.

ਸੱਚ ਛੁਪਾਇਆ ਨਾ ਛੁਪੇ

ਸਰਵਜੀਤ ਸਿੰਘ

‘ਸੰਤ ਸਿਪਾਹੀ’ ਦੇ ਐਡੀਟਰ ਗੁਰਚਰਨਜੀਤ ਸਿੰਘ ਲਾਂਬਾ ਆਪਣੇ ਲੇਖ ਪਾ: 10 “ਕਬਿਯੋਬਾਚ ਬੇਨਤੀ ਚੌਪਈ” ਵਿੱਚ ਲਿਖਦੇ ਹਨ: “ਇਸੇ ਲਈ ਬੇਨਤੀ ਚੌਪਈ ਕਲਗੀਧਰ ਪਿਤਾ ਦੀ ਉਹ ਅਗੰਮੀ ਬਖ਼ਸ਼ਿਸ਼ ਹੈ ਜੋ ਸਾਹਿਬਾਂ ਨੇ ਆਪ ਕ੍ਰਿਪਾ ਕਰਕੇ ਅੰਮ੍ਰਿਤ ਛਕਾਉਣ ਸਮੇਂ ਦੀ ਪੰਜ ਬਾਣੀਆਂ ਵਿੱਚ ਸੁਸ਼ੋਭਿਤ ਕੀਤਾ ਹੈ। ਨਾਲ ਹੀ ਇਹ ਪਾਵਨ ਬਾਣੀ ਹਰ ਸਿੱਖ ਦੇ ਨਿਤਨੇਮ ਦੀਆਂ ਪੰਜ ਬਾਣੀਆਂ ਵਿੱਚ ਪੜ੍ਹੀ ਜਾਂਦੀ ਰਹਿਰਾਸ ਸਾਹਿਬ ਦਾ ਵੀ ਹਿੱਸਾ ਹੈ।”

ਅੱਗੇ ਆਪ ਜੀ ਲਿਖਦੇ ਹਨ: “ਬਿਲਕੁਲ ਇਹੀ ਸ਼ਬਦਾਵਲੀ ਵਰਤਦਿਆਂ ਹੋਇਆਂ ਗੁਰੂ ਜੀ ਨੇ ਚੌਪਈ ਵਿੱਚ ਕਰਤਾ ਪੁਰਖ਼ ਨੂੰ, ‘ਕ੍ਰਿਪਾ ਕਰੀ ਹਮ ਪਰ ਜਗ ਮਾਤਾ॥’ ਕਹਿ ਕੇ ਬੇਨਤੀ ਕੀਤੀ ਹੈ। ਇਸ ਬੇਨਤੀ ਵਿੱਚ ਕੁੱਲ ਸੱਤਾਈ ਪਦੇ ਹਨ। ਪੱਚੀ ਪਦ ਤਾਂ ਨਿਰੋਲ ਅਕਾਲ ਪੁਰਖ਼ ਕੋਲ ਬੇਨਤੀ ਤੇ ਜੋਦੜੀ ਦੀਆਂ ਰਚਨਾ ਹਨ ਪਰ ਅਖ਼ੀਰਲੇ ਦੋ ਪਦੇ ਪੂਰੇ ਗ੍ਰੰਥ ਦੀ ਸਮਾਪਤੀ ਦੇ ਸੂਚਕ ਅਤੇ ਸ਼ੁਕਰਾਨੇ ਦੇ ਪਦ ਹਨ।

ਕ੍ਰਿਪਾ ਕਰੀ ਹਮ ਪਰ ਜਗਮਾਤਾ॥

ਗ੍ਰੰਥ ਕਰਾ ਪੂਰਨ ਸੁਭ ਰਾਤਾ॥

ਕਿਲਬਿਖ ਸਕਲ ਦੇਹ ਕੋ ਹਰਤਾ॥

ਦੁਸ਼ਟ ਦੋਖਿਯਨ ਕੋ ਛੈ ਕਰਤਾ॥ 402॥

ਸ੍ਰੀ ਅਸਿਧੁਜ ਜਬ ਭਏ ਦਯਾਲਾ॥

ਪੂਰਨ ਕਰਾ ਗ੍ਰੰਥ ਤਤਕਾਲਾ॥

ਮਨ ਬਾਂਛਤ ਫਲ ਪਾਵੈ ਸੋਈ॥

ਦੂਖ ਨ ਤਿਸੈ ਬਿਆਪਤ ਕੋਈ॥ 404॥” (ਅਸਲ ਲਿਖਤ ਵਿੱਚ ਇਸ ਪਦੇ ਦਾ ਨੂੰ 403 ਹੈ)

ਲਾਂਬਾ ਜੀ, ਦਸਮ ਗ੍ਰੰਥ ਵਿੱਚ ਆਈ “ਜਗ ਮਾਤਾ” ਦੇ ਅਰਥ “ਅਕਾਲ ਪੁਰਖ” ਕਿਵੇ ਕਰ ਰਹੇ ਹੋ?

ਕ੍ਰਿਪਾ ਕਰੀ ਜਗਮਾਤ ਭਵਾਨੀ। ਇਹ ਬਿਧ ਬਤਿਯਾ ਤਾਹਿ ਬਖਾਨੀ॥ (32)

ਜਗਤ ਮਾਤਾ ਭਵਾਨੀ ਨੇ (ਉਸ ਉਤੇ) ਕ੍ਰਿਪਾ ਕੀਤੀ ਅਤੇ ਉਸ ਨੂੰ ਇਸ ਤਰ੍ਹਾਂ ਗੱਲ ਸਮਝਾਈ। 32. (ਟੀਕਾਕਾਰ ਡਾ: ਰਤਨ ਸਿੰਘ ਜੱਗੀ)

ਆਪ ਜੀ ਲਿਖਦੇ ਤਾਂ ਹੋ: “ਇਸ ਬੇਨਤੀ ਵਿੱਚ ਕੁੱਲ ਸੱਤਾਈ ਪਦੇ ਹਨ। ਪੱਚੀ ਪਦ ਤਾਂ ਨਿਰੋਲ ਅਕਾਲ ਪੁਰਖ਼ ਕੋਲ ਬੇਨਤੀ ਤੇ ਜੋਦੜੀ ਦੀ ਰਚਨਾ ਹਨ ਪਰ ਅਖ਼ੀਰਲੇ ਦੋ ਪਦੇ ਪੂਰੇ ਗ੍ਰੰਥ ਦੀ ਸਮਾਪਤੀ ਦੇ ਸੂਚਕ ਅਤੇ ਸ਼ੁਕਰਾਨੇ ਦੇ ਪਦ ਹਨ।” ਇਸ ਹਿਸਾਬ ਨਾਲ ਤਾਂ ਆਖਰੀ ਦੋ ਪਦਿਆਂ ਦਾ ਨੰ: ਜੋ 26 ਅਤੇ 27 ਹੋਣਾ ਚਾਹੀਦਾ ਸੀ ਪਰ ਆਪ ਜੀ ਨੇ ਤਾਂ ਉਨ੍ਹਾਂ ਦਾ ਨੰ: 402 ਅਤੇ 404 ਲਿਖਿਆ ਹੈ। ਇਥੇ ਿਣਤ ਦਾ ਕਿਹੜਾ ਨਿਯਮ ਲਾਗੂ ਹੁੰਦਾ ਹੈ?

ਅੱਗੇ ਆਪ ਜੀ ਲਿਖਦੇ ਹੋ: “ਸੋ ਭਾਵੇਂ ਪਹਿਲਾਂ ਕਈ ਥਾਈਂ ਪੂਰੇ ਦੇ ਪੂਰੇ ਸੱਤਾਈ ਪਦੇ ਹੀ ਪੜ੍ਹੇ ਜਾਂਦੇ ਸਨ ਤੇ ਨਿੱਜੀ ਤੌਰ `ਤੇ ਹਾਲੇ ਵੀ ਕਈ ਪਾਠ ਕਰਨ ਲੱਗਿਆਂ ਪੂਰੀਆਂ ਸੱਤਾਈ ਚੌਪਈਆਂ ਹੀ ਪੜ੍ਹਦੇ ਹਨ ਪਰ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਨਿਰਧਾਰਤ ਕਰਨ ਵੇਲੇ ਬੇਨਤੀ ਦੇ ਪੰਜੀ ਪਦੇ ਹੀ ਨਿਤਨੇਮ ਵਿੱਚ ਰੱਖੇ ਗਏ। ਇਸ ਲਈ ਸੋ ਸੰਗਤੀ ਰੂਪ ਵਿੱਚ ਰਹਿਤ ਮਰਿਯਾਦਾ ਦੀ ਪਾਲਣਾ ਕਰਨੀ ਹਰ ਸਿੱਖ ਦਾ ਫ਼ਰਜ਼ ਵੀ ਹੈ। ਸਾਂਝੀ ਸੋਚ ਨੂੰ ਹਮੇਸ਼ਾ ਨਿੱਜੀ ਸੋਚ ਨਾਲੋਂ ਉੱਤਮ ਸਮਝਣਾ ਹੀ ਗੁਰਮੁਖਤਾਈ ਹੈ।”

ਲਾਂਬਾ ਜੀ, ਆਪ ਜੀ ਦੀ 27 ਪਦਿਆਂ ਵਾਲੀ ਧਾਰਨਾ ਵੀ ਸਹੀ ਨਹੀ ਹੈ। ਪਹਿਲਾ ਇਹ 27 ਨਹੀ ਸਗੋਂ 29 ਪਦੇ ਪੜ੍ਹੇ ਜਾਂਦੇ ਸਨ, ਸਗੋ ਅੱਜ ਵੀ ਪੜ੍ਹੇ ਜਾਂਦੇ ਹਨ।

ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤ ਜਗਤ ਕੇ ਈਸਾ॥

ਪੁਹਪਨ ਬ੍ਰਿਸਟਿ ਗਗਨ ਤੇਂ ਭਈ। ਸਭਹਿਨ ਆਨਿ ਬਧਾਈ ਦਈ॥ (375)

ਧੰਨ੍ਯ ਧੰਨ੍ਯਲੋਹਨ ਕੇ ਰਾਜਾ। ਦੁਸਰਨ ਦਾਹ ਗਰੀਬ ਨਿਵਾਜਾ।

ਅਲਖ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ। (376)

ਲਾਂਬਾ ਜੀ, ਜਦੋ ਆਪ ਮੰਨਦੇ ਹੋ ਕੇ ਸਾਰੀ ਦੀ ਸਾਰੀ ਬਾਣੀੰ “ਧੁਰ ਕੀ ਬਾਣੀ” ਹੈ ਤਾਂ ਇਹ ਚੌਪਈ ਅਧੂਰੀ ਕਿਓ ਪੜ੍ਹੀ ਜਾਦੀ ਹੈ?

ਪਾਠਕਾ ਦੀ ਜਾਣਕਾਰੀ ਲਈ ਇਹ ਲਿਖਣਾ ਲਾਹੇਬੰਦ ਹੋਵੇਗਾ ਕੇ “ਪੁਨਿ ਰਾਛਸ ਕਾ ਕਾਟਾ ਸੀਸਾ” (375) ਨੂੰ ਨਾ ਪੜ੍ਹਨ ਦਾ ਕਾਰਨ ਇਹ ਹੈ ਕੇ ਜੇ ਅਸੀ “ਪੁਨਿ ਰਾਛਸ ਕਾ ਕਾਟਾ ਸੀਸਾ” ਪੜ੍ਹਾਗੇ (ਫੇਰ ਰਾਖਸ਼ ਦਾ ਸਿਰ ਲਾਹ ਦਿੱਤਾ) ਤਾਂ ਜੇ ਕਿਸੇ ਨੇ ਇਹ ਸਵਾਲ ਕਰ ਦਿੱਤਾ ਕਿ ਰਾਖਸ਼ ਦਾ ਸਿਰ ਕਿਉ ਅਤੇ ਕਿਸ ਨੇ ਕੱਟਿਆ ਸੀ ਤਾਂ ਕੀ ਜਵਾਬ ਦੇਵਾਗੇ! ਪਰ ਝੂਠ ਝੂਠ ਹੀ ਹੁੰਦਾ ਹੈ ਇਸ ਨੂੰ ਲੱਖ ਯਤਨ ਕਰਕੇ ਵੀ ਛੁਪਾਇਆ ਨਹੀ ਜਾ ਸਕਦਾ। ਜਿਵੇ ਲਾਂਬਾ ਜੀ ਕੁਲ 27 ਪਦਿਆਂ ਦੇ ਨੰ: 1 ਤੋਂ 27 ਲਿਖਣ ਦੀ ਬਜਾਏ 402 ਅਤੇ 404 ਲਿਖ ਗਏ ਅਤੇ ਅਗਲੇ ਪਦੇ ਦਾ ਨੰ: 405 ਲਿਖ ਗਏ ਹਨ।

“ਇਸ ਮਹਾਨ ਬਾਣੀ ਦੀ ਰਚਨਾ ਭਾਦਰੋਂ ਸੁਦੀ ਅਸ਼ਟਮੀ ਬਿ. ਸੰਮਤ 1753 ਦਿਨ ਐਤਵਾਰ ਵਾਲੇ ਦਿਨ, ਯਾਨਿ ਕਿ ਖ਼ਾਲਸੇ ਦੀ ਸਿਰਜਣਾ ਤੋਂ ਤਕਰੀਬਨ ਢਾਈ ਸਾਲ ਪਹਿਲਾਂ ਸਤਲੁਜ (ਸਤੁੱਦ੍ਰਵ) ਦੇ ਕੰਢੇ `ਤੇ ਹੋਈ। ਇਸ ਬਾਰੇ ਕਲਗੀਧਰ ਪਿਤਾ ਨੇ ਆਪਣੀ ਕਲਮ ਤੋਂ ਅੰਕਿਤ ਕੀਤਾ ਹੈ,

ਸੰਬਤ ਸੱਤ੍ਰਹ ਸਹਸ ਭਣਿੱਜੈ॥

ਅਰਧ ਸਹਸ ਫਨਿ ਤੀਨਿ ਕਹਿੱਜੈ॥

ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ॥

ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ 405॥”

ਲਾਂਬਾ ਜੀ, ਜੋ ਬਾਣੀ ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਸ਼ਾਮਲ ਹੈ ਓਹ ਲਿਖੀ ਗਈ ਸੀ “ਖ਼ਾਲਸੇ ਦੀ ਸਿਰਜਣਾ ਤੋਂ ਤਕਰੀਬਨ ਢਾਈ ਸਾਲ ਪਹਿਲਾਂ”। ਤਾਂ ਓਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਿਉ ਨਹੀ ਹੋ ਸਕੀ?

ਆਪ ਜੀ ਦਾ ਹੁਕਮ: “ਇਸ ਲਈ ਕੇਵਲ ਪੜ੍ਹਨਾ ਹੀ ਕਾਫ਼ੀ ਨਹੀਂ ਹੈ ਬਲਕਿ ਸਾਰੀ ਦੀ ਸਾਰੀ ਬਾਣੀ ਨੂੰ ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ (628) ਸਮਝ ਕੇ ਇਸ ਨੂੰ ਆਪਣਾ ਇਸ਼ਟ, ਮੁਕਤੀ ਦਾਤਾ, ਗੁਰੂ ਦੀ ਸ਼ਬਦ ਮੂਰਤਿ ਮੰਨ ਕੇ ਇਸ ਦਾ ਸਤਿਕਾਰ ਕਰਨਾ ਹੈ। ਜਿਸ ਬਾਣੀ ਨੇ ਹਲਤ ਪਲਤ ਸਵਾਰਨਾ, ਲੋਕ ਪ੍ਰਲੋਕ ਸਹਾਈ ਹੋਣਾ ਹੈ। "

ਇੱਸ ਨੂੰ ਮੰਨਦੇ ਹੋਏ ਆਪਾਂ ਇਸ ਪੂਰੇ ਚਰਿਤ੍ਰ (404) ਦੀ ਵਿਚਾਰ ਕਰ ਲੈਦੇ ਹਾ।

ਸੁਬਿਧ ਬਾਚ ਚੋਪਈ

ਭਾਵ ਸੁਬਿਧ ਨੇ ਕਿਹਾ, ਸਤਿ ਸੰਧ ਨਾ ਦਾ ਇੱਕ ਰਾਜਾ ਜੋ ਸਤਿਯੁਗ ਵਿੱਚ ਹੋਇਆ ਸੀ ਉਸ ਦਾ ਪ੍ਰਤਾਪ ਚੌਦ੍ਹਾਂ ਲੋਕਾਂ ਵਿੱਚ ਸੀ। ਉਹ ਸਾਰੇ ਦੇਵਤਿਆਂ ਦਾ ਰਾਜਾ ਸੀ। ਇੰਦਰ ਨੇ ਆਪ ਉਸ ਨੂੰ ਰਾਜ ਤਿਲਕ ਦਿਤਾ ਸੀ। (1) ਇਸੇ ਸਮੇ ਵਿੱਚ ਇੱਕ ਦੀਰਘ ਦਾੜ੍ਹ (ਵੱਡੀਆਂ ਦਾੜ੍ਹਾਂ ਵਾਲਾ) ਦੈਂਤ ਨੇ ਜਨਮ ਲਿਆ ਅਤੇ 10 ਹਜ਼ਾਰ ਅਛੋਹਣੀ ਦਲ ਲੈ ਕੇ ਉਸ ਨੇ ਰਾਜੇ ਤੇ ਹਮਲਾ ਕੀਤਾ। (3) ਅੱਗੋ ਰਾਜਾ ਅਤੇ ਦੇਵਤੇ ਵੀ ਸੂਰਜ (ਜਿਸ ਦਾ ਤਾਪਮਾਨ 5500 C) ਅਤੇ ਚੰਦ੍ਰਮਾਂ ਸਮੇਤ 20 ਹਜ਼ਾਰ ਅਛੋਹਣੀ ਦਲ ਨਾਲ ਮੁਕਾਬਲਾ ਕਰਦੇ ਹਨ। (4-5) ਬੁਹਤ ਹੀ ਗਿਹ-ਗੱਚਵੀ ਲੜਾਈ ਹੁੰਦੀ ਹੈ। ਲਹੂ ਦੀ ਨਦੀ ਵਗ ਪੈਂਦੀ ਹੈ, ਜਿਸ ਨੂੰ ਦੇਖ ਕੇ ਬੈਤਰੁਨੀ ਨਦੀ (ਗੰਦਗੀ ਦੀ ਨਦੀ ਜੋ 10 ਮੀਲ ਚੌੜੀ ਹੈ) ਵੀ ਸ਼ਰਮ ਸਾਰ ਹੋ ਜਾਂਦੀ ਹੈ। (12) 30 ਹਜ਼ਾਰ ਅਛੋਹਣੀ ਦਲ ਦੇ ਖਾਤਮੇ ਪਿਛੋ (656100000 ਹਾਥੀ, 656100000 ਰੱਥ, 196830000 ਘੋੜੇ ਅਤੇ 328050000 ਪਿਆਦੇ) ਦੋਵੇ (ਰਾਜਾ ਅਤੇ ਦੈਤ) ਆਮਹਣੇ ਸਾਹਮਣੇ ਹੁੰਦੇ ਹਨ ਤੇ 20 ਸਾਲ ਦਿਨ ਰਾਤ ਲੜਾਈ ਹੁੰਦੀ ਹੈ। (27) ਅਖੀਰ ਨੂੰ ਮਹਾਕਾਲ ਨੇ ਦੋਹਾਂ ਨੂੰ ਹੀ ਖਤਮ ਕਰ ਦਿੱਤਾ। ਇਸ ਭਿਆਨਕ ਯੁਧ ਵਿਚੋ ਅਗਨੀ ਪੈਦਾ ਹੋਈ ਜਿਸ ਵਿਚੋ ਇੱਕ ਬਾਲਾ (ਇਸਤਰੀ) ਨੇ ਜਨਮ ਲਿਆ। (28) ਕਿਉਕਿ ਉਥੇ ਕੋਈ ਮਰਦ ਨਹੀ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕਰਕੇ ਉਸ ਦੀ ਸੇਵਾ ਕਰਾਂਗੀ। ਭਵਾਨੀ (ਸ਼ਿਵ ਜੀ ਦੀ ਪਤਨੀ ਅਤੇ ਹਿਮਵਤ ਦੀ ਧੀ) ਦੀ ਸਲਾਹ ਨਾਲ ਉਸ ਨੇ ਕਈ ਤਰੀਕੇ ਵਰਤੇ ਅਤੇ ਅਖੀਰ ਸੁਆਮੀ ਦੀ ਆਗਿਆ ਹੋਈ, ਹੇ ਸੁਦੰਰੀ ਜਦੋ ਸ੍ਵਾਸ ਬੀਰਜ ਦੈਂਤ ਮਾਰਿਆ ਗਿਆ ਉਦੋ ਤੂੰ ਮੈਨੂੰ ਵਰੇਂਗੀ। (35) ਭਾਵ ਰੱਬ ਜੀ ਵਿਆਹ ਕਰਵਾੳੇਣ ਲਈ ਤਿਆਰ!

ਬਾਲਾ ਸ਼ਾਸਤ੍ਰ ਧਾਰਨ ਕਰਕੇ ਦੈਤ ਤੇ ਚੜਾਈ ਕਰ ਦਿੰਦੀ ਹੈ ਅੱਗੋ ਦੈਂਤ ਵੀ ਜੋ ਇੰਦਰ, ਸ਼ਿਵ, ਸੂਰਜ, ਚੰਦ ਸਮੇਤ ਰਾਵਣ ਆਦਿ ਨੂੰ ਜਿੱਤ ਚੁੱਕਿਆ ਸੀ, ਆ ਹਾਜਰ ਹੋਇਆ। (39) ਉਥੇ ਬਿਆਨੋ ਬਾਹਰੀ ਲੜਾਈ ਹੁੰਦੀ ਹੈ। ਜਿਥੇ ਵੀ ਦੈਤਾਂ ਦੇ ਖੂਨ ਦੇ ਛਿੱਟੇ ਅਤੇ ਮਿਝ ਡਿਗਦੀ ਹੈ ਊਥੇ ਹੀ ਹੋਰ ਦੈਂਤ ਪੈਦਾ ਹੋ ਜਾਂਦੇ ਹਨ। ਸ੍ਵਾਸਾ ਦੀ ਹਵਾ ਤੋ ਵੀ ਦੈਂਤ ਪੈਦਾ ਹੋ ਰਹੇ ਹਨ। (42) (ਪ੍ਰਾਭੌਤਕ ਕਹਾਣੀ)। ਦੈਤਾਂ ਦੇ ਮੁਹ ਵਿਚੋ ਜੋ ਲਾਲ੍ਹਾਂ ਡਿਗਦੀਆਂ ਸਨ, ਉਸ ਤੋਂ ਵੀ ਹੋਰ ਦੈਂਤ ਪੈਦਾ ਹੋ ਰਹੇ ਹਨ। (50) ਬਾਲਾ ਉਨ੍ਹਾਂ ਨੂੰ ਮਾਰਦੀ ਜਾਂਦੀ ਹੈ ਅਤੇ ਦੈਤ ਲਗਾਤਾਰ ਪੈਦਾ ਹੋਈ ਜਾਂਦੇ ਹਨ। ਬਾਲਾ ਦੀ ਦੈਂਤਾਂ ਅੱਗੇ ਕੋਈ ਪੇਸ਼ ਨਹੀ ਜਾਂਦੀ, ਅਖੀਰ ਵਿੱਚ ਬਾਲਾ (ਕਾਲਿਕਾ) ਨੇ ਭਗਵਾਨ ਦੇ ਅੱਗੇ ਬੇਨਤੀ ਕੀਤੀ ਤੇ ਭਗਵਾਨ ਜੀ ਆ ਹਾਜਰ ਹੋਏ। (52) ਬਾਲਾ ਦੀ ਬੇਨਤੀ ਤੇ ਮਹਾਕਾਲ ਨੇ ਤਲਵਾਰ ਚੁੱਕੀ ਅਤੇ ਦੈਤਾਂ ਦਾ ਖਾਤਮਾ ਕਰਨ ਚੱਲ ਪਿਆ। ਹੁਣ ਦੈਤਾਂ ਦੇ ਖੂਨ ਦੇ ਛਿਟਿਆਂ ਤੋ ਹਾਥੀ, ਘੋੜੇ ਅਤੇ ਸ੍ਵਾਸਾ ਦੀ ਹਵਾ ਤੋਂ ਦੈਤ ਪੈਦਾ ਹੋ ਰਹੇ ਹਨ। (61) (ਗੈਰ ਕੁਦਰਤੀ ਵਤੀਰਾ) ਢੋਲ ਮ੍ਰਿਦੰਗ ਅਤੇ ਨਗਾਰੇ ਸ਼ੋਰ ਮਚਾ ਰਹੇ ਹਨ ਕਈ ਕੋਹਾਂ (ਇਕ ਕੋਹ=ਸਵਾ ਮੀਲ) ਲੰਮੇ ਦੰਦਾਂ ਵਾਲੇ ਦੈਤ ਮਹਾਕਾਲ ਨੂੰ ਮਾਰਨ ਲਈ ਅੱਗੇ ਹੋਕੇ ਜੂਝ ਰਹੇ ਹਨ। (74) 20 ਪਦਮ ‘ਬਸਿ ਪਦੁਮ ਦਾਨਵ ਤਵ ਭਯੋ’ (ਇਕ ਪਦਮ=1000000000000000) ਦੈਤ ਸੈਨਾ ਇਕੱਠੀ ਹੋਕੇ ਮਹਾਕਾਲ ਨੂੰ ਮਾਰਨ ਲਈ ਅੱਗੇ ਵੱਧ ਰਹੀ ਹੈ (77) ਦੈਤਾਂ ਦੀ 1000 ਅਛੋਹਣੀ ਸੈਨਾ ‘ਛੂਹਨਿ ਸਹਸ ਅਸੁਰ ਕੀ ਸੈਨਾ’ (21870000 ਹਾਥੀ, 21870000 ਰੱਥ, 65610000 ਘੋੜੇ ਅਤੇ109350000 ਪਿਆਦੇ) ਅੱਖਾਂ ਲਾਲ ਕਰਕੇ ਅੱਗੇ ਵਧ ਰਹੀ ਹੈ। (78) (ਯਾਦ ਰਹੇ ਬੰਦ ਨੰ: 77 ਵਿੱਚ 20 ਪਦਮ ਸੈਨਾ ਦਾ ਜਿਕਰ ਹੈ)। ਧਰਤੀ ਦੇ 6 ਪਟ ਧੂੜ ਬਣਕੇ ਉਡ ਗਏ ਤੇ ਕੇਵਲ ਇੱਕ ਪਟ ਧਰਤੀ ਹੀ ਬਾਕੀ ਬਚੀ ਰਹੀ। ਮਹਾਦੇਵ ਡੋਲ ਗਿਆ, ਬ੍ਰਹਮਾ ਭੈਭੀਤ ਹੈ, ਵਿਸ਼ਨੂੰ ਲਾਜ ਦਾ ਮਾਰਿਆ ਸਮੁੰਦਰ ਵਿੱਚ ਜਾ ਛੁਪਿਆ। ਸ਼ਿਵਜੀ ਵੀ ਜੋਗੀ ਬਣ ਕੇ ਜੰਗਲ ਵਿੱਚ ਜਾ ਲੁਕਿਆ। (82) ਬਹੁਤ ਭਿਆਨ ਯੁਧ ਹੋਇਆ, ਪਹਾੜ ਘੋੜਿਆ ਦੇ ਖੁਰਾਂ ਨਾਲ ਪਿਸ ਗਏ ਤੇ ਉੱਤਰ ਵਿੱਚ ਜਾ ਵਸੇ। ਬਾਣਾਂ ਨੇ ਇਨ੍ਹਾ ਹਨੇਰਾ ਕਰ ਦਿੱਤਾ ਕੇ ਆਪਣਾ ਹੱਥ ਵੀ ਨਹੀ ਸੀ ਦਿਖਾਈ ਦਿੰਦਾ। (84) ਸਾਰੇ ਦੇਵਤੇ ਭੈ ਭੀਤ ਹੋਏ ਮਹਾਕਾਲ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਦੇ ਹਨ। ਕਾਲ ਨੇ ਦਿਆਲੂ ਹੋ ਕੇ ਰਖਿਆ-ਰਖਿਆ ਸ਼ਬਦ ਦਾ ਉਚਾਰਨ ਕੀਤਾ ਤੇ ਰੱਥ ਤੇ ਸਵਾਰ ਹੋ ਕੇ ਰਣ ਵਿੱਚ ਆ ਗੱਜਿਆ। (101) ਯਾਦ ਰਹੇ ਮਹਾ ਕਾਲ ਪਹਿਲਾਂ ਵੀ ਬਾਲਾ ਦੀ ਮੱਦਤ ਤੇ ਆ ਚੁੱਕਾ ਹੈ। ਬਹੁਤ ਭਿਆਨਕ ਯੁਧ ਹੋਇਆ, ਧਰਤੀ ਦੇ 6 ਪਟ ਧੂੜ ਬਣਕੇ ਉਡ ਗਏ ਕੇਵਲ ਇੱਕ ਪਤਾਲ ਹੀ ਬਚਿਆ ਸੀ। ਯਾਦ ਰਹੇ ਧਰਤੀ ਤਾਂ ਪਹਿਲਾ ਹੀ ਧੂੜ ਬਣ ਕੇ ਉਡ ਚੁੱਕੀ ਸੀ। ਹੁਣ 6 ਪੱਟ ਕਿਸ ਧਰਤੀ ਦੇ ਉਡੇ ? । ਕਾਲ ਨੂੰ ਪਸੀਨਾ ਆ ਗਿਆ। ਉਸ ਨੇ ਪਸੀਨੇ ਨੂੰ ਪੂੰਝ ਕੇ ਧਰਤੀ ਤੇ ਸੁਟ ਦਿੱਤਾ। ਜਿਸ ਵਿਚੋ ਭਟਾਚਾਰਜ ਪੈਦਾ ਹੋਇਆ (110), ਜਦ ਮਹਾਂਦੇਵ ਦਾ ਹੋਰ ਪਸੀਨਾ ਧਰਤੀ ਤੇ ਡਿੱਗਾ ਤਾਂ ਭੁਮਸੈਨ ਪੈਦਾ ਹੋਇਆ। (112)

ਬਹੁਤ ਭਿਆਨਕ ਯੁਧ ਹੋ ਰਿਹਾ ਹੈ। ਹੁਣ ਦੈਤਾਂ ਦੇ ਮਾਸ ਤੇ ਮਿਝ ਤੋ ਹਾਥੀਆਂ ਘੋੜਿਆ ਸਮੇਤ ਅਜੇਹੇ ਦੈਤ ਪੈਦਾ ਹੋਏ ਜਿਨ੍ਹਾਂ ਦਾ ਇੱਕ ਪੈਰ ਇੱਕ ਅੱਖ ਅਤੇ ਦੋ ਹਜਾਰ ਭੁਜਾਵਾਂ ਹਨ। (121) (ਨਾਂ ਮੰਨਣ ਯੋਗ ਗੱਲ) ਉਹ ਦੈਂਤ ਸ਼ਰਾਬ ਦੇ ਸਰੋਵਰ ਅਤੇ ਭੰਗ ਦੇ 10-10 ਹਜਾਰ ਘੜੇ ਪੀ ਕੇ ਮੈਦਾਨ ਵਿੱਚ ਤਬਾਹੀ ਮਚਾਉਦੇ ਹਨ। (123) ਉਥੇ ਖੂਨ ਦੀ ਨਦੀ ਵੱਗ ਰਹੀ ਹੈ ਜਿਸ ਵਿੱਚ ਘੋੜੇ ਰੁੜ੍ਹੇ ਜਾ ਰਹੇ ਹਨ। (133) (ਝੂਠ ਦੀ ਹੱਦ) ਮੈਦਾਨ ਵਿੱਚ ਕਈ ਕਿਸਮ ਦੇ ਸਾਜ ਸੁਰ-ਤਾਲ ਵਿੱਚ ਵੱਜ ਰਹੇ ਹਨ। ਜਿੰਨੇ ਵੀ ਦੈਤ ਅੱਗੇ ਆਏ ਕਾਲ ਨੇ ਮਾਰ ਦਿਤੇ, ਜਿੰਨੇ ਖੂਨ ਦੇ ਛਿੱਟੇ ਧਰਤੀ ਤੇ ਪਏ ਉਨ੍ਹੇ ਹੀ ਦੈਤ ਹੋਰ ਪੈਦਾ ਹੋਏ। ਬਹੁਤ ਭਿਆਨਕ ਦ੍ਰਿਸ਼ ਹੈ ਜਿਸ ਨੂੰ ਦੇਵਤਿਆਂ ਤੇ ਦੈਤਾਂ ਦੀਆਂ ਇਸਤਰੀਆਂ ਦੇਖ ਰਹੀਆਂ ਹਨ। (143) ਵੱਡੇ-ਵੱਡੇ ਦੰਦਾਂ ਵਾਲੇ ਦੈਤਾਂ ਦੇ ਹੱਥਾਂ ਵਿੱਚ ਬ੍ਰਿਛ ਅਤੇ ਪਰਬਤ, ਭਾਲੇ ਅਤੇ ਤ੍ਰਿਛੂਲ ਆਦਿ ਪਕੜੇ ਹੋਏ ਹਨ। (186) ਦੈਤਾਂ ਨੇ ਕ੍ਰੋਧਿਤ ਹੋ ਕੇ ਮੂਹ ਚੋ ਅਗਨੀ ਕੱਢੀ ਤਾਂ ਧਨੁਸ਼ਧਾਰੀ ਪਠਾਣ ਅਤੇ ਮੁਗਲ ਪੈਦਾ ਹੋ ਗਏ। ਸੁਆਸਾਂ ਤੋ ਸੱਯ਼ਦ ਅਤੇ ਸ਼ੇਖ ਪੈਦਾ ਹੋ ਗਏ। (198-199) ਅਤੇ ਬੜਾ ਭਿਆਨਕ ਸਮਾਂ ਹੈ। ਮਹਾਕਾਲ ਦੈਤਾਂ ਨੂੰ ਮਾਰੀ ਜਾ ਰਿਹਾ ਹੈ ਦੈਂਤ ਹੋਰ ਪੈਦਾ ਹੋ ਰਹੇ ਹਨ। ਲੇਖਕ ਦੀ ਇਤਹਾਸਕ ਜਾਣਕਾਰੀ ਦੇਖੋ, ਮੁਗਲ ਅਤੇ ਪਠਾਣ ਨੂੰ ਸੱਤਯੁਗ ਵਿੱਚ ਪੈਦਾ ਹੋਏ ਦੱਸ ਰਿਹਾ ਹੈ ਜਦੋ ਕੇ ਮੁੰਹਮਦ ਸਾਹਿਬ ਜੀ ਦਾ ਜਨਮ ਛੇਵੀ ਸਦੀ ਵਿੱਚ ਹੋਇਆ ਸੀ। ਨਾਹਰ ਖ਼ਾਨ, ਨਿਹੰਗ ਖ਼ਾਨ, ਭੜੰਗ ਖ਼ਾਨ, ਝੜੰਗ ਖ਼ਾਨ, ਬਰੈਮ ਖ਼ਾਨ, ਬਹਾਦੁਰ ਖਾਨ, ਬਲਵੰਡ ਖ਼ਾਨ ਆਦਿ ਬੜੇ ਰੋਹ ਨਾਲ ਦੰਦ ਪੀਹਦੇ ਹੋਏ ਅੱਗੇ ਹੋਕੇ ਚੱਲ ਰਹੇ ਹਨ। (204) ਪਰ ਮਹਾਂ ਦੇਵ ਦੇ ਅੱਗੇ ਇਨ੍ਹਾਂ ਦੀ ਕੋਈ ਪੇਸ਼ ਨਹੀ ਜਾਂਦੀ। ਦੈਤਾਂ ਨੇ ਜਿਨ੍ਹੇ ਵੀ ਮਲੇਸ਼ (ਮੁਗਲ) ਪੈਦਾ ਕੀਤੇ ਮਹਾਕਲ ਨੇ ਛਿਣ ਵਿੱਚ ਹੀ ਖਪਾ ਦਿੱਤੇ। (227)

ਹੁਣ ਦੈਤਾਂ ਨੇ ਹੋਰ ਦੈਤ ਸੈਨਾ ਤਿਆਰ ਕੀਤੀ ਤੇ ਮੈਦਾਨ ਵਿੱਚ ਭੇਜੀ। (228) ਇਸ ਦੈਤ ਸੈਨਾ ਨੇ ਪਾਸਾ ਹੀ ਪਲਟ ਦਿਤਾਂ, ਬਹੁਤ ਭਿਆਨਕ ਯੁਧ ਹੋਇਆ। (233) ਹੁਣ ਅਸਿਧੁਜ ਨੇ ਲੜਾਈ ਵਿੱਚ ਆਪਣੀ ਕੋਈ ਪੇਸ਼ ਨਾਂ ਜਾਂਦੀ ਦੇਖ ਕੇ, ‘ਹੰਅੁ’ ਸ਼ਬਦ ਦਾ ਉਚਾਰਨ ਕੀਤਾ। ਉਸ ਤੋ ਆਧਿ-ਵਿਾਆਧ ਰੋਗ (ਤਾਪ, ਸੀਤਲਾ, ਸਿਰ ਪੀੜ, ਗੋਡਿਆਂ ਦੇ ਦਰਦ, ਖਈ, ਪੀਲੀਆ, ਬਵਾਸੀਰ, ਪਥਰੀ, ਦਾੜ੍ਹ ਦੀ ਪੀੜ, ਦਖੂਤ੍ਰਾ, ਅਧਨੇਤ੍ਰਾ, ਕੋਹੜ ਆਦਿ ਅਣ ਗਿਣਤ ਰੋਗ) ਪੈਦਾ ਹੋ ਗਏ। (238) ਹੁਣ ਜਦੋ ਦੈਤਾਂ ਦਾ ਇਨ੍ਹਾਂ ਬਿਮਾਰੀਆਂ ਨਾਲ ਖਾਤਮਾ ਹੋ ਰਿਹਾ ਸੀ ਤਾਂ ਮਹਾਕਾਲ ਨੂੰ ਇਹ ਫਿਕਰ ਹੋਇਆ ਕਿ ਜੇ ਸਾਰੇ ਦੈਂਤ ਇਹਨਾਂ ਬਿਮਾਰੀਆਂ ਨਾਲ ਹੀ ਮਰ ਗਏ ਤਾਂ ਮੇਰੇ ਨਾਲ ਤਮਾਸ਼ੇ ਕੋਣ ਕਰੇਗਾ। (248) ਇਸ ਕਰਕੇ ਮਹਾਕਾਲ ਨੇ ਆਪ ਹੀ ਉਥੇ ਕਈ ਕਿਸਮ ਦੀਆਂ ਅਸ਼ੁਧੀਆਂ ਪੈਦਾ ਕਰ ਦਿਤੀਆਂ ਜਿਸ ਨਾਲ ਦੈਤ ਤੰਦਰੁਸਤ ਹੋਣੇ ਸ਼ੁਰੂ ਹੋ ਗਏ। (249) ਭਿਆਨਕ ਯੁਧ ਫੇਰ ਸ਼ੁਰੂ ਹੋ ਗਿਆ। ਦੈਤਾਂ ਨੇ ਅਗਨੀ ਅਸ਼੍ਰਤ ਛਡਿਆ ਤਾਂ ਮਹਾਕਾਲ ਨੇ ਵਰੁਣ ਅਸ਼੍ਰਤ, ਦੈਤਾਂ ਨੇ ਪਵਨ ਅਸ਼੍ਰਤ ਛਡਿਆ ਤਾਂ ਅਸੁਧਜ ਨੇ ਭੂਧਰ (ਪਰਬਤ) ਅਸ਼੍ਰਤ। (254) ਜਦੋ ਦੈਤਾਂ ਨੇ ਉਰਗ ਅਸ਼੍ਰਤ ਚਲਾਇਆ ਤਾ ਬੇਸ਼ੁਮਾਰ ਸੱਪ ਪੈਦਾ ਹੋ ਗਏ। ਤਦ ਕਾਲ ਨੇ ਖਗਪਤਿ (ਗਰੁੜ) ਅਸ੍ਰਤ ਛਡਿਆ ਜਿਸ ਨੇ ਸੱਪਾ ਨੂੰ ਤਰੁਤ ਖਾ ਲਿਆ (259) ਦੋਵੇ ਪਾਸਿਆਂ ਤੋ ਅਨੇਕਾਂ ਕਿਸਮਾਂ ਦੇ ਅਸ਼ਤਰ–ਸ਼ੱਸਤਰ ਛੱਡੇ ਜਾ ਰਹੇ ਹਨ। ਜਦ ਅਸਿਕੇਤ ਹੱਥ ਵਿੱਚ ਲਿਸ਼ਕਦੀ ਹੋਈ ਤਲਵਾਰ ਲੈ ਕੇ ਗੱਜਿਆ ਤਾਂ ਉਸ ਨੂੰ ਵੇਖ ਕੇ ਦੇਵਤੇ ਅਤੇ ਦੈਤ ਸਾਰੇ ਹੀ ਡਰ ਗਏ। (271) ਮਹਾਕਾਲ ਨੇ ਦੈਤਾਂ ਦੇ ਹਜ਼ਾਰ- ਹਜ਼ਾਰ ਟੁਕੜੇ ਕੀਤੇ ਜਿਨ੍ਹਾਂ ਤੋ ਹਜ਼ਾਰ-ਹਜ਼ਾਰ ਦੈਤ ਪੈਦਾ ਹੋ ਗਏ। ਲਾਂਬਾਂ ਜੀ, ਕੀ ਇਹ ਝੂਠ ਗੁਰੂ ਜੀ ਨੇ ਹੀ ਲਿਖਿਆ ਹੋਵੇਗਾ?

ਹੁਣ ਇੰਦਰ ਵੀ ਮੈਦਾਨ ਵਿੱਚ ਆ ਜਾਦਾ ਹੈ, ਜਿਸ ਨੂੰ ਦੇਖ ਕੇ ਇੱਕ ਦੈਤ ਬਹੁਤ ਹੀ ਕੋਧਿਤ ਹੋ ਗਿਆ ਤੇ ਉਹ ਸ਼ਰਾਬ ਦੇ ਦੋ ਖੂਹ ਪੀ ਕੇ ਇੰਦਰ ਦੇ ਸਾਹਮਣੇ ਹੋਇਆਂ। (287) ਇੰਦਰ ਨੇ ਅਜੇਹਾ ਤੀਰ ਛੱਡਿਆ ਜੋ ਦੈਤ ਦੇ ਸਰੀਰ ਨੂੰ ਚੀਰ ਕੇ ਅੱਗੇ ਲੰਘ ਗਿਆ। ਫੇਰ ਦੈਂਤ ਨੇ ਕ੍ਰੋਧ ਕਰ ਕੇ ਐਸਾ ਵਾਰ ਕੀਤਾ ਕੇ ਦੇਵ-ਪੂਜਾ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਜਦੋ ਮਹਾਕਾਲ ਨੇ ਦੇਵਤੇ ਭੱਜਦੇ ਦੇਖੇ ਤਾਂ ਆਪ ਮੈਦਾਨ ਵਿੱਚ ਆ ਗਿਆ। ਇਕ-ਇਕ ਤੀਰ ਨਾਲ ਸੌ ਸੌ ਨੂੰ ਚੀਰਦਾ ਗਿਆ ਤੇ ਦੈਤਾਂ ਦੇ ਸਰੀਰਾਂ ਵਿਚੋ ਸੌ ਸੌ ਖੂਨ ਦੀਆਂ ਤਤੀਰੀਆਂ ਚਲੀਆਂ ਤੇ ਉਨ੍ਹਾਂ ਤੋ ਸੌ ਸੌ ਹੋਰ ਦੈਤ ਪੈਦਾ ਹੁੰਦੇ ਗਏ। (296) ਹੁਣ ਮਹਾਕਾਲ ਨੇ ਆਪਣੇ ਹਜ਼ਾਰਾਂ ਰੂਪ ਧਾਰਨ ਕੀਤੇ ਤੇ ਹਜ਼ਾਰਾਂ ਹੀ ਦੈਤ ਮਾਰੇ। ਪਰ ਹੁਣ ਦੈਤ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਵੱਧਣ ਲਗੇ। ਭਾਵ, ਦੈਤ ਮਹਾਕਾਲ ਦੇ ਕਾਬੂ ਨਹੀ ਆ ਰਹੇ। ਹੁਣ ਮਹਾਕਾਲ ਨੇ ਅਜੇਹੇ ਬਾਣ ਚਲਾਏ ਕੇ ਇਕ-ਇਕ ਬਾਣ ਨਾਲ ਹਜ਼ਾਰ-ਹਜ਼ਾਰ ਦੈਤ ਮਾਰ ਦਿਤੇ। ਅਣਗਿਣਤ ਦੈਤਾਂ ਨੂੰ ਫੜਕੇ ਕੱਚੇ ਹੀ ਚੱਬ ਗਿਆ। ਅਤੇ ਦੈਤਾਂ ਦਾ ਖੂਨ ਵੀ ਚੂਸ ਲਿਆ। (299) ਉਧਰ ਦੈਤਂ ਵੀ ਕਿਹੜੇ ਘਟ ਹਨ, ਸਵਾਸਾਂ ਦੀ ਹਵਾ ਤੋਂ ਹੀ ਹੋਰ ਦੈਤਂ ਪੈਦਾ ਹੋਣੇ ਸ਼਼ੁਰੂ ਹੋ ਗਏ। (300) ਬੜਾ ਭਿਆਨਕ ਯੁੱਧ ਹੋਇਆ ਕੇ ਇੰਦਰ ਤੇ ਚੰਦ੍ਰ ਲੋਕ ਕੰਬ ਗਏ। (318) ਕਿਤੇ ਲੰਬੀਆਂ ਬੰਦੂਕਾਂ ਅਤੇ ਹਾਥੀਆਂ ਤੇ ਘੋੜਿਆਂ ਨਾਲ ਖਿਚੀਆਂ ਜਾਣ ਵਾਲੀਆਂ ਤੋਪਾਂ ਵੀ ਚੱਲ ਰਹੀਆਂ ਹਨ। (324) (ਯਾਦ ਰਹੇ ਇਹ ਯੁੱਧ ਸਤਿਯੁਗ ਵਿੱਚ ਸ਼ੁਰੂ ਹੋਇਆ ਸੀ ਜਿਸ ਦੀ ਉਮਰ 1728000 ਸਾਲ ਹੈ ਜਦੋ ਕੇ ਗੰਨ ਪਾਉਡਰ ਦੀ ਉਮਰ 1100 ਸਾਲ ਤੋ ਵੱਧ ਨਹੀ।)

ਜਦੋ ਇੱਸ ਤਰਾਂ ਦਾ ਭਿਆਨਕ ਯੁਧ ਹੋ ਰਿਹਾ ਸੀ ਤਾਂ ਦੂਹਲ ਦੇਈ ਨਾ ਦੀ ਇੱਕ ਇਸਤਰੀ ਪੈਦਾ ਹੋਈ ਜੋ ਸ਼ੇਰ ਤੇ ਸਵਾਰ ਸੀ। ਇਸ ਨੂੰ ਦੇਖ ਕੇ ਹੀ ਦੈਤ ਭਜਣੇ ਸਰੂ ਹੋ ਗਏ। (331) (ਯਾਦ ਰਹੇ ਪਹਿਲਾਂ ਵੀ ਬਾਲਾ ਨਾ ਦੀ ਇੱਕ ਦੇਵੀ ਪੈਦਾ ਹੋਈ ਸੀ, ਉਸ ਦਾ ਕੀ ਬਣਿਆ? ।) ਇਸ ਨੇ ਦੈਤਾਂ ਦਾ ਸਫਾਇਆ ਕੀਤਾ। ਜਿਨ੍ਹਾਂ ਦੈਤਾ ਦੇ ਵੱਡੇ-ਵੱਡੇ ਸਿੰਗ ਸਨ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ ਵਾਂਗ ਵੱਡੀਆਂ ਸਨ, ਨੂੰ ਦੂਹਲ ਦੇਈ ਨੇ ਚੁਣ-ਚੁਣ ਕੇ ਬਰਛੀ ਨਾਲ ਮਾਰਿਆ। (339) ਜਿਹੜੇ ਸਾਹਮਣੇ ਹੋ ਕੇ ਮਰਦੇ ਉਨ੍ਹਾਂ ਨੂੰ ਪਰੀਆਂ ਵਰ ਕੇ ਲੈ ਜਾਂਦੀਆਂ ਤੇ ਉਹ ਬਿਬਾਨ ਵਿੱਚ ਬੈਠਕੇ ਸਵਰਗਾਂ ਨੂੰ ਜਾਂਦੇ। ਤੇ ਜੋ ਭੱਜਦੇ ਹੋਏ ਮਾਰੇ ਗਏ ਉਹ ਨਰਕਾਂ ਨੂੰ ਜਾ ਰਹੇ ਹਨ। (346) ਮਹਾਕਾਲ ਅਤੇ ਦੂਹਲ ਦੇਈ ਨੇ, ਜੋ ਸ਼ੇਰ ਦੀ ਸਵਾਰੀ ਕਰ ਰਹੀ ਹੈ ਅਤੇ ਬੁਹਤ ਹੀ ਕ੍ਰੋਧਿਤ ਹੈ, ਦੈਤਾਂ ਦਾ ਸਰਵਨਾਸ਼ ਕਰ ਦਿੱਤਾ। ਕਾਲ ਨੇ ਸਾਰੇ ਦੈਤਾਂ ਨੂੰ ਆਪਣੀ ਸ਼ਕਤੀ ਨਾਲ ਖਿਚ ਲਿਆ ਤੇ ਕਾਲਿ ਨੂੰ ਆਗਿਆ ਦਿੱਤੀ ਤੇ ਉਹ ਸਾਰੇ ਦੈਤਾਂ ਨੂੰ ਖਾ ਗਈ। (364)

ਤਂਦ ਇੱਕ ਦੈਤ ਹੀ ਬਾਕੀ ਰਹਿ ਗਿਆ ਤਾਂ ਉਸ ਨੇ ਮਹਾ-ਕਾਲ ਨੂੰ ਵਗਾਰਿਆ, ਹੇ ਮਹਾਕਾਲ ਐਵੇ ਫੁਲਿਆ ਨਾ ਫਿਰ, ਆ ਮੇਰੇ ਨਾਲ ਯੁਧ ਕਰ, ਅੱਜ ਫੈਸਲਾ ਹੋ ਜਾਵੇਗਾ, ਜਾਂ ਅਸਿਧੁਜ ਨਹੀ ਜਾਂ ਦੈਤ ਨਹੀ।

ਰੇ ਰੇ ਕਾਲ ਫੁਲਿ ਜਿਨਿ ਜਾਹੂ। ਬਹੁਰਿ ਆਨਿ ਸੰਗ੍ਰਾਮ ਮਚਾਹੂ। ਏਕ ਨਿਦਾਨ ਕਰੋ ਰਨ ਮਾਹੀ। ਕੈ ਅਸਿਧੁਜਿ ਕੈ ਦਾਨਵ ਨਾਹੀ। (369)

ਦੋਵਾਂ ਵਿੱਚ ਭਿਆਨਕ ਯੁੱਧ ਹੁੰਦਾ ਹੈ ਦੈਤ ਪਿਛੇ ਨਹੀ ਹੱਟਦਾ ਭਾਂਵੇਂ ਉਸ ਦੀਆਂ ਆਂਦਰਾਂ ਗਿਰਝਾਂ ਖਾ ਗਈਆਂ। ਮਹਾਂ ਕਾਲ ਨੇ ਕਰੋਧ ਵਿੱਚ ਆ ਕੇ ਦੈਤ ਤੇ ਵੀਹ ਹਜ਼ਾਂਰ ਬਾਣ ਛੱਡੇ। (371) ਮਹਾਕਾਲ ਨੇ ਇੱਕ ਬਾਣ ਨਾਲ ਦੈਂਤ ਦਾ ਝੰਡਾ, ਦੋ ਤੀਰਾਂ ਨਾਲ ਉਸ ਦੇ ਰੱਥ ਦੇ ਦੋਵੇ ਪਹੀਏ, ਚਾਰ ਤੀਰਾਂ ਨਾਲ ਚੋਹਾਂ ਹੀ ਘੋੜਿਆਂ ਨੂੰ ਮਾਰ ਦਿਤਾ। ਇੱਕ ਹੋਰ ਬਾਣ ਨਾਲ ਜਗਤ ਦੇ ਸੁਆਮੀ ਨੇ ਦੈਤ ਦਾ ਮੱਥਾ ਚੀਰ ਦਿਤਾ ਅਤੇ ਦੋ ਹੋਰ ਬਾਣਾਂ ਨਾਲ ਵੈਰੀ ਦੇ ਦੋਵੇ ਹੱਥ ਕੱਟ ਸੁਟੇ। (374)

ਹੁਣ ਤੱਕ ਪਾਠਕ ਚਰਿਤ੍ਰੋ ਪਖ੍ਹ੍ਹਯਾਨ ਦੇ404 ਵੇ ਚਰਿਤ੍ਰ ਦੇ, ਜਿਸ ਦੇ ਕੁਲ 405 ਬੰਦ ਹਨ, ਵਿਚੋਂ 1 ਤੋਂ 374 ਬੰਦਾਂ ਦੇ ਦਰਸ਼ਨ ਕਰ ਚੁਕੇ ਹਨ। ਆਉ, ਹੁਣ ਬੰਦ 375 ਤੋ 405 ਤੱਕ ਦੇ ਦਰਸ਼ਨ ਵੀ ਕਰ ਲਈਏ।

ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤ ਜਗਤ ਕੇ ਈਸਾ॥ ਪੁਹਪਨ ਬ੍ਰਿਸਟਿ ਗਗਨ ਤੇਂ ਭਈ। ਸਭਹਿਨ ਆਨਿ ਬਧਾਈ ਦਈ॥ (375)

ਫਿਰ ਜਗਤ ਦੇ ਸੁਆਮੀ ਅਸਿਕੇਤ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਅਕਾਸ਼ ਤੋ ਫੂਲਾਂ ਦੀ ਬਰਖਾ ਹੋਈ ਤੇ ਸਭ ਨੇ ਆ ਕੇ ਵਧਾਈਆਂ ਦਿੱਤੀਆਂ। (375)

ਧੰਨ੍ਯ ਧੰਨ੍ਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ॥

ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ॥ (376)

ਅਤੇ ਕਿਹਾ ਹੇ ਲੋਕਾਂ ਦੇ ਰਾਜੇ ਤੂਸੀ ਧੰਨ ਹੋ, ਤੁਸੀ ਦੁਸ਼ਟਾਂ ਨੂੰ ਮਾਰ ਕੇ ਗਰੀਬਾਂ ਦੀ ਰੱਖਿਆ ਕੀਤੀ ਹੈ, ਹੇ ਸਾਰੇ ਸੰਸਾਰ ਦੀ ਰਚਨਾ ਕਰਨ ਵਾਲੇ! ਦਾਸ ਜਾਣ ਕੇ ਮੇਰੀ ਰੱਖਿਆ ਕਰੋ (376)

ਕਬ੍ਯੋ ਬਾਚ ਬੇਨਤੀ॥ ਚੌਪਈ॥ (ਕਵੀ ਨੇ ਬੇਨਤੀ ਕੀਤੀ)

(ਨਿਤਨੇਮ ਦੇ ਗੁਟਕਿਆਂ ਵਿਚ, “ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥ ਪਾਤਿਸਾਹੀ 10॥ ਚੌਪਈ॥” ਪਤਾ ਨਹੀ ਇਹ ਕਿਸ ਦਲੀਲ ਨਾਲ ਲਿਖਿਆ ਜਾ ਰਿਹਾ ਹੈ ਜਦੋਂ ਕੇ ਅਸਲ ਲਿਖਤ ਵਿੱਚ ਇਉਂ ਨਹੀ ਹੈ।)

ਹਮਰੀ ਕਰੋ ਹਾਥ ਦੈ ਰੱਛਾ॥ ਪੂਰਨ ਹੋਇ ਚਿਤ ਕੀ ਇੱਛਾ॥

ਤਵ ਚਰਨਨ ਮਨ ਰਹੈ ਹਮਾਰਾ॥ ਅਪਨਾ ਜਾਨ ਕਰੋ ਪ੍ਰਤਿਪਾਰਾ॥ 1॥ (377)

(ਯਾਦ ਰਹੇ ਇਸ ਬੰਦ ਦਾ ਅਖੋਤੀ ਦਸਮ ਗ੍ਰੰਥ ਵਿੱਚ ਨ: 377 ਹੈ। ਜੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਸਾਨੂੰ ਕੀ ਅਧਿਕਾਰ ਹੈ ਕੇ ਅਸੀ ਇਸ ਬੰਦ ਦਾ ਨ: ਬਦਲ ਦਈਏ)

ਹਮਰੇ ਦੁਸਟ ਸਭੈ ਤੁਮ ਘਾਵਹੁ॥ ਆਪੁ ਹਾਥ ਦੈ ਮੋਹਿ ਬਚਾਵਹੁ॥

ਸੁਖੀ ਬਸੈ ਮੋਰੋ ਪਰਿਵਾਰਾ॥ ਸੇਵਕ ਸਿੱਖ ਸਭੈ ਕਰਤਾਰਾ॥ 2॥ (378) …

ਖੜਗ ਕੇਤ ਮੈ ਸਰਣਿ ਤਿਹਾਰੀ॥ ਆਪ ਹਾਥ ਦੈ ਲੇਹੁ ਉਬਾਰੀ॥ ਸਰਬ ਠੌਰ ਮੋ ਹੋਹੁ ਸਹਾਈ॥ ਦੁਸਟ ਦੋਖ ਤੇ ਲੇਹੁ ਬਚਾਈ॥ 25॥ (401)

ਸਿੱਖ ਰਹਿਤ ਮਰਯਾਦਾ ਵਿੱਚ ਇਹ 25 ਬੰਦ ਹੀ ਦਰਜ ਹਨ, ਭਾਵ “ਹਮਰੀ ਕਰੋ ਹਾਥ ਦੇ ਰੱਛਾ” (377) ਤੋਂ ਲੈ ਕੇ “ਦੁਸਟ ਦੋਖ ਤੇ ਲੇਹੁ ਬਚਾਈ” (401) ਤੱਕ। ਪਰ ਜੋ ਡੇਰੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਨਹੀ ਮੰਨਦੇ ਉਹ ਉਪਰੋਕਤ 375 ਅਤੇ 376 ਨੰ: ਬੰਦਾਂ ਸਮੇਤ ਹੇਠ ਲਿਖੇ ਬੰਦ ਵੀ ਪੜ੍ਹਦੇ ਹਨ।

ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥

ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥ 26॥ (402)

ਮੇਰੇ ਉਤੇ ਜਗਮਾਤਾ (ਦੁਰਗਾ, ਪਾਰਵਤੀ) ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (ਸੁਭ ਰਾਤਾ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ, ਦੁਸ਼ਟਾਂ ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ। (402)

ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਰਾ॥

ਮਨ ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥ 27. (403)

ਜਦ ਸ੍ਰੀ ਅਸਿਧੁਜ (ਮਹਾਕਾਲ: ਵੱਡਾ ਕਾਲ। ਵਿਨਾਸ਼ਕਾਰੀ ਸਰੂਪ ਵਿੱਚ ਸ਼ਿਵਜੀ ਦਾ ਇੱਕ ਨਾਂ। ਵੇਖੋ ਸ਼ਿਵ। ‘ਹਿੰਦੂ ਮਿਥਿਹਾਸ ਕੋਸ਼’ ਪੰਨਾ 398) ਦਿਆਲ ਹੋਏ ਤਾਂ ਉਸੇ ਵੇਲੇ ਮੈ ਇਹ ਗ੍ਰੰਥ ਮੁਕੰਮਲ ਕਰ ਲਿਆ। ਜੋ ਇਸ ਦਾ ਪਾਠ ਕਰੇਗਾ ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ ਨੂੰ ਕੋਈ ਦੁਖ ਵਿਆਪਤ ਨਹੀ ਹੋਵੇਗਾ। (403) ਪਾਠਕਾ ਨੂੰ ਯਾਦ ਹੋਵੇਗਾ ਕੇ ਇਸ ਓਹੀ ਅਸਿਧੁਜ ਹੈ ਜਿਸ ਨੂੰ ਦੈਤ ਨੇ ਚੈਲਜ ਕੀਤਾ ਸੀ (369) ਅਤੇ ਇਸ ਨੇ ਦੈਤ ਦਾ ਸਿਰ ਕੱਟਿਆ ਸੀ। (375)

ਚੌਪਈ ਦੀਆਂ ਇਹ ਪੰਗਤੀਆ ਤਾਂ ਕਹਿੰਦੀਆਂ ਹਨ ਕਿ ਇੱਕ ਬਾਰ ਪਾਠ ਕਰਨ ਨਾਲ ਹੀ ਸਭ ਠੀਕ ਹੋ ਜਾਦਾ ਹੈ। (ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ) ਕੀ ਆਪ ਜੀ ਇਸ ਨਾਲ ਸਹਿਮੱਤ ਹੋ?

ਅੜਿੱਲ॥ ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ॥ ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥ 28 (404)

ਇਹ ਪੰਗਤੀਆਂ ਸੁਖਮਣੀ ਸਾਹਿਬ ਜੀ ਦੀਆਂ ਪੰਗਤੀ ਨਾਲ ਸਿਧਾਤਕ ਤੌਰ ਤੇ ਟਕਰਾਉਦੀਆਂ ਹਨ।

ਕਹਾ ਬੁਝਾਰਤਿ ਬੂਝੈ ਡੋਰਾ॥ ਨਿਸਿ ਕਹੀਐ ਤਉ ਸਮਝੈ ਭੋਰਾ॥ ਕਹਾ ਬਿਸਨ ਪਦ ਗਾਵੈ ਗੁੰਗ॥ ਜਤਨ ਕਰੈ ਤਉ ਭੀ ਸੁਰ ਭੰਗ॥ ਕਹ ਪਿੰਗੁਲ ਪਰਬਤ ਪਰਭਵਨ॥ ਨਹੀ ਹੋਤ ਊਹਾ ਉਸੁ ਗਵਨ॥ (ਪੰਨਾ ੨੬੭)

ਲਾਂਬਾ ਜੀ, ਉਪ੍ਰੋਕਤ ਬੰਦ ਨ: 404 ਅਤੇ ਬਾਣੀ ਦੀਆਂ ਪਵਾਨ ਪੰਗਤੀਆਂ `ਚੋਂ ਕਿਸ ਨੂੰ ਠੀਕ ਮੰਨਿਆ ਜਾਵੇ?

ਚੌਪਈ॥ ਸੰਬਤ ਸੱਤ੍ਰਹ ਸਹਸ ਭਣਿੱਜੈ॥ ਅਰਧ ਸਹਜ ਫੁਨਿ ਤੀਨਿ ਕਹਿੱਜੈ॥ ਭਾਦ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ 29 (405)

ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਤ ਮਸਤੁ ਸੁਭ ਮਸਤੂ॥

ਭਾਵ ਇਹ ਗ੍ਰੰਥ, ਐਤਵਾਰ 8 ਭਾਂਦੋ ਸੰਮਤ 1753 (ਅਗੱਸਤ 24-1696) ਨੂੰ ਸੱਤਲੁਜ ਦੇ ਕੰਢੇ ਪੂਰਾ ਹੋਇਆ।

ਯਾਦ ਰਹੇ ਇਹ ਯੁੱਧ ਸਤਿਯੁਗ ਵਿੱਚ ਸਰੂ ਹੋਇਆ ਸੀ, ਜਿਸ ਦੀ ਉਮਰ 1728000 ਸਾਲ ਸੀ। (1728000 + ਦੁਆਪਰ 1296000 ਸਾਲ + ਤ੍ਰੇਤਾ 864000 + ਕਲਯੁਗ 5109 ਸਾਲ) ਇਸ ਯੁਧ ਦੇ ਸ਼ੁਰੂ ਹੋਣ ਦਾ ਸਮਾਂ 38, 89, 509 ਸਾਲ ਪਹਿਲਾਂ ਦਾ ਬਣਦਾ ਹੈ ਪਰ ਇਸ ਯੁਧ ਦੇ ‘ਅੱਖੀਂ ਡਿੱਠੇ ਹਾਲ’ ਲਿਖੇ ਨੂੰ ਸਿਰਫ 311 ਸਾਲ ਹੀ ਹੋਏ ਹਨ।

ਇਹ ਹੈ ਉਸ ਪੂਰੇ ਚਰਿਤ੍ਰ 404 ਦੀ ਸਖੇਪ ਵਾਰਤਾ ਜਿਸ ਦੇ ਕੁਲ 405 ਬੰਦ ਹਨ ਅਤੇ ਇਹਨਾ ਵਿਚੋ ਅਸੀ 377 ਤੋ 401 ਤੱਕ ਭਾਵ 25 ਬੰਦਾਂ ਦਾ ਨਿਤਨੇਮ ਵਿੱਚ ਪਾਠ ਕਰਦੇ ਹਾ। (ਡੇਰੇਦਾਰਾਂ ਵਲੋ 375 ਤੋ 405 ਤੱਕ, 31 ਬੰਦ)।

ਆਪ ਜੀ ਲਿਖਦੇ ਹੋ: “ਉਸ ਬਾਰੇ ਕਿਸੇ ਵੀ ਢੰਗ ਨਾਲ ਕਿੰਤੂ ਪ੍ਰੰਤੂ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ। ਇਹ ਕਾਰਵਾਈ ਕਰਨ ਵਾਲਾ ਭਾਵੇਂ ਕਿਸੇ ਵੀ ਭੇਖ ਵਿੱਚ ਹੋਵੇ, ਭਾਵੇਂ ਜਿੰਨੀ ਮਰਜ਼ੀ ਕਿਤਾਬਾਂ ਦੀ ਪੰਡ ਸਿਰ `ਤੇ ਚੁੱਕੀ ਫਿਰੇ, ਦਰਅਸਲ ਖੰਡ ਵਲੇਟੀ ਜ਼ਹਿਰ ਦਾ ਵਪਾਰੀ ਹੀ ਹੋ ਸਕਦਾ ਹੈ।”

ਲਾਂਬਾ ਜੀ, ਆਪ ਜੀ ਤਾਂ ਅੱਜ ਕਿੰਤੂ ਪ੍ਰੰਤੂ ਕਰਨ ਤੋ ਵੀ ਰੋਕਦੇ ਹੋ, ਇਸ ਹਲਤ-ਪਲਤ ਸਵਾਰਨ ਵਾਲੀ ਬਾਣੀ ਨੂੰ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 1973 ਵਿੱਚ ਰੱਦ ਕਰ ਚੁੱਕੇ ਹਨ। ਆਪ ਜੀ ਤਾਂ ਜਾਣੀਜਾਣ ਹੀ ਹੋ ਪਰ ਪਾਠਕਾਂ ਦੀ ਜਾਣਕਾਰੀ ਲਈ ਹਵਾਲਾ ਦੇਣਾ ਜਰੂਰੀ ਹੈ।

ਚਰਿਤ੍ਰੋ ਪਖਯਾਨ ਦਸ਼ਮੇਸ਼ ਬਾਣੀ ਨਹੀ

ਸਿੰਘ ਸਾਹਿਬਾਨ ਦਾ ਫ਼ਤਵਾ: ਚੂੰਕਿ ਪੰਥ ਵਿੱਚ ਸਾਰੇ "ਦਸਮ ਗ੍ਰੰਥ" ਨੂੰ ਗੁਰੂ ਜੀ ਦੀ ਕ੍ਰਿਤ ਮੰਨਣ ਅਤੇ ਨ ਮੰਨਣ ਵਾਲੇ, ਦੋ ਵੀਚਾਰਾਂ ਦੇ ਲੋਕ ਹਨ। ਇਸ ਲਈ ਸਮੇਂ ਸਮੇਂ ਐਸੇ ਸ਼ੰਕੇ ਸ਼੍ਰੋ: ਗੁ: ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਅਥਵਾ ਉਸ ਵਲੋਂ ਨਿੱਯਤ ਧਾਰਮਿਕ ਸਲਾਹਕਾਰ ਕਮੇਟੀ ਪਾਸ ਸਾਮਾਧਾਨ ਲਈ ਆਉਂਦੇ ਰਹਿੰਦੇ ਹਨ। ਇੱਕ ਵਾਰ ਮਿਤੀ 6. 7. 73 ਨੂੰ ਚੰਡੀਗੜ "ਰਾਜ ਕਰੇਗਾ ਖ਼ਾਲਸਾ" ਅਤੇ "ਚਰਿਤ੍ਰੋ ਪਖਯਾਨ" ਵਾਰੇ ਪੁੱਛ ਪੁੱਜੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਸਾਹਿਬਾਨ ਨੇ ਇਹਨਾਂ ਪੁੱਛਾਂ ਦਾ ਜੋ ਉੱਤਰ ਦਿੱਤਾ, ਉਸ ਦੀ ਨਕਲ ਹੇਠਾਂ ਹਾਜ਼ਰ ਹੈ:-

ੴਵਾਹਿਹੁਰੂ ਜੀ ਕੀ ਫ਼ਤਹ॥ ਦਫ਼ਤਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਨੰ: 36672 3/4-8-73, ਸ੍ਰ: ਸੰਤੋਖ ਸਿੰਘਕਾਟੇਜ, ਲੋਅਰ ਮਾਲ, ਕਸਾਉਲੀ (ਹਿ: ਪ੍ਰ) ਪ੍ਰਯੋਜਨ: ਧਾਰਮਿਕ ਪੁਛ ਸਬੰਧੀਸ੍ਰੀ ਮਾਨ ਜੀ, ਆਪ ਜੀ ਦੀ ਪੱਤਰਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ:-1. "ਰਾਜ ਕਰੇਗਾ ਖਾਲਸਾ" ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਂਕਿ ਦੋਹਰੇ ਪੜ੍ਹਨੇ ਪੰਥਕ ਫ਼ੈਸਲਾ ਹੈ। ਇਸ ਫ਼ੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ। 2. "ਚਰਿਤ੍ਰੋ ਪਖਯਾਨ" ਜੋ ਦਸਮ ਗ੍ਰੰਥ ਵਿੱਚ ਹਨ, ਇਹ "ਦਸ਼ਮੇਸ਼ ਬਾਣੀ" ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ। ਸ਼ੁਭ ਚਿੰਤਕ, ਸਹੀ-ਮੀਤ ਸਕੱਤਰ (ਗੁਰਬਖ਼ਸ਼ ਸਿੰਘ) ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ।

ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨਾਲ ਦਸਮ ਗ੍ਰੰਥ ਵਿਚੋਂ ਪਾਖਯਾਨ ਚਰਿਤ੍ਰਾਂ ਸਬੰਧੀ ਮੇਰਾ {ਸ੍ਰ: ਸੰਤੋਖ ਸਿੰਘ} ਚਿੱਠੀ-ਪੱਤਰ ਹੋਇਆ ਸੀ। ਮੀਤ ਸਕੱਤਰ, ਧਰਮ ਪ੍ਰਚਾਰ ਕਮੇਟੀ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਿੱਠੀ ਨੰਬਰ 36672 ਮਿਤੀ 3-8-73 ਰਾਹੀਂ ਇਹ ਜੁਆਬ ਆਇਆ ਸੀ …

ਆਪ ਜੀ ਦੀ ਪਤ੍ਰਿਕਾ ਮਿਤੀ 6-7-73 ਦੇ ਸਬੰਧ ਵਿੱਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ।

ਚਰਿਤ੍ਰੋ ਪਾਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਆਸਕ ਸਾਖੀਆਂ ਦਾ ਉਤਾਰਾ ਹੈ।

ਇਸ ਚਿੱਠੀ ਦੇ ਆਉਣ ਮਗਰੋਂ ਕਮੇਟੀ ਪਾਸੋਂ ਬੇਨਤੀ ਚੌਪਈ, ‘ਹਮਰੀ ਕਰੋ ਹਾਥ ਦੈ ਰੱਛਾ`, ਜੋ ਦਸਮ ਗ੍ਰੰਥ ਦੇ ਪਾਖਯਾਨ ਚਰਿਤ੍ਰਾਂ ਦਾ ਹੀ ਭਾਗ ਹੈ, ਸਬੰਧੀ ਲਿਖਿਆ ਗਿਆ। ਕਮੇਟੀ ਵਲੋਂ ਚਿੱਠੀ ਨੰ. 37540/6-2 ਮਿਤੀ 13-10-73 ਰਾਹੀਂ ਜਵਾਬ ਇਹ ਸੀ:

ਆਪ {ਸ੍ਰ: ਸੰਤੋਖ ਸਿੰਘ} ਜੀ ਦੇ ਕ੍ਰਿਪਾ ਪੱਤ੍ਰ 10-9-73 ਦੇ ਸਬੰਧ ਵਿੱਚ ਰੀਸਰਚ ਸਕਾਲਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਰਾਏ ਹੇਠ ਲਿਖੇ ਅਨੁਸਾਰ ਹੈ:

ਕਬਿਯੋਬਾਚ ਬੇਨਤੀ ਚੌਪਈ ‘ਹਮਰੀ ਕਰੋ ਹਾਥ ਦੈ ਰੱਛਾ` ਦੇ ਸਬੰਧ ਵਿੱਚ ਡਾ. ਰਤਨ ਸਿੰਘ ਜੱਗੀ, ਪੰਜਾਬੀ ਯੂਨਿਵਰਸਿਟੀ ਪਟਿਆਲਾ ਨੇ ਵਧੇਰੇ ਖੋਜ ਕੀਤੀ ਹੈ। ਇਸ ਲਈ ਆਪ ਨੇ ਜੱਗੀ ਹੋਰਾਂ ਨਾਲ ਤਬਾਦਲਾ ਖ਼ਿਆਲ ਕਰ ਲੈਣਾ।

ਉਤਲੀਆਂ ਦੋਵੇਂ ਚਿੱਠੀਆਂ ਡਾ. ਰਤਨ ਸਿੰਘ ਜੱਗੀ ਨੂੰ ਭੇਜ ਕੇ ਉਨ੍ਹਾਂ ਦੇ ਵੀਚਾਰਾਂ ਲਈ ਬੇਨਤੀ ਕੀਤੀ ਗਈ। ਉਨ੍ਹਾਂ ਦਾ ਜਵਾਬ ਇਵੇਂ ਸੀ:

“ਬੇਨਤੀ ਹੈ ਕਿ ਆਪ ਜੀ ਦੀ ਚਿੱਠੀ ਅਤੇ ਸ਼੍ਰੋ. ਗੁ. ਪ੍ਰ. ਕਮੇਟੀ ਦੀਆਂ ਚਿੱਠੀਆਂ ਪੜ੍ਹ ਲਈਆਂ ਹਨ। ਬੇਨਤੀ ਇਹ ਹੈ ਕਿ ਪੁਰਾਤਨ ਹੱਥ ਲਿਖਤਾਂ ਤੇ ਇਤਿਹਾਸਕ ਗ੍ਰੰਥਾਂ ਵਿੱਚ ਇਹ ਚੌਪਈ ਅੰਮ੍ਰਿਤ ਬਾਣੀ ਦੇ ਰੂਪ ਵਿੱਚ ਕਿਤੇ ਲਿਖੀ ਨਹੀਂ ਮਿਲਦੀ। ਅਰਵਾਚੀਨ ਕ੍ਰਿਤੀਆਂ ਵਿੱਚ ਭਾਵੇਂ ਅਜਿਹੇ ਸੰਕੇਤ ਮਿਲ ਜਾਂਦੇ ਹਨ। ਪ੍ਰਕਰਣ ਅਨੁਸਾਰ ਤ੍ਰਿਯਾ ਚਰਿਤ੍ਰ ਦੇ ਅੰਤ ਵਿੱਚ ਦਰਜ ਹੈ ਅਤੇ ਅੰਤਲੀ ਪੁਸ਼ਪਿਕਾ ਤੋਂ ਇਹ ਉਸੇ ਦਾ ਅੰਗ ਸਿੱਧ ਹੁੰਦੀ ਹੈ, ਇਸ ਤੋਂ ਬਾਅਦ ਪ੍ਰਸੰਗ ਵਿੱਚ ਆਏ ਸੰਕੇਤ ਵੀ ਪੂਰੀ ਤਰ੍ਹਾਂ ਚਰਿਤ੍ਰਾਂ ਨਾਲ ਹੀ ਸਬੰਧਿਤ ਹਨ। ਇਸ ਲਈ ਉਹ ਉਸੇ ਕਵੀ ਦੀ ਰਚਨਾ ਹੈ ਜਿਸ ਨੇ ਚਰਿਤ੍ਰ ਲਿਖੇ ਹਨ। ਜੇ ਚਰਿਤ੍ਰ ਗੁਰੂ ਜੀ ਦੇ ਲਿਖੇ ਸਿੱਧ ਨਹੀਂ ਹੁੰਦੇ ਤਾਂ ਇਸਦੀ ਪ੍ਰਮਾਣਿਕਤਾ `ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਅਤੇ ਉਹ ਤਦ ਤਕ ਉਪਸਥਿਤ ਰਹੇਗਾ ਜਦ ਤਕ ਕੋਈ ਠੋਸ ਪ੍ਰਮਾਣ ਨਹੀਂ ਦਿੱਤਾ ਜਾਂਦਾ ਕਿ ਤ੍ਰਿਯਾ ਚਰਿਤ੍ਰ ਗੁਰੂ ਚਰਿਤ੍ਰ ਹਨ।” (ਦਸਮ ਗ੍ਰੰਥ ਦਰਪਣ-ਪੰਨਾ 85)

ਲਾਂਬਾ ਜੀ, ਝੂਠ ਝੂਠ ਹੀ ਰਹਿੰਦਾ ਹੈ, ਵਾਰ-ਵਾਰ ਝੂਠ ਬੋਲਣ ਨਾਲ ਇਸ ਨੇ ਸੱਚ ਨਹੀ ਬਣ ਜਾਣਾ। ਅਸੀ ਆਪ ਜੀ ਨੂੰ ਕਈ ਵਾਰ ਬੇਨਤੀਆਂ ਕਰ ਚੁੱਕੇ ਹਾਂ ਕੇ ਆਓ, ਆਪ ਜੀ ਦੇ ਕਥਨ ਮੁਤਾਬਕ ਇਸ ‘ਹਲਤ-ਪਲਤ ਸਵਾਰਨ ਵਾਲੀ ਅਗੰਮੀ ਬਾਣੀ’ ‘ਸ੍ਰੀ ਚਰਿਤ੍ਰੋ ਪਖਿ੍ਹ੍ਹਯਾਨ’ (ਕੰਜਰ ਕਵਿਤਾ) ਬਾਰੇ ਲੜੀਵਾਰ ਖੁਲ੍ਹਾਂ ਵਿਚਾਰ ਵਿਟਾਦਰਾ ਕਰੀਏ ਤਾਂ ਜੋ ਸੰਗਤਾਂ ਇਸ ਤੋਂ ਜਾਣੂ ਹੋ ਸਕਣ ਅਤੇ ਇਹ ਫੈਸਲਾਂ ਵੀ ਕਰਨ ਕਿ ‘ਖੰਡ ਵਲੇਟੀ ਜ਼ਹਿਰ ਦਾ ਅਸਲ ਵਪਾਰੀ’ ਕੌਣ ਹੈ?

ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ (ਪੰਨਾ 904)




.