.

ਬਾਬੇ ਨਾਨਕ ਦੇ ਅਸੂਲਾਂ ਤੇ ਗੋਰੇ ਪਹਿਰਾ ਦੇ ਰਹੇ ਹਨ, ਪਰ ਸਿੱਖ ਨਾਨਕ ਤੋਂ ਮੂੰਹ ਫੇਰ ਗਏ।

ਬੀ. ਐਸ. ਢਿੱਲੋਂ ਐਡਵੋਕੇਟ

ਬਹੁਤ ਔਖਾ ਹੁੰਦਾ ਹੈ ਡੀ. ਕਲਾਸ ਹੋ ਕੇ ਲਿਖਣਾ, ਖਾਸ ਤੌਰ ਤੇ ਸਾਡੇ ਵਰਗੇ ਪੰਜਾਬੀ ਲੋਕਾਂ ਲਈ ਜਿਹੜੇ ਦੁਨੀਆਂ ਭਰ ਵਿੱਚ ਵਿਸ਼ਵ ਨਾਗਰਿਕ ਬਨਣ ਦੇ ਬਾਵਜੂਦ ਮਾਨਸਿਕਤਾ ਪੱਖੋਂ ਖੂਹ ਦੇ ਡੱਡੂ ਰਹਿਣ ਵਿੱਚ ਹੀ ਵਡਿਆਈ ਸਮਝਦੇ ਹਾਂ। ਚੌਵੀ ਘੰਟੇ ਹਵਾ ਵਿੱਚ ਤਲਵਾਰਾਂ ਲਹਿਰਾਉਣੀਆਂ, ਇੱਕ ਦੂਜੇ ਦੀਆਂ ਪੱਗਾਂ ਲਾਹੁਣੀਆਂ, ਤੇਰੀ ਮਾਂ ਨੂੰ, ਤੇਰੀ ਓਏ ਭੈਣ ਨੂੰ ਕਰਦਿਆਂ ਦੇ ਮੂੰਹੋਂ ਕਿਸੇ ਦੂਜੀ ਕੌਮ ਦੀ ਸਿਫਤ ਕਰਨ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਾਨੂੰ ਭੁਲੇਖਾ ਪੇ ਗਿਆ ਹੈ ਕਿ ਸਾਡੇ ਵਰਗਾ ਹੋਰ ਕੋਈ ਵੀ ਨਹੀਂ। ਨਾ ਬਹਾਦਰੀ ਪੱਖੋਂ (ਇਰਾਕੀ ਵੀ ਕੋਈ ਬਹਾਦਰ ਨੇ), ਨਾ ਅਣਖ ਪੱਖੋਂ (ਭਰਾ ਨਾਲ ਭੈਣ ਵਿਆਹੁਣੀ ਹੋਰ ਗੱਲ ਹੈ), ਨਾ ਮਿਹਨਤ ਪੱਖੋਂ (ਟਰੈਕਟਰ ਵੀ ਭਈਏ ਚਲਾ ਰਹੇ ਨੇ)। ਕਈ ਵਾਰੀ ਤਾਂ ਅਸੀਂ ਇੱਥੋਂ ਤੱਕ ਕਹਿ ਦਿੰਦੇ ਹਾਂ ਕਿ ਸਾਰੀ ਦੁਨੀਆਂ ਨੂੰ ਸਾਥੋਂ ਸਿੱਖਣਾ ਚਾਹੀਦਾ ਹੈ।

ਕਦੀ ਕਦੀ ਤਾਂ ਲੱਗਦਾ ਹੈ ਕਿ ਕੀ ਹੋ ਗਿਆ ਹੈ ਪੰਜਾਬ ਨੂੰ? ਇੱਥੇ ਕੁੱਕੜ ਪਿੱਛੇ ਬਿੱਲੀ ਦੌੜ ਰਹੀ ਹੈ, ਬਿੱਲੀ ਪਿੱਛੇ ਕੁੱਤਾ ਪਿਆ ਫਿਰਦਾ, ਕੁੱਤੇ ਮਗਰ ਜਨਾਨੀ ਡੰਡਾ ਚੁੱਕੀ ਫਿਰ ਰਹੀ ਹੈ, ਜਨਾਨੀ ਪਿੱਛੇ ਆਦਮੀਂ ਡਾਂਗ ਲਈ ਫਿਰਦਾ ਤੇ ਆਦਮੀਂ ਮਗਰ ਪੁਲਿਸ ਬੰਦੂਕ ਲਈ ਦੌੜ ਰਹੀ ਹੈ। ਇੰਜ ਲੱਗਦਾ ਪੰਜਾਬੀਆ ਕੋਲ ਡਾਂਗ ਸੋਟੇ ਵਗੈਰ ਹੋਰ ਕੁੱਝ ਰਹਿ ਹੀ ਨਹੀਂ ਗਿਆ। ਪਰ ਮੈਂ ਕੁੱਕੜ, ਬਿੱਲੀ, ਕੁੱਤਾ ਤੇ ਅਦਮੀਂ ਨੂੰ ਗੋਰਿਆਂ ਦੇ ਦੇਸ਼ ਵਿੱਚ ਇਕੱਠੈ ਬੈਠੇ ਦੇਖ ਰਿਹਾ ਹਾਂ। ਪੰਜਾਬ ਵਿੱਚ ਇੰਜ ਕਿਉਂ ਨਹੀਂ ਹੋਇਆ? ਬਾਬੇ ਨਾਨਕ ਦੀ ਮੱਤ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥” ਤੇ ਗੋਰੇ ਪਹਿਰਾ ਦੇ ਰਹੇ ਹਨ। ਤੇ ਸਾਡੇ ਠੱਗ ਬਾਬੇ, ਗੋਰਿਆਂ ਨੂੰ ਸਿੱਖੀ ਸਿਖਾਉਣ ਦੇ ਬਹਾਨੇ ਪੈਸੇ ਇਕੱਠੇ ਕਰਨ ਲਈ ਵਹੀਰਾਂ ਘੱਤੀ ਆ ਰਹੇ ਹਨ। “ਓਏ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥” ਪਰ ਆਪਣੇ ਘਰੋਂ ਬਾਬੇ ਨਾਨਕ ਦੀ ਸਿੱਖੀ ਗਾਇਬ ਹੈ। ਬਾਬਾ ਨਾਨਕ ਸਾਰੀ ਉਮਰ ਮੌਲਵੀਆਂ ਪੁਜਾਰੀਆਂ ਨਾਲ ਲੜਦਾ ਰਿਹਾ ਅਸੀਂ ਹਰ ਦਸ ਮੀਲ ਤੇ ਕੋਈ ਬਾਬਾ ਜਾਂ ਸਾਧ ਲੱਭ ਲਿਆ ਹੈ।

ਪੰਜਾਬ ਦੇ ਹਰ ਚੈੱਨਲ ਤੇ ਸਵੇਰੇ ਸਵੇਰੇ ਕੋਈ ਨਾ ਕੋਈ ਬਾਬਾ ਲੋਕਾਂ ਨੂੰ ਮਿਹਨਤ ਕਰਨ ਤੇ ਵੰਡ ਛਕਣ ਦੀ ਸਲਾਹ ਦੇਣ ਦੀ ਥਾਂ ਸਾਰੇ ਸੰਸਾਰੀ ਕੰਮ ਤਿਆਗ ਕਿ ਰੱਬ ਨੂੰ ਲੱਭਣ ਤੁਰ ਪੈਣ ਦੀ ਸਲਾਹ ਨਾਲ ਦਿਨ ਸ਼ੁਰੁ ਕਰਦੇ ਹਨ। ਲੀਡਰ ਤੇ ਬਾਬੇ ਅਖਬਾਰਾਂ ਵਿੱਚ ਹਰ ਰੋਜ ਕਿਤੇ ਨਾ ਕਿਤੇ “ਹੁੰਮ ਹੁੰਮਾਂ ਕੇ ਪੁੱਜਣ” ਦੇ ਇਸ਼ਤਿਹਾਰ ਦੇ ਰਹੇ ਹਨ। ਕਦੀ ਡੇਢ ਦੋ ਲੱਖ ਆਦਮੀਂ ਦੱਖਣੀ ਪੰਜਾਬ ਤੋਂ ਉੱਤਰ ਨੂੰ ਚੱਲ ਪੈਂਦੇ ਹਨ, ਕਦੀ ਪੱਛਮ ਤੋਂ ਪੂਰਬ ਵੱਲ। ਜੇ ਨਾਂਗਾ ਪੇ ਜਾਵੇ ਤਾਂ ਵੀਹ ਤੀਹ ਹਜਾਰ ਦਿੱਲੀ ਜਾ ਰਹੇ ਹੁੰਦੇ ਹਨ। ਨਾ ਮਾਇਆ ਮਿਲੀ ਨਾ ਰਾਂਮ। ਪਿਛਲੇ ਅਨੇਕਾਂ ਸਾਲਾਂ ਤੋਂ ਲੱਖਾਂ ਕਰੋੜਾਂ ਦੀ ਕਿਰਤ ਸਕਤੀ ਤੇ ਊਰਜਾ ਵਿਅਰਥ ਜਾ ਰਹੀ ਹੈ। ਫਿਰ ਉਤਪਾਦਨ ਕੌਣ ਕਰੇਗਾ? ਤੇ ਵਿਕਾਸ ਕਿਵੇਂ ਹੋਵੇਗਾ? ਇਹ ਕਿਸੇ ਨੇ ਨਹੀਂ ਸੋਚਿਆ। ਜੇ ਇਸ ਕਿਰਤ ਸ਼ਕਤੀ ਨੇ ਬਾਬੇ ਨਾਨਕ ਦਾ ਕਿਹਾ ਮੰਨ ਲਿਆ ਹੁੰਦਾ ਤਾਂ ਅੱਜ ਪੰਜਾਬ ਦਾ ਨਕਸ਼ਾ ਕੁੱਝ ਹੋਰ ਹੋਣਾ ਸੀ। ਜਪਾਂਨ ਤੇ ਜਰਮਨ ਦੀ ਮਿਸਾਲ ਸਾਹਮਣੇ ਹੈ। ਗੋਰੇ ਦਿਹਾੜੀ ਦੀ ਛੁੱਟੀ ਲੈਣ ਵੇਲੇ ਵੀ ਤਿੰਨ ਵਾਰੀ ਸੋਚਦੇ ਹਨ। ਸਾਡੇ ਸਾਲ `ਚ ਛੇ ਮਹੀਨੇਂ ਛੁੱਟੀਆਂ ਹੁੰਦੀਆਂ ਹਨ।

ਅਸੀਂ ਹਮੇਸ਼ਾ ਮਾੜਾ ਪਾਸਾ ਹੀ ਵੇਖਦੇ ਹਾਂ ਤੇ ਸਿੱਖਦੇ ਵੀ ਉਹੀ ਹਾਂ। ਮੇਰੀ ਅੱਜ ਵਾਲੀ ਲਿਖਤ ਲਈ ਸਹਿਮਤ ਹੋਣ ਵਾਲਿਆਂ ਨੇ ਵੀ ਉਚੇਚੀ ਤਾਕੀਦ ਕੀਤੀ ਹੈ ਕਿ ਕਿਤੇ ਮੈਂ ਉਨ੍ਹਾਂ ਦਾ ਨਾਂਮ ਨਾ ਲਿਖ ਦਿਆਂ। ਕਾਰਨ ਇੱਕੋ ਹੈ ਕਿ ਅਸੀਂ ਦਵੰਦਵਾਦ ਦਾ ਸ਼ਿਕਾਰ ਹੁੰਦੇ ਹੁੰਦੇ ਦੋਗਲੇਪਣ ਦਾ ਸ਼ਿਕਾਰ ਹੋ ਗਏ ਹਾਂ। ਕਹਿਣਾ ਹੋਰ, ਕਰਨਾ ਹੋਰ, ਸੋਚਣਾ ਹੋਰ ਤੇ ਲਿਖਣਾ ਹੋਰ। ਸਾਡੇ ਬਾਬੇ ਤੇ ਧਾਰਮਿਕ ਲੀਡਰ ਸਿੱਖੀ ਪ੍ਰਚਾਰ ਤੇ ਕੀਰਤਨ ਬਹਾਨੇਂ ਵਿਦੇਸ਼ਾਂ ਨੂੰ ਪੈਸੇ ਇਕੱਠੇ ਕਰਨ ਤੇ ਕਬੂਤਰਬਾਜੀ ਲਈ ਵਹੀਰਾਂ ਘੱਤੀ ਜਾ ਰਹੇ ਹਨ।

ਵੱਡੀ ਗੱਲ ਕਹਿਣ ਲਈ ਵੱਡੇ ਵਿਅਕਤੀ ਦੀ ਓਟ ਲੈ ਲੈਂਦੇ ਹਾਂ। ਪ੍ਰਧਾਂਨ ਮੰਤਰੀ ਮਨਮੋਹਨ ਸਿੰਘ ਨੇ ਦੋ ਕੁ ਸਾਲ ਪਹਿਲਾਂ ਕਿਹਾ ਸੀ ਕਿ ‘ਅੰਗਰੇਜਾਂ ਨੇ ਭਾਰਤ ਵਿੱਚ ਬਹੁਤ ਵਿਕਾਸ ਵੀ ਕੀਤਾ ਸੀ।’ ਇਹ ਸੱਚ ਹੈ। ਮੈਂ ਜਿਸ ਨਾਲ ਵੀ ਗੱਲ ਕੀਤੀ ਉਸਨੇ ਇਸਦੀ ਤਸਦੀਕ ਕੀਤੀ। ਪਰ ਬਦਕਿਸਮਤੀ ਨੂੰ ਲਿਖਣ ਸਮੇਂ ਉਹ ਇਸ ਤੋਂ ਉਲਟ ਲਿਖਣਗੇ। ਸਾਰੇ ਹਿੱਲ ਸਟੇਸ਼ਨ ਅੰਗਰੇਜਾਂ ਨੇ ਬਣਾਏ, ਸਾਰਾ ਕਾਨੂੰਨ ਉਨ੍ਹਾਂ ਲਿਖ ਕਿ ਦਿੱਤਾ ਜੋ ਅੱਜ ਵੀ ਚੱਲ ਰਿਹਾ ਹੈ, ਪਹਾੜਾਂ ਵਿੱਚ ਸੌ ਸੌ ਸੁਰੰਗਾਂ ਕੱਢਕੇ ਸਾਰੀ ਰੇਲਵੇ ਲਾਈਨ ਉਨ੍ਹਾਂ ਵਿਛਾਈ, ਸਾਡਾ ਨਿਆਂ ਪ੍ਰਬੰਧ ਉਨ੍ਹਾਂ ਨੇ ਦਿੱਤਾ। ਅਸੀਂ ਉਨ੍ਹਾਂ ਦੇ ਜਾਣ ਪਿੱਛੋਂ ਇਸ ਨੂੰ ਸਿਰਫ ਭ੍ਰਿਸ਼ਟ ਕੀਤਾ ਹੈ। ਵਰਨਾਂ ਅੱਜ ਦੇਸ਼ ਦੇ 600 ਤੋਂ ਵੱਧ ਜਿਲ੍ਹਿਆਂ ਦੇ ਇੰਨੇ ਹੀ ਰਾਜੇ/ਤਾਨਾਸ਼ਾਹ ਹੋਣੇ ਸਨ। ਇੰਨਾ ਪੈਸਾ ਅੰਗਰੇਜ ਨਹੀਂ ਲੈ ਕੇ ਗਏ ਜਿੰਨਾਂ ਸਾਡੇ ਲੀਡਰਾਂ ਤੇ ਅਫਸਰਾਂ ਬਾਹਰ ਭੇਜ ਦਿੱਤਾ ਹੈ।

ਤੇ ਖੁਦ ਅਸੀਂ ਮੰਦਰ ਗੁਰਦਵਾਰੇ ਬਣਾਉਂਦੇ ਹਾਂ ਜਾਂ ਟੱਲੀਆਂ ਛੈਣੇ ਖੜਕਾਉਂਦੇ ਹਾਂ। ਅਸੀਂ ਅਠਾਰਵੀਂ ਸਦੀ ਦੇ ਲਿਬਾਸ ਵਿੱਚ ਸਿਰਾਂ ਉੱਤੋਂ ਤਲਵਾਰਾਂ ਘੁੰਮਾਉਂਦੇ ਹੋਏ ਸੜਕਾਂ ਤੇ ਪੁੱਠੀਆਂ ਛਾਲਾਂ ਮਾਰਦੇ ਮਸੂੰਮ ਬੱਚਿਆਂ ਤੇ ਔਰਤਾਂ ਨੂੰ ਭੈਅ ਭੀਤ ਕਰ ਰਹੇ ਹਾਂ। ਸੂਖਮਤਾ, ਸਹਿਜ, ਕਲਾ, ਸਾਹਿਤ, ਸੋਹਜ ਸਵਾਦ ਸਾਡੀ ਮਾਨਸਿਕਤਾ ਚੋਂ ਹੀ ਗਾਇਬ ਹੋ ਗਿਆ ਹੈ। ਅਸੀਂ ਕਾਰ ਸੇਵਾ ਨਾਲ ਇੱਕ ਪਿੰਡ ਵਿੱਚ ਚਾਰ ਗੁਰਦਵਾਰੇ ਜਾਂ ਸ਼ਹਿਰ ਵਿੱਚ ਦਸ ਮੰਦਰ ਬਣਾ ਸਕਦੇ ਹਾਂ ਪਰ ਪ੍ਰਾਂਇਮਰੀ ਸਕੂਲ ਦੇ ਚਾਰ ਕਮਰੇ ਜਾਂ ਡਿਸਪੈਂਸਰੀ ਲਈ ਦੋ ਕਮਰੇ ਨਹੀਂ ਪਾ ਸਕਦੇ। ਉਹਦੇ ਲਈ ਅਸੀਂ ਕਦੀ ਨਾ ਡਿੱਗਣ ਵਾਲਾ ਸਰਕਾਰੀ ਉੱਠ ਦਾ ਬੁੱਲ੍ਹ ਉਡੀਕਦੇ ਹਾਂ ਜਾ ਵਿਦੇਸ਼ੀ ਪੰਜਾਬੀਆਂ ਤੋਂ ਦਾਨ ਦੀ ਆਸ ਕਰਦੇ ਹਾਂ। ਪਰ ਜਿਹੜਾ ਆਦਮੀਂ ਕਦੀ ਮਾਂਨਸਾ ਦੀਆਂ ਕੈਂਚੀਆਂ ਨਹੀਂ ਟੱਪਿਆ ਉਹਨੇ ਵੀ ਮਨਮੋਹਨ ਸਿੰਘ ਨੂੰ ਅੰਗਰੇਜਾਂ ਦਾ ਪਿੱਠੂ ਤੱਕ ਲਿਖ ਮਾਰਿਆ।

ਸੱਚੀ ਗੱਲ ਕਹਿਣ ਲਈ ਪ੍ਰਧਾਂਨ ਮੰਤਰੀ ਦੀ ਓਟ ਲੈਣ ਦੀ ਕੀ ਲੋੜ ਪਈ? ਸਵਾਲ ਵਜ਼ਨਦਾਰ ਹੈ। ਦਰਅਸਲ ਵੱਡੇ ਬੰਦੇ ਦੀ ਗੱਲ ਨੂੰ ਲੋਕ ਸੱਚ ਮੰਨ ਲੈਂਦੇ ਹਨ। ਜਿਸ ਸੱਚ ਨੂੰ ਹੁਣ ਸਾਡੇ ਸਾਰੇ ਸੰਪਾਦਕ, ਬੁੱਧੀਜੀਵੀ, ਮਨਿਸਟਰ ਤੇ ਉਚ ਅਧਿਕਾਰੀ ਯਾਰਾਂ ਦੀਆਂ ਮਹਿਫਲਾਂ ਵਿੱਚ ਤਾਂ ਸਵੀਕਾਰਦੇ ਹਨ। ਪਰ ਜਨਤਕ ਤੌਰ ਤੇ ਕਹਿਣੋ ਤੇ ਲਿਖਣੋਂ ਡਰਦੇ ਹਨ। ਉਹਦੇ ਲਈ ਵੱਡੇ ਆਦਮੀਂ ਦੀ ਗਵਾਹੀ ਚੰਗੀ ਰਹਿੰਦੀ ਹੈ। ਵਰਨਾ ਕਹਿ ਦੇਣਗੇ ਐਵੇਂ ਕਿਤੇ ਸੁਰਮਈ ਸ਼ਾਂਮ ਨੂੰ ਗੁਲਾਬੀ ਕਰਦਾ ਕਰਦਾ ਸਿਆਹ ਕਰ ਬੈਠਾ ਹੋਣਾ, ਹੁਣ ਉੱਘ ਦੀਆਂ ਪਤਾਲ ਮਾਰੀ ਜਾਂਦਾ। ਗੁਰੂ ਨਾਨਕ ਦੇ ਘਰ ਦੀ ਸਿੱਖਾਂ ਦੀ ਸਰਧਾ ਮਹਿਜ ਭੁਲੇਖਾ ਹੀ ਹੈ। ਅੱਜ ਦਾ ਸੱਚ ਤਾਂ ਇਹ ਹੈ ਕਿ ਅੱਜ ਗੁਰਦਵਾਰਿਆਂ `ਚੋਂ ਗੋਲਕ ਤੇ ਲੰਗਰ ਬੰਦ ਕਰ ਦਿਉ ਦਸ ਆਦਮੀਆਂ ਨੇ ਵੀ ਗੁਰਦਵਾਰੇ ਨਹੀਂ ਜਾਣਾ। ਨਾਲੇ ਨਵੇਂ ਬਨਣੇ ਬੰਦ ਹੋ ਜਾਣਗੇ।

ਬਾਬੇ ਨਾਨਕ ਦੀ ਸਿੱਖਿਆ ਦਾ ਬੁਨਿਆਦੀ ਫਲਸਫਾ ਹੈ: ਕਿਰਤ ਕਰਨਾ, ਵੰਡ ਛਕਣਾਂ ਤੇ ਨਾਮ ਜਪਣਾਂ। ਗੁਰੁ ਨਾਨਕ ਦੇ ਪੰਜਾਬ ਦੇ ਵਾਰਸ ਇਸ ਫਲਸਫੇ ਨੂੰ ਅੜੇ ਥੁੜ੍ਹੇ ਮਜਬੂਰੀ ਮੂੰਹ ਹੀ ਮੰਨਦੇ ਹਨ। ਬਲਕਿ ਆਪ ਨਾਂਮ ਜਪਣ ਦੀ ਥਾਂ ਜਪਾਉਣ ਦਾ ਵਪਾਰ ਕਾਮਯਾਬ ਹੋ ਗਿਆ ਹੈ। ਜਿਹੜਾ ਜਿੰਦਗੀ, ਚ ਹੋਰ ਕੋਈ ਕੰਮ ਨਹੀਂ ਲੱਭ ਸਲਦਾ, ਉਹ ਤੂੰਬੀ ਜਾਂ ਛੈਣੇ ਖੜਕਾਉਣ ਲੱਗ ਜਾਂਦਾ। ਲੋਕ ਤਾੜੀਆਂ ਮਾਰ ਰਹੇ ਹਨ। ਪਰ ਗੋਰਿਆਂ ਨੇ ਬਾਬੇ ਦੇ ਫਲਸਫੇ ਨੂੰ ਰੂਹ ਨਾਲ ਅਪਣਾਇਆ ਹੈ। ਇਹ ਕੰਮ ਕਰਦੇ ਹਨ ਤਾਂ ਰੂਹ ਨਾਲ, ਪਿਆਰ ਕਰਨ ਤੋਂ ਲੈ ਕਿ ਕਬਰ ਪੁੱਟਣ ਤੱਕ। ਵੰਡ ਕਿ ਛਕਦੇ ਹਨ ਤਾਂ ਆਪਣੇ ਮੁਲਕ ਵਿੱਚ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ। ਤੇ ਜਦੋਂ ਕਦੀ ਨਾਂਮ ਜਪਣ ਚਰਚ ਜਾਂਦੇ ਹਨ ਤਾਂ ਨਿਰਮਲ ਮਨ ਨਾਲ। ਚਰਚ ਵਿੱਚ ਇਹ ਲੋਕ ਆਉਂਦੇ ਕਦੀ ਕਦੀ ਸਿਰਫ ਐਂਤਵਾਰ ਨੂੰ ਹੀ ਹਨ, ਪਰ ਸਾਫ ਮਨ ਨਾਲ ਗੁਨਾਹ ਬਖਸ਼ਾਉਣ ਲਈ ਹੀ। ਠੱਗੀ ਠੋਰੀ ਲਈ ਕੋਈ ਥਾਂ ਨਹੀਂ। ਪਰ ਅਸੀਂ ਬਾਬੇ ਦੇ ਵਾਰਸ ਗੁਰੁ ਘਰ ਜਾ ਕੇ ਵੀ ਕਹਿੰਦੇ ਹਾਂ ਕਿ, “ਘੱਟ ਵੀ ਤਲੋਂਦੇ ਹਾਂ, ਝੂਠ ਵੀ ਬਲੋਂਦੇ ਹਾਂ, ਪਰ ਤੇਰਾ ਨਾਂਮ ਤੇ ਜਪੇਂਦੇ ਹਾਂ। ਤੇ ਤੂੰ ਅਜੇ ਵੀ ਰੁੱਸਿਆ ਫਿਰਦਾਂ”। ਯਾਨੀ ਹਰ ਕੰਮ ਡਾਂਗ ਨਾਲ। ਹਰ ਤੀਜਾ ਆਦਮੀਂ ਕਿਸੇ ਨਾ ਕਿਸੇ ਦੀ ਦਾੜ੍ਹੀ ਪੁੱਟਣ ਦਾ ਪ੍ਰੌਗਰਾਂਮ ਉਲੀਕੀ ਫਿਰ ਰਿਹਾ ਹੈ।

ਬੀਚ ਤੇ ਮੈਂ ਦੋ ਨਿੱਕੀਆਂ ਕੁੜੀਆਂ ਨੂੰ ਦਰਜਨ ਭਰ ਕਬੂਤਰਾਂ ਨੂੰ ਬਰੈੱਡ ਭੋਰ ਭੋਰ ਪਾਉਂਦਿਆਂ ਵੇਖਦਾ ਰਿਹਾ। ਉਹ ਓ ਪਜਨ! ਓ ਪਿਜ਼ਨ! ਕਰਦੀਆਂ ਉਨ੍ਹਾਂ ਨੂੰ ਬੁਲਾ ਰਹੀਆਂ ਸਨ। ਤੇ ਕਬੂਤਰ ਘੂੰ ਘੂੰ ਕਰਦੇ ਹੁੰਗਾਰਾ ਭਰ ਰਹੇ ਸਨ। ਸੀਅ ਗੁੱਲ ਤੇ ਮੁਰਗਾਬੀਆਂ ਬਾਂਹ ਕੁ ਦੀ ਵਿੱਥ ਤੇ ਤੈਰਦੇ ਵੇਖਕੇ ਮੈਨੂੰ ਦੂਰ ਸਮੁੰਦਰ ਤੋਂ ਆਉਂਦੀ ਨਰਿੰਦਰ ਬੀਬਾ ਦੀ ਆਵਾਜ ਸੁਣਾਈ ਦਿੱਤੀ, ‘ਮਰਗਾਈ ਵਾਂਗੂੰ ਮੈਂ ਤਰਦੀ ਵੇ ਤੇਰੇ ਮੁੰਡਿਆ ਪਸੰਦ ਨਾਂ ਆਈ’। ਪਰ ਪੰਜਾਬ ਵਿੱਚ ਹੁਣ ਆਦਮੀਂ ਨੂੰ ਆਉਂਦਾ ਵੇਖਕੇ ਕਬੂਤਰ, ਘੁੱਗੀਆਂ, ਤਿੱਤਰ ਚਿੜੀਆਂ, ਮੁਰਗਾਬੀਆਂ ਤਰਾਹ ਤਰਾਹ ਕਰਕੇ ਉਡਾਰੀਆਂ ਮਾਰ ਜਾਂਦੇ ਹਨ। ਹਿਰਨ, ਗਿਰਝਾਂ, ਗੰਡੋਏ, ਗਿੱਦੜ, ਘੁੱਗੀਆਂ, ਕੋਇਲਾਂ, ਬਟੇਰੇ ਤੋਬਾ ਤੌਬਾ ਕਰਦੇ ਪੰਜਾਬ ਤੋਂ ਦੌੜ ਗਏ ਹਨ। ਲੂੰਮੜੀ ਮੈਂ ਦਹਾਕਿਆਂ ਬਾਅਦ ਇੰਗਲੈਂਡ ਵਿੱਚ ਆ ਕੇ ਵੇਖੀ ਹੈ। ਗੋਰੇ ਪੰਛੀਆਂ ਤੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਹਨ। ਫਿਰ ਵੀ ਇੱਕ ਵੀ ਅਵਾਰਾ ਕੁੱਤਾ, ਗਊ ਜਾਂ ਸੂਰ ਕਿਤੇ ਬਾਹਰ ਵਿਖਾਈ ਨਹੀਂ ਦਿੰਦਾ।

ਭਾਰਤ ਦੀ ਤਕਦੀਰ ਦੀਆਂ ਟੇਢੀਆਂ ਲਕੀਰਾਂ ਵਾਹੁਣ ਵਾਲੇ ਲਾਰਡ ਮਾਊਂਟ ਬੈਟਨ ਦੀ ਰੇਮਜ਼ੀ ਟਾਊਨ ਅਸਟੇਟ ਦਾ ਚੱਕਰ ਕੱਟਦਾ ਮੈਂ ਇੱਥੇ ਆਉਂਦੇ ਰਹੇ ਨਹਿਰੂ, ਗਾਂਧੀ ਤੇ ਜਿਨਾਹ ਦੀਆਂ ਪੈੜਾਂ ਲੱਭਦਾ ਲੱਭਦਾ ਦੂਰ ਸੰਘਣੇ ਜੰਗਲ ਵਿੱਚ ਨਿੱਕਲ ਗਿਆ। ਅੰਤਾਂ ਦੀ ਹਰਿਆਲੀ ਇਹ ਸਾਬਤ ਕਰਦੀ ਸੀ ਕਿ ਇਹ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਹਨ। ਦਰਖਤਾਂ ਦੀ ਬੰਦਿਆਂ ਵਾਂਗੂੰ ਰਾਖੀ ਕਰਦੇ ਹਨ। ਮੈਂ 650 ਤੇ 800 ਸਾਲ ਪੁਰਾਣੇ ਦਰੱਖਤਾਂ ਨੂੰ ਹੱਥ ਲਾ ਕੇ ਵੇਖਦਿਆਂ ਯਾਦ ਕੀਤਾ ਕਿ ਬਠਿੰਡੇ ਛਾਉਣੀ ਦੀਆਂ ਤਾਂ ਕਿੱਕਰਾਂ ਤੇ ਜੰਡ ਵੀ ਲੋਕ ਵੱਢਕੇ ਲੈ ਗਏ ਹਨ। ਅਜੇ ਕੱਲ੍ਹ ਪਰਸੋਂ ਦੀਆਂ ਗੱਲਾਂ ਹੀ ਤਾਂ ਹਨ। ਪਤਾ ਨਹੀਂ ਸਾਡੇ ਲੋਕ ਗੀਤਾਂ ਦੇ ਸ਼ਿੰਗਾਰ ਪਿੱਪਲਾਂ ਤੇ ਬੋਹੜਾਂ ਨੂੰ ਕਿਹੜਾ ਝੱਖੜ ਨਿਗਲ ਗਿਆ। ਕਿਹੜੀ ਹਨੇਰੀ ਸਾਡੀਆਂ ਟਾਹਲੀਆਂ, ਬੇਰੀਆਂ, ਨਿੱਮਾਂ ਤੇ ਮਲ੍ਹਿਆਂ ਨੂੰ ਨਿਗਲ ਗਈ। ਰੱਬ ਖੈਰ ਕਰੇ! “ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋ ਖਾਇ॥”

ਬੀ. ਐਸ. ਢਿੱਲੋਂ,

ਐਡਵੋਕੇਟ ਹਾਈ ਕੋਰਟ

#146/49-ਏ. ਚੰਡੀਗੜ੍ਹ-160047

Mobile: 9988091463,




.