.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 14

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਸੰਸਾਰ ਵਿੱਚ ਸੁਖੀ ਉਹ ਹੀ ਇਨਸਾਨ ਰਹਿ ਸਕਦਾ ਹੈ ਜੋ ਆਪਣੇ ਅੰਦਰੋਂ ਹਊਮੇ ਨੂੰ ਮਾਰ ਲੈਂਦਾ ਹੈ ਪਰ ਬਹੁਤਾ ਹੰਕਾਰ ਕਰਨ ਵਾਲਾ ਆਪਣੇ ਹੰਕਾਰ ਵਿੱਚ ਹੀ ਗਲ਼ ਜਾਂਦਾ ਹੈ।

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥

ਬਡੇ ਬਡੇ ਹੰਕਾਰੀਆ ਨਾਨਕ ਗਰਬਿ ਗਲੇ॥

ਭੂਗੋਲਿਕ ਤਲ `ਤੇ ਕੋਈ ਵੱਖਰਾ ਨਰਕ ਸਵਰਗ ਨਹੀਂ ਹੈ, ਸਿਰਫ ਮਨੁੱਖ ਆਪਣੇ ਨਿਜੀ ਸੁਭਾਅ ਕਰਕੇ ਹੀ ਨਰਕ, ਸਵਰਗ ਤੇ ਜੂਨਾਂ ਵਿੱਚ ਪਿਆ ਹੋਇਆ ਹੈ ਸੁਖਮਨੀ ਕੈਸਾ ਸੁੰਦਰ ਰਾਹ ਖੋਲ੍ਹਦੀ ਹੈ, ਪਰ ਅਸੀਂ ਅਜੇ ਵੀ ਭਰਮ ਭੁਲੇਖਿਆਂ ਵਿੱਚ ਪਏ ਹੋਏ ਹਾਂ।

ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੁ ਨਰਕ ਪਾਤੀ ਹੋਵਤ ਸੁਆਨੁ॥

ਜਿਸ ਮਨੁੱਖ ਦੇ ਅੰਦਰ ਕੁਰਸੀ ਦੀ ਭਾਵਨਾ ਕੰਮ ਕਰ ਰਹੀ ਹੈ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਅਸਲ ਵਿੱਚ ਉਹ ਇਸ ਜ਼ਮੀਨੀ ਤਲ `ਤੇ ਹੀ ਕੁੱਤੇ ਦੇ ਸੁਭਾਅ ਵਿੱਚ ਵਿਚਰ ਕੇ ਨਰਕ ਭੋਗ ਰਿਹਾ ਹੈ। ਜੇ ਇਹ ਦਾਆਵਾ ਕਰ ਰਿਹਾ ਹੈ ਕਿ ਮੈਂ ਖੂਬਸੂਰਤ ਬਹੁਤ ਹਾਂ ਉਹ ਅਸਲ ਗੰਦਗੀ ਦਾ ਕੀੜਾ ਹੈ। ਜੇ ਇਹ ਦੱਸਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ ਮੇਰੇ ਤਾਂ ਜੀ ਕੰਮ ਹੀ ਬਹੁਤ ਵਧੀਆ ਹਨ ਤਾਂ ਫਿਰ ਤੂੰ ਏਸੇ ਜਨਮ ਵਿੱਚ ਹੀ ਕਈ ਪ੍ਰਕਾਰ ਦੀਆਂ ਜੂਨਾਂ ਭੋਗ ਰਿਹਾਂ ਏਂ।

ਜੋ ਜਾਨੈ ਮੈ ਜੋਬਨਵੰਤੁ॥ ਸੋ ਹੋਵਤ ਬਿਸਟਾ ਕਾ ਜੰਤੁ॥

ਆਪਸ ਕਉ ਕਰਮਵੰਤੁ ਕਹਾਵੈ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ॥

ਮੂਰਖ ਤੇ ਅਕਲੋਂ ਅੰਨ੍ਹੇ ਦੀ ਵਿਆਖਿਆ ਕਰਦਿਆਂ ਸੁਖਮਨੀ ਦਾ ਸਿੱਧਾ ਵਿਚਾਰ ਹੈ:--

ਧਨ ਭੂਮਿ ਕਾ ਜੋ ਕਰੈ ਗੁਮਾਨੁ॥ ਸੋ ਮੂਰਖੁ ਅੰਧਾ ਅਗਿਆਨੁ॥

ਇਕ ਹੱਲ ਵੀ ਦੱਸਿਆ ਹੈ ਕਿ ਜੇ ਮਨੁੱਖ ਗੁਰੂ ਦੀ ਕ੍ਰਿਪਾ ਦਾ ਪਾਤਰ ਬਣ ਜਾਏ ਤਾਂ ਭਾਵ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੇ ਤਾਂ ਇਸ ਦੀਆਂ ਦੁਸ਼ਾਵਰੀਆਂ ਦੂਰ ਵੀ ਹੋ ਸਕਦੀਆਂ ਹਨ:--

ਗੁਰਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ॥ ਸੋ ਜਨੁ ਨਾਨਕ ਦਰਗਹ ਪਰਵਾਨੁ॥

ਸਾਧ-ਲਾਣੇ ਪਾਸ ਮਿਆਰੀ ਵਿਦਿਆ ਦੀ ਘਾਟ ਕਰਕੇ ਇਸ ਨੇ ਆਮ ਲੁਕਾਈ ਨੂੰ ਨਰਕ ਤੇ ਸਵਰਗ ਦੇ ਜਾਲ ਵਿੱਚ ਅਜੇਹਾ ਫਸਾਇਆ ਹੋਇਆ ਹੈ ਕਿ ਜਿਵੇਂ ਇਹ ਨਰਕ-ਸਵਰਗ ਆਪ ਦੇਖ ਕੇ ਆਏ ਹੋਣ, ਦਰ-ਅਸਲ ਏਸੇ ਨਰਕ ਸਵਰਗ ਕਰਕੇ ਹੀ ਇਹਨਾਂ ਦੀ ਰੋਟੀ ਚੱਲਦੀ ਹੈ।

ਕੋਈ ਮੁਸਲਮਾਨ ਵੀਰ ਸਵੇਰੇ ਸਵੇਰੇ ਨਿਮਾਜ ਅਦਾ ਕਰਕੇ ਆਇਆ ਰਿਹਾ ਸੀ ਪਰ ਰਸਤੇ ਵਿੱਚ ਸੁੱਤੇ ਹੋਏ ਲੋਕਾਂ ਨੂੰ ਦੇਖ ਦੇਖ ਕੇ ਕਹੀ ਜਾ ਰਿਹਾ ਸੀ ਕਿ ਇਹ ਸਾਰੇ ਨਰਕਾਂ ਨੂੰ ਜਾਣਗੇ। ਕੋਲ ਖੜੇ ਸਿਆਣੇ ਬੰਦੇ ਨੇ ਕਿਹਾ ਕੇ ਇਹ ਤੇ ਭਾਵੇਂ ਨਰਕਾਂ ਨੂੰ ਨਾ ਜਾਣ ਪਰ ਤੂੰ ਜ਼ਰੂਰ ਜਾਂਏਗਾ ਕਿਉਂਕਿ ਇੱਕ ਦਿਨ ਦੀ ਨਿਮਾਜ ਨਾਲ ਹੀ ਹੰਕਾਰ ਦੀਆਂ ਪੰਡਾਂ ਚੁੱਕ ਲਈਆਂ ਈਂ। ਚਿੱਟੇ ਬਗਲਿਆਂ ਵਰਗੇ ਸਾਧਾਂ ਦੇ ਚੋਲ਼ਿਆਂ ਤੋਂ ਤਾਂ ਇੰਜ ਹੀ ਲੱਗਦਾ ਹੈ ਕਿ ਇਹਨਾਂ ਵਾਸਤੇ ਸ਼ਾਇਦ ਸਵਰਗ ਵੀ ਬਹੁਤ ਸੁੰਦਰ ਬਣਿਆ ਹੋਏਗਾ। ਦੂਜਿਆਂ ਲਈ ਨਰਕ ਬਣਿਆ ਹੋਏਗਾ, ਪਰ ਸੁਖਮਨੀ ਦੀ ਬਾਣੀ ਅਜੇਹੇ ਬਨਾਉਟੀ, ਪਾਖੰਡੀਆਂ ਦੇ ਪਾਜ ਉਘ੍ਹੇੜਦਿਆਂ ਸਪਸ਼ੱਟ ਵਿਚਾਰ ਦੇ ਰਹੀ ਹੈ ਕਿ:---

ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰ ਫਿਰ ਅਵਤਾਰ॥

ਵੈਰ ਵਿਰੋਧ ਦੀ ਭਾਵਨਾ ਰੱਖਣ ਵਾਲੇ ਦੇ ਮਨ ਵਿੱਚ ਕਦੇ ਵੀ ਸ਼ਾਂਤੀ ਨਹੀਂ ਆ ਸਕਦੀ।

ਜਬ ਧਾਰੈ ਕਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ॥

ਗੁਰੂ ਜੀ ਦੇ ਵਿਚਾਰ ਦੁਆਰਾ ਪ੍ਰਭੂ ਮਿਲਾਪ ਹੁੰਦਾ ਹੈ ਤੇ ਇਸ ਵਿਚਾਰ (ਨਾਮ) ਦੁਆਰਾ ਵਿਕਾਰਾਂ ਦੇ ਬੰਧਨ ਟੁੱਟਦੇ ਹਨ।

ਪ੍ਰਭ ਕ੍ਰਿਪਾ ਬੰਧਨ ਤੂਟੈ॥ ਗੁਰਪ੍ਰਸਾਦਿ ਨਾਨਕ ਹਉ ਛੁਟੈ॥

ਦੁਨੀਆਂ ਦੀ ਸਾਰੀ ਦੌਲਤ ਨੂੰ ਇਕੱਠਿਆਂ ਕਰਨ ਨਾਲ ਮਨੁੱਖ ਦੀ ਭੁੱਖ ਕਦੇ ਵੀ ਦੂਰ ਨਹੀਂ ਹੋ ਸਕਦੀ, ਘਰਾਂ ਦੀਆਂ ਲੜਾਈਆਂ ਦਾ ਮੂਲ ਕਾਰਨ ਸੰਤੋਖ ਦੀ ਘਾਟ ਹੈ। ਜਿੰਨਾਂ ਚਿਰ ਸੰਤੋਖ ਦੀ ਭਾਵਨਾ ਪੈਦਾ ਨਹੀਂ ਹੁੰਦੀ ਉਨਾਂ ਚਿਰ ਆਦਮੀ ਦੀ ਭੁੱਖ ਦੂਰ ਨਹੀਂ ਹੋ ਸਕਦੀ। ਫਰਮਾਣ ਹੈ:--- “ਬਿਨਾ ਸੰਤੋਖ ਨਾਹੀ ਕੋਊ ਰਾਜੈ॥ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ”॥

ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਪਰ ਇਸ ਦੀ ਸਮਝ ਉਸ ਨੂੰ ਹੀ ਪਈ ਹੈ ਜਿਸ ਨੈ ਗੁਰੂ ਨਾਲ ਸਾਂਝ ਪਾਈ ਹੈ:--

ਸਤਿ ਸਤਿ ਸਤਿ ਪ੍ਰਭੁ ਸੁਆਮੀ॥ ਗੁਰ ਪਰਸਾਦਿ ਕਿਨੈ ਵਖਿਆਨੀ॥

ਪ੍ਰਭੂ ਨਾਮ ਨਾਲ ਪ੍ਰੀਤ ਪਾਉਣਾ ਵਾਲਾ, ਸੁਭਾਅ ਵਿੱਚ ਪਵਿੱਤ੍ਰਤਾ ਲੈ ਆਉਂਦਾ ਹੈ, ਨਾਮ ਜਪਣ ਨਾਲ ਮਨ ਵਿੱਚ ਚਾਉ ਪੈਦਾ ਹੁੰਦਾ ਹੈ ਨਾਮ ਜਪਣ ਦਾ ਅਰਥ ਉਸ ਦੇ ਗੁਣਾਂ ਨੂੰ ਮਨ ਵਿੱਚ ਵਸਾਉਣਾ ਹੈ:--

ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ॥ ਨਾਮੁ ਜਪੈ ਨਾਨਕ ਮਨਿ ਪ੍ਰੀਤਿ॥

ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ੧੪੩੦ ਪੰਨੇ ਵਾਲੀ ਬੀੜ ਵਿੱਚ ਲੱਗ-ਪੱਗ ੫੮੬੭ ਸ਼ਬਦ (ਮਹਾਨ ਕੋਸ਼) ਅੰਕਤ ਹਨ ਪਰ ਜਦੋਂ ਦਾ ਸੰਤ –ਲਾਣਾ ਹੋਂਦ ਵਿੱਚ ਆਇਆ ਹੈ ਇਹਨਾਂ ਨੂੰ ਬਾਕੀ ਦੀ ਗੁਰਬਾਣੀ ਦਿੱਸੀ ਹੀ ਨਹੀਂ ਹੈ ਕਿਉਂਕਿ ਇਹ ਕੇਵਲ ਸੁਖਮਨੀ ਦੀ ਬਾਣੀ ਨੂੰ ਹੀ ਪੜ੍ਹਨ ਲਈ ਕਹਿੰਦੇ ਹਨ। ਇਸ ਪਾਵਨ ਬਾਣੀ ਵਿੱਚ ਸਾਧ, ਬ੍ਰਹਮ ਗਿਆਨੀ ਅਤੇ ਸੰਤ ਸ਼ਬਦ ਆਇਆ ਹੈ ਇਸ ਲਈ ਏਸੇ ਹੀ ਬਾਣੀ ਵਿਚੋਂ ਪ੍ਰਮਾਣ ਦੇਂਦੇ ਹਨ ਤੇ ਏਸੇ ਬਾਣੀ ਦਾ ਪਾਠ ਤੇ ਕੀਰਤਨ ਕਰਦੇ ਹਨ। ਜਦ ਇਹਨਾਂ ਦਾ ਏਨੀ ਗੱਲ ਨਾਲ ਹੀ ਮਸਲਾ ਹੱਲ ਹੁੰਦਾ ਹੋਵੇ ਤਾਂ ਫਿਰ ਇਹਨਾਂ ਨੂੰ ਬਾਕੀ ਬਾਣੀ ਪੜ੍ਹਨ ਦੀ ਕੀ ਲੋੜ ਹੈ। ਸੁਖਮਨੀ ਵਿੱਚ ਆਏ ਸੰਤ ਸ਼ਬਦ ਦੀ ਵਿਚਾਰ ਕਰਨੀ ਅਤੀ ਜ਼ਰੂਰੀ ਹੈ। ਕੀ ਇਹ ਸੰਤ ਸ਼ਬਦ ਇਹਨਾਂ ਸਾਧਾਂ ਲਈ ਆਇਆ ਹੈ? ਜੇ ਇਹ ਸ਼ਬਦ ਇਹਨਾਂ ਸਾਧਾਂ ਲਈ ਆਇਆ ਹੈ ਤਾਂ ਸਾਨੂੰ ਗੁਰੂਆਂ ਦੀ ਹਜ਼ੂਰੀ ਵਾਲੇ ਸੰਤ ਵੀ ਲੱਭਣੇ ਪੈਣਗੇ। ਜੇ ਅੱਜ ਨਾਮ ਧਰੀਕ ਸੰਤਾਂ ਦੀ ਜ਼ਰੂਰਤ ਹੈ ਤਾਂ ਗੁਰੂ ਕਾਲ ਵਿੱਚ ਵੀ ਇਹਨਾਂ ਦੀ ਜ਼ਰੂਰਤ ਹੋਏਗੀ।




.