.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 02)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੁਣਹੁ ਜਨ ਭਾਈ

ਅਕਾਲ ਪੁਰਖ ਨੇ ਮਾਨਵਤਾ ਦੀ ਰਹਿਨੁਮਾਈ ਲਈ "ਸ਼ਬਦ ਗੁਰੂ" ਵਰਗੀ ਪਰਮ ਪਾਵਨ ਹਸਤੀ ਨੂੰ ਪ੍ਰਗਟ ਕੀਤਾ ਤਾਂ ਕਿ ਕੁਦਰਤ ਦੀ ਸ੍ਰੇਸ਼ਟ ਕਿਰਤ ਮਨੁੱਖ, ਸ਼ਬਦ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਨੂੰ ਰੁਸ਼ਨਾ ਸਕੇ। ਕਿਉਂਕਿ ਅਗਿਆਨਤਾ ਦਾ ਹਨੇਰਾ ਦੁਸ਼ਵਾਰੀਆਂ ਤੇ ਟੱਕਰਾਂ ਦਾ ਕਾਰਨ ਬਣਦਾ ਹੈ। ਇਸ ਅਗਿਆਨਤਾ ਚੋਂ ਉਤਪੰਨ ਹੋਏ ਸੁਆਰਥ ਤੇ ਹਉਮੈ ਮਨੁੱਖੀ ਵਿਕਾਸ ਦੀਆਂ ਸਭ ਤੋਂ ਵੱਡੀਆ ਰੁਕਾਵਟਾਂ ਹਨ। ਧਰਮ ਦੀ ਦੁਨੀਆਂ ਵਿੱਚ ਇਹਨਾਂ ਦੇ ਅਵਗੁਣਾਂ ਤੋਂ ਬਚਣ ਦੀ ਭਰਪੂਰ ਪ੍ਰੇਰਣਾ ਕੀਤੀ ਗਈ ਹੈ। ਸਿੱਖ ਧਰਮ ਜਿਹੇ ਆਧੁਨਿਕ ਤੇ ਹਕੀਮੀ ਧਰਮ ਵਿੱਚ ਤਾਂ ਇਨ੍ਹਾਂ ਐਬਾਂ ਨੂੰ ਨਰਕ ਸਮਾਨ ਕਿਹਾ ਗਿਆ ਹੈ। ਪਰ ਮੌਜੂਦਾ ਕੌਮੀ ਹਾਲਤ ਵੇਖ ਕੇ ਵਿਸ਼ਵਾਸ਼ ਕਰਨਾ ਔਖਾ ਨਹੀਂ ਕਿ ਇਹ ਵੱਡੀਆ ਰੁਕਾਵਟਾਂ ਸਿੱਖੀ ਦੇ ਪ੍ਰਚਾਰ ਦਾ ਰਾਹ ਰੋਕੀ ਖੜੀਆਂ ਹਨ। ਪਦਵੀਆਂ ਦੀ ਭੁੱਖ ਨੇ ਕੌਮ ਨੂੰ ਖੇਰੂੰ-ਖੇਰੂ ਕਰ ਦਿੱਤਾ ਹੈ। ਸੁਆਰਥਾਂ ਹੱਥੋਂ ਜ਼ਲੀਲ ਹੋਏ ਜੀਵਨ ਜ਼ਾਤੀ ਮੁਫਾਦ ਪੂਰੇ ਕਰਨ ਲਈ ਕੌਮੀ ਸਿਧਾਤਾਂ ਤੇ ਗੈਰਤ ਨੂੰ ਨੀਲਾਮ ਕਰ ਰਹੇ ਹਨ। ਐਸ਼ ਪ੍ਰਸਤੀ ਦੀ ਲਾਲਸਾ ਨੇ ਗੁਰਮਤਿ ਦੇ ਕੀਮਤੀ ਸਿਧਾਤਾਂ ਤੇ ਤਿੱਖਾ ਵਾਰ ਕੀਤਾ ਹੈ। ਮਾਨਵਤਾ ਦੀ ਸੇਵਾ ਕਰਨ ਦੀ ਬਜਾਏ ਗਰੀਬ, ਕਿਰਤੀ ਤੇ ਆਮ ਲੋਕਾਂ ਦੀ ਕੀਮਤੀ ਕਮਾਈ ਪਾਖੰਡ, ਭਰਮ ਭੁਲੇਖੇ ਪੈਦਾ ਕਰਕੇ ਹੜੱਪੀ ਜਾ ਰਹੀ ਹੈ। ਸੰਗਮਰਮਰ ਦੀਆ ਆਲੀਸ਼ਾਨ ਬਿਲਡਿੰਗਾਂ ਬਣਾ ਕੇ ਕੌਮੀ ਸਰਮਾਇਆ ਨਸ਼ਟ ਕੀਤਾ ਜਾ ਰਿਹਾ ਹੈ। ਸਿੱਖ ਵਿਲਕ ਰਹੇ ਹਨ। ਗੁਰਮਤਿ ਦਾ ਗਿਆਨ ਫੈਲਾਉਣ ਦੀ ਥਾਂ ਮਨਮੱਤਾਂ ਦੀ ਗਵਾਹੀ ਭਰੀ ਜਾ ਰਹੀ ਹੈ। ਸਿੱਖ ਆਗੂ ਕੌਮੀ ਫਰਜ਼ਾਂ ਤੋਂ ਕੋਤਾਹੀ ਕਰਕੇ ਐਸ਼ ਪ੍ਰਸਤੀ ਵਿੱਚ ਲੱਗੇ ਹੋਏ ਹਨ। ਨਿੱਜੀ ਮੁਫਾਦ ਭਾਰੂ ਹੋ ਗਏ ਹਨ। ਸਿੱਖੀ ਪਿਆਰ ਦਾ ਜ਼ਜ਼ਬਾ ਛਿੱਥਾ ਪੈ ਗਿਆ ਹੈ। ਨਸ਼ੇ, ਪਤਿਤਪੁਣਾ, ਬੇਇਨਸਾਫੀਆਂ ਨੇ ਸਿੱਖਾਂ ਦਾ ਸਾਹ ਸੂਤਿਆ ਹੋਇਆ ਹੈ। ਕੌਮੀ ਆਵਾਜ਼, ਆਨ ਅਣਖ, ਨਿਵੇਕਲੀ ਪਹਿਚਾਣ, ਸਿੱਖੀ ਸਰੂਪ ਨੂੰ ਗੰਭੀਰ ਖ਼ਤਰੇ ਖੜੇ ਹੋ ਰਹੇ ਹਨ। ਇਸ ਮੁਸੀਬਤ ਦਾ ਕਾਰਣ ਹੈ ਸਿੱਖ ਆਵਾਮ ਦੀ ਅਗਿਆਨਤਾ, ਤੇ ਹੱਲ ਹੈ ਸਿੱਖ ਸਿਧਾਤਾਂ ਪ੍ਰਤੀ ਜਾਗਰੂਕਤਾ। ਪਰ ਇਹ ਕਰੇ ਕੌਣ? ਗੁਰਦੁਆਰਾ ਪ੍ਰਬੰਧਕ ਕਮੇਟੀਆ ਪੈਸੇ ਬਟੋਰਨ ਲੱਗੀਆਂ ਹੋਈਆਂ ਹਨ ਤੇ ਚੌਧਰਾ ਦੀ ਭੁੱਖ ਨੇ ਪਦਵੀ ਪ੍ਰਾਪਤੀ ਨੂੰ ਹੀ ਸੇਵਾ ਮੰਨ ਲਿਆ ਹੈ। ਪ੍ਰਚਾਰਕ ਤਬਕਾ ਜਿਹਨੀ ਗੁਲਾਮੀ ਦਾ ਸ਼ਿਕਾਰ ਹੈ (ਭਾਵ ਬਾਣੀ ਖੋਜ ਦਾ ਤਿਆਗ ਤੇ ਮਨਮੱਤੀ ਕਹਾਣੀਆ ਤੇ ਵਿਸ਼ਵਾਸ) ਹੁਣ ਸਾਧ ਸੰਤ, ਬ੍ਰਹਮਗਿਆਨੀ ਅਖਵਾਉਣ ਵਾਲੇ ਬਾਕੀ ਬਚੇ ਪਰ ਇਹ ਤਾਂ ਸਭ ਦੇ ਆਕਾ ਨਿਕਲੇ, ਇਹਨਾਂ ਦੀ ਸ਼ਰਾਰਤੀ ਸੋਚ ਪੰਥ ਦੀ ਬੇੜੀ ਵਿੱਚ ਵੱਟੇ ਸੁੱਟ ਕੇ ਉਸਨੂੰ ਡੋਬਣ ਤੇ ਤੁਲੀ ਹੈ। ਇਹ ਕੌਮੀ ਤ੍ਰਾਸਦੀ ਦਾ ਹੱਲ ਨਹੀਂ ਸਗੋਂ ਬਿਮਾਰੀ ਤੇ ਭਿਆਨਕ ਰੋਸ ਸਾਬਿਤ ਹੋ ਰਹੇ ਹਨ। ਪਰ ਘਬਰਾਉਣ ਦੀ ਜ਼ਰੂਰਤ ਨਹੀਂ। ਗੁਰੂ ਪਿਆਰ ਵਿੱਚ ਕੌਮ ਦੀ ਚੜਦੀ ਕਲਾ ਦਾ ਸੰਕਲਪ ਲੈ ਕੇ ਚੱਲਣ ਵਾਲੇ ਅਜੇ ਬਹੁਤ ਹਨ ਜੋ ਸਿੰਘ ਸਭਾ ਲਹਿਰ ਵਾਂਗ ਗਿਆਨ ਦੀ ਹਨੇਰੀ ਝੁਲਾ ਕੇ ਇਸ ਅਗਿਆਨਤਾ, ਕਰਮਕਾਂਡ, ਸੁਆਰਥੀ ਸੋਚ, ਹੰਕਾਰੀ ਮੱਤ ਤੇ ਵਹਿਮ ਭਰਮ ਦਾ ਛੱਪਰ ਸੁੱਟ ਦੇਣਗੇ ਅਤੇ ਫਿਰ ਵਰਖਾ ਹੋਵੇਗੀ ਰੱਬੀ ਬਖਸ਼ਿਸ਼ ਦੀ ਜਿਸ ਵਿੱਚ ਭਿੱਜਿਆਂ, ਸੁੱਕੇ, ਕੁਮਲਾਏ ਹੋਰ ਵੀ ਕਈ ਹਿਰਦੇ ਹਰੇ ਭਰੇ ਹੋ ਜਾਣਗੇ। ਜ਼ਰੂਰਤ ਜਜ਼ਬੇ ਅਤੇ ਗੁਰੂ ਸਿਧਾਂਤ ਦੇ ਪਿਆਰ ਦੀ ਹੈ। ਸਿੱਖਾਂ ਨੂੰ ਇਹ ਵਿਸ਼ਵਾਸ ਹੋਰ ਪੱਕਾ ਕਰਨਾ ਪਵੇਗਾ ਤੇ ਦੂਜਿਆ ਨੂੰ ਕਰਵਾਉਣਾ ਪਵੇਗਾ ਕਿ ਨਿਰੰਕਾਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਮੁਕਤੀ ਦਾਤਾ ਤੇ ਮਾਲਕ ਹਨ। ਸ਼ਬਦ ਗੁਰੂ' ਤੇ ਪੱਕਾ ਈਮਾਨ ਰੱਖ ਕੇ ਇਸਦੇ ਤੁੱਲ ਹੋਰ ਕਿਸੇ ਨੂੰ ਪੂਜਣੁ ਮੰਨਣ ਤੇ ਸਮਝਣ ਦੀ ਮੰਦੀ ਸੋਚ ਤਿਆਗਣ ਨਾਲ ਹੀ ਅਤੇ ਗੁਰੂ ਗਿਆਨ ਨੂੰ ਸਮਝਣ ਤੇ ਜੀਵਨ ਵਿੱਚ ਧਾਰਨ ਕਰਨ ਨਾਲ ਹੀ ਸਾਡੀ ਜ਼ਿੰਦਗੀ, ਕੌਮੀ ਸ਼ਾਨ ਉੱਜਲੀ ਹੋ ਸਕਦੀ ਹੈ।

"ਸੰਤਹੁ ਸੁਣਹੁ ਸੁਣਹੁ ਜਨ ਭਾਈ ਗੁਰ ਕਾਢੀ ਬਾਂਹ ਕੁਕੀਜੈ॥ … …. "

ਪੁਸਤਕ ਸੰਤਾਂ ਦੇ ਕੌਤਕ' ਦੇ ਤੀਜੇ ਭਾਗ ਦੀ ਦੂਜੀ ਐਡੀਸ਼ਨ ਨੂੰ ਜੀ ਆਇਆਂ ਆਖਦਿਆਂ, ਭਾਈ ਸੁਖਵਿੰਦਰ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ।

ਦਾਸ: —

ਭਾਈ ਹਰਜਿੰਦਰ ਸਿੰਘ,

ਭਾਈ ਸੁਖਵਿੰਦਰ ਸਿੰਘ,

ਭਾਈ ਸਰਬਜੀਤ ਸਿੰਘ,

ਭਾਈ ਗੁਰਜੰਟ ਸਿੰਘ

ਅਤੇ ਸਮੂਹ ਮੈਂਬਰ

ਨਿਆਰਾ ਖਾਲਸਾ ਨੌਜਵਾਨ ਜਥੇਬੰਦੀ'

ਮੋਬਾਇਲ ਨੰ: ੯੮੫੫੫-੯੮੮੫੦

੯੮੫੫੫-੯੮੮੫੧

੯੮੫੫੫-੯੮੮੫੫




.