.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 23)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਸੁੱਖਾ ਸਿੰਘ ਹਾਕਮ ਸਿੰਘ ਸਰਹਾਲੀ

ਇਹਨਾਂ ਬਾਰੇ ਪੁਸਤਕ ਸੰਤਾਂ ਦੇ ਕੌਤਕ’ ਵਿੱਚ ਪਹਿਲਾਂ ਵੀ ਬੜਾ ਕੁੱਝ ਲਿਖਿਆ ਜਾ ਚੁਕਾ ਹੈ। ਵੱਡੀਆਂ, ਵੱਡੀਆਂ ਬਰਸੀਆਂ ਮਨਾ ਰਹੇ ਹਨ, ਗੱਡੀਆਂ ਵਾਲੇ ਸੇਠ ਜਿਨ੍ਹਾਂ ਬਾਰੇ ਅਸੀਂ ਪਤਾ ਕੀਤਾ ਹੈ ਕਿ ਆਪਣੇ ਰੱਖੇ ਹੋਏ ਕਿਰਤੀ ਡਰਾਈਵਰਾਂ ਨੂੰ ਪੂਰੀਆਂ ਤਨਖਾਹਾਂ ਵੀ ਨਹੀਂ ਦਿੰਦੇ ਉਹ ਬਰਸੀਆਂ ਤੇ ਖੰਡ ਦਾ ਟਰੱਕ ਦਾਨ ਕਰ ਰਹੇ ਹਨ, ਘਿਉ ਦਾ ਟਰੱਕ ਦਾਨ ਵਿੱਚ ਦੇ ਰਹੇ ਹਨ, ਦੋ ਨੰਬਰ ਦਾ ਧੰਦਾ ਕਰਨ ਵਾਲੇ ਕਾਲੇ ਧਨ ਵਿਚੋਂ ਇਹ ਦਾਨ ਕੀਤੇ ਜਾ ਰਹੇ ਹਨ, ਸੌਦੇ ਦੇ ਟਰੱਕ ਦਾਨ ਹੋ ਰਹੇ ਹਨ। ਮੈਂ ਪਹਿਲਾਂ ਵੀ ਕਈ ਵਾਰੀਂ ਕਿਹਾ ਕਿ ਜਿਨ੍ਹਾਂ ਗੁਰਦੁਆਰਿਆਂ ਉਪਰ ਬਲੈਕ ਮਾਲ ਪੈਸਾ ਲੱਗਾ ਹੈ, ਉਸ ਪੈਸੇ ਨਾਲ ਡੇਰੇ ਬਣੇ ਹਨ, ਇਹਨਾਂ ਗੁਰਦੁਆਰਿਆਂ, ਡੇਰਿਆਂ ਨੇ ਸੱਚੇ ਸੁੱਚੇ ਗੁਰਸਿੱਖ, ਗੁਰਬਾਣੀ ਨੂੰ ਮੰਨਣ ਵਾਲੇ ਪੈਦਾ ਨਹੀਂ ਸੀ ਕਰਨੇ, ਇਹਨਾਂ ਤਾਂ ਅਫੀਮੀ ਨਸ਼ੱਈ, ਭੰਗੀ, ਪੋਸਤੀ, ਠੱਗ ਚੋਰ ਪੈਦਾ ਕਰਨੇ ਹਨ।

ਇਕ ਰਾਜਨੀਤਕ ਕਾਂਗਰਸੀ ਆਗੂ ਦੀ ਚੋਣ ਵਿੱਚ ਐਸੀ ਮਦਦ ਇਹਨਾਂ ਕੀਤੀ ਕਿ ਆਟਾ ਅਤੇ ਪਿੰਡਾਂ ਵਿੱਚ ਸ਼ਰਾਬ ਕੱਢਣ ਵਾਸਤੇ ਗੁੜ ਵੀ ਸਪਲਾਈ ਕੀਤਾ। ਜਿੱਤ ਵਾਸਤੇ ਸੰਪਟ ਅਖੰਡ ਪਾਠ ਕੀਤੇ, ਜਦੋਂ ਕਿ ਸੰਪਟ ਪਾਠ ਗੁਰਮਤਿ ਵਿੱਚ ਨਹੀਂ ਹੈ। ਗੁਰਪੁਰੀ ਅਤੇ ਬਾਬਾ ਰਾਮ ਸਿੰਘ ਦੇ ਡੇਰੇ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਕਾਂਗਰਸੀ ਐਮ ਐਲ ਏ ਦੀ ਜਿੱਤ ਵਾਸਤੇ “ਗੁਰੂ ਗ੍ਰੰਥ ਸਾਹਿਬ” ਦੇ ਅੱਗੇ ਰੋਜ਼ ਅਰਦਾਸਾਂ ਹੁੰਦੀਆਂ ਰਹੀਆਂ ਵੋਟਾਂ ਤੋਂ ਕੁੱਝ ਦਿਨ ਪਹਿਲਾਂ ਹੀ ਇਹਨਾਂ ਸਾਧਾਂ ਨੇ ਉਸਦੀ ਜਿੱਤ ਦੇ ਲੱਡੂ ਵੰਡ ਦਿੱਤੇ ਉਸਦੇ ਗਲ ਜਿੱਤ ਦੇ ਹਾਰ ਪਾ ਦਿੱਤੇ। ਪਰ ਉਹ ਚੋਣਾ ਵਿੱਚ ਬੁਰੀ ਤਰ੍ਹਾਂ ਹਾਰਿਆ ਦੁਨੀਆਂ ਨੇ ਦੇਖਿਆਂ ਹੈ। ਡੇਰਿਆਂ ਵਿੱਚ ਇਸ ਤਰ੍ਹਾਂ ਰਾਜਨੀਤਕਾਂ ਦੀਆਂ ਫੋਕੀਆਂ ਖੁਸ਼ਾਮਦਾ ਹੋ ਰਹੀਆਂ ਹਨ ਅਤੇ ਗੁਰੂ ਨੂੰ ਵੀ ਰਾਜਨੀਤੀਕ ਸੁਆਰਥਾਂ ਵਾਸਤੇ ਵਰਤਿਆਂ ਜਾ ਰਿਹਾ ਹੈ। ਜਦੋਂ ਕਿ ਪੈਸਾ ਲੋਕਾਂ ਨੇ ਧਰਮ ਅਰਥ ਖਰਚਣ ਵਾਸਤੇ ਦਿੱਤਾ ਹੈ। ਬਰਸੀਆਂ ਦੀ ਗੱਲ ਮੈਂ ਕਰ ਰਿਹਾ ਸੀ। ਸੇਠਾਂ ਤੋਂ ਟਰੱਕ ਸੌਦੇ ਦੇ ਮਿਲਣ ਤੋਂ ਬਾਅਦ ਵੀ ਇਲਾਕਿਆਂ ਪਿੰਡਾਂ ਵਿੱਚ ਜਾ ਕੇ ਖੰਡਾਂ ਦੀਆ ਬੋਰੀਆਂ, ਘਿਉ ਦੇ ਪੀਪੇ, ਨਕਦ ਮਾਇਆ ਦਾਲਾਂ ਦੀਆਂ ਬੋਰੀਆਂ ਦੀ ਉਗਰਾਹੀ ਘਰਾਂ ਵਿੱਚ ਜਾ ਜਾ ਕੇ ਕੀਤੀ ਜਾਂਦੀ ਹੈ ਜੋ ਡੇਰਿਆਂ ਵਿੱਚ ਜਮ੍ਹਾਂ ਕਰ ਲਈ ਜਾਂਦੀ ਹੈ ਹੋਰ ਕਈ ਥਾਵਾਂ ਤੇ ਵਰਤੀ ਜਾਂਦੀ ਹੈ। ਇਹਨਾਂ ਨੇ ਕਦੇ ਵੀ ਗੁਰੂਆਂ, ਸਾਹਿਬਜ਼ਾਦਿਆਂ, ਜਿਨ੍ਹਾਂ ਬੰਦ-ਬੰਦ ਕਟਵਾਏ, ਚਰਖੜੀਆਂ ਤੇ ਚੜ੍ਹੇ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਕਦੇ ਕਿਸੇ ਦਾ ਇਹਨਾਂ ਨੇ ਕੋਈ ਦਿਨ ਨਹੀਂ ਮਨਾਇਆ, ਕੇਵਲ ਬਾਬਿਆਂ ਦੇ ਦਿਨ ਮਨਾਉਂਦੇ ਹਨ, ਗੁਰੂ ਨਾਲ ਇਹਨਾਂ ਦਾ ਦੂਰ ਦਾ ਵੀ ਸਬੰਧ ਨਹੀਂ ਹੈ। ਇਹਨਾਂ ਬਰਸੀਆਂ ਤੇ ਲੱਖਾਂ ਰੁਪਏ ਖਰਚ ਕੇ ਕਈ ਵਾਧੂ ਖਰਚੇ ਕਰਨੇ ਕੇਵਲ ਇਹਨਾਂ ਦੀ ਅਡਵਰਟਾਈਜ਼ਮੈਂਟ ਹੀ ਹੈ।

ਲਾਲਚ ਵੱਸ ਇਹ ਪੱਗਾਂ (ਗੱਦੀਆਂ) ਘਰ ਵਿੱਚ ਹੀ ਆਪਣੇ ਪੁੱਤਾਂ ਪੋਤਰਿਆਂ ਨੂੰ ਦਿੰਦੇ ਹਨ, ਯੋਗਤਾ ਪਰਖਣ ਵਾਲੀ ਗੱਲ ਇਥੋਂ ਖੰਭ ਲਾ ਕੇ ਉਡ ਗਈ ਹੈ। ਗੁਰ ਫੁਰਮਾਨ ਹੈ “ਕੁਲਹਾ ਦੇਦੇ ਬਾਵਲੇ ਲੈਂਦੇ ਵੱਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲ ਬੰਨੇ ਛਜੁ॥”

ਸਤਿਗੁਰ ਕਹਿੰਦੇ ਗੱਦੀਆਂ ਦੇਣ ਵਾਲੇ ਵੀ ਲੈਣ ਵਾਲੇ ਵੀ ਬਸ਼ੇਰਮ ਹਨ ਜਿਵੇਂ ਚੂਹੇ ਦੇ ਲੱਕ ਨਾਲ ਕੋਈ ਛੱਜ ਬੰਨ ਦੇਵੇ ਤਾਂ ਉਹ ਖੁੱਡ ਵਿੱਚ ਨਹੀਂ ਵੜ ਸਕਦਾ ਇਸ ਤਰ੍ਹਾਂ ਇਹਨਾਂ ਸਾਧਾਂ ਨੂੰ ਇਹ ਗੱਦੀ ਵਾਲਾ ਛੱਜ ਕਿਸੇ ਪਾਸੇ ਨਹੀਂ ਲੱਗਣ ਦਿੰਦਾ। ਇਹਨਾਂ ਦਾ ਧਿਆਨ ਸਦਾ ਪੱਗਾਂ (ਗੱਦੀਆਂ) ਵਿੱਚ ਰਹਿੰਦਾ ਹੈ। ਯਾਦ ਰਹੇ ਔਰੰਗਜੇਬ ਨੂੰ ਰਾਜ ਲੈਣ ਵਾਸਤੇ ਆਪਣੇ ਸਕੇ ਪਿਉ ਨੂੰ ਜੇਲ੍ਹ ਵਿੱਚ ਸੁੱਟਣਾ ਪਿਆ ਭਰਾਂਵਾਂ ਦੇ ਕਤਲ ਕਰਨੇ ਪਏ। ਗੁਰੂ ਨਾਲ ਵੈਰ ਕਮਾਇਆ।

ਸੋ ਇਹ ਡੇਰੇ ਨਿੱਜੀ ਜਾਇਦਾਦ ਬਣ ਗਏ ਹਨ ਇਥੇ ਗੁਰੂ ਘਰ ਵਾਲੀ ਕੋਈ ਗੱਲ ਨਹੀਂ ਰਹੀ, ਇਹਨਾਂ ਦੇ ਬੱਚੇ ਦਿੱਲੀ ਵੱਡੇ ਵੱਡੇ ਸਕੂਲਾਂ ਵਿੱਚ ਪੜ੍ਹਦੇ ਹਨ ਪਰ ਗਰੀਬਾਂ ਦੇ ਬੱਚਿਆਂ ਨੂੰ ਡੇਰਿਆਂ ਵਿੱਚ ਗੋਹਾ ਸੁੱਟਣ ਤੇ ਲਾ ਕੇ ਇਹ ਉਹਨਾਂ ਬੱਚਿਆਂ ਦੇ ਭਵਿੱਖ ਤਬਾਹ ਕਰ ਰਹੇ ਹਨ। ਇਹ ਦੂਜਿਆਂ ਨੂੰ ਸੇਵਾ ਕਰਨ ਵਾਸਤੇ ਨਾਨਕ ਸ਼ਾਹੀ ਟੋਕਰੀ ਢੁਵਾ ਕੇ ਸਵਰਗ ਦੀ ਪ੍ਰਾਪਤੀ ਦੇ ਸਰਟੀਫਿਕੇਟ ਵੰਡਦੇ ਹਨ ਪਰ ਇਹਨਾਂ ਅਤੇ ਇਹਨਾਂ ਦੇ ਬੱਚਿਆਂ ਨੇ ਹੱਥੀਂ ਕਦੇ ਵੀ ਕੋਈ ਸੇਵਾ ਨਹੀਂ ਕੀਤੀ। ਇਹਨਾਂ ਦੀ ਰਿਹਾਇਸ਼ ਅੰਮ੍ਰਿਤਸਰ ਹੈ ਰੋਜ਼ ਚਾਰ ਗੱਡੀਆਂ ਅੰਮ੍ਰਿਤਸਰ ਆਉਣ ਜਾਣ ਤੇਲ ਖਾਂਦੀਆਂ ਹਨ ਤਿੰਨ ਗੱਡੀਆਂ ਪਹਿਲਾਂ ਆਉਂਦੀਆਂ ਹਨ ਚੌਥੀ ਮਗਰ ਰੋਟੀ ਲੈ ਕੇ ਆਉਂਦੀ ਹੈ। ਸ਼ਾਇਦ ਡੇਰੇ ਦੀ ਰੋਟੀ ਇਹਨਾਂ ਨੂੰ ਮੁਆਫ਼ਕ ਨਾ ਹੋਵੇ ਇੱਕ ਗੱਡੀ ਸਪੈਸ਼ਲ ਇਹਨਾਂ ਦੀ ਰੋਟੀ ਲੈ ਕੇ ਰੋਜ਼ ਅੰਮ੍ਰਿਤਸਰੋਂ ਆਉਂਦੀ ਹੈ। ਇਹ ਕਿਹੜੀ ਸੇਵਾ ਹੈ?

ਵੰਨ ਸੁਵੰਨੇ ਸ਼ੋਸ਼ੇ ਇਹਨਾਂ ਦੇ ਚੇਲੇ ਲੋਕਾਂ ਨੂੰ ਸੁਣਾਉਂਦੇ ਹਨ, ਇੱਕ ਵਾਰੀ ਇਹਨਾਂ ਦੇ ਸੰਗੀਆਂ ਨੇ ਕਿਸੇ ਵਿਆਹ ਤੇ ਬਕਰੇ ਵੱਢਣੇ ਸੀ ਤਾਂ ਬਾਬਾ ਚਰਨ ਸਿੰਘ ਨੇ ਰੋਕ ਦਿੱਤਾ ਕਿ ਬੱਕਰੇ ਵੱਢਣੇ ਪਾਪ ਹੈ ਇਹ ਨਹੀਂ ਕਰਨਾ। ਤਾਂ ਉਹ ਬੱਕਰੇ ਇਹਨਾਂ ਆਨੰਦਪੁਰ ਸਾਹਿਬ ਡੇਰੇ ਭੇਜ ਦਿੱਤੇ। ਤਾਂ ਬਾਬਾ ਚਰਨ ਸਿੰਘ ਉਥੇ ਗਏ ਤਾਂ ਬੱਕਰੇ ਧੁੱਪੇ ਬੱਧੇ ਸੀ ਬਾਬੇ ਨੇ ਆਖਿਆ ਇਹ ਬੱਕਰੇ ਧੁੱਪੇ ਕਿਉਂ ਬੱਧੇ ਹਨ ਸੇਵਾਦਾਰ ਨੇ ਕਿਹਾ ਕਿ ਇਹਨਾਂ ਦਾ ਕਿਹੜਾ ਦੁੱਧ ਸੁੱਕ ਚੱਲਿਆ, ਬਾਬੇ ਨੇ ਕਿਹਾ? ਜੇ ਇਹ ਗੱਲ ਹੈ ਤਾਂ ਇਹ ਬੱਕਰੇ ਦੁੱਧ ਦੇਣਗੇ। ਉਹਨਾਂ ਵਿਚੋਂ ਇੱਕ ਬੱਕਰਾ ਦੁੱਧ ਦੇਣ ਲੱਗ ਪਿਆ ਪਰ ਦੂਜੇ ਬੱਕਰੇ ਤੇ ਇਸ ਵਰ ਦਾ ਕੋਈ ਅਸਰ ਨਾ ਹੋਇਆ ਪਤਾ ਨਹੀਂ ਕਿਉਂ ਐਸ ਤਰ੍ਹਾਂ ਇਹਨਾਂ ਨੇ ਸਿੱਖੀ ਨੂੰ ਜਾਦੂ ਦਾ ਖੇਡ ਅਤੇ ਮਾਖੌਲ ਬਣਾਇਆ ਹੋਇਆ ਹੈ। ਅੱਜ ਤੱਕ ਇੱਕ ਵੀ ਸਾਧ ਬਚਨ ਕਰਕੇ ਸਿੱਖ ਕੌਮ ਦੀ ਏਕਤਾ ਨਹੀਂ ਕਰਾ ਸਕਿਆ। ਝੋਟੇ ਤੇ ਬੱਕਰੇ ਚੋਣ ਤੇ ਇਹਨਾਂ ਦਾ ਸਾਰਾ ਜੋਰ ਲੱਗੀ ਜਾ ਰਿਹਾ ਹੈ। ਇਹ ਮੱਥੇ ਟਿਕਾਉਣ ਅਤੇ ਸਿਰੋਪੇ ਲੈਣ ਦੇ ਵੀ ਬਹੁਤ ਸ਼ੌਕੀਨ ਹਨ। ੧ ਜਨਵਰੀ ੨੦੦੬ ਨੂੰ ਮਨਾਈ ਬਰਸੀ ਤੇ ਇਹਨਾਂ ਵੱਲੋਂ ਕੀਤੀਆਂ ਮਨਮੱਤੀ ਕਾਰਵਾਈਆਂ ਪੁਸਤਕ ਦੇ ਅਗਲੇ ਭਾਗ ਵਿੱਚ ਦੇਵਾਂਗਾ।




.