.

‘ਹਰਿਮੰਦਰ- ਅਠ ਸਠ ਤੀਰਥ’ ਰਾਹੀਂ ਸਰੂਪ ਸਿੰਘ ਅਲੱਗ ਲੋਕਾਂ ਨੂੰ ਅੰਧਵਿਸ਼ਵਾਸ਼ ਵਿੱਚ ਫਸਾ ਰਹੇ ਹਨ।

(ਹਰਿਮੰਦਰ ਦਰਸ਼ਨ ਕਿਤਾਬ ਵਿੱਚੋਂ)

ਅੱਜ-ਕਲ੍ਹ ਸਰੂਪ ਸਿੰਘ ਅੱਲਗ ਜੀ ਕੈਨੇਡਾ ਆਏ ਹੋਏ ਹਨ। ਇਨ੍ਹਾਂ ਆਪਣੀਆਂ 25 ਕੁ ਕਿਤਾਬਾਂ ਵਿੱਚ ਸਿੱਖੀ ਘੱਟ ਤੇ ਅੰਧਵਿਸ਼ਵਾਸ ਜਿਆਦਾ ਫੈਲਾਇਆ ਹੈ। ਇਸ ਕਰਕੇ ਇਨ੍ਹਾਂ ਦੇ ਝਾਸੇ ਵਿੱਚ ਆਉਣ ਦੀ ਬਿਲਕੁਲ ਲੋੜ ਨਹੀਂ। ਇਹ ਸਿੱਖ ਧਰਮ ਬਾਰੇ ਕਿਤਾਬਾਂ ਦਾ ਯੱਗ ਲਾਉਂਦੇ ਹਨ, ਮਤਲਬ ਕਿਤਾਬਾਂ ਮੁਫਤ ਦਿੰਦੇ ਹਨ ਪਰ ਉਗਰਾਹੀ ਲਈ ਰੈਡੀਓ ਤੇ ਜਾਂਦੇ ਹਨ ਜਿਥੋਂ ਝੋਲਾ ਭਰਦਾ ਹੈ। ਵੰਨਗੀ ਮਾਤਰ ਮੇਰਾ 2001 ਦਾ ਲਿਖਿਆ ਹੋਇਆ ਲੇਖ ਪੜ੍ਹੋ ਜੋ ਇਨ੍ਹਾਂ ਦੀ ਮਲੀਨ ਸੋਚ ਦਾ ਪਰਦਾ ਫਾਸ ਕਰਦਾ ਹੈ।

ਹਰ ਸਿੱਖ ਧਰਮ ਦੇ ਲਿਖਾਰੀ ਵਾਸਤੇ ਮਾਪਦੰਡ ਹੈ ਗੁਰੂ ਗ੍ਰੰਥ ਸਾਹਿਬ। ਦੇਖਣਾ ਇਹ ਚਾਹੀਦਾ ਹੈ ਕਿ ਜੋ ਕੁੱਝ ਮੈਂ ਲਿਖ ਰਿਹਾ ਹਾਂ ਕੀ ਇਹ ਸਾਰਾ ਕੁੱਝ ਗੁਰੂ ਸਾਹਿਬਾਂ ਦੇ ਅਪਣੇ ਹੱਥੀਂ ਲਿਖੀ ਬਾਣੀ ਮੁਤਾਬਿਕ ਹੈ? ਜੇ ਨਹੀਂ ਤਾਂ ਉਹ ਸਾਰਾ ਕੁੱਝ ਕਿਤਾਬ ਦੇ ਰੂਪ `ਚ ਬਜ਼ਾਰ `ਚ ਨਹੀਂ ਆਉਣ ਦੇਣਾ ਚਾਹੀਦਾ। ਸਿੱਖਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਕੋਲ ਧਰਮ ਦੇ ਪ੍ਰਚਾਰ ਵਾਸਤੇ ਇੱਕ ਸ਼੍ਰੋ: ਗੁ: ਪ੍ਰ: ਕਮੇਟੀ ਹੈ। ਪਰ ਬਦਕਿਸਮਤੀ ਇਹ ਹੈ ਕਿ ਇਹ ਕਮੇਟੀ ਦਾ ਪ੍ਰਬੰਧਕੀ ਢਾਂਚਾ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਹੈ ਜੋ ਸਾਧਾਂ ਦੇ ਡੇਰਿਆਂ ਤੋਂ ਪੜ੍ਹ ਕੇ ਆਏ ਹਨ ਜ਼ਾਂ ਫਿਰ ਟਕਸਾਲਾਂ ਦੇ ਪੜ੍ਹੇ ਹੋਏ ਹਨ। ਸਾਧਾਂ ਤੇ ਇਨ੍ਹਾਂ ਟਕਸਾਲਾਂ ਦੇ ਪਿਛੇ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਉਹ ਸਿੱਖੀ ਦੇ ਰਹਿੰਦੇ ਖੁੰਹਦੇ ਅਸਰ ਨੂੰ ਵੀ ਖਤਮ ਹੀ ਕਰਨਾ ਚਾਹੁੰਦੀਆਂ ਹਨ। ਅਸਲੀਅਤ `ਚ ਜੇ ਦੇਖਿਆ ਜਾਵੇ ਤਾਂ ਸਿੱਖੀ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ।

ਵੈਸੇ ਜਦੋਂ ਤੋਂ ਮਨੁੱਖ ਨੂੰ ਇਹ ਸਮਝ ਪਈ ਹੈ ਕਿ ਮੈਨੂੰ ਅਰਾਮ ਦੀ ਜ਼ਿਦਗੀ ਬਤੀਤ ਕਰਨੀ ਚਾਹੀਦੀ ਹੈ ਓਦੋਂ ਤੋਂ ਹੀ ਮਨੁੱਖ ਸਸਤੇ ਤੇ ਸੌਖੇ ਤਰੀਕੇ ਇਸ ਇਲਾਜ ਵਾਸਤੇ ਇਜ਼ਾਦ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸ ਮਕਸਦ ਨੂੰ ਮੁਖ ਰੱਖ ਕੇ ਹੀ ਬੀਰਬਲ ਵਰਗੇ ਚਲਾਕ ਪੰਡਤਾਂ ਨੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਸਧਾਰਣ ਜਨਤਾ ਨੂੰ ਵਹਿਮਾਂ ਭਰਮਾਂ ਵਿੱਚ ਫਸਾਇਆ ਹੈ। ਵਿਹਲੜ ਤੇ ਵੱਡੇ ਢਿਡਾਂ ਵਾਲੇ ਲੋਕਾਂ ਦੇ ਚੁੰਗਲ ਵਿੱਚੋਂ ਗਰੀਬਾਂ ਨੂੰ ਕੱਢਣ ਲਈ ਗੁਰੂ ਸਾਹਿਬਾਂ ਨੇ ਆਪਣਾ ਜੀਵਨ ਕੁਰਬਾਨ ਕੀਤਾ। ਭਵਿਖ ਵਾਸਤੇ ਆਪਣੀ ਸੋਚ, ਆਪਣਾ ਸਿਧਾਂਤ ਸਾਰੀ ਲੋਕਾਈ ਵਾਸਤੇ ਗੁਰੂ ਗ੍ਰੰਥ ਦੇ ਰੂਪ `ਚ ਦੇ ਗਏ। ਪਰ ਸਾਡੇ ਪ੍ਰਚਾਰਕਾਂ ਨੇ ਸਮੇਂ ਦੀ ਸਰਕਾਰ ਨਾਲ ਲੈਣ ਦੇਣ ਕਰਕੇ ਗੁਰੂ ਸਾਹਿਬਾਂ ਦੇ ਸਿਧਾਂਤ ਨੂੰ ਹੀ ਵਹਿਮ ਭਰਮ ਫੈਲਾਉਣ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਜੂਨ 2001 ਦੇ ਅੰਕ 6 (ਦਾ ਸਿੱਖਜ਼) ਰਸਾਲਾ, ਜਿਹੜਾ ਬਰੈਮਟਨ ਗੁਰਦੁਅਰਾ ਸਾਹਿਬ ਵਲੋਂ ਹਰ ਮਹੀਨੇ ਕੱਢਿਆ ਜ਼ਾਂਦਾ ਹੈ, `ਚ ਸਰੂਪ ਸਿੰਘ ਅਲੱਗ ਜੀ ਦਾ ਲਿਖਿਆ “ਹਰਿਮੰਦਰ-ਅਠ ਸਠ ਤੀਰਥ” ਪੜ੍ਹਨ ਦਾ ਮੌਕਾ ਮਿਲਿਆ। ਖੁਸ਼ਕਿਸਮਤੀ ਨਾਲ ਸਰੂਪ ਸਿੰਘ ਅਲੱਗ ਜੀ ਨਾਲ 905 453 6446 ਤੇ ਉਹਨਾਂ ਦੇ ਲਿਖੇ ਲੇਖ ਬਾਰੇ ਗੱਲ ਕਰਨ ਦਾ ਮੌਕਾ ਵੀ ਹਾਸਲ ਹੋਇਆ। ਮੇਰਾ ਪਹਿਲਾ ਸੁਆਲ ਇਹ ਸੀ। ਸਰੂਪ ਸਿੰਘ ਅਲੱਗ ਜੀ ਜਿਹੜੇ 68 ਤੀਰਥਾਂ ਦੇ ਫਲ, ਜਿਹੜੇ ਹਿੰਦੂਮੱਤ ਅਨੁਸਾਰ ਮਨੁੱਖ ਨੂੰ ਆਪਣੇ ਕਲਿਆਣ ਲਈ ਚਾਹੀਦੇ ਹਨ ਤੇ ਤੁਹਡੇ ਮੁਤਾਬਕ ਸਾਨੂੰ ਸਿਰਫ ਹਰਿਮੰਦਰ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਪਰਾਪਤ ਹੋ ਸਕਦੇ ਹਨ, ਐਸੇ ਫਲਾਂ ਤੇ ਇਸ਼ਨਾਨਾਂ ਦਾ ਤਾਂ ਗੁਰਬਾਣੀ ਖੰਡਨ ਕਰਦੀ ਹੈ? ਗੁਰਬਾਣੀ ਦੀਆਂ ਪੰਗਤੀਆਂ ਇਸ ਤਰਾਂ ਹਨ:

ਕਾਂਇਆ ਮਾਂਜਸਿ ਕਉਨ ਗੁਨਾਂ॥ ਜਉ ਘਟ ਭਤਿਰਿ ਹੈ ਮਲਨਾਂ॥ 1॥ ਰਹਾਉ॥

ਲਉਕੀ ਅਠਸਠਿ ਤੀਰਥ ਨ੍ਹਾਈ॥ ਕਉਰਾਪਨੁ ਤਊ ਨ ਜਾਈ॥ ਪੰਨਾ 656, ਕਬੀਰ ਸਾਹਿਬ।

ਕਬੀਰ ਸਾਹਿਬ ਆਖਦੇ ਹਨ ਜਿਤਨਾ ਚਿਰ ਤੇਰੇ ਹਿਰਦੇ ਵਿੱਚ ਵਿਕਾਰਾਂ ਦੀ ਮੈਲ ਭਰੀ ਹੋਈ ਹੈ ਉਤਨਾ ਚਿਰ ਇਸ ਸਰੀਰ ਨੂੰ ਬਾਹਰੋਂ ਧੋ ਧੋ ਕੇ ਸੁੱਚਾ ਰੱਖਣ ਨਾਲ ਹਿਰਦਾ ਪਵਿਤਰ ਨਹੀਂ ਹੁੰਦਾ। ਫਿਰ ਦ੍ਰਿਸ਼ਟਾਂਤ ਦਿੰਦੇ ਹਨ ਕਿ ਤੁਮੇ (ਲਉਕੀ) ਦਾ ਅਠਸਠਿ ਤੀਰਥਾਂ ਤੇ ਧੋਣ ਨਾਲ ਵੀ ਕੁੜੱਤਣ ਨਹੀ ਜ਼ਾਂਦੀ।

ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥ ਮ: 1 ਪੰਨਾ 149॥

ਇਸ ਸਾਰੇ ਸਲੋਕ ਵਿੱਚ ਗੁਰੂ ਨਾਨਕ ਦੇਵ ਜੀ ਹਿੰਦੂ ਮੱਤ ਦੇ ਸਿਰ ਖੋਹਣ, ਪਿੰਡ ਪੱਤਲ ਕਿਰਿਆ ਤੇ ਦੀਵੇ ਜਗਾਉਣ, ਮੈਲੇ ਰਹਿਣ ਤੇ ਨਾ ਨਹਾਉਣ, ਫਿਰ 68 ਤੀਰਥਾਂ ਤੇ ਨਹਾਉਣ, ਵਰਤ ਰੱਖਣ ਆਦਿ ਦਾ ਖੰਡਨ ਕਰਕੇ ਆਖਦੇ ਹਨ ਕਿ ਅਠਸਠਿ ਤੀਰਥ ਵੀ ਕੋਈ ਫਾਈਦਾ ਨਹੀਂ ਪਹੁੰਚਾਉਂਦੇ।

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥ ਮ: 1, ਪੰਨਾ 473॥

ਇਸ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਵੀ ਕਬੀਰ ਸਾਹਿਬ ਵਾਲੇ ਸਿਧਾਂਤ ਦੀ ਹੀ ਪ੍ਰੋੜਤਾ ਕਰਦੇ ਹਨ। ਮਨ ਦੀ ਮੈਲ ਸਰੀਰ ਨੂੰ ਧੋਣ ਨਾਲ ਕਦੀ ਨਹੀਂ ਉਤਰਦੀ। ਰਵਾਈਤੀ ਤੀਰਥ ਇਸ਼ਨਾਨਾਂ ਦਾ ਗੁਰਬਾਣੀ ਖੰਡਨ ਕਰਦੀ ਹੈ ਤੇ ਪ੍ਰਚਾਰਕ ਇਸ ਤਰ੍ਹਾਂ ਦੇ ਤੀਰਥ ਭਰਮਣ ਦਾ ਸਿੱਖ ਧਰਮ ਦੀਆਂ ਸਟੇਜ਼ਾਂ ਤੇ ਖੜੇ ਹੋ ਹੋ ਕੇ, ਗਲ ਪਾੜ ਪਾੜ ਕੇ ਪ੍ਰਚਾਰ ਕਰਦੇ ਹਨ। ਮਤਲਬ ਸਾਫ ਹੈ ਕਿ ਲੋਕ ਗੁਰਬਾਣੀ ਤੋਂ ਦੂਰ ਹੀ ਰਹਿਣ। ਜੇ ਕਿਤੇ ਲੋਕਾਂ ਨੂੰ ਗੁਰਬਾਣੀ ਦੀ ਸਮਝ ਪੈ ਗਈ ਤਾਂ ਸਾਡੀਆਂ ਰੋਟੀਆਂ ਦਾ ਕੀ ਬਣੂ?

ਹੁਣ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਅਸਲ ਵਿੱਚ ਅਠਸਠਿ ਤੀਰਥ ਹੈ ਕੀ?

ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗੁ॥ ਅਠਸਠਿ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ॥ ਪੰਨਾ 990, ਮ: 1,

ਬੇਅੰਤ ਉਹ ਵਿਕਾਰੀ ਬੰਦੇ ਵੀ ਪਵਿਤ੍ਰ ਹੋ ਜ਼ਾਂਦੇ ਹਨ ਜਿਹਨਾਂ ਦਾ ਮਨ ਪ੍ਰਮਾਤਮਾਂ ਦੇ ਚਰਨਾਂ/ਸ਼ਬਦਾਂ ਨਾਲ ਜੁੜ ਜ਼ਾਂਦਾ ਹੈ। ਅਠਸਠਿ ਤੀਰਥ ਪ੍ਰਮਾਤਮਾਂ ਦਾ ਨਾਮ ਹੀ ਹੈ ਪਰ ਹੇ ਨਾਨਕ! ਇਹ ਨਾਮ ਉਸ ਨੂੰ ਮਿਲਦਾ ਹੈ ਜਿਸ ਦੇ ਮਸਤਕ ਤੇ ਚੰਗੇ ਭਾਗ ਲਿਖੇ ਹੋਣ।

ਸਰੋਵਰਾਂ ਵਿੱਚ ਨਹਾਉਣ ਬਾਰੇ ਗੁਰਬਾਣੀ ਕੀ ਕਹਿੰਦੀ ਹੈ।

ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡਕ ਨਾਵਹਿ॥ ਜੈਸੇ ਮੇਂਡਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਪਾਵਹਿ॥ ਪੰਨਾ 484, ਭਗਤ ਕਬੀਰ ਜੀ।

ਜੇ ਜਲ ਵਿੱਚ ਨਹਾਉਣ ਨਾਲ ਗਤ ਹੁੰਦੀ ਹੋਵੇ ਤਾਂ ਡੱਡੂ ਦੀ ਗਤ ਹੋਣੀ ਚਾਹੀਦੀ ਹੈ ਕਿਉਂਕਿ ਉਹ ਹਰ ਰੋਜ ਤੇ ਹਰ ਵਕਤ ਨਹਾਉਂਦਾ ਹੀ ਰਹਿੰਦਾ ਹੈ। ਜਿਸ ਤਰ੍ਹਾਂ ਡੱਡੂ ਦਾ ਕੋਈ ਟਿਕਾਣਾ ਨਹੀਂ ਠੀਕ ਇਸੇ ਹੀ ਤਰ੍ਹਾਂ ਜੋ ਇਨਸਾਨ ਤੀਰਥਾਂ ਦਾ ਭਰਮਣ ਕਰਕੇ ਆਪਣੇ ਆਪ ਨੂੰ ਪਵਿਤਰ ਸਮਝਣ ਲੱਗ ਪੈਂਦਾ ਹੈ ਅਸਲ ਵਿੱਚ ਉਹ ਹਰ ਰੋਜ ਦੀ ਜਿੰਦਗੀ ਵਿੱਚ ਮਰਦਾ ਜੰਮਦਾ ਰਹਿੰਦਾ ਹੈ।

ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ॥ ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ॥ ਪੰਨਾ 637, ਮ: 1

ਗੁਰੂ ਸਾਹਿਬ ਆਖਦੇ ਹਨ ਕਿ ਆਪਾਂ ਸਰੀਰ ਨੂੰ ਪਾਣੀ ਨਾਲ ਸਾਫ ਕਰਦੇ ਹਾਂ ਪਰ ਸਰੀਰ ਫਿਰ ਮੈਲਾ ਹੋ ਜ਼ਾਂਦਾ ਹੈ। ਗਿਆਨ ਨਾਲ ਇਸ਼ਨਾਨ ਕਰਨ ਨਾਲ ਮਨ ਤੇ ਤਨ ਦੋਵੇਂ ਸਾਫ ਹੁੰਦੇ ਹਨ। ਤਨ ਤਾਂ ਆਪਾਂ ਸਾਫ ਕਰਨਾ ਹੀ ਹੈ। ਇਹ ਹਰ ਰੋਜ ਦੀ ਕਿਰਿਆ ਹੈ ਨਹੀਂ ਤਾਂ ਬਦਬੂ ਆਉਣ ਲੱਗ ਪਵੇਗੀ। ਇਸ ਕਿਰਿਆ ਦਾ ਮਨੁੱਖ ਦੇ ਚੰਗੇ ਬਣਨ ਨਾਲ ਕੋਈ ਸਬੰਧ ਨਹੀਂ। ਸਿਰਫ ਗਿਆਨ ਦਾ ਸਬੰਧ ਹੈ ਮਨੁੱਖ ਦੇ ਚੰਗੇ ਮਾੜੇ ਹੋਣ ਨਾਲ।

ਕਾਇਆ ਕੂੜਿ ਵਿਗਾੜਿ ਕਾਹੇ ਨਾਈਐ॥ ਨਾਤਾ ਸੋ ਪਰਵਾਣੁ ਸਚੁ ਕਮਾਈਐ॥ ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ॥ ਪੰਨਾ 565, ਮ: 1

ਗੁਰੂ ਨਾਨਕ ਸਾਹਿਬ ਆਖ ਰਹੇ ਹਨ ਕਿ ਮਨ ਨੂੰ ਲਾਲਚ ਨਾਲ ਲਬੇੜ ਕੇ ਤੀਰਥਾਂ ਤੇ ਇਸ਼ਨਾਨ ਕਰਨ ਦਾ ਕੋਈ ਫਾਈਦਾ ਨਹੀਂ। ਉਹੀ ਮਨੁੱਖ ਪ੍ਰਭੂ ਨੂੰ ਪਰਵਾਣ ਹੈ ਜਿਸ ਨੇ ਸੱਚ ਦੀ ਕਮਾਈ ਕੀਤੀ ਹੈ। ਸੱਚ ਦੀ ਕਮਾਈ ਕਰਨ ਨਾਲ ਸੱਚ ਸੱਚੇ ਦੇ ਦਿਲ ਦਿਮਾਗ ਵਿੱਚ ਵਸ ਜ਼ਾਂਦਾ ਹੈ।

ਦੂਸਰਾ ਸਵਾਲ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ 84 ਲੱਖ ਜੂਨਾਂ ਦਾ ਕੋਈ ਸੰਕਲਪ ਨਹੀ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ 84 ਕਦਮ ਮਾਰਕੇ ਹਰਿਮੰਦਰ ਸਾਹਿਬ ਦੀ ਨੀਂਹ ਕਿਉਂ ਰੱਖਣੀ ਸੀ? ਬਾਕੀ ਕਦਮ ਤਾਂ ਛੋਟੇ ਵੱਡੇ ਵੀ ਹੋ ਸਕਦੇ ਹਨ ਤੇ ਹਰ ਵਿਆਕਤੀ ਦੀ ਮਿਣਤੀ ਗਿਣਤੀ ਅਲੱਗ ਹੀ ਹੋਵੇਗੀ। ਫਿਰ 84 ਦੀ ਗਿਣਤੀ ਵਿੱਚ ਫਰਕ ਜ਼ਰੂਰ ਪਵੇਗਾ। ਨਾਲ ਹੀ ਗੁਰਬਾਣੀ ਦੀਆਂ ਤੁਕਾਂ ਸਰੂਪ ਸਿੰਘ ਅਲੱਗ ਜੀ ਨੂੰ ਯਾਦ ਕਰਵਾਈਆਂ।

ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਿਹ ਹਰਿ ਜੀਉ ਤੇਰੋ ਨਾਉ॥ ਪੰਨਾ 669॥

ਚਉਰਾਸੀਹ ਨਰਕ ਸਾਕਤੁ ਭੋਗਾਈਐ॥ ਪੰਨਾ 1028॥

ਚਉਰਾਸੀਹ ਲਖ ਫਿਰੈ ਦਿਵਾਨਾਂ॥ ਪੰਨਾ 1161॥

ਚੌਰਾਸੀਹ (ਇਹ ਇੱਕ ਮੁਹਾਵਰਾ ਹੈ ਭਾਵ ਅਣਗਿਣਤ ਜੂਨਾਂ) ਲੱਖਾਂ ਜੂਨੀਆਂ ਦੇ ਜੀਵ ਝੱਲੇ ਹੋਏ ਫਿਰਦੇ ਹਨ॥ ਪ੍ਰੋ: ਸਾਹਿਬ ਸਿੰਘ।

ਚਾਰ ਖਾਣੀਆਂ ਤੋਂ ਪੈਦਾ ਹੋਣ ਵਾਲੀ ਸਾਰੀ ਕਾਇਨਾਤ ਪਗਲੀ ਹੋਈ ਫਿਰਦੀ ਹੈ।

ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ॥ ਪੰਨਾ 1403, ਸਵਈਏ ਮਹਲੇ ਚਉਥੇ ਕੇ

ਇੱਥੇ ਵੀ ਚਵਰਾਸੀਹ ਦਾ ਮਤਲਬ ਹੈ ਚਾਰ ਉਤਪਤੀ ਦੇ ਤਰੀਕਿਆਂ ਤੋਂ ਹੈ ਜੋ ਉਸ ਵੇਲੇ ਦੇ ਧਾਰਮਿਕ ਲੋਕਾਂ ਨੇ ਮਿੱਥੇ ਹੋਏ ਸਨ ਨਾਲ ਲੱਖਾਂ ਜੂਨਾਂ ਦੇ ਪੈਦਾ ਹੋਣ ਤੋਂ ਹੈ। ਇਹ ਚਾਰ ਤਰੀਕੇ ਹਨ: ਅੰਡਜ ਜੇਰਜ ਸੇਤਜ ਉਤਭੁਜ।

ਅੰਡਜ ਤੋਂ ਮਤਲਬ ਹੈ ਆਡਿਆਂ ਤੋਂ ਪੈਦਾ ਹੋਣ ਵਾਲੇ ਸਾਰੇ ਪੰਛੀ, ਮੱਛੀਆਂ ਸੱਪ ਆਦਿ। ਜੇਰਜ ਤੋਂ ਮਤਲਬ ਹੈ ਜਿਸ ਤਰ੍ਹਾਂ ਇਨਸਾਨ ਜੇਰ ਵਿੱਚ ਲਪੇਟਿਆ ਪੈਦਾ ਹੁੰਦਾ ਹੈ ਤੇ ਪਸੂ ਆਦਿ। ਸੇਤਜ ਤੋਂ ਭਾਵ ਹੈ ਹਵਾ ਵਿੱਚ ਪਸੀਨੇ ਜ਼ਾਂ ਸਿਲਣ ਨਾਲ ਪੈਦਾ ਹੋਏ ਜੀਵ ਜਿਵੇਂ ਜੂਆਂ ਤੇ ਗਿਦੜ ਪੀਹੜੀ, ਅੰਬਰ ਵੇਲ ਆਦਿ। ਉਤਭੁਜ ਭਾਵ ਧਰਤੀ ਵਿੱਚ ਪੈਦਾ ਹੋਣ ਵਾਲੇ ਸਾਰੇ ਜੀਵਾਂ ਜੰਤੂਆਂ ਤੋਂ ਹੈ ਜਿਵੇਂ ਗਡੋਏ ਆਦਿ। 84 ਲੱਖ ਗਿਣਤੀ ਕੀਤੀ ਗਲਤ ਹੋ ਸਕਦੀ ਸੀ ਇੱਸ ਕਰਕੇ ਹੀ ਗੁਰੂ ਸਾਹਿਬਾਂ ਨੇ ਅਭੁੱਲ ਗੁਰੂ ਕਰਤਾਰ ਵਾਲੀ ਗੱਲ ਕੀਤੀ ਹੈ। ਗੁਰੂ ਸਾਹਿਬਾਂ ਨੇ ਕੋਈ ਗਲਤੀ ਨਹੀ ਕੀਤੀ। ਗਲਤੀ ਤਾਂ ਅਸੀਂ ਗਲਤ ਵਿਆਖਿਆ ਕਰਕੇ ਕਰਦੇ ਹਾਂ। ਨਾਨਕ ਨਿਰਮਲ ਪੰਥ ਚਲਾਇਆ ਤਾਂ ਹੀ ਹੋ ਸਕਦਾ ਹੈ ਜੇ ਪਹਿਲੇ ਚੱਲ ਰਹੇ ਪੰਥਾਂ ਤੋਂ ਕੋਈ ਵੱਖਰਾ ਪੰਥ ਹੋਵੇਗਾ। ਜਦੋਂ ਗੁਰੂ ਨਾਨਕ ਸਾਹਿਬ ਹਿੰਦੂ ਮੱਤ ਦੇ ਜੰਮਣ ਤੋਂ ਲੈ ਕੇ ਮਰਣ ਤਕ ਦੇ ਸਾਰੇ ਸੰਸਕਾਰਾਂ ਨੂੰ ਕੱਟਦੇ ਹਨ ਤਾਂ ਫਿਰ 84 ਲੱਖ ਦੀ ਭਰਮ ਪਾਊ ਮਨੌਤ ਨੂੰ ਕਿਊਂ ਨਹੀ ਕੱਟਣਗੇ?

ਤੀਸਰਾ ਸਵਾਲ ਸੀ ਕਿ ਸਰੂਪ ਸਿੰਘ ਅਲੱਗ ਜੀ ਕੀ ਗੁਰਬਾਣੀ 16 ਕਲਾਂ ਨੂੰ ਮੰਨਦੀ ਹੈ? ਜੇ ਨਹੀ ਤਾਂ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਚਾਰੋ ਪਾਸੇ ਸਰੋਵਰ ਦੀ ਡੂੰਘਾਈ 17 ਫੁੱਟ ਕਿਉਂ ਰੱਖਣੀ ਸੀ?

ਫਰਜ਼ ਕਰੋ, ਤੁਹਡੇ ਮੁਤਾਬਕ ਸਰੋਵਰ 16 ਕਲਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ ਤੇ ਕਾਰਣ ਤੁਸੀਂ ਸਰੋਵਰ ਦੀ ਡੂੰਘਾਈ ਦੱਸ ਰਹੇ ਹੋ। ਨਹਿਰੀ ਪਾਣੀ ਹਰਿਮੰਦਰ ਸਰੋਵਰ ਵਿੱਚ ਪੈਣ ਨਾਲ ਸਰੋਵਰ ਦੀ ਡੂੰਘਾਈ ਘੱਟਦੀ ਰਹਿੰਦੀ ਹੈ ਇਸ ਕਰਕੇ ਹੀ ਸਾਨੂੰ ਕਾਰ ਸੇਵਾ ਕਰਨੀ ਪੈਂਦੀ ਹੈ। ਇਤਹਾਸ ਗਵਾਹ ਹੈ। ਫਰਜ਼ ਕਰੋ 10 ਜ਼ਾਂ 12 ਸਾਲਾਂ ਬਾਅਦ ਨਹਰੀ ਪਾਣੀ ਨੇ ਆਪਣੇ ਨਾਲ ਲਿਆਂਦੀ ਮਿੱਟੀ ਤੇ ਰੇਤ ਦੀ ਵਜ੍ਹਾ ਕਰਕੇ ਸਰੋਵਰ ਦੀ ਡੂੰਘਾਈ ਘਟਾ ਕੇ 13 ਜ਼ਾਂ 14 ਫੁੱਟ ਕਰ ਦਿੱਤੀ ਤਾਂ ਕਿਤਨੀਆਂ ਕਲਾਂ ਸਰੋਵਰ ਵਿੱਚੋਂ ਨਿਕਲ ਜਾਣਗੀਆਂ?

ਜਿਥੋਂ ਤਕ ਕਾਂਵਾਂ ਤੇ ਡੱਡੂਆਂ ਦੇ ਸਰੋਵਰ ਵਿੱਚ ਨਾ ਆਉਣ ਦਾ ਸਵਾਲ ਹੈ ਉਹ ਇੱਸ ਤਰ੍ਹਾਂ ਹੈ ਕਿ ਕਾਂ ਤਾਂ ਆਉਂਦਾ ਹੀ ਗੰਦਗੀ ਤੇ ਹੈ। ਜਦੋਂ ਅਸੀਂ ਸ਼ਰਧਾ ਭਾਵਨਾ ਨਾਲ ਹਰਿਮੰਦਰ ਦੀ ਸਫਾਈ ਹੀ ਇਤਨੀ ਕਰਦੇ ਹਾਂ ਕਿ ਸਵਰਗ ਦਾ ਝਲਕਾਰਾ ਪੈਂਦਾ ਦਿਸਦਾ ਹੈ ਤਾਂ ਕਾਂ ਆਵੇਗਾ ਹੀ ਨਹੀਂ। ਬਾਕੀ ਸਰੋਵਰ ਵਿੱਚ ਨਹਿਰ ਦਾ ਪਾਣੀ ਪਾਉਣ ਕਰਕੇ ਡੱਡੂ ਸਰੋਵਰ `ਚ ਹੁੰਦੇ ਹੀ ਨਹੀਂ। ਮੱਛੀਆਂ ਤਾਂ ਸਰੋਵਰ ਵਿੱਚ ਆਮ ਦੇਖਣ ਨੂੰ ਮਿਲਦੀਆਂ ਹਨ। ਪਰ ਤੁਸੀਂ ਡੱਡੂ ਦੇ ਬੋਲਣ ਨੂੰ ਮਾੜਾ ਕਿਸ ਤਰ੍ਹਾਂ ਆਖ ਸਕਦੇ ਹੋ ਜਦੋਂ ਗੁਰਬਾਣੀ ਤਾਂ ਹਰ ਜੀਵ ਜੰਤੂ, ਡੱਡੂ ਦੇ ਬੋਲਣ, ਪੰਖੀਆਂ ਤੇ ਬਿੰਡਿਆਂ ਦੇ ਬੋਲਾਂ ਨੂੰ ਉੱਸ ਪ੍ਰਭੂ ਦਾ ਨਾਮ ਲੈਂਦਾ ਦੱਸਦੀ ਹੈ? ਇੱਥੋਂ ਤਕ ਕਿ ਗੁਰੂ ਨਾਨਕ ਦੇਵ ਜੀ ਤਾਂ ਇਸਤਰੀਆਂ ਦੇ ਰੋਣ ਪਿਟਣ ਤੇ ਸਿਆਪਾ ਕਰਨ ਨੂੰ ਵੀ ਪ੍ਰਭੂ ਦਾ ਨਾਮ ਲੈਂਦੀਆਂ ਹੀ ਦੱਸਦੇ ਹਨ। ਪੰਗਤੀਆਂ ਇੰਜ ਹਨ:

ਹੈ ਹੈ ਕਰਿ ਕੈ ਓਹਿ ਕਰੇਨਿ॥ ਗਲ੍ਹਾ ਪਿਟਨਿ ਸਿਰੁ ਖੋਹੇਨਿ॥ ਨਾਉ ਲੈਨਿ ਅਰੁ ਕਰਨਿ ਸਮਾਇ॥ ਨਾਨਕ ਤਿਨ ਬਲਿਹਾਰੈ ਜਾਇ॥ ਮ: 1, ਪੰਨਾ 1410॥

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਨਹੀ ਹੋਰ॥ ਮ: 4, ਪੰਨਾ 1265॥

ਬਾਕੀ ਸਰੋਵਰ ਦੇ ਪਾਣੀ ਵਿੱਚ ਜਾਲਾ ਕਿਉਂ ਨਹੀਂ ਪੈਂਦਾ? ਸਰੋਵਰ ਦੇ ਛਿਪਦੇ/ਉਤਰ ਵਾਲੇ ਪਾਸੇ ਟਿਊਬਵੈਲ ਲੱਗੇ ਹੋਏ ਹਨ। ਇਹ ਮੈਂਨੁੰ ਨਹੀ ਪਤਾ ਕਿ 15 ਦਿਨ ਜ਼ਾਂ 30 ਦਿੱਨ ਬਾਅਦ ਸਰੋਵਰ ਦਾ ਜਲ/ਪਾਣੀ ਬਦਲਿਆ ਜਾਂਦਾ ਹੈ। ਪਰ ਟਿਊਬਵੈਲ ਨਾਲ ਜਲ ਨੂੰ ਬਦਲਦਿਆਂ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਬਾਕੀ ਗੋਰਿਆਂ ਯਾਤਰੀਆਂ ਨੇ ਜ਼ਾਂ ਲਿਖਾਰੀਆਂ ਨੇ ਹਰਿੰਮਦਰ ਸਾਹਿਬ ਬਾਰੇ ਕੀ ਆਖਿਆ ਹੈ ਉੱਸ ਨੂੰ ਛੱਡ ਦਿਓ। ਗੁਰਬਾਣੀ ਸਿਧਾਂਤ ਦੀ ਤੁਸੀਂ ਗੱਲ ਕਰਦੇ ਹੋ ਤਾਂ ਹਰਿਮੰਦਰ ਦਰਸ਼ਨ ਕਿਤਾਬ ਨੂੰ ਆਪਣੇ ਬਸਤੇ ਵਿੱਚ ਬੰਦ ਕਰ ਲੈਣਾ ਚਾਹੀਦਾ ਹੈ।

ਸਭ ਤੋਂ ਜ਼ਿਅਦਾ ਦੁੱਖ ਮੈਂਨੁੰ ਉੱਸ ਵਕਤ ਹੋਇਆ ਜ਼ਦੋਂ ਮੈਂ ਉਹਨਾਂ ਨੂੰ ਇਹ ਆਖਿਆ ਕਿ:

ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥ ਪੰਨਾ 625, ਮ: 5॥

ਦਾ ਮਤਲਬ ਇਹ ਨਹੀਂ ਜੋ ਤੁਸੀਂ ਕਰ ਰਹੇ ਹੋ ਤੇ ਸਰੂਪ ਸਿੰਘ ਅਲੱਗ ਜੀ ਆਖਣ ਲੱਗੇ ਕਿ ਮੈਨੂੰ ਪਤਾ ਹੈ ਕਿ ਸਰੋਵਰ ਵਿੱਚ ਇਸ਼ਾਨਾਨ ਕਰਨ ਤੋਂ ਭਾਵ ਨਹੀਂ ਪਰ ਲੋਕਾਂ ਨੂੰ ਸਮਝਾਊਣ ਵਾਸਤੇ ਕੁੱਝ ਨਾ ਕੁੱਝ ਤਾਂ ਲਿਖਣਾ ਹੀ ਪਵੇਗਾ। ਇੱਸ ਤੋਂ ਬਾਅਦ ਮੈਂ ਉਹਨਾਂ ਨੂੰ ਫਤਹਿ ਬੁਲਾ ਕੇ ਟੈਲੀਫੂਨ ਕੱਟ ਦਿੱਤਾ। ਸਾਧ ਸੰਗਤ ਜੀ 624 ਤੇ 625 ਪੰਨੇ ਤੇ ਗੁਰੂ ਅਰਜਨ ਦੇਵ ਜੀ ਦੇ ਦੋਵੇਂ ਸਲੋਕ ਇੰਜ ਹਨ।

ਰਾਮਦਾਸ ਸਰੋਵਰ ਨਾਤੇ॥ ਸਭਿ ਉਤਰੇ ਪਾਪ ਕਮਾਤੇ॥ ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥ 1॥ ਸਭਿ ਕੁਸਲ ਖੇਮ ਪ੍ਰਭਿ ਧਾਰੇ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ॥ ਰਹਾਉ॥ ਪੰਨਾ 625, ਮ: 5. ਟੀਕਾਕਾਰ ਪ੍ਰੌ: ਸਾਹਿਬ ਸਿੰਘ।

ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿੱਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ ਠਾਕ ਬਚਾ ਲਏ, ਪ੍ਰਭੂ ਨੇ ਉੱਸ ਦੇ ਹਿਰਦੇ ਵਿੱਚ ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ। ਰਹਾਉ।

ਹੇ ਭਾਈ! ਜਿਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ (ਭਾਵ ਸਾਧ ਸੰਗਤਿ ਤੋਂ ਹੈ) ਇਸ਼ਨਾਨ ਕਰਦੇ ਹਨ ਉਹਨਾਂ ਦੇ ਪਿਛਲੇ (ਇੱਸ ਜਨਮ ਵਿੱਚ ਹੀ ਕੀਤੇ ਕਰਮ) ਕੀਤੇ ਸਾਰੇ ਪਾਪ ਲਹਿ ਜ਼ਾਂਦੇ ਹਨ। ਹਰੀ ਨਾਮ ਜਲ ਨਾਲ ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜ਼ਾਂਦੇ ਹਨ। ਪਰ ਇਹ ਬਖਸ਼ਸ਼ ਪੂਰੇ ਗੁਰੂ ਦੇ ਸਬਦ ਵੀਚਾਰ ਕਰਨ ਨਾਲ ਹੀ ਹੁੰਦੀ ਹੈ।

ਮਿਲਿ ਸਾਧੂ ਦੁਰਮਤਿ ਖੋਏ॥ ਪਤਿਤ ਪੁਨੀਤ ਸਭ ਹੋਏ॥ ਰਾਮਦਾਸ ਸਰੋਵਰਿ ਨਾਤੇ॥ ਸਭ ਲਾਥੇ ਪਾਪ ਕਮਾਤੇ॥ ਪੰਨਾ 624, ਮ: 5॥ ਇਸ ਸਲੋਕ ਦਾ ਮਤਲਬ ਵੀ ਸੱਚ ਨਾਲ ਜੁੜਨ ਤੋਂ ਹੈ। ਸੱਚੇ ਦਾ ਨਾਮ ਵੀ ਸੱਚਾ ਹੀ ਹੈ ਤੇ ਮਨੁੱਖ ਸੱਚ ਨਾਲ ਜੁੜ ਕੇ ਹੀ ਸੱਚਾ ਹੋ ਸਾਕਦਾ ਹੈ। ਸਰੋਵਰ ਵਿੱਚ ਟੁਭੀ ਮਾਰਕੇ ਪਵਿਤ੍ਰ ਹੋਣ ਦਾ ਸੌਖਾ ਤਰੀਕਾ ਸਾਨੂੰ ਸਿੱਖੀ ਰੂਪ ਵਿੱਚ ਪ੍ਰਵੇਸ਼ ਹੋ ਚੁੱਕੇ ਪੰਡਿਤਾਂ ਨੇ ਹੀ ਦੱਸਿਆ। ਸ਼੍ਰੋ: ਗੁ: ਪ੍ਰ: ਕਮੇਟੀ ਵੀ ਇਹੀ ਪੰਗਤੀਆਂ ਦਰਬਾਰ ਸਾਹਿਬ ਦੀਆਂ ਕੰਧਾਂ ਉਪਰ ਲਿਖ ਕੇ ਭੋਲੇ ਭਾਲੇ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਫਸਾ ਕੇ, ਗੁਰੂ ਆਦੇਸ਼ ਤੋਂ ਉਲਟ, ਸੰਗਤਾਂ ਨੂੰ ਗੁਮਰਾਹ ਕਰਕੇ ਹੀ ਆਪਣਾ ਉਲੂ ਸਿੱਧਾ ਕਰ ਰਹੀ ਹੈ। ਲੋਕੋ ਸੋਚੋ ਕੀ ਇੱਹ ਸਿੱਖੀ ਹੈ ਜੋ ਸਾਡੇ ਧਰਮ ਦੇ ਲੋਟੂ ਪ੍ਰਬੰਧਕ ਸਾਨੂੰ ਸਿੱਖਾ ਰਹੇ ਹਨ? ਪਰ ਸਿੱਖ ਧਰਮ ਦੇ ਗਿਆਤਾ ਭਾਈ ਗੁਰਦਾਸ ਜੀ ਸਿੱਖੀ ਦੀ ਪ੍ਰੀਭਾਸ਼ਾ ਆਪਣੀਆਂ ਵਾਰਾਂ ਵਿੱਚ ਇੰਜ ਦਿੰਦੇ ਹਨ।

ਗੁਰਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ। ਓਥੈ ਟਿਕੈ ਨ ਭੁਣਹਣਾ ਚਲਿ ਨ ਸਕੈ ਉਪਰਿ ਕੀੜੀ।

ਵਾਲਹੁ ਨਿਕੀ ਆਖੀਐ ਤੇਲੁ ਤਿਲਹੁ ਲੈ ਕੋਲ੍ਹੂ ਪੀੜੀ। ਗੁਰਮੁਖਿ ਵੰਸੀ ਪਰਮ ਹੰਸ ਖਰਿ ਨੀਰ ਨਿਰਨਉ ਚੁੰਜਿ ਵੀੜੀ॥ ਵਾਰ 11, ਭਾਈ ਗੁਰਦਾਸ॥ ਸਿੱਖੀ ਨੂੰ ਸਮਝਣ ਵਾਸਤੇ ਸਮਾਂ ਚਾਹੀਦਾ ਹੈ।

ਸਾਰੀ ਸਿੱਖ ਸੰਗਤ ਨੂੰ ਇੱਹ ਅਪੀਲ ਹੈ ਕਿ ਉਹ ਇਸ ਕਿਤਾਬ ਨੂੰ ਸਿੱਖੀ ਸਿਧਾਂਤ/ਗੁਰਬਾਣੀ ਮੁਤਾਬਕ ਨਾਪਣ ਤੋਲਣ ਦੀ ਕੋਸ਼ਿਸ਼ ਕਰਨ। ਇੱਕ ਹੋਰ ਲੇਖ ਵਿੱਚ ਸਰੂਪ ਸਿੰਘ ਅਲੱਗ ਜੀ ਗੁਰੂ ਨਾਨਕ ਪਾਤਸ਼ਾਹ ਦੇ ਮੂੰਹ ਵਿੱਚੋਂ ਇੱਹ ਲਫਜ਼ ਕਢਵਾ ਰਹੇ ਹਨ ਕਿ ਮਰਦਾਨਿਆਂ ਇੱਹ ਥਾਂ, ਜਿੱਥੇ ਹੁਣ ਅਮ੍ਰਿਤਸਰ ਵਸਿਆ ਹੋਇਆ ਹੈ, ਬੜੀ ਪਵਿਤਰ ਹੈ। ਇਸ ਤਰ੍ਹਾਂ ਕੋਈ ਥਾਂ ਪਵਿਤਰ ਨਹੀਂ ਹੁੰਦੀ। ਜੇ ਇੱਕ ਥਾਂ ਪਵਿਤਰ ਹੁੰਦੀ ਹੈ ਤਾਂ ਦੂਜੀ ਥਾਂ ਜ਼ਰੂਰ ਮਾੜੀ ਵੀ ਹੋਵੇਗੀ। ਪਰ ਜੋ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੈ ਉੱਹ ਠੀਕ ਹੀ ਬਣਾਇਆ ਹੈ ਤਾਂ ਇੱਕ ਥਾਂ ਦੇ ਪਵਿਤਰ ਹੋਣ ਤੇ ਦੂਜੀ ਦੇ ਅਪਵਿਤਰ/ ਮਾੜਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਥਾਂ ਪਵਤਿਰ ਕਦੋਂ ਹੁੰਦੀ ਹੈ ਇੱਸ ਬਾਰੇ ਗੁਰਬਾਣੀ ਕੀ ਆਖਦੀ ਹੈ।

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਨੁ ਸੁਹਾਵਾ ਰਾਮ ਰਾਜੇ॥ ਪੰਨਾ 450, ਮ: 4

ਮੁਫਤ ਵੰਡਣ ਦਾ ਢੰਢੋਰਾ ਪਿਟਕੇ 2000 ਡਾਲਰ ਤੋਂ ਜ਼ਿਆਦਾ ਉਗਰਾ ਲਿਆ 200 ਕਿਤਾਬ ਦਾ।

ਗੁਰੂ ਪੰਥ ਦਾ ਦਾਸ॥

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

www.singhsabhacanada.com




.