.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 05)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਇਹ ਹੈ ਸੰਤਾਂ ਦੀ ਦੇਣ

ਪਹਿਲੀਆਂ ਪੁਸਤਕਾਂ ਸੰਬੰਧੀ ਆਏ ਕੁੱਝ ਵਿਚਾਰ

੧. ਸ਼ਾਬਾਸ਼! ਸੁਖਵਿੰਦਰ ਸਿੰਘ ਤਕੜੇ ਹੋ ਕੇ ਸੇਵਾ ਕਰੋ ਅਸੀਂ ਸਾਰੇ ਤੁਹਾਡੇ ਨਾਲ ਚਟਾਨ ਵਾਂਗ ਖੜੇ ਹਾਂ, ਤੁਹਾਡੀਆਂ ਕਿਤਾਬਾਂ ਨੇ ਸਿੱਖ ਕੌਮ ਅੰਦਰ ਬੜੀ ਜਾਗਰਿਤੀ ਲਿਆਂਦੀ ਹੈ, ਨਿੱਗਰ ਸੱਚ, ਨਿਰੋਲ ਸੱਚ ਨਿਰਪੱਖ ਹੋ ਕੇ ਬੋਲਿਆ (ਲਿਖਿਆ) ਗਿਆ ਹੈ। ਗੁਰੂ ਪਾਤਸ਼ਾਹ ਵੱਧ ਤੋਂ ਵੱਧ ਸੇਵਾ ਕਰਨ ਦਾ ਬਲ ਬਖਸ਼ੇ।

੨. ਇਹ ਕਲਮ ਤਲਵਾਰ ਨਾਲੋ ਵੱਧ ਕੰਮ ਕਰ ਰਹੀ ਹੈ।

੩. ਬਹੁਤ ਵੱਡੀ ਕੁਰਬਾਨੀ ਕੀਤੀ ਹੈ।

੪. ਇਹ ਪੁਸਤਕਾਂ ਨੇ ਇਹਨਾਂ ਸਾਧਾਂ ਉਪਰ ਸਪਰੇਅ ਦਾ ਕੰਮ ਕੀਤਾ ਹੈ ਸਿੱਖ ਕੌਮ ਵਾਸਤੇ ਇਹ ਪੁਸਤਕਾਂ ਗੁਲੂਕੋਜ਼ ਦਾ ਕੰਮ ਕਰ ਰਹੀਆਂ ਹਨ।

੫. ਤੁਸੀ ਇਹਨਾਂ ਅਸੰਤਾਂ ਅਬ੍ਰਹਮਗਿਆਨੀਆਂ ਵੱਲੋਂ ਖਿਲਾਰੇ ਹੋਏ ਕੰਡੇ ਬੜੀ ਮਿਹਨਤ ਕਰਕੇ ਚੁਣੇ ਹਨ (ਧੰਨਵਾਦ ਕਰਦੇ ਹਾਂ)

੬. ਸਾਡੇ ਲਾਈਕ ਕੋਈ ਸੇਵਾ ਹੋਵੇ ਤਾਂ ਦੱਸੋ।

੭. ਸਾਨੂੰ ਸਮਝ ਆਈ ਹੈ ਕਿ ਗੁਰਬਾਣੀ ਵਿੱਚ ਆਏ ਸੰਤ, ਸਾਧ, ਬ੍ਰਹਮਗਿਆਨੀ ਸ਼ਬਦ ਕਿਸ ਸੰਦਰਭ ਵਿੱਚ ਵਰਤੇ ਹਨ ਪਰ ਇਹਨਾਂ ਸਾਧਾਂ ਨੇ ਇਹਨਾਂ ਸ਼ਬਦਾਂ ਦੀ ਵਿਆਖਿਆ ਕਰਦਿਆਂ ਕਿਵੇਂ ਧੋਖੇ ਕੀਤੇ। (ਯਾਦ ਰਹੇ ਕਿ ਦੇਹਧਾਰੀ ਅਖੌਤੀ ਗੁਰੂਆਂ ਨੇ ਗੁਰਬਾਣੀ ਵਿਚੋਂ ਗੁਰੂ ਸਤਿਗੁਰੂ ਸਬਦ ਚੋਰੀ ਕਰਕੇ ਧੋਖਾ ਦੇਹੀ ਨਾਲ ਆਪਣੇ ਨਾਵਾਂ ਨਾਲ ਜੋੜਿਆ ਹੋਇਆ ਹੈ ਜੋ ਸਰਾਸਰ ਗਲਤ ਹੈ)

੮. ਸਾਨੂੰ ਸਮਝ ਆਈ ਹੈ ਕਿ ਇਹਨਾਂ ਸਾਧਾਂ ਸੰਤਾਂ ਨੇ ਕਿਵੇ ਬ੍ਰਾਹਮਣਵਾਦੀ ਕਰਮ ਕਾਂਡ ਫੈਲਾਇਆ, ਕਿਵੇ ਕਰਮ ਕਾਂਡਾਂ ਦੀ ਦਲਦਲ ਵਿੱਚ ਸੁੱਟਣ ਵਾਲੀਆਂ ਮਰਯਾਦਾ ਕੋਲੋ ਬਣਾਈਆਂ ਅਤੇ ਗੁਰਮਤਿ ਦੇ ਉਲਟ ਮਨਘੜਤ ਝੂਠੀਆਂ ਕਹਾਣੀਆਂ ਸਿੱਖਾਂ ਅੰਦਰ ਪ੍ਰਚਲਤ ਕੀਤੀਆਂ।

੯. ਸਾਨੂੰ ਸਮਝ ਆ ਗਈ ਹੈ ਕਿ ਕਿਵੇਂ ਇਹਨਾਂ ਸਾਧਾ ਸੰਤਾਂ ਨੇ ਗੁਰੂ ਦੀ ਸਿੱਖੀ ਨੂੰ ਪਿਛੇ ਕਰਕੇ ਆਪਣੀ ਸਿੱਖੀ ਸੇਵਕੀ ਬਣਾਈ। ਗੁਰੂ ਦੇ ਬਚਨ ਨੂੰ ਪਿਛੇ ਕਰਕੇ ਇਹਨਾਂ ਸਾਧਾਂ ਨੇ ਸਾਧ ਦੇ ਬਚਨ ਨੂੰ ਅੱਗੇ ਕਰਨ ਦੀ ਕੋਝੀ ਕੋਸ਼ਿਸ਼ ਕੀਤੀ।

੧੦. ਸਾਨੂੰ ਸਮਝ ਆਈ ਹੈ ਕਿ ਇਹਨਾਂ ਸਾਧਾਂ ਨੇ ਗੁਰਬਾਣੀ ਨੂੰ ਕੇਵਲ ਪਾਠ ਕਰਮ, ਪੜਨ, ਰਟਨ, ਮੰਤਰ ਜਾਪ ਬਣਾ ਕੇ ਥਾਂ ਥਾਂ ਵਹਿਮ ਭਰਮ ਫੈਲਾਏ। ਜਿਵੇਂ ਕਿ ਗੁਰਬਾਣੀ ਅੰਦਰ ਤੀਰਥ ਇਸ਼ਨਾਨਾਂ ਦਾ ਖੰਡਨ ਹੈ ਪਰ ਇਹਨਾਂ ਸਾਧਾਂ ਸੰਤਾਂ ਨੇ ਤੀਰਥ ਇਸ਼ਨਾਨਾਂ ਦੀ ਮਹਾਨਤਾ ਦਰਸਾਉਂਦੇ ਟਰੈਕਟ ਅਤੇ ਕਿਤਾਬਾਂ ਲਿਖੀਆਂ। ਗੁਰਮਤਿ ਦੇ ਉਲਟ ਇਹ ਸਾਧ ਜਾਤਾਂ ਪਾਤਾਂ ਦੇ ਵੀ ਹਾਮੀ ਹਨ, ਇਹਨਾਂ ਨੇ ਬਾਹਮਣਾਂ ਵਾਲੀ ਸੁੱਚ ਭਿੱਟ ਨੂੰ ਹੀ ਸੱਚ ਮੰਨਿਆ ਹੋਇਆ ਹੈ।

੧੧. ਸਾਨੂੰ ਸਮਝ ਆਈ ਹੈ ਇਹਨਾਂ ਸਾਧਾ ਸੰਤਾਂ ਨੇ ਰਾਜਨੀਤਕਾਂ ਨਾਲ ਮਿਲ ਕੇ ਧਰਮ ਨੂੰ ਵਿਕਾਊ ਲਾਇਆ ਹੋਇਆ ਹੈ ਤਾਂ ਹੀ ਇਹ ਰਾਜਨੀਤਕਾਂ ਨਾਲ ਕਦਮ ਮਿਲਾ ਕੇ ਚੱਲਦੇ ਹਨ।

੧੨. ਸਾਨੂੰ ਸਮਝ ਆਈ ਹੈ ਕਿ ਨਿਸ਼ਕਾਮਤਾ ਦਾ ਲੋਟਾ ਅੱਗੇ ਕਰਨ ਵਾਲੇ ਸਾਧਾਂ ਨੇ ਕਿਵੇ ਲੁੱਟਿਆ।

੧੩. ਸਾਨੂੰ ਸਮਝ ਆਈ ਹੈ ਕਿ ਇਹਨਾਂ ਸਾਧਾਂ ਸੰਤਾਂ ਨੇ ਕਦੇ ਵੀ ਆਪਣੇ ਆਪ ਨੂੰ ਪੰਥ ਦਾ ਅੰਗ ਨਹੀ ਮੰਨਿਆ ਇਹ ਸਿੱਖ ਰਹਿਤ ਮਰਯਾਦਾ ਦੇ ਦੋਖੀ ਹਜਾਰਾਂ ਕਰਮ ਕਾਂਡੀ ਮਰਯਾਦਾ ਬਣਾਈ ਫਿਰਦੇ ਹਨ, ਇਹਨਾਂ ਦਾ ਅੰਮ੍ਰਿਤ ਵੀ ਵੱਖ ਵੱਖ ਹੈ।

੧੪. ਸਾਨੂੰ ਸਮਝ ਆਈ ਹੈ ਕਿ ਇਹਨਾਂ ਸੰਤਾਂ ਨੇ “ਗੁਰੂ ਗਰੰਥ ਸਾਹਿਬ” ਜੀ ਦੇ ਕਈ ਸ਼ਰੀਕ ਪੈਦਾ ਕੀਤੇ ਅਤੇ ਸਿੱਖ ਕੌਮ ਦਾ ਨੁਕਸਾਨ ਕਰਨ ਵਾਸਤੇ ਅਨੇਕਾਂ ਝੂਠ ਬੋਲੇ।

੧੫. ਜਿਨ੍ਹਾ ਫੋਕੇ ਕਰਮਕਾਂਡਾਂ ਵਿਚੋਂ ਗੁਰੂ ਨੇ ਬੇਅੰਤ ਕੁਰਬਾਨੀਆਂ ਕਰਕੇ ਕੱਢਿਆ ਇਹਨਾਂ ਸੰਤਾਂ ਨੇ ਧੱਕੇ ਮਾਰ ਮਾਰ ਕੇ ਸਿੱਖਾ ਨੂੰ ਫਿਰ ਅਗਿਆਨ (ਫੋਕੇ ਕਰਮਕਾਂਡਾਂ) ਦੇ ਖੂਹ ਵਿੱਚ ਸੁੱਟਿਆ। ਇਹੀ ਇਹਨਾਂ ਦੀ ਦੇਣ ਹੈ।

ਮੇਰੇ ਬਾਰੇ ਇੱਕ ਵੀਰ ਜੋ ਹਰਭਜਨ ਸਿੰਘ ਮਰਹਾਣਾ ਹੈ ਉਹਨੇ ਕਿਹਾ ਹੈ ਕਿ ਜਿਸ ਸੰਤ ਤਾਰਾ ਸਿੰਘ ਸਰਹਾਲੀ ਨੇ ਇਹਨੂੰ ਨੌਕਰੀ ਤੇ ਲਵਾਇਆ ਇਹਨੇ ਉਹਨਾਂ ਦਾ ਵੀ ਕਿਤਾਬਾਂ ਵਿੱਚ ਲਿਖ ਦਿੱਤਾ। ਮੈ ਸਿੱਖ ਸੰਗਤਾਂ ਦੀ ਜਾਣਕਾਰੀ ਵਾਸਤੇ ਲਿਖ ਰਿਹਾਂ ਹਾਂ ਕਿ ਮੈਨੂੰ ਜਿਹਨਾਂ ਨੇ ਨੌਕਰੀ ਤੇ ਲਵਾਇਆ ਸੀ ਉਹ ਮੇਰੇ ਰਿਸ਼ਤੇਦਾਰ ਅਜੇ ਵੀ ਜੀਊਂਦੇ ਜਾਗਦੇ ਹਨ, ਮੈਨੂੰ ਕਿਸੇ ਸੰਤ ਨੇ ਨੌਕਰੀ ਤੇ ਨਹੀਂ ਲਵਾਇਆ ਦੁਨੀਆਂ ਦਾ ਕੋਈ ਬੰਦਾ ਮੇਰੇ ਮੂੰਹ ਤੇ ਆ ਕੇ ਸਾਬਤ ਕਰੇ ਕਿ ਮੈਨੂੰ ਕਿਹੜੇ ਸੰਤ ਨੇ ਨੌਕਰੀ ਤੇ ਲਵਾਇਆ। ਇਹ ਝੂਠ ਬੋਲ ਰਹੇ ਹਨ, ਮੈਂ ਤਾਂ ਜੋ ਵੀ ਲਿਖਾਂਗਾ ਬਿਲਕੁੱਲ ਨਿਰਪੱਖ ਹੋ ਕੇ ਲਿਖਾਂਗਾ।

ਅਮਰਕੋਟ ਤੋਂ ਵੀਰ ਗੁਰਦੇਵ ਸਿੰਘ ਨੇ ਕਿਹਾ ਹੈ ਕਿ ਸੁਖਵਿੰਦਰ ਸਿੰਘ ਆਪਣੇ ਅੰਦਰ ਝਾਤੀ ਮਾਰੇ। ਵੀਰ ਜੀ ਮੈ ਤਾਂ ਆਪਣੇ ਅੰਦਰ ਝਾਤੀ ਮਾਰ ਕੇ ਫਿਰ ਸੰਤਾਂ, ਬ੍ਰਹਮਗਿਆਨੀਆਂ ਦੇ ਅੰਦਰ ਵੀ ਝਾਤੀਮਾਰ ਲਈ ਹੈ ਪਰ ਤੁਹਾਡਾ ਕੀ ਬਣੇਗਾ? ਜੋ ਤੁਸੀਂ ਗੁਰਬਾਣੀ ਸਿਧਾਂਤ ਖੋਜ ਕੀਤੇ ਤੋਂ ਬਿਨਾ ਹੀ ਮਨਮੱਤਾਂ ਕਰਨ ਅਤੇ ਕਰਵਾਉਣ ਵਾਲਿਆਂ ਦੀ ਪਿੱਠ ਠੋਕ ਰਹੇ ਹੋ ਫਿਰ ਵੀ ਕੋਈ ਵੀ ਗੱਲ ਕਰਨੀ ਹੈ ਮੇਰੇ ਸਾਹਮਣੇ ਆ ਕੇ ਕਰੋ ਜਾਂ ਲਿਖਤੀ ਰੂਪ ਵਿੱਚ ਕਰੋ ਮੈ ਜਵਾਬ ਦੇਵਾਂਗਾ, ਜਿੰਨਾਂ ਬਾਰੇ ਮੈ ਕਿਤਾਬਾਂ ਲਿਖੀਆਂ ਹਨ ਇਹਨਾਂ ਨੂੰ ਮੇਰੇ ਸਾਹਮਣੇ ਲਿਆਉ। ਇਹਨਾਂ ਸੰਤਾਂ ਨੂੰ ਮੀਡੀਆ ਵਾਲੇ ਵੀ ਕਹਿ ਰਹੇ ਹਨ ਕਿ ਇਹਨੇ ਤੁਹਾਡੇ ਬਾਰੇ ਲਿਖਿਆ ਹੈ ਤੁਸੀਂ ਆ ਕੇ ਗੱਲ ਤਾਂ ਕਰੋ ਪਰ ਇਹ ਆਉਂਦੇ ਕਿਉਂ ਨਹੀਂ, ਕੀ ਗੱਲ ਹੈ ਇਹਨਾਂ ਨੂੰ? ਯਾਦ ਰੱਖਿਓ ਇਹ ਅਜੋਕੇ ਸਾਧ, ਸੰਤ ਕੇਵਲ ਪੱਠੇ ਪੁੱਟਾਂ ਨੂੰ ਬੁੱਧੂ ਬਣਾ ਰਹੇ ਹਨ। ਗੁਰੂ ਦੇ ਸਿੱਖਾਂ ਨਾਲ ਵਿਚਾਰ ਕਰਨ ਨੂੰ ਇਹ ਬਿਲਕੁੱਲ ਤਿਆਰ ਨਹੀ। ਇਹਨਾਂ ਸੰਤਾਂ ਦੀ ਦਿਆਨਤ ਦਾਰੀ ਦਾ ਅੰਦਾਜਾਂ ਇਥੋਂ ਹੀ ਲਾਇਆ ਜਾ ਸਕਦਾ ਹੈ।

ਮੈ ਸੋਚ ਰਿਹਾ ਸੀ 1699 ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਨੇ ਸਿੱਖਾਂ ਦੇ ਅਣਖਹੀਣ ਸਿਰ ਕੱਟ ਕੇ ਗੈਰਤ ਭਰੇ ਸਿਰ ਲਾ ਦਿੱਤੇ, ਨਵਾਂ ਜੀਵਨ ਦਿੱਤਾ ਗੁਰ ਫੁਰਮਾਨ ਹੈ “ਸਤਿਗੁਰ ਕੈ ਜਨਮੈ ਗਵਨ ਮਿਟਾਇਆ॥” ਮਾਂ ਬਾਪ ਤੋਂ ਤਾਂ ਸਾਰਿਆ ਦਾ ਹੀ ਜਨਮ ਹੋਇਆ ਹੈ ਜਿੰਨਾ ਚਿਰ ਨਵਾਂ ਜਨਮ ਸਤਿਗੁਰ ਦੇ ਘਰ ਨਹੀ ਹੁੰਦਾ ਉਨਾ ਚਿਰ ਸੰਪੂਰਨ ਥੀਆ ਨਹੀਂ ਹੋ ਸਕਦਾ। ਸਵਾਲ ਉਠਦਾ ਹੈ ਹੁਣ ਇਹਨਾਂ ਸਾਧਾਂ ਸੰਤਾਂ ਦੇ ਗੈਰਤ ਹੀਣ ਸਿਰ ਲਾਹ ਕੇ ਗੈਰਤ ਭਰੇ ਸਿਰ ਕੌਣ ਲਾਵੇਗਾ? ਉੱਤਰ-ਗੁਰੂ ਗਰੰਥ ਸਾਹਿਬ ਲਉਣਗੇ। ਨਵਾਂ ਜਨਮ ਹੋਵੇਗਾ ਇਹਨਾਂ ਦਾ ਇਹ ਗੁਰੂ ਦੇ ਸਿੱਖ ਬਣ ਜਾਣਗੇ। ਇਹ ਆਪਣੇ ਮਨ ਦੀ ਮੱਤ ਛੱਡ ਕੇ ਗੁਰਮਤਿ ਗ੍ਰਹਿਣ ਕਰਨਗੇ। ਇਹ ਆਪਣੀ ਮਰਿਯਾਦਾ ਛੱਡ ਕੇ ਗੁਰ ਮਰਿਯਾਦਾ ਮੰਨਣਗੇ। ਇਹ ਆਪਣੇ ਅੰਖ਼ਮ੍ਰਿਤ ਛੱਡ ਕੇ ਗੁਰੂ ਕਾ ਅੰਮ੍ਰਿਤ ਛਕਣਗੇ। ਇਹ ਕੱਖ਼ਚੀਆਂ ਪਿੱਲੀਆਂ ਸਾਧਾਂ ਦੀਆਂ ਕਥਾ ਕਹਾਣੀਆਂ ਛੱਡ ਕੇ ਗੁਰੂ ਪ੍ਰਮਾਤਮਾ ਦੀ ਕਥਾ ਕਰਨਗੇ, ਆਪਣੇ ਆਪ ਨੂੰ ਵੱਡਿਆਂ ਦੱਸਣ ਦੀ ਬਜਾਏ “ਸਭ ਤੇ ਵਡਾ ਸਤਿਗੁਰ ਨਾਨਕੁ” ਕਹਿਣਗੇ, ਇਹ ਜਾਤਾ ਪਾਤਾਂ ਅਤੇ ਅੰਧ ਵਿਸ਼ਵਾਸ਼ੀ ਵਹਿਮ ਭਰਮ ਕਰਮਾਂ ਕਾਂਡਾਂ ਦਾ ਬੰਧਨ ਤੋੜ ਕੇ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਕਰਨਗੇ ਇਹ ਦੇਹਧਾਰੀ ਗੁਰੂਆਂ ਦੀ ਨਕਲ ਤੇ ਸਾਧ, ਸੰਤ, ਬ੍ਰਿਹਮਗਿਆਨੀ ਸ਼ਬਦ ਚੋਰੀ ਕਰਕੇ ਆਪਣੇ ਨਾਵਾਂ ਨਾਲ ਨਹੀ ਜੋੜਨਗੇ। ਇਹ ਮੁਸਲਮਾਨ ਫੱਕਰਾਂ (ਨੰਗਾਂ) ਦੀ ਨਕਲ ਤੇ ਆਪਣੀਆਂ ਮੜ੍ਹੀਆਂ ਦੀ ਪੂਜਾ ਨਹੀ ਕਰਵਾਉਣਗੇ। ਇਹ ਭੇਖੀ ਰਾਜਨੀਤਕਾਂ ਅੱਗੇ ਗੋਡੇ ਟੇਕਣ ਦੀ ਬਜਾਏ “ਰਾਜੇ ਸੀਹ ਮੁਕੱਦਮ ਕੁਤੇ”॥ ਕਹਿਣ ਦੀ ਜੁਰਅੱਤ ਕਰਨਗੇ। ਇਹ ਲੰਗੋਟੀ ਵਾਲੇ ਨਾਂਗੇ ਸਾਧਾ ਦੀ ਨਕਲ ਛੱਡ ਕੇ ਗ੍ਰਿਹਸਤ ਨੂੰ ਯੋਗ ਸਮਝਣਗੇ। ਇਹ ਆਪਣੇ ਬੈਂਕ ਬੈਲੰਸ ਬਣਾਉਣ ਦੀ ਬਜਾਏ ਗੁਰੂ ਕੀ ਗੋਲਕ ਦੇ ਮੂੰਹ ਗਰੀਬਾਂ ਵਾਸਤੇ ਖੋਲ੍ਹ ਦੇਣਗੇ। ਇਹ ਵਿਹਲੜਪੁਣਾ ਛੱਡ ਕੇ ਕਿਰਤੀ ਹੋਣ ਦਾ ਸਬੂਤ ਦੇਣਗੇ। ਇਹ ਦੇਹਧਾਰੀ ਗੁਰੂਆਂ ਨੂੰ ਪਛਾੜਨ ਵਾਸਤੇ, ਸਿੱਖ ਕੌਮ ਅੰਦਰ ਏਕਤਾ ਵਾਸਤੇ ਜਤਨ ਕਰਨਗੇ। ਹੋ ਰਹੀਆਂ ਬੇਅਦਬੀਆਂ ਰੋਕਣ ਵਾਸਤੇ ਕਰਮ ਕੱਸੇ ਕਰਨਗੇ।

ਖਾਸ ਧਿਆਨ ਮੰਗਦੇ ਵਿਚਾਰ:

ਕੀ ਤੁਸੀਂ ਕਦੇ ਇਹਨਾਂ ਸਾਧਾਂ ਸੰਤਾਂ ਨੂੰ ਸਵਾਲ ਕੀਤਾ ਹੈ?

“ਅੰਮ੍ਰਿਤ ਬਚਨ ਸਾਧ ਕੀ ਬਾਣੀ”॥

ਕਿਹੜੇ ਸਾਧ ਦੀ ਬਾਣੀ? ਸਾਧ ਸ਼ਬਦ ਇਥੇ ਗੁਰੂ ਵਾਸਤੇ ਹੈ ਅੱਗੇ ਸਪੱਸ਼ਟ ਕਹਿੰਦੇ ਹਨ “ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ॥” (ਅੰਗ----) ਕਿਉਂਕਿ ਸਤਿਗੁਰ ਬਿਨਾ ਤਾਂ ਹੋਰ ਸਾਰੀ ਬਾਣੀ ਕੱਚੀ ਹੈ। ਕਿਸੇ ਭੇਖੀ ਸਾਧ ਦੇਹਧਾਰੀ ਦੀ ਬਾਣੀ ਨਹੀ ਕਹਿ ਰਹੇ।

ਸਤਿਗੁਰੂ ਬਿਨਾਂ ਹੋਰ ਕਚੀ ਹੈ ਬਾਣੀ॥

ਇਹ ਸਾਰੇ ਸਾਧ ਸੰਤ ਆਪਣੀ ਮਹਿਮਾਂ ਪ੍ਰਭਤਾ ਫੈਲਾਉਣ ਵਾਸਤੇ ਐਸੀਆਂ ਕੱਚੀਆਂ ਧਾਰਨਾ ਪੜ੍ਹਦੇ ਹਨ ਐਵੇ ਦਿਲ ਨਹੀ ਕਿਸੇ ਦਾ ਤੋੜੀਦਾ ਦਿਲਾ ਵਿੱਚ ਰੱਬ ਵੱਸਦਾ। …. . ।

ਇਹ ਕਿਹੜੀ ਧਾਰਨਾਂ ਹੈ ਇਹ ਕਿਹੜਾ ਰਾਗ ਹੈ? ਕਈ ਕਹਿੰਦੇ ਪ੍ਰੇਮ ਵਿੱਚ ਰਾਗ ਦੀ ਲੋੜ ਨਹੀ ਹੁੰਦੀ। ਫਿਰ ਗੁਰਬਾਣੀ ਰਾਗਾਂ ਵਿੱਚ ਕਿਉਂ ਹੈ? ਕੀ ਗੁਰੂ ਜੀ ਪ੍ਰੇਮੀ ਨਹੀ ਸਨ? ਬਹੁਤ ਐਸੇ ਹਨ ਜੋ ਅੰਮ੍ਰਿਤ ਛੱਕ ਕੇ ਸ਼ਰਾਬ ਪੀਂਦੇ ਹਨ ਉਹ ਕਹਿੰਦੇ ਹਨ ਕਿ ਪ੍ਰੇਮ ਦੀ ਕੋਈ ਮਰਿਯਾਦਾਂ ਨਹੀ ਹੁੰਦੀ ਅਤੇ ਸੰਤ ਵੀ ਪ੍ਰਭਤਾ, ਮਾਇਆ ਦੇ ਨਸ਼ੇ ਖਾ ਕੇ ਕਹਿੰਦੇ ਹਨ ਪ੍ਰੇਮ ਵਿੱਚ ਰਾਗ ਦੀ ਲੋੜ ਨਹੀ ਸਾਧ ਸ਼ਰਾਬਾਂ ਵੀ ਅਫੀਮਾਂ ਭੁੱਕੀ ਪੋਸਤ ਵੀ ਖਾਂਦੇ ਹਨ ਅੱਗੇ ਚੱਲ ਕੇ ਜ਼ਿਕਰ ਕਰਾਂਗਾ।

“ਸਾਧ ਕੀ ਮਹਿਮਾਂ ਬੇਦੁ ਨ ਜਾਨਹਿ”॥

ਇਹ ਸਾਧ ਅਰਥ ਕਰਦੇ ਹਨ ਕਿ ਸਾਧਾਂ ਸੰਤਾਂ ਦੀ ਮਹਿਮਾਂ ਬੇਦ ਭੀ ਨਹੀ ਜਾਣ ਸਕਦਾ। ਇਸ ਅਸ਼ਟਪਦੀ ਦੇ ਗਲਤ ਅਰਥ ਕਰਕੇ ਇਹਨਾਂ ਬੜਾ ਹਾਈ ਲਾਈਟ ਕੀਤਾ ਪਰ ਗੁਰਬਾਣੀ ਅੰਦਰ ਆਏ ਬਚਨ “ਗੁਰ ਕੀ ਮਹਿਮਾ ਬੇਦੁ ਨ ਜਾਨਹਿ” “ਸਤਿਗੁਰ ਕੀ ਮਹਿਮਾ ਬੇਦ ਨ ਜਾਨਹਿ” ਇਹ ਤੁਕਾ ਇਹਨਾ ਨੇ ਕਦੇ ਸਟੇਜ਼ਾਂ ਤੇ ਨਹੀ ਸੁਣਾਈਆਂ ਇਹ ਬਚਨ ਇਹਨਾਂ ਨੇ ਕਦੇ ਵੀ ਸਿੱਖ ਸੰਗਤਾਂ ਤੱਕ ਨਹੀ ਪਹੁੰਚਣ ਦਿਤੇ ਕਿਉਂਕਿ ਇਹ ਸਾਰੇ ਸੰਤ, ਬੇਈਮਾਨ ਹਨ, ਇਹ ਆਪ ਗੁਰੂ ਕੇ ਨਿੰਦਕ ਹਨ ਪਰ ਜੋ ਇਹਨਾਂ ਬਾਰੇ ਸੱਚ ਬੋਲੇ ਜਾਂ ਲਿਖੇ ਇਹ ਉਸਨੂੰ ਨਿੰਦਕ ਕਹਿੰਦੇ ਹਨ, ਸਾਧ ਕੀ ਮਹਿਮਾਂ ਵਾਲੀ ਤੁਕ ਦਾ ਅਰਥ ਗੁਰ ਕੀ ਮਹਿਮਾ ਹੀ ਹੈ। ਗੁਰੂ ਨੇ ਸਾਰੇ ਭੁਲੇਖੇ ਕੱਢੇ ਹੋਏ ਹਰ ਪਰ ਇਹਨਾਂ ਸਾਧਾਂ ਨੇ ਖੋਟੀ ਨੀਅਤ ਅਧੀਨ ਭੇਲੇਖੇ ਪਾਏ। ਇਹਨਾਂ ਨੇ ਗੁਰਸਿੱਖੀ ਨੂੰ ਵੱਧਣ-ਫੁੱਲਣ ਤੋ ਰੋਕੀ ਰੱਖਿਆ ਸਾਧ ਦੀ ਸਿੱਖੀ ਫੈਲਾ ਦਿੱਤੀ। ਇਹਨਾਂ ਸਾਧਾਂ ਨੇ ਦੋਖੀਆਂ ਨਾਲ ਮਿਲ ਕੇ ਯੋਜਨਾਂ ਬਧ ਤਰੀਕੇ ਨਾਲ ਬਹੁਤ ਨੁਕਸਾਨ ਕਰ ਦਿੱਤਾ ਹੈ। ਇਨ੍ਹਾਂ ਬਾਰੇ ਕਾਫੀ ਕੁੱਝ ਪਾਠਕ ਪਹਿਲੇ ੨ ਭਾਗਾਂ ਵਿੱਚ ਪੜ੍ਹ ਆਏ ਹਨ ਇਸ ਤੀਜੇ ਭਾਗ ਵਿੱਚ ਸਾਰਾ ਕੁੱਝ ਨਵਾਂ ਹੀ ਪੇਸ਼ ਕਰਾਂਗਾ।




.