.

ਗੁਰਬਾਣੀ ਗੁਰੂ ਕਿਵੇਂ ਹੈ?

ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਗੁਰੂ ਸ਼ਬਦ ਨੂੰ ‘ਗ੍ਰੀ` ਅੱਖਰ ਤੋਂ ਉਤਪਨ ਹੋਇਆ ਦਸਿਆ ਹੈ। ਉਨ੍ਹਾਂ ਦੇ ਮੁਤਾਬਕ ‘ਗ੍ਰੀ` ਦਾ ਭਾਵ ਹੈ ਨਿਗਲਣਾ ਜਾਂ ਸਮਝਾਉਣਾ। ਜੋ ਹਨੇਰੇ ਨੂੰ ਖਾ ਜਾਂਦਾ ਹੈ ਅਤੇ ਪ੍ਰਕਾਸ਼ ਦਾ ਪ੍ਰਗਟਾਵਾ ਕਰ ਦੇਂਦਾ ਹੈ ਉਹ ਗੁਰੂ ਹੈ। ਗੁਰੂ ਸ਼ਬਦ ਦੇ ਇੱਕ ਅਰਥ ਇਉਂ ਵੀ ਕਰਦੇ ਹਨ ਗੁ+ਰੂ, ‘ਗੁ` ਤੋਂ ਭਾਵ ਹੈ ਹਨੇਰਾ ਅਤੇ ‘ਰੂ` ਤੋਂ ਭਾਵ ਹੈ ਦੂਰ ਕਰਨ ਵਾਲਾ ਪ੍ਰਕਾਸ਼। ਅਰਥਾਤ ਜੋ ਗਿਆਨ ਦੇ ਪ੍ਰਕਾਸ਼ ਨਾਲ ਹਨੇਰਾ ਦੂਰ ਕਰ ਦੇਵੇ ਉਹ ਗੁਰੂ ਹੈ। ਬਾਣੀ ਸੁਖਮਨੀ ਵਿੱਚ ਗੁਰੂ ਦੀ ਪਰਿਭਾਸ਼ਾ ਗੁਰੂ ਅਰਜਨ ਦੇਵ ਜੀ ਨੇ ਇਉ ਕੀਤੀ ਹੈ।

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥

(ਅੰਗ-੨੯੩)

ਸੋ ਗੁਰੂ ਉਹ ਹੈ ਜੋ ਸਾਡਾ ਸੱਚਾ ਮਾਰਗ ਦਰਸ਼ਕ ਹੋਵੇ। ਜੋ ਅਗਿਆਨਤਾ ਦੇ ਹਨੇਰੇ ਨੂੰ ਕੱਢ ਕੇ ਗਿਆਨ ਦਾ ਪ੍ਰਕਾਸ਼ ਸਾਡੇ ਅੰਦਰ ਕਰ ਦੇਵੇ ਉਹ ਸਾਡਾ ਗੁਰੂ ਹੈ।

ਅਗਿਆਨਤਾ ਦੋ ਤਰ੍ਹਾਂ ਦੀ ਹੁੰਦੀ ਹੈ:-

(1) ਸੰਸਾਰਿਕ ਅਗਿਆਨਤਾ।

(2) ਅਧਿਆਤਮਿਕ ਅਗਿਆਨਤਾ।

(1) ਸੰਸਾਰਿਕ ਅਗਿਆਨਤਾ: ਜਦੋਂ ਮਨੁੱਖੀ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਨਾ ਹੋਇਆ ਹੋਵੇ। ਉਸ ਦੇ ਕਾਰਣ ਕੋਈ ਬੀਮਾਰੀ ਅਨਪੜ੍ਹਤਾ ਜਾਂ ਤਜਰਬੇ ਦੀ ਘਾਟ ਹੋ ਸਕਦੀ ਹੈ। ਇਸ ਘਾਟ ਕਾਰਨ ਮਨੁੱਖ ਸੰਸਾਰ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਪਿੱਛੇ ਰਹਿੰਦਾ ਹੈ ਅਤੇ ਦੁੱਖੀ ਹੁੰਦਾ ਹੈ।

(2) ਅਧਿਆਤਮਿਕ ਅਗਿਆਨਤਾ: ਇਹ ਅਗਿਆਨਤਾ ਖਾਸ ਕਰਕੇ ਦੁਨਿਆਵੀ ਧਾਰਮਿਕ ਅਤੇ ਆਤਮਿਕ ਮੰਡਲਾਂ ਦੇ ਬਾਰੇ ਦ੍ਰਿੜ੍ਹ ਕੀਤੇ ਹੋਏ ਸੁਣੇ ਸੁਣਾਏ ਅਧੇ ਅਧੂਰੇ ਗਲਤ ਖਿਆਲ, ਜਾਣਕਾਰੀ ਜਾਂ ਨਿਸਚਿਆਂ ਨੂੰ ਹੀ ਅਧਿਆਤਮਿਕ ਅਗਿਆਨਤਾ ਕਿਹਾ ਜਾਂਦਾ ਹੈ।

ਵੇਖਣ ਵਿੱਚ ਇਹ ਆ ਰਿਹਾ ਹੈ ਕਿ ਅਜ ਕਲ੍ਹ ਸੰਸਾਰਿਕ ਗਿਆਨ ਤਾ ਸਕੂਲਾਂ ਕਾਲਜਾਂ ਵਿੱਚ ਬਹੁਤ ਪੜ੍ਹਾਇਆ ਜਾ ਰਿਹਾ ਹੈ। ਵਿਗਿਆਨਕ ਵਿਦਿਆ ਵੀ ਬਹੁਤ ਤੱਰਕੀ ਤੇ ਹੈ। ਜਿਸ ਕਰਕੇ ਅਜ ਅਸੀਂ ਸਰੀਰਿਕ ਅਤੇ ਮਾਨਸਿਕ ਸੁਖ ਬਹੁਤ ਮਾਣਦੇ ਹਾਂ। ਪਰ ਇਨ੍ਹਾਂ ਵਿਗਿਆਨਿਕ ਸੁਖਾਂ ਦੇ ਕਾਰਣ ਅਸੀਂ ਆਪਣੇ ਆਪ ਨੂੰ ਹੀ ਭੁਲ ਗਏ ਹਾਂ, ਜਿਸ ਕਰਕੇ ਸਾਡਾ ਜੀਵਨ ਰੁਖਾ-ਸੁਖਾ, ਖੁਦ-ਗਰਜ ਅਤੇ ਆਤਮ-ਹੀਣ ਬਣ ਗਿਆ ਹੈ। ਸਾਡੇ ਅੰਦਰ ਦੈਵੀ ਗੁਣਾਂ ਦੀ ਥਾਂ, ਕਾਮ, ਕ੍ਰੋਧ, ਹਊਮੇ, ਨਫਰਤ ਬੇਈਮਾਨੀ, ਖੁਦਗਰਜੀ, ਭ੍ਰਸ਼ਟਾਚਾਰ ਲੜਾਈਆਂ ਅਤੇ ਝਗੜਿਆਂ ਦਾ ਵਾਸਾ ਹੋ ਗਿਆ ਹੈ। ਹਰ ਪਾਸੇ ਸ਼ਾਂਤੀ ਖਤਮ ਹੋ ਰਹੀ ਹੈ ਅਤੇ ਅਸ਼ਾਂਤੀ ਵੱਧ ਰਹੀ ਹੈ। ਇਸ ਦਾ ਅਰਥ ਇਹ ਹੈ ਕਿ ਸਾਰੀ ਵਿਗਿਆਨਕ ਵਿਦਿਆ ਅਤੇ ਮਾਇਕ ਵਿਕਾਸ ਇਸ ਸੜਦੇ ਜਗਤ ਨੂੰ ਬਚਾਉਣ ਅਤੇ ਸਦੀਵੀ ਸੁਖ ਸ਼ਾਂਤੀ ਲਿਆਉਣ ਵਿੱਚ ਅਸਮਰਥ ਰਹੀ ਹੈ। ਇਸ ਲਈ ਇਸ ਸੰਸਾਰ ਨੂੰ ਇਸ ਗੁੱਝੀ ਅੱਗ ਤੋਂ ਬਚਾਉਣ ਵਾਸਤੇ ਅਤੇ ਸੰਸਾਰ ਵਿੱਚ ਸਦੀਵੀ ਅਤੇ ਸੱਚੀ ਸ਼ਾਂਤੀ ਲਿਆਉਣ ਵਾਸਤੇ ਕਿਸੇ ਉਚੀ ਅਤੇ ਸੁਚੀ ਆਤਮਿਕ ਵਿਦਿਆ ਦੀ ਲੋੜ ਹੈ ਜਾਂ ਇੰਜ ਕਹਿ ਲਵੋ ਕਿ ਕਿਸੇ ਅਨੁਭਵੀ ਗਿਆਨ ਦੀ ਲੋੜ ਹੈ। ਆਤਮਿਕ ਵਿਦਿਆ ਲਈ ਸਾਨੂੰ ਆਤਮਿਕ ਅਧਿਆਪਕ ਜਾਂ ਗੁਰੂ ਦੀ ਲੋੜ ਹੈ ਜੇਹੜਾ ਸਾਡੀ ਚੇਤਨਾ ਦਾ ਵਿਕਾਸ ਕਰ ਸਕੇ ਅਤੇ ਸਾਨੂੰ ਆਤਮਿਕ ਗਿਆਨ ਦੇ ਸਕੇ। ਅਜ ਦੇ ਯੁਗ ਵਿੱਚ ਸਾਨੂੰ ਸੰਪੂਰਨ ਵਿਦਿਆ ਦੀ ਲੋੜ ਹੈ, ਜਿਸ ਨਾਲ ਸਾਡੇ ਜੀਵਨ ਦੇ ਜਿਸਮਾਨੀ, ਦਿਮਾਗੀ, ਮਾਨਸਿਕ, ਸਮਾਜਿਕ, ਧਾਰਮਿਕ ਅਤੇ ਆਤਮਿਕ ਪੱਖ ਸਾਰੇ ਦੇ ਸਾਰੇ ਸਮੁੱਚੇ ਤੋਰ ਤੇ ਵਿਕਾਸ ਕਰ ਸਕਣ। ਇਸ ਆਤਮਿਕ ਗਿਆਨ ਲਈ ਸਾਨੂੰ ਇੱਕ ਸੱਚੇ ਗੁਰੂ ਦੀ ਬਹੁਤ ਲੋੜ ਹੈ। ਸੱਚੇ ਗੁਰੂ ਨੂੰ ਮਿਲਕੇ ਵਹਿਮਾਂ ਭਰਮਾਂ ਦੀ ਅਗਿਆਨਤਾ ਦੂਰ ਹੁੰਦੀ ਹੈ ਅਤੇ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਵੇਖਣਾ ਇਹ ਕਿ ਉਸ ਸੱਚੇ ਗੁਰੂ ਦੀ ਪਹਿਚਾਣ ਕੀ ਹੈ। ਅਜ ਕਲ ਤਾਂ ਘਰ ਘਰ ਗੁਰੂ ਬਣੇ ਬੈਠੇ ਹਨ। ਭੋਲੇ ਭਾਲੇ ਲੋਕਾਂ ਨੂੰ ਠੱਗੀ ਜ ਰਹੇ ਹਨ ਅਤੇ ਆਪਣੀ ਦੁਕਾਨਦਾਰੀ ਚਮਕਾਈ ਜਾ ਰਹੇ ਹਨ। ਇਸ ਲਈ ਸਾਨੂੰ ਇਹ ਵਿਚਾਰ ਕਰਨਾ ਪਵੇਗਾ ਕਿ ਸੱਚੇ ਗੁਰੂ ਦੀ ਪਹਿਚਾਣ ਕੀ ਹੈ? ਸੱਚੇ ਗੁਰੂ ਦੀ ਪਹਿਲੀ ਨਿਸ਼ਨੀ ਹੈ।

1. ਉਹ ਬ੍ਰਹਮ ਗਿਆਤਾ ਹੋਵੇ:- ਇਸ ਦੀ ਪਰਿਭਾਸ਼ਾ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਦੀ ਅਠਵੀ ਅਸਟਪਦੀ ਵਿੱਚ ਵਿਸਤਾਰ ਪੂਰਵਕ ਦਸੀ ਹੈ। ਛੇਵੇਂ ਪਦੇ ਵਿੱਚ ਗੁਰੂ ਜੀ ਦਸਦੇ ਹਨ

ਬ੍ਰਹਮ ਗਿਅਨੀ ਬ੍ਰਹਮ ਕਾ ਬੇਤਾ॥ (ਅੰਗ-੨੭੩)

ਬ੍ਰਹਮ ਗਿਆਨੀ ਬ੍ਰਹਮ ਨੂੰ ਜਾਣਨ ਵਾਲਾ ਹੁੰਦਾ ਹੈ।

2. ਗੁਰੂ ਜੋੜਨ ਵਾਲਾ ਹੋਵੇ:- ਉਹ ਸਾਰੀ ਮਨੁੱਖ ਜਾਤੀ ਨੂੰ ਏਕਤਾ ਦਾ ਪਾਠ ਪੜ੍ਹਾਵੇ ਅਤੇ ਸਭ ਨੂੰ ਇੱਕ ਨਾਲ ਜੋੜੇ।

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ॥

(ਅੰਗ-੭੨)

3. ਗੁਰੂ ਅਨੰਦ ਅਤੇ ਗਿਆਨ ਦਾ ਦਾਤਾ ਹੋਵੇ:- ਜਿਸ ਦੇ ਦਰਸ਼ਨ ਕਰਦਿਆਂ ਜਾਂ ਉਸ ਦਾ ਸ਼ਬਦ ਸੁਣਦਿਆਂ ਆਨੰਦ ਦੀ ਪ੍ਰਾਪਤੀ ਹੋਵੇ।

ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ॥ (ਅੰਗ-੧੬੮)

4. ਗੁਰੂ ਵਿਕਾਰ ਰਹਿਤ ਹੋਵੇ:- ਗੁਰੂ ਨੇ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੂੰ ਵਸ ਕੀਤਾ ਹੁੰਦਾ ਹੈ ਅਤੇ ਦੂਜਿਆਂ ਨੂੰ ਵੀ ਇਨਾ ਵਿਕਾਰਾਂ ਤੋਂ ਬਚਾਉਂਦਾ ਹੈ

ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ॥

(ਅੰਗ-੩0੪)

5. ਗੁਰੂ ਜਗਤਾਰਕ ਹੁੰਦਾ ਹੈ:- ਸਮਰਥ ਗੁਰੂ ਹੀ ਸੰਸਾਰ ਸਾਗਰ ਤੋਂ ਪਾਰ ਲੰਘਾ ਸਕਦਾ ਹੈ।

ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ॥ (ਅੰਗ-੧੪0੧)

6. ਗੁਰੂ ਪਰਮ ਵੈਦ ਹੁੰਦਾ ਹੈ:- ਗੁਰੂ ਨਾਮ ਦੀ ਦਵਾਈ ਦੇਕੇ ਸਭ ਦੇ ਆਧਿ, ਬਿਆਧਿ ਅਤੇ ਉਪਾਧਿ ਰੋਗ ਦੂਰ ਕਰਦਾ ਹੈ।

ਮੇਰਾ ਬੈਦੁ ਗੁਰੂ ਗੋਵਿੰਦਾ॥

ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ॥

(ਅੰਗ-੬੧੮)

7. ਗੁਰੂ ਪਰਮਾਤਮਾ ਦਾ ਰੂਪ ਹੁੰਦਾ ਹੈ:- ਉਹ ਪਾਰਬ੍ਰਹਮ, ਪਰਮਾਤਮਾ, ਪਰਮੇਸ਼ਰ ਦਾ ਰੂਪ ਹੁੰਦਾ ਹੈ ਇਸ ਲਈ ਉਸਦੇ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ।

ਗੁਰ ਗੋਵਿੰਦੁ ਗ+ਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥ (ਅੰਗ-੪੪੨)

8. ਗੁਰੂ ਹੀ ਤੀਰਥ ਹੈ:- ਤੀਰਥਾਂ ਤੇ ਮੁਕਤੀ ਦੀ ਭਾਲ ਵਿੱਚ ਕਰਮ ਕਾਂਡੀ ਲੋਕ ਧੱਕੇ ਖਾਂਦੇ ਹਨ। ਪਰ ਗੁਰੂ ਹੀ ਤੀਰਥ ਹੈ ਜੋ ਆਪਣੇ ਬਚਨਾ ਨਾਲ ਹਿਰਦਾ ਸ਼ੁਧ ਕਰਦਾ ਹੈ।

ਗੁਰ ਸਮਾਨਿ ਤੀਰਥੁ ਨਹੀ ਕੋਇ॥

ਸਰੁ ਸੰਤੋਖੁ ਤਾਸੁ ਗੁਰੁ ਹੋਇ॥ (ਅੰਗ-੧੩੨੮)

9. ਗੁਰੂ ਨਿਰਵੈਰ ਹੁੰਦਾ ਹੈ:- ਗੁਰੂ ਤਾਂ ਸਰਬੱਤ ਦੀ ਭਲਾਈ ਹੀ ਚਾਹੁੰਦਾ ਹੈ, ਉਸ ਨੂੰ ਕਿਸੇ ਨਾਲ ਵੀ ਕੋਈ ਵੈਰ ਨਹੀਂ ਹੁੰਦਾ।

ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ॥ (ਅੰਗ੩0੨)

10. ਗੁਰੂ ਮਨੁੱਖ ਦਾ ਆਤਮਿਕ ਜੀਵਨ ਉਚਾ ਕਰਦਾ ਹੈ:- ਗੁਰੂ ਹਮੇਸ਼ਾਂ ਮਨੁੱਖ ਦੇ ਆਤਮਿਕ ਜੀਵਨ ਨੂੰ ਵਧੇਰੇ ਉਚਾਈਆਂ ਵੱਲ ਲੈ ਜਾਂਦਾ ਹੈ ਤਾਂ ਜੋ ਦੁਨਿਆਵੀ ਦੁੱਖ ਜਾਂ ਤੋਖਲੇ ਉਸ ਨੂੰ ਪੋਹ ਨ ਸਕਣ।

ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ॥ (ਅੰਗ-੪੨੧)

ਅੱਜ ਦੇ ਯੁਗ ਵਿੱਚ ਸਾਨੂੰ ਐਸੇ ਗੁਰੂ ਦੀ ਲੋੜ ਹੈ ਜਿਸ ਦੇ ਅੰਦਰ ਇਹ ਸਾਰੇ ਗੁਣ ਹੋਣ। ਸਾਡਾ ਗੁਰੂ ਉਹ ਵਿਅਕਤੀ ਜਾਂ ਸ਼ਕਤੀ ਹੋਵੇ ਜੋ ਬ੍ਰਹਮ ਦਾ ਗਿਆਤਾ ਹੋਵੇ, ਇਨਸਾਨ ਨੂੰ ਇਨਸਾਨ ਨਾਲ ਜੋੜਨ ਵਾਲਾ ਹੋਵੇ ਭਾਵੇਂ ਕੋਈ ਇਨਸਾਨ ਕਿਸੇ ਵੀ ਦੇਸ਼ ਜਾਂ ਮਜਹਬ ਦਾ ਹੋਵੇ ਉਸ ਦੇ ਨਾਲ ਕੋਈ ਵਿਤਕਰਾ ਨਾ ਕੀਤਾ ਜਾਵੇ। ਗੁਰੂ ਆਨੰਦ ਅਤੇ ਗਿਆਨ ਦਾ ਦਾਤਾ ਹੋਵੇ, ਗੁਰੂ ਵਿਕਾਰ ਰਹਿਤ ਹੋਵੇ, ਗੁਰੂ ਜਗਤਾਰਕ ਹੋਵੇ, ਗੁਰੂ ਸਭ ਦੇ ਆਧਿ ਬਿਆਧਿ ਅਤੇ ਉਪਾਧਿ ਰੋਗ ਦੂਰ ਕਰ ਸਕਦਾ ਹੋਵੇ, ਗੁਰੂ ਪਰਮਾਤਮਾ ਦਾ ਰੂਪ ਹੋਵੇ, ਗੁਰੂ ਤੀਰਥ ਸਮਾਨ ਹੋਵੇ ਜਿਸ ਦੇ ਮਿਲਣ ਤੋਂ ਬਾਅਦ ਤੀਰਥਾਂ ਦੀ ਭਟਕਣਾ ਮੁੱਕ ਜਾਵੇ। ਗੁਰੂ ਨਿਰਵੈਰ ਹੋਵੇ ਅਤੇ ਮਨੁੱਖ ਜਾਤੀ ਦਾ ਆਤਮਿਕ ਜੀਵਨ ਉਚਾ ਤੇ ਸੁੱਚਾ ਕਰ ਸਕਣ ਦੇ ਸਮਰਥ ਹੋਵੇ। ਇਹ ਸਾਰੀਆਂ ਖੂਬੀਆਂ ਸਾਰੇ ਸੰਸਾਰ ਵਿੱਚ ਕਿਸੇ ਵੀ ਦੇਹ ਧਾਰੀ ਰੂਹ ਦੇ ਅੰਦਰ ਮਿਲਣੀਆਂ ਅਸੰਭਵ ਹਨ। ਜਿਨ੍ਹੇ ਵੀ ਦੇਹ ਧਾਰੀ ਗੁਰੂ ਬਣੇ ਬੈਠੇ ਹੋਏ ਹਨ ਅਸੀਂ ਵੇਖਦੇ ਹਾਂ ਸਾਰੇ ਹੀ ਮਾਇਆ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹਨ। ਇਨ੍ਹਾਂ ਦੇ ਵੱਸ ਵਿੱਚ ਤਾਂ ਕੋਈ ਇੱਕ ਵੀ ਵਿਕਾਰ ਨਹੀਂ ਹੈ। ਆਏ ਦਿਨ ਅਸੀਂ ਅਖਬਾਰਾਂ ਅਤੇ ਟੀ. ਵੀ. ਦੇ ਮਾਧਿਅਮ ਤੋਂ ਅਖੌਤੀ ਦੇਹਧਾਰੀ ਗੁਰੂਆਂ ਦੇ ਕਿੱਸੇ ਸੁਣਦੇ ਤੇ ਵੇਖਦੇ ਰਹਿੰਦੇ ਹਾਂ। ਇਸ ਦੀ ਤਾਜਾ ਮਿਸਾਲ ਡੇਰਾ ਸੱਚਾ ਸੌਦਾ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਹੈ ਜਿਸ ਉਤੇ ਸੀ. ਬੀ. ਆਈ. ਨੇ ਦੋ ਕਤਲ ਅਤੇ ਇੱਕ ਬਲਾਤਕਾਰ ਦਾ ਕੇਸ ਦਰਜ ਕੀਤੇ ਹਨ। ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਮਿਸਾਲਾਂ ਹਨ। ਅੱਜ ਕੋਈ ਵੀ ਡੇਰਾ ਜਾਂ ਧਰਮ ਗੁਰੂ ਐਸਾ ਨਜਰ ਨਹੀਂ ਆਉਂਦਾ ਜਿਸ ਉਤੇ ਕੋਈ ਕੇਸ ਨ ਚਲ ਰਿਹਾ ਹੋਵੇ। ਇਸੀ ਕਰਕੇ ਸਾਡੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਦੂਰ ਅੰਦੇਸ਼ੀ ਤੋਂ ਕੰਮ ਲਿਆ ਅਤੇ ਸਾਨੂੰ ਗਿਆਨ ਗੁਰੂ ਦੇ ਲੱੜ ਲਗਾ ਕੇ ਸਾਡੇ ਉਤੇ ਬਹੁਤ ਵਡਾ ਪਰਉਪਕਾਰ ਕਰ ਦਿੱਤਾ।

ਉਨ੍ਹਾਂ ਦਾ ਹੁਕਮ ਹੈ, “ਸਭਿ ਸਿਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ।। ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਦੀ ਦੇਹ।। ਜੋ ਪ੍ਰਭੁ ਕੋ ਮਿਲਬੋ ਚਹੇ ਖੋਜ ਸ਼ਬਦ ਮੋ ਲੇਹੁ”।।

‘ਸ਼ਬਦ` ਨੂੰ ਗੁਰੂ ਥਾਪਣ ਦੀ ਪ੍ਰਕਿਰਿਆ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਗੁਰੂ ਗ੍ਰੰਥ ਸਾਹਿਬ ਵਿਚੋਂ ਇਸ ਦੀ ਪੁਸ਼ਟੀ ਲਈ ਬਹੁਤ ਸਾਰੇ ਪ੍ਰਮਾਣ ਮਿਲ ਜਾਂਦੇ ਹਨ। ਇਹ ਇੱਕ ਮੰਨਿਆ ਪ੍ਰਮੰਨਿਆ ਸੱਚ ਹੈ ਕਿ ਜੋ ਇਸ਼ਟ ਗੁਰੂ ਦਾ ਹੁੰਦਾ ਹੈ ਉਹੀ ਇਸ਼ਟ ਸਿੱਖ ਦਾ ਵੀ ਹੁੰਦਾ ਹੈ। ਇਸ ਵਾਸਤੇ ਇਹ ਸਮਝ ਲੈਣਾ ਬਹੁਤ ਜਰੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੋਣ ਸੀ। ਇਸ ਪ੍ਰਸ਼ਨ ਦਾ ਉਤਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਹਨ (ਸਿਧ ਗੋਸਟ)। ਜਦੋਂ ਸਿੱਧਾਂ ਨੇ ਗੁਰੂ ਜੀ ਤੋਂ ਪੁਛਿਆ ਕਿ ਆਪ ਜੀ ਦਾ ਗੁਰੂ ਕੋਣ ਹੈ ਤਾਂ ਉਨ੍ਹਾਂ ਦਾ ਉੱਤਰ ਸੀ।

ਪ੍ਰਸ਼ਨ: ਕਵਣ ਮੂਲੁ ਕਵਣ ਮਤਿ ਵੇਲਾ।।

ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ।। 942. ।

ਭਾਵ: ਤੇਰਾ ਅਸਲਾ ਕੀ ਹੈ? ਤੂੰ ਕਿਹੜੇ ਮਤ ਦਾ ਧਾਰਨੀ ਹੈ? ਤੇਰਾ ਗਰੁ ਕੋਣ ਹੈ, ਜਿਸ ਦਾ ਚੇਲਾ ਹੈਂ?

ਉਤਰ ਵਿੱਚ ਗੁਰੂ ਜੀ ਨੇ ਫੁਰਮਾਇਆ:-

ਪਵਨ ਅਰੰਭੁ ਸਤਿਗੁਰ ਮਤਿ ਵੇਲਾ॥

ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਅੰਗ-੯੪੩)

ਭਾਵ ਜਿਸ ਸ਼ਕਤੀ ਨੇ ਪਵਨ ਬਣਾਈ ਹੈ ਉਹੀ ਮੇਰਾ ਮੂਲ ਹੈ ਉਸ ਸਤਿਗੁਰ ਤੋਂ ਜੋ ਸ਼ਬਦ ਆ ਰਿਹਾ ਹੈ ਉਹ ਮੇਰਾ ਗੁਰੂ ਹੈ ਉਸ ਸ਼ਬਦ ਦੀ ਧੁਨੀ ਵਿੱਚ ਸੁਰਤ ਜੋੜਨੀ ਚੇਲਾ ਹੈ।

ਸ਼ਬਦ ‘ਸਤਿਗੁਰ` ਦੀ ਪਰਿਭਾਸ਼ਾ ਜਾਂ ਵਿਆਖਿਆ ਵੀ ਗੁਰੂ ਗ੍ਰੰਥ ਸਾਹਿਬ ਕੋਲੋ ਪੁਛ ਲਈਏ।

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥

ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥

(ਅੰਗ-੭੫੯)

ਭਾਵ: ਮੇਰਾ ਸਤਿਗੁਰੂ ਸਦਾ ਥਿਰ ਅਤੇ ਹੋਂਦ ਵਾਲਾ ਹੈ। ਉਹ ਕਦੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਉਹ ਨਾਸ਼ ਰਹਿਤ ਹੈ। ਉਹ ਸਭਨਾ ਵਿੱਚ ਸਮਾਇਆ ਹੋਇਆ ਹੈ ਅਤੇ ਸਰਬ ਸਮਰਥ ਹੈ।

‘ਸ਼ਬਦ` ਜਾਂ ‘ਬਾਣੀ` ਨਿਰੰਕਾਰ ਦੇ ਸੱਚ ਦਾ, ਉਹ ਪ੍ਰਗਟ ਰੂਪ ਹੈ ਜੋ ਗੁਰੂ ਜੋਤਿ ਰਾਹੀਂ ਪ੍ਰਕਾਸ਼ਮਾਨ ਹੋਇਆ ਹੈ। ਜਿਵੇਂ ਨਿਰੰਕਾਰ ਦਾ ਕੋਈ ਸਥਾਪਤ ਕਰਤਾ ਨਹੀਂ ਇਸੀ ਤਰ੍ਹਾਂ ਬਾਣੀ ਦਾ ਵੀ ਕੋਈ ਰਚਨ ਕਰੇਤਾ ਨਹੀਂ। ਇਹ ਤਾਂ ਧੁਰੋ ਆਈ ਹੋਈ ਖਸਮ ਦੀ ਬਾਣੀ ਹੈ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਅੰਗ ੭੨੨)

ਤਾ ਮੈ ਕਹਿਆ ਕਹਣੇ ਜਾ ਤੁਝੇ ਕਹਾਇਆ॥ (ਅੰਗ ੫੬੬)

ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥

(ਅੰਗ ੬੨੮)

ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ

ਤੇਹਾ ਹਉ ਕਰੀ ਵਖਿਆਨੁ॥ (ਅੰਗ ੭੩੪)

ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ॥ (ਅੰਗ ੨੧੪)

ਬੋਲੇ ਸਾਹਿਬ ਕੈ ਭਾਣੈ॥ ਦਾਸੁ ਬਾਣੀ ਬ੍ਰਹਮੁ ਵਖਾਣੈ॥ (ਅੰਗ ੬੨੯)

ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਹੋਂ ਜਗ ਮਾਹਿ।

(ਪਾਤਸ਼ਾਹੀ ੧0ਵੀਂ)

ਇਸ ਦਾ ਸਪਸ਼ਟ ਭਾਵ ਇਹ ਹੈ ਕਿ ਇਹ ਬਾਣੀ ਖਸਮ ਦੀ ਬਾਣੀ ਆਈ ਹੈ ਇਹ ਆਪ ਨਿਰੰਕਾਰ ਤੋਂ ਪ੍ਰਕਾਸ਼ਮਾਨ ਹੋਈ ਹੈ-ਜਿਵੇਂ ਆਈ ਹੈ ਉਵੇਂ ਹੀ ਬਿਨਾ ਕਿਸੀ ਸੰਸਾਰਕ ਮੋਹ ਛੋਹ ਦੇ ਗੁਰੂ ਜੋਤਿ ਰਾਹੀਂ ਬਿਲਕੁਲ ਸ਼ੁਧ ਰੂਪ ਵਿੱਚ ਉਸੀ ਤਰ੍ਹਾਂ ਗਿਆਨ ਪ੍ਰਕਾਸ਼ ਕਰ ਦਿੱਤੀ ਗਈ ਹੈ। ਇਸੇ ਕਰਕੇ ਬਾਣੀ ਨੂੰ ਜਿਥੇ ਅਨੇਕਾਂ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਗੁਰਬਾਣੀ` ਦੀ ਉਪਮਾਂ ਦਿੱਤੀ ਗਈ ਹੈ, ਉਥੇ ਕਈ ਵਾਰੀ ਬਾਣੀ ਨੂੰ ਗੁਰੂ ਤੇ ਗੁਰੂ ਨੂੰ ਬਾਣੀ ਕਹਿ ਕੇ ਵੀ ਪ੍ਰਗਟਾਇਆ ਗਿਆ ਹੈ।।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥

(ਅੰਗ ੯੮੨)

ਜਦੋਂ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚੋਂ ਇਹ ਸੱਚ ਪ੍ਰਗਟ ਹੁੰਦਾ ਹੈ।

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥

(ਅੰਗ ੫੧੫)

ਤਾਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੇਵਲ ਅਤੇ ਕੇਵਲ ‘ਬਾਣੀ` ਹੀ ‘ਨਿਰੰਕਾਰ` ਹੈ। ਹੋਰ ਕੋਈ ਦੇਹ, ਮੂਰਤੀ ਜਾਂ ਸਰੀਰ ਨਿਰੰਕਾਰ ਨਹੀਂ ਹੋ ਸਕਦਾ।

ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੀ ਵੀ ਹੋਰ ਸਰੀਰੀ ਗੁਰੂ ਦੀ ਸ਼ਰਨ ਵਿੱਚ ਜਾਣਾ ਮਨ-ਮੱਤ ਹੈ, ਸਿੱਖ ਮੱਤ ਜਾਂ ਗੁਰਮਤਿ ਦੇ ਵਿਰੁੱਧ ਹੈ। ਅਜਿਹਾ ਸੋਚਣ ਅਤੇ ਕਰਨ ਵਾਲਾ ਮਨ ਮੁੱਖ ਜਾਂ ਅਸਿੱਖ ਕਹਾਉਂਦਾ ਹੈ। ਦੇਹਧਾਰੀ ਗੁਰੂ ਕੋਈ ਅੱਜ ਕੱਲ ਦੀ ਉਪੱਜ ਨਹੀਂ ਹਨ ਇਹ ਤਾਂ ਚਿਰ ਕਾਲ ਤੋਂ ਬਹੁਤ ਸਮੇਂ ਤੋਂ ਪਹਿਲੇ ਵੀ ਸਨ ਅਤੇ ਅੱਜ ਵੀ ਹਨ। ਇਹ ਲੋਕਾਂ ਨੂੰ ਵਰਗਲਾ ਕੇ ਚਤੁਰਾਈ ਅਤੇ ਚਲਾਕੀ ਨਾਲ ਆਪਣੇ ਬੁਣੇ ਹੋਏ ਜਾਲ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਗਾ ਲੈਂਦੇ ਹਨ। ਜਿਹੜਾ ਇੱਕ ਵਾਰੀ ਇਨ੍ਹਾਂ ਦੇ ਜਾਲ ਵਿੱਚ ਫਸ ਜਾਂਦਾ ਹੈ। ਉਸ ਦਾ ਉਥੋਂ ਨਿਕਲ ਜਾਣਾ ਬੜਾ ਹੀ ਔਖਾ ਹੁੰਦਾ ਹੈ। ਅਜਿਹੇ ਗੁਰੂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਹੁੰਦੇ ਹਨ। ਬਸ ਧਨ ਤਾਕਤ ਤੇ ਸ਼ੋਹਰਤ ਦੇ ਭੁੱਖੇ ਹੁੰਦੇ ਹਨ। ਉਨ੍ਹਾਂ ਵਿੱਚ ਰੁਹਾਨੀਅਤ ਅਤੇ ਰੱਬਤਾ ਦੀ ਅੰਸ਼ ਨਹੀਂ ਹੁੰਦੀ। ਗੁਰੂ ਸਾਹਿਬਾਨ ਨੇ ਐਸੇ ਧਰਮ ਗੁਰੂਆਂ ਨੂੰ ਕੱਚਾ ਗੁਰੂ ਆਖਿਆ ਹੈ।

ਕੇਤੇ ਗੁਰ ਚੇਲੇ ਫੁਨਿ ਹੂਆ॥

ਕਾਚੇ ਗੁਰ ਤੇ ਮੁਕਤਿ ਨ ਹੂਆ॥ (ਅੰਗ ੯੩੨)

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥

ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ (ਅੰਗ ੭੬੭)

ਅਗਿਆਨੀ ਆਗੂ ਮਿਲਣ ਨਾਲ ਜੀਵਨ ਦਾ ਸਹੀ ਰਾਹ ਨਹੀਂ ਮਿਲਦਾ। ਐਸਾ ਆਗੂ ਦੁਨਿਆਵੀ ਦ੍ਰਿਸ਼ਟੀ ਤੋਂ ਕੇਵਲ ਆਪਣਾ ਢਿੱਡ ਭਰਨ ਲਈ ਅਤੇ ਧਨ ਦੋਲਤ ਐਸ਼ੋ-ਆਰਾਮ ਅਤੇ ਸੁੱਖ ਸੁਵਿਧਾ ਕੱਠੇ ਕਰਨ ਵਿੱਚ ਹੀ ਲਗਾ ਰਹਿੰਦਾ ਹੈ, ਉਹ ਆਪਣੇ ਸੇਵਕਾ ਜਾਂ ਚੇਲਿਆਂ ਨੂੰ ਇਸ ਸੜਦੇ ਹੋਏ ਸੰਸਾਰ ਸਾਗਰ ਤੋਂ ਪਾਰ ਕਿਵੇਂ ਲਗਾ ਸਕਦਾ ਹੈ ਐਸੇ ਗੁਰੂਆਂ ਤੋਂ ਸਾਨੂੰ ਗ੍ਰੰਥ ਗੁਰੂ ਜੀ ਇਉਂ ਸੁਚੇਤ ਕਰਦੇ ਹਨ।

ਗੁਰੁ ਪੀਰੁ ਸਦਾਏ ਮੰਗਣ ਜਾਇ॥

ਤਾ ਕੈ ਮੂਲਿ ਨ ਲਗੀਐ ਪਾਇ॥ (ਅੰਗ ੧੨੪੫)

ਤਿਸ ਦਾ ਨਫਰੁ ਕਿਥਹੁ ਰਜਿ ਖਾਏ॥ (ਅੰਗ ੩0੬)

ਪਰ ਫੇਰ ਵੀ ਇਨ੍ਹਾਂ ਅਖੌਤੀ ਗੁਰੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਵਿਚੋਂ ਕੁੱਝ ਐਸੇ ਚੋਣਵੇਂ ਸ਼ਬਦਾਂ ਦਾ ਆਸਰਾ ਲੈਕੇ ਅਗਿਆਨੀ ਤੇ ਨਾਮਸਮਝ ਸਿੱਖਾਂ ਨੂੰ ਗੁਮਰਾਹ ਕਰਕੇ ਇਹ ਦਸਿਆ ਜਾਂਦਾ ਹੈ ਕਿ ਦੇਹਧਾਰੀ ਗੁਰੂ ਹੀ ਮਨੁੱਖ ਨੂੰ ਪਾਰ ਲੰਘਾ ਸਕਦਾ ਹੈ। ਗੁਰੂ ਸਾਹਿਬਾਨ ਨੇ ਆਪ ਹੀ ਗੁਰੂ ਦੀ ਮੂਰਤੀ ਜਾਂ ਦੇਹ ਧਾਰੀ ਗੁਰੂ ਹੋਣ ਦਾ ਆਦੇਸ਼ ਦਿੱਤਾ ਹੈ।

ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ (ਅੰਗ ੮੬੪)

ਸਤਿਗੁਰ ਕੀ ਮੂਰਤਿ ਹਿਰਦੈ ਵਸਾਏ (ਅੰਗ ੬੬੧)

ਹੁਣ ਆਉ ਭਾਈ ਗੁਰਦਾਸ ਜੀ ਤੋਂ ਪੁੱਛ ਲਈਏ ਕਿ ਗੁਰ ਕੀ ਮੂਰਤਿ ਜਾਂ ਸਤਿਗੁਰੂ ਕੀ ਮੂਰਤ ਦੇ ਅਸਲੀ ਅਰਥ ਜਾਂ ਭਾਵ ਕੀ ਹਨ। ਉਹ ਅਸਾਨੂੰ ਇਉਂ ਸਮਝਾਉਂਦੇ ਹਨ:-

ਗੁਰ ਮੂਰਤਿ ਸਤਿਗੁਰ ਸਬਦੁ ਸਾਧ ਸੰਗਤਿ ਸਮਸਰਿ ਪਰਵਾਣ॥

(ਵਾਰ-੩੨/੨)

ਗੁਰ ਮੂਰਤਿ ਗੁਰ ਸਬਦੁ ਸੁਣਿ ਸਾਧ ਸੰਗਤਿ ਆਸਣ ਨਿਰੰਕਾਰੀ॥

(ਵਾਰ-੧੧/੨)

ਗੁਰ ਮੂਰਤਿ ਗੁਰ ਸਬਦ ਹੈ ਸਾਧ ਸੰਗਤਿ ਵਿਚਿ ਪਰਗਟੀ ਆਇਆ॥

(ਵਾਰ-੨੪/੨੫)

ਗੁਰੂ ਜੀ ਨੇ ਸਾਨੂੰ ਰੱਬੀ ਬਾਣੀ ਦੇ ਲੱੜ ਲਾਇਆ ਜੋ ਧੁਰ ਕੀ ਬਾਣੀ ਹੈ, ਸ਼ਬਦ ਹੀ ਨਿਰੰਕਾਰ ਅਤੇ ਸ਼ਬਦ ਹੀ ਗੁਰੂ ਹੈ। ਨਿਰੰਕਾਰ ਅਤੇ ਗੁਰੂ ਸ਼ਬਦ ਰਾਹੀਂ ਹੀ ਸਰਬ ਵਿਆਪਕ ਹੈ। ਗੁਰੂ ਕੋਈ ਸਰੀਰ ਨਹੀਂ ਹੋ ਸਕਦਾ। ਕਿਉਂਕਿ ਦੇਹ ਤਾਂ ਇੱਕ ਸਮੇਂ ਇੱਕ ਥਾਂ ਤੇ ਹੀ ਹੋ ਸਕਦੀ ਹੈ ਹਰ ਥਾਂ ਨਹੀਂ ਹੋ ਸਕਦੀ। ਅਗਰ ਕਿਸੀ ਚੇਲੇ ਨੂੰ ਆਪਣੇ ਗੁਰੂ ਦੀ ਲੋੜ ਪੈ ਜਾਵੇ ਅਤੇ ਗੁਰੂ ਬੈਠਾ ਹੋਵੇ ਅਮਰੀਕਾ ਵਿਚ, ਜਦ ਤਕ ਗੁਰੂ ਬੋਹੜੇਗਾ ਚੇਲੇ ਦਾ ਤਾਂ ਭੋਗ ਪੈ ਚੁਕਿਆ ਹੋਵੇਗਾ। ਇਹੋ ਜਿਹਾ ਗੁਰੂ ਕਿਸੀ ਦੂਰ ਦਰਾਜ ਬੈਠੇ ਚੇਲੇ ਦੀ ਕੀ ਸਹਾਇਤਾ ਕਰੇਗਾ। ਸ਼ਬਦ ਗੁਰੂ ਐਸਾ ਗੁਰੂ ਹੈ ਜੋ ਹਰ ਥਾਂ ਹਰ ਸਮੇਂ ਅਸਾਡੀ ਅਗਵਾਈ ਕਰ ਸਕਦਾ ਹੈ ਅਤੇ ਕਰਦਾ ਹੈ। ਇਸੇ ਸ਼ਬਦ ਨਾਲ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਜੋੜਿਆ। ਗੁਰੂ ਜੀ ਦਾ ਫੁਰਮਾਨ ਹੈ:-

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥

(ਅੰਗ ੬੩੫)

ਇਹ ਇੱਕ ਅੱਟਲ ਸਚਾਈ ਹੈ ਕਿ ਜੋ ਬਾਣੀ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਵਿੱਚ ਉਤਰੀ ਹੈ ਉਹ ਸਿਧੀ ਨਿਰੰਕਾਰ ਤੋਂ ਆਈ ਹੈ ਉਸ ਬਾਣੀ ਅਤੇ ਨਿਰੰਕਾਰ ਵਿੱਚ ਕੋਈ ਫਰਕ ਨਹੀਂ ਕੋਈ ਭੇਦ ਨਹੀਂ ਇਸ ਸਚਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਇੰਜ ਬਿਆਨ ਕਰਦੇ ਹਨ:-

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥

(ਅੰਗ ੫੧੫)

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ (ਅੰਗ ੩0੪)

ਗੁਰੂ ਨਾਨਕ ਦੇਵ ਜੀ ਨੇ ਬਾਰ ਬਾਰ ਇਹ ਗੱਲ ਸਪਸ਼ਟ ਕੀਤੀ ਹੈ ਕਿ ਜਿਹੜਾ ਸ਼ਬਦ ਮੈਂ ਕਹਿ ਰਿਹਾ ਹਾਂ ਉਹ ਤਾਂ ਪਰਮਾਤਮਾ ਤੋਂ ਸਿਧਾ ਆਇਆ ਹੈ ਮੈਂ ਆਪ ਨਹੀਂ ਉਚਾਰ ਰਿਹਾ:-

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥

(ਅੰਗ ੭੨੨)

ਗੁਰੂ ਰਾਮਦਾਸ ਜੀ ਵੀ ਇਹੋ ਵਿਚਾਰ ਦਿੰਦੇ ਹਨ:-

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ

ਹਰਿ ਕਰਤਾ ਆਪਿ ਮੁਹਹੁ ਕਢਾਏ॥ (ਅੰਗ ੩0੮)

ਇਹ ਖਿਆਲ ਗੁਰੂ ਅਰਜਨ ਦੇਵ ਜੀ ਵੀ ਦ੍ਰਿੜ ਕਰਾਉਂਦੇ ਹਨ:-

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥

(ਅੰਗ ੭੬੩)

ਭਾਈ ਗੁਰਦਾਸ ਜੀ ਨੇ ਵੀ ਗੁਰੂ ਸ਼ਬਦ ਨੂੰ ਹੀ ਗੁਰੂ ਮੰਨਣ ਦੀ ਹਾਮੀ ਭਰੀ ਹੈ ਉਨ੍ਹਾਂ ਇਉਂ ਫੁਰਮਾਇਆ ਹੈ।

ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥

ਅਤੇ

ਸਬਦੁ ਗੁਰੂ ਗੁਰ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ॥

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ‘ਸਤਿਗੁਰੂ` ਦੀ ਹੋਂਦ ਉਪਰ ਬਹੁਤ ਹੀ ਬਲ ਦਿੱਤਾ ਹੈ। ਸਤਿਗੁਰੂ ਦੇ ਲੱਛਣ ਵੀ ਦਸੇ ਹਨ ਜਿਸ ਦਾ ਜਿਕਰ ਉਪਰ ਵੀ ਆ ਚੁੱਕਾ ਹੈ। ਸਤਿਗੁਰੂ ਦੀ ਪਛਾਣ ਇਹ ਹੈ ਕਿ ਉਹ ਰੁਹਾਨੀ ਤੌਰ ਤੇ ਪਰਮਾਤਮਾ ਰੂਪ ਹੁੰਦਾ ਹੈ। ਇਹ ਗੁਰੂ ਪਰੰਪਰਾ ਦਸਾਂ ਗੁਰੂਆਂ ਤਕ ਇੱਕ ਲੜੀ ਵਿੱਚ ਚਲਦੀ ਰਹੀ। ਗੁਰੂ ਗੋਬਿੰਦ ਸਿੰਘ ਜੀ ਨੇ ਜਦ ਖਾਲਸਾ ਸਾਜਿਆ, ਆਉਣ ਵਾਲੇ ਕਰੜੇ ਸਮਿਆਂ ਦਾ ਜਾਇਜ਼ਾ ਲਿਆ ਤਦ ਉਹ ਇਸ ਨਿਸ਼ਕਰਸ਼ ਤੇ ਪੁੱਜੇ ਕਿ ਸਤਿਗੁਰੂ ਨਾਨਕ ਜੀ ਤੇ ਉਨ੍ਹਾਂ ਦੀਆਂ ਹੋਰ ਜੋਤਾਂ ਰੱਬ ਤਕ ਪੁਜੀਆਂ ਹੋਈਆਂ ਸਨ। ਪਰਮਾਤਮਾ ਜਾਂ ਨਿਰੰਕਾਰ ਅਤੇ ਉਨ੍ਹਾਂ ਜੋਤਾਂ ਵਿੱਚ ਕੋਈ ਅੰਤਰ ਨਹੀਂ ਸੀ। ਇਨ੍ਹਾਂ ਗੁਰ ਜੋਤਾਂ ਨੂੰ ਬਾਣੀ ਧੁਰ ਦਰਗਾਹ ਤੋਂ ਆਈ ਸੀ ਅਤੇ ਉਨ੍ਹਾਂ ਨੇ ਕੁੱਝ ਬਾਣੀ ਉਨ੍ਹਾਂ ਸੰਤਾਂ ਅਤੇ ਭਗਤਾਂ ਦੀ ਵੀ ਸੰਕਲਿਤ ਕੀਤੀ ਸੀ ਜੋ ਗੁਰੂ ਮਤਿ ਤੇ ਖਰੀ ਉਤਰਦੀ ਸੀ। ਉਸਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਦਾ ਹੁਕਮ ਦੇ ਦਿਤਾ ਉਸ ਹੁਕਮ ਨੂੰ ਖਾਲਸੇ ਨੇ ਸਿਰ ਮੱਥੇ ਉਤੇ ਰਖਿਆ। ਇਸ ਦੇ ਪਿੱਛੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਗਹਿਰੀ ਅਤੇ ਦੁਰਅੰਦੇਸ਼ੀ ਸੋਚ ਸੀ। ਉਨ੍ਹਾਂ ਨੇ ਆਪਣੀ ਗਹਿਰੀ ਸੋਚ ਅਤੇ ਦਿੱਬ ਦ੍ਰਿਸ਼ਟੀ ਨਾਲ ਇਹ ਵੇਖ ਲਿਆ ਸੀ ਕਿ ਇਨ੍ਹਾਂ ਗੁਰ ਬਚਨਾਂ ਨਾਲੋਂ ਹੋਰ ਸਾਰੇ ਸੰਸਾਰੀ ਜੀਵਾਂ ਜਾਂ ਦੇਹਧਾਰੀ ਗੁਰੁਆਂ ਦੇ ਬਚਨ ਬਹੁਤ ਨੀਵੇਂ ਹੋਣਗੇ। ਜਿਸਦਾ ਮੁੱਖ ਕਾਰਣ ਇਹ ਸੀ ਕਿ ਗੁਰੂ ਜੋਤਾਂ ਜੇਹੜੇ ਕਿ ਆਪ ਨਿਰੰਕਾਰ ਰੂਪ ਸਨ ਵਰਗਾ ਉੱਚਾ ਆਚਰਣ ਪੈਦਾ ਕਰਨਾ ਨਾਮੁਮਕਿਨ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਕੌਮ ਅਤੇ ਸਮੁੱਚੀ ਮਾਨਵਜਾਤੀ ਉਪਰ ਇਹ ਇੱਕ ਬਹੁਤ ਵੱਡਾ ਪਰਉਪਕਾਰ ਹੈ। ਦੇਹਧਾਰੀ ਗੁਰੂ ਤਾਂ ਆਪ ਕਿਸੇ ਵੇਲੇ ਵੀ ਭੱਟਕ ਸਕਦਾ ਹੈ ਤੇ ਚੇਲਿਆਂ ਨੂੰ ਵੀ ਭਟਕਾ ਸਕਦਾ ਹੈ। ਇਸੀ ਤੱਥ ਨੂੰ ਦ੍ਰਿਸ਼ਟੀ ਵਿੱਚ ਰੱਖਕੇ ਦਸਮ ਪਾਤਸ਼ਾਹ ਜੀ ਨੇ ਇਸ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪ ਦਿੱਤਾ। ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਇਹ ਹੁਕਮ ਦਰਜ ਹੈ:-

ਗੁਰੂ ਦਰਸ ਜਿਹ ਦੇਖਨਾ ਸ੍ਰੀ ਗ੍ਰੰਥ ਦਰਸਾਇ।

ਬਾਤ ਕਰਨ ਗੁਰ ਸੋ ਚਹੈ ਪੜ੍ਹੈ ਗ੍ਰੰਥ ਮਨ ਲਾਇ।। 413. । (ਪੰਨਾ-77)

ਸੰਸਾਰ ਦੇ ਹੋਰ ਕਿਸੇ ਵੀ ਗ੍ਰੰਥ ਜਾਂ ਧਰਮ ਪੁਸਤਕ ਨੂੰ ਗੁਰੂ ਦੀ ਪਦਵੀ ਪ੍ਰਾਪਤ ਨਹੀਂ ਹੋ ਸਕੀ ਜਿਸ ਦੇ ਪਿਛੇ ਇੱਕ ਵੱਡਾ ਕਾਰਨ ਹੈ ਕਿ ਇਨ੍ਹਾਂ ਗ੍ਰੰਥਾਂ ਦੀ ਬਾਣੀ ਉਨ੍ਹਾਂ ਦੇ ਧਰਮ ਗੁਰੂਆਂ ਜਾਂ ਆਗੂਆਂ ਨੂੰ ਸਿੱਧੀ ਪ੍ਰਾਪਤ ਨਹੀਂ ਹੋਈ ਵਿੱਚ ਕੋਈ ਨਾ ਕੋਈ ਹੋਰ ਮਾਧਿਅਮ ਰਿਹਾ ਹੈ। ਕੋਈ ਵੀ ਹੋਰ ਗ੍ਰੰਥ ਪ੍ਰਮਾਣਿਕ ਨਹੀਂ, ਉਨ੍ਹਾਂ ਦੇ ਰਚਨ ਹਾਰਿਆਂ ਨੇ ਆਪ ਕੁੱਝ ਵੀ ਲਿਖਿਆ ਨਹੀਂ ਅਗਰ ਕਿਸੀ ਨੇ ਕੁੱਝ ਲਿਖਿਆ ਵੀ ਹੈ ਤੇ ਲਿਖ ਕੇ ਸੰਭਾਲਿਆ ਨਹੀਂ। ਸੰਸਾਰ ਦੇ ਪ੍ਰਮੁੱਖ ਧਾਰਮਿਕ ਗ੍ਰੰਥ ਹਨ ਕਤੇਬ, ਤੋਰੇਤ, ਜਬੂਰ, ਇੰਜੀਲ ਅਤੇ ਕੁਰਾਨ। ਕਤੇਬ ਦਾ ਗਿਆਨ ਵੀ ਪੈਗੰਬਰਾਂ ਨੂੰ ਸਿੱਧਾ ਨਹੀਂ ਹੋਇਆ ਬਲਕਿ ਜਬਰਾਈਲ ਫਰਿਸ਼ਤੇ ਰਾਹੀਂ ਹੋਇਆ। ਤੋਰੇਤ ਹਜ਼ਰਤ ਮੂਸਾ, ਜਬੂਰ ਹਜ਼ਰਤ ਦਾਉਦ, ਇੰਜੀਲ ਹਜ਼ਰਤ ਈਸਾ ਤੇ ਕੁਰਾਨ ਹਜ਼ਰਤ ਮੁਹੰਮਦ ਨੂੰ। ਇਨ੍ਹਾਂ ਗ੍ਰੰਥਾਂ ਵਿੱਚ ਧਾਰਮਿਕ ਉਪਦੇਸ਼ਾਂ ਤੋਂ ਇਲਾਵਾ ਪੁਰਾਣੇ ਕਬੀਲਿਆਂ ਬਾਰੇ ਮਿਥਿਹਾਸਿਕ ਕਹਾਣੀਆਂ ਬੜੇ ਵਿਸਥਾਰ ਨਾਲ ਦਿੱਤੀਆਂ ਹੋਈਆਂ ਹਨ। ਕੁਰਾਨ ਸ਼ਰੀਫ ਹਜ਼ਰਤ ਮੁਹੰਮਦ ਸਾਹਿਬ ਦੇ ਦੇਹਾਂਤ ਤੋਂ ਕਈ ਚਿਰ ਬਾਅਦ ਖਲੀਫਾ ਅਬੂਬਕਰ ਸਦੀਕ ਦੀ ਪ੍ਰੇਰਨਾ ਤੇ ਜੈਦ ਨੇ ਤਿਆਰ ਕੀਤਾ (ਮਿਲਦੀ ਸਾਮਗਰੀ ਇਕਠੀ ਕਰਕੇ) ਇੰਜੀਲ ਵੀ ਈਸਾ ਜੀ ਦੀ ਆਪਣੀ ਰਚਨਾ ਨਹੀਂ। ਉਨ੍ਹਾਂ ਨੇ ਆਪਣੇ ਸ਼ਿਸ਼ਾ ਲਈ ਕੁੱਝ ਵੀ ਲਿਖ ਕੇ ਨਹੀਂ ਛਡਿਆ। ਨਵੇਂ ਅਤੇ ਪੁਰਾਣੇ ਬਾਈਬਲ ਬਿਨਾਂ ਕਿਸੇ ਮਨੋਰਥ ਦੇ ਸੰਕਲਿਤ ਕੀਤੇ ਗਏ (Encyclopedia of Religion & Ethics).

ਦੂਜੇ ਪ੍ਰਮੁੱਖ ਗ੍ਰੰਥ ਹਨ ਚਾਰ ਵੇਦ, ਰਿਗ, ਸਯਾਮ, ਯਜੁਰ ਅਤੇ ਅਥਰਵ। ਵੇਦ ਵੀ ਧਾਰਮਿਕ ਆਗੂਆਂ ਦੀ ਆਪਣੀ ਰਚਨਾ ਨਹੀਂ ਬਲਕਿ ਇਹ ਸੁਰਤ ਰਚਨਾ ਹਨ। ਇਸ ਬਾਣੀ ਨੂੰ ਸੁਣ ਕੇ ਸੀਨਾ-ਬਸੀਨਾ ਯਾਦ ਰਖਿਆ ਗਿਆ। ਜਿਸ ਕਰਕੇ ਇਸ ਵਿੱਚ ਘਾਟੇ ਵਾਧੇ ਹੁੰਦੇ ਰਹੇ। ਰਿਸ਼ੀਆਂ ਵੱਲੋਂ ਉਚਾਰੀ ਇਹ ਬਾਣੀ ਇਨ੍ਹਾਂ ਘਾਟਿਆਂ ਅਤੇ ਵਾਧਿਆਂ ਸਮੇਤ ਢੇਰ ਚਿਰ ਪਿਛੋਂ ਰਿਸ਼ੀ ਵੇਦ ਵਿਆਸਾ ਨੇ ਚਾਰ ਹਿੱਸਿਆਂ ਵਿੱਚ ਸੰਕਲਿਤ ਕੀਤੀ। ਇਹ ਬਾਣੀ ਸਾਰੀ ਦੀ ਸਾਰੀ ਅਧਿਆਤਮਿਕ ਨਹੀਂ। ਬਹੁਤੇ ਕਰਕੇ ਇਨ੍ਹਾਂ ਵੇਦਾਂ ਵਿੱਚ ਕਰਮ-ਕਾਂਡੀ ਵਿਧਾਨ ਹੀ ਦਸੇ ਗਏ ਹਨ। ਸ੍ਰੀ ਕ੍ਰਿਸ਼ਨ ਦੀ ਰਚੀ ਸ੍ਰੀ ਮਦ ਭਾਗਵਤ ਗੀਤਾ, ਜੋ ਇੱਕ ਪ੍ਰਸਿੱਧ ਰਚਨਾ ਹੈ ਇਸ ਨੂੰ ਵੀ ਸ੍ਰੀ ਕ੍ਰਿਸ਼ਨ ਜੀ ਨੇ ਆਪ ਲਿਖਕੇ ਨਹੀਂ ਸੰਭਾਲਿਆ। ਇਸ ਨੂੰ ਵੀ ਰਿਸ਼ੀ ਵਿਆਸ ਨੇ ਬਹੁਤ ਚਿਰ ਪਿਛੋਂ ਲਿਖਤੀ ਰੂਪ ਦਿਤਾ। ਗੀਤਾ ਵਿੱਚ ਮੁੱਖ ਤੌਰ ਤੇ ਉਹ ਉਪਦੇਸ਼ ਦਰਜ ਹਨ ਜੋ ਸ੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਕੁਰੁਖੇਤਰ ਦੀ ਯੁੱਧ ਭੂਮੀ ਤੇ ਦਿੱਤੇ ਸਨ। ਜਦਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਨੂੰ ਆਪ ਲਿਖਤੀ ਰੂਪ ਵਿੱਚ ਸੰਭਾਲਿਆ। ਸੱਚ ਵਿੱਚ ਕੋਈ ਮਿਲਾਵਟ ਨ ਹੋ ਸਕੇ ਇਸ ਵਾਸਤੇ ਇੱਕ ਖਾਸ ਗੁਰਬਾਣੀ ਵਿਆਕਰਣ ਲਾਗੂ ਕੀਤਾ ਇਸ ਤਰ੍ਹਾਂ ਸੱਚ ਦਾ ਪ੍ਰਮਾਣਿਕ ਰੂਪ ਕਾਇਮ ਰਿਹਾ।

ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ ਦੇ ਨਾਲ ਅਗੇਤਰ ਜਾਂ ਪਿਛੋਕੜ ਬਹੁਤ ਸਾਰੇ ਵਿਸ਼ੇਸ਼ਣ ਲਗਾਏ ਗਏ ਹਨ ਮਿਸਾਲ ਵਜੋਂ ਪੂਰਾ ਗੁਰੂ, ਸਤਿ ਗੁਰੂ, ਸਚਾ ਗੁਰੂ, ਇੱਕ ਗੁਰੂ, ਗਿਆਨ ਗੁਰੂ, ਗੁਰੂ ਤੀਰਥ, ਗੁਰੂ ਬੋਹਿਥ, ਗੁਰੂ ਖੇਵਟ, ਗੁਰੂ ਦੀਪਕ, ਗੁਰੂ ਮਾਤਾ, ਗੁਰੂ ਪਿਤਾ, ਗੁਰੂ ਪਰਮੇਸ਼ਰ, ਗੁਰੂ ਸ਼ਬਦ ਅਤੇ ਅਨੇਕਾਂ ਹੋਰ। ਇਨ੍ਹਾਂ ਸਾਰਿਆਂ ਵਿਸ਼ੇਸ਼ਣ ਪਦਾਂ ਨੂੰ ਗਹੁ ਨਾਲ ਪੜ੍ਹਿਆ ਅਤੇ ਵਿਚਾਰਿਆਂ ਇਹੀ ਨਿਰਣਾ ਕੀਤਾ ਜਾ ਸਕਦਾ ਹੈ ਕਿ ਗੁਰਮਤਿ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ ਕਿਸੇ ਸੂਖਮ ਪਰਮ ਤੱਤ ਵੱਲ ਇਸ਼ਾਰਾ ਕਰਦਾ ਹੈ, ਕਿਸੀ ਦੇਹ ਸਰੂਪ ਵਲ ਨਹੀਂ। ਸ਼ਬਦ ਗੁਰੂ ਦੇ ਦੋ ਸਰੂਪ ਹਨ ਪਹਿਲਾ ਅਖਰੀ ਸਰੂਪ ਜੋ ਗੁਰੂ ਗ੍ਰੰਥ ਸਾਹਿਬ ਦੀ ਸ਼ਕਲ ਵਿੱਚ ਸਾਡੇ ਸਾਹਮਣੇ ਹੈ ਅਤੇ ਦੂਜਾ ਪਰਮ ਤੱਤ ਹੈ ਜੋ ਕੇਵਲ ਅਭਿਆਸੀ ਸਿੱਖ ਨੂੰ ਗੁਰ ਪ੍ਰਸਾਦਿ ਦੁਆਰਾ ਹੀ ਅਨੁਭਵ ਹੋ ਸਕਦਾ ਹੈ।

ਗੁਰੂ ਪਦ ਦਾ ਵਿਸ਼ਾ ਅਤਿ ਗੰਭੀਰ, ਦੀਰਘ ਅਤੇ ਸੂਖਮ ਹੋਣ ਕਾਰਨ ਗਿਆਨੀਆਂ, ਵਿਦਵਾਨ ਗੁਰਮੁੱਖਾਂ ਅਤੇ ਮਹਾਪੁਰਖਾਂ ਦੇ ਵੀਚਾਰ ਗੋਚਰੇ ਰਿਹਾ ਹੈ ਤੇ ਹੈ ਵੀ। ਪਹਿਲੇ ਵੀ ਇਸ ਵਿਸ਼ੇ ਤੇ ਕਈ ਲੇਖ ਅਤੇ ਕਿਤਾਬਾਂ ਛੱਪ ਚੁਕੀਆਂ ਹਨ ਵੀਚਾਰ-ਵਟਾਂਦਰੇ, ਗੋਸ਼ਟੀਆਂ ਅਤੇ ਸੈਮੀਨਾਰ ਵੀ ਹੋਏ ਹਨ। ਇਹ ਲੇਖ ਗੁਰਬਾਣੀ ਦੀ ਰੋਸ਼ਨੀ ਵਿੱਚ ਸੰਗਤਾਂ ਦੀ ਸੇਵਾ ਵਿੱਚ ਭੇਟ ਕੀਤਾ ਗਿਆ ਹੈ। ਜਦੋਂ ਅਸੀਂ ਗੁਰਬਾਣੀ ਨੂੰ ਮਨੋਂ ਗੁਰੂ ਸਵੀਕਾਰ ਕਰ ਲਵਾਂਗੇ ਤਾਂ ਸੁਤੇ ਸਿੱਧ ਹੀ ਸਾਡਾ ਹਿਰਦਾ ਕਹਿ ਉਠੇਗਾ:-

ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ॥

ਜਬ ਗੁਰ ਬੋਲੈ ਤਬ ਬਿਸਮੁ ਹੋਇ ਜਾਈ॥ (ਅੰਗ ੧੬੭)

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥

(ਅੰਗ ੬੩੫)

ਦਾਸ:

ਮਹਿੰਦਰ ਸਿੰਘ ਡਿੱਡਨ

9811526843




.