.

“ਸਰਮ ਖੰਡ ਕੀ ਬਾਣੀ ਰੂਪੁ” (ਜਪੁ). . ਮਨ ਦੀ ਸਿੱਖੀ ਅਥਵਾ ਸਿੱਖੀ ਜੀਵਨ ਕੀ ਹੈ?. . ਦਰਅਸਲ ਜੇ ਕਰਤਾ ਬਖਸ਼ਿਸ਼ ਕਰ ਦੇਵੇ ਤਾਂ ਸਿੱਖੀ ਜੀਵਨ ਆਪਣੇ ਆਪ `ਚ ‘ਸਰਮ ਭਾਵ ਉੱਦਮ ਦੀ ਹੀ ਭਖਦੀ ਜਵਾਲਾ ਹੈ। ਉਹ ਉੱਦਮ, ਉਹ ਜਵਾਲਾ-ਜਿਹੜਾ ਮਨੁੱਖਾ ਜੀਵਨ ਨੂੰ ਡੂੰਘੀਆਂ ਸੰਸਾਰਕ ਗੰਦਗੀਆਂ ਚੋਂ ਕੱਢ ਕੇ, ਗੁਰਬਾਣੀ ਆਧਾਰ `ਤੇ ਗੁਣਵਾਨ ਬਨਾਉਣ ਅਤੇ ਜੀਵਨ ਨੂੰ ਸਦਾਚਾਰਕ ਰੱਬੀ ਉਚਾਈਆਂ, ਸਚਿਆਈਂਆਂ ਵਲ ਲ਼ੈ ਜਾਣ ਲਈ ਨਿਵੇਕਲਾ ਗਾਡੀ ਰਾਹ ਹੈ। ਇਸ ਲਿਖਿਤ ਰਾਹੀਂ ਅਸਾਂ ਦਰਸ਼ਨ ਕਰਨੇ ਹਨ ਕਿ ਸਿੱਖੀ ਜੀਵਨ ਅਥਵਾ ਮਨ ਦੀ ਸਿੱਖੀ ਹੈ ਕੀ? ਬੇਸ਼ਕ, ਇਥੇ ਨਾਮ ਫ਼ਰਜ਼ੀ ਹਨ ਪਰ ਘਟਨਾ ਲਗਭਗ ਸੱਚੀ ਹੈ ਤੇ ਸੇਧ ਹੈ ਉਨ੍ਹਾਂ ਲਈ ਜੋ ਅੰਦਰੋਂ ਸਿੱਖੀ ਤੋਂ ਖਾਲੀ ਹੁੰਦੇ ਹਨ, ਫ਼ਿਰ ਵੀ ਆਪਣੀ ਮੂਰਖਤਾ ਨੂੰ ਛੁਪਾਉਣ ਤੇ ਪਤਿਤਪੁਣੇ ਵਲ ਵੱਧਣ ਲਈ ਢੂੱਚਰਾਂ ਘੱੜਦੇ ਤੇ ਕਹਿੰਦੇ ਹਨ ‘ਕੇਸਾਂ `ਚ ਕੀ ਪਿਆ ਹੈ, ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ’ ਆਦਿ। … ਆਓ ਜ਼ਰਾ ਦਰਸ਼ਨ ਕਰੀਏ ‘ਸਿੱਖੀ ਮਨ ਦੀ ਹੈ ਕੀ?’

ਬਲਦੇਵ ਨਹੀਂ, ਜਵਾਲਾ ਸਿੰਘ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਬਲਦੇਵ, ਨਹੀਂ –ਨਹੀਂ, ਹੁਣ ਮੈਂ ਬਲਦੇਵ ਨਹੀਂ-ਬਲਦੇਵ ਤਾਂ ਕਿੱਧਰੇ ਅਤੀਤ `ਚ ਗੁਆਚ ਚੁੱਕਾ ਹੈ। ਹੁਣ ਤਾਂ ਮੇਰਾ ਨਾਂ ਜਵਾਲਾ ਸਿੰਘ ਹੈ— ਜਵਾਲਾ ਸਿੰਘ। ਹੱਥ `ਚ ਦੋ ਫ਼ੋਟੋਆਂ ਫ਼ੜੀ ਬੈਠਾ ਵਿਚਾਰਦਾ ਸੀ। ਇੱਕ ਤਸਵੀਰ ਤਾਂ ਸੀ, ਜਦੋਂ ਉਹ ਬਲਦੇਵ ਸੀ, ਖਾਲੀ ਬਲਦੇਵ ਤੇ ਅਜੇ ਸਿੰਘ ਨਹੀਂ ਸੀ ਸਜਿਆ ਤੇ ਦੂਜੀ, ਜਦੋਂ ਉਹ ਸਿੱਖ ਸਜ ਚੁੱਕਾ ਸੀ। ਇਹ ਆਪਣੀ ਨਵੀਂ ਤਸਵੀਰ ਤਾਂ ਉਸ ਨੇ ਕਲ ਹੀ ਪਾਹੁਲ ਲੈਣ ਬਾਅਦ ਖਿਚਵਾਈ ਤੇ ਹੁਣੇ. . ਲੈ ਕੇ ਹੀ ਆਇਆ ਸੀ।

ਨਹੀਂ, ਨਹੀਂ ਮੈਨੂੰ ਬਲਦੇਵ ਨਾ ਆਖੋ, ਮੈ ਤਾਂ ਜਵਾਲਾ ਸਿੰਘ ਹਾਂ ਜਾਵਾਲਾ ਸਿੰਘ। ਆਪਣਾ ਇਹ ਬਦਲਿਆ ਨਾਂ ਵੀ ਪਾਹੁਲ ਲੈਣ ਤੋਂ ਪਹਿਲਾਂ “ਸ੍ਰੀ ਗੁਰੂ ਗ੍ਰੰਥ ਸਾਹਿਬ’ ਚੋਂ ‘ਜ’ ਅੱਖਰ ਪ੍ਰਾਪਤ ਹੋਣ ਬਾਅਦ ਹੀ ਬਦਲਿਆ ਸੀ। ਅੱਜ ਤਾਂ ਹੱਦ ਹੀ ਹੋ ਚੁੱਕੀ ਸੀ ਜਦੋਂ ਉਸਨੂੰ ਆਪਣੀ ਹੀ ਬੀਤੀ ਜ਼ਿੰਦਗੀ ਨਾਲ ਮਾਨੋ ਘਿਰਨਾ ਹੋ ਰਹੀ ਸੀ। ਸੋਚ ਰਿਹਾ ਸੀ ਮੈਂ ਜ਼ਿੰਦਗੀ ਦੇ ਚਾਲੀ ਵਰ੍ਹੇ ਗੁਆਏ ਹਨ ਤੇ ਇਸ ਨੂੰ ਚੱਟੀ ਬਧਾ ਹੀ ਜ਼ਾਇਆ ਕੀਤਾ। ਅੱਜ ਉਸਨੂੰ ਬਾਰ-ਬਾਰ ਗੁਰਬਾਣੀ ਦੀ ਇਹ ਪੰਕਤੀ ਚੇਤੇ ਆ ਰਹੀ ਸੀ “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ” (ਪੰ: 469)।

ਪਰ ਪਹਿਲਾਂ ਇਹ ਵੀ ਤਾਂ ਨਹੀਂ ਸੀ ਪਤਾ ਕਿ, ਜੀਵਨ `ਚ ਕਰਨਾ ਕੀ ਹੈ। ਬੱਸ ਜੋ ਕਰ ਲਿਆ, ਠੀਕ ਅਤੇ ਉਸੇ ਦਾ ਨਾਮ ਸੀ ਜ਼ਿੰਦਗੀ ਜੀਊਣਾ, ਇਹੀ ਤਾਂ ਬਹੁਤਾ ਕਰਕੇ ਹੋ ਵੀ ਰਿਹਾ ਹੈ। ਬੱਸ ਕੰਮ ਕਾਰ `ਤੇ ਗਏ, ਕੁੱਝ ਗਪਾਂ ਮਾਰੀਆਂ, ਰਾਤੀਂ ਕੰਮ ਤੋਂ ਆ ਕੇ ਪਾਨ ਚਬਾਇਆ ਤੇ ਸੌਂ ਗਏ। ਸਵੇਰੇ ਉਠੇ ਤਾਂ ਫ਼ਿਰ ਉਸੇ ਚੱਕਰ `ਚ। ਕੁੱਝ ਦਿਨ ਪਹਿਲਾਂ ਤੀਕ ਤਾਂ… ਜਦੋਂ ਬਾਰ ਬਾਰ ਉਸ ਦੀ ਸੋਚ `ਚ ਆਉਂਦਾ, ਆਖਿਰ ਇਹ ਚੱਕਰ ਹੈ ਕੀ? ਮਨੁੱਖ ਸੰਸਾਰ `ਚ ਆਉਂਦਾ ਹੈ ਤੇ ਆਪਣੇ ਵਰਗੇ ਪੈਦਾ ਕਰਦਾ ਤੇ ਇਸ ਤਰ੍ਹਾਂ ਉਸ ਦੀ ਨਸਲ ਅਗੇ ਚਲਦੀ ਹੈ। ਖ਼ੁਦ ਪੁਰਾਣਾ ਹੋ ਜਾਂਦਾ ਹੈ, ਬੁਢਾ ਹੋ ਜਾਂਦਾ ਹੈ ਤੇ ਅੰਤ ਇੱਕ ਦਿਨ ਸੰਸਾਰ ਨੂੰ ਛੱਡ ਕੇ ਵੀ ਚਲਾ ਜਾਂਦਾ ਹੈ। ਕਿਥੋਂ ਆਉਂਦਾ ਤੇ ਕਿਥੇ ਚਲਾ ਜਾਂਦਾ ਹੈ। ਇਹ ਮਨੁੱਖ ਨਾ ਆਪਣੇ ਬਚਪਨ ਨੂੰ ਰੋਕ ਸਕਿਆ ਤੇ ਨਾ ਜੁਆਨੀ ਨੂੰ ਜਿਸ `ਤੇ ਇਹ ਬੜਾ ਮਾਣ ਕਰਦਾ ਹੈ। ਉਪਰੰਤ ਬੁਢਾਪੇ ਨੂੰ ਵੀ ਟਾਲ ਨਹੀਂ ਸਕਦਾ ਤੇ ਮੌਤ ਤੋਂ ਬੱਚਦਾ ਨਹੀਂ। ਫ਼ਿਰ ਇਹੀ ਨਿਯਮ ਪਸ਼ੂ-ਪੰਛੀਆਂ ਤੇ ਹਰੇਕ ਸ਼੍ਰੇਣੀ `ਚ ਹੈ। ਅਖਿਰ ਇਹ ਸਿਲਸਿਲਾ ਹੈ ਕੀ? ਜਦੋਂ ਕੋਈ ਉੱਤਰ ਨਾ ਮਿਲਦਾ ਤਾਂ ਮਨ ਨੂੰ ਕਹਿੰਦਾ, ਛਡੋ ਇਨ੍ਹਾਂ ਵਾਧੂ ਦੀਆਂ ਗਲਾਂ ਨੂੰ; ਬਸ ‘ਖਾਓ! ਪੀਓ ਤੇ ਐਸ਼ ਕਰੋ’, ਬਸ ਇਹੀ ਹੈ ਜ਼ਿੰਦਗੀ।

ਦੂਜੇ ਪਾਸੇ ਬੰਦਾ ਉਹੀ ਹੈ, ਪਰ ਅੱਜ ਉਸ ਅੰਦਰ ਆਪਣੇ ਮਨੁੱਖਾ ਜਨਮ ਦੀ ਸੰਭਾਲ ਲਈ, ਦੌੜ ਲੱਗ ਚੁੱਕੀ ਹੈ, ਇਹ ਜਨਮ ਕਿਧਰੇ ਵਿਅਰਥ ਨਾ ਚਲਾ ਜਾਏ। ਅੱਜ ਤਾਂ ਇਉਂ ਸੋਚਦਾ ਕਿ ਕਾਦਿਰ ਵਲੋਂ ਉਸਨੂੰ ਜ਼ਿੰਦਗੀ ਲਈ ਜੇ ਦੋ ਸੌ ਸਾਲ ਵੀ ਮਿਲ ਜਾਣ ਤਾਂ ਵੀ ਥੋੜੇ। ਅੱਜ ਸੋਚਦਾ, ਇੰਨੇ ਵੱਡੇ ਮਕਸਦ ਵਾਲਾ ਜੀਵਨ ਤੇ ਉਹ ਇਸਨੂੰ ਅੱਜ ਤੀਕ ਪਸ਼ੂਆਂ ਪੰਛੀਆਂ ਵਾਂਙ ਹੀ ਤਾਂ ਮੁਕਾ ਰਿਹਾ ਸੀ। ਉਹ ਪ੍ਰਭੂ ਮਿਲਾਪ ਵਾਲਾ ਮਕਸਦ ਜਿਹੜਾ ਬਿਨਾ ਗੁਰਬਾਣੀ ਵਲ ਮੁੜੇ ਉਸਨੂੰ ਪਤਾ ਵੀ ਨਹੀਂ ਸੀ ਲਗ ਸਕਦਾ। ਆਖਿਰ ਇਹ ਜੀਵਨ ਦੀਆਂ ਪ੍ਰਾਪਤੀਆਂ ਹੀ ਸਨ ਜਿਨ੍ਹਾਂ ਬਾਰੇ ਮਨੁੱਖ ਨੂੰ ਸੁਚੇਤ ਕਰਨ ਲਈ ਗੁਰਦੇਵ ਨੂੰ ਦਸ ਜਾਮੇਂ ਧਾਰਣ ਕਰਨੇ ਪਏ। ਕਾਸ਼! ਬੀਤ ਚੁੱਕੇ ਚਾਲੀ ਵੀ ਸੰਭਾਲੇ ਹੁੰਦੇ। ਅੱਜ ਤਾਂ ਉਸ ਅੰਦਰ ਇਸ ਦੇ ਲਈ ਦੌੜ ਲਗੀ ਹੋਈ ਸੀ।

ਮਨੁੱਖ ਉਹੀ ਸੀ, ਇੱਕ ਸਰੂਪ ਸੀ ਜਦੋਂ ਉਹ ਆਪਣੇ ਆਪ ਤੋਂ ਉਹ ਬਿਲਕੁਲ ਅਣਜਾਣ ਸੀ, ਪਰ ਉਹੀ ਮਨੁੱਖ ਅੱਜ ਆਪਣੇ ਨਵੇਂ ਸਰੂਪ `ਚ ਇਸ ਲਈ ਪੁੱਜਾ ਕਿ ਉਸਨੂੰ ਆਪਣੇ ਮਨੁੱਖੀ ਫ਼ਰਜ਼ਾ ਤੇ ਮਕਸਦ ਬਾਰੇ ਜਾਗ ਆ ਚੁੱਕੀ ਸੀ। ਇਹੀ ਸੀ ਉਸਦੇ ਸਰੂਪ ਬਦਲਣ ਦਾ ਕਾਰਨ। ਬਲਦੇਵ ਦੇ ਪਿਤਾ ਵੀ ਸਦਾ ਗੁਰਦੁਆਰੇ ਹੀ ਜਾਂਦੇ, ਕਦੇ ਮੰਦਿਰ ਜਾਂ ਕਿਸੇ ਹੋਰ ਦਰ `ਤੇ ਨਹੀਂ। ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਸਹਿਜਧਾਰੀ ਕਰਕੇ ਕਹਿੰਦੇ, ਇਥੋਂ ਤੀਕ ਕਿ ਇਲਾਕੇ ਦੀ ਗੁਰਦੁਆਰਾ ਕਮੇਟੀ `ਚ ਉਹ ਸਕੱਤ੍ਰ ਦੀ ਸੇਵਾ ਵੀ ਨਿਭਾਅ ਰਹੇ ਸਨ, ਫ਼ਿਰ ਵੀ ਕਿਹੜਾ ਗੁਰਬਾਣੀ ਵਿਰੁਧ ਕਰਮ ਸੀ ਜੋ ਉਹ ਜਾਂ ਉਨ੍ਹਾਂ ਦੇ ਪ੍ਰਵਾਰ `ਚ ਨਹੀਂ ਸੀ ਹੁੰਦਾ; ਸਰਾਧ-ਨਰਾਤੇ ਵੀ ਸਨ, ਜੰਮਣਾ-ਮਰਨਾ ਹੋਵੇ ਤਾਂ ਵੀ ਸਾਰੇ ਵਹਿਮ-ਭਰਮ, ਰੀਤਾਂ-ਸਗਨ ਅਨਮੱਤੀ। ਘਰੋਂ ਚਲਣਾ ਹੈ ਤਾਂ ਕੋਈ ਪਿਛੋਂ ਆਵਾਜ਼ ਨਾ ਮਾਰ ਦੇਵੇ, ਕੰਮ `ਤੇ ਜਾਣ ਲਗੋ ਤਾਂ ਕੋਈ ਨਿੱਛ ਨਾ ਵੱਜ ਜਾਵੇ, ਬਿਲੀ ਰਸਤਾ ਨਾ ਕੱਟ ਜਾਵੇ ਜਾਂ ਅਗੋਂ ਖਾਲੀ ਭਾਂਡਾ ਨਾ ਮਿਲ ਜਾਵੇ। ਪਿਆਸ ਭਾਵੇਂ ਕਿਤਨੀ ਹੋਏ ਪਰ ਘਰੋਂ ਚਲਣ ਲਗੇ, ਕਦੇ ਪਾਣੀ ਪੀ ਕੇ ਨਾ ਚਲਦੇ। ਰਖੜੀ ਟਿੱਕਾ, ਲੋਹੜੀ, ਦਿਵਾਲੀ ਅਤੇ ਦਿਵਾਲੀ ਨੂੰ ਤਾਂ ਲਛਮੀ (ਪਰ ਨਾਲ ਹੀ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਰੱਖ ਕੇ) ਉਸ ਦੀ ਪੂਜਾ। ਹਰੇਕ ਸਨੀਚਰ ਨੂੰ ਕਾਲੇ ਛੋਲਿਆਂ ਦਾ ਪ੍ਰਸ਼ਾਦਿ ਬਣ ਕੇ ਤਾਂ ਗੁਰਦੁਆਰੇ ਉਨ੍ਹਾਂ ਦੇ ਘਰੋਂ ਹੀ ਜਾਂਦਾ। ਘਰ `ਚ ਮੁੰਡੇ ਦਾ ਜਨਮ ਹੋਏ ਤਾਂ ਉਸਦੇ ਮੁੰਡਣ ਵੀ ਗੁਰਦੁਆਰੇ ਦੇ ਬਾਹਿਰ ਬੈਠ ਕੇ ਕਰਵਾਏ ਜਾਂਦੇ। ਹਰ ਸਾਲ ਪ੍ਰਵਾਰ ਸਮੇਤ ‘ਵੈਸ਼ਨੋ’ ਜਾਣਾ ਤਾਂ ਉਹ ਕਦੇ ਨਾ ਭੁਲਦੇ ਤੇ ਹੋਰ ਬਹੁਤ ਕੁਝ।

ਆਖਿਰ ਇਸ ਸਾਰੇ `ਚ ਉਨ੍ਹਾਂ ਦਾ ਕਸੂਰ ਵੀ ਕੀ ਸੀ? ਬਹੁਤੇ ਪ੍ਰਚਾਰਕ ਜਿਹੜੇ ਉਨ੍ਹਾਂ ਦੇ ਘਰ ਆਉਂਦੇ ਤਾਂ ਉਨ੍ਹਾਂ ਨੂੰ ਆਪ ਹੀ ਪਤਾ ਨਾ ਹੁੰਦਾ ਕਿ ਗੁਰਬਾਣੀ ਦੀ ਸੇਧ ਕੀ ਹੈ ਤੇ ਨਾ ਹੀ ਉਨ੍ਹਾਂ ਕੋਲ ਕੋਈ ਗੁਰਮਤਿ ਦੀ ਪੜ੍ਹਾਈ ਹੀ ਹੁੰਦੀ। ਬਹੁਤੇ ਤਾਂ ਹੁੰਦੇ ਹੀ ਅਣਪੜ੍ਹ ਤਾਂ ਫ਼ਿਰ ਗੁਰਬਾਣੀ ਸਮਝਣ ਦੀ ਉਨ੍ਹਾਂ ਅੰਦਰ ਸਮ੍ਰਥਾ ਹੀ ਕਿਥੋਂ। ਫ਼ਿਰ ਜੇ ਉਂਨ੍ਹਾਂ ਚੋਂ ਕੋਈ ਗੁਰਮਤਿ ਬਾਰੇ ਕੁੱਝ ਜਾਣਕਾਰ ਵੀ ਹੁੰਦਾ ਤਾਂ ਉਂਨ੍ਹਾਂ ਸਾਹਮਣੇ ਮੂੰਹ ਨਾ ਖੋਲਦਾ, ਤਾਕਿ ਕਿਧਰੇ ਉਸਦੀ ਰੋਟੀ-ਰੋਜ਼ੀ ਹੀ ਨਾ ਜਾਂਦੀ ਰਹੇ, ਕਿਉਂਕਿ ਉਹ ਤਾਂ ਸਨ ਹੀ ‘ਸਕਤ੍ਰ ਸਾਹਿਬ’ ; ਜਿਨ੍ਹਾਂ ਕੋਲੋਂ ਉਨ੍ਹਾਂ ਪ੍ਰੋਗਰਾਮ ਲੈਣੇ ਤੇ ਜਿਨ੍ਹਾਂ ਅਧੀਨ ਪ੍ਰੋਗਰਾਮ ਦੇਣੇ ਹੁੰਦੇ ਸਨ। ਆਪਣੇ ਪਿਤਾ ਜੀ ਕਾਰਨ ਬਲਦੇਵ ਵੀ ਕਦੇ-ਕਦੇ ਗੁਰਦੁਆਰੇ ਚਲਾ ਜਾਂਦਾ ਪਰ ਇਸ ਬਾਰੇ ਉਸ `ਚ ਖਿੱਚ ਨਹੀਂ ਸੀ।

ਇੱਕ ਦਿਨ, ਇੱਕ ਪ੍ਰਚਾਰਕ ਸਾਹਿਬ, ਜੋ ਕਿ ਗੁਰਮਤਿ ਪਖੋਂ ਤਿਆਰ ਸਨ, ਗੁਰਦੁਆਰੇ ਕਥਾ ਕਰਨ ਆਏ ਤੇ ਕਥਾ ਦੋਹਰਾਨ ਉਨ੍ਹਾਂ ਦਸਿਆ ਕਿ ਕਰਤਾਰ ਆਪ ਹੀ ਜੀਵਾਂ ਨੂੰ ਪੈਦਾ ਕਰਣ ਵਾਲਾ, ਪਾਲਨਾ ਤੇ ਸੰਘਾਰ ਕਰਣ ਵਾਲਾ ਵੀ ਹੈ। ਬ੍ਰਹਮਾ, ਵਿਸ਼ਨੂ, ਮਹੇਸ਼ `ਤੇ ਹੋਰ ਸਾਰੇ ਦੇਵੀਆਂ-ਦੇਵਤੇ ਜਾਂ ਭਗਵਾਨ ਕੇਵਲ ਮਿੱਥੇ ਹੋਏ ਹਨ, ਉਨ੍ਹਾਂ ਦੀ ਪੂਜਾ-ਮਾਨਤਾ ਗੁਰਮਤਿ ਦਾ ਵਿਧਾਨ ਨਹੀਂ। ਉਨ੍ਹਾਂ ਨੇ ਆਪਣੇ ਕਥਨ ਦੀ ਪ੍ਰੌੜਤਾ `ਚ ਕੁੱਝ ਗੁਰਬਾਣੀ ਪ੍ਰਮਾਣ ਵੀ ਦਿੱਤੇ ਪਰ ਇਹ ਗੱਲ ਬਲਦੇਵ ਨੂੰ ਰਾਸ ਨਾਂ ਆਈ ਤੇ ਉਸਨੂੰ ਇਹ ਸਭ ਬੁਰਾ ਵੀ ਬਹੁਤ ਲਗਾ। ਕਿਹਣ ਲਗਾ, ‘ਬੱਸ ਇਹੀ ਲੋਕ ਹਨ ਜੋ ਨਫ਼ਰਤ ਪੈਦਾ ਕਰਦੇ ਤੇ ਵੰਡੀਂਆਂ ਪਾਂਦੇ ਨੇ’ ਗੁਰਦੁਆਰੇ ਬਾਣੀ ਸੁਨਣ ਆਈ ਦਾ ਏ ਜਾਂ ਨਿੰਦਿਆ-ਬਖੀਲੀ, ਪਤਾ ਨਹੀਂ ਕਿਉਂ ਇਹ ਫੁਟ ਪਾਊ ਗਲਾਂ ਕਰਦੇ ਨੇ।

ਖਿੱਝਿਆ ਹੋਇਆ, ਪ੍ਰਧਾਨ ਸਾਹਿਬ ਕੋਲ ਸ਼ਿਕਾਇਤ ਲੈ ਕੇ ਗਿਆ। ਪ੍ਰਧਾਨ ਸਾਹਿਬ ਸਿਆਣੇ ਸਨ, ਬੜੇ ਪਿਆਰ ਨਾਲ ਸਮਝਾਇਆ “ਗਿਆਨੀ ਜੀ ਨੇ ਗ਼ਲਤ ਗੱਲ ਨਹੀਂ ਕੀਤੀ। ਕਾਕਾ ਕੀ ਤੂੰ ਰਵਾਲ ਦੇ ਅਰਥ ਜਾਣਦਾ ਹੈਂ? ਰਵਾਲ ਦੇ ਅਰਥ ਹੁੰਦੇ ਹਨ ਤੁੱਛ ਜਾਂ ਮਿੱਟੀ ਦੇ ਜ਼ਰੇ ਬਰਾਬਰ ਤੇ ਗੁਰਦੇਵ ਫ਼ੁਰਮਾਅ ਰਹੇ ਹਨ “ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥ ਕੇਤੀਆ ਕੰਨ੍ਹ੍ਹ ਕਹਾਣੀਆ ਕੇਤੇ ਬੇਦ ਬੀਚਾਰ” (ਪੰ: ੪੬੪)। ਬਲਦੇਵ ਦਾ ਪਿਤਾ ਤਾਂ ਸੀ ਹੀ ‘ਸਕਤ੍ਰ ਸਹਿਬ’। ਉਨ੍ਹਾਂ, ਇਥੋਂ ਤੀਕ ਵੀ ਧਮਕੀ ਦੇ ਮਾਰੀ ਕਿ ਇਹੋ ਜਹੀਆਂ ਕਥਾਵਾਂ ਹੋਈਆਂ ਤਾਂ ਉਹ ਸਕੱਤ੍ਰੀ-ਸਕੁਤ੍ਰੀ ਛੱਡ ਕੇ ਗੁਰਦੁਆਰੇ ਆਉਣਾ ਹੀ ਬੰਦ ਕਰ ਦੇਣਗੇ। ਇਸ ਤੋਂ ਬਾਅਦ ਬਲਦੇਵ ਨੇ ਜਾ ਕੇ ਉਸ ਗਿਆਨੀ ਜੀ ਨਾਲ ਵੀ ਬੜੀ ਮਗ਼ਜ਼-ਪੱਚੀ ਕੀਤੀ, ਅੰਤ ਸਮਝ ਆ ਗਈ ਕਿ ਅੱਜ ਤੀਕ ਉਹ ਖ਼ੁਦ ਹੀ ਗ਼ਲਤ ਸੀ। ਉਹ ਹੈਰਾਨ ਸੀ ਕਿ ਉਸਦੇ ਪਿਤਾ ਤਾਂ ਉਸ ਦੇ ਜਨਮ ਦੇ ਪਹਿਲਾਂ ਤੋਂ ਗੁਰਦੁਆਰੇ ਹੀ ਜਾ ਰਹੇ ਸਨ, ਫ਼ਿਰ ਉਨ੍ਹਾਂ ਨੂੰ ਇਨ੍ਹਾਂ ਸਚਾਈਆਂ ਦਾ ਅਜੇ ਤੀਕ ਗਿਆਨ ਕਿਉਂ ਨਹੀਂ ਸੀ, ਉਸ ਦੀ ਸੋਚਣੀ `ਚ ਜਵਾਰ ਭਾਟਾ ਸੀ।

ਪਿਤਾ ਜੀ ਤਾਂ ਕੁੱਝ ਦਿਨ ਨਰਾਜ਼ ਹੋ ਕੇ ਘਰ ਬੈਠ ਗਏ ਤੇ ਫ਼ਿਰ ਜਾਣਾ ਚਾਲੂ ਕਰ ਦਿੱਤਾ ਪਰ ਬਲਦੇਵ ਉਸ ਗਿਆਨੀ ਜੀ ਦੀ ਕਥਾ ਲਈ, ਰੋਜ਼ਾਨਾ ਜਾਣ ਲਗ ਪਿਆ। ਕਥਾ ਲਗਭਗ ਦੋ ਮਹੀਨੇ ਚਲੀ ਅਤੇ ਬਲਦੇਵ ਸਾਰੇ ਕੰਮ ਛੱਡ ਕੇ ਵੀ ਉਸ ਸਮੇਂ ਗੁਰਦੁਆਰੇ ਰੋਜ਼ ਪੁੱਜਦਾ। ਇੰਨਾਂ ਹੀ ਨਹੀਂ, ਬਲਦੇਵ ਤਾਂ ਵੱਕਤ ਲੈ ਕੇ ਬਾਰ-ਬਾਰ ਗਿਆਨੀ ਜੀ ਦੇ ਨਿਵਾਸ `ਤੇ ਪੁੱਜ ਜਾਂਦਾ ਤੇ ਦੋ-ਦੋ ਘੰਟੇ ਬੈਠ, ਉਨ੍ਹਾਂ ਕੋਲੋਂ ਅਨੇਕ ਗੁਰਮਤਿ ਵਿਸ਼ਿਆਂ `ਤੇ ਸਪਸ਼ਟਤਾ ਲੈਂਦਾ। ਹੁਣ ਮਾਨੋ ਉਹ ਗਿਆਨੀ ਜੀ ਨੂੰ ਆਪਣਾ ਉਸਤਾਦ ਮੰਨ ਚੁੱਕਾ ਸੀ। ਕਈ ਵਾਰੀ ਉਨ੍ਹਾਂ ਕੋਲੋਂ ਕੁੱਝ ਸੰਬੰਧਤ ਪੁਸਤਕਾਂ ਲੈ ਆਉਂਦਾ ਅਤੇ ਕੰਮ-ਕਾਰ ਤੋਂ ਵਿਹਲਾ ਹੋ ਕੇ ਰਾਤਾਂ ਬੱਧੀ ਉਨ੍ਹਾਂ ਪੁਸਤਕਾਂ ਨੂੰ ਪੜ੍ਹਦਾ ਵੀ।

ਪਹਿਲਾਂ ਤਾਂ ਉਹ ਨਿਯਮ ਨਾਲ ਪਾਨ ਚਬਾਂਦਾ ਸੀ ਪਰ ਹੁਣ ਉਸ ਨੂੰ ਜਿਵੇਂ ਪਾਨ ਤੋਂ ਨਫ਼ਰਤ ਹੋਣ ਲੱਗ ਪਈ ਹੋਵੇ। ਸ਼ਰਾਬ ਜਿਸਦਾ. ਉਸਨੂੰ ਵੱਡਾ ਠਰਕ ਸੀ। ਜਿਸ ਕਰਕੇ ਉਸਦੇ ਮਾਪੇ ਵੀ ਉਸਤੋਂ ਖ਼ਫ਼ਾ ਰਹਿੰਦੇ ਸਨ; ਬੜੀ ਵਾਰੀ ਘਰ `ਚ ਤੁਫ਼ਾਨ ਵੀ ਉਠਿਆ ਪਰ ਬੇ-ਅਸਰ। ਹੁਣ ਉਹੀ ਪਾਨ-ਸ਼ਰਾਬ ਉਸ ਨੂੰ ਗੁਰਮਤਿ ਸਮਝਣ ਲਈ ਰੁਕਾਵਟ ਨਜ਼ਰ ਆਉਣ ਲਗ ਪਏ ਅਤੇ ਕੁੱਝ ਹੀ ਸਮੇਂ `ਚ ਉਹ ਸਭ ਜਾਂਦਾ ਰਿਹਾ। ਕਿਉਂਕਿ ਉਸ ਦੀ ਸੋਚ ਅੰਦਰ ਨਿੱਤ ਜੋ ਗੁਰਬਾਣੀ-ਗੁਰਮਤਿ ਲਈ ਸ਼ਰਧਾ ਵੱਧ ਰਹੀ ਸੀ ਅਤੇ ਉਸ ਰਸਤੇ `ਚ ਤਾਂ ਅਜੇਹੀਆਂ ਵਸਤਾਂ ਤੋਂ ਮਨਾਹੀ ਵੀ ਸੀ। ਹੁਣ ਉਸ ਨੇ ਜੋ ਗੁਰਬਾਣੀ ਸਮਝਣ ਲਈ ਗਿਆਨੀ ਜੀ ਨਾਲ ਵਿਚਾਰਾਂ ਕਰਣੀਆਂ ਹੁੰਦੀਆਂ ਜਾਂ ਰਾਤਾਂ ਬੱਧੀ ਗੁਰਮਤਿ ਦੀਆਂ ਪੁਸਤਕਾਂ ਪੜ੍ਹਣੀਆਂ ਹੁੰਦੀਆਂ, ਉਥੇ ਤਾਂ ਇਨ੍ਹਾਂ ਮਨੁਖਤਾ ਵਿਰੋਧੀ ਵਸਤਾਂ ਨੂੰ ਕੋਈ ਥਾਂ ਹੀ ਨਹੀਂ ਸੀ। ਇੱਕ ਹੋਰ ਐਬ ਜੋ ਉਸ ਅੰਦਰ ਬਹੁਤ ਜ਼ਿਆਦਾ ਸੀ, ਉਹ ਸੀ ਧੂਮਰ ਪਾਣ (ਸਮੋਕਿੰਗ) ਦਾ, ਜਿਸ ਲਈ ਉਸਦੇ ਮਾਪੇ ਵੀ ਉਸਦੇ ਵੱਡੇ ਵਿਰੋਧੀ ਸਨ। ਉਹ ਜ਼ੋਰ ਲਾ ਹਟੇ, ਪਰ ‘ਢਾਕ ਕੇ ਤੀਂਨ ਪਾਤ’ ਦੀ ਤਰ੍ਹਾਂ ਉਸ `ਤੇ ਕੋਈ ਅਸਰ ਨਾ ਹੁੰਦਾ। ਇਸ ਦੇ ਉਲਟ ਅੱਜ ਤਾਂ ਉਸਨੂੰ ਜੋ ਗੁਰਬਾਣੀ-ਗੁਰਮਤਿ ਦਾ ਸ਼ੌਂਕ ਜਾਗ ਉਠਿਆ ਸੀ, ਇਸ ਲਈ ਉਸਨੂੰ ਬਾਰ-ਬਾਰ ਹੱਥ ਧੋਣੇ ਤੇ ਚੁਲੀਆਂ ਕਰਣੀਆਂ ਹੁੰਦੀਆਂ। ਕਿਉਂਕਿ ਉਸ ਉੱਤਮ ਮਾਰਗ ਲਈ ਇਹ ਵੱਡੀਆਂ ਰੁਕਾਵਟਾਂ ਸਨ, ਆਖਿਰ ਇਹ ਠਰਕ ਵੀ ਜਾਂਦਾ ਰਿਹਾ।

ਪਹਿਲਾਂ, ਜਦੋਂ ਸਮਾਂ ਨਹੀਂ ਸੀ ਕੱਟਦਾ, ਸਮਾਂ ਭਾਰਾ ਲਗਦਾ ਤਾਂ ਦੋ-ਦੋ ਘੰਟੇ ਗੱਪਾਂ ਮਾਰਦਾ ਜਾਂ ਤਾਸ਼ ਜੂਆ, ਨਾਵਲ, ਫ਼ਿਲਮ ਉਸ ਲਈ ਸਮਾਂ ਕੱਟੀ ਦਾ ਰਸਤਾ ਸਨ। ਜ਼ਿੰਦਗੀ ਇਉਂ ਚਲ ਰਹੀ ਸੀ ਜਿਵੇਂ ਖ਼ਰਾਬ ਗੱਡੀ ਨੂੰ ਧੱਕੇ ਦੇ-ਦੇ ਕੇ ਚਲਾਉਣਾ ਹੁੰਦਾ ਹੈ, ਉਸ ਨੂੰ ਆਪਣੀ ਹੀ ਜ਼ਿੰਦਗੀ ਭਾਰੀ ਲਗਦੀ। ਇਸ ਦੇ ਉਲਟ ਹੁਣ ਤਾਂ ਉਸ `ਚੋਂ ਗਲਾਂ-ਗੱਪਾਂ, ਸ਼ਰਾਬ, ਸਿਗਰੇਟ ਆਪਣੇ ਆਪ ਹੀ ਸਾਰੇ ਖੰਬ ਲਾ ਕੇ ਉਡ ਗਏ ਸਨ। ਉਸਨੂੰ ਪਤਾ ਵੀ ਨਾ ਲਗਾ ਕਿ ਇਹ ਸਾਰੀਆਂ ਅਲਾਮਤਾਂ ਉਸ ਦੇ ਜੀਵਨ `ਚੋਂ ਕਦੋਂ ਅਲੋਪ ਹੋ ਗਈਆਂ। ਇਹ ਕ੍ਰਿਸ਼ਮਾ ਸੀ ਗੁਰਬਾਣੀ ਸਿਖਿਆ ਦਾ। ਗੁਰਬਾਣੀ ਦੀ ਇਹ ਜ਼ਹਿਰਾ ਕਰਾਮਾਤ ਸੀ ਕਿ ਉਹ ਹੁਣ ਰਾਤਾਂ ਬੱਧੀ ਬੈਠ, ਗੁਰਬਾਣੀ ਦੀਆਂ ਸਚਾਈਆਂ `ਚ ਡੁਬਿਆ ਰਹਿੰਦਾ। ਉਸਨੂੰ ਸਮਝ ਆ ਚੁੱਕੀ ਸੀ ਕਿ ਅਸੀਂ ਸਾਰੇ ਇਕੋ ਹੀ ਪਰਮ-ਪਿਤਾ ਪ੍ਰਮਾਤਮਾ ਦੀ ਸੰਤਾਨ ਹਾਂ। ਹੁਣ ਉਸਨੂੰ ਨਾ ਹੀ ਇਲਾਕੇ ਦੇ ਜਮਾਦਾਰ ਨਾਲ ਸੁੱਚ-ਭਿੱਟ ਸੀ ਤੇ ਨਾ ਆਪਣੀ ਉੱਚੀ ਕੁਲ ਦਾ ਹੰਕਾਰ। ਉਸ ਨੂੰ ਸਾਰਿਆਂ ਅੰਦਰੋਂ ਇਕੋ ਹੀ ਪ੍ਰਭੂ ਦਾ ਝਲਕਾਰਾ ਪੈਣ ਲੱਗ ਪਿਆ। ਉਸਨੂੰ ਇਹ ਵੀ ਭੁੱਲ ਗਿਆ ਕਿ ਉਹ ਆਪਣੇ ਆਪ ਨੂੰ ਸੋਢੀ ਹੋਣ ਤੇ ਬੜਾ ਹੰਕਾਰ ਕਰਦਾ ਸੀ ਜਾਂ ਉਸਦਾ ਦੋਸਤ ਬੇਦੀ। ਉਸਨੇ ਇੱਕ ਦਿਨ ਤਾਂ ਹੱਦ ਹੀ ਕਰ ਦਿੱਤੀ ਜਦੋਂ ਉਸਨੇ ਆਪਣੇ ਹੀ ਇਲਾਕੇ ਦੇ ਮੋਚੀ ਨਾਲ ਇਕੱਠਿਆਂ ਬੈਠ ਕੇ ਚਾਅ-ਪਾਣੀ ਛੱਕਿਆ।

ਗੁਰਦੁਆਰੇ ਜਾ ਕੇ ਤਾਂ ਲੰਗਰ ਉਸਨੇ ਬੜੀ ਵਾਰੀ ਛਕਿਆ ਪਰ ਉਸਨੂੰ ਗੁਰੂ ਦੇ ਲੰਗਰ ਦੀ ਪੰਕਤ `ਚ ਬੈਠ ਕੇ ਲੰਗਰ ਛੱਕਣ ਦਾ ਮਤਲਬ ਵੀ ਹੁਣ ਹੀ ਸਮਝ `ਚ ਆਇਆ ਸੀ। ਕਿਤਨੇ ਵਾਰੀ ਉਸਨੇ ਦਰਬਾਰ ਸਾਹਿਬ ਜਾ ਕੇ ਸਰੋਵਰ `ਚ ਇਸ਼ਨਾਨ ਵੀ ਕੀਤਾ ਸੀ ਪਰ ਇਸ ਬਾਰੇ ਉਸਨੂੰ ਹੁਣ ਸਮਝ ਆਈ ਕਿ ਸਾਂਝੀ ਸੰਗਤ, ਸਾਂਝੀ ਪੰਕਤ, ਸਾਂਝੇ ਸਰੋਵਰ ਦੇ ਇਸ਼ਨਾਨਾਂ ਦਾ ਇਕੋ ਹੀ ਮਤਲਬ ਹੈ ਤੇ ਉਹ ਹੈ ਮਨੁੱਖੀ ਸਮਾਨਤਾ। ਦਿਨੋ ਦਿਨ ਉਸਦੇ ਜੀਵਨ `ਚ ਆ ਰਿਹਾ ਨਿਖਾਰ ਉਸ ਨੂੰ ਇਹੀ ਸਮਝਾਂਦਾ ਕਿ ਉਸਨੇ ਜ਼ਿੰਦਗੀ ਦੇ ਚਾਲੀ ਗੁਆਏ ਤੇ ਹਨੇਰੇ `ਚ ਹੀ ਠੋਕਰਾਂ ਖਾਂਦਾ ਰਿਹਾ। ਉਸਨੂੰ ਸਮਝ ਆਉਂਦੀ ਜਾ ਰਹੀ ਸੀ ਕਿ ਜਿਵੇਂ “ਜਿਧਰ ਕਿਸੇ ਲਾਇਆ ਓਧਰ ਲਗ ਟੁਰਿਆ ਅਨੁਸਾਰ” ਅਜੇ ਤੀਕ ਉਹ ਕੇਵਲ ਜ਼ਿੰਦਗੀ ਨੂੰ ਧੱਕ ਹੀ ਰਿਹਾ ਸੀ, ਪਰ ਉਹ ਹੁਣ ਮਾਨੋ ਗੁਰਬਾਣੀ ਗਿਆਨ ਦੀ ਰੋਸ਼ਨੀ `ਚ ਪ੍ਰਵੇਸ਼ ਕਰ ਚੁੱਕਾ ਸੀ। ਜੀਵਨ ਦੀ ਉਹ ਰੋਸ਼ਨੀ, ਜਿਸ ਸਾਹਮਣੇ ਹਜ਼ਾਰਾਂ ਰੋਸ਼ਨੀਆਂ ਵੀ ਫਿਕੀਆਂ ਸਨ ਅਤੇ ਇਹ ਰੋਸ਼ਨੀ ਆ ਚੁੱਕੀ ਸੀ, ਉਸ ਦੇ ਜੀਵਨ ਅੰਦਰ।

ਜਦੋਂ ਉਸ ਨੂੰ ਪਹਿਲੀ ਵਾਰੀ ਪਤਾ ਲਗਾ ਕਿ ਗੁਰਬਾਣੀ ਅਨੁਸਾਰ ਨਰਕ-ਸੁਰਗ ਕੇਵਲ ਕਲਪਣਾ ਮਾਤਰ ਹਨ, ਇਨ੍ਹਾਂ ਦੀ ਆਪਣੀ ਕੋਈ ਹੋਂਦ ਹੈ ਹੀ ਨਹੀਂ। ਇਸੇ ਤਰ੍ਹਾਂ ਜਦੋਂ ਉਸ ਨੂੰ ਸਮਝ ਆਈ, ਇੱਕ ਪਾਸੇ ਨਰਕ ਦੇ ਡਰ ਤੇ ਦੂਜੇ ਪਾਸੇ ਸੁਰਗ ਦੀਆਂ ਖਿੱਚਾਂ ਪਿਛੇ ਇਕੋ ਹੀ ਮਤਲਬ ਹੈ, ਦਾਨ-ਪੁੰਨ ਦੇ ਨਾਂ ਤੇ ਖਾਸ ਲੋਕਾਂ ਰਾਹੀਂ ਲੋਕਾਈ ਦੀ ਲੁੱਟ-ਖਸੁੱਟ ਅਤੇ ਆਪਣੀ ਉਦਰ ਪੂਰਤੀ ਤਾਂ ਉਹ ਬੜਾ ਹੈਰਾਨ ਹੋਇਆ। ਇਸ ਤਰ੍ਹਾਂ ਜਿਵੇਂ ਉਸਦੇ ਅੰਦਰ ਸ਼ੰਕਿਆਂ-ਸੁਆਲਾਂ ਦਾ ਤੁਫ਼ਾਨ ਪੈਦਾ ਹੋ ਗਿਆ ਹੋਵੇ। ਉਹ ਸੋਚਦਾ ਜੇ ਕਰ ਸਚਮੁਚ ਸੁਰਗ-ਨਰਕ ਦੀ ਹੋਂਦ ਹੈ ਹੀ ਨਹੀਂ ਤਾਂ ਉਥੋਂ ਦਾ ਰਾਜਾ ਇੰਦਰ, ਕਰੋੜਾਂ ਦੇਵੀਆਂ-ਦੇਵਤੇ, ਪਰੀਆਂ-ਅਪਸ੍ਰਾਵਾਂ, ਕਲਪ ਬਿਰਖ, ਗੰਧਰਵ-ਕਿੰਨੰਰ, ਜਮਲੋਕ, ਜਮਰਾਜ, ਧਰਮਰਾਜ ਤੇ ਉਨ੍ਹਾਂ ਦੇ ਵਹੀ-ਖਾਤੇ, ਸੂਰਜ ਲੋਕ, ਪਿਤ੍ਰ-ਲੋਕ ਇਹ ਸਭ ਕੀ ਹਨ? ਉਸ ਅੰਦਰ ਇਹ ਸਭ ਜਾਨਣ ਲਈ ਤੁਫ਼ਾਨ ਮੱਚ ਚੁੱਕਾ ਸੀ। ਅੱਜ ਉਸਨੂੰ ਸਮਝ ਆ ਚੁੱਕੀ ਸੀ ਕਿ ਆਖਿਰ ਇਸ ਪੰਕਤੀ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ” (ਪੰ: ੩੫੮) ਦੇ ਅਰਥ ਕੀ ਹਨ? ਉਹ ਕੇਹੜੀ ਲਖਾਂ ਮਨ ਲਕੜੀ ਹੈ ਜਿਸ ਨੂੰ ਸਾੜ ਕੇ ਭਸਮ ਕਰਣ ਲਈ ਇੱਕ ਚਿੰਗਾਰੀ ਹੀ ਅੱਗ ਦੀ ਕਾਫ਼ੀ ਹੈ ਅਤੇ ਸੀ ਹਜ਼ਾਰਾਂ ਸਾਲਾਂ ਤੋਂ ਮਨਾ ਅੰਦਰ ਘਰ ਚੁੱਕੀ ਅਗਿਆਨਤਾ ਨੂੰ ਸਾੜ ਕੇ ਸੁਆਹ ਕਰਣ ਲਈ ਰੱਬੀ ਗਿਆਨ ਦੀ ਇੱਕ ਚਿੰਗਾਰੀ। ਉਸ ਨੂੰ ਸਮਝ ਆ ਰਹੀ ਸੀ ਕਿ ਉਸ ਦੀ ਅੱਜ ਤੀਕ ਦੀ ਜ਼ਿੰਦਗੀ ਕੇਵਲ ਭਰਮਾਂ-ਸਹਿਮਾਂ ਦਾ ਪੁਲੰਦਾ ਹੀ ਸੀ, ਹੋਰ ਕੁੱਝ ਨਹੀਂ। ਅੱਮ ਇਹ ਸੱਚ ਦਾ ਜੀਵਨ ਮਿਲਿਆ ਤਾਂ ਗੁਰਬਾਣੀ ਤੋਂ ਅਤੇ ਪਤਾ ਲਗਾ ਕਿ ਉਹ ਸਭ ਭਰਮ ਜਾਲ ਹੀ ਹਨ। ਇਥੋਂ, ਇਹ ਵੀ ਸਮਝ ਆ ਗਈ ਕਿ ਮੁਰਦੇ ਦਾ ਦਫ਼ਨਾਉਣ-ਸਸਕਾਰ, ਜਲਪ੍ਰਵਾਹ ਆਦਿ ਸਭ ਸਰੀਰਾਂ ਦੀ ਸੰਭਾਲ ਦੇ ਢੰਗ ਹਨ, ਇਨ੍ਹਾਂ ਨਾਲ ਪ੍ਰਾਣੀ ਦੀ ਸਦਗਤੀ ਜਾਂ ਪ੍ਰੇਤ ਆਦਿ ਜੂਨੀ ਦਾ ਕੋਈ ਸੰਬੰਧ ਨਹੀਂ।

ਗੁਰਬਾਣੀ ਨੇ ਉਸਨੂੰ ਇਹ ਵੀ ਸਮਝਾ ਦਿੱਤਾ ਸੀ ਰਾਹੂ-ਕੇਤੂ, ਗ੍ਰਿਹ-ਨਖਤ੍ਰ, ਰਾਸ਼ੀ ਫ਼ਲ ਟੇਵੇ-ਮਹੂਰਤ, ਜਨਮ-ਪਤ੍ਰੀਆਂ, ਚੰਗੇ-ਮਾੜੇ ਦਿਨ ਮੰਗਲ-ਸਨੀਚਰ ਦੇ ਵਹਿਮ ਤੇ ਹੋਰ ਬਹੁਤ ਕੁਝ, ਕੇਵਲ ਕੁੱਝ ਲੋਕਾਂ ਰਾਹੀਂ ਨਾਸਮਝ ਲੋਕਾਂ ਨੂੰ ਗੁਮਾਰਹ ਕਰਕੇ ਲੁਟੱਣ ਦੇ ਤਰੀਕੇ ਹਨ। ਹੁਣ ਉਸ ਨੂੰ ਵਰਣ ਵਾਦ ਦੇ ਮੱਕੜੀ ਜਾਲ ਦੀ ਵੀ ਸਮਝ ਆ ਚੁੱਕੀ ਸੀ। ਉਹ ਹੈਰਾਨ ਸੀ ਤਾਂ ਇਸ ਗਲੋਂ ਕਿ ਉਸਦੇ ਪਿਤਾ ਤਾਂ ਉਸਦੇ ਜਨਮ ਦੇ ਪਹਿਲਾਂ ਤੋਂ ਹੀ ਗੁਰਦੁਆਰੇ ਜਾ ਰਹੇ ਸਨ ਤਾਂ ਕੀ ਉਹ ਕੇਵਲ ਇੱਕ ਰੀਤ ਪੂਰੀ ਕਰਨ ਲਈ ਹੀ ਸੀ। ਕਿਉਂਕਿ ਦੁਨੀਆਂ ਭਰ ਦੇ ਵਹਿਮ-ਭਰਮ, ਰੀਤਾਂ-ਸੁਖਨਾ, ਸਗਨ-ਵਿਤਕਰੇ ਉਸ ਦੇ ਪ੍ਰਵਾਰ ਦੀਆਂ ਜੜ੍ਹਾਂ `ਚ ਧੱਸੇ ਹੋਏ ਸਨ। ਅੱਜ ਉਸਨੂੰ ਇਹ ਵੀ ਸਮਝ ਆ ਚੁੱਕੀ ਸੀ ਕਿ ਆਰੰਭ ਤੋਂ ਉਸਦੇ ਜੀਵਨ ਅੰਦਰ ਅਨੇਕਾਂ ਅਉਗਣਾਂ ਦਾ ਆ ਜਾਣਾ ਸ਼ਰਾਬੀ-ਸਿਗਰਟ ਨੋਸ਼ ਤੇ ਫ਼ਿਲਮਾਂ-ਗੱਪਾਂ ਤੇ ਸਸਤੇ ਰਸਾਂ `ਚ ਡੁੱਬੇ ਰਹਿਣ ਦਾ ਮੁੱਖ ਕਾਰਨ ਉਸ ਦੇ ਮਾਪਿਆਂ ਦਾ ਹੀ ਗੁਰਬਾਣੀ ਜੀਵਨ ਤੋਂ ਦੂਰ ਵਿਚਰਨਾ ਸੀ। ਇਸ ਦੇ ਬਾਵਜੂਦ ਉਹ ਕੋਟਾਨ ਕੋਟ ਧੰਨਵਾਦ ਕਰਦਾ ਸੀ ਉਸ ਅਕਾਲਪੁਰਖ ਦਾ ਜਿਸ ਨੇ ਉਸਨੂੰ ਗੁਰੂ ਦਰ ਨਾਲ ਸੰਬੰਧਤ ਪ੍ਰਵਾਰ `ਚ ਜਨਮ ਤਾਂ ਦਿੱਤਾ ਸੀ। ਇਹ ਗੁਰੂ ਦਰ ਤੇ ਆਉਣਾ-ਜਾਣਾ ਹੀ ਸੀ ਜਿਸ ਤੋਂ ਕਿ ਅੱਜ ਉਸਦੀ ਗੁਰਬਾਣੀ ਜੀਵਨ ਨਾਲ ਸਾਂਝ ਬਣ ਸਕੀ। ਇਸ ਤੇ ਉਹ ਆਪਣੇ ਆਪ ਨੂੰ ਹੀ ਅਨੇਕਾਂ ਵਾਰੀ ਕਹਿੰਦਾ ਕਿ ਸਚਮੁਚ ਜੇ ਕਰ ਉਸ ਗਿਆਨੀ ਜੀ ਨਾਲ ਉਸ ਦਾ ਵਾਹ ਨਾ ਪਿਆ ਹੁੰਦਾ ਤਾਂ ਪਤਾ ਨਹੀਂ ਅਉਗਣਾਂ ਦੀ ਹੋਰ ਕਿੰਨੀ ਗਹਿਰੀ ਖੱਡ `ਚ ਗ਼ਰਕ ਹੋ ਚੁੱਕਾ ਹੁੰਦਾ। ਉਹ ਆਪਣੇ ਆਪ ਨੂੰ ਬੜਾ ਭਾਰੀ ਦੇਣ-ਦਾਰ ਸਮਝ ਰਿਹਾ ਸੀ ਉਸ ਗਿਆਨੀ ਜੀ ਦਾ, ਜੋ ਕਾਰਨ ਬਣੇ ਉਸਦੇ ਜੀਵਨ `ਚ ਆਉਣ ਵਾਲੇ ਬਦਲਾਵ ਦਾ। ਕਾਸ਼! ਕਿ ਗੁਰਬਾਣੀ ਦੇ ਸਾਰੇ ਪ੍ਰਚਾਰਕ, ਕੀਰਤਨੀਏ, ਢਾਡੀ, ਪ੍ਰਬੰਧਕ ਆਪਣੇ ਆਪਣੇ ਫ਼ਰਜ਼ ਨੂੰ ਪਹਿਚਾਣ ਸਕਦੇ। ਉਸਨੂੰ ਸਮਝ ਆ ਚੁੱਕੀ ਸੀ ਕਿ ਅਸਾਂ ਗੁਰਬਾਣੀ ਅਗੇ ਕੇਵਲ ਮੱਥਾ ਹੀ ਨਹੀਂ ਟੇਕਣਾ ਉਹ ਤਾਂ ਸਾਡਾ ਗੁਰਬਾਣੀ ਦੀ ਕੇ: ਜੀ `ਚ ਦਾਖਲ ਹੋਣਾ ਹੈ। ਲੋੜ ਹੈ ਤਾਂ ਗੁਰਬਾਣੀ ਸੋਝੀ ਨੂੰ ਇੱਕ ਜੀਵਨ ਤੋਂ ਦੂਜੇ ਜੀਵਨ ਤੀਕ ਪਹੁੰਚਾਉਣ ਦੀ।

ਉਹ ਜਾਗ ਚੁੱਕਾ ਸੀ- ਉਸ ਦਿਨ ਜਦੋਂ ਟੀ: ਵੀ `ਤੇ ਖਬਰ ਆਈ ਕਿ ਦੱਸ ਲੱਖ ਲੋਕਾਂ ਨੇ ਕੁਰਖੇਤ `ਚ ਇਸ਼ਨਾਨ ਕੀਤਾ ਤਾਂ ਉਸ ਦਾ ਮਨ ਰੋ ਉਠਿਆ। ਸੋਚ ਰਿਹਾ ਸੀ, ਜੇ ਇਨ੍ਹਾਂ ਲੋਕਾਂ ਤੀਕ ਗੁਰਬਾਣੀ ਗਿਆਨ ਨਹੀਂ ਸੀ ਪੁੱਜਾ ਤਾਂ ਵੀ ਸਾਂਇੰਸ ਦੀਆਂ ਖੋਜਾਂ ਤੋਂ ਹੀ ਸੂਰਜ-ਚੰਦ ਗ੍ਰਿਹਣਾਂ ਨਾਲ ਜੋੜੀਆਂ ਰਾਹੂ-ਕੇਤੂ ਦੀਆਂ ਫ਼ਰਜ਼ੀ ਕਹਾਣੀਆਂ ਨੂੰ ਸਮਝ ਲਿਆ ਹੁੰਦਾ। ਖਾਸ ਤੌਰ `ਤੇ ਉਸ ਨੂੰ ਤਰਸ ਆ ਰਿਹਾ ਸੀ ਉਨ੍ਹਾਂ ਗ਼ਰੀਬਾਂ `ਤੇ ਜਿਹੜੇ ਪਤਾ ਨਹੀਂ ਕਿੰਨੇ-ਕਿੰਨੇ ਕਰਜ਼ੇ `ਚ ਦੱਬ ਕੇ ਤੇ ਆਪਣੇ ਕਾਰ-ਵਿਹਾਰ ਬੰਦ ਕਰ ਕੇ, ਕੇਵਲ ਅੰਧ ਵਿਸ਼ਵਾਸਾਂ ਅਧੀਨ-ਪਰ ਧਰਮ ਦੇ ਨਾਂ ਹੇਠ ਠੱਗੇ ਜਾ ਰਹੇ ਸਨ ਅਤੇ ਕੁੱਝ ਲੋਕ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਸਨ।

ਉਹ ਸੋਚ ਰਿਹਾ ਸੀ ਕਿ ਕਿਤਨਾ ਜ਼ੁਲਮ ਹੋ ਰਿਹਾ ਹੈ ਰੱਬ ਦੇ ਬੰਦਿਆਂ ਨਾਲ। ਕੇਵਲ ਥੋੜੇ ਜਹੇ ਲੋਕਾਂ ਨੇ ਅਪਣੇ ਦਾਨ-ਪੁੰਨ ਲਈ ਭਰਮ-ਭੁਲੇਖੇ ਪਾ ਕੇ ਕਿਤਨੀ ਜ਼ਿਆਦਤੀ ਕੀਤੀ ਹੋਈ ਹੈ ਮਨੁੱਖ ਜਾਤੀ ਨਾਲ। ਕਦੇ ਕੁਰਖੇਤ੍ਰ, ਕਦੇ ਪ੍ਰਯਾਗ ਕਦੇ ਹਰਦੁਆਰ ਪਰ ਸਭ ਪਾਸੇ ਗੱਲ ਇਕੋ ਹੀ ਹੈ ਭਾਵ ਬ੍ਰਾਹਮਣਾਂ ਨੂੰ ਦਾਨ-ਪੰਨ ਦੇਵੋ ਅਤੇ ਹੋਰ ਕੁੱਝ ਨਹੀਂ। ਉਸ ਨੂੰ ਗੁੱਸਾ ਵੀ ਆ ਰਿਹਾ ਸੀ ਉਨ੍ਹਾਂ `ਤੇ ਜੋ ਪੜ੍ਹ ਲਿਖ ਕੇ ਵੀ ਗੁਰਬਾਣੀ ਦੀ ਬੇਅੰਤ ਰੋਸ਼ਨੀ ਤੋਂ ਲਾਭ ਨਹੀਂ ਲੈ ਰਹੇ। ਇਸ ਤਰ੍ਹਾਂ ਇਹ ਪੜ੍ਹੇ ਲਿਖੇ ਵੀ ਉਸ ਨੂੰ ਅਣਪੜ੍ਹ ਹੀ ਨਜ਼ਰ ਆ ਰਹੇ ਸਨ, ਪਰ ਇਸ `ਚ ਉਨੂੰ ਉਹ ਲੋਕ ਵੀ ਘੱਟ ਕਸੂਰਵਾਰ ਨਹੀਂ ਸਨ ਦਿਸ ਰਹੇ ਜੋ ਉਂਝ ਤਾਂ ਗੁਰਬਾਣੀ ਦੇ ਠੇਕੇਦਾਰ ਬਣੇ ਬੈਠੇ ਹਨ ਜਿਵੇਂ ਕਿ ਗੁਰਬਾਣੀ ਉਨ੍ਹਾਂ ਦੀ ਨਿਜੀ ਜਾਗੀਰ ਹੈ ਜਦਕਿ ਉਹ ਆਪ ਗੁਰਬਾਣੀ ਕੋਹਾਂ ਦੂਰ ਵਸਦੇ ਹਨ।

ਪਿਛਲੇ ਸਾਲ ਦੀ ਗੱਲ ਹੈ ਜਦੋਂ ਉਸਨੇ ਆਪਣੇ ਪੜੌਸੀ ਹਿੰਦੂ ਤੇ ਮੁਸਲਮਾਨ ਵਿਚਾਲੇ ਵੱਡਾ ਝਗੜਾ ਟਾਲਿਆ ਸੀ। ਗਲ ਮਾਮੂਲੀ ਸੀ, ਜਦੋਂ ਹਿੰਦੂ ਨੇ ਸ਼ੰਕਾ ਕੀਤਾ, ‘ਇਹ ਵੀ ਕੋਈ ਗੱਲ਼ ਹੈ, ਮੁਰਦੇ ਨੂੰ ਦਫ਼ਨਾ ਦਿਓ ਤਾਂ ਉਹ ਕਿਆਮਤ ਦੇ ਦਿਨ, ਅਲਾ ਦੀ ਦਰਗਾਹ `ਚ ਉਠ ਖਲੋਂਦਾ ਹੈ, ਉਥੇ ਮੁਹੰਮਦ ਸਾਹਿਬ ਉਸ ਦੀ ਹਾਮੀ ਭਰਦੇ ਨੇ ਤਾਂ ਉਸਨੂੰ ਸਿੱਧਾ ਬਹਿਸ਼ਤ `ਚ ਭੇਜ ਦਿੱਤਾ ਜਾਂਦਾ ਹੈ। ਜਦਕਿ ਸਰੀਰ ਨੂੰ ਤਾਂ ਕੀੜੇ, ਮਕੌੜ, ਮਿੱਟੀ ਹੀ ਮੁੱਕਾ ਦੇਂਦੀ ਹੈ’। ਇਸ ਤੇ ਮੁਸਲਮਾਨ ਨੇ ਵੀ ਪਲਟ ਵਾਰ ਕੀਤਾ ‘ਨਹੀਂ ਤਾਂ ਕੀ ਇਹ ਮੰਨ ਲਈਏ ਕਿ ਕੋਈ ਸ਼ਰਾਬੀ ਵਿਭਚਾਰੀ ਵੀ, ਜਿਸ ਨੂੰ ਸਾੜ ਕੇ ਉਸ ਦੀਆਂ ਹੱਡੀਆਂ ਗੰਗਾ `ਚ ਵਹਾ ਦਿਓ ਤਾਂ ਉਸਨੂੰ ਸਿੱਧਾ ਸੁਰਗ ਮਿਲ ਜਾਂਦਾ ਹੈ’। ਇਥੇ ਵੀ ਉਦੋਂ ਬਲਦੇਵ (ਅੱਜ ਦੇ ਜਵਾਲਾ ਸਿੰਘ) ਨੂੰ ਗੁਰਬਾਣੀ ਦੀ ਹੀ ਅਜ਼ਮਤ ਨਜ਼ਰ ਆਈ ਜਦੋਂ ਉਸ ਦੀ ਉੱਥੇ ਮੌਜੂਦਗੀ ਨੇ ਗੁਰਬਾਣੀ ਦੀਆਂ ਸਚਾਈਆਂ ਨਾਲ ਝਗੜੇ ਨੂੰ ਤੂਲ ਫ਼ੜਣ ਤੋਂ ਬਚਾ ਲਿਆ ਤੇ ਸੁਲਹ ਵੀ ਕਰਵਾ ਦਿੱਤੀ। ਪਰ ਇਸ ਘਟਨਾ ਨੇ ਉਸ ਅੰਦਰ ਗੁਰਬਾਣੀ ਲਈ ਹੋਰ ਬੇਅੰਤ ਸ਼ਰਧਾ ਵਧਾ ਦਿੱਤੀ ਸੀ। ਮਨ ਹੀ ਮਨ ਕਹਿ ਉਠਿਆ, ਸਚਮੁਚ ਜੇ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਯੋਗ ਹੱਥਾਂ `ਚ ਤੇ ਇਮਾਨਦਾਰੀ ਨਾਲ ਹੋਵੇ ਤਾਂ ਦੁਨੀਆਂ `ਚ ਧਰਮ ਦੇ ਨਾਂ `ਤੇ ਠਗੀਆਂ, ਖੂਨ-ਖਰਾਬੇ ਹੋਣ ਹੀ ਕਿਉਂ? ਉਹ ਮਹਿਸੂਸ ਕਰ ਰਿਹਾ ਸੀ ਕਿ ਗੁਰਬਾਣੀ ਸੋਝੀ ਕਾਰਨ ਜਿਵੇਂ ਉਸਦਾ ਜੀਵਨ ਹਨੇਰੀਆਂ ਗੁਫ਼ਾਂਫ਼ਾਂ `ਚ ਨਿਕਲ ਕੇ ਬੇਅੰਤ ਰੋਸ਼ਨੀ ਵਲ ਵੱਧ ਰਿਹਾ ਹੋਵੇ।

ਇਸੇ ਤਰ੍ਹਾਂ ਕੁੱਝ ਸਮਾਂ ਪਹਿਲਾਂ ਜਦੋਂ ਉਹ ਆਪਣੇ ਕਿਸੇ ਵਪਾਰਕ ਸੰਬੰਧ `ਚ ਉਤਰ-ਪ੍ਰਦੇਸ਼ ਗਿਆ ਤਾਂ ੳੇਥੇ ਇੱਕ ਪਿੰਡ `ਚ ਆਪਣੇ ਦੋਸਤ ਨੂੰ ਮਿਲਣ ਚਲਾ ਗਿਆ। ਦੋਸਤ ਦੇ ਪੜੌਸ `ਚ ਪੁਲਿਸ ਆਈ ਹੋਈ ਸੀ ਤੇ ਖੱਪ-ਰੌਲਾ ਪਿਆ ਦਾ ਸੀ। ਪਤਾ ਲਗਾ ਕਿ ਉਸ ਦੇ ਪੜੋਸੀ ਦੇ ਦੋ ਸਾਲਾ ਬੱਚੇ ਨੂੰ ਕੋਈ ‘ਮਹਾਤਮਾ’ ਪਰ ਮੂਲੋਂ ਠੱਗ ਉੜਾ ਕੇ ਲੈ ਗਏ ਸਨ ਅਤੇ ਪ੍ਰਵਾਰ `ਚ ਹਾ! ਹਾ! ਕਾਰ ਮਚੀ ਹੋਈ ਸੀ। ਹੋਇਆ ਇਹ, ਕਿ ਉਨ੍ਹਾਂ ਠੱਗ ਨੁਮਾ ਸਾਧੂਆਂ ਨੇ ਉਸ ਨੂੰ ਵਹਿਮ ਪਾ ਕੇ ਯਕੀਨ `ਚ ਲੈ ਆਂਦਾ ਕਿ ਉਸ ਦਾ ਪੁਤ੍ਰ ਵੱਡਾ ਹੋ ਕੇ ਪ੍ਰਵਾਰ ਨੂੰ ਤੱਬਾਹ ਤੇ ਬਰਬਾਦ ਕਰ ਦੇਵੇਗਾ, ਕਿਉਂਕਿ ਉਸ ਤੇ … ਗ੍ਰਿਹ ਭਾਰੂ ਹੈ। ਇਸ ਤਰ੍ਹਾਂ ਉਨ੍ਹਾਂ ‘ਸਾਧੂਆਂ’ ਨੇ ਉਸ ਔਰਤ ਨੂੰ ਵਿਸ਼ਵਾਸ `ਚ ਲੈ ਕੇ ਇਸ ਗਲ `ਤੇ ਪੱਕਾ ਕਰ ਲਿਆ ਕਿ ਉਹ ਕਿਸੇ ਨੂੰ ਦਸੇ ਬਿਨਾ ਬੱਚਾ ਤੇ ਘਰ ਦਾ ਸੋਨਾ-ਗਹਿਣਾ ਲੈਕੇ ਅਮੁੱਕੀ ਜਗ੍ਹਾ `ਤੇ ਪੁੱਜ ਜਾਵੇ। ਇਸ ਤਰ੍ਹਾਂ ਉਹ ਉਸ ਉਪਰ ਮੰਤ੍ਰ ਆਦਿ ਪੜ੍ਹਕੇ ਸਭ ਸ਼ੁੱਧ ਕਰ ਦੇਣਗੇ ਤੇ ਇਸ ਤਰ੍ਹਾਂ ਉਪਾਅ ਕਰਕੇ, ਗ੍ਰਿਹ ਤੋਂ ਬਚਾ ਲੈਣਗੇ। ਅੰਤ ਹੋਇਆ ਇਹ ਕਿ ਠੱਗ ਔਰਤ ਨੂੰ ਕੁੱਝ ਸੁੰਘਾਉਣ ਉਪ੍ਰੰਤ, ਬੱਚੇ-ਗਹਿਣੇ ਸਮੇਤ ਗ਼ਾਇਬ ਹੋ ਚੁੱਕੇ ਸਨ।

ਬਲਦੇਵ ਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਗੁਰਬਾਣੀ ਵਾਲੇ ਠੰਡਕ ਦੇ ਸੋਮੇ ਕੋਲ ਬੈਠੇ ਕੇ ਵੀ ਲੋਕ ਅਗਿਆਨਤਾ ਦੇ ਜਵਾਲਾਮੁਖੀ ਕਾਰਨ ਸੜ ਰਹੇ ਹੋਣ। ਉਸਨੂੰ ਇਹ ਵੀ ਸਮਝ ਆ ਚੁੱਕੀ ਸੀ ਕਿ ਆਖਿਰ ਪ੍ਰਿਥਵੀ ਨੂੰ ਲਗੀ ਹੋਈ ਉਹ ਕਿਹੜੀ ਅੱਗ ਸੀ ਜਿਸ ਨੂੰ ਬੁਝਾਉਣ ਲਈ ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇ ਧਾਰੇ ਅਤੇ ਅਗਿਆਨੀ ਲੋਕਾਂ ਤੋਂ ਬੇਅੰਤ ਤਸੀਹੇ ਵੀ ਸਹਿਣ ਕੀਤੇ। ਇੱਕ ਦਿਨ, ਗਲਾਂ ਚੋਂ ਗਲ ਚਲੀ ਬਲਦੇਵ ਨੇ ਆਪਣੇ ਇੱਕ ਹੋਰ ਦੋਸਤ ਕੈਲਾਸ਼ ਨੂੰ ਗੁਰਬਾਣੀ ਦੀ ਮਹਾਨਤਾ ਬਾਰੇ ਗਲਾਂ ਦੱਸੀਆਂ। ਕੈਲਾਸ਼ ਹੈਰਾਣ ਸੀ ਕਿ ਅੱਜ ਤੀਕ ਉਹ ਗੁਰਬਾਣੀ ਨੂੰ ਕੇਵਲ ਸਿੱਖਾਂ ਲਈ ਹੀ ਸਮਝ ਰਿਹਾ ਸੀ। ਪਰ ਜਦੋਂ ਉਸ ਨੂੰ ਗੁਰਬਾਣੀ ਦੇ ਸਰਬਦੇਸ਼ੀ ਤੇ ਸਮੁਚੀ ਮਾਨਵਤਾ ਲਈ ਹੋਣਾ ਸਪਸ਼ਟ ਹੋਇਆ ਤਾਂ ਉਸਨੇ ਆਪਣੇ ਨਾਲ ਬੈਠੀ ਬੱਚੀ ਬਾਰੇ ਦਸਿਆ- “ਕਿ ਇਹ ਹੈ ਇੱਕ ਬਦਕਿਸਮਤ ਬੱਚੀ ਹੈ ਜਿਸਦੇ ਮਾਂ-ਬਾਪ ਅੱਜ ਜੇਲ `ਚ ਹਨ, ਕਾਰਨ---

“ਘਰ `ਚ ਮੁੰਡੇ ਦਾ ਜਨਮ ਜ਼ਰੂਰੀ ਹੈ, ਉਹ ਲੋਕ ਕਿਸੇ ਢੋਂਗੀ ਦੇ ਜਾਲ `ਚ ਫਸ ਗਏ। ਢੋਂਗੀ ਨੇ ਯਕੀਨ ਦੁਆ ਦਿੱਤਾ, ਜੇਕਰ ਉਹ ਅਮੁੱਕੇ ਦੇਵਤੇ ਨੂੰ ਕਿਸੇ ਮਾਸੂਮ ਦੀ ਬਲੀ ਦੇ ਦੇਣ ਤਾਂ ਬਾਅਦ `ਚ ਦੇਵਤਾ ਬੱਚੇ ਨੂੰ ਵੀ ਜ਼ਿੰਦਾ ਕਰ ਦੇਵੇਗਾ ਅਤੇ ਉਨ੍ਹਾਂ ਦੇ ਘਰ ਵੀ ਮੁੰਡਾ ਜੰਮ ਪਵੇਗਾ। ਇਸ ਉਪਾਅ ਲਈ ਢੋਂਗੀ ਨੇ ਉਨ੍ਹਾਂ ਨੂੰ ਲੁਟਿਆ ਵੀ ਰੱਜ ਕੇ ਤੇ ਆਪਣਾ ਨਕਲੀ ਟਿਕਾਣਾ ਦੇ ਕੇ ਚਲਦਾ ਬਣਿਆ। ਉਪ੍ਰੰਤ ਇਸ ਬੱਚੀ ਦੇ ਮਾਪਿਆਂ ਨੇ ਪੜੋਸੀ ਪਿੰਡ ਦੇ ਬੱਚੇ ਦੀ ਬਲੀ ਦੇ ਦਿੱਤੀ। ਖੈਰ! ਵਾਪਿਸ ਜ਼ਿੰਦਾ ਤਾਂ ਕੀ ਹੋਣਾ ਸੀ ਤੇ ਮੁੰਡਾ ਕਾਹਦਾ ਜੰਮਣਾ ਸੀ, ਹੁਣ ਮਾਪੇ ਜੇਲ ਦੀ ਹਵਾ ਖਾ ਰਹੇ ਹਨ ਤੇ ਮਾਸੂਮ, ਬੇਸਹਾਰਾ ਬੱਚੀ `ਤੇ ਤਰਸ ਖਾ ਕੇ ਇਸਦੀ ਸੰਭਾਲ ਮੈਂ ਕਰ ਰਿਹਾ ਹਾਂ।

ਬਲਦੇਵ ਦੀ ਚੀਕ ਨਿਕਲ ਗਈ। ਅਚਣਚੇਤ ਉਸ ਦੇ ਮੂਹੋਂ ਨਿਕਲਿਆ, “ਇਹ ਢੋਂਗੀ ਪਾਖੰਡੀ ਕਦੋਂ ਤੀਕ ਨਾਮ ਦੇ ਸਾਧੂ, ਮਹਾਤਮਾ, ਸਨਿਆਸੀ, ਜੋਗੀ ਬਣੇ ਲੋਕਾਈ ਨੂੰ ਜਹਾਲਤਾਂ, ਵਹਿਮਾਂ, ਭਰਮਾਂ, ਧਾਗਿਆਂ, ਤਬੀਤਾਂ, ਬਿਭੂਤੀਆਂ ਦੇ ਦੇ ਕੇ ਚੂਸਦੇ ਰਹਿਣਗੇ। ਧਰਮ ਦੇ ਨਾਮ, ਇਹ ਲੁਟੇਰੇ ਕਦੋਂ ਤੀਕ ਆਪਣੇ ਕਾਰੇ ਕਰਣਗੇ? ਉਸ ਨੂੰ ਇਸ ਸਾਰੇ ਦਾ ਇਕੋ ਹੀ ਹਲ ਦਿੱਸ ਰਿਹਾ ਸੀ, ਲੋਕਾਈ `ਚ ਗੁਰਬਾਣੀ ਦੇ ਸੱਚ ਦਾ ਉਜਾਲਾ। ਧਿਆਨ ਰਹੇ! ਇਹ ਉਹੀ ਬਲਦੇਵ ਸੀ, ਜੋ ਆਪ ਕਦੇ ਸ਼ਰਾਬ, ਸਿਗਰੇਟ ਤੇ ਧਾਰਮਿਕ ਢੋਂਗਾ ਦਾ ਵੱਡਾ ਸ਼ਿਕਾਰ ਸੀ। ਗੁਰਬਾਣੀ ਗਿਆਨ ਵਾਲੇ ਗੁਰੂ ਨੇ ਹੀ ਉਸ ਨੂੰ ਜਾਗਦਾ, ਗੁਣਵਾਣ ਤੇ ਵੱਡਾ ਪਰ-ਉਪਕਾਰੀ ਇਨਸਾਨ ਬਣਾ ਦਿੱਤਾ ਸੀ।

ਬੰਦਾ ਉਹੀ ਸੀ ਪਰ ਜੀਵਨ ਬਦਲ ਚੁੱਕਾ ਸੀ ਅਤੇ ਇਹ ਕ੍ਰਿਸ਼ਮਾ ਸੀ ਗੁਰਬਾਣੀ-ਗੁਰੂ ਦਾ। ਉਹ ਇਨਸਾਨ ਜਿਹੜਾ ਕਦੇ ਵਕਤ ਬਿਤਾਉਣ ਲਈ ਗੱਲਾਂ-ਗੱਪਾਂ, ਫ਼ਿਲਮਾਂ, ਸ਼ਰਾਬ, ਜੂਏ ਦਾ ਸਹਾਰਾ ਲੈਂਦਾ ਤੇ ਫ਼ਿਰ ਵੀ ਵੱਕਤ ਨਹੀਂ ਸੀ ਮੁੱਕਦਾ; ਅੱਜ ਉਸੇ ਦੇ ਸਾਹਮਣੇ ਜ਼ਿੰਦਗੀ ਦਾ ਵੱਡਾ ਨਿਸ਼ਾਨਾ ਉਭਰ ਕੇ ਆ ਚੁੱਕਾ ਸੀ ਅਤੇ ਉਹ ਨਿਸ਼ਾਨਾ ਸੀ ਆਪਣੇ ਅਤੇ ਮਨੁੱਖ ਮਾਤ੍ਰ ਦੇ ਜੀਵਨ ਦੀ ਸੰਭਾਲ ਵਾਲਾ। ਉਸਨੂੰ ਸਮਝ ਆ ਚੁੱਕੀ ਸੀ ਕਿ ਕਿਵੇਂ ਉਸਨੇ ਆਪਣੇ ਜੀਵਨ `ਚ ਮਨੁਖੀ ਕੱਦਰਾਂ ਕੀਮਤਾਂ ਨੂੰ ਪੈਦਾ ਕਰ ਕੇ ਸਦੀਵੀ ਆਨੰਦ ਮਾਨਣਾ ਹੈ ਅਤੇ ਇਸ ਅਨੰਦ ਦੀ ਠੰਡਕ ਨੂੰ ਸਾਰੀ ਮਨੁਖਤਾ ਤੀਕ ਵੀ ਪਹੁਚਾਉਣਾ ਹੈ। ਉਸ ਨੂੰ ਸਮਝ ਆ ਚੁੱਕੀ ਸੀ ਕਿ ਉਹ ਕਿਹੜਾ ਅਗਿਆਨਤਾ ਦਾ ਹਨੇਰਾ ਸੀ ਜਿਸ ਨੂੰ ਹਟਾਉਣ ਲਈ ਅਤੇ ਮਨੁੱਖ ਦੇ ਜੀਵਨ ਨੂੰ ਸੁਆਦਲਾ ਬਨਾਉਣ ਲਈ ਗੁਰੂ ਸਹਿਬਾਨ ਅਤੇ ਬੇਅੰਤ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਝੂਠ ਨਾਲ ਸਮਝੌਤਾ ਨਹੀਂ ਕੀਤਾ। ਉਸ ਨੂੰ ਸਮਝ ਆ ਚੁੱਕੀ ਸੀ ਕਿ ਕੇਵਲ ਸਿੱਖ ਇਤਿਹਾਸ ਹੀ ਸ਼ਹੀਦੀਆਂ ਦਾ ਭਰਿਆਂ ਪਿਆ ਹੈ ਕਿਉਂਕਿ ਇਨ੍ਹਾਂ ਸਾਹਮਣੇ ਜੀਵਨ ਦਾ ਇੱਕ ਨਿਸ਼ਾਨਾ ਹੈ।

ਮਨੁਖ ਸਮਾਜ ਦੇ ਵੱਡੇ ਹਿੱਸੇ ਨਾਲ ਹੋ ਰਿਹਾ ਇਹ ਜ਼ੁਲਮ, ਹੁਣ ਉਸ ਲਈ ਅਸਹਿ ਸੀ ਅਤੇ ਇਹ ਜ਼ੁਲਮ ਵੀ ਹੋ ਰਿਹਾ ਸੀ ਧਰਮ ਦੇ ਬੁਰਕੇ `ਚ। ਉਹ ਸੋਚਦਾ ਕਿ ਇਸ ਦੇ ਮੁਕਾਬਲੇ ਤਾਂ ਡਾਕੂ ਵੀ ਘੱਟ ਜ਼ਾਲਮ ਹੁੰਦੇ ਹਨ ਜਿਹੜੇ ਬੰਦੇ ਨੂੰ ਇੱਕ ਵਾਰੀ ਲੁੱਟ ਕੇ ਤੇ ਖਹਿੜਾ ਛੱਡ ਦੇਂਦੇ ਹਨ। ਦੂਜੇ ਪਾਸੇ ਇਹ ਧਰਮ ਦੇ ਪਰਦੇ `ਚ ਠੱਗ ਪੁਸ਼ਤ-ਦਰ-ਪੁਸ਼ਤ ਲੁੱਟਣ `ਚ ਤਰਸ ਨਹੀਂ ਖਾਂਦੇ। ਲੋਕਾਈ ਦੇ ਜਜ਼ਬਾਤਾਂ ਨਾਲ ਖੇਡਦੇ ਹਨ, ਰੀਤਾਂ-ਰਸਮਾਂ, ਵਰਾਂ-ਸਰਾਪਾਂ, ਸਗਨਾ-ਅਪਸਗਨਾ, ਤਿਉਹਾਰਾਂ-ਰਿਵਾਜਾਂ, ਥਿਤਾਂ-ਵਾਰਾਂ, ਧਾਗੇ-ਤਬੀਤਾਂ, ਰਾਸ਼ੀਫਲਾਂ ਤੇ ਮਹੂਰਤਾਂ ਆਦਿ ਦੇ ਲੰਮੇ ਚੌੜੇ ਮਕੜੀ ਜਾਲ `ਚ ਫ਼ਸਾ ਕੇ ਕੁਰਾਹੇ ਪਾਂਦੇ ਅਤੇ ਚੂਸਦੇ ਹਨ। ਇਥੋਂ ਤੀਕ ਕਿ ਬਦਲੇ ਹੋਏ ਹਾਲਾਤ `ਚ ਅੱਜ ਉਸ ਨੂੰ ਸਿੱਖ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਥਾ ਵਾਚਕਾਂ ਆਦਿ `ਚ ਵੀ ਇਹੀ ਕੁੱਝ ਨਜ਼ਰ ਆ ਰਿਹਾ ਸੀ। ਉਸਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ। ਇਹ ਇਸ ਤਰ੍ਹਾਂ ਸੀ ਕਿ ‘ਜਿਨ ਕੇ ਸਿਰ ਪੈ ਤਕੀਆ ਥਾ ਵਹੀ ਹਵਾ ਦੇਣੇ ਲਗੇ’ ਅਨੁਸਾਰ ਉਹ ਸੋਚਦਾ ਤੇ ਉਸਨੂੰ ਉਸ ਗਿਆਨੀ ਜੀ ਨਾਲ ਵਿਚਾਰਾਂ ਕ-ਕਰ ਕੇ ਇਹ ਵੀ ਜਾਗ੍ਰਤੀ ਆ ਚੁੱਕੀ ਸੀ। ਉਹ ਇਸ ਨਤੀਜੇ `ਤੇ ਪੁੱਜਾ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਮਨੁੱਖ ਦੇ ਹਾਲਾਤ ਸਨ, ਦੂਜੇ ਤੀ ਕੀ ਸ਼ਾਇਦ ਅੱਜ ਦਾ ਸਿੱਖ ਉਸ ਤੋਂ ਵੀ ਗਹਰੇ ਰਸਾਤਲ `ਚ ਜਾ ਚੁੱਕਾ ਹੈ।

ਇਸ ਤਰ੍ਹਾਂ ਉਸਨੂੰ ਬਿਮਾਰੀ ਦਾ ਵੀ ਪਤਾ ਲਗ ਚੁੱਕਾ ਸੀ ਤੇ ਉਸਦੇ ਇਲਾਜ ਦਾ ਵੀ ਪਰ ਇੰਨੇ ਵਿਗੜੇ ਹੋਏ ਹਾਲਾਤ `ਚ ਉਹ ਕਰੇ ਵੀ ਤਾਂ ਕੀ ਕਰੇ? ਹੁਣ ਉਸ ਅੰਦਰ ਮਾਨੋ ਅੱਗ ਦੀਆਂ ਲਪਟਾਂ ਵੀ ਸਨ ਤੇ ਸਾਹਮਣੇ ਔਕੜਾਂ ਵੀ ਬੇਅੰਤ। ਉਹੀ ਬਲਦੇਵ ਜਿਸਨੂੰ ਕਦੇ ਜ਼ਿੰਦਗੀ ਬੇਅਰਥ ਨਜ਼ਰ ਆ ਰਹੀ ਸੀ ਤੇ ਵੱਕਤ ਕੱਟੀ ਦੇ ਰਸਤੇ ਢੂੰਡਦਾ ਸੀ, ਅੱਜ ਉਸਦੇ ਸਾਹਮਣੇ ਮਨੁੱਖੀ ਫ਼ਰਜ਼ਾਂ ਦੀ ਕੱਤਾਰ ਲਗੀ ਪਈ ਸੀ। ਹਰ ਸਮੇਂ ਉਹ ਇਨ੍ਹਾਂ ਹੀ ਡੂੰਗੀਆਂ ਸੋਚਾਂ `ਚ ਪਿਆ ਰਹਿੰਦਾ।

ਅਤੇ ਫ਼ਿਰ ਇੱਕ ਦਿਨ… ਬਲਦੇਵ ਸੁੱਤਾ ਪਿਆ ਸੀ, ਅਚਾਨਕ ਬੜ-ਬੜਾ ਉਠਿਆ, “ਮੈਂ ਸਿੱਖ ਸਜਾਂਗਾ, ਗੁਰੂ ਦਾ ਸਿੱਖ, ਖੰਡੇ ਦੀ ਪਾਹੁਲ ਲਵਾਂਗਾ ਤੇ ਗੁਰੂ ਦੇ ਉਪਦੇਸ਼ ਨੂੰ ਬਿਨਾ ਵਿਤਕਰਾ ਸਭ ਤੀਕ ਪਹੁੰਚਾਵਾਂਗਾ। ਉਨ੍ਹਾਂ ਤੀਕ ਵੀ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ, ਪਰ ਗੁਰੂ ਦੀ ਸਿੱਖੀ ਤੋਂ ਟੁੱਟ ਕੇ, ਗੁਰਬਾਣੀ ਤੋਂ ਦੂਰ, ਕੁਰਾਹੇ ਪਏ-ਦੂਜਿਆਂ ਨੂੰ ਗੁਰੂ ਦੀ ਸਚੀ ਗਲ ਦੇਣ ਦੇ ਸਮ੍ਰਥ ਨਹੀਂ ਅਤੇ ਉਨ੍ਹਾਂ ਨੂੰ ਵੀ ਜਿਹੜੇ ਗੁਰਬਾਣੀ ਨੂੰ ਖਾਲੀ ਸਿੱਖਾਂ ਲਈ ਹੀ ਸਮਝ ਕੇ ਉਸ ਦੀ ਠੰਡਕ ਨਹੀਂ ਮਾਨ ਰਹੇ। ਇਸ ਲਈ ਮੈਂ ਸਿੱਖ ਸਜਾਂਗਾ ਤੇ ਗੁਰੂ ਜੀ ਦੀ ਸਿਖਿਆ ਨੂੰ ਘਰ-ਘਰ ਪਹੁੰਚਾਂਵਾਂਗਾ” … ਇਤਨਾ ਕਹਿੰਦੇ ਉਸ ਦੀ ਅੱਖ ਖੁੱਲ ਵੀ ਗਈ, ਉਹ ਬਿੱਸਤਰੇ ਤੋਂ ਉਭੜਵਾਹ ਉਠ ਖਲੋਤਾ। ਉਸ ਦਾ ਸੁਪਨਾ ਟੁੱਟ ਚੁੱਕਾ ਸੀ ਪਰ ਸਤਿਗੁਰਾਂ ਨੇ ਉਸ ਨੂੰ ਰਾਹੇ ਪਾ ਦਿੱਤਾ ਸੀ। ਉਸ ਸਮੇਂ, ਘਰ `ਚ ਕੋਈ ਨਹੀਂ ਸੀ, ਘਰ ਵਾਲੇ ਕਿਸੇ ਪ੍ਰੋਗਰਾਮ `ਤੇ ਗਏ ਅਜੇ ਪਰਤੇ ਨਹੀਂ ਸਨ। ਉਹ ਨਾਲ ਨਹੀਂ ਸੀ ਗਿਆ, ਕਿਉਂਕਿ ਉਸਦੀ ਤਬੀਅਤ ਠੀਕ ਨਹੀਂ ਸੀ। ਰਾਤ ਬਹੁਤ ਹੋ ਚੁੱਕੀ ਸੀ ਤੇ ਉਹ ਉਨ੍ਹਾਂ ਹੀ ਸੋਚਾਂ `ਚ ਡੁੱਬੇ ਦੀ ਅੱਖ ਲਗ ਗਈ ਸੀ।

ਖੈਰ! ਇਸ ਤਰ੍ਹਾਂ ਨੀਂਦ ਖੁੱਲੀ ਤਾਂ ਘਰ `ਚ ਇਕੱਲਾ ਸੀ, ਮਾਨੋ ਪਾਤਸ਼ਾਹ ਨੇ ਆਪ ਬਹੁੜੀ ਕਰਕੇ ਉਸਨੂੰ ਜੀਉਣ ਦੀ ਮੰਜ਼ਿਲ ਦੇ ਦਿੱਤੀ ਸੀ। ਮੰਜ਼ਿਲ ਸਾਹਮਣੇ ਸੀ ਪਰ ਰੁਕਾਵਟਾਂ ਵੀ ਬੇਅੰਤ ਸਨ। ਉਸ ਦੇ ਇਸ ਪਰੋਗ੍ਰਾਮ ਲਈ, ਦੂਜੇ ਤਾਂ ਕੀ, ਅਜੋਕੇ ਸਿੱਖਾਂ ਨੂੰ ਵੀ ਗੁਰਬਾਣੀ ਪੱਖੋਂ ਜਾਗ੍ਰਿਤ ਕਰਣਾ ਸੌਖਾ ਕੰਮ ਨਹੀਂ ਸੀ, ਫ਼ਿਰ ਵੀ ਉਸ ਨੂੰ ਗੁਰੂ `ਤੇ ਅਕੱਟ ਵਿਸ਼ਵਾਸ ਸੀ ਕਿ ਸਤਿਗੁਰੂ ਆਪ ਇਸ ਉੱਤਮ ਕਾਰਜ ਲਈ ਉਸਦੀ ਬਹੁੜੀ ਕਰਣਗੇ। ਅੱਜ ਉਹ ਬਾਕਾਇਦਾ ਪਾਹੁਲਧਾਰੀ ਸਿੱਖ ਸੀ ਅਤੇ ਉਸਨੂੰ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕਾ ਸੀ ਕਿ ਗੁਰਬਾਣੀ ਦੀ ਪੰਕਤੀ ਸਰਮ ਖੰਡ ਕੀ ਬਾਣੀ ਰੂਪੁ” (ਜਪੁ) ਦੇ ਅਸਲ ਅਰਥ ਕੀ ਹਨ।

#135s03.02.08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਂ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇਕ-ਇਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਣਾਇਆ ਜਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 135

ਬਲਦੇਵ ਨਹੀਂ, ਜਵਾਲਾ ਸਿੰਘ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

( please not that our site i.e www.gurbaniguru.com has been changed to www.gurbaniguru.org




.