.

ਜਦੋਂ ਸ੍ਰ. ਸੇਵਾ ਸਿੰਘ ਤਰਮਾਲੇ ਦਾ ਬ੍ਰਹਮਗਿਆਨ ਵਹਿ ਤੁਰਿਆ ਤਾਂ ਸਾਨੂੰ ਦਰਸ਼ਨ ਹੋਏ?

ਬਰੈਂਪਟਨ ਕੈਨੇਡੀ ਅਤੇ ਮੇਫੀਲਡ ਦੇ ਇਲਾਕੇ ਵਿਚ, ਜਿਥੇ ਸ੍ਰ. ਸੇਵਾ ਸਿੰਘ ਤਰਮਾਲਾ ਜੀ ਠਹਿਰੇ ਹੋਏ ਸਨ, ਦੇ ਮਾਲਕ ਨੇ ਸਾਨੂੰ ਆਪਣੇ ਨਿਜੀ ਘਰ ਵਿਚੋਂ ਦੁਰਕਾਰ ਕੇ ਕੱਢਿਆ ਤਾਂ ਸ੍ਰ. ਸੇਵਾ ਸਿੰਘ ਤਰਮਾਲਾ ਜੀ ਮੂਕ ਦਰਸ਼ਕ ਬਣ ਕੇ, ਬੋਲਣ ਤੋਂ ਅਸਮਰੱਥ ਆਪਣੇ ਬਣਾਏ ਪੁਤਰ ਦੇ ਮੂੰਹ ਵੱਲ ਵੇਖਦੇ ਹੀ ਰਹਿ ਗਏ। ਜਦੋਂ ਉਹ ਸਾਨੂੰ ਅਵਾ-ਤਵਾ ਬੋਲ ਕੇ ਘਰੋਂ ਗ੍ਹੈਰਣ (ਬਾਹਰ ਕੱਢਣ) ਲੱਗਾ ਤਾਂ ਸਾਨੂੰ ਸਮਝ ਪੈ ਗਈ ਕਿ ਇਹੀ ਬ੍ਰਹਮਗਿਆਨ ਸ੍ਰ. ਸੇਵਾ ਸਿੰਘ ਤਰਮਾਲਾ ਜੀ ਆਪਣੇ ਨਿਜੀ ਸੇਵਕਾਂ ਨੂੰ ਵੰਡ ਰਹੇ ਹਨ ਸਾਨੂੰ ਪਤਾ ਚੱਲਿਆ ਸੀ ਕਿ ਸ੍ਰ. ਸੇਵਾ ਸਿੰਘ ਤਰਮਾਲਾ ਜੀ ਡਿਕਸੀ ਰੋਡ ਗੁਰਦਵਾਰਾ ਸਾਹਿਬ ਵਿੱਚ 3-4 ਦਿਨ ਕਥਾ ਕਰਨਗੇ। ਪਰ ਦੂਸਰੇ ਪਾਸੇ ਸਿੱਖਾਂ ਦੀਆਂ ਕੁੱਝ ਸੂਝਵਾਨ ਜੱਥੇਬੰਦੀਆਂ ਵਿੱਚ ਵਿਰੋਧ ਦੀ ਭਾਵਨਾ ਵੀ ਸੁਣੀਦੀ ਸੀ। ਮੁਕਦੀ ਗੱਲ ਕਿ ਪਤਵੰਤੇ ਸੱਜਣਾਂ ਨੇ ਗੁਰਦਵਾਰਾ ਸਾਹਿਬ ਦੀ ਕਮੇਟੀ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾ ਲਿਆ ਤੇ ਸ੍ਰ. ਸੇਵਾ ਸਿੰਘ ਤਰਮਾਲਾ ਜੀ ਨੂੰ ਬੋਲਣਾ ਦਾ ਮੌਕਾ ਨਾ ਦਿੱਤਾ ਗਿਆ ਜੋ ਕੇ ਸ਼ਲਾਘਾ ਯੋਗ ਉਦਮ ਹੋਇਆ ਹੈ। ਸਾਡਾ ਸ੍ਰ. ਸੇਵਾ ਸਿੰਘ ਜੀ ਹੋਰਾਂ ਨੂੰ ਮਿਲਣ ਦਾ ਮੌਕਾ ਵੀ ਇਸ ਕਰਕੇ ਹੀ ਬਣਿਆ।

16 ਦਸੰਬਰ ਸ਼ਾਮ ਦੇ ਸਾਢੇ ਪੰਜ ਕੁ ਵਜੇ ਦੇ ਕਰੀਬ ਸ੍ਰ. ਜਸਵੀਰ ਸਿੰਘ ਮਾਂਗਟ, ਸ੍ਰ. ਅਮਰੀਕ ਸਿੰਘ ਮੁਕਤਸਰ ਤੇ ਸ੍ਰ. ਗੁਰਚਰਨ ਸਿੰਘ ਜਿਉਣ ਵਾਲਾ ਨੇ ਉਪਰ ਦਿੱਤੇ ਸਿਰਨਾਵੇਂ ਤੇ ਘੰਟੀ ਵਜਾਈ। ਕੋਈ ਸੱਜਣ ਆਇਆ ਤੇ ਪੁਛਣ ਲੱਗਾ ਕਿ ਤੁਹਾਡਾ ਨਾਮ ਕੀ ਹੈ? ਮੈਂ ਕਿਹਾ ਜੀ ਗੁਰਚਰਨ ਸਿੰਘ ਜਿਉਣ ਵਾਲਾ ਤੇ ਉਸ ਭਲੇ ਪੁਰਸ਼ ਨੇ ਸਾਨੂੰ ਅੰਦਰ ਆਉਣ ਲਈ ਕਿਹਾ। ਅੰਧੇਰੇ ਦੀ ਵਜ੍ਹਾ ਕਰਕੇ ਅਸੀਂ ਘਰਾਂ ਦੇ ਨੰਬਰਾਂ ਦਾ ਭੁਲੇਖਾ ਪੈਣ ਕਾਰਣ ਕਾਰ ਵਿਚੋਂ ਪਹਿਲਾਂ ਹੀ ਕੁੱਝ ਦੂਰੀ ਤੇ ਉਤਰ ਗਏ ਸੀ ਇਸ ਕਰਕੇ ਮੈਂ ਕਿਹਾ ਜੀ ਮੈਂ ਕਾਰ ਆਪਣੇ ਘਰ ਕੋਲ ਲੈ ਆਵਾਂ। ਇਸ ਕਰਕੇ ਉਹ ਮਨੁੱਖ ਅੰਦਰ ਚਲਾ ਗਿਆ ਤੇ ਤਦ ਤਕ ਮੇਰੇ ਸਾਥੀ ਵੀ ਬਾਹਰ ਹੀ ਖੜੇ ਰਹੇ ਜਿਤਨਾ ਚਿਰ ਮੈਂ ਕਾਰ ਨੂੰ ਉਸ ਘਰ ਦੇ ਸਾਹਮਣੇ ਨਹੀ ਲੈ ਆਇਆ। ਇਤਨੇ ਨੂੰ ਉਹ ਭਲਾ ਆਦਮੀ ਫਿਰ ਅੰਦਰੋਂ ਪੁਛ-ਤਾਛ ਕਰਕੇ ਬਾਹਰ ਆਇਆ ਤੇ ਸਾਨੂੰ ਨਾਲ ਅੰਦਰ ਲੈ ਗਿਆ। ਘਰ ਵਿੱਚ ਮੇਰੀ ਜਾਣ ਪਹਿਚਾਣ ਵਾਲਾ ਸ੍ਰ. ਕੁਲਵੰਤ ਸਿੰਘ ਹੁੰਦਲ ਸ਼ਿਕਾਗੋ ਪਹਿਲਾਂ ਹੀ ਮੌਜੂਦ ਸੀ ਤੇ ਉਹ ਜੱਫੀ ਪਾਕੇ ਮਿਲਿਆ। ਉਸਨੇ ਯੂ. ਕੇ ਤੋਂ ਆਏ ਵਿਅਕਤੀਆਂ ਨਾਲ ਜਾਣਕਾਰੀ ਕਰਵਾਈ ਜਿਨ੍ਹਾਂ ਦੇ ਨਾਮ ਤਾਂ ਅਸੀਂ ਭੁੱਲ ਗਏ ਹਾਂ ਪਰ ਇੱਕ ਵਿਅਕਤੀ ਦਾ ਨਾਮ “ਖੈਰਾ” ਜ਼ਰੂਰ ਹੈ। ਚਲੋ ਬੈਠਣ ਤੋਂ ਬਾਅਦ ਗੁਰਮਤਿ ਵਿਚਾਰਾਂ ਹੋਣੀਆਂ ਸ਼ੁਰੂ ਹੋਈਆਂ। ਓਹੀ ਰਾਗ ਓਹੀ ਹੁਕਾ ਓਹੀ ਪਾਣੀ। ਇੱਕ ਸੱਜਣ ਨੇ ਕਿਹਾ, “ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਤਾਂ ਇਹੀ ਹੈ” ਜਵਾਬ ਦਿੱਤਾ ਗਿਆ ਕਿ ਭਾਈ ਜੀ ਪ੍ਰਮਾਤਮਾ ਨੂੰ ਤਾਂ, ਤਾਂ ਹੀ ਮਿਲਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਜੇ ਕਰ ਉਹ ਸਾਥੋਂ ਦੂਰ ਹੋਵੇ। ਗੁਰਬਾਣੀ ਦਾ ਫੁਰਮਾਣ ਹੈ:

ਗਉੜੀ ਮਹਲਾ 5॥ ਅਗਮ ਰੂਪ ਕਾ ਮਨ ਮਹਿ ਥਾਨਾ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ॥ 1॥ ਸ {ਪੰਨਾ 186}

ਗਉੜੀ ਮਹਲਾ 5॥ ਡਰਿ ਡਰਿ ਮਰਤੇ ਜਬ ਜਾਨੀਐ ਦੂਰਿ॥ ਡਰੁ ਚੂਕਾ ਦੇਖਿਆ ਭਰਪੂਰਿ॥ 1॥ ਸਤਿਗੁਰ ਅਪੁਨੇ ਕਉ ਬਲਿਹਾਰੈ॥ ਛੋਡਿ ਨ ਜਾਈ ਸਰਪਰ ਤਾਰੈ॥ 1॥ ਰਹਾਉ॥ {ਪੰਨਾ 186}

ਮੈ ਕਿਹਾ ਵੀਰ ਜੀਓ! ਰੱਬ ਜੀ ਕੋਈ ਐਸੀ ਪਾਉਣ ਵਾਲੀ ਚੀਜ਼ ਨਹੀ। ਉਸ ਨਾਲੋਂ ਤਾਂ ਅਸੀਂ ਸਿਰਫ ਆਪਣੇ ਕੰਮਾਂ ਕਰਕੇ ਵਿਛੜੇ ਹੋਏ ਹਾਂ। ਗੁਰਬਾਣੀ ਦਾ ਫੁਰਮਾਣ ਹੈ:

ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹਦਿਸ ਭ੍ਰਮੇ, ਥਕਿ ਆਏ ਪ੍ਰਭੂ ਕੀ ਸਾਮ॥ {ਪੰਨਾ 133}

ਫਿਰ ਉਹ ਸੱਜਣ ਕਹਿਣ ਲੱਗੇ ਵੀਰ ਜੀਓ ਚਲੋ ਗੁਰਮੁਖਾਂ ਨੂੰ ਆ ਲੈਣ ਦਿਓ ਤੁਹਾਡੀਆਂ ਗੱਲਾ ਦਾ ਜਵਾਬ ਓਹੀ ਦੇਣਗੇ। ਮੇਰੀ ਸਮਝ ਮੁਤਾਬਕ ਸ੍ਰ. ਸੇਵਾ ਸਿੰਘ ਤਰਮਾਲਾ ਜੀ ਦੇ ਮਰਜੀਵੜੇ ਉਨ੍ਹਾਂ ਵਾਸਤੇ ‘ਗੁਰਮੁਖਿ’ ਲਫਜ਼ ਦਾ ਮਤਲਬ ਰੱਬ-ਰੂਪ ਤੋਂ ਹੀ ਲੈ ਰਹੇ ਸਨ। ਜਦੋਂ ਹੀ ਸ੍ਰ. ਸੇਵਾ ਸਿੰਘ ਜੀ ਨੇ ਕੋਈ ਗੱਲ ਕੀਤੀ ਉਨ੍ਹਾਂ ਦੇ ਸੇਵਕ ਸੱਤ ਹੈ ਸੱਤ ਹੈ ਕਰਕੇ ਜਵਾਬ ਦੇ ਰਹੇ ਸਨ। ਗੁਰਬਾਣੀ ਵਿੱਚ ‘ਗੁਰਮੁਖਿ’ ਲਫਜ਼ ਪ੍ਰਮਾਤਮਾ ਤੇ ਮਨੁੱਖਾਂ ਵਾਸਤੇ ਵੀ ਆਇਆ ਹੈ। ਜਿਵੇਂ:

ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥ (ਗੁਰਮੁਖਿ ਪ੍ਰਮਾਤਮਾ ਵਾਸਤੇ)

ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ॥ 3॥ (ਗੁਰਮੁਖਿ ਮਨੁੱਖ ਵਾਸਤੇ)

ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ॥ 1॥ ਰਹਾਉ॥ (ਗੁਰਮੁਖਿ ਪ੍ਰਮਾਤਮਾ ਵਾਸਤੇ)

ਥੋੜੀ ਦੇਰ ਬਾਅਦ ਸਾਨੂੰ ਕਿਸੇ ਹੋਰ ਕਮਰੇ ਵਿੱਚ ਲੈ ਗਏ ਜਿਥੇ ਥਾਂ ਜ਼ਿਆਦਾ ਸੀ ਤੇ ਤਰਮਾਲਾ ਜੀ ਆ ਗਏ। ਸ੍ਰ. ਅਮਰੀਕ ਸਿੰਘ ਜੀ ਹੋਰੀਂ ਕਹਿਣ ਲੱਗੇ ਕਿ ਅਸੀਂ ਅੱਜ ਤੁਹਾਡੇ ਨਾਲ ਕੋਈ ਗੱਲ ਨਹੀ ਕਰਨ ਆਏ ਸਗੋਂ ਅਸੀਂ ਤਾਂ ਤੁਹਾਨੂੰ ਬੇਨਤੀ ਕਰਨ ਆਏ ਹਾਂ ਕਿ ਤੁਸੀਂ ਸਾਨੂੰ ਸਮਾਂ ਦਿਓ ਤੇ ਆਪਾਂ ਕਿਸੇ ਖੁਲੀ ਤੇ ਵੱਡੀ ਪੱਧਰ ਦੀ ਪੰਥਕ ਸਟੇਜ ਤੇ ਬੈਠ ਕੇ ਵਿਚਾਰ-ਵਿਟਾਂਦਰਾ ਕਰੀਏ ਤਾ ਜੋ ਸਿੱਖਾਂ ਨੂੰ ਤੁਹਾਡੇ ਯੋਗਮੱਤ ਬਾਰੇ ਦੱਸ ਸਕੀਏ ਜਾਂ ਤੁਸੀਂ ਸਾਨੂੰ ਤਸੱਲੀ ਬਖਸ਼ ਉਤਰ ਦਿਓਗੇ ਕਿ ਗੁਰੂ ਨਾਨਕ ਸਾਹਿਬ ਦੀ ਗੁਰਮਤਿ ਇਹੀ ਹੈ ਤਾਂਕਿ ਸਿੱਖਾਂ ਨੂੰ ਔਜੜੇ ਪੈਣ ਤੋਂ ਰੋਕਿਆ ਜਾ ਸਕੇ। ਪਰ ਫਿਰ ਵੀ ਤਰਮਾਲਾ ਜੀ ਦੇ ਕਹਿਣ ਤੇ ਅਸੀਂ ਗੱਲਬਾਤ ਕਰਨ ਲਈ ਤਿਆਰ ਹੋ ਗਏ।

ਸ੍ਰ. ਸੇਵਾ ਸਿੰਘ ਤਰਮਾਲਾ ਜੀ ਨੇ ਕੁੱਝ ਪੰਗਤੀਆਂ ਬੋਲ ਕੇ ਕਿਹਾ ਕਿ ਗੁਰੂ ਜੀ ਸਿੱਧਾਂ ਨੂੰ ਆਖ ਰਹੇ ਹਨ ਕਿ ‘ਅਨਹੱਦ ਸ਼ਬਦ ਦੇ ਸੁਣਨ ਤਕ ਹੀ ਨਾ ਰਹੋ ਅੱਗੇ ਚੱਲੋ, ਯੋਗੀਆਂ ਨੂੰ ਕਿਹਾ ਕਿ ਉਹ ਬਾਹਰਲੀ ਕਿੰਗਰੀ ਹੀ ਨਾ ਵਜਾਉਣ ਆਪਣੇ ਅੰਦਰ ਦੀ ਕਿੰਗਰੀ ਵਜਾਉਣ ਆਦਿ ਕਹਿ ਕਿ ਆਪਣੇ ਵੇਦਾਂਤ/ਯੋਗਿਮੱਤ ਦੀ ਪੁਸ਼ਟੀ ਕਰਨ ਹੀ ਲੱਗੇ ਸਨ ਕਿ ਉਨ੍ਹਾਂ ਨੂੰ ਰੋਕ ਕੇ ਮੈਂ ਕਿਹਾ ਜੀ ਗੁਰੂ ਜੀ ਇੱਕ ਇੰਚ ਵੀ ਯੋਗੀਆਂ, ਸਰੇਵੜਿਆਂ, ਸਿੱਧਾਂ ਤੇ ਪੰਡਤਾਂ ਨਾਲ ਸਹਿਮਤ ਨਹੀ। ਗੁਰੂ ਜੀ ਦਾ ‘ਨਿਰਮਲ ਪੰਥ’ ਆਪਣੇ ਭੱਠੇ ਦੀਆਂ ਨਵੀਆਂ ਇੱਟਾਂ ਨਾਲ ਉਸਾਰਿਆ ਹੋਇਆ ਇੱਕ ਨਵਾਂ ਮਹੱਲ ਹੈ। ਇਸ ਵਿੱਚ ਕਿਸੇ ਪੁਰਾਣੇ ਮੱਤ ਦੀ ਕਿਸੇ ਵੀ ਇੱਟ ਨੂੰ ਕੋਈ ਥਾਂ ਨਹੀ। ਲਓ ਸੁਣੋ ਗੁਰੂ ਜੀ ਦਾ ਹੁਕਮ:

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ 2॥ ਮ: 1 {ਪੰਨਾ 662}

ਇਸ ਸਲੋਕ ਵਿੱਚ ਗੁਰੂ ਜੀ ਮਨੁੱਖ ਨੂੰ ਅੰਦਰੋਂ ਸਚਿਆਰਾ ਮਨੁੱਖ ਬਣਨ ਦੀ ਤਾਗੀਦ ਕਰਦੇ ਹਨ। ਕਾਦੀ, ਬ੍ਰਹਾਮਣੁ ਤੇ ਜੋਗੀਆਂ ਦੇ ਗੁਰੂ ਜੀ ਭਿਉਂ ਭਿਉਂ ਕੇ ਛਿਤਰ ਮਾਰਦੇ ਹਨ। ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ। 2.

ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥ ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੈ॥ 3॥ ਦਾਨਸਬੰਦੁ ਸੋਈ ਦਿਲਿ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥ ਪੜਿਆ ਬੂਝੈ ਸੋ ਪਰਵਾਣੁ॥ ਜਿਸੁ ਸਿਰਿ ਦਰਗਹ ਕਾ ਨੀਸਾਣੁ॥ 4॥ 5॥ 7॥ {ਪੰਨਾ 662}

ਅੱਗੇ ਦੱਸਦੇ ਹਨ ਕਿ ਕਾਦੀ, ਯੋਗੀ ਅਤੇ ਬ੍ਰਹਮਣੁ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇੱਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿੱਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ।

ਗੁਰੂ ਸਾਹਿਬ ਸਾਨੂੰ ਉਪਦੇਸ ਦਿੰਦੇ ਹਨ ਕਿ ਐ ਬੰਦੇ! ਤੂੰ ਆਪਣੇ ਕੰਮਾਂ ਕਰਕੇ, ਨਿਤਾ ਪ੍ਰਤੀ ਦੇ ਜੀਵਨ ਕਰਕੇ ਚੰਗਾ ਮਨੁੱਖ ਬਣ ਫਿਰ ਆਪਣੇ ਆਪ ਦਾ ਪ੍ਰਮਾਤਮਾ ਨਾਲ ਮੇਲ ਸਮਝ। ਪਰ ਸ੍ਰ. ਸੇਵਾ ਸਿੰਘ ਜੀ ਪੰਤਾਜਲੀ ਰਿਖੀ ਦੇ ਯੋਗ ਮੱਤ ਤੇ ਸਾਖ ਸ਼ਸ਼ਤ੍ਰ ਦੀ ਤਰ੍ਹਾਂ ਮਨੁੱਖ ਨੂੰ ਆਪਣੀ ਖੱਬੀ ਨਾੜੀ ਵਿਚਦੀ ਠੰਡੀ ਹਵਾ ਉਪਰ ਨੂੰ ਖਿਚਣ ਤੇ ਗਰਮ ਹਵਾ ਬਾਹਰ ਕੱਢਣ ਨੂੰ ਹੀ ਪ੍ਰਮਾਤਮਾ ਨਾਲ ਮੇਲ ਦਾ ਰਸਤਾ ਦਸਦੇ ਹਨ। ਪਰ ਗੁਰਬਾਣੀ ਦੀ ਬੋਲੀ ਵਿੱਚ ਇਸਨੂੰ ਅਵਗੁਣ ਕਿਹਾ ਹੈ: ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ॥ ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗੁਨ ਕਤ ਜਾਹੀ॥ ਕਬੀਰ ਸਾਹਿਬ, ਪੰਨਾ 334॥

ਹੇ ਕਬੀਰ! ਮੇਰੀ ਲਿਵ/ ਮੇਰਾ ਧਿਆਨ/ ਮੇਰੀਆਂ ਯਾਦਾਂ ਵਿੱਚ ਪ੍ਰਭੂ ਵਸਣ ਕਰਕੇ ਜਿਹੜੀ ਮਮਤਾ ਮੇਰੇ ਮਨ ਵਿੱਚ ਪਹਿਲਾਂ ਸੀ ਹੁਣ ਨਹੀ ਰਹੀ ਅਤੇ ਮੇਰੇ ਆਪਣੇ ਸ਼ਰੀਰ ਦਾ ਮੋਹ ਭੀ ਨਹੀ ਰਿਹਾ। ਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀ ਕਿੱਥੇ ਚਲੇ ਜਾਂਦੇ ਹਨ। ਭਾਵ ਜਿਸ ਮਨੁੱਖ ਦੀਆਂ ਯਾਦਾਂ ਵਿੱਚ ਪ੍ਰਮਾਤਮਾ ਵੱਸਣ ਲੱਗ ਪਵੇ ਉਸ ਨੂੰ ਇੜਾ-ਪਿੰਗਲਾ-ਸੁਖਮਨਾ ਵਾਲੇ ਕੰਮ ਬੇਲੋੜਵੇਂ ਲੱਗਦੇ ਹਨ।

ਗੱਲ ਇਸ ਤੋਂ ਅੱਗੇ ‘ਤ੍ਰਿਕੁਟੀ’ ਤੇ ਚਲੀ ਗਈ ਤੇ ਮੈਂ ਕਿਹਾ ਜੀ ਗੁਰਬਾਣੀ ਮੁਤਾਬਿਕ ਤ੍ਰਿਕੁਟੀ ਤੋਂ ਭਾਵ ਸਿਰਫ ਤ੍ਰੈਗੁਣੀ (ਰਜੋ, ਤਮੋ ਤੇ ਸਤੋ) ਮਾਇਆ ਦੇ ਪ੍ਰਭਾਵ ਹੇਠ ਖਿਝ ਕਾਰਨ ਪੈਦਾ ਹੋਈ ਤ੍ਰਿਊੜੀ ਤੋਂ ਹੈ। ਤ੍ਰਿਕੁਟੀ ਦੀ ਸਿੱਖ ਧਰਮ ਵਿੱਚ ਕੋਈ ਵੀ ਮਹੱਤਤਾ ਨਹੀ?

ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ॥ ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ॥ 1॥ ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ॥ ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ॥ ਕਬੀਰ ਸਾਹਿਬ, ਪੰਨਾ 857॥

ਇਸ ਸਲੋਕ ਵਿੱਚ ਕਬੀਰ ਸਾਹਿਬ ਤ੍ਰਿਕੁਟੀ ਦਾ ਮਤਲਬ ਤ੍ਰਿਊੜੀ ਤੋਂ ਲੈਂਦੇ ਹਨ। ਜਿਵੇਂ ਸੰਸਕ੍ਰਿਤ ਦੇ ਲਫਜ਼ ‘ਨਿਕਟੀ’ ਤੋਂ ਪੰਜਾਬੀ ਦਾ ਲਫਜ਼ ‘ਨੇੜੇ’, ਸੰਸਕ੍ਰਿਤ ਦੇ ਲਫਜ਼ ‘ਕਟਕ’ ਤੋਂ ਪੰਜਾਬੀ ਦਾ ‘ਕੜਾ’ ਬਣਿਆ ਹੈ ਉਸੇ ਹੀ ਤਰ੍ਹਾਂ ਸੰਸਕ੍ਰਿਤ ਦੇ ਲਫਜ਼ ‘ਤ੍ਰਿਕੁਟੀ’ ਤੋਂ ਪੰਜਾਬੀ ਦਾ ਲਫਜ਼ ‘ਤ੍ਰਿਊੜੀ’ ਬਣਿਆ ਹੈ।

ਹੇ ਪੰਡਿਤ! ਜਿਵੇਂ ਕੈਂਹ (ਕਾਸੀ) ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ ਠਣਕਾਣਾ ਬੰਦ ਕਰ ਦੇਈਏ ਜਾਂ ਕਾਸੀ ਦੇ ਬਰਤਨ ਵਿੱਚ ਤਰੇੜ ਆ ਜਾਏ ਤਾਂ ਫਿਰ ਉਹ ਅਵਾਜ਼ ਕੈਂਹ ਦੇ ਬਰਤਨ ਵਿੱਚ ਹੀ ਸਮਾ ਜਾਂਦੀ ਹੈ ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ। ਜਦੋਂ ਦੀ ਮੇਰੀ ਬੁੱਧ ਜਾਗੀ ਹੈ ਮੇਰਾ ਇਸ ਸਰੀਰ ਨਾਲੋਂ ਮੋਹ ਟੁਟ/ ਮਿਟ ਗਿਆ ਹੈ। ਮੇਰਾ ਇਹ ਮਾਇਕ ਪਦਾਰਥਾਂ ਨਾਲ ਖੜਕਣ ਵਾਲਾ ਭਾਂਡਾ ਭੱਜ ਗਿਆ ਹੈ। ਹੁਣ ਪਤਾ ਨਹੀ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ। ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ ਮੈਂ ਆਪਣੀ ਤ੍ਰਿਕੁਟੀ ਵਿੰਨ ਦਿੱਤੀ ਹੈ ਭਾਵ ਅੰਦਰਲੀ ਖਿਝ ਖਤਮ ਕਰ ਦਿੱਤੀ ਹੈ ਤੇ ਮੈਨੂੰ ਹਰੇਕ ਘਟ ਵਿੱਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ।

ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ॥ ਬੋਲੈ ਕਉੜਾ ਜਿਹਬਾ ਕੀ ਫੂੜਿ॥ ਮ: 5, ਪੰਨਾ 394॥

ਇਥੇ ਵੀ ਤ੍ਰਿਕੁਟੀ ਦਾ ਮਤਲਬ ਤ੍ਰਿਊੜੀ ਤੋਂ ਹੈ। ਗੁਰੁ ਅਰਜਨ ਦੇਵ ਜੀ ਆਖਦੇ ਹਨ ਕਿ ਹੇ ਭਾਈ! ਉਸ ਮਾਇਆ-ਇਸਤ੍ਰੀ ਦੇ ਮੱਥੇ ਉਤੇ ਤ੍ਰਿਊੜੀ ਪਈ ਰਹਿੰਦੀ ਹੈ, ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ ਤੇ ਉਹ ਸਦਾ ਕੌੜਾ ਬੋਲਦੀ ਹੈ।

ਫਿਰ ਭਾਈ ਅਮਰੀਕ ਸਿੰਘ ਹੋਰਾਂ ਨਾਲ ਨਾਮ ਦੀ ਵਿਆਖਿਆ ਕਰਦੇ ਸ੍ਰ. ਸੇਵਾ ਸਿੰਘ ਤਰਮਾਲਾ ਜੀ ਹੋਰੀ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਨੇ ‘ਨਾਮ’ ਪਹਿਲਾਂ ਪ੍ਰਾਪਤ ਕੀਤਾ ਤੇ ਬਾਣੀ ਬਾਅਦ ਵਿੱਚ ਲਿਖੀ। ਭਾਈ ਅਮਰੀਕ ਸਿੰਘ ਹੋਰੀਂ ਕਹਿਣ ਲੱਗੇ ਕਿ ਵੀਰ ਜੀਓ ਤੁਹਾਡੇ ਮੁਤਾਬਕ ਤਾਂ ‘ਨਾਮ’ ਦੀ ਪ੍ਰਾਪਤੀ ਲਈ ਬਾਣੀ ਦੀ ਲੋੜ ਹੀ ਨਹੀ? ਜੇ ਗੁਰਬਾਣੀ ਦੀ ਲੋੜ ਹੀ ਨਹੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਹੀ ਖਤਮ ਹੈ। ਇਤਨੇ ਨੂੰ ਮੈਂ ਕਿਹਾ ਵੀਰ ਜੀਓ ਗੁਰਬਾਣੀ ਦਾ ਫੁਰਮਾਣ ਤਾਂ ਇੰਝ ਹੈ:

ਰਾਮ ਨਾਮੁ ਰਾਖਹੁ ਉਰਿਧਾਰ॥ ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ 3॥ {ਪੰਨਾ 1066}।

ਹੁਣ ਆਈਏ ਇਸ ਗੱਲ ਵੱਲ ਜੋ ਇਸ ਸ੍ਰ. ਸੇਵਾ ਸਿੰਘ ਤਰਮਾਲਾ ਜੀ ਦੀ ਅਸਲੀ ਤਸਵੀਰ ਨੂੰ ਨੰਗਾ ਕਰਦੀ ਹੈ।

ਸ੍ਰ. ਸੇਵਾ ਸਿੰਘ ਤਰਮਾਲਾ ਜੀ ਕਹਿਣ ਲੱਗੇ ਭਾਈ ਅਮਰੀਕ ਸਿੰਘ ਜੀ ਤੁਹਾਨੂੰ ਤਾਂ ਪਤਾ ਹੈ ਕਿ ਮੈਂ ਤਿਹਾੜ ਜ੍ਹੇਲ ਵਿੱਚ ਵੀ ਨਾਮ ਦੀ ਕਮਾਈ ਬਹੁਤ ਕਰਦਾ ਹੁੰਦਾ ਸੀ। ਫਿਰ ਅਮਰੀਕ ਸਿੰਘ ਹੋਰੀਂ ਕਹਿਣ ਲੱਗੇ ਸਰਦਾਰ ਜੀ ਮੈ ਓਦੋਂ ਵੀ ਤੁਹਾਡੀ ਨਾਮ ਜਪਣ ਦੀ ਵਿਧੀ ਤੇ ਕਮਾਈ ਨੂੰ ਵੇਦਾਂਤ/ਯੋਗਿਮੱਤ ਹੀ ਕਿਹਾ ਕਰਦਾ ਸੀ ਤੇ ਅੱਜ ਵੀ। ਅੱਜ ਆਪਾਂ 1991 ਤੋਂ ਬਾਅਦ ਪਹਿਲੀ ਵਾਰ ਮਿਲੇ ਹਾਂ। 1991 ਵਿੱਚ ਜਦੋਂ ਆਪਾਂ ਤਿਹਾੜ ਜ੍ਹੇਲ ਵਿੱਚ ਬੰਦ ਸਾਂ ਤਾਂ ਡਿਪਟੀ ਸੁਪਰਡਿੰਟ ਸ਼ਰਮਾ ਜੀ ਮੇਰੇ ਕੋਲ ਆ ਕੇ ਤੁਹਾਡੇ ਗੁਣ ਗਾਉਂਦਾ ਹੁੰਦਾ ਸੀ ਤੇ ਕਹਿੰਦਾ ਸੀ ਕਿ ਭਾਈ ਸਾਹਿਬ ਜੀ ਨਾਮ ਦੀ ਬੜੀ ਕਮਾਈ ਕਰਦੇ ਹਨ। ਭਾਈ ਸਾਹਿਬ ਕਈ ਵਾਰੀ ਜ੍ਹੇਲ ਵਿਚੋਂ ਨਾਮ ਦੇ ਆਸਰੇ ਬਾਹਰ ਚਲੇ ਜਾਂਦੇ ਹਨ ਭਾਵ ਦੇਹੀ ਤੋਂ ਬਦੇਹੀ ਹੋ ਜਾਂਦੇ ਹਨ। ਰੋਟੀ ਵੀ ਬਾਹਰ ਹੀ ਖਾ ਕੇ ਆਉਂਦੇ ਹਨ ਤੇ ਮੈਂ ਜਵਾਬ ਵਿੱਚ ਕਹਿੰਦਾ ਹੁੰਦਾ ਸੀ ਕਿ ਸ਼ਰਮਾ ਜੀ ਜੇ ਤਾਂ ਉਹ ਰੋਟੀ-ਟੁਕ ਖਾ ਕੇ ਹੀ ਵਾਪਸ ਆ ਜਾਂਦੇ ਹਨ ਤਾ ਕੋਈ ਗੱਲ ਨਹੀ ਕਿਤੇ ਸ੍ਰ. ਸੇਵਾ ਸਿੰਘ ਤਰਮਾਲਾ ਜੀ ਕੋਈ ਹੋਰ ਹੀ ਕਾਰਾ ਨਾ ਕਰ ਬਹਿਣ। ਅਮਰੀਕ ਸਿੰਘ ਹੋਰਾਂ ਦੇ ਦੱਸਣ ਮੁਤਾਬਕ ਸ੍ਰ. ਸੇਵਾ ਸਿੰਘ ਉਕਤ ਡਿਪਟੀ ਸੁਪਰਡਿੰਟ ਸ਼ਰਮਾ ਆਪਣੇ ਹੀ ਦਫਤਰ ਵਿੱਚ ਘੰਟਾ ਦੋ ਘੰਟਾ ਬੈਠ ਕੇ ਗੱਲਾਂ ਕਰਦੇ ਹੁੰਦੇ ਸਨ ਤੇ ਸ੍ਰ. ਅਮਰੀਕ ਸਿੰਘ ਹੋਰੀਂ ਆਪਣੇ ਸਾਥੀਆਂ ਨੂੰ ਕਹਿੰਦੇ ਹੁੰਦੇ ਸਨ ਕਿ ਬਈ ਇਹ ਸ਼ਰਮਾ ਜੋ ਕਿਸੇ ਸਪੈਸਲ ਏਜੰਸੀ ਦਾ ਬੰਦਾ ਲਗਦਾ ਹੈ, ਸ੍ਰ. ਸੇਵਾ ਸਿੰਘ ਤਰਮਾਲਾ ਜੀ ਦੇ ਜੜੀਂ ਬੈਠੇਗਾ। ਵੇਖ ਲਓ ਸਰਦਾਰ ਜੀ ਉਨ੍ਹਾਂ ਹੀ ਸਕੀਮਾਂ ਦੇ ਅਧੀਨ ਕੰਮ ਕਰ ਰਹੇ ਹਨ। ਪੂਰੀ ਤਫਸੀਲ ਵਿੱਚ ਅਸੀਂ ਸ੍ਰ. ਅਮਰੀਕ ਸਿੰਘ ਜੀ ਹੋਰਾਂ ਨੂੰ ਲਿਖਣ ਲਈ ਬੇਨਤੀ ਕੀਤੀ ਹੈ। ਹਾਲੇ ਅਸੀਂ ਇਹ ਗੱਲਾਂ ਕਰ ਹੀ ਰਹੇ ਸਾਂ ਕਿ ਘਰ ਦਾ ਮਾਲਕ ਆਇਆ ਤੇ ਕੁੱਝ ਚਿਰ ਸਾਡੀਆਂ ਵਿਚਾਰਾਂ ਸੁਣਨ ਤੋਂ ਬਾਅਦ ਅਚਾਨਕ ਚੌਂਕ ਕੇ ਬੋਲਿਆ। ਤੁਹਾਨੂੰ ਕਿਸਨੇ ਘਰ ਵਿੱਚ ਆਉਣ ਲਈ ਕਿਹਾ ਹੈ? ਜਵਾਬ ਸੀ ਕਿ ਅਸੀਂ ਪੁੱਛ ਕੇ ਆਏ ਹਾਂ। ਸਰਦਾਰ ਕੁਲਵੰਤ ਸਿੰਘ ਹੁੰਦਲ ਹੋਰਾਂ ਨੇ ਸਾਨੂੰ ਸ੍ਰ. ਸੇਵਾ ਸਿੰਘ ਤਰਮਾਲਾ ਹੋਰਾਂ ਨਾਲ ਮਿਲਾਇਆ ਹੈ। ਫਿਰ ਉਹ ਘਰ ਦਾ ਮਾਲਕ ਕਹਿਣ ਲੱਗਾ ਮੈਂ ਨਹੀ ਜਾਣਦਾ ਕਿਸੇ ਹੁੰਦਲ ਨੂੰ। This is my personal property, get out, get out get out

ਸਿੱਖ ਸੰਗਤਾਂ ਦੀ ਵਾਕਫੀਅਤ ਵਾਸਤੇ।

1. ਅਕਤੂਬਰ 2007 ਨੂੰ ਸ੍ਰ. ਸੇਵਾ ਸਿੰਘ ਜੀ ਨੇ ਜਲੰਧਰ ਟੀ. ਵੀ. ਤੋਂ ਪੂਰਾ ਇੱਕ ਘੰਟਾ ਆਪਣੀ ਸੰਸਥਾ ਦੀ ਇਸ਼ਤਿਹਾਰਬਾਜੀ ਕੀਤੀ। ਇਸਦਾ ਖਰਚਾ ਕਈ ਲੱਖਾਂ ਹੈ ਤੇ ਇਹ ਸਾਰਾ ਪੈਸਾ ਕਿਸਨੇ ਦਿੱਤਾ?

2. ਪਹਿਲੀ ਅਪ੍ਰੈਲ 2007 ਨੂੰ ਤੁਸੀਂ ਅਜੀਤ, ਜੱਗਬਾਣੀ ਅਤੇ ਸਪੋਕਸਮੈਨ ਵਿੱਚ ਪੂਰੇ ਪੂਰੇ ਪੰਨਾ ਦੀ ਆਪਣੀ ਸੰਸਥਾ ਦੀ ਇਸ਼ਤਿਹਾਰਬਾਜੀ ਕੀਤੀ। ਖਰਚਾ ਤਿੰਨ ਲੱਖ ਕਿਸਨੇ ਦਿੱਤਾ?

3. ਪਿੰਡ ਰੌਲੀ ਕੋਲ ਤੁਹਾਡੀ 30 ਏਕੜ ਜਮੀਨ, ਜਿਹੜੀ ਯੁਨੀਵਰਸਿਟੀ ਲਈ ਖਰੀਦੀ ਗਈ ਹੈ, ਜਿਸਦੀ ਕੀਮਤ 5-7 ਕਰੋੜ ਹੈ ਤੇ ਯੁਨੀਵਰਸਿਟੀ ਦੀ ਉਸਾਰੀ ਤੇ ਵੀ ਕਈ ਕਰੋੜ ਹੋਰ ਖਰਚ ਆਉਣਗੇ। ਪੈਸਾ ਕਿਥੋ ਆਇਆ?

4. ਸਰਦਾਰ ਜੀ ਅਕੱਥ ਕਥਾ ਸਮਝਾਉਦੇ ਹਨ। ਜਿਹੜੀ ਕਥਾ ਹੈ ਹੀ ਅਕੱਥ ਉਹ ਸਰਦਾਰ ਜੀ ਕਿਵੇਂ ਸਮਝਾਉਣਗੇ?

5. ਪੰਜ ਪਿਆਰੇ ਗੁਰੂ ਰੂਪ ਹੋਕੇ ਨਾਮ ਨੂੰ ਅੰਦਰ ਪ੍ਰਵੇਸ਼ ਕਰਨਗੇ ਤੇ ਫਿਰ ਨਾਮ ਬਾਹਰ ਨਹੀ ਆਵੇਗਾ? ਨਾਮ ਕੀ ਚੀਜ ਹੈ? ਕੀ ਨਾਮ ਕੋਈ ਠੋਸ ਚੀਜ ਹੈ? ਕੀ ਨਾਮ ਕੋਈ ਪੱਥਰ ਹੈ, ਰੇਤ ਹੈ, ਖਾਣ ਵਾਲਾ ਪਦਾਰਥ ਹੈ, ਜਿਹੜਾ ਪੰਜਾਂ ਪਿਆਰਿਆ ਨੇ ਕਿਸੇ ਮਨੁੱਖ ਨੂੰ ਨਾਲ਼ ਨਾਲ ਦੇਣਾ ਹੈ ਤੇ ਫਿਰ ‘ਨਾਮ’ ਬਾਹਰ ਨਹੀ ਆਵੇਗਾ?

6. ਸ੍ਰ. ਸੇਵਾ ਸਿੰਘ ਪ੍ਰੋ ਸਾਹਿਬ ਸਿੰਘ ਦੇ ਅਰਥਾਂ ਤੇ ਵਿਆਕਰਣ ਨੂੰ ਨਕਾਰਦੇ ਹਨ ਪਰ ਆਪ ਉਨ੍ਹਾਂ ਦੇ ਅਰਥਾਂ ਵਾਲਾ ਟੀਕਾ ਆਪਣੀ ਵੈਬ ਸਾਈਟ www.simran.info ਤੇ ਪਾਈ ਵੀ ਬੈਠੇ ਹਨ। ਜਦੋਂ ਇਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਗੁਰਬਾਣੀ ਅਟੇ-ਸਟੇ ਨਾਲ ਲਿਖੀ ਗਈ ਹੈ ਤਾਂ ਇਨ੍ਹਾਂ ਕੋਲ ਕੋਈ ਜਵਾਬ ਨਹੀ ਸੀ। ਕਿਉਂਕਿ ਗੁਰੂ ਨਾਨਕ ਸਾਹਿਬ ਅੱਖਰ ‘ਸਚ’ ਅਗਲੀ ਇਕੋ ਪੰਗਤੀ ਵਿੱਚ ਤਿੰਨ ਵਾਰੀ ਵਰਤਦੇ ਹਨ ਤੇ ਤਿੰਨੋ ਵਾਰੀ ਸੱਚ ਦਾ ਵੱਖਰਾ ਰੂਪ ਵਰਤਦੇ ਹਨ। ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ 2॥ 3॥ 5॥ {ਪੰਨਾ 723} ਅਸਲ ਵਿੱਚ ਗੱਲ ਇਹ ਹੈ ਕਿ ਸਾਰੇ ਬਾਬਿਆਂ ਅਤੇ ਨਵੇਂ ਪੁਰਾਣੇ ਸੰਤਾਂ ਨੂੰ ਪ੍ਰੋ. ਸਾਹਿਬ ਸਿੰਘ ਮਾਫਕ ਨਹੀ। ਜੇ ਅੱਜ ਸਿੱਖ ਜਗਤ ਸੰਤਾਂ ਬਾਬਿਆਂ ਨੂੰ ਨਕਾਰ ਕੇ ਚੰਗੇ ਰਾਹ ਪੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਪ੍ਰੋ. ਸਾਹਿਬ ਸਿੰਘ ਦੀ ਬਦੌਲਤ ਹੈ।

7. ਸਰਦਾਰ ਜੀ ਆਪਣੇ ਕਿਤਾਬਚਿਆਂ ਦੇ ਪਿਛਲੇ ਪਾਸੇ ਆਪਣੀ ਜਾਣਕਾਰੀ ਦਿੰਦੇ ਲਿਖਦੇ ਹਨ ਕਿ ਫਲਾਣੇ ਪਿੰਡ ਤੋਂ ਮੈਟ੍ਰਿਕ ਪਾਸ ਕੀਤੀ ਤੇ ਫਿਰ ਗਿਆਨੀ। ਕੋਈ ਹੋਰ ਡਿਗਰੀ ਹੁੰਦੀ ਤਾਂ ਇਨ੍ਹਾਂ ਉਹ ਵੀ ਜਰੂਰ ਨਾਲ ਲਿਖ ਦੇਣੀ ਸੀ। ਪਰ ਇਨ੍ਹਾਂ ਆਪਣੇ ਬਾਰੇ ਪੂਰੀ ਜਾਣਕਾਰੀ ਨਹੀ ਦਿਤੀ। ਇਹ ਪੰਜਾਬ ਪੁਲੀਸ ਵਿੱਚ ਬਤੌਰ ਹੋਲਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਥੱਲੇ ਕੰਮ ਕਰਦੇ ਰਹੇ ਹਨ ਜਦੋਂ ਉਹ ਫਰੀਦਕੋਟ ਐਸ. ਪੀ. ਸਨ। ਇਨ੍ਹਾਂ ਨੂੰ ਤਿਹਾੜ ਜ੍ਹੇਲ ਦਾ ਜਿਕਰ ਵੀ ਕਰਨਾ ਚਾਹੀਦਾ ਹੈ, ਪੰਜਾਬ `ਚ ਝੁੱਲੀ ਹਨੇਰੀ ਸਮੇਂ ਇਨ੍ਹਾਂ ਤੇ ਪਾਏ ਗਏ ਕੇਸਾਂ ਦਾ ਵੇਰਵਾ ਵੀ ਲਿਖਣਾ ਚਾਹੀਦਾ ਹੈ। ਡਿਪਟੀ ਸੁਪਰਡਿੰਟ ਸ਼ਰਮਾ, ਜਿਨ੍ਹਾਂ ਦੀ ਸਲਾਹ ਨਾਲ ਇਹ ਯੋਗਮੱਤ ਫੈਲਾਉਣ ਵਿੱਚ ਕਾਮਯਾਬ ਹੋ ਰਹੇ ਹਨ ਦਾ ਵੀ ਜ਼ਿਕਰ ਕਰਨਾ ਜਰੂਰੀ ਬਣਦਾ ਹੈ।

ਅਖੀਰ ਵਿੱਚ ਜਿਹੜਾ ਬ੍ਰਹਮ ਗਿਆਨੀ ਆਪਣੇ ਕਿਸੇ ਸੇਵਕ ਨੂੰ ਬਤਮੀਜੀ ਕਰਨ ਤੋਂ ਰੋਕਣ ਦੀ ਹਿੰਮਤ ਨਹੀ ਰੱਖਦਾ ਕਿ ਭਾਈ ਘਰੇ ਆਏ ਮਹਿਮਾਨ ਨਾਲ ਇਸ ਤਰ੍ਹਾਂ ਦਾ ਵਰਤਾਵਾ ਨਹੀ ਕਰੀਦਾ ਉਹ ਬ੍ਰਹਮ ਗਿਆਨੀ ਦੀ ਹਾਲਤ ਗੁਰੂ ਸਾਹਿਬ ਦੇ ਇਸ ਵਾਕ ਵਾਲੀ ਹੈ:

ਮ: 1 ਸਲੋਕੁ॥ ਜੇ ਜੀਵੈ, ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ {ਪੰਨਾ 142} ਇਨ੍ਹਾਂ ਤੋਂ ਬਚੋਂ। ਬਾਕੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਿਤੀ 13. 10. 06 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤ੍ਰਤਾ ਹੋਈ। ਜਿਸ ਵਿੱਚ ਮਤਾ ਨੰਬਰ ਤਿੰਨ ਭਾਈ ਸੇਵਾ ਸਿੰਘ ਤਰਮਾਲਾ ਵਲੋਂ ਵਾਹਿਗੁਰੂ ਗੁਰਮੰਤ੍ਰ ਦਾ ਜਾਪ ਕਰਾਉਣ ਦੀ ਨਵੀਨ ਵਿਧੀ ਗੁਰਮਤਿ ਅਨਕੂਲ ਨਹੀ ਹੈ। ਇਸ ਕਰਕੇ ਸਿੱਖ ਸੰਗਤਾਂ ਸੁਚੇਤ ਰਹਿਣ। ਸਿੱਖ ਸੰਗਤਾਂ ਨੇ ਜੇ ਬਿਮਾਰ ਮਾਨਸਿਕਤਾ ਵਿਚੋਂ ਬਾਹਰ ਨਿਕਲਣਾ ਹੈ ਤਾਂ ਬਗੈਰ ਕਿਸੇ ਖਰਚੇ ਦੇ ਸਿਰਫ ਦਸ ਮਿੰਟ ਹਰ ਰੋਜ਼ www.gurgranthdarpan.com, www.sikhmarg.com and www.singhsabhacanada.com

ਤੇ ਜਾਓ ਤੇ ਗੁਰਮਤਿ ਬਾਰੇ ਜਾਣਕਾਰੀ ਹਾਸਲ ਕਰੋ। ਧੰਨਵਾਦ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ।




.