.

ਮਨਿ ਮੈਲੈ ਸਭੁ ਕਿਛੁ ਮੈਲਾ” (ਪੰ: ੫੫੮) “ਸਬਦੁ ਚੀਨਿ ਮਨੁ ਨਿਰਮਲੁ ਹੋਵੈ” (ਪੰ: ੫੬੫)

ਸੋਚਣੀ-ਸੁਭਾਅ ਅਤੇ ਸੁਰਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸੰਸਾਰ ਪੱਧਰ `ਤੇ ਮੰਨਿਆ-ਪ੍ਰਮੰਨਿਆ ਸੱਚ ਹੈ ਕਿ ਮਨੁੱਖੀ ਜੀਵਨ, ਮਨੁੱਖੀ ਮਨ `ਤੇ ਆਧਾਰਤ ਹੈ। ਇਹੀ ਕਾਰਨ ਹੈ ਕਿ ਗੁਰਬਾਣੀ `ਚ, ਮਨ ਦੀ ਸੰਭਾਲ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਇਸੇ ਲਈ ਗੁਰਬਾਣੀ ਬਹੁਤਾ ਕਰਕੇ ਮਨੁੱਖੀ ਮਨ ਦੀ ਸੰਭਾਲ ਦੇ ਵਿਸ਼ੇ ਉਪਰ ਆਧਾਰਿਤ ਤੇ ਮਨ ਨੂੰ ਹੀ ਸੰਬੋਧਨ ਹੈ। “ਮਨਿ ਜੀਤੈ ਜਗੁ ਜੀਤੁ” (ਬਾਣੀ ਜਪੁ) ਦੀ ਗਲ ਵੀ ਕਹੀ ਹੈ ਜਿਸਦਾ ਭਾਵ ਹੈ, ਜੇਕਰ ਮਨੁੱਖ ਨੇ ਆਪਣੇ ਮਨ ਉਪਰ ਕਾਬੂ ਪਾ ਲਿਆ ਤਾਂ ਸਮਝੋ ਇਸਨੇ ਸੰਸਾਰ ਨੂੰ ਹੀ ਜਿੱਤ ਲਿਆ ਭਾਵ ਜਨਮ ਨੂੰ ਸਫ਼ਲ ਕਰ ਲਿਆ। ਸਮਝਣ ਦੀ ਲੋੜ ਹੈ ਕਿ ਮਨ ਨੂੰ ਜਿੱਤਨਾ ਕੀ ਹੈ? ਉਥੇ ਵੀ ਫ਼ੁਰਮਾਇਆ ਹੈ “ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ(ਪੰ: 298)। ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਮਨ ਦਾ ਵਿਸ਼ਾ ਜ਼ਰੂਰ ਕੋਈ ਬਹੁਤ ਹੀ ਗੁੰਝਲਦਾਰ ਹੈ, ਇਸੇ ਲਈ ਇਸਨੂੰ ਪਾਤਸ਼ਾਹ ਨੇ ਵਿਸ਼ੇਸ਼ ਮਹੱਤਵ ਦਿੱਤਾ ਹੈ।

ਮਨੁੱਖੀ ਮਨ ਦੇ ਪਹਿਲੂ- ਦਰਅਸਲ ਮਨੁੱਖੀ ਮਨ ਦੇ ਦੋ ਵੱਡੇ ਪਹਿਲੂ ਮੰਨੇ ਗਏ ਹਨ-ਸੋਚਣੀ ਤੇ ਸੁਭਾਅ। ਇਹ ਕੀ ਹਨ? ਸਾਡੇ ਸੁਭਾਅ ਦਾ ਸੰਬੰਧ ‘ਸੁਰਤ’ ਜਿਸ ਨੂੰ ‘ਲਿਵ’ ਵੀ ਕਿਹਾ ਹੈ, ਜੁੜਿਆ ਹੁੰਦਾ ਹੈ। ਜਿਹੋ ਜਿਹਾ ਸਾਡਾ ਸੁਭਾਅ ਹੁੰਦਾ ਹੈ ਉਸੇ ਤੋਂ ਸਾਡੀ ਸੁਰਤ ਦਾ ਟਿਕਾਅ ਬਣਦਾ ਹੈ। ਇਸਤੋਂ ਬਾਅਦ ਸੁਰਤ ਤੋਂ ਹੀ ਸਾਡੀ ਸੋਚਣੀ ਬਣਦੀ ਹੈ। ਇਸੇ ਲਈ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੋ ਜਿਹਾ ਕਿਸੇ ਦਾ ਸੁਭਾਅ ਹੁੰਦਾ ਹੈ ਉਹੋ ਜਹੀ ਉਸਦੀ ਸੋਚਣੀ ਪ੍ਰਗਟ ਹੁੰਦੀ ਹੈ। ਸੁਭਾਅ ਆਧਾਰ ਹੁੰਦਾ ਹੈ ਜਦਕਿ ਸੋਚਣੀ, ਪ੍ਰਗਟਾਵਾ। ਇਹੀ ਕਾਰਣ ਹੈ, ਜੇਕਰ ਸਾਡੇ ਸੁਭਾਅ-ਸੁਰਤ `ਚ ਕਾਮ ਪ੍ਰਧਾਨ ਹੋਵੇ ਤਾਂ ਸਾਡਾ ਜੀਵਨ ਕਾਮੀ, ਵਿਭਚਾਰੀ ਹੋ ਜਾਂਦਾ ਹੈ। ਜੇਕਰ ਸਾਡੀ ਸੁਰਤ `ਚ ਦੁਨੀਆਦਾਰੀ ਉਤਮ ਹੈ ਤਾਂ ਅਸੀਂ ਸੰਸਾਰਕ ਰਸਾਂ `ਚ ਡੁੱਬੇ, ਜੀਵਨ ਬਤੀਤ ਕਰ ਦੇਂਦੇ ਹਾਂ, ਇਸ ਤੋਂ ਬਾਅਦ ਸਾਡੀ ਦੁਨੀਆਦਾਰੀ ਦੇ ਵੀ ਅਨੇਕਾਂ ਰੂਪ ਹਨ।

ਉਪਰੰਤ ਜੇਕਰ ਸਾਡੇ ਸੁਭਾਅ ਤੋਂ ਉਪਜੀ ਸੁਰਤ `ਚ ਪ੍ਰਭੂ ਪਿਆਰ ਭਰਪੂਰ ਹੋਵੇ ਤਾਂ ਸਾਡਾ ਜੀਵਨ ਸਦਗੁਣਾਂ, ਉਚੇ ਆਦਰਸ਼ਾਂ, ਚੰਗੇ ਆਚਰਣ, ਸਦਾਚਾਰ ਤੇ ਪ੍ਰਭੂ ਸਿਫ਼ਤਾਂ ਵਾਲਾ ਹੋਵੇਗਾ। ਉਚੀ ਆਤਮਕ ਅਵਸਥਾ `ਚ ਜੀਵਨ ਬਤੀਤ ਕਰਾਂਗੇ। ਸਪਸ਼ਟ ਹੋਇਆ, ਸਾਡੇ ਸੁਭਾਅ ਦਾ ਸੰਬੰਧ ਸਾਡੀ ਸੁਰਤ ਜਾਂ ਲਿਵ ਨਾਲ ਹੁੰਦਾ ਹੈ। ਇਹੀ ਕਾਰਣ ਹੈ ਕਿ ਅਨੇਕਾਂ ਵਾਰੀ ਅਸੀਂ ਬੈਠੇ ਗੁਰਦੁਆਰੇ ਹੁੰਦੇ ਹਾਂ ਪਰ ਸਾਡੀ ਸੁਰਤ ਕਿਧਰੇ ਹੋਰ ਟਿਕੀ ਹੁੰਦੀ ਹੈ। ਸਾਡੀ ਇਹ ਸੁਰਤ ਉਥੇ ਟਿਕੀ ਹੁੰਦੀ ਹੈ ਜਿਥੇ ਉਸ ਸਮੇਂ ਸਾਡੀ ਸੋਚਣੀ ਕੰਮ ਕਰ ਰਹੀ ਹੋਵੇ। ਸਰੀਰ ਗਉਣ ਹੁੰਦਾ ਹੈ ਜਦਕਿ ਸਾਡਾ ਸੁਭਾਅ, ਸਾਡੀ ਸੁਰਤ (ਲਿਵ) ਤੇ ਸੋਚਣੀ ਨੂੰ ਚਲਾ ਰਹੇ ਹੁੰਦੇ ਹਨ। ਇਸੇ ਤਰ੍ਹਾਂ ਸਾਡਾ ਜੀਵਨ ਅਥਵਾ ਕਰਣੀ, ਸਾਡੇ ਸੁਭਾਅ-ਸੁਰਤ ਤੋਂ ਉਪਜੀ ਸਾਡੀ ਸੋਚਣੀ ਦਾ ਪ੍ਰਗਟਾਵਾ ਹੀ ਹੁੰਦੀ ਹੈ। ਇਹੀ ਕਾਰਣ ਹੈ ਕਿ ਗੁਰਬਾਣੀ `ਚ ਸ਼ਬਦ-ਸੁਰਤ ਦੇ ਮਿਲਾਪ ਦੀ ਗਲ ਸਮਝਾਈ ਹੈ। ਇਹੀ ਸ਼ਬਦ-ਸੁਰਤ ਦਾ ਮਿਲਾਪ ਹੀ ਹੈ ਸਾਡੇ ਮਨੁੱਖਾ ਜਨਮ ਦੀ ਪ੍ਰਾਪਤੀ। ਦੂਜੇ ਲਫ਼ਜ਼ਾਂ `ਚ ਕਿਸੇ ਮਨੁੱਖ ਦੇ ਸੁਭਾਅ ਦਾ ਪ੍ਰਗਟਾਵਾ ਹੁੰਦਾ ਹੈ ਉਸਦੀ ਸੋਚਣੀ। ਇਸ ਤਰ੍ਹਾਂ ਪਹਿਲੇ ਨੰਬਰ `ਤੇ ਸੁਭਾਅ ਹੈ ਤੇ ਦੂਜੇ ਨੰਬਰ `ਤੇ ਸੁਭਾਅ ‘ਤੋਂ ਪ੍ਰਗਟ ਸੋਚਣੀ-ਕਰਣੀ।

ਸੁਭਾਅ ਸੋਚਣੀ ਦਾ ਮੇਲ- ਮਿਸਾਲ ਵਜੋਂ ਇਕੋ ਸਕੂਲ ਦੀ ਇਕੋ ਸ਼੍ਰੇਣੀ `ਚ 30-40 ਬੱਚੇ ਪ੍ਹੜਦੇ ਹਨ, ਫ਼ਿਰ ਵੀ ਬਹੁਤਾ ਕਰਕੇ ਸੁਭਾਅ ਸਾਰਿਆਂ ਦੇ ਵੱਖ-ਵੱਖ ਹੁੰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਸੁਭਾਵਾਂ ਮੁਤਾਬਕ, ਉਨ੍ਹਾਂ ਦੀ ਸੋਚਣੀ ਵੀ ਵੱਖ ਵੱਖ ਹੁੰਦੀ ਹੈ। ਹੋ ਸਕਦਾ ਹੈ ਕਿ ਇਨ੍ਹਾਂ `ਚੋਂ ਕਿਸੇ ਦਾ ਸੁਭਾਅ ਵੀ ਦੂਜੇ ਨਾਲ ਨਾ ਮੇਲ ਖਾਂਦਾ ਹੋਵੇ ਜਾਂ ਕੁੱਝ ਕੁੱਝ ਰਲਦਾ ਹੋਵੇ ਪਰ ਘੱਟ-ਵੱਧ। ਜਿਵੇਂ ਉਨ੍ਹਾਂ `ਚੋਂ ਹੀ ਲੈ ਲਵੋ! ਇੱਕ ਦਾ ਪੜ੍ਹਾਈ `ਚ ਮਨ, ਬਹੁਤ ਲਗਦਾ ਹੈ ਪਰ ਦੂਜੇ ਦਾ ਬਿਲਕੁਲ ਨਹੀਂ। ਇੱਕ ਸੁਭਾਅ ਕਰਕੇ ਹਸਮੁਖ ਹੈ ਪਰ ਦੂਜਾ ਰੋਣ-ਖਿੱਜਣ ਵਾਲੇ ਸੁਭਾਅ ਵਾਲਾ। ਇੱਕ ਮਿੱਠ ਬੋਲੜਾ ਹੈ ਪਰ ਦੂਜਾ ਖਰਬੀ-ਫਿਕੀ-ਕੌੜੀ ਭਾਸ਼ਾ ਵਾਲਾ। ਇੱਕ ਨੂੰ ਦੂਜਿਆਂ ਦੀ ਮਦਦ ਕਰਣ `ਚ ਸੁਆਦ ਆਉਂਦਾ ਹੈ, ਦੂਜਿਆਂ ਦੇ ਕੰਮ ਆਉਂਦਾ ਹੈ, ਹਮਦਰਦ ਸੁਭਾਅ ਦਾ, ਪਰ ਦੂਜਾ ਚਿੜਚੜਾ। ਉਨ੍ਹਾਂ `ਚੋਂ ਕੋਈ ਤਾਂ ਦੂਜਿਆਂ ਨੂੰ ਨੁਕਸਾਨ ਪਹੁੰਚਾ ਕੇ ਖੁਸ਼ ਹੁੰਦਾ ਹੈ, ਦੂਜਾ ਫ਼ਾਇਦਾ ਕਰਕੇ। ਇੱਕ ਦੇ ਸੁਭਾਅ `ਚ ਚੋਰੀ-ਠੱਗੀ, ਹੇਰਾ-ਫ਼ੇਰੀ, ਦੀਆਂ ਅਲਾਮਤਾਂ ਭਰੀਆਂ ਹਣ ਪਰ ਦੂਜਾ ਬਿਲਕੁਲ ਉਲਟ। ਇਹ ਸਾਰਾ ਫ਼ਰਕ ਸੁਭਾਅ ਦੇ ਵਖਰੇਵੇਂ ਦਾ ਹੈ ਜਿਸ ਤੋਂ ਉਨ੍ਹਾਂ ਦੀ ਵੱਖ ਵੱਖ ਸੋਚਣੀ ਤੇ ਪ੍ਰਭਾਵ ਬਣਦੇ ਹਨ। ਖੂਬੀ ਇਹ, ਕਿ ਉਹ ਸਾਰੇ ਬੱਚੇ ਲਗਭਗ ਇਕੋ ਉਮਰ ਦੇ, ਇਕੋ ਜਮਾਤ `ਚ, ਉਨ੍ਹਾਂ ਨੂੰ ਸਿਖਿਆ ਵੀ ਇਕੋ ਹੀ ਮਿਲ ਰਹੀ ਹੈ ਅਤੇ ਉਨ੍ਹਾਂ ਦੇ ਅਧਿਆਪਕ ਵੀ ਉਹੀ ਹਨ, ਫ਼ਿਰ ਵੀ ਸਭ ਦਾ ਜੀਵਨ ਇੱਕ ਨਹੀਂ।

ਸੁਭਾਅ ਅਤੇ ਨਾਵਾਂ ਵਾਲੀ ਖੇਡ- ਇਸ ਤੋਂ ਵੱਧ, ਸੁਭਾਅ ਕੇਵਲ ਮਨੁੱਖ ਦਾ ਹੀ ਨਹੀਂ ਹਰੇਕ ਜੀਵ-ਨਿਰਜੀਵ ਦਾ ਭਿੰਨ ਭਿੰਨ ਹੁੰਦਾ ਹੈ ਅਤੇ ਸੁਭਾਅ ਅਨੁਸਾਰ ਹੀ ਅਸੀਂ ਉਸਦੀ ਪਹਿਚਾਣ ਲਈ ਵੱਖ ਵੱਖ ਭਾਸ਼ਾ ਅਨੁਸਾਰ ਉਸ ਨੂੰ ਨਾਮ ਦੇਂਦੇ ਹਾਂ। ਜਦਕਿ ਜੀਵਧਾਰੀ ਹੋਵੇ ਜਾਂ ਨਿਰਜੀਵ ਕੋਈ ਵੀ ਨਹੀਂ ਕਹਿੰਦਾ ਕਿ ਉਸਨੂੰ ਅਮੁੱਕਾ ਨਾਮ ਹੀ ਦਿੱਤਾ ਜਾਵੇ। ਜਿਵੇਂ ਫਲਾਂ ਚੋਂ ਹੀ ਲੈ ਲਵੀਏ ਅੰਬ, ਅੰਗੂਰ, ਕੇਲੇ, ਅਨਾਨਾਸ ਆਦਿ। ਦੇਖਿਆ ਜਾਵੇ ਤਾਂ ਅਸਾਂ ਜੋ ਇਨ੍ਹਾਂ ਨੂੰ ਨਾਮ ਦਿੱਤੇ ਹਨ, ਇਨ੍ਹਾਂ `ਚੋਂ ਕਿਸੇ ਨੇ ਵੀ ਨਹੀਂ ਸੀ ਕਿਹਾ, ਕਿ ਉਸਨੂੰ ਅਮੁੱਕਾ ਨਾਮ ਦਿੱਤਾ ਜਾਵੇ। ਫ਼ਿਰ ਵੀ ਨਾਮ ਦਿੱਤੇ, ਮਨੁੱਖ ਨੇ ਆਪਣੀ ਸਹੂਲਿਅਤ-ਪਹਿਚਾਣ ਤੇ ਇਨ੍ਹਾਂ ਦੀ ਵਰਤੋਂ, ਇਨ੍ਹਾਂ ਦੇ ਭਿੰਨ ਭਿੰਨ ਸੁਭਾਅ ਨੂੰ ਆਪਸ `ਚ ਵੰਡਣ ਤੇ ਪ੍ਰਕਟ ਕਰਣ ਲਈ। ਇਸ ਲਈ ਕਿ ਕਿਸੇ ਵੀ ਸੰਬੰਧਤ ਵਸਤ ਬਾਰੇ ਮਨੁੱਖ ਆਪਸ `ਚ ਸਮਝ ਤੇ ਦੂਜੇ ਨੂੰ ਸਮਝਾ ਅਤੇ ਵਰਤ ਸਕੇ।

ਇਸੇ ਤਰ੍ਹਾਂ ਇਹੀ ਵਸਤਾਂ ਜਦੋਂ ਅੰਗ੍ਰੇਜ਼ਾਂ ਦੇ ਹੱਥਾਂ `ਚ ਪੈਂਦੀਆਂ ਹਨ ਤਾਂ ਉਨ੍ਹਾਂ ਨੇ ਵੀ ਇਨ੍ਹਾਂ ਹੀ ਵਸਤਾਂ ਨੂੰ ਆਪਣੇ ਢੰਗ ਨਾਲ, ਆਪਣੀ ਭਾਸ਼ਾ `ਚ ਨਾਮ ਦਿੱਤੇ ਮੈਂਗੋ, ਗਰੇਪਸ, ਬਨਾਨਾ, ਪਾਈਨ-ਐਪਲ ਆਦਿ। ਆਖਿਰ ਉਨ੍ਹਾਂ ਨੂੰ ਵੀ ਵਸਤਾਂ ਨੇ ਨਹੀਂ ਸੀ ਕਿਹਾ ਕਿ ਉਨ੍ਹਾਂ ਨੂੰ ਇਹ ਨਾਮ ਦਿੱਤੇ ਜਾਣ, ਜਿਹੜੇ ਦਿੱਤੇ ਗਏ। ਇਹੀ ਅਸੂਲ਼ ਸਾਰੇ ਸੰਸਾਰ `ਚ ਅਤੇ ਹਰੇਕ ਭਾਸ਼ਾ ਅਨੁਸਾਰ ਹਰੇਕ ਜੀਵ-ਨਿਰਜੀਵ ਉਪਰ ਲਾਗੂ ਹੁੰਦਾ ਹੈ। ਜੇਕਰ ਅਜੇਹਾ ਨਾ ਹੋਵੇ ਤਾਂ ਸੰਸਾਰ ਚਲ ਹੀ ਨਹੀਂ ਸਕਦਾ। ਹੋਰ ਲਵੋ! ਇਹ ਤਾਂ ਹੋਈ ਫਲਾਂ ਆਦਿ ਦੀ ਗਲ। ਸੂਰਜ ਨੇ ਵੀ ਕਦੇ ਨਹੀਂ ਕਿਹਾ ਕਿ ਉਸਨੂੰ ‘ਸੂਰਜ’ ਕਹਿਕੇ ਪੁਕਾਰਿਆ ਜਾਵੇ ਜਾਂ ‘ਸਨ’ ਜਾਂ ‘ਅਦਿਤ’।

ਇਸੇ ਤਰ੍ਹਾਂ ਜੀਵ ਧਾਰੀਆਂ ਭਾਵ ਜਾਨਵਰਾਂ ਚੋਂ ਹੀ ਲੈ ਲਵੋ! ਕੁੱਤਾ, ਬਿਲੀ, ਸ਼ੇਰ, ਖਰਗੋਸ਼ ਆਦਿ, ਉਨ੍ਹਾਂ ਨੂੰ ਵੀ ਨਾਮ, ਅਸਾਂ ਦਿੱਤੇ ਹਨ। ਪੰਛੀਆਂ ਦੀ ਗਲ ਕਰੋ! ਚਿੜੀ, ਕਬੂਤਰ, ਕਾਂ, ਤੋਤਾ, ਹਰੇਕ ਕੀੜਾ-ਮਕੌੜਾ, ਗਲ ਉਥੇ ਵੀ ਉਹੀ ਹੈ। ਇਥੋਂ ਤੀਕ ਕਿ ਵਿਗਿਆਨ ਦੀ ਨਵੀਂ ਖੋਜ ਆਵੇ ਜਾਂ ਮਨੁੱਖ ਦੀ ਇਜਾਦ, ਉਸਨੂੰ ਨਾਮ ਦੇਣ ਲਈ ਵੀ ਇਹੀ ਅਸੂਲ ਲਾਗੂ ਹੁੰਦਾ ਹੈ। ਇਹੀ ਕਾਰਨ ਹੈ ਜਿਹੜੀਆਂ ਡਾਕਟਰੀ, ਵਿਗਿਆਨਕ ਜਾਂ ਹੋਰ ਖੋਜਾਂ ਅੰਗ੍ਰੇਜ਼ੀ ਭਾਸ਼ਾ ਵਾਲਿਆਂ ਨੇ ਕੀਤੀਆਂ, ਉਨ੍ਹਾਂ ਦੇ ਨਾਮ ਭਾਰਤੀ ਭਾਸ਼ਾਵਾਂ `ਚ ਨਹੀਂ ਅਤੇ ਅਨੇਕਾਂ ਮੂਲ ਭਾਰਤੀ ਨਾਮ ਦੀਆਂ ਵਸਤਾਂ, ਜੜੀ-ਬੂਟੀਆਂ ਆਦਿ ਦੇ ਨਾਮ ਵਿਦੇਸ਼ੀ ਭਾਸ਼ਾਵਾਂ `ਚ ਮੌਜੂਦ ਨਹੀਂ। ਈਮੇਲ, ਇੰਟਰਨੈਟ, ਫ਼ੈਕਸ ਆਦਿ, ਭਾਰਤੀਆਂ ਸਮੇਤ ਹਰੇਕ ਭਾਸ਼ਾ ਵਾਲਿਆਂ ਨੂੰ ਉਸੇ ਸ਼ਬਦਾਵਲੀ `ਚ ਚੇਤੇ ਕਰਣਾ ਹੈ ਜਦ ਤੀਕ ਉਹ ਇਨ੍ਹਾਂ ਕਾਢਾਂ ਨੂੰ ਕੋਈ ਆਪਣਾ ਨਾਮ ਹੀ ਨਾ ਦੇ ਦੇਣ।

ਮਨੁੱਖ ਅਤੇ ਬਾਕੀ ਸ਼੍ਰੇਣੀਆਂ- ਇਸ ਦੇ ਬਾਵਜੂਦ ਕੇਵਲ ਮਨੁੱਖ ਹੀ ਹੈ, ਜਿਸ ਕੋਲ ਸੁਭਾਅ ਦੇ ਨਾਲ ਨਾਲ, ਸੁਰਤ (ਲਿਵ) ਅਤੇ ਸੋਚਣੀ ਵੀ ਹੈ। ਇਸ ਲਈ ਵਿਸ਼ੇ ਨੂੰ ਸਮਝਣ ਲਈ ਜੇਕਰ ਮਨੁੱਖਾਂ ਵਿਚੋਂ ਲਵੋ ਤਾਂ ਚੋਰ, ਠੱਗ, ਮਹਾਤਮਾ, ਦੁਨੀਆਦਾਰ, ਧਰਮੀ, ਸੰਨਿਆਸੀ, ਜੋਗੀ ਆਦਿ ਇਸੇ ਗਿਣਤੀ `ਚ ਆਉਂਦੇ ਹਨ। ਫ਼ਰਕ ਹੈ ਤਾਂ ਕੇਵਲ ਇੰਨਾਂ ਕਿ ਮਨੁੱਖ ਦੇ ਪਹਿਰਾਵੇ ਤੋਂ ਜੋ ਪ੍ਰਗਟ ਹੁੰਦਾ ਹੈ ਉਸੇ ਨੂੰ ਉਸ ਦੀ ਸੋਚਣੀ ਸਮਝਿਆ ਤੇ ਮੰਨ ਲਿਆ ਜਾਂਦਾ ਹੈ। ਇਹ ਗਲ ਵੱਖ ਹੈ ਕਿ ਬਾਹਰੋਂ ਪਹਿਰਾਵੇ ਕਰਕੇ ਮਨੁੱਖ ਧਰਮੀ ਬਣਿਆ ਹੋਵੇ ਪਰ ਸੁਭਾਅ ਦਾ ਚੋਰ, ਕਾਮੀ, ਵਿਭਚਾਰੀ, ਕਾਤਿਲ ਜਾਂ ਠੱਗ ਹੋਵੇ, ਉਸਦੀ ਸੁਰਤ (ਲਿਵ) ਅਜੇਹੇ ਕੁਕਰਮਾਂ ਨਾਲ ਜੁੜੀ ਹੋਵੇ। ਇਸ ਅਵਸਥਾ `ਚ ਉਸਦੀ ਬਾਹਰਲੀ ਬਨਾਵਟ ਪਿਛੇ ਰਹਿ ਜਾਏਗੀ। ਉਸਦੇ ਅੰਦਰਲੇ ਸੁਭਾਅ ਨਾਲ ਜੁੜੀ ਸੁਰਤ ਤੋਂ ਹੀ, ਉਸਦੀ ਸੋਚਣੀ-ਕਰਣੀ ਪ੍ਰਗਟ ਹੋਏਗੀ, ਮਨੁੱਖ ਕੁੱਝ ਦਾ ਕੁੱਝ ਹੋਵੇਗਾ।

ਸੁਭਾਅ ਪਹਿਲੇ ਤੇ ਸੋਚਣੀ ਦੂਜੇ ਨੰਬਰ `ਤੇ- ਜਿਵੇਂ ਕਿ ਆਰੰਭ `ਚ ਦਸ ਚੁੱਕੇ ਹਾਂ ਸੁਭਾਅ, ਸੁਰਤ ਤੇ ਸੋਚਣੀ, ਸਾਰੇ ਪਹਿਲੂ ਮਨੁੱਖੀ ਮਨ ਦੇ ਹੀ ਹਨ, ਕਿਸੇ ਹੋਰ ਸ਼੍ਰੇਣੀ ਦੇ ਨਹੀਂ। ਮੰਨਿਆ ਜਾਂਦਾ ਹੈ ਕਿ ਮਨੁੱਖ ਦਾ ਸੁਭਾਅ ਪਹਿਲੇ ਨੰਬਰ `ਤੇ ਹੈ ਅਤੇ ਸੋਚਣੀ ਦੂਜੇ ਨੰਬਰ `ਤੇ। ਉਪਰੰਤ ਮਨੁੱਖ ਦੀ ਸੋਚਣੀ ਦਾ ਪ੍ਰਗਟਾਵਾ ਹੁੰਦੀ ਹੈ ਉਸਦੀ ਕਰਣੀ। ਆਮ ਤੌਰ `ਤੇ ਮਨੁੱਖ ਆਪਣੇ ਸੁਭਾਅ ਤੋਂ ਹੀ ਅਣਜਾਣ ਹੁੰਦਾ ਹੈ, ਇਹੀ ਕਾਰਨ ਹੈ ਕਿ ਬਹੁਤੀ ਵਾਰੀ ਇਹ ਬਾਹਰੋਂ ਕੁੱਝ ਹੋਰ ਹੁੰਦਾ ਹੈ ਤੇ ਅੰਦਰੋਂ ਹੋਰ। ਉਸਦੇ ਗ਼ਲਤ ਸੁਭਾਅ ਨਾਲ ਜੁੜਵੀਂ ਸੁਰਤ ਦਾ ਹੀ ਨਤੀਜਾ ਹੁੰਦਾ ਹੈ, ਕਈ ਵਾਰੀ ਮਨੁੱਖ ਆਪਣੀ ਕਰਣੀ ਕਾਰਣ ਵੱਡਾ ਸਮਗਲਰ, ਧੋਖੇਬਾਜ਼ੀ, ਠੱਗ, ਖਡਯੰਤਰ ਕਾਰੀ, ਕਾਮੀ-ਵਿਭਚਾਰੀ, ਦੇਸ਼-ਦਰੋਹੀ, ਕਾਤਿਲ ਤੀਕ ਵੀ ਹੋਕੇ ਬਦਨਾਮੀ ਦੀ ਹੱਦ ਤੀਕ ਜਾ ਪੁੱਜ ਜਾਂਦਾ ਹੈ, ਜਦਕਿ ਉਹ ਅਜੇਹਾ ਹੋਣਾ ਨਹੀਂ ਚਾਹੁੰਦਾ; ਫ਼ਿਰ ਵੀ ਉਸ ਕੋਲੋਂ ਇਹ ਸਭ ਹੋ ਜਾਂਦਾ ਹੈ। ਕਾਰਨ ਹੁੰਦਾ ਹੈ ਉਸਦੀ ਸੁਭਾਅ-ਸੁਰਤ ਵਲੋਂ ਨਾਸਮਝੀ। ਨੌਵੇਂ ਗੁਰਦੇਵ ਫ਼ੁਰਮਾਂਉਦੇ ਹਨ “ਸਾਧੋ ਇਹੁ ਮਨੁ ਗਹਿਓ ਨ ਜਾਈ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ, ਯਾ ਤੇ ਥਿਰੁ ਨ ਰਹਾਈ” (ਪੰ: ੨੧੯) ਹੋਰ ਲਵੋ “ਕਬੀਰ ਮਨੁ ਪੰਖੀ ਭਇਓ, ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ, ਸੋ ਤੈਸੋ ਫਲੁ ਖਾਇ” (ਪੰ: ੧੩੬੯) ਚੂੰਕਿ ਮਨੁੱਖ ਦਾ ਮਨ ਹਰ ਸਮੇਂ ਤ੍ਰਿਸ਼ਣਾ, ਵਿਕਾਰਾਂ ਦੀ ਪੱਕੜ `ਚ ਰਹਿੰਦਾ ਹੈ ਇਸੇ ਲਈ “ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੬) ਭਾਵ ਮਨ ਜਿਹੋ ਜਹੀ ਸੰਗਤ `ਚ ਜਾਂਦਾ ਹੈ ਉਹੋ ਜਿਹਾ ਇਸ `ਤੇ ਰੰਗ ਚੜ੍ਹ ਜਾਂਦਾ ਹੈ।

ਗੁਰਬਾਣੀ ਦਾ ਕ੍ਰਿਸ਼ਮਾ- ਤਾਂ ਤੇ ਸਚਾਈ ਸਮਝਦੇ ਦੇਰ ਨਹੀਂ ਲਗਦੀ ਕਿ ਅਸਲ ਵਿਸ਼ਾ ਇਹ ਨਹੀਂ ਕਿ ਸਾਡੀ ਸੋਚਣੀ, ਸਾਡੇ ਸੁਭਾਅ ਦੀ ਗ਼ੁਲਾਮ ਹੋਵੇ। ਬਲਕਿ ਸਾਡੀ ਸੋਚਣੀ ਪਹਿਲੇ ਨੰਬਰ `ਤੇ ਹੋਵੇ ਜਿਸਤੋਂ ਸਾਡੇ ਸੁਭਾਅ-ਸੁਰਤ ਦੀ ਤਿਆਰੀ ਜੀਵਨ ਦੀ ਸਫ਼ਲਤਾ ਵਲ ਟੁਰੇ। ਇਹ ਨਾ ਹੋਵੇ ਕਿ ਅਸੀਂ ਨਾ ਚਾਹੁੰਦੇ ਹੋਏ ਵੀ ਸਮਗਲਰ, ਧੋਖੇਬਾਜ਼ੀ, ਠੱਗ, ਖਡਯੰਤਰ ਕਾਰੀ, ਦੇਸ਼-ਦਰੋਹੀ, ਕਾਤਿਲ ਤੀਕ ਬਣ ਜਾਈਏ ਅਤੇ ਇਸਦਾ ਸਾਨੂੰ ਉਦੋਂ ਹੀ ਪਤਾ ਲਗੇ ਜਦੋਂ ਉਸਦਾ ਫਲ ਭੋਗੀਏ। ਜੇ ਕਰ ਇੰਨਾਂ ਨਹੀਂ, ਤਾਂ ਵੀ ਵਿਕਾਰਾਂ ਤੇ ਖਾਸਕਰ ਹਉਮੈ-ਲੋਭ ਵੱਸ ਹੋ ਕੇ ਧਰਮ ਦੇ ਪਰਦੇ `ਚ ਲੁਟੇਰੇ ਜਾਂ ਸਾਰੀ ਉਮਰ ਲੁਟਾਂਦੇ ਰਹੀਏ। ਆਪਣੇ ਹੀ ਸੁਭਾਅ-ਸੁਰਤ ਦੇ ਗ਼ੁਲਾਮ ਤੇ ਦਬਾਅ `ਚ ਰਹਿੰਦੇ, ਸੰਸਾਰਕ ਮੋਹ ਮਾਇਆ `ਚ ਫਸੇ, ਅਸੀਂ ਆਪਣੇ ਮਨੁੱਖਾ ਜਨਮ ਨੂੰ ਤਬਾਹ ਕਰ ਰਹੇ ਹੋਵੀਏ। ਇਹ ਕ੍ਰਿਸ਼ਮਾ ਗੁਰਬਾਣੀ ਦਾ ਹੈ ਕਿ ਮਨੁੱਖ ਨੂੰ ਸੱਚ ਧਰਮ ਨਾਲ ਜੋੜ ਕੇ ਉਸਦੇ ਜੀਵਨ `ਚ ਸੱਚ ਦਾ ਪ੍ਰਕਾਸ਼ ਕਰਦੀ ਹੈ। ਸਾਰੀ ਉਮਰ ਸੁਭਾਅ ਦੇ ਗ਼ੁਲਾਮ ਕਿਸੇ ਸੱਜਣ ਠੱਗ, ਮਾਨਸ ਤੱਲ ਖਾਣੇ ਕੌਡੇ ਭੀਲ, ਮੂਰਤੀ ਪੂਜਕ ਮਨਸੁਖ ਦੀ ਸੋਚਣੀ ਬਦਲ ਕੇ ਉਸਨੂੰ ਸਚਮੁਚ ਸੱਜਣ, ਕੌਡਾ ਪ੍ਰਚਾਰਕ ਜਾਂ ਭਾਈ ਮਨਸੁਖ `ਚ ਤਬਦੀਲ ਕਰ ਦੇਂਦੀ ਹੈ। ਉਹੀ ਮਨੁੱਖ ਜਿਸ ਦੇ ਅੰਦਰ ਨੰਬਰ ਇੱਕ ਤੋਂ ਉਸ ਦਾ ਸੁਭਾਅ ਦੂਜੇ ਨੰਬਰ `ਤੇ ਚਲਾ ਜਾਂਦਾ ਹੈ। ਫ਼ੁਰਮਾਣ ਹੈ “ਸਾਚੀ ਲਿਵੈ ਬਿਨੁ ਦੇਹ ਨਿਮਾਣੀ॥ ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ” (ਪੰ: ੯੧੭) ਕਿਉਂਕਿ ਰੱਬੀ ਗਿਆਨ ਬਿਨਾ ਮਨੁੱਖ ਵਿਚਾਰਾ ਹੀ ਹੁੰਦਾ ਹੈ, ਇਸਦਾ ਵੱਸ ਨਹੀਂ ਚਲਦਾ। ਤਾਂ ਤੇ “ਤੁਧੁ ਬਾਝੁ ਸਮਰਥ ਕੋਇ ਨਾਹੀ ਕਿ੍ਰਪਾ ਕਰਿ ਬਨਵਾਰੀਆ॥ ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ॥ ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ” (ਉਹੀ) ਇਸ ਤਰ੍ਹਾਂ ਸੋਚਣੀ ਨੰਬਰ ਇੱਕ `ਤੇ ਆ ਕੇ, ਉਸੇ ਨੂੰ ਸੱਚੇ-ਸੁਚੇ ਪੂਜਣ ਜੋਗ ਇਨਸਾਨ ਬਣਾ ਦੇਂਦੀ ਹੈ। ਇਸ ਸਾਰੀ ਖੇਡ ਦਾ ਹੱਲ਼ “ਗੁਰੂ ਦੁਆਰੈ ਹੋਇ ਸੋਝੀ ਪਾਇਸੀ(ਪੰ: ੭੩੦) ਭਾਵ ਜਦੋਂ ਮਨੁੱਖ ਸੱਚੇ ਗੁਰੂ-ਗੁਰਬਾਣੀ ਦੇ ਦਰ `ਤੇ ਆ ਕੇ ਰੱਬੀ ਰਾਹ `ਤੇ ਚਲ ਪੈਂਦਾ ਹੈ, ਸੋਚਣੀ ਬਦਲ ਜਾਂਦੀ ਹੈ। ਜਿਸਤੋਂ ਉਸ ਦੀ ਸੋਚਣੀ ਪਹਿਲੇ ਨੰਬਰ `ਤੇ ਆ ਜਾਂਦੀ ਹੈ। ਉਸਦਾ ਸੁਭਾਅ ਤੇ ਸੁਰਤ, ਦੂਜੇ ਨੰਬਰ `ਤੇ ਚਲੇ ਜਾਂਦੇ ਹਨ, ਤਾਂ ਜੀਵਨ ਸਫ਼ਲ ਹੋ ਜਾਂਦਾ ਹੈ। ਧਿਆਨ ਰਹੇ, ਇਥੇ ‘ਗੁਰੂ ਦੁਆਰਾ’ ਕਿਸੇ ਇਮਾਰਤ ਲਈ ਨਹੀਂ ਬਲਕਿ ਗੁਰੂ ਦਸੇ ਜੀਵਨ ਰਾਹ `ਤੇ ਚਲਣ ਦਾ ਨਾਮ ਹੈ। ਇਹੀ ਹੈ ਮੂਲ ਵਿਸ਼ਾ ਜਿਸਨੂੰ ਅਸੀਂ ਇਸ ਪਾਠ `ਚ ਨਿਭਾਅ ਰਹੇ ਹਾਂ।

ਇਹ ਮਨੁ ਆਰਸੀ ਕੋਈ ਗੁਰਮੁਖਿ ਵੇਖੈ- (ਪੰ: ੧੧੫) ਮਨੁੱਖ ਸ਼ੀਸ਼ੇ ਚੋਂ ਆਪਣੀ ਸ਼ਕਲ ਤਾਂ ਦੇਖ ਸਕਦਾ ਹੈ। ਕਰੀਮ, ਪੌਡਰ, ਸੁਗੰਧੀਆਂ ਜਾਂ ਹੋਰ-ਹੋਰ ਪ੍ਰਸਾਧਨ ਵਰਤ ਕੇ, ਆਪਣਾ ਬਾਹਰੀ ਰੂਪ-ਰੰਗ ਤਾਂ ਸੁਆਰ-ਸੁਧਾਰ ਲੈਂਦਾ ਹੈ। ਵਿਰਲੇ ਹੁੰਦੇ ਹਨ ਜੋ ਇਸ ਬਣ-ਠਣ ਤੇ ਰੂਪ-ਰੰਗ ਪਿੱਛੇ ਆਪਣੇ ਮਨ ਜਾਂ ਸੁਭਾਅ-ਸੁਰਤ ਵੀ ਪਹਿਚਾਣ ਸਕਣ, ਜਿਸਤੋਂ ਉਨ੍ਹਾਂ ਦੀ ਸੋਚਣੀ-ਕਰਣੀ ਧੋਖਾ ਨਾ ਖਾਵੇ। ਗੁਰਬਾਣੀ `ਚ ਇਸ ਬਾਰੇ ਇਥੋਂ ਤੀਕ ਫ਼ੁਰਮਾਇਆ ਹੈ “ਇਹ ਮਨੁ ਆਰਸੀ ਕੋਈ ਗੁਰਮੁਖਿ ਵੇਖੈ: (ਪੰ: ੧੧੫) ਜਾਂ “ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ॥ ਭਾਇ ਭਗਤਿ ਜਾ ਹਉਮੈ ਸੋਖੈ॥ ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ, ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ” (ਪੰ: ੧੨੪) ਹੋਰ ਲਵੋ! “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥ ੩ ॥ ਇਸੁ ਮਨ ਕਉ ਕੋਈ ਖੋਜਹੁ ਭਾਈ, ਤਨ ਛੂਟੇ ਮਨੁ ਕਹਾ ਸਮਾਈ॥” (ਪੰ: ੩੩੦) ਕਿਉਂਕਿ ਜਦੋਂ ਸਾਨੂੰ ਆਪਣੇ ਸੁਭਾਅ ਦੀ ਪਹਿਚਾਣ ਹੀ ਨਹੀਂ, ਇਹ ਵੀ ਨਹੀਂ ਪਤਾ ਕਿ ਸਾਡੇ ਸੁਭਾਅ ਅਥਵਾ ਮਨ ਦਾ ਨਿਸ਼ਾਨਾ ਕੀ ਹੋਣਾ ਹੈ; ਤਾਂ ਅਸੀਂ ਮਨ ਨੂੰ ਬਦਲਾਂਗੇ ਕਿਵੇਂ ਤੇ ਕਿਹੜੇ ਰੁਖ ਨੂੰ? ਨਤੀਜਾ ਹੁੰਦਾ ਹੈ ਕਿ ਸਾਡੇ ਸੁਭਾਅ `ਤੇ ਆਧਾਰਤ ਸਾਡੀਆਂ ਗ਼ਲਤ ਸੋਚਣੀਆਂ-ਕਰਣੀਆਂ ਹੀ ਸਾਡੇ ਨਾਲ ਸਾਰੀ ਉਮਰ ਨਿਭਦੀਆਂ ਹਨ ਅਤੇ ਜੀਵਨ ਨੂੰ ਕੁਰਾਹੇ ਪਾਈ ਰਖਦੀਆਂ ਹਨ।

“ਲਬੁ ਪਾਪੁ ਦੁਇ ਰਾਜਾ ਮਹਤਾ. .”-ਇਸ ਨੂੰ ਇਸ ਤਰ੍ਹਾਂ ਵੀ ਸਮਝਾਇਆ ਹੈ, ਫੁਰਮਾਨ ਹੈ “ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ, ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ॥ ਗਿਆਨੀ ਨਚਹਿ, ਵਾਜੇ ਵਾਵਹਿ, ਰੂਪ ਕਰਹਿ ਸੀਗਾਰੁ॥ ਊਚੇ ਕੂਕਹਿ, ਵਾਦਾ ਗਾਵਹਿ, ਜੋਧਾ ਕਾ ਵੀਚਾਰੁ॥ ਮੂਰਖ ਪੰਡਿਤ, ਹਿਕਮਤਿ ਹੁਜਤਿ, ਸੰਜੈ ਕਰਹਿ ਪਿਆਰੁ॥ ਧਰਮੀ ਧਰਮੁ ਕਰਹਿ ਗਾਵਾਵਹਿ, ਮੰਗਹਿ ਮੋਖ ਦੁਆਰੁ॥ ਜਤੀ ਸਦਾਵਹਿ, ਜੁਗਤਿ ਨ ਜਾਣਹਿ, ਛਡਿ ਬਹਹਿ ਘਰ ਬਾਰੁ॥ ਸਭੁ ਕੋ ਪੂਰਾ ਆਪੇ ਹੋਵੈ, ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ” (ਪੰ: ੪੬੮) ਭਾਵ ਮਨੁੱਖ ਨੇ ਜਦੋਂ ਆਪਣੇ ਮਨ ਭਾਵ ਸੁਭਾਅ ਦੀ ਬਾਗ਼ਡੋਰ ਹੀ ਲੋਭ, ਚੱਸਕਿਆਂ, ਸੰਸਾਰਕ ਮੋਹ-ਮਾਇਆ ਅਤੇ ਪ੍ਰਭੂ ਨੂੰ ਭੁਲਾ ਕੇ ਕਰਮਕਾਂਡਾਂ ਜਾਂ ਦੂਜੇ ਆਹਰਾਂ ਨੂੰ ਦੇ ਰਖੀ ਹੁੰਦੀ ਹੈ ਤਾਂ ਅਜੇਹੀ ਹਾਲਤ `ਚ ਆਪਣਾ ਮਨੁੱਖਾ ਜਨਮ ਚੱਟੀ ਬੱਧਾ ਹੀ ਗੁਆ ਰਹੇ ਹੁੰਦੇ ਹਾਂ। ਅਜੇਹੇ ਸਮੇਂ ਜਦੋਂ ਸਾਡੇ ਗਿਆਨ ਤੇ ਕਰਮ ਇੰਦਰੇ ਸਾਰੇ ਹੀ ਕੁਰਾਹੇ ਪਏ ਹੁੰਦੇ ਹਨ ਤਾਂ ਜ਼ਾਹਿਰਾ ਤੌਰ `ਤੇ ਵਿਦਵਾਨ, ਪੰਡਿਤ, ਵੱਡੇ ਉਪਦੇਸ਼ਕ, ਸੂਰਮੇ, ਜਤੀ, ਦਾਨੀ ਜਾਂ ਕੁੱਝ ਹੋਰ, ਪ੍ਰਭੂ ਨਾਲੋਂ ਟੁੱਟੇ ਹੋਏ ਆਪਣੇ ਲੋਭੀ, ਕਾਮੀ, ਹੰਕਾਰੀ ਸੁਭਾਅ ਦੀ ਪਕੜ `ਚ “ਸਭੁ ਕੋ ਪੂਰਾ ਆਪੇ ਹੋਵੈ, ਘਟਿ ਨ ਕੋਈ ਆਖੈ” ਆਪਣੇ ਆਪ ਨੂੰ ਕੁੱਝ ਵੀ ਸਮਝਦੇ ਹੋਈਏ ਪਰ ਉਸ ਪ੍ਰਭੂ ਦੀ ਦਰਗਾਹ `ਚ “ਪਤਿ ਪਰਵਾਣਾ ਪਿਛੈ ਪਾਈਐ, ਤਾ ਨਾਨਕ ਤੋਲਿਆ ਜਾਪੈ” ਕਬੂਲ ਤਾਂ ਹੀ ਹੋਵਾਂਗੇ ਜਦੋਂ ਉਸਦੇ ਨਿਆਂ `ਚ ਪੂਰੇ ਉਤਰਾਂਗੇ ਤਾਂ।

ਤਰਵਰੁ ਕਾਇਆ ਪੰਖਿ ਮਨੁ. .”- ਇਸੇ ਤਰ੍ਹਾਂ ਰਾਮਕਲੀ ਰਾਗ `ਚ ਵੀ ਗੁਰਦੇਵ, ਜੀਵਨ ਦੀ ਇਸੇ ਸਚਾਈ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ “ਤਰਵਰੁ ਕਾਇਆ, ਪੰਖਿ ਮਨੁ, ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ॥ . .” (ਪੰ: ੯੩੪) ਭਾਵ ਸਾਡੇ ਸਰੀਰ ਅੰਦਰ ਮਾਨੋ, ਮਨ ਇੱਕ ਪੰਖੀ ਵਸ ਰਿਹਾ ਹੈ। ਫ਼ਿਰ ਉਸ ਪੰਖੀ ਅਧੀਨ ਸਾਡੇ ਗਿਆਨ ਇੰਦਰੇ ਰੂਪੀ ਹੋਰ ਪੰਜ ਪੰਛੀ ਕੰਮ ਕਰ ਰਹੇ ਹਨ। ਗ਼ਲਤ ਪਾਸੇ ਜਾਣ ਜਾਂ ਠੀਕ, ਪਰ ਇਹ ਉਡਦੇ ਇਕੋ ਰੁਖ ਨੂੰ ਹੀ ਹਨ। ਨਤੀਜਾ, ਜੇਕਰ ਇਹ ਪੰਖੀ (ਗਿਆਨ ਇੰਦਰੇ) ਜੀਵਨ ਦੀ ਸਚਾਈ ਨਾਲ ਜੁੜੇ ਹਨ ਤਾਂ ਵਿਕਾਰ-ਕੁਕਰਮ-ਧਰਮ ਦੇ ਪਰਦੇ `ਚ ਪਾਖੰਡ-ਝੂਟ ਆਦਿ ਮਨੁੱਖ ਨੂੰ ਨਹੀਂ ਪੋਹ ਸਕਦੇ। ਅਜੇਹੀ ਹਾਲਤ `ਚ ਮਨੁੱਖ, ਜੀਵਨ ਦੀ ਬਾਜ਼ੀ ਜਿੱਤ ਜਾਂਦਾ ਹੈ। ਇਸਦੇ ਉਲਟ ਜੇ ਇਹ ਸੰਸਾਰਕ ਪ੍ਰਾਪਤੀਆਂ (ਭੁੱਖਾਂ) ਵਲ ਦੌੜਦੇ ਹਨ। ਨਤੀਜਾ ਹੁੰਦਾ ਹੈ, ਇਹ ਭੁੱਖਾਂ ਹੋਰ ਤੇ ਹੋਰ ਵਧਦੀਆਂ ਹਨ, ਜੀਵਨ `ਚ ਟਿਕਾਅ-ਸ਼ਾਂਤੀ ਨਹੀਂ ਆਉਂਦੀ। ਆਖਿਰ ਉਹ ਦਿਨ ਵੀ ਆ ਜਾਂਦਾ ਹੈ ਜਦੋਂ ਇਹ ਸਰੀਰ ਤਾਂ ਸਾਥ ਛੱਡ ਜਾਂਦਾ ਹੈ ਭਾਵ ਮਨੁੱਖ ਦੀ ਮੌਤ ਹੋ ਜਾਂਦੀ ਹੈ ਪਰ ਤਦ ਤੀਕ ਇਸ ਦੀਆਂ ਇਹ ਭੁਖਾਂ ਘੱਟਣ ਦੀ ਬਜਾਏ ਕਈ ਗੁਣਾਂ ਵੱਧ ਚੁਕੀਆਂ ਹੁੰਦੀਆਂ ਹਨ। ਟਿਕਾਅ-ਸ਼ਾਂਤੀ, ਜਿਸ ਲਈ ਗਿਆਨ ਇੰਦਰਿਆਂ ਨੇ ਅਸੀਮਤ ਦੌੜ ਲਾਈ ਹੁੰਦੀ ਹੈ, ਨਹੀਂ ਮਿਲਦੇ। ਇਹ ਸਭ ਕਿਉਂ? ਕਾਰਨ, ਸਾਨੂੰ ਆਪਣੇ ਸੁਭਾਅ ਦੀ ਸਮਝ ਨਹੀਂ ਸੀ। ਅਸਾਂ, ਹਰ ਸਮੇਂ ਆਪਣੇ ਸੁਭਾਅ ਤੋਂ ਪੈਦਾ ਸੁਰਤ ਨੂੰ ਮਇਕ ਪ੍ਰਾਪਤੀਆਂ ਵਲ ਲਗਾਈ ਰਖਿਆ। ਜੇ ਕਰ ਸਚਮੁਚ ਸਾਨੂੰ ਆਪਣੇ ਸੁਭਾਅ ਦੀ ਪਹਿਚਾਣ ਹੁੰਦੀ ਤਾਂ “ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ” ਅਨੁਸਾਰ ਅਸੀਂ ਜੀਵਨ ਦੀ ਬਰਬਾਦੀ ਤੋਂ ਬਚ ਸਕਦੇ ਸੀ।

“ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ. .”- ਇੰਨਾ ਹੀ ਨਹੀਂ, ਜਦੋਂ ਜੀਵਨ ਭਰ ਅਸੀਂ ਉਲਟੇ ਆਹਰਾਂ `ਚ ਲਗੇ, ਕੁਰਾਹੇ ਪਏ ਰਹਿੰਦੇ ਹਾਂ। ਇਸ ਜਨਮ `ਚ ਕੀ, ਸਾਡੇ ਮਨ ਉਪਰ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ” (ਜਪੁ) ਅਨੁਸਾਰ, ਪਿਛਲੇ ਜਨਮਾਂ ਦੀ ਮੈਲ ਵੀ ਆਈ ਹੁੰਦੀ ਹੈ। ਅਜੇਹੇ ਹਾਲਾਤ `ਚ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ” (ਪੰ: ੬੫੧) ਇਸ ਤਰ੍ਹਾਂ ਅਸੀਂ ਜੀਵਨ ਨੂੰ ਹੋਰ ਤੇ ਹੋਰ ਗੰਦਾ ਕਰਦੇ ਜਾਂਦੇ ਹਾਂ। ਦੂਜੇ ਪਾਸੇ, ਸਾਨੂੰ ਆਪਣੇ ਸੁਭਾਅ ਦੀ ਵੀ ਪਹਿਚਾਣ ਨਹੀਂ, ਜਿਸ ਤੋਂ ਕਿ ਇਸਨੂੰ ਜੀਵਨ ਦੇ ਸਿਧੇ ਰਾਹ ਪਾ ਸਕੀਏ। ਤਾਂ ਤੇ “ਮਨਿ ਮੈਲੈ ਸਭੁ ਕਿਛੁ ਮੈਲਾ” (ਪੰ: ੫੫੮) ਅਨੁਸਾਰ ਸਾਡਾ ਜੀਵਨ ਭਟਕਿਆ ਹੀ ਰਹੇਗਾ। ਨਾ ਸਾਡੀ ਸੁਰਤ ਠੀਕ ਰੁਖ ਨੂੰ ਚਲੇਗੀ ਤੇ ਨਾ ਹੀ ਉਸਤੋਂ ਬਣੀ, ਸਾਡੀ ਸੋਚਣੀ। ਤੀਰਥ ਇਸ਼ਨਾਨ, ਦਾਨ-ਪੂੰਨ ਆਦਿ ਕਰਮ ਵੀ ਸਾਡੇ ਸਹਾਈ ਨਹੀਂ ਹੋ ਸਕਦੇ। ਕਾਰਨ ਹੁੰਦਾ ਹੈ “ਇਹੁ ਜਗਤੁ ਭਰਮਿ ਭੁਲਾਇਆ, ਵਿਰਲਾ ਬੂਝੈ ਕੋਇ” (ਉਹੀ) ਅਤੇ ਇਸ ਦੀ ਸਮਝ ਵੀ ਗੁਰਬਾਣੀ ਗਿਆਨ ਰਾਹੀਂ ਵਿਰਲਿਆਂ ਨੂੰ ਹੀ ਪੈਂਦੀ ਹੈ। ਵਿਰਲੇ ਹਨ, ਜੋ ਆਪਣੇ ਸੁਭਾਅ ਦੀ ਪਹਿਚਾਣ ਕਰਕੇ ਆਪਣੀ ਲਿਵ-ਸੁਰਤ ਨੂੰ ਠੀਕ ਰਸਤੇ ਲਾ ਸਕਣ। ਇਹੀ ਤਰੀਕਾ ਹੈ ਜੀਵਨ ਨੂੰ ਤ੍ਰਿਸ਼ਨਾ, ਭਟਕਣਾਂ, ਵਿਕਾਰਾਂ, ਅਉਗਣਾਂ, ਨਿਰਾਸ਼ਾ, ਉਖਾੜ, ਪ੍ਰੇਸ਼ਾਨੀਆਂ `ਚੋਂ ਕੱਢ ਕੇ ਸੁਖੱਲਾ, ਸੰਤੋਖੀ, ਸ਼ਾਂਤਮਈ ਬਣਾਉਣ ਦਾ।

ਮੈਲੇ ਕਪਰੇ ਕਹਾ ਲਉ ਧੋਵਉ” - (ਪੰ: ੧੨੯੩) ਦਰਅਸਲ ਉਹ ਜੀਵਨ ਰਾਹ ਹੀ ਦੂਜਾ ਹੈ ਪਰ ਜਿਨ੍ਹਾਂ ਦੁਨਿਆਵੀ ਰਸਤਿਆਂ ਰਾਹੀਂ, ਮਨੁੱਖ ਇਨ੍ਹਾਂ ਗੁੰਝਲਾਂ ਚੋਂ ਨਿਕਲਣਾ ਚਾਹੁੰਦਾ ਹੈ ਉਥੇ ਤਾਂ ਇਹ, ਅੱਗ `ਚ ਹੋਰ-ਹੋਰ ਬਾਲਣ ਪਾਉਣ ਦੀ ਨਿਆਂਈ ਹੈ। ਸੋਚਦਾ ਹੈ, ਜੀਵਨ `ਚੋਂ ਅੱਗ ਬੁਝ ਜਾਏਗੀ ਪਰ ਤ੍ਰਿਸ਼ਨਾ, ਭਟਕਣਾ, ਨਿਰਾਸ਼ਾ, ਪ੍ਰੇਸ਼ਾਨੀਆਂ ਆਦਿ ਦੀ ਦੌੜ ਹੋਰ ਵੱਧਦੀ ਹੈ। ਨਤੀਜਾ, ਜੀਵਨ `ਚ ਝੂਠ, ਫ਼ਰੇਬ, ਠੱਗੀਆਂ, ਜਾਅਲਸਾਜ਼ੀਆਂ, ਅਉਗਣਾਂ, ਵਿਕਾਰਾਂ ਆਦਿ ਦਾ ਵਧਦੇ ਜਾਣਾ। ਇਹ ਸਿਲਸਿਲਾ ਉਦੋਂ ਤੀਕ ਜਾਰੀ ਰਹਿੰਦਾ ਹੈ ਜਦ ਤੀਕ ਮਨੁੱਖ, ਜੀਵਨ ਦੀ ਸਚਾਈ ਨੂੰ ਨਹੀਂ ਬੁਝਦਾ ਤੇ ਆਪਣੀ ਸੋਚਣੀ ਨੂੰ ਨਹੀਂ ਬਦਲਦਾ। ਫ਼ੁਰਮਾਨ ਹੈ “ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ” (ਪੰ: ੧੪੨੯) ਕਿਉਂਕਿ ਉਸਦਾ ਇਲਾਜ ਸੀ “ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ” (ਉਹੀ) ਫ਼ਿਰ ਹੋਵੇਗਾ “ਬਲੁ ਹੋਆ ਬੰਧਨ ਛੁਟੇ, ਸਭੁ ਕਿਛੁ ਹੋਤੁ ਉਪਾਇ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ, ਤੁਮ ਹੀ ਹੋਤ ਸਹਾਇ”। ਹੋਰ ਦਰਸ਼ਨ ਕਰੋ “ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ” ਪਰ ਜਦੋਂ “ਭਰੀਐ ਮਤਿ ਪਾਪਾ ਕੈ ਸੰਗਿ” ਤਾਂ “ਓਹੁ ਧੋਪੈ ਨਾਵੈ ਕੈ ਰੰਗਿ” (ਜਪੁ) ਇਸ ਤਰ੍ਹਾਂ ਜਦੋਂ ਮਨੁੱਖ ਆਪਣੇ ਸੁਭਾਅ-ਸੋਚਣੀ ਦੀ ਪਹਿਚਾਣ ਬਿਨਾ ਜਿੰਨੀ ਵੱਧ ਸੰਸਾਰਕ ਦੌੜਾਂ ਲਾਂਦਾ ਹੈ, ਹਾਲਤ “ਸੁਖੈ ਕਉ ਦੁਖੁ ਅਗਲਾ, ਮਨਮੁਖਿ ਬੂਝ ਨ ਹੋਇ” (ਪੰ: ੫੭) ਉਸਨੂੰ ਸਮਝ ਹੀ ਨਹੀਂ ਆਉਂਦੀ ਕਿ ਉਹ ਕਰੇ ਤਾਂ ਕੀ ਕਰੇ?

ਗੁਰੂ ਦੁਆਰੈ ਹੋਇ ਸੋਝੀ ਪਾਇਸੀ- ਦਰਅਸਲ ਵਿਸ਼ਾ ਹੈ ਸੁਭਾਅ-ਸੋਚਣੀ ਅਤੇ ਸੁਰਤ ਦਾ ਆਪਸੀ ਰਿਸ਼ਤਾ। ਜਿਸ ਤੋਂ ਕਿ ਸਾਰੇ ਜੀਵਨ ਦੀ ਦੌੜ ਲਗ ਰਹੀ ਹੁੰਦੀ ਹੈ। ਦੇਖ ਚੁੱਕੇ ਹਾਂ, ਜੀਵਨ `ਚ ਇਹ ਦੌੜ ਜਿੰਨੀ ਤੇਜ਼ ਹੁੰਦੀ ਹੈ ਉਤਨਾ ਹੀ “ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ” (ਪੰ: ੯੩੪) ਅਨੁਸਾਰ ਸਾਡਾ ਜੀਵਨ ਬਜਾਏ ਸੁਖੀ ਹੋਣ ਦੇ ਹੋਰ ਦੁਖੀ ਹੁੰਦਾ ਜਾਂਦਾ ਹੈ। ਸੁਆਲ ਪੈਦਾ ਹੁੰਦਾ ਹੈ, ਤਾਂ ਫ਼ਿਰ ਇਸ ਲਈ ਅਸਲ ਰਾਹ ਤੇ ਹੱਲ ਕੀ ਹੈ? ਇਸਦਾ ਹੱਲ ਹੈ, ਸੰਸਾਰ `ਚ ਵਿਚਰਦੇ ਜੋ ਸਾਡਾ ਸੁਭਾਉ ਪਹਿਲੇ ਨੰਬਰ `ਤੇ ਰਹਿੰਦਾ ਹੈ ਤੇ ਉਸੇ ਤੋਂ ਸਾਡੀ ਸੁਰਤ ਤੇ ਸੁਰਤ ਤੋਂ ਸਾਡੀ ਸੋਚਣੀ-ਕਰਣੀ ਬਣਦੀ ਜਾਂਦੀ ਹੈ, ਇਸ ਕ੍ਰਮ ਨੂੰ ਉਲਟਾਇਆ ਜਾਵੇ। ਅਸਾਂ ਆਪਣੇ ਆਪ ਦਾ ਗੁਰੂ ਦਰ `ਤੇ ਸਮਰਪਣ ਕਰਣਾ ਹੈ। ਫ਼ੁਰਮਾਣ ਹੈ “ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ” (ਪੰ: ੭੩੦) ਚੇਤੇ ਰਹੇ! ਇਥੇ ਗੁਰੂ ਦੁਆਰੇ ਦਾ ਮਤਲਬ, ਇਮਾਰਤ ਨਹੀਂ-ਆਪਣੀ ਮੱਤ ਨੂੰ ਤਿਆਗਣਾ ਅਤੇ ਸਦਾ ਥਿਰ, ਇਲਾਹੀ ਗੁਰੂ-ਗੁਰਬਾਣੀ ਤੋਂ ਮਤ (ਸੋਚਣੀ) ਨੂੰ ਲੈਣਾ ਹੈ। ਇਹੀ ਢੰਗ ਹੈ, ਜੋ ਮਨ `ਤੇ ਜਨਮਾਂ, ਜਨਮਾਂ ਤੋਂ ਹਉਮੈ -ਵਿਕਾਰਾਂ ਦੀ ਮੈਲ ਨੂੰ ਧੋ ਕੇ ਮਨ ਨਿਰਮਲ ਕਰਣ ਦਾ। ਕਿਉਂਕਿ “ਭਾਂਡਾ ਹਛਾ ਸੋਇ, ਜੋ ਤਿਸੁ ਭਾਵਸੀ॥ ਭਾਂਡਾ ਅਤਿ ਮਲੀਣੁ, ਧੋਤਾ ਹਛਾ ਨ ਹੋਇਸੀ” (ਉਹੀ) ਇਸ ਤਰ੍ਹਾਂ ਇਹ ਮਨ ਦੀ ਮੈਲ ਬਾਹਰ ਦਿਖਾਵੇ ਦੇ ਕਰਮਕਾਂਡਾਂ, ਹੂੜਮੱਤਾਂ, ਆਪਹੁਦਰੀਆਂ ਨਾਲ ਨਹੀਂ ਉਤਰੇਗੀ। ਇਸ ਦੇ ਲਈ ਸਾਧਸੰਗਤ ਦੀ ਲੋੜ ਹੈ। ਜਦੋਂ ਤੀਕ ਸਾਧਸੰਗਤ `ਚ ਆ ਕੇ ਅਸੀਂ ਆਪਣੀ ਸੋਚਣੀ ਗੁਰਬਾਣੀ ਸਿਖਿਆ `ਚ ਤਿਆਰ ਨਹੀਂ ਕਰਾਂਗੇ ਉਦੋਂ ਤੀਕ ਸਾਡਾ ਸੁਭਾਅ ਹੀ ਸਾਨੂੰ ਪ੍ਰੇਸ਼ਾਨੀਆਂ `ਚ ਪਾਈ ਰਖੇਗਾ ਤੇ ਪ੍ਰੇਸ਼ਾਨ ਹੀ ਰਹਾਂਗੇ। ਇਸ ਲਈ ਅੱਜ ਅਸਾਂ ਜੀਵਨ ਨੂੰ ਜਿਸ ਪਾਸੇ ਲਾਇਆ ਦਾ ਹੈ, ਇਹੀ ਹੈ ਸਾਡੇ ਜੀਵਨ ਦਾ ਪੁੱਠਾ ਰਾਹ; ਸਾਡਾ ਦੁਖਾਂਤ ਅਤੇ ਸਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਦੀ ਜੜ੍ਹ। ਇਸੇ ਤੋਂ ਬਣਦੇ ਹਨ ਸਾਡੇ ੯੯% ਸਰੀਰਕ ਤੇ ਮਾਨਸਿਕ ਰੋਗ, ਦੁਰਘਟਨਾਵਾਂ, ਮੁਕਦਮੇਬਾਜ਼ੀਆਂ, ਕਤਲੋ-ਗ਼ਾਰਤ ਅਤੇ ਤੇਜ਼ ਹੁੰਦੀ ਹੈ ਸਾਡੇ ਜੀਵਨ ਅੰਦਰ ਵਿਕਾਰਾਂ ਦੀ ਅੱਗ। ਇਥੇ ਤਾਂ “ਤਿਆਗੇ؈ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ” (ਪੰ: ੭੬੩) ਹੀ ਇਕੋ ਇੱਕ ਰਸਤਾ ਹੈ, ਗੁਰੂ-ਗੁਰਬਾਣੀ ਦੀ ਆਗਿਆ `ਚ ਜੀਵਨ ਦਾ ਤਿਆਰ ਕਰਣਾ। ਉਸੇ ਦਾ ਨਤੀਜਾ ਹੋਵੇਗਾ “ਇਉ ਪਾਵਹਿ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ” (ਉਹੀ)।

ਦੂਜੇ ਲਫ਼ਜ਼ਾਂ `ਚ ਇਸ ਸਮੇਂ ਜੋ ਸਾਡੀ ਸੋਚਣੀ-ਕਰਣੀ ਨੰਬਰ ਦੋ `ਤੇ ਖੜੀ ਹੈ ਅਤੇ ਜਨਮਾਂ-ਜਨਮਾਂ ਦੀ ਮੈਲ ਨਾਲ ਭਰੇ ਮਨ ਤੋਂ ਸਾਡਾ ਸੁਭਾਅ, ਜਿਹੜਾ ਸਾਨੂੰ ਨਚਾ ਰਿਹਾ ਹੈ, ਇਸ ਨੂੰ ਬਿਨਾ ਸੋਚੇ ਗੁਰਬਾਣੀ ਦੇ ਚਰਣਾਂ `ਚ ਸਮਰਪਨ ਕਰਨਾ ਹੈ। ਇਸ ਤਰ੍ਹਾਂ ਜਦੋਂ ਸਾਡੀ ਸੋਚਣੀ ਗੁਰਬਾਣੀ ਸਿਖਿਆ `ਚ ਤਿਆਰ ਹੋ ਕੇ ਸਾਡਾਵਨਿਰਮਲ ਸੁਭਾਉ ਘੜੇਗੀ ਤਾਂ ਲਿਵ (ਸੁਰਤ) ਕਰਤਾਰ ਨਾਲ ਜੁੜੀ ਹੋਵੇਗੀ। ਸਾਡੇ ਅੰਦਰ ਸ਼ਬਦ-ਸੁਰਤ ਦਾ ਮਿਲਾਪ ਬਣੇਗਾ, ਉਹ ਮਿਲਾਪ, ਜਿਸ ਲਈ ਪਾਤਸ਼ਾਹ ਦਸਦੇ ਹਨ “ਸਬਦੁ ਗੁਰੂ, ਸੁਰਤਿ ਧੁਨਿ ਚੇਲਾ” (ਪੰ: ੯੪੩) ਸੰਸਾਰਕ ਉਤਾਰ ਝੜਾਵ ਪਹੁ ਨਹੀਂ ਸਕਣਗੇ, ਜੀਵਨ `ਚ ਟਿਕਾਅ, ਸ਼ਾਂਤੀ, ਸੰਤੋਖ ਜਗ੍ਹਾ ਬਣਾ ਲੈਣਗੇ। ਕਰਮਕਾਂਡਾ, ਵਹਿਮਾਂ-ਭਰਮਾਂ ਤੋਂ ਛੁਟਕਾਰਾ ਮਿਲੇਗਾ।

ਸੰਸਾਰਿਕ ਗਿਆਨਾ ਬਾਰੇ- ਮਨੁੱਖ ਸੰਸਾਰਕ ਗਿਆਨਾਂ ਵਾਲੇ ਪਾਸੇ ਵੱਧਦਾ ਹੈ। ਪੜ੍ਹਾਈ ਲਿਖਾਈ ਕਰਕੇ ਡਿਗਰੀਆਂ-ਡਿਪਲੋਮੇ ਹਾਸਲ ਕਰਦਾ ਹੈ। ਇਸ ਤਰ੍ਹਾਂ ਸਫ਼ਲ ਡਾਕਟਰ, ਬਾਈਆਲੋਜਿਸਟ, ਵਿਗਿਆਨਕ, ਅਰਥਸ਼ਾਸਤਰੀ, ਪ੍ਰਬੰਧਕ, ਇੰਡਸਟਰੀਅਲਿਸਟ ਆਦਿ ਕੁੱਝ ਬਣਦਾ ਹੈ। ਸੰਸਾਰਕ ਪੱਧਰ ਤੇ ਬਹੁਤ ਪੜ੍ਹਿਆ-ਲਿਖਿਆ, ਆਪਣੇ ਕਿੱਤੇ `ਚ ਮਾਹਿਰ ਹੋ ਕੇ, ਨਾਮਨਾ ਖੱਟਦਾ ਹੈ। ਪਰ ਉਸਦੇ ਸੁਭਾਅ `ਚ, ਜਿਸ `ਤੇ ਉਸਦੀ ਸੋਚਣੀ-ਕਰਣੀ ਚਲ ਰਹੀ ਹੈ, ਇਨ੍ਹਾਂ ਡਿਗਰੀਆਂ-ਕਿਤਿਆਂ ਨਾਲ ਤਬਦੀਲੀ ਨਹੀਂ ਲਿਆ ਸਕਦੀਆਂ। ਮਿਸਾਲ ਵਜੋਂ, ਡਾਕਟਰ ਸਿਆਣਾ ਹੈ, ਮਰਜ਼ ਪਕੜਣ `ਚ ਮਾਹਿਰ ਹੈ, ਪਰ ਸੁਭਾਅ ਦਾ ਲੁਟੇਰਾ ਹੈ। ਮਨ `ਚ ਪਰਉਪਕਾਰ-ਤਰਸ ਦੀ ਭਾਵਨਾ ਨਹੀਂ। ਮਜਬੂਰ ਮਰੀਜ਼ ਉਸ ਸਾਹਮਣੇ ਤੜਫ ਰਿਹਾ ਹੈ ਪਰ ਉਸਨੂੰ ਆਪਣੀ ਫ਼ੀਸ ਨਾਲ ਮਤਲਬ ਹੈ, ਮਰੀਜ਼ ਨਾਲ ਨਹੀਂ। ਇਸੇ ਤਰ੍ਹਾਂ ਨਕਲੀ ਦਵਾਈਆਂ ਵੀ ਅਣਪੜ੍ਹ-ਗਵਾਰ ਨਹੀਂ ਬਨਾਂਦਾ, ਉਸ ਪਿਛੇ ਵੀ ਚੰਗਾ ਡਾਕਟਰੀ ਗਿਆਨ ਲੋੜੀਂਦਾ ਹੈ। ਸਾਇੰਸਦਾਨ ਕਾਬਿਲ ਹੈ ਪਰ ਮਨੁੱਖੀ ਜੀਵਨ ਦੀ ਬਰਬਾਦੀ-ਤਬਾਹੀ ਦੇ ਸਾਮਾਨ ਵੀ ਸਾਇੰਸਦਾਨ ਹੀ ਬਣਾਂਦਾ ਹੈ, ਆਮ ਇਨਸਾਨ ਨਹੀਂ। ਸੰਸਾਰ ਪੱਧਰ ਦੇ ਵੱਡੇ ਵੱਡੇ ਸਮਗਲਰ, ਸ਼ਡਯੰਤਰਕਾਰੀ, ਅੰਡਰ-ਵਰਲਡ ਦੇ ਕੁਕਰਮ-ਅਣਪੜ੍ਹ ਨਹੀਂ ਕਰਦੇ, ਉਥੇ ਤਾਂ ਬੜੀਆਂ ਸੰਸਾਰਕ ਪੜ੍ਹਾਈਆਂ-ਟਰੇਨਿੰਗਾ ਦੀ ਲੋੜ ਹੁੰਦੀ ਹੈ, ਬੜੇ ਬੜੇ ਟੈਕਨੀਕਲ ਦਿਮਾਗ਼ ਹੁੰਦੇ ਹਨ। ਫ਼ਰਕ ਹੁੰਦਾ ਹੈ, ਉਨ੍ਹਾਂ ਦੇ ਸੁਭਾਅ ਤੋਂ ਜੋ ਸੋਚਣੀ-ਕਰਣੀ ਪ੍ਰਗਟ ਹੋ ਰਹੀ ਹੁੰਦੀ ਹੈ, ਉਨ੍ਹਾਂ ਨੂੰ ਕੁਰਾਹੇ ਪਾ ਰਹੀ ਹੁੰਦੀ ਹੈ।

ਮਨੂਆ ਦਹ ਦਿਸ ਧਾਵਦਾ” - (ਪੰ: ੫੬੫) ਦੇਖਣ ਨੂੰ ਮਨੁੱਖ ਅਨੇਕਾਂ ਧਰਮ-ਕਰਮ ਕਰ ਰਿਹਾ ਹੈ ਪਰ ਇਹ ਸਾਰੇ ਧਰਮ ਕਰਮ ਕਿਸੇ ਰੱਬੀ ਗਿਆਨ ਦੇ ਦਇਰੇ `ਚ ਨਹੀਂ ਬਲਕਿ ਉਸਦੇ ਆਪਣੇ ਬਣੇ ਜਾਂ ਉਸ ਉਪਰ ਥੋਪੇ ਹੋਏ ਸੁਭਾਅ ਤੋਂ ਪ੍ਰਗਟ, ਉਸਦੀ ਸੋਚਣੀ ਦਾ ਪ੍ਰਗਟਾਵਾ ਹਨ, ਰੱਬੀ ਸੋਝੀ ਦੇ ਤਰਾਜ਼ੂ `ਤੇ ਪੂਰੇ ਨਹੀਂ ਉਤਰਦੇ। ਗੁਰਦੇਵ ਫ਼ੁਰਮਾਉਂਦੇ ਹਨ “ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ॥ ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ॥ ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ” (ਪੰ: ੪੬੭) ਭਾਵ ਮਨੁੱਖ ਆਪਣੇ ਵਲੋਂ ਅਨੇਕਾਂ ਪਰਉਪਕਾਰ ਦੇ ਕਰਮ ਕਰਦਾ ਹੈ। ਤੀਰਥਾਂ `ਤੇ ਜਾ ਕੇ ਲਖਾਂ ਦਾਨ, ਪੁੰਨ, ਸਨਾਨ ਕਰਦਾ ਹੈ। ਲੰਮੀਆਂ ਸਮਾਧੀਆਂ ਲਗਾਂਦਾ ਅਤੇ ਤੱਪ-ਹਠ ਕਰਮ ਕਰਦਾ ਹੈ। ਯੁਧ ਖੇਤਰ `ਚ ਜਾ ਕੇ ਕੁਰਬਾਨ ਹੋ ਜਾਂਦਾ ਹੈ ਤੇ ਸਮਝਦਾ ਹੈ ਵੱਡਾ ਧਰਮ-ਕਰਮ ਕਰ ਰਿਹਾ ਹੈ। ਜਿਵੇਂ ਖਤ੍ਰੀ ਲੋਕ, ਜੀਵਨ ਦੇ ਆਦਰਸ਼ਕ ਪਹਿਲੂ ਨੂੰ ਭੁਲਾ ਕੇ, ਇੰਨਾ ਹੀ ਮੰਨ ਬੈਠਦੇ ਹਨ ਕਿ ਉਨ੍ਹਾਂ ਦਾ ਧਰਮ ਹੀ ਇਹੀ ਹੈ ਅਤੇ ਸਦਾਚਾਰਕ ਪਖੋਂ ਜੀਵਨ ਦੀ ਸੰਭਾਲ ਨਾਲ ਉਸ ਦਾ ਲੈਣਾ-ਦੇਣਾ ਨਹੀਂ ਇਸੇ ਤਰ੍ਹਾਂ ਲਖਾਂ ਲੋਕ ਕੇਵਲ ਧਾਰਮਿਕ ਪੁਸਤਕਾਂ ਦੇ ਅਧਿਯਣ ਜਾਂ ਵਿਆਖਿਆ-ਪ੍ਰਚਾਰ ਤੀਕ ਹੀ ਸੀਮਤ ਹੋ ਕੇ ਜਨਮ ਗੁਆ ਦੇਂਦੇ ਹਨ ਪਰ ਸੱਚੇ ਧਰਮ ਨੂੰ ਜੀਵਨ `ਚ ਵਸਾਉਣ ਬਾਰੇ ਅਣਜਾਣ ਹੁੰਦੇ ਹਨ। ਠੀਕ ਇਹੀ ਬਿਮਾਰੀ ਅੱਜ ਸਿੱਖ ਪ੍ਰਚਾਰਕਾਂ-ਪ੍ਰਬੰਧਕਾਂ `ਚ ਵੀ ਸ਼ਿਖਰਾਂ ਤੇ ਹੈ।

ਗੁਰਦੇਵ ਫ਼ੁਰਮਾਉਂਦੇ ਹਨ ਕਿ “ਨਾਨਕ ਮਤੀ ਮਿਥਿਆ” ਭਾਵ ਆਪਣੀ ਮੱਤ ਤੋਂ ਪੈਦਾ ਕੀਤੇ ਅਜੇਹੇ ਲਖਾਂ ਧਰਮ-ਕਰਮ ਵੀ ਮਨੁੱਖ ਨੂੰ ਜਨਮ-ਮਰਨ ਦੇ ਗੇੜ੍ਹ ਚੋਂ ਨਹੀਂ ਬਚਾ ਸਕਦੇ, ਕਿਉਂਕਿ ਉਥੇ ਵੀ “ਕਰਮੁ ਸਚਾ ਨੀਸਾਣੁ” ਵਾਲੀ ਸੋਚਣੀ ਅਲੋਪ ਹੈ। ਫ਼ੁਰਮਾਇਆ ਹੈ “ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ” (ਪੰ: ੪੬੬) ਭਾਵ ਸੁਭਾਅ ਕਰਕੇ ਹਉਮੈ ਦੇ ਚੁੰਗਲ `ਚ ਫਸਿਆ ਹੁੰਦਾ ਹੈ। ‘ਸਹਜ ਜੋਗ’ ਭਾਵ ਗਿਆਨ-ਧਿਆਨ ਦੇ ਸੁਭਾਅ ਵਾਲਾ ਬਣ ਕੇ ਵੀ ਮਨ ਕਰਕੇ ਕੇਵਲ ਲੁਝ ਹੀ ਰਿਹਾ ਹੈ, ਜੀਵਨ ਦੀ ਸਫ਼ਲਤਾ-ਟਿਕਾਅ ਨੂੰ ਨਹੀਂ ਪ੍ਰਾਪਤ ਕਰ ਰਿਹਾ। ਅਜੇਹੇ ਧਰਮ ਕਰਮਾਂ ਦੇ ਹੀ ਵਿਗੜੇ ਜਾਂ ਵਿਗਾੜੇ ਹੋਰ ਅਨੇਕਾਂ ਰੂਪ ਹਨ ਜਿਵੇਂ ਸੁਖਨਾ, ਚਾਲੀਹੇ, ਅਖੰਡਪਾਠ, ਹੱਥ ਦੇਖਣੇ-ਦਿਖਾਉਣੇ, ਟੇਵੇ-ਮਹੂਰਤ-ਰਾਸ਼ੀ ਫਲ, ਟੂਣੇ -ਪ੍ਰਛਾਂਵੇਂ, ਸੁੱਚ-ਭਿਟ, ਜਾਤ-ਵਰਣ ਆਦਿ ਅਨੇਕਾਂ ਵਹਿਮ-ਸਹਿਮ। ਅਜੇਹੇ ਕਰਮਾਂ ਦੇ ਸ਼ਿਕਾਰ ਹੋਣ ਜਾਂ ਉਲਝਾਉਣ ਵਾਲੇ, ਹੈਣ ਦੋਵੇਂ ਗੁਮਰਾਹ। ਇਹ ਸਭ ਕਰਮ ਮਨੁੱਖ ਦੇ ਸੁਭਾਅ ਦੀ ਹੀ ਉਪਜ ਹੁੰਦੇ ਹਨ ਅਤੇ ਸੋਚਣੀ ਤੋਂ ਬਾਅਦ, ਕਰਣੀ ਬਣ ਕੇ ਉਭਰਦੇ ਹਨ ਜਾਂ ਉਸ ਅੰਦਰ ਪੈਦਾ ਕੀਤੇ ਜਾਂਦੇ ਹਨ। ਆਖਿਰ ਮਨੁੱਖੀ ਸੁਭਾਅ ਦੀ ਅਜੇਹੀ ਹੀ ਹਾਲਤ ਲਈ ਗੁਰਦੇਵ ਨੇ ਫ਼ੁਰਮਾਇਆ ਹੈ “ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ, ਬਿਰਥਾ ਜਨਮੁ ਗਵਾਇਆ” (ਪੰ: ੫੯੯) ਭਾਵ ਗੁਰੂ ਗਿਆਣ ਵਿਹੂਣੇ ਮਨੁੱਖ ਦਾ ਜਨਮ ਵਿਅਰਥ ਹੀ ਚਲਾ ਜਾਂਦਾ ਹੈ।

ਉਡਿ ਉਡਿ ਦਹ ਦਿਸ ਜਾਇ” - ਉਪਰ ਬਿਆਨੇ ਧਰਮ-ਕਰਮ ਹੀ ਨਹੀਂ ਬਲਕਿ ਇਸ `ਚ ਜੀਵਨ ਦੇ ਹੋਰ ਵੀ ਕਈ ਪੱਖ ਆ ਜਾਂਦੇ ਹਨ ਜਿੱਥੇ ਮਨੁੱਖ ਦਾ ਸੁਭਾਅ ਇਸਨੂੰ ਨਚਾਉਂਦਾ ਹੈ ਅਤੇ ਇਸਦੀ ਸੋਚਣੀ ਅਨੇਕਾਂ ਰੂਪ ਧਾਰ ਧਾਰ ਕੇ ਪ੍ਰਗਟ ਹੁੰਦੀ ਹੈ। ਫ਼ਰਕ ਕੇਵਲ ਹੁੰਦਾ ਹੈ ਕਿ ਮਨੁੱਖ ਦਾ ਸੁਭਾਉ ਪਹਿਲੇ ਨੰਬਰ `ਤੇ ਕੰਮ ਕਰ ਰਿਹਾ ਹੁੰਦਾ ਹੈ ਤੇ ਸੋਚਣੀ-ਕਰਣੀ ਦੂਜੇ ਨੰਬਰ `ਤੇ। ਫ਼ਿਰ ਜਦੋਂ ਅਸੀਂ ਆਪਣੀ ਸੋਚਣੀ ਸਚ ਧਰਮ ਭਾਵ ਗੁਰੂ-ਗੁਰਬਾਣੀ ਦੇ ਚਰਣਾਂ `ਚ ਅਰਪਣ ਕਰਦੇ ਹਾਂ ਤਾਂ ਸੋਚਣੀ ਪਹਿਲੇ ਨੰਬਰ `ਤੇ ਆ ਜਾਂਦੀ ਹੈ ਅਤੇ ਸੁਭਾਅ ਗ਼ੁਲਾਮ ਬਣ ਕੇ ਦੂਜੇ ਨੰਬਰ `ਤੇ ਚਲਾ ਜਾਂਦਾ ਹੈ। #134s01.1s08#

Including this Self Learning Gurmat Lesson No 134

ਸੋਚਣੀ-ਸੁਭਾਅ ਅਤੇ ਸੁਰਤ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

------------------------------------------------------------------------------------

Please note that www.gurbaniguru.com has been changed into www.gurbaniguru.org




.