.

‘ਦਸਵਾ ਦਰੁ ਖੁਲੈ’

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਨਵੇਂ ਖ਼ਰੀਦੇ ਬੂਟਾਂ ਨੂੰ ਪੈਰੀਂ ਪਉਣ ਲਈ ਆਦਮੀ ਆਪਣੇ ਪੈਰ ਧੋ ਰਿਹਾ ਸੀ। ਕੋਲੋਂ ਲੰਘਦੇ ਦੋਸਤ ਨੇ ਅਚਾਨਕ ਪੁੱਛ ਹੀ ਲਿਆ, ਕਿ ਦੋਸਤਾ ਕੀ ਕਰ ਰਿਹਾਂ ਏਂ? “ਤਾਂ ਅੱਗੋਂ ਪੈਰੀਂ ਬੂਟ ਪਾ ਰਿਹਾ ਉੱਤਰ ਦੇਂਦਾ ਹੈ ਕਿ ਅੱਜ ਸੇਲ ਲੱਗੀ ਹੋਈ ਹੈ ਮੈਂ ਸੇਲ ਵਿਚੋਂ ਨਵੇਂ ਤੇ ਸਸਤੇ ਬੂਟ ਲੈ ਕੇ ਆਇਆਂ ਹਾਂ। ਅਜੇਹੀਆਂ ਸੇਲਾਂ ਕਦੇ ਕਦੇ ਹੀ ਲੱਗਦੀਆਂ ਹਨ”। ਲੰਘ ਰਿਹਾ ਦੋਸਤ ਕਹਿੰਦਾ, “ਕਿ ਮੈਂ ਅੱਗੋਂ ਹੋ ਆਵਾਂ ਫਿਰ ਮੈਂ ਵੀ ਸੇਲ ਵਿਚੋਂ ਸਸਤੇ ਬੂਟ ਲੈ ਆਵਾਂਗਾ”। ਅੱਗੇ ਗਿਆ ਦੋਸਤ ਜਦੋਂ ਵਾਪਸ ਆਇਆ ਤਾਂ ਪਹਿਲਾ ਦੋਸਤ ਬੜੇ ਗਹੁ ਨਾਲ ਸਸਤੇ ਤੇ ਨਵੇਂ ਲਿਆਂਦੇ ਬੂਟਾਂ ਨੂੰ ਨਿਹਾਰ ਰਿਹਾ ਸੀ। ਦੂਜਾ ਦੋਸਤ ਪੁੱਛਦਾ ਹੈ, “ਬੂਟ ਪੈਰੀਂ ਕਿਉਂ ਨਹੀਂ ਪਾ ਰਿਹਾ” ਤਾਂ ਪਹਿਲਾ ਦੋਸਤ ਕਹਿੰਦਾ ਹੈ, “ਕਿ ਦੋਸਤਾ ਤੈਨੂੰ ਕੀ ਦਸਾਂ ਲੱਗੀ ਹੋਈ ਸੇਲ ਦੇਖ ਕੇ ਬੂਟ ਸਸਤੇ ਜ਼ਰੂਰ ਲੈ ਆਇਆਂ ਹਾਂ ਪਰ ਇਹ ਦੋਵੇਂ ਹੀ ਸੱਜੇ ਪੈਰ ਆ ਗਏ ਹਨ। ਲੱਗੀ ਹੋਈ ਸੇਲ ਤੇ ਲਿਖਿਆ ਹੋਇਆ ਸੀ ਕਿ ਖ਼ਰੀਦੀ ਹੋਈ ਚੀਜ਼ ਵਾਪਸ ਨਹੀਂ ਹੋਏਗੀ। ਮੈਂ ਸੇਲ ਤੇ ਸਸਤਾ ਦੋ ਸ਼ਬਦ ਹੀ ਦੇਖੇ ਸਨ ਪਰ ਚੀਜ਼ ਖਰੀਦਣ ਲੱਗਿਆਂ ਧਿਆਨ ਹੀ ਨਹੀਂ ਦਿੱਤਾ, ਜਿਸ ਕਰਕੇ ਮੇਰੇ ਖਰਚੇ ਪੈਸੇ ਅਜਾਈਂ ਹੀ ਚਲੇ ਗਏ”।

ਧਰਮ ਦੀ ਦੁਨੀਆਂ ਵਿੱਚ ਇਤਨੀਆਂ ਸੇਲਜ਼ ਲੱਗੀਆਂ ਹੋਈਆਂ ਹਨ ਜੋ ਗਿਣੀਆਂ ਨਹੀਂ ਜਾ ਸਕਦੀਆਂ। ਇੰਜ ਲੱਗਦਾ ਹੈ ਕਿ ਇਹ ਸਾਰੀਆਂ ਸੇਲਜ਼ ਸਿੱਖਾਂ ਨੇ ਹੀ ਲੈ ਲਈਆਂ ਹੋਣ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਮਾਨਸਿਕ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਗ਼ੁਲਾਮੀ ਦੀ ਦਲ਼ਦਲ਼ ਵਿਚੋਂ ਬਾਹਰ ਕਢਣ ਲਈ ਦਸ-ਜਾਮਿਆਂ ਦੇ ਰੂਪ ਵਿੱਚ ਸਿੱਖੀ ਸਿਧਾਂਤ ਵਿੱਚ ਪ੍ਰਪੱਕਤਾ ਲਿਆਂਦੀ। ਇਸ ਲੰਬੀ ਜਦੋ-ਜਹਿਦ ਸਦਕਾ ਸਚਿਆਰ ਮਨੁੱਖ ਦੇ ਕਿਰਦਾਰ ਨੂੰ ਦੁਨੀਆਂ ਸਾਹਮਣੇ ਰੱਖਿਆ। ਉੱਬਲ਼ਦੀਆਂ ਦੇਗਾਂ ਦਾ ਸਫਰ ਤਹਿ ਕਰਦਿਆਂ ਆਰਿਆਂ ਦੇ ਤਿੱਖੇ ਦੰਦਿਆਂ ਤੇ ਚੱਲਦਿਆਂ ਸਰਹੰਦ ਦੀ ਦੀਵਾਰ ਨਾਲ ਟੱਕਰ ਲੈਂਦਿਆਂ ਤੇ ਚਮਕੌਰ ਦੀ ਜੂਹ ਵਿੱਚ ਸ਼ਹੀਦੀਆਂ ਦਾ ਰੰਗ ਖਲੇਰਦਿਆਂ, ਦੁਨੀਆਂ ਵਿੱਚ ‘ਹਲੇਮੀ’ ਰਾਜ ਦੀ ਸਥਾਪਨਾ ਕਰ ਦਿੱਤੀ। ਅਜ਼ਾਦੀ ਦਾ ਮੂੰਹ ਮੁਹਾਂਦਰਾ ਸਵਾਰਨ ਲਈ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ, ਕੰਡਿਆਲ਼ਿਆਂ ਸ਼ੰਭਾਂ ਵਿੱਚ ਨਿਵਾਸ ਰੱਖਿਆ, ਘਰੋਂ ਬੇਘਰ ਹੋ ਕੇ ਮਨੁੱਖਤਾ ਲਈ ਘਰ ਬਣਾਏ। ਇਤਿਹਾਸ ਬਣਾਇਆ ਜ਼ਰੂਰ ਹੈ ਪਰ ਲਿਖਿਆ ਨਾ ਗਿਆ। ਗੁਰਦੁਆਰਿਆਂ ਵਿੱਚ ਗੁਰੂ ਸਿਧਾਂਤ ਤੋਂ ਸੱਖਣੇ ਪੁਜਾਰੀ ਜਮਾਤ ਦਾ ਕਬਜ਼ਾ ਹੋ ਗਿਆ, ਜਿਹਨਾਂ ਨੇ ਗੁਰੂ ਸਿਧਾਂਤ ਨੂੰ ਸਨਾਤਨੀ ਮਤ ਨਾਲ ਮਿਲਾ ਕੇ ਪ੍ਰਚਾਰ ਕੀਤਾ। ਪੁਜਾਰੀ ਜਮਾਤ ਨੇ ਗੁਰੂ ਗ੍ਰੰਥ ਦਾ ਓਟ ਆਸਰਾ ਲੈਂਦਿਆਂ ਦੁੱਧ ਵਿੱਚ ਕਾਂਜੀ ਮਿਲਾਉਣ ਦਾ ਹਰ ਸੰਭਵ ਯਤਨ ਕੀਤਾ ਤੇ ਉਹ ਕਾਮਯਾਬ ਵੀ ਹੋਏ। ਉਹਨਾਂ ਦੇ ਬੀਜੇ ਹੋਏ ਬੀਜ ਅੱਜ ਸਿੱਖੀ ਵਿੱਚ ਸੇਹ ਦੇ ਤੱਕਲੇ ਸਾਬਤ ਹੋ ਰਹੇ ਹਨ। ਹੁਣ ਇੰਜ ਲੱਗ ਰਿਹਾ ਹੈ ਕਿ ਸਿੱਖ ਧਰਮ ‘ਹਲੇਮੀ ਰਾਜ’ ਵਲੋਂ ਕਿਨਾਰਾ ਕਰਦਿਆਂ ਕੇਵਲ ਦਸਮ ਦੁਆਰ, ਕਮਾਈ ਵਾਲੇ ਬ੍ਰਹਮ ਗਿਆਨੀਆਂ, ਯੋਗ ਮਤ ਦੇ ਸਿਮਰਨ ਦੀਆਂ ਜੁੱਗਤੀਆਂ, ਅਖੰਡ-ਪਾਠਾਂ ਦੀਆਂ ਲੜੀਆਂ, ਕੀਰਤਨ ਦਰਬਾਰਾਂ ਦੀ ਚਮਕ, ਜਲਸੇ ਜਲੂਸਾਂ ਦੀ ਭਰਮਾਰ ਤੇ ਕੁੰਡਲਨੀਆਂ ਖੋਹਣ ਦੇ ਚੱਕਰ ਤਕ ਸੀਮਤ ਹੋ ਕਿ ਰਹਿ ਗਿਆ ਹੈ।

ਕੁੱਝ ਮ੍ਹਡੀਰ ਨੇ ਆਪੇ ਬਣੇ ਬਾਬਿਆਂ ਨੂੰ ਬ੍ਰਹਮ ਗਿਆਨੀਆਂ ਦਾ ਦਰਜਾ ਦੇ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਇਸ ਬਾਬਾ ਜੀ ਦਾ ਦਸਮ ਦੁਆਰਾ ਖੁਲ੍ਹ ਗਿਆ ਹੈ, ਹਾਂ ਦਸਮ ਦੁਆਰ ਖੁਲ੍ਹ ਜ਼ਰੂਰ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਵਿਗਾੜਨ ਦਾ। ਮਹਾਨ ਕੋਸ਼ ਵਿੱਚ ਦਸਮ ਦੁਆਰ ਦੇ ਅਰਥ ਕੇਵਲ ਦਿਮਾਗ਼ ਜਾਂ ਦਸ਼ਮਦੁਆਰ ਹੀ ਆਇਆ ਹੈ। ਕਬੀਰ ਜੀ ਨੇ ਦਸਮ ਦੁਆਰ ਖੋਹਲਣ ਸਬੰਧੀ ਵਿਚਾਰ ਚਰਚਾ ਕਰਦਿਆਂ ਦੱਸਿਆ ਹੈ ਕਿ ਮਨੁੱਖ ਨੂੰ ਔਖੀਆਂ ਔਖੀਆਂ ਸਾਧਨਾ ਭਾਵ ਸਰੀਰ ਨੂੰ ਕਸ਼ਟ ਦੇਣ ਦੀ ਜ਼ਰੂਰਤ ਨਹੀਂ ਹੈ ਕੇਵਲ ਸੁਭਾਅ ਵਿੱਚ ਬਦਲਾ ਲਿਆ ਕਿ ਹੀ ਦਸਮ ਦੁਆਰ ਖੋਹਲਿਆ ਜਾ ਸਕਦਾ ਹੈ। ਦਸਮ-ਦੁਆਰ ਦਾ ਅਰਥ ਹੈ ਆਤਮਿਕ ਸੂਝ ਦਾ ਪ੍ਰਗਟ ਹੋਣਾ, ਜਿਸ ਦੁਆਰਾ ਆਪਣੇ ਜੀਵਨ ਨੂੰ ਜ਼ਿੰਦਗੀ ਦੀਆਂ ਬੁਲੰਦੀਆਂ `ਤੇ ਪਹੁੰਚਾਣਾ ਚੰਗੇ ਪਰਵਾਰ, ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਹੈ। ਵਿਹਲੜ ਜੋਗੀਆਂ ਦੇ ਦਸਮ ਦੁਆਰ ਦਾ ਪਾਜ ਉਗੇੜਦਿਆਂ ਰਾਗ ਕੇਦਾਰਾ ਵਿੱਚ ਵਿਸਥਾਰ ਸਹਿਤ ਬਿਆਨ ਕੀਤਾ ਗਿਆ ਹੈ:--

ਰੀ ਕਲਵਾਰਿ ਗਵਾਰਿ ਮੂਢ ਮਤਿ, ਉਲਟੋ ਪਵਨੁ ਫਿਰਾਵਉ॥

ਮਨੁ ਮਤਵਾਰ, ਮੇਰ ਸਰ ਭਾਠੀ, ਅੰਮ੍ਰਿਤ ਧਾਰ ਚੁਆਵੳ॥ ੧॥

ਬੋਲਹੁ ਭਈਆ ਰਾਮ ਕੀ ਦੁਹਾਈ॥

ਪੀਵਹੁ ਸੰਤੁ ਸਦਾ ਮਤਿ ਦੁਰਲਭ, ਸਹਜੇ ਪਿਆਸ ਬੁਝਾਈ॥ ੧॥ ਰਹਾਉ॥

ਭੈ ਬਿਚਿ ਭਾਉ, ਭਾਇ ਕਊ ਬੂਝਹਿ, ਹਰਿ ਰਸੁ ਪਾਵੈ ਭਾਈ॥

ਜੇਤੇ ਘਟ ਅੰਮ੍ਰਿਤੁ ਸਭੁ ਹੀ ਮਹਿ, ਭਾਵੈ ਤਿਸਹਿ ਪੀਆਈ॥ ੨॥

ਨਗਰੀ ੲੈਕੈ, ਨਉ ਦਰਵਾਜੇ, ਧਾਵਤੁ ਬਰਜਿ ਰਹਾਈ॥

ਤ੍ਰਿਕੁਟੀ ਛੂਟੈ, ਦਸਵਾ ਦਰੁ ਖੁਲੈ, ਤਾ ਮਨੁ ਖੀਵਾ ਭਾਈ॥ ੩॥

ਅਭੈ ਪਦ ਪੂਰਿ, ਤਾਪ ਤਹਿ ਨਾਸੇ, ਕਹਿ ਕਬੀਰ ਬੀਚਾਰੀ॥

ਉਬਟ ਚਲੰਤੇ ਇਹੁ ਮਦੁ ਪਾਇਆ, ਜੇਸੈ ਖੋਂਦ ਖੁਮਾਰੀ॥ ੪॥

ਰਾਗ ਕੇਦਾਰਾ ਬਾਣੀ ਕਬੀਰ ਜੀ ਕੀ ਪੰਨਾ ੧੧੨੩—

ਰਹਾਉ ਦੀਆਂ ਤੁਕਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ।

ਬੋਲਹੁ ਭਈਆ ਰਾਮ ਕੀ ਦੁਹਾਈ॥

ਪੀਵਹੁ ਸੰਤੁ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ॥

ਅਖ਼ਰੀਂ ਅਰਥ ਹੇ ਭਾਈ! ਮੁੜ ਮੁੜ ਕੇ ਪਰਮਾਤਮਾ ਦਾ ਨਾਮ ਜਪੋ ਜਿਸ ਨਾਲ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਇਹ ਰਸ ਪੀਣ ਦੇ ਨਾਲ ਤੁਹਾਡੀ ਮਤ ਐਸੀ ਬਣ ਜਾਏਗੀ ਜੋ ਬੜੀ ਮੁਸ਼ਕਲ ਨਾਲ ਬਣਦੀ ਹੈ। ਇਸ ਸਹਿਜ ਅਵਸਥਾ ਵਿੱਚ ਜਦੋਂ ਮਨੁੱਖ ਪਾਹੁੰਚ ਜਾਂਦਾ ਹੈ ਤਾਂ ਤ੍ਰਿਸ਼ਨਾ ਦੀ ਪਿਆਸ ਬੁਝ ਜਾਂਦੀ ਹੈ। ਇਹਨਾਂ ਤੁਕਾਂ ਵਿੱਚ ‘ਰਾਮ ਕੀ ਦੁਹਾਈ’, ਮਤਿ ਦੁਰਲਭ, ਸਹਜ ਅਵਸਥਾ ਤੇ ਪਿਆਸ ਬੁਝਾਉਣ ਦਾ ਉਚੇਚਾ ਜ਼ਿਕਰ ਕੀਤਾ ਗਿਆ ਹੈ। ‘ਦੁਹਾਈ’ ਮਿਸਾਲ ਦੇ ਤੌਰ ਤੇ ਕਿਤੇ ਅੱਗ ਲੱਗ ਜਾਏ ਤਾਂ ਪਰਵਾਰ ਵਾਲੇ ਦੁਹਾਈ ਪਾ ਦੇਂਦੇ ਹਨ ਕਿ ਏੱਥੇ ਅੱਗ ਲੱਗ ਗਈ ਹੈ ਲੋਕ ਇਕੱਠੇ ਹੋ ਉਸ ਅੱਗ ਨੂੰ ਬੁਝਾ ਲੈਂਦੇ ਹਨ। ਇੰਜ ਹੀ ਸਾਡੇ ਮਨ ਵਿੱਚ ਤ੍ਰਿਸਨਾਂ, ਈਰਖਾ ਤੇ ਵੱਖ ਵੱਖ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਇਸ ਅੱਗ `ਤੇ ਕਾਬੂ ਪਾਉਣ ਲਈ ਕਬੀਰ ਜੀ ਇੱਕ ਤਰਕੀਬ ਦੇ ਰਹੇ ਹਨ ਕਿ ਭਾਈ ਰਾਮ ਦੇ ਨਾਮ ਦੀ ਦੁਹਾਈ ਪਾਉਣ ਦਾ ਯਤਨ ਕਰੋ। ਜੋਗੀ ਜ਼ਬਾਨ ਨਾਲ `ਤੇ ਬਹੁਤ ਦੁਹਾਈ ਪਾ ਰਹੇ ਸਨ ਪਰ ਅੰਦਰ ਜੋਗ-ਪੁਣੇ ਦਾ ਹੰਕਾਰ ਸਾਂਭੀ ਬੈਠੇ ਸਨ। ਫਿਰ ਨਾਮ ਰਸ ਨੂੰ ਪੀਣ ਲਈ ਕਿਹਾ ਜਾ ਰਿਹਾ ਹੈ। ਕੀ ਨਾਮ ਰਸ ਪਾਣੀ ਵਾਂਗ ਪੀਣਾ ਹੈ? ਨਹੀਂ ਇਹ ਸਾਰੇ ਪ੍ਰਤੀਕ ਲਏ ਗਏ ਹਨ। ‘ਰਾਮ ਕੀ ਦੁਹਾਈ’ ਹਿਰਦੇ ਵਿੱਚ ਪਾਉਣੀ ਹੈ ਤਾਂ ਕਿ ਤ੍ਰਿਸ਼ਨਾ ਤੇ ਸੰਸਾਰਿਕ ਮਾਇਆ ਦੀ ਅਗਨੀ ਸ਼ਾਂਤ ਹੋ ਸਕੇ ਜਿਸ ਦੁਆਰਾ ‘ਮਤਿ ਦੁਰਲਭ’ ਬਣੇਗੀ ਤੇ ਸਹਿਜ ਅਵਸਥਾ ਦੀ ਪਰਪਤੀ ਵਲ ਨੂੰ ਤੁਰਨ ਦਾ ਯਤਨ ਹੋਏਗਾ। ਇਹਨਾਂ ਤੁਕਾਂ ਦਾ ਭਾਵ ਅਰਥ ਕਿ ਹੇ ਭਾਈ! ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਦੀ ਦੁਹਾਈ ਪਾ, ਭਾਵ ਮਨ ਕਰਕੇ ਸ਼ੁਭ ਗੁਣਾਂ ਦੀ ਮੁੜ ਮੁੜ ਕੇ ਵਿਚਾਰ ਕਰ, ਜਿਸ ਨਾਲ ਤੇਰੀ ਮਤ ਕੀਮਤੀ ਹੋ ਸਕੇ, ਜੀਵਨ ਵਿੱਚ ਸਹਿਜ ਅਵਸਥਾ ਬਣ ਸਕੇ। ਨੀਵੀਂ ਸੋਚ ਨੂੰ ਮੁੜ ਮੁੜ ਕੇ ਚੰਗੀ ਸੋਚ ਵਲ ਨੂੰ ਤੋਰਨ ਦੇ ਰਾਹ `ਤੇ ਪਾਉਣਾ ਹੈ। ਇੱਕ ਵਿਦਿਆਰਥੀ ਕਿਤਾਬ ਨੂੰ ਚੁੱਕਦਾ ਹੈ ਪਰ ਪੜ੍ਹਨ ਨੂੰ ਚਿੱਤ ਨਹੀਂ ਕਰ ਰਿਹਾ, ਜੋ ਵਿਚਾਰ ਪੜ੍ਹਨ ਵਲੋਂ ਹਟਾ ਰਿਹਾ ਹੈ ਉਸ ਵਿਚਾਰ ਨੂੰ ਪੜ੍ਹਾਈ ਵਲ ਮੋੜਨਾ ਹੀ ਦੁਹਾਈ ਹੈ। ਪੜ੍ਹਾਈ ਵਲ ਨੂੰ ਮੁੜਿਆ ਮਨ ਹੀ ਜਦੋਂ ਡਾਕਟਰ ਦੀ ਡਿਗਰੀ ਲੈ ਲੈਂਦਾ ਤੇ ਉਸ ਨੂੰ ਮਾਨਸਿਕ ਤ੍ਰਿਪਤੀ ਹੁੰਦੀ ਹੈ। ਏਸੇ ਤਰ੍ਹਾਂ ਮਨ ਨੂੰ ਸਦਾ-ਚਾਰਕ ਕਦਰਾਂ ਕੀਮਤਾਂ ਵਲ ਮੋੜਿਆਂ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਮਤ ਤਾਂ ਹੀ ਦੁਰਲਭ ਬਣ ਸਕਦੀ ਹੈ ਜੇਕਰ ਅਸੀਂ ਸ਼ੁਭ ਗੁਣਾਂ ਨੂੰ ਮੁੜ ਮੁੜ ਇਕੱਠਾ ਕਰਨ ਦੇ ਯਤਨ ਵਿੱਚ ਰਹੀਏ ਜਿਸ ਨਾਲ ਤ੍ਰਿਸ਼ਨਾ ਦੀ ਅਗਨੀ ਬੁਝ ਜਾਏਗੀ।

ਮੱਲ, ਅਖਾੜਿਆਂ ਵਿੱਚ ਭਲਵਾਨੀ ਗੇੜਾ ਕੱਢਦੇ ਹਨ ਪਰ ਅੱਗੋਂ ਉਹਨਾਂ ਤੋਂ ਵੀ ਕੋਈ ਤਗੜਾ ਮੱਲ ਜਦੋਂ ਬਰਾਬਰ ਦੀ ਟੱਕਰ ਦੇ ਕੇ ਬਾਜ਼ੀ ਜਿੱਤਦਾ ਹੈ ਤਾਂ ਲੋਕ ਅਸ਼ ਅਸ਼ ਕਰ ਉੱਠਦੇ ਹਨ। ਇੰਜ ਹੀ ਸਾਡੀ ਭੈੜੀ ਮਤ ਨਸ਼ਾ ਵੰਡਣ ਦਾ ਜੋ ਭਲਵਨੀ ਗੇੜਾ ਕੱਢ ਰਹੀ ਹੈ ਉਸ ਨੂੰ ਗੁਰੂ ਗਿਆਨ ਦੁਆਰਾ ਰੋਕ ਕੇ ਆਤਮਿਕ ਰਸ ਵਲ ਨੂੰ ਮੋੜਨ ਦਾ ਯਤਨ ਕਰਨਾ ਹੈ। ਸ਼ਬਦ ਦੇ ਪਹਿਲੇ ਬੰਦ ਵਿੱਚ ਮਨ ਦੀਆਂ ਦੋ ਸੋਚਾਂ ਦਾ ਜ਼ਿਕਰ ਕੀਤਾ ਹੈ।

ਰੀ ਕਲਵਾਰਿ ਗਵਾਰਿ ਮੂਢ ਮਤਿ, ਉਲਟੋ ਪਵਨੁ ਫਿਰਾਵਉ॥

ਮਨੁ ਮਤਵਾਰੁ, ਮੇਰ ਸਰ ਭਾਠੀ, ਅੰਮ੍ਰਿਤ ਧਾਰ ਚੁਆਵਉ॥

ਹੇ ਮਾਇਆ ਦਾ ਨਸ਼ਾ ਵੰਡਣ ਵਾਲੀਏ ਮੂਰਖ ਅਕਲੇ! ਮੈਂ ਚੰਚਲ ਮਨ ਨੂੰ ਸੰਸਾਰ ਵਲੋਂ ਮੋੜ ਕੇ ਪ੍ਰਭੂ ਚਰਨਾ ਵਲ ਨੂੰ ਜੋੜ ਲਿਆ ਹੈ ਤੇ ਅੰਮ੍ਰਿਤ ਦੀ ਧਾਰਾ ਦਾ ਵਹਿਣ ਚੱਲ ਪਿਆ ਹੈ।

ਇਸ ਬੰਦ ਵਿੱਚ ਸ਼ਰਾਬ ਕੱਢਣ ਤੇ ਉਸ ਨੂੰ ਵਰਤਾਉਣ ਦਾ ਪ੍ਰਤੀਕ ਲੈ ਕੇ ਭੈੜੀ ਮਤ ਤੇ ਚੰਗੇ ਪਾਸੇ ਵਲ ਨੂੰ ਜਾ ਰਹੇ ਮਨ ਦਾ ਵਿਸਥਾਰ ਆਇਆ ਹੈ। ‘ਰੀ ਕਲਵਾਰਿ ਗਵਾਰਿ ਮੂਢ ਮਤਿ’ ਹੇ ਮਾਇਆ ਦਾ ਨਸ਼ਾ ਵੰਡਣ ਵਾਲੀਏ ਮੂਰਖ ਅਕਲੇ! ‘ਉਲਟੋ ਪਵਨ’ ਟੇਢੇ ਪਾਸੇ ਜਾ ਰਿਹਾ ਮਨ ‘ਫਿਰਵਾਉ’ ਮੋੜਨ ਦਾ ਪੂਰਾ ਯਤਨ ਕਰ ਲਿਆ ਹੈ। ‘ਮਨੁ ਮਤਵਾਰੁ’ ਤੇ ਹੁਣ ਮਨ ਰੱਬ ਜੀ ਦੇ ਨਾਮ ਨਾਲ ਮਸਤ ਹੁੰਦਾ ਜਾ ਰਿਹਾ ਹੈ। ‘ਮੇਰ ਸਰ ਭਾਠੀ’ ਦਸਮ ਦੁਆਰ ਖੁਲ੍ਹ ਗਿਆ ਹੈ। ‘ਅੰਮ੍ਰਿਤ ਧਾਰ ਚੁਆਵਉ’ ਅੰਮ੍ਰਿਤ ਦੀਆਂ ਧਾਰਾਂ ਚੋ ਰਿਹਾ ਹਾਂ।

ਜਦੋਂ ਦੀ ਮੇਰੇ ਹਿਰਦੇ ਰਾਮ ਦੀ ਦੁਹਾਈ ਮੱਚੀ ਹੈ ਤਾਂ ਓਦੋਂ ਦੀ ਮੇਰੀ ਮਤ ਕੀਮਤੀ ਹੋ ਗਈ ਹੈ ਭਾਵ ਆਤਮਿਕ ਸੂਝ ਨੇ ਜਨਮ ਲੈ ਲਿਆ ਹੈ। ਜਿਸ ਸਦਕਾ ਸਹਿਜ ਅਵਸਥਾ ਦਾ ਪੈਦਾ ਹੋਣਾ ਤੇ ਤ੍ਰਿਸ਼ਨਾ ਦੀ ਮਾਇਆ ਦਾ ਖਾਤਮਾ ਹੋਣਾ ਯਕੀਨੀ ਹੋ ਗਿਆ ਹੈ। ਜਿਹੜੀ ਮਤ ਪਹਿਲਾਂ ਵੱਖ ਵੱਖ ਪਰਕਾਰ ਦੇ ਨਸ਼ੇ ਵੰਡਦੀ ਸੀ ਉਹ ਵਾਪਸ ਪਰਤ ਆਈ ਹੈ। ਓਲਟ ਦਿਸ਼ਾ ਵਲ ਨੂੰ ਜਾ ਰਿਹਾ ਮਨ ਆਪਣੇ ਅਸਲੀ ਘਰ ਵਲ ਨੂੰ ਪਰਤ ਆਇਆ ਹੈ। ‘ਮੇਰ ਸਰ ਭਾਠੀ’ ਸਰੀਰ ਦਾ ਉੱਚਾ ਹਿੱਸਾ, ਦਿਮਾਗ਼ ਭਾਵ ਦਸਮ ਦੁਆਰ ਦਾ ਖੁਲ੍ਹਣ ਦਾ ਰਸਤਾ ਸਾਫ਼ ਹੋ ਗਿਆ ਹੈ। ‘ਅੰਮ੍ਰਿਤ ਧਾਰ ਚੁਆਵਉ’ ਆਤਮਿਕ ਜੀਵਨ ਦੀਆਂ ਧਾਰਾਂ ਚੋ ਰਹੀਆਂ ਹਨ।

ਹੋਰ ਸੌਖਾ ਸਮਝਣ ਲਈ ਪਹਿਲਾਂ ਮੇਰਾ ਸੁਭਾਅ ਹਰ ਵੇਲੇ ਸ਼ਰਾਰਤ ਕਰਨ ਵਿੱਚ ਰੁੱਝਾ ਰਹਿੰਦਾ ਸੀ ਪਰ ਹੁਣ ਮਨ ਵਾਪਸ ਪਰਤ ਆਇਆ ਹੈ। ਦਿਮਾਗ਼ ਵਿੱਚ ਵਿਸ਼ਾਲਤਾ ਭਾਵ ਚੰਗੇ ਮਾੜੇ ਦਾ ਅਨੁਭਵ ਹੋਣ ਲੱਗ ਪਿਆ ਹੈ। ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਅੰਮ੍ਰਿਤ ਦੀ ਧਾਰਾ ਚੱਲ ਰਹੀ ਹੋਵੇ। ਜਿਸ ਤਰ੍ਹਾਂ ਕੋਈ ਆਦਮੀ ਅਨੰਦਪੁਰ ਸਾਹਿਬ ਦਾ ਰਾਹ ਭੁੱਲ ਕੇ ਹੁਸ਼ਿਆਰਪੁਰ ਨੂੰ ਚਲਿਆ ਜਾਏ ਪਰ ਓਥੇ ਜਾ ਕੇ ਉਸ ਨੂੰ ਅਹਿਸਾਸ ਹੋਵੇ ਕਿ ਮੈਂ ਪੈਂਡਾ ਗ਼ਲਤ ਕਰ ਲਿਆ ਹੈ ਫਿਰ ਵਾਪਸ ਅਨੰਦਪੁਰ ਪਰਤ ਆਏ ਉਸ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਸੋਝੀ ਆ ਗਈ ਕਿ ਮੈਂ ਗ਼ਲਤ ਰਸਤੇ `ਤੇ ਪਿਆ ਹੋਇਆ ਸੀ। ਇਸ ਦਾ ਅਹਿਸਾਸ ਹੋਣਾ ਹੀ ਦਸਮਦੁਆਰ ਖੁਲ੍ਹਣਾ ਹੈ।

ਸ਼ਬਦ ਦੇ ਦੂਸਰੇ ਬੰਦ ਵਿੱਚ ਭੈ-ਭਾਵਨੀ ਦੀ ਪ੍ਰਤਿਗਿਆ ਦਾ ਸੰਕਲਪ ਰੱਖਿਆ ਗਿਆ ਹੈ ਜੋ ਹਰ ਇਨਸਾਨ ਵਿੱਚ ਹੋਣਾ ਚਾਹੀਦਾ ਹੈ ਪਰ ਹੋਏਗਾ ਓਸੇ ਨੂੰ ਹੀ ਜੋ ਅੰਦਰ ਨਾਮ ਦੀ ਦੁਹਾਈ ਪਾਏਗਾ।

ਭੈ ਬਿਚਿ ਭਾਉ, ਭਾਇ ਕਊ ਬੂਝਹਿ, ਹਰਿ ਰਸ ਪਾਵੈ ਭਾਈ॥

ਜੇਤੇ ਘਟ ਅੰਮ੍ਰਿਤ ਸਭ ਹੀ ਮਹਿ, ਭਾਵੈ ਤਿਸਹਿ ਪੀਆਈ॥

ਜੋ ਜੋ ਮਨੁੱਖ ਅੰਦਰਲੇ ਸ਼ੁਭ ਗੁਣਾਂ ਦੀ ਦੁਹਾਈ ਨਾਲ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਉਹ ਪਰਮਾਤਮਾ ਦੇ ਡਰ ਵਿੱਚ ਰਹਿ ਕੇ ਆਪਣੇ ਵਿੱਚ ਪਿਆਰ ਦੀ ਭਾਵਨਾ ਜਗਾ ਲੈਂਦਾ ਹੈ। ਫਿਰ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ ਹਰ ਇਨਸਾਨ ਵਿੱਚ ਵੀ ਅੰਮ੍ਰਿਤ ਦੀ ਰੌਅ ਚੱਲ ਰਹੀ ਹੈ। ਇਹ ਵਡਿਆਈ ਉਸ ਦੇ ਰਾਹ `ਤੇ ਚੱਲਿਆਂ ਹੀ ਮਿਲਦੀ ਹੈ।

ਪਰਮਾਤਮਾ ਦੇ ਅਦਬ ਵਿੱਚ ਚੱਲਿਆਂ ਹੀ ਪਿਆਰ ਦਾ ਬੂਟਾ ਜਨਮ ਲੈਂਦਾ ਹੈ। ਇਸ ਪਿਆਰ ਦੀ ਬਰਕਤ ਨਾਲ ਹੀ ਇਹ ਅਹਿਸਾਸ ਹੁੰਦਾ ਹੈ ਕਿ ਹਰ ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ। ਆਤਮਿਕ ਜੀਵਨ ਦੀ ਸੂਝ ਹਰ ਮਨੁੱਖ ਵਿੱਚ ਹੈ ਪਰ ਇੱਕ ਕਸਵੱਟੀ ਰੱਖੀ ਹੋਈ ਹੈ ਰੱਬੀ ਨਿਯਮਾਵਲੀ ਨੂੰ ਅਪਨਾੳਣ ਦੀ ਜਿਸ ਨੂੰ ਰੱਬੀ ਡਰ ਕਿਹਾ ਗਿਆ ਹੈ। ਰੱਬੀ ਡਰ ਨੂੰ ਸਮਝਿਆਂ ਮੇਰ ਤੇਰ ਦੀਆਂ ਦੂਰੀਆਂ ਖ਼ਤਮ ਹੁੰਦੀਆਂ ਹਨ। ‘ਭਾਵੈ ਤਿਸਹਿ ਪੀਆਈ’ ਇਹ ਵਸਤੂ ਮਿਲੂ ਉਸ ਨੂੰ ਹੀ ਜੋ ਇਸ ਰਾਹ ਦਾ ਪਾਂਧੀ ਬਣ ਜਾਏਗਾ। ਅੱਜ ਬਾਹਰਲੇ ਤਲ `ਤੇ ਨਾਮ ਤਾਂ ਬਹੁਤ ਸਿਮਰਿਆ ਜਾ ਰਿਹਾ ਹੈ ਪਰ ਅੰਦਰਲੇ ਤਲ਼ `ਤੇ ਮਨੁੱਖ ਕਲ਼ਪਿਆ ਪਿਆ ਹੈ। ਅਸਲ ਵਿੱਚ ਤਾਂ ਇਹ ਦੁਹਾਈ ਅੰਦਰ ਪਾਉਣੀ ਸੀ, ਜਿਸ ਰਾਂਹੀ ਆਪਸੀ ਦੂਰੀਆਂ ਖ਼ਤਮ ਕਰਨੀਆਂ ਸਨ।

ਸ਼ਬਦ ਦੇ ਤੀਸਰੇ ਬੰਦ ਵਿੱਚ ਸਰੀਰ ਦੇ ਨੌ ਦਰਵਾਜਿਆਂ ਨੂੰ ਨਿਯਮਾਂ ਦੇ ਅਧੀਨ ਲੈ ਕੇ ਆਉਣਾ ਹੈ ਤਾਂ ਕਿ ਮਨ ਵਿੱਚ ਖੁਸ਼ੀ ਦਾ ਅਹਿਸਾਸ ਹੋ ਸਕੇ ਤੇ ਦਸਵਾਂ ਦਰਵਾਜ਼ਾ ਖੁਲ੍ਹ ਸਕੇ।

ਨਗਰੀ ਏਕੈ, ਨਉ ਦਰਵਾਜੇ, ਧਾਵਤੁ ਬਰਜਿ ਰਹਾਈ॥

ਤ੍ਰਿਕੁਟੀ ਛੁਟੈ, ਦਸਵਾ ਦਰੁ ਖੁਲੈ, ਤਾ ਮਨੁ ਖੀਵਾ ਭਾਈ॥

ਹੇ ਭਾਈ! ਰਾਮ ਦੁਹਾਈ ਦੀ ਬਰਕਤ ਨਾਲ ਨੌਂ ਗੋਲਕੀ ਸਰੀਰ ਵਿੱਚ ਭਟਕ ਰਹੇ ਮਨ ਨੂੰ ਵਾਪਸ ਆਪਣੇ ਘਰ ਮੋੜ ਲਿਆਂਦਾ ਹੈ। ਮੱਥੇ ਦੀਆਂ ਤਿਊੜੀਆਂ ਖ਼ਤਮ ਹੋ ਗਈਆਂ ਹਨ। ਸੁਰਤ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਈ ਹੈ। ਦਸਮ ਦੁਆਰ ਖੁਲ੍ਹ ਗਿਆ ਹੈ ਤੇ ਮਨ ਅਨੰਦ ਮਸਤੀ ਨਾਲ਼ ਭਰ ਗਿਆ ਹੈ।

ਸਾਡੇ ਸਰੀਰ ਦੇ ਨੌਂ ਦਰਵਾਜ਼ੇ ਬਾਹਰ ਨੂੰ ਖੁਲ੍ਹਦੇ ਹਨ ਤੇ ਦਿਮਾਗ਼ ਭਾਵ ਦਸਵਾਂ ਦੁਆਰ ਅੰਦਰ ਨੂੰ ਖੁਲ੍ਹਦਾ ਹੈ। ਵਿਕਾਰਾਂ ਦੀ ਸੂਝ ਆਉਣ ਨਾਲ ਭਟਕ ਰਿਹਾ ਮਨ ਸਥਿੱਰ ਹੋ ਜਾਂਦਾ ਹੈ। ਤ੍ਰਿਕੁੱਟੀ—ਖਿਝ, ਕ੍ਰੋਧ ਦੀਆਂ ਰੇਖਾਵਾਂ ਖ਼ਤਮ ਹੁੰਦੀਆਂ ਹਨ। ਦਸਵਾਂ ਦੁਆਰ ਖੁਲ੍ਹਦਾ ਹੈ ਜੋ ਅਨੰਦ ਦਾ ਪ੍ਰਤੀਕ ਹੈ। ਡਾ: ਜੇਤਿੰਦਰ ਸਿੰਘ ਜੀ ਐਮ. ਡੀ. , ਯੂ. ਐਸ. ਏ ਨਾਲ ਵਿਚਾਰ ਵਟਾਂਦਰਾ ਕਰਦਿਆਂ ਪਤਾ ਲੱਗਿਆ ਕਿ ਸਾਡੇ ਸਰੀਰ ਦੇ ਦਿਮਾਗ਼ ਵਿੱਚ ਲੱਗ-ਪੱਗ ਸੱਤ ਕ੍ਰੋੜ ਸੈੱਲ ਹਨ ਤੇ ਇੱਕ ਵਾਲ ਦੀ ਮਿਟਾਈ ਵਿੱਚ ਲੱਗ-ਪੱਗ ਇੱਕ ਲੱਖ ਸੈੱਲ ਬੈਠਾ ਹੋਇਆ ਹੈ। ਇੱਕ ਸੈੱਲ ਦੀ ਕੈਪੇਸਿੱਟੀ ਲੱਗ-ਪੱਗ ਦੋ ਕ੍ਰੜ ਸ਼ਬਦ ਜ਼ਬਾਨੀ ਯਾਦ ਕਰਨ ਦੀ ਹੈ। ਆਮ ਆਦਮੀ ਅੱਠ ਕੁ ਪ੍ਰਤੀਸ਼ੱਤ ਆਪਣਾ ਦਿਮਾਗ਼ ਵਰਤਦਾ ਹੈ। ਸਭ ਤੋਂ ਵੱਧ ਪ੍ਰਸਿੱਧ ਸਾਇੰਟਿਸਟ ਆਨਸਟੀੲਨ ਨੇ ਆਪਣਾ ਦਿਮਾਗ਼ ਵਰਤਿਆ ਹੈ। ਦਿਮਾਗ਼ ਅਤੇ ਸਰੀਰ ਦਾ ਹਰ ਸੈੱਲ ਆਪਣੇ ਆਪ ਵਿੱਚ ਜੀਵਨ ਦੀ ਰੌਅ ਸੰਭਾਲ਼ੀ ਬੈਠਾ ਹੈ, ਡਾਕਟਰਾਂ ਨੇ ਦਿਮਾਗ਼ ਦੇ ਅਪ੍ਰੇਸ਼ਨ ਵੀ ਕੀਤੇ ਹਨ। ਇਹ ਕਿਤੇ ਵੀ ਨਹੀਂ ਆਇਆ ਕਿ ਕੋਈ ਖਾਸ ਦਰਵਾਜ਼ਾ ਲੱਗਿਆ ਹੋਇਆ ਹੋਵੇ ਜੋ ਕੇਵਲ ਸਾਧਾਂ ਸੰਤਾਂ ਪਾਸੋਂ ਨਾਮ ਲਿਆਂ ਹੀ ਇਹ ਦਸਮ ਦੁਆਰ ਦਾ ਦਰਵਾਜ਼ਾ ਖੁਲ੍ਹਣਾ ਹੈ।

ਇਹਨਾਂ ਤੁਕਾਂ ਵਿੱਚ ਤਾਂ ਫਾਰਮੂਲਾ ਹੀ ਬਹੁਤ ਸੌਖਾ ਰੱਖਿਆ ਗਿਆ ਹੈ ਕਿ ਕੇਵਲ ਮੱਥੇ ਦੀਆਂ ਤਿਊੜੀਆਂ ਨੂੰ ਖ਼ਤਮ ਕਰਨ ਨਾਲ ਹੀ ਦਸਵਾਂ ਦੁਆਰ ਖੁਲ੍ਹ ਸਕਦਾ ਹੈ। ਅਸਲ ਦਸਮ-ਦੁਆਰ ਦਾ ਅਰਥ ਹੈ ਆਤਮਿਕ ਸੂਝ, ਦੂਰ-ਅੰਦੇਸ਼ੀ ਦਾ ਪੈਦਾ ਹੋਣਾ। ਜੋ ਡਾ. ਏਡਜ਼ `ਤੇ ਖੋਜ ਕਰ ਰਿਹਾ ਹੈ, ਜੋ ਸਾਇੰਟਿਸਟ ਅਕਾਸ਼ ਵਿੱਚ ਘਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ, ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਖੋਜ ਕਰਨ ਵਿੱਚ ਰੁੱਝਿਆ ਹੋਇਆ ਹੈ ਇਹ ਸਾਰੇ ਉਹ ਦਿਮਾਗ਼ੀ ਲੋਕ ਹਨ ਜਿਹਨਾਂ ਦੇ ਦਸਮ ਦੁਆਰ ਖੁਲ੍ਹੇ ਹੋਏ ਹਨ। ‘ਮਨੁ ਖੀਵਾ’ ਮਸਤੀ ਨਾਲ ਭਰਿਆ ਪਿਆ ਹੈ।

ਸ਼ਬਦ ਦੇ ਅਖੀਰਲੇ ਬੰਦ ਵਿੱਚ ਹਰ ਪ੍ਰਕਾਰ ਦਾ ਡਰ, ਕਲੇਸ਼ ਖ਼ਤਮ ਹੁੰਦਿਆਂ ਮਸਤੀਆਂ ਹੀ ਮਸਤੀਆਂ ਪਰਾਪਤ ਹੋ ਜਾਂਦੀਆਂ ਹਨ। ਜਿਸ ਤਰ੍ਹਾਂ ਕੋਈ ਮਹਿੰਗੀ ਸ਼ਰਾਬ ਪੀ ਕੇ ਇਹ ਕਹੇ ਕਿ ਮੈਨੂੰ ਬਹੁਤ ਹੀ ਮਜ਼ਾ ਆ ਰਿਹਾ ਹੈ ਪਰ ਕਬੀਰ ਜੀ ਕਹਿ ਰਹੇ ਹਨ ਕਿ ਮੇਰੇ ਲਈ ਪਰਮਾਤਮਾ ਦਾ ਸਿਮਰਨ ਭਾਵ ਗੁਰੂ ਗਿਆਨ ਦੁਆਰਾ ਆਤਮਿਕ ਸੂਝ ਦਾ ਪੈਦਾ ਹੋਣਾ ਹੀ ਇਹ ਅੰਗੂਰੀ ਸ਼ਰਾਬ ਹੈ।

ਅਭੈ ਪਦ ਪੂਰਿ, ਤਾਪ ਤਹਿ ਨਾਸੇ, ਕਹਿ ਕਬੀਰ ਬੀਚਾਰੀ॥

ਉਬਟ ਚਲੰਤੇ ਇਹੁ ਮਦੁ ਪਾਇਆ, ਜੈਸੇ ਖੋਂਦ ਖੁਮਾਰੀ॥

ਰਾਮ ਦੀ ਦੁਹਾਈ ਨਾਲ ਭਾਵ ਸ਼ਬਦ ਦੀ ਵਿਚਾਰ ਨਾਲ ਜਦੋਂ ਮਤ ਵਿੱਚ ਤਬਦੀਲੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਹਿਜ ਅਵਸਥਾ ਬਣਦੀ ਹੈ ਤੇ ਤ੍ਰਿਸ਼ਨਾ ਦੀ ਅਗਨੀ ਸ਼ਾਂਤ ਹੁੰਦੀ ਹੈ। ‘ਅਭੈ ਪਦ ਪੂਰਿ’ ਨਿਰਭੈਤਾ ਵਾਲੀ ਸਥਿੱਤੀ ਉਤਪੰਨ ਹੁੰਦੀ ਹੈ। ‘ਤਾਪ ਤਹਿ ਨਾਸੇ’ ਝਗੜੇ, ਕਲੇਸ਼, ਈਰਖਾ ਦਵੈਸ ਵਰਗੀਆਂ ਵਰਗੇ ਤਾਪ ਸਾਰੇ ਉੱਤਰ ਜਾਂਦੇ ਹਨ। ‘ਕਹਿ ਕਬੀਰ ਬੀਚਾਰੀ’ ਕਬੀਰ ਜੀ ਆਖ ਰਹੇ ਹਨ ਕਿ ਮੈਂ ਵਿਚਾਰ ਕੇ ਦੇਖ ਲਿਆ ਹੈ ਤੇ ਇਸ ਵਿਚਾਰ ਦਾ ਨਾਮ ਹੀ ਨਾਮ ਕੀ ਦੁਹਾਈ ਹੈ। ‘ਬੀਚਾਰੀ’ ਸੋਚ ਸਮਝ ਕੇ. ਬਿਬੇਕ ਬਿਰਤੀ ਨਾਲ ਕੰਮ ਕਰਨ ਨੂੰ ਕਿਹਾ ਹੈ। ਪਹਾੜੀ ਰਸਤਾ ਕਠਨ ਤੇ ਬਿਖਮ ਹੁੰਦਾ ਹੈ ਇਸ ਦੀ ਚੜ੍ਹਾਈ ਚੜ੍ਹਨ ਲਈ ਬਹੁਤ ਹੌਂਸਲੇ ਤੇ ਧੀਰਜ ਦੀ ਜ਼ਰੂਰਤ ਹੈ। ‘ਉਬਟ ਚਲੰਤੇ’ ਔਖੀ ਚੜ੍ਹਾਈ ਵਾਲਾ ਰਸਤਾ, ਮਨ ਨੂੰ ਮੋੜ ਮੋੜ ਕੇ ਬੀਚਾਰ ਵਾਲੇ ਪਾਸੇ ਲੈ ਕੇ ਆਉਣਾ। ਜਦੋਂ ਮਨ ਸਾਧਨਾ ਵਿੱਚ ਪੈ ਜਾਂਦਾ ਹੈ ਤਾਂ ਇਸ ਨੂੰ ਸੁਆਦ ਆਉਣ ਲੱਗ ਪੈਂਦਾ ਹੈ। ਜਗਿਆਸੂ ਵਾਸਤੇ ਏਹੀ ਅੰਗੂਰਾਂ ਦੀ ਸ਼ਰਾਬ ਹੈ।

ਅੱਜ ਹਰ ਡੇਰਾ ਮਰ ਚੁੱਕੇ ਸਾਧ ਸਬੰਧੀ ਇਹ ਧਾਰਨਾ ਬਣਾਈ ਬੈਠਾ ਕਿ ਸਾਡੇ ਵੱਡੇ ਮਹਾਂਰਾਜ ਜੀ ਦਾ ਦਸਮ-ਦੁਆਰ ਖੁਲ੍ਹਿਆ ਹੋਇਆ ਸੀ ਤੇ ਜੋ ਹੁਣ ਮਹਾਂਰਾਜ ਜੀ ਗੱਦੀ `ਤੇ ਬਰਾਜਮਾਨ ਹਨ ਉਹਨਾਂ ਦਾ ਪਹਿਲੇ ਮਹਾਂਰਾਜ ਜੀ ਨਾਲੋਂ ਵੀ ਵਧ ਦਸਮ ਦੁਆਰ ਖੁਲ੍ਹਿਆ ਹੋਇਆ ਹੈ। ਕੀ ਅਜੇਹੇ ਨਾਮ ਧਰੀਕ ਸਾਧਾਂ ਦੇ ਦਸਮ-ਦੁਆਰ ਖੁਲ੍ਹਣ ਨਾਲ ਸਮਾਜ ਪਰਵਾਰ ਜਾਂ ਕਿਸੇ ਦੇਸ਼ ਨੂੰ ਲਾਭ ਹੋਇਆ ਹੈ? ਮਨੁੱਖਤਾ ਨੂੰ ਜੇ ਕੋਈ ਲਾਭ ਹੋਇਆ ਹੈ ਤਾਂ ਉਹਨਾਂ ਪੁਰਸ਼ਾਂ ਦੀ ਸੋਚ ਵਿਚੋਂ ਹੋਇਆ ਹੈ ਜੋ ਸਮਾਜ, ਧਰਮ, ਰਾਜਨੀਤੀ, ਆਰਥਿਕਤਾ ਫਲਸਫ਼ੇ ਤੇ ਮਨੁੱਖਤਾ ਪ੍ਰਤੀ ਗਹਿਰੇ ਚਿੰਤਕ ਸਨ। ਅਗਨੀ ਕਾਰਖਾਨੇ ਚਲਾ ਕੇ ਮਨੁੱਖਤਾ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਵੀ ਪਾ ਸਕਦੀ ਹੈ ਤੇ ਅਗਨੀ ਨੂੰ ਖੁਲ੍ਹਿਆਂ ਛੱਡਿਆਂ ਕ੍ਰੋੜਾਂ ਦੀ ਤਬਾਹੀ ਵੀ ਮਚਾ ਸਕਦੀ ਹੈ। ਅਸਲੀ ਦਵਾਈ ਡਾਕਟਰ ਬਣਾਉਂਦਾ ਹੈ ਤਾਂ ਨਕਲੀ ਦਵਾਈ ਵੀ ਡਾਕਟਰ ਹੀ ਬਣਾਉਂਦਾ ਹੈ। ਹਾਂ ਜੇ ਨਕਲੀ ਦਵਾਈ ਵਾਲੇ ਪਾਸ ਧਰਮ ਦੀਆਂ ਕਦਰਾਂ ਕੀਮਤਾਂ ਆ ਜਾਣ ਤਾਂ ਉਹ ਸਮਾਜ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਹਰ ਉਸ ਚਿੰਤਕ ਦਾ ਦਸਮ-ਦੁਆਰ ਖੁਲ੍ਹਿਆ ਸਮਝਿਆ ਜਾਣਾ ਚਾਹੀਦਾ ਹੈ, ਜਿਸ ਦੇ ਅਨੁਭਵ, ਫਲਸਫ਼ੇ, ਗਿਆਨ, ਤਜਰਬੇ ਦੇ ਨਾਲ ਮਨੁੱਖਤਾ ਦੀ ਬਾਹਰਲੀ ਤੇ ਅੰਦਰਲੀ ਸ਼ੁੱਧ ਉਸਾਰੀ ਹੁੰਦੀ ਹੋਵੇ। ਕਬੀਰ ਜੀ ਨੇ ਤੇ ਦੋ ਸ਼ਬਦਾਂ ਵਿੱਚ ਹੀ ਗੱਲ ਮੁਕਾ ਦਿੱਤੀ ਹੈ ਕਿ ਮੱਥੇ ਦੀਆਂ ਤਿਊੜੀਆਂ ਖ਼ਤਮ ਹੋ ਜਾਣ ਨਾਲ ਹੀ ਤੇਰਾ ਦਸਮ ਦੁਆਰ ਖੁਲ੍ਹ ਸਕਦਾ ਹੈ ‘ਤ੍ਰਿਕੁਟੀ ਛੁਟੈ, ਦਸਵਾ ਦਰੁ ਖੁਲੈ, ਤ ਮਨੁ ਖੀਵਾ ਭਾਈ’।

ਗਿਆਨ ਇੰਦ੍ਰੀਆਂ ਤੋਂ ਉੱਚਾ ਉੱਠ ਜਾਣਾ, ਆਤਮਿਕ ਅਡੋਲਤਾ ਦੀ ਰੌਅ ਦਾ ਚੱਲ ਪੈਣਾ, ਗੁਰੂ ਗਿਆਨ ਦੁਆਰਾ ਮਨ ਦੀ ਭਟਕਣਾ ਨੂੰ ਰੋਕ ਲੈਣਾ, ਹਰ ਵੇਲੇ ਪਰਮਾਤਮਾ ਦੇ ਨਾਂ ਦੀ ਆਪਣੇ ਅੰਦਰ ਦੁਹਾਈ ਪਾਉਣੀ ਤੇ ਸਹਿਜ ਅਵਸਥਾ ਦੇ ਧਾਰਨੀ ਹੋਣ ਦਾ ਨਾਂ ਦਸਮ ਦੁਆਰ ਦਾ ਖੁਲ੍ਹਣਾ ਹੈ:-- ਗੁਰ ਵਾਕ ਨੂੰ ਧਿਆਨ ਵਿੱਚ ਲਿਆਉਣ ਦੀ ਜ਼ਰੂਰਤ ਹੈ।

ਧਾਵਤੁ ਥੰਮਿਆ ਸਤਿਗੁਰਿ ਮਿਲਿਐ ਦਸਵਾ ਦੁਆਰ ਪਾਇਆ॥

ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮਿ ਰਹਾਇਆ॥

ਆਸਾ ਮਹਲਾ ੩ ਪੰਨਾ ੪੪੧ –




.