.

ਮਾਂ ਬੋਲੀ ਪੰਜਾਬੀ ਅਤੇ ਸਿੱਖੀ ਵਿਰਾਸਤ

ਦੁਨੀਆ ਵਿੱਚ ਅਨੇਕਾਂ ਵੰਡਾਂ ਹੋਈਆਂ ਨੇ ਤੇ ਅਨੇਕਾਂ ਵੰਡਾਂ ਹੋ ਰਹੀਆਂ ਨੇ। ਇਨ੍ਹਾਂ ਵਿੱਚੋਂ ਭਾਰਤ-ਪਾਕਿਸਤਾਨ ਦੀ 1947 ਦੀ ਵੰਡ ਬੜੀ ਹੀ ਅਹਿਮੀਅਤ ਰਖਦੀ ਹੈ। ਸਿੱਖਾਂ ਨੇ ਇਸ ਵੰਡ ਵਿੱਚ ਆਪਣੇ ਘਰ, ਪਰਵਾਰ ਤਾਂ ਗਵਾਏ ਹੀ, ਨਾਲ ਹੀ ਆਪਣੇ ਸਭ ਤੋਂ ਪਿਆਰੇ ਗੁਰੂ ਅਸਥਾਨਾਂ ਤੋਂ ਵੀ ਦੂਰ ਹੋ ਗਏ। ਹਰ ਪਰਵਾਰ ਨੇ ਆਪਣਾ ਤਨ, ਧਨ ਤੇ ਗਵਾਇਆ ਹੀ, ਨਾਲੇ ਕੁਛ ਵੀ ਆਪਣੇ ਨਾਲ ਨਾ ਲਿਆ ਸਕੇ। ਜੇ ਲਿਆਏ ਤਾਂ ਕੇਵਲ ਇੱਕ ਖਜਾਨਾ, ਜਿਸ ਨੂੰ ਇਨ੍ਹਾਂ ਕੇਲੋਂ ਕੋਈ ਖੋਹ ਨਾ ਸਕਿਆ ਜਿਸ ਨੇ ਇਨ੍ਹਾਂ ਵਿੱਚ ਪ੍ਰੇਮ ਪਿਆਰ ਤੇ ਕਾਇਮ ਰੱਖਿਆ ਹੀ, ਨਾਲ ਹੀ ਗੁਰੂ ਘਰ ਨਾਲ ਵੀ ਜੋੜੀ ਰਖਿਆ। ਇਹ ਖਜਾਨਾ ਇਨ੍ਹਾਂ ਆਪ ਤੇ ਵਰਤਿਆ ਹੀ ਨਾਲੋ ਨਾਲ ਦੁਨੀਆ ਨੂੰ ਭੀ ਖੂਬ ਵਰਤਾਇਆ।

ਇਹ ਖਜਾਨਾ ਸੀ ਮਾਂ ਬੋਲੀ ਪੰਜਾਬੀ ਦਾ, ਜੋ ਸਾਡੇ ਬਜ਼ੁਰਗਾਂ ਆਪਣੇ ਮਾਪਿਆਂ ਤੋਂ ਲਿਆ ਤੇ ਸਾਨੂੰ ਵਰਤਾਇਆ। ਇਸੀ ਖਜਾਨੇ ਰਾਹੀ ਇਨ੍ਹਾਂ ਨੇ ਆਪਣੇ ਦੁੱਖ-ਸੁਖ ਵੰਡੇ ਤੇ ਆਪਣੇ ਵਿਰਸੇ ਨੂੰ ਸੰਭਾਲਿਆ। ਇਸੇ ਮਾਂ ਬੋਲੀ ਦੇ ਆਸਰੇ ਹੀ ਅੱਜ ਵੀ ਇਹ ਆਪਣੇ ਸੋਖੇ ਤੇ ਔਖੇ ਦਿਨਾਂ ਨੂੰ ਯਾਦ ਰੱਖਦੇ ਹਨ ਤੇ ਮਹਾਨ ਸਭਿਆਚਾਰ ਅਤੇ ਵਿਰਸੇ ਨੂੰ ਸਾਨੂੰ ਸਿਖਾਇਆ ਕਰਦੇ ਹਨ। ਇਸੇ ਆਸਰੇ ਹੀ ਸਿੱਖੀ ਦੀ ਮਹਾਨ ਸੋਚ ਨੂੰ ਅੱਜ ਤਕ ਜਿਉਂਦਾ-ਜਾਗਦਾ ਰੱਖਿਆ।

ਪਰ ਅਫਸੋਸ ਕਿ ਅੱਜ ਅਸੀਂ ਆਪਣੇ ਇਸ ਖਜਾਨੇ ਤੋਂ ਦੂਰੀ ਸਹੇੜੀ ਜਾ ਰਹੇ ਹਾਂ ਜਿਸ ਦੇ ਸਦਕਾ ਸਾਡੇ ਬਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਇੱਕ ਗਰੀਬ ਅਤੇ ਪੁਰਾਣੀ ਭਾਸ਼ਾ ਲੱਗਣ ਲੱਗ ਪਈ ਹੈ। ਅਸੀਂ ਨਵੀਂ ਪਨੀਰੀ ਨੂੰ ਇਹ ਦੱਸਣ ਦੀ ਖੇਚਲ ਹੀ ਨਹੀਂ ਕਰਦੇ ਕਿ ਜਿਸ ਨੂੰ ਅੱਜ ਦਾ ਨਵਾਂ (ਮਾਡਰਨ) ਸਮਾਜ ਗਰੀਬ ਤੇ ਪੁਰਾਣੀ ਭਾਸ਼ਾ ਕਹਿੰਦਾ ਹੈ, ਉਹ ਭਾਸ਼ਾ ਸਾਰੇ ਹੀ ਗੁਣਾਂ ਨਾਲ ਭਰਪੂਰ ਅਤੇ ਸਾਰੀਆਂ ਹੀ ਪ੍ਰਚਲਤ ਭਾਸ਼ਾਵਾਂ ਤੋਂ ਨਵੀਂ ਹੈ।

ਠੀਕ ਹੈ, ਸਮਾਂ ਬਦਲ ਰਿਹਾ ਹੈ ਤੇ ਅੱਜ ਸਾਡੇ ਪਾਸ ਧਨ ਵੀ ਹੈ ਤੇ ਸਮੇਂ ਦੀ ਲੋੜ ਵੀ ਕਿ ਸਾਡੇ ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹਨ ਜਿੱਥੇ ਉਹ ਦੁਨਿਆਂ ਦੀ ਚੰਗੀ ਤੋਂ ਚੰਗੀ ਤਾਲੀਮ ਹਾਸਿਲ ਕਰ ਸਕਣ। ਅੱਜ ਅਸੀਂ ਇਨ੍ਹਾਂ ਕਾਰਜਾਂ ਨੂੰ ਕਰਨ ਲਈ ਬੜੇ ਹੀ ਸੁਚੱਜੇ ਢੰਗ ਨਾਲ ਲੱਗੇ ਹੋਏ ਹਾਂ ਤੇ ਚੰਗਾ ਕਰ ਭੀ ਰਹੇ ਹਾਂ। ਦੂਜੇ ਪਾਸੇ ਅਸੀਂ ਆਪ ਆਪਣੇ ਪੈਰਾਂ ਤੇ ਕੁਹਾੜੀ ਮਾਰਦੇ ਹੋਏ, ਮਹਾਨ ਵਿਰਸੇ ਅਤੇ ਨਿਵੇਕਲੇ ਸਭਿਆਚਾਰ ਤੋਂ ਅਵੇਸਲੇ ਹੋ ਰਹੇ ਹਾਂ। ਇਸ ਖੂਨੀ ਸਭਿਆਚਾਰ ਦਾ ਅਧਾਰ ਸਾਡੀ ਮਾਂ ਬੋਲੀ ਪੰਜਾਬੀ ਹੀ ਹੈ। ਜਦ ਤਕ ਅਸੀਂ ਆਪਣੇ ਘਰਾਂ ਵਿੱਚ ਅਤੇ ਚਾਰ ਚੁਫੇਰੇ ਪੰਜਾਬੀ ਦੀ ਵਰਤੋਂ ਨਹੀਂ ਕਰਾਂਗੇ ਤਦ ਤੋੜੀ ਅਸੀਂ ਆਪਣੀ ਨਵੀਂ ਪਨੀਰੀ ਨੂੰ ਵੀ ਪੰਜਾਬੀ ਦੀ ਵਰਤੋਂ ਦੀ ਆਦਤ ਨਹੀਂ ਪਾ ਸਕਦੇ।

ਅਸੀਂ ਆਪਣੇ ਬਚਿਆਂ ਨੂੰ ਉਨ੍ਹਾਂ ਦੀ ਤੋਤਲੀ ਜੁਬਾਨ ਵਿੱਚ ਅੰਗਰੇਜ਼ੀ ਦੀਆਂ ਕਵਿਤਾਵਾਂ ਤਾਂ ਜਰੂਰ ਯਾਦ ਕਰਾਉਂਦੇ ਹਾਂ ਪਰ ਗੁਰਬਾਣੀ ਦੀਆਂ ਚਾਰ ਸਤਰਾਂ ਵੀ ਦੱਸਣੀਆਂ ਸਾਨੂੰ ਚੇਤੇ ਨਹੀਂ ਰਹਿੰਦੀਆਂ। ਛੋਟੇ ਸਾਹਿਬਜ਼ਾਦਿਆਂ ਤੇ ਭਾਈ ਤਾਰੂ ਸਿੰਘ ਬਾਰੇ ਤਾਂ ਉਨ੍ਹਾਂ ਨੂੰ ਕੁੱਝ ਵੀ ਨਹੀਂ ਪਤਾ ਪਰ ਹਾਲੀਵੁੱਡ ਤੇ ਬਾਲੀਵੁੱਡ ਦੇ ਛੋਟੇ-ਛੋਟੇ ਕਿਰਦਾਰਾਂ ਬਾਰੇ ਉਹ ਚੰਗੀ ਤਰ੍ਹਾਂ ਨਾਲ ਜਾਣਦੇ ਤੇ ਸਮਝਦੇ ਹਨ। ਅੱਜ ਸਾਡੀਆਂ ਬੀਬੀਆਂ, ਬੱਚਿਆਂ ਨੂੰ ਸਿੱਖੀ ਵਿਰਾਸਤ ਬਾਰੇ ਦੱਸਣ ਵਿੱਚ ਨਾਕਾਮ ਹਨ। ਇਨ੍ਹਾਂ ਸਭ ਗੱਲਾਂ ਲਈ ਸਾਡਾ ਆਪਣੀ ਮਾਂ ਬੋਲੀ ਪੰਜਾਬੀ ਤੋਂ ਅਵੇਸਲ਼ਾਪਣ ਹੀ ਜਿੰਮੇਵਾਰ ਹੈ। ਜੇ ਅਸੀਂ ਆਪ ਹੀ ਪੰਜਾਬੀ ਨਾ ਜਾਨਣ ਕਰਕੇ ਗੁਰਮਤਿ ਅਤੇ ਇਤਿਹਾਸ ਬਾਰੇ ਨਹੀਂ ਜਾਣਦੇ ਹੋਵਾਂਗੇ ਤਾਂ ਬੱਚਿਆਂ ਨੂੰ ਕਿੱਦਾਂ ਭਾਈ ਸੁੱਖਾਂ ਸਿੰਘ, ਭਾਈ ਬਚਿੱਤਰ ਸਿੰਘ ਬਾਰੇ ਦੱਸਦੇ ਹੋਏ ਕਿਵੇਂ ਸਮਝਾਵਾਂਗੇ? ਅਸੀਂ ਉਨ੍ਹਾਂ ਨੂੰ ਕਿਵੇਂ ਸਮਝਾਵਾਂਗੇ ਕਿ ਵਰਤ, ਮੂਰਤੀ ਪੂਜਾ ਤੇ ਸਰਾਧਾਂ ਜਿਹੇ ਬਿਪਰਵਾਦੀ ਕਰਮ ਕਾਂਡਾਂ ਨਾਲ ਸਿੱਖ ਦਾ ਕੋਈ ਲੈਣ ਦੇਣ ਨਹੀਂ?

ਯਾਦ ਰਹੇ ਅਸੀਂ ਆਪਣੇ ਬੱਚਿਆਂ ਨੂੰ ਕੇਵਲ ਚੰਗੇ ਸਕੂਲਾਂ ਵਿੱਚ ਪੜ੍ਹਾ, ਵੱਡੇ ਬੰਦੇ (ਮਾਇਆਧਾਰੀ) ਤਾਂ ਬਣਾ ਸਕਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਚੰਗਾ ਗੁਰਸਿੱਖ ਬਣਾਉਣ ਵਿੱਚ ਨਾਕਾਮ ਹੋ ਜਾਵਾਂਗੇ। ਜੇ ਬੱਚੇ ਸਿੱਖ ਹੀ ਨਾ ਬਣ ਸਕੇ ਤਾਂ ਸਾਡਾ ਸਾਰਾ ਜੀਵਨ ਹੀ ਖੁਆਰ ਹੋ ਜਾਣਾ ਹੈ। ਆਪਣਾ ਜੀਵਨ ਆਪ ਹੀ ਸੰਵਾਰਨਾ ਹੈ ਤੇ ਆਉਣ ਵਾਲੇ ਕੱਲ੍ਹ ਨੂੰ ਅੱਜ ਹੀ ਸਾਂਭਣਾ ਹੈ। ਜੇ ਅਸੀਂ ਗੁਰੂ ਦੀਆਂ ਖੁਸ਼ੀਆਂ ਨੂੰ ਲੋਚਦੇ ਹਾਂ ਤਾਂ ਸਾਨੂੰ ਬਚਿਆਂ ਨੂੰ ਜਿੱਥੇ ਵੱਡਾ ਡਾਕਟਰ ਜਾਂ ਇੰਜੀਨੀਅਰ ਬਣਾਉਣ ਲਈ ਵਿਗਿਆਨ ਦੀ ਤਕਨੀਕ ਦੱਸਣੀ ਹੈ, ਉਥੇ ਨਾਲ ਹੀ ਨਾਲ ਗੁਰਮਤਿ ਬਾਰੇ ਵੀ ਜਾਣਕਾਰੀ ਜਰੂਰ ਦੇਈਏ। ਜਿਸ ਦਾ ਸਦਕਾ ਉਹ ਗੁਰਸਿੱਖ ਡਾਕਟਰ, ਇੰਜੀਨੀਅਰ ਅਤੇ ਵਕੀਲ ਬਣ ਸਕਣ।

ਮਨਮੀਤ ਸਿੰਘ




.