.

ਅਧਕਾਂ ( ੱ) ਦਾ ਛੱਟਾ

ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ

ਕੁਝ ਸਮਾ ਹੋਇਆ ਇੱਕ ਦਿਨ ਸ਼ਾਮ ਨੂੰ ਗੁਰਦੁਅਰਾ ਦੀਵਾਨ ਅਸਥਾਨ ਮੰਜੀ ਸਹਿਬ, ਅੰਮ੍ਰਿਤਸਰ ਵਿਖੇ, ਕੁੱਝ ਧਾਰਮਿਕ ਦਿਖ ਵਾਲੇ ਵਿਅਕਤੀਆਂ ਦਰਮਿਆਨ ਚੱਲ ਰਹੀ ਗੱਲ ਬਾਤ ਸਮੇ, ਇੱਕ ਸਿੰਘ ਬੋਲਿਆ, “ਸਿੰਘ ਸਾਹਿਬ ਵੇਦਾਂਤੀ ਜੀ ਤਾਂ ਇਉਂ ਲਗਦਾ ਹੈ ਕਿ ਜਿਵੇਂ ਪਾਠ ਕਰਨ ਸਮੇ ਬਿੰਦੀਆਂ ਦਾ ਟੋਕਰਾ ਭਰ ਕੇ ਆਪਣੇ ਕੋਲ਼ ਰਖਦੇ ਨੇ ਤੇ ਜਿਥੇ ਜੀ ਕਰਦਾ ਏ ਓਥੇ ਹੀ ਚੁਕ ਚੁਕ ਜੜੀ ਜਾਂਦੇ ਨੇ।”

ਉਸ ਸਜਣ ਦੀ ਇਸ ਗੱਲ ਤੋਂ ਵਿਚਾਰ ਆਇਆ ਕਿ ਕੁੱਝ ਲਿਖਾਰੀ, ਪਰਚਿਆਂ ਵਾਲੇ ਤੇ ਪ੍ਰਕਾਸ਼ਕ ਵੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਵਰਗਾ ਵਰਤਾਵਾ ਅਧਕ ਨਾਲ ਵੀ ਕਰਦੇ ਹਨ। ਮੈ ਹੈਰਾਨ ਹੁੰਦਾ ਹਾਂ ਕਿ ਮੇਰੇ ਭੇਜੇ ਗਏ ਲੇਖਾਂ ਵਿਚਲੇ ਕੁਝ, ਸਭ, ਆਦਿ ਸਬਦਾਂ ਉਪਰ ਬੇਲੋੜੇ ਅਧਕ ਕਿਉਂ ਜੜ ਦਿਤੇ ਜਾਂਦੇ ਨੇ! ਮੇਰੇ ਇਸ ਬਾਰੇ ਇਤਰਾਜ਼ ਕਰਨ ਤੇ ਇੱਕ ਬਹੁਤ ਹੀ ਯੋਗ ਸੰਪਾਦਕ ਨੇ ਤਾਂ ਨਾਰਾਜ਼ਗੀ ਦਾ ਪ੍ਰਗਟਾਵਾ ਵੀ ਕਰ ਦਿਤਾ। ਮੈ ਹੈਰਾਨ ਸਾਂ ਕਿ ਸੰਪਾਦਕਾਂ ਤੇ ਪ੍ਰਕਾਸ਼ਕਾਂ ਪਾਸ ਏਨਾ ਸਮਾ ਫਾਲਤੂ ਕਿਵੇ ਹੁੰਦਾ ਹੈ ਕਿ ਮੇਰੀਆਂ ਲਿਖਤਾਂ ਨੂੰ ਸੋਧਣ ਸਮੇ ਉਹ ਅਜਿਹੀਆਂ ‘ਗਲਤੀਆਂ’ ਨੂੰ ‘ਦਰੁਸਤੀਆਂ’ ਵਿੱਚ ਬਦਲ ਸਕਣ! ਥੋਹੜੇ ਦਿਨ ਹੋਏ ਪਤਾ ਲਗਾ ਹੈ ਕਿ ਅੰਗ੍ਰੇਜ਼ੀ ਵਾਂਗ ਹੀ ਪੰਜਾਬੀ ਦਾ ਵੀ ਸਪੈਲਿੰਗ ਸੋਧਣ ਵਾਲਾ ਕੋਈ ਪ੍ਰੋਗਰਾਮ ਬਣ ਚੁਕਾ ਹੈ, ਜਿਸਦੀ ਸਹਾਇਤਾ ਨਾਲ ਸੰਪਾਦਕ ਸਪੈਲਿੰਗ ਸੋਧਦੇ ਹਨ ਤੇ ਉਸ ਪ੍ਰੋਗਰਾਮ ਵਿੱਚ ਅਜਿਹੀਆਂ ਗਲਤੀਆਂ ਪਹਿਲਾਂ ਹੀ ‘ਪ੍ਰੋਗਰਾਮਡ’ ਹੁੰਦੀਆਂ ਹਨ ਤੇ ਇਸ ਤਰ੍ਹਾਂ ਮੇਰੇ ਸਪੈਲਿੰਗ ਬਦਲ ਜਾਂਦੇ ਹਨ।

ਵੈਸੇ ਤਾਂ ਪੰਜਾਬੀ ਦੇ ਸ਼ਬਦ ਜੋੜਾਂ ਵਿੱਚ ਐਸੀ ਆਪਾ ਧਾਪੀ ਪਈ ਹੋਈ ਹੈ ਕਿ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ:

ਅੰਨ੍ਹੀ ਕਉ ਬੋਲ਼ਾ ਘੜੀਸੈ॥ ਨ ਉਸ ਸੁਣੈ ਨ ਉਸ ਦੀਸੈ॥

ਵਾਲ਼ੀ ਹਾਲਤ ਹੀ ਹੈ। ਇੰਟਰਨੈਟ ਤੇ ਕੰਪਿਊਟਰ ਦੇ ਸਦਕਾ ਬਹੁਤ ਸਾਰੇ ਪਰਚੇ ਲਿਖਾਰੀਆਂ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਜ਼ਹਿਮਤ ਉਠਾਏ ਬਿਨਾ ਹੀ, ਜਿਵੇਂ ਉਹ ਲਿਖ ਕੇ ਘੱਲਦੇ ਹਨ ਓਵੇਂ ਹੀ ਛਾਪ ਦਿੰਦੇ ਹਨ। ਹਰੇਕ ਵਿਦਵਾਨ ਆਪਣੇ ਸ਼ਬਦ ਜੋੜਾਂ ਨੂੰ ਸਹੀ ਤੇ ਦੂਸਰੇ ਦਿਆਂ ਨੂੰ ਇਮਾਨਦਾਰੀ ਨਾਲ਼ ਗ਼ਲਤ ਸਮਝਦਾ ਹੈ। ਪਹਿਲਾਂ ਲੇਖਕ ਹੱਥ ਲਿਖਤ ਰਚਨਾਵਾਂ ਪਰਚਿਆਂ ਦੇ ਸੰਪਾਦਕਾਂ ਨੂੰ ਭੇਜਿਆ ਕਰਦੇ ਸਨ। ਇਸ ਤਰ੍ਹਾਂ ਪ੍ਰੋਫੈਸਨਲ ਕੰਪੋਜ਼ਰ ਕੰਪੋਜ਼ ਕਰਨ ਸਮੇ ਉਹਨਾਂ ਨੂੰ ਸੋਧ ਕੇ ਸ਼ੁਧਤਾਈ ਦੇ ਵਾਹਵਾ ਨੇੜੇ ਲੈ ਆਇਆ ਕਰਦੇ ਸਨ। ਉਸ ਸਮੇ ਹੁਣ ਨਾਲ਼ੋਂ ਕਿਤੇ ਘਟ ਇਹ ‘ਘੀਚਮ-ਚੋਲ਼ਾ’ ਪੈਂਦਾ ਸੀ।

ਇਸ ਸਾਰੇ ਕੁੱਝ ਨੂੰ ਪਾਸੇ ਵੀ ਛੱਡ ਦਈਏ ਤੇ ਇਕੱਲੇ ਅਧਕ ੱ ਦੀ ਹੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗੂਗਾ ਕਿ ਅਧਕ ੱ ਇੱਕ ਅਜਿਹਾ ‘ਗਰੀਬ’ ਚਿੰਨ੍ਹ ਹੈ ਜਿਸ ਦੀ, ਪੰਜਾਬੀ ਦੇ ਲੇਖਕ, ਕੰਪੋਜ਼ਰ, ਪ੍ਰਕਾਸ਼ਕ ਆਦਿ ਸਭ ਤੋਂ ਵਧ ਦੁਰਵਰਤੋਂ ਕਰਦੇ ਹਨ। ਜਿਥੇ ਇਸਦੀ ਲੋੜ ਹੋਵੇ ਓਥੇ ਇਸਨੂੰ ਲਾਉਣਾ ਨਹੀ ਤੇ ਜਿਥੇ ਨਾ ਲੱਗਦਾ ਹੋਵੇ ਓਥੇ ਜ਼ਰੂਰ ਲਾ ਦਿੰਦੇ ਹਨ। ਖਾਸ ਕਰਕੇ ਪੱਛਮੀ ਪੰਜਾਬ ਤੋਂ ਆਏ ਹੋਏ ਲੇਖਕ ਸੱਜਣਾਂ ਨੇ ਤਾਂ ਜਿਵੇਂ ਕਿਤੇ ਤਹੱਈਆ ਹੀ ਕੀਤਾ ਹੋਇਆ ਹੋਵੇ ਇਸ ਵਿਚਾਰੇ ਅਧਕ ੱ ਦੀ ਮਿੱਟੀ ਪਲੀਤ ਕਰਨ ਦਾ। ਦਿੱਲੀ ਯੂਨੀਵਰਸਿਟੀ ਦੇ ਇੱਕ ਸਾਬਕ ਪ੍ਰੋਫ਼ੈਸਰ ਸਾਹਿਬ ਜੀ ਤੋਂ ਪਤਾ ਲੱਗਾ ਕਿ ਪੋਠੋਹਾਰ ਦੇ ਇਲਾਕੇ ਵਿਚੋਂ ਆਉਣ ਵਾਲ਼ੇ ਲੇਖਕਾਂ ਦਾ ਨਾਂ ਹੀ ਉਹਨਾਂ ਵਿੱਦਿਅਕ ਦਾਇਰੇ ਵਿਚ, ਮਖੌਲ ਵਜੋਂ, ਅਧਕਾਂ ਪਾਇਆ ਹੋਇਆ ਸੀ; ਕਿਉਂਕਿ ਉਹ ਅਕਸਰ ਹੀ ਇਸਦੀ ਬੇਲੋੜੀ ਤੇ ਵਾਧੂ ਵਰਤੋਂ ਕਰਦੇ ਸਨ/ਹਨ। ਉਹਨਾਂ ਦੀਆਂ ਲਿਖਤਾਂ ਪੜ੍ਹਕੇ ਵੇਖੋ; ਜਿਥੇ ਲੋੜ ਹੋਵੇਗੀ ਓਥੇ ਇਸਨੂੰ ਨਹੀ ਲਾਉਣਗੇ ਤੇ ਜਿਥੇ ਨਹੀ ਲੋੜ ਹੋਵੇਗੀ ਓਥੇ ਜ਼ਰੂਰ ਹੀ ਇਸ ਵਿਚਾਰੇ ਨੂੰ ਟੰਗ ਦੇਣਗੇ। ਅਸੀਂ ਅਜੇ ਤੱਕ ਇਹ ਨਹੀ ਜਾਣ ਸਕੇ ਕਿ ਅਧਕ ਕੇਵਲ ਜਿਸ ਅੱਖਰ ਦਾ ਦੋਹਰਾ ਉਚਾਰਣ ਹੋਵੇ, ਉਸ ਤੋਂ ਪਹਿਲੇ ਅੱਖਰ ਉਪਰ ਹੀ ਲਾਇਆ ਜਾਂਦਾ ਹੈ; ਹੋਰ ਕਿਤੇ ਨਹੀ। ਜਿਥੇ ਸ਼ੱਕ ਹੋਵੇ ਅਰਥਾਤ ਪੂਰਾ ਯਕੀਨ ਨਾ ਹੋਵੇ ਓਥੇ ਇਸਨੂੰ ਲਾਉਣ ਦੀ ਕੋਈ ਲੋੜ ਨਹੀ; ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਮਿਸਾਲ ਵਜੋਂ: ਵਰਤਮਾਨ ਸਮੇ ਅੰਦਰ ਪੱਤਰਾਂ ਦੇ ਸੰਪਾਦਕ ਸ਼ਬਦ ‘ਕੁਝ’ ਦੇ ਉਪਰ ਬੇਲੋੜਾ ਅਧਕ ਲਾ ਕੇ ਇਸਨੂੰ ‘ਕੁੱਝ’ ਬਣਾਉਣ ਵਿੱਚ ਅਣਗਹਿਲੀ ਨਹੀ ਕਰਦੇ। ਅਸੀਂ ਪੇਂਡੂ ਮਝੈਲ ਇਸ ‘ਕੁਝ’ ਨੂੰ ‘ਕੁਸ਼’ ਬੋਲਦੇ ਹਾਂ ਤੇ ਉਰਦੂ ਹਿੰਦੀ ਵਾਲ਼ੇ ਵੀ ਏਸੇ ਤਰ੍ਹਾਂ ਹੀ ਬੋਲਦੇ ਹਨ। ਹਿੰਦੀ ਵਿੱਚ ਇਸਨੂੰ ‘ਕੁਛ’ ਲਿਖਿਆ ਜਾਂਦਾ ਹੈ। ਕਈ ਸੱਜਣ ਸ਼ ਤੇ ਛ ਦਾ ਉਚਾਰਣ ਨਾ ਸੱਕਣ ਕਾਰਨ, ਇਸਨੂੰ ‘ਕੁਸ’ ਵੀ ਉਚਾਰਦੇ ਹਨ। ਕੇਂਦਰੀ ਪੰਜਾਬ ਤੇ ਪੋਠੋਹਾਰ ਵੱਲ ਦੇ, ਪ੍ਰੋ. ਸਾਹਿਬ ਸਿੰਘ ਜੀ, ਪ੍ਰਿੰ. ਤੇਜਾ ਸਿੰਘ ਜੀ, ਸ. ਗੁਰਬਖ਼ਸ਼ ਸਿੰਘ ਜੀ ਆਦਿ ਸਿੱਖ ਲਿਖਾਰੀਆਂ ਨੇ ਇਸਨੂੰ ‘ਕੁਝ’ ਲਿਖਣਾ ਸ਼ੁਰੂ ਕਰ ਦਿਤਾ ਤੇ ਛਾਪੇ ਵਿੱਚ ਏਹੋ ਹੀ ਪ੍ਰਚੱਲਤ ਹੋ ਚੁੱਕਾ ਹੈ। ਇਸਦਾ ਇਹ ਛਪੇ ਸਾਹਿਤ ਵਿੱਚ ਪ੍ਰਵਾਨਿਆ ਜਾ ਚੁੱਕਾ ਰੂਪ ਬਦਲ ਕੇ, ਹੁਣ ਭੰਬਲ਼ਭੂਸੇ ਵਿੱਚ ਹੋਰ ਵਾਧਾ ਕਰਨ ਦੀ ਕੋਈ ਤੁਕ ਨਹੀ ਬਣਦੀ; ਪਰ ਇਹ ਮੈਨੂੰ ਸਮਝ ਨਹੀ ਆਉਂਦੀ ਕਿ ਤਕਰੀਬਨ ਹਰੇਕ ਸੰਪਾਦਕ ਹੀ ਇਸ ਉਪਰ ਬੇਲੋੜਾ ਅਧਕ ਲਾਉਣੋ ਕਿਉਂ ਨਹੀ ਉਕਦਾ! ਵੈਸੇ ਗੁਰਬਾਣੀ ਵਿੱਚ ਇਸ ਅਰਥ ਵਾਸਤੇ, ਇਹ ਸ਼ਬਦ ਇਹਨਾਂ ਰੂਪਾਂ ਵਿੱਚ ਵੀ ਆਇਆ ਹੈ: ਕਛ, ਕਛੁ, ਕਛੂ, ਕਛੂਅ, ਕਛੂਅਕ, ਕਿਛ, ਕਿਛੁ, ਕਿਛੂ, ਕਿਛੂਅ, ਕਿਛਹੂ, ਕਿਝੁ, ਕਿਝ; ਜਿਨ੍ਹਾਂ ਨੂੰ ਅਜੋਕੇ ਸਮੇ ਦੇ ਛਾਪੇਖਾਨੇ ਵਿੱਚ ਲਿਆ ਕੇ, ਪਹਿਲਾਂ ਹੀ ਵਲ਼ਗਣੋ ਬਾਹਰੀਆਂ ਹੋ ਚੁੱਕੀਆਂ ਉਲ਼ਝਣਾਂ ਵਿੱਚ ਹੋਰ ਵਾਧਾ ਕਰਨ ਦੀ ਕੋਈ ਲੋੜ ਨਹੀ। ਹੁਣ ਇਸਦਾ ਪ੍ਰਚੱਲਤ ਰੂਪ ‘ਕੁਝ’ ਹੀ ਠੀਕ ਹੈ।

ਇਕ ਹੋਰ ਗਲ; ਚੌਦਾਂ ਸੌ ਤੀਹ ਪੰਨੇ ਦੇ ਸਾਰੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਲਿਖਤ ਵਿੱਚ ਕਿਤੇ ਵੀ ਅਧਕ ਨਹੀ ਹੈ। ਪੁਰਾਤਨ ਸਿਖ ਸਾਹਿਤ ਤਕਰੀਬਨ ਸਾਰੇ ਦਾ ਸਾਰਾ ਹੀ ਅਧਕ ਤੋਂ ਬਿਨਾ ਹੀ ਹੋਂਦ ਵਿੱਚ ਆਇਆ ਸੀ। ਹੋ ਸਕਦਾ ਹੈ ਕਿ ਪਿਛੋਂ ਛਾਪੇ ਵਾਲ਼ਿਆਂ ਨੇ ਆਪਣੀ ਸਮਝ ਅਨੁਸਾਰ, ਇਹਨਾਂ ਗ੍ਰੰਥਾਂ ਵਿਚ, ਥਾਂ ਪਰ ਥਾਂ ਅਧਕ ਲਾ ਦਿਤਾ ਹੋਵੇ!

ਗੁਰਮੁਖੀ ਲਿੱਪੀ ਵਿੱਚ ਫਾਰਸੀ ਸ਼ਬਦਾਂ ਦੇ ਸਹੀ ਉਚਾਰਣ ਵਾਸਤੇ ਜਿਵੇਂ ਬਿੰਦੀਆਂ ਲਾ ਕੇ ਪੰਜ ਅੱਖਰਾਂ ਦਾ ਵਾਧਾ ਕੀਤਾ ਗਿਆ ਸੀ ਤੇ ਫਿਰ ਇਸ ਲਿੱਪੀ ਨੂੰ ਸੰਪੂਰਣਤਾ ਪ੍ਰਦਾਨ ਕਰਨ ਵਾਸਤੇ ਬਾਕੀ ਲਿੱਪੀਆਂ ਵਾਂਗ ਹੀ ਅੰਗ੍ਰੇਜ਼ੀ ਦੇ ਵਿਸ਼੍ਰਾਮ ਚਿਨ੍ਹ ਵੀ ਇਸ ਵਿੱਚ ਲਿਆ ਕੇ ਵਰਤਣੇ ਸ਼ੁਰੂ ਕਰ ਲਏ ਗਏ। ਏਸੇ ਤਰ੍ਹਾਂ ਕਿਸੇ ਵਿਦਵਾਨ ਨੇ ਗੁਰਮੁਖੀ ਨੂੰ ਦੇਵਨਾਗਰੀ ਵਾਲ਼ੇ ਦੋਹਰੇ ਅੱਖਰਾਂ ਤੋਂ ਛੁਟਕਾਰਾ ਦਿਵਾਉਣ ਲਈ ਅਰਬੀ ਵਿਚੋਂ ‘ਸ਼ੱਦ’ ਲੈ ਕੇ ਉਸਦੀ ਇੱਕ ਲਾਈਨ ਕੱਟ ਕੇ ਤੇ ਤਿੰਨ ਲਾਈਨਾਂ ਦੇ ਤ੍ਰਿਸ਼ੂਲ਼ ਨੂੰ ਛਾਂਗ ਕੇ, ਗੁਰਮੁਖੀ ਲਿੱਪੀ ਵਿੱਚ ਅਧਕ ਬਣਾ ਕੇ ਵਰਤਣਾ ਸ਼ੁਰੂ ਕਰ ਦਿਤਾ। ਇਹ ਬੜੀ ਹੀ ਚੰਗੀ ਗਲ ਹੋਈ। ਇਸ ਤਰ੍ਹਾਂ ਦੋਹਰੇ ਅੱਖਰਾਂ ਤੋਂ ਗੁਰਮੁਖੀ ਲਿੱਪੀ ਦਾ ਖਹਿੜਾ ਛੁਟ ਜਾਣ ਨਾਲ਼ ਇਸਦੀ ਸੁੰਦਰਤਾ ਤੇ ਸੁਖੈਨਤਾ ਵਿੱਚ ਹੋਰ ਵੀ ਨਿਖਾਰ ਆ ਗਿਆ। ਉਸ ਵਿਦਵਾਨ ਨੂੰ ਇਸ ਕਾਢ ਦੀ ਦਾਦ ਦੇਣੀ ਬਣਦੀ ਹੈ।

ਪੰਜਾਬੀ ਵਿੱਚ ਇਹਨਾਂ ਕੁੱਝ ਗਿਣਵੇ ਚੁਣਵੇਂ ਥਾਂਵਾਂ ਤੋਂ ਬਿਨਾ, ਹੋਰ ਥਾਂਵਾਂ ਤੇ ਅਧਕ ਨਾ ਵੀ ਲੱਗੇ ਤਾਂ ਅਰਥਾਂ ਵਿੱਚ ਫਿਰ ਵੀ ਕੋਈ ਫਰਕ ਨਹੀ ਪੈਂਦਾ:

ਪਦ (ਪਦਵੀ) ਪੱਦ (ਅਸ਼ੁਧ ਹਵਾ)

ਪੱਤਣ (ਪੋਰਟ) ਪਤਨ (ਗਿਰਾਵਟ)

ਕਦ (ਕਦੋਂ) ਕੱਦ (ਸਾਈਜ਼)

ਗੁਦਾ (ਪਿੱਠ) ਗੁੱਦਾ (ਪਲਪ)

ਪਤ (ਇਜ਼ਤ) ਪੱਤ (ਪੱਤੇ)

ਜਤ (ਸੰਜਮ) ਜੱਤ (ਵਾਲ਼)

ਭਲਾ (ਚੰਗਾ) ਭੱਲਾ (ਖਾਣ ਵਾਲ਼ਾ)

ਧੁਪ (ਧੋਣਾ) ਧੁੱਪ (ਸੂਰਜ ਦੀ)

ਪਤਾ (ਸਿਰਨਾਵਾਂ) ਪੱਤਾ (ਦਰੱਖ਼ਤ ਦਾ ਪੱਤਾ)

ਸਦਾ (ਹਮੇਸ਼ਾਂ) ਸੱਦਾ (ਬੁਲਾਵਾ)

ਬੱਚਾ (ਬਾਲਕ) ਬਚਾ (ਬਚਾਉਣਾ)

ਸਜਾ (ਜੁਰਮਾਨਾ) ਸੱਜਾ (ਰਾਈਟ)




.