.

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ…

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਕੁਝ ਸੁਰਗ ਤੇ ਨਰਕ ਬਾਰੇ- ਨਰਕ ਤੇ ਸੁਰਗ ਬਾਰੇ ਪਹਿਲੀ ਗਲ ਇਹ ਸਮਝਣ ਦੀ ਹੈ ਕਿ-ਸੁਰਗ ਤੇ ਨਰਕ ਜਿਨ੍ਹਾਂ ਦੀ ਹੋਂਦ ਬਾਰੇ ਹਜ਼ਾਰਾਂ ਸਾਲਾਂ ਤੋਂ ਲੋਕਾਂ ਦੇ ਮਨਾਂ `ਚ ਵਿਸ਼ਵਾਸ ਦਿੱਤਾ ਗਿਆ ਹੈ, ਗੁਰਬਾਣੀ ਅਜਿਹੇ ਕਿਸੇ ਵੀ ਸੁਰਗ ਜਾਂ ਨਰਕ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕਰਦੀ। ਇਹ ਵੱਖਰੀ ਗਲ ਹੈ ਕਿ ਗੁਰਬਾਣੀ `ਚ ਇਹ ਦੋਵੇਂ ਲਫ਼ਜ਼ ਬਹੁਤ ਵਾਰੀ, ਵੱਖ ਵੱਖ ਪ੍ਰਕਰਣਾ `ਚ ਆਏ ਹਨ। ਸੁਆਲ ਪੈਦਾ ਹੁੰਦਾ ਹੈ ਕਿ ਜਦੋਂ ਗੁਰਬਾਣੀ ਇਨ੍ਹਾਂ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕਰਦੀ ਤਾਂ ਇਨ੍ਹਾਂ ਦੋਨਾਂ ਲਫ਼ਜ਼ਾਂ ਦਾ ਗੁਰਬਾਣੀ `ਚ ਅਰਥ ਕਿੱਥੇ ਤੇ ਕੀ ਹੈ? ਇਸੇ ਲਈ ਗੁਰਬਾਣੀ ਪ੍ਰੇਮੀਆਂ ਲਈ ਇਸ ਵਿਸ਼ੇ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਦੂਜੀ ਗਲ, ਜਿਨ੍ਹਾਂ ਅਰਥਾਂ `ਚ ਇਹ ਦੋਵੇਂ ਲਫ਼ਜ਼ ਆਮ ਲੋਕਾਈ `ਚ ਵਰਤੇ ਜਾ ਰਹੇ ਹਨ, ਮੁਸਲਮਾਨਾਂ ਵਿਚਾਲੇ ਵੀ ਲਗਭਗ ਉਨ੍ਹਾਂ ਹੀ ਅਰਥਾਂ `ਚ ਉਰਦੂ ਲਫ਼ਜ਼ ‘ਬਹਿਸ਼ਤ’ ਤੇ ‘ਦੋਜ਼ਖ’ ਹਨ। ਇਸੇ ਤਰ੍ਹਾਂ ਇਸਾਈਆਂ `ਚ ਵੀ ਲਗਭਗ ਉਸੇ ਤਰਜ਼ ਤੇ ਲਫ਼ਜ਼ ‘ਹੈਵਨ’ ਤੇ ‘ਹੈਲ’ ਹਨ। ਤਾਂ ਤੇ ਵੱਡੀ ਲੋੜ ਇਸ ਗਲ ਨੂੰ ਸਮਝਣ ਦੀ ਵਧੇਰੇ ਇਹ ਹੈ ਕਿ ਗੁਰਬਾਣੀ ਦੇ ਪ੍ਰਕਾਸ਼ ਤੋਂ ਪਹਿਲਾਂ ਇਨ੍ਹਾਂ ਦਾ ਸਿਰਾ ਹੈ ਕਿਥੇ?

ਸੁਰਗ ਤੇ ਨਰਕ ਹਨ ਕੀ? - ਇਸ ਵਿਸ਼ੇ `ਤੇ ਇਨ੍ਹਾਂ ਲਫ਼ਜ਼ਾਂ ਤੇ ਵਿਸ਼ਵਾਸਾਂ ਨੂੰ ਸਮਝਣ ਲਈ ਪਹਿਲਾਂ ਸਾਨੂੰ ਇਨ੍ਹਾਂ ਦੇ ਬ੍ਰਾਹਮਣੀ ਅਰਥਾਂ ਤੇ ਵਧੇਰੇ ਝਾਤ ਮਾਰਨੀ ਪਵੇਗੀ। ਇਸ ਦਾ ਵੱਡਾ ਕਾਰਣ ਹੈ ਕਿ ਇਨ੍ਹਾਂ ਤਿੰਨਾਂ ਵਿਸ਼ਵਾਸਾਂ ਵਿਚੋਂ ਬ੍ਰਾਹਮਣ ਅਥਵਾ ਸਨਾਤਨ ਮੱਤ ਹੀ, ਸਭ ਤੋਂ ਪੁਰਾਣਾ ਹੈ, ਜਦਕਿ ਮੁਸਲਮਾਨ ਤੇ ਇਸਾਈ ਮੱਤ, ਪ੍ਰਗਟ ਹੀ ਉਸਤੋਂ ਬਾਦ ਹੋਏ ਹਨ। ਦੂਜਾ-ਚੂੰਕਿ ਸਿੱਖ ਧਰਮ ਦਾ ਜਨਮ ਵੀ ਬਹੁਤਾ ਕਰਕੇ ਬ੍ਰਾਹਮਣੀ ਘੇਰੇ `ਚ ਹੋਇਆ ਹੈ, ਇਸ ਲਈ ਜਦੋਂ ਜਦੋਂ ਵੀ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ `ਚ ਘਾਟ ਜਾਂ ਵਿਗਾੜ ਆਉਂਦਾ ਹੈ ਤਾਂ ਬਹੁਤੇ ਸਿੱਖਾਂ ਉਪਰ ਬ੍ਰਾਹਮਣੀ ਵਿਸ਼ਵਾਸ ਹੀ ਮੁੜ-ਮੁੜ ਕੇ ਅਤੇ ਬਹੁਤ ਜਲਦੀ ਆਪਣੀ ਪੱਕੜ ਬਣਾ ਲੈਦੇ ਹਨ।

ਬ੍ਰਾਹਮਣ ਮੱਤ ਅਤੇ ਸੁਰਗ ਨਰਕ- ਬ੍ਰਾਹਮਣ ਮੱਤ ਅਨੁਸਾਰ ਇਹ ਦੋ ਅਜਿਹੇ ਲੋਕ ਜਾਂ ਦੇਸ਼ ਹਨ ਜਿੱਥੇ ਮਰਣ ਤੋਂ ਬਾਦ ਇਨਸਾਨ ਨੂੰ ਪਹੁੰਚਾਇਆ ਜਾਂਦਾ ਹੈ। ਬ੍ਰਾਹਮਣ ਅਨੁਸਸਾਰ, ਉਹ ਲੋਕ, ਜਿਹੜੇ ਬ੍ਰਾਹਮਣ ਦੀ ਆਗਿਆ `ਤੇ ਚਲਦੇ ਹਨ, ਜੀਂਦੇ ਜੀਅ ਲੋੜਵੰਦਾ ਨੂੰ ਨਹੀਂ ਬਲਕਿ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰਦੇ, ਉਸ ਦੇ ਕਹੇ ਬੇਅੰਤ ਕਰਮਕਾਂਡ ਤੇ ਯਗ-ਹਵਣ ਤੀਰਥ ਸਨਾਨ ਆਦਿ ਕਰਦੇ ਹਨ। ਮਰਨ ਤੋਂ ਬਾਦ ਉਨ੍ਹਾਂ ਨੂੰ ਜਦੋਂ ਧਰਮਾਰਾਜ ਦੀ ਕਚਿਹਰੀ `ਚ ਪੇਸ਼ ਕੀਤਾ ਜਾਂਦਾ ਹੈ ਤਾਂ ਧਰਮਰਾਜ, ਉਨ੍ਹਾਂ ਨੂੰ ਸਿਧਾ ‘ਸੁਰਗ’ `ਚ ਭੇਜ ਦੇਂਦਾ ਹੈ। ਦੂਜੇ, ਜੋ ਬ੍ਰਾਹਮਣ ਦੇ ਕਹੇ ਮੁਤਾਬਕ ਨਹੀਂ ਚਲਦੇ, ਹਵਣ ਯਗ, ਦਾਨ-ਪੁੰਨ ਤੇ ਬਾਕੀ ਕਰਮਕਾਂਡ ਨਹੀਂ ਜਾਂ ਘੱਟ ਕਰਦੇ ਹਨ; ਉਨ੍ਹਾਂ ਦੇ ਇਨ੍ਹਾਂ ‘ਮਾੜੇ’ ਕਰਮਾਂ ਕਰਕੇ, ਭਿੰਨ ਭਿੰਨ ਨਰਕਾਂ `ਚ ਧੱਕ ਦਿੱਤਾ ਜਾਂਦਾ ਹੈ। ਇਹ ਨਰਕ 86 ਤਰ੍ਹਾਂ ਦੇ ਦਸੇ ਹਨ ਅਤੇ ਇਨ੍ਹਾਂ ਸਾਰਿਆਂ ਵਿਚੋਂ 86ਵਾਂ ਨਰਕ, ਅਤੀ ਭਿਅੰਕਰ (ਕੁੰਭੀ) ਨਰਕ ਦਸਿਆ ਹੈ। ਇਹ ਵੀ ਦਸਿਆ ਹੈ ਕਿ ਜੋ ਮਨੁੱਖ ਧੀਆਂ ਨੂੰ ਹੀ ਜਨਮ ਦੇਂਦਾ ਹੈ ਅਤੇ ਪੁਤਰ ਪੈਦਾ ਨਹੀਂ ਕਰਦਾ, ਉਹ ਸੁਭਾਅ ਅਤੇ ਜ਼ਿੰਦਗੀ ਦੌਰਾਨ ਭਾਵੇਂ ਕਿੰਨਾਂ ਵੀ ਦਾਨੀ, ਧਰਮਾਤਮਾ, ਪਰੋਪਕਾਰੀ, ਸੁਸ਼ੀਲ ਆਦਿ ਰਿਹਾ ਹੋਵੇ ਪਰ ਮਰਣ ਤੋਂ ਬਾਦ ਉਸ ਨੂੰ ਉਸ 86ਵੇਂ ਕੁੰਭੀ, ਨਰਕ `ਚ ਹੀ ਪਾਇਆ ਜਾਂਦਾ ਹੈ ਅਤੇ ਉਹ ਉਸ 86ਵੇਂ ਅਤੀ ਭਿਆਨਕ ਨਰਕ ਤੋਂ ਨਹੀਂ ਬਚ ਸਕਦਾ।

ਸ਼ਾਸਤ੍ਰਾਂ ਅਨੁਸਾਰ ਉਸ 86ਵੇਂ ਨਰਕ ਦਾ ਨਾਮ ‘ਪੂੰ’ ਦਸਿਆ ਹੈ। ਇਸ ਤਰ੍ਹਾਂ ‘ਪੁੱਤਰ’ ਲਫ਼ਜ਼ ਦੀ ਉਤਪਤੀ ਹੀ ਉਸੇ ਤੋਂ ਹੈ, ‘ਪੂੰ’ ਨਰਕ ਤੋਂ ਬਚਾਉਣ ਵਾਲਾ। ਇਥੋਂ ਤੀਕ ਕਿ ਬ੍ਰਾਹਮਣ ਅਨੁਸਾਰ, ਇੱਕ ‘ਨਿਯੋਗ’ ਸਿਧਾਂਤ ਵੀ ਦਿੱਤਾ ਹੈ, ਜੋ ਆਪਣੇ ਆਪ `ਚ ਵਿਭਚਾਰ ਨੂੰ ਖੁੱਲ੍ਹਾ ਸੱਦਾ ਹੈ। ਇਸ ਅਨੁਸਾਰ, ਲਗਭਗ (11) ਯਾਰ੍ਹਾਂ ਰਿਸ਼ਤੇ ਦਸੇ ਹਨ; ਜਿਨ੍ਹਾਂ ਦਾ ਆਧਾਰ- ਜੇ ਆਪਣੀ ਪਤਨੀ ਤੋਂ ਪੁੱਤਰ ਦਾ ਜਨਮ ਨਾ ਹੋਵੇ ਤਾਂ ਵਰਣਤ ਉਨ੍ਹਾਂ ਯਾਰ੍ਹਾਂ ਰਿਸ਼ਤਿਆਂ `ਚੋਂ ਕਿਸੇ ਵੀ ਰਿਸ਼ਤੇ ਦੀ ਇਸਤ੍ਰੀ ਨਾਲ, ਸੰਬੰਧ ਕਰਕੇ ਪੁੱਤਰ ਜ਼ਰੂਰ ਪੈਦਾ ਕਰੇ। ਇਸਦੇ ਉਲਟ ਜੇਕਰ ਉਸਨੇ ਪੁੱਤਰ ਨੂੰ ਜਨਮ ਨਾ ਦਿੱਤਾ ਤਾਂ ਉਹ ‘ਪੂੰ’ ਭਾਵ ਉਸ ਅਤੀ ਭਿਅੰਕਰ ਨਰਕ ਤੋਂ ਕਿਸੇ ਤਰ੍ਹਾਂ ਵੀ ਨਹੀਂ ਬਚ ਪਾਏਗਾ। ਇਸੇ ਵਿਸ਼ਵਾਸ ਅਧੀਨ, ਦਸੇ ਗਏ ਸਾਰੇ ਪਿਤ੍ਰੀ ਕਰਮ ‘ਪੁਤਰ’ ਤੋਂ ਕਰਵਾਏ ਜਾਂਦੇ ਹਨ, ਪੁਤ੍ਰੀ ਜਾਂ ਬਹੁ ਤੋਂ ਨਹੀਂ ਤੇ ਹਰੇਕ ਪੱਖੋਂ ਪੁਤਰ ਦੀ ਮਹਾਨਤਾ ਹੈ। ਦੂਜਾ- ਪੁਤ੍ਰ ਤੋਂ ਬਾਦ ਪੋਤ੍ਰਿਆਂ; ਪੜ-ਪੋਤ੍ਰਿਆਂ ਵਾਲਾ ਹੋ ਕੇ ਮਰੇ ਲਈ ਬੇਬਾਣ ਦਾ ਨਿਯਮ ਹੈ। ਉਸਦੀ ਅਰਥੀ ਨੂੰ ਸਜਾਇਆ ਜਾਂਦਾ, ਉਸ ਤੋਂ ਪੈਸੇ-ਮਖਾਣੇ ਆਦਿ ਵਾਰੇ ਜਾਂਦੇ ਅਤੇ ਉਸਦੇ ਮਰਣ `ਤੇ ਮਿੱਠੇ ਪਕਵਾਣ ਕੀਤੇ ਜਾਂਦੇ ਹਨ। ਇਸੇ ਖੁਸ਼ੀ `ਚ ਕਿ ਉਹ ਹੁਣ ਲਮੇਂ ਸਮੇਂ ਲਈ ‘ਸੁਰਗ’ `ਚ ਗਿਆ ਹੈ।

ਇਥੋਂ ਤੀਕ ਕਿ ਸਤੀ ਪ੍ਰਥਾ, ਵਿਧਵਾ ਆਡੰਬਰ, ਸੁਹਾਗਣ ਦੀ ਮੌਤ ਤੇ ਉਸ ਦਾ ਸ਼ਿੰਗਾਰ ਤੇ ਹੋਰ ਬਹੁਤ ਕੁਝ, ‘ਗੁਰੜ ਪੁਰਾਣ’ ਦੀ ਹੀ ਉਪਜ ਹਨ। ਇਸੇ ਤਰ੍ਹਾਂ ਮਰਣੋਂ ਬਾਅਦ ਪ੍ਰਾਣੀ ਦੇ ਰਸਤੇ `ਚ ਆਉਣ ਵਾਲੇ ਘੁੱਪ ਹਨੇਰੇ, ਘਾਮ (ਨ ਸਹਿ ਸਕਣ ਵਾਲੀਆਂ ਧੁੱਪਾਂ), ਭੁੱਖ-ਪਿਆਸ ਤੇ ਰਸਤੇ `ਚ ਆਉਣ ਵਾਲੀਆਂ ਭਿੰਨ ਭਿੰਨ ਨਗਰੀਆਂ ਲਈ ਪਿੰਡ-ਪੱਤਲ, ਦੀਵਾ-ਵੱਟੀ ਕਿਰਿਆ ਆਦਿ ਦੇ ਨਿਯਮ ਹਨ। ਇਸ ਤਰ੍ਹਾਂ ਦਸੇ ਗਏ ਪਿਤੱਰ-ਲੋਕ ਲਈ ਕੁਲ ਪੈਂਡਾ (ਪਤਾ ਨਹੀਂ ਕਿਥੋਂ ਨਾਪ ਕੇ) 86, 000 (ਛਿਆਸੀ ਹਜ਼ਾਰ ਜੋਜਨ) ਅਤੇ ਉਥੇ ਪੁੱਜਣ ਲਈ ਕੁਲ ਸਮਾਂ 360 ਦਿਨ ਦਸਿਆ ਹੈ। ਇਹੀ ਕਾਰਣ ਹੈ ਕਿ ਮਰਨ ਤੋਂ ਬਾਦ ਸੰਬੰਧੀਆਂ ਰਾਹੀਂ ਗਿਆਰਵੇਂ ਮਹੀਨੇ (ਸਾਲ ਦੇ 365 ਤੋਂ ਘੱਟਵੇਂ ਦਿਨ) ਵਰ੍ਹੀਨਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਉਠਾਲੇ) ਕਿਰਿਆ) ਸਮੇਂ ਬ੍ਰਾਹਮਣ ਨੂੰ ਭਾਂਡੇ, ਬਿਸਤਰੇ, ਕੱਚਾ ਅੰਨ, ਪੱਕਾ ਅੰਨ, ਫਲ, ਲਵੇਰੀ ਗਉ, ਛੱਤਰੀ, ਜੁਤੀਆਂ ਅਦਿ ਤੇਰ੍ਹਾਂ ਪਦਾਂ ਦਾ ਦਾਨ ਦਸਿਆ ਹੈ। ਇਨ੍ਹਾਂ ਤੇਰ੍ਹਾਂ ਪਦਾਂ ਬਾਰੇ, ਕਿਹਾ ਹੈ ਕਿ ਵਸਤਾਂ ਬ੍ਰਾਹਮਣ ਆਪਣੇ ਆਪ ਅਗੇ ਪਹੁੰਚਾ ਦੇਂਦਾ ਹੈ ਅਤੇ ਉਥੇ ਪਹਿਚਾਣ ਵੀ ਲਈਆਂ ਜਾਂਦੀਆਂ ਹਨ, ਕਿ ਕਿਸਨੇ ਭੇਜੀਆਂ ਹਨ।

ਗਊ ਇਸ ਲਈ, ਕਿ ਰਸਤੇ ਦੇ ਅੰਤ `ਚ ਪਿੱਤਰ-ਲੋਕ ਤੋਂ ਪਹਿਲਾਂ, ਸੌ (100) ਜੋਜਨ ਚੌੜੀ ਪਰ ਪਾਣੀ ਦੀ ਨਹੀਂ ਬਲਕਿ ਵਿਸ਼ਟਾ, ਗੰਦਗੀ, ਲਹੂ ਆਦਿ ਦੀ ਭਰੀ, ‘ਵੇਤਰਨੀ ਨਦੀ’ ਪਾਰ ਕਰਨੀ ਪੈਂਦੀ ਹੈ ਜਿਹੜੀ ਕਿ ਦਿੱਤੀ ਹੋਈ ‘ਗਊ’ ਦੀ ਪੂੰਛ ਫ਼ੜ ਕੇ ਹੀ ਪਾਰ ਹੋ ਸਕਦੀ ਹੈ, ਉਂਝ ਨਹੀਂ। ਇਸ ਤਰਾਂ ਦਸੇ ਗਏ ਪਿੱਤਰ ਲੋਕ ਪਹੁੰਚਣ ਵਾਲੇ ਲੰਮੇ ਤੇ ਅਣਡਿੱਠੇ ਰਸਤਿਆਂ ਸੰਬੰਧੀ ਬੇਅੰਤ ਕਠਿਨਾਈਆਂ, ਭਿਅੰਕ੍ਰਤਾਂਵਾਂ ਦਾ ਵਰਨਣ ਤੇ ਹੋਰ ਬਹੁਤ ਕੁਝ, ਇਸ ਗਰੁੜ ਪੁਰਾਨ `ਚ ਹੈ। ਵਰ੍ਹੀਨੇ ਤੋਂ ਬਾਅਦ, ਸਾਲ ਦੇ ਸਾਲ, ਸਰਾਧਾਂ ਦੀ ਗਲ ਵੀ ਕਹੀ ਹੈ। ਕਾਰਣ ਦਸਿਆ ਹੈ ਕਿ ਇਹ ਸਭ ਕਰਨ ਨਾਲ ਪਿਛੇ ਪ੍ਰਵਾਰਾਂ `ਚ ਕੁਸ਼ਲਤਾ ਬਣੀ ਰਹਿੰਦੀ ਹੈ; ਜੇ ਨਾ ਕੀਤਾ ਜਾਵੇ ਤਾਂ ਐਕਸੀਡੈਂਟ, ਮੁਕੱਦਮੇਬਾਜ਼ੀਆਂ, ਮੌਤਾਂ ਆਦਿ ਹੁੰਦੀਆਂ ਹਨ। ਉਸ ਦਾ ਕਾਰਣ, ਜਦੋਂ ਪਿਤ੍ਰਾਂ ਨੂੰ ਸਮੇਂ ਨਾਲ ਵਸਤਾਂ ਨਹੀਂ ਪੁਜਦੀਆਂ ਤਾਂ ਉਨ੍ਹਾਂ ਲਈ ਪਿਤ੍ਰ ਲੋਕ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਪ੍ਰੇਤਾਂ ਦੀ ਜੂਨੀ ਭੋਗਣੀ ਪੈਂਦੀ ਹੈ। ਉਹ ਇਸਦਾ ਗੁੱਸਾ ਆਪਣੇ ਪ੍ਰਵਾਰ `ਤੇ ਕਢਦੇ ਹਨ।

ਇਨ੍ਹਾਂ ਹੀ ਦਿੱਤੇ ਵਿਸ਼ਵਾਸਾਂ `ਤੇ ਉਟੰਕਣ ਕਰਦੇ, ਗੁਰਬਾਣੀ `ਚ ਕਬੀਰ ਸਾਹਿਬ ਫ਼ੁਰਮਾਉਂਦੇ ਹਨ “ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥ ੧॥ ਮੋ ਕਉ ਕੁਸਲੁ ਬਤਾਵਹੁ ਕੋਈ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ॥ ੧॥ ਰਹਾਉ॥ ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥ ੨॥ ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ॥ ੩॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ॥ (ਪੰ: 332) ਅਤੇ ਆਸਾ ਕੀ ਵਾਰ `ਚ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ “ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ” (ਪੰ: 472) ਇਸ ਤਰ੍ਹਾਂ ਇਸ ਬਾਰੇ ਗੁਰਬਾਣੀ `ਚ ਹੀ ਹੋਰ ਅਨੇਕਾਂ ਪ੍ਰਮਾਣ।

ਸਿਮ੍ਰਿਤੀਆਂ ਅਨੁਸਾਰ, ਸਰਾਧਾਂ ਦੇ ਭੋਜਨ- ਦੂਜੀ ਗਲ, ਸਾਲ ਦੇ ਸਾਲ ਸਰਾਧਾਂ ਦੀ, ਮਨੂ ਸਿਮ੍ਰਿਤੀ ਅ: 3 ਤੇ ਵਿਸ਼ਨੂੰ ਸਿਮ੍ਰਿਤੀ ਅ: 80 ਅਨੁਸਾਰ ਸਰਾਧਾਂ `ਚ ਪਿੱਤਰਾਂ ਵਾਸਤੇ ਜੇਕਰ ਤਿੱਲ, ਚਾਵਲ, ਜੌਂ, ਮਾਂਹ ਅਤੇ ਸਾਗ ਸਬਜ਼ੀ ਦਿੱਤੀ ਜਾਵੇ ਤਾਂ ਪਿੱਤਰ ਇੱਕ ਮਹੀਨਾ ਰੱਜੇ ਰਹਿੰਦੇ ਹਨ। ਮੱਛੀ ਦੇ ਮਾਸ ਨਾਲ ਦੋ ਮਹੀਨੇ, ਪੰਛੀਆਂ ਦੇ ਮਾਸ ਨਾਲ ਪੰਜ ਮਹੀਨੇ, ਬੱਕਰੇ ਦੇ ਮਾਸ ਨਾਲ ਛੇ ਮਹੀਨੇ, ਚਿੱਤਲ ਦੇ ਮਾਸ ਨਾਲ ਸੱਤ ਮਹੀਨੇ, ਚਿੰਕਾਰੇ ਦੇ ਮਾਸ ਨਾਲ ਅੱਠ ਮਹੀਨੇ, ਲਾਲ ਮਿਰਗ ਦੇ ਮਾਸ ਨਾਲ ਨੌਂ ਮਹੀਨੇ, ਝੋਟੇ ਦੇ ਮਾਸ ਨਾਲ ਦੱਸ ਮਹੀਨੇ, ਕਛੁਏ ਤੇ ਸਹੇ (ਹਿਰਨ) ਦੇ ਮਾਸ ਨਾਲ ਪਿੱਤਰ ਯਾਰ੍ਹਾਂ ਮਹੀਨੇ ਰੱਜੇ ਰਹਿੰਦੇ ਹਨ……” ਬਾਰ੍ਹਵੇਂ ਮਹੀਨੇ ਤਾਂ ਸਰਾਧ ਦੋਬਾਰਾ ਆ ਹੀ ਜਾਣੇ ਹਨ। ਇਨ੍ਹਾਂ ਹੀ ਸਰਾਧਾਂ ਬਾਰੇ ਗੁਰ ਨਾਨਕ ਪਾਤਸ਼ਾਹ ਫ਼ੁਰਮਾਂਉਦੇ ਹਨ “ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰ” (ਪੰ: 138)। ਇਹ ਸਾਰਾ ਵਿਸ਼ਾ ਗੁਰਮਤਿ ਪਾਠ 11 ‘ਸਰਾਧ ਅਤੇ ਸਿੱਖ ਧਰਮ’ `ਚ ਲੈ ਚੁੱਕੇ ਹਾਂ, ਦੌਹਰਾਨ ਦੀ ਲੋੜ ਨਹੀਂ। ਇਥੇ ਤਾਂ ਗਲ ਕੇਵਲ ਇਹੀ ਸਮਝਣੀ ਹੈ ਕਿ ਗੁਰਮਤਿ ਨੇ ਜਦੋਂ ਗਰੁੜ ਪੁਰਾਨ ਨੂੰ ਹੀ ਪ੍ਰਵਾਣ ਨਹੀਂ ਕੀਤਾ ਤਾਂ ਬਾਕੀ ਗਲਾਂ ਦੀ ਗਲ ਹੀ ਮੁੱਕ ਜਾਂਦੀ ਹੈ।

ਦਸਿਆ ਜਾਂਦਾ ਸੁਰਗ ਲੋਕ? - ਇਸਨੂੰ ਇੰਦ੍ਰ-ਲੋਕ, ਦੇਵ-ਲੋਕ, ਬੈਕੁੰਠ ਆਦਿ ਲਫ਼ਜ਼ਾਂ ਨਾਲ ਵੀ ਬਿਆਨਿਆ ਹੈ। ਦਸਿਆ ਹੈ ਕਿ ਉਥੇ ਦੇਵਤੇ ਤੇ ਉਨ੍ਹਾਂ ਦਾ ਰਾਜਾ ਇੰਦਰ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੇ ਜੀਂਦੇ ਜੀਅ ਬ੍ਰਾਹਮਣ ਦੇ ਦੱਸੇ ਅਨੰਤ ਕਰਮਕਾਂਡ, ਸੁੱਚਮਾਂ, ਤੀਰਥ ਸਨਾਨ, ਸਮੇਂ ਸਮੇਂ ਲਈ ਦੱਸੇ, ਬ੍ਰਾਹਮਣਾਂ ਨੂੰ ਦਾਨ-ਪੁੰਨ ਕੀਤੇ ਹੁੰਦੇ ਹਨ, ਮਰਣ ਤੋਂ ਬਾਦ ਉਨ੍ਹਾਂ ਨੂੰ ਸਿੱਧਾ ਸੁਰਗ `ਚ ਭੇਜਿਆ ਜਾਂਦਾ ਹੈ। ਸੁਰਗ `ਚ ਅਪਸ੍ਰਾਵਾਂ-ਗੰਧਰਵ-ਕਿੰਨਰ ਆਦਿ ਦੇ ਮੌਜ ਮੇਲੇ ਅਤੇ ਸਦੀਵੀ ਜ਼ਿੰਦਗੀ ਮਿਲਦੀ ਹੈ, ਫ਼ਿਰ ਕਦੇ ਮੌਤ ਨਹੀਂ ਹੁੰਦੀ। ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਉਥੇ ਰਾਜਾ ਇੰਦ੍ਰ ਦੇ ਬਾਗ਼ `ਚ ਮੰਦਾਰ, ਪਾਰਜਾਤ, ਕਲਪ ਤੇ ਹਰੀ ਚੰਦਨ ਪੰਜ ਤਰ੍ਹਾਂ ਦੀ ਖਾਸ ਜਾਤੀ ਦੇ ਰੁਖ ਹੁੰਦੇ ਹਨ। ਇਨ੍ਹਾਂ ਚੋਂ ਕਲਪ ਤੇ ਪਾਰਜਾਤ ਰੁਖ ਜਾਂ ਕਾਮਧੇਨੂੰ ਗਊ ਅਤੇ ਇੱਕ ਚਿੰਤਾਮਣਿ ਦੀ ਗਲ ਵੀ ਕਹੀ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਤੋਂ ਹਰੇਕ ਕਾਮਨਾ ਪੂਰੀ ਹੁੰਦੀ ਹੈ, ਚਿੰਤਾਵਾਂ ਦੂਰ ਹੁੰਦੀਆਂ ਹਨ।

ਕੁਝ ਪਰਾਤਨ ਰਚਨਾਵਾਂ ਬਾਰੇ- ਮਨੁੱਖ ਦੀ ਮੌਤ ਨਾਲ ਜਿਸ ਬ੍ਰਾਹਮਣੀ ਰਚਨਾ ਦਾ ਵੱਡਾ ਸੰਬੰਧ ਹੈ, ਉਹ ਹੈ ‘ਗਰੁੜ ਪੁਰਾਨ’। ਉਂਝ ਬ੍ਰਾਹਮਣ ਮੱਤ ਦੀਆਂ ਹੋਰ ਰਚਨਾਵਾਂ ਵੀ ਬਹੁਤ ਹਨ ਜਿਵੇਂ ਚਾਰ ਵੇਦ, ਛੇ ਸ਼ਾਸਤਰ, 18 ਪੁਰਾਨ, 36 ਸਿਮ੍ਰਿਤੀਅ, ਅੱਠ ਉਪਨਿਸ਼ਦ ਆਦਿ। ਇਨ੍ਹਾਂ ਰਚਨਾਵਾਂ `ਚ ਬ੍ਰਾਹਮਣ ਰਾਹੀਂ ਪ੍ਰਗਟ ਬੇਅੰਤ ਕਰਮਕਾਂਡ ਜਿਵੇਂ “ਪਹਿਲਾ ਸੁਚਾ ਆਪਿ ਹੋਇ, ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ, ਕੋਇ ਨ ਭਿਟਿਓ ਜਾਇ॥ ਸੁਚਾ ਹੋਇ ਕੈ ਜੇਵਿਆ, ਲਗਾ ਪੜਣਿ ਸਲੋਕੁ. .” (ਪੰ: 473) ਅਤੇ ਇਸ ਬਾਰੇ ਬੇਅੰਤ ਗੁਰਬਾਣੀ ਪ੍ਰਮਾਣ, ਅਨੇਕਾਂ ਢੰਗਾਂ ਨਾਲ ਬ੍ਰਾਹਮਣ ਨੂੰ ਦਾਨ-ਪੁੰਨ ਅਤੇ ਸੁੱਚ-ਭਿੱਟ, ਛੂਆ-ਛੂਤ ਦੇ ਅਨੇਕਾਂ ਗੁੰਝਲਦਾਰ ਨਿਯਮ, ਸਗਨ-ਅਪਸਗਨ, ਰੀਤੀਆਂ-ਰਿਵਾਜ, ਵਹਿਮ-ਸਹਿਮ-ਡਰਾਵੇ ਆਦਿ ਦਿੱਤੇ ਹਨ।

ਅਸਲ ਗੱਲ, ਇੱਕ ਪਾਸੇ ਲੋਭ-ਲਾਲਚ-ਖਿੱਚਾਂ ਤਾ ਕਿ ਬੰਦਾ ਸਾਰੀ ਉਮਰ ਇਸੇ ਯਕੀਨ `ਚ ਬ੍ਰਾਹਮਣਾ ਨੂੰ ਦਾਨ ਪੁੰਨ ਕਰਦਾ ਰਹੇ ਕਿ “ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ, ਮੋਖ ਦੁਆਰੁ” (ਪੰ: 469) ਮਰਣ ਤੋਂ ਬਾਦ ਉਹ ਸਿੱਧਾ ਸੁਰਗ `ਚ ਜਾਵੇਗਾ ਜਾਂ “ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ” (ਪੰ: 466)। ਦੂਜੇ ਪਾਸੇ, ਹਰ ਸਮੇਂ ਭਿਅੰਕਰ ਸਹਿਮ ਤੇ ਡਰ, ਜੇਕਰ ਉਸ ਨੇ ਇਹ ਨਾ ਕੀਤਾ ਤਾਂ ਇਹ ਪਾਪ ਲਗ ਜਾਵੇਗਾ, ਉਹ ਨਾ ਕੀਤਾ ਤਾਂ ਅਮੁੱਕਾ ਪਾਪ ਲਗ ਜਾਵੇਗਾ। ਸਾਰੀ ਉਮਰ ਇਹੀ ਭਾਰੂ ਰਹਿੰਦਾ ਹੈ ਕਿ ਬ੍ਰਾਹਮਣ ਦੇ ਕਹੇ ਮੁਤਾਬਕ ਉਸ ਨੇ ਫ਼ਲਾਣੀ ਭੇਟਾ ਨਾ ਕੀਤੀ, ਦਾਨ-ਪੁੰਨ ਨਾ ਕੀਤਾ ਜਾਂ ਭੁੱਲ ਹੋ ਗਈ ਤਾਂ ਉਸ ਨੂੰ ਨਰਕਾਂ ਦੇ ਭਿਅੰਕਰ ਦੁਖ ਸਹਿਨੇ ਪੈਣਗੇ, ਸੁਰਗ ਨਹੀਂ ਮਿਲੇਗਾ।

ਗਹਿਰਾਈ ਨਾਲ ਦੇਖੋ! ਪਤਾ ਲਗਦੇ ਦੇਰ ਨਹੀਂ ਲਗਦੀ, ਇੱਕ ਪਾਸੇ ‘ਸੁਰਗ’ ਤੇ ਦੂਜੇ ਪਾਸੇ ‘ਨਰਕ’, ਪਰ ਮਤਲਬ ਦੋਨਾਂ ਦਾ ਇਕੋ ਹੀ। ਨਰਕਾਂ ਤੋਂ ਡਰ ਕੇ ਦੇਵੋ ਜਾਂ ਸੁਰਗਾਂ ਦੀ ਲੋਹ ਲੁਪਤਾ `ਚ, ਮੇਹਣਤ ਤੁਸੀਂ ਕਰੋ ਪਰ ਦਾਨ-ਪੁੰਨ, ਕਰਮ ਕਾਂਡਾ, ਤੀਰਥਾਂ ਆਦਿ ਰਸਤੇ, ਨਤੀਜਾ-ਪੁੱਜਨਾ ਬ੍ਰਾਹਮਣ ਨੂੰ ਹੀ ਹੈ ਕਿਸੇ ਲੋੜਵੰਦ, ਮੋਹਤਾਜ, ਅਪੰਗ ਜਾਂ ਮਜਬੂਰ ਨੂਂ ਨਹੀਂ। ਇਸ ਬਾਰੇ ਗੁਰਬਾਣੀ `ਚ ਅਨੇਕਾਂ ਵਾਰੀ ਚੇਤਾਵਣੀ ਹੈ ਜਿਵੇਂ “ਕਥਾ ਕਹਾਣੀ ਬੇਦਂੀ ਆਣੀ ਪਾਪੁ ਪੁੰਨੁ ਬੀਚਾਰੁ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ” (ਪੰ: 1243) ਜਾਂ ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ” (ਪੰ: 1243) ਅਜੇਹੇ ਵਿਸ਼ਵਾਸਾਂ ਬਾਰੇ ਗੁਰਬਾਣੀ ਇਥੋਂ ਤੀਕ ਸਪਸ਼ਟ ਕਰਦੀ ਹੈ ਸਾਸਤ੍ਰ ਬੇਦ ਪਾਪ ਪੁੰਨ ਵੀਚਾਰ॥ ਨਰਕਿ ਸੁਰਗਿ ਫਿਰਿ ਫਿਰਿ ਅਉਤਾਰ” (ਪੰ: 385) ਹੋਰ ਲਵੋ ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ” (ਪੰ: 1377) ਅਤੇ ਬੇਦ ਪਾਠ ਸੰਸਾਰ ਕੀ ਕਾਰ॥ ਪੜਿ੍ਹ੍ਹ ਪੜਿ੍ਹ੍ਹ ਪੰਡਿਤ ਕਰਹਿ ਬੀਚਾਰ” (ਪੰ: 791) ਜਾਂ ਬੇਦ ਕਤੇਬ ਇਫਤਰਾ, ਭਾਈ ਦਿਲ ਕਾ ਫਿਕਰੁ ਨ ਜਾਇ” (ਪੰ: 727) ਇਸ ਤਰ੍ਹਾਂ ਗੁਰਦੇਵ ਨੇ ਵੇਦਾਂ `ਚੋਂ ਜੇਕਰ ਪ੍ਰਵਾਣ ਕੀਤਾ ਹੈ, ਉਹ ਕੇਵਲ ਇਕੋ ਹੀ ਵਿਸ਼ਾ ਹੈ ਅਤੇ ਉਹ ਹੈ ਪ੍ਰਭੂ ਦੀ ਸਿਫ਼ਤ-ਸਲਾਹ ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ” (ਪੰ: 919) ਅਤੇ ਉਸ ਬਾਰੇ ਵੀ ਫ਼ੁਰਮਾਅ ਰਹੇ ਹਨ ਫ਼ਿਰ ਵੀ “ਫਿਰਹਿ ਜਿਉ ਬੇਤਾਲਿਆ” ਕਿਉਂਕਿ ਇਹ ਗਲ ਤਾਂ ਉਸ ਨੂੰ ਰਾਸ ਨਹੀਂ ਆਉਂਦੀ। ਬਹੁਤਾ ਕਰਕੇ, ਅੱਜ ਇਹੀ ਕੁੱਝ ਕਰ ਰਹੇ ਹਨ ਸਾਡੇ ਭਾਈ, ਗ੍ਰੰਥੀ, ਰਾਗੀ, ਢਾਡੀ ਤੇ ਪ੍ਰਚਾਰਕ ਆਦਿ।

ਮਹਾਨ ਕੋਸ਼ ਅਨੁਸਾਰ ਸੁਰਗ ਤੇ ਨਰਕ- “ਸੁਰਗ ਸੰ. ਸ੍ਵਰਗ. ਸੰਗ੍ਯਾ- ਆਨੰਦ. ਸੁਖ। ੨. ਦੇਵਲੋਕ. ਬਹਿਸ਼œ. ਇੰਦ੍ਰਲੋਕ. … “ਸੁਰਗਬਾਸੁ ਨ ਬਾਛੀਐ (ਗਉੜੀ ਕਬੀਰ) “ਦੂਜੇ ਪਾਸੇ ਮਹਾਨ ਕੋਸ਼ ਅਨੁਸਾਰ ਹੀ “ਨਰਕ- ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਉਹ ਦੇਸ਼, ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ. ਦੋਜ਼ਖ. ਜਹਨੁਮ. ਗ੍ਰੰਥਾਂ ਦੇ ਮਤਭੇਦ ਕਰਕੇ ਇਨ੍ਹਾਂ ਦੀ ਗਿਣਤੀ ਵੱਧ ਘੱਟ ਹੈ. ਮਨੁ ਨੇ ਇੱਕੀਹ ਨਰਕ ਇਹ ਲਿਖੇ ਹਨ:- ਤਾਮਿਸ੍ਰ, ਅੰਧਤਾਮਿਸ੍ਰ, ਰੌਰਵ, ਮਹਾਰੌਰਵ, ਨਰਕ, ਮਹਾਨਰਕ, ਕਾਲਸੂਤ੍ਰ, ਸੰਜੀਵਨ, ਮਹਾਵੀਚਿ, ਤਪਨ, ਸੰਪ੍ਰਤਾਪਨ, ਸੰਹਾਤ, ਸੰਕਾਕੋਲ, ਕੁਡਮਲ, ਪ੍ਰਤਿਮੂਰਤਿਕ, ਲੋਹਸ਼ੰਕੁ, ਰਿਜੀਸ਼, ਸ਼ਾਲਮਲੀ, ਵੈਤਰਂੀ, ਅਸਿਪਤ੍ਰਵਨ ਅਤੇ ਲੋਹਦਾਰਕ. ਦੇਖੋ, ਮਨੁ ਅਃ ੪. ਸਃ ੮੮, ੮੯, ੯੦. ਬ੍ਰਹਮ ਵੈਵਰਤ ਵਿੱਚ ੮੬ ਨਰਕਕੁੰਡ ਲਿਖੇ ਹਨ. ਦੇਖੋ, ਪ੍ਰਕ੍ਰਿਤਿ ਖੰਡ ਅਃ ੨੭.”ਕਵਨ ਨਰਕ ਕਿਆ ਸਰਗ ਬਿਚਾਰਾ ਸੰਤਨ ਦੋਊ ਰਾਦੇ” (ਰਾਮ ਕਬੀਰ). . ਇਸੇ ਤਰਾਂ ਨਰਕਪਾਤੀ- ਵਿ- ਨਰਕ ਵਿੱਚ ਜਾਣ ਵਾਲਾ. ਨਰਕ ਵਿੱਚ ਡਿਗਣ ਵਾਲਾ. ਪਾਪੀ ਜੀਵ, ‘ਸੋ ਨਰਕਪਾਤੀ ਹੋਵਤ ਸੁਆਨ’ (ਸੁਖਮਨੀ) “

ਪਾਰਜਾਤ-ਕਲਪ ਬਿਰਖ, ਚਿੰਤਾਮਣਿ, ਕਾਮਧੇਨ ਆਦਿ- ਇਸ ਤਰ੍ਹਾਂ, ਗੁਰਬਾਣੀ ਨੇ ਅਜਿਹੇ ਕਿਸੇ ਸੁਰਗ ਅਥਵਾ ਬੈਕੁੰਠ ਦੀ ਹੋਂਦ ਨੂੰ ਹੀ ਨਹੀਂ ਮੰਨਿਆ ਤਾਂ ਉਸ `ਚ ਦਸੇ ਜਾਂਦੇ ਪਾਰਜਾਤ-ਕਲਪ ਬਿਰਖ, ਕਾਮਧੇਨ ਗਊ ਆਦਿ ਦੀ ਗੱਲ ਹੀ ਮੁੱਕ ਜਾਂਦੀ ਹੈ। ਫ਼ਿਰ ਕਿਸੇ ਗੁਰੂ ਕੇ ਲਾਲ ਲਈ ਉਨ੍ਹਾਂ ਚੀਜ਼ਾਂ ਦੀ ਕਾਮਨਾ ਕਾਹਦੀ? ਫ਼ਿਰ ਵੀ ਇਹ ਸਾਰੀ ਸ਼ਬਦਾਵਲੀ ਗੁਰਬਾਣੀ `ਚ ਆਈ ਹੈ ਪਰ ਕਿੰਨਾ ਅਰਥਾਂ `ਚ? ਪ੍ਰਕਰਣ ਅਨੁਸਾਰ ਜਦੋਂ ਬ੍ਰਾਹਮਣੀ ਅਰਥਾਂ `ਚ ਆਈ, ਤਾਂ ਉਸਨੂੰ ਕੱਟਿਆ ਹੈ ਪਰ ਇਸੇ ਨੂੰ ਬਹੁਤਾ ਕਰਕੇ ਸਾਧਸੰਗਤ ਜਾਂ ਕਰਤੇ ਦੀ ਸਿਫ਼ਤ ਸਲਾਹ ਲਈ ਵੀ ਵਰਤਿਆ ਹੈ ਜਿਵੇਂ “ਤਹ ਬੈਕੁੰਠੁ ਜਹ ਨਾਮੁ ਉਚਰਹਿ” (ਪੰ: 890) ਜਾਂ “ਤਹਾ ਬੈਕੁੰਠੁ ਜਹ ਕੀਰਤਨ (ਸਿਫ਼ਤ ਸਲਾਹ) ਤੇਰਾ ਤੂੰ ਆਪੇ ਸਰਧਾ ਲਾਇਹਿ” (ਪੰ: ੭੪੯) ਇਸੇ ਤਰ੍ਹਾਂਪਾਰਜਾਤ ਘਰਿ ਆਗਨਿ ਮੇਰੈ, ਪੁਹਪ ਪਤ੍ਰ ਤਤੁ ਡਾਲਾ॥ ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ” (ਪੰ: 503) ਅਤੇਪਾਰਜਾਤੁ ਲੋੜਹਿ ਮਨ ਪਿਆਰੇ॥ ਕਾਮਧੇਨੁ ਸੋਹੀ ਦਰਬਾਰੇ॥ ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ” (ਪੰ: 1078) ਪੁਨਾਪਾਰਜਾਤੁ ਇਹੁ ਹਰਿ ਕੋ ਨਾਮ॥ ਕਾਮਧੇਨ ਹਰਿ ਹਰਿ ਗੁਣ ਗਾਮ (ਪੰ: 267) ਚਿੰਤਾਮਣਿ (ਅਕਾਲਪੁਰਖ) ਕਰੁਣਾ ਮਏ॥   ॥ ਰਹਾਉ॥ ਦੀਨ ਦਇਆਲਾ ਪਾਰਬ੍ਰਹਮ॥ ਜਾ ਕੈ ਸਿਮਰਣਿ ਸੁਖ ਭਏ (ਪੰ: 212) ਆਦਿ।

ਗੁਰਮਤਿ ਅਤੇ ਅੰਤਮ ਸੰਸਕਾਰ- ਇਸ ਤਰ੍ਹਾਂ ਜਦੋਂ ਸਪਸ਼ਟ ਹੋ ਗਿਆ ਕਿ ਬ੍ਰਾਹਮਣ ਮੱਤ ਜਾਂ ਗਰੁੜ ਪੁਰਾਣ ਆਧਾਰਤ ਵਿਚਾਰਧਾਰਾ ਨੂੰ ਗੁਰਮਤਿ ਨੇ ਉੱਕਾ ਪ੍ਰਵਾਣ ਨਹੀਂ ਕੀਤਾ ਤਾਂ ਉਸ ਆਧਾਰ `ਤੇ ਚਲਦੇ ਅਨੇਕਾਂ ਕਰਮਕਾਂਡ-ਵਿਸ਼ਵਾਸ, ਜਿਵੇਂ “ਪ੍ਰਾਣੀ ਦਾ ਸਸਕਾਰ ਜ਼ਰੂਰੀ, ਫ਼੍ਹੂਹੜੀ, ਦੱਭ ਵਿਛਾਉਣੀ, ਮੰਜੇ-ਬਿਸਤਰੇ ਤੋਂ ਉਤਾਰ ਜ਼ਮੀਨ ਤੇ ਪਾਉਣਾ, ਸਨਾਨ ਬਾਅਦ ਹੀ ਮ੍ਰਿਤੂ ਹੋਈ ਹੋਵੇ ਤਾਂ ਵੀ ਸਨਾਨ ਜ਼ਰੂਰੀ, ਚਲਣ ਤੋਂ ਪਹਿਲਾਂ ਉਚੇਚੇ ਨਵੇਂ ਤੇ ਬਿਨਾ ਸੀਤੇ ਬਸਤ੍ਰ ਪੁਆਉਣੇ, ਅਰਥੀ ਨੂੰ ਮੌਲੀ, ਕਾਲੇ ਤਿੱਲ, ਬੇਬਾਣ ਕੱਢਣੇ, ਰੋਣ-ਪਿੱਟਣ-ਢਾਹਾਂ-ਸਿਆਪੇ, ਦੀਵਾ-ਵੱਟੀ, ਗੰਗਾ ਜਲ-ਤੁਲਸੀ, ਹਥੋਂ ਮਨਸਾਉਣਾ, ਸ਼ਮਸ਼ਾਨ ਭੂਮੀ `ਚ ਉਚੇਚਾ ਬਨਾਏ ਥੱੜੇ ਤੇ ਪਾਉਣਾ, ਘੜਾ ਭੰਨਣਾ, ਪਿੰਡ-ਪੱਤਲ, ਸਸਕਾਰ ਨੂੰ ਜਾਂਦੇ ਅਰਥੀ ਦੀ ਸਰ੍ਹਾਂਦੀ-ਪੁਆਂਦੀ ਤੱਕਣੀ, ਰਸੀਆਂ ਕੱਟਣ ਦਾ ਵਹਿਮ, ਪ੍ਰਾਣੀ ਨੂੰ ਚਵਰ ਤੇ ਉਸਦੀ ਪ੍ਰਕਰਮਾ, ਕਪਾਲ ਕਿਰਿਆ (ਸਿਰ `ਚ ਡੰਡਾ ਮਾਰਨਾ), ਵਾਪਸੀ ਵੇਲੇ ਅਚਾਰਜੀ ਰਾਹੀਂ ਦਿੱਤਾ ਘਾਹ ਤੋੜਣਾ, ਪਾਣੀ ਦੇ ਉਲਟੇ-ਸਿੱਧੇ ਛੱਟੇ ਜਾਂ ਉਚੇਚਾ ਸਨਾਨ, ਅਸਥੀਆਂ (ਫ਼ੁਲ) ਚੁੰਨਣੀਆਂ ਤੇ ਚੁਨਣ ਲਈ ਸੂਰਜ ਨਿਕਲਣ ਦਾ ਸਮਾਂ, ਐਤ-ਬੁੱਧ ਆਦਿ ਦਾ ਭਰਮ, ਚੌਥਾ, ਕਿਰਿਆ, ਰਸਮ ਪੱਗੜੀ, ਵਰ੍ਹੀਨਾ (ਯਾਹਰਵੇ ਮਹੀਨੇ), ਸਰਾਧ ਗੁਰਮਤਿ `ਚ ਅਜੇਹਾ ਕੁੱਝ ਵੀ ਪ੍ਰਵਾਣ ਨਹੀਂ। ਹਰੇਕ ਗੁਰੂ ਨਾਨਕ ਨਾਮ ਲੇਵਾ ਨੇ, ਇਹ ਸਭ ਨਹੀਂ ਕਰਨਾ। ਅਜਿਹੇ ਸਾਰੇ ਕਰਮਕਾਂਡਾ ਦਾ ਪ੍ਰਾਣੀ ਜਾਂ ਪਿਛੇ ਪ੍ਰਵਾਰ ਨਾਲ ਕੋਈ ਸੰਬੰਧ ਹੈ। ਵੇਰਵਾ ਗੁਰਮਤਿ ਪਾਠ 26 “ਮਿਰਤਕ ਸੰਸਕਾਰ” `ਚ ਦਿੱਤਾ ਜਾ ਚੁੱਕਾ ਹੈ।

ਮੁਕਤੀ ਨਹੀਂ, ਜੀਵਨ ਮੁਕਤ ਹੋਣਾ ਹੈ- ਤਾਂ ਤੇ ਅਸਾਂ ਪੱਕਾ ਕਰਕੇ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ ਪ੍ਰਭੂ ਦੀ ਸੰਪੂਰਣ ਰਚਨਾ `ਚ ਕੋਈ ਤੇ ਕਿੱਧਰੇ ਅਜਿਹੇ ਕਿਸੇ ਸੁਰਗ-ਨਰਕ ਦਾ ਵਜੂਦ ਨਹੀਂ, ਜਿਸਦੀ ਕਿ ਹਜ਼ਾਰਾਂ ਸਾਲਾਂ ਤੋਂ ਦੁਹਾਈ ਦਿੱਤੀ ਜਾ ਰਹੀ ਹੈ। ਤਾਂ ਤੇ ਉਸ ਦਾ ਹੀ ਵਿਸਤਾਰ ਜਮ-ਲੋਕ, ਦੇਵ-ਲੋਕ, ਇੰਦ੍ਰ-ਲੋਕ, ਜਮ-ਰਾਜ, ਧਰਮ-ਰਾਜ, ਪਿੱਤਰ-ਲੋਕ ਜਾਂ ਮਰਣੋਂ ਬਾਦ ਉਸ ਰਾਹੀਂ ਦਸੇ ਲਮੇਂ ਚੌੜੇ ਰਸਤਿਆਂ-ਨਗਰੀਆਂ-ਪੁਰੀਆਂ, ਬੇਤਰਨੀ ਨਦੀ, ਰੂਹਾਂ-ਬਦਰੂਹਾਂ, ਭੂਤਾਂ-ਪ੍ਰੇਤਾਂ ਆਦਿ, ਭਾਵ ਗਰੁੜ ਪੁਰਾਣ ਆਦਿ ਸੰਬੰਧਿਤ ਰਚਨਾਵਾਂ `ਚ ਅਜਿਹੀ ਹਰੇਕ ਗਲ ਨੂੰ ਗੁਰਮਤਿ ਨੇ ਨਕਾਰਿਆ ਹੈ। ਨਾਲ ਹੀ ਦੂਜੇ ਮੱਤਾਂ ਦੇ ਬਹਿਸ਼ਤ-ਦੋਜ਼ਖ, ਹੈਵਨ-ਹੈਲ ਦੀਆਂ ਥਿਉਰੀਆਂ ਨੂੰ ਵੀ ਪ੍ਰਵਾਨ ਨਹੀਂ ਕੀਤਾ। ਇਸ ਲਈ ਗੁਰੂਦਰ ਤੇ ‘ਮੁਕਤੀ’ ਦਾ ਮਤਲਬ ਉਹ ਨਹੀਂ ਰਹਿ ਜਾਂਦਾ, ਜਿਹੜਾ ਕਿ ਮਰਣ ਤੋਂ ਬਾਅਦ, ਕਿਸੇ ਅਜਿਹੇ ‘ਸੁਰਗ’ `ਚ ਜਾਣ ਦੀ ਕਾਮਨਾ ਕੀਤੀ ਜਾਵੇ ਜਾਂ ਕਿਸੇ ਅਜਿਹੇ ਨਰਕ ਤੋਂ ਡਰ ਕੇ ਭਾਂਡੇ, ਬਿਸਤਰੇ ਅਦਿ ਦਿੱਤੇ ਜਾਣ ਜਾਂ ਅਖੌਤੀ ਸਰਾਧਾਂ ਦੇ ਦਿਨਾਂ `ਚ ਭਾਈ ਸਾਹਿਬਾਨ ਨੂੰ, ਲੰਗਰ ਛਕਾਉਣ ਤੇ ਕਪੜੇ ਦੇਣ ਦੇ ਕਰਮ ਕੀਤੇ ਜਾਣ।

ਇਸਦੇ ਉਲਟ ਗੁਰਬਾਣੀ ਅਨੁਸਾਰ ਸਾਨੂੰ ਮਨੁੱਖਾ ਜਨਮ ਮਿਲਿਆ ਹੀ ਇਸ ਲਈ ਹੈ ਕਿ ਪ੍ਰਭੁ ਦੀ ਸਿਫ਼ਤ ਸਲਾਹ (ਨਾਮ) ਰਾਹੀਂ; ਹਉਮੈ-ਵਿਕਾਰ ਰਹਿਤ, ਉਚੇ, ਆਦਰਸ਼ਕ, ਸਦਾਚਾਰਕ ਗੁਣਾਂ ਦੇ ਵਾਰਿਸ ਬਨੀਏ। ਇਸ ਤਰ੍ਹਾਂ ਜੀਵਨ ਰਹਿਣੀ ਨੂੰ ਪ੍ਰਭੂ ਬਖਸ਼ਿਸ਼ ਦਾ ਪਾਤ੍ਰ ਬਣਾ ਕੇ ਤ੍ਰਿਸ਼ਨਾ -ਭਟਕਣਾ-ਨਿਰਾਸ਼, ਵਿਕਾਰਾਂ, ਅਉਗਣਾ ਤੋਂ ਦੂਰ; ਸ਼ਾਂਤਮਈ, ਸੰਤੋਖੀ ਤੇ ਅਨੰਦਮਈ ਜੀਵਨ ਬਤੀਤ ਕਰੀਏ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਜੀਵਨ ਮੁਕਤ, ਉਤਮ ਪਦਵੀ, ਸਚਿਆਰਾ ਆਦਿ ਪਦਾ ਨਾਲ ਨਿਵਾਜਿਆ ਹੈ। ਅਜਿਹੇ ਜੀਊੜੇ, ਸਰੀਰਕ ਮੌਤ ਤੋਂ ਪਹਿਲਾਂ ਤੇ ਬਾਅਦ ਵੀ ਆਤਮਕ ਤੌਰ ਤੇ ਪ੍ਰਭੂ `ਚ ਹੀ ਅਭੇਦ ਹੁੰਦੇ ਹਨ। ਜੀਵਨ ਦੀ ਇਸੇ ਅਵਸਥਾ ਬਾਰੇ ਫ਼ੁਰਮਾਇਆ ਹੈ “ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ (ਪੰ: 969) ਜਾਂ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: 278) ਪੁਨਾ “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” (ਬਾਣੀ ਜਪੁ)।

ਸਮਝ ਆ ਜਾਂਦੀ ਹੈ ਕਿ ਪ੍ਰਭੁ ਵਾਲੇ ਸੱਚੇ ਮਾਰਗ ਤੇ ਚਲਣ ਕਰਕੇ ਹੀ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ” (ਪੰ: 846) ਇਸ ਤਰ੍ਹਾਂ ਅਜਿਹੇ ਜੀਵਨ ਚੋਂ ਸਾਰੀ ਕਠੋਰਤਾ, ਅਗਿਆਨਤਾ, ਵਿਕਾਰਾਂ ਦੀ ਮੈਲ ਧੁੱਲ ਜਾਂਦੀ ਹੈ। ਅਜਿਹੇ ਹੀ ਮਨੁੱਖ ਨੂੰ ਜੀਦੇ ਜੀਂਅ ਜ਼ਰੇ-ਜ਼ਰੇ `ਚ ਪ੍ਰਭੁ ਦੇ ਦਿਦਾਰੇ ਹੋਣ ਲਗਦੇ ਹਨ। ਜੀਵਨ ਦੀ ਇਸੇ ‘ਜੀਵਨ ਮੁਕਤ’ ਅਵਸਥਾ ਨੂੰ ਹੋਰ ਗੁਰ-ਫ਼ੁਰਮਾਨਾਂ ਨਾਲ ਵੀ ਸਮਝਾਇਆ ਹੈ ਜਿਵੇਂ “ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ” (ਪੰ: 749) ਜੀਵਨ ਦੀ ਅਜਿਹੀ ਉਚੀ ਅਵਸਥਾ ਦਾ ਜੀਵ “ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥ ਤੈਸਾ ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥ ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥ ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ (ਪੰ: 275) ਕੁੱਝ ਹੋਰ ਪ੍ਰਮਾਣ “ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ” (ਪੰ: 1009) ਅਤੇ “ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ॥ ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ” (ਪੰ: 1259) ਪੁਨਾ “ਜੀਵਨ ਮੁਕਤਿ ਹਰਿ ਪਾਵੈ ਸੋਇ॥ ਹਰਿ ਗੁਣ ਗਾਵੈ ਮਤਿ ਊਤਮ ਹੋਇ” (ਪੰ: 161) ਉਸੇ ਤਰ੍ਹਾਂ “ਅਨਦਿਨੁ ਜਾਗਿ ਰਹੇ ਲਿਵ ਲਾਈ॥ ਜੀਵਨ ਮੁਕਤਿ ਗਤਿ ਅੰਤਰਿ ਪਾਈ” (ਪੰ: 904) ਇਤਿਆਦ। ਇਸ ਤਰ੍ਹਾਂ ਗੁਰਬਾਣੀ `ਚ ਉਸ ਫ਼ਰਜ਼ੀ ਸੁਰਗ ਤੇ ਮੁਕਤੀ ਦੀ ਗਲ ਕਿਧਰੇ ਨਹੀਂ ਬਲਕਿ ਜੀਵਨ ਮੁਕਤ ਲਈ ਹਜ਼ਾਰਾਂ ਫ਼ੁਰਮਾਨ ਮੌਜੂਦ ਹਨ।

“ਸੁਰਗ ਬਾਸੁ ਨ ਬਾਛੀਐ. .”- ਜਿਥੋਂ ਤੀਕ ਬ੍ਰਾਹਮਣੀ ‘ਸੁਰਗ-ਨਰਕ’ ਦੀ ਗਲ ਹੈ ਜਿਹੜੇ ਜੀਊੜੇ ਜੀਵਨ ਦੇ ਸੱਚੇ ਮਾਰਗ ਤੇ ਚਲ ਪੈਂਦੇ ਹਨ ਉਨ੍ਹਾਂ ਦਾ ਉਸ ਮੰਨੇ ਜਾਂਦੇ ‘ਸੁਰਗ-ਨਰਕ’ ਬਾਰੇ ਸਪਸ਼ਟ ਫ਼ੈਸਲਾ ਹੁੰਦਾ ਹੈ “ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ…… ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ” (ਪੰ: 969) ਅਤੇ ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ (ਪੰ: 1370)। ਇੰਨਾ ਹੀ ਨਹੀਂ ਬਲਕਿ ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ (ਪੰ: 337)। ਦਰਅਸਲ ਪ੍ਰਭੂ ਮਿਲਾਪ ਅਥਵਾ ‘ਜੀਵਨ ਮੁਕਤ’ ਲਈ ਹੀ ਤਾਂ ਸਾਨੂੰ ਮਨੁੱਖਾ ਜਨਮ ਮਿਲਿਆ ਸੀ। ਉਸ ਦਾ ਲਾਭ ਵੀ ਤਾਂ ਹੀ ਹੈ ਜੇ ਕਰ ਸਚਮੁੱਚ ਇਸ ਜੀਵਨ ਦੌਰਾਨ- ਸਾਧ ਸੰਗਤ `ਚ ਆਕੇ ਗੁਰਬਾਣੀ-ਗੁਰੂ ਦੇ ਸਿਖਿਆ ਰਾਹੀਂ’ ਅਸੀਂ ਆਪਣੇ ਇਸ ਜਨਮ ਦੀ ਸੰਭਾਲ ਕਰੀਏ, ਨਹੀਂ ਤਾਂ ਇਸਦੇ ਉਲਟ ਜੇਕਰ ਇਹ ਵੀ ‘ਅਕਾਰਥ’ ਹੀ ਕਰ ਲਿਆ ਤਾਂ ਮੁੜ ਜਨਮ-ਮਰਣ ਦੇ ਗੇੜ ਚ ਹੀ ਪੈਣਾ ਹੈ।

“ਸਚ ਖੰਡਿ ਵਸੈ ਨਿਰੰਕਾਰੁ - ਤਾਂ ਤੇ ਜਦੋਂ ਉਸ ਦਸੇ ਸੁਰਗ ਨਰਕ’ ਦੀ ਹੋਂਦ ਨੂੰ ਹੀ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ, ਫ਼ਿਰ ਜਦੋਂ ਸਾਡੇ ਹੀ ਕੁੱਝ ਸੱਜਣ ਜਾਂ ਭਾਈ ਸਹਿਬਾਨ ਤੇ ਪ੍ਰਚਾਰਕ, ਕਿਸੇ ਲਈ ਅਰਦਾਸ ਸਮੇਂ ‘ਸੁਰਗਬਾਸ’ ਜਾਂ ਇਹ ਸ਼ਬਦਾਵਲੀ ਵਰਤਦੇ ਹਨ “ਹੇ ਸਚੇ ਪਾਤਸ਼ਾਹ! ਇਸ ਨੂੰ ਸੁਰਗਾਂ ਦਾ ਵਾਸਾ ਬਖਸ਼ਣਾ” ਆਦਿ। ਬਲਕਿ ਕਈ ਤਾਂ ਇਹ ਕਹਿੰਦੇ ਵੀ ਸੁਣੇ ਹਨ “ਹੇ ਸਚੇ ਪਾਤਸ਼ਾਹ! ਵਿੱਛੜੀ ਆਤਮਾ ਨੂੰ ਸਚਖੰਡ `ਚ ਨਿਵਾਸ ਬਖਸ਼ਣਾ”। ਸਚਾਈ ਇਹ ਹੈ ਕਿ ਕਰਤਾਰ ਦੀ ਰਚਨਾ `ਚ ਨਾ ਕੋਈ ਅਜਿਹਾ ‘ਸੁਰਗ-ਨਰਕ’ ਹੈ ਅਤੇ ਨਾ ਹੀ ‘ਸਚਖੰਡ’ ਦਰਅਸਲ ਅਜਿਹੀ ਸ਼ਬਦਾਵਲੀ ਮੂਲੋਂ ਹੀ ਗ਼ਲਤ ਹੈ। ਸਮਝਣ ਦੀ ਲੋੜ ਹੈ ਕਿ ਗੁਰਬਾਣੀ ਅਨੁਸਾਰ ਸਚਖੰਡ ਜਾਂ ਬੇਗ਼ਮ ਪੁਰਾ, ਕਰਤਾਰ ਦੀ ਰਚਨਾ `ਚ ਕਿਸੇ ਇਲਾਕੇ-ਦੇਸ਼ ਦਾ ਨਾਮ ਨਹੀਂ ਬਲਕਿ “ਸਚ ਖੰਡਿ ਵਸੈ ਨਿਰੰਕਾਰੁ(ਬਾਣੀ ਜਪੁ) ਜਾਂ “ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ…ਕਾਇਮੁ ਦਾਇਮੁ ਸਦਾ ਪਾਤਿਸਾਹੀ॥ ਦੋਮ ਨ ਸੇਮ ਏਕ ਸੋ ਆਹੀ…” (ਪੰ: 345) ਜੀਵਨ ਦੀ ਉਹ ਅਵਸਥਾ ਹਨ, ਜਦੋਂ ਜੀਵਨ ਅੰਦਰ ਕੇਵਲ ਇਕੋ ਕਰਤੇ ਦੀ ਹੀ ਪਹਿਚਾਣ ਆ ਜਾਂਦੀ ਹੈ। ਜਦੋਂ ਜੀਵਨ ਦੀ ਅਵਸਥਾ ਹੀ “ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ” (ਪੰ: 846) ਵਾਲੀ ਬਣ ਜਾਂਦੀ ਹੈ।

ਇਸੇ ਤਰ੍ਹਾਂ, ਕਿਸੇ ਦੇ ਚਲਾਣੇ ਬਾਅਦ ਉਸਦੇ ਸਤਿਕਾਰ-ਪਿਆਰ, ਯਾਦ ਨੂੰ ਮੁੱਖ ਰਖਕੇ ਪ੍ਰਵਾਰ-ਸੰਬੰਧੀਆਂ ਵਲੋਂ ਗੁਰਦੁਆਰੇ ਲਈ ਲੋੜੀਂਦੀਆਂ ਵਸਤਾਂ-ਮਾਇਆ ਆਦਿ ਦੀ ਸੇਵਾ ਕਰਣੀ-ਲੋੜਵੰਦਾ ਦੀ ਮਦਦ ਕਰਣੀ, ਮਾੜੀ ਗਲ ਨਹੀਂ। ਇਸ ਦੇ ਉਲਟ ਜੇ ਕਰ ਗਰੁੜ ਪੁਰਾਣ ਦੀਆਂ ਲੀਹਾਂ ਤੇ ਹੀ ਭਾਂਡੇ-ਬਿਸਤਰੇ-ਫ਼ਰੂਟ-ਅਨਾਜ ਆਦਿ ਮੰਦਿਰ ਦੇ ਬਦਲੇ ਗੁਰਦੁਆਰੇ ਪਹੁੰਚਾਉਣਾ ਜਾਂ ਪ੍ਰਬੰਧਕਾਂ ਰਾਹੀਂ ਪ੍ਰਵਾਣ ਕਰਨਾ, ਜਾ ਅਰਦਾਸੀਏ ਸੱਜਣ ਰਾਹੀਂ ਅਰਦਾਸ `ਚ ਕਹਿਣਾ ਕਿ “ਕੀਤੇ ਪਾਠ, ਕੀਤੇ ਕੀਰਤਨ-ਕਥਾ’ ਅਤੇ ਦਿੱਤੀਆਂ ਵਸਤਾਂ ਦਾ ਸਾਰਾ ਮਹਾਤਮ, ਵਿਛੜੀ ਆਤਮਾ ਨੂੰ ਪੁੱਜੇ” ਗੁਰੂ ਸਾਹਿਬ ਦੀ ਹਜ਼ੂਰੀ `ਚ ਚਿੱਟਾ ਝੂਠ, ਪ੍ਰਵਾਰ ਦੀ ਚਾਪਲੂਸੀ, ਨਿਰੋਲ ਮਨਮੱਤ ਅਤੇ ਗੁਰਬਾਣੀ ਸੋਝੀ ਪੱਖੋਂ ਸੰਪੂਰਣ ਤੌਰ ਤੇ ਅਗਿਆਣਤਾ ਹੈ, ਹੋਰ ਕੁੱਝ ਨਹੀਂ।

“ਹਉ ਵਿਚਿ ਨਰਕਿ ਸੁਰਗਿ ਅਵਤਾਰੁ” - ਹੁਣ ਇਸੇ ਦਾ ਦੂਜਾ ਗੁਰਮਤਿ ਪੱਖ ਵੀ ਹੈ। ਗੁਰਬਾਣੀ `ਚ ਵੀ ਸੁਰਗ-ਨਰਕ ਨੂੰ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਬਿਆਨਿਆ ਹੈ ਤਾਂ ਉਹ ਸੁਰਗ-ਨਰਕ ਕੀ ਹਨ? ਇਹ ਹੈ ਫ਼ਿਰ ਤੋਂ ਜਨਮ ਮਰਣ ਦਾ ਗੇੜ। ਬ੍ਰਾਹਮਣੀ ਵਿਚਾਰਧਾਰਾ ਮੁਤਾਬਕ ਤਾਂ ਮਨੁੱਖ, ਮਰਣ ਤੋਂ ਬਾਦ ਸੁਰਗ ਜਾਂ ਨਰਕ `ਚ ਜਾਂਦਾ ਹੈ। ਲਗਭਗ, ਦੂਜਿਆਂ ਨੇ ਵੀ ‘ਹੈਵਨ-ਹੈਲ’ ਜਾਂ ‘ਬਹਿਸ਼ਤ-ਦੋਜ਼ਖ’ ਇਸੇ ਆਧਾਰ `ਤੇ ਹੀ ਗਲ ਕੀਤੀ ਹੈ ਪਰ ਸਾਰੇ ਦੇ ਉਲਟ, ਗੁਰਮਤਿ ਤਾਂ ਬਿਆਨ ਰਹੀ ਹੈ ਪ੍ਰਭੂ ਨਾਲੋਂ ਵਿਛੜਿਆ ਅਸਫ਼ਲ ਜੀਵਨ ਬਾਰ-ਬਾਰ ਸੁਰਗ-ਨਰਕ `ਚ ਅਵਤਾਰ (ਜਨਮ) ਲੈਂਦਾ ਹੈ। ਦੋਨਾਂ ਗਲਾਂ `ਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਇਥੇ ਮਰਣ ਬਾਦ ਸੁਰਗ ਜਾਂ ਨਰਕ ਦੀ ਗਲ ਨਹੀਂ, ਬਲਕਿ ਬਾਰ-ਬਾਰ ਦਾ ਜਨਮ-ਮਰਣ ਦਾ ਗੇੜ ਹੈ। ਇਹ ਗਲ ਸਮਝਣ ਦੀ ਹੈ ਅਤੇ ਇਸ ਬਾਰੇ ਵੀ ਗੁਰਬਾਣੀ ਬਿਲਕੁਲ ਸਪਸ਼ਟ ਹੈ।

ਸੰਸਾਰ `ਚ ਅਸੀਂ ਨਿੱਤ ਦੇਖਦੇ ਹਾਂ ਕਿ ਸਭ ਦਾ ਜੀਵਨ ਪੱਧਰ ਇਕੋ ਨਹੀਂ। ਕਈ ਅਰਬਾਂ-ਖਰਬਾਂ `ਚ ਖੇਡਦੇ ਹਨ ਤੇ ਉਹ ਵੀ, ਕਿ ਦੂਜੇ ਡੰਗ ਦੀ ਰੋਟੀ ਤੋਂ ਵੀ ਅਵਾਜ਼ਾਰ ਹਨ। ਇੱਕ ਹਨ, ਜਿਨ੍ਹਾਂ ਨੂੰ ਬਿਨਾ ਬਹੁਤੀ ਮੇਹਨਤ, ਬੈਠੇ-ਬਿਠਾਏ ਸੰਸਾਰ ਦੇ ਸਾਰੇ ਸੁਖ ਪ੍ਰਾਪਤ ਹਨ, ਦੂਜੇ ਹਨ ਕਿ ਬੜੀ ਔਖੀ, ਕਈ ਵਾਰੀ ਤਾਂ ਜ਼ਲਾਲਤ, ਦੁਖਾਂ-ਤਕਲੀਫ਼ਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਫ਼ੁਰਮਾਨ ਹੈ “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨਿ੍ਹ੍ਹ ਚੜੇਇਕਿ ਨਿਹਾਲੀ ਪੈ ਸਵਨਿ੍ਹ੍ਹ ਇਕਿ ਉਪਰਿ ਰਹਨਿ ਖੜੇ॥ ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ॥ (ਪੰ: 475) ਇਸੇ ਤਰ੍ਹਾਂ “ਨਾਨਕ ਅੰਤ ਨ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ॥ ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ॥ ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ (ਪੰ: 475) ਤਾਂ ਫ਼ਿਰ ਇਹ ਸਭ ਕੀ ਹੈ? ਦੋਵੇਂ ਮਨੁੱਖ ਹਨ, ਪਰ ਦੋ ਤਰ੍ਹਾਂ ਦੇ ਜੀਵਨ ਕਿਉਂ? ਮੋਟੇ ਤੌਰ ਤੇ ਇਹ ਦੋ ਤਰ੍ਹਾਂ ਦੇ ਜੀਵਨ ਹਨ, ਪਰ ਇਨ੍ਹਾਂ `ਚ ਵੀ ਬੇਅੰਤ ਰੰਗ ਹਨ।

ਇਸ ਦੇ ਬਾਵਜੂਦ ਅਉਖੀ ਜਾਂ ਐਸ਼ੋ ਆਰਾਮ ਦੀ ਜ਼ਿੰਦਗੀ ਕੇਵਲ ਮਨੁੱਖ `ਚ ਹੀ ਨਹੀਂ, ਹਰੇਕ ਜੀਵ ਸ਼੍ਰੇਣੀ `ਚ ਹੈ। ਮਿਸਾਲ ਵਜੋਂ, ਇੱਕ ਕੁੱਤਾ ਗੱਡੀਆਂ-ਜਹਾਜ਼ਾਂ ਦੀਆਂ ਸੈਰਾਂ ਕਰ ਰਿਹਾ ਹੈ ਪਰ ਦੂਜਾ ਵੀ ਕੁੱਤਾ ਹੀ ਹੈ ਜੋ ਚਿੱਚੜਾਂ ਦਾ ਮਾਰਿਆ, ਪਾਣੀ-ਟੁੱਕੜ ਲਈ ਵੀ ਪ੍ਰੇਸ਼ਾਨ, ਜੀਵਨ ਕੱਟ ਰਿਹਾ ਹੈ। ਇਸੇ ਤਰ੍ਹਾਂ ਇੱਕ ਪੌਦੇ ਦਾ ਬੀਜ ਅਜਿਹੀ ਜਗ੍ਹਾ ਤੇ ਪਿਆ ਕਿ ਉਸਨੂੰ ਸਮੇਂ ਨਾਲ ਧੁੱਪ-ਹਵਾ-ਖਾਦ, ਸਭ ਮਿਲ ਰਿਹਾ ਹੈ ਤੇ ਦੂਜਾ ਵੀ ਪੌਦਾ ਹੈ, ਜਿਸ ਨੂੰ ਨਾ ਧੁੱਪ ਮਿਲਦੀ ਹੈ, ਨਾ ਲੋੜੀਂਦੀ ਹਵਾ ਜਾਂ ਖਾਦ ਅਤੇ ਸੜ-ਸੁੱਕ ਕੇ ਮੁੱਕ ਜਾਂਦਾ ਕਿਉਂ? ਕਿਉਂਕਿ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ)। ਇਹੀ ਹੈ ਗੁਰਬਾਣੀ ਅਨੁਸਾਰ ਸੁਰਗ ਜਾਂ ਨਰਕ `ਚ ਅਵਤਾਰ ਲੈਣਾ। ਇਸ ਸੰਬੰਧ `ਚ ਗੁਰਬਾਣੀ ਵਿਚੋਂ ਹੀ ਕੁੱਝ ਹੋਰ ਪ੍ਰਮਾਣ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ, ਸਗਲੇ ਬਿਰਥਾਰੇ॥ ਅਨਿਕ ਤਪਸਿਆ, ਕਰੇ ਅਹੰਕਾਰ॥ ਨਰਕ ਸੁਰਗ, ਫਿਰਿ ਫਿਰਿ ਅਵਤਾਰ” (ਪੰ: 278) ਜਾਂ “ਮੇਰੀ ਮੇਰੀ ਧਾਰਿ ਬੰਧਨਿ ਬੰਧਿਆ॥ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ” (ਪੰ: 761) ਹੋਰ ਲਵੋ “ਹੋਮ ਜਗ ਤੀਰਥ ਕੀਏ, ਬਿਚਿ ਹਉਮੈ ਬਧੇ ਬਿਕਾਰ॥ ਨਰਕੁ ਸੁਰਗੁ ਦੁਇ ਭੁੰਚਨਾ, ਹੋਇ ਬਹੁਰਿ ਬਹੁਰਿ ਅਵਤਾਰ” (ਪੰ: 261) ਬੱਸ! ਇਹੀ ਹੈ ਗੁਰਬਾਣੀ ਅਨੁਸਾਰ ਸੁਰਗ-ਨਰਕ `ਚ ਕੇਵਲ ਮਨੁੱਖਾਂ ਦਾ ਨਹੀਂ, ਹਰੇਕ ਜੀਵ ਸ਼੍ਰੇਣੀ `ਚ ਜਨਮ।

ਮਨੁੱਖਾ ਜੀਵਨ ਦੇ ਦੋ ਪੱਖ- ਫ਼ਰਕ ਹੈ ਤਾਂ ਮਨੁੱਖਾ ਜੀਵਨ ਦੇ ਦੋ ਪੱਖ ਹਨ, ਸਫ਼ਲ ਤੇ ਅਸਫ਼ਲ ਜੀਵਨ। ਕੇਵਲ ਇਨਸਾਨ ਹੀ ਹੈ, ਜਿੱਥੇ ਕੋਈ ਗ਼ਰੀਬ ਜਾਂ ਅਨਪੜ ਤਾਂ ਹ੍ਹੈ, ਪਰ ਰਹਿਣੀ-ਸੁਭਾਅ ਕਰਕੇ ਕਰਤਾਰ ਨਾਲ ਜੁੜਿਆ ਹੈ। ਦੂਜੇ ਪਾਸੇ, ਬੜਾ ਪੜਿਆ-ਲਿਖਿਆ, ਐਸ਼ੋ-ਆਰਾਮ ਦੀ ਜ਼ਿੰਦਗੀ, ਉਚੇ ਉਹਦਿਆਂ ਦਾ ਮਾਲਿਕ; ਫ਼ਿਰ ਵੀ ਜ਼ਰੂਰੀ ਨਹੀਂ ਕਿ ਪ੍ਰਭੂ ਪਿਆਰਾ ਵੀ ਹੋਵੇ; ਬਹੁਤੀ ਵਾਰੀ ਤਾਂ ਗਲ ਇਸ ਦੇ ਉਲਟ ਹੀ ਹੁੰਦੀ ਹੈ। ਕਿਉਂਕਿ ਬਾਕੀ ਜੂਨੀਆਂ ਕੇਵਲ ਜਨਮ-ਮਰਣ ਦਾ ਚੱਕਰ ਹੀ ਹਨ। ਜਦਕਿ ਮਨੁੱਖਾ ਜੂਨੀ ਦੇ ਇਨ੍ਹਾਂ ਦੋਨਾਂ ਪੱਖਾਂ ਨੂੰ ਸਪਸ਼ਟ ਕਰਨ ਲਈ ਗੁਰਬਾਣੀ `ਚ ਅਨੇਕਾਂ ਵਾਰੀ ਫ਼ੁਰਮਾਇਆ ਹੈ ਜਿਵੇਂ “ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ॥   ਕਹੁ ਨਾਨਕ ਜੋ ਲਾਇਆ ਨਾਮ॥ ਸਫਲ ਜਨਮੁ ਤਾ ਕਾ ਪਰਵਾਨ” (ਪੰ: 389) ਇਸੇ ਤਰ੍ਹਾਂ “ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥ ਬਾਝੁ ਗੁਰੂ ਗੁਬਾਰਾ॥ ਮਿਲਿ ਸਤਿਗੁਰ ਨਿਸਤਾਰਾ” (1003)। ਹੋਰ ਤਾਂ ਹੋਰ, ਮਨੁੱਖਾ ਜਨਮ ਦਾ ਇੱਕ ਹੋਰ ਪੱਖ ਵੀ ਹੈ ਜਿਸਦਾ ਹੱਥਲੇ ਵਿਸ਼ੇ ਨਾਲ ਬਹੁਤਾ ਸੰਬੰਧ ਨਹੀਂ ਅਤੇ ਗੁਰਮਤਿ ਪਾਠ 127 “ਆਵਾ ਗਵਨੁ ਮਿਟੈ ਪ੍ਰਭ ਸੇਵ. .” `ਚ ਖੁੱਲ ਕੇ ਲਿਆ ਹੈ, ਇਥੇ ਉਸ ਬਾਰੇ ਇੱਕ ਪ੍ਰਮਾਣ ਹੀ ਦੇ ਰਹੇ ਹਾਂ ਜਿਵੇਂ “ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ” (ਪੰ: 278) ਭਾਵ ਅਜਿਹੀ ਰਹਿਣੀ ਵਾਲਾ ਮਨੁੱਖ, ਮਨੁੱਖਾ ਜੂਨ `ਚ ਹੁੰਦਾ ਹੋਇਆ ਵੀ ਕੁੱਤੇ ਦੀ ਜੂਨ `ਚ ਹੀ ਪਿਆ, ਨਰਕ ਭੋਗ ਰਿਹਾ ਹੈ। #128s07.01s07#

Including this Self Learning Gurmat Lesson No 128

“ਕਵਨੁ ਨਰਕੁ ਕਿਆ ਸੁਰਗੁ ਬਿਚਾਰਾ…”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com




.