.

☬ ‘ਗੁਰਿ ਕਾਢੀ ਬਾਹ ਕੁਕੀਜੈ॥’ ☬

(ਕਿਸ਼ਤ ਨੰ: 6)

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ

ਜ਼ਰੂਰੀ ਗੁਰਮਤਿ ਵਿਚਾਰ:-

ਬਾਰ ਬਾਰ ਉਹੀ ਝੂਠ ਲਿਖਦਾ ਰਹਿ ਕੇ ਗੁਰਮਤਿ ਤੋਂ ਅਗਿਆਨੀਆਂ ਲਈ ਸਚੁ ਬਣਾ ਰਹੇ ਮਹਾਂ ਹੁਸ਼ਿਆਰ ਲਿਖਾਰੀ ਨੂੰ ਪਤਾ ਸੀ ਕਿ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਦਸ-ਸਰੂਪੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਗੁਰਮਤਿ ਦੇ ਸਚੁ ਨੂੰ ਏਨੀ ਵਾਰ ਮੁੜ ਮੁੜ ਲਿਖਿਆ ਹੋਇਆ ਹੈ ਕਿ ਉਸ ਸਚੁ ਨੂੰ ਝੂਠ ਬਣਾ ਦੇਣਾ ਸਹਿਲ ਨਹੀਂ ਹੈ। ਲਿਖਾਰੀ ਇਸ ਪੱਖੋਂ ਵੀ ਸੁਚੇਤ ਸੀ 15ਵੀਂ ਸਦੀ ਤੋਂ 18ਵੀਂ ਸਦੀ ਤੱਕ ਵਿਚਰਦਿਆਂ ਸਮੇ ਦਸ-ਸਰੂਪੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਿਰਮਲ ਪੰਥੀਆਂ ਦੀ ਜੀਵਨ ਮਰਯਾਦਾ ਵਿਚੋਂ ਬਹੁ ਪੱਖੀ ਮਿਰਤਕ ਸੰਸਕਾਰ ਰੂਪੀ ਫੋਕਟ ਭਰਮ ਨੂੰ ਧੋ ਕੱਢਿਆ ਹੋਇਆ ਹੈ। ਦਾਸਰੇ ਨੇ ਛੇਵੀਂ ਪੁਸਤਕ ਵਿੱਚ ਅਕੱਟ ਦਲੀਲਾਂ ਨਾਲ ਬੜਾ ਸਿਧ ਕੀਤਾ ਹੋਇਆ ਹੈ ਬ੍ਰਾਹਮਣ ਦੀ ਕੂਟ ਨੀਤੀ ਦੀ ਉਪਜ ‘ਕਰਮ ਕਾਂਡੀ ਸੰਸਕਾਰਾਂ ਵਿਚੋਂ ‘ਮਿਸਤਕ ਸੰਸਕਾਰ’ ਪ੍ਰੋਹਿਤਾਂ ਲਈ ਸਭ ਤੋਂ ਵੱਧ ਆਮਦਨ ਦਾ ਬੜਾ ਠੋਸ ਤੇ ਵਿਸ਼ਾਲ ਸਾਧਨ ਹੈ। ਇਸ ਇਕੋ ਗੁਰਬਿਲਾਸ ਪਾਤਸ਼ਾਹੀ 6 ਪੁਸਤਕ ਵਿਚ, ਉਨ੍ਹਾਂ ਹੀ ਮਿਰਤਕ ਸੰਸਕਾਰਾਂ ਸਮੇਤ ਕਈ ਮੌਤਾਂ ਦਰਸਾਈਆਂ ਵੇਖੀਆਂ ਤਾਂ ਇਸ ਗੁਰਬਿਲਾਸ ਪੁਰਤਕ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਦੁਖਦਾਈ ਹਦ ਤਕ ਲੰਗੜੀ ਕਰ ਦੇਣ ਵਾਲਾ ਅਮੋਘ ਬਾਣ ਜਾਣਿਆ। ਇਸ ਪੱਖੋਂ ਲਗਨ ਨਾਲ ਖੋਜ ਕਰਨ ਤੇ ਪੁਸਤਕ ਵਿਚੋਂ ਮਿਲ ਸਕੇ ਮ੍ਰਿਤ-ਪ੍ਰਸੰਗਾਂ ਦੀ ਸੂਚੀ (ਪ੍ਰਸੰਗ ਆਰੰਭ ਹੋਣ ਦੇ ਸਫ਼ੇ ਸਮੇਤ) ਇਸ ਪ੍ਰਕਾਰ ਹੈ-1-ਬਾਬਾ ਮਹਾਂਦੇਵ ਜੀ-ਸਫ਼ਾ 179. 2-ਬਾਬਾ ਪ੍ਰਿਥੀਚੰਦ-ਸਫ਼ਾ 180, 3-ਗੁਰੂ ਅਰਜਨ ਸਾਹਿਬ ਜੀ -203. 4-ਚੰਦੂ-272. 5-ਗੁਰ ੂਰਾਮਦਾਸ ਜੀ-288. 6-ਮਾਤਾ ਭਾਨੀ ਜੀ-291. . 7-ਬਲਵੰਡ-294. 8-ਸਤਾ-294. 9-ਮਾਤਾਗੰਗਾ ਜੀ- 403. 10-ਕਥਿਤ ਮਾਤਾ ਕੌਲਾਂ-. 478. 11-ਬਾਬਾਬੁਢਾ ਜੀ-532. 12-ਬਾਬਾ ਅਟੱਲ ਜੀ- 563-13-ਬਾਬਾ ਦਾਤੂ ਜੀ-567. 14-ਭਾਈ ਗੁਰਦਾਸ ਜੀ. 630. 15-ਮਾਤਾ ਦਮੋਦਰੀ ਜੀ-647. 16-ਸਾਂਈਦਾਸ ਜੀ-649. 17-ਰਾਮੋ ਜੀ-649. 18-ਨਾਰਾਇਣਦਾਸ ਜੀ-64919-ਦਯਾਕੌਰ ਜੀ-649. 20-ਪੈਂਦੇਖਾਂ-739. 21-ਬੁਢਣਸ਼ਾਹ-753. 22-ਬਾਬਾ ਗੁਰਦਿੱਤਾ-763. 23-ਮਾਤਾ ਮਰਵਾਹੀ-770. 24-ਭਾਈ ਬਿਧੀ ਚੰਦ. 780. 25- ਸੁੰਦਰ ਸ਼ਾਹ 780. 26-ਬਾਬਕ ਰਬਾਬੀ-783. 27-ਜਾਤੀਮਲਕ-784. 28-ਗੁਰੂ ਹਰਿਗੋਬਿੰਦ ਸਾਹਿਬ ਜੀ-797.

854 ਸਫ਼ਿਆਂ ਵਾਲੀ ਵਿਸ਼ਾਲ ਪੁਸਤਕ ਵਿਚੋਂ ਸ਼ਾਇਦ ਕੋਈ ਨਾਮ ਲਿਖਣਾ ਰਹਿ ਗਿਆ ਹੋਵੇ? ਪਰ ਲੱਗ ਭਗ ਇਨ੍ਹਾਂ ਸਾਰੀਆਂ ਮੌਤਾਂ ਸਮੇ ਉਪਰੋਕਤ ਸਾਰਾ ਕਿਰਿਆ ਕਰਮ ਮੁੜ ਮੁੜ ਦਰਸਾਇਆ ਹੋਇਆ ਹੈ। ਜੇ ਦਾਸਰਾ ਉਵੇਂ ਹੀ ਸਾਰੀਆਂ ਮੌਤਾਂ ਦਾ ਹਾਲ ਲਿਖਣ ਬੈਠ ਜਾਵੇ ਤਾਂ ‘ਕਾਲੇ ਅਫ਼ਗ਼ਾਨੇ ਦੇ ਕਾਲੇ ਲੇਖ’ ਨਾਮੀ ਪੁਸਤਕ ਲਿਖਣ ਵਾਲਿਆ ਸੱਜਣਾ ਨੇ ਫ਼ਤਵਾ ਲਿਖ ਪਰਚਾਰਨਾ ਹੈ ਕਿ ਮੁੜ ਮੁੜ ਉਹੀ ਗੱਲਾਂ ਲਿਖੀ ਜਾ ਰਿਹਾ ‘ਕਾਲਾ ਅਫ਼ਗ਼ਾਨਾ’ ਸੱਚੁ ਮੁਚ ਹੀ ਪਾਗ਼ਲ ਹੋ ਗਿਆ ਹੈ? ਪਰ ਹੈਰਾਨੀ ਹੈ ਕਿ 1718 ਤੋਂ ਅੱਜ ਤਾਂਈ ਕਿਸੇ ਇੱਕ ਨੇ ਵੀ ਨਹੀਂ ਪੁੱਛਿਆ ਕਿ, ਜਦ ਇੱਕ ਵਾਰ ਲਿਖੇ ਕਿਰਿਆ ਕਰਮ ਦਾ ਹਵਾਲਾ ਉਸੇ ਪੁਸਤਕ ਵਿੱਚ ਹੋਰ ਸਾਰੇ ਥਾਈਂ ਬੜੀ ਸ਼ਫ਼ਲਤਾ ਨਾਲ ਵਰਤਿਆ ਜਾ ਸਕਦਾ ਸੀ ਫਿਰ ਲਿਖਾਰੀ ਨੇ ਬਾਰ ਬਾਰ ਉਹੀ ਕਿਰਿਆ ਕਰਮ ਕਿਸ ਯੋਜਨਾਂ ਦੀ ਪੂਰਤੀ ਹਿਤ ਲਿਖਿਆ ਹੈ? ਅਵੱਸ਼ਕ (Unavoidable) ਮਜਬੂਰੀ ਬਣ ਗਈ ਸੀ ਤਾਂ ਵੀ ਵੱਧ ਤੋਂ ਵੱਧ ਦੋ ਜਾਂ ਤਿੰਨ ਵਾਰ ਲਿਖ ਲੈਣਾ ਲਿਖਾਰੀ ਨੇ ਕਾਫ਼ੀ ਨਾ ਸਮਝ ਕੇ ਘੜੀ ਯੋਜਨਾਂ ਦੀ ਪੂਰਤੀ ਲਈ ਵਾਰ ਵਾਰ ਉਹੀ ਕਿਰਿਆ ਕਰਮ ਲਿਖਦਾ ਰਿਹਾ। ਉਹ ਯੋਜਨਾਂ ਕੀ ਸੀ ਜਿਸ ਦੀ ਪੂਰਤੀ ਲਈ ਕਿਰਿਆ ਕਰਮਾਂ ਦੀ ਪੂਰੀ ਸੂਚੀ ਲਿਖਾਰੀ ਮੁੜ ਮੁੜ ਲਿਖਦਾ ਰਿਹਾ?

ਸਨ 1984 ਤੋਂ ਗੁਰੂਬਾਣੀ ਦੀ ਲਗਾਤਾਰ ਵਿਚਾਰ ਤੋਂ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਚੁ ਸਮਝਣ ਵਿੱਚ ਲੱਗੇ ਹੋਏ ਦਾਸਰੇ ਨੂੰ ਪ੍ਰੱਤਖ ਹੋ ਦਿੱਸਿਆ ਕਿ ਬਾਰ ਬਾਰ ਉਹੀ ਕੁੱਝ ਲਿਖਣ ਦੀ ਹੁਸ਼ਿਆਰੀ ਉਪਰੰਤ ਇਸ ਦੀ ਕਥਾ-- “ਮੁਖਿ ਝੂਠ ਬਿਭੂਖਣ ਸਾਰੰ.” ਰੂਪ ਹੁਨਰ ਦੇ ਮਾਹਰ ਪੂਜਾਰੀਆਂ ਦੇ ਜ਼ਬਾਨੀ ਪੀੜੀ ਦਰ ਪੀੜੀ ਸੁਣਦੇ ਰਹਣ ਤੋਂ ਗੁਰਬਿਲਾਸ ਪਾ: 6 ਵਿਚਲਾ ਗੁਰਮਤਿ ਵਿਰੋਧੀ ਕਿਰਿਆ ਕਰਮ ਸਿੱਖ ਜਗਤ ਨੇ ਗੁਰਮਤਿ ਸਮਝ ਲਿਆ ਹੋਇਆ ਹੈ। ਸੁਹਿਰਦ ਸੱਜਣਾ ਨਾਲ ਵਿਚਾਰਾਂ ਕੀਤੀਆਂ ਤਾਂ ਫ਼ੈਸਲਾ ਹੋਇਆ ਕਿ ਲਿਖਾਰੀ ਦੀ ਕਰਤੂਤ ਤੋਂ ਸਿੱਖ ਜਗਤ ਨੂੰ ਚੰਗੀ ਤਰ੍ਹਾਂ ਸਮਝਾ ਦੇਣ ਲਈ ਘਟੋ ਘੱਟ ਪੰਜ ਮਿਰਤਕ ਪ੍ਰੰਸਗ ਲਿਖ ਦੇਣੇ ਲਾਹੇਵੰਦ ਰਹਿਣਗੇ। ਪਹਿਲਾਂ ਵਾਂਗ ਇਸ ਲੇਖ ਦਾ ਉਤਾਰਾ SGPC ਦੇ ਦਫ਼ਤਰ ਵੀ ਭੇਜਿਆ ਜਾ ਰਿਹਾ ਹੈ-

1- ਸਤਿਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ-ਸਾਕੇ ਦਾ ਸੰਖੇਪ:-

ਗੁਰਬਿਲਾਸ ਪਾ: 6 ਦੇ ਸਤਵੇਂ ਅਧਿਆਇ ਦੇ 193 ਸਫ਼ੇ ਤੇ ਸ਼ਹੀਦੀ ਦੇਣ ਵਾਸਤੇ ਲਾਹੌਰ ਨੂੰ ਤੁਰਨ ਤੋਂ ਪਹਿਲਾਂ ਸੀ ਗੁਰੂ ਅਰਜਨ ਸਾਹਿਬ ਜੀ ਸਾਹਿਬਜ਼ਾਦਾ ਹਰਿਗੋਬਿੰਦ ਜੀ ਨੂੰ ਗੁੰਰਿਆਈ ਸੌਂਪਦੇ ਲਿਖਾਰੀ ਨੇ ਇਉਂ ਦਰਸਾਇਆ ਹੋਇਆ ਹੈ:-

ਚੌਪਈ॥ ਅਸ ਕਹਿ ਗੁਰ ਅਰਜਨ ਸੁਖ ਪਾਯੋ। ਪੈਸੇ ਪਾਂਚ ਨਰੇਲ ਧਰਾਯੋ॥

ਹਾਥ ਜੋਰਿ ਤਬ ਸੀਸ ਨਿਵਾਵਾ। ਹਰਿਗੋਵਿੰਦ ਅਗੇ ਸੁਖ ਪਾਵਾ॥ 204॥

ਹਰਿਗੋਵਿੰਦ ਕੋ ਗੁਰੂ ਅਲਾਯੋ । ਸਾਹਿਬ ਬੁਢੇ ਤਿਲਕ ਕਰਾਯੋ।

ਹਰਿਗੋਵਿੰਦ ਗੁਰ ਕੋ ਸਿਖ ਦਈ। ਗੁਰ ਨਾਨਕ ਜੋ ਆਦੋਂ ਕਈ॥ 205॥

ਵੇਦਾਂਤੀ ਜੀ ਅਨੁਸਾਰ ਅਰਥ:-ਗੁਰੂ ਅਰਜਨ ਸਾਹਿਬ ਜੀ ਨੇ ਪੰਜ ਪੈਸੇ ਤੇ ਨਾਰੀਅਲ ਹਰਿਗੋਬਿੰਦ ਜੀ ਦੇ ਅਗੇ ਧਰ ਕੇ ਸੀਸ ਨਿਵਾ ਕੇ ਉਨ੍ਹਾਂ ਨੂੰ ਗੁਰੂ ਕਹਿ ਦਿਤਾ। ਬਾਬਾ ਬੁਢਾ ਜੀ ਨੇ ਤਿਲਕ ਲਾਇਆ ਤੇ ਆਰੰਭ ਤੋਂ ਗੁਰੁ ਨਾਨਕ ਜੀ ਨੇ ਜੋ ਸਿਖਿਆ ਦਿੱਤੀ ਉਹੀ ਸਿਖਿਆਂ ਗੁਰੂ ਹਰਿ ਗੋਬਿੰਦ ਜੀ ਨੂੰ ਦੇ ਦਿੱਤੀ।

ਸਪੱਸ਼ਟ ਹੋ ਗਿਆ ਹੈ ਕਿ ਗੱਦੀ ਸੌਪਣ ਵਾਲਾ ਇਹ ਗੁਰਮਤਿ ਵਿਰੋਧੀ ਵਿਖਾਵਾ ਕਰਮ ਵੀ ਗੁਰਬਿਲਾਸ ਤੋਂ ਹੀ ਸਿਖ ਜਗਤ ਵਿੱਚ ਪਰਚਲਤ ਹੋਇਆ ਹੈ।

ਅਗੇ ਲਿਖਾਰੀ ਨੇ ਗੁਰੂ ਅਰਜਨ ਸਾਹਿਬ ਜੀ ਵਲੋਂ ਮਿਲੀ ਸਿਖਿਆ ਲਿਖੀ ਤੇ- “ਹਰਿਗੁਵਿੰਦ ਗੁਰ ਸਿਖਯਾ ਧਾਰੀ। ਦਯਾ ਸਿੰਧ ਜੋ ਪ੍ਰਗਟ ਉਚਾਰੀ। (ਚੌਪਈ -211)। ਫਿਰ ਲਿਖਾਰੀ ਨੇ ਭਾਈ ਗੁਰਦਾਸ ਜੀ ਨੂੰ ਇਉਂ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਦਰਸਾਏ ਹੋਏ ਹਨ: -

ਦੋਹਰਾ॥ ਹਰਿਗੋਵਿੰਦ ਗੁਰ ਰੂਪ ਮਮ ਸਹੀ ਸੱਤਿ ਰਿਦ ਜਾਨ।

ਹਰਿਗੋਵਿੰਦ ਢਿਗ ਤੁਮ ਰਹੋ ਹਮਰੋ ਬਨੈ ਪਯਾਨ॥ 212॥

ਲਿਖਾਰੀ ਅਨੁਸਾਰ ਭਾਈ ਗੁਰਦਾਸ ਜੀ ਨੂੰ ਅਖਿਆ ਕਿ ਹਰਿਗੋਬਿੰਦ ਨੂੰ ਮੇਰਾ ਰੂਪ ਸਮਝਦਿਆ ਸਦਾ ਇਨ੍ਹਾਂ ਦੋ ਕੋਲ ਰਹਿਣਾ ਹੈ ਅਤੇ ਸਾਡਾ ਹੁਣ ਲਾਹੌਰ ਵਲ ਨੂੰ ਕੂਚ ਕਰਨਾ ਬਣਦਾ ਹੈ। ਇਉਂ ਕਹਿ ਕੇ ਪੰਜ ਸਿੱਖਾਂ- ( ‘ਸਰਬ ਸ੍ਰੀ ਬਿਧੀ ਚੰਦ, ਪੈੜਾ ਜੀ. ਜੇਠਾ ਜੀ, ਲੰਗਾਹ ਅਤੇ ਪਿਰਾਣਾ ਜੀ) ‘ ਦੇ ਨਾਲ ਪਹਿਲਾਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ- “–ਪੁਨਿ ਦਰਬਾਰ ਦਰਸ ਕਰਿ ਲੀਨੋ॥ 214॥ ਪਰਮ ਗਿਆਨੀ ਪਰਮ ਸੁਧਾਰਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਵਿੱਚ ਕਿਸ ਦੇ ਦਰਸ਼ਨਾ ਲਈ ਇਸ਼ਨਾਨ ਕਰਕੇ ਸਵੱਛ ਹੋ ਲਿਆ ਸੀ? ਉਨ੍ਹਾਂ ਦੇ ਹੁੰਦਿਆਂ ਕੌਣ ਸੀ ਪੂਜਨੀਕ ਬਣਿਆ ਬੈਠਾ ਸ੍ਰੀ ਦਰਬਾਰ ਵਿਚ? ਅਸਲੀਅਤ ਇਹ ਹੈ ਕਿ ਕੂਟ ਲਿਖਾਰੀ ਪੰਚਮ ਪਾਤਸ਼ਾਹ ਜੀ ਨੂੰ ਕੇਵਲ ਦਰਬਾਰ ਰੂਪ ਇਮਾਰਤ (Building) ਦੀ ਪੂਜਾ ਕਰਦੇ ਦਰਸਾ ਰਿਹਾ ਹੈ। ਭਾਵ ਪੰਚਮ ਸਤਿਗੁਰੁ ਨਾਨਕ ਸਾਹਿਬ ਜੀ ਨੂੰ ਆਪਣੇ ਹੀ ਬਚਨਾ ਦੇ ਉਲਟ ‘ਮਿਰਤਕ ਪਦਾਰਥਾ ਦੀ ਪੂਜਾ ਕਰਦੇ ਦਰਸਾ ਕੇ ਸਿੱਖਾਂ ਲਈ ਗੁਰੁ ਸਰੂਪ ਤੋਂ ਵਧ ਦਰਬਾਰ ਨੂੰ ਪਾਵਨ ਪਵਿੱਤ੍ਰ ਤੇ ਪੂਜਨੀਕ ਬਣਾ ਦਿੱਤਾ. ਜੋ ਅਜ ਵੀ ਰੋਜ਼ ਸਵੇਰੇ ਦਰਬਾਰ ਦੀ ਪੂਜਾ ਵਿੱਚ ਲਖਾਂ ਰੁਪੀਏ* ਖੂਹ ਖਾਤੇ ਪਾਏ ਜਾ ਰਹਿਆਂ ਦਾ ਹਿਸਾਬ ਕੋਈ ਨਹੀਂ ਪੁੱਛਦਾ। ਗੁਰਿਆਈ ਦਾ ਭਾਈਵਾਲ ਹੋਣ ਦਾ ਫੋਕਾ ਅਹੰਕਾਰ ਸਾਂਭੀ ਬੈਠਾ ਖ਼ਾਲਸਾ ਜੀ ਵੀ ਪੁਜਾਰੀਆਂ ਦੇ ਸਾਮਹਣੇ ਖਸਿਆਨੀ ਬਿੱਲੀ ਬਣਿਆ ਬਿਤਰ ਬਿਤਰ ਵੇਖਦਾ ਰਹਿਣ ਤੋਂ ਵੱਧ ਕੀ ਕੁੱਝ ਵੀ ਕਰਨ ਜੋਗਾ ਨਹੀਂ?

(*ਫ਼ਰਸ਼ ਦਾ ਦੁੱਧ ਨਾਲ ਇਸ਼ਨਾਨ, ਨਿਤ ਨਵੇ ਕੀਮਤੀ ਬਸਤਰ, ਲਖਾਂ ਦਾ ਚੰਦੋਆ ਸਦਾ ਜਗਦੀ ਘਿਉ ਦੀ ਜੋਤਿ, ਗੁਰੂ ਸਾਹਿਬ ਜੀ ਦੀ ਹਾਜ਼ਰੀ ਤੋਂ ਬਿਨਾ ਕੇਵਲ ਸ੍ਰੀ ਦਰਬਾਰ ਕੀ ਪੂਜਾ ਵਜੋਂ ਆਸਾ ਦੀ ਵਾਰ ਗਾ ਰਹੇ ਰਾਗੀਆਂ ਦਾ ਖ਼ਰਚ-ਸਰੋਤੇ ਬੈਠੇ ਹੋਣ ਤੇ ਭਾਵੇ ਨਾ-ਰਾਗੀਆਂ ਲਈ ਸਮੇ ਸਿਰ ਸ਼ਬਦ ਗਾਇਨ ਆਰੰਭ ਕਰ ਦੇਣਾ ਲਾਜ਼ਮੀ ਹੈ)।

ਲਾਹੌਰ ਵਿਖੇ ਸ਼ਹਾਦਤ ਸਮੇ ਚੰਦੂ ਵਲੋਂ ਦਿੱਤੇ ਕਸ਼ਟਾਂ ਨੂੰ ਲਿਖਾਰੀ ਨੇ ਇੱਕ ਵਿਖਾਵਾ ਡਰਾਮਾ ਹੀ ਦਰਸਾਇਆ ਹੋਇਆ ਹੈ। ਹਾਸੋ ਹੀਣੇ ਉਸ ਡਰਾਮੇ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ- (ੳ) -ਉਬਾਲੇ ਖਾਂਦਾ ਦੇਗ਼ ਦਾ ਜਲ ਗੁਰਦੇਵ ਦੇ ਬੈਠਣ ਤੋਂ ਪਹਿਲਾਂ ਠੰਡਾ ਠਾਰ ਮਾਨੋ ‘ਹਿਵੈ ਘਰੁ’ ਬਣ ਗਿਆ- (ਅ) -ਸੜਦੀ ਬਲਦੀ ਰੇਤ ਗੁਰਦੇਵ ਜੀ ਦੇ ਸੀਸ ਨੂੰ ਛੂਹੰਦਿਆਂ ਸਾਰ ਸੀਤਲਤਾ ਉਪਜਾਊ ਛਤਰ ਬਣਦੀ ਗਈ, ਤੇ - (ੲ) -ਹੇਠ ਬਲ ਰਹੀਆਂ ਲੱਕੜਾਂ ਦੀ ਅੱਗ ਦੇ ਭਿਆਨਕ ਸੇਕ ਨਾਲ ਲਾਲ ਸੁਰਖ਼ ਹੋ ਚੁੱਕੀ ‘ਲੋਹ’ ਗੁਰਦੇਵ ਜੀ ਦੀ ਚਰਨ-ਛੋਹ ਨਾਲ ਠੰਢੀ ਠਾਰ ਹੋ ਗਈ, ਆਦਿ। ਸਭ ਕੁੱਝ ਗੁਰਮਤਿ ਵਿਰੋਧੀ ਅਥਵਾ ਪਰਾਕ੍ਰਿਤਕ ਨੇਮ ਦੇ ਉਲਟ ਵਾਪਰਦਾ ਦਰਸਾਇਆ ਹੋਇਆ ਹੈ। ਉਪਰੰਤ ਇਹ ਦਰਸਾਉਣ ਲਈ ਕਿ ਗੁਰਦੇਵ ਜੀ ਵੀ ‘ਗਊ ਮਾਤਾ’ ਨੂੰ ਪੂਜਨੀਕ ਹੀ ਸਮਝਦੇ ਸਨ, ਕੂਟ ਲਿਖਾਰੀ ਨੇ ਸਤਿਗੁਰੂ ਜੀ ਨੂੰ ਖੱਲ ਵਿੱਚ ਮੜ੍ਹ ਦੇਣ ਲਈ ‘ਗਊ’ ਦੀ ਤਾਜ਼ੀ ਖੱਲ’ ਮੰਗਵਾਈ ਦਰਸਾ ਕੇ ਨਾਲ ਹੀ ਇਹ ਦਰਸਾ ਦਿੱਤਾ ਕਿ ਗਊ ਦੀ ਖੱਲ ਵਿੱਚ ਮੜ੍ਹੇ ਜਾਣ ਤੋਂ ਪਿਹਲਾਂ ਇਸ਼ਨਾਨ ਕਰਕੇ ਸੁੱਚੇ ਹੋਣ ਲਈ ਇਸ਼ਨਾਨ ਵਾਸੇ ਦਰਿਆ ਤੇ ਜਾਂਦੇ ਲਿਖਾਰੀ ਦੀ ਹੀ ਬੋਲੀ ਵਿੱਚ ਹੀ ਦਰਸ਼ਨ ਕਰੋ:-ਸੌਚ ਕਰਨ ਹਿਤ ਗੁਰੂ ਸਿਧਾਏ। ਪਾਂਚ ਸਿਖ ਨਿਜ ਸੰਗਿ ਲਿਵਾਏ॥ 272॥ -ਭਾਵ ਕਿਸੇ ਤੋਂ ਪੁੱਛਣ ਦੀ ਲੋੜ ਤੋਂ ਬਿਨਾ ਪਹਿਰੇ ਦਾਰ ਅਥਵਾ ਸਰਕਾਰ ਬੰਦੇ ਤੋਂ ਬਿਨਾ ਆਪਣੇ ਹੀ ਪੰਜ ਸਿਖਾਂ ਦੇ ਨਾਲ ਦਰਿਆ ਵਿੱਚ ਇਸ਼ਨਾਨ ਕਰਕੇ ਸਰੀਰ ਨੂੰ ਸੁਚਾ ਕਰ ਲਿਆ (203 ਸਫ਼ੇ ਦੇ 320 ਦੋਹਰੇ ਤੱਕ)। ਇਸ਼ਨਾਨ ਕਰਕੇ ਗੁਰੁ ਜੀ ਨੇ ਇਨ੍ਹਾਂ ਚਾਰ ਪਾਵਨ ਬਾਣੀਆਂ ਦਾ ਪਾਠ ਕੀਤਾ-1-ਜਪੁ ਜੀ, -2-ਸੁਖਮਨੀ, -3-ਵਡਹੰਸਹ ਕੀ ਵਾਰ ਮਹਲਾ 4 ਅਤੇ -4-ਮਾਰੂ ਵਾਰ ਮਹਲਾ 5 ਡਖਣੇ ਮਃ 5. ਫਿਰ ਲਿਖਾਰੀ ਨੇ ਗੁਰਦੇਵ ਜੀ ਨੂੰ ਆਪਣੇ ਪਿਆਰੇ ਸਿੱਖਾਂ ਨੂੰ ਆਪਣੇ ਮਿਰਤਕ ਸਰੀਰ ਦੀ ਸੰਭਾਲ ਬਾਰੇ ਇਉਂ ਹਦਾਇਤਾਂ ਕਰਦੇ ਦਰਸਾਇਆ ਹੈ:-

ਹਮਰੀ ਦੇਹ ਨ ਦਾਹ ਕਰਾਈ। ਜਪੁ ਜੀ ਪੜ੍ਹਤ ਨਦੀ ਮਹਿ ਜਾਈ।

ਜਪੁ ਜੀ ਭੋਗ ਜਹਾਂ ਤੁਮ ਪਾਵੋ। ਤਹਾਂ ਦੇਹ ਪਰਵਾਹ ਕਰਾਵੋ॥ 322॥

(ਅਧਿਆ: 7 ਸਫ਼ਾ-203)

ਫ਼ੁਰਮਾਨ- “ਤੁਸਾਂ ਮੇਰੀ ਮਿਰਤਕ ਦੇਹ ਦਾ ਸਸਕਾਰ ਨਹੀਂ ਕਰਨਾ ਸਗੋ ਉਸ ਨੂੰ ਚੁੱਕ ਕੇ 'ਜਪੁ ਜੀ' ਦਾ ਪਾਠ ਕਰਦੇ ਦਰਿਆ (ਦੇ ਪਾਣੀ) ਵਿੱਚ ਤੁਰੇ ਜਾਣਾ ਹੈ। ਜਿੱਥੇ ਜਪੁ ਜੀ ਦਾ ਭੋਗ ਪਵੇ ਉਥੇ ਦੇਹ ਜਲ ਪਰਵਾਹ ਕਰ ਦੇਣੀ”।

ਲਿਖਾਰੀ ਅਨੁਸਾਰ" ਏਨੇ ਨੂੰ ਦੁਤਾਰੇ ਵਾਲੇ ਇੱਕ ਗ਼ਰੀਬੜੇ ਰਬਾਬੀ ਨੇ ਗੁਰਦੇਵ ਜੀ ਨੂੰ ਨਮਸਕਾਰ ਆ ਕੀਤੀ। ਸਤਿਗੁਰੂ ਜੀ ਨੇ ਉਸ ਨੂੰ ਮਨ ਲਾ ਕੇ -1-ਮਾਰੂ ਰਾਗ ਦੇ ਸ਼ਬਦ ਗਾਇਨ ਕਰਨ ਲਈ ਆਖਿਆ ਤੇ ਭਾਈ ਜੇਠਾ ਜੀ ਤੋਂ ਉਸ ਨੂੰ ਕੁਛ ਮਾਇਆ ਦਿਵਾ ਦਿੱਤੀ। ਫਿਰ ਲਿਖਾਰੀ ਅਨੁਸਾਰ-"ਪੁਨਿ ਇਸ਼ਨਾਨ ਗੁਰੂ ਜੀ ਕੀਨੋ। ਜਪੁ ਜੀ ਬਹੁਰਿ ਪੜ੍ਹੈ ਰਸ ਲੀਨੋ॥ 325॥ ਦੁਬਾਰਾ ਇਸ਼ੱਨਾਨ ਕਰਕੇ ਗੁਰਦੇਵ ਜੀ ਨੇ ਜਪੁ ਜੀ ਦਾ ਪਾਠ ਕਰਨ ਵਿੱਚ ਸੁਖ ਮਾਣਿਆ। ਪਾਠ ਦਾ ਭੋਗ ਪਿਆ ਹੀ ਸੀ ਕਿ (ਕਈ ਸਾਲਾਂ ਤੋਂ ਜੋਤੀ ਵਿੱਚ ਸਮਾ ਚੁੱਕੇ ਚਾਰੇ ਗੁਰੂ ਸਾਹਿਬਾਨ ਨੇ ਕਥਿਤ) ਪਰਲੋਕ ਵਿਚੋਂ ਆ ਦਰਸ਼ਨ ਦਿੱਤੇ। ਆਤਮਾ ਗੁਰੂ ਅਰਜਨ ਸਾਹਿਬ ਜੀ ਦਾ ਸਰੀਰ ਤਿਆਗ ਕੇ ਚੌਹਾਂ ਗੁਰੂ ਸਾਹਿਬਾਨ ਦੇ ਨਾਲ ਹੋ ਤੁਰਿਆ। ਬਿਧੀ ਚੰਦ ਆਦਿ ਸਾਰੇ ਮੁਖੀ ਸਿੱਖਾਂ ਨੇ ਰਲ ਕੇ ਵੈਰਾਗ ਕੀਤਾ (ਭਾਵ ਅਥਰੂ ਕੇਰੇ) ਤੇ ਰਬਾਬੀਆਂ ਨੇ ਮਾਰੂ ਰਾਗ ਵਿਚੋਂ ਸ਼ਬਦ ਗਾਏ।

ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਜੀ ਨੂੰ ਦੋ ਵਾਰ ਇਸ਼ਨਾਨ ਕਰਦਿਆ ਲਿਖਾਰੀ ਨੇ ਪਹਿਲਾਂ ਦਰਸਾ ਲਿਆ ਹੋਇਆ ਹੈ, ਪਰ ਹੁਣ ਫਿਰ- “ਸ੍ਰੀ ਗੁਰ ਦੇਹ ਇਸਨਾਨ ਕਰਾਵਾ”॥ 336॥ ਸਫ਼ਾ 204. ਦੇਹ ਦਾ ਇਸ਼ਨਾਨ ਕਰਾ ਕੇ ਉਸ ਨੂੰ ਚੁੱਕ ਲਿਆ ਤੇ ਦਰਿਆ ਵਿੱਚ ਜਾ ਵੜੇ। ਪਤਾ ਨਹੀਂ ਕਿਸ ਕਦਮ ਤੇ ਦਰਿਆ ਦੀ ਕਿੰਨੀ ਡੂੰਘਾਈ ਆ ਜਾਵੇ? ਇਸ ਤਰ੍ਹਾਂ ਦੀ ਬੇਯਕੀਨੀ ਢੂੰਘਾਈ ਵਾਲੇ ਦਰਿਆਈ ਪਾਣੀ ਵਿੱਚ ਮਿਰਤਕ ਸਰੀਰ ਨੂੰ ਸੰਭਾਲੀ ਰਖਦਿਆਂ 'ਜਪੁ ਜੀ' ਦਾ ਪਾਠ ਕਰਦਿਆਂ ਤੁਰੇ ਗਏ। ਜਿੱਥੇ ਬਾਣੀ ਦਾ ਭੋਗ ਪਿਆ, ਦੇਹ ਨੂੰ ਜਲ ਪਰਵਾਹ ਕਰ ਦਿੱਤਾ। 337. ਇਸ਼ਨਾਨ ਕਰਕੇ ਸਾਰੇ ਸਿੱਖ ਅੰਮ੍ਰਿਤਸਰ ਨੂੰ ਚਾਲੇ ਪਾ ਤੁਰੇ।

ਵੇਦਾਂਤੀ ਜੀ ਵਾਲੇ ਗੁਰਬਿਲਾਸ ਪਾਤਸ਼ਾਹੀ ਦੇ 207 ਸਫ਼ੇ ਤੋਂ ਆਰੰਭ ਹੋਏ ਅੱਠਵੇਂ ਅਧਿਆਇ ਵਿੱਚ ਲਿਖਾਰੀ ਨੇ ਰਹਿੰਦਾ ਗੁਰਮਤਿ ਵਿਰੋਧੀ ਕਿਰਿਆ ਕਰਮ ਬੜੇ ਵਿਸਥਾਰ ਨਾਲ ਦਰਸਾਇਆ ਹੋਇਆ ਹੈ। ਸੰਖੇਪ ਵਰਨਣ ਇਸ ਪ੍ਰਕਾਰ ਹੈ। ਮੁਕਾਣੇ ਆ ਰਹੇ ਸਾਰੇ ਅੰਗ ਸਾਕ ਅਥਵਾ ਰਿਸ਼ਤੇਦਾਰ ( “ਸਭੀ ਪੁਨਾ ਰੁਦਨਾਇ” -ਦੋਹਰਾ 7) ਸਾਰੇ ਰੋਂਦੇ ਪਿੱਟਦੇ ਆ ਰਹੇ ਸਨ। (ਮਹਾਨ ਕੋਸ਼ ਦੇ 1042 ਸਫ਼ੇ ਦੇ ਤੀਜੇ ਕਾਲਮ ਵਿੱਚ ਰੁਦਨ ਜਾਂ ਰੁਦਨੁ ਦਾ ਅਰਥ ਮਿਰਤਕ ਦੇ ਮੋਹ ਵਿੱਚ ਰੋਣਾ ਪਿੱਟਣਾ ਸਿਆਪਾ ਕਰਨਾ ਲਿਖਿਆ ਹੈ)

ਬਾਬਾ ਬੁੱਢਾ ਜੀ ਦੇ ਕਹਿਣ ਤੇ - “ਹਰਿਗੋਵਿੰਦ ਗੁਰ ਰੀਤਿ ਕਰਾਈ। ਗੁਰੂ ਗ੍ਰੰਥ ਕਾ ਪਾਠ ਧਰਾਈ॥ ਚੌਪਈ-5॥ (ਸਫ਼ਾ-207) ਸੰਮਤ 1775 ਤੋਂ ਸਿਖਾਂ ਵਿੱਚ ਆ ਵੜੇ ਵੇਦਾਂਤੀ ਜੀ ਦੀ ਸੰਪਾਦਨਾ ਵਾਲੇ ਗੁਰਬਿਲਾਸ ਅਨੁਸਾਰ “ਜੇਠ ਸੁਦੀ ਚੌਥ ਸੰਮਤ 1663” ਨੂੰ (112 ਸਾਲ ਪਹਿਲਾਂ) ਸ਼ਹੀਦ ਹੋ ਚੁੱਕੇ ਗੁਰੂ ਅਰਜਨ ਸਾਹਿਬ ਜੀ ਦੇ ਨਿਮਿਤ ਮੰਤ੍ਰ ਪਾਠ ਹੋਇਆ ਦਰਸਾਉਣ ਦਾ ਸਿੱਧਾ ਅਰਥ ਨਾਨਕ ਪੰਥੀਆਂ ਵਿਚੋਂ ਮਰ ਚੁੱਕੇ ਬ੍ਰਾਹਮਣੀ ਕਿਰਿਅ ਕਰਮ ਨੂੰ ਸੁਰਜੀਤ ਕਰੀ ਰੱਖਣ ਦਾ ਯਤਨ। ਇਹ ਗੁਰਮਤਿ ਵਿਰੋਧੀ ਰੀਤ ਲਿਖਾਰੀ ਨੇ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੂੰ ਬਾਬਾ ਮਹਾਦੇਵ ਜੀ ਦੇ ਨਿਮਿਤ ਪਾਠ ਕਰਦੇ ਦਰਸਾ ਲਿਆ ਹੋਇਆ ਹੈ ਹੁਣ ਗੁਰੂ ਹਰਿਗੋਬਿੰਦ ਜੀ ਦੇ ਹੁਕਮ ਨਾਲ ਗੁਰੁ ਅਰਜਨ ਜੀ ਨਿਮਿਤ (ਵਿਦਿਆ ਹੀਨ) ਬਾਬਾ ਬੁਢਾ ਜੀ ਨੂੰ ਪਾਠ ਕਰਦੇ ਦਰਸਾ ਰਹੇ ਲਖਾਰੀ ਦੀ ਆਪਣੀ ਲਿਖਤ ਦੇ ਦਰਸ਼ਨ:-

ਚੌਪਈ॥ ਗੁਰੁ ਗ੍ਰਿੰਥ ਕੀ ਕੋਠੜੀ ਮਾਹੀ। ਸਾਹਿਬ ਬੁੱਢਾ ਪਾਠ ਕਰਾਹੀ।

ਸ੍ਰੀ ਗੁਰ ਕੀਰਤਨ ਸੁਨੇ ਅਪਾਰਾ। ਗੁਰ ਕੀ ਰੀਤਿ ਸਭ ਕਰੈ ਸੁਧਾਰਾ॥ 9॥

ਭਾਵ ਅਰਥ:-ਅਜੋਕੇ ਕੋਠਾ ਸਾਹਿਬ ਵਿੱਚ ਗੁਰਬਾਣੀ ਦਾ ਪਾਠ ਕਰਦੇ ਰਹਿਣ ਲਈ ਅੱਖਰ ਬੋਧ ਤੋਂ ਕੋਰੇ ਅਨਪੜ੍ਹ ਬਾਬਾ ਬੁੱਢਾ ਜੀ ਨੂੰ ਦਰਸਾ ਦਿੱਤਾ। ਲਿਖਾਰੀ ਅਨੁਸਾਰ ਸ਼ਬਦ ਕੀਰਤਨ ਗੁਰੂ ਹਰਿਗੋਬਿੰਦ ਸਾਹਿਬ ਜੀ ਸੁਣਦੇ ਰਹਿਕੇ ਪਿਤਾ ਗੁਰੂ ਜੀ ਨਿਮਤਿ ਸਾਰੀਆਂ ਰੀਤਾ ਠੀਕ ਸੁਧਾਰ ਕੇ ਕਰਦੇ ਰਹੇ। 9.

ਸਿਖ ਰਹਿਤ ਮਰਯਾਦਾ ਤੋਂ ਉਲਟ, ਗੁਰਬਾਣੀ ਦਾ ਪਾਠ ਅਤੇ ਕੀਰਤਨ, ਦੋਵੇਂ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਇਕੋ ਸਮੇ ਹੁੰਦੇ ਦਰਸਾ ਰਹੇ ਇਸ ਗੁਰਬਿਲਾਸ ਗ੍ਰੰਥ ਦੀ ਕਥਾ 300 ਸਾਲ ਹੁੰਦੀ ਰਹੀ ਹੋਣ ਤੋਂ ਗੁਰਮਤਿ ਬਣ ਗਈ। ਅੱਜ ਵੇਦਾਂਤੀ ਜੀ ਉਹੀ ਕਥਾ ਦੁਬਾਰਾ ਸ਼ੁਰੂ ਕਰਵਾਉਣ ਲਈ ਬਚਨ ਬੱਧ ਹੋਏ ਬੈਠੇ ਪੂਰੇ ਜੋਬਨ ਵਿੱਚ ਹਨ। ਕੌਣ ਕਿਸ ਤੋਂ ਪੁੱਛੇ ਕਿ, ਸਿਖ ਰਹਿਤ ਮਰਯਾਦਾ ਵਿੱਚ ਲਿਖੇ-'ਇਕ ਸਮੇ ਕੇਵਲ ਇੱਕ, ਪਾਠ ਜਾਂ ਕੀਰਤਨ’ ਦਾ ਅਰਥ ਕੀ ਰਹਿ ਗਿਆ? ਪਰ ਅਜੇ ਵੀ- “ਕਿਆ ਜਾਣਾ ਕਿਆ ਆਗੈ ਹੋਇ” {154}

ਲਿਖਾਰੀ ਅਨੁਸਾਰ, ਖ਼ੁਸ਼ੀਆਂ ਭਰਿਆ ਦਸਵਾਂ ਦਿਨ ਆ ਗਿਆ। ਗੁਰੁ ਗ੍ਰੰਥ ਸਾਹਿਬ ਜੀ ਦੀ ਕੋਠੜੀ ਦੇ ਸਾਹਮਣੇ ਦੀਵਾਨ ਸੱਜ ਗਿਆ। ਅੰਮ੍ਰਿਤਸਰ ਦੇ ਮੁਖੀ ਸਿਖ ਅਤੇ ਸਾਰਾ ਭਾਈਚਾਰਾ ਆ ਜੁੜਿਆ। ਚੌਪਈ-11-ਸਫ਼ਾ-308॥ ਭਾਵੇ ਗ੍ਰੰਥ ਨੂੰ ਗੁਰਤਾ ਪਦਵੀ ਅਜੇ ਨਹੀਂ ਸੀ ਮਿਲੀ ਪਰ ਲਿਖਾਰੀ ਅਨੁਸਾਰ:-

ਚੌਪਈ॥ ਕਰਤ ਗੁਰਦਾਸ ਚੌਰ ਕਰ ਧਾਰਾ। ਸਹਿਬ ਬੁੱਢਾ ਪਾਠ ਉਚਾਰਾ।

ਅਗ੍ਰਜ ਚੌਕੀ ਧਰਯੋ ਕੜਾਹ। ਗਾਵਤ ਰਾਗੀ ਅਧਿਕ ਉਮਾਹਾ॥ 12॥

(ਵਿਦਵਾਨ) ਭਾਈ ਗੁਰਦਾਸ ਜੀ ਤਾਂ ਚੌਰ ਕਰ ਰਹੇ ਸਨ (ਭਾਵੇ ਉਹ ਆਪਣੀ ਜ਼ਬਾਨੀ ਕਹਿ ਰਹੇ ਸਨ ਕਿ ਉਹ ਅੱਖਰ ਬੋਧ ਤੋਂ ਕੋਰੇ ਹਨ) ਬਾਬਾ ਬੁੱਢਾ ਜੀ ਗ੍ਰੰਥ ਜੀ ਦਾ ਪਾਠ ਕਰ ਰਹੇ ਸਨ? ਆਗਿਆ ਲੈ ਕੇ (ਕਿਸ ਦੀ ਆਗਿਆ?) “ਬੁਢੇ ਪਾਯੋ ਭੋਗੁ” ਬਾਬਾ ਬੁੱਢਾ ਜੀ ਨੇ ਭੋਗ ਪਾ ਦਿੱਤਾ। ਗੁਰਬਿਲਾਸ ਪੜ੍ਹਨ ਤੋਂ ਪਤਾ ਲਗਾ ਕਿ ਸਾਰੀ ਬਾਣੀ ਦਾ ਸਹਿਜ ਪਾਠ ਕਰ ਹਟਿਆ ਪਾਠੀ ਸਿਰ ਝੁਕਾ ਕੇ ਭੋਗ ਦੇ ਸ਼ਬਦ ਪੜ੍ਹਨ ਦੀ ਆਗਿਆ ਮੰਗਣ ਦੀ ਰਸਮ ਕਿਉਂ ਪੂਰੀ ਕਰਦਾ ਹੈ?

ਉਪਰੰਤ ਬਾਬਾ ਜੀ ਨੇ ਅਨੇਕ ਫਲਾਂ ਦੇ ਦਾਤੇ ਗ੍ਰੰਥ ਜੀ ਤੇ ਰੁਮਾਲਾ ਪਾ ਦਿੱਤਾ। (13-14) - (ਇਸ ਤਰ੍ਹਾਂ ਦੀ ਮੂਰਖ ਸ਼ਰਧਾ ਦੇ ਕਾਰਨ ਗੁਰਦਆਰਿਆਂ ਵਿੱਚ ਰੁਮਾਲਿਆਂ ਦਾ ਵਾਧੂ ਢੇਰ ਲੱਗਾ ਰਹਿੰਦਾ ਹੈ। 300 ਸਾਲਾਂ ਤੋਂ ਨਿਰੰਤਰ ਹੋ ਰਹੀ ਇਸ ਗੁਰਮਤਿ ਵਿਰੋਧੀ ਪੂਜਾ ਭੇਟਾ ਮ੍ਰਯਾਦਾ ਬਾਰੇ ਜੇ ਕੋਈ ਸੂਝਵਾਨ ਗ੍ਰੰਥੀ ਜਾਂ ਪ੍ਰਬੰਧਕ ਇਹ ਆਖੇ- –ਹੇ ਭਾਈ ਗੁਰਮੁਖੋ! ਰਮਾਲਿਆਂ ਦਾ ਤਾਂ ਪਹਿਲਾਂ ਹੀ ਰੋਲ ਪਿਆ ਹੋਇਆ ਹੈ ਸੋ ਜੇ ਤੁਸਾਂ ਜ਼ਰੂਰ ਭੇਟਾ ਕਰਨਾ ਹੀ ਹੈ ਤਾਂ ਰੁਮਾਲਿਆਂ ਦੇ ਥਾਂ ਮਾਇਅ ਭੇਟਾ ਕਰ ਦਿਉ। ਇਸ ਤੋਂ ਭਰਮ ਘੇਰਾ ਪਾ ਬੋਲਦਾ ਹੈ- "ਰੁਮਾਲੇ ਦੇਣ ਨਾਲ ਹੀ ਤਾਂ ਗੁਰੂ ਸਾਡੇ ਪਰਦੇ ਢੱਕਦਾ ਹੈ "। ਕਿਉਂਕਿ ਗੁਰਦੇਵ ਜੀ ਦੇ ਸਰੂਪ ਤੇ ਰੁਮਾਲਾ ਦੇਣ ਸਮੇ ਰਾਗੀ ਅਥਵਾ ਗ੍ਰੰਥੀ ‘ਗੁਜਰੀ ਵਾਰ ਮਹਲਾ 5 ਦਾ ਇਹ ਪਾਵਨ ਸਲੋਕ ਗਾ ਰਹੇ ਹੁੰਦੇ ਹਨ- “ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥ (520) ਅੰਧ ਵਿਸ਼ਵਾਸੀ ਅਗਿਆਨੀ ਸ਼ਰਧਾਲੂਆਂ ਲਈ ‘ਪ੍ਰੇਮ ਪਟੋਲਾ’ ਰੇਸ਼ਮੀ ਕਪੜਾ ਬਣ ਗਿਆ ਹੁੰਦਾ ਹੈ।)

ਪਾਠੀ (ਬਾਬਾ ਬੁੱਢਾ ਜੀ) ਨੂੰ ਗੁਰਦੇਵ ਜੀ ਨੇ ਕੀਮਤੀ ਰੇਸ਼ਮੀ ਪੁਸ਼ਾਕਾ ਭੇਟਾ ਕੀਤਾ। ਰਾਗੀਆਂ ਨੂੰ ਮਾਇਆ ਦੇ ਖੁੱਲ੍ਹੇ ਗੱਫੇ? (ਚੌਪਈ-15) ਸਪੱਸ਼ਟ ਹੋ ਰਿਹਾ ਹੈ ਕਿ ਗੁਰਮਤਿ ਵਿਰੋਧੀ ਸਾਰੇ ‘ਲਾਗ’ ਅਤੇ ਮਰਯਾਦਾ ਅਥਵਾ ਰਸਮ ਰਿਵਾਜ ਸਨ 1718 ਤੋਂ ਪਰਚਲਤ ਹੋਏ ਗੁਰਬਿਲਾਸ ਤੋਂ ਹੀ ਸਿਖੀ ਲਈ ਗੁਰਮਤਿ ਬਣੇ ਹਨ। ਲਿਖਾਰੀ ਵਲੋਂ ਗੁਰਮਤਿ ਦੇ ਉਲਟ ਕੀਤੇ ਵਿਹਾਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਕਾਲ ਤੋਂ ਪਰਚਲਤ ਹੋਏ ਦਰਸਾਉਣਾ ਨਾਨਕ ਪੰਥੀਆਂ ਦੀ ਹੋਂਦ ਨੂੰ ਮੁਕਾ ਦੇਣ ਦਾ ਯਤਨ ਸੀ। ਆਪਣੀ ਕਲਮ ਨਾਲ ਲਿਖੇ ਸੁਖਮਨੀ ਸਾਹਿਬ ਵਿੱਚ ਇਹ ਉਪਦੇਸ਼- “ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥” {269) ਲਿਖਣ ਵਾਲੇ ਗੁਰੂ ਅਰਜਨ ਸਾਹਿਬ ਆਪਣੇ ਲਿਖੇ ਉਪਦੇਸ਼ ਦੇ ਉਲਟ ਕਦੇ ਵੀ ਕੋਈ ਕਰਮ ਨਹੀਂ ਸਨ ਕਰ ਸਕਦੇ। ਉਨ੍ਹਾਂ ਦੀ ਮੁਬਾਰਕ ਕਲਮ ਨਾਲ ‘ਮਿਰਤਕ’ ਬਾਰੇ ਅਨੂਪਮ ਉਪੁਦੇਸ਼ ਦੇ ਦਟਸ਼ਨ ਆਸੀਂ ਇਸ ਲੇਖ ਦੇ ਆਰੰਭ ਵਿੱਚ ਕਰ ਆਏ ਹਾਂ। ਫਿਰ ਵੀ ਸਦਾ ਯਾਦ ਵਿੱਚ ਟਿਕਾਈ ਰਖਦਿਆ ਇਸ ਤੇ ਅਮਲ ਕਰਦੇ ਰਹਿਣ ਦੀਆਂ ਤਾਕੀਦੀ ਜੋਦੜੀਆਂ ਸਹਿਤ:-

ਮਹਲਾ 5॥ …ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥

ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥ … 4॥ 4॥ 12॥ {1160}

ਅਗਿਆਨਤਾ ਰੂਪ ਭਰਮ ਨਾਸ ਕਰਨ ਵਾਲਾ ਅਜੇਹਾ ਗੁਰਮਤਿ ਗਿਆਨ ਲੋਕਾਂ ਵਿੱਚ ਵੰਡ ਰਹੇ ਅਤੇ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਅਗਵਾਈ ਲਈ ਆਪਣੇ ਕਰ ਕੰਵਲਾਂ ਨਾਲ ਲਿਖ ਰਹੇ ਪੰਚਮ ਸਤਿਗੁਰੂ ਸਾਹਿਬ ਆਪਣੇ ਮਿਰਤਕ ਸਰੀਰ ਪ੍ਰਤੀ ਕਿਸੇ ਪ੍ਰਕਾਰ ਦੀ ਉਚੇਚ ਕਰਨ ਦੀ ਸਿਖਿਆ ਕਦੇ ਨਹੀਂ ਸਨ ਦੇ ਸਕਦੇ। ਉਨ੍ਹਾਂ ਦਾ ਮਿਰਤਕ ਸਰੀਰ ਵੀ ਨਿਰੰਸਦੇਹ ਗੁਰਮਤਿ ਦੀ ਸਿਖਿਆ ਅਨੁਸਾਰ ਹੀ ਤੱਤਾਂ ਵਿੱਚ ਮਿਲ ਕੇ ਕਾਇਨਾਤ ਨਾ ਰੂਪ ਬਣਾਇਆ ਗਿਆ ਹੋਣਾ ਹੈ। ਇਹ ਸਾਰਾ ਕੁੱਝ ਲਿਖਾਰੀ ਦੀ ਉਸੇ ਕਲਪਣਾ ਦੀ ਉਪਜ ਹੈ ਬ੍ਰਾਹਮਣ ਦੀ ਜਿਸ ਕਲਪਲਣਾ ਤੋਂ ਰਾਮਾਇਣ, ਮਹਭਾਰਤ ਰੂਪ ਕਈ ਕਾਵ ਪਰਚਲਤ ਹੋ ਚੁੱਕੇ ਹਨ।

ਸਤਿਗੁਰੁ ਅਰਜਨ ਸਾਹਿਬ ਜੀ ਦੀ ਸ਼ਹੀਦੀ ਉਪਰੰਤ ਕੀਤੇ ਕਿਰਿਆ ਕਰਮ ਦੀ ਗਾਥਾ ਤੁਸਾਂ ਪੜ੍ਹ ਲਈ ਹੈ ਮਿਥੇ ਹੋਏ ਟੀਚੇ ਅਨੁਸਾਰ ਹੋਰ ਉਦਾਹਰਨਾ ਇਸ ਪਰਕਾਰ ਹਨ-

(2) -ਮਾਤਾ ਗੰਗਾ ਜੀ ਦਾ ਅਕਾਲ ਚਲਾਣਾ-ਅਧਿਆਏ 9 ਸਫ਼ਾ 403- ਵੇਦਾਂਤੀ ਜੀ ਦੀ ਸੰਪਾਦਨਾ ਵਾਲੀ ਗੁਰਬਿਲਾਸ ਪਾਤਸ਼ਾਹੀ 6 ਪੁਸਤਕ ਅਨੁਸਾਰ-ਗੁਰੂ ਹਰਿ ਗੋਬਿੰਦ ਸਾਹਿਬ ਜੀ ਆਪਣੇ ਮਾਤਾ ਗੰਗਾ ਜੀ ਦੇ ਨਾਲ ‘ਬਕਾਲਾ’ ਨਿਵਾਸੀ ‘ਮਿਰਰੇ’ ਨਾਮੀ ਸਿੱਖ ਦੇ ਘਰ ਠਹਿਰੇ ਹੋਏ ਸਨ। ਮਾਤਾ ਗੰਗਾ ਜੀ ਨੇ ਆਪਣਾ ਅੰਤਮ ਸਮਾ ਆਇਆ ਜਾਣ ਲਿਆ। ਅਜੇ ਰਾਤ ਡੇੜ ਪਹਿਰ ਰਹਿੰਦੀ ਸੀ ਕਿ ਮਾਤਾ ਜੀ ਨੇ ਗੁਰੂ ਹਰਿਗੋਬਿੰਦ ਜੀ ਨੂੰ ਇਉਂ ਆਖਿਆ- “ਦਾਹ ਥਾਨ ਕੀਜੈ ਨਹੀਂ ਕਰਿ ਜਿਮ ਕ੍ਰਿਪਾਨਿਧਾਨ”। (ਚੌ:-987- 988 ਸਫ਼ਾ403) - ਮੇਰੀ ਦੇਹ ਦਾ ਵੀ ਸਸਕਾਰ ਅਸਥਾਨ ਨਹੀਂ ਬਣਾਉਣਾ ਸਾਰਾ ਕੁੱਝ ਪਤੀ-ਗੁਰਦੇਵ ਜੀ ਦੀ ਦੇਹ ਜਿਹਾ ਹੀ ਕਰਨਾ ਹੈ। -(1)-ਇਹ ਕਹਿ ਕੇ ਮਾਤਾ ਜੀ ਨੇ ਜਪੁ ਜੀ ਅਤੇ ਸੁਖਮਨੀ ਬਾਣੀਆਂ ਦਾ ਪਾਠ ਕੀਤਾ ਤੇ (ਮਹਾਨ ਕੋਸ਼ ਅਨੁਸਾਰ -15 ਹਾੜ ਸੰਮਤ 1685 ਅਥਵਾ ‘ਸਨ-1628 ਨੂੰ ਮਾਤਾ ਗੰਗਾ ਜੀ) ਪਰਲੋਕ ਗਮਨ ਕਰ ਗਏ। ‘ਬਾਬਕ’ ਰਾਗੀ ਨੇ ਮਾਰੂ ਰਾਗ ਦੇ ਸ਼ਬਦਾਂ ਨਾਲ ਮਿਲਾ ਕੇ ਵਾਰ ਆਸਾ ਦਾ ਗਾਇਨ ਸ਼ੁਰੂ ਕਰ ਦਿੱਤਾ। ਭੋਗ ਪੈਂਦਿਆਂ ਨੂੰ ਦਿਨ ਚੜ੍ਹ ਗਿਆ। -(2)-ਗੁਰੂ ਜੀ ਨੇ ਬੜਾ ਸੁੰਦਰ ਬਿਬਾਨ ਤਿਆਰ ਕਰਵਾਇਆ -(3)-ਅਤੇ- “ਕਰਿ ਅਰਦਾਸਿ ਤਨਿ ਮਾਤਾ ਪਾਯੋ।” ਅਰਦਾਸਿ ਕਰਕੇ ਮਾਤਾ ਜੀ ਦੇਹ ਉਸ ਵਿੱਚ ਟਿਕਾ ਲਈ। -(4)-ਬਿਬਾਨ ਦੇ ਇੱਕ ਪਾਸੇ ਗੁਰਦੇਵ ਜੀ ਤੇ ਸਾਂਈਦਾਸ ਜੀ ਅਤੇ ਦੂਜੇ ਪਾਸੇ ਭਾਈ ਪਿਰਾਣਾ ਤੇ ਭਾਈ ਪੈੜਾ ਜੀ ਨੇ ਮੋਢਾ ਦੇ ਲਿਆ। -(5)- “ਮਿਹਰਾ ਊਪਰਿ ਚੌਰ ਫਿਰਾਵੈ” ਭਾਈ ਮਿਹਰਾ ਮਾਤਾ ਜੀ ਦੇ ਮਿਰਤਕ ਸਰੀਰ ਤੇ ਚੌਰ ਝੁਲਾਉਂਣ ਲੱਗ ਪਿਆ। ਉਚੇਚੇ ਧਿਆਨ ਗੋਚਰੀ ਲਿਖਾਰੀ ਦੀ ਕੂਟ ਨੀਤੀ- ਪਹਿਲਾਂ ਜਿਹੜਾ ਚੌਰ ਸਤਿਗੁਰੁ ਜੀ ਦੇ ਸੀਸ ਤੇ ਝੁਲਦਾ ਦਰਸਾਇਆ ਸੀ ਹੁਣ ਉਹੀ ਚੌਰ ਮਿਰਤਕ ਸਰੀਰਾਂ ਤੇ ਫਿਰਦਾ ਦਰਸਾ ਰਿਹਾ ਹੈ। ਕੂਟ ਲਿਖਾਰੀ ਮਿਰਤਕ ਬਾਰੇ ਸਤਿਗੁੁੁਰੁ ਜੀ ਦੇ ਇਸ ਪਾਵਨ ਉਪਦੇਸ਼ ਨੂੰ ਜਾਣ ਬੁਝ ਕੇ “ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ.” ਅਰਥ ਹੀਨ ਬਣਾ ਰਿਹਾ ਹੁੰਦਾ ਹੈ। ਲਿਖਾਰੀ ਸਮਝ ਚੁੱਕਾ ਸੀ ਕਿ ਉਹ ਜੋ ਵੀ ਮਰਜ਼ੀ ਹੈ ਲਿਖੀ ਜਾਵੇ ਬਿਨਾ ਸਮਝਿਆਂ ਪੜਦੇ ਰਹਿਣਾ ਗਿੱਝੇ ਹੋਏ ਸਿੱਖ ਲਾਣੇ ਨੇ ਮੇਰੇ ਲਿਖੇ ਉਸ ਸਭ ਕੁੱਝ ਨੂੰ ਹੀ ਗੁਰਮਤਿ ਮੰਨ ਲੈਣਾ ਹੈ।

ਗੁਰਮਤਿ ਗਿਆਨ ਦੀ ਪ੍ਰਤੱਖ ਸਚਾਈ- ਗੁਰੂ ਬਾਣੀ ਵਿੱਚ ਚੌਰਰ. ਚਉਰ, ਚਮਰ ਆਦਿ ਪਦ ਇਸ ਵੇਰਵੇ ਸਹਿਤ ਆਇਆ ਹੈ- ਚਉਰ-2 ਚਉਰੁ-4 ਚਵਰ-3, ਚਵਰੁ-3, ਚਮਰ-2, ਚਾਮਰੋ-1 ਕੁਲ 15 ਵਾਰ ਆਇਆ ਹੈ। ਪਰ ਲਿਖਾਰੀ ਦੀ ਵਰਤੋਂ ਵਾਲਾ ਚੌਰ ਫਿਰਦਾ ਗੁਰਬਾਣੀ ਵਿਚੋਂ ਨਹੀਂ ਮਿਲ ਸਕਿਆ। ਕੂਟ ਲਿਖਾਰੀ ਗੁਰੂ ਪਰਵਾਰ ਸਮੇਤ ਗੁਰਸਿੱਖੀ ਨਾਲ ਸ਼ਰਮਨਾਕ ਠੱਠੇ ਕਰਦਾ ਆ ਰਿਹਾ ਹੈ ਪਰ ਸੰਪਾਦਕ ਵੇਦਾਂਤੀ ਜੀ ਨੇ ਲਿਖਾਰੀ ਦੀ ਕਿਸੇ ਵੀ ਗੁਰਮਤਿ ਵਿਰੋਧੀ ਗੱਲ ਤੋਂ ਪਾਠਕਾਂ ਨੂੰ ਸੁਚੇਤ ਰਹਿਣ ਲਈ ਨਹੀ ਆਖਿਆ। ਚਉਰ ਝੁਲਾਉਣ ਲਈ ਲਿਖਾਰੀ ਲਈ ਸਤਿਗੁਰੂ ਜੀ ਦੇ ਪਾਵਨ ਸੀਸ ਅਤੇ ਮਿਰਤਕ ਲੋਥ ਇੱਕ ਸਮਾਨ ਹੈ। ਪਰ ਅਸਾਂ ਇਤਰਾਜ਼ ਤਾਂ ਕੀ ਕਰਨਾ ਸੀ ਸਗੋਂ ਉਸ ਬ੍ਰਾਹਮਣੀ ਰਸਮ ਨੂੰ ਗੁਰਮਤਿ ਮੰਨ ਲਿਆ?

ਬਿਬਾਨ ਹੇਠ ਮੋਢਾ ਦਿੱਤਾ ਦਰਸਾ ਕੇ ਹੁਣ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜ਼ਬਾਨੀ। -(6)- ਬਾਬਕ ਰਾਗੀ ਨੂੰ ਹਦਾਇਤਾਂ- ਬਿਬਾਨ ਦੇ ਅੱਗੇ ਅੱਗੇ-ੳ- ਵਡਹੰਸ ਰਾਗ ਦੀ ਵਾਰ-ਅ-ਮਾਰੂ ਰਾਗ ਦੇ ਸ਼ਬਦੲ-ੲ- ਵਾਰ ਮਾਰੂ ਡੱਖਣੇ ਮਹਲਾ 5 ਬਾਣੀਆਂ ਦਾ ਗਾਇਨ ਕਰਦਾ ਚਲੇ। ਇਸ ਤਰ੍ਹਾਂ ਕਰਨ ਨਾਲ ਮਾਤਾ ਗੰਗਾ ਜੀ ਦੇ ਬਿਬਾਨ ਦੇ ਜਲੂਸ ਵਿੱਚ ਬੇਅੰਤ ਭੀੜ ਆ ਜੁੜੀ। ॥ 1002॥ ਬਿਆਸ ਦਰਿਆ ਦੇ ਕੰਢੇ ਤੇ ਜਾ ਕੇ ਵਡਹੰਸ ਰਾਗ ਦੀ ਵਾਰ ਦਾ ਭੋਗ ਪਾਇਆ ਤੇ ਬਿਬਾਨ ਧਰਤੀ ਤੇ ਟਿਕਾ ਦਿੱਤਾ। -(7)- ਗੁਰਦੇਵ ਜੀ ਦੇ ਹੁਕਮ ਨਾਲ ਗੁਰਸਿੱਖਾਂ ਨੇ ਇਸ਼ਨਾਨ ਕਰਕੇ ਮਾਤਾ ਜੀ ਦੀ ਮਿਰਤਕ ਦੇਹ ਨੂੰ ਬਿਬਾਨ ਵਿਚੋਂ ਚੁੱਕ ਲਿਆ ਤੇ ਦਰਿਆ ਦੇ ਪਾਣੀ ਵਿੱਚ ਜਾ ਵੜੇ- “ਬੀਚ ਬਿਪਾਸਾ ਜਾਤ ਭੇ ਜਪੁ ਜੀ ਪੜ੍ਹਤ ਤਦਾਇ॥ 1006॥ (ਸਫ਼ਾ-404) -(8)- ਜਪੁਜੀ ਦਾ ਪਾਠ ਕਰਦਿਆ ਪਾਣੀ ਦੇ ਬਹਾ ਦੇ ਨਾਲ ਤੁਰੇ ਗਏ। ਜਿਥੇ ਭੋਗ ਪਿਆ ਮਿਰਤਕ ਦੇਹ ਨੂੰ ਜਲ ਪਰਵਾਹ ਕਰਕੇ ਵਾਪਸ ਗੁਰੂ ਜੀ ਕੋਲ ਜਾ ਹਾਜ਼ਰ ਹੋਏ। -(9)- ਬਾਬਕ ਰਾਗੀ ਨੇ ਸ਼ਬਦ ਕਾ ਭੋਗ ਪਾਇਆ ਤਾਂ-ਕੜਾਹ ਵਰਤਾਇ ਗਿਆ-ਯਥਾ- “ਕੜਾ ਵਰਤਇ ਉਠੇ ਗੁਨ ਗਾਇ”॥ 1007॥ (10)- ਬਕਾਲੇ ਜਾ ਕੇ ਭਾਈ ਮਿਹਰ ਦੇ ਘਰ ਸਾਰੀ ਰਾਤ ਸੋਗ ਵਜੋਂ ਸ਼ਬਦ ਕੀਰਤਨ ਹੁੰਦਾ ਰਿਹਾ। ਫਿਰ ਕਿਉਂਕਿ ਗੁਰਦੇਵ ਜੀ ਦੇ ਮਾਤਾ ਜੀ ਜੋਤੀ ਜੋਤਿ ਸਮਾਏ ਹੋਣ ਦੇ ਕਾਰਨ ਹਿੰਦੂ ਧਰਮ ਦੀ ਪਰਚਲਤ ਮ੍ਰਯਾਦਾ ਅਨੁਸਾਰ ਲਿਖਾਰੀ ਨੇ ਦਸਤਾਰਬੰਦੀ ਦੀ ਰਸਮ ਕੀਤੀ ਵੀ ਦਰਸਾਉਣੀ ਸੀ। ਇਸ ਲਈ ਛੇਤੀ ਹੀ ਗੁਰ ਹਰਿਗੋਬਿੰਦ ਜੀ ਅੰਮ੍ਰਿਤਸਰ ਨੂੰ ਮੁੜਦੇ ਦਰਸਾ ਦਿਤੇ। (11)-ਉਥੇ ਗੁਰਦੇਵ ਜੀ ਘਰ ਆਉਣ ਵਾਲੀਆਂ ਅੰੁਿਮ੍ਰਤਸਰ ਸ਼ਹਿਰ ਦੀਆਂ ਸਾਰੀਆਂ ਇਸਤਰੀਆਂ ਬਿਰਲਾਪ ਕਰਦੀਆਂ ਸਮੇ ਵਡਹੰਸ ਰਾਗ ਦੀਆਂ ਅਲਾਹਣੀਆਂ ਵੈਣ ਉਚੀ ਸੁਰ ਵਿੱਚ ਪਾਈ ਜਾਂਦੀਆਂ ਸਨ॥ (ਚੌਪਈ-1023-ਸਫ਼ਾ 406)। ਰਾਤ ਪਈ ਜਾਣ ਕੇ ਗੁਰਦੇਵ ਜੀ ਜਦ ਘਰ ਗਏ ਤਾਂ ਰੋਣ ਪਿਟਣਾ ਬੰਦ ਕਰਾਇਆ- “ਨਿਸਾ ਜਾਨ ਮਹਿਲੀ ਪ੍ਰਭ ਗਏ। ਕੀਯੋ ਨਿਵਾਰ ਰੁਦਨ ਨਹਿ ਕਏ॥ ਪਰ ਉਪਦੇਸ਼ ਇਹ-(12)-“ਆਗਮ ਧਰਮ ਰੀਤਿ ਇਹ ਗਾਈ। ਮ੍ਰਿੱਤੁ ਪਾਛੇ ਜੋ ਰੁਦਨ ਉਠਾਈ॥ 1024॥ -ਗੁਰਮਤਿ ਦੇ ਥਾਂ ‘ਆਗਮ ਧਰਮ’ ਦੀ ਰੀਤ। ਮਹਾਨ ਕੋਸ਼ ਦੇ 95 ਸਫ਼ੇ ਅਨੁਸਾਰ-ਅਗਿਮ ਦਾ ਪੰਜਵਾਂ ਅਰਥ-5. ਤੰਤ੍ਰ ਸ਼ਾਸਤ੍ਰ. ਜਿਸ ਵਿੱਚ ਸੱਤ ਅੰਗ ਹੋਣ-ਉੱਤਪਤਿ, ਪ੍ਰਲੈ, ਦੇਵਪੂਜਨ, ਮੰਤ੍ਰਸਾਧਨ, ਪੁਰਸ਼੍ਵਰਣ ਖਟਕਰਮਾਂ ਦੇ ਸਾਧਨ ਅਤੇ ਧਯਾਨ, ਲਿਖਿਆ ਹੈ। ਭਾਵ ਮਹਾਂ ਹੁਸ਼ਿਆਰ ਲਿਖਾਰੀ ਗੁਰਮਤਿ ਦੇ ਥਾਂ ਛੇਵੇਂ ਸਤਿਗੁਰੂ ਜੀ ਨੂੰ ਸ਼ਾਸਤ੍ਰਾਂ ਦੀ ਸਿਖਿਆ ਦੇਂਦੇ ਰਹੇ ਬੜੀ ਦਲੇਰੀ ਨਾਲ ਦਰਸਾਈ ਜਾ ਰਿਹਾ ਹੈ। ਕਿ ਜਿਹੜਾ ਮਰਨ ਵਾਲੇ ਦੇ ਪਿਛੋਂ ਰੋਣ ਪਿੱਟਣ ਦਾ (ਊਧਮ) ਚੁੱਕ ਲਵੇਗਾ ਤਾਂ ਲਿਖਾਰੀ ਅਨੁਸਾਰ:-

ਇਹ ਕੇ ਰੁਦਨ ਪਾਇ ਦੁਖ ਸੋਈ। ਸੀਂਢ ਕਾਮਨੀ ਪ੍ਰਾਪਤਿ ਹੋਈ।

ਤਾ ਤੇ ਉਤਮ ਜੋ ਜਗਿ ਨਾਰੀ। ਕਰੇ ਨ ਰੁਦਨ ਧੀਰ ਮਨਿ ਧਾਰੀ॥ 1025॥ {ਸਫ਼ਾ 406}

ਵੇਦਾਂਤੀ ਜੀ ਦੇ ਲਿਖੇ ਟੂਕ ਵਿਚਲੇ ਅਰਥ:-ਜੋ ਨਾਰੀ ਰੋਣਾ ਪਿਟਣਾ ਕਰੇਗੀ ਉਸ ਨੂੰ ਸੀਂਢ (ਭਾਵ ਨੱਕ ਦੀ ਮੈਲ) ਪ੍ਰਾਪਤ ਹੋਵੇਗੀ। ਜਗ ਵਿੱਚ ਉਹੀ ਨਾਰੀ ਉਤਮ ਹੈ ਜਿਹੜੀ ਮਨ ਵਿੱਚ ਧੀਰਜ ਧਾਰੀ ਰੱਖਦੀ ਹੈ ਅਤੇ ਰੋਣਾ ਪਿਟਣਾ ਨਹੀ ਕਰਦੀ॥ ਭਾਵ ਗੁਰਮਤਿ ਨਹੀਂ ਸਗੋਂ ਰੋਣਾ ਪਿਟਣਾ ਬੰਦ ਕਰਨ ਦੀ ਗਲ ਵੀ ਵੈਦਕ ਰੀਤੀ ਅਨੁਸਾਰ। ਬੜੀ ਚਤੁਰਾਈ ਨਾਲ ਗੁਰਦੇਵ ਜੀ ਦੀ ਜ਼ਬਾਨੀ ਹੀ ਸਭ ਕੁੱਝ ਹੁੰਦਾ ਦਰਸਾ ਲਿਆ ਕਿ ਅਜੇਹੇ ਸਮਿਆਂ ਤੇ ਗੁਰੂ ਜੀ ਦੇ ਆਪਣੇ ਘਰ ਵਿਚੋਂ ਵੀ ਰੋਣ ਪਿੱਟਣਾ ਬੰਦ ਕਰਉਣ ਲਈ ਵੇਦਾਂ ਵਿਚਲੇ ਸਰਾਪ ਦਾ ਡਰ ਪਾਉਣੇ। ਪ੍ਰਾਣੀ ਨਮਿਤ ਜੋ ਕਰਨਾ ਉਹ ਵੀ ਗੁਰਮਤਿ ਵਿਰੋਧੀ:-

ਦੋਹਰਾ॥ ਜਪ ਤਪ ਪ੍ਰਾਣੀ ਹਿਤਿ ਕਰੇ ਤਿਹ ਫਲ ਸੋ ਸੁਖ ਪਾਏ।

ਆਦਿ ਈਸਰੀ ਮਾਤ ਮਮ ਧਰੋ ਧਰਿ ਗੁਨ ਗਾਇ॥ 1026॥

ਅਰਥ:-ਪ੍ਰਾਣੀ ਦੇ ਭਲੇ ਵਾਸਤੇ ‘ਜਪ ਤਪ’ ਕੀਤਿਆਂ ਦੇ ਫਲ ਵਜੋਂ ਪ੍ਰਾਣੀ ਨੂੰ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। (ਦੂਜੀ ਪੰਗਤੀ ਦੇ ਅਰਥ ਟੂਕ ਵਿੱਚ ਵੇਦਾਂਤੀ ਜੀ ਨੇ ਇਉਂ ਲਿਖੇ ਹੋਏ ਹਨ):- ‘ਮੇਰੀ ਮਾਤਾ ਗੰਗਾ ਜੀ ਅਦਿ ਪ੍ਰਭੂ ਦੀ ਸ਼ਕਤੀ ਸੀ’ - ਭਾਵ (ਜਪ ਤਪ ਸਮੇ) ਉਸ ‘ਆਦਿ ਈਸਰੀ ਮਾਤਾ’ ਦੇ ਗੁਨ ਗਾਉਣੇ ਚਾਹੀਦੇ ਹਨ। 1026 ਜਪ ਤਪ ਬਾਰੇ ਗੁਰੂ ਫ਼ੁਰਮਾਨ ਇਸ ਪ੍ਰਕਾਰ:-

ਗਉੜੀ ਮਾਲਾ ਮਹਲਾ 5॥ ਹਰਿ ਬਿਨੁ ਅਵਰ ਕਿ੍ਰਆ ਬਿਰਥੇ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ॥ 1॥ ਰਹਾਉ॥ ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ॥ ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ॥ 1॥ …॥ 4॥ 6॥ 164॥ {216} -

ਗੁਰੂ ਗ੍ਰੰਥ ਦਰਪਣ:- ਅਰਥ:- (ਹੇ ਭਾਈ !) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ। (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ—ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ। 1. ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿੱਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇੱਕ ਕੌਡੀ ਭੀ ਨਹੀਂ ਮਿਲਦਾ। ਹੇ ਭਾਈ ! ਜੀਵ ਦੇ ਨਾਲ ਪਰਲੋਕ ਵਿੱਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿੱਚ ਕੰਮ ਨਹੀਂ ਆਉਂਦਾ। 1. ਅੰਗੇਜ਼ੀ ਉਲੱਥਾ:- Without the Lord, other actions are useless. Meditative chants, intense deep meditation, austere self-discipline and rituals - these are plundered in this world. || 1 || Pause || Fasting, daily rituals, and austere self-discipline - those who keep the practice of these, are rewarded with less than a shell. Hereafter, the way is different, O Siblings of Destiny. There, these things are of no use at all. || 1 ||Pause || Fasting, daily rituals, and austere self-discipline - those who keep the practice of these, are rewarded with less than a shell. Hereafter, the way is different, O Siblings of Destiny. There, these things are of no use at all. || 1 ||

-(13)- ਗੁਰੂ ਜੀ ਨੇ, ਕਰਤਾਰ ਪੁਰ ਗੋਇੰਵਾਲ, ਖਡੂਰ ਮਉ, ਅਤੇ ਡੱਲੇ ਆਪਣੇ ਸੌਹਰੇ ਘਰ ਆਦਿ, ਸਾਰੇ ਪਾਸੇ ਸੁਨੇਹੇ ਸਿਖ ਭੇਜ ਕੇ (ਰਿਸ਼ਤੇਦਾਰਾਂ) ਨੂੰ ਸਦੇ ਭੇਜ ਦਿੱਤੇ। 1029. ਮਾਤਾ ਗੰਗਾ ਜੀ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੀ ਕਲਿਆਣ ਲਈ ਰਖਾਏ ਪਾਠ ਦੇ ਭੋਗ ਦੀਆਂ ਖ਼ਬਰਾਂ ਸੁਣ ਕੇ ਸਾਰੇ ਸਿੱਖ ਸੱਜਣਾ ਦੇ ਸਮੇਤ ਭਾਈ ‘ਦੁਆਰਾ’ ਤੇ ਉਨ੍ਹਾਂ ਦੀ ਪਤਨੀ (ਗੁਰੂ ਜੀ ਦੇ ਸੱਸ ਸਹੁਰੇ) ਸਾਰੇ ਰਿਸ਼ਤੇਦਾਰ ਸ੍ਰੀ ਅੰਮ੍ਰਿਤਸਰ ਨੂੰ ਹੁਮ ਹੁਮਾ ਕੇ ਤੁਰ ਪਏ। ਜਦ ਗੁਰੂ ਜੀ ਦੇ ਘਰ ਪੁਜੇ ਤਾਂ ਲਿਖਾਰੀ ਦੇ ਬਚਨ- “ਗੁਰ ਮਹਿਲੀ ਆਏ ਰੁਦਨ ਉਠਾਯੋ। 1031. (ਭਾਂਵੇਂ ਇਹ ਸਾਰੇ ਰਿਵਾਜ ਨਾਨਕ ਪੰਥੀਆਂ ਵਿਚੋਂ ਸੰਨ 1708 ਤੋਂ ਬਹੁਤ ਪਹਿਲਾਂ ਹੀ ਖ਼ਤਮ ਹੋ ਚੁੱਕੇ ਸਨ ਪਰ ਕੇਵਲ ਇਸ ਗੁਰਬਿਲਾਸ ਦੀ ਕਥਾ ਸੁਣਦੇ ਰਹੇ ਹੋਣ ਦਾ ਹੀ ਸਿੱਟਾ ਹੈ ਕਿ ਗੁਰੂ ਹੁਕਮਾਂ ਵਲ ਪਿਠ ਕਰਕੇ ਮਿਰਤਕ ਦੀ ਮੌਤ ਤੋਂ ਦਸਵੇਂ ਦਿਨ ਗਰੁੜ ਪੁਰਾਣ ਦੇ ਭੋਗ ਵਾਂਗ ਹੀ ਸਿੱਖਾਂ ਦੇ ਘਰਾਂ ਵਿੱਚ ਵੀ ਰੋਂਦਿਆਂ ਪਿਟੱਦਿਆਂ ਇੱਕ ਦੂਜੇ ਦੇ ਗਲ ਮਿਲਦਿਆਂ ਨੱਕ ਸੁਣਕਦਿਆਂ ਨੂੰ ਅੱਜ ਵੀ ਕਈ ਥਾਂਈ ਵੇਖਿਆ ਜਾ ਸਕਦਾ ਹੈ। ਮਿਰਤਕ ਦੀ ਮੌਤ ਤੇ ਰੱਖੇ ਪਾਠ ਦੇ ਭੋਗ ਤੇ ਸਾਰੇ ਰਿਸ਼ਤੇ ਦਾਰਾਂ ਵੱਲ ਚਿਠੀਆਂ ਸੁਨੇਹੇ ਅੱਜ ਵੀ ਭੇਜੇ ਜਾਂਦੇ ਹਨ। ਸਾਰਾ ਮੇਲ ਇਕੱਤਰ ਹੋ ਕੇ ਕੀ ਸੁਆਰ ਰਿਹਾ ਹੁੰਦਾ ਹੈ। ਸਾਂਝਾਂ ਤੋਂ ਬਣੇ ਮੌਹ ਅਨਾਰ ਸਜਣ ਦੀ ਮੌਤ ਦਾ ਅਫ਼ਸੋਸ ਜਿਥੇ ਵੀ ਕੋਈ ਹੋਏ ਉਸ ਨੂੰ ਹੋਣੋ ਨਹੀ ਰਹਿੰਦਾ। ਸੋ ਚਿਠੀਆਂ ਸੁਨੇਹੇ ਭੇਜਣੇ ਅਤੇ ਲੋਥ ਨੂੰ ਦਰਸ਼ਨਾਂ ਲਈ ਸੰਭਾਲੀ ਰੱਖਣਾ ਗੁਰਮਤਿ ਨਹੀ ਬ੍ਰਾਹਮਣਾ ਦੀ ਲੁਟ ਨੀਤੀ ਦੀ ਉਪਜ ਇਹ ਰਿਵਾਜ ਦੁਖਦਾਇਕ ਬੰਧਨ ਹੀ ਹਨ।) ਲਿਖਾਰੀ ਨੇ ਗੁਰਦੇਵ ਜੀ ਦੇ ਘਰ ਪੁੱਜ ਰਹੇ ਸਾਰਿਆਂ ਸਾਕਾਂ ਅੰਗਾਂ ਨੂੰ ਖ਼ੂਬ ਰੋਂਦੇ ਪਿਟਦੇ ਦਰਸਾਇਆ ਹੈ। ਭਾਵੇਂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਪਰ ਲਿਖਾਰੀ ਅਨੁਸਾਰ -ਦੋਹਰਾ॥ ਨਿਤ ਨੂਤਨ ਹੋਵਤ ਤਹਾਂ ਚੌਕੀ ਸ਼ਬਦ ਅਪਾਰ। ॥ 1032॥ ਉਥੇ ਨਿਤ ਨਵੀਨ ਰੰਗ ਵਿੱਚ ਬੜੀ ਵਿਸ਼ਾਲ ਸ਼ਬਦ ਚੌਕੀ ਹੁੰਦੀ ਰਹਿੰਦੀ ਸੀ। ਭੋਗ ਤੇ ਇਕੱਤ੍ਰ ਹੋ ਰਹੇ ਸਾਰੇ ਭਾਈਚਾਰੇ ਨੂੰ ਗੁਰੂ ਜੀ ਸੰਭਾਲ ਰਹੇ ਸਨ। (ਅਜੋਕੇ ਪੁਜਾਰੀ ਟੋਲੇ ਨੇ ਰਹਿਤ ਮਰਯਾਦਾ ਵਿੱਚ ਜੋ ਇਹ ਬਚਨ ਲਿਖੇ ਹਨ- “ਗੁਰਬਾਣੀ ਦਾ ਪਾਠ ਅਤੇ ਕੀਰਤਨ ਇਕੋ ਸਮੇ ਦੋਵੇ ਨਹੀ ਹੋ ਸਕਦੇ” - ਕੇਵਲ ਧੋਖਾ ਬਣ ਕੇ ਰਹਿ ਗਿਆ ਹੋਇਆ ਹੈ।

-(14)- ਗਰੁੜ ਪੁਰਾਣ ਵਿਚਲੀ ‘ਦਸਵੇਂ ਦਿਨ’ ਦੀ ਪਾਬੰਦੀ ਅਨੁਸਾਰ ਦਸਮੇ ਦਿਨ ਤੇ ਪੈ ਰਹੇ ਭੋਗ ਤੇ ਸਾਰੇ ਸਾਕ ਅੰਗ, ਬਰਾਦਰੀ, ਤੇ ਦੂਰ ਨੇੜੇ ਦੀ ਸੰਗਤਿ ਦਾ ਭਰਪੂਰ ਜੋੜ ਮੇਲਾ ਹੋ ਗਿਆ। ਭਾਈ ਗੁਰਦਾਸ ਜੀ ਨੇ ਆਗਿਆ ਲੈ ਕੇ ਭੋਗ ਦੇ ਸ਼ਬਦ ਪੜ੍ਹ ਕੇ ਗ੍ਰੰਥ ਜੀ ਦਾ ਭੋਗ ਪਾ ਦਿਤਾ। -(15)-ਭਾਈ ਗੁਰਦਾਸ ਜੀ ਭਾਵੇ ਗੁਰਦੇਵ ਜੀ ਦੇ ਪਰਵਾਰ ਵਿਚੋਂ ਹੀ ਸਨ ਫਿਰ ਵੀ ਸਿੱਖਾਂ ਵਿੱਚ ਰਸਮ ਪਰਚਲਤ ਕਰਨ ਲਈ ਕੀਤੇ ਪਾਠ ਦੀ ਸੇਵਾ ਵਜੋਂ ਲਿਖਾਰੀ ਨੇ ਗੁਰੁਹਰਿਗੋਬਿੰਦ ਜੀ ਤੋਂ ਭਾਈ ਗੁਰਦਾਸ ਜੀ ਨੂੰ ਰੇਸ਼ਮੀ ਪੁਸ਼ਾਕ ਤੇ ਮਾਇਆ ਦਾ ਗੱਫਾ ਮਿਲਦਾ ਦਰਸਾਇਆ ਹੋਇਆ ਹੈ॥ -(16)- ਮਰਤਕ ਨਿਮਿਤ ਬੇਅੰਤ ਕੜਾਹ ਪ੍ਰਸ਼ਾਦ ਅਰਦਾਸ ਕਰਾਇਆ। ਅਕਾਲ ਤਖ਼ਤ ਤੇ ਵਡਮੁੱਲਾ ਰਾਜਸੀ ਸਾਜ਼ੋ ਸਾਮਾਨ ਅਰਦਾਸ ਕਰਾਇਆ। ਸ਼ਾਹੀ ਸਜ਼ੋ ਸਾਮਾਨ ਦੇ ਨਾਲ ਬੇਅੰਤ ਵਸਤੂਆਂ ਭੇਟਾ ਕਰਨ ਲਈ ਦਰਬਾਰ ਸਾਹਿਬ ਵਿਖੇ ਭੇਜੀਆਂ। ਗੁਰਦੇਵ ਜੀ ਨੂੰ ਸਿਰੋਪਾ ਭੇਟਾ ਕੀਤਾ ਵੀ ਦਰਸਾਇਆ ਹੈ॥ ਹਨ (ਚੌਪਈ-1036-1037-ਸਫ਼ਾ 407)। ਉਪਜੇ ਸ਼ੰਕਿਆਂ ਦਾ ਵੇਰਵਾ:-ੳ-ਗੁਰਦੇਵ ਜੀ ਨੇ ਸ੍ਰੋਪਾ ਕਿਸ ਤੋਂ ਪ੍ਰਾਪਤ ਕੀਤਾ। (ਅ) -ਅਕਾਲ ਤਖ਼ਤ ਤੇ ਅਥਵਾ ਦਰਬਾਰ ਸਹਿਬ ਵਿਖੇ ਮਾਇਆ ਅਤੇ ਹੋਰ ਕੀਮਤੀ ਵਸਤੂਆਂ ਕਿਸ ਦੇ ਭੇਟਾ ਕੀਤੀਆਂ ਸਨ? ਉਹ ਕੌਣ ਸੀ ਜਿਸ ਦੀ ਪੂਜਾ ਭੇਟਾ ਕਰਦੇ ਗੁਰੂ ਹਰਿਗੋਵਿੰਦ ਸਾਹਿਬ ਜੀ ਨੂੰ ਵੀ ਲਿਖਾਰੀ ਨੇ ਦਰਸਾਇਆ ਹੈ? (ਨੋਟ-ਪਾਠਕ ਸੱਜਣ ‘ਕੜਾਹ ਪਰਸ਼ਾਦ’ ਵੱਲ ਉਚੇਚਾ ਧਿਆਨ ਦੇਈ ਰੱਖਣ। ਇਨ੍ਹਾਂ ਮੌਤ ਪ੍ਰਸੰਗਾਂ ਦੇ ਅਖ਼ੀਰ ਤੇ ਲਿਖੀਆਂ ਗੁਰਮਤਿ ਵਿਚਾਰਾਂ ਦੀ ਅਸਲੀਯਤ ਸਮਝਣ ਵਿੱਚ ਸਹੂਲਤ ਰਹੇਗੀ ਜੀ)

(17)- ਚੌਪਈ॥ ਗੁਰ ਨਾਨਕ ਕੀ ਰੀਤਿ ਜੋ ਹੋਈ। ਸੋ ਤੁਮ ਕਰੋ ਸਭੀ ਦੁਖੁ ਖੋਈ।

ਗੁਰੂ ਗ੍ਰਿੰਥ ਕਾ ਪਾਠ ਧਰਾਏ। ਕੜ੍ਹਾਹੁ ਪੁਸ਼ਾਦ ਅਰਦਾਸਿ ਕਰਾਏ॥ 1939॥

ਐਸੀ ਸਿਖ ਜੋ ਰੀਤਿ ਕਰਾਵੇ। ਸੋਈ ਸਿਖ ਗੁਰੂ ਮਨ ਭਾਵੈ।

ਜੋ ਸਿਖ ਐਸੀ ਰੀਤਿ ਨ ਕਰੈ। ਸੋ ਸਿੱਖ ਹਮਰੇ ਦ੍ਰਿਸ਼ਟਿ ਨ ਪਰੈ॥ 1040॥

ਟੂਕ ਵਿੱਚ ਲਿਖੇ ਪਦ ਅਰਥਾਂ ਦੇ ਅਧਾਰ ਤੇ ਭਾਵ ਅਰਥ:- ਗੁਰੂ ਨਾਨਕ ਜੀ ਦੀ ਦੱਸੀ ਹੋਈ ਰੀਤ ਕੀਤਿਆਂ ਸਾਰੇ ਦੁਖਾਂ ਦਾ ਨਾਸ ਹੋ ਜਾਂਦਾ ਹੈ। (ਉਹ ਰੀਤ ਇਹ ਹੈ) ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਧਰਾ ਕੇ ਕੜ੍ਹਾ ਪਰਸ਼ਾਦ ਦੇ ਨਾਲ (ਪਾਠੀ ਲਈ ਕੀਮਤੀ) ਪੁਸ਼ਾਕ ਅਰਦਾਸ ਕਰਾਉ। ਅਜੇਹੀ ਰੀਤ ਕਰਨ ਵਾਲਾ ਸਿੱਖ ਹੀ ਗੁਰੁ ਦੇ ਮਨ ਨੂੰ ਭਾਉਂਦਾ ਹੈ। ਜਿਹੜਾ ਸਿੱਖ ਇਹ ਰੀਤ ਨਹੀ ਕਰਦਾ ਉਹ ਸਾਨੂ ਵਿਖਾਈ ਵੀ ਨਾ ਦੇਵੇ (ਤਾਂ ਚੰਗਾ ਹੈ)।

ਗਰੁੜ ਪੁਰਾਣ ਵਿਚਲੇ ਵਿਸ਼ਨੂ ਭਗਵਾਨ ਜੀ ਦੇ ਇਹ ਬਚਨ- “ਜੇ ਬਿੱਪ੍ਰ ਪ੍ਰਸੰਨ ਤੇ ਮੈ ਪ੍ਰਸੰਨ” -ਏਥੇ ਪੁਜਾਰੀ ਦੇ ਘਰ ਕੀਮਤੀ ਪਦਾਰਥ ਪੁੱਜ ਗਏ ਅਤੇ ਕੜਾਹ ਪ੍ਰਸ਼ਾਦ ਭੇਟਾ ਹੋ ਗਿਆ ਤਾਂ ਸਮਝੋ ਗੁਰੂ ਜੀ ਪ੍ਰਸੰਨ ਹੋ ਗਏ। ਨਹੀ ਤਾਂ ਉਨ੍ਹਾਂ ਦੇ ਕੋਈ ਮੱਥੇ ਹੀ ਨਾ ਲੱਗੇ? ਵਾਹ ਵੇਦਾਂਤੀ ਜੀ ਤੁਹਾਡੇ ਸਦਕੇ ਜਾਈਏ ਜਿਨ੍ਹਾਂ ਨੇ ਅਜੇਹੇ ਸਭ ਕੁੱਝ ਵਾਲੀ ਕਿਤਾਬ ਨੂੰ ਧਰਮ ਪੁਸਤਕ ਬਣਾ ਦੇਣ ਦੀ ਜ਼ਿਦ ਫੜੀ ਹੋਈ ਹੈ।

ਉਪਰੋਕਤ (18)- ਮਾਤਾ ਗੰਗਾ ਜੀ ਦੇ ਅਕਾਲ ਚਲਾਣੇ ਸਬੰਧੀ ਲਿਖੀਆਂ ਚੌਪਈਆਂ ਵਿੱਚ ਕਈ ਪ੍ਰਕਾਰ ਦਾ ਗੁਰਮਤਿ ਵਿਰੋਧੀ (ਗਰੁੜ ਪੁਰਾਣ ਵਾਲਾ) ‘ਕਿਰਿਆ ਕਰਮ’ ਕੁਟਲ ਲਿਖਾਰੀ ਨੇ ਗੁਰਦੇਵ ਜੀ ਨੂੰ ਕਰਦੇ ਦਰਸਾ ਲਿਆ? ਕਥਾ ਕਾਰ ਨਿਰਮਲੇ ਉਦਾਸੀ ਰੂਪ ਬ੍ਰਾਹਮਣਾਂ ਨੇ ਬੜੇ ਭਰਮਾਊ ਸ਼ਬਦਾਂ ਵਿੱਚ ਗੁਰਮਤਿ ਵਿਰੋਧੀ ਸਾਰੇ ਅਨਰਥ ਨੂੰ ਗੁਰਮਤ ਹੀ ਦਰਸਾਈ ਰਖਿਆ ਜੋ ਅਜ ਵੀ ਲਘ ਭਗ ਸਾਰੇ ਗ੍ਰੰਥ-ਪੁਜਾਰੀ ਉਵੇਂ ਹੀ ਕਰ ਰਹੇ ਹਨ। ਧਰਮ ਆਗੂਆਂ ਤੋਂ ਅਜੇਹੀ ਕਥਾ ਸੁਣਦੇ ਰਹਿਣ ਵਾਲਿਆਂ ਲਈ ਸਭ ਕੁੱਝ ਗੁਰਮਤਿ ਕਿਵੇਂ ਨਾ ਬਣਦਾ? ਚਰਖੜੀਆਂ ਤੇ ਚਾੜੇ ਜਾਣ ਨਾਲ ਬੰਦ ਬੰਦ ਕਟੇ ਜਾਣ ਨਾਲ ਵੀ ਜਿਹੜੀ ਤਬਦੀਲੀ ਵੈਰੀ ਨਹੀ ਸੀ ਲਿਆ ਸਕਿਆ ਉਹ ਗੁਰਬਿਲਾਸ ਦੀ ਕਥਾ ਤੋਂ ਸਿੱਖੀ ਦਾ ਅਟੁੱਟ ਅੰਗ ਬਣਦੀ ਗਈ। ਭਾਵ, ਇਸ ਗੁਰਬਿਾਲਸ ਨੇ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਮਿਹਨਤ ਖੂਹ ਖਾਤੇ ਪਾ ਦਿਤੀ? ਭਾਵ ਗੁਰੂ ਗ੍ਰੰਥ ਸਾਹਿਬ ਰੂਪ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਧਰਤੀ ਤੇ ਢਾ ਕੇ ਗੁਰਬਿਲਾਸ ਉਪੱਰ ਚੜਿਆ ਬੁਲਬਲੀਆਂ ਵਜਾ ਰਿਹਾ ਹੈ ਅਤੇ ਵੇਦਾਂਤੀ ਜੀ ਕੋਲ ਖਲੋਤੇ ਖਿੜ ਖਿੜ ਹੱਸ ਰਹੇ ਗੁਰਬਿਲਾਸ ਨੂੰ ਹਲਾਸ਼ੇਰੀਆਂ ਦੇ ਰਹੇ ਹੁੰਦੇ ਹਨ। ਤਦੇ ਹੀ ਗੁਰੂ ਸਰੂਪ ਵਿੱਚ ਅਜੇਹੀਆਂ ਸਰੋਤਾਂ ਬਾਰ ਬਾਰ ਆ ਰਹੀਆਂ ਹਨ:--

ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ॥

ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ॥ 5॥

(3) -ਬਾਬਾ ਬੁਢਾ ਜੀ ਦਾ ਪਰਲੋਕ ਗਮਨ:- (ਦੋਹਰਾ 49-50 ਅਧਿਆਇ 16 ਸਫ਼ਾ 532) ਕਿਉਂਕਿ ਗੁਰਬਿਲਾਸ ਪਾਤਸ਼ਾਹੀ 6 ਵਿਚੋਂ ਬਾਬਾ ਬੁੱਢਾ ਜੀ ਦੇ ਪਿਛੋਕੜ ਦਾ ਪਤਾ ਨਾ ਲਗ ਸਕਿਆ ਇਸ ਕਾਰਨ (ਤੀਜੀ ਵਾ ਸਨ 1974 ਵਿੱਚ ਛਪੇ) ‘ਮਹਾਨ ਕੋਸ਼’ ਦੀ ਸਹਾਇਤਾ ਲੈਣੀ ਪਈ। ਮਹਾਨਕੋਸ਼ ਦੇ 881 ਸਫ਼ੇ ਦੇ ਪਹਿਲੇ ਕਾਲਮ ਵਿਚੋਂ ਬਾਬੇ ਜੀ ਦੇ ਜਨਮ ਬਾਰੇ ਲੋੜੀਂਦੀ ਜਾਣਕਾਰੀ=ਬੁੱਢਾ ਬਾਬਾ.’ਸ਼ੁੱਘੇ ਰੰਧਾਵੇ’ ਦੇ ਘਰ ਮਾਤਾ ਗੌਰਾਂ ਦੇ ਉਦਰ ਤੋਂ 7 ਕੱਤਕ ਸੰਮਤ 1563 ਨੂੰ ਕੱਥੂਨੰਗ (ਜ਼ਿਲਾ ਅੰਮ੍ਰਿਸਰ) ਵਿੱਚ ਬਾਬਾ ਜੀ ਦਾ ਜਨਮ ਹੋਇਆ। ਮਾਤਾ ਪਿਤਾ ਨੇ ਨਾਮ ‘ਬੂੜਾ’ ਰੱਖਿਆ। 1575 ਵਿੱਚ ਪਸ਼ੂ ਚਾਰਦਾ 12 ਸਾਲ ਦਾ ਕਰਮਾਂਵਾਲ ਇਹ ‘ਬੂੜਾ’ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੋਇਆ, ਜਿਸ ਦਿਨ ਤੋਂ ਬੂੜੇ ਤੋਂ ਬੁੱਢਾ ਅਤੇ ਗੁਰੂ ਘਰ ਦੀ ਨਿਸ਼ਕਾਮ ਸੇਵਾ ਤੋਂ ਸਿਖ ਜਗਤ ਵਿੱਚ ‘ਬਾਬਾ ਬੁੱਢਾ’ ਜੀ ਪ੍ਰਸਿੱਧ ਹੋਏ। 14 ਮੱਘਰ ਸੰਮਤ 1688 ਨੂੰ ਰਮਦਾਸ (ਜ਼ਿਲਾ ਅੰਮ੍ਰਿਤਸਰ) ਵਿੱਚ ਆਪ ਦਾ ਦੇਹਾਂਤ ਹੋਇਆ। “ਬਾਬਾ ਜੀ ਦੀ ਮ੍ਰਿਤ-ਕਥਾ ਗੁਰਬਿਲਾਸ ਦੀ ਕਥਾ ਵਿੱਚ ਸੁਣਦੇ ਰਹੇ ਗੁਰਮੁਖਾਂ ਦੇ ਵੰਸ਼ਕ ਪਾਠਕ ਜੀਓ! ਬਾਬਾ ਜੀ ਦੀ ਮ੍ਰਿਤ ਕਹਾਨੀ ਗੁਰਬਿਲਾਸ ਦੀ ਜ਼ਬਾਨੀ ਵੀ ਜਾਣ ਲਵੋ ਜੀ:-

ਹਰਿਗੋਬਿੰਦ ਸਾਹਿਬ ਜੀ ਨੇ ਗੁਰਦਾਸਪੁਰ ਦੇ ਜ਼ਿਲੇ ਵਿੱਚ ਬਿਆਸ ਦਰਿਆ ਦੇ ਕਿਨਾਰੇ ਨੱਗਰ ਵਸਾਇਆ ਤਾਂ ਬਾਬਾ ਬੁੱਢਾ ਜੀ ਨੇ ਰਾਮਦਾਸੋਂ ਆ ਕੇ ਉਸਦਾ ਦਾ ਨਾਮ ‘ਸ੍ਰੀ ਹਰਿਗੋਬਿੰਦਪੁਰ” ਰਖਿਆ ਅਤੇ (ਲਿਖਾਰੀ ਅਨੁਸਾਰ) ਭਾਈ ਗੁਰਦਾਸ ਜੀ ਦੇ ਨਾਲ ਉਹ ਛੇਤੀ ਹੀ ਰਮਦਾਸ ਨੂੰ ਪਰਤ ਗਏ। ਬਾਬਾ ਬੁੱਢਾ ਜੀ ਨੂੰ ਸੰਬੋਧਨ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਫ਼ੁਰਮਾਏ ਇਹ ਬਚਨ-1- “ਗੁਰੁ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ ਤੁਹਾਨੂੰ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਹੋ ਚੁੱਕੇ ਹਨ-ਇਸ ਲਈ ਤੁਸੀਂ ਹੁਣ ‘ਆਪਣੇ ਪੁੱਤਰ ਭਾਈ ਭਾਨਾ ਜੀ ਦੀ ਬਾਂਹ ਉਨ੍ਹਾਂ ਨੂੰ ਫੜਾ ਦਿਉ’ ਤੇ ਆਪ ਚਲ ਕੇ ਸਚਖੰਡ ਵਿਖੇ ਪਰਮਗੁਰੂ ਦੀ ਹਸਤੀ ਵਿੱਚ ਲੀਨ ਹੋ ਜਾਉ-1’ “ ਭਰਮੀਆਂ ਜਾਂ ਸ਼ਰਾਰਤੀਆਂ ਦੀ ਫੈਲਾਈ ਇਹ ਅਫ਼ਵਾਹ ਨਹੀਂ ਹੈ, ਸਗੋਂ ਗੁਰਬਿਲਾਸ ਪਾਤਸ਼ਾਹੀ 6 ਦੇ ਅਧਿਆਇ 16 ਸਫ਼ਾ 528 ਦੀ ਚੌਪਈ 3 ਅਨੁਸਾਰ:-

ਅੱਸੂ ਸੁਦੀ ਪੰਚਮੀ ਕੇ ਦਿਨ। ਦਰਸ ਦੀਯੋ ਤਿਨ ਕੋ ਗੁਰ ਅਰਜਨ।

ਸਾਹਿਬ ਬੁੱਢਾ ਚਰਨ ਗੁਰ ਪਰਯੋ। ਗੁਰ ਦਰਸਨ ਕਰਿ ਅਨੰਦ ਭਰਯੋ॥ 3॥

ਸ੍ਰੀ ਮੁਖਿ ਐਸੇ ਬਚਨ ਉਚਾਰੇ। ਸੁਨੋ ਬਚਨ ਭਾਈ ਨਿਰਧਾਰੇ।

ਗੁਰ ਨਾਨਕ ਬਚ ਪੂਰੇ ਭਏ। ਛਠਮ ਗੁਰੂ ਨੇਤ੍ਰੀਂ ਦ੍ਰਿਸਟਏ॥ 4॥ ਦੋਹਰਾ॥ ਅਬ ਚਲੋ ਗੁਰ ਧਾਮ ਮੈ ਸਤਿਗੁਰ ਰੂਪ ਸਮਾਇ। ਹਰਿਗੋਵਿੰਦ ਬੁਲਾਇ ਗੁਰ ਨਿਜ ਸੁਤ ਬਾਂਹ ਫਰਾਇ॥ 5॥

ਜੇਠ ਸੁਦੀ ਚੌਥ ਸੰਮਤ 1663 ਨੂੰ (ਭਾਵ 22 ਸਾਲ ਪਹਿਲਾਂ ਸ਼ਹੀਦੀ ਪਾ ਚੁੱਕੇ) “ਗੁਰੂ ਅਰਜਨ ਸਾਹਿਬ ਜੀ, ਬਾਬਾ ਬੁਢਾ ਜੀ ਨੂੰ ਉਪਰੋਕਤ ਬਚਨ ਕਹਿਣ ਲਈ ਪਰਲੋਕ ਵਿਚੋਂ ‘ਰਮਦਾਸ’ ਨੱਗਰ ਵਿਖੇ ਆ ਪ੍ਰਗਟ ਹੋਏ ਕਹਿ ਰਹੇ ਲਿਖਾਰੀ ਦੇ ਅਨੁਸਾਰ- ਸ਼ਹੀਦਾਂ ਦੇ ਸਿਰਤਾਜ ਦੇ ਬਚਨ ਬਾਬਾ ਜੀ ਨੇ (ਉਪਰਕਤ 1-ਤੋਂ -1) ਬਚਨ ਸੁਣੇ ਤਾਂ ਬਾਬਾ ਬੁਢਾ ਜੀ ਨੇ ਝੱਟ ਉਚੇਚਾ ਹਰਕਾਰਾ ਸ੍ਰੀ ਹਰਿਗੋਬਿੰਦਪੁਰੇ ਵਲ ਨੂੰ ਤੋਰ ਦਿੱਤਾ। ਗੁਰੂ ਹਰਿਗੋਬਿੰਦ ਜੀ ਨੇ ਹਰਕਾਰੇ ਤੋਂ ਸੁਨੇਹਾ ਸੁਣਦਿਆਂ ਸਾਰ ਭਾਈ ਗੁਰਦਾਸ ਜੀ ਅਤੇ ਹੋਰ ਮੁਖੀ ਸਿਖਾਂ ਨਾਲ ਵਿਚਾਰਾਂ ਕਰਕੇ ਨਵੇਂ ਵਸਾਏ ਸ੍ਰੀ ਹਰਿਗੋਬਿੰਦਪੁਰ ਨੱਗਰ ਦੀ ਸੁਰੱਖਿਆ ਦੀ ਜ਼ਿਮੇਵਾਰੀ ‘ਭਾਈ ਨਿਹਾਲੂ’ ਨੂੰ ਸੌਂਪ ਕੇ ਆਪ ਭਾਈ ਗੁਰਦਾਸ ਜੀ ਦੇ ਨਾਲ ਰਮਦਾਸ ਵਲ ਨੂੰ ਕੂਚ ਕਰ ਤੁਰੇ। ਰਸਤੇ ਵਿੱਚ ਇੱਕ ਰਾਤ ਬਤੀਤ ਕਰਕੇ ਗੁਰਦੇਵ ਜੀ (ਅਗਲੇ ਦਿਨ) ਨੌਵੀ ਥਿਤਿ ਨੂੰ ਰਾਮਦਾਸ ਪੁਰੇ ਪਹੁੰਚ ਗਏ। ਬਾਬਾ ਬੁਢਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਜਾਣ ਕੇ ਉਨ੍ਹਾਂ ਦੇ (ਗੁਰੂਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਦੇ “ਚਰਨੀ ਹੱਥ ਲਾਇਆ” ਤੇ ਕੋਲ ਬੈਠ ਗਏ। ਦਿਨੇ ਸਤਿਸੰਗਤਿ ਦਾ ਰਸ ਮਾਣਿਆਂ ਤੇ ਰਾਤ ਨੂੰ ਗੁਰਦੇਵ ਜੀ ਨੇ ਬਾਬਾ ਬੁੱਢਾ ਜੀ ਦੇ ਕੋਲ -ਧਰਤੀ ਤੇ ਹੀ ਆਸਣ ਕਰ ਲਿਆ। ਜਦੋਂ ਪਹਿਰ ਰਾਤ ਬਤੀਤ ਹੋਈ ਤਾਂ ਗੁਰਦੇਵ ਜੀ ਨੇ ਬਾਬਾਬੁੱਢਾ ਜੀ ਨੂੰ ਇਉਂ ਬੇਨਤੀ ਕੀਤੀ -- “ਤੁਸੀ ਗੁਰੁ ਨਾਨਕ ਦੇਵ ਜੀ ਦੇ ਸ਼੍ਰੋਮਣੀ ਸਿੱਖ ਹੋ, ਦਾਸ ਨੂੰ ਕੋਈ ਸਿੱਖਿਆ ਬਖ਼ਸ਼ਸ਼ ਕਰੋ- (ਚੌ: 36-37-ਸਫ਼ਾ-531) ਬਾਬਾ ਬੁੱਢਾ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਸ ਪ੍ਰਕਾਰ ਦੀ ਸਿਖਿਆ ਬਖ਼ਸ਼ਸ਼ ਕੀਤੀ? ਲਿਖਾਰੀ ਦੀ ਹੀ ਕਲਮ ਤੋਂ- “ਲੇਹੁ ਪਿਤ ਬੈਰ ‘ਅਰਿ’ ਘਾਇ ਕੈ ਜੀ” (ਚੌ: 38)। -ਟੂਕ ਵਿੱਚ ਲਿਖੇ ਪਦ ਅਰਥ:- “ਪਿਤ ਬੈਰ” =ਪਿਤਾ ਨੂੰ ਸ਼ਹੀਦ ਕਰਨ ਦਾ ਵੈਰ। ‘ਅਰਿ ਘਾਇ ਕੈ’ = ‘ਵੈਰੀਆਂ ਦਾ ਨਾਸ ਕਰਕੇ”। ਲਿਖਾਰੀ ਅਨੁਸਾਰ ਬਾਬਾ ਬੁਢਾ ਜੀ ਨੇ ਇਹ ਸਿਖਿਆ ਦਿੱਤੀ ਕਿ ਆਪਣੇ ਪਿਤਾ ਜੀ ਦੇ ਕਤਲ ਦਾ ਬਦਲਾ ਲੈਣ ਲਈ ਵੈਰੀਆਂ ਦਾ ਨਾਸ ਕਰ ਦਿਉ? -”। -ਅਗੇ ਚਲਣ ਤੋਂ ਪਹਿਲਾਂ-

ਲਿਖਾਰੀ ਵਲੋ ਦਰਸਾਈ ਇਸ ਸਿਖਿਆਂ ਬਾਰੇ ਗੁਰਮਤਿ ਵਿਚਾਰ:- ਗੁਰਮਤਿ ਦੇ ਵੈਰੀ ਇਸ ਲਿਖਾਰੀ ਨੇ ਪਹਿਲਾਂ ਗੁਰਦੇਵ ਜੀ ਦੀ ਜ਼ਬਾਨੀ ਬਾਬਾ ਬੁੱਢਾ ਜੀ ਨੂੰ ‘ਗੁਰੁ ਨਾਨਕ ਸਾਹਿਬ ਜੀ ਦੇ ਸ਼੍ਰੋਮਣੀ ਸਿਖ’ ਦਰਸਾ ਲਿਆ ਹੈ। ਫਿਰ ਉਸੇ ਸ਼ਰੋਮਣੀ ਸਿੱਖ ਨੂੰ ਕੇਵਲ ਗੁਰਮਤਿ ਵਿਰੋਧੀ ਹੀ ਨਹੀ ਸਗੋਂ-ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਆਪਣੇ ਪਿਤਾ ਗੁਰਦੇਵ ਜੀ ਜਿਨ੍ਹਾਂ ਨੇ ਅਨੂਪਮ ਗੁਰਮਤਿ ਸਿਖਿਆ ਦੇ ਭੰਡਾਰ ਆਪਣਾ ਨਿੱਜ ਰੂਪ ਬਣਾ ਕੇ ਛੇਵਾਂ ਸਤਿਗੁਰੂ ਨਾਨਕ ਥਾਪ ਦਿੱਤਾ ਸੀ ਸਤਿਗੁਰੂ ਅਰਜਨ ਸਾਹਿਬ ਜੀ ਦੇ ਇਸ ਉਪਦੇਸ਼ ਦੇ ਉਲਟ- “ਕਾਨੜਾ ਮਹਲਾ 5॥ ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ 1॥ ਰਹਾਉ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ 1॥ . . ॥ 3॥ 8॥ {1299} “ਪਦ ਅਰਥ:-ਬਿਸਰਿ ਗਈ=ਭੁੱਲ ਗਈ ਹੈ। ਤਾਤਿ=ਈਰਖਾ, ਸਾੜਾ। ਤਾਤਿ ਪਰਾਈ=ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਆਦਤ। ਮੋਹਿ=ਮੈਂ। 1. ਰਹਾਉ। ਕੋ=ਕੋਈ ਵੀ ਮਨੁੱਖ ਨਾ ਵੈਰੀ ਰਿਹਾ ਤੇ ਨਾ ਬਿਗਾਨਾ। ਵੀ। ਸਗਲ ਸੰਗਿ=ਸਭਨਾਂ ਨਾਲ। ਹਮ ਕਉ ਬਨਿ ਆਈ=ਮੇਰਾ ਪਿਆਰ ਬਣਿਆ ਹੋਇਆ ਹੈ। 1. -ਅੰਗੇਜ਼ੀ ਦੇ ਵਿਦਵਾਨ ਨੇ ਕੀਤਾ ਉਪਰੋਕਤ ਗੁਰੂ ਫ਼ੁਰਮਾਨ ਦਾ ਉਲੱਥਾ- I have totally forgotten my jealousy of others, since I found the Saadh Sangat, the Company of the Holy Guru-Saadh. || 1 || Pause || No one is my enemy, and no one is a stranger. I get along with everyone. || 1 || ਏਨਾ ਹੀ ਨਹੀ ਸਗੋਂ ਦਾਦਾ ਗੁਰਦੇਵ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਇਸ ਫ਼ੁਰਮਾਨ ਤੋਂ ਵੀ ਬਗ਼ਾਵਤ ਦਾ ਉਪਦੇਸ਼? - “ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰü ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥” {594} - Blessed, blessed is the Knower of the Lord, my True Guru; He has taught me to look upon friend and foe alike. ਅਤੇ ਗੁਰੂ ਬਾਣੇ ਦੇ ਇਸ ਫ਼ੁਰਮਾਨ ਤੇ ਵੀ ਲਕੀਰ ਫੇਰ ਦੇਣ ਦੀ ਸਿਖਿਆਂ- “ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ 78॥” {1381} ਕੋਈ ਵੀ ਹੋਸ਼ ਮੰਦ ਸਿੱਖ ਨਹੀਂ ਕਹਿ ਸਕਦਾ ਕਿ ਬਾਬਾ ਬੁਢਾ ਜੀ ਤੋਂ ਕਹੇ ਦਰਸਾਏ ਉਪਰੋਕਤ ਬਚਨ, ਲਿਖਾਰੀ ਦੀ ਗੁਰਮਤਿ ਵਿਰੋਧੀ ਸ਼ਰਾਰਤ ਨਹੀਂ ਹੈ।

ਬਾਬਾ ਬੁਢਾ ਜੀ ਵਰਗਾ ਨਿਸ਼ਕਾਮ ਗੁਰੂ ਸੇਵਕ ਗੁਰਮਤਿ ਵਿਰੋਧੀ ਅਜੇਹੇ ਬਚਨ ਸੂਲੀ ਤੇ ਟੰਗੇ ਜਾਣ ਦੇ ਡਰੋਂ ਵੀ ਕਦੇ ਨਾ ਬੋਲਦੇ। ਅਜੇਹੀ ਹੋਰ ਵੀ ਬੇਅੰਤ ਗੁਰਮਤਿ ਵਿਰੋਧੀ ਬਕੜਵਾਹ ਨਾਲ ਨਕਾ-ਨਕ ਭਰੀ ਇਸ ਗੁਰਬਿਲਾਸ ਪਾਤਸ਼ਾਹੀ 6 ਪੁਸਤਕ ਦੀ ਕਥਾ ਦੋਬਾਰਾ ਗੁਰਦੁਅਰਿਆ ਵਿੱਚ ਆਰੰਭ ਕਰਵਾਉਣ ਦੀ ਬੇਚੈਨੀ ਦਾ ਸਬੂਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਦੀ ਸੰਪਾਦਨਾ ਵਾਲੀ ਗੁਰਬਿਲਾਸ ਪੁਸਤਕ ਦੀ ਭੂਮਿਕਾ ਦੇ 52 ਸਫ਼ੇ ਤੇ ਉਨ੍ਹਾਂ ਦੇ ਹਸਤਅਖਰਾਂ ਸਹਿਤ ਇਹ ਬਚਨ:- “ਜੇਕਰ ਇਸ ਗ੍ਰੰਥ ਦੀ ਗੁਰਦੁਆਰਿਆਂ ਵਿੱਚ ਮੁੜ ਕਥਾ ਆਰੰਭ ਹੋ ਸਕੇ ਤਾਂ ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ” …. . । ਆਪਣੇ ਗੁਰਭਾਈਆਂ ਨਾਲ ਅਜੇਹਾ ਘਿਣਾਵਣਾ ਧ੍ਰੋਹ ਕਰ ਰਹੇ ਵੇਦਾਂਤੀ ਜੀ ਨੂੰ ਆਪਣਾ ਜਥੇਦਾਰ ਮਨ ਰਹਿਆਂ ਨੂੰ ਗੁਰਸਿਖ ਮੰਨ ਲੈਣਾ ਕੀ ਗੁਰਸਿੱਖੀ ਦੀ ਪਿੱਠ ਵਿੱਚ ਬਰਛਾ ਸਿੱਧ ਹੋਣਾ ਦੀ ਚਿਤਵਣੀ ਸਾਕਾਰ ਹੋ ਰਹੀ ਨੂੰ ਸੂਝਵਾਨ ਗੁਰਮੁਖਾਂ ਦੀਆਂ ਨਜ਼ਰਾ ਭਲੀ ਭਾਂਤੀ ਵੇਖ ਰਹੀਆਂ ਹਨ?

ਉਸੇ ਤਰ੍ਹਾਂ ਧਰਤੀ ਤੇ ਲੇਟਿਆਂ ਹੀ ਗਰਦੇਵ ਜੀ ਨਾਲ ਵਾਰਤਾਲਾਪ ਹੁੰਦਿਆਂ ਜਦ ਰਾਤ ਇੱਕ ਪਹਿਰ ਰਹਿ ਗਈ ਤਾਂ ਬਾਬਾ ਬੁਢਾ ਜੀ ਨੇ ਆਖਿਆ ਕਿ “ਪੰਜੇ ਗੁਰੂ ਸਾਹਿਬਾਨ ਆ ਗਏ ਹਨ ਹੁਣ ਮੇਰੀ ਤਿਆਰੀ ਹੈ” ਬਾਬਾ ਬੁਢਾ ਜੀ ਨੇ ਅਤੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਤੇ ਇੱਕ ਦੂਜੇ ਦੇ ਸਾਹਮਣੇ ਚੌਕੜੇ ਮਾਰ ਕੇ ਬੈਠ ਕੇ ਜਪੁ ਜੀ ਪਾਠ ਦਾ ਆਨੰਦ ਮਾਣਿਆ। ਏਨ ਨੂੰ ਲਿਖਾਰੀ ਅਨੁਸਾਰ, ਪਰਲੋਕ ਵਿਚੋਂ ਆਏ ਪੰਜਾਂ ਗੁਰੂ ਸਾਹਿਬਾਨ ਦੇ ਕਹਿਣ ਤੇ- “ਸਹਿਬ ਬੁੱਢੇ ਪ੍ਰਾਣ ਸਿਧਾਏ। ਪਾਂਜ ਗੁਰੂ ਸੰਗਿ ਅਤਿ ਸੁਖ ਪਾਇ”॥ 51॥ ਬਾਬਾ ਜੀ ਦਾ ਆਤਮਾ ਪਰਲੋਕੋਂ ਆਏ ਪੰਜਾਂ ਗੁਰੂ ਸਾਹਿਬਾਨ ਦੇ ਨਾਲ ਹੋ ਤੁਰਨ ਦਾ ਸੁਖ ਮਾਣਿਆ। ਗੁਰੂ ਹਰਿਗੋਬਿੰਦ ਜੀ ਨੇ ਰਾਗੀਆਂ ਨੂੰ ਆਸਾ ਦੀ ਵਾਰ ਗਾਉਣ ਦੀ ਆਗਿਆ ਦੇ ਦਿਤੀ। ਉਪਰੰਤ ਮਾਰੂ ਰਾਗ ਦੇ ਸ਼ਬਦਾਂ ਦਾ ਗਾਇਨ ਹੁੰਦਾ ਰਿਹਾ। ਏਨੇ ਚਿਰ ਵਿੱਚ ਦਿਨ ਚੜ੍ਹ ਗਿਆ। ਸ੍ਰੀ ਗੁਰੂ ਜੀ ਨੇ ਸੋਨੇ ਚਾਂਦੀ ਦੀਆਂ ਤਾਰਾਂ ਦੀ ਆਭਾ ਵਾਲਾ ਕੀਮਤੀ ‘ਜਰੀ ਬਾਦਲਾ’ ਕਪੜਾ ਲਾ ਕੇ ਬੜਾ ਸੁੰਦਰ ਬਿਬਾਨ ਤਿਆਰ ਕਰਵਾਇਆਫਿਰ ਗੁਰਦੇਵ ਜੀ ਨੇ ਰਾਗੀਆਂ ਨੂੰ ਮਾਰੂ ਡੱਖਣੇ ਵਾਰ ਗਾਉਂਣ ਦੀ ਆਗਿਆ ਕਰ ਦਿੱਤੀ।। (ਚੌਪਈ 54 ਸਫ਼ਾ 532 ਤੱਕ)

ਏਨੇ ਨੂੰ ਬਾਬਾ ਜੀ ਦੇ ਸ਼ਰਧਾਲੂਆਂ ਦੀ ਤਕੜੀ ਭੀੜ ਆ ਜੁੜੀ। ਮਿਰਤਕ ਦੇਹ ਦਾ ਬੜੇ ਸਤਿਕਾਰ ਨਾਲ ਇਸ਼ਨਾਨ ਕਰਵਾ ਕੇ ਬਿਬਾਨ ਵਿੱਚ ਟਿਕਾ ਲਿਆ। ਫਿਰ ਇੱਕ ਪਾਸੇ ਗੁਰੂ ਜੀ ਤੇ ਭਾਈ ਭਾਨਾ ਜੀ, ਦੂਜੇ ਸਿਰੇ ਭਾਈ ਗੁਰਦਾਸ ਜੀ ਅਤੇ ਭਾਈ ਅਜਿਤਾ ਜੀ ਨੇ ਬਿਬਾਨ ਨੂੰ ਮੋਢਿਆਂ ਤੇ ਚੁੱਕ ਲਿਆ ਦਰਸਾ ਕੇ ਲਿਖਾਰੀ ਦੀ ਕਲਮ ਇਸ ਪ੍ਰਕਾਰ ਦਾ ਕੁਫ਼ਰ ਲੈ ਤੁਰੀ:-

ਚੌਪਈ॥ ਚਾਰੋਂ ਲੀਨ ਬਿਬਾਨ ਉਠਾਈ। ਦੇਵਾਂਗਨ ਸਭ ਦੇਖਨ ਆਈ। (ਹੂਰਾਂ ਪਰੀਆਂ)

ਸੁਰਗ ਫੂਲ ਸਭਿ ਦੇਵਨ ਡਾਰੇ। ਬਾਜ ਬਜਾਏ ਅਨਿਕ ਪ੍ਰਕਾਰੇ॥ 57॥

ਟੂਕ ਵਿਚਲੇ ਪਦ ਅਰਥਾਂ ਦੇ ਅਧਾਰ ਤੇ ਉਪਰੋਕਤ ਚੌਪਈ ਦੇ ਅਰਥ:- “ਚੌਹਾਂ ਨੇ ਬਿਬਾਨ ਚੁੱਕ ਲਿਆ। (ਅਸਮਾਨੀ ਵੱਸਦੀਆਂ ਕਥਿਤ) ਹੂਰਾਂ ਤੇ ਪਰੀਆਂ ਸਾਰੀਆਂ ਵੇਖਣ ਆ ਜੁੜੀਆਂ। ਦੇਵਤਿਆਂ ਨੇ ਸੁਰਗਾਂ ਵਿਚਲੇ ਫੁਲ ਸੁਟਿਦਿਆਂ ਕਈ ਪ੍ਰਕਾਰ ਦੇ ਵਾਜੇ ਵਜਾਏ। 57.

ਦੋਹਰਾ॥ ਚਿਖਾ ਊਪਰਿ ਜਬ ਹੀ ਧਰੀ ਸਾਹਿਬ ਬੁਢੇ ਦੇਹ।

ਹਰਿਗੋਵਿੰਦ ਕੇ ਨੈਨ ਤੇ ਚਲਯੋ ਨੀਰ ਅਤਿ ਨੇਹ॥ 61॥

ਸਾਹਿਬ ਭਾਨੂ ਨੈਨ ਤੇ ਚਲਯੋ ਪ੍ਰੇਮ ਪ੍ਰਵਾਹ

ਸਾਹਿਬ ਭਾਨੇ ਸ੍ਰੀ ਗੁਰੂ ਤਬੈ ਲਗਾਯੋ ਦਾਹ॥ 62॥ (ਸਫ਼ਾ 533)

ਗੁਰਦੇਵ ਜੀ ਨੇ ਅਤੇ ‘ਸਾਹਿਬ ਬੁਢਾ' ਜੀ ਦੇ ਸਪੁੱਤਰ ‘ਭਾਨਾ ਜੀ' ਦੇ ਨੇਤਰਾਂ ਵਿਚੋਂ ਨੀਰ ਵਹਿ ਤੁਰਿਆ ਤੇ ਦੋਹਾ (ਸਾਹਿਬ ਭਾਨੂ ਅਤੇ ਗੁਰੂ ਹਰਿਗੋਬਿੰਦ ਜੀ ਨੇ) ਚਿਤਾ ਨੂੰ ਲਾਂਬੂ ਲਾਇਆ। ਛੇਵੇਂ ਸਰੂਪ ਸਤਿਗੁਰੂ ਨਾਨਕ ਜੀ ਜਿਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਬਾਬਾ ਬੁੱਢਾ ਜੀ ਦੀ ਮੌਤ ਤੇ ਰੋਂਦੇ ਦਰਸਾਇਆ ਗਿਆ ਹੈ ਸਿੱਖਾਂ ਲਈ ਅਥਵਾ ਜਗਤ ਲਈ ਉਨ੍ਹਾਂ ਦੇ ਇਸ ਉਪਦੇਸ਼ ਦਾ ਅਰਥ ਕੀ ਰਹਿ ਗਿਆ:-

ਗਉੜੀ ਮਹਲਾ 5 ਗੁਆਰੇਰੀ॥ ਹਰਖ ਸੋਗ ਦੁਹਹੂੰ ਤੇ ਮੁਕਤੇ॥ ਸਦਾ ਅਲਿਪਤੁ ਜੋਗ ਅਰੁ ਜੁਗਤੇ॥

ਦੀਸਹਿ ਸਭ ਮਹਿ ਸਭ ਤੇ ਰਹਤੇ॥ ਪਾਰਬ੍ਰਹਮ ਕਾ ਓਇ ਧਿਆਨੁ ਧਰਤੇ॥ 3॥ . . 17॥ 86॥ {181॥

ਅਰਥ:- (ਪੂਰੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਣਾਉਂਣ ਰੂਪ ਉਸਦੀ ਦੀ ਸਰਨ ਪੈਣ ਵਾਲੇ ਮਨੁੱਖ) ਖ਼ੁਸ਼ੀ ਗ਼ਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ, ਉਹ ਸਦਾ (ਮਾਇਆ ਤੋਂ) ਨਿਰਲੇਪ ਹਨ, ਪਰਮਾਤਮਾ (ਦੀ ਯਾਦ) ਵਿੱਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ-ਜੁਗਤਿ ਵਾਲੇ ਹੁੰਦੇ ਹਨ। ਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਭੀ ਦਿੱਸਦੇ ਹਨ ਅਤੇ ਸਭ ਤੋਂ ਵੱਖਰੇ (ਨਿਰਮੋਹ) ਭੀ ਦਿੱਸਦੇ ਹਨ। ਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿੱਚ ਸੁਰਤਿ ਜੋੜੀ ਰੱਖਦੇ ਹਨ। 3. ਜਗਤ ਨੂੰ ਇਸ ਗੁਰ ਉਪਦੇਸ਼ ਦਾ ਅਨੁਸਾਰੀ ਬਣੇ ਰਹੇ:- “ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ॥ 16॥ {1365} ਸਤਿਗੁਰੂ ਨੂੰ ਸੱਜਣ ਦੀ ਮੌਤ ਹੋ ਜਾਣ ਤੇ ਸੋਗਵਾਰ ਹੋਏ ਦਰਸਾਉਣਾ ਗੁਰਦੇਵ ਜੀ ਦੀ ਨਿੱਜੀ ਅਵੱਗਿਆ ਅਥਵਾ ਉਨ੍ਹਾਂ ਦੀ ਨਿੰਦਾ ਹੈ।

ਚੌਪਈ॥ ਹਰਿਗੋਵਿੰਦ ਗੁਰ ਲਾਇ ਦਿਵਾਨ। ਬੈਠਤ ਭਏ ਸੁ ਕ੍ਰਿਪਾ ਨਿਧਾਨ।

ਕਰਿ ਸਸਕਾਰ ਭਾਨਾ ਤਬ ਆਯੋ। ਲੈ ਗੁਰ ਸਾਥ ਸਨਾਨ ਕਰਾਯੋ॥ 63॥

ਦੋਹਰਾ॥ ਕੀਰਤ ਸੋਹਿਲਾ ਤਬ ਪੜਯੋ ਇੱਕ ਸਿੱਖ ਪ੍ਰੇਮ ਲਗਾਇ।

ਕਰਿ ਅਰਦਾਸਿ ਬੈਠਤ ਭਯੋ ਸਤਿਗੁਰ ਆਗ੍ਯਾ ਪਾਇ॥ 64॥

ਦਾਹ ਸਸਕਾਰ ਉਪਰੰਤ ਗੁਰੁ ਜੀ ਸਮੇਤ ਸਾਰਿਆਂ ਨੇ ਇਸ਼ਨਾਨ ਕਰ ਕੇ ਸੋਹਿਲਾ ਬਾਣੀ ਦਾ ਪਾਠ ਕੀਤਾ ਫਿਰ ਅਰਦਾਸ ਕਰਕੇ ਬੈਠ ਗਏ ਤੇ- “ਪ੍ਰਸਾਦੁ ਵਰਤਾਇ ਨਿਜ ਡੇਰੇ ਆਏ” ੇ- ਉਥੇ ਸਸਕਾਰ ਵਾਲੀ ਥਾਂ ਤੇ ਹੀ ਕੜਾਹ ਪ੍ਰਸ਼ਾਦ ਵਰਤਾਇਆ ਜਾਣ ਉਪਰੰਤ ਸਾਰਾ ਸਾਥ ਡੇਰੇ ਤੇ ਮੁੜ ਆਇਆ। ਪੰਜ ਦਿਨ ਜਦੋਂ ਬਤੀਤ ਹੋ ਗਏ ਤਾਂ ਚਿਤਾ ਦੀ ਸਾਰੀ ਭਸਮ ਚੁਕਵਾ ਕੇ ਸਤਿਗੁਰੂ ਜੀ ਨੇ ਰਾਵੀ ਦਰਿਆ ਵਿੱਚ ਜਲ ਪ੍ਰਵਾਲ ਕਰ ਦਿਤੀ। (77 ਚੌਪਈ-ਸਫ਼ਾ 534) ਤਕ। ਫਿਰ “ਸ੍ਰੀ ਗ੍ਰਿੰਥ ਕਾ ਪਾਠ ਧਰਾਯੋ”. ਜੋ ਭਾਈ ਗੁਰਦਾਸ ਜੀ ਬੜੀ ਸ਼ਰਧਾ ਨਾਲ ਕਰਦੇ ਰਹੇ।।

ਪਾਠ ਆਰੰਭ ਹੋਣ ਤੋਂ ਦਸਵੇਂ ਦਿਨ ਭੋਗ ਪੈਣਾ ਸੀ। ਦੂਰੋਂ ਨੇੜਿਉਂ ਬੇਸ਼ਮਾਰ ਸੰਗਤਾਂ ਦੀ ਭੀੜ ਆ ਜੁੜੀ। ਗੁਰੂ ਹਰਿਗੋਬਿੰਦ ਜੀ ਦੇ ਉਸ ਦੀਵਾਨ ਦੇ ਦਰਸ਼ਨਾਂ ਨੂੰ (ਲਿਖਾਰੀ ਅਨੁਸਾਰ) ਦੇਵ ਜੱਛ, ਕਿੰਨਰ ਅਦਿ ਕਥਿਤ ਆਸਮਾਨੀ ਦੇਵਤੇ ਰਥਾਂ ਤੇ ਚੜ੍ਹੇ ਆਉਂਦਿਆਂ ਨੂੰ ਵੇਖਿਆ ਤਾਂ ਗੁਰੁ ਹਰਿ ਗੋਵਿੰਦ ਜੀ ਨੇ ਭੋਗ ਪਾਉਣ ਦੀ ਆਗਿਆ ਦੇ ਦਿੱਤੀ। ‘ਸਾਹਿਬ’ ਭਾਨਾ ਜੀ ਨੂੰ (ਬਾਬਾ ਬੇਢਾ ਜੀ) ਦੀ ਪੱਗੜੀ ਦੇਣ ਦੀ ਬ੍ਰਾਹਮਣੀ ਰਸਮ ਕਰਦਿਆਂ ਲਿਖਾਰੀ ਨੇ ਗੁਰੂ ਹਰਿਗੋਬਿੰਦ ਜੀ ਨੂੰ ਦਰਸਾ ਲਿਆ। ਉਧਰੋ ਰਬਾਬੀ ਨੇ ਤਾਂ ਅਨੰਦ ਸਾਹਿਬ ਗਾਇਨ ਕੀਤਾ ਪਰ ਲਿਖਾਰ ਨੇ ਗੁਰੂ ਜੀ ਦੀ ਹਾਜ਼ਰੀ ਵਿੱਚ ਹੀ ਇਹ ਕੁੱਝ ਹੋਇਆ ਵੀ ਦਰਸਾ ਲਿਆ:-

ਮਧਿ ਅਕਾਸ ਬਜਾਏ ਬਾਜੇ। 14ਡਾਰਤ ਫੁਲ ਸੁ ਅੰਜੁਲ ਸਾਜੇ।

ਇਹ ਬਿਧਿ ਭਯੋ ਸੁ ਮੰਗਲਚਾਰਾ15. ਦੀਯੋ ਦਾਨ ਅਨਗਨਤ ਅਫਾਰਾ॥ 83॥

ਵੇਦਾਂਤੀ ਜੀ ਜੋ ਟੂਕ ਵਿੱਚ ਲਿਖਆ ਹੈ:-14- ((ਧੁਰ ਆਕਾਸ਼ ਵਿੱਚ ਦੇਵਤੇ ਵਾਜੇ ਵਜਾਉਂ) ਬੁੱਕ ਭਰ ਭਰਕੇ ਫੁੱਲਾਂ ਦੀ ਵਰਖਾ ਕਰ ਰਹੇ ਸਨ। 15- (ਇਸ ਪ੍ਰਕਾਰ) ਖ਼ੁਸ਼ੀਆਂ (ਮਨਾਈਆਂ ਜਾ ਰਹੀਆਂ ਸਨ ਅਤੇ ਬੇਸ਼ੁਮਾਰ ਦਾਨ ਦਿੱਤਾ ਗਿਆ ਸੀ।

ਸਿੱਖ ਸੰਗਤਿ ਸਭ ਹੀ ਚਲਿ ਆਵੈ। ਸਾਹਿਬ ਭਾਨੇ ਕੋ ਸਿਰ ਨ੍ਯਾਵੈ।

ਇਹ ਬਿਧਿ ਹਰਿਗੋਵਿੰਦ ਗੁਰ ਪੂਰਾ। ਕੌਤਕ ਕਰਤ ਅਨਤ ਰਸ ਰੂਰਾ॥ 84॥

ਸਤਿਗੁਰੂ ਗ੍ਰੰਥ ਸਾਹਿਬ ਰੂਪ ਸਤਿਗੁਰੂ ਨਾਨਕ ਸਾਹਿਬ, ਸਿੱਖ ਸਿਧਾਂਤ ਦੇ ਜਨਮਦਾਤਾ ਜੀ ਦਾ ਫ਼ੁਰਮਾਨ:-

ਮਃ 1॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ 2॥ {648}

(4)-ਬਾਬਾ ਅਟੱਲ ਜੀ ਦਾ ਅਕਾਲ ਚਲਾਣਾ:- (ਗੁਰਬਿਲਾਸ ਪਾ: 6 ਅਧਿਾਇ 9 ਦੋਹਰਾ 682 ਚੌਪਈ 683 (ਸਫ਼ਾ-373) ਅਨੁਸਾਰ 22 ਕੱਤਕ ਸੰਮਤ 1677 ਨੂੰ ਬਾਬਾ ਅਟੱਲ ਜੀ ਸ੍ਰੀ ਅੰਮ੍ਰਿਤਰ ਜਨਮੇ-ਪਰ ਮਹਾਂਨ ਕੋਸ਼ ਦੇ 49 ਸਫ਼ੇ ਦੇ ਪਹਿਲੇ ਕਾਲਮ ਅਨੁਸਾਰ ਸੰਮਤ 1676 ਵਿੱਚ ਬਾਬਾ ਅਟੱਲਰਾਇ ਜੀ ਦਾ ਸ੍ਰੀ ਅੰਮ੍ਰਿਤਸਰ ਵਿਖੇ ਜਨਮ ਹੋਇਆ ਅਤੇ ਸਾਵਣ ਬਦੀ 10 ਸੰਮਤ 1685 ਨੂੰ ਜੋਤੀ ਜੋਤਿ ਸਮਾਏ)। ਗੁਰਬਿਲਾਸ ਪਾਤਸ਼ਾਹੀ 6, ਅਧਿਆਇ 17 ਸਫ਼ਾ 561-ਚੌਪਈ 55 ਤੋਂ ਬਾਬਾ ਅਟੱਲ ਰਾਇ ਜੀ ਦੇ ਜੋਤੀ ਜੋਤਿ ਸਮਾਉਣ ਦਾ ਪ੍ਰਸੰਗ ਇਉਂ ਆਰੰਭ ਹੁੰਦਾ ਹੈ। ਬਾਬਾ ਅਟੱਲ ਜੀ ਕਰੀਬ 9 ਸਾਲ ਦੇ ਸਨ। ਖਿਦੋ ਖੂੰਡੀ ਖੇਡਦਿਆਂ ਉਨ੍ਹਾਂ ਨਾਲ ਲੱਗੀ ਸ਼ਰਤ ਹਾਰ ਜਾਣ ਵਾਲੇ ਬਾਲਕ ਦੀ ਸਪ ਲੜਨ ਨਾਲ ਮੌਤ ਹੋ ਗਈ (ਇਸ ਕਹਾਣੀ ਦੇ ਜਨਮ-ਦਾਤਾ ਗੁਰਬਿਲਾਸ ਦੇ ਲਿਖਾਰੀ ਨੇ ਇਸ ਬਾਲਕ ਦਾ ਅਥਵਾ ਉਸ ਦੇ ਮਾਤਾ ਪਿਤਾ ਦਾ ਨਾਮ ਪਤਾ ਨਹੀਂ ਲਿਖਿਆ)। ਬਾਬਾ ਜੀ ਨੇ ਉਸ ਨੂੰ ਸੁਰਜੀਤ ਕਰਕੇ ਆਪਣੀ ਵਾਰੀ ਲੈ ਲਈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੁਣਿਆ ਤਾਂ ਬੁਰਾ ਮਨਾਇਆ ਕਿ:- “ਪ੍ਰਭ ਕੇ ਸਾਥਿ ਸਰੀਕੀ ਧਰੈ। ਵਹ ਮਾਰੇ ਇਹੁ ਜੀਵਤ ਕਰੈ॥ 73॥ ? ਸਿਰਜਣ ਹਾਰ ਨਾਲ ਮੁਕਾਬਲਾ? ਉਹ ਮਾਰਦਾ ਹੈ ਤੇ ਸਾਡੇ ਬੇਟਾ ਜੀ ਸੁਰਜੀਤ ਕਰ ਰਹੇ ਹਨ? ਖੂੰਡੀ ਹਥ ਵਿੱਚ ਫੜੀ ਬਾਬਾ ਅਟੱਲ ਜੀ ਵੀ ਆ ਹਾਜ਼ਰ ਹੋਏ। ਚਰਨ ਬੰਦਨਾ ਕਰਕੇ ਜਦ ਹਜ਼ੂਰੀ ਵਿੱਚ ਹੱਥ ਜੋੜ ਖਲੋਤੇ ਤਾਂ:- “ਪਿਖਿ ਕ੍ਰੋਧੁ ਸਤਿਗੁਰੂ ਕੀਯੋ ਤਬ ਭਾਖੇ ਅਸ ਬੈਨ। ਕਰਾਮਾਤ ਦੇਨੇ ਲਗਾ ਬਲ ਨਹੀ ਮਾਵਤ ਐਨ”॥ 75॥ ਜਿਨ੍ਹਾਂ ਨੇ ਗੁਰਮਤਿ ਦੇ ਇਹ ਪਾਵਨ ਬਚਨ-- “ਸੋ ਸੂਚਾ ਜਿ ਕਰੋਧੁ ਨਿਵਾਰੇ॥ ਸਬਦੇ ਬੂਝੈ ਆਪੁ ਸਵਾਰੇ॥” ਆਪਣੇ ਸੁਆਸਾਂ ਦਾ ਆਧਾਰ ਬਣਾ ਲਏ ਹੋਏ ਸਨ ਕੂਟ ਲਿਖਾਰੀ ਉਸ ਗੁਰਦੇਵ ਜੀ ਨੂੰ 9 ਸਾਲ ਦੇ ਉਸ ਬਾਲਕ ਤੇ ਕ੍ਰੋਧਵਾਨ ਹੋਏ ਦਰਸਾ ਰਿਹਾ ਹੈ ਜੋ ਸਨਮੁਖ ਹੱਥ ਬੰਨ੍ਹੀ ਖਲੋਤੇ ਵੀ ਲਿਖਾਰੀ ਨੇ ਆਪ ਹੀ ਦਰਸਾਏ ਹੋਏ ਹਨ:-

ਅੜਿਲ॥ ਜੋਰਿ ਹਾਥ ਤਬ ਸਨਮੁਖ ਅਟਲ ਨਿਹਾਰਈ। ਕ੍ਰੋਧ ਪੂਰ ਮੁਖਿ ਬਚਨ ਸੁ ਗੁਰੂ ਉਚਾਰਈ।

ਕੈ ਤੁਮ ਰਾਖੋ ਦੇਹ ਹਮੈ ਕੈ ਰਖ ਹੈ। ਹੋ ਕਰਾਮਾਤ ਹੈ ਕਹਰੁ ਬਡੇ ਅਸ ਭਾਖ ਹੈਂ॥ 76॥ ਬਾਬਾ ਅਟੱਲ ਨੂੰ ਹਥ ਜੋੜੀ ਸਾਹਮਣੇ ਖਲੋਤਾ ਵੇਖਿਆ ਤਾਂ ਗੁਰੂ ਜੀ ਨੇ ਗ਼ੁੱਸੇ ਵਿੱਚ ਇਉਂ ਬਚਨ ਉਚਾਰੇ। ‘ਸਿਆਣੇ ਕਹਿੰਦੇ ਹਨ ਕਿ ਕਰਾਮਾਤ ਕਹਿਰ ਹੁੰਦੀ ਹੈ। ਹੁਣ ਜਾਂ ਤੂੰ ਰਹਿ ਤੇ ਜਾਂ ਅਸੀਂ ਰਹੀਏ। 76. ਬਾਬਾ ਅਟੱਲ ਜੀ ਨੇ ਉੱਤਰ ਵਿੱਚ ਕੁੱਝ ਵੀ ਕਹਿਣਾ ਠੀਕ ਨਾ ਸਮਝਿਆ ਤੇ ਚੁੱਪ ਚਾਪ ਪਿਤਾ ਗੁਰਦੇਵ ਜੀ ਦੇ ਹੁਕਮ ਵਿੱਚ ਸੰਸਾਰ ਤੋਂ ਤੁਰ ਜਾਣ ਦਾ ਮਨ ਬਣਾ ਲਿਆ। ਗੁਰੂ ਜੀ ਦੀ ਪਰਕਰਮਾ ਕੀਤੀ ਤੇ ਨਮਸਕਾਰ ਕਰਕੇ ਤੁਰ ਆਏ। ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸਰੋਵਰ ਦੇ ਦਖਣ ਵਾਲੀ ਧਰਤੀ ਜੋ ਬੜੇ ਤਰ੍ਹਾਂ ਦੇ ਰੁੱਖਾਂ ਵਿੱਚ ਘਿਰੀ ਹੋਈ ਉਜਾੜ ਥਾਂ ਸੀ, ਬਾਬਾ ਅਟੱਲ ਜੀ ਉਥੇ ਤੇ ਜਾ ਬੈਠੇ। ਜਪੁ ਜੀ ਦਾ ਪਾਠ ਕੀਤਾ ਤੇ ਖੂੰਡੀ ਸਿਰਹਾਣੇ ਰੱਖ ਕੇ ਅਜੇਹੇ ਲੇਟੇ ਕਿ ਮੁੜ ਨਾ ਉੱਠੇ।

ਉਧਰ ਫਿਰਦੇ ਕਿਸੇ ਸਿੱਖ ਨੇ ਵੇਖ ਕੇ ਗੁਰੁ ਜੀ ਨੂੰ ਜਾ ਖ਼ਬਰ ਦਿੱਤੀ ਤਾਂ ਉਹ ਪਰਵਾਰ ਸਮੇਤ ਝਟ ਜਾ ਪੁੱਜੇ। ਰਬਾਬੀ ਨੂੰ ਬੁਲਾ ਕੇ ਗੁਰਦੇਵ ਜੀ ਨੇ ਮਾਰੂ ਰਾਗ ਦੇ ਸ਼ਬਦ ਗਾਇਨ ਕਰਨ ਲਈ ਆਖ ਕੇ ਆਪ `ਚੰਦਨ' ਦੀ ਚਿਖਾ ਤਿਆਰ ਕਰਵਾ ਲਈ। ਸਿੱਖਾਂ ਨੇ ਸੁੰਨਸਾਨ ਥਾਂ ਤੇ ਸਸਕਾਰ ਕਰਨਾ ਚੰਗਾ ਨਾ ਮੰਨਿਆਂ ਤਾਂ ਲਿਖਾਰੀ ਨੇ ਗੁਰਦੇਵ ਜੀ ਦੀ ਪਾਵਨ ਰਸਨਾ ਤੋਂ ਉਸ ਉਜਾੜ ਥਾਂ ਨੂੰ ਗੁਰਮਤਿ ਵਿਰੋਧੀ ਵਰ ਦੇਂਦੇ ਇਉਂ ਦਰਸਾੲਆ ਹੈ:-

ਦੋਹਰਾ॥ ਇਹ ਕਾਂਸ਼ੀ ਹਮਰੀ ਭਈ ਕੌਲਾਂਸਰ ਨਿਕਟਾਰ। ਬਸਤੀ ਬਹੁ ਹੋਵੈ ਇਹਾਂ ਉੱਤਮ ਠੌਰ ਅਪਾਰ॥ 88॥

ਚੌਪਈ॥ ਰਮਦਾਸ ਪੁਰਿ ਕੀ ਠਾਣੇਦਾਰੀ। ਬਾਬੇ ਅਟਲ ਭਾਲਿ ਹਮ ਧਾਰੀ।

ਅਸ ਕਹਿ ਮਸਤਕਿ ਤਿਲਕੁ ਲਗਾਯੋ। ਅਟਲ ਰਾਏ ਕੇ ਸੋਭਿਾ ਪਾਯੋ॥ 89॥

ਟੂਕ ਵਿੱਚ ਲਿਖੇ ਪਦ ਅਰਥ:-ਠਾਣੇਦਾਰੀ=ਸਰਦਾਰੀ। ਭਾਲਿ=ਮੱਥੇ ਉਤੇ ਰੱਖ ਦਿੱਤੀ ਹੈ ਭਾਵ ਸੌਂਪ ਦਿੱਤੀ ਹੈ।

ਅਰਥ:-ਕੌਲਾਂਸਰ ਦੇ ਕੋਲ ਇਹ ਥਾਂ ਸਾਡੀ ‘ਕਾਂਸ਼ੀ’ ਹੋਵੇਗੀ। ਇਸ ਉੱਤਮ ਥਾਂ ਤੇ ਬਹੁਤ (ਰੌਣਕਾਂ ਭਰਪੂਰ) ਵੱਸੋਂ ਹੋ ਜਾਣੀ ਹੈ। 88. (ਗੁਰੂ ਜੀ ਦੀ ਹੀ ਰਸਨਾ ਤੋਂ ਦਰਸਾਇਆ ਇਸ ਤੋਂ ਅਗਲਾ ਗੁਰਮਤਿ ਵਿਰੋਧੀ ਕੁਫ਼ਰ) ਰਾਮਦਾਸ ਪੁਰੇ ਘਰ ਦੀ ਸਰਦਾਰੀ ਬਾਬੇ ਅਟੱਲ਼ ਜੀ ਨੂੰ ਸੌਂਪ ਦਿੱਤੀ ਹੈ। ਇਉਂ ਆਖ ਕੇ (ਮਿਰਤਕ ਦੇਹ ਦੇ) ਮੱਥੇ ਤੇ ਤਿਲਕ ਲਾ ਦਿੱਤਾ ਜਿਸ ਤੋਂ ਅਟੱਲ ਰਾਏ (ਦੀ ਲਾਸ਼) ਸੋਭਾਇਮਾਨ ਹੋ ਗਈ- (ਛਟੱਮ ਪੀਰ ਗੁਰੂਹਰਿਗੋਬਿੰਦ ਜੀ ਨੂੰ ਆਪਣੇ ਪਿਤਾ ਸਤਿਗੁਰੂ ਅਰਜਨ ਸਾਹਿਬ ਜੀ ਦੇ ਇਸ ਫ਼ੁਰਮਾਨ ਤੋਂ "ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ " {1159} -ਬਾਗ਼ੀ ਹੋ ਬੈਠੇ ਦਰਸਾ ਲਿਆ। ਬਾਰ ਬਾਰ ਕੀਤੇ ਗੁਰਮਤਿ ਵਿਰੋਧੀ ਕਾਰਿਆਂ ਨਾਲ ਨਕਾ ਨੱਕ ਭਰੀ ਇਸ ਪੁਸਤਕ ਨੂੰ ਸਿਖਾਂ ਲਈ ਧਰਮ ਪੁਸਤਕ ਬਨਾਉਣ ਦੀ ਜ਼ਿਦ ਪੂਰੀ ਕਰਦਿਆ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਨੇ ਪਹਿਲਾਂ ਦਾਸਰੇ ਨੂੰ ਫਿਰ ਸਚਾਈ ਨੂੰ ਨਿਰਭੈਤਾ ਨਾਲ ਲੋਕਾਂ ਤੱਕ ਪੁਚਾਉਣ ਵਾਲੇ ਸੂਰਮੇ ਪੱਤਰਕਾਰ ਗੁਰਮੁਖ ਪਿਆਰੇ ਭਾਈ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਆਪਣੇ ਪੰਥ ਵਿਚੋਂ ਖ਼ਾਰਜ ਕਰ ਦਿੱਤਾ? - (ਵੇਦਾਂਤੀ ਜੀ ਦੇ ਹੁਕਮ ਨੂੰ ਅਕਾਲਪੁਰਖ ਜੀ ਦਾ ਹੁਕਮ ਮਨ ਕੇ ਸਿਰ ਝੁਕਾਉਣ ਵਾਲੇ ਅੰਮ੍ਰਿਤਧਾਰੀਏ ਵੇਦਾਂਤੀ ਦਾ ਹੀ ਪੰਥ ਹੈ) ਗੁਰਮਤਿ ਦੇ ਸੱਚੇ ਪ੍ਰੇਮੀਆਂ ਦਾ ਉਸ ਪੰਥ ਦੇ ਨਾਲ ਕੀ ਵਾਸਤਾ?

ਗੁਰਦੇਵ ਜੀ ਦੇ ਪੁੱਛਣ ਤੇ ਸਿੱਖਾਂ ਨੇ ਦਸਿਆ ਕਿ ਅੱਜ ਅਸੂ ਮਹੀਨੇ ਦੀ ਦਸਵੀਂ (ਸੰਮਤ 1685) ਥਿਤ ਹੈ। ਤਾਂ ਗੁਰਦੇਵ ਜੀ ਨੇ ਫ਼ੁਰਮਾਇਆ ਕਿ ਏਥੇ ਨੌਂ ਛੱਤਾ ਬੜਾ ਸੁੰਦਰ ਵਿਸ਼ਾਲ ਦੇਹਰਾ ਬਣੇਗਾ। ਨੌ ਸਾਲ ਦੀ ਉਮਰ ਭੋਗ ਕੇ ਬਾਬਾ ਅਟੱਲ ਰਾਇ ਜੀ 9 ਅਸੂ ਸੰਮਤ 1685 ਨੂੰ ਗੁਰਪੁਰੀ ਜਾ ਬਿਰਾਜੇ ਤੇ ਉਨ੍ਹਾਂ ਦੀ ਯਾਦ ਵਿੱਚ ਨੌ ਛਤਾ ਹੀ ਦੇਹਰਾ। (ਚੌਪਈ 94 ਤੱਕ)। ਗੁਰਮਤਿ ਦੇ ਵੈਰੀ ਇਸ ਲਿਖਾਰੀ ਨੇ ਸਸਕਾਰ ਤੋਂ ਵਿਹਲੇ ਹੋ ਹਟੇ ਗੁਰਦੇਵ ਜੀ ਦੀ ਰਸਨਾ ਤੋਂ ਉਸ ਅਸਥਾਨ ਨੂੰ ਵਰ ਬਖ਼ਸ਼ਸ਼ ਕਰਦੇ ਇਉਂ ਦਰਸਾਇਆ ਹੈ:-

ਚੌਪਈ॥ ਬਹੁਰੋ ਸ੍ਰੀ ਗੁਰ ਬਚਨ ਅਲਾਈ। ਇਹ ਕਾਂਸ਼ੀ ਗੁਰ ਕੀ ਸੁਖਦਾਈ।

ਜਪੁ ਤਪੁ ਕਰੈ ਮੁਕਤਿ ਨਰ ਪਾਵੈ। ਇਹਾਂ ਦਾਹ ਫਿਰਿ ਜਨਮ ਨ ਆਵੈ॥ 95॥ (ਸਫ਼ਾ 564)

ਅਰਥ:-ਫਿਰ ਗੁਰੂ ਜੀ ਨੇ ਫ਼ੁਰਮਾਇਆ ਕਿ ਇਹ ਗੁਰੂ ਦੀ ਸੁਖਦਾਇਕ ਕਾਂਸ਼ੀ ਹੋਵੇਗੀ। ਜਿਹੜਾ ਮਨੁੱਖ ਇਸ ਥਾਂ ਤੇ ਜਪ ਤਪ' ਕਰੇਗਾ ਉਹ (ਬ੍ਰਾਹਮਣਾ ਵਾਲੀ) ਮੁਕਤੀ ਪ੍ਰਾਪਤ ਕਰ ਲਵੇਗਾ ਅਤੇ ਇਸ ਥਾਂ ਜਿਸ ਪ੍ਰਾਣੀ (ਦੀ ਮਿਰਤਕ) ਦੇਹ ਦਾ ਸਸਕਾਰ ਕੀਤਾ ਜਵੇਗਾ ਉਹ ਦੁਬਾਰਾ ਜਨਮ ਵਿੱਚ ਨਹੀਂ ਆਵੇਗਾ। 95.

ਹੈਰਾਨੀ ਹੈ ਕਿ ਮੁੜ ਮੁੜ ਕਾਂਸ਼ੀ ਹੀ ਕਿਉਂ? ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦਾ "ਨਨਕਾਣਾ" ਸਾਹਿਬ ਕਿਉਂ ਨਾ? ਕਿਉਂਕਿ ਗੁਰਬਿਲਾਸ ਦਾ ਲਿਖਾਰੀ ਵੀ ਉਹੀ ਬਿੱਪ੍ਰ ਹੈ ਜਿਸ ਦਾ ਮੈਲਾ ਹੋ ਕੇ ਟੁਟ ਕੇ ਸੜ ਜਾਣ ਵਾਲਾ ਜਨੇਊ ਰੱਦ ਕੀਤਾ ਜਾਣ ਵਾਲੇ ਦਿਨ ਤੋਂ ਗੁਰੂ ਨਾਨਕ ਸਹਿਬ ਦਾ ਅਥਵਾ ਉਨ੍ਹਾਂ ਦੇ ਗਿਆਨ ਦਾ ਵੈਰੀ ਬਣ ਬੈਠਾ ਹੋਇਆ ਹੈ। ਇਸ ਪੁਸਤਕ ਦੀ ਪੁਨਰ ਸੰਪਾਦਨਾ ਕਰਨ ਵਾਲਾ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਪ ਵੀ RSS ਦਾ ਬੈ ਖ਼ਰੀਦ ਬਰਦਾ ਬਣ ਚੁਕਿਆ ਹੈ?

ਜਪ ਤਪ ਆਦਿ ਧਰਮ-ਕਰਮਾਂ ਬਾਰੇ ਗੁਰੂ ਫ਼ੁਰਮਾਨ:-"ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ॥ {162} ਭਾਵ, ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ, ਅਜੇਹੇ ਸਾਰੇ ਵਿਖਾਵਾ-ਕਰਮਾਂ ਵਿੱਚ ਉਲਝੇ ਮਨੁਖ ਪ੍ਰਭੂ ਦੀ ਦਰਗਾਹ ਤੋਂ ਉਰੇ ਉਰੇ ਹੀ ਠੱਗੇ ਜਾਂਦੇ ਹਨ (ਭਾਵ ਪ੍ਰਭੂ ਨਾਲ ਨੇੜਤਾ ਪ੍ਰਾਪਤ ਨਹੀਂ ਕਰ ਸਕਦੇ)। ਫਿਰ ਇਸ ਤੋਂ ਵੀ ਵਡੀ ਗੁਰਮਤਿ ਵਿਰੋਧੀ ਅਤੇ ਕੁਰਾਹੇ ਪਾਉਣ ਵਾਲੀ ਲਿਖਾਰੀ ਦੀ ਬਕੜ ਵਾਹ ਇਹ ਹੈ, ਕਿ ਉਸ ਅਸਥਾਨ ਤੇ ਕੇਲ ਮਿਰਤਕ ਪ੍ਰਾਣੀ ਦੀ ਦੇਹ ਦਾ ਸਸਕਾਰ ਕੀਤਾ ਜਾਣ ਨਾਲ ਹੀ ਪ੍ਰਾਣੀ ਜਨਮ ਮਰਣ ਤੋਂ ਰਹਿਤ ਹੋ ਜਾਂਦਾ ਹੈ। ਪਾਠਕ ਸੱਜਣ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦੇ ਇਸ ਸਪੱਸ਼ਟ ਫ਼ੁਰਮਾਨ ਨੂੰ ਭੁੱਲੇ ਨਹੀਂ ਹਨ:- “ਮਃ 1॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ 2॥ {ਸੋਰ: ਵਾ: ਪਉ: 16-ਪੰਨਾ-648} ਭਾਵ, ਕਈ ਮੁਰਦੇ ਨੂੰ ਸਾੜਦੇ ਹਨ, ਕਈ ਦਬਾ ਦਿੰਦੇ ਹਨ, ਕਈ ਮਿਰਤਕ ਦੇਹਾਂ ਨੂੰ ਕੁੱਤੇ ਖਾ ਰਹੇ ਹੁੰਦੇ ਹਨ, ਅਤੇ ਕਈ ਲੋਕ ਮਿਰਤਕ ਨੂੰ ਜਲ ਪ੍ਰਾਵਾਹ ਕਰਦੇ ਹਨ। ਅਤੇ (ਅਜੇਹੇ ਵੀ ਕਈ ਹਨ) ਜੋ ਮਿਰਤਕ ਨੂੰ ਖ਼ਾਸ ਥਾਂ ਤੇ ਰੱਖ ਜੇ ਜਾਵਰਾਂ ਨੂੰ ਖੁਆ ਦੇਂਦੇ ਹਨ। (ਪਰ ਸਤਿਗੁਰੂ ਨਾਨਕ ਸਾਹਿਬ ਜੀ ਦਾ ਫ਼ਤਵਾ ਹੈ ਕਿ) ਅਜੇਹਾ ਕੁੱਝ ਕਰਨ ਵਾਲਿਆਂ ਕਿਸੇ ਨੂੰ ਕੱਖ ਪਤਾ ਨਹੀਂ ਹੈ ਕਿ ਮਰਨ ਉਪਰੰਤ ਪ੍ਰਾਣੀ ਕਿਥੇ ਜਾ ਸਮਾਉਂਦਾ ਹੈ। ਇਸ ਤੋਂ ਅਗਲੀ ਗੁਰਮਤਿ ਵਿਰੋਧੀ ਬਕੜਵਾਹਾ:-

ਦੋਹਰਾ॥ ਇਹ ਠਾਂ ਹੋਇ ਸਮਾਧਿ ਬਹੁ ਖਾਲੀ ਜਿਮੀ ਨ ਕੋਇ।

ਕੈਸ ਹੂੰ ਪਾਪੀ ਹੋਇ ਜੋ ਈਹਾਂ ਮੁਕਤਿ ਸੋ ਹੋਇ॥ 96॥

ਅਰਥ:-ਇਹ ਥਾਂ ਖ਼ਾਲੀ ਨਹੀਂ ਰਹਿਣੀ ਭਾਵ ਏਥੇ ਸਾਰੇ ਸੰਘਣੀ ਵਸੋਂ ਹੋ ਜਾਣੀ ਹੈ। (40 ਸਾਲ ਪਹਿਲਾਂ ਦਾ ਵਾਕਿਆ ਲਿਖ ਰਹੇ ਲਿਖਾਰੀ ਨੇ ਵਧ ਰਹੀ ਵੱਸੋਂ ਤੋਂ ਅਨੁਮਾਨ ਲਾ ਕੇ ਭਵਿਖ ਬਾਣੀ ਦੇ ਰੂਪ ਵਿੱਚ ਗਰਦੇਵ ਜੀ ਦੇ ਮੁਖਾਰਬਿੰਦ ਵਿਚੋਂ ਉਚਾਰਿਆ ਦਰਸਾ ਦਿੱਤਾ। ਫਿਰ ਗੁਰਮਤਿ ਵਿਰੋਧੀ ਇਹ ਨਿਰਮੂਲ ਭਰਮ- ਕੈਸਾ ਵੀ ਪਾਪੀ ਹੋਵੇ ਇਸ ਥਾਂ ਤੇ (ਸਸਕਾਰਿਆਂ) ਮੁਕਤਿ ਹੋ ਜਵੇਗਾ।

ਕਰੈ ਪਾਪ ਭਰ ਜਨਮ ਜੋ ਈਹਾਂ ਅੰਤ ਸੜ ਆਏ।

ਸ਼ੁੱਧ ਦੇਹ ਕੌ ਧਾਰਿ ਕੈ ਅਟੱਲ ਰਾਇ ਪਹਿ ਜਾਇ॥ 97॥

ਅਰਥ:-ਸਾਰੀ ਉਮਰ ਜਿਨੇ ਮਰਜ਼ੀ ਹੈ ਪਾਪ ਕਰੀ ਰੱਖੇ ਏਥੇ ਆ ਕੇ ਸਾਰੇ ਸੜ ਕੇ ਸੁਆਹ ਹੋ ਜਾਣੇ ਹਨ। (ਉਹੀ ਪਾਪੀ ਫਿਰ) ਦੇਵਤਿਆਂ ਵਾਲੀ ਦੇਹ ਧਾਰ ਕੇ ਬਾਬਾ ਅਟੱਲ ਜੀ ਦੇ ਕੋਲ ਹੀ ਜਾ ਬਿਰਾਜਿਆ ਕਰੇਗਾ। 97.

ਅੰਮ੍ਰਿਤਸਰ ਵਿਖੇ ਚਾਟੀਵਿੰਡ ਵਲਦੇ ਦਾਸ ਦੀ ਉਮਰ ਦੇ ਲਗ ਭਗ ਸਾਰੇ ਮਨੁੱਖ ਜਾਣਦੇ ਹਨ ਕਿ ਗੁਰਬਿਲਾਸ ਦੀ ਕਥਾ ਤੋ ਬਣੇ ਇਸ ਭਰਮ ਦੇ ਕਾਰਨ ਲੋਕ ਬਾਬਾ ਅਟੱਲ ਦੇ ਬੁਰਜ ਦੇ ਨੇੜੇ ਆਪਣੇ ਮਿਰਤਕਾਂ ਨੂੰ ਸਾੜਦੇ ਰਹੇ ਸਨ। ਜੋ ਸਨ 1940 ਵਿੱਚ ਪ੍ਰਬੰਧਕਾਂ ਨੇ ਮੁਸ਼ਕਲ ਨਾਲ ਬੰਦ ਕਰਾਏ ਸਨ। ਇਸੇ ਤਰ੍ਹਾਂ ਤੀਰਥਾਂ ਤੇ ਇਸ਼ਨਾਨ ਤੋਂ ਪਾਪ ਨਾਸ ਹੁੰਦੇ ਦੇ ਭਰਮ ਵਿਰੋਧੀ ਗੁਰਮਤਿ ਦਾ ਫ਼ੁਰਮਾਨ:-ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥

ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ 2॥ " {ਪ੍ਰਭ: ਮ: 5. 1348}

ਗੁਰਦੇਵ ਜੀ ਦੇ ਸਾਰੇ ਰਿਸ਼ਤੇਦਾਰ ਆ ਗਏ ਤਾਂ-"ਗੁਰੂ ਗ੍ਰਿੰਥ ਕਾ ਪਾਠ ਰਖਾਯੋ। ਅਟੱਲ ਹੇਤਿ ਪ੍ਰਭ ਕੇ ਮਨ ਭਾਯੋ "॥ 111॥ ਗੁਰਦੇਵ ਜੀ ਨੇ ਪ੍ਰੇਮ ਨਾਲ ਬਾਬਾ ਅਟੱਲ ਜੀ ਨਿਮਿਤ ਗ੍ਰੰਥ ਜੀ ਦਾ ਪਾਠ ਆਰੰਭ ਕਰਵਾ ਦਿੱਤਾ। ਹੋਰ ਰਿਸ਼ਤੇਦਾਰਾਂ ਦੇ ਨਾਲ ਕਾਕਾ ਧੀਰ ਮਲ ਨੂੰ ਗੋਦ ਵਿੱਚ ਚੁੱਕੀ ਆਪਣੀ ਪਤਨੀ "ਨੱਤੀ ਜੀ" ਸਮੇਤ ਬਾਬਾ ਗੁਰਦਿਤਾ ਜੀ ਵੀ ਆ ਗਏ ਤਾਂ-"ਸਭ ਮਿਲਿ ਮਹਲੀ ਆਈ ਨਾਰੀ। ਚਲੀ ਨਦੀ ਵਿਰਾਗ ਸੁਖ ਟਾਰੀ॥ " ਸਾਰੀ ਇਸਤ੍ਰੀਆਂ ਇਕੱਠੀਆਂ ਹੋ ਕੇ ਗੁਰੂ ਜੀ ਦੇ ਮਹਲੀਂ ਆ ਗਈਆਂ ਤੇ ਸੁਖ ਨੂੰ ਦੂਰ ਕਰ ਦੇਣ ਵਾਲਾ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਭਾਈ ਗੁਰਦਾਸ ਜੀ ਨੇ ਉਨ੍ਹਾਂ ਸਾਰਿਆਂ ਨੂੰ ਧੀਰਜ ਦਿੱਤੀ। ਪਰ ਕੁੱਝ ਬੀਬੀਆਂ ਬਾਲ ਉਮਰ ਵਿੱਚ ਹੀ ਅਟੱਲ ਰਾਇ ਜੀ ਦੇ ਚਲੇ ਜਾਣ ਦੀ ਗੱਲ ਕਰਕੇ ਬੜਾ ਵੈਰਾਗ (ਰੁਦਨ) ਕਰ ਰਹੀਆਂ ਸਨ। ਮਾਤਾ 'ਦਮੋਦਰੀ" ਜੀ ਨੇ ਉਨ੍ਹਾਂ ਇਸਤ੍ਰੀਆਂ ਨੂੰ ਸਮਝਾਇਆ –"ਕੱਚੀ ਪੱਕੀ ਕ੍ਰਿਖੀ ਜਿਮ ਹੋਵੈ। ਕਾਟ ਕ੍ਰਿਸਾਨ ਚਿੰਤ ਨਹਿ ਪੋਵੈ। 118. ਜਿਵੇਂ ਆਪਣੀ ਕਚੀ ਜਾਂ ਪੱਕੀ ਫ਼ਸਲ ਕੱਟਦਾ ਹੋਇਆ ਕਿਸਾਨ ਕੋਈ ਫਿਕਰ ਨਹੀਂ ਕਰਦਾ ਏਵੇਂ ਭਗਵਾਨ ਬਾਲ ਬ੍ਰਿਧ ਨੂੰ ਲੈ ਜਾਂਦਾ ਹੈ। ਇਉਂ ਰੁਦਨ ਨਹੀਂ ਕਰਨਾ ਚਾਹੀਦਾ। (ਦੋਹਰਾ-119-ਸਫ਼ਾ-566. ਤੱਕ)

ਬਿਧੀ ਚੰਦ ਜੀ ਪ੍ਰੇਮ ਨਾਲ ਪਾਠ ਕਰਦੇ ਰਹੇ ਤੇ –"ਕੀਰਤਨ ਚੌਂਕੀ ਹੋਇ ਅਪਾਰਾ। " ਕੀਰਤਨ ਦੀਆਂ ਗੂੰਜਾਰਾਂ ਵੀ ਪੈਂਦੀਆਂ ਰਹੀਆਂ। ਦਸਵਾਂ ਦਿਨ ਹੋਇਆ ਤਾਂ ਗੁਰੂ ਜੀ ਨੇ "ਕੜਾਹ" ਤਯਾਰ ਕਰਵਾ ਲਿਆ। ਬਿਧੀ ਚੰਦ ਨੇ ਆਗਿਆ ਲੈ ਕੇ ਭੋਗ ਪਾ ਦਿੱਤਾ। (126-ਤੱਕ)। -"ਕੜਾਹ ਪੁਸ਼ਾਦ ਵਰਤਾਇ ਕੈ ਬਿਧੀਏ ਕੋ ਧਨੁ ਦੀਨੁ"। ਕੜਾ ਪਰਸ਼ਾਦ ਵਰਤਾ ਕੇ ਭਾਈ ਬਿਧੀ ਚੰਦ ਪਾਠੀ ਨੂੰ ਮਾਇਆ ਦੇ ਗੱਫਿਆਂ ਦੀ ਬਖ਼ਸ਼ਸ਼ ਹੋਈ। (ਕੜ੍ਹਾ ਵਰਤਾਉਣਾ ਅਤੇ ਪਾਠੀ ਨੂੰ ਮਾਇਆ ਦੇ ਖੁਲ੍ਹੇ ਗਫੇ -ਇਹ ਦੋ ਕਰਮ ਲ਼ਿਖਣੋ ਲਿਖਾਰੀ ਕਦੇ ਉਕਾਈ ਨਹੀਂ ਕਰਦਾ) ਫਿਰ ਲਿਖਾਰੀ ਅਨੁਸਾਰ ਕ੍ਰਿਪਾ ਦੇ ਸਾਗਰ ਸ੍ਰੀ ਸਤਿਗੁਰੁ ਜੀ ਨੇ ਇਉਂ ਕੌਤਕ ਕੀਤਾ ਕਿ "ਕੜਾਹੁ ਤੇ ਪੁਸ਼ਾਕਾ ਲੈ ਕੇ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸਿ ਜਾ ਕਰਾਈ। ਅਤੇ ਉਥੋਂ ਨਮਸਕਾਰਾਂ ਕਰਦੇ ਹੋਏ ਫਿਰ ਬਾਬਾ ਅਟੱਲ ਜੀ ਨਿਮਿਤ ਸ੍ਰੀ ਦਰਬਾਰ ਵਿਖੇ ਜਾ ਕੇ-ਕੜਾਹ ਪਰਸ਼ਾਦ ਅਤੇ ਪੁਸ਼ਾਕੇ ਅਰਦਾਸਿ ਕਰਾਏ। ਅਤੇ ਫਿਰ ਲਿਖਾਰੀ ਨੇ ਗੁਰਦੇਵ ਜੀ ਨੂੰ ਇਉਂ ਕਹਿੰਦੇ ਦਰਸਾ ਦਿੱਤਾ-"ਹੇ ਪ੍ਰਭ ਤੁਮ ਨਿਜ ਲਈ ਅਮਾਨਾ"॥ 128॥ (ਸਫ਼ਾ 567) ਹੇ ਪ੍ਰਭੂ ਤੂੰ ਆਪਣੀ ਅਮਾਨਤ ਲੈ ਲਈ ਹੈ।

ਹੈਰਾਨੀਆਂ:-ਸ੍ਰੀ ਅਕਾਲਤਖ਼ਤ ਵਿਖੇ ਅਰਦਾਸਿ ਕਿਸ ਨੇ ਕਿਸ ਅੱਗੇ ਕੀਤੀ? ਗੁਰੂਕਰਤਾਰ ਜੀ ਨੇ ਨਮਸਕਾਰਾਂ ਕਿਸ ਦੀ ਹਜ਼ੂਰੀ ਵਿੱਚ ਕੀਤੀਆਂ? 'ਸ੍ਰੀ ਦਰਬਾਰਾ' ਵਿਖੇ ਕਿਸ ਦੀ ਹਜ਼ੂਰੀ ਵਿੱਚ ਕੜਾਹ ਤੇ ਪੁਸ਼ਾਕਾ ਅਰਦਾਸਾਂ ਸਹਿਤ ਭੇਟਾ ਕੀਤਾ ਗਿਆ? ਅਤੇ-ਕੀ ਬਾਬਾ ਅਟਲ ਜੀ ਗੁਰਦੇਵ ਜੀ ਦੀ ਰਜ਼ਾ ਸਮਝ ਕੇ ਆਪ ਹੀ (ਖ਼ੁਦਕੁਸ਼ੀ-ਆਤਮਹੱਤਿਆ?) ਨਹੀ ਸਨ ਸਰੀਰ ਤਿਆਗ ਗਏ? ਉਨ੍ਹਾਂ ਦੇ ਨਿਮਿਤ ਕਿਸੇ ਵੀ ਧਰਮ ਕਰਮ ਦਾ ਕੀ ਅਰਥ? ਇਨ੍ਹਾਂ ਸ਼ੰਕਿਆਂ ਦਾ ਉੱਤਰ ਵੇਦਾਂਤੀ ਜੀ ਤੋਂ ਬਿਨਾ ਹੋਰ ਕੌਨ ਦੇਵੇ? ਤੇ ਡੇਰੇ ਵਾਦ ਦੀ ਉਪਜ ਵੇਦਾਂਤੀ ਟੋਲੇ ਦਾ ਉਤਰ ਕੇਵਲ ਇਹ ਹੀ ਹੋਇਆ ਕਰਦਾ ਹੈ-" ਅਸੀ ਕੀ ਦੱਸੀਏ? ਉਸ ਦੀਆਂ ਉਹ ਹੀ ਜਾਣੇ?” ਬਸ ਏਨੇ ਵਿੱਚ ਹੀ ਆਪਣੀ ਵਡੀ ਤੋਂ ਵਡੀ 'ਗੱਪ' 'ਰੱਬ ਜੀ' ਦੇ ਮੱਥੇ ਚੁੱਕ ਮਾਰਦਿਆਂ ਨੂੰ ਅਸਾਂ ਅਪਣੇ ਧਰਮ ਆਗੂ ਬਣਾ ਲਿਆ?

ਦੋਹਰਾ॥ ਪਰਿਕ੍ਰਮਾ ਕਰਿ ਮਹਲੀਂ ਅਏ ਮਨ ਮੈ ਅਨੰਦ ਪਾਇ।

ਰਾਮਦੁਆਰੇ ਕੋ ਤਬੈ ਸ੍ਰੀ ਗੁਰ ਵਿਦਾ ਕਰਾਇ॥ 129॥

ਦਾਸਰੇ ਨੂੰ ਤਾਂ ਕੁੱਝ ਪਤਾ ਨਹੀਂ ਲਗ ਸਕਿਆ ਕਿ ਇਸ ਕੂਟ ਲਿਖਾਰੀ ਨੇ ਗੁਰਦੇਵ ਜੀ ਨੂੰ ਕਿਸ ਦੀਆਂ ਪਰਕਰਮਾ ਕਰਦਿਆਂ ਦਰਸਾਇਆ ਹੈ? ਵੈਸੇ ਲਿਖਾਰੀ ਅਨੁਸਾਰ ਬਟਾਲਾ ਨਿਵਾਸੀ "ਭਾਈ ਰਾਮਾ" ਜੋ ਬਾਬਾ ਗੁਰੁਦਿੱਤਾ ਜੀ ਦਾ ਸਹੁਰਾ ਜੀ ਸਨ ਅਤੇ ਮੰਡਿਆਲੀ ਨਿਵਾਸੀ ਭਾਈ ਦੁਆਰਾ ਜੀ-ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸਹੁਰਾ ਜੀ, ਆਦਿ ਸਾਰਿਆਂ ਨੂੰ ਗੁਰਦੇਵ ਜੀ ਨੇ ਪਰਚਲਤ ਵਿਧੀ ਸਹਿਤ ਵਿਦਾ ਕੀਤਾ। ਦਲ ਭੰਜਨ ਸਤਿਗੁਰੂ ਹਰਿਗੋਬਿੰਦ ਜੀ ਦੀ ਪਾਵਨ ਜ਼ਾਤ ਨੂੰ ਪਾਤ੍ਰ ਬਣਾ ਕੇ ਮਹਾਂ ਚਾਤੁਰ ਬਿੱਪ੍ਰ ਲਿਖਾਰੀ ਨੇ ਗੁਰਮਤਿ ਵਿਰੋਧੀ ਕਿਰਿਆ ਕਰਮ ਨੂੰ ਗੁਰਮਤਿ ਬਣਾ ਲਿਆ।

ਰਾਮਕਲੀ ਮਹਲਾ 1॥ ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ॥ ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ॥ 12॥ 7॥ {906}

(5) -ਬਾਬਾ ਗੁਰਦਿੱਤਾ ਜੀ, ਉਨ੍ਹਾਂ ਦਾ ਅਕਾਲ ਚਲਾਣਾ- (ਅਧਿਆਇ 21 ਸਫ਼ਾ 744ਂ)

(ਪਹਿਲਾਂ ਮਹਾਨ ਕੋਸ਼ ਸਫ਼ਾ 416 ਅਨੁਸਾਰ):-

1-ਬਾਬਾ ਗੁਰਦਿੱਤਾ ਜੀ-ਜਨਮ-ਗੁਰੂ ਹਰਿਗੋਬਿੰਦ ਸਾਹਿਬ ਦੇ ਵਡੇ ਬੇਟੇ ਬਾਬਾ ਗੁਰਦਿੱਤਾ ਜੀ ਦਾ ਜਨਮ-ਕਤਕ ਸੁਦੀ 15 ਸੰਮਤ 1670 ਨੂੰ (ਮਾਤਾ ਦਮੋਦਰੀ ਦੇ ਉਦਰ ਤੋਂ) ਪਿੰਡ ਡਰੌਲੀ ਜ਼ਿਲਾ ਫ਼ੀਰੋਜ਼ ਪੁਰ ਵਿਖੇ ਹੋਇਆ।

2-ਵਿਆਹ-21 ਵੈਸਾਖ ਸੰਮਤ 1681 ਨੂੰ ਰਾਮੇ ਸਿਲ ਖਤ੍ਰੀ ਦੀ ਪੁਤਰੀ ‘ਅਨੰਤੀ ਜੀ’ ਨਾਲ ਬਟਾਲੇ (ਜ਼ਿਲਾ ਗੁਰਦਾਸਪੁਰ) ਹੋਇਆ। ਜਿਸ ਦੀ ਕੁਖੋਂ ਬਾਬਾ ਧੀਰਮਲ- (ਕਰਤਾਰਪੁਰ ਵਿਖੇ-13 ਮਾਘ ਸੰਮਤ 1673 ਨੂੰ ਮਾਤਾ ਅਨੰਤੀ ਤੋਂ ਹੋਇਆ) ਤੇ ਗੁਰੂ ਹਰਿਰਾਇ ਜੀ- (20 ਮਾਘ (ਸੁਦੀ 13) ਸੰਮਤ 1686 (26 ਫ਼ਰਵਰੀ ਸਨ 1630) ਮਾਤਾ ਨਿਹਾਲ ਕੌਰ ਤੋਂ) ਉਤਪੰਨ ਹੋਏ।।

3-ਪਰਲੋਕ ਗਮਨ-ਚੇਤ ਸੁਦੀ 10 ਸੰਮਤ 1695 ਨੂੰ ਕੀਰਤਪੁਰ ਵਿਖੇ ਦੇਹ ਤਿਆਗੀ ਜਿਥੇ ਆਪ ਜੀ ਦਾ ਆਲੀਸ਼ਾਨ ਦੇਹੁਰਾ ਬਣਿਆ ਹੋਇਆ ਹੈ।

ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਜੀ ਸੰਪਾਦਨਾ ਵਾਲੇ ਗੁਰਬਿਲਾਸ ਪਾਤਸ਼ਾਹੀ 6 ਦੇ ਸਫ਼ਾ 760, ਲਿਖਾਰੀ ਦਾ ਉਸ ਸਿੱਖ ਨਾਲ ਅਤੀਅੰਤ ‘ਸ਼ਰਮਨਾਕ ਠੱਠਾ’ ਜੋ ਕਦੇ ਅਣਖੀ ਸੰਤ ਸੂਰਮਾ ਮੰਨਿਆਂ ਜਾਂਦਾ ਰਿਹਾ ਹੈ। ਆਪਣੀ ਪੱਕੀ ਲਿਖਣ-ਵਿਧੀ ਅਨੁਸਾਰ ਕੂਟ ਲਿਖਾਰੀ ਨੇ ਉਸ ‘ਮਹਾਂਕਾਲ ਨੂੰ ਮਨੁੱਖ ਦੇ ਰੂਪ ਵਿੱਚ ਆਪਣਾ ਪਾਤ੍ਰ ਬਣਾ ਲਿਆ ਜਿਸ “ਮਹਾਕਾਲ ਰਖਵਾਰ ਹਮਾਰੋ” ਦਾ ‘ਜਾਪ’ ਟਕਸਾਲੀਏ ਅਥਵਾ ਰਣਧੀਰ ਸਿੰਘੀਏ ਆਦਿ ਗੁਰਮਤਿ ਤੋ ਅਗਿਆਨੀ ‘ਸਿੱਖ’ ਨੇਮ ਨਾਲ ਕਰਦੇ ਹਨ। ਕੀਰਤ ਪੁਰ ਵਿਖੇ ਗੁਰੂ ਹਰਿਗੋਬਿਦ ਜੀ ਦਰਬਾਰ ਵਿੱਚ ਬਿਰਾਜਮਾਨ ਸਨ। ਮਹਾਂਕਾਲ ਨੇ ਮਨੁੱਖਾ ਸਰੀਰ ਧਾਰ ਕਰ ਲਿਆ ਅਤੇ ਦਰਬਾਰ ਵਿੱਚ ਆ ਕੇ ਉਸਤਤਿ ਕੀਤੀ ਅਤੇ ਗੁਰੂ ਜੀ ਦੀ ਸੇਵਾ ਵਿੱਚ ਬੜੀ ਨਿਮਰਤਾ ਨਾਲ ਇਉਂ ਆਖਿਆ- ‘ਹੇ ਪ੍ਰਭੂ ਕਰਤਾਰ ਜੀ! ਤੁਸੀ ਦੀਨਾਂ ਦੇ ਰਖਿਅਕ ਹੋ ਸੰਤਾਂ ਨੂੰ ਸੁਖ ਦੇਣ ਵਾਲੇ ਹੋ ਆਪ ਜੀ ਦੀ ਉਪਮਾ ਕਹੀ ਨਹੀਂ ਜਾ ਸਕਦੀ’। ਮੈ ਮਹੁਤਾਜ ਯਤੀਮ ਹਾਂ ਤੂੰ, ਮਾਲਕ ਸਦਵਾਉਂਦਾ ਹੈ। ਤੂੰ ਪਵਿੱਤਰ ਹੈ ਮੈ ਪਾਪੀ ਅਖਵਾਉਂਦਾ ਹਾਂ। ਮੈ ਗ਼ਰੀਬ ਹਾਂ ਤੇਰਾ ਨਾਮ ਗ਼ਰੀਬਾਂ ਦਾ ਸਹਾਇਕ ਹੈ। ਮੈ ਦਰਿਦ੍ਰੀ ਦੁਖਿਆਰਾ ਹਾਂ ਤੂੰ ਸਿਰਾਂ ਦਾ ਤਾਜ ਮਾਲਕ ਪ੍ਰਭੂ ਹੈ। ਮੈਂ ਨਿਤਾਣੇ ਦਾ ਸਾਰਾ ਤਾਣ ਤੂੰ ਹੀ ਹੈਂ। ਮਰਾਸੀਆਂ ਵਾਂਗ ਅਥਵਾ ਬ੍ਰਾਹਮਣ ਭੱਟਾਂ ਵਾਂਗ ਗੁਰੂ ਹਰਿਗੋਬਿੰਦ ਜੀ ਦੀ ਉਸਤਤਿ ਕਰਕੇ ਮਤਲਬ ਦੀ ਗਲ ਇਉਂ ਕੀਤੀ-ਹੇ ਪ੍ਰਭੂ ਜੀ ! ਮੇਰੀ ਪੁੱਤ੍ਰੀ ਨੂੰ ਆਪਣੀ ਦਾਸੀ (-ਪਤਨੀ) ਬਣਾ ਕੇ ਮੇਰੀ ਸੱਧਰ ਪੂਰੀ ਕਰ ਦਿਉ ਜੀ। ਮਹਾਂਕਾਲ ਨੇ ਆਪਣੇ ਏਹ ਬਚਨ ਤਿੰਨ ਵਾਰ ਆਖੇ। ਦੀਨਾਂ ਦੇ ਮਾਲਕ ਪ੍ਰਭੂ ਜੀ (ਜ਼ਰਾ ਕੁ) ਚੁੱਪ ਰਹਿ ਕੇ ਆਮ ਮਨੁੱਖਾਂ ਵਾਂਗ ਮੁਸਕਰਾ ਕੇ ਬੋਲੇ- ‘ਵੇਖੋ ਜੀ ਮੇਰੀ ਅਵਸਥਾ ਬੁਢਾਪੇ ਵਾਲੀ ਆ ਗਈ ਹੋਈ ਹੈ (ਸੋ ਮੈਨੂੰ ਖਿਮਾ ਕਰੋ” )। (ਚੌਪਈ 207 ਤੋ 210 ਸਫ਼ਾ 760 ਤੱਕ}।

ਅੱਗੇ ਤੁਰਨ ਤੋਂ ਪਹਿਲਾਂ ( ‘ਮਹਾਨਕੋਸ਼ ਦੇ ‘934 ਸਫ਼ੇ ਤੇ ‘ਕਾਲਿਕਾ ਪੁਰਾਣ’ ਦੇ ਹਵਾਲੇ ਨਾਲ ਲਿਖੀ- ‘ਮਹਾਂਕਾਲ’ ਦੇ ਜਨਮ ਦੀ ਕਹਾਣੀ- “ਮਹਾਂਕਾਲ ਸ਼ਿਵ ਜੀ ਦਾ ਇੱਕ ਪੁੱਤ੍ਰ, ਇੱਕ ਵਾਰ ਸ਼ਿਵ ਨੇ ਆਪਣਾ ਵੀਰਯ ਅਗਨਿ ਵਿੱਚ ਅਸਥਾਪਨ ਕੀਤਾ ਤਾਂ ਦੋ ਬੂੰਦਾਂ ਬਾਹਰ ਡਿੱਗ ਪਈਆਂ। ਇੱਕ ਬੂੰਦ ਤੋਂ ‘ਮਹਾਂਕਾਲ’ ਅਤੇ ਦੂਜੀ ਤੋਂ ‘ਭ੍ਰਿੰਗੀ’ ਪੈਦਾ ਹੋਏ- “ਗਯਾਨ ਹੂੰ ਕੇ ਗਯਾਤਾ ਮਹਾਂ ਬੁੱਧਿਤਾ ਕੇ ਦਾਤਾ ਦੇਵ, ਕਾਲ ਹੂੰ ਕੇ ਕਾਲ ਮਹਾਂਕਾਲ ਹੂੰ ਕੇ ਕਾਲ ਹੈ”। (ਅਕਾਲ ਉਸਤਤਿ) ਲੱਗ ਭੱਗ ਸਾਰੇ ਭਾਰਤ ਦੇਸ਼ ਵਿੱਚ ਪਿਤਾ ਦੇ ਨਾਮ ਤੋਂ ਬਿਨਾ ਜਨਮੀ ਔਲਾਦ ਨੂੰ ‘ਹਰਾਮੀ’ ਆਖਿਆ ਜਾਂਦਾ ਹੈ, ਪਰ ਇਹ ਮਾਤਾ ਤੋਂ ਬਿਨਾ ਜਨਮਿਆ ਕਾਲਿਕਾ ਪੁਰਾਣ ਵਿਚਲਾ.”ਮਹਾਂਕਾਲ” ਕੀ ਹੋਇਆ? ਦਾਸਰੇ ਦੀ ਚਿੱਠੀ ਦਾ ਉੱਤਰ ਦੇਣਾ ਪਾਪ ਮੰਨ ਬੈਠੇ ਵੇਦਾਂਤੀ ਜੀ ਕੋਲੋਂ ਦਾਸ ਕਿਵੇਂ ਪੁੱਛੇ? ਰਣਧੀਰ ਸਿੰਘੀਏ ਅਥਵਾ ਭਿੰਡਰਾਂ ਵਲਿਆਂ ਤੋਂ ਕੋਈ ਸੱਜਣ ਪੁੱਛ ਵੇਖੇ ਕਿ, ਕੇਵਲ ਵੀਰਯ ਦੀ ਬੂੰਦ ਤੋਂ ਜਨਮਿਆ ‘ਮਹਾਂਕਾਲ’ ਅਕਾਲ ਉਸਤਤਿ ਦੇ ਲਿਖਾਰੀ ਦਾ ਇਸ਼ਟ ਕਿਵੇਂ ਬਣਿਆ ਗਿਆ ਸੀ?

(ਲਿਖਾਰੀ ਅਨੁਸਾਰ) ਸਤਿਗੁਰੂ ਜੀ ਨੇ ਮਨੁੱਖ-ਮਹਾਂਕਾਲ ਨੂੰ ਸਿਆਣਪ ਨਾਲ ਟਾਲ ਦਿੱਤਾ। ਦੀਵਾਨ ਵਿੱਚ ਕੀਰਤਨ ਦਾ ਭੋਗ ਪੈ ਗਿਆ ਤੇ ਸਾਰੀ ਸੰਗਤ ਆਪਣੇ ਆਪਣੇ ਘਰਾਂ ਨੂੰ ਤੁਰ ਗਈ। “ਮਹਾਂਕਾਲ” ਤੋਂ ਬਣੇ ਉਸ ਸਿੱਖ ਨੇ ਬੜਾ ਸਖ਼ਤ ਅਫ਼ਸੋਸ ਪ੍ਰਗਟਾਉਂਦਿਆਂ ਜਾਂਦੇ ਹੋਏ ਨੇ ਇਉਂ ਆਖਿਆ – “ਮੇਰੀ ਗ਼ਰੀਬ ਦੀ ਬੇਨਤੀ ਪਰਵਾਨ ਨਹੀਂ ਕੀਤੀ ਹੱਛਾ ਤੁਹਾਡੀ ਮਰਜ਼ੀ”। ਏਨੇ ਨੂੰ ਅਗੋਂ ਘੋੜੇ ਤੇ ਚੜ੍ਹੇ ਆਉਂਦੇ ਬਾਬਾ ਗੁਰਦਿੱਤਾ ਜੀ ਨੂੰ ਵੇਖ ਲਿਆ। (ਬ੍ਰਾਹਮਣੀ ਝੂਠ ਤੋਂ ਜਨਮੇ ਮਹਾਂ ਕੁਟਲ ‘ਮਹਾਂਕਾਲ’ ਨੇ ਝੱਟ ਮਨ ਬਣਾ ਲਿਆ- `ਚਲੋ ਪਿਉ ਨਹੀਂ ਤਾਂ ਪੁੱਤ੍ਰ ਹੀ ਸਹੀ। ‘ਮਾਤਾ ਤੋਂ ਬਿਨਾ ਕੇਵਲ ਵੀਰਯ ਦੀ ਬੂੰਦ ਤੋਂ ਜਨਮ ਧਾਰ ਬੈਠੇ ‘ਮਹਾਂਕਾਲ’ ਜੀ ਨੇ, ‘ਨਿਰਸੰਦੇਹ ਬਦਲਾ ਲਊ ਭਾਵਣਾ ਨਾਲ’ ਆਪਣੀ ਬੇਟੀ ਜਿਸ ਨੂੰ ਪਿਤਾ ਨਾਲ ਵਿਆਹ ਕੇ ਬਾਬਾ ਗੁਰਦਿੱਤਾ ਜੀ ਦੀ ‘ਮਾਤਾ’ ਬਣਾ ਰਿਹਾ ਸੀ, ਉਸੇ ਲਾਡਲੀ ਧੀ ਨੂੰ ਹੁਣ ਗੁਰਦੇਵ ਜੀ ਪਤਨੀ ਦੇ ਥਾਂ ‘ਨੋਂਹ ਰਾਣੀ’ ? ਮਨੁੱਖ-ਮਹਾਂਕਾਲ ਬਾਬਾ ਗੁਰਦਿਤਾ ਜੀ ਵਲ ਨੂੰ ਹੋ ਤੁਰਿਆ। ਲਿਖਾਰੀ ਅਨੁਸਾਰ- “ਤਾਹਿ ਸਿੱਖ ਪਗ ਬੰਦਨ ਧਾਰੀ” ਭਾਵ () ਭੇਖੀ ਸਿੱਖ ਦਾ ਰੂਪ ਧਾਰ ਆਏ ਬਹੁਰੂਪੀਏ ਮਹਾਂਕਲ ਨੇ ਬਾਬਾ ਜੀ ਨੂੰ ਨਮਸਕਾਰ ਜਾ ਕੀਤੀ ਤਾਂ ਬਾਬਾ ਗੁਰਦਿੱਤਾ ਜੀ ਨੇ ਬੜੀ ਧੀਰਜ ਨਾਲ ਸਾਰੀ ਵਾਰਤਾ ਸੁਣ ਕੇ (ਲਿਖਾਰੀ ਅਨੁਸਾਰ) ਇਉਂ ਆਖਿਆ- “ਅਪਨ ਸੁਤਾ ਮਮ ਦੀਜੀਏ ਦੁਰਲੱਭ ਮਿਲਨ ਸਰੀਰ” -ਭਾਵ, ਮਸਾਂ ਹੀ ਤਾਂ ਇਹ ਸਰੀਰ ਮਿਲਿਆ ਹੈ? (ਕਰ ਲਈਏ ਸਾਰੀਆਂ ਸੱਧਰਾਂ ਪੂਰੀਆਂ ਸੋ) ਤੁਸੀਂ ਆਪਣੀ ਬੇਟੀ ਮੈਨੁੰ ਦੇ ਦਿਉ” ਇਉ ਕਹਿ ਕੇ ਘੋੜੇ ਤੋਂ ਉੱਤਰੇ ਤੇ ਉਸ ਦੀ ਬਾਂਹ ਜਾ ਫੜੀ। ਘਰ ਆ ਕੇ ਸਾਰੀ ਗਲ ਕਹਿ ਸੁਣਾਈ। ਤਾਂ ਲਿਖਾਰੀ ਅਨੁਸਾਰ ਉਸ ਸਮੇ- “ਬਾਬੇ ਭਾਲਿ ਮਨੋ ਛਬਿ ਛਾਕੀ”। ਵੇਦਾਂਤੀ ਜੀ ਦੇ ਲਿਖੇ ਅਰਥ:- ਬਾਬੇ ਗੁਰਦਿਤੇ ਜੀ ਦੇ ਮੱਥੇ ਤੇ ਸੁੰਦਰਤਾ ਸੁਭਾਇਮਾਨ ਹੋ ਰਹੀ ਸੀ। (ਚੌਪਈ 218-ਸਫ਼ਾ-761 ਤੱਕ।)

ਇੱਕ ਹੋਰ ਨੋਂਹ ਆਉਂਦੀ ਸੁਣੀ ਤਾਂ ਮਾਤਵਾਂ ਨੇ- ‘ਦੋਊ ਮਾਤ ਅਸ ਬੈਨ ਅਲਾਏ। ਹੇ ਸੁਤ ਕੀਜੇ ਦੇਰਿ ਮਿਟਾਏ॥ 218. ਜਦੋਂ ਬਾਬਾ ਗੁਰਦਿੱਤਾ ਜੀ ਦੀ ਗਲ ਸੁਣੀ ਤਾਂ ਦੋਹਾਂ ਮਾਤਾਵਾਂ (ਮਾਤਾ ‘ਦਮੋਦਰੀ’ ਤੇ ਮਾਤਾ ‘ਮਰਵਾਹੀ’ ) ਨੇ ਆਖਿਆ ਹੇ -ਪੱਤ੍ਰ ਸ਼ਾਦੀ ਕਰਨ ਵਿੱਚ ਜ਼ਰਾ ਵੀ ਢਿੱਲ ਨਹੀਂ ਹੋਣੀ ਚਾਹੀਦੀ, ਜਿੰਨਾ ਮਰਜ਼ੀ ਹੈ ਧਨ ਲੈ ਲਵੋ ਤੇ ਝੱਟ ਸਾਰੀਆਂ ਤਿਆਰੀਆਂ ਕਰ ਲਵੋ। ਮਾਤਾਵਾਂ ਦੇ ਇਨ੍ਹਾਂ ਬਚਨਾਂ ਤੋਂ ਮਹਾਂਕਾਲ ਦੇ ਮਨ ਵਿਚੋਂ ਆਪਣੀ ਕੁਟਲ ਯੋਜਨਾਂ ਨਾਕਾਮ ਰਹਿਣ ਦਾ ਤੌਖ਼ਲਾ ਜਾਂਦਾ ਰਿਹਾ। (ਚੌਪਈ-220 ਤੱਕ)

ਮਾਤਾਵਾਂ ਦੇ ਸੱਦੇ ਤੇ- “ਗਾਵਤ ਨਾਰ ਬ੍ਯੰਤ” -ਬੇਅੰਤ ਇਸਤ੍ਰੀਆਂ ਆ ਜੁੜੀਆਂ ਤੇ ਹਰ ਪਾਸ਼ੇ ਖ਼ੁਸ਼ੀਆਂ ਭਰੇ ਗੀਤ ਗਿਧੇ ਤੇ ਨਾਚ? ਖੂਬ ਗੜਗੱਜ ਰੌਣਕਾਂ ਲੱਗ ਗਈਆਂ ਉਸ ਗੁਰੂ-ਘਰ ਵਿੱਚ ਜਿਥੋਂ ਜਗਤ ਨੂੰ ਇਹ ਉਪਦੇਸ਼ ਮਿਲਿਆ ਕਰਦਾ ਸੀ। - “ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ॥” {1004॥ ਅਗਲੀ ਸਵੇਰ ਬਾਬਾ ਗੁਰਦਿੱਤਾ ਜੀ ਨੇ ਮਾਇਆ ਦੇ ਗੱਫੇ ਦੇ ਕੇ ਬਹੁਤ ਸਾਰੇ ਦਾਸ ਵਿਆਹ ਦੀ ਸਮੱਗ੍ਰੀ ਖ਼ਰੀਦਣ ਲਈ ਭੇਜ ਦਿੱਤੇ। ਜਦੋਂ ਦੋ ਪਹਿਰ ਦਿਨ ਬੀਤਿਆ ਤਾਂ ਬਾਬਾ ਜੀ ਦੇ ਸਿੱਖ ਸ਼ਿਕਾਰ ਨੂੰ ਨਿਕਲ ਤੁਰੇ। ਮਹਾਂਕਾਲ ਜੀ ਨੇ ਗੁਰੂਪਰਵਾਰ ਨਾਲ ਨਿਆਰੀ ਖੇਡ ਕਰ ਵਿਖਾਈ:- “ਕਾਲ ਮਹਾ ਕਰਿ ਆਇਸੁ ਜੁ ਛਿਤ ਧੇਨੁ ਕੀਯੋ ਬਪੁ ਜਾਨ ਨ ਕੋਈ॥ 233॥ (ਸਫ਼ਾ-762) ਭਾਵ- “ਮਹਾਂ ਕਾਲ ਦੀ ਆਗਿਆ ਨਾਲ ਧਰਤੀ ਨੇ ਗਊ ਦਾ ਰੂਪ ਧਾਰਨ ਕਰ ਲਿਆ ਤੇ ਸ਼ਿਕਾਰੀਆਂ ਨੂੰ ਮਿਰਗ ਦਾ ਭੁਲੇਖਾ ਪਾਉਣ ਹਿਤ (ਗੁਪਤੀ ਹੀ ਸ਼ਿਕਾਰ ਗਾਹ ਵਿੱਚ ਜਾ ਬੈਠੀ)। ਸਿਖਾਂ ਨੇ ਹਰਨ ਸਮਝ ਕੇ ਬੰਦੂਕ ਦਾਗ਼ ਦਿੱਤੀ। “ਧਰਤੀ-ਗਊ ਇਉਂ ਡਿੱਗ ਲੇਟੀ ਜਿਵੇਂ ਮਰ ਗਈ ਹੋਵੇ?” ਪਹਾੜੀਆਂ ਨੇ ਸਮਝਿਆ ਕਿ ਗਊ ਮਾਤਾ ਨੂੰ ਸਿਖਾਂ ਨੇ ਜਾਨੋ ਮਾਰ ਦਿੱਤਾ ਹੈ। ਰੌਲਾ ਪਾਉਂਦੇ ਆ ਪਏ ਤੇ ਸਿਖਾਂ ਨੂੰ ਘੇਰ ਕੇ ਕਾਬੂ ਕਰ ਲਿਆ। ਉਸ ਪਖੰਡਣ ਗਊ ਦੇ ਵੱਟੇ ਸਿੱਖ ਸਗੋਂ ਬੜਾ ਦੁੱਧ ਦੇਣ ਵਾਲੀ ਵਧੀਆ ਗਊ ਦੇਣ ਲਈ ਤਰਲੇ ਲੈ ਰਹੇ ਸਨ। ਪਰ ਪਹਾੜੀਏ ਜ਼ਿਦ ਕਰਦੇ ਸਨ ਕਿ ਜਾਂ ਉਹੀ ਗਊ ਜੀਊਂਦੀ ਕਰ ਦਿਉ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਉ। ਲਿਖਾਰੀ ਨੇ ਸਿੱਖਾਂ ਨੂੰ ਬੜੀ ਕੁੜਿਕੀ ਵਿੱਚ ਫਸਿਆਂ ਅਰਦਾਸਾਂ ਕਰਦੇ ਇਉਂ ਦਰਸਾਇਆ ਹੈ:-

ਦੋਹਰਾ॥ ਬਾਬਾ ਜੀ ਰੱਛਾ ਕਰੋ ਹਮਰੀ ਚਾਹ ਪੁਰਾਇ।

ਦੇਖੈ ਨੈਨ ਵਿਵਾਹੁ ਤੁਮ, ਦੀਜੈ ਗਾਇ ਜਿਵਾਇ॥ 238॥

(ਭਾਵ ਸਿਖ ਤਰਲੇ ਕਰ ਰਹੇ ਸਨ ਕਿ ਸਾਡੀ ਰਖਿਆ ਲਈ ਗਊ ਨੂੰ ਸੁਰਜੀਤ ਕਰ ਦਿਉ ਅਸੀਂ ਵੀ ਤੁਹਾਡਾ ਵਿਆਹ ਆ ਵੇਖੀਏ” )। ਬਾਬਾ ਜੀ ਝੱਟ ਜਾ ਪੁੱਜੇ। ਪਹਾੜੀਆਂ ਨੇ ਬਾਬਾ ਜੀ ਨੂੰ ਦੱਸਿਆ ਕਿ ਘਾ ਚਰਦੀ ਗਊ ਏਧਰ ਆ ਨਿਕਲੀ ਤੇ ਸਿਖਾਂ ਨੇ ਜਾਨੋ ਹੀ ਮਾਰ ਮੁਕਾਈ? ਬਾਬਾ ਜੀ ਨੇ ਆਪਣੇ ਹਥ ਵਿੱਚ ਫੜੀ ਨਿੱਮ ਦੀ ਸੋਟੀ ਗਊ ਨੂੰ ਛੁਹਾ ਕੇ ਆਖਿਆ:-

ਦੋਹਰਾ॥ ਉਠੋ ਮਾਤ ਨਿੰਦ੍ਰਾ ਤਜੋ ਸੇਵਕ ਕਰੋ ਸਹਾਇ।

ਭਗਤ ਸਿੰਘ ਤੱਤਛਿਨ ਉਠੀ ਸੁਨਤ ਬੈਨ ਇਮ ਗਾਇ॥ 243॥

ਅਰਥ:-"ਹੇ ਮਾਤਾ ਜੀ! ਨੀਂਦਰ ਤਿਆਗ ਕੇ ਸਵੇਕਾਂ ਦੀ ਸਹਾਇਤਾ ਕਰੋ "। ਇਹ ਬਚਨ ਸੁਣਦਿਆਂ ਸਾਰ ਗਊ ਝੱਟ ਉਠ ਪਈ। ਲਿਖਾਰੀ ਦੇ ਇਨ੍ਹਾਂ ਬਚਨਾਂ ਤੋਂ ਸਪੱਸ਼ਟ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਕੇਵਲ ਸੁੱਤੀ ਹੋਈ ਗਊ ਨੂੰ ਜਗਾਇਆ ਹੀ ਸੀ। ਗਊ ਮਰੀ ਤਾਂ ਹੈ ਹੀ ਨਹੀਂ ਸੀ। ਤਦੇ ਹੀ ਉਸ ਨੇ ਬਾਬਾ ਜੀ ਦੇ ਬਚਨ ਸੁਣਦਿਆਂ ਸਾਰ ਉੱਠ ਬੈਠੀ ਸੀ। ਪਹਾੜੀਆਂ ਨੇ ਗਊ ਨੂੰ ਘਾ ਖਾਂਦੀ ਵੇਖ ਕੇ ਸਾਰੇ ਸਿੱਖ ਛੱਡ ਦਿੱਤੇ। ਕਿਸੇ ਨੇ ‘ਘਟਿ ਘਟਿ ਜਾਨਨਹਾਰ ਦਯਾਲਾ’ ਗੁਰੂ ਜੀ ਨੂੰ ਜਾ ਆਖਿਆ ਕਿ ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਊ ਸੁਰਜੀਤ ਕਰ ਦਿੱਤੀ ਹੈ। ਹੈਰਾਨੀ ਹੈ ਕਿ ਲਿਖਾਰੀ ਗੁਰੁ ਜੀ ਨੂੰ “ਘਟਿ ਘਟਿ ਦੇ ਜਾਨਨਹਾਰ” ਵੀ ਕਹੀ ਜਾ ਰਿਹਾ ਹੈ ਪਰ ਮਨੁੱਖ ਰੂਪ ਧਾਰ ਕੇ ਆਪਣੀ ਬੇਟੀ ਦਾ ਰਿਸ਼ਤਾ ਕਰਨ ਆਏ ਮਹਾਂਕਾਲ ਨਾਲ ਗੱਲਾਂ ਕਰਦੇ ਰਹੇ ਗੁਰੂ ਜੀ ਉਸ ਦੀ ਅਸਲੀਅਤ ਨਾ ਪਛਾਣ ਸਕੇ? ਹੁਣ ਇਹ ਵੀ ਭੁੱਲ ਗਏ ਕਿ ਗਊ ਦਾ ਰੂਪ ਧਾਰ ਆਈ ‘ਧਰਤੀ-ਗਊ’ ਮਰੀ ਨਹੀਂ ਸੀ ਸਗੋਂ ਪਖੰਡ ਰਚਾ ਸੁੱਤੀ ਹੋਈ ਸੀ। ਅਜੇਹੇ ਸਾਰੇ ਠੱਗ ਵਰਤਾਰੇ ਤੋਂ ਅਣਜਾਣ ਗੁਰਦੇਵ ਜੀ ਬਾਰੇ ਲਿਖਾਰੀ ਦੇ ਬਚਨ-"ਹਰਿਗੋਵਿੰਦ ਐਸੇ ਸੁਨਿ ਬਾਨੀ। ਬਾਬੇ ਕੇ ਢਿਗ ਮ੍ਰਿਤ ਪਛਾਨੀ॥ " ਚੁਗਲੀ ਸੁਣਦਿਆਂ ਸਾਰ ਗੁਰੂ ਜੀ ਨੇ ਬਾਬੇ ਗੁਰਦਿਤੇ ਦੇ ਨੇੜੇ ਮੌਤ ਆ ਢੁੱਕੀ ਵੇਖ ਲਈ। (ਫਿਰ ਕੀ ਗੁਰਦੇਵ ਜੀ ਜਾਣ ਬੁਝ ਕੇ ਚੁੱਪ ਰਹੇ? ਨਹੀਂ ਬ੍ਰਹਮਾ ਰਾਮ, ਕ੍ਰਿਸ਼ਨ, ਮਹਾਂਕਾਲ ਆਦਿ ਆਪਣੇ ਇਸ਼ਟਾਂ ਨੂੰ ਆਪਣੀ ਮਰਜ਼ੀ ਦੇ ਨਾਚ ਨਚਾਉਂਦਾ ਰਿਹਾ ਬਿਪ੍ਰ ਲਿਖਾਰੀ, ਪਾਤ੍ਰ ਬਣਾਏ ਸਤਿਗੁਰੂ ਜੀ ਨੂੰ ਆਪਣੀ ਵਿਉਂਤ ਅਨੁਸਾਰ ਵਰਤ ਰਿਹਾ ਹੈ) -

ਡੇਢ ਪਹਿਰ ਦਿਨ ਰਹਿੰਦਾ ਸੀ ਜਦ ਉਹੀ ‘ਨਿਮ ਦੀ ਸੋਟੀ’ ਜਿਹੜੀ ਗਊ ਨੂੰ ਛੁਹਾਈ ਤਾਂ ਉਹ ਉੱਠ ਬੈਠੀ ਸੀ. ਗਊ ਹੱਥ ਵਿੱਚ ਫੜੀ ਬਾਬਾ ਗੁਰਦਿਤਾ ਨੇ ਆ ਕੇ ਪਿਤਾ ਗੁਰਦੇਵ ਜੀ ਨੂੰ ਨਮਸਕਾਰ ਕੀਤੀ ਤੇ ਸਨਮੁਖ ਹੱਥ ਜੋੜ ਖਲੋਤੇ। ਲਿਖਾਰੀ ਨੇ ਦਰਸਾਏ ਗੁਰਦੇਵ ਜੀ ਦੇ ਬਚਨ-"ਮ੍ਰਿਤ ਜਿਵਾਈ ਧੇਨੁ ਤੁਮ ਬਲੁ ਨਹਿ ਸਕੋ ਸੰਭਾਰ”॥ 248} ਏਨੀ ਸ਼ਕਤੀ ਆ ਗਈ ਕਿ ਮਰੀ ਹੋਈ ਗਾਂ ਸੁਰਜੀਤ ਕਰਨ ਜਿਹੀ ਕਰਾਮਾਤ ਵਿਖਾਉਣ ਲਗ ਪਏ? - “ਨਾਹਿ ਸਮਾਵੈ ਏਕ ਮਿਆਨ। ਦੋਇ ਤੇਗ਼”, ਕਹਿ ਕ੍ਰਿਪਾ ਨਿਧਾਨ॥ 249॥ -ਕ੍ਰਿਪਾ ਦੇ ਖ਼ਜ਼ਾਨੇ (ਗੁਰਦੇਵ ਜੀ ਨੇ) ਆਖਿਆ ਇੱਕ ਮਿਆਨ ਵਿੱਚ ਦੋ ਤੇਗਾਂ ਕਿਵੇਂ ਰਹਿ ਸਕਦੀਆਂ ਹਨ? ਜਾਂ ਤੂੰ ਰਹਿ ਤੇ ਜਾਂ ਮੈਂ ਰਹਾਂ? " ਲਿਖਾਰੀ ਨੇ ਗੁਰਦੇਵ ਨੂੰ ਕ੍ਰਿਪਾ ਦੇ ਖ਼ਜ਼ਾਨੇ ਆਖ ਕੇ ਨਾਲ ਹੀ `ਤੇਗ਼’ ਆਖ਼ ਲਿਆ ਜੋ ਕੇਵਲ ਵੱਢ ਟੁੱਕ ਹੀ ਕਰਨ ਜੋਗ ਹੁੰਦੀ ਹੈ? । (ਚੌਪਈ 249)

ਸੁੱਤੇ ਨੂੰ ਤਾਂ ਭਾਂਵੇ ਕੋਈ ਜਗਾ ਹੀ ਲਵੇ ਪਰ- “ਸਤਿਗੁਰੁ ਜਾਗਤਾ ਹੈ ਦੇਉ॥” ਸਦਾ ਜਾਗਦੇ ਪਿਤਾ ਗੁਰਦੇਵ ਜੀ ਨੂੰ ਬਾਬਾ ਜੀ ਨੇ ਕੀ ਆਖਣਾ ਸੀ? ਚੁਪਚਾਪ ਆਪਣੇ ਅਂਤਰਯਾਮੀ ਪਿਤਾ ਗੁਰਦੇਵ ਜੀ ਦੀ ਪਰਕ੍ਰਮਾ ਕੀਤੀ ਤੇ ਬਾਬਾ ਬੁੱਢਣਸ਼ਾਹ ਦੇ ਅਸਥਾਨ ਦੇ ਨੇੜੇ ਦੇ ਸੁੰਦਰ ਆਸਥਾਨ ਕੋਲ ਜਾ ਖਲੋਤੇ। ਸੁੱਤੀ “ਧਰਤੀ-ਗਊ” ਨੂੰ ਜਗਾਉਣ ਲਈ ਵਰਤੀ ਆਪਣੇ ਹੱਥ ਵਿਚਲੀ ਨਿਮ ਦੀ ਉਸੇ ਸੋਟੀ ਨੂੰ ਧਰਤੀ ਵਿੱਚ ਗੱਡਕੇ ਉਥੇ ਹੀ ਬੈਠ ਕੇ ‘ਜਪੁ ਜੀ’ ਬਾਣੀ ਦਾ ਪਾਠ ਕੀਤਾ। (252) ਤਾਂ ਜੋਤੀ ਜੋਤਿ ਸਮਾ ਚੁੱਕੇ ਗੁਰੂ ਸਾਹਿਬਾਨ ਨੂੰ ਜਮਦੂਤਾਂ ਵਾਲੀ ਸੇਵਾ ਤੇ ਲੱਗੇ ਦਰਸਾ ਰਿਹਾ ਲਿਖਾਰੀ:-

ਦੋਹਰਾ॥ ਪਾਂਚ ਗੁਰੂ ਸੁਤ ਲੈਨ ਕੋ ਆਏ ਹਰਖ ਧਰਾਇ।

ਕਰਿ ਉਸਤਤਿ ਐਸ ਕਹਾ ਅਬ ਨਿਜ ਧਾਮ ਸਿਧਾਇ॥ 253॥

ਅਰਥ:- ਪੰਜੇ ਗੁਰੂ ਸਾਹਿਬਾਨ, ਗੁਰੂ-ਸਪੁੱਤ੍ਰ ਨੂੰ ਬੜੇ ਸਨੇਹ ਨਾਲ ਲੈ ਜਾਣ ਲਈ ਆ ਗਏ। ਬਾਬਾ ਜੀ ਦੀ ਉਸਤਤਿ ਕਰਕੇ ਆਪਣੇ ਘਰ ਚਲਣ ਲਈ ਆਖਿਆ। 253. (ਸਫ਼ਾ 763) ਬਾਬਾ ਜੀ ਨੂੰ ਲਿਖਾਰੀ ਨੇ ਧਰਤੀ ਤੇ ਲੇਟ ਕੇ ਸਰੀਰ ਤਿਆਗਦੇ ਦਰਸਾ ਕੇ ਬ੍ਰਹਮਾ ਸ਼ਿਵ ਆਦਿ ਸਾਰਿਆਂ ਦੇਵਤਿਆਂ ਨੂੰ ਜੈਜੈ ਕਾਰਾਂ ਕਰਦੇ ਅਤੇ ਨਾਲ ਨਾਲ ਫੁੱਲਾਂ ਦੀ ਬਰਖਾ ਕਰਦੇ ਦਰਸਾਉਣ ਉਪਰੰਤ ਇਉਂ ਲਿਖ ਦਿੱਤਾ:-"ਇਹ ਬਿਧਿ ਬਾਬਾ ਨਿਜ ਧਾਮ ਸਿਧਾਯੋ। ਗੁਰੂ ਨਾਨਕ ਕੇ ਰੂਪ ਸਮਾਯੋ"॥ 256॥ (ਗੁ: ਪਾ: 6 ਸਫ਼ਾ 764 ਤੱਕ)

ਭਾਲ ਕਰ ਰਹੇ ਦਾਸ ਨੇ ਜਦ ਬਾਬਾ ਜੀ ਦਾ ਮਿਰਤਕ ਸਰੀਰ ਵੇਖਿਆ ਤਾਂ-1-ਹਾਏ ਹਾਏ ਕਰਕੇ ਰੋਣ ਲਗ ਪਿਆ (ਚੌਪਈ-257) -ਫਿਰ ਗੁਰਦੇਵ ਜੀ ਨੂੰ ਖ਼ਬਰ ਜਾ ਸੁਣਾਈ ਤਾਂ- 2-ਲਿਖਾਰੀ ਦੇ ਬਚਨ-"ਚਲੇ ਤੁਰਤ ਮਨਿ ਮੋਹ ਉਪਾਇ"। 259. (ਧਿਆਨ ਰਹੇ ਕਿ ਅਜੇਹੇ ਮੋਹ ਬਾਰੇ ਗੁਰਮਤਿ ਦਾ ਫ਼ੁਰਮਾਨ ਇਉਂ ਹੈ:-"ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ॥ 1॥ ਰਹਾਉ॥ (ਸ੍ਰੀ ਰਾ: ਮ: 5-ਅੰਕ 41/42) ਮਾਤਾਵਾਂ (ਦਮੋਦਰੀ ਦੇ ਮਰਵਾਹੀ ਜੀ) ਵੀ ਸੁਣ ਕੇ ਆ ਗਈਆਂ, ਤੇ ਬਾਬਾ ਗੁਰਦਿੱਤਾ ਜੀ ਦੇ ਮਿਰਤਕ ਸਰੀਰ ਨੂੰ ਵੇਖ ਕੇ-" ਤਜਿ ਧੀਰਜ ਸਭਿ ਬਹੁ ਬਿਸਮਾਇ"-ਗੁਰਮੁਖਾਂ ਵਾਲੀ ਧੀਰਜ ਭੁੱਲ ਭੁਲਾ ਕੇ ਬਹੁਤ ਵੈਰਾਗਵਾਨ ਹੋ ਗਈਆਂ-ਭਾਵ ਰੋਣ ਪਿਟਣ ਲੱਗ ਪਈਆਂ? (261) -

ਉਸੇ ਤਰ੍ਹਾਂ ਦੇ ਵੈਰਾਗ ਵਾਨ ਹੋਏ ਭਾਈ ਬਿਧੀ ਚੰਦ ਸਮੇਤ ਸਾਰੇ ਨਿਕਟ ਵਰਤੀ ਸਿਖ ਵੀ ਆ ਪੁੱਜੇ ਤਾਂ ਗੁਰਦੇਵ ਜੀ ਨੇ ਸਾਰਿਆਂ ਨੂੰ ਧੀਰਜ ਦਿੱਤੀ। -3- ਫਿਰ ਕਾਫ਼ੀ ਸਾਰਾ ਚੰਦਨ ਮੰਗਵਾ ਲਿਆ ਤੇ ਸਾਹਿਬਜ਼ਾਦਾ ਹਰਿਰਾਇ ਜੀ ਨੇ, ਪਰਚਲਤ ਰਿਵਾਜ ਅਨੁਸਾਰ ਚੰਦਨ ਦੀ ਚਿਖਾ ਤਿਆਰ ਕਰਵਾ ਲਈ। ਸਾਰਾ ਕੁੱਝ ਗੁਰਮਤਿ ਦੇ ਇਸ ਫ਼ੁਰਮਾਨ ਤੋਂ ਲਾਪਰਵਾਹ ਹੋਇਆਂ ਵਾਂਗ ਦਰਸਾਇਆ ਜਾ ਰਿਹਾ ਹੈ-"ਸੋਰਠਿ ਵਾਰ- ਮਃ 1॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ 2॥ {648} -4- ਸਾਹਿਬਜ਼ਾਦਾ ‘ਹਰਿਰਾਇ’ ਜੀ ਨੇ ਬਾਬੇ ਗੁਰਦਿੱਤਾ ਜੀ ਦੀ ਦੇਹ ਨੂੰ ਚਿਖਾ ਵਿੱਚ ਰੱਖਵਾ ਕੇ ਲਾਂਬੂ ਲਾ ਦਿੱਤਾ (264)। -5- ਬਾਬਕ ਰਾਗੀ ਮਾਰੂ ਰਾਗ ਦੇ ਸ਼ਬਦ ਗਾਇਨ ਕਰ ਰਿਹਾ ਸੀ ਤਾਂ -6- ਉਧਰ ਲੋਕਾਂ ਨੇ ਵੇਖਿਆ ਕਿ ਬਾਬਾ ਗੁਰਦਿੱਤਾ ਜੀ ਨੇ ਨਿੰਮ ਦੀ ਜਿਹੜੀ ਸੋਟੀ ਐਵੇਂ ਸਹਿਜ ਸੁਭਾ ਧਰਤੀ ਵਿੱਚ ਗੱਡ ਕੇ ਦੇਹ ਤਿਆਗ ਦਿੱਤੀ ਸੀ ਉਹ (ਇਨ੍ਹਾਂ ਦੋ ਘੜੀਆਂ ਵਿੱਚ ਹੀ) ਹਰੀ ਹੋ ਗਈ ਤੇ ਪੱਤੇ ਨਿਕਲ ਆਏ ਸਨ- “ਬਾਬੇ ਜੋ ਨਿਵਲਾਸ ਗਡਾਈ। ਹਰੀ ਹੋਇ ਤਿਹ ਪਾਤ ਉਪਾਈ” ਗੁਰੂ ਜੀ ਨੇ ਵੇਖਿਆ ਤਾਂ ਉਸ ਅਦਭੁਤ ਨਿੰਮ ਨੂੰ-7- ਇਹ ਵਰ ‘ਬਾਬੇ ਜੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਵਾਨ ਇਸ ਨਿੰਮ-ਰੁਖ ਵਿਚੋਂ ਕੇਵਲ ਬਾਬਾ ਜੀ ਦੇ ਦਰਸ਼ਨ ਹੀ ਨਹੀਂ ਕਰਦੇ ਸਗੋਂ ਮਨ ਦੀਆਂ ਮੁਰਾਦਾਂ ਵੀ ਪੂਰੀਆਂ ਕਰ ਮੁੜਿਆ ਕਰਨਗੇ। (265) (ਗੁਰਦੇਵ ਜੀ ਦੀ ਪਾਵਨ ਜ਼ਬਾਨ ਤੋਂ ਗੁਰਮਤਿ ਵਿਰੋਧੀ ਨਿੰਮ ਰੁੱਖ ਨੂੰ ਉਪਰੋਕਤ ਵਰ ਮਿਲੇ ਦਰਸਾ ਕੇ ਹੁਸ਼ਿਆਰ ਬ੍ਰਾਹਮਣ ਨੇ ਉਦਾਸੀ ਨਿਰਮਲਾ ਰੂਪ ਬ੍ਰਾਹਮਣ ਪੁਜਾਰੀਆਂ ਲਈ ਬੇਸ਼ੁਮਾਰ ਆਮਦਨ ਦਾ ਸਦੀਵੀ ਪ੍ਰਬੰਧ ਕਰ ਲਿਆ ਸੀ) -8- ਉਪਰੰਤ ਲਿਖਾਰੀ ਅਨੁਸਾਰ ਗੁਰੂ ਜੀ ਨੇ ਬਿਧੀ ਚਦ ਨੁੰ ਬੁਲਾ ਕੇ ਆਖਿਆ ਕਿ ਉਹ ਘਰ ਜਾ ਕੇ-9- ਤੇ ਵਿਆਹ ਲਈ ਘਰ ਵਿੱਚ ਖੰਡ ਗਿਉ ਆਦਿ ਜਿੰਨੀ ਵੀ ਸਮੱਗ੍ਰੀ ਆਈ ਹੋਈ ਹੈ ਉਸ ਸਾਰੀ ਦਾ ਬਹੁਤ ਸਾਰਾ ਕੜਾਹ ਤਿਆਰ ਕਰਕੇ ਛੇਤੀ ਤੋਂ ਛੇਤੀ ਲੈ ਆਵੇ ਤਾਂ -

ਦੋਹਰਾ॥ ਬਚਨ ਮਾਨ ਬਿਧੀਆ ਗਯੋ ਘਨੋ ਕੜਾਹੁ ਕਰਾਇ।

ਕਛੂ ਦੇਰਿ ਲਾਗੀ ਨਹੀਂ ਦਯਾਸਿੰਧ ਢਿਗ ਆਇ॥ 268॥ (ਸਫ਼ਾ-764)

ਬਿਧੀ ਚੰਦ ਨੇ ਬਿਨਾ ਦੇਰੀ ਦੇ ਕੜਾਹ ਤਿਆਰ ਕਰ ਲਿਆਇਆ। ਦੀਵਾਨ ਵਿੱਚ ਬੈਠੇ ਮਾਰੂ ਰਾਗ ਦੇ ਸ਼ਬਦ ਸੁਣ ਰਹੇ ਗੁਰਦੇਵ ਜੀ ਨੇ “ਮਧਿ ਕੜਾਹ ਊਚ ਥਾਂ ਰਾਖਾ” -ਕੜਾਹ ਨੂੰ ਵਿਚਕਾਰ ਉੱਚੀ ਥਾਂ ਤੇ ਰਖਵਾ ਲਿਆ। -7-ਸਾਹਿਬਜ਼ਾਦਾ ‘ਹਰਿਰਾਇ ਜੀ ਨੇ ਦੇਹ ਦਾ ਸਸਕਾਰ ਕੀਤਾ -8- ਤੇ ਇਸ਼ਨਾਨ ਕਰਕੇ ਸਾਰੇ ਸਿਖ ਸੇਵਾਦਾਰਾਂ ਸਮੇਤ ਗੁਰੂ ਜੀ ਦੇ ਕੋਲ ਆ ਬੈਠੇ। -9-ਲਿਖਾਰੀ ਦੇ ਲਿਖੇ ਅਨੁਸਾਰ- “ਗੁਰ ਨਾਨਕ ਜੋ ਰੀਤਿ ਠਹਰਾਈ। ਪੜ੍ਹਿ ਸੋਹਿਲਾ ਤਬ ਬਿਧੀਏ ਭਾਈ॥ 270॥ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਪਰਚਲਤ ਹੋ ਚੁੱਕੀ ਰੀਤ ਅਨੁਸਾਰ ਬਿਧੀ ਚੰਦ ਜੀ ਨੇ ਸੋਹਿਲਾ ਪੜ੍ਹਿਆ--10-ਅਰਦਾਸਾ ਸੋਧਿਆ ਜਾਣ ਉਪਰੰਤ-11- ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਗੁਰੁ ਜੀ ਦੇ ਗੁਰਮਤਿ ਵਿਰੋਧੀ ਇਹ ਬਚਨ-"ਆਂਧੀ ਬਰਖਾ ਹੋਇ ਅਨੰਤਾ। ਇਹ ਠਾਂ ਆਇ ਕੜਾਹੁ ਬਿਅੰਤਾ "॥ 271॥ (ਸਫ਼ਾ 765) ਭਾਵੇਂ ਕਿੱਨਾ ਵੀ ਮੀਂਹ ਹਨੇਰੀ ਦਾ ਤੁਫ਼ਾਨ ਹੋਵੇ ਇਸ ਥਾਂ ਬੇਅੰਤ ਕੜਾਹ ਆਉਂਦਾ ਹੀ ਰਹੇਗਾ। ਇਹ ਗੁਰਮਤਿ ਵਿਰੋਧੀ 'ਵਰ' ਸਤਿਗੁਰੂ ਜੀ ਦੀ ਰਸਨਾ ਤੋਂ ਦਰਸਾਉਣ ਉਪਰੰਤ ਗੁਰੂ ਜੀ ਨੂੰ ਘਰ ਚਲੇ ਗਏ ਦਰਸਾ ਦਿੱਤਾ। ਗੁਰਬਿਲਾਸ ਪਾ: 6 ਪੁਸਤਕ ਦੀ ਇਹ ਕਥਾ 300 ਵਰ੍ਹੇ ਨਿਰੰਤਰ ਸੁਣਦੇ ਰਹਿਣ ਤੋਂ ਲਿਖਾਰੀ ਦੇ ਸਾਰੇ ਗੁਰਮਤਿ ਵਿਰੋਧੀ ਬਚਨ ਅੱਜ ਸਤਿਗੁਰੂ ਜੀ ਦੇ ਆਪਣੇ ਫ਼ੁਰਮਾਨ ਬਣ ਚੁੱਕੇ ਹਨ।

ਆਪ ਛੇਵੇਂ ਗੁਰੂ ਨਾਨਕ ਭਾਵ ਗੱਦੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੌਜੂਦਗੀ ਵਿੱਚ ਗ੍ਰੰਥ ਦੀ ਗੁਰਿਆਈ ਦਾ ਭਾਵੇ ਕੋਈ ਅਰਥ ਨਹੀਂ ਸੀ ਪਰ ਗੁਰਮਤਿ ਦਾ ਘਾਤ ਕਰ ਰਹੇ ਲਿਖਾਰੀ ਨੇ ਬਾਬਾ ਗੁਰਦਿਤਾ ਜੀ ਨਿਮਿਤ ਗਰੁੜ ਪੁਰਾਣ ਦੇ ਥਾਂ ਗੁਰੂ ਗ੍ਰੰਥ ਦਾ ਪਾਠ ਕੀਤਾ ਵੀ ਜ਼ਰੂਰ ਦਰਸਾਉਣਾ ਸੀ। (ਪਰ ਕਥਿਤ ਤੌਰ ਤੇ) (ਗੁਰੁ) ਗ੍ਰੰਥ ਦੀ ਬੀੜ ਬਾਬਾ ਗੁਰਦਿੱਤਾ ਜੀ ਦੇ ਬੇਟੇ ਬਾਬਾ ਧੀਰਮਲ ਦੇ ਕੋਲ ਕਰਤਾਰ ਵਿਖੇ ਪਈ ਸੀ। ਇਸ ਕਾਰਨ ਇੱਕ ਦਾਸ ਨੂੰ ਬੁਲਾ ਕੇ ਗੁਰਦੇਵ ਜੀ ਨੇ ਸਮਝਾਇਆ ਕਿ ਬਿਨਾ ਰਤਾ ਵੀ ਸਮਾ ਆਜਾਈ ਗਵਾਇਆਂ. ਰਾਤ ਦਿਨ ਸਫ਼ਰ ਕਰਦਾ ਰਹਿ ਕੇ ਧੀਰਮਲ ਕੋਲ ਕਰਤਾਰਪੁਰੇ ਚਲਾ ਜਾਵੇ ਅਤੇ ਉਸ ਨੂੰ ਬਾਬੇ ਗੁਰਦਿਤੇ ਦੇ ਅਕਾਲ ਚਲਾਣੇ ਦੀ ਖ਼ਬਰ ਦੇਵੇ। ਫਿਰ ਤਾਕੀਦ ਕੀਤੀ, ਕਿਤੇ ‘ਧੀਰਮਲ’ ਉਥੇ ਹੀ ਸੋਗ ਮਨਾਉਣ ਨਾ ਬੈਠ ਜਾਵੇ ਸਗੋਂ ਆਪਣੀ ਮਾਤਾ (ਨੱਤੀ) ਨੂੰ ਨਾਲ ਲੈ ਕੇ ਛੇਤੀ ਸਾਡੇ ਕੋਲ ਆ ਜਾਵੇ।

" ਦੋ ਘੜੀਆਂ ਦਿਨ ਰਹਿੰਦਾ ਸੀ ਕਿ ਸੇਵਕ ਗੁਰੂ ਜੀ ਨੂੰ ਨਮਸਕਾਰ ਕਰਕੇ ਕਰਤਾਰ ਪੁਰੇ ਨੂੰ ਤੁਰ ਪਿਆ। ਰਾਤ ਦਿਨ ਨਿਰੰਤਰ ਤੁਰਿਆ ਰਹਿ ਕੇ ਕਰਤਾਰਪੁਰੇ ਜਾ ਪੁਜਿਆ। ‘ਧੀਰਮਲ’ ਨੂੰ ਨਮਸਕਾਰ ਕਰਕੇ ਬਾਬਾ ਗੁਰਦਿਤਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਾਈ ਤੇ ਆਖਿਆ ਕਿ ਬਾਬਾ ਜੀ ਨਿਮਿਤ ਪਾਠ ਕਰਨ ਲਈ ਗੁਰੂ ਗ੍ਰੰਥ ਦੀ ਬੀੜ ਅਤੇ ਆਪਣੀ ਮਾਤਾ (ਨੱਤੀ) ਜੀ ਨੂੰ ਨਾਲ ਲੈ ਚਲੇ। ਪਰ ਧੀਰ ਮਲ ਨੇ ਅਗੋਂ ਇਉਂ ਆਖਿਆ-"ਮੇਰਾ ਕੀ ਕੰਮ ਹੈ ਉਥੇ? ਆਪਣਾ ਘਰ ਛਡ ਤੁਰਨ ਵਿੱਚ ਮੈਂ ਲਾਜ ਮੰਨਦਾ ਹਾਂ। ਜਿਸ ਗੁਰੂਗ੍ਰੰਥ ਦੇ ਸਹਾਰੇ ਮੈ ਗੁਰਿਆਈ ਲੈਣੀ ਹੈ ਉਹ ਮੈ ਕਿਵੇਂ ਕਿਸੇ ਨੂੰ ਦੇ ਸਕਦਾ ਹਾਂ? । (279 ਚੌਪਈ-ਸਫ਼ਾ-765 ਤਕ) -ਸੇਵਕ ਨੇ ਧੀਰਮਲ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਘਰ ਘਾਟ ਨੇ ਨਾਲ ਨਹੀ ਜਾਣਾ ਗੁਰੂ ਦੀਨਾ ਨਾਥ ਗੁਰੂ ਪਰਮੇਸ਼ਰ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ। ਪਰ ਲਿਖਾਰੀ ਅਨੁਸਾਰ ਅਗੋਂ ਧੀਰਮਲ ਦੇ ਬਚਨ:-

ਚੌਪਈ॥ ਧੀਰਮਲ ਪੁਨ ਬੈਨ ਉਚਾਰੇ। ਦੀਨਾ ਨਾਥ ਝੂਠ ਬਚ ਸਾਰੇ।

ਗਯੋ ਭਾਜ ਧਨ ਧਾਮ ਤਜਾਇ। ਬਾਦਸ਼ਾਹ ਕੋ ਭੈ ਉਪਜਾਇ॥ 281॥

ਮੇਰੀ ਸੁਲਾਹ ਸ਼ਾਹ ਕੇ ਸੰਗਾ। ਜੇ ਤਹ ਜਾਉਂ ਹੋਇ ਪੁਨਿ ਜੰਗਾ। "

ਲੂਟੇ ਸਭਿ ਧਨ ਧਾਮ ਹਮਾਰੇ। ਤਾਂ ਤੇ ਜਾਊਂ ਨ ਗੁਰ ਨਿਕਟਾਰੇ॥ 282॥

ਟੂਕ ਵਿਚਲੇ ਪਦ ਅਰਥਾਂ ਦੇ ਅਧਾਰ ਤੇ:-ਧੀਰਮਲ ਨੇ ਅਗੋਂ ਇਉਂ ਆਖਿਆ-" ਸਤਿਗੁਰੂ ਜੀ ਨੂੰ ਗ਼ਰੀਬਾਂ ਦਾ ਮਾਲਕ ਕਹਿਣ ਵਾਲੇ ਸਾਰੇ ਬਚਨ ਝੂਠੇ ਹਨ। ਬਾਦਸ਼ਾਹ ਦੇ ਡਰੋਂ (ਅੰਮ੍ਰਿਤਸਰ ਵਿਚਲਾ) ਘਰਘਾਟ ਛੱਡ ਕੇ (ਕੀਰਤ ਪੁਰ ਜਾ ਵੱਸੇ ਹਨ। ਮੇਰੀ ਬਾਦਸ਼ਾਹ ਨਾਲ ਸੁਲਾਹ ਸਫ਼ਾਈ ਹੈ ਮੈ ਉਸ ਕੋਲ ਜਾ (ਸ਼ਕਾਇਤ ਕਰਾਂ) ਤਾਂ ਗੁਰੂ ਜੀ ਨਾਲ ਫਿਰ ਜੰਗ ਖੜਕ ਪੈਣੀ ਹੈ। ਸਾਰਾ ਧਨ ਤੇ ਘਰ ਲੁਟਾ ਭੱਜੇ ਇਸ ਗੁਰੂ ਦੇ ਨੇੜੇ ਮੈ ਕਿਉਂ ਜਾਵਾਂ?

ਗਾਥਾ ਵਿੱਚ ਲਿਖਾਰੀ ਵਲੋਂ ਦਰਸਾਏ ਸਭ ਕੁੱਝ ਨੂੰ ਅਖੀਆਂ ਬੰਦ ਕਰਕੇ ਸਚ ਮੰਨ ਲੈਣ ਲਈ ਹਿਰਦਾ ਤਿਆਰ ਨਾ ਹੋਇਆ। ਵੇਖਾਂ ਤੇ ਸਹੀ ਕਿ ਏਹੋ ਜੇਹੀ ਬਕੜਵਾਹ ਕਰਨ ਵਾਲੇ ਧੀਰਮਲ ਦੀ ਆਪਣੀ ਔਕਾਤ ਕੀ ਸੀ? ਕੀ ਉਹ ਵਿਆਹਿਆ ਵਰਿਆ ਅੱਡਰੇ ਘਰ ਘਾਟ ਵਾਲਾ ਸੁੱਤੰਤਰ ਗ੍ਰਿਹਸਤੀ ਬਣ ਚੁੱਕਿਆ ਹੋਇਆ ਸੀ?

ਗੁਰੂ ਹਰਗੋਬਿੰਦ ਸਾਹਿਬ ਜੀ ਦੇ 400 ਸਾਲਾ ਜਨਮ ਦਿਵਸ ਤੇ Release ਕਰਨ ਤੋਂ ਪਹਿਲਾਂ ਇਸ ਪੁਸਤਕ ਦੀ ਪੁਨਰ ਸੰਪਾਦਨਾ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ SGPC ਦੀ ਮੋਹਰ ਹੇਠ ਅਤੇ 12 ਸਿਰਮੋਰ ਹਸਤੀਆਂ ਦੇ ਪ੍ਰਸੰਸਾ ਪੱਤਰਾਂ ਸਹਿਤ ਪੁਸਤਕ ਨੂੰ ਸਿਖਾਂ ਲਈ ਬੜੀ ਲਾਹੇਵੰਦ ਹੋਣ ਦੀ ਭਰਪੂਰ ਪੁਸ਼ਟੀ ਕੀਤੀ ਹੋਈ ਹੈ। ਸੋ ਪੰਥਕ ਤੌਰ ਤੇ ਤਿਆਰ ਕੀਤੀ ਇਸ ਪੁਸਤਕ ਤੋਂ ਬਾਹਰੀ ਪੜਤਾਲ ਕਰਨ ਦੀ ਕੀ ਲੋੜ? ਗੁਰਬਿਲਾਸ ਦੇ 765 ਸਫ਼ੇ ਤੇ 272-273 ਨੰਬਰ ਦੋਹਰਿਆਂ ਵਿੱਚ ਲਿਖਾਰੀ ਨੇ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਦੀ ਮਿਤੀ- “ਅਸੂ ਸੁਦੀ 10 ਸੰਮਤ 1692 ਦਰਸਾਈ ਹੈ। ਅਤੇ ਬਾਬਾ ਧੀਰਮਲ ਦਾ ਜਨਮ? - ਗੁਰਬਿਲਾਸ ਪਾਤਸ਼ਾਹੀ 6- ਦੇ 17 ਅਧਿਆਇ ਦੇ 560 ਸਫ਼ੇ ਦੀ 48 ਨੰਬਰ ਚੌਪਈ ਵਿੱਚ ਬਾਬਾ ਧੀਰਮਲ ਦੇ ਜਨਮ ਦੀ ਮਿਤੀ ਸੰਮਤ 1683 ਛਨੀਵਾਰ ਦਾ ਲਿਖੀ ਹੈ। (ਮਹੀਨਾ ਲਿਖਣਾ ਲਿਖਾਰੀ ਕਿਉਂ ਭੁੱਲਿਆ ਅਤੇ ਸੰਪਾਦਨਾ ਕਰਤਾ ਵੇਦਾਂਤੀ ਜੀ ਵੀ ਕਿਉਂ ਚੁਪ ਰਹੇ? ਇਸ ਦੀ ਚਿੰਤਾ ਸਿਖਾਂ ਵਿਚੋਂ ਕੇਵਲ ਦਾਸਰੇ ਨੂੰ ਹੀ ਕਿਉਂ ਹੋਵੇ? ਲਿਖਾਰੀ ਦੇ ਆਪਣੇ ਹੀ ਲਿਖੇ ਅਨੁਸਾਰ ਉਸ ਸਮੇ ਧੀਰਮਲ ਦੀ ਉਮਰ ਕੇਵਲ 9 ਸਾਲ ਬਣਦੀ ਹੈ। 1-ਨੌ ਸਾਲ ਦਾ ਬਾਲਕ ਬਾਬਾ ਧਰੀਮਲ ਆਪਣੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਤੋਂ ਆਕੀ ਹੋ ਬੈਠਾ? ਗੁਰਬਿਲਾਸ ਵਿੱਚ ਲਿਖਾਰੀ ਦੇ ਅਪਣੇ ਲਿਖੇ ਅਨੁਸਾਰ ਹੀ-2-ਧੀਰਮਲ ਦਿੱਲੀ ਦੇ ਮੁਗ਼ਲ ਤਾਜਦਾਰ ‘ਸ਼ਾਹਜਹਾਨ ਦਾ ਨੇੜੂ ਅਥਵਾ ਇਤਬਾਰੀ ਸਜੱਣ- ਸਲਾਹ ਕਾਰ ਅਤੇ -3- ਪੈਂਦੇਖ਼ਾਂ ਪਠਾਣ ਦਾ ਸੂਹੀਆ ਅਤੇ ਸਹਾਇਕ ਬਣ ਗਿਆ ਜੋ ਸ੍ਰੀ ਗੁਰੂਹਰਿਗੋਬਿੰਦ ਜੀ ਦਾ ਵੈਰੀ ਬਣ ਕੇ ਮੁਗ਼ਲੀਆ ਫ਼ੌਜਾਂ ਦਾ ਸਹਾਇਕ ਬਣ ਚੁੱਕਾ ਸੀ। ਇਹ ਸਾਰੀਆਂ ਗੱਲਾਂ ਮੰਨਣਯੋਗ ਨਹੀਂ ਹਨ। 300 ਸਾਲਾਂ ਵਿੱਚ ਅਸੀਂ ਅੱਜ ਤੱਕ ਅਸਲੀਅਤ ਦਾ ਪਤਾ ਕਰਨ ਦਾ ਯਤਨ ਹੀ ਨਾ ਕੀਤਾ? ਸਪੱਸ਼ਟ ਹੈ ਕਿ ਸਾਡੇ ਸਿਆਸੀ ਅਤੇ ਧਾਰਮਿਕ ਆਗੂ ਵੈਰੀਆਂ ਦੇ ਹੱਥਾਂ ਵਿੱਚ ਵਿੱਕ ਚੁੱਕੇ ਹੋਏ ਹੋਣ ਦੇ ਕਰਨ ਅਸਲੀਯਤ ਸਿਖਾਂ ਕੋਲੋਂ ਲੁਕਾਈ ਰੱਖੀ। ਅੱਜ ਇਹ ਕਹਿ ਕੇ ਚੁਪ ਕਰਾ ਰਹੇ ਹਨ ਕਿ ਸਚ ਬੋਲਿਆਂ ਸਾਡੀ ਬਦਨਾਮੀ ਹੋਵੇਗੀ? ।

ਉਪਰੋਕਤ ਪ੍ਰਸੰਗਾਂ ਵਿੱਚ ਦਾਸ ਨੇ ਬ੍ਰ੍ਰਾਹਮਣੀ ਕਿਰਿਆ ਕਰਮ ਨੂੰ ਉਚੇਚੇ ਤੌਰ ਤੇ ਨੰਬਰਾਂ ਨਾਲ ਉਜਾਗਰ ਕਰੀ ਰਖਿਆ ਹੈ। ਸਾਰੇ ਮੌਤ-ਪ੍ਰਸੰਗਾਂ ਵਿੱਚ ਦਰਸਾਇਆ ਹੋਣ ਤੋਂ ਗੁਰਬਾਣੀ ਦਾ ਮੰਤ੍ਰ ਪਾਠ ਸਾਡੇ ਲਈ ਗੁਰਮਤਿ ਮਰਿਯਾਦਾ ਬਣ ਗਈ ਹੈ। ਭਾਵੇਂ ਸਿੱਖਾਂ ਨੂੰ ਪਤਾ ਵੀ ਲਗ ਚੁੱਕਾ ਹੈ ਕਿ ਦਸਮ ਗ੍ਰੰਥ ਦਸ਼ਮੇਸ਼ ਜੀ ਦੀ ਕ੍ਰਿਤ ਨਹੀਂ ਹੈ ਪਰ ਕੇਵਲ ਪੁਜਾਰੀ ਵਾਦ ਦੀ ਸੀਨਾਜ਼ੋਰੀ ਤੋਂ ਅਸੀਂ ਕੁੱਝ ਨਹੀਂ ਕਰ ਸਕਣ ਲੱਗੇ। ਇਹ ਟੋਲਾ ਦਰਸਮਗ੍ਰੰਥ ਨੂੰ ਗੁਰੁ ਗ੍ਰੰਥ ਦੇ ਥਾਂ ਵਲ ਨੂੰ ਲਿਆਈ ਜਾ ਰਿਹਾ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਘਟਾਉਣ ਦਾ ਅਰਥ ਸਿਖੀ ਦਾ ਖ਼ਾਤਮਾ? ਹੌਂਕੇ ਤੇ ਹਾਵੇ ਹੀ ਰਹਿ ਗਏ ਸਾਡੇ ਪੱਲੇ- “ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ਼ ਸੇ। ਇਸ ਘਰ ਕੋ ਆਗ ਲੱਗੀ, ਘਰ ਕੇ ਚਰਾਗ਼ ਸੇ”॥

ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ॥

ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ॥ 7॥ {837}




.