਿਹੇ ਗੁਣ ਹਨ ਜਿਹਨਾਂ ਕਰ ਕੇ ਇਹ ਸਭ ਨੂੰ ਮਾਤ ਪਾਉਂਦੇ ਹਨ।”

ਗੌਰਤਲਬ ਹੈ ਕਿ ਗ਼ੁਲਾਮ ਜੀਲਾਨੀ ਇੱਕ ਮੁਸਲਮਾਨ ਇਤਿਹਾਸਕਾਰ ਸੀ। ਜੀਲਾਨੀ ਨੇ ਜੰਗਨਾਮਾ ਮੁਲਤਾਨ ਲਿਖਿਆ ਹੈ। ਇਸ ਵਿੱਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਮੁਲਤਾਨ ਦੀ ਚੜ੍ਹਾਈ ਅਤੇ ਜਿੱਤ ਦਾ ਜ਼ਿਕਰ ਕੀਤਾ ਹੈ। ਸਿੱਖਾਂ ਦੀ ਬਹਾਦਰੀ ਦਾ ਜ਼ਿਕਰ ਕਰਦਾ ਹੋਇਆ ਉਹ ਲਿਖਦਾ ਹੈ, “ਜਦ ਮਹਾਰਾਜ ਰਣਜੀਤ ਸਿੰਘ ਦੀਆਂ ਫੌਜਾਂ ਨੇ ਮੁਲਤਾਨ `ਤੇ ਚੜ੍ਹਾਈ ਕੀਤੀ ਤਾਂ ਉਹਨਾਂ ਦੀ ਇੱਕ ਭਾਰੀ ਤੋਪ ਦਾ ਪਹੀਆ ਟੁੱਟ ਗਿਆ। ਇਸ ਤੋਪ ਤੋਂ ਬਿਨਾਂ ਕਿਲ੍ਹਾ ਜਿੱਤਣਾ ਮੁਸ਼ਕਲ ਸੀ। ਆਖ਼ਰ ਸਿੱਖਾਂ ਨੇ ਗੁਰੂ ਨਾਂਅ ਲਿਆ ਤੇ ਤੋਪ ਨੂੰ ਵਾਰੀ-ਵਾਰੀ ਆਪਣਾ ਮੌਢਾ ਦਿੰਦੇ ਗਏ। ਮੌਢਾ ਦੇਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ। ਜਿਉਂ-ਜਿਉਂ ਤੋਪ ਚਲਦੀ, ਮੋਢਾ ਦੇਣ ਵਾਲੇ ਦੇ ਤੂੰਬੇ ਉੱਡ ਜਾਂਦੇ ਪਰ ਗੁਰੂ ਦੇ ਦੁਲਾਰੇ ਅੱਗੇ ਹੀ ਅੱਗੇ ਹੁੰਦੇ ਗਏ। ਇਹ ਬੜਾ ਅਜੀਬ ਨਜ਼ਾਰਾ ਸੀ। ਅੰਤ ਸਿੰਘਾਂ ਦੀ ਇਸ ਬਹਾਦਰੀ ਸਦਕਾ ਕਿਲ੍ਹੇ ਦੀਆਂ ਦੀਵਾਰਾਂ ਢਹਿ ਗਈਆਂ ਅਤੇ ਜੰਗ ਜੀਤੀ ਗਈ।”

ਇਸੇ ਤਰ੍ਹਾਂ ਅਲੈਗਜ਼ੈਂਡਰ ਬਰਨਜ਼ ਲਿਖਦਾ ਹੈ, “ਸਿੱਖਾਂ ਨੇ ਆਪਣੀ ਰਵਾਇਤੀ ਸੁਰਮਗਤੀ ਸੰਭਾਲ ਕੇ ਰੱਖੀ ਹੋਈ ਹੈ ਤੇ ਇਸ ਨੂੰ ਆਂਚ ਨਹੀਂ ਆਉਣ ਦਿੱਤੀ। ਸਿੱਖਾਂ ਦਾ ਠੰਡਾ ਸ਼ਾਂਤ ਚਿਤ ਸੁਭਾਅ ਤੇ ਲੋਹੜੇ ਦੀ ਬਹਾਦਰੀ ਸਾਰੀਆਂ ਮਨੌਤਾਂ ਟਪ ਜਾਂਦੀ ਹੈ। ਉਹ ਬਹਾਦਰ ਤੋਂ ਬਹਾਦਰ ਭਾਰਤੀਆਂ ਨਾਲੋਂ ਵੀ ਕਿਤੇ ਵਧ ਬਹਾਦਰ ਹਨ।”

ਸਿੱਖਾਂ ਦੀ ਬਹਾਦਰੀ ਬਾਰੇ ਰੋਨਲਡ ਤਿਆਨਬੀ ਵੀ ਕੁੱਝ ਇੰਜ ਹੀ ਆਖਦਾ ਹੈ, “ਸਿੱਖ ਇਸ ਗ੍ਰਹਿ `ਤੇ ਸਭ ਤੋਂ ਵਧ ਸਡੌਲ ਤੇ ਨਰੋਏ ਮਨੁੱਖ ਹਨ। ਉਹ ਹਠੀ ਹਨ, ਸੁਯੋਗ ਹਨ ਅਤੇ ਕੁੱਝ ਭਿਆਨਕ ਵੀ। ਜੇ ਮਨੁੱਖੀ ਜੀਵਨ ਇਨਸਾਨੀ ਇਤਿਹਾਸ ਦੇ ਮੌਜ਼ੂਦਾ ਦੌਰ ਤੋਂ ਬਚ ਨਿਕਲਿਆ ਤਾਂ ਸਿੱਖ ਯਕੀਨਨ ਇਸ ਧਰਤੀ ਦੇ ਨਕਸ਼ੇ `ਤੇ ਹੋਣਗੇ।”

ਅੰਤ `ਚ ਮੈਂ ਇਹ ਹੀ ਕਹਾਂਗਾ ਕਿ ਸਿੱਖ ਬਹੁਤ ਹੀ ਮਿਲਣਸਾਰ, ਮਦਦਗਾਰ ਅਤੇ ਹਰ ਕਿਸੇ ਦਾ ਆਦਰ ਮਾਣ ਕਰਨ ਵਾਲਾ ਮਨੁੱਖ ਹੈ। ਉਹ ਸਭ ਨਾਲ ਪ੍ਰੇਮ ਭਾਵ ਨਾਲ ਵਿਚਰਦਾ ਹੈ ਅਤੇ ਸਭ ਦੇ ਦੁਖ-ਸੁਖ ਦਾ ਭਾਈਵਾਲ ਬਣਦਾ ਹੈ। ਸਿੱਖ ਹਮੇਸ਼ਾ ਚੜ੍ਹਦੀਕਲਾ ਵਿੱਚ ਹੀ ਰਹਿੰਦਾ ਹੈ ਅਤੇ ਸਰਬਤ ਦਾ ਭਲਾ ਹੀ ਲੋਚਦਾ ਹੈ। ਵੱਡੀ ਸਿਤਮਜ਼ਰੀਫੀ ਇਹ ਹੈ ਕਿ ਅੱਜਕੱਲ੍ਹ ਕੁੱਝ ਸਿੱਖ ਗੁਰੂ ਦੇ ਫਲਸਫੇ ਅਤੇ ਆਦਰਸ਼ਾਂ ਨੂੰ ਭੁੱਲ ਕੇ ਜਾਤ-ਪਾਤ, ਊਚ-ਨੀਚ ਵਿੱਚ ਉਲਝ ਗਏ ਹਨ। ਕੁੱਝ ਸਿੱਖ ਅੱਜ ਖਾਲਸੇ ਦੇ ਮੁੱਢਲੇ ਅਸੂਲਾਂ ਨੂੰ ਹੀ ਛੱਡ ਕੇ ਬ੍ਰਾਹਮਣਵਾਦੀ ਰੀਤਾਂ ਦੇ ਧਾਰਨੀ ਬਣ ਗਏ ਹਨ। ਇਹ ਬਹੁਤ ਹੀ ਮਾੜਾ ਵਰਤਾਰਾ ਹੈ। ਭਗਤੀ ਅਤੇ ਸ਼ਕਤੀ ਦੇ ਸੁਮੇਲ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਗੁਰੂਆਂ ਅਤੇ ਗੁਰਬਾਣੀ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ।

ਅਮਿਤ ਕੁਮਾਰ ਲਾਡੀ

ਪ੍ਰਧਾਨ “ਆਲਰਾਊਂਡ ਸਾਹਿਤ ਸਭਾ”

ਆਲਰਾਊਂਡ ਭਵਨ, ਡੋਡਾਂ ਸਟਰੀਟ, ਫਰੀਦਕੋਟ

ਮੋਬਾਈਲ: 98157-75626




.