.

ਗੁਰਮਤਿ ਅਤੇ ਅਧੁਨਿਕਤਾ

ਅਵਤਾਰ ਸਿੰਘ ਮਿਸ਼ਨਰੀ

ਗੁਰਮਤਿ ਕ੍ਰਮਵਾਰ ਗੁਰੂ ਅਤੇ ਮਤਿ ਦੇ ਅਰਥ ਹਨ-ਗੁ=ਅਗਿਆਨਤਾ, ਰੂ=ਪ੍ਰਕਾਸ਼ ਜੋ ਅਗਿਅਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹ ਹੈ ਗੁਰੂ। ਮਤਿ ਵੀ ਸੰਸਕ੍ਰਿਤ ਦਾ ਲਫਜ ਹੈ ਜਿਸ ਦਾ ਅਰਥ ਹੈ ਬੁੱਧੀ, ਸਮਝ, ਅਕਲ, ਰਾਇ ਅਤੇ ਸੁਝਾਓ। ਮੱਤ ਦਾ ਅਰਥ ਹੈ ਧਰਮ ਅਤੇ ਮਜ਼ਬ। ਸਤਿਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਰਮਲ ਪੰਥ ਨੂੰ ਹੀ ਗੁਰੂ ਦਾ ਮੱਤ ਭਾਵ ਗੁਰਮਤਿ ਕਿਹਾ ਗਿਆ ਹੈ, ਜਿਸ ਨੂੰ ਸਿੱਖ ਧਰਮ ਅਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦਾ ਨਾਂ ਦਿੱਤਾ। ਅਧੁਨਿਕਤਾ-ਭਾਵ ਵਰਤਮਾਨ (ਪ੍ਰੈਜ਼ੈਂਟ) ਗੁਰਮਤਿ ਅਤੇ ਵਰਤਮਾਨ ਦਾ ਆਪਸ ਵਿੱਚ ਗੂੜਾ ਸਬੰਧ ਹੈ-ਵਰਤਮਾਨ ਵਿਚਿ ਵਰਤਦਾ ਖਸਮੈ ਦਾ ਜਿਸ ਭਾਵੈ ਭਾਣਾ (ਭਾ. ਗੁ.) ਗੁਰੂ ਨਾਨਕ ਜੀ ਨੇ ਰੂੜੀਵਾਦੀ ਰੀਤਾਂ ਰਸਮਾਂ ਜੋ ਭੂਤਕਾਲ ਤੋਂ ਅਗਿਆਨਤਾ ਆਸਰੇ ਚਲੀਆਂ ਆ ਰਹੀਆਂ ਸਨ ਓਨ੍ਹਾਂ ਦਾ ਤਿਆਗ ਕਰਕੇ ਵਰਤਮਾਨ ਵਿੱਚ ਸਾਰਥਕ ਰੀਤਾਂ ਰਸਮਾਂ ਭਾਵ ਕਰਮ ਕਰਨ ਦਾ ਉਪਦੇਸ਼ ਦਿੱਤਾ। ਇਸ ਕਰਕੇ ਸਿੱਖ ਧਰਮ ਭਾਵ ਗੁਰਮਤਿ ਸਦਾ ਹੀ ਅਧੁਨਿਕ ਹੈ, ਨਵੀਨ ਹੈ, ਅਗਾਂਹ ਵਧੂ ਹੈ-ਅਗਾਹਾਂ ਕੂ ਤ੍ਰਾਂਘਿ ਪਿਛਾ ਫੇਰਿ ਨ ਮੋਹਡੜਾ॥ (ਪੰਨਾ-1096) ਪਰ ਗੁਰਮਤਿ ਅਧੁਨਿਕਤਾ ਦੇ ਨਾਂ ਤੇ ਚੱਲ ਰਹੇ ਲਚਰ ਕਲਚਰ ਤੋਂ ਵੱਖ ਹੈ ਅਤੇ ਇਸ ਦੀ ਜੋਰਦਾਰ ਸ਼ਬਦਾਂ ਵਿੱਚ ਨਖੇਧੀ ਕਰਦੀ ਹੈ। ਗੁਰਮਤਿ ਦਾ ਮੁੱਖ ਸਿਧਾਂਤ ਹੈ-ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਸੋ ਗੁਰਮਤਿ ਦੇ ਧਾਰਨੀ ਨੇ ਹਮੇਸ਼ਾਂ ਕਿਰਤ ਕਰਨੀ ਹੈ, ਮੰਗ ਕੇ ਨਹੀਂ ਖਾਣਾ ਅਤੇ ਅਧੁਨਿਕ ਤਰੀਕਿਆਂ ਰਾਹੀਂ ਤਰੱਕੀ ਕਰਨੀ ਹੈ ਨਾ ਕਿ ਇਸ ਦੀ ਵਿਰੋਧਤਾ। ਗੁਰਮਤਿ ਸਦਾ ਹੀ ਅਧੁਨਿਕ ਹੈ ਭਾਵ ਨਵੀਨ ਹੈ-ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ॥ (ਪੰਨਾ-660) ਜਦ ਕਿ ਬਹੁਤੇ ਹੋਰ ਮੱਤ ਲਕੀਰ ਦੇ ਫਕੀਰ ਹਨ।

ਗੁਰਮਤਿ ਅਤੇ ਕਿਰਤ ਕਰੋ-ਗੁਰਮਤਿ ਕਿਰਤ ਵਾਸਤੇ ਵਰਤੇ ਜਾਂਦੇ ਅਧੁਨਿਕ ਸਾਧਨਾਂ ਦੀ ਵਿਰੋਧੀ ਨਹੀਂ ਸਗੋਂ ਸੁਜੋਗ ਵਰਤੋਂ ਦੀ ਹਾਮੀ ਹੈ। ਜਿਵੇਂ ਪਹਿਲੇ ਸਮੇਂ ਹਲਾਂ ਅੱਗੇ ਬੈਲ ਜੋੜ ਕੇ ਜ਼ਮੀਨ ਵਾਹੀ ਜਾਂਦੀ ਸੀ ਅੱਜ ਟ੍ਰੈਕਟਰ ਹਨ। ਪਹਿਲੇ ਇੱਕ ਹੀ ਫਸਲ ਬੀਜੀ ਜਾਂਦੀ ਸੀ ਹੁਣ ਕਈ ਫਸਲਾਂ ਬੀਜੀਆਂ ਜਾ ਰਹੀਆਂ ਹਨ। ਗੁਰਮਤਿ ਫਸਲਾਂ ਵਿੱਚ ਜ਼ਹਰ ਘੋਲਣ ਦੇ ਵਿਰੁੱਧ ਹੈ ਨਾ ਕਿ ਵੱਧ ਝਾੜ ਲੈ ਕੇ ਚੰਗੀ ਕਮਾਈ ਕਰਨ ਦੇ। ਕਿਰਤ ਵਿੱਚ ਦੁਨੀਆਂ ਦਾ ਸਾਰਾ ਹੀ ਵਿਕਾਸ ਆ ਜਾਂਦਾ ਹੈ। ਗੁਰਮਤਿ ਸੱਚੀ ਸੁੱਚੀ ਕਿਰਤ ਦੀ ਸਦਾ ਹਾਮੀ ਹੈ। ਗੁਰਮਤਿ ਵਿਹਲੜ ਸਾਧਾਂ ਸੰਤਾਂ ਦੀ ਵਿਰੋਧੀ ਹੈ ਜੋ ਹੱਟੇ ਕੱਟੇ ਹੋ ਕੇ ਕਿਰਤ ਕਮਾਈ ਨਹੀਂ ਕਰਦੇ ਸਗੋਂ ਕਿਰਤੀਆਂ ਨੂੰ ਹੀ ਲੁੱਟਦੇ ਹਨ। ਗੁਰਮਤਿ ਦਾ ਸਿਧਾਂਤ ਹੈ-ਘਾਲਿ ਖਾਇ ਕਿਛ ਹੱਥੋਂ ਦੇਇ॥ ਨਾਨਕ ਰਾਹੁ ਪਛਾਣੈ ਸੇਇ॥ (ਪੰਨਾ-1245) ਸੋ ਗੁਰਮਤਿ ਕਿਰਤ ਕਮਾਈ ਕਰਨ ਵਾਲਿਆਂ ਦਾ ਧਰਮ ਹੈ ਨਾਂ ਕਿ ਵਿਹਲੜਾਂ ਦਾ। ਗੁਰਮਤਿ ਹਰੇਕ ਅਗਾਂਹ ਵਧੂ ਸਾਧਨਾਂ ਦਾ ਸਾਰਥਕ ਲਾਭ ਉਠਾਉਣ ਦੀ ਹਾਮੀ ਹੈ।

ਗੁਰਮਤਿ ਅਤੇ ਵੰਡ ਛਕੋ-ਗੁਰਮਤਿ ਕਿਰਤ ਕਮਾਈ ਨੂੰ ਲੋਕ ਭਲਾਈ ਵਾਸਤੇ ਲੋੜਵੰਦਾਂ ਵਿੱਚ ਵੰਡ ਕੇ ਛੱਕਣ ਦੀ ਹਾਮੀ ਹੈ। ਵੰਡ ਛੱਕਣ ਦਾ ਮਤਲਬ ਇਕੱਲਾ ਲੰਗਰ ਹੀ ਨਹੀਂ ਸਗੋਂ ਸਮਾਂ ਅਤੇ ਹੋਰ ਸਾਧਨ ਵੱਧ ਤੋਂ ਵੱਧ ਸ਼ੇਅਰ ਕਰਕੇ ਪਛੜੇ ਸਮਾਜ ਨੂੰ ਪੈਰਾਂ ਤੇ ਖੜੇ ਕਰਕੇ ਤਰੱਕੀ ਕਰਨਾ ਅਤੇ ਲੋਕ ਸੇਵਾ ਕਰਨਾ ਹੈ। ਪਹਿਲੇ ਲੰਗਰ ਜ਼ਮੀਨ ਤੇ ਭੁੰਝੇ ਬੈਠ ਕੇ ਫਿਰ ਤੱਪੜਾਂ ਆਦਿਕ ਤੇ ਹੱਥਾਂ ਅਤੇ ਪਤਲਾਂ ਨਾਲ ਛੱਕਿਆ ਜਾਂਦਾ ਸੀ ਕਿਉਂਕਿ ਸਨਾਤਨ ਧਰਮ ਵਿੱਚ ਸ਼ੂਦਰਾਂ ਨਾਲ ਛੂਆ ਛਾਤ ਕੀਤੀ ਜਾਂਦੀ ਸੀ ਇਸ ਕਰਕੇ ਪੰਗਤ ਤੇ ਸੰਗਤ ਵਿੱਚ ਇਕਸਾਰ ਬੈਠ ਕੇ ਛਕਣ ਨਾਲ ਇਹ ਵਹਿਮ ਦੂਰ ਹੁੰਦਾ ਸੀ ਜੋ ਗੁਰੂਆਂ ਭਗਤਾਂ ਨੇ ਕੀਤਾ। ਅੱਜ ਕੁਰਸੀਆਂ ਮੇਜ਼ਾਂ ਦਾ ਜ਼ਮਾਨਾਂ ਆ ਗਿਆ ਹੈ ਜੋ ਸਮੁੱਚੇ ਸੰਸਾਰ ਵਿੱਚ ਚੱਲ ਰਿਹਾ ਹੈ। ਕੁਰਸੀਆਂ ਮੇਜ਼ਾਂ ਤੇ ਵੀ ਪੰਗਤ ਦੇ ਸਿਧਾਂਤ ਦੀ ਪਾਲਨਾ ਕੀਤੀ ਜਾ ਸਕਦੀ ਹੈ ਮਤਲਵ ਤਾਂ ਛੂਆ-ਛਾਤ ਨੂੰ ਮੇਟ ਕੇ ਇਕਸਾਰਤਾ ਲਿਆਉਣਾ ਹੈ। ਜੇ ਜ਼ਮੀਨ ਤੇ ਬੈਠ ਕੇ ਉੱਚੀ ਜਾਤ ਦਾ ਗੁਮਾਨ ਨਹੀਂ ਗਿਆ ਤਾਂ ਥੱਲੇ ਬੈਠਣ ਦਾ ਕੀ ਲਾਭ ਹੈ? ਸਮੇਂ ਦੇ ਸਾਧਨਾਂ ਦੀ ਸੁਜੋਗ ਵਰਤੋਂ ਕਰਨਾ ਗੁਰਮਤਿ ਦੀ ਅਧੁਨਿਕਤਾ ਹੈ ਇਸ ਦੇ ਉਲਟ ਮੇਜ਼ ਕੁਰਸੀਆਂ ਤੇ ਬੈਠ ਕੇ ਸ਼ਰਾਬਾਂ ਆਦਿਕ ਪੀਣੀਆਂ, ਨਸ਼ੇ ਕਰਨੇ ਇਹ ਗੁਰਮਤਿ ਵਿੱਚ ਪ੍ਰਵਾਨ ਨਹੀਂ।

ਗੁਰਮਤਿ ਅਤੇ ਨਾਮ ਜਪੋ-ਕਿਰਤ ਵਿਰਤ ਕਰਦਿਆਂ ਰੱਬ ਨੂੰ ਹਰ ਵੇਲੇ ਯਾਦ ਰੱਖਣਾ ਗੁਰਮਤਿ ਦੀ ਸਦੀਵੀ ਅਧੁਨਿਕਤਾ ਹੈ ਨਾ ਕਿ ਕਿਸੇ ਸ਼ਬਦ ਦਾ ਗਿਣਤੀ ਮਿਣਤੀ ਅਤੇ ਤੋਤਾ ਰਟਨੀ ਜਾਪ। ਨਾਮ ਹਰ ਵੇਲੇ, ਹਰ ਥਾਂ ਅਤੇ ਹਰ ਦੇਸ਼ ਵਿੱਚ ਜਪਿਆ ਜਾ ਸਕਦਾ ਹੈ-ਊਠਤਿ ਬੈਠਤਿ ਸੋਵਤਿ ਨਾਮੁ॥ ਕਹੁ ਨਾਨਕ ਜਨ ਕੈ ਸਦ ਕਾਮੁ॥ (ਪੰਨਾ-286) ਨਾਮ ਜਪਣ ਵਾਸਤੇ ਕਿਸੇ ਮਾਲਾ, ਤਸਬੀ, ਬੈਰਾਗਣਿ ਜਾਂ ਅੱਖਾਂ ਮੀਟ ਕੇ ਸਮਾਧੀ ਲਾਉਣ ਦੀ ਲੋੜ ਨਹੀਂ ਸਗੋਂ ਗੁਰੂ ਉਪਦੇਸ਼ ਨੂੰ ਧਾਰਨ ਦੀ ਲੋੜ ਹੈ-ਗਾਏਂ ਸੁਣੇ ਆਂਖੈਂ ਮੀਚੈਂ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜਉ ਲਉ ਨਾ ਕਮਾਈਐ॥ (ਭਾ. ਗੁ.)

ਗੁਰਮਤਿ-ਜਨਮ, ਵਿਆਹ ਅਤੇ ਮਰਨ-ਗੁਰਮਤਿ ਜਨਮ ਤੋਂ ਮਰਨ ਤੱਕ ਅਧੁਨਿਕ ਹੈ। ਪਹਿਲੇ ਮਾਂ ਬੱਚੇ ਨੂੰ ਜਨਮ ਘਰਾਂ ਵਿੱਚ ਦਾਈਆਂ ਰਾਹੀਂ ਦਿੰਦੀ ਸੀ ਹੁਣ ਹਸਪਤਾਲਾਂ ਵਿੱਚ ਡਾਕਟਰ-ਨਰਸਾਂ ਰਾਹੀਂ ਹੋ ਰਿਹਾ ਹੈ। ਪਹਿਲੇ ਰਿਸ਼ਤੇ ਨਾਤੇ ਪੰਡਿਤ ਤੇ ਲਾਗੀ ਆਦਿਕ ਕਰਵਾਉਂਦੇ ਸਨ ਫਿਰ ਮਾਂ ਬਾਪ ਕਰਨ ਲੱਗ ਪਏ, ਅੱਜ ਮੀਡੀਏ ਰਾਹੀਂ ਵੀ ਹੋ ਰਹੇ ਹਨ ਅਤੇ ਮੁੰਡੇ ਕੁੜੀਆਂ ਆਪਸ ਵਿੱਚ ਗੱਲ-ਬਾਤ ਕਰਕੇ ਵੀ ਕਰ ਰਹੇ ਹਨ। ਪਹਿਲੇ ਮਿਰਤਕ ਸਰੀਰ ਨੂੰ ਪਾਣੀ ਵਿੱਚ ਰੋੜਿਆ, ਧਰਤੀ ਵਿੱਚ ਦੱਬਿਆ ਜਾਂ ਲਕੜਾਂ ਦੀ ਅੱਗ ਨਾਲ ਸਾੜਿਆ ਜਾਂਦਾ ਸੀ ਅੱਜ ਬਿਜਲੀ ਨਾਲ ਵੀ ਸਸਕਾਰ ਕੀਤਾ ਜਾਂਦਾ ਹੈ। ਗੁਰਮਤਿ ਵਿੱਚ ਕੋਈ ਭਰਮ ਨਹੀਂ ਕਿਉਂਕਿ ਗੁਰਮਤਿ ਅਧੁਨਿਕ ਸਦਾ ਬਹਾਰ ਹੈ।

ਗੁਰਮਤਿ-ਬੇਲੋੜੇ ਧਰਮ ਕਰਮ ਤੇ ਭਰਮ-ਗੁਰਮਤਿ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਅਜੋਕੇ "ਬੇਲੋੜੇ ਧਰਮ ਕਰਮ ਅਤੇ ਵਹਿਮ ਭਰਮ" ਨੂੰ ਮਾਨਤਾ ਨਹੀਂ ਦਿੰਦੀ ਜੋ ਵਿਖਾਵੇ ਤੇ ਵਡਿਆਈ ਲਈ ਕੀਤੇ ਜਾ ਰਹੇ ਹਨ ਜਿਵੇਂ ਇੱਕੋ ਕਮਰੇ ਵਿੱਚ ਗਿਣਤੀ ਦੇ ਅਖੰਡ ਪਾਠਾਂ ਦੀਆਂ ਲੜੀਆਂ, ਜੋਤਾਂ, ਧੂਪਾਂ, ਕੁੰਭ ਨਾਰੀਅਲ, ਧਾਗੇ ਤਵੀਤਾਂ ਤੜਾਗੀਆਂ, ਆਰਤੀਆਂ, ਸੁਖਣਾਂ ਸੁਖਣੀਆਂ, ਪੁੰਨਿਆਂ-ਮੱਸਿਆ-ਸੰਗਰਾਂਦਾਂ, ਸਰਾਧ, ਨੰਗੇ ਪੈਰੀਂ ਤੁਰਨਾਂ, ਜੁਰਾਬਾਂ ਦਾ ਵਹਿਮ, ਸਰਬਲੋਹ ਵਿੱਚ ਹੀ ਖਾਣਾਂ, ਕੇਵਲ ਧਰਮ ਅਸਥਾਨਾਂ ਦੀ ਯਾਤਰਾ ਨੂੰ ਮੁਕਤੀ ਦਾ ਸਾਧਨ ਮੰਨ ਲੈਣਾਂ, ਅੰਮ੍ਰਿਤ ਛੱਕ ਕੇ ਵੀ ਕੱਟੜਵਾਦ ਧਾਰਨ ਕਰਨਾਂ ਜਿਵੇਂ ਛੂਆਂ-ਛਾਤ ਰੱਖਣੀ ਅਤੇ ਜੇ ਕਿਤੇ ਕਛਹਿਰਾ ਲਹਿ ਗਿਆ, ਕੜਾ-ਕੰਘਾ ਡਿੱਗ ਪਿਆ, ਕ੍ਰਿਪਾਨ ਲਹਿ ਗਈ ਜਖਮੀ ਹੋਣ ਕਰਕੇ ਜਾਂ ਅਪ੍ਰੇਸ਼ਨ ਸਮੇਂ ਵਾਲ ਕੱਟੇ ਗਏ ਜਾਂ ਸਿੰਘ ਭੋਜਨ ਮੀਟ ਖਾਧਾ ਗਿਆ ਤਾਂ ਅੰਮ੍ਰਿਤ ਟੁੱਟ ਗਿਆ, ਬਿੱਲੀ ਰਸਤਾ ਕੱਟ ਗਈ ਤਾਂ ਤੁਰਨਾਂ ਨਹੀਂ, ਛਿੱਕ ਆ ਗਈ, ਖੋਤਾ ਹੀਂਗ ਪਿਆ, ਵਰ ਸਰਾਪ, ਨਰਕ ਸਵਰਗ, ਬੇਲੋੜਾ ਪੁੰਨ-ਦਾਨ, ਮੂਰਤੀ ਪੂਜਾ ਅਤੇ ਗਿਣਤੀ ਮਿਣਤੀ ਦੀਆਂ ਮਾਲਾ ਫੇਰਨੀਆਂ ਆਦਿ ਸਭ "ਬੇਲੋੜੇ ਧਰਮ-ਕਰਮ ਤੇ ਵਹਿਮ ਭਰਮ" ਹਨ। ਗੁਰਮਤਿ ਦੀ ਅਧੁਨਿਤਾ ਇਨ੍ਹਾਂ ਦੀ ਦੀ ਗੁਲਾਮ ਨਹੀਂ ਸਗੋਂ ਸੋਚ ਸਮਝ ਕੇ ਕੀਤੇ ਸਾਰਥਕ ਕਰਮ ਅਤੇ ਰਹੁਰੀਤਾਂ ਦੀ ਹਾਮੀ ਹੈ। ਧਰਮ ਦੇ ਨਾਂ ਤੇ ਕੀਤੇ ਜਾਂਦੇ ਬੇਲੋੜੇ ਕਰਮ ਅਤੇ ਰਹੁਰੀਤਾਂ ਦਾ ਜੋਰਦਾਰ ਖੰਡਨ ਕਰਦੀ ਹੈ-ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (ਪੰਨਾ-747)

ਗੁਰਮਤਿ ਅਤੇ ਆਵਾਜਾਈ ਦੇ ਅਧੁਨਿਕ ਸਾਧਨ-ਪਹਿਲੇ ਪੈਦਲ, ਘੋੜ ਸਵਾਰੀ ਅਤੇ ਬੈਲ ਗੱਡੀ ਆਵਾਜਾਈ ਦੇ ਸਾਧਨ ਸਨ। ਹੁਣ ਸਾਈਕਲ, ਮੋਟਰ ਸਾਈਕਲ, ਬੱਸਾਂ, ਰੇਲ ਗੱਡੀਆਂ, ਕਾਰਾਂ ਅਤੇ ਹਵਾਈ ਜ਼ਹਾਜ਼ ਆਦਿਕ ਮੌਕੇ ਦੇ ਸਾਧਨ ਹਨ। ਇਨ੍ਹਾਂ ਦੀ ਸੁਯੋਗ ਵਰਤੋਂ ਕਰਨਾ ਗੁਰਮਤਿ ਦੀ ਅਧੁਨਿਕਤਾ ਅਤੇ ਦੁਰਵਰਤੋਂ ਕਰਨਾ ਅਗਿਆਨਤਾ ਹੈ-ਬਾਬਾ ਹੋਰੁ ਚੜ੍ਹਨਾ ਖੁਸੀ ਖੁਆਰੁ॥ ਜਿਤੁ ਚੜ੍ਹਿਐਂ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ-16) ਅਗਿਅਨਤਾ ਕੀ ਹੈ ਜੁੱਤੀਆਂ ਦੇ ਹੁੰਦਿਆਂ ਨੰਗੇ ਪੈਰੀਂ ਤੁਰਨਾ, ਨੰਗੇ ਪੈਰੀਂ ਮੋਟਰ ਗੱਡੀ ਕਾਰ ਆਦਿਕ ਚਲਾਉਣੀ। ਪਹਿਲੇ ਰਸਤੇ ਕੱਚੇ ਹੁੰਦੇ ਸਨ ਜਿਸ ਕਰਕੇ ਸੰਗਤਾਂ ਗੁਰੂ ਜੀ ਦੀ ਸਵਾਰੀ ਅੱਗੇ ਧੂੜ ਮਿੱਟੀ ਤੋਂ ਬਚਣ ਲਈ ਪਾਣੀ ਦਾ ਭਰਵਾਂ ਛਿੜਕਾਅ ਕਰਦੀਆਂ ਸਨ ਪਰ ਅੱਜ ਲਕੀਰ ਦੇ ਫਕੀਰ ਬਣ ਤੁਪਕਾ ਤੁਪਕਾ ਪਾਣੀ ਹੀ ਤਰੌਂਕੀ ਜਾ ਰਹੀਆਂ ਹਨ। ਤੁਪਕਾ ਤੁਪਕਾ ਪਾਣੀ ਸੁੱਟਣ ਨਾਲੋਂ ਸਤਨਾਮ ਵਾਹਿਗੁਰੂ ਜਾਂ ਗੁਰਬਾਣੀ ਦਾ ਜਾਪ ਕਰਦੇ ਜਾਣਾ ਚੰਗਾ ਹੈ। ਗੁਰਮਤਿ ਪਿਛਲੱਗ ਨਹੀਂ ਸਗੋਂ ਮੌਕੇ ਦੇ ਅਧੁਨਿਕ ਸਾਧਨਾਂ ਦੀ ਸਦੀਵ ਹਾਮੀ ਹੈ।

ਗੁਰਮਤਿ ਅਤੇ ਅਧੁਨਿਕ ਪਹਿਰਾਵਾ-ਸਮੇਂ ਨਾਲ ਪਹਿਰਾਵਾ ਵੀ ਬਦਲਦਾ ਹੈ ਗੁਰਮਤਿ ਨਵੀਨ ਪਹਿਰਾਵੇ ਦੀ ਵਿਰੋਧੀ ਨਹੀਂ ਸਗੋਂ ਭੜਕੀਲੇ-ਅਰਧ ਨੰਗੇ ਅੰਗ ਪ੍ਰਦਰਸ਼ਨ ਪਹਿਰਾਵੇ ਦੀ ਵਿਰੋਧਤਾ ਕਰਦੀ ਹੈ। ਪਹਿਲੇ ਲੋਕ ਕੱਛੇ, ਚੋਲੇ, ਚਾਦਰੇ, ਘੱਗਰੇ ਕੰਬਲ ਆਦਿਕ ਪਹਿਰਦੇ ਸਨ ਪਰ ਅੱਜ ਪੈਂਟਾਂ ਕਮੀਜ਼ਾਂ ਅਤੇ ਸੋਹਣੇ ਦਸਤਾਰੇ। ਇਹ ਅਧੁਨਿਕਤਾ ਪ੍ਰਵਾਨ ਹੈ ਕਹਿੰਦੇ ਹਨ "ਖਾਈਏ ਮਨ ਭਾਉਂਦਾ ਅਤੇ ਪਹਿਰੀਏ ਜੱਗ ਭਾਉਂਦਾ" ਗੁਰਮਤਿ ਸਦਾ ਬਹਾਰ ਅਤੇ ਸਰਬਦੇਸੀ ਹੈ। ਨੰਗੇਜ਼ਵਾਦ ਅਧੁਨਿਕਤਾ ਨਹੀਂ ਸਗੋਂ ਮੰਦੀਆਂ ਭਾਵਨਾ ਦਾ ਲਖਾਇਕ ਹੈ। ਗੁਰਮਤਿ ਫੁਰਮਾਂਦੀ ਹੈ ਕਿ-ਬਾਬਾ ਹੋਰੁ ਪੈਨਣੁ ਸਦਾ ਖੁਆਰ॥ ਜਿਤੁ ਪੈਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ-16) ਸੋ ਗੁਰਮਤਿ ਲਚਰ ਪਹਿਰਾਵੇ ਦੀ ਵਿਰੋਧੀ ਅਤੇ ਨਵੀਨ ਅਧੁਨਿਕ ਪਹਿਰਾਵੇ ਦੀ ਸਦਾ ਹਾਮੀ ਹੈ।

ਗੁਰਮਤਿ ਅਤੇ ਅਧੁਨਿਕ ਰਹਿਣ ਸਹਿਣ-ਗੁਰਮਤਿ ਰਹਿਣ ਲਈ ਚੰਗੇ ਮਕਾਨ ਦੀ ਹਾਮੀ ਹੈ ਪਰ ਆਪਣੀ ਵਿੱਤ ਤੋਂ ਬਾਹਰ ਬੇ-ਲੋੜੀਆਂ ਮਹਿਲ ਮਾੜੀਆਂ ਦੇ ਵਿਖਾਵੇ ਨਾਲ ਸਹਿਮਤ ਨਹੀਂ। ਗੁਰਮਤਿ ਇਸ ਨਾਲ ਸਹਿਮਤ ਨਹੀਂ ਕਿ ਮਕਾਨ ਦੇ ਦਰਵਾਜੇ ਚੜ੍ਹਦੇ ਜਾਂ ਲਹਿੰਦੇ ਵੱਲ ਰੱਖਣੇ ਸ਼ੁਭ ਸ਼ਗਨ ਹੈ ਸਗੋਂ ਆਪਣੀ, ਪ੍ਰਵਾਰ ਦੀ ਅਤੇ ਗੁਆਢੀਆਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਕਿਸੇ ਵੀ ਪਾਸੇ ਰੱਖੇ ਜਾ ਸਕਦੇ ਹਨ। ਕਿਸੇ ਪੰਡਿਤ ਜਾਂ ਜੋਤਸ਼ੀ ਤੋਂ ਮਹੂਰਤ ਕਢਾਉਣ ਦੀ ਲੋੜ ਨਹੀਂ। ਗੁਰਮਤਿ ਨਵੀਨ ਢੰਗ ਨਾਲ ਬਣੇ ਮਕਾਨਾਂ ਵਿੱਚ ਰਹਿਣ ਦੀ ਵਿਰੋਧੀ ਨਹੀਂ ਸਗੋਂ ਸੁਜੋਗ ਵਰਤੋਂ ਦੀ ਹਾਮੀ ਹੈ।

ਗੁਰਮਤਿ ਅਤੇ ਖਾਣ-ਪੀਣ ਦੀ ਅਧੁਨਿਕਤਾ -ਗੁਰਮਤਿ ਚੰਗੇ ਖਾਣ ਪੀਣ ਦੀ ਹਾਮੀ ਹੈ ਪਰ ਜਿਸ ਖਾਣੇ ਨਾਲ ਤਨ ਪੀੜਿਆ ਜਾਵੇ ਅਤੇ ਮਨ ਵਿੱਚ ਵਿਕਾਰ ਪੈਦਾ ਹੋਣ ਉਸ ਤੋਂ ਬਚਣ ਦਾ ਉਪਦੇਸ਼ ਦਿੰਦੀ ਹੈ। ਗੁਰਮਿਤ ਦਾ ਫੁਰਮਾਨ ਹੈ-ਬਾਬਾ ਹੋਰੁ ਖਾਣਾ ਖੁਸ਼ੀ ਖੁਆਰੁ ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ-16) ਸਾਡੇ ਸਾਧ ਆਮ ਤੌਰ ਤੇ ਉਪਦੇਸ਼ ਦਿੰਦੇ ਹਨ ਕਿ ਮੀਟ ਖਾਣ ਨਾਲ ਹੀ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਜੋ ਸਰਾ ਸਰ ਗਲਤ ਹੈ ਕਿਉਂਕਿ ਜਿਆਦਾ ਦੁੱਧ ਪੀ ਲੈਣ ਨਾਲ ਵੀ ਮਨ ਵਿਕਾਰੀ ਹੋ ਸਕਦਾ ਹੈ। ਕੋਈ ਵੀ ਖਾਣਾ ਹੱਦੋਂ ਵੱਧ ਮਾਤਰਾ ਵਿੱਚ ਖਾਣ ਨਾਲ ਤਨ ਦੁਖੀ ਤੇ ਮਨ ਵਿਕਾਰੀ ਹੋ ਸਕਦਾ ਹੈ। ਸੋ ਗੁਰਮਤਿ ਫੁਰਮਾਂਦੀ ਹੈ-ਥੋੜਾ ਸਵੇਂ ਥੋੜਾ ਹੀ ਖਾਵੇ। ਗੁਰਮੁਖ ਰਿਦੈ ਬਰੀਬੀ ਆਵੈ। (ਭਾ. ਗੁ.) ਖਾਣਾਂ ਤੱਪੜਾਂ ਅਤੇ ਮੇਜ ਕੁਰਸੀਆਂ ਤੇ ਵੀ ਛਕਿਆ ਜਾ ਸਕਦਾ ਹੈ ਜਰੂਰੀ ਨਹੀ ਪਤਲਾਂ, ਡੂੰਨੇ ਅਤੇ ਲੋਹੇ ਦੇ ਭਾਂਡੇ ਹੀ ਵਰਤੇ ਜਾਣ ਅਜੋਕੇ ਸਟੀਲ ਔਰ ਚੂਨੇ ਦੇ ਵੀ ਵਰਤੇ ਜਾ ਸਕਦੇ ਹਨ। ਗੁਰਮਤਿ ਖਾਣ ਪੀਣ ਵਿੱਚ ਵੀ ਅਧੁਨਿਕ ਹੈ ਪਿਛਲੱਗ ਨਹੀਂ। ਗੁਰਸਿੱਖ ਕਿਸੇ ਵੀ ਦੇਸ਼ ਕਬੀਲੇ ਦਾ ਬਣਿਆਂ ਭੋਜਨ ਛਕ ਸਕਦਾ ਹੈ ਜੋ ਸਰੀਰ ਲਈ ਨੁਕਸਾਨਦੇਹ ਨਾਂ ਹੋਵੇ ਕਿਉਂਕਿ ਬਾਬਾ ਨਾਨਕ ਜਿਥੇ ਵੀ ਗਏ ਓਥੋਂ ਦਾ ਬਣਿਆਂ ਸਾਰਥਕ ਭੋਜਨ ਵੀ ਛਕਦੇ ਰਹੇ। ਇਹ ਗੁਰਮਤਿ ਦੀ ਅਧੁਨਿਕਤਾ ਹੈ। ਅਸੀਂ ਗੁਰੂ ਨਾਲੋਂ ਸਿਆਣੇ ਅਤੇ ਉੱਤਮ ਨਹੀਂ ਜੋ ਸੁੱਚ ਭਿੱਟ ਅਤੇ ਧਰਮ ਭਰਿਸ਼ਟ ਹੋਣ ਦਾ ਡਰ ਪਾ ਕੇ ਖਾਣ ਪੀਣ ਦਾ ਵੀ ਵਹਿਮ ਕਰਦੇ ਰਹੀਏ-ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੁਹਾਗਣਿ ਨਾ ਉਹ ਰੰਡ॥ (ਪੰਨਾ-873)

ਗੁਰਮਤਿ ਅਤੇ ਮੀਡੀਆ-ਗੁਰਮਤਿ ਹਮੇਸ਼ਾਂ ਹੀ ਅਗਾਂਹ ਵਧੂ ਰਹੀ ਹੈ ਅਤੇ ਰਹੇਗੀ ਫੁਰਮਾਨ ਹੈ-ਅਗਾਹ ਕੂ ਤ੍ਰਾਂਘਿ ਪਿਛਾ ਫੇਰਿ ਨ ਮੋਹਢੜਾ॥ (ਪੰਨਾ-1096) ਗਰਮਤਿ ਮੀਡੀਏ ਦੀ ਸੁਯੋਗ ਵਰਤੋਂ ਦੀ ਹਾਮੀ ਹੈ। ਮੀਡੀਆ ਤਾਂ ਭਾਂਡਾ ਹੈ ਭਾਂਡੇ ਵਿੱਚ ਭਾਵੇਂ ਦੁੱਧ ਪਾ ਲਵੋ ਭਾਂਵੇਂ ਜ਼ਹਿਰ। ਅੱਜ ਅਖਬਾਰਾਂ, ਰਸਾਲੇ, ਰੇਡੀਓ, ਟੈਲੀਵਿਯਨ ਅਤੇ ਇੰਟ੍ਰਨੈੱਟ ਦਾ ਯੁੱਗ ਹੈ ਇਸ ਭਾਂਡੇ ਵਿੱਚ ਭਾਂਵੇਂ ਚੰਗਾ ਕਲਚਰ ਪੇਸ਼ ਕਰੋ ਭਾਂਵੇਂ ਮੰਦਾ। ਸੋ ਗੁਰਮਤਿ ਦੇ ਪ੍ਰਚਾਰ ਵਾਸਤੇ ਇਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਕੋਈ ਭਰਮ ਨਹੀਂ ਕਰਨਾ ਚਾਹੀਦਾ ਜਿਵੇਂ ਅੱਜ ਦਾ ਸਾਧ ਲਾਣਾ ਤੇ ਸੰਪ੍ਰਦਾਈ ਡੇਰੇਦਾਰ ਕਰ ਰਹੇ ਹਨ ਵੇਖਣਾ ਗੁਰਬਾਣੀ ਕਿਤੇ ਅਖਬਾਰਾਂ ਰਸਾਲਿਆਂ ਵਿੱਚ ਨਾਂ ਛਪੇ ਬੇਅਦਬੀ ਹੋਵੇਗੀ। ਜਰਾ ਧਿਆਨ ਨਾਲ ਦੇਖੋ ਈਸਾਈਆਂ ਦੀ ਪਵਿੱਤਰ ਬਾਈਬਲ ਮੀਡੀਏ ਰਾਹੀਂ ਸਾਰਾ ਸੰਸਾਰ ਪੜ੍ਹ ਰਿਹਾ ਹੈ, ਇਸ ਕਰਕੇ ਸਾਰੀ ਦੁਨੀਆਂ ਨੂੰ ਬਾਈਬਲ ਬਾਰੇ ਪਤਾ ਹੈ ਪਰ ਸਾਂਇੰਟੇਫਿਕ ਗਿਆਨ ਦੇ ਭੰਡਾਰ "ਗੁਰੂ ਗ੍ਰੰਥ ਸਾਹਿਬ" ਦਾ ਨਹੀਂ ਕਿਉਂਕਿ ਸਾਡੇ ਭੇਖੀ ਸਾਧਾਂ ਤੇ ਅਖੌਤੀ ਲੀਡਰਾਂ ਨੇ ਗੁਰੂ ਗਿਆਨ ਨੂੰ ਅਖੌਤੀ ਬੇਅਦਬੀ ਦੇ ਜੰਗਲੇ ਅੰਦਰ ਡੱਕਿਆ ਤੇ ਸੋਹਣੇ ਸੋਹਣੇ ਰੇਸ਼ਮੀ ਰੁਮਾਲਿਆਂ ਵਿੱਚ ਵਲੇਟਿਆ ਹੋਇਆ ਹੈ। ਸੋ ਗੁਰਮਤਿ ਹਰੇਕ ਮੀਡੀਏ ਦੀ ਸੁਯੋਗ ਵਰਤੋਂ ਦੀ ਹਾਮੀ ਹੈ।

ਗੁਰਮਤਿ ਅਤੇ ਵਿਚਾਰ-ਵਿਟਾਂਦਰਾ-ਗੁਰਮਤਿ ਵਿੱਚ ਆਪਸੀ ਵਿਚਾਰ-ਵਿਟਾਂਦਰੇ ਦੀ ਖੁੱਲ੍ਹ ਹੈ ਆਪਣੀ ਗੱਲ ਕਹਿਣੀ ਤੇ ਦੂਜੇ ਦੀ ਸੁਣਨੀ ਵੀ ਹੈ-ਜਬ ਲਗ ਦੁਨੀਆਂ ਰਹੀਐ ਨਾਨਕ ਕਿਛ ਸੁਨੀਐ ਕਿਛ ਕਹੀਐ॥ (ਪੰਨਾ-661) ਗੁਰਮਤਿ ਫਰਾਖਦਿਲ ਹੈ ਤੰਗਦਿਲ ਨਹੀਂ। ਗੁਰਮਤਿ ਵਿਚਾਰਾਂ ਦੇ ਅਦਾਨ ਪ੍ਰਦਾਨ ਵਿੱਚ ਅਜ਼ਾਦ ਹੈ ਕਿਸੇ ਸਾਧ ਸੰਤ ਜਾਂ ਅਖੌਤੀ ਲੀਡਰ ਦੀ ਗੁਲਾਮ ਨਹੀਂ। ਗੁਰਮਤਿ ਮੋਨਧਾਰੀ ਨਹੀਂ ਹੈ ਅਤੇ ਨਾਂ ਹੀ ਕੇਵਲ ਤੋਤਾ ਰਟਨੀ ਦੀ ਹਾਮੀ ਹੈ-ਸਤੀ ਪਹਿਰੀ ਸਤੁ ਭਲਾ ਬਹੀਐ ਪੜਿਆਂ ਪਾਸਿ॥ ਓਥੈ ਪਾਪ ਪੁੰਨ ਬੀਚਾਰੀਐ ਕੂੜੈ ਘਟੈ ਰਾਸਿ॥ (ਪੰਨਾ-146) ਦੁਨੀਆਂ ਨਾਲ ਸਾਂਝ ਵਿਚਾਰ ਵਿਟਾਂਦਰੇ ਰਾਹੀਂ ਹੀ ਪਾਈ ਜਾ ਸਕਦੀ ਹੈ ਸੋ ਗੁਰਮਤਿ ਸਾਰਥਕ ਅਗਾਂਹ ਵਧੂ ਅਧੁਨਿਕ ਵਿਚਾਰਾਂ ਦੀ ਹਾਮੀ ਹੈ।

ਗੁਰਮਤਿ ਵਿੱਚ ਇਸਤਰੀ ਤੇ ਪੁਰਸ਼-ਗੁਰਮਤਿ ਵਿੱਚ ਕਰਤਾ ਦੇ ਪੈਦਾ ਕੀਤੇ ਇਸਤਰੀ ਤੇ ਪੁਰਸ਼ ਬਰਾਬਰ ਹਨ। ਇਸਤਰੀ ਪੁਰਸ਼ ਦੇ ਬਰਾਬਰ ਕੰਮ ਕਰ ਸਕਦੀ ਹੈ। ਇਸਤਰੀ ਕੇਵਲ ਕਾਮਪੂਰਤੀ ਜਾਂ ਵਿਖਵੇ ਦਾ ਸਾਧਨ ਨਹੀਂ। ਜਿਵੇਂ ਅੱਜ ਫਿਲਮਾਂ ਅਤੇ ਘਟੀਆ ਮੀਡੀਏ ਰਾਹੀਂ ਇਸਤਰੀ ਦਾ ਅੰਗ ਪ੍ਰਦਰਸ਼ਨ ਕਰਕੇ ਸੰਸਾਰ ਨੂੰ ਭਰਮਾਇਆ ਜਾ ਰਿਹਾ ਹੈ ਗੁਰਮਤਿ ਇਸ ਦਾ ਵਿਰੋਧ ਕਰਦੀ ਹੈ। ਇਸਤਰੀ ਤੇ ਪੁਰਸ਼ ਸੰਸਾਰ ਗੱਡੀ ਦੇ ਦੋ ਬਰਾਬਰ ਪਹੀਏ ਹਨ। ਗੁਰਮਤਿ ਵਿੱਚ ਇਸਤਰੀ ਨੂੰ ਕਰਮ ਧਰਮ ਵਿੱਚ ਵੀ ਬਰਾਬਰ ਅਧਿਕਾਰ ਹਨ ਜਿਵੇਂ ਇਸਤਰੀ ਗੁਰਬਾਣੀ ਦਾ ਪਾਠ, ਕਥਾ ਕੀਰਤਨ, ਪ੍ਰਚਾਰ, ਸੇਵਾ, ਅੰਮ੍ਰਿਤ ਸੰਚਾਰ ਆਦਿਕ ਧਾਰਮਿਕ ਕੰਮਾਂ ਵਿੱਚ ਬਰਾਬਰ ਸੇਵਾ ਕਰ ਸਕਦੀ ਹੈ ਪਰ ਅਖੌਤੀ ਸਾਧਾਂ ਤੇ ਅਖੌਤੀ ਲੀਡਰਾਂ ਸਦਕਾ ਅੱਜ 21ਵੀਂ ਸਦੀ ਵਿੱਚ ਵੀ ਇਹ ਅਧਿਕਾਰ ਸਿੱਖ ਧਰਮ ਅਸਥਾਨਾਂ ਵਿੱਚ ਸਿੱਖ ਔਰਤ ਨੂੰ ਹੀ ਪ੍ਰਾਪਤ ਨਹੀਂ। ਬਾਕੀ ਬਹੁਤੇ ਧਰਮਾਂ ਵਿੱਚ ਤਾਂ ਪਹਿਲੇ ਹੀ ਇਹ ਅਧਿਕਾਰ ਔਰਤ ਨੂੰ ਨਹੀਂ ਦਿੱਤੇ ਗਏ ਜੋ ਗੁਰੂ ਨਾਨਕ ਨੇ ਡੰਕੇ ਦੀ ਚੋਟ ਨਾਲ ਜਗਤ ਵਿੱਚ ਔਰਤ ਨੂੰ ਦੇਣ ਦੀ ਦ੍ਰਿੜਤਾ ਭਰੀ ਦਲੇਰੀ ਕਰਦਿਆਂ ਫੁਰਮਾਇਆ ਸੀ ਕਿ-ਸੋ ਕਿਉਂ ਮੰਦਾ ਆਖੀਐ ਜਿਤਿ ਜੰਮੈ ਰਾਜਾਨ॥ (ਪੰਨਾ-473) ਅਤੇ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ--॥ (ਪੰਨਾ-879) ਗੁਰਮਤਿ ਦਾ ਅਧੁਨਿਕ ਉਪਦੇਸ਼ ਹੈ।

ਗੁਰਮਤਿ ਸਹਿਜ ਦਾ ਮਾਰਗ ਹੈ -ਅੱਜ ਸੰਸਾਰ ਵਿੱਚ ਚੱਲ ਰਹੀ ਬੇ-ਤਰਤੀਬੀ ਹਫੜਾ-ਦਫੜੀ, ਦੌੜ-ਭੱਜ ਭਾਵ ਬੇ-ਮੁਹਾਰੀ ਰਫਤਾਰ ਜਿਸ ਨੂੰ ਅਧੁਨਿਤਾ ਦਾ ਨਾਂ ਦਿੱਤਾ ਜਾ ਰਿਹਾ ਹੈ ਅਤੇ ਜੋ ਮਨੁੱਖਤਾ ਲਈ ਵਿਨਾਸ਼ਕਾਰੀ ਹੋ ਰਹੀ ਹੈ ਗੁਰਮਤਿ ਇਸ ਸਭ ਕੁੱਝ ਨੂੰ ਕਾਬੂ ਵਿੱਚ ਰੱਖਣ ਦਾ ਨਾਂ ਹੈ। ਗੁਰਮਤਿ ਖੋਜਕਾਰੀ ਹੈ ਵਿਨਾਸ਼ਕਾਰੀ ਨਹੀਂ। ਗੁਰਮਤਿ-ਦਹਿ ਦਿਸਿ ਸਾਖ ਹਰੀ ਹਰੀਆਵਲ ਸਹਿਜ ਪਕੈ ਸੋ ਮੀਠਾ॥ (1109) ਦਾ ਉਪਦੇਸ਼ ਦਿੰਦੀ ਹੈ। ਅਜੋਕੀ ਅਧੁਨਿਕਤਾ ਵਿੱਚ ਸਹਿਜ ਨਹੀਂ ਰਿਹਾ ਇਸ ਲਈ ਲੋਕਾਈ ਭਟਕ ਰਹੀ ਹੈ। ਬਲੱਡ ਪ੍ਰੈਸ਼ਰ ਅਤੇ ਡੈਪ੍ਰੇਸ਼ਨ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ-ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਿਜ ਬਿਲੋਵਹੁ ਜੈਸੇ ਤਤੁ ਨਾ ਜਾਈ॥ (ਪੰਨਾ-478) ਸੋ ਗੁਰਮਤਿ ਦੀ ਅਧੁਨਿਕਤਾ ਸਹਿਜ-ਸੁਹਜ, ਗਿਆਨ-ਵਿਗਿਆਨ, ਇਸਤਰੀ-ਪੁਰਸ਼, ਆਤਮਾ-ਪ੍ਰਮਾਤਮਾਂ, ਲੋਕ-ਪ੍ਰਲੋਕ, ਸ਼ੁਭ ਗੁਣ ਅਤੇ ਸੰਸਾਰ ਨਿਰੰਕਾਰ ਦੀ ਚੜ੍ਹਦੀ ਕਲਾ ਤੇ ਅਧਾਰਿਤ ਹੈ।

ਗੁਰਮਤਿ ਅਤੇ ਅਧੁਨਿਕ ਨਵੀਨ ਖੋਜਾਂ –ਗੁਰਮਤਿ ਨਵੀਨ ਖੋਜਾਂ ਜੋ ਮਨੁੱਖਤਾ ਦਾ ਭਲਾ ਕਰ ਸਕਦੀਆਂ ਹਨ ਉਨ੍ਹਾਂ ਨੂੰ ਅਪਨਾਉਣ ਅਤੇ ਵਰਤਨ ਤੋਂ ਰੋਕਦੀ ਨਹੀਂ। ਕਈ ਵਿਦਵਾਨ ਕਹਿੰਦੇ ਹਨ ਕਿ ਗੁਰਮਤਿ ਕਦੇ ਬਦਲਦੀ ਨਹੀਂ ਇਹ ਠੀਕ ਨਹੀਂ ਕਿਉਂਕਿ ਗੁਰਮਤਿ ਸਦਾ ਹੀ ਅਗਾਂਹ ਵਧੂ ਹੈ। ਹਾਂ ਜੋ ਗੁਰਮਤਿ ਦੇ ਮੂਲਕ ਸਿਧਾਂਤ ਹਨ ਜੋ ਕੁਦਰਤੀ ਹਨ ਉਹ ਕਦੇ ਨਹੀਂ ਬਦਲਦੇ। ਅਗਰ ਜੇ ਗੁਰਮਤਿ ਅਧੁਨਿਕਤਾ ਦੀ ਹਾਮੀ ਨਾਂ ਹੁੰਦੀ ਤਾਂ ਅੱਜ ਦਾ ਸਿੱਖ ਕਦੇ ਵੀ ਅਧੁਨਿਕ ਢੰਗ ਨਾਲ ਨਾ ਵਿਚਰਦਾ, ਫਿਰ ਤਾਂ ਪੈਦਲ ਹੀ ਚਲਦਾ, ਘੋੜ ਸਵਾਰੀ ਹੀ ਕਰਦਾ, ਚੁੱਲ੍ਹੇ ਪੁੱਟ ਕੇ ਅੱਗ ਬਾਲ ਕੇ ਹੀ ਹੀ ਖਾਣਾ ਪਕਾਉਂਦਾ ਅਤੇ ੳਜੋਕੇ ਗੈਸ ਚੁਲਿਆਂ ਦੀ ਵਰਤੋਂ ਨਾਂ ਕਰਦਾ, ਹੱਥ ਨਾਲ ਚਾਟੀ ਵਿੱਚ ਦੁੱਧ ਰਿੜਕ ਕੇ ਹੀ ਮੱਖਣ ਕੱਢ੍ਹ ਕੇ ਵਰਤਦਾ ਅਤੇ ਅੱਜ ਦੀਆਂ ਮਸ਼ੀਨਾਂ ਨਾਲ ਕੱਢ੍ਹੀਆਂ ਬਟਰ ਕਰੀਮਾਂ ਦਾ ਇਸਤੇਮਾਲ ਨਾ ਕਰਦਾ, ਕੁਰਸੀਆਂ ਮੇਜਾਂ ਤੇ ਬੈਠਣ ਦੀ ਥਾਂ ਸਕੂਲਾਂ ਕਾਲਜਾਂ ਵਿੱਚ ਵੀ ਤੱਪੜਾਂ ਤੇ ਹੀ ਬੈਠਦਾ, ਕਿਤਾਬਾਂ ਤੇ ਗ੍ਰੰਥ ਵੀ ਹੱਥ ਨਾਲ ਹੀ ਲਿਖਦਾ, ਬੰਦੂਕਾਂ ਤੋਪਾਂ ਅਤੇ ਮਿਜ਼ਾਈਲਾਂ ਦੀ ਥਾਂ ਤੀਰ ਕਮਾਨ ਅਤੇ ਕ੍ਰਿਪਾਨਾਂ ਬਰਛੇ ਹੀ ਵਰਤਦਾ, ਮਸ਼ੀਨਾਂ ਦੀ ਥਾਂ ਹੱਥ ਚੱਕੀ ਤੇ ਹੀ ਆਟਾ ਪੀਂਹਦਾ, ਹੱਥ ਨਾਲ ਹੀ ਫਸਲਾਂ ਵੱਢਦਾ, ਫਲਿਆਂ ਨਾਲ ਹੀ ਕਣਕਾਂ ਗਹੁੰਦਾ, ਪੈਂਟ ਕਮੀਜਾਂ ਦੀ ਥਾਂ ਚੋਲੇ, ਚਾਦਰੇ ਅਤੇ ਘੱਗਰੇ ਹੀ ਪਹਿਨਦਾ, ਸਮੁੰਦਰੋਂ ਪਾਰ ਵਿਦੇਸ਼ ਵਿੱਚ ਜਾਣ ਵਾਸਤੇ ਹਵਾਈ ਜਹਾਜ ਦੀ ਥਾਂ ਬੇੜੀਆਂ ਬੇੜੇ ਹੀ ਵਰਤਦਾ, ਬੱਚੇ ਅਜੋਕੇ ਹਸਪਤਾਲਾਂ ਦੀ ਥਾਂ ਘਰਾਂ ਵਿਖੇ ਪੇਂਡੂ ਦਾਈਆਂ ਰਾਹੀਂ ਹੀ ਪੈਦਾ ਹੁੰਦੇ, ਐਕਸੀਡੈਂਟ ਹੋ ਜਾਣ ਤੇ ਕਦੇ ਅਧੁਨਿਕ ਹਸਪਤਲਾਂ ਦੀ ਵਰਤੋਂ ਨਾ ਕਰਦਾ ਸਗੋਂ ਦੇਸੀ ਹਕੀਮਾਂ ਤੋਂ ਹੀ ਇਲਾਜ ਕਰਾਉਂਦਾ ਅਤੇ ਅਪ੍ਰੇਸ਼ਨ ਵੱਲ ਮੂੰਹ ਨਾਂ ਕਰਦਾ, ਸਰੀਰ ਤਿਆਗਣ ਤੋਂ ਬਾਅਦ ਕੇਵਲ ਲੱਕੜਾਂ ਨਾਲ ਹੀ ਸਰੀਰ ਦਾ ਦਾਹ ਸਸਕਾਰ ਕਰਦਾ ਲੋੜ ਪੈਣ ਤੇ ਵੀ ਕਦੇ ਬਿਜਲੀ ਦੀ ਭੱਠੀ ਦੀ ਵਰਤੋਂ ਨਾ ਕਰਦਾ ਜੋ ਅੱਜ ਵਿਦੇਸ਼ਾਂ ਵਿਖੇ ਕਰ ਰਿਹਾ ਹੈ। ਕਦੇ ਭੁੱਲੇ ਕੇ ਵੀ ਅੱਜ ਦੇ ਮੀਡੀਏ ਅਖਬਾਰਾਂ, ਰਸਾਲਿਆਂ, ਰੇਡੀਓ, ਟੇਪ ਰਿਕਾਰਡ, ਸੀਡੀਆਂ, ਡੀ. ਵੀ. ਡੀ ਮੂਵੀਆਂ, ਟੀ. ਵੀ. ਇੰਟ੍ਰਨੈੱਟ ਆਦਿਕ ਦੀ ਵਰਤੋਂ ਨਾਂ ਕਰਦਾ। ਸੋ ਗੁਰਮਤਿ ਕੇਵਲ ਪਿਛਾਂਹ ਖਿੱਚੂ ਅਤੇ ਪੁਰਾਤਨਵਾਦ ਦੀ ਹਾਮੀ ਨਹੀਂ ਸਦਾ ਹੀ ਅਧੁਨਿਕ ਰਹੀ ਹੈ ਅਤੇ ਰਹੇਗੀ, ਜਿਵੇਂ ਪਾਣੀ ਵਗਦਾ ਹੀ ਸਾਫ ਰਹਿੰਦਾ ਹੈ ਰੁਕਿਆ ਖਰਬ ਹੋ ਜਾਂਦਾ ਹੈ ਇਵੇਂ ਗੁਰਮਤਿ ਚੜ੍ਹਦੀ ਕਲਾ ਦੀਆਂ ਪੁਲਾਂਗਾਂ ਪੁਟਦੀ ਹੋਈ ਵਗਦੇ ਪਾਣੀ ਦੀ ਤਰਾਂ ਸਦਾ ਹੀ ਸਾਫ ਰਹੇਗੀ ਨਾ ਕਿ ਕਰਮਕਾਂਡਾਂ, ਵਹਿਮਾਂ ਭਰਮਾਂ ਅਤੇ ਭੇਖਾਂ-ਪਾਰਟੀਆਂ ਅਤੇ ਜਾਤਾਂ-ਪਾਤਾਂ ਦੀ ਦਲਦਲ ਵਿੱਚ ਹੀ ਘਿਰੀ ਰਹੇਗੀ। ਜੇ ਮੇਰਾ ਸਾਹਿਬ ਨੀਤ ਨਵਾਂ ਹੈ-ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ॥ (ਪੰਨਾ-660) ਤਾਂ ਗੁਰਮਤਿ ਨੀਤ ਨਵੀਂ ਅਧੁਨਿਕ ਕਿਉਂ ਨਹੀਂ ਹੋ ਸਕਦੀ? ਗੁਰਮਤਿ ਦਾ ਮਤਲਵ ਹੀ ਅਧੁਨਿਕ ਹੈ। ਗੁਰੂ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰਨ ਦਾ ਨਾਂ ਹੈ ਫਿਰ ਗੁਰੂ ਦੀ ਮਤਿ ਕਿਵੇਂ ਸਦਾ ਅੰਧੇਰੇ ਵਿੱਚ ਠੇਡੇ ਖਾ ਸਕਦੀ ਹੈ? ਲੋੜ ਜੀਵਨ ਸੁਚੱਜੇ ਢੰਗ ਨਾਲ ਜੀਣ ਤੇ ਸਫਲ ਕਰਨ ਅਤੇ ਵਿਨਾਸ਼ਕਾਰੀ ਤੇ ਲਚਰ ਕਲਚਰ ਤੋਂ ਬਚਣ ਦੀ ਹੈ ਨਾ ਕਿ ਅਧੁਨਿਕਤਾ ਤਾ ਵਿਰੋਧ ਕਰਨ ਦੀ। ਖੋਜ ਕਰਨ ਵਾਲੇ ਹੀ ਤਰੱਕੀ ਕਰਦੇ ਹਨ ਅਤੇ ਬਾਦੀ ਝਗੜੇ ਤੇ ਵਿਰੋਧ ਕਰਨ ਵਾਲੇ ਸਦਾ ਬਿਨਸਦੇ ਹਨ, ਵਿਨਾਸ਼ ਹੁੰਦੇ ਹਨ ਭਾਵ ਜੀਵਨ ਰਸਤੇ ਦਾ ਰੋੜਾ ਬਣਦੇ ਹਨ। ਗੁਰ ਫੁਰਮਾਨ ਹੈ-ਖੋਜੀ ਉਪਜੈ ਬਾਦੀ ਬਿਨਸੈ॥ (ਪੰਨਾ-1255) ਗੁਰਮਤਿ ਖੋਜ ਦਾ ਮਾਰਗ ਹੈ ਖੋਜ ਸਦਾ ਹੀ ਅਧੁਨਿਕ ਹੈ ਨਾ ਕਿ ਅਧੁਨਿਕਤਾ ਦੀ ਵਿਰੋਧੀ। ਇਹ ਹੈ ਗੁਰਮਤਿ ਅਤੇ ਗੁਰਮਤਿ ਦੀ ਅਧੁਨਿਕਤਾ ਪਰ-ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ॥ (ਪੰਨਾ-94)




.