.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 42)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਗੁਰਮਤ ਤੋਂ ਭਗੌੜੇ ‘ਬਨਾਰਸ ਕੇ ਠੱਗਾਂ’ ਨੇ ਦੇਗ ਤੇਗ ਤੋਂ ਬਿਨਾਂ ਹੀ ਅੱਧਾ ਪੰਥ ਕੀਲ ਰੱਖਿਆ ਹੈ

ਖ਼ਾਲਸੇ ਦੇ ਜੰਗਾਂ ਜੁੱਧਾਂ ਵੇਲਿਆਂ `ਚ ਜਿਹੜੇ ਲੋਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਿਆ ਕਰਦੇ ਸਨ ਉਨ੍ਹਾਂ ਨੂੰ ਸਿੱਖ ਸਤਿਕਾਰ ਵਜੋਂ ਮਹੰਤ ਕਹਿੰਦੇ ਸਨ। ਮਹੰਤ ਤੋਂ ਭਾਵ ਹੈ ਮਹਾਨ ਜਾਂ ਮਹਾਂਪੁਰਸ਼। ਵੇਲੇ ਦੀ ਚਾਲ ਨਾਲ ਮਹੰਤਾਂ ਦੀ ਔਲਾਦ, ਨਾਮ-ਬਾਣੀ ਦੀ ਘਾਟ ਅਤੇ ਪੂਜਾ ਦੇ ਧਾਨ ਦੀ ਬਹੁਤਾਤ ਕਾਰਨ ਵਿਗੜ ਗਈ ਤਾਂ ਪੰਥ ਨੇ ਉਨ੍ਹਾਂ ਨੂੰ ਗੁਰਦੁਆਰਿਆਂ ਵਿਚੋਂ ਕੱਢ ਦਿੱਤਾ। ਅਜਿਹੇ ਹੀ ਲੋਕਾਂ ਨੇ ਆਪਣੇ ਨਿੱਜੀ ਡੇਰੇ ਬਣਾ ਕੇ ਮਹੰਤਾਂ ਤੋਂ ਸੰਤ ਬਣ ਕੇ ਅੱਜ ਅੱਧ ਤੋਂ ਵੱਧ ਪੰਥ ਕੀਲ ਰੱਖਿਆ ਹੈ।
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਵੀਹਵੀਂ ਸਦੀ ਤੋਂ ਪਹਿਲਾਂ ਤਾਂ ਕੋਈ ਵੀ ਸਿੱਖ ਸੰਤ ਨਹੀਂ ਹੋਇਆ ਕਰਦਾ ਸੀ। ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਜੀ ਸ਼ਹੀਦ, ਭਾਈ ਮਨੀ ਸਿੰਘ ਜੀ ਸ਼ਹੀਦ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਜੀ ਆਦਿ ਅਨੇਕਾਂ ਮਹਾਂਪੁਰਸ਼ ਹੋਏ ਹਨ ਜਿਹੜੇ ਪੂਰਨ ਸੰਤ-ਸਿਪਾਹੀ ਤੇ ਬ੍ਰਹਮ ਗਿਆਨੀ ਸਨ ਪਰ ਉਹ ਤਾਂ ਸੰਤ ਬਣੇ ਹੀ ਨਹੀਂ ਅਤੇ ਨਾ ਹੀ ਕਦੇ ਉਨ੍ਹਾਂ ਨੇ ਗੁਰ-ਉਪਦੇਸ਼ ਦੀ ਕਥਾ-ਵਾਰਤਾ ਕਰਕੇ ਸਿੱਖਾਂ ਦੀ ਦਸਾਂ ਨਹੁੰਆਂ ਦੀ ਕਮਾਈ ਦੇ ਚੜ੍ਹਾਵੇ ਚੁੱਕ ਕੇ ਆਪਣੇ ਨਿੱਜੀ ਬਹੁ-ਮੰਜਲੇ ਡੇਰੇ ਬਣਾਏ ਸਨ। ਪਰ ਅੱਜ ਤਾਂ ਸ਼ਾਇਦ ਹੀ ਕੋਈ ਅਸਲੀ ਹੋਵੇ ਨਹੀਂ ਤਾਂ ਲਗਭਗ ਸਾਰੇ ਹੀ ਨਕਲੀ ਸੰਤ ਹਨ।
ਗੁਰਬਾਣੀ ਵਿਚ ਆਏ ਸੰਤ ਪਦ ਦੇ ਅਧਿਕਾਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਹਨ ਜਾਂ ਗੁਰੂ ਦੀ ਸੰਗਤ ਹੈ। ਗੁਰੂ ਸਾਹਿਬ ਨੇ ਤਾਂ 15 ਭਗਤ ਜਿਨ੍ਹਾਂ ਨੂੰ ਸੰਤ ਕਿਹਾ ਜਾ ਸਕਦਾ ਸੀ, ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਸਮੇਂ ‘ਭਗਤਾਂ ਦੀ ਬਾਣੀ’ ਦਾ ਹੀ ਸਿਰਲੇਖ ਦਿੱਤਾ ਹੈ। ਇਸ ਲਈ ਆਪਣੇ ਆਪ ਨੂੰ ਸੰਤ ਅਖਵਾਉਣਾ ਜਾਂ ਕਿਸੇ ਬੰਦੇ ਨੂੰ ਕਹਿਣਾ ਹੀ ਬਹੁਤ ਵੱਡਾ ਕੁਕਰਮ ਹੈ। ਕਿਉਂਕਿ ਇਹ ਸ਼ਬਦ ਗੁਰੂ ਦਾ ਸ਼ਰੀਕ ਬਣਾਉਂਦਾ ਹੈ। ਸਿੱਖ ਆਪਣੇ ਗੁਰੂ ਦੇ ਬਰਾਬਰ ਕਿਸੇ ਬੰਦੇ ਨੂੰ ਮੰਨ ਕੇ ਗੁਰੂ ਦੀ ਤੌਹੀਨ ਕਰ ਹੀ ਨਹੀਂ ਸਕਦਾ। ਇਥੋਂ ਤਕ ਕਿ ਡਰਾਮਿਆਂ ਜਾਂ ਫਿਲਮਾਂ ਵਿਚ ਵੀ ਕੋਈ ਬੰਦਾ ਗੁਰੂ ਦਾ ਰੋਲ ਨਹੀਂ ਕਰ ਸਕਦਾ। ਫਿਰ ਅੱਜ ਦੇ ਅਖਾਉਤੀ ਸੰਤ ਤਾਂ ਸਿੱਖੀ ਦੇ ਮੁੱਢਲੇ ਅਸੂਲਾਂ ਦੇ ਹੀ ਧਾਰਨੀ ਨਹੀਂ, ਜਿਵੇਂ ਕਿ ਸਿੱਖੀ ਗ੍ਰਿਹਸਤੀਆਂ ਦਾ ਧਰਮ ਹੈ ਪਰ ਇਹ ਆਮ ਤੌਰ `ਤੇ ਛੜੇ ਹੀ ਹੁੰਦੇ ਹਨ। ਸਿੱਖੀ ਵਿਚ ਦੇਗ ਤੇਗ ਚੱਲਣੀ ਜ਼ਰੂਰੀ ਹੈ। ਪਰ ਕਈ ਡੇਰਿਆਂ ਵਿਚ ਦੇਗ ਕਿੱਥੋਂ ਚੱਲਣੀ ਹੈ, ਚੁੱਲ੍ਹਾ ਵੀ ਨਹੀਂ ਤਪਦਾ, ਰੋਟੀਆਂ ਵੀ ਨਾਲ ਦੇ ਪਿੰਡਾਂ ਤੋਂ ਬਣ ਕੇ ਆਉਂਦੀਆਂ ਅਤੇ ਕੜਾਹ ਪ੍ਰਸਾਦਿ ਦੀ ਥਾਂ ਖਿੱਲਾਂ ਦੇ ਦੇਂਦੇ ਹਨ।
ਤੇਗ ਵਾਲੀ ਤਾਂ ਗੱਲ ਹੀ ਅਣਹੋਣੀ ਹੈ। ਤੇਗ ਤੋਂ ਭਾਵ ਹੈ ਜ਼ੁਲਮ ਨਾਲ ਟੱਕਰ। ਸਿੱਖਾ ਦਾ ਧਰਮ ਜ਼ੁਲਮ ਨਾਲ ਟਾਕਰਾ ਕਰਨਾ ਹੈ ਪਰ ਜਦੋਂ 1984 ਵਿੱਚ ਅਕਾਲ ਤਖ਼ਤ ਢਾਹਿਆ ਗਿਆ ਅਤੇ ਸਾਰੇ ਭਾਰਤ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਸਾਰੇ ਸੰਤਾਂ ਨੇ ਕਬੂਤਰਾਂ ਵਾਂਗ ਅੱਖਾਂ ਮੀਚ ਲਈਆਂ ਸਨ। ਇਨ੍ਹਾਂ ਮਹਾਂਪੁਰਸ਼ਾਂ ਨੂੰ ਤਾਂ ਆਂਡਿਆਂ ਤੇ ਮੁਰਗੀਆਂ ਦਾ ਫ਼ਿਕਰ ਹੈ ਅਤੇ ਇਹੀ ਮੁੱਖ ਵਿਸ਼ੇ ਨੂੰ ਲੈ ਕੇ ਸਾਰੀ ਦੁਨੀਆਂ ਦਾ ਭ੍ਰਮਣ ਕਰਦੇ ਹਨ। ਅੱਜ ਤਾਂ ਸੰਤ ਬਣਨ ਦੀ ਕਸਵੱਟੀ ਵੀ ਸ਼ਾਇਦ ਇਹੋ ਹੀ ਹੈ।
ਕੋਈ ਵੀ ਡੇਰੇਦਾਰ ਅਕਾਲ ਤਖ਼ਤ ਸਾਹਿਬ ਦੀ ਪ੍ਰਮਾਣਿਤ ਰਹਿਤ ਮਰਯਾਦਾ ਨੂੰ ਨਹੀਂ ਮੰਨਦਾ। ਪਰ ਸਿੱਖਾਂ ਦੇ ਅੱਖੀਂ ਘੱਟਾ ਪਾ ਕੇ ਤਖ਼ਤ ਦੀ ਮਾਣ-ਮਰਯਾਦਾ ਨੂੰ ਖਤਮ ਕਰਨ ਲਈ ਸੰਤ ਸਮਾਜ ਵੱਡਾ ਰੋਲ ਅਦਾ ਕਰ ਰਿਹਾ ਹੈ। ਨਾਨਕਸ਼ਾਹੀ ਜੰਤਰੀ ਦੇ ਮੁੱਦੇ `ਤੇ ਇਹ ਆਰ: ਐਸ: ਐਸ: ਵਾਲਿਆਂ ਨੂੰ ਨਾਰਾਜ਼ ਨਹੀਂ ਕਰ ਸਕਦੇ, ਸਿੱਖ ਭਾਵੇਂ ਸਾਰੇ ਨਾਰਾਜ਼ ਹੋ ਜਾਣ। ਅਨੇਕਾਂ ਵਾਰੀ ਸਿੱਖਾਂ `ਤੇ ਜ਼ੁਲਮ ਹੋਇਆ ਹੈ ਤੇ ਹੁਣ ਕਸ਼ਮੀਰ ਵਿਚ 40 ਸਿੱਖਾਂ ਦਾ ਕਤਲੇਆਮ ਹੋਇਆ ਹੈ। ਕਿਤਨੇ ਕੁ ਸੰਤ ਬੋਲੇ ਹਨ? ਸਿਰਫ਼ ਆਪਣੀ ਰੱਖਿਆ ਲਈ ਹੀ ਬਹੁਤਿਆਂ ਨੇ ਬੰਦੂਕਾਂ ਚੁੱਕੀਆਂ ਹੋਈਆਂ ਹਨ। ਢੱਕੀ ਵਾਲੇ ਸੰਤ ਦਾ ਤਾਂ ਸਭ ਨੂੰ ਪਤਾ ਹੀ ਹੈ। ਹੁਣ ਇਕ ਹੋਰ ਸੰਤ ਦੀ ਵੀ ਖ਼ਬਰ ਸਭ ਨੇ ਅਖ਼ਬਾਰ `ਚ ਪੜ੍ਹ ਲਈ ਹੋਵੇਗੀ ਕਿ ਕਿਵੇਂ ਇਕ 13 ਸਾਲ ਦੇ ਬੱਚੇ ਨੂੰ ਆਪ ਗੱਡੀ ਮਾਰ ਕੇ ਫੱਟੜ ਕੀਤਾ ਅਤੇ ਜਦੋਂ ਉਸ ਦੇ ਘਰ ਵਾਲਿਆਂ ਨੇ ਰੋਸ ਕੀਤਾ ਤਾਂ ਉਨ੍ਹਾਂ ਨੂੰ ਵੀ ਮਰਨ ਕੰਢੇ ਕਰਕੇ ਹਸਪਤਾਲ ਪਹੁੰਚਾ ਦਿੱਤਾ। ਅਜਿਹੀ ਦਲੇਰੀ ਕੋਈ ਸੰਤ ਤਾਂ ਨਹੀਂ ਕਰ ਸਕਦਾ, ਕੇਵਲ ਗੁੰਡਾ ਹੀ ਕਰੇਗਾ। ਇਹੋ ਲੱਛਣ ਕਿਸੇ ਵੇਲੇ ਮਹੰਤਾਂ ਦੇ ਹੋ ਗਏ ਸਨ ਤੇ ਪੰਥ ਨੂੰ ਭਾਰੀ ਕੁਰਬਾਨੀ ਕਰਨੀ ਪਈ ਸੀ।
ਹਰਿਆਣੇ ਦਾ ਇਕ ਸਿੱਖ ਸੰਤ ਬਾਬਾ ਜੀ ਆਰ: ਐਸ: ਐਸ: ਦੀ ਬੋਲੀ ਬੋਲਦਾ ਹੋਇਆ ਗੁੰਮਰਾਹ ਕੁੰਨ ਪ੍ਰਚਾਰ ਕਰ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਕੌਮ ਹਿੰਦੂਆਂ ਦੀ ਰਾਖੀ ਲਈ ਬਣਾਈ ਹੈ; ਜਦ ਕਿ ਹਿੰਦੂ ਹਿੰਦੂ ਨਹੀਂ ਰਹੇ ਸਗੋਂ ਮੁਗ਼ਲਾਂ ਵਾਂਗ ਹੀ ਜ਼ਾਲਮ ਹੋ ਗਏ ਹਨ। ਭਾਰਤ ਵਿਚ ਘਟੋ ਘੱਟ ਗਿਣਤੀ ਕੌਮਾਂ ਅਤੇ ਉਨ੍ਹਾਂ ਦੇ ਧਰਮ ਅਸਥਾਨ ਇਨ੍ਹਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਨ।
ਸਿੱਖ ਪੰਥ ਦੀ ਹਸਤੀ ਨੂੰ ਅੱਜ ਖ਼ਾਸ ਖ਼ਤਰਾ ਫਿਰਕੂ ਹਿੰਦੂਆਂ ਤੋਂ ਹੀ ਹੈ। ਸਿਤਮ ਦੀ ਗੱਲ ਇਹ ਹੈ ਕਿ ਪੌਂਡਾਂ ਦੀਆਂ ਪੰਡਾਂ ਸਿੱਖ ਦੇ ਰਹੇ ਹਨ ਪਰ ਫ਼ਿਕਰ ਸੰਤ ਜੀ ਨੂੰ ਹਿੰਦੂਆਂ ਦਾ ਹੈ। ਸਿੱਖਾਂ ਦੀ ਬਿਬੇਕ ਬੁੱਧੀ ਦੇ ਹਵਾਲੇ ਦੀ ਪੁਸ਼ਟੀ ਉਦੋਂ ਹੁੰਦੀ ਹੈ ਜਦੋਂ ਇਨ੍ਹਾਂ ਦੇ ਦੀਵਾਨਾਂ ਵਿਚ ਭੀੜ ਕਾਰਨ ਤਿਲ ਸੁੱਟਣ ਲਈ ਵੀ ਥਾਂ ਨਹੀਂ ਹੁੰਦਾ।
ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਹਰ ਇਕ ਸ਼ਬਦ ਦੇ ਗਾਇਨ ਕਰਨ ਲਈ ਰਾਗ ਅਤੇ ਧੁਨੀ ਨਿਯਤ ਕੀਤੀ ਹੋਈ ਹੈ, ਪਰ ਇਹ ਲੋਕ ਗੁਰੂ ਦੀ ਹਜ਼ੂਰੀ ਵਿਚ ਗੁਰੂ ਨਾਲੋਂ ਸਿਆਣੇ ਬਣ ਕੇ ਗੁਰੂ ਸ਼ਬਦ ਨੂੰ ਤੋੜ-ਮਰੋੜ ਕੇ ਉਸ ਦੀਆਂ ਸਿੱਧੀਆਂ ਧਾਰਨਾਂ ਬਣਾ ਕੇ ਗਾਉਂਦੇ ਹਨ ਕਿਉਂਕਿ ਸੰਗਤਾਂ ਨੂੰ ਪੇਂਡੂ, ਅਨਪੜ੍ਹ ਤੇ ਗਵਾਰ ਸਮਝਦੇ ਹਨ। ਇਸ ਤੋਂ ਬਿਨਾਂ ਜਦੋਂ ਇਕ ਸੰਤ ਮਰਦਾ ਹੈ ਤਾਂ ਉਸ ਦੇ ਤਿੰਨ ਚਾਰ ਜਿਹੜੇ ਗੜਵਈ ਹੁੰਦੇ ਹਨ, ਸਾਰੇ ਹੀ ਪਦਵੀ ਲਈ ਆਪਸ ਵਿਚ ਲੜਦੇ ਦੇਖੇ ਹਨ।
ਗੁਰੂ ਸਾਹਿਬ ਨੇ ਥਿੱਤਾਂ ਵਾਰਾਂ ਪੂਜਣ ਵਾਲਿਆਂ ਨੂੰ ਮੂਰਖ ਗਵਾਰ ਆਖਿਆ ਹੈ ਪਰ ਇਹ ਮੱਸਿਆ, ਪੂਰਨਮਾਸ਼ੀ ਆਦਿ ਨੂੰ ਥਿੱਤ ਵਾਰ ਦੇ ਰੂਪ ਵਿਚ ਉਚੇਚੇ ਤੌਰ `ਤੇ ਮਨਾਉਂਦੇ ਹਨ। ਆਰਤੀਆਂ ਕਰਨੀਆਂ, ਪੈਰੀਂ ਹੱਥ ਲਗਵਾਉਣੇ, ਆਪਣੇ ਨਾਵਾਂ ਨਾਲ 108, 111 ਦੀਆਂ ਡਿਗਰੀਆਂ ਲਾਉਣੀਆਂ, ਹੱਥੀਂ ਕਿਰਤ ਨਾ ਕਰਨੀ, ਅਖੰਡ ਪਾਠ ਕਰਨ ਸਮੇਂ ਮਨਮੱਤਾਂ ਕਰਨੀਆਂ ਆਦਿ ਸਭ ਗੁਰਮਤ ਤੋਂ ਉਲਟ ਹਨ।
ਇਹ ਸੰਖੇਪ ਜਿਹੀਆਂ ਵਿਚਾਰਾਂ ਹਨ ਕੋਈ ਨਿੰਦਿਆ ਨਹੀਂ ਕੀਤੀ ਸਗੋਂ ਅਸਲੀਅਤ ਹੈ। ਅਸਲੀਅਤ ਦੱਸਣੀ ਹਰ ਗੁਰੂ ਦੇ ਸਿੱਖ ਦੀ ਪਹਿਲੀ ਜ਼ਿੰਮੇਵਾਰੀ ਹੈ ਤਾਂ ਕਿ ਭੋਲੀ-ਭਾਲੀ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੀ ਸੰਗਤ ਠੱਗੀ ਨਾ ਜਾਵੇ। ਕਿਸੇ ਨੂੰ ਪਾਠ ਕਰਦੇ ਦੇਖ ਕੇ ਸੰਤ ਨਹੀਂ ਸਮਝ ਲੈਣਾ ਚਾਹੀਦਾ। ਵੱਧ ਤੋਂ ਵੱਧ ਪਾਠ ਕਰਨਾ ਤਾਂ ਹਰ ਗੁਰਸਿੱਖ ਦਾ ਫਰਜ਼ ਹੈ ਅਤੇ ਪਾਠ ਸਿਰਫ਼ ਆਪਣੇ ਲਈ ਹੀ ਕੀਤਾ ਜਾਂਦਾ ਹੈ। ਜੋ ਦੂਜਿਆਂ ਦਾ ਦਰਦ ਹੈ ਤਾਂ ਮੈਦਾਨ ਵਿਚ ਨਿੱਤਰਨਾ ਪੈਂਦਾ ਹੈ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨਿੱਤਰੇ ਸਨ। ਜੋ ਇਸ ਤਰ੍ਹਾਂ ਕੋਈ ਨਿੱਤਰਦਾ ਹੈ ਤਾਂ ਅਸਲੀ ਸੰਤ ਹੈ, ਨਹੀਂ ਤਾਂ ਸਭ ਨਕਲੀ ਹੀ ਹਨ। ਅਜਿਹੇ ਨਕਲੀ ਸੰਤਾਂ ਨੂੰ ਹੀ ਭਗਤ ਕਬੀਰ ਜੀ ਨੇ ‘ਬਨਾਰਸ ਕੇ ਠੱਗ’ ਆਖਿਆ ਸੀ। ਸੋ ਇਨ੍ਹਾਂ ਨਕਲੀਆਂ ਨੂੰ ਤਾਂ ਸਿੱਖ ਸਮਝਣਾ ਵੀ ਭੁੱਲ ਹੈ।




.