.

ਆਓ! ਰਲ ਕੇ ਸਮਝੀਏ (ਭਾਗ-੩)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਦਰਅਸਲ ਅੱਜ ਸਾਡੀ ਕੌਮ ਦੀ ਜੋ ਹਾਲਤ ਹੈ, ਇਸ ਲਈ ਸਿੱਖਾਂ `ਚੋਂ ਕੋਈ ਇੱਕ ਵਰਗ ਨਹੀਂ ਬਲਕਿ ਸਧਾਰਣ ਸਿੱਖ ਸੰਗਤਾਂ ਤੋਂ ਲੈ ਕੇ, ਗੁਰਦੁਆਰਿਆਂ ਦੇ ਪ੍ਰਬੰਧਕ, ਰਾਜਸੀ ਨੇਤਾ, ਪ੍ਰਚਾਰਕ ਸ਼੍ਰੇਣੀ, ਜਥੇਬੰਦੀਆਂ, ਸ਼ਬਦ ਚੌਂਕੀ ਜਥੇ, ਇਸਤ੍ਰੀ ਸਤਿਸੰਗ ਸਭਾਵਾਂ ਭਾਵ ਕੌਮ ਦੇ ਸਾਰੇ ਹੀ ਅੰਗ ਕੁੱਝ ਨਾ ਕੁੱਝ ਜ਼ਿੰਮੇਂਵਾਰ ਹਨ। ਹੱਥਲੇ ਗੁਰਮਤਿ ਪਾਠ `ਚ ਇਸੇ ਵਿਸ਼ੇ ਨੂੰ ਛੋਟੀਆਂ-ਛੋਟੀਆਂ ਰੋਚਕ ਕਹਾਣੀਆਂ ਦੀ ਸ਼ਕਲ `ਚ ਸਮਝਣ, ਸਮਝਾਉਣ ਦਾ ਜੱਤਨ ਕੀਤਾ ਹੈ, ਤਾਕਿ ਪੰਥ ਅੰਦਰ ਆ ਚੁੱਕੇ ਵਿਗਾੜ ਦੀ ਕੁੱਝ ਸਮਝ ਆ ਸਕੇ। ਆਓ! ਰਲ ਕੇ ਇੱਕ-ਇੱਕ ਕਹਾਣੀ ਨੁਮਾ ਸੁਨੇਹੇ ਤੇ ਮਕਸਦ ਤੋਂ ਲੋੜ ਅਨੁਸਾਰ ਲਾਭ ਲੈ ਸਕੀਏ। ਇਸ ਸਿਲਸਲੇ `ਚ ਦੋ ਭਾਗਾਂ ਰਾਹੀਂ ਅੱਠ ਸੁਨੇਹੇ ਦਿੱਤੇ ਜਾ ਚੁੱਕੇ ਹਨ ਤੇ ਉਸੇ ਲੜੀ `ਚ ਇਹ ਚਾਰ ਹੋਰ ਵੀ:

(9) ਸੰਗੀਤ ਸਮਰਾਟ- ਇੱਕ ਸੀ ਸੰਗੀਤਕਾਰ, ਉਸਦੇ ਸੰਗੀਤ ਦੀਆਂ ਸਾਰੇ ਪਾਸੇ ਧੁੰਮਾਂ ਸਨ। ਇਹ ਸੰਗੀਤਕਾਰ ਆਪਣੇ ਹੁਨਰ `ਚ ਇੰਨਾ ਮਾਹਿਰ ਸੀ ਕਿ ਲੋਕੀਂ ਇਸਨੂੰ ਸੰਗੀਤ ਸਮਰਾਟ ਕਰਕੇ ਬੁਲਾਉਣ ਲਗ ਪਏ। ਜਿਥੇ ਵੀ ਇਹਦਾ ਸਮਾਗਮ ਹੁੰਦਾ, ਲੋਕ ਵਹੀਰਾਂ ਘਤ ਕੇ ਪੁੱਜਦੇ। ਬਲਕਿ ਬਹੁਤੇ ਤਾਂ ਵਕਤੋਂ ਪਹਿਲਾਂ ਪੁੱਜ ਕੇ ਘੰਟਿਆਂ ਬਧੀ ਉਸ ਦੇ ਸੰਗੀਤ ਲਈ ਉਤਾਵਲੇ ਰਹਿੰਦੇ। ਉਸਨੂੰ ਸੁਨਣ ਲਈ ਲੋਕਾਂ ਵਲੋਂ ਫ਼ੁਰਮਾਇਸ਼ਾਂ ਦੀ ਝੜੀ ਹੀ ਲਗੀ ਰਹਿੰਦੀ।

ਉਸਦੇ ਸੰਗੀਤ ਦੀ ਉਪਮਾ ਇੰਨੀ ਫੈਲੀ ਕਿ ਵੱਕਤ ਦੇ ਰਾਜੇ ਤੀਕ ਵੀ ਜਾ ਪੁੱਜੀ। ਉਹ ਵੀ ਇਸ ਦਾ ਸੰਗੀਤ ਸੁਨਣ ਲਈ ਉਤਾਵਲਾ ਹੋ ਗਿਆ। ਉਸਨੇ ਸੰਗੀਤ ਸਮਰਾਟ ਨੂੰ ਆਪਣੇ ਦਰਬਾਰ `ਚ ਬੁਲਾਇਆ ਤੇ ਉਸ ਤੋਂ ਸੰਗੀਤ ਸੁਨਾਉਣ ਲਈ ਮੰਗ ਕੀਤੀ। ਰਾਜੇ ਨੇ, ਬਦਲੇ `ਚ ਸੰਗੀਤ ਸਮਰਾਟ ਨੂੰ ਇਥੋਂ ਤੀਕ ਕਿਹਾ, ਜੇ ਕਰ ਉਸਨੂੰ ਵੀ ਉਸਦਾ ਸੰਗੀਤ ਪਸੰਦ ਆ ਗਿਆ ਤਾਂ ਉਹ ਸੰਗੀਤਕਾਰ ਨੂੰ ਧਨ-ਪਦਾਰਥਾਂ ਨਾਲ ਮਾਲਾ-ਮਾਲ ਕਰ ਦੇਵੇਗਾ। ਰਾਜੇ ਨੇ ਉਸ ਨੂੰ ਇਥੋਂ ਤੀਕ ਕਿਹਾ, ਜੇਕਰ ਵਾਕਿਆ ਹੀ ਸੰਗੀਤ ਦਾ ਪ੍ਰਗਟਾਵਾ ਚੰਗਾ ਲਗਾ ਤਾਂ ਉਸ ਨੂੰ ਸਦਾ ਲਈ ਆਪਣਾ ਦਰਬਾਰੀ ਸੰਗੀਤਕਾਰ ਹੀ ਬਣਾ ਕੇ ਉਸ ਦੀ ਜ਼ਿੰਦਗੀ ਹੀ ਬਦਲ ਦੇਵੇਗਾ।

ਸੰਗੀਤਕਾਰ ਨੂੰ ਰਾਜੇ ਦੀ ਮੰਗ ਪਸੰਦ ਆਈ, ਉਹ ਆਪਣੇ ਭਾਗਾਂ ਨੂੰ ਸਲਾਹ ਰਿਹਾ ਸੀ। ਉਸ ਨੇ ਦਰਬਾਰ `ਚ ਸੰਗੀਤ ਪੇਸ਼ ਕਰਨ ਵਾਲੀ ਰਾਜੇ ਦੀ ਪੇਸ਼ਕਸ਼ ਖੁਸ਼ੀ-ਖੁਸ਼ੀ ਮਨਜ਼ੂਰ ਕਰ ਲਈ ਪਰ ਨਾਲ ਆਪਣੀ ਸ਼ਰਤ ਵੀ ਰਖ ਦਿੱਤੀ। ਉਸ ਨੇ ਰਾਜੇ ਨੂੰ ਸਾਫ਼ ਸਾਫ਼ ਕਹਿ ਦਿੱਤਾ ਕਿ ਮੇਰੇ ਸੰਗੀਤ ਦੌਰਾਨ ਕਿਸੇ ਦਾ ਵੀ ਸਿਰ ਨਾ ਹਿੱਲੇ। ਸੰਗੀਤਕਾਰ ਦੀ ਸ਼ਰਤ ਸੀ, ਜੇ ਕਰ ਉਸਦੇ ਸੰਗੀਤ ਦੌਰਾਨ ਕਿਸੇ ਦਾ ਸਿਰ ਹਿੱਲ਼ ਗਿਆ ਤਾਂ ਉਹ ਆਪਣਾ ਸੰਗੀਤ ਬੰਦ ਕਰ ਦੇਵੇਗਾ।

ਰਾਜੇ ਨੇ ਵੀ ਸੰਗੀਤਕਾਰ ਦੀ ਸ਼ਰਤ ਮੰਨ ਲਈ ਤੇ ਐਲਾਨ ਕਰ ਦਿੱਤਾ ਕਿ ਸੰਗੀਤ ਚਲਦੇ ਜੇ ਕਿਸੇ ਦਾ ਸਿਰ ਹਿੱਲ ਗਿਆ ਤਾਂ ਉਸ ਦਾ ਸਿਰ ਕੱਟਵਾ ਦਿੱਤਾ ਜਾਵੇਗਾ। ਸਰਕਾਰੀ ਪ੍ਰੋਗਰਾਮ ਸੀ, ਇਸ ਲਈ ਸਾਰੇ ਦਰਬਾਰੀਆਂ ਨੇ ਹਾਜ਼ਰੀ ਤਾਂ ਭਰਨੀ ਹੀ ਸੀ ਅਤੇ ਭੀੜ ਵੀ ਬਹੁਤ ਸੀ। ਉਸ ਦਿਨ ਰਾਜੇ ਨੇ ਆਪਣੇ ਦਰਬਾਰ ਦਾ ਵੀ ਉਚੇਚਾ ਇੰਤਜ਼ਾਮ ਕਰਵਾਇਆ। ਨਾਲ ਹੀ ਰਾਜੇ ਨੇ ਆਪਣੇ ਹੁਕਮ ਦੀ ਪਾਲਨਾ ਕਰਵਾਉਣ ਲਈ, ਭੀੜ ਦੇ ਚਾਰੋਂ ਪਾਸੇ ਨੰਗੀਆਂ ਤਲਵਾਰਾਂ ਨਾਲ ਲੈਸ ਚੋਬਦਾਰ ਖੜੇ ਕਰਵਾ ਦਿੱਤੇ। ਬਾਵਜੂਦ ਇਸਦੇ, ਰਾਜੇ ਦਾ ਇਹ ਹੁਕਮ ਵੀ ਸੀ ਕਿ ਕੋਈ ਵੀ ਚੋਬਦਾਰ, ਕਿਸੇ ਦਾ ਸਿਰ ਆਪਣੇ ਆਪ ਕੱਤਲ ਨਹੀਂ ਕਰੇਗਾ। ਬਲਕਿ ਮੁਲਜ਼ਮ ਨੂੰ ਰਾਜੇ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਜਦੋਂ ਤੀਕ ਦੋਸ਼ੀ ਦੇ ਕੱਤਲ ਲਈ ਰਾਜਾ ਖੁਦ ਇਜਾਜ਼ਤ ਨਾ ਦੇਵੇ, ਕਿਸੇ ਨੂੰ ਕਤਲ ਨਹੀਂ ਕੀਤਾ ਜਾਵੇਗਾ। ਮਤਲਬ, ਕਿਧਰੇ ਕੋਈ ਚੋਬਦਾਰ ਕਿਸੇ ਨਿਜੀ ਸੁਆਰਥ, ਦੁਸ਼ਮਣੀ, ਗ਼ਲਤ ਫ਼ਹਿਮੀ ਦਾ ਲਾਭ ਨਾ ਲੈ ਲਵੇ। ਇਸ ਤਰ੍ਹਾਂ ਇੱਕ ਪਾਸੇ ਹਾਜ਼ਰ ਲੋਕਾਂ `ਚ ਸੰਗੀਤਕਾਰ ਨੂੰ ਸੁਨਣ ਲਈ ਚਾਹ ਤੇ ਉਮੰਗ ਤਾਂ ਸਿਖਰਾਂ `ਤੇ ਸੀ ਹੀ ਪਰ ਦੂਜੇ ਪਾਸੇ ਲੋਕ ਅੰਦਰੋਂ ਅੰਦਰ ਸਹਿਮੇ ਵੀ ਸਨ। ਜੇਕਰ ਗ਼ਲਤੀ ਨਾਲ ਕਿਸੇ ਦਾ ਸਿਰ ਹਿੱਲ ਗਿਆ ਤਾਂ ਉਸ ਦੀ ਖ਼ੈਰ ਨਹੀਂ। ਇਹੀ ਕਾਰਨ ਸੀ ਕਿ ਅੱਜ ਸੰਗੀਤ ਸੁਨਣ ਵਾਲਿਆਂ ਦੇ ਦਿਮਾਗ਼ ਸੰਗੀਤ `ਚ ਘੱਟ ਤੇ ਆਪਣੇ-ਆਪਣੇ ਬਚਾਅ ਵਲ ਵੱਧ ਸਨ, ਇਸੇ ਲਈ ਸਰੋਤੇ ਮਨ ਕਰਕੇ ਉਖੜੇ-ਉਖੜੇ ਵੀ ਸਨ।

ਹੋਇਆ ਇਹ, ਕਿ ਜਦੋਂ ਸੰਗੀਤ ਚਲ ਰਿਹਾ ਸੀ ਤਾਂ ਸੰਗੀਤਕਾਰ ਨੇ ਸੰਗੀਤ ਨੂੰ ਅਚਾਨਕ ਵਿੱਚੇ ਹੀ ਰੋਕ ਦਿੱਤਾ। ਕਾਰਨ ਸੀ ਕਿ ਉਸ ਦੀ ਨਜ਼ਰ ਦੋ-ਚਾਰ ਅਜੇਹੇ ਬੰਦਿਆਂ `ਤੇ ਪਈ ਜੋ ਝੂਮ ਰਹੇ ਸਨ। ਦੂਜੇ, ਚੋਬਦਾਰ ਵੀ ਚੌਕਸ ਸਨ, ਇਸ ਲਈ ਉਸੇ ਘੜੀ ਚੋਬਦਾਰਾਂ ਨੇ ਵੀ ਉਨ੍ਹਾਂ ਬੰਦਿਆਂ ਨੂੰ ਪਕੜ, ਰਾਜੇ ਦੇ ਪੇਸ਼ ਕਰ ਦਿੱਤਾ। ਇਧਰ ਰਾਜੇ ਨੇ ਵੀ ਗੁੱਸਾ ਖਾ ਕੇ, ਆਪਣੇ ਫ਼ੁਰਮਾਨ ਮੁਤਾਬਕ ਉਨ੍ਹਾਂ ਝੂਮਣ ਵਾਲਿਆਂ ਦੇ ਸਿਰ ਕੱਤਲ ਕਰਨ ਲਈ ਹੁਕਮ ਦੇ ਦਿੱਤਾ। ਇਸ ਤੋਂ ਪਹਿਲਾਂ ਕਿ ਇਹ ਮੰਦਭਾਗੀ ਘਟਨਾ ਘਟਦੀ, ਸੰਗੀਤਕਾਰ ਨੇ ਅਗੇ ਹੋ ਕੇ ਉਨ੍ਹਾਂ ਨੂੰ ਬਚਾ ਲਿਆ। ਰਾਜਾ ਹੈਰਾਨ ਹੋਇਆ ਤੇ ਸੰਗੀਤਕਾਰ ਤੋਂ ਸੁਆਲ ਕੀਤਾ, ਜੋ ਕੁੱਝ ਵੀ ਕੀਤਾ ਜਾ ਰਿਹਾ ਹੈ, ਇਹ ਸਭ ਤੇਰੇ ਕਹਿਣ ਤੇ ਇੱਛਾ ਮੁਤਾਬਕ ਹੀ ਹੈ ਤਾਂ ਫ਼ਿਰ ਤੂੰ ਆਪ ਹੀ ਅਜੇਹਾ ਕਿਉਂ ਕਰ ਰਿਹਾ ਹੈਂ?

ਸੰਗੀਤਕਾਰ ਨੇ ਉੱਤਰ ਦਿੱਤਾ, ਬਾਦਸ਼ਾਹ ਸਲਾਮਤ! ਇਹ ਤਾਂ ਠੀਕ ਹੈ ਕਿ ਇਸ ਦੇ ਲਈ ਮੰਗ ਮੈਂ ਹੀ ਕੀਤੀ ਸੀ ਕਿ ਸੰਗੀਤ ਦੌਰਾਨ ਕਿਸੇ ਦਾ ਸਿਰ ਨਾ ਹਿੱਲੇ। ਪਰ ਦੂਜੀ ਗਲ, ਕਿਸੇ ਦਾ ਸਿਰ ਕਟਵਾਉਣ ਲਈ ਮੇਰੀ ਇਛਾ ਉੱਕਾ ਨਹੀਂ ਸੀ। ਮੈਂ ਤਾਂ ਕੇਵਲ ਦੇਖਣਾ ਚਾਹੁੰਦਾ ਸੀ ਕੌਣ ਲੋਕ ਹਨ ਜੋ ਮੇਰੇ ਸੰਗੀਤ ਦਾ ਸਚਮੁਚ ਹੀ ਆਨੰਦ ਮਾਣਦੇ ਹਨ ਤੇ ਉਹ ਕਉਣ ਹਨ ਜਿਨ੍ਹਾਂ ਦੇ ਧਿਆਨ ਤਾਂ ਇਧਰ ਓਧਰ ਉਖੜੇ ਹੁੰਦੇ ਹਨ, ਕੇਵਲ ਸੰਗੀਤ ਲਈ ਹੀ ਇਕੱਠੇ ਹੁੰਦੇ ਹਨ। ਇਸ ਲਈ, ਸੱਚਾਈ ਇਹ ਹੈ ਕਿ ਜਿੰਨ੍ਹਾਂ ਦੇ ਸਿਰ ਹਿੱਲੇ ਸਨ, ਦਰਅਸਲ ਇਹੀ ਲੋਕ ਸਨ ਜੋ ਸਹੀ ਅਰਥਾਂ `ਚ ਆਪਣਾ ਆਪ ਭੁਲਾ ਕੇ ਵੀ ਸੰਗੀਤ `ਚ ਹੀ ਮਸਤ ਸਨ।

ਸਿੱਟਾ ਇਹ, ਜਦੋਂ ਅਸੀਂ ਗੁਰਬਾਣੀ ਦੀ ਕਥਾ-ਵਿਆਖਿਆ ਕੀਰਤਨ ਆਦਿ ਸੁਣੀਏ ਜਾਂ ਕਰੀਏ ਤਾਂ ਸਾਡੇ ਮਨ ਦਾ ਟਿਕਾਅ ਪੂਰੀ ਤਰ੍ਹਾਂ ਗੁਰਬਾਣੀ ਅਰਥ-ਸੋਝੀ ਵਲ ਹੀ ਹੋਣਾ ਚਾਹੀਦਾ ਹੈ, ਪਰ ਬਹੁਤਾ ਕਰਕੇ ਹੁੰਦਾ ਹੈ ਇਸ ਦੇ ਉਲਟ। ਇਹੀ ਕਾਰਨ ਹੈ ਕਿ ਗੁਰਬਾਣੀ ਪੜ੍ਹ-ਪੜ੍ਹ ਤੇ ਸੁਣ- ਸੁਣ ਕੇ ਵੀ ਸਾਡੇ ਅੰਦਰ ਗੁਰਬਾਣੀ ਜੀਵਨ ਜਾਗ੍ਰਿਤ ਨਹੀਂ ਹੋ ਰਿਹਾ। ਗੁਰਦੁਆਰੇ ਤਾਂ ਅਸੀਂ ਹੁੰਦੇ ਹਾਂ, ਗੁਰਬਾਣੀ ਦੇ ਪਾਠਾਂ ਦੀਆਂ ਵੀ ਰੋਲਾਂ ਲਾਉਂਦੇ ਹਾਂ, ਕੀਰਤਨ ਦਰਬਾਰਾਂ ਅਤੇ ਸ਼ਤਾਬਦੀਆਂ ਦਾ ਵੀ ਝੜੀ ਲਾਈ ਹੋਈ ਹੈ, ਫ਼ਿਰ ਵੀ ਕੌਮ ਥੱਲੇ ਹੀ ਥੱਲੇ ਨਿਘਾਰ ਵਲ ਜਾ ਰਹੀ ਹੈ। ਗੁਰੂ ਕੋਲ ਜਾ ਕੇ ਵੀ ਸਾਡੇ ਅੰਦਰ ਗੁਰੂ ਤੋਂ ਜੀਵਨ ਲੈਣ ਦੀ ਚਾਹ ਨਹੀਂ ਹੁੰਦੀ। ਹੁੰਦੀ ਹੈ ਕਿਧਰੇ ਔਲਾਦ ਦੀ ਮੰਗ, ਕਿਧਰੇ ਕੋਠੀਆਂ-ਕਾਰਾਂ ਤੇ ਪੈਸੇ ਦੇ ਅੰਬਾਰਾਂ ਦੀ ਮੰਗ, ਕਿਧਰੇ ਦੇਹ ਅਰੋਗਤਾ ਲਈ ਅਰਦਾਸਾਂ, ਕਿਧਰੇ ਦੂਸ਼ਮਣ ਨੂੰ ਨੀਵਾਂ ਦਿਖਾਉਣ ਦੀ ਗਲ, ਕਿਧਰੇ ਚੌਧਰ ਦੀ ਭੁਖ ਤੇ ਕਿਧਰੇ ਕੁੱਝ ਹੋਰ। ਦੇਖਣ ਨੂੰ ਤਾਂ ਗੁਰੂ ਦੀ ਹਜ਼ੂਰੀ `ਚ ਹੁੰਦੇ ਹਾਂ ਪਰ ਅਪਣੇ ਸਰੀਰ ਤੇ ਦੁਨੀਆਂਦਾਰੀ ਦੀ ਪੱਕੜ `ਚ ਫਸੇ, ਸਾਡਾ ਮਨ ਪਤਾ ਨਹੀਂ ਕਿਥੇ ਕਿਥੇ ਦੀਆਂ ਉਡਾਰੀਆਂ ਮਾਰ ਰਿਹਾ ਹੁੰਦਾ ਹੈ।

ਸੋਚੋ! ਜੇਕਰ ਦੁਨੀਆਵੀ ਸੰਗੀਤਕਾਰ ਵੀ ਇਹੀ ਚਾਹੁੰਦਾ ਹੈ ਕਿ ਮੈਨੂੰ ਉਨ੍ਹਾਂ ਸਰੋਤਿਆਂ ਦੀ ਲੋੜ ਹੈ ਜੋ ਤਨੋ-ਮਨੋ ਮੇਰੇ ਸੰਗੀਤ ਨਾਲ ਪਿਆਰ ਕਰਦੇ ਹਨ, ਤਾਂ ਜਿਸ ਗੁਰੂ-ਅਕਾਲਪੁਰਖ ਨੂੰ ਸਾਡੀ ਚਿੰਤਾ ਸਾਡੇ ਜਨਮ ਤੋਂ ਪਹਿਲਾਂ ਹੀ ਹੁੰਦੀ ਹੈ, ਉਸਨੂੰ ਮਨ ਕਰਕੇ ਸੁਨਣ ਲਈ ਵੀ ਅਸੀਂ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਗੁਰੂ ਨੂੰ ਅਸੀਂ ਕਿਵੇਂ ਚੰਗੇ ਲਗਾਂ ਗੇ ਤੇ ਗੁਰੂ ਜੀ ਸਾਨੂੰ ਕਿਵੇਂ ਪਸੰਦ ਕਰਨਗੇ? ਯਕੀਨਣ ਸਾਡੇ ਜੀਵਨ ਅੰਦਰ ਵੀ ਇਲਾਹੀ ਗੁਣ ਤੇ ਜੀਵਨ `ਚ ਟਿਕਾਅ ਤਾਂ ਹੀ ਆਵੇਗਾ ਜੇਕਰ ਅਸੀਂ ਵੀ ਗੁਰੂ-ਗੁਰਬਾਣੀ ਦੇ ਆਦੇਸ਼ਾਂ ਮੁਤਾਬਕ ਆਪਣੇ ਜੀਵਨ ਦੀ ਸੰਭਾਲ ਕਰਾਂਗੇ। ਨਹੀਂ ਤਾਂ ਨਾ ਅਸੀਂ ਗੁਰੂ ਦੀ ਬਖਸ਼ਿਸ਼ ਦੇ ਵਾਰਿਸ ਬਣ ਸਕਾਂਗੇ। ਇਸ ਤਰ੍ਹਾਂ ਸਭ ਕੁੱਝ ਪਾ ਕੇ ਵੀ ਸਾਡੇ ਜੀਵਨ `ਚ ਸ਼ਾਂਤੀ, ਖੇੜਾ, ਅਨੰਦ, ਜੀਵਨ ਦਾ ਸੁਆਦ ਨਹੀਂ ਆਵੇਗਾ। ੦੦੦

(10) ਦੋ ਰਾਹੀਗੀਰ- ਦੋ ਸਨ ਰਹੀਗੀਰ, ਦੋਵੇਂ ਇੱਕ ਦੂਜੇ ਤੋਂ ਅਨਜਾਣ ਪਰ ਦੋਨਾਂ ਨੇ ਜਾਣਾ ਇਕੋ ਟਿਕਾਣੇ ਤੇ ਸੀ। ਇਸ ਦੇ ਲਈ ਦੋਨਾਂ ਨੇ ਜੀ: ਟੀ ਕਰਨਾਲ ਰੋਡ ਪੱਕੜ ਲਈ ਜਿਸ ਨੂੰ ਅਜਕਲ ਸ਼ੇਰਸ਼ਾਹ ਸੂਰੀ ਮਾਰਗ ਦਾ ਨਾਮ ਦਿੱਤਾ ਹੋਇਆ ਹੈ। ਫ਼ਰਕ ਸੀ ਤਾਂ ਰਸਤੇ ਬਾਰੇ ਦੋਵੇਂ ਸਪਸ਼ਟ ਨਹੀਂ ਸਨ, ਦੋਨਾਂ ਨੂੰ ਇਨ੍ਹਾਂ ਹੀ ਪਤਾ ਸੀ ਕਿ ਇਸਦੇ ਲਈ ਉਨ੍ਹਾਂ ਨੇ ਘਰ ਤੋਂ ਸ਼ੇਰਸ਼ਾਹ ਸੂਰੀ ਮਾਰਗ ਹੀ ਲੈਣਾ ਹੈ। ਆਪਣੀ ਨਾਸਮਝੀ ਕਾਰਨ ਇੱਕ ਤਾਂ ਸੜਕ ਦੇ ਇੱਕ ਰੁਖ ਨੂੰ ਚਲ ਪਿਆ ਤੇ ਦੂਜਾ, ਦੂਜੇ ਨੂੰ। ਕੁਦਰਤੀ ਗਲ ਹੈ ਕਿ ਜੋ ਠੀਕ ਪਾਸੇ ਟੁਰਿਆ ਸੀ ਉਸਦਾ ਰਸਤਾ ਤਾਂ ਛੋਟਾ ਹੁੰਦੇ ਹੀ ਜਾਣਾ ਸੀ ਜਦਕਿ ਦੂਜੇ ਲਈ ਉਤਨਾ ਹੀ ਲੰਮਾਂ ਅਤੇ ਇਸ ਤਰ੍ਹਾਂ ਹੁੰਦਾ ਵੀ ਗਿਆ। ਜਿਹੜਾ ਠੀਕ ਰਾਹ ਪਿਆ ਸੀ ਉਹ ਉਂਝ ਵੀ ਸਿਆਣਾ ਸੀ, ਇਸ ਲਈ ਸੜਕ `ਤੇ ਦਿੱਤੇ ਸੰਕੇਤਕਾਂ ਨੂੰ ਪੜ੍ਹਦਾ ਤੇ ਮੰਜ਼ਿਲ ਵਲ ਵੱਧਦਾ ਗਿਆ। ਦੂਜਾ ਜਿਹੜਾ ਉਲਟੇ ਰਾਹ ਪਿਆ ਸੀ, ਉਹ ਇਵੇਂ ਹੀ ਆਪਣੇ ਪਾਸੇ ਟੁਰਦਾ ਗਿਆ। ਗੱਡੀ ਨੇ ਤਾਂ ਚਲਣਾ ਹੀ ਸੀ ਪਰ ਰਸਤਾ ਲੰਮੇਂ ਤੋਂ ਲਮਾਂ ਹੁੰਦਾ ਗਿਆ। ਇਸ ਤਰ੍ਹਾਂ ਜਦੋਂ ਉਹ ਉਲਟੇ ਰਸਤੇ ਬਹੁਤ ਅੱਗੇ ਨਿਕਲ ਚੁੱਕਾ ਸੀ ਤਾਂ ਵੀ ਉਹ ਆਪਣੇ ਧਿਆਨ ਹੀ ਚਲਦਾ ਗਿਆ। ਉਹ ਇਹ ਵੀ ਜਾਣਦਾ ਸੀ ਕਿ ਸੜਕਾਂ `ਤੇ ਸੰਕੇਤਕ ਲਗੇ ਹੁੰਦੇ ਹਨ ਪਰ ਉਸਨੇ ਇਸ ਉਪਰ ਵੀ ਧਿਆਨ ਨਾ ਦਿੱਤਾ ਤੇ ਚਲਦਾ ਹੀ ਗਿਆ। ਇਥੋਂ ਤੀਕ ਕਿ ਆਪਣੇ ਧਿਆਨ ਉਸਨੂੰ ਇਹ ਚੇਤਾ ਵੀ ਨਾ ਰਿਹਾ ਕਿ ਉਹ ਰਾਹੀ ਕਿਥੇ ਲਈ ਹੈ।

ਹੋਇਆ ਇਹ, ਜੋ ਸਮਝਦਾਰ ਸੀ ਉਹ ਤਾਂ ਸੰਕੇਤਕਾਂ `ਤੇ ਅਮਲ ਕਰਦਾ, ਰਸਤੇ ਦੀਆਂ ਉਚਾਈਆਂ-ਲਹਾਈਆਂ ਨੂੰ ਪਾਰ ਕਰਦਾ, ਟਿਕਾਣੇ ਪਹੁੰਚ, ਉਪ੍ਰੰਤ ਰਾਜ਼ੀ ਖੁਸ਼ੀ ਵਾਪਿਸ ਆਪਣੇ ਘਰ ਵੀ ਪੁੱਜ ਗਿਆ। ਜਦਕਿ ਦੂਜਾ ਅਜੇ ਰਸਤਾ ਹੀ ਝਾਕ ਰਿਹਾ ਸੀ, ਜਦੋਂ ਬਹੁਤ ਅੱਗੇ ਜਾ ਚੁੱਕਾ ਤਾਂ ਜਾ ਕੇ ਕਿਸੇ ਕੋਲੋਂ ਰਸਤਾ ਪੁਛਿਆ, ਪਤਾ ਲਗਾ ਕਿ ਅਜੇ ਤਾਂ ਉਸ ਲਈ ਲੰਮਾ ਰਸਤਾ ਬਾਕੀ ਸੀ, ਟਿਕਾਣਾਂ ਬਲਕਿ ਘਰੋਂ ਚਲਣ ਵੇਲੇ ਘੱਟ ਸੀ ਤੇ ਇੰਨਾ ਚਲ ਕੇ ਹੋਰ ਘੱਟਣਾ ਸੀ, ਤਾਂ ਵੀ ਕਈ ਗੁਣਾ ਵੱਧ ਚੁੱਕਾ ਸੀ। ਜਦਕਿ, ਰਸਤੇ `ਚ ਪੈਟਰੋਲ ਪੰਪਾਂ ਲਈ ਤਾਂ ਪਤਾ ਕਰਦਾ ਰਿਹਾ ਤੇ ਕਈ ਵਾਰੀ ਪੈਟਰੋਲ ਵੀ ਪੁਆਇਆ, ਦੋ-ਤਿੰਨ ਵਾਰੀ ਗੱਡੀ ਖਰਾਬ ਹੋਈ ਤਾਂ ਠੀਕ ਵੀ ਕਰਵਾਈ, ਭੁੱਖ-ਪਿਆਸ ਲਗੀ ਤਾਂ ਦੋ-ਚਾਰ ਜਗ੍ਹਾ `ਤੇ ਰੁਕ-ਬੈਠ ਕੇ ਛਕਿਆ। ਕਈ ਵਾਰੀ ਰਸਤੇ `ਚ ਰੁਕਣ ਸਮੇਂ ਠੱਗ ਕਿਸਮ ਦੇ ਬੰਦੇ ਵੀ ਮਿਲੇ ਤੇ ਉਸ ਦੀਆਂ ਗਲਾਂ ਤੋਂ ਉਸ ਨੂੰ ਭੋਲਾ-ਭਾਲਾ ਮੂਰਖ ਸਮਝ ਕੇ ਆਪਣੀਆਂ ਗਲਾਂ-ਬਾਤਾਂ `ਚ ਫ਼ਸਾ-ਫ਼ਸਾ ਆਪਣੇ ਆਪਣੇ ਢੰਗ ਨਾਲ ਲੁੱਟਦੇ ਵੀ ਰਹੇ ਅਤੇ ਉਲਟਾ ਕੁਰਾਹੇ ਵੀ ਪਾਇਆ। ਫ਼ਿਰ ਵੀ ਆਪਣੇ ਧਿਆਨ ਚਲਦੇ ਨੇ, ਕਿਸੇ ਤੋਂ ਇਹ ਨਹੀਂ ਪੁਛਿਆ ਕਿ ਉਸਨੇ ਜਿਥੇ ਪੁਜਣਾ ਹੈ, ਉਹ ਠੀਕ ਰਸਤੇ ਜਾ ਵੀ ਰਿਹਾ ਹੈ ਜਾਂ ਨਹੀਂ। ਕਿਉਂਕਿ ਉਸਨੂੰ ਆਪਣੇ ਆਪ `ਤੇ ਮਾਣ ਸੀ ਕਿ ਉਸ ਨੂੰ ਪੂਰਾ ਪਤਾ ਹੈ। ਨਤੀਜਾ, ਜਦੋਂ ਪਤਾ ਕਰਨ ਦਾ ਧਿਆਨ ਆਇਆ ਵੀ, ਤਦ ਤੀਕ ਮੰਜ਼ਿਲ ਤੋਂ ਬਹੁਤ ਦੂਰ ਜਾ ਚੁੱਕਾ ਸੀ। ਇਸ ਲਈ, ਜ਼ਰੂਰੀ ਬਣ ਚੁੱਕਾ ਸੀ ਕਿ ਪਹਿਲਾਂ ਘਰ ਮੁੜੇ ਅਤੇ ਫ਼ਿਰ ਨਵੇਂ ਸਿਰਿਓਂ ਸਿਧੇ ਰਸਤੇ ਟੁਰੇ।

ਦਰਅਸਲ ਅੱਜ ਬਹੁਤਾ ਕਰਕੇ ਗੁਰੂ ਕੇ ਸਿੱਖਾਂ ਦੀ ਹਾਲਤ ਵੀ ਇਹੀ ਹੈ। ਸਾਰੇ ਹੀ ਰਾਹੀ ਤਾਂ ਹਨ ਇਕੋ ਮੰਜ਼ਿਲ ਦੇ ਫ਼ਿਰ ਵੀ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ, ਕਿ ਉਨ੍ਹਾਂ ਦੀ ਮੰਜ਼ਿਲ ਕੀ ਹੈ? ਭਾਵ, ਸਚਾ ਧਰਮੀ ਹੋਣ ਤੇ ਜੀਵਨ ਨੂੰ ਸਫ਼ਲ ਕਰਣ ਲਈ, ਉਨ੍ਹਾਂ ਨੇ ਕੇਵਲ ‘ਗੁਰੂ ਗ੍ਰੰਥ ਸਾਹਿਬ’ ਦੇ ਲੜ ਹੀ ਲਗਣਾ ਸੀ। ਪਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ‘ਗੁਰੂ ਗ੍ਰੰਥ ਸਾਹਿਬ’ ਦੇ ਲੜ ਲਗਣ ਦਾ ਮਤਲਬ ਕੀ ਹੈ? ਬਾਣੀ `ਚ ਗੁਰੂ ਕਿਸ ਲਈ ਕਿਹਾ ਹੈ? ਉਹ ਗੁਰੂ ਹੈ ਕੌਣ ਜਿਸਦੀ ਸਿੱਖਿਆਂ `ਤੇ ਚਲਣਾ ਜ਼ਰੂਰੀ ਹੈ? ਜਦਕਿ ‘ਗੁਰੂ ਗ੍ਰੰਥ ਸਾਹਿਬ’ ਦੇ ਲੜ ਲਗਣ ਦਾ ਮਤਲਬ, ਬਾਹਰਲੇ ਸਤਿਕਾਰ ਦੇ ਨਾਲ-ਨਾਲ ਗੁਰਬਾਣੀ ਦੀ ਸੋਝੀ-ਸੇਧ `ਚ ਜੀਵਨ ਨੂੰ ਤਿਆਰ ਕਰਨਾ ਵੀ ਹੈ, ਤਾਕਿ ਮਨੁੱਖ ਸਚਾ ਧਰਮੀ ਬਣ ਕੇ ਆਪਣਾ ਜੀਵਨ ਸੁਆਦਲਾ, ਟਿਕਾਅ ਵਾਲਾ, ਸ਼ਾਂਤੀ ਭਰਪੂਰ ਤੇ ਭਟਕਣਾ-ਤ੍ਰਿਸ਼ਨਾ-ਆਸਾ ਮਨਸਾ ਰਹਿਤ ਬਣਾ ਸਕੇ, ਇਸਦਾ ਪ੍ਰਲੋਕ ਵੀ ਸੁਧਰ ਸਕੇ। ਇਸ ਦੇ ਬਾਵਜੂਦ ਠੀਕ ਰਸਤੇ ਦੇ ਰਾਹੀਗੀਰ ਨਾ ਹੋ ਕੇ, ਬਹੁਤੇ ਤਾਂ ਜੀਵਨ ਦੇ ਉਲਟੇ ਰਾਹ ਹੀ ਚਲ ਰਹੇ ਹੁੰਦੇ ਹਨ। ਅਖਵਾਉਂਦੇ ਹਨ ਸਿੱਖ, ਫਸੇ ਹੁੰਦੇ ਹਨ ਸੰਗ੍ਰਾਂਦਾਂ, ਪੂਰਨਮਾਸ਼ੀਆਂ, ਮਸਿਆਵਾਂ, ਸਰਾਧਾਂ-ਨਰਾਤਿਆਂ, ਮੰਗਲਾਂ-ਸਨੀਚਰਾਂ ਵਾਲੇ ਥਿਤਾਂ ਵਾਰਾਂ `ਚ, ਜੱਟ-ਭਾਪੇ-ਮਜ਼ਹਬੀ ਤੇ ਹੋਰ ਜਾਤ ਬਰਾਦਰੀਆਂ ਦੀ ਜਿਲ੍ਹਣ ਚ, ਟੂਣਿਆਂ-ਪ੍ਰਛਾਵਿਆਂ-ਰਾਸ਼ੀਫਲਾਂ-ਟੇਵੇਆਂ-ਮਹੂਰਤਾਂ `ਚ, ਜੀਵਨ `ਚ ਵਹਿਮਾਂ-ਭਰਮਾਂ ਦਾ ਹੱੜ ਆਇਆ ਹੁੰਦਾ ਹੈ, ਸਗਨਾਂ-ਰੀਤਾਂ-ਰਿਵਾਜਾਂ ਦਾ ਅੰਤ ਨਹੀਂ, ਅਨਮਤੀ ਤਿਉਹਾਰ ਜਿਵੇਂ ਲੋਹੜੀਆਂ-ਕੰਜਕਾਂ-ਰਖੜੀਆਂ-ਦਿਵਾਲੀਆਂ-ਹੋਲੀਆਂ-ਕਰਵਾ ਚੌਥ, ਤੀਆਂ ਫ਼ਿਰ ਮੜ੍ਹੀ ਪੂਜਾ, ਕਬਰ ਪੂਜਾ ਆਦਿ ਉਨ੍ਹਾਂ ਦੇ ਜੀਵਨ ਹੁੰਦੇ ਹਨ।

ਇਸ ਦੇ ਬਾਵਜੂਦ ‘ਗੁਰੂ ਗ੍ਰੰਥ ਸਾਹਿਬ ਜੀ’ ਲਈ ਸ਼ਰਧਾ ਦੇਖੋ ਤਾਂ ਅੰਤਾ ਦੀ। ਰਾਹੀਗੀਰ ਹਨ ਤਾਂ ਇਕੋ ਮੰਜ਼ਿਲ ਦੇ। ਹਰ ਮਹੀਨੇ ਅਖੰਡ ਪਾਠ ਕਰਵਾਉਂਦੇ ਹਨ, ਬਾਬਾ ਜੀ ਤੇ ਰੁਮਾਲੁ ਵੀ ਲਖ-ਲਖ ਦੇ ਚੜ੍ਹਾਂਦੇ ਹਨ, ਲੰਗਰਾਂ ਲਈ ਬੋਰੀਆਂ ਅਨਾਜ ਦੀਆਂ ਭੇਜਦੇ ਹਨ। ਨਗਰ ਕੀਰਤਨ ਹੋਵੇ ਜਾਂ ਕੀਰਤਨ ਦਰਬਾਰ, ਸੋਨੇ ਦਾ ਕਲਸ ਚੜ੍ਹਣਾ ਹੈ ਜਾਂ ਗੁਰਦੁਆਰੇ ਦੀ ਇਮਾਰਤ, ਸਭ ਤੋਂ ਅੱਗੇ ਹਨ। ਇਸ ਤਰ੍ਹਾਂ ਹੋਰ ਵੀ ਬਹੁਤ ਕੁਛ ਪਰ ਗੁਰੂ ਬਾਬੇ ਤੋਂ ਜੀਵਨ ਦਾ ਰਸਤਾ ਬਿਲਕੁਲ ਨਹੀਂ ਲੈਣਾ ਤੇ ਇਹ ਵੀ ਨਹੀਂ ਘੋਖਣਾ ਕਿ ਅਸੀਂ ਕਰ ਕੀ ਰਹੇ ਹਾਂ? ਜਨਮਾਂ ਦਾ ਗੇੜ੍ਹ ਛੇੜ ਰਹੇ ਹਾਂ ਜਾਂ ਜੀਵਨ ਨੂੰ ਸਫ਼ਲ ਕਰ ਰਹੇ ਹਾਂ, ਇਸ ਨਾਲ ਮਤਲਬ ਨਹੀਂ ਪਰ ਜੀਵਨ ਦੀ ਗੱਡੀ ਤਾਂ ਚਲਾ ਹੀ ਰਹੇ ਹਾਂ।

ਨਤੀਜਾ, ਉਲਟੇ ਰਾਹ ਪਏ ਤੇ ਹੰਕਾਰੇ ਰਾਹੀ ਦੀ ਸੜਕ ਦੇ ਸੰਕੇਤਕ ਵੀ ਮਦਦ ਦੇ ਨਹੀਂ ਕਰ ਸਕਦੇ, ਉਹ ਤਾਂ ਉਸ ਨੇ ਦੇਖਣੇ ਹੀ ਨਹੀਂ, ਬਸ ਚਲਦੇ ਜਾਣਾ ਹੈ। ਜੀਵਨ `ਚ ਭਨਿਆਰੇ, ਆਸ਼ੂਤੋਸ਼ੀਏ, ਨਰੰਕਾਰੀਏ, ਰਾਧਾਸੁਆਮੀਏ ਇਥੋਂ ਤੀਕ ਕਿ ਵਿਭਚਾਰ-ਸ਼ਰਾਬ-ਜੂਏ ਆਦਿ `ਚ ਉਲਝਾਉਣ ਵਾਲੇ ਆਪਣੇ ਆਪਣੇ ਢੰਗ ਨਾਲ ਕੁਰਾਹੇ ਪਾਈ ਜਾਂਦੇ ਹਨ। ਅਖਿਰ ਜੀਵਨ ਦੀ ਸੀਮਾਂ ਮੁੱਕ ਜਾਂਦੀ ਹੈ ਪਰ ਮੰਜ਼ਿਲ਼ ਨੂੰ ਹਾਸਿਲ ਨਹੀਂ ਕਰ ਸਕਦੇ। ਹੋਰ ਤਾਂ ਹੋਰ ਕੁਰਾਹੇ ਪਏ ਦਾ ਨਤੀਜਾ ਧੋਖੇ-ਠਗੀਆਂ, ਹੇਰਾਫ਼ੇਰੀਆਂ, ਝੂਠ-ਫ਼ਰੇਬ, ਘਿਨਾਉਣੇ ਜੁਰਮ, ਸ਼ਰਾਬ, ਨਸ਼ੇ ਵਿਭਚਾਰ ਵੀ ਉਨ੍ਹਾਂ ਦੇ ਜੀਵਨ ਦਾ ਸ਼ਿੰਗਾਰ ਬਣਦੇ ਜਾਂਦੇ ਹਨ, ਫ਼ਿਰ ਵੀ ਗੱਡੀ ਤਾਂ ਚਲ ਹੀ ਰਹੀ ਹੁੰਦੀ ਹੈ! ! ੦੦੦

(11) ਨਕਲੀ ਸ਼ੇਰ- ਆਸਾਮ ਭਾਰਤ ਦਾ ਹੀ ਪ੍ਰਾਂਤ ਹੈ ਪਰ ਹੈ ਦੂਸਰੀ ਨੁਕੱਰ। ਸੰਨ 1947 ਵਿੱਚ ਜਦੋਂ ਹਿੰਦ-ਪਾਕ ਦੀ ਵੰਡ ਹੋਈ ਤਾਂ ਪੰਜਾਬ ਦੇ ਸਿੱਖ ਪ੍ਰਵਾਰ ਵੀ ਖਿੰਡ-ਪੁੰਡ ਕੇ ਦੂਰ ਦਰਾਜ਼ ਦੇ ਖੇਤ੍ਰਾਂ `ਚ ਪੁੱਜ ਗਏ। ਉਂਝ ਤਾਂ ਸਿੱਖ ਦੁਨੀਆਂ ਦੇ ਹਰ ਕੋਨੇ-ਨੁਕਰ `ਚ ਪੁੱਜਾ ਹੈ ਪਰ ਇਥੇ ਗਲ ਕਰ ਰਹੇ ਹਾਂ ਕੇਵਲ ਭਾਰਤ ਦੇ ਹੀ ਪ੍ਰਾਂਤ ਆਸਾਮ ਦੀ। ਇਸ ਤਰ੍ਹਾਂ ਸ਼ੁਰੂ-ਸ਼ੁਰੂ `ਚ ਚਾਰ-ਪੰਜ ਪੰਜਾਬੀ ਪ੍ਰਵਾਰ ਵੀ ਉਥੇ ਪੁੱਜੇ। ਇਨ੍ਹਾਂ `ਚ ਇੱਕ ਸਿੱਖ ਪ੍ਰਵਾਰ ਤੇ ਬਾਕੀ ਗ਼ੈਰ ਸਿੱਖ ਸਨ। ਸਿੱਖ ਪ੍ਰਵਾਰ `ਚ ਇੱਕ ਜੁਆਨ ਬੱਚੀ ਵੀ ਸੀ। ਉਸ ਸਮੇਂ ਦੇਸ਼ ਦੇ ਹਾਲਾਤ ਬੜੇ ਉਖੜੇ ਹੋਏ ਸਨ। ਪੰਜਾਬ ਤਾਂ ਹੈ ਹੀ ਆਸਾਮ ਤੋਂ ਬਹੁਤ ਦੂਰ ਤੇ ਭਾਰਤ ਦੀ ਦੂਜੀ ਨੁੱਕਰ। ਪ੍ਰਵਾਰਾਂ ਦੇ ਆਪਸੀ ਮੇਲ-ਮਿਲਾਪ ਵੀ ਠੀਕ ਨਹੀਂ ਸਨ। ਅਜੇਹੇ ਬਹੁਤੇ ਪ੍ਰਵਾਰ ਤਾਂ ਬਿਖਰੇ ਹੋਏ ਸਰਕਾਰੀ ਕੈਂਪਾਂ `ਚ ਹੀ ਬੈਠੇ ਸਨ ਤੇ ਬਹੁਤਾ ਕਰਕੇ ਪ੍ਰਵਾਰਾਂ ਤੀਕ ਇੱਕ ਦੂਜੇ ਦਾ ਅਤਾ ਪਤਾ ਹੀ ਨਹੀਂ ਸੀ।

ਮਾਪਿਆਂ ਨੂੰ ਬੱਚੀ ਦੀ ਭਰ ਜੁਆਨੀ ਕਾਰਨ ਬੜੀ ਚਿੰਤਾ ਸੀ। ਪੰਜਾਬੋਂ ਉਖੜ ਕੇ ਆਸਾਮ ਵੀ ਉਸ ਸਮੇਂ, ਉਨ੍ਹਾਂ ਲਈ ਪ੍ਰਦੇਸ ਤੋਂ ਘੱਟ ਨਹੀਂ ਸੀ। ਸੰਜੋਗਾਂ ਦੀ ਖੇਡ ਕਹਿ ਲਵੋ! ਜਾਂ ਉਸ ਦੇ ਮਾਪਿਆਂ ਦੀ ਮਜਬੂਰੀ ਦਾ ਨਤੀਜਾ- ਬੱਚੀ ਦਾ ਅਨੰਦ ਕਰਜ ਇੱਕ ਗ਼ੈਰ ਸਿੱਖ ਪ੍ਰਵਾਰ `ਚ ਹੀ ਕਰ ਦਿੱਤਾ ਗਿਆ। ਬੱਚੀ ਸੀ ਤਾਂ ਗੁਰਬਾਣੀ ਪੜ੍ਹਣ ਸਮਝਣ ਵਾਲੀ ਤੇ ਗੁਰੂਦਰ ਦੇ ਮੂਰਤੀ ਪੂਜਾ, ਵਰਤਾਂ, ਇੱਕ ਪ੍ਰਮਾਤਮਾ ਵਰਗੇ ਸਿਧਾਂਤਾਂ `ਤੇ ਦ੍ਰਿੜ, ਪਹਿਰਾ ਦੇਣ ਵਾਲੀ। ਫ਼ਿਰ ਵੀ ਇਸ ਮੁਆਮਲੇ `ਚ ਮਾਪਿਆਂ ਦੇ ਦਬਾਅ ਸਾਹਮਣੇ ਉਸ ਦੀ ਪੇਸ਼ ਨਾ ਗਈ।

ਉਸ ਦਾ ਸੋਹਰਾ ਪ੍ਰਵਾਰ ਮੰਦਿਰ ਜਾਣ ਵਾਲਾ ਸੀ। ਇਹ ਦੂਜੀ ਗਲ ਹੈ ਕਿ ਉਸਦੇ ਪਤੀ ਨੇ ਬੱਚੀ ਦੀ ਸਲਾਹ ਮੰਨ ਲਈ, ਜੇ ਕਰ ਉਹ ਮੂਰਤੀਆਂ ਅਗੇ ਸਿਰ ਝੁਕਾਣਾ ਪਸੰਦ ਨਹੀਂ ਕਰਦੀ ਤਾਂ ਘਰ ਬੈਠ ਕੇ ਹੀ ਪਾਠ ਕਰ ਲਿਆ ਕਰੇ। ਜਦਕਿ ਉਸਦੇ ਪਤੀ ਨੇ ਨਾ ਹੀ ਤਾਂ ਕਦੇ ਬਾਣੀ ਪੜ੍ਹੀ ਸੀ ਤੇ ਨਾ ਹੀ ਉਸਨੂੰ ਇਸ ਵੱਡੇ ਫ਼ਰਕ ਦੀ ਸਮਝ ਹੀ ਸੀ, ਉਹ ਤਾਂ ਕੇਵਲ ਇੰਨਾ ਜਾਣਦਾ ਸੀ ਕਿ ਦੋਨਾਂ ਦੇ ਧਰਮ ਅੱਡ ਅੱਡ ਹਨ। ਉਸ ਨੂੰ ਡਰ ਸੀ ਤਾਂ ਇਹ ਕਿ ਮਜਬੂਰ ਕਰਨ `ਤੇ ਕਿਧਰੇ ਉਸਦੀ ਪ੍ਰਵਾਰਕ ਜ਼ਿੰਦਗੀ ਨਾ ਬਿਖਰ ਜਾਏ? ਇਸ ਲਈ ਜੋ ਜਿਸ ਤਰ੍ਹਾਂ ਚਾਹੁੰਦਾ ਹੈ, ਚਲਦਾ ਰਹੇ।

ਕੁਝ ਦਿਨ ਤਾਂ ਚਲਦਾ ਰਿਹਾ ਪਰ ਸ਼ਾਦੀ ਬਾਅਦ ਘਰ `ਚ ਕੋਈ ਪਹਿਲਾ ਹੀ ਹਿੰਦੂ ਤਿਉਹਾਰ ਸੀ। ਸਸੂ ਦਾ ਹੁਕਮ ਸੀ, ਘਰ `ਚ ਨਵੀਂ ਨੂੰਹ ਆਈ ਹੈ ਇਸ ਲਈ ਸਾਰਿਆਂ ਨੇ ਮੰਦਿਰ ਜ਼ਰੂਰ ਜਾਣਾ ਹੈ। ਨੂੰਹ ਖਾਨਦਾਨੀ ਪ੍ਰਵਾਰ ਤੋਂ ਸੀ ਤੇ ਵੱਡਿਆਂ ਦਾ ਕਿਹਾ ਵੀ ਨਹੀਂ ਸੀ ਟਾਲ ਸਕਦੀ ਤਾਂ ਵੀ ਉਸ ਲਈ ਮੂਰਤੀਆਂ ਅਗੇ ਮੱਥਾ ਟੇਕਣ ਵਾਲੀ ਗੱਲ ਮੰਨਣੀ ਬਹੁਤ ਔਖੀ ਸੀ, ਦੂਜੇ ਪਾਸੇ ਉਹ ਆਗਿਆਕਰੀ ਵੀ ਬਹੁਤ ਸੀ। ਇਸ ਕਰਕੇ ਉਸਦਾ ਸੋਹਰੇ ਪ੍ਰਵਾਰ ਨਾਲ ਮੰਦਿਰ ਜਾਣ ਤੋਂ ਦਿਲ ਘਬਰਾ ਰਿਹਾ ਸੀ। ਮਾਨੋ ਬੱਚੀ ਲਈ ਉਸ ਦੀ ਜ਼ਿੰਦਗੀ `ਚ ਇਹ ਇਮਤਿਹਾਨ ਦੀ ਘੜੀ ਸੀ, ਉਸ ਦੀ ਸਮਝ `ਚ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਤੇ ਕੀ ਨਾ ਕਰੇ।

ਇਸ ਤਰ੍ਹਾਂ ਦੋ ਦਲੀਲਾਂ `ਚ ਫਸੀ, ਬੱਚੀ ਬੜੇ ਅਨਮਣੇ ਤਰੀਕੇ, ਸੋਹਰਾ ਪ੍ਰਵਾਰ ਨਾਲ ਮੰਦਿਰ ਨੂੰ ਚਲ ਪਈ। ਜਿਊਂ ਜਿਊਂ ਉਸਦੇ ਕਦਮ ਮੰਦਿਰ ਵਲ ਵੱਧਦੇ, ਉਸਦੇ ਦਿਲ ਦੀ ਧੜਕਣ ਵੀ ਤੇਜ਼ ਹੁੰਦੀ ਜਾਂਦੀ। ਬੱਚੀ ਮਨ ਹੀ ਮਨ ਅਕਾਲਪੁਰਖ ਦੇ ਚਰਨਾਂ `ਚ ਅਰਦਾਸਾਂ ਕਰਦੀ ਕਿ ਕਰਤਾਰ ਕੋਈ ਅਜੇਹਾ ਸਬਬ ਬਣਾ ਦੇਵੇ ਜਿਸਤੋਂ ਉਸ ਨੂੰ ਸਿੱਖੀ ਵਿਰੁਧ, ਮੂਰਤੀਆਂ ਅਗੇ ਮੱਥਾ ਟੇਕਣ ਵਾਲੇ ਕਰਮ ਤੋਂ ਛੁਟਕਾਰਾ ਮਿਲ ਸਕੇ। ਇਹ ਕਰਮ ਤਾਂ ਨਿਰੋਲ ਗੁਰਬਾਣੀ ਸਿਧਾਂਤ ਵਿਰੁਧ ਤੇ ਬੱਚੀ ਦੇ ਸਵੈਮਾਨ `ਤੇ ਕਾਰੀ ਚੋਟ ਸੀ। ਸਚਮੁਚ ਉਸਦੀ ਹਾਲਤ ਗ਼ਸ਼ ਖਾ ਕੇ ਡਿੱਗਣ ਵਾਲੀ ਹੋ ਚੁੱਕੀ ਸੀ। ਗੁਰੂ ਦੇ ਮਹਾਨ ਸਤਿਕਾਰ ਸਾਹਮਣੇ, ਸੰਸਾਰ ਤੱਲ `ਤੇ ਵੱਡਿਆਂ ਦਾ ਸਤਿਕਾਰ ਉਸਨੂੰ ਤੁੱਛ ਜਾਪਣ ਲਗਾ। ਖ਼ੈਰ! ਸੋਚਾਂ ਸੋਚਦੀ ਨੂੰ ਪਤਾ ਵੀ ਨਾ ਲਗਾ ਕਿ ਕਦੋਂ ਰਸਤਾ ਖ਼ਤਮ ਹੋ ਚੁੱਕਾ ਸੀ ਤੇ ਸਾਹਮਣੇ ਮੰਦਿਰ ਦਾ ਦਰਵਾਜ਼ਾ ਵੀ ਆ ਚੁੱਕਾ ਸੀ। ਤਦ ਤੀਕ ਉਹ ਪੱਕਾ ਮਨ ਬਨਾ ਚੁੱਕੀ ਸੀ, ਕੁੱਝ ਵੀ ਹੋ ਜਾਏ ਪਰ ਉਹ ਮੂਰਤੀਆਂ ਸਾਹਮਣੇ ਕਦਾਚਿਤ ਮੱਥਾ ਨਹੀਂ ਟੇਕੇ ਗੀ।

ਮੰਦਿਰ ਪੁੱਜੀ ਤਾਂ ਦੇਖਿਆ, ਮੰਦਿਰ ਦੇ ਵੱਡੇ ਦਰਵਾਜ਼ੇ ਦੇ ਦੋਨੋਂ ਪਾਸੇ ਦੋ ਵੱਡੇ-ਵੱਡੇ, ਸ਼ੇਰ ਬਣੇ ਹੋਏ ਹਨ। ਉਸਨੂੰ ਦਲੀਲ ਸੁਝੀ, ਉਹ ਇਸ ਤਰ੍ਹਾਂ ਗ਼ਸ਼ ਖਾ ਕੇ ਡਿੱਗ ਪਈ ਜਿਵੇਂ ਉੇਸਨੇ ਇਨ੍ਹਾਂ ਨੂੰ ਸਚਮੁਚ ਦੇ ਸ਼ੇਰ ਹੀ ਮੰਨ ਲਿਆ ਹੋਵੇ। ਸ਼ੋਰ ਮਚਾ ਦਿੱਤਾ, ਸ਼ੇਰ-ਸ਼ੇਰ ਮੈਨੂੰ ਬਚਾਓ, ਇਹ ਮੈਨੂੰ ਖਾ ਜਾਣਗੇ। ਤਿਉਹਾਰ ਦਾ ਦਿਨ ਸੀ, ਭੀੜ ਇਕੱਠੀ ਹੋ ਗਈ। ਪ੍ਰਵਾਰ ਅਤੇ ਹੋਰ ਲੋਕਾਂ ਨੇ ਅੱਗੇ ਹੋ ਕੇ ਬੱਚੀ ਨੂੰ ਸੰਭਾਲਣ ਦਾ ਜਤਨ ਕੀਤਾ, ਪਰ ਕਿਥੇ? ਪ੍ਰਵਾਰ ਵਾਲੇ ਤੇ ਲੋਕ ਵੀ ਸਮਝਾ ਰਹੇ ਸਨ ‘ਡਰਣ ਦੀ ਲੋੜ ਨਹੀਂ, ਇਹ ਸ਼ੇਰ ਤਾਂ ਮਿੱਟੀ ਦੇ ਅਤੇ ਨਕਲੀ ਹਨ, ਇਹ ਕੁੱਝ ਨਹੀਂ ਕਹਿਣਗੇ’ ਕੋਈ ਕਹਿੰਦੇ, ਬੱਚੀ ਦਾ ਦਿਲ ਕਮਜ਼ੋਰ ਹੈ, ਇਸ ਨੂੰ ਵਾਪਿਸ ਘਰ ਛੱਡ ਆਵੋ ਤੇ ਕੋਈ ਕੁਝ। ਜਿੰਨੇ ਮੂੰਹ ਉਂਨੀਆਂ ਗਲਾਂ। ਜਿਨ੍ਹਾਂ ਨੂੰ ਪਤਾ ਸੀ ਕਿ ਇਹ ਸਿੱਖਾਂ ਦੀ ਧੀ ਹੈ ਤੇ ਉਹ ਕਹਿਣ ‘ਤੂੰ ਤਾਂ ਸਿੱਖਾਂ ਦੀ ਬੱਚੀ ਹੈਂ, ਤੈਨੂੰ ਤਾਂ ਬਹਾਦੁਰ ਹੋਣਾ ਚਾਹੀਦਾ ਹੈ, ਤੂੰ ਇੰਨੀ ਕਮਜ਼ੋਰ ਕਿਉਂ ਹੈਂ?’ ਵਗ਼ੈਰਾ ਵਗ਼ੈਰਾ। ਆਖਿਰ, ਮੁਸ਼ਕਲ ਨਾਲ ਬੱਚੀ ਸੰਭਾਲ `ਚ ਆਈ ਤੇ ਅੱਗੇ ਟੁਰੀ ਪਰ ਮਨ `ਚ ਇਹੀ ਦੌੜ ਸੀ, ‘ਕਿਸੇ ਤਰ੍ਹਾਂ ਮੂਰਤੀਆਂ ਅੱਗੇ ਮੱਥਾ ਟੇਕਣ ਤੋਂ ਬਚ ਸਕੇ’।

ਮੰਦਿਰ `ਚ ਅਗੇ ਟੁਰੇ ਤਾਂ ਅਗਲੇ ਦਰਵਾਜ਼ੇ ਬਹਿਰ ਦੋ ਕਾਲੇ ਡਰਾਉਣੇ ਮਿੱਟੀ ਦੇ ਚੌਬਦਾਰ ਖੜੇ ਸਨ। ਇਥੇ ਫ਼ਿਰ ਬੱਚੀ ਨੇ ਸ਼ੋਰ ਮਚਾ ਦਿੱਤਾ, ਤਿਉਹਾਰ ਦਾ ਦਿਨ, ਭੀੜ ਬਹੁਤ ਸੀ। ਸਾਰੇ ਆਪਣੇ ਆਪਣੇ ਢੰਗ ਸਮਝਾਉਂਦੇ, ‘ਬੇਟਾ ਇਹ ਸਚੀਮੁਚੀ ਦੇ ਨਹੀਂ ਇਹ ਮਿੱਟੀ ਦੇ ਹਨ ਤੇ ਕੁੱਝ ਨਹੀਂ ਕਹਿ ਸਕਦੇ। ਬੱਚੀ ਟੱਸ ਤੋਂ ਮਸ ਨਾ ਹੋਵੇ ਤੇ ਚਿਚਲਾਂਦੀ ਜਾਵੇ ਕਿ ਇਨ੍ਹਾਂ ਕੋਲੋਂ ਡਰ ਲਗਦਾ ਹੈ। ਬਹੁਤੇ ਇਹੀ ਕਹਿਣ, ਬੱਚੀ ਦਾ ਦਿਲ ਬੜਾ ਕਮਜ਼ੋਰ ਹੈ, ਇਸ ਲਈ ਇਸਨੂੰ ਵਾਪਿਸ ਘਰ ਲੈ ਜਾਣਾ ਚਾਹੀਦਾ ਹੈ। ਪ੍ਰਵਾਰ `ਚ ਵੱਡਿਆਂ ਦੀ ਜ਼ਿੱਦ ਸੀ, ‘ਨਵੀਂ ਨਵੀਂ ਨੂੰਹ ਹੈ, ਸ਼ਾਦੀ ਤੋਂ ਬਾਅਦ ਪਹਿਲਾ ਤਿਉਹਾਰ ਹੈ, ਇਸ ਨੂੰ ਮੱਥਾ ਜ਼ਰੂਰ ਟਿਕਵਾਉਣਾ ਹੈ’।

ਇਸ ਤੋਂ ਬਾਅਦ ਮੰਦਿਰ ਦਾ ਖੁਲਾ ਸਹਿਨ ਟੱਪ ਕੇ ਪ੍ਰਵਾਰ ਉਸ ਕਮਰੇ ਤੀਕ ਪੁੱਜਾ ਜਿੱਥੇ ਸਾਰੇ ਪਾਸੇ ਵੱਖ-ਵੱਖ ਮੂਰਤੀਆਂ ਹੀ ਸਨ। ਸੱਸ ਨੇ ਬੱਚੀ ਨੂੰ ਕਿਹਾ ਬੇਟਾ! ਅੱਗੇ ਵਧੋ ਤੇ ਭਗਵਾਨ ਦੇ ਚਰਨਾਂ `ਚ ਮੱਥਾ ਟੇਕੋ। ਭਗਵਾਨ ਕੋਲੋਂ ਪ੍ਰਵਾਰ ਦੀ ਰਖਿਆ ਦੀ ਮੰਗ ਕਰੋ, ਆਪਣੇ ਸੁਹਾਗ ਦੀ ਲੰਮੀ ਉਮਰ ਲਈ ਮੰਗ ਕਰੋ, ਇਹ ਭਗਵਾਨ ਹਨ ਜੋ ਸਾਰਿਆਂ ਦੀ ਸੁਣਦੇ ਹਨ। ਹੁਣ ਬੱਚੀ ਵੀ ਇਸੇ ਮੌਕੇ ਦੀ ਇੰਤਜ਼ਾਰ `ਚ ਸੀ। ਉਸਨੇ ਬਨਾਵਟੀ ਸਹਿਮੀ-ਦੱਬੀ ਆਵਾਜ਼ ਪਰ ਪਕਿਆਈ ਨਾਲ ਕਿਹਾ, ‘ਨਹੀਂ ਮੰਮੀ ਮੈਂ ਇਸ ਭਗਵਾਨ ਅੱਗੇ ਮੱਥਾ ਨਹੀਂ ਟੇਕਾਂ ਗੀ। ਇਹ ਭਗਵਾਨ ਤਾਂ ਮਿੱਟੀ ਦੇ ਹਨ, ਇਹ ਤਾਂ ਬੋਲਦੇ-ਸੁਣਦੇ ਨਹੀਂ, ਮੈਂ ਤਾਂ ਸਚਮੁਚ ਦੇ ਭਗਵਾਨ ਅੱਗੇ ਮੱਥਾ ਟੇਕਾਂਗੀ। ਉਸਨੇ ਬੜੇ ਸਤਿਕਾਰ ਨਾਲ ਕਿਹਾ, ਮੰਮੀ! ਤੁਸੀਂ ਆਪ ਹੀ ਤਾਂ ਹੁਣੇ ਕਹਿ ਰਹੇ ਸੀ, ਸ਼ੇਰ ਮਿੱਟੀ ਦੇ ਹਨ ਉਹ ਕਿਸੇ ਨੂੰ ਨਹੀਂ ਕੁੱਝ ਨਹੀਂ ਕਹਿੰਦੇ ਇਸੇ ਤਰ੍ਹਾਂ ਚੋਬਦਾਰ ਵੀ ਮਿੱਟੀ ਦੇ ਸਨ। ਇਹ ਭਗਵਾਨ ਵੀ ਤਾਂ ਮਿੱਟੀ ਦੇ ਹੀ ਹਨ, ਇਹ ਸਾਡੀ ਗਲ ਕਿਵੇਂ ਸੁਣ ਸਕਦੇ ਤੇ ਕੁੱਝ ਕਰ ਸਕਦੇ ਹਨ?

ਬੱਚੀ ਦੇ ਉੱਤਰ ਤੋਂ ਸਾਰੇ ਪ੍ਰੇਸ਼ਾਨ ਸਨ। ਤਿਉਹਾਰ ਸਮੇਂ ਬੱਚੀ ਦੇ ਆਸ ਪਾਸ ਇਕੱਠੇ ਦਰਸ਼ਕਾਂ ਦਾ ਧਿਆਨ ਵੀ ਬੱਚੀ ਦੇ ਸੁਆਲ-ਜੁਆਬ ਵੱਧ ਅਤੇ ਤਿਉਹਾਰ ਵਲ ਘੱਟ ਸੀ। ਫ਼ਿਰ ਵੀ ਬੱਚੀ ਦੀ ਦਲੀਲ ਦਾ ਉੱਤਰ ਕਿਸੇ ਕੋਲ ਨਹੀਂ ਸੀ। ਬੱਚੀ ਦੇ ਸਸ-ਸੋਹਰੇ ਨੇ ਚਲਦੀ ਰੀਤੀ ਅਨੁਸਾਰ ਬੱਚੀ ਨੂੰ ਇੱਕ ਦੋ ਵਾਰੀ ਹਲਕੇ ਜਹੇ ਢੰਗ ਨਾਲ ਫ਼ਿਰ ਕਿਹਾ ਪਰ ਪਹਿਲਾਂ ਵਾਂਙ ਮਜਬੂਰ ਨਾ ਕਰ ਸਕੇ। ਪ੍ਰਵਾਰ ਵਾਲੇ ਮਨ ਕਰਕੇ ਹਾਰ ਤਾਂ ਮੰਨ ਹੀ ਚੁੱਕੇ ਸਨ, ਕਰਦੇ ਵੀ ਕੀ? ਬੱਚੀ ਦੇ ਮੱਥਾ ਟੇਕੇ ਬਗ਼ੈਰ, ਉਸੇ ਤਰ੍ਹਾਂ ਘਰ ਪਰਤ ਪਏ। ਬੱਚੀ ਵੀ ਮਨ ਹੀ ਮਨ ਅਕਾਲਪੁਰਖ ਦੀ ਵਰਤਾਈ ਖੇਡ ਅਤੇ ਬਖ਼ਸ਼ੀ ਹਿੰਮਤ ਲਈ ਉਸ ਦਾ ਸ਼ੁਕਰਾਨਾ ਕਰ ਰਹੀ ਸੀ। ਇਸ ਘਟਨਾ ਤੋਂ ਬਾਅਦ ਬੱਚੀ ਦਾ ਸੋਹਰਾ ਪ੍ਰਵਾਰ ਸਚਮੁਚ ਹੀ ਇੰਨਾ ਕੱਚਾ ਪੈ ਚੁੱਕਾ ਸੀ ਕਿ ਫ਼ਿਰ ਕਦੇ ਉਨ੍ਹਾਂ ਬੱਚੀ ਨੂੰ ਕਿਸੇ ਅਜੇਹੇ ਕਰਮ ਲਈ ਮਜਬੂਰ ਨਹੀਂ ਕੀਤਾ। ਉਲਟਾ, ਬੱਚੀ ਵੀ ਗੁਰਬਾਣੀ ਪ੍ਰਭਾਵ `ਚ ਸੁਭਾਅ ਕਰਕੇ ਵਡਿਆਂ ਦੀ ਇਜ਼ਤ ਕਰਨ ਵਾਲੀ, ਮਿੱਠੇ ਬੋਲਾਂ ਤੇ ਹਮਦਰਦ ਤਬੀਅਤ ਸੀ, ਇਸ ਦਾ ਨਤੀਜਾ ਕਿ ਪ੍ਰਵਾਰ `ਚ ਉਸਦਾ ਮਾਣ ਹੋਰ ਵਧਿਆ। ਉਸਦਾ ਪਤੀ ਵੀ ਹਰ ਗੱਲੇ, ਉਸਦੇ ਸੱਚ ਧਰਮ ਦੀ ਦਾਦ ਦੇਂਦਾ। ਉਸ ਅੰਦਰ ਆਪਣੀ ਪਤਨੀ ਲਈ ਦਿਵਾਣਗੀ ਹੋਰ ਵੱਧਦੀ ਗਈ। ਇਸ ਛੋਟੀ ਜਹੀ ਘਟਨਾ ਅਤੇ ਗੁਰਬਾਣੀ ਜੀਵਨ `ਤੇ ਪਹਿਰਾ ਦੇਣ ਦਾ ਹੀ ਨਤੀਜਾ ਸੀ ਕਿ ਧੀਰੇ ਧੀਰੇ ਕੁੱਝ ਸਾਲਾਂ ਬਾਅਦ ਸਾਰਾ ਪ੍ਰਵਾਰ ਹੀ ਗੁਰੂ ਦਾ ਸਿੱਖ ਸਜ ਚੁੱਕਾ ਸੀ। ਇਹ ਸੀ ਕਰਾਮਾਤ ਗੁਰਬਾਣੀ ਰਾਹੀਂ ਪ੍ਰਕਟ ਕੀਤੇ ਸਚ ਧਰਮ ਤੇ ਉਸ ਲਈ ਪ੍ਰਗਟਾਵੇ ਦੀ। ੦੦੦

(12) ਬਕਸਾ ਹੀਰਿਆਂ ਦਾ- ਇੱਕ ਪਿੰਡ `ਚ ਇੱਕ ਵੱਡਾ ਧਨਾਢ ਤੇ ਉੱਚੇ ਸੁੱਚੇ ਸੁਭਾਅ ਵਾਲਾ ਮਨੁੱਖ ਰਹਿੰਦਾ ਸੀ। ਸਾਰਾ ਪਿੰਡ ਬਲਕਿ ਆਸ ਪਾਸ ਦੇ ਪਿੰਡਾਂ ਵਾਲੇ ਵੀ ਉਸਦੀ ਬੜੀ ਇਜ਼ਤ ਕਰਦੇ ਸਨ। ਉਸਦਾ ਇੱਕ ਲੜਕਾ ਸੀ, ਉਹ ਸੀ ਤਾਂ ਪਿਤਾ ਦਾ ਬੜਾ ਆਗਿਆਕਾਰੀ ਅਤੇ ਪਿਤਾ ਦਾ ਮਾਣ ਸਤਿਕਾਰ ਕਰਣ ਵਾਲਾ। ਇਥੋਂ ਤੀਕ ਤੇ ਠੀਕ, ਪਰ ਪਿਤਾ ਦੀ ਲੰਮੀ-ਚੌੜੀ ਆਮਦਨ ਹੋਣ ਕਰਕੇ, ਆਪਣੇ ਪਿਤਾ ਦੇ ਸੁਭਾਅ ਦੇ ਉਲਟ ਉਹ ਬੜਾ ਆਲਸੀ ਸੁਭਾਅ ਅਤੇ ਨਖਟੂ ਕਿਸਮ ਦਾ ਪੁਤ੍ਰ ਸੀ। ਪਿਤਾ ਬਹੁਤ ਸਮਝਾਂਦਾ ‘ਬੇਟਾ! ਮਾਪਿਆਂ ਦੀ ਕਮਾਈ ਉਪਰ ਉਮਰਾਂ ਨਹੀਂ ਨਿਕਲਦੀਆਂ, ਠੀਕ ਹੈ ਤੇਰੇ ਅੰਦਰ ਨਸ਼ਿਆਂ ਆਦਿ ਵਾਲਾ ਕੋਈ ਮਾੜਾ ਦੋਖ ਨਹੀਂ ਪਰ ਇਹ ਵੀ ਚੇਤੇ ਰਖ ਕਿ ਆਖਿਰ ਆਪਣੀ ਕਮਾਈ `ਤੇ ਹੀ ਜੀਵਨ ਚਲਦੇ ਹਨ’। ਪਿਤਾ ਬਹੁਤ ਸਮਝਾਂਦਾ ਪਰ ਇਸ ਪੱਖੋਂ ਬੱਚੇ `ਤੇ ਕੋਈ ਅਸਰ ਨਾ ਹੁੰਦਾ।

ਕਰਤਾਰ ਦਾ ਅਟੱਲ ਨਿਯਮ, ਪਿਤਾ ਦੀ ਉਮਰ ਵੀ ਵਡੇਰੀ ਹੋ ਗਈ। ਜਦੋਂ ਪਿਤਾ ਨੂੰ ਆਪਣਾ ਅੰਤ ਸਮਾਂ ਨੇੜੇ ਜਾਪਿਆ ਤਾਂ ਉਸਨੇ ਬੱਚੇ ਨੂੰ ਕੋਲ ਬੁਲਾਇਆ ਤੇ ਇੱਕ ਸੋਹਣਾ ਜਿਹਾ ਬਕਸਾ ਦੇ ਕੇ ਉਸਨੂੰ ਕਿਹਾ ‘ਪੁਤ੍ਰ! ਤੁਸਾਂ ਇਸ ਬਕਸੇ ਨੂੰ ਬੜਾ ਸੰਭਾਲ ਕੇ ਰਖਣਾ ਹੈ, ਇਹ ਬਕਸਾ ਔਖੇ ਵੇਲੇ ਕੰਮ ਤੇਰੇ ਆਵੇਗਾ’। ਕੁੱਝ ਸਮੇਂ ਬਾਅਦ ਪਿਤਾ ਚਲ ਵਸਿਆ। ਬੇਟਾ ਵੀ ਸੀ, ਕਿ ਪਿਤਾ ਦੀ ਬੜੀ ਇਜ਼ਤ ਕਰਦਾ ਸੀ, ਇਸ ਕਰਕੇ ਉਸਨੇ ਪਿਤਾ ਦੀ ਯਾਦ ਕਾਇਮ ਰਕਣ ਲਈ, ਘਰ `ਚ ਹੀ ਇੱਕ ਨਿਵੇਕਲਾ, ਵਧੀਆ ਤੇ ਸਾਫ਼-ਸੁਥਰਾ ਕਮਰਾ ਬਨਵਾਇਆ। ਉਸ ਕਮਰੇ `ਚ ਇੱਕ ਉਚੀ ਜਗ੍ਹਾ ਬਣਾ ਕੇ, ਬਕਸੇ ਨੂੰ ਸੁੰਦਰ ਵਸਤ੍ਰਾਂ ਨਾਲ ਢੱਕ ਦਿੱਤਾ। ਚੂੰਕਿ ਬੱਚਾ, ਪਿਤਾ ਦਾ ਬਹੁਤ ਸਤਿਕਾਰ ਕਰਦਾ ਸੀ, ਇਸ ਲਈ ਕਮਰੇ ਦੀ ਸਫ਼ਾਈ, ਰੰਗ ਰੋਗ਼ਨ, ਬਕਸੇ ਦੇ ਵਸਤ੍ਰ ਇਥੋਂ ਤੀਕ ਕਿ ਰੋਜ਼ਾਨਾ ਬਕਸੇ ਤੇ ਹਾਰ ਚੜ੍ਹਾ ਕੇ ਉਸ ਦੀ ਧੂਪ ਵੱਟੀ ਵੀ ਕਰਦਾ। ਲੋਕ ਪੁਛਦੇ ਤਾਂ ਕਹਿੰਦਾ ‘ਇਹੀ ਬਕਸਾ ਤਾਂ ਨਿੱਤ ਮੈਨੂੰ ਮੇਰੇ ਸਤਿਕਾਰਜੋਗ ਪਿਤਾ ਦੀ ਯਾਦ ਤਾਜ਼ਾ ਕਰਵਾਉਂਦਾ ਹੈ’।

ਸ਼ੱਕ ਨਹੀਂ, ਪਿਤਾ ਦਾ ਕਮਾਏ ਧਨ-ਪਦਾਰਥ ਬਹੁਤ ਜ਼ਿਆਦਾ ਸਨ, ਉਸ ਨੇ ਉਨ੍ਹਾਂ ਦਾ ਬੇਦਰਦੀ ਨਾਲ ਇਸਤੇਮਾਲ ਵੀ ਕੀਤਾ ਪਰ ਆਪਣੇ ਆਲਸੀ-ਨਖਟੂ ਸੁਭਾਅ ਨੂੰ ਕਦੇ ਨਾ ਘੋਖਦਾ। ਜਿੰਨੀ ਦੇਰ ਪਿਤਾ ਦਾ ਸਿਰ `ਤੇ ਕੁੰਡਾ ਸੀ, ਉਤਨੀ ਦੇਰ ਤਾਂ ਬਚਿਆ ਰਿਹਾ, ਉਪ੍ਰੰਤ ਬਿਨਾ ਕਮਾਏ ਪੈਸੇ ਦੀ ਬਹੁਤਾਤ ਕਾਰਨ ਉਸਦੇ ਜੀਵਨ `ਚ ਨਸ਼ੇ-ਸ਼ਰਾਬ-ਵਿਭਚਾਰ ਆਦਿ ਵੀ ਰਸਤਾ ਬਨਾ ਬੈਠੇ। ਇਨ੍ਹਾਂ ਦੋਖਾਂ ਦਾ ਨਤੀਜਾ, ਇਤਨੇ ਅਮੀਰ ਪਿਤਾ ਦੀ ਔਲਾਦ ਹੁੰਦਿਆਂ ਵੀ, ਆਖਿਰ ਤਿੰਨ ਕਪੜਿਆਂ `ਤੇ ਜਾ ਪੁੱਜਾ, ਉਸਨੂੰ ਦੋ ਵੱਕਤ ਰੋਟੀ ਦੇ ਵੀ ਲਾਲੇ ਪੈ ਗਏ। ਇਸ ਸਾਰੇ ਦੇ ਬਾਵਜੂਦ ਉਸਨੇ ਆਪਣੇ ਪਿਤਾ ਦੀ ਯਾਦ, ਜਿਸ ਨੇ ਉਸਨੂੰ ਇੰਨਾ ਵੱਧ ਕਮਾ ਕੇ ਦਿੱਤਾ ਸੀ, ਉਸ ਲਈ ਬਾਹਰੀ ਸੇਵਾ `ਚ ਫ਼ਰਕ ਨਾ ਪੈਣ ਦਿੱਤਾ। ਆਖਿਰ, ਜਦੋਂ ਆਜਿਜ਼ ਹੀ ਹੋ ਗਿਆ ਤਾਂ ਉਸਨੇ ਕਿਸੇ ਅਤਿ ਸਨੇਹੀ ਨੂੰ ਬਕਸੇ ਬਾਰੇ ਦਸਿਆ। ਇਸ ਤੇ ਉਸ ਸੱਜਨ ਨੇ ਕਿਹਾ, ‘ਭਲਿਆ ਲੋਕਾ, ਜਦੋਂ ਤੇਰੇ ਪਿਤਾ ਨੇ ਕਿਹਾ ਸੀ ਕਿ ‘ਬਕਸਾ ਤੇਰੇ ਔਖੇ ਸਮੇਂ ਕੰਮ ਆਵੇਗਾ’। ਤਾਂ ਤੂੰ ਇਸਨੂੰ ਖੋਲ ਕੇ ਦੇਖ ਤਾਂ ਸਹੀ ਕਿ ਪਿਤਾ ਨੇ ਇਸ ਅੰਦਰ ਰਖਿਆ ਕੀ ਹੈ?’। ਇਸ ਤਰ੍ਹਾਂ ਸਚਮੁਚ ਹੀ ਜਦੋਂ ਬਕਸਾ ਖੋਲਿਆ ਤਾਂ ਉਸ ਦੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ। ਬਕਸਾ ਹੀਰੇ, ਸੋਨੇ ਦੇ ਜ਼ੇਵਰਾਂ, ਜਵਾਹਰਾਤਾਂ, ਸਿਕਿਆਂ ਦਾ ਭਰਿਆ ਪਿਆ ਸੀ। ਇਸ ਤੋਂ ਵੱਧ ਉਸ `ਚ ਪਿਤਾ ਦਾ ਲਿਖਿਆ ਰੁੱਕਾ ਵੀ ਪਿਆ ਸੀ। ਰੁੱਕੇ `ਤੇ ਜੋ ਲਿਖਿਆ ਸੀ ਉਸਨੇ ਤਾਂ ਇਸ ਦੀਆਂ ਅਖਾਂ ਹੀ ਖੋਲ ਦਿੱਤੀਆਂ। ਲਿਖਿਆ ਸੀ, ‘ਬੇਟਾ! ਤੇਰੇ ਆਲਸੀ ਤੇ ਨਖਟੂ ਸੁਭਾਅ ਕਰਕੇ ਹੀ ਮੈਂ ਬਕਸਾ ਤਿਆਰ ਕੀਤਾ ਸੀ। ਇਸ ਤੋਂ ਬਾਅਦ ਜੇ ਕਰ ਹੁਣ ਵੀ ਤੂੰ ਆਪਣੇ ਸੁਭਾਅ ਨੂੰ ਨਾ ਬਦਲਿਆ ਤਾਂ ਚੇਤੇ ਰਖੀਂ, ਇਹ ਧਨ ਵੀ ਜਲਦੀ ਹੀ ਮੁੱਕ ਜਾਵੇਗਾ। ਜੇਕਰ ਤੂੰ ਇਸ ਦੀ ਸੁਚੱਜੀ ਵਰਤੋਂ ਕੀਤੀ ਤਾਂ ਯਕੀਨਣ ਇਨ੍ਹਾਂ ਤੋਂ ਹੋਰ ਵਾਧਾ ਕਰਕੇ, ਬਾਕੀ ਜ਼ਿੰਦਗੀ ਸੁਖੱਲੀ ਬਤੀਤ ਕਰੇਂਗਾ। ਚੇਤੇ ਰਖੀਂ! ਵੈਸੇ ਤਾਂ ਮੇਰੇ ਆਖਰੀ ਸਮੇਂ ਤੀਕ ਤੇਰੇ ਅੰਦਰ ਕੋਈ ਭੈੜੀ ਇਲਤ ਨਹੀਂ ਸੀ ਫ਼ਿਰ ਵੀ ਜੇ ਮੇਰਾ ਸਾਇਆ ਹਟਣ ਤੋਂ ਬਾਅਦ ਕੋਈ ਅਜੇਹਾ ਦੋਖ ਵੀ ਪਾਲ ਲਿਆ ਹੋਵੇ ਤਾਂ ਸਮਝ ਆ ਜਾਣ ਬਾਅਦ ਉਸਨੂੰ ਤਿਆਗਣ `ਚ ਢਿਲ ਨਾ ਕਰੀਂ-ਤੇਰਾ ਬਾਪੂ’। ਇਸ `ਤੇ ਬੇਟੇ ਦੀ ਹਾਅ ਨਿਕਲ ਗਈ, ਉਸਨੂੰ ਸਮਝ ਆ ਚੁੱਕੀ ਸੀ ਕਿ ਬਾਪੂ ਦਾ ਅਸਲ ਸਤਿਕਾਰ ਕਿਸ ਨੂੰ ਕਹਿੰਦੇ ਹਨ?

ਦੂਜੇ ਪਾਸੇ ਅੱਜ ਸਾਡੀ ਕੌਮ ਦੀ ਹਾਲਤ ਵੀ ਇਨ-ਬਿਨ ਇਹੀ ਹੈ। ਉਹ ਤਾਂ ਫ਼ਿਰ ਵੀ ਸੰਸਾਰਕ ਧਨ-ਪਦਾਰਥ ਸਨ ਤਾਂ ਵੀ ਬੱਚੇ ਦੀ ਜ਼ਿੰਦਗੀ ਸੰਭਲ ਗਈ। ਜਦਕਿ ਸਾਡੇ ਬਾਪੂ ਨੇ ਦਸ ਜਾਮੇ ਧਾਰਨ ਕਰਕੇ, ਘਰੋਂ ਬੇਘਰ ਹੋ ਕੇ, ਤਤੀਆਂ ਤਵੀਆਂ `ਤੇ ਬੈਠ ਕੇ, ਆਪਣਾ ਸੀਸ ਕਟਵਾ ਕੇ ਸਾਡੇ ਉਪਰੋਂ ਆਪਣਾ ਸਰਬੰਸ ਤੇ ਸਭਕੁਝ ਕੁਰਬਾਨ ਕਰਕੇ ਸਾਨੂੰ ਇਲਾਹੀ ਹੀਰੇ-ਜਵਾਹਰਾਤਾਂ ਦਾ ਭਰਿਆ ‘ਗੁਰੂ ਗ੍ਰੰਥ ਸਾਹਿਬ’ ਰੂਪੀ ਜੋ ਅਮੁੱਕ ਖਜ਼ਾਨਾ ਬਖਸ਼ਿਆ ਹੈ, ਕਾਸ਼ ਅਸੀਂ ਇਸ ਦੀ ਵਡਿਆਈ ਨੂੰ ਪਹਿਚਾਣ ਸਕਦੇ ਅਪਣੇ ਆਪਣੇ ਜੀਵਨ ਨੂੰ ਕੇਵਲ ਸੰਸਾਰਕ ਤੱਲ `ਤੇ ਹੀ ਨਹੀਂ ਬਲਕਿ ਇਲਾਹੀ ਗੁਣਾਂ ਨਾਲ ਸੁਆਦਲਾ, ਟਿਕਾਅ-ਸ਼ਾਂਤੀ ਭਰਪੂਰ ਕਰ ਲੈਂਦੇ।

ਇਸਦੇ ਉਲਟ, ਅੱਜ ਅਸੀਂ ਕੀ ਕਰ ਰਹੇ ਹਾਂ? ਇਸ ਇਲਾਹੀ ਜੀਵਨ ਦੇ ਇਕੋ-ਇਕ ਖਜ਼ਾਨੇ ਵਾਸਤੇ ਦੁਨੀਆਂ ਨੂੰ ਦਿਖਾਉਣ ਲਈ ਆਪਣੇ ਧਨ-ਪਦਾਰਥਾਂ ਦਾ ਰੋਅਬ ਪਾ ਰਹੇ ਹਾਂ। ਪ੍ਰਭੂ ਦੇ ਹੀ ਬਖਸ਼ੇ ਪਦਾਰਥਾਂ ਚੋਂ ਉਸ ਲਈ, ਲਖਾਂ ਦੇ ਰੁਮਾਲੇ ਚੜ੍ਹਾ ਰਹੇ ਹਾਂ। ਰਿਤੂਵਤ ਕਮਰੇ ਹੀ ਨਹੀਂ ਬਲਕਿ ਹਾਲ ਬਣਵਾ ਰਹੇ ਹਾਂ, ਬਾਹਰੀ ਸਤਿਕਾਰ ਲਈ ਸੰਗਮਰਮਰ ਦੀਆਂ ਇਮਾਰਤਾਂ, ਸੋਨੇ ਦੇ ਕਲਸ, ਸੋਨੇ ਦੀਆਂ ਪਾਲਕੀਆਂ ਤੇ ਛੱਤਰਾਂ ਦੀ ਸੀਮਾ ਨਹੀਂ, ਸਰਦੀਆਂ `ਚ ਗਰਮ ਰੁਮਾਲੇ, ਹੀਟਰ ਤੇ ਗਰਮੀਆਂ ਲਈ ਵੱਡੇ-ਵੱਡੇ ਕੀਮਤੀ ਪ੍ਰਬੰਧ। ਸੜਕਾਂ `ਤੇ ਕੁਲਚੇ-ਛੋਲੇ, ਫਲ਼ਾਂ ਆਦਿ ਦੇ ਢੇਰ ਲਾ ਰਹੇ ਹਾਂ, ਸ਼ਰਬਤ ਰੋਹੜ ਰਹੇ ਹਾਂ ਪਰ ਇਸ ਇਲਾਹੀ ਖਜ਼ਾਨੇ `ਚੋਂ ਕੁੱਝ ਵੀ ਨਾ ਲੈ ਕੇ ਵਾਲਾਂ-ਰੋਮਾ ਦੀ ਕੱਟ ਵੱਢ, ਸ਼ਰਾਬ, ਵਿਭਚਾਰ, ਨਸ਼ੇ, ਗੁਨਾਹਾਂ ਜੁਰਮਾਂ ਦੀ ਖਾਨਗਾਹ ਬਣ ਰਹੇ ਹਾਂ। ਕਾਸ਼ ਅੱਜ ਵੀ ਅਸੀਂ ਆਪਣੇ ਪਿਉ-ਦਾਦੇ ਦੇ ਖਜ਼ਾਨੇ ‘ਗੁਰਬਾਣੀ ਗੁਰੂ’ - ‘ਗੁਰੂ ਗ੍ਰੰਥ ਸਾਹਿਬ’ ਦੀ ਸਿੱਖਿਆ ਸੇਧ `ਚ ਆਪਣੇ ਜੀਵਨ `ਚ ਇਲਾਹੀ ਗੁਣਾਂ ਦੇ ਵਾਰਿਸ ਬਣ ਸਕੀਏ। ੦੦੦

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

Please Note that our site from www.gurbaniguru.com now has been changed to www.gurbaniguru.org




.