.

ਕੀ ਰੱਬ ਇੱਕ ਤੋਂ ਵੱਧ ਹਨ?

ਗੁਰਸ਼ਰਨ ਸਿੰਘ ਕਸੇਲ

ਸਾਡੇ ਧਾਰਮਿਕ ਅਸਥਾਨਾ ਵਿੱਚ ਜਦ ਕਿਸੇ ਲੜਕੇ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਉਸ ਸਮੇਂ ਅਰਦਾਸ ਵਿੱਚ ਤਕਰੀਬਨ ਬਹੁਤੇ ਭਾਈ ਜੀ ਇਹ ਗੱਲ ਆਖਦੇ ਹਨ ਕਿ ਇਸ ਜੋੜੀ ਦੇ ‘ਧੁਰੋਂ ਸੰਜੋਗ’ ਲਿਖੇ ਹੋਏ ਸਨ। ਇਹ ਹੀ ਗੱਲ ਬਹੁਗਿਣਤੀ ਸਿੱਖਾਂ ਕੋਲੋ ਵੀ ਆਮ ਹੀ ਸੁਣੀ ਜਾਂਦੀ ਹੈ। ਜ਼ਰਾ ਵੀਚਾਰੀਏ! ਸਿੱਖ ਧਰਮ ਅਨੁਸਾਰ ਤਾਂ ਰੱਬ (ਅਕਾਲ ਪੁਰਖ) ਇੱਕ ਹੀ ਹੈ, ‘ੴ’। ਜੇਕਰ ਰੱਬ ਇੱਕ ਹੀ ਹੈ, ਤਾਂ ਫਿਰ ਇਹ ਕੇਵੇਂ ਹੋ ਸਕਦਾ ਹੈ ਕਿ ਉਹ ਸਿੱਖਾਂ ਦੇ ਵਿਆਹ ਵਾਸਤੇ ਤਾਂ ਇੱਕ ਆਦਮੀ ਤੇ ਇੱਕ ਔਰਤ ਨੂੰ ਹੀ ਜੋੜਾ ਬਣਾਵੇ ਪਰ ਹੋਰਨਾ ਧਰਮਾ ਵਾਰੀ ਉਸਦੀ ਸੋਚ ਹੋਰ ਹੋਵੇ। ਰੱਬ ਵਾਸਤੇ ਤਾਂ ਸਾਰੇ ਇਨਸਾਨ ਬਰਾਬਰ ਹਨ ਫਿਰ ਜੋੜੇ ਉਹ ਲਾਗੇ-ਲਾਗੇ ਰਹਿੰਦੇ ਲੋਕਾਂ ਦੇ ਹੀ ਕਿਉਂ ਬਣਾਉਦਾ ਹੈ? ਕੀ ਇਹ ਸਾਡੇ ਧਰਮ ਦੇ ਬਣੇ ਠੇਕੇਦਾਰਾਂ ਵੱਲੋਂ ਕੀਤਾ ਜਾਂਦਾ ਪ੍ਰਚਾਰ ਗੁਰਮਤਿ ਅਨੁਸਾਰ ਵੀ ਹੈ? ਕੀ ਅਸੀਂ ਵਾਕਿਆ ਹੀ ਭਾਈ ਜੀ ਵੱਲੋਂ ਅਰਦਾਸ ਸਮੇਂ ਜਾਂ ਹੋਰਨਾ ਲੋਕਾਂ ਵੱਲੋਂ ਆਖੀ ਜਾਂਦੀ ਇਸ ਗੱਲ `ਤੇ ਅਮਲ ਵੀ ਕਰਦੇ ਹਾਂ? ਕੀ ਭਾਈ ਜੀ ਖ਼ੁਦ ਵੀ ਇਸ ਗੱਲ ਤੇ ਯਕੀਨ ਕਰਦੇ ਹਨ? ਇਸ ਬਾਰੇ ਕੁੱਝ ਵਿਚਾਰ ਕਰਦੇ ਹਾਂ।

ਕਿਸੇ ਦਾ ਲਿਖਿਆ ਇੱਕ ਲੇਖ ਪੜ੍ਹ ਰਿਹਾ ਸਾਂ। ਉਸ ਵਿੱਚ ਉਹ ਸਰਦਾਰ ਸਾਹਿਬ ਪਹਿਲਾਂ ਤਾਂ ਇਹ ਲਿਖਦੇ ਹਨ, ਕਿ ਉਂਝ ਤਾਂ ਇਹ ਮਨੌਤ ਹੈ ਕਿ ਜੋੜੀਆਂ ਅਸਮਾਨਾ ਵਿੱਚ ਬਣਦੀਆਂ ਹਨ; ਫਿਰ ਅੱਗੇ ਲਿਖਦੇ ਹਨ, ਪਹਿਲਾਂ ਸ਼ਾਦੀਆਂ ਵਿਚੋਲੇ ਕਰਵਾਉਂਦੇ ਸਨ ਤੇ ਕਈ ਚੰਗੇ ਵਾਕਿਫ ਪ੍ਰਵਾਰ ਆਪਸ ਵਿੱਚ ਵੀ ਰਿਸ਼ਤੇ ਤਹਿ ਕਰ ਲੈਂਦੇ ਸਨ; ਫਿਰ ਲਿਖਦੇ ਹਨ, ਹੁਣ ਜਮਾਨਾ ਬਦਲ ਗਿਆ ਹੈ ਅੱਜ ਕੁੜੀ ਮੁੰਡਾ ਆਪ ਹੀ ਰਿਸ਼ਤਾ ਤਹਿ ਕਰ ਲੈਂਦੇ ਹਨ ਆਦਿਕ। ਇਸ ਲੇਖ ਵਿੱਚ ਲੇਖਕ, ਇੱਕ ਪਾਸੇ ਤਾਂ ਇਹ ਮੰਨਦਾ ਹੈ ਕਿ ਸੰਜੋਗ ਰੱਬ ਬਣਾਉਂਦਾ ਹੈ; ਦੂਜੇ ਪਾਸੇ ਵਿਚੋਲੇ ਰਾਹੀਂ ਮੰਨਦਾ ਹੈ; ਮੁੰਡੇ ਕੁੜੀ ਦੇ ਆਪੇ ਸੰਜੋਗ ਬਣਾਉਣ ਦੀ ਗੱਲ ਵੀ ਮੰਨਦਾ ਹੈ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇਕਰ ਰੱਬ ਨੇ ਲੜਕੇ ਲੜਕੀ ਦੇ ਵਿਆਹ ਦੇ ਸੰਜੋਗ ਬਣਾਏ ਸਨ ਤਾਂ ਫਿਰ ਵਿਚੋਲੇ ਨੇ ਜਾਂ ਖ਼ੁਦ ਲੜਕੇ ਲੜਕੀ ਨੇ ਕਿਵੇਂ ਆਪਣੀ ਮਰਜੀ ਦੇ ਸੰਜੋਗ ਬਣਾ ਲਏ? ਫਿਰ ਤਾਂ ਕਿਸੇ ਹੋਰ ਨਾਲ ਸ਼ਾਦੀ ਹੋ ਹੀ ਨਹੀਂ ਸਕਦੀ ਸੀ। ਲੇਖਕ, ਰੱਬ ਵਾਲਿਆਂ ਸੰਜੋਗਾਂ ਨੂੰ ਵੀ ਮੰਨੀ ਜਾਂਦਾ ਤੇ ਵਿਚੋਲਿਆ ਦੇ ਬਣਾਏ ਸੰਜੋਗਾਂ ਨੂੰ ਵੀ ਤੇ ਆਪੇ ਬਣਾਏ ਸੰਜੋਗ ਵਾਲੇ ਤਰੀਕੇ ਨੂੰ ਵੀ; ਜੋ ਹੈਰਾਨੀ ਵਾਲੀ ਗੱਲ ਹੈ। ਇਸ ਲੇਖਕ ਦੀ ਤਾਂ ਉਸ ਕਹਾਵਤ ਵਾਲੀ ਗੱਲ ਲੱਗਦੀ ਹੈ, “ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ”।

ਜੇ ਸਾਡੀ ਇਹ ਹੀ ਸੋਚਣੀ ਹੈ ਕਿ ਜੋੜੀਆਂ ਤਾਂ ਅਸਮਾਨ ਵਿੱਚ ਬਣਦੀਆਂ ਹਨ ਤਾਂ ਫਿਰ ਅਸੀਂ ਲੜਕੀ ਜਾਂ ਲੜਕਾ ਵੇਖਣ ਲਈ ਕਈ-ਕਈ ਘਰਾਂ ਵਿੱਚ ਕਿਉਂ ਭਜੇ ਫਿਰਦੇ ਹਾਂ। ਜਿਹੜੇ ਵਿਅਕਤੀ ਇਹ ਆਖਦੇ ਹਨ ਕਿ ਜੋੜੀਆਂ ਧੁਰੋ ਹੀ ਬਣੀਆਂ ਹੁੰਦੀਆਂ ਹਨ ਕੀ ਉਹ ਖ਼ੁਦ ਇਸ ਗੱਲ ਤੇ ਕਾਇਮ ਰਹਿੰਦੇ ਹਨ? ਕੀ ਉਹ ਜਿਹੜਾ ਵੀ ਪਹਿਲਾ ਰਿਸ਼ਤਾ ਲੜਕੀ ਜਾਂ ਲੜਕੇ ਵਾਸਤੇ ਆ ਗਿਆ ਅੱਖਾਂ ਮੀਟ ਕੇ ਕਰ ਲੈਂਦੇ ਹਨ? ਜੇਕਰ ਅਜਿਹੇ ਸਿੱਖਾਂ ਨੂੰ ਏਨਾ ਹੀ ਯਕੀਨ ਹੈ ਤਾਂ ਫਿਰ ਲੜਕੀ ਵਾਲਿਆਂ ਕੋਲੋ ਦਾਜ ਦੀ ਖਾਹਿਸ਼ ਕਿਉਂ ਰੱਖਦੇ ਹਨ? ਸੱਸ ਜਾਂ ਹੋਰ ਰਿਸ਼ਤੇਦਾਰਾਂ ਵੱਲੋਂ ਨੂੰਹ ਨੂੰ ਤੰਗ ਪਰੇਸ਼ਾਨ ਜਾਂ ਸਾੜਿਆ ਕਿਉਂ ਜਾਂਦਾ ਹੈ? ਵਿਆਹ ਦੇ ਕੁੱਝ ਮਹੀਨੇ ਜਾਂ ਸਾਲ ਪਿੱਛੋਂ ਹੀ ਤਲਾਕ ਕਿਉਂ ਹੋ ਜਾਂਦੇ ਹਨ? ਕੀ ਉਸ ਸਮੇਂ ਨਹੀਂ ਸੋਚਦੇ ਕੇ ਇਹ ਰਿਸ਼ਤਾ ਤਾਂ ਰੱਬ ਨੇ ਧੁਰੋਂ ਲਿਖਕੇ ਘੱਲਿਆ ਹੈ? ਕੀ ਤਲਾਕ ਵੀ ਰੱਬ ਨੇ ਪਹਿਲਾਂ ਹੀ ਲਿਖਿਆ ਸੀ? ਕੀ ਰੱਬ ਤਲਾਕ ਹੋ ਜਾਣ ਮਗਰੋਂ ਫਿਰ ਸੰਜੋਗ ਦੁਬਾਰਾ ਲਿਖ ਦੇਂਦਾ ਹੈ? ਕੀ ਅਜਿਹੇ ਲੋਕ ਸੋਚਦੇ ਹਨ ਕਿ ਪਹਿਲਾ ਰੱਬ ਨੇ ਗਲਤ ਸੰਜੋਗ ਲਿਖ ਦਿੱਤੇ ਸਨ? ਕਈ ਰਿਸ਼ਤੇਦਾਰਾਂ ਵਿੱਚ ਤਾਂ ਲੜਕੀ ਜਾਂ ਲੜਕੇ ਦਾ ਰਿਸ਼ਤਾ ਨਾ ਦੇਣ ਕਰਕੇ ਹੀ ਲੜਾਈ ਹੋ ਜਾਂਦੀ ਹੈ ਉਸ ਸਮੇਂ ਕਿਉਂ ਨਹੀਂ ਸੋਚਦੇ ਕਿ ਰਿਸ਼ਤੇ ਤਾਂ ਅਸਮਾਨ `ਤੇ ਬਣਦੇ ਹਨ? ਕੀ ਅਜਿਹੇ ਲੋਕ ਸਗੋਂ ਦੂਸਰਿਆਂ ਨਾਲੋਂ ਰੱਬ `ਤੇ ਘੱਟ ਯਕੀਨ ਨਹੀਂ ਰੱਖਦੇ ਜਾਪਦੇ, ਕਿਉਂਕਿ ਕਹਿੰਦੇ ਕੁੱਝ ਹੋਰ ਹਨ ਤੇ ਕਰਦੇ ਕੁੱਝ ਹੋਰ ਹਨ। ਅੱਜ ਸਾਡੇ ਬਹੁਗਿਣਤੀ ਧਰਮ ਦੇ ਠੇਕੇਦਾਰਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣਾ ਅਤੇ ਮਨਘੜਤ ਕਹਾਣੀਆਂ ਸੁਣਾਉਣੀਆਂ ਤਾਂ ਆਪਣੇ ਮਨ ਪ੍ਰਚਾਵੇ ਅਤੇ ਆਮਦਨ ਦਾ ਤਾਂ ਸਾਧਨ ਹੀ ਬਣਾਇਆਂ ਹੋਇਆ ਹੈ। ਕੀ ਗੁਰਮਤਿ ਇਸ ਗੱਲ ਨੂੰ ਮੰਨਦੀ ਹੈ ਕਿ ਰੱਬ ਕਿਸੇ ਅਸਮਾਨ ਤੇ ਬੈਠਾ ਹੈ? ਜਿਵੇਂ ਸਾਡੇ ਵਿੱਚ ਪ੍ਰਚਾਰਿਆ ਜਾਂਦਾ ਹੈ; ਪਰ ਗੁਰਬਾਣੀ ਤਾਂ ਸਾਨੂੰ ਸੋਝੀ ਦੇਂਦੀ ਹੈ ਕਿ ਅਕਾਲ ਪੁਰਖ ਹਰ ਥਾਂ ਮਾਜ਼ੂਦ ਹੈ:

ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ॥ ਧਰਮਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ॥ (ਮ: 5, ਪੰਨਾ 406)

ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ॥ (ਮ: ੫, ਪੰਨਾ ੯੬੧)

ਇਸ ਤਰ੍ਹਾਂ ਦਾ ਸਿੱਖਾਂ ਵਿੱਚ ਪ੍ਰਚਾਰ ਕਰਨ ਵਾਲੇ ਆਪ ਖ਼ੁਦ ਵੀ ਧੁਰੋਂ ਲਿੱਖੇ ਸੰਜੋਗ ਵਾਲੀ ਆਖੀ ਗੱਲ `ਤੇ ਪਹਿਰਾ ਨਹੀਂ ਦੇਂਦੇ ਹਨ।

ਗੁਰਬਾਣੀ ਵਿੱਚ ਇੱਕ ਚੰਗੇ ਪਤੀ ਪਤਨੀ ਦਾ ਮੇਲ ਉਸ ਜੋੜੀ ਨੂੰ ਆਖਿਆ ਹੈ ਜਿਹੜੇ ਦੋਵੇ ਜੀਅ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਦੇ ਹੋਣ ਜਾਨਿਕਿ ਦੋਹਾਂ ਸਰੀਰਾਂ ਵਿੱਚ ਇਕੋ ਆਤਮਾ ਹੋ ਜਾਵੇ। ਗੁਰਬਾਣੀ ਇਹ ਨਹੀਂ ਆਖਦੀ ਕਿ ਇਹ ਜੋੜੀ ਰੱਬ ਨੇ ਬਣਾਈ ਹੈ ਅਤੇ ਇਹ ਬਿਲਕੁਲ ਠੀਕ ਹੈ। ਪੜ੍ਹੀਏ ਗੁਰਬਾਣੀ ਦਾ ਇਹ ਸ਼ਬਦ:

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਮ: 3, ਪੰਨਾ ੭੮੮)

ਜੇਕਰ ਅਸੀਂ ਸੁਣੀਆਂ-ਸੁਣਾਈਆਂ ਗੱਲਾਂ ਦੇ ਮਗਰ ਲੱਗਣ ਨਾਲੋਂ ਗੁਰਮਤਿ ਅਨੁਸਾਰ ਸੋਚਾਂਗੇ ਤਾਂ ਸਾਨੂੰ ਗੁਰਬਾਣੀ ਦੇ ਇਸ ਸ਼ਬਦ ਵਿੱਚ ਆਏ ‘ਧੁਰੇ ਲਿਖੇ ਸੰਜੋਗ’ ਦੀ ਵੀ ਸਮਝ ਆ ਜਾਵੇਗੀ:

ਸਤਿਗੁਰ ਪ੍ਰਸਾਦਿ॥ ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ॥ ਹਰਿ ਨਾਮੋ ਮੰਤ੍ਰü ਦ੍ਰਿੜਾਇਦਾ ਕਟੇ ਹਉਮੈ ਰੋਗੁ॥ ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ॥ (ਮ: 5, ਪੰਨਾ ੯੫੭)

ਅਰਥ : —ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ, ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ, ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।

ਪਰ, ਹੇ ਨਾਨਕ ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ।

ਟੀਕਾਕਾਰ: ਪ੍ਰੋ. ਸਾਹਿਬ ਸਿੰਘ ਡੀ ਲਿਟ

ਇਹ ਵੀ ਵੀਚਾਰਨ ਵਾਲੀ ਗੱਲ ਹੈ ਕਿ ਕੀ ਸਿੱਖਾਂ ਦਾ ਰੱਬ ਹੋਰ ਹੈ ਅਤੇ ਬਾਕੀ ਕੌਮਾਂ ਜਿਹਨਾ ਦੇ ਕਈ-ਕਈ ਵਿਆਹ ਹੁੰਦੇ ਹਨ ਉਹਨਾਂ ਕੌਮਾ ਜਾਂ ਧਰਮਾ ਦਾ ਰੱਬ ਹੋਰ ਹੈ। ਆਪਣੇ ਗੁਆਂਢੀ ਧਰਮ ਇਸਲਾਮ ਵੱਲ ਹੀ ਵੇਖ ਲਓ, ਜੇ ਧੁਰੋਂ ਲਿਖੇ ਸੰਜੋਗ ਵਾਲੀ ਗੱਲ ਮੰਨ ਲਈਏ ਤਾਂ ਫਿਰ ਇਸਲਾਮ ਧਰਮ ਨੂੰ ਮੰਨਣ ਵਾਲੀਆਂ ਔਰਤਾ ਦੇ ਇੱਕ ਮੁਸਲਮਾਨ ਮਰਦ ਨਾਲ ਰੱਬ ਨੇ ਚਾਰ ਔਰਤਾ ਦੇ ਸੰਜੋਗ ਲਿਖ ਦਿਤੇ ਹਨ। ਗੁਰਬਾਣੀ ਤਾਂ ਉਹਨਾ ਦਾ ਰੱਬ ਵੀ ਉਹੀ ਦੱਸਦੀ ਹੈ: ਹਿੰਦੂ ਤੁਰਕ ਕਾ ਸਾਹਿਬੁ ਏਕ॥ (ਭਗਤ ਕਬੀਰ ਜੀ, ਪੰਨਾ ੧੧੫੮)

ਕੀ ਅੱਜ ਜਿਵੇਂ ਕਨੇਡਾ ਜਾਂ ਹੋਰ ਕਿਸੇ ਦੇਸ਼ ਵਾਲਿਆਂ ਨੇ ਆਦਮੀ ਦੀ ਆਦਮੀ ਨਾਲ ਅਤੇ ਔਰਤ ਦੀ ਔਰਤ (same sex) ਨਾਲ ਸ਼ਾਦੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਕੀ ਇਹ ਜੋੜੀਆਂ ਵੀ ਰੱਬ ਨੇ ਹੀ ਬਣਾਈਆਂ ਹਨ? ਜੇ ਰੱਬ ਨੇ ਹੀ ਬਣਾਈਆਂ ਹਨ ਤਾਂ ਫਿਰ ਅਸੀਂ ਨਾ ਮਨਜੂਰ ਕਰਨ ਵਾਲੇ ਕੌਣ ਹੁੰਦੇ ਹਾਂ ?

ਧੁਰੋਂ ਲਿਖੇ ਸੰਜੋਗ ਜਾਂ ਜੋੜੀਆਂ ਤਾਂ ਅਸਮਾਨ ਵਿੱਚ ਬਣਦੀਆਂ ਹਨ ਇਸ ਵਿੱਸ਼ੇ ਬਾਰੇ ਜਦੋਂ ਮੈਂ ਆਪਣੇ ਨਾਲ ਕੰਮ ਕਰਨ ਵਾਲੇ ਗੋਰੇ ਜਾਂ ਕਾਲਿਆਂ ਬਾਰੇ ਸੋਚਦਾ ਹਾਂ ਕਿ ਇਹਨਾਂ ਵਿੱਚੋਂ ਬਹੁਤਿਆਂ ਦੇ ਤਾਂ ਚਾਰ-ਚਾਰ, ਪੰਜ-ਪੰਜ ਵਿਆਹ ਹੋਏ ਹਨ। ਕੀ ਇਹਨਾਂ ਦੇ ਹਰ ਸਾਲ ਜਾਂ ਦੋ ਸਾਲ ਬਾਅਦ ਰੱਬ ਸੰਜੋਗ ਹੋਰ ਲਿਖ ਦੇਂਦਾ ਹੈ?

ਧੁਰੋ ਲਿਖੇ ਸੰਜੋਗ ਦਾ ਰੋਲਾ ਪਾਉਣ ਵਾਲੇ ਅਤੇ ਸ਼ਾਦੀ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਦੇ ਹੋਏ ਇਹ ਕਹਿਣ ਵਾਲੇ ਕਿ “ਇਸ ਜੋੜੀ ਦੇ ਧੁਰੋ ਲਿਖੇ ਸੰਜੋਗਾਂ ਅਨੁਸਾਰ ਜਾਂ ਜੋੜੀਆਂ ਤਾਂ ਅਸਮਾਨ ਤੇ ਬਣਦੀਆਂ ਹਨ” ਜਦੋਂ ਕੋਈ ਉਹਨਾਂ ਦੀ ਧੀ ਜਾਂ ਭੈਣ ਨੂੰ ਛੱਡਕੇ ਜਾਂ ਛੱਡਣ ਤੋਂ ਬਿਨਾ ਹੀ ਦੂਜੀ ਸ਼ਾਦੀ ਕਰਵਾ ਲੈਂਦਾ ਹੈ ਤਾਂ ਕੀ ਫਿਰ ਵੀ ਇਹ ਮੰਨਦੇ ਹਨ ਕਿ ਇਹ “ਸੰਜੋਗ ਵੀ ਧੁਰੋ ਲਿਖੇ ਹੋਏ ਹਨ ਜਾਂ ਜੋੜੀਆਂ ਤਾਂ ਅਸਮਾਨ ਤੇ ਬਣਦੀਆਂ ਹਨ ਕੀ ਹੋਇਆ ਜੇ ਇਸਨੇ ਹੋਰ ਵਿਆਹ ਕਰਵਾ ਲਿਆ ਤਾਂ?

ਇਥੇ ਇੱਕ ਹੋਰ ਵੀ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕਿਸੇ ਦੇ ਵਿਆਹ ਦੇ ਸੰਜੋਗ ਜਨਮ ਸਮੇਂ (ਪਹਿਲਾਂ ਹੀ) ਲਿਖੇ ਜਾਂਦੇ ਹਨ ਤਾਂ ਫਿਰ ਜਿਹੜਾ ਸਿੱਖ ਆਪਣੇ ਸਿੱਖ ਧਰਮ ਨੂੰ ਛੱਡਕੇ ਰਾਧਾ ਸਵਾਮੀ, ਨਿਰੰਕਾਰੀ, ਆਸ਼ੂਤੋਸ਼, ਸੋਦੇ ਵਾਲੇ ਦੇਹਧਾਰੀ ਸਾਧਾਂ ਦੇ ਧਰਮ ਵਿੱਚ ਚਲੇ ਗਏ ਹਨ ਜਾਂ ਕਿਸੇ ਹੋਰ ਧਰਮ ਨੂੰ ਮੰਨਣ ਲੱਗ ਪੈਂਦੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ, ਅਜਿਹੇ ਲੋਕਾਂ ਦੇ ਤਾਂ ਵਿਆਹ ਦੇ ਸੰਜੋਗ ਪਹਿਲਾਂ ਤਾਂ ਸਿੱਖ ਘਰ ਵਿੱਚ ਜਨਮ ਹੋਣ ਕਰਕੇ ਸਿੱਖ ਲੜਕੇ ਲੜਕੀ ਨਾਲ ਲਿਖੇ ਸਨ ਪਰ ਹੁਣ ਰੱਬ ਫਿਰ ਦੁਬਾਰਾ ਲਿਖੇਗਾ? ਅਜਿਹੇ ਬਹੁਤ ਸਾਰੇ ਸਵਾਲ ਹਨ ਜੋ ਇਸ ਕਥਨੀ ਤੇ ਪੂਰਾ ਨਹੀਂ ਉਤਰਦੇ। ਜਿਵੇਂ ਸਿੱਖ ਰਹਿਤ ਮਰਯਾਦਾ ਵਿੱਚ ਹਰੇਕ ਸਿੱਖ ਨੂੰ ਹਦਾਇਤ ਕੀਤੀ ਹੋਈ ਹੈ ਕਿ ਉਹ ਆਪਣੀ ਲੜਕੀ ਲੜਕੇ ਦਾ ਵਿਆਹ ਸਿੱਖ ਘਰਾਣੇ ਵਿੱਚ ਹੀ ਕਰੇ।

ਸ੍ਰੀ ਅਕਾਲ ਤਖਤ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਸਰਲੇਖ ‘ਅਨੰਦ ਸੰਸਕਾਰ’ ਵਿੱਚ ਲਿਖਿਆ ਹੈ: ਅ) ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ।

ਜੇਕਰ ਰੱਬ ਨੇ ਸਿੱਖ ਦੇ ਲੜਕੇ ਜਾਂ ਲੜਕੀ ਦੀ ਜੋੜੀ ਕਿਸੇ ਹੋਰ ਦੇਸ਼ ਜਾਂ ਧਰਮ ਵਾਲੇ ਲੜਕੇ ਜਾਂ ਲੜਕੀ ਨਾਲ ਬਣਾਈ ਹੋਵੇਗੀ ਤਾਂ ਫਿਰ ਰੱਬ ਦੀ ਬਣਾਈ ਜੋੜੀ ਦਾ ਕੀ ਬਣੂ?

ਪਿਛਲੇ ਸਾਲ 2007 ਈ: ਦਾ ਸ਼ਾਇਦ ਨਵੰਬਰ ਦਾ ਮਹੀਨਾ ਸੀ। ਉਸ ਮਹੀਨੇ ਕਨੇਡਾ ਦੀਆਂ ਅਖ਼ਬਾਰਾਂ ਵਿੱਚ ਖ਼ਬਰ ਛਪੀ ਸੀ ਕਿ ਭਾਰਤ ਦੇ ਕਿਸੇ ਪ੍ਰਾਂਤ ਵਿੱਚ ਇੱਕ ਆਦਮੀ ਨੇ ਕੁਤੀ ਨਾਲ ਵਿਆਹ ਕੀਤਾ ਸੀ; ਨਾਲ ਉਸ ਜੋੜੇ ਦੀ ਫੋਟੋ ਵੀ ਸੀ। ਕੀ ਉਹਨਾਂ ਦੇ ਵੀ ਧੁਰੋਂ ਲਿਖੇ ਸੰਜੋਗ ਹੋਣਗੇ?

ਸੰਸਾਰ ਦੇ ਹੋਰ ਜੀਵਾਂ ਅਤੇ ਮਨੁੱਖਾ ਵਿੱਚ ਇਹ ਖ਼ਾਸ ਫਰਕ ਹੈ ਕਿ ਅਕਾਲ ਪੁਰਖ ਨੇ ਮਨੁੱਖਾਂ ਨੂੰ ਸੋਚ-ਵਿਚਾਰ ਕਰਨ ਦੀ ਸੋਝੀ ਦਿੱਤੀ ਹੈ। ਜੇਕਰ ਇਨਸਾਨ ਉਸਦੀ ਠੀਕ ਵਰਤੋਂ ਕਰੇ ਤਾਂ ਜੀਵਨ ਵਿੱਚ ਮੁਸ਼ਕਲਾਂ ਘੱਟ ਜਾਂਦੀਆਂ ਹਨ ਪਰ ਜੇ ਹਉਮੈਂ, ਹੰਕਾਰ ਤੇ ਲਾਲਚ ਵੱਸ ਹੋ ਕੇ ਕਰਮ ਕਰੇਗਾ ਤਾਂ ਮੁਸੀਬਤਾਂ ਤਾਂ ਆਉਣੀਆਂ ਹੀ ਹਨ। ਵਿਆਹ ਦਾ ਫੈਸਲਾ ਕਰਨਾ ਤਾਂ ਬਹੁਤ ਵੱਡੀ ਗੱਲ ਹੈ; ਗੁਰਬਾਣੀ ਤਾਂ ਸਾਨੂੰ ਇਥੋਂ ਤੱਕ ਸੁਚੇਤ ਕਰਦੀ ਹੈ ਕਿ ਜੇਕਰ ਕਿਸੇ ਲੋੜਵੰਦ ਦੀ ਮੱਦਦ ਵੀ ਕਰਨੀ ਹੈ ਤਾਂ ਵੀ ਸੋਚ-ਸਮਝਕੇ ਕਰੋ। ਕਿਤੇ ਇਹ ਕੋਈ ਬਹਿਰੂਪੀਆ ਤਾਂ ਨਹੀਂ: ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿ੍ਹ੍ਹ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ (ਮ: ੧, ਪੰਨਾ ੧੨੪੫)

ਜਦੋਂ ਅਸੀਂ ਕਿਸੇ ਭਾਈ ਜੀ (ਪੇਸ਼ਾਵਰ ਅਰਦਾਸੀਆ) ਦੀ ਆਖੀ ਗੱਲ ਨੂੰ ਗੁਰਮਤਿ ਅਨੁਸਾਰ ਵਿਚਾਰਨ ਲੱਗ ਪਏ ਕਿ ਕੀ ਇਹ ਪ੍ਰਚਾਰਕ ਠੀਕ ਕਹਿ ਰਿਹਾ ਹੈ ਜਾਂ ਨਹੀ, ਫਿਰ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਸਮੇਂ ਸੋਚ ਸਮਝ ਕੇ ਲਫ਼ਜ ਆਪਣੇ ਮੂੰਹ ਵਿੱਚੋਂ ਕੱਢਾਗੇ। ਮੁਸ਼ਕਲ ਇਹ ਹੈ ਕਿ ਅਸੀਂ ਜੋਂ ਬੋਲਦੇ ਹਾਂ ਤੇ ਕਰਦੇ ਹਾਂ ਉਸ ਵਿੱਚ ਫਰਕ ਹੈ। ਗੁਰੂ ਸਾਹਿਬ ਅੱਗੇ ਅਰਦਾਸ ਹੋਰ ਕਰਦੇ ਹਾਂ ਅਤੇ ਸੋਚਦੇ ਅਤੇ ਕਰਮ ਉਸਦੇ ਉਲਟ ਕਰਦੇ ਹਾਂ। ਜਿਸ ਵਿੱਸ਼ੇ ਤੇ ਗੱਲ ਕਰਨੀ ਹੁੰਦੀ ਹੈ, ਉਸ ਵਿੱਸ਼ੇ ਬਾਰੇ ਪਹਿਲਾਂ ਵਿਚਾਰ ਕਰਨੀ ਚੰਗੀ ਗੱਲ ਹੈ।

ਦਰਅਸਲ ਵਿਆਹ ਕਿਹੜੇ ਧਰਮ, ਕਿਹੜੀ-ਕਿਹੜੀ ਰਿਸ਼ਤੇਦਾਰੀ ਨਾਲ, ਕਿਹੜੀ ਜਾਤ ਬਰਾਦਰੀ ਜਾਂ ਬੋਲੀ ਆਦਿਕ ਨਾਲ ਕਰਨੇ ਹਨ ਇਹ ਹਰ ਧਰਮ, ਹਰ ਇਲਾਕੇ ਦੇ ਵਸਨੀਕਾਂ ਦੀ ਆਪਣੀ-ਆਪਣੀ ਬਣਾਈ ਹੋਈ ਮਰਯਾਦਾ ਅਨੁਸਾਰ ਹੁੰਦੇ ਹਨ। ਜਿਵੇਂ ਪੰਜਾਬ ਦੇ ਖਾਸ ਕਰਕੇ ਸਿੱਖਾਂ ਦੀ ਮਰਯਾਦਾ ਹੈ ਕਿ ਇਕੇ ਪਿੰਡ ਦੇ ਲੜਕਾ ਲੜਕੀ ਵਿੱਚ ਵਿਆਹ ਨਹੀਂ ਹੁੰਦਾ ਸੀ, ਅਤੇ ਨਾਂ ਹੀ ਇਕੇ ਪ੍ਰੀਵਾਰਕ ਨਾਂਅ ਨਾਲ (Family name)। ਪਰ ਹੁਣ ਕਈ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ। ਹੁਣ ਤਾਂ ਵਿਦੇਸ਼ਾਂ ਵਿੱਚ ਆਪ ਆਉਣ ਜਾਂ ਰਿਸ਼ਤੇਦਾਰਾਂ ਨੂੰ ਲਿਆਉਣ ਖਾਤਰ ਕਈ ਸਿੱਖ ਵੀ ਆਪਣੇ ਲੜਕੇ ਜਾਂ ਲੜਕੀ ਦਾ ਵਿਆਹ ਆਪਣੇ ਨਜਦੀਕੀ ਰਿਸ਼ਤੇਦਾਰਾਂ ਨਾਲ ਕਰ ਦੇਂਦੇ ਹਨ ਪਰ ਜੇ ਉਹੀ ਪ੍ਰੀਵਾਰ ਭਾਰਤ ਵਿੱਚ ਰਹੇ ਫਿਰ ਨਹੀਂ ਕਰਦੇ। ਅੱਜ ਕੱਲ੍ਹ ਤਾਂ ਅਖ਼ਬਾਰਾਂ ਵਿੱਚ ‘ਰਿਸ਼ਤਿਆਂ’ ਵਾਲੇ ਕਾਲਮ ਤੇ ਬਹੁਤੇ ਪ੍ਰਵਾਰਾਂ ਨੇ ਇਹ ਹੀ ਲਿਖਿਆ ਹੁੰਦਾ ਹੈ ਕਿ “ਸਿਰਫ ਉਹੀ ਪਰਿਵਾਰ ਸੰਪਰਕ ਕਰਨ ਜੋ ਸਾਡੀ ਲੜਕੀ ਜਾਂ ਲੜਕੇ ਭਾਰਤ ਵਿੱਚ ਰਹਿੰਦੇ ਨੂੰ ਕਨੇਡਾ ਰਿਸ਼ਤਾ ਕਰਵਾ ਸਕਦਾ ਹੈ”। ਕੀ ਹੁਣ ਕੋਈ ਸੰਜੋਗ ਲਿਖਣ ਵਾਲਾ ਰੱਬ ਹੋਰ ਆ ਗਿਆ ਹੈ? ਨਹੀਂ; ਸਾਰੀ ਦੁਨੀਆਂ ਨੂੰ ਚਲਾਉਣ ਵਾਲਾ ਰੱਬ (ਅਕਾਲ ਪੁਰਖ) ਇੱਕ ਹੀ ਹੈ ਕੋਈ ਦੂਜਾ ਹੋਰ ਨਹੀਂ ਹੈ:

ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ॥ (ਮ: ੧, ਪੰਨਾ ੬੬੦)

ਸਾਨੂੰ ਚਾਹੀਦਾ ਹੈ ਇਸ ਤਰ੍ਹਾਂ ਦੇ ਪ੍ਰਚਾਰਕਾਂ ਵੱਲੋਂ ਅਜਿਹੀਆਂ ਪ੍ਰਚਾਰੀਆਂ ਜਾਂਦੀਆਂ ਗੱਲਾਂ ਬਾਰੇ ਗੁਰਮਤਿ ਅਨੁਸਾਰ ਸੋਚ-ਵਿਚਾਰ ਕਰੀਏ।




.