.

(ਅ)ਗਿਆਨੀ ਇਕਬਾਲ ਸਿੰਘ ਦੀ ਚਿੱਠੀ ਉਰਫ਼ ਹੁਕਮਨਾਮੇ ਦਾ ਪੋਸਟ-ਮਾਰਟਮ

- ਸਰਬਜੀਤ ਸਿੰਘ -
ਸੰਪਾਦਕ, ਇੰਡੀਆ ਅਵੇਅਰਨੈੱਸ

ਮਿਤੀ 10 ਮਈ 2008 ਨੂੰ ਪਟਨਾ ਸਾਹਿਬ ਦੇ ਵਿਵਾਦਿਤ ਮੁੱਖ ਪੁਜਾਰੀ ਗਿ: ਇਕਬਾਲ ਨੇ ਆਪਣੇ ਚਾਰ ਹੋਰ ਸਾਥੀਆਂ ਨਾਲ ਮਿਲਕੇ, ਪ੍ਰੋ: ਦਰਸ਼ਨ ਸਿੰਘ ਨੂੰ ‘ਪੱਕਾ ਤਨਖ਼ਾਹੀਆ’ ਐਲਾਨਨ ਵਾਲੀ ਇਕ ਚਿੱਠੀ ਜਾਰੀ ਕਰ ਦਿੱਤੀ। ਭਾਵੇਂ ਇਸ ਚਿੱਠੀ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ ਅਤੇ ਸਿੱਖ ਸੰਗਤਾਂ ਵੱਲੋਂ ਪ੍ਰੋ: ਦਰਸ਼ਨ ਸਿੰਘ ਨੂੰ ਭਰਪੂਰ ਸਮਰਥਨ ਜਾਰੀ ਹੈ, ਪਰ ਇਸ ਪੁਜਾਰੀ ਜੁੰਡਲੀ ਦੀ ਅਸਲ ਮਾਨਸਿਕਤਾ ਬਾਰੇ ਜਾਣਨ ਲਈ, ਉਕਤ ਚਿੱਠੀ ਦਾ ਪੋਸਟ-ਮਾਰਟਮ (ਵਿਸ਼ਲੇਸ਼ਣ) ਕਰਨਾ ਜ਼ਰੂਰੀ ਹੈ। ਆਓ, ਪੁਜਾਰੀਆਂ (ਜਾਂ ਉਨ੍ਹਾਂ ਨੂੰ ਰਿਮੋਟ ਕੰਟਰੋਲ ਵਾਂਗ ਵਰਤ ਰਹੀਆਂ ਬ੍ਰਾਹਮਣਵਾਦੀ ਤਾਕਤਾਂ) ਵੱਲੋਂ ਉਕਤ ਚਿੱਠੀ ਦੀ ਪੜਚੋਲ ਕਰੀਏ :

ਚਿੱਠੀ ਦੀ ਪਹਿਲੀ ਹੀ ਪੰਕਤੀ ਕੁਝ ਇਉਂ ਹੈ : ‘‘ਅੱਜ ਮਿਤੀ 10 ਮਈ 2008 ਦਿਨ ਸ਼ਨੀਵਾਰ 28 ਵੈਸਾਖ, ਖ਼ਾਲਸਾ ਪੰਥ ਦੇ ਪੰਥਕ ਮਰਿਯਾਦਾ ਦੇ ਸਰਵ-ਉੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਬੜੀ ਗੰਭੀਰਤਾ ਨਾਲ ਵਿਚਾਰ ਕਰਕੇ ਗੁਰਮਤਾ ਪਾਸ ਕਰਕੇ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ।’’ ਗੁਰਮਤਿ ਦਾ ਪ੍ਰਚਾਰ ਕਰਕੇ ਮਨੁੱਖਤਾ ਨੂੰ ਸੱਚ ਦੀ ਸੋਝੀ ਬਖਸ਼ਣ ਵਾਲੇ ਪ੍ਰਚਾਰਕਾਂ ਤੋਂ ‘ਸਪਸ਼ਟੀਕਰਨ’ ਮੰਗਣ ਵਾਲੇ ਇਨ੍ਹਾਂ ਪੁਜਾਰੀਆਂ ਤੋਂ ਪਹਿਲਾਂ ਇਹ ਸਪਸ਼ਟੀਕਰਨ ਮੰਗਿਆ ਜਾਵੇ ਕਿ ਉਨ੍ਹਾਂ ਨੂੰ ਇਹ ਖੁਸ਼ਫਹਿਮੀ ਕਿਵੇਂ ਹੋ ਗਈ ਕਿ ‘‘ਖ਼ਾਲਸਾ ਪੰਥ ਦੇ ਪੰਥਕ ਮਰਿਯਾਦਾ ਦੇ ਸਰਵ-ਉੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ’’ ਹਨ। ਗੁਰੂ ਸਾਹਿਬ ਨੇ ਤਾਂ ਸਿਰਫ਼ ਇਕ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਸੀ, ਬਾਕੀ ਚਾਰ ਤਖ਼ਤ ਤਾਂ ਸਿੱਖਾਂ ਵੱਲੋਂ ਵੱਖ-ਵੱਖ ਸਮਿਆਂ ਵਿੱਚ ਕੁਝ ਗੁਰਦੁਆਰਿਆਂ ਨੂੰ ‘ਤਖ਼ਤਾਂ’ ਦਾ ਨਾਮ ਦੇਣ ਨਾਲ ਹੀ ਹੋਂਦ ਵਿੱਚ ਆ ਸਕੇ। (ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਾ ਮਕਸਦ ਵੀ ਪੰਥਕ ਮਸਲਿਆਂ ’ਤੇ ਵਿਚਾਰਾਂ ਕਰਨ ਲਈ, ਅਦਾਲਤ ਵਰਗਾ ਰੂਪ ਦੇ ਕੇ ਸਿੱਖਾਂ ਨੂੰ ਪੰਥ ਵਿੱਚੋਂ ਛੇਕਣ ਲਈ ਨਹੀਂ।) ਫਿਰ, ਜਿਹੜੇ ਤਖ਼ਤ ਜਾਂ ਗੁਰਦੁਆਰੇ ਦੇ ਪੁਜਾਰੀ ਗੰਦੀਆਂ ਕਵਿਤਾਵਾਂ ਵਾਲੀਆਂ ਪੁਸਤਕਾਂ ਨੂੰ ਵੀ ਗੁਰੂ ਵਾਂਗ ਸਤਿਕਾਰ ਦੇ ਕੇ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਦੇ ਹੋਣ, ਉਹ ਆਪਣੇ ਅਸਥਾਨ ਦੇ ‘ਸਰਵ-ਉੱਚ’ ਹੋਣ ਦਾ ਦਾਅਵਾ ਕਿਵੇਂ ਕਰ ਸਕਦੇ ਹਨ?

ਪੁਜਾਰੀਆਂ ਦੀ ਚਿੱਠੀ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਸ ਚਿੱਠੀ ਨੂੰ ‘‘ਪੰਜ ਪਿਆਰੇ ਸਿੰਘ ਸਾਹਿਬਾਨ’’ ਵੱਲੋਂ ਜਾਰੀ ਕੀਤਾ ਗਿਆ ਹੈ। ਪਰ ਇਹ ਪੰਜ ਪਿਆਰੇ ਕੌਣ ਹਨ? ਪਹਿਲਾ ਕਥਿਤ ਪਿਆਰਾ ਖ਼ੁਦ (ਅ)ਗਿਆਨੀ ਇਕਬਾਲ ਸਿੰਘ, ਜਿਸ ਨੂੰ ਤਖ਼ਤ ਸਾਹਿਬ ’ਤੇ ਨੌਕਰੀ ਹੀ ਵਿਵਾਦਿਤ ਢੰਗ ਨਾਲ, ਸਾਰੇ ਨੇਮਾਂ/ਕਾਨੂੰਨੀ ਦੀ ਉਲੰਘਣਾ ਕਰਕੇ ਦਿੱਤੀ ਗਈ। ਇਸਦੇ ਇਲਾਵਾ ਇਹ ਪੁਜਾਰੀ ਦੋ-ਦੋ ਵਿਆਹ ਰਚਾਉਣ, ਪਟਨਾ ਸਾਹਿਬ ਦੇ ਫੰਡਾਂ ਵਿੱਚ ਘਪਲੇ ਕਰਨ, ਪਾਠੀਆਂ ਨਾਲ ਬਦਫੈਲੀ ਕਰਨ, ਬ੍ਰਾਹਮਣਵਾਦ ਦਾ ਪ੍ਰਚਾਰ ਕਰਨ ਆਦਿਕ ਗੰਭੀਰ ਇਲਜ਼ਾਮਾਂ ਵਿੱਚ ਘਿਰਿਆ ਰਿਹਾ ਹੈ। ਬਾਕੀ ਦੇ ਪੁਜਾਰੀ ਇਸੇ ਗੁਰਦੁਆਰੇ ਦੇ ਸਧਾਰਨ ਗ੍ਰੰਥੀ ਹਨ, ਜਿਹੜੇ ਖੁਦ ਮੂਰਤੀ-ਪੂਜਾ ਅਤੇ ਹੋਰ ਸਿੱਖੀ-ਵਿਰੋਧੀ ਕਾਰਜਾਂ ਵਿੱਚ ਮਸ਼ਗੂਲ ਰਹਿੰਦੇ ਹਨ। (ਇਕਬਾਲ ਸਿੰਘ ’ਤੇ ਉਸਦੇ ਸਾਥੀ ‘ਪਿਆਰਿਆਂ’ ਦੀਆਂ ਅਸਲ ਕਰਤੂਤਾਂ ਜਾਣਨ ਲਈ ਇੰਡੀਆ ਅਵੇਅਰਨੈੱਸ ਦਾ ਮਾਰਚ 2008 ਅੰਕ ਪੜ੍ਹਨ ਦੀ ਖੇਚਲ ਕਰੋ ਜੀ।) ਇਹੋ ਜਿਹੇ ਪੁਜਾਰੀਆਂ ਵੱਲੋਂ ਆਪਣੀ ਚਿੱਠੀ ਵਿੱਚ ਖ਼ੁਦ ਨੂੰ ‘ਪੰਜ ਪਿਆਰੇ’ ਅਤੇ ‘ਸਿੰਘ ਸਾਹਿਬਾਨ’ ਹੋਣ ਦਾ ਦਾਅਵਾ ਕਰਨਾ ਬਹੁਤ ਹੀ ਹਾਸੋਹੀਣਾ ਉਦਮ ਹੈ। ਇੱਥੇ ਇਹ ਸਵਾਲ ਵੀ ਵਿਚਾਰਨਯੋਗ ਹੈ ਕਿ ਜੇਕਰ ਪੰਜ ਗ੍ਰੰਥੀ ਮਿਲਕੇ ਕਿਸੇ ਵੀ ਸਿੱਖ (ਉਹ ਵੀ ਪ੍ਰੋ: ਦਰਸ਼ਨ ਸਿੰਘ ਦੇ ਰੁਤਬੇ ਵਾਲੇ ਸਿੱਖ) ਨੂੰ ਪੰਥ ’ਚੋਂ ਛੇਕ ਸਕਦੇ ਹਨ, ਤਾਂ ਕੀ ਹੋਰਨਾਂ ਗੁਰਦੁਆਰਿਆਂ ਦੇ ਗ੍ਰੰਥੀ ਜਾਂ ਕਿਸੇ ਖ਼ਾਸ ਖੇਤਰ ਵਿੱਚ ਰਹਿਣ ਵਾਲੇ ਪੰਜ ਅੰਮ੍ਰਿਤਧਾਰੀ ਸਿੱਖ ਵੀ ਕਿਸੇ ਹੋਰ ਸਿੱਖ ਨੂੰ ‘ਛੇਕਣ’ ਦੀ ਚਿੱਠੀ ਜਾਰੀ ਕਰ ਸਕਦੇ ਹਨ?

ਉਕਤ ਪੰਕਤੀ ਵਿੱਚ ਪੁਜਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਚਿੱਠੀ ਨੂੰ ‘‘ਬੜੀ ਗੰਭੀਰਤਾ ਨਾਲ ਵਿਚਾਰ ਕਰਕੇ’’ ਜਾਰੀ ਕੀਤਾ ਗਿਆ ਹੈ। ਪਰ ਅਸਲ ਤੱਥ ਪੁਜਾਰੀਆਂ ਦੇ ਇਸ ਦਾਅਵੇ ਨੂੰ ਸਿਰੇ ’ਤੋਂ ਖਾਰਜ ਕਰਦੇ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਮੁਤਾਬਿਕ, ਉਨ੍ਹਾਂ ਨੂੰ ਉਕਤ ਚਿੱਠੀ ਦੀ ਪ੍ਰਤੀ 10 ਮਈ 2008 ਨੂੰ ਫੈਕਸ ਰਾਹੀਂ ਦੁਪਹਿਰ ਦੇ 12.05 ’ਤੇ ਮਿਲ ਗਈ ਸੀ। ਕਿਸੇ ਵੀ ਸੰਸਥਾ ਵੱਲੋਂ ਕੋਈ ਵੀ ਅਹਿਮ ਚਿੱਠੀ/ਹੁਕਮਨਾਮਾ ਆਦਿ ਜਾਰੀ ਕਰਨ ਤੋਂ ਪਹਿਲਾਂ ਉਸ ਵਿੱਚ ਪੇਸ਼ ਕੀਤੇ ਜਾਣ ਵਾਲੀ ਸਮੱਗਰੀ ’ਤੇ ਕਈ ਵਾਰ ਵਿਚਾਰ-ਵਟਾਂਦਰਾ ਹੁੰਦਾ ਹੈ ਅਤੇ ਖਰੜੇ ਵਿੱਚ ਕਈ ਤਬਦੀਲੀਆਂ ਹੁੰਦੀਆਂ ਹਨ। ਇਸ ਤਰ੍ਹਾਂ, ਅੰਤਮ ਖਰੜਾ ਤਿਆਰ ਹੋਣ ਵਿੱਚ ਕਈ ਘੰਟਿਆਂ ਦਾ ਸਮਾਂ ਲਗ ਜਾਂਦਾ ਹੈ। ਅਜਿਹੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਪੁਜਾਰੀਆਂ ਨੇ ਪ੍ਰੋ: ਦਰਸ਼ਨ ਸਿੰਘ ਦੇ ਮਸਲੇ ’ਤੇ ਵਿਚਾਰ-ਵਟਾਂਦਰਾ ਸਵੇਰੇ 4-5 ਵਜੇ ਹੀ ਅਰੰਭ ਕਰ ਦਿੱਤਾ ਸੀ? ਪਟਨਾ ਸਾਹਿਬ ਦੇ ਪੁਜਾਰੀਆਂ ਨੇ ਆਪਣੀ ਕਥਿਤ ਮੀਟਿੰਗ ਦੇ ਅਰੰਭ ਹੋਣ ਦਾ ਸਮਾਂ, ਉਸ ਵਿੱਚ ਵਿਚਾਰੇ ਗਏ ਮਸਲੇ ਅਤੇ ਪ੍ਰੋ: ਦਰਸ਼ਨ ਸਿੰਘ ਦੇ ਹੱਕ ਜਾਂ ਵਿਰੋਧ ਵਿੱਚ ਪੇਸ਼ ਕੀਤੇ ਗਏ ਨੁਕਤੇ, ਜਿਨ੍ਹਾਂ ’ਤੇ ਅਧਾਰ ’ਤੇ ਪ੍ਰੋਫੈਸਰ ਨੂੰ ‘ਛੇਕਣ’ ਦਾ ਨਿਰਣਾ ਲਿਆ ਗਿਆ, ਬਾਰੇ ਸੰਗਤ ਨੂੰ ਜਾਣਕਾਰੀ ਕਿਉਂ ਨਹੀਂ ਦੇ ਪਾ ਰਹੇ? ਸਪਸ਼ਟ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ‘ਛੇਕਣ’ ਵਾਲਾ ਹੁਕਮਨਾਮਾ ਕਈ ਦਿਨ ਪਹਿਲਾਂ ਹੀ (ਸ਼ਾਇਦ ਆਰ.ਐਸ.ਐਸ. ਦੇ ਹੈਡ-ਕੁਆਰਟਰ ਵਿੱਚ) ਤਿਆਰ ਕਰ ਲਿਆ ਗਿਆ ਸੀ, ਜਿਸ ਨੂੰ 10 ਮਈ ਨੂੰ ਵੱਖ-ਵੱਖ ਸੰਸਥਾਵਾਂ ਅਤੇ ਮੀਡੀਆ ਵਿੱਚ ਭੇਜ ਦਿੱਤਾ ਗਿਆ।

ਇਸੇ ਪੰਕਤੀ ਦੇ ਅੰਤ ਵਿੱਚ ‘‘ਗੁਰਮਤਾ ਪਾਸ ਕਰਕੇ ਹੁਕਮਨਾਮਾ ਜਾਰੀ’’ ਕਰਨ ਦੀ ਗੱਲ ਕਹੀ ਗਈ ਹੈ। ਗੁਰਮਤਾ ਉਸ ਸੰਦੇਸ਼ ਜਾਂ ਮਤੇ ਨੂੰ ਕਿਹਾ ਜਾ ਸਕਦਾ ਹੈ, ਜੋ ‘ਗੁਰਮਤਿ’ ਅਸੂਲਾਂ ਦੀ ਰੌਸ਼ਨੀ ਵਿੱਚ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਵਾਸਤੇ ਤਿਆਰ ਕੀਤਾ ਜਾਵੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਗੰਦੀਆਂ ਕਵਿਤਾਵਾਂ ਵਾਲੀਆਂ ਪੁਸਤਕਾਂ ਨੂੰ ਗੁਰੂ ਮੰਨਣ ਵਾਲੇ ਮਨਮੁਖ, ਜੋ ਮਨਮਤਿ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸੇ ਹੋਏ ਹਨ, ਦੀ ਜੁੰਡਲੀ ਕਿਹੋ ਜਿਹੀ ਗੁਰਮਤਿ ਦੀ ਧਾਰਨੀ ਹੋ ਸਕਦੀ ਹੈ, ਇਸ ਬਾਰੇ ਸ਼ਾਇਦ ਹੀ ਕਿਸੇ ਨੂੰ ਕੋਈ ਸ਼ੰਕਾ ਹੋਵੇ। ਗੁਰਮਤਾ ਪਾਸ ਕਰਨ ਤੋਂ ਬਾਅਦ ਹੁਕਮਨਾਮਾ ਜਾਰੀ ਕੀਤੇ ਜਾਣ ਦੀ ਗੱਲ ਤੋਂ ਇਉਂ ਵੀ ਪ੍ਰਤੀਤ ਹੁੰਦਾ ਹੈ ਜਿਵੇਂ ਗੁਰਮਤਾ ਤੇ ਹੁਕਮਨਾਮਾ ਕੋਈ ਵੱਖਰੇ-ਵੱਖਰੇ ਸੰਕਲਪ ਹੋਣ ਜਦਕਿ ਅਸਲ ਵਿੱਚ ਸਮੁੱਚੇ ਪੰਥ ਦੇ ਜਾਗਰੁਕ ਤੇ ਗੁਰਮੁਖ ਸਿੱਖਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਕੀਤੇ ਗਏ ਗੁਰਮਤੇ ਨੂੰ ਹੀ, ਸਮੇਂ ਦੀ ਤੋਰ ਨਾਲ ਪੁਜਾਰੀਆਂ ਨੇ ‘ਹੁਕਮਨਾਮੇ’ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਪੁਜਾਰੀਆਂ ਦਾ ਗੁਰਮਤਾ ਤੇ ਹੁਕਮਨਾਮਾ ਵੱਖਰੇ-ਵੱਖਰੇ ਸਨ, ਤਾਂ ਪੁਜਾਰੀਆਂ ਨੂੰ ਆਪਣੇ ਕਥਿਤ ਗੁਰਮਤੇ ਬਾਰੇ ਵੀ ਸੰਗਤ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।

ਅਗਲੀਆਂ ਪੰਕਤੀਆਂ ਵਿੱਚ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਆਪਣਾ ਸਪਸ਼ਟੀਕਰਨ ਦੇਣ ਵਾਸਤੇ (ਪਟਨਾ ਸਾਹਿਬ ਵਿਖੇ) ਹਾਜ਼ਰ ਨਹੀਂ ਹੋਏ। ਪਰ ਇਨ੍ਹਾਂ ਪੁਜਾਰੀਆਂ ਨੂੰ ਪੁੱਛਿਆ ਜਾਏ ਕਿ ਜੇਕਰ ਉਹ ਵਾਕਈ ਪ੍ਰੋ: ਦਰਸ਼ਨ ਸਿੰਘ ਤੋਂ ਉਨ੍ਹਾਂ ਦੀਆਂ ਨੀਤੀਆਂ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਸੀ ਤਾਂ ਕੀ ਉਹ ਚਿੱਠੀ, ਈ-ਮੇਲ, ਫੈਕਸ ਜਾਂ ਫੋਨ ਆਦਿਕ ਸੰਚਾਰ ਸੁਵਿਧਾਵਾਂ ਦਾ ਉਪਯੋਗ ਕਰਕੇ ਸਾਬਕਾ ਮੁੱਖ ਸੇਵਾਦਾਰ ਨਾਲ ਸੰਪਰਕ ਨਹੀਂ ਕਰ ਸਕਦੇ ਸਨ? ਬਲਕਿ, ਗਾਹੇ-ਬਗਾਹੇ ਇਹ ਪੁਜਾਰੀ, ਜਦੋਂ ਦਿੱਲੀ ਆਉਂਦੇ ਹਨ (ਅਤੇ ਦਿੱਲੀ ਕਮੇਟੀ ਦੀ ‘ਵੀ. ਆਈ.ਪੀ.’ ਸਰਾਂ ਵਿੱਚ ਮੌਜਾਂ ਮਾਣਦੇ ਹਨ), ਤਾਂ ਕੀ ਉਹ ਸਮੇਂ ਪ੍ਰੋ: ਦਰਸ਼ਨ ਸਿੰਘ ਨਾਲ ਆਹਮਣੇ-ਸਾਹਮਣੇ ਬੈਠ ਕੇ ਗੱਲਬਾਤ ਨਹੀਂ ਕਰ ਸਕਦੇ ਸਨ? ਕੀ ਪ੍ਰੋ: ਦਰਸ਼ਨ ਸਿੰਘ (ਜਾਂ ਹੋਰ ਕਿਸੇ ਵੀ ਸਿੱਖ) ਨੂੰ ‘ਆਰੋਪੀ’ ਦਰਸਾ ਕੇ ਸੰਮਨ ਜਾਰੀ ਕਰਨੇ ਅਤੇ ਤਖ਼ਤ ਸਾਹਿਬ ਨੂੰ ‘ਅਦਾਲਤ’ ਦਾ ਰੂਪ ਦੇ ਕੇ ‘ਪੇਸ਼ੀ’ ਵਾਸਤੇ ਸੱਦਿਆ ਜਾਏ, ਤਾਂ ਅਜਿਹੀ ਸਥਿਤੀ ਵਿੱਚ ਕੋਈ ਵੀ ਅਣਖੀ ਸਿੱਖ ਆਪਣਾ ਪੱਖ ਰੱਖਣ ਵਾਸਤੇ ਉੱਥੇ ਕਿਉਂ ਜਾਏਗਾ? ਫਿਰ, ਭ੍ਰਿਸ਼ਟ ਪੁਜਾਰੀਆਂ ਕੋਲ ਆਪਣਾ ਪੱਖ ਰੱਖਣ ਦਾ ਲਾਭ ਹੀ ਕੀ ਹੈ, ਜੋ ਪਹਿਲਾਂ ਹੀ ਇਕ-ਪੱਖੀ ਮਾਨਸਿਕਤਾ ਦੇ ਸ਼ਿਕਾਰ ਜਾਂ ਬ੍ਰਾਹਮਣਵਾਦੀ ਸੰਸਥਾਵਾਂ ਦੇ ਏਜੰਟ ਵਜੋਂ ਵਿਚਰ ਰਹੇ ਹੁੰਦੇ ਹਨ?

ਇਸ ਤੋਂ ਅੱਗੇ ਪੁਜਾਰੀਆਂ ਨੇ ਆਪਣੀ ਚਿੱਠੀ ਵਿੱਚ ਦੋਸ਼ ਲਾਇਆ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ 14 ਮਈ 2000 ਅਤੇ 27 ਨਵੰਬਰ 2006 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਿਆਂ, ਜਿਨ੍ਹਾਂ ਵਿੱਚ ਦਸਮ ਗ੍ਰੰਥ ਵਿਰੁੱਧ ਬੋਲਣ ਤੋਂ ਮਨਾਂ ਕੀਤਾ ਗਿਆ ਸੀ, ਦੀ ਉਲੰਘਣਾ ਕੀਤੀ ਹੈ। ਜ਼ਾਹਿਰ ਹੈ ਕਿ ਉਕਤ ਹੁਕਮਨਾਮੇ ਜਾਰੀ ਤਾਂ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਵੱਲੋਂ ਕੀਤੇ ਗਏ ਸਨ, ਪਰ ਇਨ੍ਹਾਂ ਦੀ ਕਥਿਤ ਉਲੰਘਣਾ ਕਾਰਨ ਪਟਨੇ ਦੇ ਪੁਜਾਰੀਆਂ ਦੇ ਢਿੱਡ ਵਿੱਚ ਪੀੜ ਹੋਣ ਲੱਗ ਪਈ ਅਤੇ ਉਨ੍ਹਾਂ ਨੇ ‘‘ਬੇਗਾਨੇ ਦੀ ਸ਼ਾਦੀ ਮੇਂ ਅਬਦੁੱਲੀ ਦੀਵਾਨਾ’’ ਵਾਂਗ ਆਪਣਾ ਅਖੌਤੀ ਹੁਕਮਨਾਮਾ ਜਾਰੀ ਕਰ ਦਿੱਤਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਆਪਣੇ ਹੁਕਮਨਾਮਿਆਂ ਦੀ ਉਲੰਘਣਾ ਦੇ ਕਥਿਤ ਦੋਸ਼ੀ ਖਿਲਾਫ਼ ਅਕਾਲ ਤਖ਼ਤ ਸਾਹਿਬ ’ਤੇ ਕਾਬਿਜ਼ ਪੁਜਾਰੀ ਖ਼ੁਦ ਹੁਕਮਨਾਮਾ ਜਾਰੀ ਨਹੀਂ ਕਰ ਸਕਦੇ ਸਨ, ਜੋ ਪਟਨੇ ਦੇ ਪੁਜਾਰੀਆਂ ਨੂੰ ਅਜਿਹਾ ਕਰਨ ਦੀ ਲੋੜ ਪੈ ਗਈ? ਕਾਰਨ ਦੋ ਹੀ ਹੋ ਸਕਦੇ ਹਨ - ਜਾਂ ਤਾਂ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਨੇ ਪਟਨੇ ਦੇ ਪੁਜਾਰੀ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾ ਦਿੱਤੀ ਹੈ (ਕਿਉਂਕਿ ਉਹ ਜਾਣਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਵਰਗੇ ਸਤਿਕਾਰਤ ਪ੍ਰਚਾਰਕ ਖਿਲਾਫ਼ ਹੁਕਮਨਾਮਾ ਜਾਰੀ ਕਰਨ ਨਾਲ ਜਾਗ੍ਰਿਤ ਸਿੱਖਾਂ ਵਿੱਚ ਪੁਜਾਰੀਆਂ ਖਿਲਾਫ਼ ਰੋਸ ਹੋਰ ਵੱਧ ਜਾਏਗਾ। ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਟਨੇ ਦੇ ਪੁਜਾਰੀ ਦੇ ਚਰਿੱਤਰ ਦਾ ਪਰਦਾਫਾਸ਼ ਹੋ ਜਾਣ ਉਪਰੰਤ ਵੀ, ਬ੍ਰਾਹਮਣਵਾਦੀ ਤਾਕਤਾਂ ਵੱਲੋਂ ਉਸ ਨੂੰ ਤਖ਼ਤ ਸਾਹਿਬ ’ਤੇ ਕਾਬਿਜ਼ ਰੱਖਣ ਦੇ ਬਦਲੇ ਵਿੱਚ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਕਥਿਤ ਹੁਕਮਨਾਮਾ ਜਾਰੀ ਕਰਨ ਦੀ ਸ਼ਰਤ ਰੱਖੀ ਗਈ ਹੋਵੇ ਅਤੇ (ਅ)ਗਿਆਨੀ ਇਕਬਾਲ ਸਿੰਘ ਨੂੰ ਆਪਣੀ ਨੌਕਰੀ ਬਚਾਉਣ ਲਈ ਮਜਬੂਰੀ ਵਿੱਚ ਅਜਿਹਾ ਕਰਨਾ ਪਿਆ ਹੋਵੇ।

ਪਟਨਾ ਸਾਹਿਬ ਦੇ ਪੁਜਾਰੀਆਂ ਨੇ ਪ੍ਰੋ: ਦਰਸ਼ਨ ਸਿੰਘ ’ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ 8 ਜਨਵਰੀ 2007 ਨੂੰ ਅਕਾਲ ਤਖ਼ਤ ਦੇ ਪੁਜਾਰੀਆਂ ਵੱਲੋਂ ਜਾਰੀ ਕਥਿਤ ਹੁਕਮਨਾਮੇ (ਜਿਸ ਵਿੱਚ ਸੰਗਤ ਨੂੰ ਦਸਮ ਗ੍ਰੰਥ ਵਿਰੁੱਧ ਪ੍ਰਚਾਰ ਕਾਰਨ ਬਦਲੇ ਪ੍ਰੋ: ਦਰਸ਼ਨ ਸਿੰਘ ਤੋਂ ‘ਸੁਚੇਤ’ ਰਹਿਣ ਦਾ ਆਦੇਸ਼ ਦਿੱਤਾ ਗਿਆ ਸੀ) ਦੀ ਵੀ ਪਰਵਾਹ ਨਹੀਂ ਕੀਤੀ। ਪਟਨੇ ਦੇ ਪੁਜਾਰੀਆਂ ਨੂੰ ਪੁੱਛਿਆ ਜਾਏ ਕਿ ਪ੍ਰੋ: ਦਰਸ਼ਨ ਸਿੰਘ ਜਾਂ ਹੋਰ ਕਿਸੇ ਵੀ ਸਿੱਖ ਨੂੰ, ਵਿਕਾਊ ਮਾਲ ਵਾਂਗ ਸਰਗਰਮਰ ਪੁਜਾਰੀਆਂ ਦੇ ਅਖੌਤੀ ਹੁਕਮਨਾਮਿਆਂ ਦੀ ਪਰਵਾਹ ਕਰਨੀ ਹੀ ਕਿਉਂ ਚਾਹੀਦੀ ਹੈ? ਇਹ ਹੁਕਮਨਾਮਾ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਜਾਰੀ ਹੋਇਆ ਸੀ। ਇਸਲਈ ਕੀ ਇਸ ’ਤੇ ਅਮਲ ਪ੍ਰੋ: ਦਰਸ਼ਨ ਸਿੰਘ ਨੇ ਕਰਨਾ ਸੀ ਜਾਂ ਸਿੱਖ ਸੰਗਤਾਂ ਨੇ? ਸਿੱਖ ਸੰਗਤਾਂ ਵੱਲੋਂ ਇਸ ਹੁਕਮਨਾਮੇ ਦੀ ਪਰਵਾਹ ਨਾ ਕਰਕੇ ਪ੍ਰੋ: ਦਰਸ਼ਨ ਸਿੰਘ ਨੂੰ ਭਰਪੂਰ ਸਮਰਥਨ ਕਰਦੇ ਰਹਿਣ ਨਾਲ ਕੀ ਪੁਜਾਰੀਆਂ ਨੂੰ ਇਹ ਸ਼ਰਮ ਨਹੀਂ ਆਈ ਕਿ ਸੰਗਤ ਵੀ ਉਨ੍ਹਾਂ ਦੇ ਹੁਕਮਨਾਮਿਆਂ ਦੀ ਪਰਵਾਹ ਨਹੀਂ ਕਰਦੀ? ਕੀ ਪੁਜਾਰੀ, ਆਪਣੇ ਕਥਿਤ ਹੁਕਮਨਾਮੇ ਦੀ ਉਲੰਘਣਾ ਦੇ ਵਿਰੋਧ ਵਿੱਚ ਸਾਰੇ ਸਿੱਖ ਜਗਤ ਨੂੰ ਹੀ ‘ਛੇਕ’ ਸਕਣ ਦਾ ਕੋਈ ਹੁਕਮਨਾਮਾ ਜਾਰੀ ਕਰ ਸਕਦੇ ਹਨ?

ਪੁਜਾਰੀਆਂ ਨੇ ਅੱਗੇ ਦੋਸ਼ ਲਾਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਗੁਰਤਾਗੱਦੀ ਦਿਵਸ 30 ਅਕਤੂਬਰ 2008 ਨੂੰ ਹਜ਼ੂਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਪਰ ਪ੍ਰੋ: ਦਰਸ਼ਨ ਸਿੰਘ ਉਕਤ ਤਖ਼ਤ ਦੇ ਪ੍ਰਬੰਧਕਾਂ ਵੱਲੋਂ ਦਸਮ ਗ੍ਰੰਥ ਨੂੰ ਗੁਰੂ ਦਾ ਦਰਜਾ ਦੇਣ ਸਬੰਧੀ ਸੰਗਤਾਂ ਨੂੰ ਜਾਗਰੁਕ ਕਰ ਰਹੇ ਹਨ। ਪੁਜਾਰੀਆਂ ਨੂੰ ਪੁੱਛਿਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਸ਼ਤਾਬਦੀ ਵਰ੍ਹੇ ਨੂੰ ਮਨਾਉਣ ਦਾ ਇਸ ਤੋਂ ਵਧੀਆ ਢੰਗ ਹੋਰ ਕੀ ਹੋ ਸਕਦਾ ਹੈ ਕਿ ਅਵਾਮ ਨੂੰ ਗੰਦੀਆਂ ਕਿਤਾਬਾਂ ਅਤੇ ਡੇਰੇਦਾਰ ਸਾਧਾਂ ਦੇ ਚੰਗੁਲ ਤੋਂ ਛੁੜਾ ਕੇ, ਗੁਰਬਾਣੀ ਦੇ ਉੱਤਮ ਉਪਦੇਸ਼ਾਂ ਨਾਲ ਜੋੜਿਆ ਜਾਵੇ? ਜਿਹੜੇ ਪੁਜਾਰੀ ਦਸਮ ਗ੍ਰੰਥ ਦੇ ਖਿਲਾਫ਼ ਬੋਲਣ ’ਤੇ ਪਾਬੰਦੀ ਲਗਾਉਂਦੇ ਹਨ ਪਰ ਇਸਦੇ ਪੱਖ ਵਿੱਚ ਬੋਲਣ ’ਤੇ ਕੋਈ ਪਾਬੰਦੀ ਨਹੀਂ ਲਗਾਉਂਦੇ, ਉਨ੍ਹਾਂ ਦੇ ਹੁਕਮਨਾਮੇ ਨੂੰ ਮੰਨਣਾ ਕਿੰਨੀ ਕੁ ਅਕਲਮੰਦੀ ਦਾ ਕੰਮ ਹੈ?

ਪਟਨੇ ਦੇ ਪੁਜਾਰੀਆਂ ਨੇ ਇਹ ਦੋਸ਼ ਵੀ ਲਾਇਆ ਹੈ ਕਿ ਪ੍ਰੋ: ਦਰਸ਼ਨ ਸਿੰਘ ਖ਼ੁਦ ਹਜ਼ੂਰ ਸਾਹਿਬ ਵਿਖੇ ਕੀਰਤਨ ਕਰਕੇ ਆਏ ਸਨ ਪਰ ਹੋਰਨਾਂ ਲੋਕਾਂ ਨੂੰ ਉੱਥੇ ਜਾਣ ਤੋਂ ਮਨਾਂ ਕਰ ਰਹੇ ਹਨ ਕਿਉਂਕਿ ਉੱਥੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਇਆ ਹੋਇਆ ਹੈ। ਪੁਜਾਰੀ ਵਰਗ ਸ਼ਾਇਦ ਇਸ ਤੱਥ ਵੱਲ ਧਿਆਨ ਨਹੀਂ ਦੇ ਰਿਹਾ ਕਿ ਕਿਸੇ ਜਾਗ੍ਰਿਤ ਵਿਅਕਤੀ ਅਤੇ ਇਸ ਅਨਜਾਣ ਵਿਅਕਤੀ ਵੱਲੋਂ ਕਿਸੇ ਅਸਥਾਨ ’ਤੇ ਜਾਣ ਦੇ ਮੰਤਵ ਵਿੱਚ ਬਹੁਤ ਫਰਕ ਹੁੰਦਾ ਹੈ। ਗੁਰੂ ਨਾਨਕ ਸਾਹਿਬ ਵੀ ਹਰਿਦੁਆਰ ਗਏ ਸਨ, ਪਰ ਉਨ੍ਹਾਂ ਨੇ ਉੱਥੇ ਜਾ ਕੇ ਸੂਰਜ ਜਾਂ ਕਿਸੇ ਹੋਰ ਮਿਥਿਹਾਸਕ ਦੇਵਤਾ ਦੀ ਪੂਜਾ ਨਹੀਂ ਕੀਤੀ ਬਲਕਿ ਲੋਕਾਂ ਨੂੰ ਸੱਚ ਦਾ ਗਿਆਨ ਬਖਸ਼ਿਆ। ਪਰ ਆਮ ਤੌਰ ’ਤੇ ਹਰਿਦੁਆਰ ਜਾਣ ਵਾਲੇ ਲੋਕ ਉੱਥੇ ਹਿੰਦੂਵਾਦੀ ਕਰਮ-ਕਾਂਡਾਂ ਵਿੱਚ ਰੁੱਝ ਜਾਂਦੇ ਹਨ। ਇਸੇ ਤਰ੍ਹਾਂ, ਪ੍ਰੋ: ਦਰਸ਼ਨ ਸਿੰਘ ਨੇ ਹਜ਼ੂਰ ਸਾਹਿਬ ਜਾ ਕੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਉਥੋਂ ਦੇ ਪ੍ਰਬੰਧਕਾਂ ਵੱਲੋਂ ਦਸਮ ਗ੍ਰੰਥ ਨੂੰ ਗੁਰੂ ਦਾ ਦਰਜਾ ਦੇਣ ਦੀ ਨੀਤੀ ਬਾਰੇ ਸੰਗਤ ਨੂੰ ਜਾਗਰੁਕ ਕੀਤਾ (ਜਿਸ ਤੋਂ ਪਰੇਸ਼ਾਨ ਹੋ ਕੇ ਪ੍ਰਬੰਧਕਾਂ ਨੇ ਪਰਮਜੀਤ ਸਿੰਘ ਸਰਨਾ ਰਾਹੀਂ ਪ੍ਰੋਫੈਸਰ ਨੂੰ ਸਿਫਾਰਿਸ਼ ਭੇਜੀ ਕਿ ਉਹ ਆਪਣੇ ਬਾਕੀ ਕੀਰਤਨ ਪ੍ਰੋਗਰਾਮਾਂ ਦੌਰਾਨ ਵਿਆਖਿਆ ਨਾ ਕਰਨ)। ਪਰ ਆਮ ਤੌਰ ’ਤੇ ਜਿਹੜੇ ਸਿੱਖ ਹਜ਼ੂਰ ਸਾਹਿਬ ਜਾਂਦੇ ਹਨ, ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਗੰਦੀਆਂ ਕਵਿਤਾਵਾਂ ਵਾਲੇ ਗ੍ਰੰਥ ਨੂੰ ਵੀ ਮੱਥੇ ਟੇਕਦੇ ਹਨ। ਇਸੇ ਕਾਰਨ ਪ੍ਰੋ: ਦਰਸ਼ਨ ਸਿੰਘ ਵੱਲੋਂ ਸਿੱਖਾਂ ਨੂੰ ਹਜ਼ੂਰ ਸਾਹਿਬ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ, ਇਹ ਸਵਾਲ ਫਿਰ ਉਠਦਾ ਹੈ ਕਿ ਜੇਕਰ ਪ੍ਰੋਫੈਸਰ ਦਰਸ਼ਨ ਸਿੰਘ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਬਾਰੇ ਕੋਈ ਕਥਿਤ ਗਲਤ ਪ੍ਰਚਾਰ ਕਰ ਰਹੇ ਹਨ, ਤਾਂ ਉਸ ਤਖ਼ਤ ਦਾ ਮੁੱਖ ਪੁਜਾਰੀ ਖ਼ੁਦ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਵਿਚਾਰ-ਵਟਾਂਦਰਾ ਕਰ ਸਕਦਾ ਹੈ - ਅ(ਗਿਆਨੀ) ਇਕਬਾਲ ਸਿੰਘ ਨੂੰ ਇਸ ਮਾਮਲੇ ਵਿੱਚ ਲੱਤ ਅੜਾਉਣ ਦੀ ਕੀ ਲੋੜ ਸੀ?

ਅੱਗੇ ਪੁਜਾਰੀਆਂ ਨੇ ਪ੍ਰੋ: ਦਰਸ਼ਨ ਸਿੰਘ ’ਤੇ ਇਲਜ਼ਾਮ ਲਗਾਇਆ ਹੈ ਕਿ ‘‘ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨਵੀਂ ਦਿੱਲੀ ਵਿਖੇ ਕੀਰਤਨ ਕਰਦਿਆਂ ਤੁਸੀਂ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਗੁਰਮਤਿ ਅਨੁਸਾਰ ਨਹੀਂ ਹੈ, ਤਾਂ ਉਹ ਵੀ ਪ੍ਰਵਾਣ ਨਹੀਂ।’’ ਇਕ ਇਤਿਹਾਸਕ ਗੁਰਦੁਆਰੇ (ਜਿਸ ਨੂੰ ਹੁਣ ਤਖ਼ਤ ਵੀ ਕਿਹਾ ਜਾਂਦਾ ਹੈ) ’ਤੇ ਕਾਬਿਜ਼ ਪੁਜਾਰੀਆਂ ਨੂੰ ਏਨਾ ਵੱਡਾ ਝੂਠ ਲਿਖਦਿਆਂ (ਬੋਲਦਆਂ ਨਹੀਂ) ਜਰਾ ਵੀ ਸ਼ਰਮ ਜਾਂ ਸੰਕੋਚ ਨਹੀਂ ਕੀਤਾ। ਕਿਉਂਕਿ ਪ੍ਰੋ: ਦਰਸ਼ਨ ਸਿੰਘ ਦੇ ਉਕਤ ਕੀਰਤਨ/ਵਿਆਖਿਆ ਦੀ ਰਿਕਾਰਡਿੰਗ ਇੰਟਰਨੈੱਟ ’ਤੇ ਮੌਜੂਦ ਹੈ ਅਤੇ ਕੋਈ ਵੀ ਸੱਜਣ ਇਸ ਨੂੰ ਡਾਊਨਲੋਡ ਕਰਕੇ ਖ਼ੁਦ ਸੁਣ ਸਕਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ ਅਸਲ ਵਿੱਚ ਕੀ ਕਿਹਾ ਸੀ। ਸੱਚਾਈ ਇਹ ਹੈ ਕਿ ਇਸ ਸੂਝਵਾਨ ਪ੍ਰਚਾਰਕ ਨੇ ਕਿਹਾ ਸੀ ਕਿ ਦਸਮ ਗ੍ਰੰਥ ਦੀ ਜਿਹੜੀ ਵੀ ਬਾਣੀ ਗੁਰਮਤਿ ਅਨੁਸਾਰ ਨਹੀਂ ਹੈ, ਉਹ ਪ੍ਰਵਾਣ ਨਹੀਂ ਕੀਤੀ ਜਾ ਸਕਦੀ। ਇਸ ਕਥਨ ਵਿੱਚ ਗਲਤ ਕੀ ਹੈ? ਪਰ ਕਿਉਂਕਿ ਪਟਨਾ ਅਤੇ ਹਜ਼ੂਰ ਸਾਹਿਬ ਦੇ ਪੁਜਾਰੀ ਸਮੁੱਚੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦੇ ਹਨ ਇਸਲਈ ਉਹ ਅਨਜਾਣੇ ਵਿੱਚ (ਜਾਂ ਜਾਣਬੁੱਝ ਕੇ) ਇਸ ਕਥਨ ਦਾ ਅਰਥ ‘‘ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ’’ ਵਜੋਂ ਕਰ ਰਹੇ ਹਨ। ਪਰ ਉਨ੍ਹਾਂ ਦੇ ਇਸ ਕੂੜ ਪ੍ਰਚਾਰ ਦਾ ਸਿੱਖਾਂ ’ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਗੁਰੂ ਗੋਬਿੰਦ ਸਿੰਘ ਦੀ ਬਾਣੀ (ਜੇ ਉਨ੍ਹਾਂ ਨੇ ਕੋਈ ਰਚੀ ਹੋਵੇ ਤਾਂ) ਗੁਰਮਤਿ ਅਨੁਸਾਰ ਨਾ-ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਤੇ ਜਿਹੜੀਆਂ ਵੀ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਕੱਟਦੀਆਂ ਹਨ, ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨਹੀਂ ਹੋ ਸਕਦੀਆਂ।

ਪੁਜਾਰੀਆਂ ਨੇ ਹੋਰ ਦੋਸ਼ ਲਗਾਇਆ ਹੈ ਕਿ ‘‘ਉਨ੍ਹਾਂ (ਪ੍ਰੋਫੈਸਰ ਨੇ) ਕਿਹਾ ਕਿ ਜਾਪ, ਚੌਪਈ, ਵਾਰ ਭਗਉਤੀ ਜੀ ਕੀ ਬਾਰੇ ਵਿਚਾਰ ਹੋਵੇ। ਜੇ ਪੈਨਲ ਅਨੁਸਾਰ ਠੀਕ ਹੋਵੇ, ਤਾਂ ਇਕ ਵੱਖਰੀ ਪੋਥੀ ਬਣਾ ਲਈ ਜਾਵੇ। ਇਹ ਤੁਸੀਂ ਸਿੱਧਾ ਅੰਮ੍ਰਿਤ ਸੰਚਾਰ (ਪ੍ਰਚਾਰ) ’ਤੇ ਅਟੈਕ ਕੀਤਾ ਹੈ।’’ ਹੁਣ ਪਹਿਲੀ ਗੱਲ ਤਾਂ ਇਹ ਕਿ ਪਾਠਕ ਪ੍ਰੋਫੈਸਰ ਦਰਸ਼ਨ ਸਿੰਘ ਦੇ ਉਕਤ ਵਖਿਆਨ ਨੂੰ ਖ਼ੁਦ ਸੁਣ ਸਕਦੇ ਹਨ ਕਿ ਉਨ੍ਹਾਂ ਨੇ ਕਿਸੇ ਵਿਸ਼ੇਸ਼ ਰਚਨਾ ਦਾ ਨਾਮ ਨਹੀਂ ਲਿਆ ਬਲਕਿ ਇਹੀ ਕਿਹਾ ਹੈ ਕਿ ਜਿਹੜੀਆਂ ਰਚਨਾਵਾਂ ਗੁਰਮਤਿ ਅਨੁਕੂਲ ਪ੍ਰਤੀਤ ਹੁੰਦੀਆਂ ਹਨ, ਉਨ੍ਹਾਂ ਦੀ ਇਕ ਵੱਖਰੀ ਪੋਥੀ ਬਣਾਈ ਜਾ ਸਕਦੀ ਹੈ ਤੇ ਇਕ ਲਿਟਰੇਚਰ ਵਾਂਗ (ਜਿਵੇਂ ਭਾਈ ਗੁਰਦਾਸ ਦੀਆਂ ਵਾਰਾਂ) ਉਨ੍ਹਾਂ ਨੂੰ ਸੰਭਾਲਿਆ, ਪੜਿਆ ਤੇ ਕੀਰਤਨ ਕੀਤਾ ਜਾ ਸਕਦਾ ਹੈ। ਜਿਹੜੀਆਂ ਰਚਨਾਵਾਂ ਗੁਰਮਤਿ-ਵਿਰੋਧੀ ਹਨ, ਉਨ੍ਹਾਂ ਨੂੰ ਉੱਕਾ ਹੀ ਰੱਦ ਕਰ ਦਿੱਤਾ ਜਾਵੇ। ਗੁਰਮਤਿ-ਵਿਰੋਧੀ ਰਚਨਾਵਾਂ ਨੂੰ ਰੱਦ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਕਥਿਤ ਗੁਰਮਤਿ ਅਨੁਕੂਲ ਰਚਨਾਵਾਂ ਨੂੰ ਗੁਰੂ ਦਾ ਦਰਜਾ ਦੇਣ ਦੀ ਬਜਾਏ, ਅਲੱਗ ਤੋਂ ਸੰਭਾਲਣ ਵਿੱਚ ਕੀ ਮਾੜੀ ਗੱਲ ਹੈ? ਇਸ ਹਦਾਇਤ ਨੂੰ ਅੰਮ੍ਰਿਤ ਸੰਚਾਰ ’ਤੇ ਅਟੈਕ ਦੱਸਣਾ ਕਿੰਨਾ ਕੁ ਅਕਲਮੰਦੀ ਦਾ ਕੰਮ ਹੈ? ਇਹ ਸਵਾਲ ਵੀ ਉਠਦਾ ਹੈ ਕਿ ਜੇਕਰ ਅੰਮ੍ਰਿਤ ਸੰਚਾਰ ਦੌਰਾਨ ਸਾਰੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਪੜ੍ਹ ਲਈਆਂ ਜਾਣ, ਤਾਂ ਕੀ ਅੰਮ੍ਰਿਤ, ਅੰਮ੍ਰਿਤ ਨਹੀਂ ਰਹੇਗਾ - ਜ਼ਹਿਰ ਬਣ ਜਾਏਗਾ?

ਆਪਣੀ ਚਿੱਠੀ ਵਿੱਚ ਅੱਗੇ ਜਾ ਕੇ (ਅ)ਗਿਆਨੀ ਇਕਬਾਲ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ’ਤੇ ‘‘ਅਤੀ ਅਹੰਕਾਰੀ, ਕਾਮੀ, ਕ੍ਰੋਧੀ ਸੁਭਾਅ ਅਨੁਸਾਰ...’’ ਵਾਲਾ ਹੋਣ ਦਾ ਇਲਜ਼ਾਮ ਲਗਾਇਆ ਹੈ। ਪਰ ਪੁਜਾਰੀ ਮਹਾਰਾਜ ਨੇ ਬਾਬਤ ਕੋਈ ਜ਼ਿਕਰ ਨਹੀਂ ਕੀਤਾ ਕਿ ਉਨ੍ਹਾਂ ਨੇ ਸਨਮਾਨਯੋਗ ਪ੍ਰੋਫੈਸਰ ਲਈ ਇਨ੍ਹਾਂ ਵਿਸ਼ੇਸ਼ਣਾਂ ਦੀ ਚੋਣ ਕਿਉਂ ਕੀਤੀ। ਜਦਕਿ ਪ੍ਰੋ: ਦਰਸ਼ਨ ਸਿੰਘ ਨੇ ਨਾ ਤਾਂ ਕੋਈ ਅਹੰਕਾਰਪੂਰਨ ਕਾਰਜ ਕੀਤਾ ਹੈ, ਨਾ ਹੀ ਉਨ੍ਹਾਂ ਦੇ ਚਰਿੱਤਰ ਤੋਂ ‘ਕਾਮੀ’ ਹੋਣ ਦੀ ਕੋਈ ਸ਼ੰਕਾ ਪੈਦਾ ਹੁੰਦੀ ਹੈ ਅਤੇ ਨਾ ਹੀ ਕ੍ਰੋਧੀ ਹੋਣ ਦੇ। ਦੂਜੇ ਪਾਸੇ, ਇਹ ਸਾਰੇ ਵਿਸ਼ੇਸ਼ਣ ਇਕਬਾਲ ਸਿੰਘ ਵਰਗੇ ਪੁਜਾਰੀਆਂ ਲਈ ਅਸਾਨੀ ਨਾਲ ਵਰਤੇ ਜਾ ਸਕਦੇ ਹਨ ਕਿਉਂਕਿ ਉਹ ਆਪਣੇ ਅਹੁਦੇ ਦੇ ਅਹੰਕਾਰ ਕਾਰਨ ਗੁਰਸਿੱਖਾਂ ਖਿਲਾਫ਼ ਚਿੱਕੜ ਉਛਾਲਣ ਦੀ ਹਿਮਾਕਤ ਕਰ ਰਿਹਾ ਹੈ, ਉਸਨੇ ਦੋ-ਦੋ ਵਿਆਹ ਕਰਵਾਏ ਹੋਏ ਹਨ ਅਤੇ ਪਾਠੀਆਂ ਨਾਲ ਵੀ ਕਥਿਤ ਤੌਰ ’ਤੇ ਬਦਫੈਲੀਆਂ ਕਰਦਾ ਰਿਹਾ ਹੈ ਅਤੇ ਦਸਮ ਗ੍ਰੰਥ ਬਾਬਤ ਕੋਈ ਤੱਥ-ਅਧਾਰਿਤ ਚਰਚਾ ਕਰਨ ’ਤੇ ਤੁਰੰਤ ਕ੍ਰੋਧਿਤ ਹੋ ਜਾਂਦਾ ਹੈ।

ਪਟਨਾ ਸਾਹਿਬ ਦੇ ਪੁਜਾਰੀਆਂ ਨੇ ਇਕ ਹੈਰਾਨੀਜਨਕ ਗੱਲ ਲਿਖੀ ਹੈ ਕਿ ‘‘ਸਾਨੂੰ ਇਹ ਪਤਾ ਸੀ ਕਿ ਇਕ ਰਾਗੀ ਜੋ ਲਿਖ ਕੇ ਵਾਜੇ ਤੇ ਅੱਗੇ ਰੱਖ ਕੇ ਸ਼ਬਦ ਪੜ੍ਹਨ ਵਾਲਾ ਹੈ, ਉਸਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੂਰੀ ਜਾਣਕਾਰੀ ਹੋ ਹੀ ਨਹੀਂ ਸਕਦੀ।’’ ਕੀ ਇਕਬਾਲ ਸਿੰਘ ਜਾਂ ਉਸਦੀ ਨਸਲ ਦੇ ਹੋਰ ਪੁਜਾਰੀ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ‘ਪੂਰੀ ਜਾਣਕਾਰੀ’ ਹੋਣ ਦਾ ਦਾਅਵਾ ਕਰਦੇ ਹਨ, ਬਿਨ੍ਹਾਂ ਸ਼ਬਦਾਂ ਦੀ ਪੋਥੀ ਜਾਂ ਪ੍ਰਿੰਟ ਦੀ ਮਦਦ ਦੇ, ਸਾਰੇ ਗੁਰੂ ਗ੍ਰੰਥ ਸਾਹਿਬ ’ਚੋਂ ਕੀਰਤਨ ਕਰ ਸਕਦੇ ਹਨ? ਜੇਕਰ ਹਾਂ, ਤਾਂ ਉਹ ਜਲਦ ਤੋਂ ਜਲਦ ਸੰਗਤ ਸਾਹਮਣੇ ਆਪਣੀ ਇਸ ਮੁਹਾਰਤ ਦਾ ਪ੍ਰਗਟਾਵਾ ਕਰਨ। ਜੇਕਰ ਨਹੀਂ, ਤਾਂ ਉਨ੍ਹਾਂ ਨੂੰ ਕੋਈ ਹੱਕ ਨਹੀਂ ਕਿ ਉਹ ਗੁਰਬਾਣੀ ਦਾ ਗਾਇਨ ਕਰਨ ਵਾਲੇ ਸ਼ਰਧਾਲੂਆਂ ਨੂੰ ‘‘ਲਿਖ ਕੇ ਵਾਜੇ ਤੇ ਅੱਗੇ ਰੱਖ ਕੇ’’ ਪੜ੍ਹਨ ਬਾਰੇ ਟਿਚਕਰਾਂ ਕਰਨ।

ਇਹ ਵੀ ਧਿਆਨ ਦੇਣ ਯੋਗ ਨੁਕਤਾ ਹੈ ਕਿ ਪਹਿਲਾਂ-ਪਹਿਲ ਹੋਰਨਾਂ ਰਾਗੀਆਂ ਦੀ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਵੀ ਸਿਰਫ਼ ਪੋਥੀਆਂ ਤੋਂ ਵੇਖ ਕੇ ‘ਗਾਇਨ’ ਕਰਨ ਲਈ ਹੀ ਵਧੇਰੇ ਪ੍ਰਸਿੱਧ ਸਨ। (ਇਸੇਲਈ ਉਹ ਦਸਮ ਗ੍ਰੰਥ ਦੀਆਂ ਕੁਝ ਰਚਨਾਵਾਂ ਵਿੱਚੋਂ ਵੀ ਕੀਰਤਨ ਕਰਦੇ ਰਹੇ)। ਪਰ ਮੌਜੂਦਾ ਸਮੇਂ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਦਾ ਸਤਰ ਵਾਜੇ ਅੱਗੇ ਪ੍ਰਿੰਟ ਰੱਖ ਕੇ ਕੀਰਤਨ ਕਰਨ ਵਾਲੇ ਰਾਗੀਆਂ ਦਾ ਨਹੀਂ ਬਲਕਿ ਉਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ ਅਤਿ ਸਰਲ ਢੰਗ ਨਾਲ ਵਿਆਖਿਆ ਕਰਨ ਕਰਕੇ ਜਾਗ੍ਰਿਤ ਸਿੱਖਾਂ ਦੇ ਹਰਮਨ-ਪਿਆਰੇ ਪ੍ਰਚਾਰਕ ਦਾ ਬਣ ਚੁੱਕੇ ਹਨ।

ਪੁਜਾਰੀਆਂ ਨੇ ਪ੍ਰੋ: ਦਰਸ਼ਨ ਸਿੰਘ ’ਤੇ ਇਹ ਹਾਸੋਹੀਣਾ ਇਲਜ਼ਾਮ ਵੀ ਲਗਾਇਆ ਕਿ ਉਹ ਡਰ ਦੇ ਕਾਰਨ, ਸੰਗਤਾਂ ਦੇ ਸੱਦੇ ’ਤੇ ਦਮਦਮਾ ਸਾਹਿਬ (ਬਠਿੰਡਾ) ਨਹੀਂ ਗਏ ਸੀ। ਪਰ ਪੁਜਾਰੀਆਂ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਇਹ ‘ਸੰਗਤਾਂ’ ਕੌਣ ਸਨ, ਜੋ ਹੋਰਨਾਂ ਸੰਗਠਨਾਂ ਦਾ ਨਾਮ ਲੈ ਕੇ ਇੰਟਰਨੈੱਟ ਤੇ ਗੁੰਮਨਾਮ ‘ਚੁਣੌਤੀਆਂ’ (ਵਿਚਾਰ-ਵਟਾਂਦਰਾ ਨਹੀਂ) ਜਾਰੀ ਕਰ ਰਹੀਆਂ ਸਨ? ਇਨ੍ਹਾਂ ਸੰਗਤਾਂ ਨੇ ਪ੍ਰੋ: ਦਰਸ਼ਨ ਸਿੰਘ ਦਾ ਗਿਆਨ ਪਰਖਣ ਲਈ ਇਕ ‘ਤਖ਼ਤ’ ਦੀ ਚੋਣ ਹੀ ਕਿਉਂ ਕੀਤੀ? ਕੀ ਇਹ ਲੋਕ ਦਿੱਲੀ ਆ ਕੇ (ਜਾਂ ਪੰਜਾਬ ਤੋਂ ਹੀ ਫੋਨ ਜਾਂ ਟੈਲੀ-ਕਾਨਫ੍ਰਸਿੰਗ ਰਾਹੀਂ) ਪ੍ਰੋ: ਦਰਸ਼ਨ ਸਿੰਘ ਨਾਲ ਗੱਲਬਾਤ ਨਹੀਂ ਕਰ ਸਕਦੇ ਸਨ? ਕੀ ਪ੍ਰੋ: ਦਰਸ਼ਨ ਸਿੰਘ ਜਾਂ ਖ਼ੁਦ ਇਹ ਪੁਜਾਰੀ ਲੋਕ, ਗੁੰਮਰਾਹਕੁੰਨ ਇਸ਼ਤਿਹਾਰਾਂ ਦਾ ਸਪਸ਼ਟੀਕਰਨ ਦੇਣ ਲਈ ਦੂਜੇ ਸੂਬਿਆਂ ਵਿੱਚ ਜਾਣ ਦੀ ਖੇਚਲ ਕਰਨਗੇ?

ਪੱਤਰ ਦੇ ਅੰਤ ਵਿੱਚ ਪੁਜਾਰੀਆਂ ਨੇ ਫੈਸਲਾ ਦਿੱਤਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ‘‘ਪੱਕਾ ਤਨਖ਼ਾਹੀਆ’’ ਘੋਸ਼ਿਤ ਕੀਤਾ ਜਾਂਦਾ ਹੈ। ਪਰ ਇਨ੍ਹਾਂ ਆਰ.ਐਸ.ਐਸ. ਦੇ ਟੁਕੜਬੋਚਾਂ ਨੂੰ ਕੋਈ ਪੁੱਛੇ ਕਿ ਪੱਕੇ ਤਨਖ਼ਾਹੀਏ ਅਤੇ ਕੱਚੇ ਤਨਖ਼ਾਹੀਏ ਵਿੱਚ ਫਰਕ ਕੀ ਹੁੰਦਾ ਹੈ। ਪੁਜਾਰੀਆਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਗੁਰੂ ਘਰਾਂ ’ਤੇ ਕੀਰਤਨ-ਬੋਲਣ ਦਾ ਸਮਾਂ ਨਾ ਦਿੱਤਾ ਜਾਏ ਪਰ ਪੁਜਾਰੀਆਂ ਦੀ ਇਸ ਅਖੌਤੀ ਹੁਕਮਨਾਮੇ ਨੂੰ ਕੂੜੇ ਦੀ ਟੋਕਰੀ ਵਿੱਚ ਸੁੱਟ ਕੇ, ਦਿੱਲੀ ਦੇ ਸਿੱਖਾਂ ਵੱਲੋਂ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਪ੍ਰੋਗਰਾਮ ਬੜੇ ਸਤਕਾਰ ਨਾਲ ਆਯੋਜਿਤ ਕਰਵਾਏ ਅਤੇ ਸੁਣੇ ਜਾ ਰਹੇ ਹਨ।

ਚਿੱਠੀ ਦੇ ਅੰਤ ਵਿੱਚ ਪੁਜਾਰੀਆਂ ਨੇ ਸੰਗਤਾਂ ਨੂੰ ਲਾਲਚ ਦਿੱਤਾ ਹੈ ਕਿ ਜਿਹੜੇ ਲੋਕ ਉਨ੍ਹਾਂ ਦੀ ਇਸ ਚਿੱਠੀ ਨੂੰ ਮੰਨਣਗੇ, ‘‘ਉਨ੍ਹਾਂ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਖੁਸ਼ੀ ਹੋਵੇਗੀ।’’ (ਇਸ ਤਰ੍ਹਾਂ ਦੇ ਲਾਲਚ, ਵਿਵਾਦਿਤ ਦਸਮ ਗ੍ਰੰਥ ਵਿੱਚ ਵੀ ਦਿੱਤੇ ਗਏ ਹਨ ਕਿ ਜਿਹੜਾ ਗੂੰਗਾ ਵਿਅਕਤੀ ਇਸ ਗ੍ਰੰਥ ਨੂੰ ਸੁਣੇਗਾ, ਉਹ ਜੀਭ ਪ੍ਰਾਪਤ ਕਰ ਲਏਗਾ। ਜੇ ਮੂਰਖ ਚਿੱਤ ਲਗਾ ਕੇ ਸੁਣੇਗਾ, ਤਾਂ ਉਸ ਅੰਦਰ ਸਿਆਣਪ ਆ ਜਾਏਗੀ। ਦੁੱਖ-ਦਰਦ ਦੂਰ ਹੋ ਜਾਣਗੇ, ਆਦਿਕ। ਦੂਜੇ ਪਾਸੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨਸਾਨ ਨੂੰ ਅਜਿਹਾ ਕੋਈ ਲਾਲਚ ਨਹੀਂ ਦਿੱਤਾ ਗਿਆ। ਉੱਥੇ ਬਾਰ-ਬਾਰ ਇਹੀ ਗੱਲ ਕਹੀ ਜਾਂਦੀ ਹੈ ਕਿ ਪਰਮਾਤਮਾ ਦੇ ਗੁਣਾਂ (ਨਾਮ) ਨੂੰ ਧਾਰਨ ਵਾਲਾ ਮਨੁੱਖ ਆਤਮਕ ਸੁੱਖ (ਜ਼ਰੂਰੀ ਨਹੀਂ ਕਿ ਦੁਨੀਆਵੀ ਸੁੱਖ ਵੀ) ਪ੍ਰਾਪਤ ਕਰ ਲੈਂਦਾ ਹੈ।

ਪਰ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਸੰਗਤਾਂ ਪੁਜਾਰੀਆਂ ਦੇ ਇਸ ਝਾਂਸੇ ਵਿੱਚ ਨਹੀਂ ਆਈਆਂ ਅਤੇ ਬੜੇ ਸਤਕਾਰ ਨਾਲ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ/ਵਖਿਆਨ ਸੁਣ ਰਹੀਆਂ ਹਨ। ਅਸਲ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੀ ਖੁਸ਼ੀ, ਗੰਦੀਆਂ ਕਵਿਤਾਵਾਂ ਵਾਲੇ ਗ੍ਰੰਥ ਨੂੰ ਮੱਥੇ ਟੇਕ ਕੇ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਅਮਲੀ ਜੀਵਨ ਵਿੱਚ ਧਾਰਨ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹੋਰ ਵਿਸਥਾਰ ਵਿੱਚ ਜਾਈਏ ਤਾਂ ਸਾਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਖੁਸ਼ੀ ਪ੍ਰਾਪਤ ਕਰਨ ਲਈ, ਭ੍ਰਿਸ਼ਟ ਅਤੇ ਚਰਿੱਤਰਹੀਣ ਪੁਜਾਰੀਆਂ ਨਾਲ ਉਹੀ ਸਲੂਕ ਕਰਨਾ ਪਏਗਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨਾਲ ਕੀਤਾ ਸੀ। ਕੀ ਨੇੜਲੇ ਭਵਿੱਖ ਵਿੱਚ ਅਜਿਹਾ ਕੁਝ ਹੋ ਪਾਏਗਾ ਜਾਂ ਤਖ਼ਤਾਂ ’ਤੇ ਕਾਬਿਜ਼ ਪੁਜਾਰੀ, ਬ੍ਰਾਹਮਣਵਾਦੀ ਸੰਗਠਨਾਂ ਕੋਲੋਂ ਪੈਸੇ ਲੈ ਕੇ ਮਨਮਰਜ਼ੀ ਦੀਆਂ ਚਿੱਠੀਆਂ/ਹੁਕਮਨਾਮੇ ਜਾਰੀ ਕਰਕੇ ਪਵਿੱਤਰ ਤਖ਼ਤ ਸਾਹਿਬਾਨ ਨੂੰ ਹੋਰ ਵਧੇਰੇ ਅਪਮਾਨ ਦਾ ਕਾਰਨ ਬਣਾਉਂਦੇ ਰਹਿਣਗੇ?




.