.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 09)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਅਖੌਤੀ ਸਾਧ ਸੰਤ ਅਤੇ ਸਿੱਖ ਕੌਮ

ਉਸ ਸਮੇ ਜਦੋਂ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਬੈਠੇ ਜਗਤ ਜਲੰਦੇ ਨੂੰ ਠਾਰਨ ਵਾਸਤੇ “ਵਿਚਿ ਦੁਨੀਆ ਸੇਵ ਕਮਾਈਐ” ਬਚਨ ਨੂੰ ਅਮਲੀ ਰੂਪ ਦੇਣ ਵਾਸਤੇ ਰੂਪ ਰੇਖਾ ਤਿਆਰ ਕਰ ਰਹੇ ਸਨ ਉਸ ਵਕਤ ਉਥੇ ਆਪਣੇ ਆਪ ਨੂੰ ਅਸਲੀ ਗੁਰੂ ਸਾਬਤ ਕਰਨ ਵਾਸਤੇ 22 ਮੰਜੀਆਂ ਡਾਹ ਕੇ ਬੈਠੇ ਸਨ। ਉਹਨਾ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਆਪਣੇ ਏਜੰਟ ਛੱਡੇ ਹੋਏ ਸਨ ਜੋ ਸੱਚੇ ਗੁਰੂ ਦੀ ਭਾਲ ਵਿੱਚ ਬਕਾਲੇ ਵੱਲ ਆ ਰਹੀਆਂ ਸੰਗਤਾਂ ਨੂੰ ਵਰਗਲਾ ਕੇ ਆਪਣੇ ਆਪਣੇ ਗੁਰੂ ਕੋਲ ਲੈ ਜਾਂਦੇ ਸਨ ਉਸ ਸਮੇ ਇੱਕ ਸੱਚੇ ਸਿੱਖ ਨੇ ਅਸਲੀ ਸੱਚੇ ਗੁਰੂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਪਾਖੰਡੀਆਂ ਦਾ ਪਾਜ ਉਘੇੜਿਆ ਸੀ। ਅੱਜ ਵੀ ਫਰਜ ਬਣਦਾ ਹੈ ਇਹਨਾਂ ਸਾਧਾਂ ਸੰਤਾਂ ਦੇ ਪਾਜ ਉਘੇੜ ਕੇ ਗੁਰਬਾਣੀ ਗੁਰੂ ਦੇ ਹੱਕ ਵਿੱਚ ਪੁਰਜੋਰ ਆਵਾਜ਼ ਬੁਲੰਦ ਕੀਤੀ ਜਾਵੇ।

ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਸਮੇ ਸੰਗਤਾਂ ਨੂੰ ਹੁਕਮ ਕਰ ਗਏ ਕਿ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿਚ। ਪਰ ਅੱਜ ਬਹੁਤ ਸਿੱਖ ਗੁਰੂ ਗਰੰਥ ਸਾਹਿਬ ਨੂੰ ਗਰੰਥ ਤਾਂ ਮੰਨਦੇ ਹਨ, ਪਰ ਗੁਰੂ ਨਹੀ। ਅੱਜ ਉਹ ਵੀ ਗੁਰੂ ਦਾ ਲੜ ਛੱਡ ਕੇ ਕਿਸੇ ਨਾ ਕਿਸੇ ਸਾਧ ਸੰਤ ਦਾ ਲੜ ਆਪਣੇ ਮਨ ਦੀ ਸ਼ਾਤੀ ਵਾਸਤੇ ਫੜੀ ਬੈਠੇ ਹਨ, ਇਹ ਡੇਰੇਦਾਰ ਸਾਧ ਆਪਣੇ ਡੇਰਿਆਂ ਵਿੱਚ ਪ੍ਰਕਾਸ਼ ਤਾਂ ਗੁਰੂ ਗਰੰਥ ਸਾਹਿਬ ਦਾ ਕਰਦੇ ਹਨ ਪਰ ਆਲੀਸ਼ਾਨ ਕਮਰਿਆਂ ਵਿੱਚ ਕਲਗੀਆਂ ਲਾ ਕੇ ਗੱਦੀਆਂ ਲਾ ਕੇ ਬੈਠਦੇ ਹਨ, ਆਪਣੇ ਏਜੰਟਾਂ ਰਾਹੀਂ ਵੰਨ ਸੁਵੰਨੀਆਂ ਕਹਾਣੀਆਂ ਘੜ ਕੇ, ਭੋਲੀਆਂ ਭਾਲੀਆਂ ਸੰਗਤਾਂ ਤੋਂ ਮੱਥੇ ਟਿਕਾ ਕੇ ਆਪਣੀ ਹਊਮੈ ਨੂੰ ਪੱਠੇ ਪਾ ਰਹੇ ਹਨ, ਭੋਲੀਆਂ ਸਿੱਖ ਸੰਗਤਾਂ ਇਹਨਾਂ ਨੂੰ ਗੁਰੂ ਹੀ ਮੰਨੀ ਜਾ ਰਹੀਆਂ ਹਨ, ਇੱਕ ਵਿਦਵਾਨ ਦਾ ਕਹਿਣਾ ਹੈ ਕਿ ਕਤਲ ਕਰਨ ਵਾਲਾ ਇਤਨਾ ਦੋਸ਼ੀ ਨਹੀ ਹੁੰਦਾ ਜਿਤਨਾ ਇੱਕ ਗਲਤ ਰਸਤਾ ਦੱਸਣ ਵਾਲਾ ਕਿਉਂਕਿ ਜੇ ਕਿਸੇ ਨੂੰ ਉਹ ਰਸਤਾ ਦੱਸ ਦਿੱਤਾ ਜੋ ਪ੍ਰਮਾਤਮਾ ਦੇ ਘਰ ਨੂੰ ਜਾਂਦਾ ਹੀ ਨਹੀ ਹੈ ਤਾਂ ਇਨਸਾਨ ਸਾਰੀ ਉਮਰ ਹੋਰ ਹੀ ਰਸਤੇ ਤੇ ਤੁਰਿਆ ਰਹੇਗਾ ਅਤੇ ਅੰਤ ਨੂੰ ਚੁਰਾਸੀ ਦੇ ਗੇੜ ਵਿੱਚ ਪੈ ਜਾਵੇਗਾ ਇਹ ਸਾਧ ਸੰਤ ਜਿਨ੍ਹਾਂ ਨੂੰ ਖੁਦ ਰਸਤੇ ਦਾ ਪਤਾ ਨਹੀਂ ਇਹ ਲੋਕਾਂ ਨੂੰ ਸੱਚ ਦੇ ਰਾਹ ਤੋਂ ਉਲਟਾ ਤੋਰ ਕੇ ਇੱਕ ਕਾਤਲ ਨਾਲੋ ਵੱਧ ਦੋਸ਼ੀ ਹਨ।

ਇਹਨਾਂ ਸਾਧਾਂ ਸੰਤਾਂ ਤੋਂ ਸਮਾਜ ਨੂੰ ਭਾਰੀ ਖਤਰਾ ਹੈ, ਸਿੱਖ ਕੌਮ ਦਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਹੈ। ਇਹ ਆਪਣੇ ਮਨੋ ਘੜੀਆਂ ਨਵੀਆਂ ਨਵੀਆਂ ਮਰਿਯਾਦਾ ਬਣਾ ਕੇ, ਸੰਗਤਾਂ ਨੂੰ ਬਾਹਮਣਵਾਦ ਦੇ ਜਾਲ ਵਿੱਚ ਫਸਾ ਰਹੇ ਹਨ। ਇਹ ਆਪਣੇ ਆਪ ਨੂੰ ਅਵਤਾਰ ਅਤੇ ਕਰਨੀ ਵਾਲੇ ਕਹਾਉਂਦੇ ਹਨ ਇੱਕ ਡੇਰੇ ਵਿੱਚ ਕਿਸੇ ਸਮਾਗਮ ਤੇ ਕਿਸੇ ਦੁਕਾਨਦਾਰ ਪਾਸੋਂ ਡੇਰੇ ਵਾਲਿਆਂ ਨੇ -- ਬੋਰੀਆਂ ਖੰਡ ਦੀਆਂ ਲਿਆਦੀਆਂ। ਜਦ ਸਮਾਪਤੀ ਤੋਂ ਬਾਦ ਉਹ ਦੁਕਾਨਦਾਰ ਪੈਸੇ ਲੈਣ ਆਇਆ ਤਾਂ ਸੰਤ ਕਹਿੰਦਾ “ਜਾ ਭਾਈ ਤੈਨੂੰ ਗੁਰੂ ਦੀਆਂ ਖੁਸ਼ੀਆਂ ਦਿੱਤੀਆਂ” ਤਾਂ ਦੁਕਾਨਦਾਰ ਨੇ ਫਿਰ ਕਿਹਾ ਕਿ ਮੈਨੂੰ ਖੁਸ਼ੀਆਂ ਨਹੀਂ ਚਾਹੀਦੀਆਂ ਮੈਨੂੰ ਪੈਸੇ ਚਾਹੀਦੇ ਹਨ, ਬਾਬੇ ਨੇ ਫਿਰ ਕਿਹਾ ਤੈਨੂੰ ਗੁਰੂ ਦੀਆਂ ਖੁਸ਼ੀਆਂ ਦਿੱਤੀਆਂ। ਦੁਕਾਨਦਾਰ ਨੇ ਫਿਰ ਕਿਹਾ ਮੈਨੂੰ ਪੈਸੇ ਦਿਉ। ਜਦੋਂ ਸੰਤ ਨੇ ਦੇਖਿਆ ਕਿ ਇਹ ਪੈਸੇ ਲਏ ਬਗੈਰ ਨਹੀ ਜਾਵੇਗਾ ਤਾਂ ਬਾਬੇ ਨੇ ਕਿਸੇ ਸ਼ਰਧਾਲੂ ਕੋਲੋਂ ਪੈਸੇ ਲੈ ਕੇ ਦੇ ਦਿੱਤੇ, ਬਾਅਦ ਵਿੱਚ ਚੇਲਿਆਂ (ਏਜੰਟਾਂ) ਨੇ ਪ੍ਰਚਾਰ ਕਰ ਦਿੱਤਾ ਕਿ ਇਸ ਨੇ ਖੰਡ ਦੇ ਪੈਸੇ ਲੈ ਲਏ ਸੀ ਇਸ ਕਰਕੇ ਦੁਕਾਨਦਾਰ ਨੂੰ --- ਹਜ਼ਾਰ ਦਾ ਘਾਟਾ ਪੈ ਗਿਆ। ਇਸ ਤਰ੍ਹਾਂ ਇਹ ਏਜੰਟ ਹਮੇਸ਼ਾ ਸੰਤਾਂ ਦੇ ਝੂਠ ਦੇ ਹੱਕ ਵਿੱਚ ਪ੍ਰਚਾਰ ਕਰਦੇ ਰਹਿੰਦੇ ਹਨ ਜੇ ਕੋਈ ਸੰਤ ਵਿਦੇਸ਼ ਗਿਆ ਹੋਵੇ ਤਾਂ ਕੋਈ ਸੱਜਣ ਸੰਤ ਨੂੰ ਮਿਲਣ ਡੇਰੇ ਆ ਜਾਵੇ ਤਾਂ ਏਜੰਟ ਪਹਿਲਾਂ ਹੀ ਫੋਨ ਚੁੱਕ ਕੇ ਬਾਬੇ ਨਾਲ ਗੱਲ ਕਰਨ ਲੱਗ ਪੈਦੇ ਹਨ, ਜਦੋਂ ਉਹ ਸੱਜਣ, ਏਜੰਟ ਕੋਲ ਆ ਕੇ ਬੈਠਦਾ ਹੈ ਤਾਂ ਏਜੰਟ ਫੋਨ ਤੇ ਇਸ ਤਰ੍ਹਾਂ ਦਾ ਪ੍ਰਗਟਾਵਾ ਕਰਦਾ ਹੈ ਕਿ ਬਾਬਾ ਜੀ ਨੂੰ ਵਿਦੇਸ਼ ਵਿੱਚ ਬੈਠੇ ਹੀ ਪਤਾ ਲੱਗ ਗਿਆ ਕਿ ਫਲਾਣਾ ਸੱਜਣ ਉਸ ਦੇ ਡੇਰੇ ਬੈਠਾ ਹੈ, ਉਸ ਨੂੰ ਇਹ ਸੇਵਾ ਲਾ ਦਿਉ, ਪਾਸ ਬੈਠਾ ਸੱਜਣ ਬਹੁਤ ਖੁਸ਼ ਹੁੰਦਾ ਹੈ ਕਿ ਬਾਬਾ ਜੀ ਕਿੰਨੀ ਕਰਨੀ ਵਾਲੇ ਹਨ ਕਿ ਉਹਨਾਂ ਨੂੰ ਪਤਾ ਹੈ ਕਿ ਮੈ ਇਸ ਵੇਲੇ ਇਥੇ ਹਾਜਰ ਹਾਂ। ਇਸ ਤਰ੍ਹਾਂ ਇਹ ਸੰਗਤ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ।

ਇਹ ਸਾਧ ਸੰਤ, ਗੁਰਮਤਿ ਸਿਧਾਂਤ ਤੋਂ ਕੋਹਾਂ ਦੂਰ ਹਨ ਇਹਨਾਂ ਵਿਚੋਂ ਬਹੁਤੇ ਜਾਤ-ਪਾਤ ਦੇ ਹਾਮੀ ਹਨ ਇਹ ਕਿਸੇ ਗਰੀਬ ਸਿੱਖ ਨਾਲ ਬੈਠ ਕੇ ਲੰਗਰ ਨਹੀ ਛਕ ਸਕਦੇ ਇਹ ਗਰੀਬ ਨੂੰ ਵੇਖ ਕੇ ਸੜ ਕੇ ਕੋਇਲੇ ਹੋ ਜਾਂਦੇ ਹਨ ਅਤੇ ਅਮੀਰ ਨੂੰ ਵੇਖ ਕੇ ਖੁਸ਼ ਹੁੰਦੇ ਹਨ, ਅਮੀਰਾਂ ਨੂੰ ਸ਼ਪੈਸ਼ਲ ਖਾਣੇ, ਅਛ ਸਹੂਲਤਾਂ ਦਿੰਦੇ ਹਨ ਇਹ ਸਟੇਜਾਂ ਤੇ ਬੋਲਦੇ, ਸੰਗਤ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਦੇ ਹਨ ਪਰ ਡੇਰਿਆਂ ਵਿੱਚ ਕੇਵਲ ਥਾਪੜੇ, ਅਸ਼ੀਰਵਾਦਾਂ ਦਿੰਦੇ ਹਨ ਕਿਸੇ ਨੂੰ ਕਦੇ ਅੰਮ੍ਰਿਤ ਛਕਣ ਵਾਸਤੇ ਨਹੀ ਕਹਿੰਦੇ। ਜਿਹੜੇ ਸੰਤ ਅੰਮ੍ਰਿਤ ਛਕਾਉਂਦੇ ਹਨ ਉਹ ਵੱਖ-ਵੱਖ ਆਪਣਾ-ਆਪਣਾ ਅੰਮ੍ਰਿਤ ਛਕਾ ਰਹੇ ਹਨ, ਗੁਰੂ ਦਾ ਅੰਮ੍ਰਿਤ ਨਹੀ ਛਕਾਉਂਦੇ, ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਅੰਮ੍ਰਿਤ ਦੀ ਦਾਤ ਹੁਣ ਇਹਨਾਂ ਢੋਂਗੀ ਸੰਤਾਂ ਦੀ ਦਾਤ ਬਣਾਈ ਹੈ।

ਬਿਨਾ ਕੋਈ ਕਾਰੋਬਾਰ ਕੀਤਿਆਂ ਇਹ ਸੰਤ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਹਨ, ਇਹ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਠੱਗੀ ਰਾਹੀ ਮਾਇਆ ਕਮਾ ਰਹੇ ਹਨ ਨਿਸ਼ਕਾਮਤਾ ਦਾ ਢੌਂਗ ਰਚ ਕੇ ਇਹ ਕਰੋੜਾਂ ਪਤੀ ਬਣੇ ਹੋਏ ਹਨ, ਵਿਦੇਸ਼ਾਂ ਵਿੱਚ ਪ੍ਰਚਾਰ ਕਰਨ ਦਾ ਢੌਂਗ ਰਚ ਕੇ ਕੇਵਲ ਮਾਇਆ ਇੱਕਠੀ ਕਰਨ ਵਾਸਤੇ ਜਾਂਦੇ ਹਨ। ਜਿੰਨ੍ਹਾਂ ਦੇਸ਼ਾਂ ਵਿੱਚ ਪੈਸੇ ਘੱਟ ਹਨ ਇਹ ਕਦੇ ਵੀ ਪ੍ਰਚਾਰ ਵਾਸਤੇ ਉਥੇ ਨਹੀ ਵੜਦੇ, ਕੀ ਇਸ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਹੋ ਗਿਆ ਹੈ? ਅਮੀਰ ਲੋਕ ਭੁਲੇਖੇ ਵਿੱਚ ਇਹਨਾਂ ਤੋਂ ਸ਼ਾਤੀ ਲੈਣ ਵਾਸਤੇ, ਸਵਰਗ ਲੈਣ ਵਾਸਤੇ ਇਹਨਾਂ ਨੂੰ ਮਾਇਆ ਦਿੰਦੇ ਹਨ। ਮੁਸਲਮਾਨਾਂ ਨੇ ਹੂਰਾਂ ਦੇ ਲਾਲਚ ਨੂੰ ਮੰਨਿਆ ਹੈ ਅੱਜ ਤੱਕ ਉਹਨਾਂ ਨੂੰ ਇੱਕ ਵੀ ਹੂਰ ਦੇ ਦਰਸ਼ਨ ਨਹੀ ਹੋਏ ਅਤੇ ਨਾ ਹੀ ਹੋਣਗੇ। ਇਸੇ ਤਰ੍ਹਾਂ ਇਹਨਾਂ ਸਾਧਾਂ ਸੰਤਾਂ ਨੇ ਵੀ ਸ਼ਰਧਾਲੂਆਂ ਵਾਸਤੇ ਸਵਰਗ ਦੇ ਬੂਹੇ ਸਦਾ ਖੋਲ੍ਹ ਰੱਖੇ ਹਨ। ਗੁਰੂ ਜਿੰਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ।

ਨਾਨਕਸਰ ਲੰਗਰ ਨਹੀ ਪੱਕਦਾ, ਮਾਇਆ, ਗੋਲਕ ਵਿੱਚ ਨਹੀ ਪਵਾਈ ਜਾਂਦੀ, ਅਖੰਡ ਪਾਠ, ਸੰਪਟ, ਸੁਖਮਨੀ ਸਾਹਿਬ ਦੇ ਪਾਠ ਚਲਦੇ ਰਹਿੰਦੇ ਹਨ, ਦੇਗ ਕੜਾਹ ਪ੍ਰਸ਼ਾਦ ਤਾ ਜਰੂਰ ਬਣਦਾ ਹੋਵੇਗਾ, ਕੀ ਬਾਬਾ ਨੰਦ ਸਿੰਘ ਦੀ ਇਹ ਸੋਚ ਨਹੀ ਹੋ ਸਕਦੀ ਸੀ ਕਿ ਜੇਕਰ ਇਥੇ ਲੰਗਰ ਬਣਨ ਲੱਗ ਪਿਆ ਜਾਂ ਮਾਇਆ ਗੋਲਕ ਵਿੱਚ ਪੈਣ ਲੱਗ ਪਈ ਤਾਂ ਇਸ ਜਗ੍ਹਾ ਤੇ ਇੱਕ ਹੋਰ ਡੇਰਾ ਬਣ ਜਾਵੇਗਾ ਅਤੇ ਅੱਗੋਂ ਗੱਦੀ ਪਰੰਪਰਾ ਸ਼ੁਰੂ ਹੋ ਜਾਵੇਗੀ। ਇੱਕ ਵੱਖਰਾ ਮੱਤ ਉਭਰ ਕੇ ਸਾਹਮਣੇ ਆ ਜਾਵੇਗਾ ਜੋ ਕਿ ਕੌਮ ਲਈ ਅੰਤਿਅੰਤ ਖ਼ਤਰਨਾਕ ਹੋ ਜਾਵੇਗਾ।

ਇਥੇ ਲੰਗਰ ਨਹੀ ਬਣਨਾ, ਮਾਇਆ ਗੋਲਕ ਵਿੱਚ ਨਹੀ ਪਾਉਣੀ ਇਹ ਇਥੋਂ ਦੀ ਮਰਯਾਦਾ ਬਣ ਗਈ। ਦੇਹਧਾਰੀ ਗੱਦੀਆਂ ਉਥੇ ਲੱਗ ਗਈਆਂ, ਗੋਲੀਆਂ ਚਲਦੀਆਂ ਹਨ, ਇਹਨਾਂ ਦੇ ਚੇਲੇ ਸ਼ਰਧਾਲੂਆਂ ਨੂੰ ਕੇਵਲ ਆਪਣੇ ਹੀ ਬਾਬੇ ਕੋਲ ਲਿਜਾਂਦੇ ਹਨ, ਇਹ ਸੰਤ ਆਪਸ ਵਿੱਚ ਵੀ ਇੱਕ ਦੂਜੇ ਨੂੰ ਝੂਠੇ ਸਾਬਤ ਕਰ ਰਹੇ ਹਨ।

ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਰੀਆਂ ਪ੍ਰਚਾਰਕ ਸਭਾ ਸੁਸਾਇਟੀਆਂ, ਸਿੰਘ ਸਭਾਵਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਇਹਨਾਂ ਸਾਧਾਂ ਸੰਤਾਂ ਨੂੰ ਮੂੰਹ ਨਾ ਲਾਉਣ ਇਹਨਾਂ ਦੇ ਪ੍ਰਚਾਰ ਦਾ ਵਾਧਾ ਰੋਕਿਆ ਜਾਵੇ ਤਾਂ ਕਿ ਸਿੱਖ ਕੌਮ ਨੂੰ ਅੰਦਰੂਨੀ ਢਾਹ ਲੱਗਣ ਤੋਂ ਬਚਾਇਆ ਜਾ ਸਕੇ ਹੁਣ ਕੇਵਲ “ਗੁਰੂ ਗਰੰਥ ਸਾਹਿਬ ਜੀ” ਉਪਰ ਭਰੋਸਾ ਕਰੀਏ ਕੇਵਲ ਤੇ ਕੇਵਲ ਗੁਰਬਾਣੀ ਗੁਰੂ ਤੋ ਸਿੱਖਿਆ ਪ੍ਰਾਪਤ ਕਰੀਏ, ਇਹਨਾਂ ਸਾਧਾ ਸੰਤਾਂ ਤੇ ਭਰੋਸਾ ਕਰਕੇ ਸਿੱਖ ਕੌਮ ਨੇ ਬਹੁਤ ਜਿਆਦਾ ਨੁਕਸਾਨ ਕਰਵਾ ਲਿਆ ਹੈ। ਸੰਗਤ ਨੂੰ ਇਤਨਾ ਸੁਚੇਤ ਕਰੀਏ ਕਿ ਇਹਨਾਂ ਸਾਧਾਂ ਸੰਤਾਂ ਦੇ ਡੇਰਿਆਂ ਵਿੱਚ ਕੇਵਲ ਕਬੂਤਰ ਹੀ ਬੋਲਣ।

“ਬਾਣੀ ਗੁਰੂ, ਗੁਰੂ ਹੈ ਬਾਣੀ”

ਗੁਰੂ ਸ਼ਬਦ ਦੋ ਅੱਖਰਾਂ ਤੋਂ ਬਣਿਆਂ ਹੈ। ਅਗਿਆਨ ਵਿਨਾਸ਼ਕ, ਗੁਰਬਾਣੀ ਗੁਰੂ ਹੈ। ਗੁਰੂ ਤੋਂ ਬਿਨਾਂ ਸਮਝ ਨਹੀ ਆ ਸਕਦੀ। ਗੁਰ ਫੁਰਮਾਨ ਹੈ।

“ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ॥

ਮਨ ਕੀ ਦੁਬਿਧਾ ਬਿਨਸ ਜਾਇ ਹਰਿ ਪਰਮ ਪਦੁ ਲਹੀਐ॥

ਸੁਖ ਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ॥

“ਗੁਰਬਿਨੁ ਘੋਰ ਅੰਧਾਰੁ ਗੁਰੁ ਬਿਨੁ ਸਮਝ ਨ ਆਵੈ॥

ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥

ਗੁਰੁ ਕਰੁ ਸਚਿ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ॥

ਗੁਰੁ ਕਰ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ॥

ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨ੍ਹਲ ਕਹਿ॥

ਜਿਨਿ ਗੁਰੂ ਨ ਦੇਖਿਅਹੁ ਨਹੁ ਕੀਅਹੁ ਤੇ ਅਕਯਥ ਸੰਸਾਰ ਮਹਿ॥”

(ਸਵਯੇ ਮਹਲੇ -- ਕੇ)

“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰ॥”

(ਸ੍ਰੀ ਰਾਗ ਮਹਲਾ --)

ਕੇਵਲ ਤੇ ਕੇਵਲ ਗੁਰੂ ਪ੍ਰਮਾਤਮਾ ਹੀ ਅਭੁੱਲ ਹੈ ਬਾਕੀ ਸਭ ਭੁਲਣ ਹਾਰ ਹਨ ਇਸ ਕਰਕੇ ਕੋਈ ਦੇਹਧਾਰੀ ਗੁਰੂ, ਕੋਈ ਸੰਤ ਗੁਰੂ ਕਦੇ ਵੀ ਨਹੀ ਹੋ ਸਕਦਾ।

“ਗੁਰ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦ ਨ ਭਾਈ॥”

ਦਸੇ ਪਾਤਸ਼ਾਹੀਆਂ ਇੱਕ ਹੀ ਹਨ ਅਤੇ ਉਹਨਾਂ ਦੇ ਸਰੂਪ “ਗੁਰੂ ਗਰੰਥ ਸਾਹਿਬ” ਜੀ ਹਨ ਜੁਗੋ ਜੁੱਗ ਅਟੱਲ “ਗੁਰੂ ਗਰੰਥ ਸਾਹਿਬ ਜੀ ਗੁਰੂ ਹਨ ਹੋਰ ਕੋਈ ਗੁਰੂ ਹੋ ਹੀ ਨਹੀ ਸਕਦਾ।

“ਗੁਰ ਜੈਸਾ ਨਾਹੀ ਕੋ ਦੇਵ”

ਗੁਰੂ ਸ਼ਬਦ ਹੈ, ਪ੍ਰਮਾਤਮਾ ਪ੍ਰਕਾਸ਼ ਹੈ, ਗੁਰੂ ਨੂੰ ਸੁਣਨਾ ਹੈ ਪ੍ਰਕਾਸ਼ ਅੰਦਰ ਹੋਵੇਗਾ ਜਿਸ ਨੂੰ ਸੁਣਨ ਦੀ ਜਾਚ ਨਹੀਂ ਆਈ ਵੇਖ ਵੀ ਨਹੀ ਸਕਦਾ, ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਵਿਆਪਕ ਹੈ। ਸ਼ਬਦ ਗੁਰੂ ਹੈ। ਪ੍ਰਮਾਤਮਾ ਵੀ ਵਿਆਪਕ ਹੈ। ਸ਼ਬਦ ਗੁਰੂ ਹੈ। ਪ੍ਰਮਾਤਮਾ ਸੰਗੀਤ ਬਣਕੇ ਬਾਹਰ ਪ੍ਰਗਟ ਹੋਇਆ “ਨਾਨਕ ਭਉਜਲ ਪਾਰ ਪਵੈ ਜੋ ਗਾਵੈ ਪ੍ਰਭ ਕੇ ਗੀਤ॥” ਸ਼ਬਦ ਗੁਰੂ ਦੇ ਹੁੰਦਿਆਂ ਹੋਇਆਂ ਨਾ ਗੁਰੂ ਦੀ ਸਮਝ ਹੈ ਨਾ ਪ੍ਰਮਾਤਮਾਂ ਦੀ। ਪਦਾਰਥਵਾਦੀ ਜੁੱਗ ਵਿੱਚ ਅਕਲਾਂ ਪੱਥਰ ਹੋ ਗਈਆਂ ਹਨ ਨਾ ਝੂਠ ਦੀ ਸਮਝ ਹੈ ਨਾ ਸੱਚ ਦੀ, ਜੇ ਝੂਠ ਦੀ ਸਮਝ ਆ ਗਈ ਤਾਂ ਹੀ ਸੱਚ ਦੀ ਸਮਝ ਆਏਗੀ ਜੇ ਸੱਚ ਦੀ ਸਮਝ ਆ ਗਈ ਤਾਂਹੀ ਝੂਠ ਦੀ ਸਮਝ ਆਵੇਗੀ। ਅਣਜਾਣੇ ਵਿੱਚ ਹੀ ਦੇਹਾਂ ਪੂਜੀਆਂ ਜਾ ਰਹੀਆਂ ਹਨ ਅਗਿਆਨ ਦੀ ਪੂਜਾ ਹੋ ਰਹੀ ਹੈ। ਬਹੁਤੀ ਦੁਨੀਆਂ ਕੋਲ ਧਰਮ ਨਹੀਂ ਹੈ ਕੇਵਲ ਧਰਮ ਦਾ ਭਾਰ ਚੁੱਕੀ ਫਿਰਦੇ ਹਨ, ਸੰਸਾਰ ਦਾ ਕਰਮ ਬੰਧਨ ਹੈ ਜੇ ਧਰਮ ਦਾ ਕੰਮ ਵੀ ਬੰਧਨ ਬਣ ਜਾਵੇ ਤਾ ਮੁਕਤੀ ਕਿਥੋਂ? ਪਸ਼ੂਆਂ ਦੀ ਦੁਨੀਆਂ ਵਿੱਚ ਵਿਕਾਸ ਨਹੀਂ ਹੈ ਕਿਉਂਕਿ ਅਲਫਾਜ਼ ਨਹੀ ਹਨ, ਆਵਾਜ ਹੈ ਪਰ ਬੋਲ ਨਹੀਂ ਸਕਦੇ, ਕੁੱਝ ਦੱਸ ਨਹੀਂ ਸਕਦੇ। ਗੂੰਗਾ ਕਿਸੇ ਪਹਿਲੂ ਤੇ ਅੱਗੇ ਨਹੀਂ ਨਿਕਲ ਸਕਦਾ। ਅੰਨਾ ਬੰਦਾ ਕੀਰਤਨ ਕਰ ਸਕਦਾ ਹੈ। ਅਵਾਜ ਵਿੱਚ ਅਲਫਾਜ਼ ਹਨ ਜਿਨ੍ਹਾਂ ਨਾਲ ਸੰਸਾਰ ਨਾਲ ਸਬੰਧ ਜੁੜਦਾ ਹੈ। ਗੁਰੂ ਦਾ ਸ਼ਬਦ ਗੁਰੂ ਹੈ। ਆਵਾਜ਼ ਗੁਰੂ ਨਾਨਕ ਸਾਹਿਬ ਜੀ ਦੀ ਹੈ ਅਲਫਾਜ਼ ਰੱਬ ਦੇ ਹਨ। ਆਵਾਜ ਗੁਰੂ ਤੇਗ ਬਹਾਦਰ ਜੀ ਦੀ ਹੈ ਅਲਫਾਜ਼ ਰੱਬ ਦੇ ਹਨ।

ਜੇ ਆਵਾਜ਼ ਵੀ ਆਪਣੀ ਹੋਵੇ ਅਲਫਾਜ ਵੀ ਆਪਣੇ ਹੋਣ ਉਸਨੂੰ ਕੱਚੀ ਬਾਣੀ ਕਹਿੰਦੇ ਹਨ। ਆਪ ਨੇ ਕਦੇ ਦੇਖਿਆ ਹੋਵੇਗਾ ਝੂਠਾ ਸੋਨਾ, ਅਸਲ ਸੋਨੇ ਨਾਲੋਂ ਵੀ ਵੱਧ ਚਮਕਾਇਆ ਹੁੰਦਾ ਹੈ। ਨਕਲੀ ਸਿੱਕੇ ਨੂੰ ਬਹੁਤਾ ਸਿੰਗਾਰਿਆਂ ਜਾਂਦਾ ਹੈ। ਨਕਲੀ ਸਿੱਕੇ ਵੀ ਤੁਰੇ ਫਿਰਦੇ ਹਨ, ਧੋਖਾ ਬੜਾ ਹੈ। ਦੇਹਧਾਰੀ ਗੁਰੂ, ਸਾਧ ਸੰਤ ਸਭ ਨਕਲੀ ਸਿੱਕੇ ਹਨ, ਕੱਚੀਆਂ ਧਾਰਨਾਂ ਪੜ੍ਹਦੇ ਹਨ, ਕੱਚੇ ਹੀ ਸੁਣਦੇ ਹਨ ਪਰ ਯਾਦ ਰੱਖਣਾ ਕੱਚੇ ਫਲਾਂ ਵਿੱਚ ਕਦੇ ਮਿਠਾਸ ਨਹੀ ਹੁੰਦੀ। ਕੱਚਾ ਅੰਬ ਕੌੜਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਈਆਂ ਨੂੰ ਕੱਚੀਆਂ ਅੰਬੀਆਂ ਖਾਣ ਦਾ ਸ਼ੌਕ ਹੁੰਦਾ ਹੈ। ਬਿਮਾਰ ਵੀ ਹੋ ਜਾਂਦੇ ਹਨ ਪਰ ਫਿਰ ਵੀ ਖਾਈ ਜਾਂਦੇ ਹਨ। ਕੱਚੇ ਅੰਗੂਰ ਵੀ ਕੌੜੇ ਹੁੰਦੇ ਹਨ ਕੱਚਿਆਂ ਦਾ ਕੱਚਿਆਂ ਨਾਲ ਤਾਲ ਮੇਲ ਬੈਠ ਜਾਂਦਾ ਹੈ। ਨਕਲ ਦੀ ਪੂਜਾ ਹੋ ਰਹੀ ਹੈ। ਹੁਣ ਤਾਂ ਸਕੂਲਾਂ ਵਿੱਚ ਵੀ ਨਕਲ ਮਰਵਾਉਣ ਵਾਸਤੇ ਦਾਖਲੇ ਨਾਲ ਨਕਲ ਮਰਵਾਉਣ ਦੀ ਫੀਸ ਵੀ ਪਹਿਲਾਂ ਹੀ ਲੈ ਲਈ ਜਾਂਦੀ ਹੈ। ਹਰ ਬੰਦਾ ਪਾਟਾ ਨੋਟ ਅਤੇ ਨਕਲੀ ਸਿੱਕਾ ਪਹਿਲਾਂ ਚਲਾਉਣਾ ਚਾਹੁੰਦਾ ਹੈ। ਨਕਲੀ ਸਿੱਕਾ ਜਿਆਦਾ ਚਮਕਦਾ ਹੈ। ਕਈ ਸਵਾਲ ਕਰਦੇ ਹਨ ਗੁਰੂ ਦੀ ਬਹੁਤ ਵੱਡੀ ਕੁਰਬਾਨੀ ਪਰ ਉਮਤ ਕੁੱਝ ਵੀ ਨਹੀ ਹੈ ਸਿੱਖਾਂ ਦੀ ਗਿਣਤੀ ਘੱਟ ਹੈ, ਉਤਰ ਦੇਣਾ ਪੈਂਦਾ ਹੈ ਧਰਤੀ ਵਿਚੋਂ ਜਿੰਨਾਂ ਲੋਹਾ ਨਿਕਲਦਾ ਹੈ, ਉਤਨਾ ਸੋਨਾ ਨਹੀ ਨਿਕਲਦਾ। ਲੋਹੇ ਦੀ ਕੀਮਤ ਹੋਰ ਹੈ, ਸੋਨੇ ਦੀ ਕੀਮਤ ਹੋਰ ਹੈ। ਲੋਹੇ ਨੂੰ ਤੋਲਣ ਵਾਲੇ ਵੱਟੇ ਹੋਰ ਹਨ, ਸੋਨੇ ਨੂੰ ਤੋਲਣ ਵਾਲੇ ਵੱਟੇ ਹੋਰ ਹਨ। ਨਿਰੰਕਾਰੀ ਨੂੰ ਵੀ ਕਵੀਆਂ ਦਾ ਆਸਰਾ ਲੈਣਾ ਪਿਆ ਤਾਂ ਅਵਤਾਰ ਬਾਣੀ ਕਿਤਾਬ ਛਪੀ ਕੱਚਿਆਂ ਨੂੰ ਕੱਚਿਆਂ ਦੇ ਆਸਰੇ ਲੈਣੇ ਪੈਦੇ ਹਨ ਦੇਹਧਾਰੀ ਗੱਦੀਆਂ ਲਾਉਣ ਵਾਲੇ ਗੁਰੂ ਇਥੇ ਬਥੇਰੇ ਬਣੇ ਫਿਰਦੇ ਹਨ ਵਿਸਥਾਰ ਸਾਹਿਤ ਆਪ ਦੂਜੇ ਭਾਗ ਵਿੱਚ ਪੜ੍ਹ ਆਏ ਹੋ, ਸਭ ਕੱਚੇ ਹਨ, ਸ਼ਬਦ ਨੂੰ ਮੱਥਾ ਟੇਕਣਾ ਰੱਬ ਨੂੰ ਮੱਥਾ ਟੇਕਣਾ ਹੈ। ਸ਼ਬਦ ਨੂੰ ਸਮਝਣਾ ਰੱਬ ਨੂੰ ਸਮਝਣਾ ਹੈ, ਸ਼ਬਦ ਨੂੰ ਮੰਨਣਾ ਰੱਬ ਨਾਲ ਜੁੜਨਾ ਹੈ। ਸੱਚ ਨੂੰ ਪਾਉਣਾ ਹੀ ਪ੍ਰਮਾਤਮਾ ਨੂੰ ਪਾਉਣਾ ਹੈ। ਗੁਰਬਾਣੀ ਦੀ ਹਰ ਪੰਗਤੀ ਰੱਬੀ ਗੁਣਾਂ ਨਾਲ ਭਰੀ ਪਈ ਹੈ। ਚਾਨਣ (ਪ੍ਰਕਾਸ਼) ਫੈਲਾਅ ਰਹੀ ਹੈ “ਗੁਰਬਾਣੀ ਇਸ ਜਗੁ ਮਹਿ ਚਾਨਣੁ ਕਰਮਿ ਵਸੈ ਮਨਿ ਆਇ॥”ਜਿੰਨਾ ਚਿਰ ਗੁਰੂ ਦੀ ਸਮਝ ਨਹੀ ਆਉਂਦੀ, ਰੱਬ ਦੀ ਸਮਝ ਵੀ ਨਹੀ ਆਉਂਦੀ। ਸੋ ਭੀੜ ਤੋ ਪ੍ਰਭਾਵਤ ਨਹੀ ਹੋਣਾ। ਰਾਜਨੀਤਕ ਲੀਡਰ ਅਊਦੇ ਹਨ ਝੂਠੇ ਲੈਕਚਰ ਝਾੜਦੇ ਹਨ, ਝੂਠੇ ਲੋਕਾਂ ਦੀ ਭੀੜ ਸ਼ੌਕ ਨਾਲ ਸੁਣਦੀ ਹੈ। ਝੂਠ, ਝੂਠ ਨੂੰ ਖਿਚਦਾ ਹੈ, ਸੁਣਨ ਵਾਲੇ ਝੂਠੇ, ਬੋਲਣ ਵਾਲੇ ਝੂਠੇ ਇਮਾਨਦਾਰਾਂ ਦੀ ਭੀੜ ਨਹੀ ਹੈ, ਬੇਈਮਾਨਾਂ ਦੀ ਬਹੁਤ ਭੀੜ ਹੈ। ਜੋ ਕੇਵਲ ਗਿਣਤੀ ਤੋਂ, ਭੀੜ ਤੋ ਪ੍ਰਭਾਵਤ ਹੈ ਇਸਦੇ ਅੰਦਰ ਕੋਈ ਸਚਾਈ ਨਹੀ ਹੁੰਦੀ। ਗੁਰੂ ਪ੍ਰਮਾਤਮਾ ਵਿਆਪਕ ਹੈ। ਸ਼ਬਦ ਗੁਰੂ ਵਿਆਪਕ ਹੈ। ਅਧੂਰਾ ਗੁਰੂ ਕਿਸੇ ਦੇ ਕੋਠੇ ਜਾਂ ਭੋਰੇ ਵਿੱਚ ਹੋਵੇਗਾ ਉਹ ਵਿਆਪਕ ਨਹੀ ਹੋ ਸਕਦਾ। ਸ਼ਬਦ ਗੁਰੂ ਸਦੀਵੀ ਹੈ ਪੂਰਾ ਹੈ। ਯਾਦ ਰੱਖਣਾ! ਜਿਸਦਾ ਗੁਰੂ ਪੂਰਾ ਹੈ ਉਸਦਾ ਪ੍ਰਮਾਤਮਾ ਵੀ ਪੂਰਾ ਹੈ। ਜਿਸਦਾ ਗੁਰੂ ਅਧੂਰਾ ਹੈ ਉਸਦਾ ਪ੍ਰਮਾਤਮਾ ਵੀ ਅਧੂਰਾ ਹੈ। ਉਹ ਆਪ ਵੀ ਅਧੂਰਾ ਹੀ ਰਹੇਗਾ।

ਬੋਲਣਹਾਰੁ ਪਰਮ ਗੁਰ ਏਹੀ॥

ਐਨ ਦੇਹਧਾਰੀ ਗੁਰੂਆਂ ਦੀ ਤਰਜ ਤੇ ਅੱਜ ਦੇ ਸਾਧ, ਸੰਤ ਵੀ ਗੱਲਾਂ ਗੱਲਾਂ ਵਿੱਚ ਆਪਣੇ ਚੇਲਿਆਂ ਨੂੰ ਇਹ ਕੁਟਲ ਨੀਤੀ ਭਰੀ ਸਿੱਖਿਆ ਦੇ ਰਹੇ ਹਨ ਕਿ ਗੁਰੂ ਗਰੰਥ ਸਾਹਿਬ ਕਿਹੜਾ ਆਪ ਬੋਲ ਕੇ ਦੱਸਦੇ ਹਨ, ਵਿੱਚ ਵਿਚੋਲਾ ਚਾਹੀਦਾ ਹੈ ਜੋ ਬੋਲ ਕੇ ਦੱਸੇ, ਦੇਹਧਾਰੀ ਗੁਰੂ ਡੰਮੀਏ ਆਪਣੇ ਆਪ ਨੂੰ ਵਿਚੋਲੇ ਦੱਸਦੇ ਹਨ ਇਧਰ ਇਹ ਸਾਧ, ਸੰਤ ਅਖੌਤੀ ਬ੍ਰਹਮ ਗਿਆਨੀਆਂ ਦੇ ਚੇਲੇ ਵੀ ਕਹਿੰਦੇ ਹਨ ਕਿ ਗੁਰੂ ਗਰੰਥ ਸਾਹਿਬ ਬੋਲਦੇ ਨਹੀ ਹਨ, ਇਹ ਸੰਤ, ਸਾਧ ਬੋਲਦੇ ਹਨ। ਕੀ ਇਹ ਸਾਧ ਸੰਤ ਅਤੇ ਇਹਨਾਂ ਦੇ ਚੇਲੇ ਦੇਹਧਾਰੀ ਗੁਰੂ ਡੰਮੀਆਂ ਦੀ ਪਿੱਠ ਨਹੀ ਪੂਰ ਰਹੇ? ਕੀ ਲੁਧਿਆਣੇ ਨੂੰ ਜਾਂਦਿਆਂ ਸੜਕ ਤੇ ਲੱਗੇ ਮੀਲ ਪੱਥਰ ਨੇ ਆਪ ਬੋਲ ਕੇ ਦੱਸਿਆ ਹੈ ਕਿ ਲੁਧਿਆਣਾ ਇਥੋਂ ੪੦ ਕਿਲੋਮੀਟਰ ਹੈ। ਕੀ ਇਹਨਾਂ ਸਾਧਾਂ ਨੇ ਗੁਰੂ ਗਰੰਥ ਸਾਹਿਬ ਅੰਦਰ ਲਿਖੇ ਇਹ ਬਚਨ ਕਦੇ ਨਹੀਂ ਪੜ੍ਹੇ। “ਜਉ ਗੁਰਦੇਉ ਤ ਮਿਲੈ ਮੁਰਾਰਿ॥”

ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਸ ਸ਼ਬਦ ਦੇ ਭਾਵ ਇਸ ਤਰ੍ਹਾਂ ਹਨ-

ਅਰਥ-ਜੇ ਗੁਰੂ ਮਿਲ ਪਏ ਤਾਂ ਪ੍ਰਮਾਤਮਾ ਮਿਲ ਪੈਂਦਾ ਹੈ।

ਜਉ ਗੁਰਦੇਉ ਤ ਉਤਰੈ ਪਾਰਿ॥ ਗੁਰੂ ਗਰੰਥ ਸਾਹਿਬ ਜੀ

ਅਰਥ-ਗੁਰ ਬਾਣੀ ਗੁਰੂ ਨੂੰ ਮੰਨਣ ਵਾਲੇ ਡਰਾਂ ਦੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

ਜਉ ਗੁਰ ਦੇਉ ਤ ਬੈਕੁੰਠ ਤਰੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਸਵਰਗ ਆਦਿ ਤੋਂ ਉਪਰ ਉਠ ਜਾਂਦੇ ਹਨ।

ਜਉ ਗੁਰ ਦੇਉ ਤ ਜੀਵਤ ਮਰੈ॥

ਅਰਥ- “ਗੁਰੂ ਗਰੰਥ ਸਾਹਿਬ” (ਗੁਰਬਾਣੀ ਗੁਰੂ) ਨੂੰ ਮੰਨਣ ਵਾਲੇ ਜੀਵਨ ਮੁਕਤ ਹੋ ਜਾਂਦੇ ਹਨ।

ਸਤਿ ਸਤਿ ਸਤਿ ਸਤਿ ਸਤਿ ਗੁਰ ਦੇਵ॥

ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ॥ ਰਹਾਉ॥

ਅਰਥ-ਸਾਰੇ ਸ਼ਬਦ ਦਾ ਕੇਂਦਰੀ ਭਾਵ ਇਹਨਾਂ ਬੋਲਾਂ ਦੇ ਅੰਦਰ ਹੈ ਕਿ ਹੋਰ ਸਭ ਦੇਹਧਾਰੀ ਡੰਮੀਆਂ ਦੀ ਪੂਜਾ, ਸਾਧਾ, ਸੰਤਾਂ ਦੀ ਪੂਜਾ ਦੇਵੀ ਦੇਵਤਿਆਂ ਦੀ ਪੂਜਾ, ਧਰਮ ਦੇ ਨਾਂ ਤੇ ਕਰਮ ਕਾਂਡ ਹਨ ਅਤੇ ਇਹ ਸਭ ਪੂਜਾ ਝੂਠ ਹੈ ਵਿਅਰਥ ਹੈ। ਕੇਵਲ ਇਹ ਧੁਰ ਕੀ ਬਾਣੀ, ਗੁਰਬਾਣੀ ਸੱਚ ਹੈ, ਸੱਚ ਹੈ, ਸੱਚ ਹੈ, ਸੱਚ ਹੈ, ਸੱਚ ਹੈ।

ਜਉ ਗੁਰਦੇਉ ਤ ਨਾਮੁ ਦ੍ਰਿੜਾਵੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਸਿੱਖਾਂ ਦੇ ਅੰਦਰ ਨਾਮ ਬਾਣੀ (ਸੱਚ) ਦ੍ਰਿੜ ਹੋ ਜਾਂਦਾ ਹੈ ਭਾਵ ਕਿ ਗੁਰੂ ਦੇ ਬਚਨ ਮੰਨ ਕੇ ਕਮਾ ਕੇ ਜਨਮ ਸਫਲ ਬਣਾਇਆ ਜਾਂਦਾ ਹੈ।

ਜਉ ਗੁਰ ਦੇਉ ਨ ਦਹਦਿਸ ਧਾਵੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਸਿੱਖਾਂ ਦਾ ਮਨ ਦਸਾਂ ਦਿਸ਼ਾਵਾਂ `ਚ ਨਹੀ ਭਟਕਦਾ ਭਾਵ ਕਿ ਉਹ ਸਿੱਖ ਕੋਈ ਦੂਰ ਦੁਰੇਡੇ, ਇੱਧਰ ਉਧਰ ਪ੍ਰਮਾਤਮਾ ਦੀ ਭਾਲ ਵਾਸਤੇ ਨਹੀ ਜਾਂਦੇ ਉਹ ਅੰਦਰ ਵੱਸਦੇ ਪ੍ਰਮਾਤਮਾ ਨੂੰ ਪਾ ਲੈਂਦੇ ਹਨ ਭਾਵ ਸੱਚ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ।

ਜਉ ਗੁਰ ਦੇਉ ਪੰਚ ਤੇ ਦੂਰਿ॥

ਅਰਥ-ਗੁਰੂ ਬਾਣੀ ਗੁਰੂ ਨੂੰ ਮੰਨਣ ਵਾਲਿਆਂ ਦੇ ਅੰਦਰ ਕਾਮਰਸ ਜੋ ਨਾਮ ਰਸ ਬਣ ਜਾਂਦਾ ਹੈ, ਲ਼ੋਧ ਰਸ ਜੋ ਬੀਰ ਰਸ ਬਣ ਜਾਂਦਾ ਹੈ, ਲੋਭ ਜੋ ਪਰਉਪਕਾਰ ਬਣ ਜਾਂਦਾ ਹੈ, ਮੋਹ ਰਸ, ਪ੍ਰੇਮਰਸ ਬਣ ਜਾਂਦਾ ਹੈ, ਹੰਕਾਰ ਜੋ ਨਿਮਰਤਾ (ਸੱਚੀ ਨਿਮਰਤਾ, ਕਾਇਰਤਾ ਨਹੀ) ਬਣ ਜਾਂਦਾ ਹੈ।

ਜਉ ਗੁਰ ਦੇਉ ਨ ਮਰਿਬੋ ਝੂਰਿ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਚਿੰਤਾ, ਝੋਰਿਆਂ ਵਿੱਚ ਨਹੀ ਮਰਦੇ, ਜੀਵਨ ਮੁਕਤ ਹੋ ਜਾਂਦੇ ਹਨ।

ਜਉ ਗੁਰਦੇਉ ਤ ਅੰਮ੍ਰਿਤ ਬਾਨੀ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਮਿਠ ਬੋਲੜੇ ਹੁੰਦੇ ਹਨ ਪਰ ਨਾ ਵਾਧਾ ਕਰਦੇ ਹਨ ਨਾ ਵਾਧਾ ਜਰਦੇ ਹਨ ਹੱਕ ਸੱਚ ਤੇ ਪਹਿਰਾਂ ਦਿੰਦੇ ਹਨ।

ਜਉ ਗੁਰ ਦੇਉ ਤ ਅਕਥ ਕਹਾਨੀ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਕਹਿਣ ਕਥਨ ਤੋਂ ਪਰੇ ਪ੍ਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ।

ਜਉ ਗੁਰ ਦੇਉ ਤ ਅੰਮ੍ਰਿਤ ਦੇਹ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦਾ ਤਨ (ਮਨ) ਪਵਿਤਰ ਹੋ ਜਾਂਦਾ ਹੈ।

ਜਉ ਗੁਰ ਦੇਉ ਨਾਮੁ ਜਪਿ ਲੇਹ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਸਦਾ ਗੁਰਮਤਿ ਦੇ ਧਾਰਨੀ ਹੋ ਕੇ ਰਹਿੰਦੇ ਹਨ।

ਜਉ ਗੁਰ ਦੇਉ ਭਵਨ ਤ੍ਰੈ ਸੂਝੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ, ਤਿੰਨਾਂ ਭਵਨਾਂ (ਸਾਰੇ ਥਾਂਵਾਂ) ਵਿੱਚ ਵੱਸਦੇ ਪ੍ਰਮਾਤਮਾ ਦੀ ਸੋਝੀ ਪਾ ਲੈਂਦੇ ਹਨ।

ਜਉ ਗੁਰ ਦੇਉ ਊਚ ਪਦ ਬੂਝੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਉਚੀ ਆਤਮਿਕ ਅਵਸਥਾ ਪਾ ਲੈਂਦੇ ਹਨ, ਮਨ ਕਰਕੇ ਨੀਵੇਂ, ਮੱਤ ਕਰਕੇ ਉਚੇ ਹੁੰਦੇ ਹਨ ਉਹ ਸਿੱਖ ਸੇਵਕ ਬਣਕੇ ਰਹਿੰਦੇ ਹਨ ਕਦੇ ਭੁਲ ਕੇ ਵੀ ਸਾਧ ਸੰਤ ਬ੍ਰਹਮਗਿਆਨੀ ਪੂਰਨ ਬ੍ਰਹਮਗਿਆਨੀ, ਗੁਰੂ, ਸਤਿਗੁਰੂ ਆਪਣੇ ਨਾਵਾਂ ਨਾਲ ਜੋੜ ਕੇ ਨਰਕਾਂ ਦੇ ਭਾਗੀ ਨਹੀ ਬਣਦੇ।

ਜਉ ਗੁਰ ਦੇਉ ਤ ਸੀਸ ਅਕਾਸਿ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦੀ ਮੱਤ ਬਹੁਤ ਉਚੀ ਹੁੰਦੀ ਹੈ।

ਜਉ ਗੁਰ ਦੇਉ ਸਦਾ ਸਾਬਾਸਿ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦੀ ਸੱਚ ਦੇ ਦਰਬਾਰ ਵਿੱਚ ਸ਼ੋਭਾ ਸਦਾ ਹੁੰਦੀ ਹੈ।

ਜਉ ਗੁਰ ਦੇਉ ਸਦਾ ਬੈਰਾਗੀ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦੇ ਅੰਦਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਤਿਆਗ ਅਤੇ ਵੈਰਾਗ ਦੀ ਭਾਵਨਾ ਹੁੰਦੀ ਹੈ।

ਜਉ ਗੁਰ ਦੇਉ ਪਰ ਨਿੰਦਾ ਤਿਆਗੀ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਸਦਾ ਸੱਚ ਬੋਲਦੇ ਹਨ ਕੰਡੇ ਨੂੰ ਕੰਡਾ ਕਹਿੰਦੇ ਹਨ ਕਦੇ ਨਿੰਦਾ ਨਹੀ ਕਰਦੇ।

ਜਉ ਗੁਰ ਦੇਉ ਬੁਰਾ ਭਲਾ ਏਕ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਹੱਕ ਸੱਚ ਤੇ ਪਹਿਰਾ ਦਿੰਦੇ ਹੋਏ ਆਪਣੇ ਨਿੱਜ ਦੇ ਭਲੇ ਵਾਸਤੇ ਕਿਸੇ ਦਾ ਬੁਰਾ ਨਹੀ ਕਰਦੇ।

ਜਉ ਗੁਰ ਦੇਉ ਲਿਲਾਟਹਿ ਲੇਖ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦੇ ਮੱਖ਼ਥੇ ਦੇ ਲੇਖ ਆਪਣੇ ਆਪ ਚੰਗੇ ਲਿਖੇ ਜਾਂਦੇ ਹਨ।

ਜਉ ਗੁਰ ਦੇਉ ਕੰਧੁ ਨਹੀ ਹਿਰੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਆਪਣੇ ਸਰੀਰ ਨੂੰ ਨਸ਼ਿਆਂ ਵਿਕਾਰਾਂ ਵਿੱਚ ਨਹੀ ਗਾਲਦੇ।

ਜਉ ਗੁਰ ਦੇਉ ਦੇਹੁਰਾ ਫਿਰੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਆਪਣਾ ਮੂੰਹ (ਮਨ) ਮਨਮਤਿ ਵਲੋਂ ਫੇਰ ਕੇ ਗੁਰਮਤਿ ਵੱਲ ਕਰ ਲੈਂਦੇ ਹਨ ਸਦਾ ਗੁਰੂ ਪ੍ਰਮਾਤਮਾ ਦੇ ਹੋ ਕੇ ਰਹਿੰਦੇ ਹਨ। ਉਹੀ ਪੱਤ ਰੱਖਣ ਵਾਲਾ ਹੈ। ਜਿਸ ਤਰ੍ਹਾਂ ਨਾਮਦੇਵ ਜੀ ਦੀ ਰੱਖੀ।

ਜਉ ਗੁਰ ਦੇਉ ਤ ਛਾਪਰ ਛਾਈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦਾ ਆਪ ਸਹਾਈ ਹੁੰਦਾ ਜਿਵੇਂ ਭਗਤ ਨਾਮਦੇਵ ਜੀ ਦੀ ਛੰਨ ਬੱਧੀ ਭਾਵ ਹਿਰਦੇ ਅੰਦਰ ਉਹ ਟਿਕਾਣਾ (ਘਰ) ਬਣਾ ਦਿੱਤਾ ਜਿਥੇ ਆਪ ਬਿਰਾਜਮਾਨ ਹੋਇਆ ਸੱਚ ਹੀ ਪ੍ਰਮਾਤਮਾ ਹੈ।

ਜਉ ਗੁਰ ਦੇਉ ਸਿਹਜ ਨਿਕਸਾਈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦਾ ਸਹਾਈ ਆਪ ਹੈ ਕਹਾਵਤ ਦੇ ਮੁਤਾਬਿਕ ਰਾਜੇ ਦਾ ਮੰਜਾ ਦਰਿਆ ਵਿਚੋਂ ਕੱਢ ਦਿੱਤਾ ਭਾਵ ਕਿ ਝੂਠ ਵਿਚੋ ਕੱਢ ਕੇ ਸੱਚ ਵੱਲ ਤੋਰਨਾ।

ਜਉ ਗੁਰ ਦੇਉ ਤ ਅਠਸਠਿ ਨਾਇਆ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ (ਤੀਰਥਾਂ, ਡੇਰਿਆਂ ਤੇ ਹੋ ਰਹੇ ਕਰਮ ਕਾਂਡ ਛੱਡ ਕੇ) ਗੁਰਬਾਣੀ ਸਰੋਵਰ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾਓਂਦੇ ਹਨ।

ਜਉ ਗੁਰਦੇਉ ਤਨਿ ਚਕ ਲਗਾਇਆ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਨੂੰ ਬਾਹਮਣ ਵਾਂਗੂੰ ਤਨ ਤੇ ਚੱਕਰ ਬਣਾਉਣ ਦੀ ਲੋੜ ਨਹੀਂ ਪੈਂਦੀ। (ਜਿਨ੍ਹਾਂ ਦੇ ਅੰਦਰ ਗੁਰਮਤਿ ਗਿਆਨ (ਸੱਚ) ਨਹੀ ਹੈ ਉਹਨਾਂ ਦੇ ਨਿਰੇ ਭੇਖ ਦੀ ਗੁਰਬਾਣੀ ਰਾਹੀਂ ਨਿਖੇਧੀ ਕੀਤੀ ਗਈ ਹੈ।

ਜਉ ਗੁਰ ਦੇਉ ਤ ਦੁਆਦਸ ਸੇਵਾ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਕਦੇ ਵੀ ਸ਼ਿਵ ਲਿੰਗ ਪੂਜਾ (ਧਾਰਮਿਕ ਕਰਮ ਕਾਂਡ) ਨਹੀ ਕਰਦੇ। ਨਾਂਹੀ ਲੋੜ ਪੈਂਦੀ ਹੈ।

ਜਉ ਗੁਰ ਦੇਉ ਸਭੈ ਬਿਖ ਮੇਵਾ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦੀ ਜੇ ਕੋਈ ਨਿੰਦਾ ਕਰੇ ਉਹਨਾਂ ਨੂੰ ਮਿੱਠੀ ਲੱਗਦੀ ਹੈ। ਆਸਾ, ਤ੍ਰਿਸ਼ਨਾ ਦੁਵੈਸ਼ ਈਰਖਾ ਨੂੰ ਛੱਡ ਕੇ ਉਹ ਸ਼ੀਲ ਸੰਜਮ ਨਿਰਭੈਤਾ, ਨਿਰਵੈਰਤਾ ਦੇ ਧਾਰਨੀ ਹੋ ਜਾਂਦੇ ਹਨ।

ਜਉ ਗੁਰ ਦੇਉ ਤ ਸੰਸਾ ਟੂਟੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦੇ ਅੰਦਰੋ ਵਹਿਮ ਭਰਮ ਸੰਸੇ ਖਤਮ ਹੋ ਜਾਂਦੇ ਹਨ।

ਜਉ ਗੁਰ ਦੇਉ ਤ ਜਮ ਤੇ ਛੂਟੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਦਾ ਜਨਮ ਮਰਨ ਮੁੱਕ ਜਾਂਦਾ ਹੈ। ਅਭੇਦ ਹੋ ਜਾਂਦੇ ਹਨ।

ਜਉ ਗੁਰ ਦੇਉ ਤ ਭਉਜਲ ਤਰੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਇਸ ਡਰਾਂ ਦੇ ਸੁਮੁੰਦਰ ਨੂੰ ਪਾਰ ਕਰ ਜਾਂਦੇ ਹਨ ਭਾਵ ਮੁਕਤ ਹੋ ਜਾਂਦੇ ਹਨ।

ਜਉ ਗੁਰ ਦੇਉ ਤ ਜਨਮ ਨ ਮਰੈ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲੇ ਸਦਾ ਅਮਰ ਹੋ ਜਾਂਦੇ ਹਨ।

ਜਉ ਗੁਰਦੇਉ ਅਠਦਸ ਬਿਉਹਾਰ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਨੂੰ ਅਠਾਰਾਂ ਸਿਮਰਤੀਆਂ ਨਾਲ ਕੋਈ ਵਾਹ ਵਾਸਤਾ ਨਹੀ ਹੈ। ਗੁਰ ਗਿਆਨ ਦਾ ਸਿਮਰਨ ਕਰਦੇ ਹਨ।

ਜਉ ਗੁਰਦੇਉ ਅਠਾਹਰ ਭਾਰ॥

ਅਰਥ-ਗੁਰਬਾਣੀ ਗੁਰੂ ਨੂੰ ਮੰਨਣ ਵਾਲਿਆਂ ਨੂੰ ਸਾਰੀ ਬਨਾਸਪਤੀ ਹੀ ਪ੍ਰਮਾਤਮਾ ਦੀ ਭੇਟ ਹੁੰਦੀ ਦਿੱਸ ਆਉਂਦੀ ਹੈ।

ਬਿਨੁ ਗੁਰਦੇਉ ਅਵਰ ਨਹੀ ਜਾਈ॥

ਅਰਥ-ਗੁਰਬਾਣੀ ਗੁਰੂ ਤੋਂ ਬਿਨਾਂ ਹੋਰ ਕਿਤੇ ਸੱਚ ਰਾਹ ਲੱਭਣਾ ਵਿਅਰਥ ਹੈ ਭਗਤ ਨਾਮਦੇਵ ਜੀ ਕਹਿੰਦੇ ਕਿ ਮੈ ਵੀ ਹੋਰ ਸਾਰੇ ਆਸਰੇ ਛੱਡ ਕੇ ਸ਼ਬਦ ਗੁਰੂ ਦੀ ਸ਼ਰਣ ਪਿਆ ਹਾਂ।

ਸੋ ਇੱਕ “ਗੁਰੂ ਗਰੰਥ ਸਾਹਿਬ” ਜੀ ਦੀ ਸ਼ਰਨ ਹੀ ਸਮਰੱਥ ਹੈ ਹੋਰ ਜਿੰਨੀ ਵੀ ਗੁਰੂ ਡੰਮੀਆਂ, ਸੰਤਾਂ, ਸਾਧਾਂ ਡੇਰੇਦਾਰਾਂ, ਦੇਵੀ ਦਵੇਤਿਆਂ ਦੀ ਪੂਜਾ ਬਿਲਕੁੱਲ ਵਿਅਰਥ ਹੈ। ਇਹ ਦਾਤਾਂ ਦੇਣ ਦੇ ਭੁਲੇਖੇ ਪਾ ਸਕਦੇ ਹਨ ਕਿਸੇ ਨੂੰ ਦੇਣ ਵਾਸਤੇ ਇਹਨਾਂ ਕੋਲ ਕੁੱਝ ਵੀ ਨਹੀ ਹੈ। ਇਹ ਲੋਕ ਗੁਰਬਾਣੀ ਦੇ ਸੁਆਰਥੀ ਅਰਥ ਕਰਕੇ ਗੁਰੂ ਦੇ ਸ਼ਰੀਕ ਬਣੇ ਹੋਏ ਹਨ। ਸੱਚ ਬੋਲਣ ਵਾਲਾ ਪਰਮ ਗੁਰੂ ਗਰੰਥ ਸਾਹਿਬ ਹੈ। ਗੁਰਬਾਣੀ ਨੂੰ ਪੜਨਾ ਸੁਣਨਾ ਗੁਰੂ ਨਾਲ ਗੱਲਾਂ ਕਰਨੀਆਂ ਭਾਵ ਗੁਰੂ ਦੇ ਬਚਨ ਸੁਣਨੇ ਸਮਝਣੇ ਮੰਨਣੇ ਕਮਾਉਣੇ ਜੀਵਨ ਦਾ ਮਨੋਰਥ ਹੈ ਜਨਮ ਸਫਲ ਕਰਨਾ ਹੈ।




.