.

ਸ੍ਰ. ਹਰਦਿਆਲ ਸਿੰਘ ਹੀਰਾ ਵਲੋਂ, ਵਿਨੀਪੈਗ ਰੈਡੀਓ ਤੇ ਕੂੜ ਦਾ ਪ੍ਰਚਾਰ

ਮਹਾਨ ਕੋਸ਼ ਦੇ ਪੰਨਾ 416 ਮੁਤਾਬਕ ਬਾਬਾ ਗੁਰਦਿੱਤਾ ਜੀ ਕਤਕ ਸੁਦੀ 15 ਸੰਮਤ 1670 ਨੂੰ ਪੈਦਾ ਹੋਏ ਅਤੇ ਮਹਾਨ ਕੋਸ ਦੇ ਪੰਨਾ 251 ਮੁਤਾਬਕ ਸ੍ਰੀ ਚੰਦ 15 ਅੱਸੂ 1699 ਮਰ ਗਏ। ਸਿੱਖ ਸਵਰਗ ਨਹੀ ਸਿਧਾਰਦੇ। ਕਿਉਂਕਿ ਸਿੱਖਾਂ ਨੂੰ ਸਵਰਗ ਦੀ ਲਾਲਸਾ ਵੀ ਨਹੀ ਤੇ ਸਿੱਖੀ ਮੁਤਾਬਕ ਕੋਈ ਕਿਧਰੇ ਸਵਰਗ ਹੈ ਹੀ ਨਹੀ। ਜੇ ਸਵਰਗ ਹੈ ਤਾਂ ਉਹ ਸਾਧਸੰਗਤ ਵਿੱਚ ਹੈ ਜਿਥੇ ਸੱਚੇ ਗੁਣਾਂ ਦੀ ਵੀਚਾਰ ਕੀਤੀ ਜਾ ਰਹੀ ਹੁੰਦੀ ਹੈ ਨਾ ਕਿ ਕਿਸੇ ਅਖੋਤੀ ਸੰਤ ਦੇ ਗੋਡਿਆਂ ਕੋਲ। ਗਿਆਨੀ ਹੀਰਾ ਸਿੰਘ ਜੀ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਤੁਸੀਂ ਇਨ੍ਹਾਂ ਥਿਤਾਂ ਨੂੰ ਗਲਤ ਕਰ ਸਕਦੇ ਹੋ? ਨਹੀ। ਫਿਰ ਤੁਸੀਂ ਕਿਸ ਅਧਾਰ ਤੇ ਬਾਬਾ ਸ੍ਰੀ ਚੰਦ ਨੂੰ ਬਾਬਾ ਮੋਹਨ ਜੀ ਦੀ ਬਾਂਹ ਛੇਵੇਂ ਗੁਰੂ ਫੜਾਉਂਦੇ ਰੈਡੀਓ ਤੇ ਪੁਕਾਰ ਪੁਕਾਰ ਕੇ ਕਹਿੰਦੇ ਹੋ? ਇਹ ਬ੍ਰਾਹਮਣੀ ਕਹਾਣੀ ਹੈ ਕਿ ਗੁਰੂ ਦਾ ਪੁਤਰ ਮਰ ਜਾਏ ਕੋਈ ਗੱਲ ਨਹੀ ਪਰ ਪੰਡਿਤ ਦਾ ਪੁਤਰ ਜਿਉਂਦਾ ਰਹਿਣਾ ਚਾਹੀਦਾ ਹੈ। ਇਹ ਕਹਾਣੀਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਾਢ ਹਨ ਕ੍ਰਿਪਾ ਕਰਕੇ ਸਿੱਖ ਸੰਗਤਾਂ ਵਿੱਚ ਕੂੜ ਦਾ ਪ੍ਰਚਾਰ ਨਾ ਕਰੋ।

ਗੁਰੂ ਨਾਨਕ ਸਾਹਿਬ ਦੀ ਵੀਚਾਰਧਾਰਾ ਅਨੁਸਾਰ ਕਿਸੇ ਗੁਰੂ ਪੀਰ ਨੇ ਆਪਣੀ ਬਿੰਦੀ ਸੰਤਾਨ ਨੂੰ ਕੋਈ ਮਹੱਤਤਾ ਨਹੀ ਦਿੱਤੀ। ਜੋ ਗੁਰੂ ਦੀ ਮੱਤ ਦੇ ਧਾਰਨੀ ਹਨ ਓਹ ਹੀ ਗੁਰੂ ਦੀ ਬਿੰਦੀ ਸੰਤਾਨ ਹਨ। ਅੱਜ ਤੁਸੀਂ ਬਾਰ ਬਾਰ ਕਿਉਂ ਸ੍ਰੀ ਚੰਦ ਨੂੰ ਸਾਡੇ ਗਲ ਮੜ੍ਹਨ ਦੀ ਰੱਟ ਲਾਈ ਹੋਈ ਹੈ? ਸਿੱਖਾਂ ਕਦੀ ਸ੍ਰੀ ਚੰਦ ਦਾ ਜਨਮ ਪੁਰਬ ਨਹੀ ਸੀ ਮਨਾਇਆ ਪਰ ਦਿੱਲ੍ਹੀ ਵਾਲੇ ਬਾਬੇ ਵਿਰਸਾ ਸਿੰਘ ਨੇ ਇਹ ਕੰਮ ਸ਼ੁਰੂ ਕਰਕੇ ਸਿੱਖਾਂ ਵਿੱਚ ਉਦਾਸੀ ਮੱਤ ਦੀ ਮਹੱਤਤਾ ਵਧਾਉਣ ਦਾ ਪੁਰਜੋਰ ਕੰਮ ਕੀਤਾ ਹੈ ਤਾਂਕਿ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਿਆ ਜਾ ਸਕੇ। ਜੋ ਨਿੰਦਣ ਯੋਗ ਹੈ। ਪੰਜਾਬ ਮੁੱਖ ਮੰਤਰੀ ਸ੍ਰੀ ਚੰਦ ਦੇ ਜਨਮ ਉਤਸਵ ਦੀ ਸਰਕਾਰੀ ਛੁੱਟੀ ਐਲਾਣ ਕਰ ਰਹੇ ਹਨ। ਲੋਹੜਾ ਜਹਾਨ ਦਾ।

ਬ੍ਰਹਮਗਿਆਨੀ ਕਉ ਖੋਜਹਿ ਮਹੇਸੁਰ॥ ਨਾਨਕ ਬ੍ਰਹਮਗਿਆਨੀ ਆਪਿ ਪਰਮੇਸੁਰ॥ 6॥ {ਪੰਨਾ 273}

ਬ੍ਰਹਮਗਿਆਨੀ ਕੀ ਗਤਿ ਬ੍ਰਹਮਗਿਆਨੀ ਜਾਨੈ॥ ਇਸ ਪੰਗਤੀ ਮੁਤਾਬਕ ਗਿਆਨੀ ਹੀਰਾ ਸਿੰਘ ਜੀ ਬ੍ਰਹਮਗਿਆਨੀ ਨੂੰ ਤਾਂ ਬ੍ਰਹਮਗਿਆਨੀ ਹੀ ਪਛਾਣ ਸਕਦਾ ਹੈ। ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਕੀ ਤੁਸੀਂ ਵੀ ਬ੍ਰਹਮਗਿਆਨੀ ਹੀ ਹੋ ਜਾਂ ਨਹੀ?

ਬ੍ਰਹਮਗਿਆਨੀ ਕਾ ਅੰਤੁ ਨ ਪਾਰੁ॥ ਨਾਨਕ ਬ੍ਰਹਮਗਿਆਨੀ ਕਉ ਸਦਾ ਨਮਸਕਾਰੁ॥ 7॥ {ਪੰਨਾ 273}

ਬ੍ਰਹਮਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮਗਿਆਨੀ ਸਦ ਜੀਵੈ ਨਹੀ ਮਰਤਾ॥ ਬ੍ਰਹਮਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥ ਬ੍ਰਹਮਗਿਆਨੀ ਪੂਰਨ ਪੁਰਖੁ ਬਿਧਾਤਾ॥ ਬ੍ਰਹਮਗਿਆਨੀ ਅਨਾਥ ਕਾ ਨਾਥੁ॥ ਬ੍ਰਹਮਗਿਆਨੀ ਕਾ ਸਭ ਊਪਰਿ ਹਾਥੁ॥ ਬ੍ਰਹਮਗਿਆਨੀ ਕਾ ਸਗਲ ਅਕਾਰੁ॥ ਬ੍ਰਹਮਗਿਆਨੀ ਆਪਿ ਨਿਰੰਕਾਰੁ॥ ਗਿਆਨੀ ਹੀਰਾ ਸਿੰਘ ਜੀ ਤੁਸੀਂ ਹਰ ਵਾਰ ਰੈਡੀਓ ਤੇ ਇਹ ਰਟ ਲਾਈ ਹੁੰਦੀ ਹੈ ਕਿ ਬਾਬਾ ਨੰਦ ਸਿੰਘ ਜੀ ਬ੍ਰਹਮ ਗਿਆਨੀ ਸਨ, ਈਸ਼ਰ ਸਿੰਘ ਰਾੜੇ ਵਾਲੇ ਬ੍ਰਹਮਗਿਆਨੀ ਸਨ, ਗੁਰਬਚਨ ਸਿੰਘ ਭਿੰਡਰਾਂ ਵਾਲੇ ਬ੍ਰਹਮਗਿਆਨੀ ਸਨ। ਗਿਆਨੀ ਹੀਰਾ ਸਿੰਘ ਜੀ ਇਹ ਸੰਤ/ਸਾਧ ਕਿਥੇ ਹਨ? ਬ੍ਰਹਮਗਿਆਨੀ ਸਦ ਜੀਵੈ ਨਹੀ ਮਰਤਾ॥ ਇਨ੍ਹਾਂ ਪੰਗਤੀਆਂ ਮੁਤਾਬਕ ਤਾਂ ਇਹ ਸਾਧ/ਸੰਤ ਮਰਨੇ ਨਹੀ ਚਾਹੀਦੇ। ਇਹ ਤਾਂ ਹਮੇਸ਼ਾਂ ਜਿਉਂਦੇ ਰਹਿਣੇ ਚਾਹੀਦੇ ਹਨ ਕਿਉਂਕਿ ਗੁਰਬਾਣੀ ਕਹਿ ਰਹੀ ਹੈ। ਫਿਰ ਇਹ ਦੱਸੋ ਕਿ ਤੁਹਾਡੇ ਬ੍ਰਹਮਗਿਆਨੀ ਕਿਥੇ ਹਨ? ਜਿਨ੍ਹਾਂ ਨੇ ਪੱਗਾਂ ਬੱਧੀਆਂ ਗੋਲ, ਤੇ ਲੱਤਾਂ ਰੱਖੀਆਂ ਨੰਗੀਆਂ ਤੇ ਚਿੱਟੇ ਪਾਏ ਚੋਲੇ ਉਨ੍ਹਾਂ ਨੂੰ ਅਸੀਂ ਬ੍ਰਹਮਗਿਆਨੀ ਦਾ ਖਿਤਾਬ ਦੇ ਰਹੇ ਹਾਂ ਜਦੋਂ ਕਿ ਸਾਨੂੰ ਕਿਸੇ ਬ੍ਰਹਮ ਦਾ ਇਲਮ ਹੀ ਨਹੀ। ਇਸ ਕਰਕੇ ਇਹ ਝੂਠ ਤਾਂ ਹੋਣਾ ਹੀ ਹੈ।

ਬ੍ਰਹਮਗਿਆਨੀ ਕੀ ਸੋਭਾ ਬ੍ਰਹਮਗਿਆਨੀ ਬਨੀ॥ ਨਾਨਕ ਬ੍ਰਹਮਗਿਆਨੀ ਸਰਬ ਕਾ ਧਨੀ॥ 8॥ 8॥ {ਪੰਨਾ 273-274} ਉਪਰ ਲਿਖੀ ਬਾਣੀ ਮੁਤਾਬਕ ਤਾਂ ਸ੍ਰੀ ਚੰਦ ਨੂੰ ਸਾਰੀ ਦੁਨੀਆ ਦਾ ਕਰਤਾ ਹੋਣਾ ਚਾਹੀਦਾ ਹੈ ਪਰ ਉਨ੍ਹਾਂ ਨੇ ਤਾਂ ਇੱਕ ਵੀ ਬੱਚਾ ਪੈਦਾ ਨਹੀ ਕੀਤਾ। ਗੁਰਬਾਣੀ ਮੁਤਾਬਕ ਕੋਈ ਮਨੁੱਖ ਬਾਲ ਜਤੀ ਵੀ ਨਹੀ ਹੋ ਸਕਦਾ ਕਿਉਂਕਿ ਵੀਰਜ ਤਾਂ ਜਵਾਨੀ ਵਿੱਚ ਸੁਪਨੇ ਵਿੱਚ ਹੀ ਗਿਰ ਜਾਂਦਾ ਹੈ। ਤੇ ਬਾਣੀ ਇਹ ਵੀ ਲਿਖਦੀ ਹੈ ਕਿ ਜੇ ਕਰ ਕਦੇ ਕਿਸੇ ਵਿਧੀ ਕਰਕੇ ਵੀਰਜ ਰੋਕ ਹੀ ਲਿਆ ਜਾਵੇ ਤਾ ਪਰਮਗਤ ਖੁਸਰੇ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਖੁਸਰੇ ਦਾ ਵੀਰਜ ਗਿਰਦਾ ਹੀ ਨਹੀ।

ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ 3॥ ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥ 4॥ 4॥ {ਪੰਨਾ 324}

ਗੱਲ ਵੀਰਜ ਨੂੰ ਰੋਕ ਕੇ ਤਰਣ ਦੀ ਨਹੀ ਸਗੋਂ ਸੱਚ ਨਾਲ ਜੁੜ ਕੇ ਤਰਣ ਦੀ ਹੈ। ਵੀਰਜ ਦਾ ਗਿਰਣਾ ਕੁਦਰਤੀ ਹੈ ਤੇ ਗੁਰੂ ਸਾਹਿਬਾਨ ਨੇ ਕਿਸੇ ਵੀ ਕੁਦਰਤੀ ਨਿਯਮ ਦੀ ਉਲੰਘਣਾ ਨਹੀ ਕੀਤੀ। ਇਸ ਕਰਕੇ ਸਾਰੇ ਗੁਰੂ ਸਾਹਿਬਾਨ, ਜੋ ਉਮਰ ਮੁਤਾਬਕ ਯੋਗ ਸਨ, ਵਿਆਹੇ ਹੋਏ ਸਨ। ਇਸ ਕਰਕੇ ਹੀ ਗੁਰੂ ਨਾਨਕ ਸਾਹਿਬ ਅਗਲਾ ਫੈਸਲਾ ਕਰਦੇ ਹਨ।

ਜਤਨ ਕਰੈ ਬਿੰਦੁ ਕਿਵੈ ਨ ਰਹਾਈ॥ ਮਨੂਆ ਡੋਲੈ ਨਰਕੇ ਪਾਈ॥ ਜਮ ਪੁਰਿ ਬਾਧੋ ਲਹੈ ਸਜਾਈ॥ ਬਿਨੁ ਨਾਵੈ ਜੀਉ ਜਲਿ ਬਲਿ ਜਾਈ॥ 5॥ ਪੰਨਾ 906॥

ਗਿਆਨੀ ਹੀਰਾ ਜੀ ਤੁਸੀਂ ਤਾਂ ਇਹ ਕਹਿਣੋ ਵੀ ਗੁਰੇਜ ਨਹੀ ਕਰਦੇ ਕਿ ਗੁਰਬਾਣੀ ਕਿਤੇ ਕਿਸੇ ਗੱਲ ਦਾ ਖੰਡਨ ਕਰਦੀ ਹੈ ਤੇ ਕਿਤੇ ਉਸੇ ਗੱਲ ਮੰਡਨ ਵੀ ਕਰਦੀ ਹੈ। ਇਸਦਾ ਮਤਲਬ ਤੁਹਾਨੀ ਪਤਾ ਹੈ ਕਿ ਕੀ ਨਿਕਲਦਾ ਹੈ? ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਗੁਰੂ ਦਾ ਕੋਈ ਸਿਧਾਂਤ ਨਹੀ। ਗੁਰੂ ਐਵੇ ਅਟੇ-ਸਟੇ ਨਾਲ ਕਦੇ ਕੁੱਝ ਤੇ ਕਦੇ ਕੁੱਝ ਕਹੀ ਜਾ ਰਿਹਾ ਹੈ। ਹਰਦਿਆਲ ਸਿੰਘ ਹੀਰਾ ਜੀ ਇਹ ਗੁਰੂ ਸਾਹਿਬਾਨ ਦੀ ਘੋਰ ਨਿਰਾਦਰੀ ਹੈ। ਨਾਲੋ ਨਾਲ ਇਹ ਕਹਿ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਐਵੇਂ ਮਾਮੂਲੀ ਜਿਹੀ ਪੁਸਤਕ ਨਾਲੋਂ ਵੀ ਘਟਾ ਕੇ ਪੇਸ਼ ਕਰ ਰਹੇ ਹੋ। ਇਸ ਗੱਲ ਦਾ ਖਿਆਲ ਰੱਖਣਾ ਕਿ ਸਿੱਖ ਸੰਗਤਾਂ ਇਸ ਗੱਲ ਨੂੰ ਕਦੀ ਵੀ ਬਰਦਾਸ਼ਤ ਨਹੀ ਕਰਨਗੀਆਂ ਕਿ ਗੁਰੂ ਗ੍ਰੰਥ ਸਾਹਿਬ ਕਿਸੇ ਮਾਮੂਲੀ ਜਿਹੀ ਪੁਸਤਕ ਨਾਲੋਂ ਵੀ ਘੱਟ ਹਨ। ਇਹ ਮੈਂ ਇਸ ਕਰਕੇ ਲਿਖ ਰਿਹਾ ਹਾਂ ਕਿਉਂਕਿ ਆਮ ਸਧਾਰਣ ਵਿਆਕਤੀ ਵੀ ਆਪਣੀ ਲੇਖਣੀ ਵਿੱਚ ਇਹ ਅਸੂਲ ਨਹੀ ਅਪਣਾਉਂਦਾ। ਉਹ ਵੀ ਆਪਣੇ ਵਿਰੋਧੀ ਵਿਚਾਰਧਾਰਾ ਵਾਲੇ ਖਿਆਲਾਂ ਦੀ ਹਾਮੀ ਨਹੀ ਭਰਦਾ ਤੇ ਗੁਰੂ ਸਾਹਿਬਾਨ ਤਾਂ ਸਾਡੇ ਨਾਲੋਂ ਕਿਤੇ ਸਿਆਣੇ ਹਨ ਜਿਹੜੇ ਉਸ ਵਕਤ, ਜਦੋਂ ਉਨ੍ਹਾਂ ਕੋਲ ਕੋਈ ਸਾਇੰਸ ਦੀ ਦੂਰਬੀਨ ਵੀ ਨਹੀ, ਲਿਖਦੇ ਹਨ:

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥

(ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥ 35॥

(ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ। 35.

ਚਾਰਿ ਬੇਦ ਚਾਰੇ ਖਾਣੀ॥ ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ॥ 1॥ ਕਰਣੈਹਾਰਾ ਬੂਝਹੁ ਰੇ॥ ਸਤਿਗੁਰੁ ਮਿਲੈ ਤ ਸੂਝੈ ਰੇ॥ 1॥ ਰਹਾਉ॥ ਪੰਨਾ 1003॥

ਇਨ੍ਹਾਂ ਪੰਗਤੀਆ ਵਿੱਚ ਹਿੰਦੂਆਂ ਦੇ ਚਾਰੇ ਵੇਦਾਂ ਤੇ ਚਾਰੇ ਖਾਣੀਆ ਦਾ ਹਵਾਲਾ ਦੇ ਕੇ ਗੁਰੂ ਜੀ ਇਹ ਨਹੀ ਕਹਿ ਰਹੇ ਕਿ ਖਾਣੀਆਂ ਇਨ੍ਹੀਆਂ ਹੀ ਹਨ ਸਗੋਂ ਇਹ ਕਹਿ ਰਹੇ ਹਨ ਕਿ ਇਹ ਸਾਰਾ ਕੁੱਝ ਉਸ ਕਰਤੇ ਨੇ ਕੀਤਾ ਹੈ। ਇੰਗਲੈਂਡ ਵਾਲਿਆਂ ਨੇ ਇੱਕ ਸੈਲ ਤੋਂ ਡੋਲੀ ਨਾਮ ਦੀ ਭੇਡ ਤਿਆਰ ਕਰਕੇ ਆਪਣੀ ਰਾਣੀ ਨੂੰ ਕਿਹਾ ਸੀ ਕਿ ਤੇਰੇ ਸੈਲ ਤੋਂ ਇੱਕ ਹੋਰ ਇਲਿਜ਼ਾਬਿਥ ਪੈਦਾ ਕਰ ਸਕਦੇ ਹਾਂ। ਇਸ ਵਿਧੀ ਨੂੰ ਕਲੋਨਿੰਗ ਕਹਿੰਦੇ ਹਨ। ਅਮੀਬਾ ਨਾਮ ਦਾ ਪਾਣੀ ਦਾ ਜਾਨਵਰ ਹੈ ਉਸਦਾ ਕੋਈ ਵੀ ਅੰਗ ਤੋੜ ਕਿ ਪਾਣੀ ਵਿੱਚ ਉਸ ਦਿਓ ਇੱਕ ਹੋਰ ਜਾਨਵਰ ਉਸੀ ਤਰ੍ਹਾਂ ਦਾ ਬਣ ਜਾਵੇਗਾ। ਇਸ ਕਰਕੇ ਉਤਪਤੀ ਦੇ ਛੇ ਤਰੀਕਿਆਂ ਦਾ ਤਾਂ ਮੈਨੂੰ ਹੀ ਪਤਾ ਹੈ। ਇਸ ਤਰ੍ਹਾਂ ਕਰਕੇ ਹਿੰਦੂਆਂ ਦੇ ਉਤਪਤੀ ਦੇ ਤਰੀਕਿਆਂ ਦੀ ਗਿਣਤੀ ਗਲਤ ਹੋ ਗਈ। ਗਿਆਨੀ ਹੀਰਾ ਜੀ ਗੁਰੂ ਜੀ ਨੇ ਸਿਰਫ ਤੇ ਸਿਰਫ ਇੱਕ ਹੀ ਗਿਣਤੀ ਦੀ ਗੱਲ ਕੀਤੀ ਹੈ ਕਿ ਅਕਾਲ ਪੁਰਖ ਇੱਕ ਹੈ। ਇਸ ਤੋਂ ਬਾਅਦ ਉਹ ਗਿਣਤੀ ਵਿੱਚ ਪੈਂਦੇ ਹੀ ਨਹੀ ਕਿਉਂਕਿ ਗਿਣਤੀ ਕਿਸੇ ਸਮੇਂ ਵੀ ਗਲਤ ਹੋ ਸਕਦੀ ਹੈ।

ਜੇ ਬਾਬਾ ਨੰਦ ਸਿੰਘ ਜੀ ਦੇ ਫਿਰੋਜ਼ਪੁਰ ਵਾਲੇ ਜੰਗਲੀ ਇਲਾਕੇ ਦੇ ਤਪ ਦੀ ਗੱਲ ਕਰਨੀ ਹੈ ਤਾਂ ਆਓ ਦਿੱਲ੍ਹੀ ਵਿੱਚ ਕਰੋੜਾਂ ਦੀ ਤੈਦਾਦ ਵਿੱਚ ਭੁਖੇ ਨੰਗੇ ਲੋਕਾਂ ਦੀ ਗੱਲ ਕਰੀਏ। ਬਾਬਾ ਨੰਦ ਸਿੰਘ ਜੀ ਛੇ ਦਿਨ ਭੁਖੇ ਜੰਗਲ ਵਿੱਚ ਲੱਕੜਾਂ ਚੁਣ ਚੁਣ ਕੇ, ਕਮਾਈ ਕਰਕੇ ਆਪਣੀ ਰੋਟੀ ਕਮਾਉਂਦੇ ਤੇ ਖਾਦੇ ਹਨ। ਇੱਕ ਹੋਰ ਸੰਤ ਡੋਲਣ ਲੱਗਦਾ ਹੈ ਤੇ ਬਾਬਾ ਨੰਦ ਸਿੰਘ ਜੀ ਇਹ ਕਹਿੰਦੇ ਹਨ ਕਿ ਥੋੜਾ ਸਬਰ ਕਰ ਤੇ ਆਖਰ ਨੂੰ ਸੱਤਵੇਂ ਦਿਨ ਗੁਰੂ ਨਾਨਕ ਸਾਹਿਬ ਇਨ੍ਹਾਂ ਨੂੰ ਪ੍ਰਗਟ ਹੋ ਕੇ ਦਿਖਾਈ ਦਿੰਦੇ ਹਨ। ਦਿੱਲ੍ਹੀ ਦੀਆਂ ਸੜਕਾ ਤੇ ਪੀੜ੍ਹੀ ਦਰ ਪੀੜ੍ਹੀ ਭੂਖੇ ਨੰਗੇ ਸੌਣ ਵਾਲਿਆ ਲੋਕਾਂ ਨੇ ਕੀ ਬਾਬਾ ਨੰਦ ਸਿੰਘ ਜੀ ਨਾਲੋਂ ਕਮਾਈ ਘੱਟ ਕੀਤੀ ਹੈ? ਗੁਰੂ ਨਾਨਕ ਸਾਹਿਬ ਇਨ੍ਹਾਂ ਦੀ ਰੱਖਿਆ ਲਈ ਕਿਉਂ ਨਹੀ ਆਉਂਦੇ? ਦੂਸਰੇ ਪਾਸੇ ਇਹ ਲੋਕ ਆਪਣੀ ਕਿਤਾਬ ‘ਸਮੱਸਤ ਇਲਾਹੀ ਜੋਤ ਬਾਬਾ ਨੰਦ ਸਿੰਘ ਜੀ ਮਹਾਰਾਜ (ਕਲੇਰਾਂ ਵਾਲੇ) ਭਾਗ ਪਹਿਲਾ’ ਦੇ ਪੰਨਾ 73 ਤੇ ਲਿਖਦੇ ਹਨ "ਇਹ ਜਿਉਂਦਾ, ਜਾਗਦਾ, ਬੋਲਦਾ ਗੁਰੂ ਨਾਨਕ ਹੈ" ਤੇ ਪੰਨਾ 65 "ਇਹ ਜਿਉਂਦਾ ਜਗਦਾ ਬੋਲਦਾ ਗੁਰੂ ਨਾਨਕ ਹੈ" ਬਾਬਾ ਨੰਦ ਸਿੰਘ ਜੀ ਮਹਾਰਾਜ। ਜੇ ਇਹ ਬਚਨ ਸੱਚੇ ਹਨ ਤਾ ਫਿਰ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਰੂਪ ਵਿੱਚ ਦਰਸਨ ਕਰਨ ਦੀ ਲੋੜ ਹੀ ਨਹੀ ਰਹਿ ਜਾਂਦੀ। ਦੱਸੋ ਹੁਣ ਸੱਚ ਕਿਸ ਨੂੰ ਮੰਨੀਏ?

ਇਸੇ ਹੀ ਕਿਤਾਬ ਦੇ ਪੰਨਾ 23 ਤੇ ਰੂਹਾਨੀ ਵਡਿਆਈਆਂ ਸਿਰਲੇਖ ਥੱਲੇ ਇਹ ਲਿਖਾਰੀ ਜੀ ਲਿਖਦੇ ਹਨ: "ਅਸੀਂ ਪਹਿਲਾਂ ਦੱਸ ਚੁਕੇ ਹਾਂ ਕਿ ਸਤਿ ਪੁਰਖ ਬਾਬਾ ਜੀ ਨੂੰ ਦੁਨਿਆਵੀ ਲੋੜਾਂ ਅਤੇ ਸੁਖ ਸਹੂਲਤਾਂ ਦੀ ਕੋਈ ਪ੍ਰਵਾਹ ਨਹੀ ਸੀ। ਇਹ ਬੜੀ ਅਜੀਬ ਗੱਲ ਹੈ ਕਿ ਉਹ ਹਫਤੇ ਵਿੱਚ ਇੱਕ ਵਾਰ ਦੁੱਧ ਅਤੇ ਸਾਲ ਵਿੱਚ ਇਕ-ਅੱਧ ਪ੍ਰਸ਼ਾਦਾ ਹੀ ਛੱਕਦੇ ਸਨ"। ਅਤੇ ਇਸੇ ਹੀ ਕਿਤਾਬ ਦੇ ਪੰਨਾ 18 ਤੇ ਇਹੀ ਲਿਖਾਰੀ ਪਵਿਤਰ ਨਦਰ ਅਤੇ ਛੁਹ ਦੇ ਸਿਰਲੇਖ ਮਾਲਾ ਸਿੰਘ ਕੋਲੋਂ ਬਾਬਾ ਨੰਦ ਸਿੰਘ ਜੀ ਨੂੰ ਹਰ ਰੋਜ਼ ਦੁੱਧ ਪਹੁੰਚਾਣ ਦੀ ਸੇਵਾ ਕਰਦਿਆਂ ਦਿਖਾਉਂਦਾ ਹੈ। ਗਿਆਨੀ ਹੀਰਾ ਜੀ ਇਹ ਕਿਤਾਬ ਬ੍ਰਗੇਡੀਅਰ ਪ੍ਰਤਾਪ ਸਿੰਘ ਜਸਪਾਲ ਹੋਰਾਂ ਦੀ ਲਿਖੀ ਹੈ। ਤੁਸੀਂ ਇਸ ਤੋਂ ਵਾਕਿਫ ਹੋਵੋਗੇ। ਇਸ ਵਿਚੋਂ ਸੱਚ ਕਿਸ ਨੂੰ ਮੰਨੀਏ? ਸੱਚ ਹੈ ਹੀ ਨਹੀ ਤਾਂ ਮੰਨਣਾ ਕਿਸ ਨੂੰ ਹੈ। ਇਸ ਤਰ੍ਹਾਂ ਭੁਖੇ ਰਹਿ ਕੇ ਪ੍ਰਮਾਤਮਾ ਦੀ ਪ੍ਰਾਪਤੀ ਬਾਰੇ ਗੁਰੂ ਗ੍ਰੰਥ ਸਾਹਿਬ ਦਾ ਕੀ ਫੁਰਮਾਣ ਹੈ:

ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ ਜਗ ਮਹਿ ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥ 3॥ ਅੰਨੈ ਬਿਨਾ ਨ ਹੋਇ ਸੁਕਾਲੁ॥ ਤਜਿਐ ਅੰਨਿ, ਨ ਮਿਲੈ ਗੁਪਾਲੁ॥ ਕਹੁ ਕਬੀਰ, ਹਮ ਐਸੇ ਜਾਨਿਆ॥ ਧੰਨੁ ਅਨਾਦਿ, ਠਾਕੁਰ ਮਨੁ ਮਾਨਿਆ॥ 4॥ 8॥ 11॥ {ਪੰਨਾ 873}

ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ, ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ । (ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿੱਚ ਆਖਦੇ ਫਿਰਦੇ ਹਨ, ਅਸੀ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ, ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ । 3.

ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ । ਹੇ ਕਬੀਰ ! (ਬੇਸ਼ੱਕ) ਆਖ—ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ । 4. 8. 11.

ਹੁਣ ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ), ਉਹਨਾਂ ਨੂੰ ਪਰਮਾਤਮਾ ਮਿਲਦਾ ਹੈ 

ਗੋਂਡ॥ ਧੰਨੁ ਗੁਪਾਲ, ਧੰਨੁ ਗੁਰਦੇਵ॥ ਧੰਨੁ ਅਨਾਦਿ, ਭੂਖੇ ਕਵਲੁ ਟਹਕੇਵ॥ ਧਨੁ ਓਇ ਸੰਤ ਜਿਨ ਐਸੀ ਜਾਨੀ॥ ਤਿਨ ਕਉ ਮਿਲਿਬੋ ਸਾਰਿੰਗਪਾਨੀ॥ 1॥

: — (ਹੇ ਭਾਈ !) ਅੰਨ (ਜਿਸ ਨੂੰ ਤਿਆਗਣ ਵਿੱਚ ਤੁਸੀ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ, ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ । 1. ਰਹਾਉ।

ਬਾਲ ਅਵਸਥਾ ਦੀਆਂ ਝਲਕੀਆਂ ਪੰਨਾ 5. ਬਾਬਾ ਨੰਦ ਸਿੰਘ ਜੀ ਜਨਮ ਤੋਂ ਹੀ ਭਗਤੀ ਕਰਦੇ ਹੁੰਦੇ ਸਨ ਇੱਕ ਦਿੱਨ ਅੱਧੀ ਰਾਤ ਨੂੰ ਬਾਬਾ ਜੀ ਖੁਹ ਦੀ ਮੌਣ ਦੇ ਬੈਠ ਕੇ ਭਗਤੀ ਕਰ ਰਹੇ ਸਨ। ਬਾਬ ਨੰਦ ਸਿੰਘ ਦੇ ਮੁਖਾਰ ਬਿੰਦ ਤੋਂ ਇਹ ਵੀ ਕਹਾਇਆ ਗਿਆ ਹੈ ਕਿ ਬਾਬਾ ਫਰੀਦ ਜੀ ਬਾਰਾਂ ਸਾਲ ਖੁਹ ਵਿੱਚ ਪੁਠੇ ਲਟਕ ਕੇ ਭਗਤੀ ਕਰਦੇ ਹੁੰਦੇ ਸਨ। ਪੰਨਾ 78. ਇਸ ਤਰ੍ਹਾਂ ਦੀ ਭਗਤੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਵਾਨ ਨਹੀ ਕਰਦੀ;

ਮਨਿ ਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ॥ ਸਹਸ ਸਿਆਣਪ ਕਰਿ ਰਹੇ, ਮਨਿ ਕੋਰੈ ਰੰਗੁ ਨ ਹੋਇ॥ ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ॥ 3॥ {ਪੰਨਾ 39-40}

ਮਨ ਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ॥ ਨਾਨਕ ਹਰਿ ਕੀ ਸੇਵਾ ਸੋ ਕਰੇ, ਜਿਸੁ ਲਏ ਹਰਿ ਲਾਇ॥ 10॥ {ਪੰਨਾ 86}

ਸਲੋਕੁ ਮਃ 3॥ ਮਨ ਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ॥ ਮਨ ਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥ {ਪੰਨਾ 593}

ਅਰਥ : —ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ; ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿੱਚ ਦੁੱਖ ਉਠਾਉਂਦੇ ਹਨ।

ਪਿਛਲੇ ਹਫਤੇ ਹੀ ਤੁਸੀਂ ਜਪਾਂ-ਤਪਾਂ ਬਾਰੇ ਸ਼ਾਹਦੀ ਭਰ ਰਹੇ ਸੀ ਪਰ ਗੁਰਬਾਣੀ ਤਾਂ ਐਸੇ ਜਪਾਂ-ਤਪਾਂ ਦਾ ਖੰਡਨ ਕਰਦੀ ਹੈ। ਬਾਣੀ ਐਸੇ ਜਪਾਂ-ਤਪਾਂ ਨੂੰ ਨਕਾਰਦੀ ਹੈ।

ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ॥ ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ॥ ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ॥ 4॥ 7॥ 40॥ {ਪੰਨਾ 29}

ਸੱਚ ਨਾਲ ਜੁੜਨਾ, ਏਕ ਪ੍ਰਮਾਤਮਾ ਨਾਲ ਸਾਂਝ ਪਾਉਣੀ ਜਿਸਦਾ ਸਾਰੀ ਪ੍ਰਕ੍ਰਿਤੀ ਨੂੰ ਆਸਰਾ ਹੈ ਗੁਰਮੁਖ ਵਾਸਤੇ ਇਹੀ ਜਪ-ਤਪ ਤੇ ਸੰਜਮ ਹੈ।

ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ॥ ਚਰਨ ਭਜੇ ਪਾਰਬ੍ਰਹਮ ਕੇ ਸਭਿ ਜਤ ਤਪ ਤਿਨ ਹੀ ਕੀਤਿ॥ 3॥ 4॥ 17॥ 87॥ {ਪੰਨਾ 48}

ਜਪੁ ਤਪੁ ਸੰਜਮੁ ਮਨੈ ਮਾਹਿ, ਬਿਨੁ ਨਾਵੈ ਧ੍ਰਿਗੁ ਜੀਵਾਸੁ॥ ਗੁਰਮਤੀ ਨਾਉ ਪਾਈਐ, ਮਨਿਮੁਖ ਮੋਹਿ ਵਿਣਾਸੁ॥ ਜਿਉ ਭਾਵੈ ਤਿਉ ਰਾਖੁ ਤੂੰ, ਨਾਨਕੁ ਤੇਰਾ ਦਾਸੁ॥ 2॥ {ਪੰਨਾ 86}

ਅਨਿਕ ਬਰਖ ਕੀਏ ਜਪ ਤਾਪਾ॥ ਗਵਨੁ ਕੀਆ ਧਰਤੀ ਭਰਮਾਤਾ॥ ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ॥ 3॥ ਕਰਿ ਕਿਰਪਾ ਮੋਹਿ ਸਾਧੁ ਮਿਲਾਇਆ॥ ਮਨੁ ਤਨੁ ਸੀਤਲੁ ਧੀਰਜੁ ਪਾਇਆ॥ ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ॥ 4॥ 5॥ 12॥ {ਪੰਨਾ 98}

ਭਾਵ ਨੰਦ ਸਿੰਘ ਜੀ ਸੰਗਤ ਵਿੱਚ ਟੋਆ ਪੁੱਟ ਕੇ ਨੀਵੇਂ ਥਾਂ ਬੈਠਦੇ ਸਨ ਨੂੰ ਵੀ ਗੁਰਬਾਣੀ ਸਵੀਕਾਰ ਨਹੀ ਕਰਦੀ। ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ॥ ਨਾਮੁ ਬਿਸਾਰਿ ਪਚਹਿ ਅਭਿਮਾਨੁ॥ ਨਾਮ ਬਿਨਾ ਕਿਆ ਗਿਆਨ ਧਿਆਨੁ॥ ਗੁਰਮੁਖਿ ਪਾਵਹਿ ਦਰਗਹਿ ਮਾਨੁ॥ 3॥ ਨੀਵੇ ਥਾਂ ਬੈਠਣ ਨਾਲ ਮਨੁੱਖ ਦਾ ਸੁਭਾਓ ਆਪਣੇ ਆਪ ਨੀਵਾਂ ਨਹੀ ਹੁੰਦਾ।

ਆਓ ਹੁਣ ਥੋੜੀ ਜਿਹੀ ਝਲਕੀ ਭਿੰਡਰਾਂ ਵਾਲਿਆ ਦੀਆਂ ਕਿਤਾਬਾਂ ਵੱਲ ਵੀ ਮਾਰੀਏ। ਸੰਤ ਗੁਰਬਚਨ ਸਿੰਘ ਹੋਰਾਂ ਦਾ ਪਿੰਡ ਅਖਾੜਾ ਤੇ ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਜਦੋ ਸੰਤਾਂ ਦੇ ਪੁੱਤਰ ਕਰਤਾਰ ਸਿੰਘ ਤੇ ਭਗਵਾਨ ਸਿੰਘ ਹੋਰਾਂ ਦਾ ਵਿਆਹ ਜਦੋਂ ਮਨਾਵੇ ਪਿੰਡ ਦੋ ਸਕੀਆਂ ਭੈਣਾਂ ਨਾਲ ਹੋਇਆ। ਘਰ ਦੀ ਜਮੀਨ ਮਸੀ 5-7 ਏਕੜ ਹੋ ਸਕਦੀ ਹੈ। ਰਾਮਨਗਰ ਯੂ. ਪੀ. ਵਿੱਚ ਜਦੋਂ ਮੈਂ ਸਾਈਨ ਬੋਰਡ ਸੰਤ ਭਿਡਰਾਂ ਵਾਲਿਆਂ ਦਾ ਵੇਖ ਕੇ ਫਾਰਮ ਹਾਊਸ ਤੇ ਗਿਆ ਤਾਂ 70 ਕੁ ਏਕੜ ਦਾ ਫਾਰਮ ਹਾਊਸ ਦੇਖ ਕੇ ਦੰਗ ਰਹਿ ਗਿਆ। ਕੀ ਇਹ ਇਮਾਨਦਾਰੀ ਦੀ ਨਿਸ਼ਾਨੀ ਹੈ? ਇਹ ਫਾਰਮ ਹਾਊਸ ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲਿਆ ਦੇ ਜਿਊਂਦਿਆ ਜਿਉਂਦਿਆ ਹੀ ਬਣਾ ਲਿਆ ਗਿਆ ਸੀ। ਤੁਹਾਡੇ ਮੁਤਾਬਕ ਜੋ ਬ੍ਰਹਮ ਗਿਆਨੀ ਹਨ।

ਗੁਰਬਾਣੀ ਪਾਠ ਦਰਪਣ:

ਪੰਨਾ 191 ਤੇ ਇਹ "ਸੋਹਿਲਾ" ਬਾਣੀ ਦਾ ਨਾਮ ਵਿਗਾੜ ਕੇ "ਸ੍ਰੀ ਕੀਰਤਨ ਸੋਹਿਲਾ" ਲ਼ਿਖ ਰਹੇ ਹਨ।

143 ਪੰਨਾ ਤੇ "ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਇ॥ ਪੰਨਾ 1266॥ ਇਸ ਪੰਗਤੀ ਦਾ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾਉਣ ਨਾਲ ਕੋਈ ਮਤਲਬ ਨਹੀ। ਇਸ ਪੰਗਤੀ ਵਿੱਚ ਗੁਰੂ ਨਾਨਕ ਸਾਹਿਬ ਲਿਖਦੇ ਹਨ ਕਿ ਹੇ! ਪ੍ਰਮਾਤਮਾ ਜੀ ਮੈਂ ਆਪਣੇ ਖਿਆਲਾਂ ਦੀ ਰਸੋਈ ਹੁਣ ਪਵਿਤ੍ਰ ਕਰ ਲਈ ਹੈ ਆਕੇ ਮਿਲੋ। ਦੂਸਰੀ ਗੱਲ ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਭੋਗ ਲਵਾਉਣਾ ਮਨਮੱਤ ਹੈ। ਪ੍ਰੀਵਾਨ ਨਹੀ। ਰਹਿਤ ਮਰਯਾਦਾ ਵਿੱਚ ਕੜਾਹ ਪ੍ਰਸਾਦ ਪ੍ਰੀਵਾਨ ਹੋਵੇ ਲਿਖਿਆ ਹੈ। ਹਰ ਡੇਰੇ ਦੀ ਆਪਣੀ ਰਹਿਤ ਮਰਯਾਦਾ ਹੈ। ਪੰਨਾ 40 ਤੇ ਅੰਮ੍ਰਿਤ ਸੰਸਕਾਰ ਵਿੱਚ ਲਿਖਦੇ ਹਨ ਕਿ ਪੰਜ ਪਿਆਰੇ ਕਿਸੇ ਨਾ ਕਿਸੇ ਭਗਤ ਦੇ ਅਵਤਾਰ ਸਨ। ਜਦੋਂ ਕਿ ਬਾਣੀ ਅਵਤਾਰ-ਵਾਦ ਨੂੰ ਨਹੀ ਮੰਨਦੀ।

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥ 7॥ {ਪੰਨਾ 422-423}

ਇਨ੍ਹਾਂ ਦਾ ਮੂਲ਼ ਮੰਤਰ ਵੀ ਵੱਖਰਾ ਹੈ ਜਦੋਂ ਕਿ ਇਹ ਗੁਰਪ੍ਰਸਾਦਿ ਤਕ ਹੋਣਾ ਚਾਹੀਦਾ ਹੈ।

ਖਾਲਸਾ ਜੀਵਨ ਅਤੇ ਗੁਰਮਤਿ ਰਹਿਤ ਮਰਯਾਦਾ: ਪੰਨਾ 41 ਤੇ ਗੁਰਬਾਣੀ ਦੇ ਫੁਰਮਾਣਾਂ ਦੇ ਉਲਟ ਸੰਤ ਗੁਰਬਚਨ ਸਿੰਘ ਹੋਰੀ ਬਾਉਲੀ ਸਾਹਿਬ ਵਿੱਚ ਇਸਨਾਨ ਕਰਕੇ ਆਪਣੀ ਚੁਰਾਸੀ ਕੱਟ ਰਹੇ ਹਨ। ਜਦੋਂ ਕਿ ਗੁਰਬਾਣੀ ਦਾ ਫੁਰਮਾਣ ਹੈ:

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਪੰਨਾ 687॥

ਕੀ ਇਹ ਲੋਕ ਬ੍ਰਹਮਗਿਆਨੀ ਹੋਣ ਦੇ ਕਾਬਲ ਹਨ?

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ




.