.

ਤੇਰਾ ਭਾਣਾ ਮੀਠਾ ਲਾਗੇ

-ਡਾ. ਅਮਰਜੀਤ ਸਿੰਘ ਟਾਂਡਾ

ਅੱਜ ਵੀ ਜਦੋਂ ਓਹੀ ਪਲ ਯਾਦ ਆਉਂਦੇ ਹਨ-ਜਦੋਂ ਮਨ ਝੰਜੋੜੇ ਗਏ ਸਨ, ਤਨ ਵਲੂੰਧਰੇ ਗਏ ਸਨ। ਉਸ ਦੁਖਾਂਤ ਨੇ ਇਨਸਾਨੀਅਤ ਨੂੰ ਮਿੱਟੀ ਚ ਰੋਲਿਆ ਸੀ-ਸੰਗੀਨਾਂ ਨੇ ਕਾਨੂੰਨ ਨੂੰ ਹੱਥ ਚ ਲੈ ਕੇ ਇਨਸਾਨੀਅਤ ਦਾ ਸ਼ਰੇਆਮ ਕਤਲੇਆਮ ਕੀਤਾ। ਜ਼ਾਲਮਾਂ ਨੇ ਨਿੱਕੇ 2 ਬੱਚਿਆਂ ਦੀਆਂ ਚੀਕਾਂ ਵੀ ਨਾ ਸੁਣੀਆਂ, ਔਰਤਾਂ ਨਾਲ ਸ਼ਰੇਆਮ ਬਦਸਲੂਕੀ ਕੀਤੀ, ਤੇਰੇ ਹੀ ਹਰਿਮੰਦਰ `ਚ ਉਹਨਾਂ ਤਬਾਹੀ ਮਚਾਈ, ਇਹ ਓਦੋਂ ਦੀ ਗੱਲ ਹੈ ਜਦੋਂ ਅਰਸ਼ ਵੀ ਹੁੱਬਕੀਂ ਰੋਇਆ ਸੀ-ਇਕ ਪਾਸੇ ਸਾਰੇ ਦੇਸ਼ ਦੀ ਫੌਜ ਤੇ ਦੂਜੇ ਪਾਸੇ ਤੇਰੇ ਕੁੱਝ ਕੁ ਸੀਸ ਤਲੀ ਤੇ ਧਰ ਕੇ ਬੈਠੇ ਭੁੱਖੇ ਪਿਆਸੇ ਸ਼ੇਰਾਂ ਦੇ ਪੁੱਤ। ਚੌਵੀ ਸਾਲਾਂ ਬਾਦ ਤੇਰੀ ਹੀ ਗੋਦ ਚ ਅੱਗ ਲਾਉਣ ਵਾਲੇ, ਤੇਰੇ ਉਸਾਰੇ ਹੋਏ ਅੰਮ੍ਰਿਤ ਦੇ ਸਰੋਵਰ ਦੇ ਆਲੇ ਦੁਆਲੇ, ਦੁਨੀਆਂ ਭਰ ਚ ਇੱਕ ਅੱਤ ਘਿਣਾਉਣੇ ਕਹਿਰ ਨੂੰ ਰਚਣਹਾਰੇ, ਹਜ਼ਾਰਾਂ ਸੂਰਜਾਂ ਨੂੰ ਮਿੱਟੀ `ਚ ਮਿਲਾਉਣ ਵਾਲੇ, -ਅਜੇ ਵੀ ਬੇਖੌਫ਼ ਘੁੰਮ ਰਹੇ ਹਨ-ਸੰਗੀਨਾਂ ਦੀ ਛਾਂ ਹੇਠ ਤੇਰੇ ਸ਼ੇਰਾਂ ਦੇ ਬੱਚਿਆਂ ਤੋਂ ਡਰਦੇ। ਮਨੁੱਖਤਾ ਦੇ ਸਹਾਰਿਆ, ਇਨਸਾਨੀਅਤ ਦੇ ਸੂਰਜਾ, ਤੱਤੀਆਂ ਤਵੀਆਂ `ਤੇ ਹੱਸ 2 ਬੈਠਣ ਤੇ ਗਾਉਣ ਵਾਲਿਆ, ਓਹਦੇ ਭਾਣੇ ਨੂੰ ਮਿੱਠਾ ਕਰਕੇ ਸਵੀਕਾਰ ਕਰਨ ਵਾਲਿਆ- ਤੂੰ ਕਿਹਾ ਸੀ-ਤੇਰਾ ਭਾਣਾ ਮੀਠਾ ਲਾਗੇ-

ਕਈ ਸਾਲ ਲੰਘ ਗਏ ਹਨ, ਅਥਾਹ ਪਾਣੀ ਤੇਰੇ ਪੰਜਾਬ ਦੇ ਪੁਲਾਂ ਹੇਠ ਦੀ ਲੰਘ ਚੁੱਕਾ ਹੈ-ਤੈਨੂੰ ਸ਼ਾਇਦ ਯਾਦ ਹੋਵੇ ਕਿ ਤੇਰੇ ਹੀ ਮਹਾਨ ਸ਼ਹੀਦੀ ਦਿਵਸ ਤੇ ਤੇਰੇ ਹੀ ਚਰਨਾਂ ਨੂੰ ਪ੍ਰਣਾਮ ਕਰਨ ਗਏ ਕਈ ਬੇਗੁਨਾਹ ਮਾਂਵਾਂ ਦੇ ਪੁੱਤ, ਮਤਾਂਵਾਂ, ਭੈਣਾਂ ਤੇ ਕਈ ਬਜੁਰਗ ਬਾਪ ਸਮੇਂ ਨੇ ਪਲਾਂ ਚ ਹੀ ਮੌਤ ਦੀ ਗੋਦ ਚ ਸੁਆ ਦਿਤੇ ਸਨ।

ਜਦੋਂ ਹਰ ਪਿੰਡ ਸ਼ਹਿਰ ਦੀ ਮਿੱਟੀ ਲਹੂ ਨਾਲ ਭਿੱਜ ਗਈ ਸੀ ਇਹ ਓਦੋਂ ਦੀ ਗੱਲ ਹੈ-ਹਰ ਪਾਸੇ ਦਹਿਸ਼ਤ ਗਰਦੀ ਦਾ ਦੌਰ ਸੀ, ਕਲਮਾਂ ਤੜਫ਼ 2 ਹਵਾਵਾਂ ਨੂੰ ਕਹਿੰਦੀਆਂ ਰਹੀਆਂ ਕਿ ਕੋਈ ਪੰਜਾਬ ਨੂੰ ਲੱਗੀ ਨਜ਼ਰ ਉਤਾਰੋ। ਰੋਜ਼ ਨੀਂਦਰ ਦੀ ਗੋਦ ਤਿੜਕਦੀ ਸੀ, ਬਾਹਰ ਹਰ ਪਾਸੇ ਚੀਕਾਂ ਦੀ ਕਿਣਮਿਣ ਸੀ। ਹਰ ਪਾਸੇ ਵੈਣ ਹੀ ਵੈਣ ਸਨ, ਘਰਾਂ ਵਿੱਚ ਨਿੱਤ ਖੌਫ਼ ਰਿੱਝਦੇ ਸਨ, ਚੁਫੇਰੇ ਤਲਵਾਰਾਂ, ਗੋਲੀਆਂ ਤੇ ਅਸਾਲਟਾਂ ਦਾ ਪਹਿਰਾ ਸੀ। ਲੋਕਾਂ ਨੇ ਬਹੁਤ ਅਰਜ਼ਾਂ ਕੀਤੀਆਂ ਕਿ ਇਹ ਰੁੱਤ ਬਦਲ ਜਾਵੇ ਤੇ ਬਿਰਖਾਂ ਨੂੰ ਓੁਹਨਾਂ ਦੀ ਉਮਰ ਮਿਲੇ ਤੇ ਡਾਲੀਆਂ ਦੇ ਜਿਸਮਾਂ ਤੇ ਹਰੀਆਂ ਕਰੂੰਬਲਾਂ ਖਿੜ੍ਹ ਪੈਣ। ਕਦੇ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਇਸ ਦੌਰ ਦੀ ਸੀਮਾ ਹਰਫ਼ਾਂ ਨੂੰ ਵੀ ਟੱਪ ਜਾਵੇਗੀ-ਸਾਰਾ ਕੁੱਝ ਮੱਥੇ ਦੀਆਂ ਲਕੀਰਾਂ ਤੋਂ ਪਰੇ ਜੇਹੇ ਹੋਇਆ।

ਬਾਪੂ ਦੇ ਵੇਲੇ ਦੀ ਗੱਲ ਸੰਨ ਸੰਤਾਲੀ ਚੇਤੇ ਕਰਵਾ ਦਿਤਾ ਇਹਨਾਂ ਜ਼ਾਲਮਾਂ ਨੇ ਮੈਂ ਪੁੱਛਦਾ ਹਾਂ ਤਵੀਆਂ ਤੇ ਦੇਗਾਂ ਨੂੰ ਠਾਰਨ ਵਾਲਿਆ, ਕਿ ਓਸ ਵੇਲੇ ਮੇਰੇ ਕੋਲ ਤੇਰੇ ਤੋਂ ਵੱਡਾ ਕਿਹੜਾ ਸਹਾਰਾ ਸੀ -। ਆਪਣੇ ਹੀ ਘਰ ਨੂੰ ਅੱਗ ਲਾ ਕੇ ਖਬਰੇ ਕਿਹੜੀ ਕੁਲੱਛਣੀ-ਕਬਰਾਂ ਨੂੰ ਤੁਰ ਗਈ ਸੀ। ਓਦੋਂ ਵੀ ਕਈ ਕਲਮਾਂ ਰੋਈਆਂ ਸਨ-ਓਦੋਂ ਵੀ ਲੋਕਾਂ ਵਾਰਿਸ ਸ਼ਾਹ ਨੂੰ ਹਾਕਾਂ ਮਾਰੀਆਂ ਸਨ-ਤੇ ਹੀਰ ਦੀ ਮਜ਼ਾਰ ਤੇ ਧਾਗੇ ਬੰਨ੍ਹ ਕੇ ਰਾਂਝੇ ਨੂੰ ਉਡੀਕ 2 ਬੁੱਢੀਆਂ ਹੋ ਗਈਆਂ ਹਨ, ਬਿਲਕੁਲ ਏਸੇ ਤਰ੍ਹਾ ਹੀ ਜੂਨ ਚੁਰਾਸੀ `ਚ ਵੀ ਕਈ ਸੁਹਾਗ ਉੱਜਾੜੇ ਗਏ, ਹਰ ਦਰ ਲਹੂ ਨਾਲ ਭਿੱਜਿਆ। ਰਾਵੀ ਚ ਟੁੱਬੀ ਮਾਰ ਕੇ ਛੁਪ ਜਾਣ ਵਾਲਿਆ, ਸਾਨੂੰ ਤੇਰੇ ਤੇ ਬਹੁਤ ਆਸਾਂ ਹਨ, ਆ ਕੇ ਆਪਣੇ ਅੰਮ੍ਰਿਤਸਰ ਦਾ ਹਾਲ ਤਾਂ ਪੁੱਛ ਜਾ, ਕੀ ਬੀਤਿਆ ਤੇਰੇ ਪੰਜਾਬ ਨਾਲ। ਉੱਜ ਏਥੇ ਹਰ ਪਾਸੇ ਜ਼ਾਲਮਾਂ ਦੇ ਪਹਿਰੇ ਹਨ ਤੇ ਘੇਰੇ ਵਿੱਚ ਤੇਰਾ ਸ਼ੇਰ ਰਾਂਝੇ ਵਾਂਗ ਕੱਲਾ ਖੜ੍ਹਾ ਹੈ ਜੂਝਦਾ।

ਅੱਜ ਤੇਰੇ ਸ਼ਹਿਰ ਵਿੱਚ ਫਿਰ ਤੇਰੇ ਮਿਰਜ਼ੇ ਸ਼ੇਰਾਂ ਦੇ ਤੀਰ ਗੁਆਚ ਗਏ ਹਨ ਤੇ ਨਿੱਤ ਤੇਰੀਆਂ ਸਾਹਿਬਾਂ ਵਰਗੀਆਂ ਧੀਆਂ/ ਕੁੜੀਆਂ ਦੀਆਂ ਡੋਲੀਆਂ ਦਿਨ ਦਿਹਾੜੇ ਲੁੱਟੀਆਂ ਜਾ ਰਹੀਆਂ ਹਨ। ਹਰ ਪਾਸੇ ਹਨੇਰਾ ਹੀ ਹਨੇਰਾ ਹੈ ਤੇ ਰਾਵੀ ਝਨ੍ਹਾਂ ਦੇ ਪਾਣੀਆਂ ਚ ਤੂਫਾਨ ਆਏ ਹੋਏ ਨੇ, ਉਜੜੇ ਲੋਕ ਅੱਜ ਤੱਕ ਹੱਕ ਮੰਗਦੇ 2 ਥੱਕ ਗਏ ਨੇ। ਸੋਹਣੀਆਂ ਵਾਂਗ ਹੱਥ ਚ ਕੁੱਝ ਵੀ ਨਹੀਂ ਹੈ। ਸਿਰਫ਼ ਕੱਚੇ ਘੜੇ ਦਾ ਸਹਾਰਾ ਹੇ-ਪਰ ਉਹਨੇ ਦਰਿਆ `ਚ ਵੀ ਠੱਲਣਾਂ ਹੈ।

ਬਹੁਤ ਔਖੇ 2 ਸਾਹ ਭਰ ਰਹੀ ਹੈ ਅੱਜ ਫੇਰ ਤੇਰੇ ਵਸਾਏ ਸ਼ਹਿਰ ਤੇ ਪੰਜਾਬ ਦੀ ਹਵਾ। ਏਥੇ ਓਹੀ ਕੁੱਝ ਹੋ ਰਿਹਾ ਹੈ ਜੋ ਕਦੇ ਸਦੀਆਂ ਪਹਿਲਾਂ ਹੋਇਆ ਸੀ। ਅਸੀਂ ਆਪਣੇ ਘਰ ਵਿੱਚ ਹੀ ਜਲਾਵਤਨ ਹੋਏ ਬੈਠੇ ਹਾਂ ਤੇਰੇ ਇੱਕ ਨਾਂ ਦਾ ਸਹਾਰਾ ਲੈਂਦੇ। ਘਰ 2 ਸੁੰਨ੍ਹਾ ਹੋਇਆ ਦਿਸਦਾ ਹੈ। ਗਭਰੂਆਂ ਦੀਆਂ ਟੋਲੀਆਂ ਜਾਂ ਤਾਂ ਰਹੀਆਂ ਨਹੀਂ ਜਾਂ ਕਈ ਵਿਚਾਰੇ ਛੁਪ ਕੇ ਬਦੇਸ਼ਾਂ ਚ ਜਾ ਵਸੇ ਤੇਰੇ ਸ਼ਹਿਰ ਦੇ ਹਾਕਮ ਦੀਆਂ ਗੋਲੀਆਂ ਤੋਂ ਰਾਹ ਖਹਿੜੇ ਬੇਗੁਨਾਹ ਵਿੰਨ੍ਹ ਹੋ ਜਾਣ ਤੋਂ ਡਰਦੇ। ਇਥੇ ਰੋਜ਼ ਬੇਕਸੂਰ ਸਲੀਬਾਂ ਤੇ ਟੰਗੇ ਜਾ ਰਹੇ ਹਨ, ਜਾਬਰਾਂ ਨੇ ਅੱਤ ਚੁੱਕੀ ਹੋਈ ਹੈ। ਨਿੱਤ ਮੁਗਲੀਏ ਦੁੱਲੇ ਭੱਟੀ ਦੇ ਘਰਾਂ ਨੂੰ ਲਾਂਬੂ ਲਾ ਰਹੇ ਹਨ ਤੇ ਤੇਰੇ ਪੰਜਾਬ ਦੀਆਂ ਮਾਂਵਾਂ ਦੇ ਹੱਥ ਰੱਸੀਆਂ ਨਾਲ ਬੰਨ੍ਹ 2 ਕਿਸੇ ਔਰੰਗੇ ਦੇ ਸਿਪਾਹੀ ਜੋਰੋ ਜ਼ਰਬੀ ਲਈ ਜਾ ਰਹੇ ਹਨ। ਸੱਚ ਤੇ ਪਹਿਰਾ ਦੇਣ ਵਾਲੇ ਤੇ ਮੁਹੱਬਤ ਦੇ ਗੀਤ ਗਾਉਣ ਵਾਲਿਆਂ ਨੂੰ ਤੇਰੇ ਵਾਂਗ ਹੀ ਬਲਦੀਆਂ ਦੇਗਾਂ ਚ ਪਾ ਕੇ ਉਬਾਲਿਆ ਜਾ ਰਿਹਾ ਹੈ। ਜੇਲ੍ਹਾਂ ਚ ਤਰ੍ਹਾਂ 2 ਦੇ ਤਸੀਹੇ ਦੇ 2 ਖ਼ਤਮ ਕੀਤਾ ਜਾ ਰਿਹਾ ਹੈ। ਸਿੱਖਾਂ ਨੂੰ ਹੀ ਮੂਹਰੇ ਕਰ 2 ਭਰਾਵਾਂ ਨਾਲ ਲੜਾਇਆ ਜਾ ਰਿਹਾ ਹੈ-ਅਦਾਲਤ ਅੰਨ੍ਹੀ ਹੋ ਗਈ ਹੈ। ਕਿਸੇ ਪਾਸੇ ਕੋਈ ਅਰਜ਼ ਨਹੀਂ ਸੁਣਦਾ-ਕਿਸੇ ਪਾਸੇ ਫਰਿਆਦ ਨਹੀਂ ਹੈ, ਹਰ ਪਾਸੇ ਜੰਗਲ ਦਾ ਰਾਜ ਹੈ। ਤਾਰੀਖ ਦੇ ਵਰਕੇ ਪਿਛਾਂਹ ਵੱਲ, ਦੇਖ 2 ਬੇਸਹਾਰਾ ਝਾਕ ਰਹੇ ਹਨ।

ਆਪਣੀਆਂ ਹੀ ਰਾਤਾਂ ਦਾ ਇੱਕ ਗੁਆਚਾ ਜੇਹਾ ਸੁਪਨਾ ਤੇ ਤੂੰ ‘ਨੇਰ੍ਹੇ ਚ ਕੁਫ਼ਰ ਤੇ ਜ਼ੁਲਮ ਦੀ ਇਸ ਰੁੱਤ ਚ ਚੁੱਪ ਬੈਠਾ ਦੇਖ ਰਿਹਾ ਏਂ। ਤੂੰ ਕਹੇਂਗਾ ਮੈ ਕੌਣ ਹਾਂ-ਮੈਂ ਇਸ ਜ਼ਬਰ ਜ਼ਨਾਹ ਚ ਲਿਤਾੜੀ ਜਾ ਰਹੀ ਲੋਕਾਂ ਦੀ ਅਵਾਜ਼ ਹਾਂ। ਤੇਰੇ ਤੋਂ ਤਾਂ ਜ਼ਾਬਰ ਕੰਬਦੇ ਸਨ, ਤੇਰੀ ਲੀਹ ਤੋਂ ਤਾਂ ਪਰਬਤ ਡਰਦੇ ਸਨ-ਤੂੰ ਵੀ ਜਹਾਂਗੀਰੀਏ ਦੇ ਕਹੇ ਤੱਤੀ ਰੇਤਾ ਚ ਨ੍ਹਾਉਣਾ, ਲਿਸ਼ਕਦੀਆਂ ਤੇਗਾਂ ਦਾ ਰਾਹ ਦਸਦਾ, ਬਲਦੀਆਂ ਉਬਲਦੀਆਂ ਦੇਗਾਂ ਦਾ ਰਾਹ ਅਪਣਾ ਲਿਆ। ਤੂੰ ਸ਼ਵੀਆਂ ਉੱਤੇ ਨੱਚਦਾ ਰਿਹਾ, ਤਵੀਆਂ ਉੱਤੇ ਹੱਸਦਾ ਰਿਹਾ। ਤੇਰੀ ਓਸ ਯਾਦ ਨੂੰ ਲੈ ਕੇ ਸੀਨੇ ਵਿੱਚ ਇੱਕ ਚੀਸ ਜੇਹੀ ਪੈਂਦੀ ਹੈ ਤੇ ਤੜਫ਼ਦੀ ਆਂਦਰ ਕਈ ਕੁੱਝ ਨਿੱਤ ਕਹਿੰਦੀ ਹੈ। ਉਹ ਰਾਹ ਜੋ ਤੇਰਾ ਨਵਾਂ ਨਰੋਆ ਜੇਹਾ ਸੀ, ਉਹ ਸਬਕ ਜੋ ਸੱਜਰਾ 2 ਸੀ, ਕਿੱਥੇ ਚਲਾ ਗਿਆ ਹੈ?

ਭਾਂਵੇਂ ਇਹ ਸੱਚ ਹੈ ਕਿ ਹਰਫ਼ ਤਕਦੀਰ ਨਹੀਂ ਬਦਲ ਸਕਦੇ, ਤੇ ਕਲਮ ਕੁਫਰ ਦੀ ਹੋਣੀ ਨੂੰ ਕੀ ਕਹੇ। ਸਿਆਲਾਂ ਵਾਲੀ ਕੁੜੀ ਦੀ ਕਿਹੜਾ ਕੋਈ ਮੱਥੇ ਦੀ ਲਕੀਰ ਬਦਲ ਸਕਿਆ ਸੀ, ਪਰ ਉਹਨੇ ਓਸ ਲਕੀਰ ਨੂੰ ਪੰਜਾਬ ਦਾ ਹੱਕ ਵੀ ਨਹੀਂ ਸੀ ਸਮਝਿਆ। ਜਿਵੇਂ ਤੂੰ ਨਹੀਂ ਸੀ ਕੁਫਰ ਕਬੂਲ ਕੀਤਾ ਤੇ ਜੇ ਇਹ ਸੱਭ ਕੁੱਝ ਸਵੀਕਾਰ ਕਰ ਲੈਂਦਾ ਤਾਂ ਸਾਡੇ ਵਰਗਾ ਹੋ ਜਾਣਾ ਸੀ। ਤੂੰ ਤਾਂ ਸਮੇਂ ਨੂੰ ਵੀ ਗੋਲ ਕਰ ਦਿਤਾ, ਓਦੋਂ ਸਮਾਂ ਵੀ ਰੁਕ ਗਿਆ ਸੀ ਜਦੋਂ ਤੂੰ ਤੱਤੀ ਰੇਤ ਚ ਨਾਤ੍ਹਾ ਸੀ, ਤਪਦੀ ਸੁਰਖ ਤਵੀ ਉੱਤੇ ਹੱਸਿਆ ਸੀ, ਬਲਦੀ ਉਬਲਦੀ ਦੇਗ ਨੂੰ ਠਾਰਿਆ ਸੀ।

ਰੁੱਤਾਂ ਦਾ ਰੱਜਵਾਂ ਚੀਰ ਹਰਣ ਹੋਇਆ। ਲ਼ਹਿਰ ਦੀ ਛਾਂ ਹੇਠ ਕਈ ਲੋਟੂ ਟੋਲਿਆਂ ਨੇ ਕੰਜ਼ਕਾਂ ਦੇ ਬਲਾਤਕਾਰ, ਨਿਰਦੋਸ਼ਾਂ ਦੇ ਕਤਲ ਤੇ ਲੁੱਟਾਂਮਾਰਾਂ ਕਰ ਕੇ ਲਹਿਰ ਨੂੰ ਪੂਰਾ ਬਦਨਾਮ ਕੀਤਾ। ਦਿਨ ਨਿੱਜੀ ਕਿੜਾਂ ਕੱਢਣ ਲੱਗ ਪਏ ਸਨ ਤੇ ਏ ਕੇ ਸੰਤਾਲੀ ਹੀ ਚਾਰ ਚੁਫੇਰੇ ਉੱਗ ਪਈ ਸੀ। ਸਿਧਾਂਤ ਕਿਤੇ ਦੂਰ ਤੁਰ ਗਿਆ ਤੇ ਬੇਗੁਨਾਹ ਮਾਂਵਾਂ ਦੇ ਲਾਡਲਿਆਂ ਨੂੰ ਕਿਸੇ ਚੰਦਰੇ ਪਲਾਂ ਦੀਆਂ ਕੀਤੀਆਂ ਦਾ ਫ਼ਲ ਭੁਗਤਣਾ ਪਿਆ। ਦਿੱਲੀ ਤੇ ਹੋਰ ਕਈ ਸ਼ਹਿਰਾਂ ਦੀਆਂ ਗਲੀਆਂ ਰੋਈਆਂ, ਮੌਤ ਅਰਸ਼ ਤੇ ਚੜ੍ਹ ਨਗਨ ਨੱਚਦੀ ਰਹੀ। ਅਜੇ ਤੀਕ ਜੂਨ ਨਵੰਬਰ 1984 ਦੇ ਦੋਸ਼ੀ ਆਮ ਤੁਰੇ ਫਿਰਦੇ ਹਨ।

ਅੱਜ ਫਿਰ ਰਾਤ ਦਿਨ ਸਾਜਿਸ਼ਾਂ ਘੜ੍ਹ ਰਹੇ ਹਨ ਤੇ ਔਰੰਗੇ ਦਾ ਰੂਪ ਧਾਰ ਰਹੇ ਹਨ। ਅਸੀਂ ਤੇਰਾ ਸ਼ਹੀਦੀ ਦਿਨ-30 ਮਈ, 1606 ਵੀ ਭੁੱਲ ਗਏ ਹਾਂ-ਹੁਣ ਤੇਰਾ ਕੀਆ ਮੀਠਾ ਲਾਗੇ ਨੂੰ ਛੱਡ ਅਸੀਂ ਕੱਚੀ ਮਿੱਠੀ ਲੱਸੀ ਪੀ ਕੇ ਮਾਣ ਕਰ ਲਈ ਦਾ ਤੇਰੀ ਮਹਾਨ ਕੁਰਬਾਨੀ `ਤੇ। ਪੰਜਾਬ ਦੀ ਨਿਮਾਣੀ ਮਿੱਟੀ ਬੇਕਸੂਰਾਂ ਦੇ ਰੱਤ ਚ ਭਿੱਜਦੀ ਜਾ ਰਹੀ ਹੈ। ਤੈਨੂੰ ਪਤਾ ਹੀ ਹੈ ਕਿ ਅੱਜ ਲੱਖਾਂ ਸੁਪਨੇ, ਆਵਾਜ਼ਾਂ, ਗੀਤ ਤੇ ਨਜ਼ਮਾਂ ਕਿਰ 2 ਮਰ ਰਹੀਆਂ ਹਨ। ਬਹੁਤ ਚਿਰ ਹੋ ਗਿਆ ਹੈ ਤੈਨੂੰ ਚੁੱਭੀ ਮਾਰ ਕੇ ਸਾਥੋਂ ਅਲੋਪ ਹੋਏ ਨੂੰ- ਚੱਲ ਆ ਰਾਵੀ ਚੋਂ ਬਾਹਰ ਤੇ ਸਾਰੀ ਤਵਾਰੀਖ ਮੁੜ ਕੇ ਸਿਰਜੀਏ, ਲਿਖੀਏ ਉਹਨਾਂ ਔਝੜ ਵੇਲਿਆਂ ਦੇ ਨਾਂ, ਤਾਂ ਕਿ ਕੋਈ ਮੁੜ ਤੱਤੀਆਂ ਤਵੀਆਂ ਤੇ ਤੇਰੇ ਵਰਗੇ ਨਾਨਕ ਦੇ ਪਿਆਰੇ ਨੂੰ ਬੈਠਣ ਲਈ ਨਾ ਕਹੇ। ਮੇਰੀ ਕਲਮ ਦੀ ਇਹੀ ਇੱਕ ਨਿੱਕੀ ਜੇਹੀ ਅਰਜ਼ ਹੈ -

ਹੁਣ ਸਾਡੇ ਕੋਲੋਂ ਨਹੀਂ ਇੰਜ਼ ਬੇਗੁਨਾਹ ਹੁੰਦਿਆਂ ਸਵੀਕਾਰਿਆ ਜਾਂਦਾ

ਤੇਰੇ ਵਾਂਗ ਤੱਤੀਆਂ ਤਵੀਆਂ ਤੇ ਬੈਠਣਾਂ

ਤੇ ਨਾ ਹੀ ਇਹਨਾਂ ਚੰਡਾਲਾਂ ਦੇ ਸੁਣੇ ਜਾਂਦੇ ਨੇ

ਹੁਕਮ ਉਬਲਦੀਆਂ ਦੇਗਾਂ ਚ ਬੈਠ ਕੇ-

ਅਸੀਂ ਤਾਂ ਉਹ ਹੱਥ ਭੰਨਣਾਂ ਲੋਚਦੇ ਹਾਂ

ਜੋ ਸਾਡੇ ਲਈ ਅਜਿਹੇ ਦਰਿਸ਼ ਸਿਰਜਣਗੇ-

ਅਸੀਂ ਆਪਣੀ ਚਾਲੇ ਵਗਦੇ ਸ਼ਾਂਤ ਦਰਿਆ

ਸਿਰਾਂ ਲਈ ਤੱਤੀ ਰੇਤ ਦੇ ਮੀਂਹ ਨਹੀਂ ਮੰਗਦੇ-

ਅਸੀ ਤਾਂ ਅਜੇਹੀਆਂ ‘ਨੇਰੀਆਂ ਰਾਤਾਂ `ਚ

ਕੋਈ ਚਿੱਟੇ ਚੰਨ ਦੀ ਲੋਅ ਬੀਜਣੀ ਚਾਹੁੰਦੇ ਹਾਂ।

ਘਰਾਂ ਦੇ ਬਨੇਰਿਆਂ ਤੇ

ਤੇਰੇ ਤੇ ਨਾਨਕ ਦੇ ਸ਼ਬਦ ਰੂਪੀ ਦੀਵੇ ਸਜਾਉਣ ਦਾ ਮੋਹ ਹੈ ਸਾਡੇ ਦਿਲਾਂ ਚ।

ਆ ਕੋਈ ਪੰਜਾਬ ਦੇ ਵਿਹੜੇ ਚ

ਚਿੱਟੇ ਗੁਲਾਬ ਵਰਗੀ ਦੁਪਹਿਰ ਬਣ ਖਿੜ੍ਹੀਏ

ਤਾਂ ਕਿ ਮਾਵਾਂ ਨੂੰ ਮਾਰੇ ਗਏ ਪੁੱਤਾਂ ਦੇ ਵਿਗੋਚੇ ਨਾ ਖਾ ਜਾਣ-

ਐਤਕੀਂ ਤੇਰੇ ਸ਼ਹੀਦੀ ਦਿਵਸ ਤੇ

ਮੇਰੀ ਕਲਮ ਦੀ ਇਹੀ ਇੱਕ ਨਿੱਕੀ ਜੇਹੀ ਅਰਜ਼ ਹੈ- ਕਬੂਲ ਕਰੀਂ।




.