.

ਜਾਂ ਕੁਆਰੀ ਤਾਂ ਚਾਉ

ਗਿ. ਸੰਤੋਖ ਸਿੰਘ

ਗੁਰਬਾਣੀ ਅਨੁਸਾਰ ਹਰੇਕ ਉਹ ਬੱਚੀ ਜੋ ਮਾਨਸਿਕ ਅਤੇ ਸਰੀਰਕ ਪੱਖੋਂ ਯੋਗ ਹੈ, ਆਪਣੇ ਮਨ ਵਿੱਚ ਆਪਣੇ ਵਾਸਤੇ ਯੋਗ ਵਰ ਦੀ ਤਸਵੀਰ ਚਿਤਵਦੀ ਹੈ। ਮਾਤਾ, ਹੋਰ ਸਿਆਣੀਆਂ ਪਰਵਾਰਕ ਇਸਤਰੀਆਂ, ਸਖੀਆਂ ਆਦਿ ਵੀ ਉਸਨੂੰ ਸਦਾ ਚੇਤੇ ਕਰਵਾਉਂਦੀਆਂ ਰਹਿੰਦੀਆਂ ਹਨ ਕਿ ਤੂੰ ਆਪਣੇ ਅਸਲੀ ਘਰ ਜਾਣਾ ਹੈ। ਇਹ ਘਰ ਤੇਰੇ ਮਾਪਿਆਂ ਦਾ ਘਰ ਹੈ ਜਿਥੇ ਤੇਰੀਆਂ ਭਰਜਾਈਆਂ ਨੇ ਆਉਣਾ ਹੈ। ਤੇਰਾ ਅਸਲੀ ਘਰ ਤੇਰੇ ਹੋਣ ਵਾਲ਼ੇ ਮਾਹੀ ਦਾ ਘਰ ਹੈ। ਗੁਰਬਾਣੀ ਵੀ ਇਸ ਦੀ ਮਿਸਾਲ ਦਿੰਦਿਆਂ ਹੋਇਆਂ ਜੀਵ ਆਤਮਾ ਨੂੰ ਮੁੜ ਮੁੜ ਸਮਝਾਉਣੀਆਂ ਦਿੰਦੀ ਹੋਈ ਆਖਦੀ ਹੈ;
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ॥ (੫0)
ਇਹ ਸਾਨੂੰ ਸਦਾ ਯਾਦ ਰਹੇ ਕਿ ਗੁਰਬਾਣੀ ਵਿੱਚ ਜਦੋਂ ਵੀ ਦੁਨਿਆਵੀ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ ਤਾਂ ਸਿਰਫ ਅਲੰਕਾਰ ਵਜੋਂ ਹੀ ਇਹਨਾਂ ਦਾ ਪ੍ਰਯੋਗ ਕੀਤਾ ਗਿਆ ਹੈ। ਭਾਵ ਸਤਿਗੁਰਾਂ ਦਾ ਦੁਨਿਆਵੀ ਮਿਸਾਲਾਂ ਨੂੰ ਉਦਾਹਰਣ ਵਜੋਂ ਵਰਤ ਕੇ ਅਸਲੀ ਉਪਦੇਸ਼ ਮਾਰਫਤ ਦਾ ਹੀ ਦੇਣਾ ਸੀ/ਹੈ।
ਪਹਿਲਾਂ ਤੇ ਨਢੀ ਨੂੰ ਵਿਆਹ ਦਾ, ਪਤੀ ਦਾ, ਸਹੁਰੇ ਘਰ ਦਾ ਚਾ ਹੁੰਦਾ ਹੈ ਤੇ ਪਤਾ ਫਿਰ ਲੱਗਦਾ ਹੈ ਜਦੋਂ ਸਹੁਰੇ ਘਰ ਦੇ ਖਲਜਗਣਾਂ ਨਾਲ਼ ਦੋ ਚਾਰ ਹੋਣਾ ਪੈਂਦਾ ਹੈ। ਏਸੇ ਕਰਕੇ ਹੀ ਫਰੀਦ ਜੀ ਨੇ ਆਖਿਆ ਹੈ:
ਜਾਂ ਕੁਆਰੀ ਤਾਂ ਚਾਉ ਵੀਵਾਹੀ ਤਾਂ ਮਾਮਲੇ॥
ਫਰੀਦਾ ਏਹੋ ਪਛਾਤਾਉ ਵਤਿ ਕੁਆਰੀ ਨਾ ਥੀਐ॥ ੬੩॥ (੧੩੮੧)

ਗੁਰਬਾਣੀ ਵਿੱਚ ਇੱਕ ਹੋਰ ਵਿਕੋਲਿਤਰੀ ਜਿਹੀ ਸਥਿਤੀ ਦਾ ਵਰਨਣ ਵੀ ਮਿਲ਼ਦਾ ਹੈ। ਕੋਈ ਕੋਈ ਨਢੀ ਕਦੀ ਸਹੇਲੀਆਂ ਸੰਗ ਆਪਣੇ ਪਤੀ ਬਾਰੇ ਹਾਸੇ ਭਰੀਆਂ ਬਾਤਾਂ ਦੁਆਰਾ ਮਨੋਰੰਜਕ ਵਾਤਾਵਰਣ ਪੈਦਾ ਕਰਕੇ, ਸਹੇਲੀਆਂ ਸਮੇਤ ਹਾਸੇ ਵਾਲ਼ਾ ਵਾਤਾਵਰਣ ਵੀ ਸਿਰਜਦੀ ਹੈ ਪਰ ਜਦੋਂ ਪਤੀ ਘਰ ਵਿੱਚ ਪ੍ਰਵੇਸ਼ ਕਰੇ ਤਾਂ ਸੰਗ ਜਿਹੀ ਅਨੁਭਵ ਕਰਦੀ ਹੋਈ ਸਿਰ ਦੇ ਲੀੜੇ ਨਾਲ਼ ਆਪਣਾ ਮੂੰਹ ਢੱਕ ਲੈਂਦੀ ਹੈ। ਇਸ ਬਾਰੇ ਵਰਨਣ ਇਸ ਪ੍ਰਕਾਰ ਹੈ:
ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ॥
ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ॥ ੧॥ (੧੨੦੩)

ਪਤੀ ਦੀ ਗ਼ੈਰ ਹਾਜਰੀ ਜਾਂ ਅਣਗੌਲ਼ਤਾ ਦੇ ਕਾਰਨ ਪਤਨੀ ਦੀ ਘਰ ਵਿੱਚ ਅਣਪੁੱਛਤਾ ਜਿਹੀ ਨੂੰ ਗੁਰਬਾਣੀ ਵਿੱਚ ਵੀ ਇਉਂ ਬਿਆਨਿਆ ਹੈ:
ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ॥ ੧॥ (੧੦੯੫)
ਬਹੁਤੀ ਹੀ ਸੌੜੀ ਸੋਚ ਵਾਲ਼ੀ ਕੋਈ ਕੋਈ ਸੱਸ ਨਵੀ ਨੋਂਹ ਦਾ ਏਨਾ ਕਾਫੀਆ ਵੀ ਤੰਗ ਕਰ ਸਕਦੀ ਹੈ ਕਿ ਗੁਰਬਾਣੀ ਅਨੁਸਾਰ ਹਾਲਤ ਕੁੱਝ ਇਸ ਹੱਦ ਤੱਕ ਵੀ ਅੱਪੜ ਜਾਂਦੀ ਹੈ:
ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ॥ (੩੫੫)
ਪਰ ਗੁਰਮਤਿ ਦੀ ਸਿੱਖਿਆ ਅਨੁਸਾਰ ਇਸ ਸੰਸਾਰ ਵਿੱਚ ਆਉਣਾ ਵੀ ਨਿਰੰਕਾਰ ਦੇ ਵੱਸ ਹੈ ਤੇ ਆਉਣ ਉਪ੍ਰੰਤ ਕਾਦਰ ਦੀ ਸਾਜੀ ਕੁਦਰਤ ਦੇ ਨੇਮਾਂ ਅਨੁਸਾਰ ਪਰਵਾਰਕ ਜੀਵਨ ਵਿੱਚ ਵੀ ਪ੍ਰਵੇਸ਼ ਕਰਨਾ ਹੈ। ਦੁੱਖ ਤਾਂ ਹਰ ਅਵਸਥਾ ਵਿੱਚ ਹੀ ਸੰਸਾਰ ਅੰਦਰ ਹਨ ਤੇ ਇਹਨਾਂ ਦੀ ਸਮਾਪਤੀ ਜੀਂਦੇ ਜੀ ਕਦੀ ਨਹੀ ਹੋ ਸਕਦੀ। ਗੁਰਬਾਣੀ ਦਾ ਫੁਰਮਾਨ ਹੈ:
ਦੁਖੁ ਸੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ (੧੪੯)
ਨਿਰੰਕਾਰ ਵੱਲੋਂ ਬਖ਼ਸ਼ੀ ਹੋਈ ਉਮਰ ਸੰਸਾਰ ਅੰਦਰ ਪੂਰੀ ਕਰਨੀ ਹੀ ਹੈ ਪਰ ਉਸਦੀ ਰਜ਼ਾ ਅੰਦਰ ਰਾਜੀ ਰਹਿ ਕੇ ਬਿਤਾਉਣ ਨਾਲ਼ ਦੁੱਖਾਂ ਦੀ ਅਗਨੀ ਦਾ ਸੇਕ ਮਨੁਖ ਨੂੰ ਘੱਟ ਲੱਗੇਗਾ।
ਇਕ ਚਲਚਿਤਰੀ ਗਾਣੇ ਵਿੱਚ ਇੱਕ ਬੀਬੀ ਵੀ ਇਉਂ ਵੀ ਗਾਉਂਦੀ ਦਰਸਾਈ ਹੈ:
ਦੁਨੀਆਂ ਮੇ ਹਮ ਆਏ ਹੈਂ ਤੋ ਜੀਨਾ ਹੀ ਪੜੇਗਾ।
ਜੀਵਨ ਹੈ ਅਗਰ ਜ਼ਹਿਰ ਤੋ ਪੀਨਾ ਹੀ ਪੜੇਗਾ।
ਗੁਰਬਾਣੀ ਜੀਵਨ ਨੂੰ ਜ਼ਹਿਰ ਨਹੀ ਬਲਕਿ ਅਨਮੋਲ ਰੱਬੀ ਤੋਹਫ਼ਾ ਸਮਝ ਕੇ ਉਸਦੀ ਯਾਦ ਤੇ ਰਜ਼ਾ ਵਿੱਚ ਵਿਚਰਨ ਦਾ ਉਪਦੇਸ਼ ਦਿੰਦੀ ਹੋਈ ਸਾਡੇ ਕਲਿਆਣ ਹਿੱਤ ਉਪਦੇਸ਼ ਬਖ਼ਸ਼ਿਸ ਕਰਦੀ ਹੈ:
ਅਵਰ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (੩੭੪)

ਨਿਰੰਕਾਰ ਵੱਲੋਂ ਬਖ਼ਸ਼ੀ ਹੋਈ ਉਮਰ ਸੰਸਾਰ ਅੰਦਰ ਪੂਰੀ ਕਰਨੀ ਹੀ ਹੈ ਪਰ ਉਸਦੀ ਰਜ਼ਾ ਅੰਦਰ ਰਾਜੀ ਰਹਿ ਕੇ ਬਿਤਾਉਣ ਨਾਲ਼ ਦੁੱਖਾਂ ਦੀ ਅਗਨੀ ਦਾ ਸੇਕ ਮਨੁਖ ਨੂੰ ਘੱਟ ਲੱਗੇਗਾ।
ਆਸਾ ਮਹਲਾ ੫॥
ਸਸੂ ਤੇ ਪਿਰਿ ਕੀਨੀ ਵਾਖ॥ ਦੇਰ ਜਿਠਾਣੀ ਮੁਈ ਦੂਖਿ ਸੰਤਾਪਿ॥
ਘਰ ਕੇ ਜਿਠੇਰੇ ਕੀ ਚੂਕੀ ਕਾਣਿ॥ ਪਿਰਿ ਰਖਿਆ ਕੀਨੀ ਸੁਘੜ ਸੁਜਾਣਿ॥ ੧॥
ਸੁਨਹੋ ਲੋਕਾ ਮੈ ਪ੍ਰੇਮ ਰਸੁ ਪਾਇਆ॥
ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋਕਉ ਹਰਿ ਨਾਮੁ ਦਿਵਾਇਆ॥ ੧॥ ਰਹਾਉ॥
ਪ੍ਰਥਮੇ ਤਿਆਗੀ ਹਉਮੈ ਪ੍ਰੀਤਿ॥ ਦੁਤੀਆ ਤਿਆਗੀ ਲੋਗਾ ਰੀਤਿ॥
ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ॥ ਤੁਰੀਆ ਗੁਣ ਮਿਲਿ ਸਾਧ ਪਛਾਨੇ॥ ੨॥
ਸਹਿਜ ਗੁਫਾ ਮਹਿ ਆਸਣੁ ਬਾਧਿਆ॥ ਜੋਤਿ ਸਰੂਪ ਅਨਾਹਦੁ ਵਾਜਿਆ॥
ਮਹਾ ਅਨੰਦੁ ਗੁਰ ਸਬਦੁ ਵੀਚਾਰਿ॥ ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ॥ ੩॥
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ॥ ਜੋ ਸੁਣੇ ਕਮਾਵੈ ਸੁ ਉਤਰੈ ਪਾਰਿ॥
ਜਨਮਿ ਨ ਮਰੈ ਨ ਆਵੈ ਨ ਜਾਇ॥ ਹਰਿ ਸੇਤੀ ਓਹੁ ਰਹੈ ਸਮਾਇ॥ ੪॥ ੨॥ (੩੭੦)

ਅਰਥ: ਲੋਕੋ ਸੁਣੋ! ਗੁਰੂ ਦੀ ਕਿਰਪਾ ਨਾਲ ਮੈ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ। ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦਿੱਤੀ ਹੈ। ਉਸ ਦੀ ਬਰਕਤਿ ਨਾਲ ਮੈ ਭੈੜੇ ਭਾਵ ਕਾਮਾਦਿਕ ਵੈਰੀ ਮੁਕਾ ਲਏ ਹਨ॥ ੧॥
ਗੁਰੂ ਦੀ ਕਿਰਪਾ ਨਾਲ ਮਿਲੇ ਪ੍ਰਭੂ-ਪਤੀ ਨੇ ਮੈਨੂੰ ਆਗਿਆਨਤਾ ਰੂਪੀ ਸੱਸ ਤੋਂ ਵੱਖ ਕਰ ਲਿਆ ਹੈ। ਮੇਰੀਆਂ ਆਸਾ, ਤ੍ਰਿਸ਼ਨਾ ਦਿਰਾਣੀ ਤੇ ਜਿਠਾਣੀ ਇਸ ਦੁੱਖ ਕਲੇਸ਼ ਨਾਲ ਮਰ ਗਈਆਂ ਹਨ ਕਿ ਮੈਨੂੰ ਪਤੀ ਮਿਲ ਪਿਆ ਹੈ। ਮੇਰੇ ਉਤੇ ਧਰਮ-ਰਾਜ ਰੂਪੀ ਜੇਠ ਦੀ ਵੀ ਧੌਂਸ ਨਹੀ ਰਹੀ। ਸਿਆਣੇ ਪਤੀ ਨੇ ਮੈਨੂੰ ਇਹਨਾਂ ਸਭਨਾਂ ਤੋਂ ਬਚਾ ਲਿਆ ਹੈ॥ ੧॥
ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਸਭ ਤੋਂ ਪਹਿਲਾਂ ਮੈਂ ਹਉਮੈ ਨੂੰ ਪਿਆਰਨਾ ਛੱਡ ਦਿੱਤਾ। ਲੋਕਾਚਾਰੀ ਰਸਮਾਂ ਛੱਡ ਦਿਤੀਆਂ। ਫਿਰ ਮੈ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇਕੋ ਜਿਹੇ ਅਰਥਾਤ ਮਿੱਤਰ ਹੀ ਸਮਝ ਲਏ। ਗੁਰੂ ਨੂੰ ਮਿਲ ਕੇ ਮੈ ਉਸ ਦੇ ਗੁਣਾਂ ਨਾਲ ਸਾਂਝ ਪਾ ਲਈ ਜੇਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ ਚੌਥੇ ਆਤਮਿਕ ਦਰਜੇ ਤੇ ਅਪੜਾਂਦਾ ਹੈ॥ ੨॥
ਜੋਗੀ ਗੁਫਾ ਵਿੱਚ ਬੈਠ ਕੇ ਆਸਣ ਲਾਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈ ਆਤਮਿਕ ਅਡੋਲਤਾ ਦੀ ਗੁਫਾ ਵਿੱਚ ਆਪਣਾ ਆਸਣ ਜਮਾ ਲਿਆ। ਮੇਰੇ ਅੰਦਰ ਨਿਰੇ ਨੂਰ ਰੂਪ ਪਰਮਾਤਮਾ ਦੇ ਮਿਲਾਪ ਦਾ ਇੱਕ ਰਸ ਵਾਜਾ ਵੱਜਣ ਲੱਗ ਪਿਆ। ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਿਕ ਆਨੰਦ ਪੈਦਾ ਹੋ ਰਿਹਾ ਹੈ। ਲੋਕੋ! ਧੰਨ ਹੈ ਉਹ ਜੀਵ ਰੂਪੀ ਇਸਤਰੀ ਜੋ ਪ੍ਰਭੂ ਪਤੀ ਦੇ ਪਿਆਰ ਦੇ ਰੰਗ ਨਾਲ ਰੰਗੀ ਗਈ ਹੈ॥ ੩॥
ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ। ਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉਚਾ ਕਰਦਾ ਹੈ ਉਹ ਸੰਸਾਰ ਰੂਪੀ ਸਮੁੰਦਰ ਪਾਰ ਲੰਘ ਜਾਂਦਾ ਹੈ। ਉਹ ਮੁੜ ਮੁੜ ਨਾ ਜੰਮਦਾ ਹੈ ਤੇ ਨਾ ਮਰਦਾ ਹੈ। ਉਹ ਜਗਤ ਵਿੱਚ ਮੁੜ ਮੁੜ ਨਾ ਆਉਂਦਾ ਹੈ ਤੇ ਨਾ ਏਥੋਂ ਮੁੜ ਮੁੜ ਜਾਂਦਾ ਹੈ। ਉਹ ਸਦਾ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ॥ ੪॥ ੨॥ (ਅਰਥ: ਪ੍ਰਿੰਸੀਪਲ ਸਾਹਿਬ ਸਿੰਘ ਜੀ)
.