.

ਗੁਰੂ ਨਾਨਕ ਪਾਤਿਸਾਹ ਦੀ ਬਾਣੀ ਅਨੁਸਾਰ

ਪੰਜ ਠੱਗ

ਮ: ੧॥ ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥

ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥

ਏਨਾ ਠਗਨਿ੍ਹ੍ਹ ਠਗ ਸੇ ਜਿ ਗੁਰ ਕੀ ਪੈਰੀ ਪਾਹਿ॥

ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ॥ (੧੨੮੮)

ਅਰਥ: ਰਾਜ, ਧਨ, ਸੁੰਦਰਤਾ, ਜਾਤਿ, ਤੇ ਜੁਆਨੀ: ਇਹ ਪੰਜੇ ਹੀ ਮਾਨੋ ਠੱਗ ਹਨ, ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ ਜੋ ਭੀ ਇਹਨਾਂ ਦੇ ਅੱਡੇ ਚੜ੍ਹਿਆ ਕਿਸੇ ਨੇ ਇਹਨਾਂ ਤੋਂ ਆਪਣੀ ਇੱਜ਼ਤ ਨਹੀ ਬਚਾਈ।

ਇਹਨਾਂ ਠੱਗਾਂ ਨੂੰ ਭੀ ਉਹ ਠੱਗ ਭਾਵ, ਸਿਆਣੇ ਬੰਦੇ ਦਾਉ ਲਾ ਜਾਂਦੇ ਹਨ; ਭਾਵ, ਉਹ ਬੰਦੇ ਇਹਨਾਂ ਦੀ ਚਾਲ ਵਿੱਚ ਨਹੀਂ ਆਉਂਦੇ ਜੋ ਸਤਿਗੁਰੂ ਦੀ ਸ਼ਰਨ ਆਉਂਦੇ ਹਨ। ਹੇ ਨਾਨਕ! ਹੋਰ ਬੜੇ ਭਾਗਹੀਣ ਇਹਨਾਂ ਦੇ ਢਹੇ ਚੜ੍ਹ ਕੇ ਲੁੱਟੇ ਜਾ ਰਹੇ ਹਨ। (ਅਰਥ: ਪ੍ਰੋ. ਸ਼ਾਹਿਬ ਸਿੰਘ ਜੀ)

ਉਪ੍ਰੋਕਤ ਸਲੋਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਨੇ ਪੰਜ ਠੱਗਾਂ ਦਾ ਜ਼ਿਕਰ ਕਰਕੇ ਇਹਨਾਂ ਤੋਂ ਸਾਵਧਾਨਤਾ ਵਾਸਤੇ ਤਾਕੀਦ ਕੀਤੀ ਹੈ। ਗੁਰਬਾਣੀ ਵਿੱਚ ਪੰਜ ਚੋਰਾਂ ਦਾ ਵਰਨਣ ਤਾਂ ਬਹੁਤ ਥਾਈਂ ਮਿਲ਼ਦਾ ਹੈ ਪਰ ਇਹਨਾਂ ਪੰਜ ਠਗਾਂ ਦਾ ਸ਼ਾਇਦ ਏਥੇ ਇੱਕ ਥਾਂ ਹੀ ਵਰਨਣ ਹੈ। ਪੰਜ ਚੋਰਾਂ ਨੂੰ ਕਈ ਥਾਂ ਚੋਰ, ਸੂਰਬੀਰ, ਦੂਤ, ਮਹਾਂਬਲੀ ਆਦਿ ਨਾਂਵਾਂ ਨਾਲ਼ ਵੀ ਗੁਰਬਾਣੀ ਵਿੱਚ ਸੰਬੋਧਨ ਕੀਤਾ ਗਿਆ ਹੈ। ਸਾਰਾ ਸੰਸਾਰ ਇਹਨਾਂ ਪੰਜਾਂ ਦੇ ਅਧੀਨ ਹੀ ਸਭ ਚੰਗੇ ਮਾੜੇ ਕਰਮ ਕੁਕਰਮ ਕਰਦਾ ਆ ਰਿਹਾ ਹੈ। ਗੁਰਬਾਣੀ ਦਾ ਫੁਰਮਾਣ ਵੀ ਹੈ:

ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥

ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ ੨॥ (੧੩੪੮)

ਸਿਆਣੇ ਆਖਦੇ ਨੇ ਕਿ ਦੁਸ਼ਮਣਾਂ, ਦੋਖੀਆਂ, ਡਾਕੂਆਂ, ਲੁਟੇਰਿਆਂ ਆਦਿ ਤੋਂ ਤਾਂ ਕਿਸੇ ਵਸੀਲੇ, ਮੁਕਾਬਲਾ, ਦੌੜ, ਸਰਕਾਰ, ਆਦਿ ਦੀ ਸਹਾਇਤਾ ਨਾਲ਼ ਕਿਸੇ ਹੱਦ ਤੱਕ ਬਚਾ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਪਰ ਠੱਗਾਂ ਤੋਂ ਬਚਣਾ ਏਨਾ ਸਹਿਲ ਕਾਰਜ ਨਹੀ ਹੁੰਦਾ। ਠੱਗ ਸਾਡੇ ਮਿੱਤਰ ਬਣਕੇ ਸਾਨੂੰ ਧੋਖਾ ਦੇ ਕੇ ਲੁੱਟਦੇ ਹਨ ਜਿਨ੍ਹਾਂ ਦੀ ਸਮੇ ਸਿਰ ਪਛਾਣ ਕਰ ਸੱਕਣੀ ਮੁਸ਼ਕਲ ਹੁੰਦੀ ਹੈ। ਏਥੇ ਗੁਰਬਾਣੀ ਵਿੱਚ ਅਧਿਆਤਮਿਕ ਠੱਗਾਂ ਦਾ ਪਾਤਿਸ਼ਾਹ ਵਰਨਣ ਕਰਦੇ ਹਨ ਜਿਨ੍ਹਾਂ ਦੁਆਰਾ ਅਸੀਂ ਸਾਰੀ ਉਮਰ ਲੁੱਟ ਖਾਈ ਜਾ ਰਹੇ ਹਾਂ ਪਰ ਸਾਨੂੰ ਇਹਨਾਂ ਠੱਗਾਂ ਦੀ ਤੇ ਇਹਨਾਂ ਦੀ ਠੱਗੀ ਦੀ ਪਛਾਣ ਨਹੀ ਆਉਂਦੀ।

੧. ਰਾਜ:

ਰਾਜਸੀ ਸ਼ਕਤੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਨਸ਼ਾ ਹੈ ਜਿਸਦੇ ਨਸ਼ੇ ਦੇ ਅਧੀਨ ਮਨੁੱਖ ਆਪਣਾ ਪਰਾਇਆ ਨਹੀ ਸੋਚਦਾ। ਪਹਿਲਾ ਤਾਂ ਇਸਨੂੰ ਪ੍ਰਾਪਤ ਕਰਨ ਵਾਸਤੇ ਕੁੱਝ ਵੀ ਕਰਨ ਤੋਂ ਗੁਰੇਜ਼ ਨਹੀ ਕਰਦਾ। ਦੁਨੀਆ ਦਾ ਜੋ ਵੀ ਪਾਪ ਹੈ ਉਹ ਝੱਟ ਕਰਨ ਲਈ ਤਿਆਰ ਹੋ ਜਾਂਦਾ ਹੈ। ਕਿਸੇ ਵੀ ਮਿੱਤਰ ਜਾਂ ਰਿਸ਼ਤੇਦਾਰ ਨੂੰ ਧੋਖਾ ਦੇਣਾ ਪਵੇ ਜਾਂ ਕਤਲ ਕਰਨਾ ਪਵੇ; ਤਸੀਹੇ ਦੇ ਦੇ ਕੇ ਜੇਹਲਾਂ ਵਿੱਚ ਸਾੜਨਾ ਪਵੇ; ਕਦੀ ਵੀ ਦੂਜਾ ਵਿਚਾਰ ਮਨ ਵਿੱਚ ਨਹੀ ਲਿਆਉਂਦਾ। ਝੱਟ ਹੀ ਐਸੇ ਕੁਕਰਮ ਨੂੰ ਸਰੰਜਾਮ ਦੇਣ ਲਈ ਤਿਆਰ ਹੋ ਜਾਂਦਾ ਹੈ। ਪੁਰਾਣੇ ਸਮੇ ਵਿੱਚ ਇਹ ਰਾਜਸੀ ਸ਼ਕਤੀ ਹਥਿਆਉਣ ਲਈ ਜਿਥੇ ਮਾਰੂ ਹਥਿਆਰ ਵਰਤੇ ਜਾਂਦੇ ਸਨ, ਓਥੇ, ਜਿਥੇ ਹੁਣ ‘ਜਮਹੂਰੀ ਤਮਾਸ਼ਾ’ ਹੁੰਦਾ ਹੈ ਵੋਟਾਂ ਦੀ ਵਰਤੋਂ ਹੁੰਦੀ ਹੈ। ਫਿਰ ਸਾਰੇ ਜਾਇਜ਼ ਨਾਜਾਇਜ਼ ਤਰੀਕੇ ਵਰਤਣ ਤੋਂ ਪਿੱਛੋਂ ਜਦੋਂ ਰਾਜ ਹੱਥ ਵਿੱਚ ਆ ਜਾਵੇ ਫਿਰ ਉਂਜ ਹੀ ਮਨੁਖ ਦੀ ਆਪਣੀ ਅਕਲ ਤੇ ਇਸ ਨਸ਼ੇ ਦਾ ਅਜਿਹਾ ਪੜਦਾ ਪੈਂਦਾ ਹੈ ਕਿ ਇਸਨੂੰ ਫਿਰ ਆਪਣੇ ਪਰਾਏ ਦੀ ਪਛਾਣ ਹੀ ਭੁੱਲ ਜਾਂਦੀ ਹੈ। ਆਪਣੇ ਲਾਭ ਹਿੱਤ ਫਿਰ ਇਹ ਉਸ ਤਾਕਤ ਦੀ ਕੁਰਵਤੋਂ ਕਰਦਾ ਹੈ ਰਾਤ ਦਿਨ। "ਰਾਜ ਪਿਆਰੇ ਰਾਜਿਆਂ ਵੀਰ ਦੁਪਇਆਰੇ।" ਅਨੁਸਾਰ ਕੌਣ ਕਿਸਦਾ ਰਿਸ਼ਤੇਦਾਰ! ਅੰਤ ਕੀ ਹੁੰਦਾ ਹੈ: "ਤਪੋਂ ਰਾਜ ਤੇ ਰਾਜੋਂ ਨਰਕ।" ਕਲਗੀਧਰ ਪਾਤਿਸ਼ਾਹ ਦਾ ਫੁਰਮਾਨ ਹੈ:

ਮਾਨ ਸੇ ਮਹੀਪ ਔ ਦਲੀਪ ਜੈਸੇ ਛਤਰਧਾਰੀ

ਭੋਗਿ ਭੋਗਿ ਭੂਮਿ ਅੰਤ ਭੂਮਿ ਮੈ ਮਿਲਤ ਹੈਂ॥

੨. ਮਾਲ:

ਮਾਲ ਦਾ ਮਤਲਬ ਹੈ, ਧਨ ਪਦਾਰਥ। ਜਿਸ ਪਾਸ ਧਨ ਹੈ ਉਹ ਵੱਡੇ ਵੱਡੇ ਧਰਮੀਆਂ, ਤਿਆਗੀਆਂ, ਵਿਦਵਾਨਾਂ, ਯੋਧਿਆਂ, ਏਥੋਂ ਤੱਕ ਕਿ ਰਾਜਿਆਂ ਦੇ ਇਮਾਨ ਵੀ ਖ਼ਰੀਦ ਸਕਦਾ ਹੈ। ਧਨ ਦੀ ਏਨੀ ਸ਼ਕਤੀ ਹੈ। ਲੋਕ ਅਖਾਣ ਹੈ, "ਤੇਲ ਤਮ੍ਹਾ ਜਾਕੋ ਮਿਲ਼ੇ ਤੁਰਤ ਨਰਮ ਹੋ ਜਾਇ।" ਕੋਈ ਵੀ ਕੰਮ, ਚਾਹੇ ਜਾਇਜ਼ ਹੈ ਤੇ ਚਾਹੇ ਨਾਜਾਇਜ਼, ਸੰਸਾਰਕ ਪਧਰ ਤੇ, ਧਨ ਦੀ ਵਰਤੋਂ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਸੋ ਧਨ ਦਾ ਨਸ਼ਾ ਵੀ ਮਨੁਖ ਨੂੰ ਅੰਨ੍ਹਾ ਬੋਲ਼ਾ ਬਣਾ ਦਿੰਦਾ ਹੈ। ਤੀਜੇ ਗੁਰੂ ਜੀ ਦਾ ਇਸ ਬਾਰੇ ਇਉਂ ਫੁਰਮਾਨ ਹੈ:

ਮਾਇਆਧਾਰੀ ਅਤਿ ਅੰਨਾ ਬੋਲਾ॥

ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (੩੧੩)

ਧਨ ਦੇ ਨਸ਼ੇ ਵਿੱਚ ਧਨੀ ਪੁਰਸ਼ ਕਿਸੇ ਨੂੰ ਆਪਣੀ ਅੱਖ ਹੇਠ ਹੀ ਨਹੀ ਲਿਆਉਂਦਾ। ਕਬੀਰ ਜੀ ਇਉਂ ਆਖਦੇ ਨੇ:

ਨਿਰਧਨ ਆਦਰੁ ਕੋਈ ਨ ਦੇਇ॥ ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ॥॥ ਰਹਉ॥

ਜਉ ਨਿਰਧਨੁ ਸਰਧਨ ਕੈ ਜਾਇ॥ ਆਗੇ ਬੈਠਾ ਪੀਠ ਫਿਰਾਇ॥ ੧॥

ਜਉ ਸਰਧਨੁ ਨਿਰਧਨ ਕੈ ਜਾਇ॥ ਦੀਆ ਆਦਰੁ ਲੀਆ ਬੁਲਾਇ॥ ੨॥ (੧੧੫੯)

ਉਪ੍ਰੋਕਤ ਉਪਦੇਸ਼ ਅਨੁਸਾਰ ਕੇਵਲ ਧਨਵਾਨ ਦੀ ਹੀ ਭਾਈਚਾਰੇ ਵਿੱਚ ਪੁਛ ਪ੍ਰਤੀਤ ਹੁੰਦੀ ਵੇਖ ਕੇ ਭਾਵੇਂ ਕੋਈ ਵੀ ਉਪੱਦਰ ਕਰਨਾ ਪਵੇ, ਜੇਕਰ ਧਨ ਦੀ ਪ੍ਰਾਪਤੀ ਦੀ ਆਸ ਹੋਵੇ ਤਾਂ ਕਰਨੋ ਨਹੀ ਟਲ਼ਦਾ। ਸ਼ਾਇਦ ਏਸੇ ਲਈ ਮਨੁਖ ਸਾਰੀ ਉਮਰ ਹਰ ਤਰੀਕਾ ਵਰਤ ਕੇ ਧਨ ਇਕੱਠਾ ਕਰਨ ਦੇ ਯਤਨਾਂ ਵਿੱਚ ਹੀ ਲੱਗਾ ਰਹਿੰਦਾ ਹੈ। ਏਥੋਂ ਤੱਕ ਕਿ, ਸਹਸ ਖਟੇ ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥ (੨੭੮) ਅਨੁਸਾਰ ਇਸਦੀ ਪ੍ਰਾਪਤੀ ਨਾਲ਼ ਵੀ, ਲਾਖ ਕਰੋਰੀ ਬੰਧੁ ਨ ਪਰੈ॥ (੨੬੪) ਵਾਲ਼ੀ ਹਾਲਤ ਹੀ ਮਨੁਖ ਦੀ ਹੋ ਜਾਂਦੀ ਹੈ। ਨਾਵੇਂ ਪਾਤਸ਼ਾਹ ਵੀ ਇਸ ਪ੍ਰਥਾਇ ਇਸ ਪ੍ਰਕਾਰ ਫੁਰਮਾਉਂਦੇ ਹਨ:

ਦਾਰਾ ਮੀਤ ਪੂਤ ਸਨਬੰਧੀ ਸਗਲੇ ਧਨ ਸਿਉ ਲਾਗੇ॥

ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ॥ ੧॥ (੬੩੩)

ਜਦੋਂ ਮਨੁਖ ਹੈ ਹੀ ਸਮਾਜਕ ਪ੍ਰਾਣੀ ਤੇ ਦੁਨਿਆਵੀ ਸਾਥ ਤੋਂ ਬਿਨਾ ਇਸ ਦਾ ਸੰਸਾਰ ਵਿੱਚ ਵਿਚਰਨਾ ਕਠਿਨ ਹੈ ਤਾਂ ਫਿਰ ਮਨੁਖਾਂ ਦੇ ਸਾਥ ਲਈ ਇਸਨੂੰ ਧਨ ਦੀ ਲੋੜ ਅਨੁਭਵ ਹੁੰਦੀ ਹੈ ਤਾਂ ਕਿ ਇਸਨੂੰ ਮਨੁਖਾਂ ਦਾ ਸਾਥ ਮਿਲ਼ਦਾ ਰਹੇ।

੩. ਰੂਪ:

ਅਰਥਾਤ ਖ਼ੂਬਸੂਰਤੀ। ਸੁੰਦਰਤਾ ਦਾ ਵੀ ਇੱਕ ਆਪਣਾ ਹੀ ਨਸ਼ਾ ਹੁੰਦਾ ਹੈ। ਜਿਸ ਮਨੁਖ ਨੂੰ ਚਾਰ ਬੰਦੇ ਸੋਹਣਾ ਆਖ ਦੇਣ ਉਹ ਫੁੱਲਿਆ ਨਹੀ ਸਮਾਉਂਦਾ। ਆਪਣੇ ਆਪ ਨੂੰ ਦੂਜਿਆਂ ਨਾਲ਼ੋਂ ਸੋਹਣਾ ਸਮਝ ਕੇ ਹੋਰ ਕਿਸੇ ਨੂੰ ਅੱਖ ਹੇਠ ਹੀ ਨਹੀ ਲਿਆਉਂਦਾ। ਸ਼ਾਇਦ ਏਸੇ ਕਰਕੇ ਹੀ ਵਿਅਕਤੀ ਰਾਤ ਦਿਨ ਸੁੰਦਰ ਬਣਨ ਦੀ ਲਾਲਸਾ ਵਿੱਚ ਹੀ ਹਾਰ ਸ਼ਿੰਗਾਰ ਕਰਦਾ ਰਹਿੰਦਾ ਹੈ ਕਿ ਮੈ ਦੂਜਿਆਂ ਨੂੰ ਸੋਹਣਾ ਲੱਗਾਂ। ਇਸ ਵਿੱਚ ਵੀ ਕੋਈ ਕੁਦਰਤ ਦਾ ਭੇਦ ਹੀ ਹੋਵੇਗਾ ਕਿ ਅਸੀਂ ਸਾਰੇ ਰਾਤ ਦਿਨ ਆਪਣੀ ਖ਼ੂਬਸੂਰਤੀ ਬਣਾਉਣ ਵਿੱਚ ਕਿੰਨਾ ਸਮਾ, ਸਾਧਨ, ਕਮਾਈ ਰੋੜ੍ਹਦੇ ਹਾਂ। ਕਿਨੇ ਵਾਪਾਰਕ ਅਦਾਰੇ ਰਾਤ ਦਿਨ ਸੁਹੱਪਣ ਵਧਾਊ ਸਾਧਨਾਂ ਦੀ ਪੈਦਾਵਾਰ ਤੇ ਵਿੱਕਰੀ ਵਿੱਚ ਰੁਝੇ ਹੋਏ ਹਨ। ਥਾਂ ਥਾਂ ਬਿਊਟੀ ਪਾਰਲਰ ਖੁਲ੍ਹੇ ਹੋਏ ਹਨ। ਅੱਜ ਹੀ ਖ਼ਬਰ ਪੜ੍ਹੀ ਹੈ ਕਿ ਇੱਕ ਧਰਮ ਸਥਾਨ ਦੇ ਅੰਦਰ ਰਹਿ ਰਹੀਆਂ ਬੀਬੀਆਂ ਵਾਸਤੇ ਵੀ ਸਪੈਸ਼ਲ ਬਿਊਟੀ ਪਾਰਲਰ ਬਣਾਇਆ ਹੋਇਆ ਹੈ ਤਾਂ ਕਿ ਉਹਨਾਂ ਦੀ ਸੁੰਦਰਤਾ ਵਾਲ਼ੀ ਦਿੱਖ ਵਿੱਚ ਕੋਈ ਘਾਟ ਨਾ ਰਹਿ ਜਾਵੇ। ਇਸਦੇ ਨਸ਼ੇ ਦੇ ਅਧੀਨ ਵੀ ਮਨੁਖ ਰਾਤ ਦਿਨ, "ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥" (੫੦) ਵਾਲੀ ਹਾਲਤ ਵਿੱਚ ਵਿਚਰ ਰਿਹਾ ਹੈ।

੪. ਜਾਤ:

ਮਨੁਖ ਨੂੰ ਆਪਣੀ ਉਚੀ ਜਾਤ ਦਾ ਵੀ ਕਿੰਨਾ ਹੰਕਾਰ ਹੁੰਦਾ ਹੈ; ਇਸ ਤੋਂ ਵੀ ਅਸੀਂ ਭਲੀ ਪ੍ਰਕਾਰ ਜਾਣੂ ਹਾਂ। ਹਿੰਦੁਸਤਾਨ ਵਿੱਚ ਤਾਂ ਇਸ ਦੀ ਅਖੀਰ ਹੀ ਹੋ ਗਈ ਹੋਈ ਹੈ। ਨਵੀ ਰੋਸ਼ਨੀ, ਵਿੱਦਿਆ, ਆਦਿ ਦਾ ਵਰਤਾਰਾ ਹੋ ਜਾਣ ਨਾਲ਼ ਵੀ ਇਸ ਵਿੱਚ ਕੋਈ ਫਰਕ ਨਹੀ ਪਿਆ। ਹਿੰਦੀ ਸਮਾਜ ਵਿੱਚ ਮੰਨੂੰ ਸਿਮ੍ਰਤੀ ਦੀ ਗ਼ਲਤ ਵਿਆਖਿਆ ਕਾਰਨ, ਜਾਤ ਪਾਤ ਦਾ ਕੋਹੜ ਹਿੰਦੀ ਸਮਾਜ ਵਿਚ, ਹਜਾਰਾਂ ਸਾਲਾਂ ਤੋਂ ਏਨੀ ਬੁਰੀ ਤਰ੍ਹਾਂ ਪਸਰਿਆ ਹੋਇਆ ਹੈ ਕਿ ਸਦੀਆਂ ਤੋਂ ਸਮੇ ਸਮੇ ਪੈਦਾ ਹੋਣ ਵਾਲ਼ੇ ਮਹਾਂ ਪੁਰਸ਼ਾਂ ਦੀਆਂ ਬੇਅੰਤ ਘਾਲਣਾ ਤੇ ਕੁਰਬਾਨੀਆਂ ਦੇ ਬਾਵਜੂਦ ਵੀ ਇਸ ਦਾ ਕੋਈ ਹੱਲ ਨਹੀ ਨਿਕਲ਼ ਸਕਿਆ। ਹਿੰਦੀ ਭਾਈਚਾਰਾ ਅੱਜ ਵੀ ਇਸ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਮਹਾਂ ਰਿਸ਼ੀ ਮੰਨੂ ਜੀ ਨੇ ਜਾਤ ਵੰਡ ਅਸਲ ਵਿੱਚ ਕਿੱਤਾ ਵੰਡ ਕੀਤੀ ਸੀ। ਪੰਡਿਤ ਦਾ ਪੁੱਤਰ ਵਿੱਦਿਆ ਪੜ੍ਹ ਕੇ ਪੰਡਿਤ ਬਣੇ ਤਾਂ ਉਸ ਵਿੱਚ ਵਧੇਰੇ ਯੋਗਤਾ ਪੈਦਾ ਹੋ ਸੱਕਣ ਦੀ ਸੰਭਾਵਨਾ ਹੁੰਦੀ ਹੈ ਬਜਾਇ ਇੱਕ ਮਜਦੂਰ ਦੇ ਪੁੱਤਰ ਦੇ; ਪਰ ਫਿਰ ਵੀ ਜੇਕਰ ਰੱਬੀ ਦਾਤ ਵਜੋਂ ਇੱਕ ਮਜ਼ਦੂਰ ਦੇ ਪੁੱਤਰ ਵਿੱਚ ਵੀ ਪੰਡਿਤ ਬਣ ਸਕਣ ਦੀ ਯੋਗਤਾ ਹੋਵੇ ਤਾਂ ਉਸ ਦੇ ਰਸਤੇ ਵਿੱਚ ਰੁਕਾਵਟ ਨਹੀ ਸੀ ਹੁੰਦੀ; ਪਰ ਸਮੇ ਨਾਲ਼ ਸਵਾਰਥੀ ਲੋਕਾਂ ਨੇ ਇਸ ਦਾ ਅਰਥ ਏਹੀ ਬਣਾ ਲਿਆ ਕਿ ਪੰਡਿਤ ਦਾ ਪੁੱਤਰ ਹੀ ਪੰਡਿਤ ਹੋਵੇਗਾ ਭਾਵੇਂ ਕਿ ਉਸ ਦੀ ਬਿਰਤੀ ਚੰਡਾਲ਼ ਵਾਲ਼ੀ ਹੀ ਹੋਵੇ। ਏਸੇ ਤਰ੍ਹਾਂ ਇੱਕ ਮਜ਼ਦੂਰ ਦਾ ਪੁੱਤਰ ਮਜ਼ਦੂਰ ਹੀ ਬਣ ਸਕੇਗਾ ਭਾਵੇਂ ਉਸ ਵਿੱਚ ਪੰਡਿਤ ਬਣ ਸਕਣ ਦੀ ਖ਼ੂਬੀ ਵੀ ਹੋਵੇ। ਸੁਣਨ ਵਿੱਚ ਆਉਂਦਾ ਹੈ ਕਿ ਅੱਜ ਵੀ ਦੱਖਣ ਵਿੱਚ ਅਖਾਉਤੀ ਨੀਵੀ ਜਾਤ ਵਾਲ਼ਿਆਂ ਨਾਲ਼ ਬਹੁਤ ਹੀ ਦੁਰ ਵਿਹਾਰ ਹੁੰਦਾ ਹੈ। ਉਤਰੀ ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਵਿੱਚ ਗੁਰੂ ਸਾਹਿਬਾਨ ਦੀ ਕਿਰਪਾ ਨਾਲ਼ ਇਹ ਬਿਮਾਰੀ ਕਿਸੇ ਹੱਦ ਤੱਕ ਘੱਟ ਖ਼ਤਰਨਾਕ ਮਹਿਸੂਸ ਹੁੰਦੀ ਹੈ।

੫. ਜੋਬਨ:

ਜੋਬਨ ਅਰਥਾਤ ਜਵਾਨੀ। ਜਵਾਨੀ ਵੀ ਬੜੀ ਮਸਤਾਨੀ ਹੁੰਦੀ ਹੈ। ਇਸ ਵਿੱਚ ਵੀ ਮਨੁਖ ਨੂੰ ਦੂਜੇ ਇਨਸਾਨ ਕੀੜੇ ਮਕੌੜੇ ਹੀ ਨਜਰ ਆਉਂਦੇ ਹਨ। ਜਵਾਨੀ ਦੇ ਜੋਸ਼ ਵਿੱਚ ਮਨੁਖ ਬਹੁਤ ਉਪੱਦਰ ਕਰ ਬੈਠਦਾ ਹੈ ਜਿਨ੍ਹਾਂ ਦਾ ਕਿ ਮੁੜ ਸਾਰੀ ਉਮਰ ਇਸਨੂੰ ਪਛਤਾਵਾ ਰਹਿੰਦਾ ਹੈ। ਜਵਾਨੀ ਨੂੰ ਜੇਕਰ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਸਿਧੇ ਪਾਸੇ ਨੂੰ ਤੋਰਿਆ ਜਾ ਸਕੇ ਤਾਂ ਇਹ ਬਹੁਤ ਹੀ ਚੰਗੇ ਚੰਗੇ, ਮਨੁਖਤਾ ਦੀ ਭਲਾਈ ਦੇ ਕਾਰਜ ਕਰ ਸਕਣ ਦੇ ਸਮਰੱਥ ਹੁੰਦੀ ਹੈ। ਇੱਕ ਸੁਲਝਿਆ ਹੋਇਆ ਨੌਜਵਾਨ ਆਪਣੇ ਦੇਸ਼, ਕੌਮ, ਪਰਵਾਰ, ਸਾਥ ਆਦਿ ਦੀ ਭਲਾਈ ਵਾਸਤੇ ਜਿੰਨਾ ਭਰਪੂਰ ਹਿੱਸਾ ਪਾ ਸਕਦਾ ਹੈ ਓਨਾ ਇੱਕ ਬਾਲਕ ਜਾਂ ਬਿਰਧ ਨਹੀ ਕਰ ਸਕਦਾ। ਇਸਦੇ ਉਲ਼ਟ ਖੋਟੀ ਸੰਗਤ ਦੇ ਅਸਰ ਹੇਠ ਕੁਰਾਹੇ ਪਿਆ ਜਵਾਨ ਮਨੁਖਤਾ ਦਾ ਘਾਣ ਕਰਨ, ਆਪਣੇ ਕੁਕਰਮਾਂ ਕਾਰਨ, ਦੇਸ਼, ਕੌਮ, ਧਰਮ ਤੇ ਸਾਥ ਲਈ ਨੁਕਸਾਨਦਾਇਕ ਸਾਬਤ ਹੋਣ ਦੇ ਨਾਲ਼ ਨਾਲ਼, ਆਪਣੇ ਘਰਾਣੇ ਦਾ ਠੂਠਾ ਮੂਧਾ ਮਾਰਨ ਤੱਕ ਦੀ ਨੌਬਤ ਵੀ ਲਿਆ ਸਕਦਾ ਹੈ।

ਆਪਣੀ ਸਮਝ ਨਾਲ਼ ਜੇਕਰ ਕੋਈ ਇਹਨਾਂ ਠੱਗਾਂ ਤੋਂ ਬਚਣਾ ਚਾਹੇ ਤਾਂ ਬੜੀ ਹੀ ਮੁਸ਼ਕਲ ਜਿਹੀ ਗੱਲ ਲੱਗਦੀ ਹੈ ਪਰ ਗੁਰੂ ਦਰੋਂ ਪ੍ਰਾਪਤ ਹੋਈ ਬਿਬੇਕ ਬੁਧੀ ਦੁਆਰਾ ਇਹਨਾਂ ਤੋਂ ਬਚਣ ਦੀ ਸੰਭਾਨਵਾ ਹੋ ਸਕਦੀ ਹੈ। ਉਹ ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿਚ, "ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥" (੬੪੧) ਵਾਲ਼ੀ ਅਵਸਥਾ ਨਾਲ਼ ਭਾਵੇਂ ਕਿਸੇ ਵਿਰਲੇ ਨੂੰ ਪ੍ਰਾਪਤ ਹੋ ਸਕੇ!

ਸੰਤੋਖ ਸਿੰਘ
.