.

ਮੇਰੇ ਕੋਲ਼ ਕੇਹੜੀ ਭੰਗੀਆ ਵਾਲ਼ੀ ਤੋਪ ਹੈ!

ਗਿਆਨੀ ਸੰਤੋਖ ਸਿੰਘ

ਕਿਲ੍ਹਾ ਜਮਰੌਦ ਵਾਂਗ ਹੀ ਬਚਪਨ ਤੋਂ ਭੰਗੀਆਂ ਵਾਲ਼ੀ ਇਤਿਹਾਸਕ ਤੋਪ ਨਾਲ਼ ਵੀ ਦਿਲਚਸਪੀ ਘਰ ਕਰੀ ਬੈਠੀ ਸੀ ਤੇ ਇਸਨੂੰ ਆਪਣੀਆਂ ਅੱਖਾਂ ਨਾਲ਼ ਵੇਖ ਕੇ ਫਿਰ ਇਸ ਬਾਰੇ ਡੀਗਾਂ ਮਾਰਨ ਦਾ ਮੌਕਾ ਮੈ ਕਿਵੇਂ ਗਵਾ ਲੈਂਦਾ! ਵੈਸੇ ਵੀ ਕਿਸੇ ਦੀ ਤਾਕਤ ਨੂੰ ਵਿਅੰਗਾਤਮਿਕ ਸ਼ਬਦਾਂ ਰਾਹੀ ਛੁਟਿਆਉਣਾ ਹੋਵੇ ਤਾਂ ਆਖ ਦਈਦਾ ਹੈ ਕਿ ਉਸ ਕੋਲ਼ ਕੇਹੜੀ ਭੰਗੀਆਂ ਵਾਲ਼ੀ ਤੋਪ ਹੈ ਜੇਹੜੀ ਸਾਡੇ ਤੇ ਦਾਗ ਦਊ! ਇੱਕ ਵਾਰੀਂ ਸੰਤ ਜਰਨੈਲ ਸਿੰਘ ਜੀ ਨੇ ਵੀ ਕੁੱਝ ਗੁੱਸੇ ਤੇ ਕੁੱਝ ਰੋਸੇ ਜਿਹੇ ਵਿੱਚ ਇਉਂ ਅਖਿਆ ਸੀ, “ਮੇਰੇ ਕੋਲ਼ ਆ ਕੇ ਆਖਦੇ ਨੇ ਕਿ ਸਾਡੇ ਪਿੰਡ ਫਲਾਣੇ ਗੁਰੂ ਸਾਹਿਬ ਦੀ ਬੇਹੁਰਮਤੀ ਕੀਤੀ ਹੈ। ਜਾਂ ਫਲਾਣੇ ਠਾਣੇਦਾਰ ਨੇ ਅਹਿ ਕੀਤਾ ਹੈ, ਅਹੁ ਕੀਤਾ ਹੈ। ਮੇਰੇ ਕੋਲ਼ ਆਕੇ ਦੱਸਦੇ ਓ, ਮੇਰੇ ਕੋਲ਼ ਕੇਹੜੀ ਭੰਗੀਆਂ ਵਾਲੀ ਤੋਪ ਹੈ ਜੇਹੜੀ ਮੈ ਚਲਾ ਦਊਂਗਾ! ਤੁਸੀਂ ਉਸ ਦੁਸ਼ਟ ਨੂੰ ਸੋਧਾ ਲਾ ਕੇ ਫੇਰ ਮੇਰੇ ਕੋਲ਼ ਆਓ; ਮੈ ਤੁਹਾਨੂੰ ਬਚਾਊਂ।”

ਮਹਾਨ ਕੋਸ਼ ਤੋਂ ਪਤਾ ਲੱਗਾ ਸੀ ਕਿ ਇਹ ਲਾਹੌਰ ਅਜਾਇਬ ਘਰ ਦੇ ਸਾਹਮਣੇ ਬਿਰਾਜਮਾਨ ਹੈ। ਬੜੇ ਸਾਲ ਅਜਾਇਬ ਘਰ ਤੇ ਚਿੜੀਆ ਘਰ ਨੂੰ ਮੈ ਇਕੋ ਚੀਜ ਹੀ ਸਮਝਦਾ ਰਿਹਾ ਸਾਂ। ਫਿਰ ਬਹੁਤ ਚਿਰ ਬਾਅਦ ਪਤਾ ਲੱਗਾ ਕਿ ਇਹ ਦੋਵੇਂ ਵਸਤੂਆਂ ਵੱਖ ਵੱਖ ਹੁੰਦੀਆਂ ਹਨ। ਡੇਹਰਾ ਸਾਹਿਬ ਦੇ ਬਾਹਰੋਂ ਥ੍ਰੀ ਵਹੀਲਰ ਵਾਲ਼ੇ ਨਾਲ਼ ਗੱਲ ਕੀਤੀ। ਉਸਨੇ ਅਜਾਇਬ ਘਰ ਤੱਕ ਦਾ ਪੰਝੀ ਰੁਪਈਏ ਭਾੜਾ ਦੱਸਿਆ। ਮੈ ਆਖਿਆ, “ਮੈ ਇਕੀ ਰੁਪਈਆਂ ਵਿੱਚ ਹਿੰਦਸਤਾਨੋਂ ਪਾਕਿਸਤਾਨ ਆ ਵੜਿਆ ਵਾਂ ਤੇ ਤੂੰ ਭਾਊ, ਲਾਹੌਰ ਦੇ ਵਿੱਚ ਹੀ ਜਾਣ ਲਈ ੨੫ ਮੰਗਦਾ ਏਂ!” “ਸਰਦਾਰ ਜੀ, ਏਨਾ ਹੀ ਰੇਟ ਹੈ। “ਉਸਨੇ ਕਾਰੋਬਾਰੀ ਲਹਿਜੇ ਵਿੱਚ ਜਵਾਬ ਮੋੜਿਆ।”

ਖ਼ੈਰ ਉਸਨੇ ਮੈਨੂੰ ਅਜਾਇਬ ਘਰ ਦੇ ਅੱਗੇ ਜਾ ਲਾਹਿਆ। ਅਜਾਇਬ ਘਰ ਤਾਂ ਬੰਦ ਹੋ ਚੁੱਕਿਆ ਸੀ। ਮੈ ਏਧਰ ਓਧਰ ਵੇਖਾਂ ਤੇ ਪੁੱਛਾਂ ਵੀ ਹਰੇਕ ਤੋਂ ਪਰ ਕੋਈ ਵੀ ਪੱਲਾ ਨਾ ਫੜਾਏ ਕਿਉਂਕਿ ਮੇਰੇ ਵਰਗੇ ਓਥੇ ਵੇਹਲੇ ਨਹੀ ਸਨ ਕਿ ਕਿਸੇ ਗਈ ਗੁਜ਼ਰੀ ਚੀਜ ਵਾਸਤੇ ਏਨਾ ਸਮਾ ਗਵਾਉਣ। ਏਧਰ ਓਧਰ ਫਿਰਦਿਆਂ ਇੱਕ ਬਹੁਤ ਸਾਰੀ ਵੱਡੀ ਤੋਪ ਤੇ ਨਿਗਾਹ ਪਈ। ਸਮਝ ਤਾਂ ਆ ਗਈ ਕਿ ਇਹੋ ਹੀ ਹੋਵੇਗੀ ਪਰ ਤਸੱਲੀ ਲਈ ਉਸ ਬਾਰੇ ਕਿਸੇ ਜਾਣਕਾਰੀ ਵਾਲ਼ੇ ਬੋਰਡ ਦੀ ਵਾਹਵਾ ਚਿਰ ਭਾਲ ਕਰਦਾ ਰਿਹਾ। ਫਿਰ ਨਿਕੇ, ਲੁਕਵੇਂ ਤੇ ਮੈਲ਼ੇ ਜਿਹੇ ਬੋਰਡ ਉਪਰ ਨਿਗਾਹ ਜਾ ਪਈ ਜੋ ਉਰਦੂ ਤੇ ਅੰਗ੍ਰੇਜ਼ੀ ਵਿੱਚ ਸੀ। ਅੰਗ੍ਰੇਜ਼ੀ ਮੈ ਅਧੀ ਪੱਚਧੀ ਉਠਾਲ਼ ਹੀ ਲੈਂਦਾ ਹਾਂ। ਪੜ੍ਹ ਕੇ ਤਸੱਲੀ ਹੋ ਗਈ ਕਿ ਏਹੋ ਹੀ ਜਗਤ ਪ੍ਰਸਿਧ ‘ਭੰਗੀਆਂ ਦੀ ਤੋਪ’ ਹੈ। ਮੁੜਦੇ ਹੋਏ ਮੈ ਤੁਰ ਕੇ ਹੀ ਗੁਰਦੁਆਰਾ ਡੇਹਰਾ ਸਾਹਿਬ ਪਹੁੰਚ ਗਿਆ।

ਇਤਿਹਾਸ ਪ੍ਰਸਿਧ ਇਹ ਤੋਪ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਨਾਲ਼, ਉਸ ਦੇ ਵਜ਼ੀਰ ਸ਼ਾਹਵਲੀ ਖਾਨ ਨੇ, ਹਿੰਦੂਆਂ ਦੇ ਘਰਾਂ ਤੋਂ ਪਿੱਤਲ਼ ਦੇ ਭਾਂਡੇ ਇਕੱਠੇ ਕਰਕੇ, ਸੰਨ ੧੭੫੭ ਵਿਚ, ਲਾਹੌਰ ਦੇ ਨਾਮੀ ਕਾਰੀਗਰ, ਸ਼ਾਹ ਨਜ਼ੀਰ ਤੋਂ ਬਣਵਾਈ ਸੀ; ਪਰ ਕਾਬਲ ਆਪਣੇ ਨਾਲ਼ ਨਹੀ ਸੀ ਲਿਜਾ ਸਕਿਆ। ਸੰਨ ੧੭੬੨ ਵਿੱਚ ਲਾਹੌਰ ਦੇ ਸੂਬੇਦਾਰ, ਖਵਾਜਾ ਉਬੇਦਬੇਗ, ਤੋਂ ਸ. ਹਰੀ ਸਿੰਘ ਭੰਗੀ ਨੇ ਖੋਹੀ। ਭੰਗੀਆਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਕੋਲ਼ ਆਈ। ਸ. ਚੜ੍ਹਤ ਸਿੰਘ ਤੋਂ ਛੱਤੇ ਦੇ ਪਠਾਣਾਂ ਨੇ ਖੋਹੀ। ਸੰਨ ੧੭੭੩ ਵਿੱਚ ਸ. ਝੰਡਾ ਸਿੰਘ ਭੰਗੀ ਨੇ ਛੱਤੇ ਦੇ ਪਠਾਣਾਂ ਤੋਂ ਜਿੱਤ ਕੇ ਇਸ ਦਾ ਨਾਂ ‘ਭੰਗੀਆਂ ਦੀ ਤੋਪ’ ਰੱਖਿਆ। ਪਹਿਲਾਂ ਇਸਦਾ ਨਾਂ ‘ਜ਼ਮਜ਼ਮ’ ਸੀ। ਭੰਗੀਆਂ ਤੋਂ ੧੮੦੨ ਵਿੱਚ ਮ. ਰਣਜੀਤ ਸਿੰਘ ਨੇ ਖੋਹੀ। ੨੧ ਦਸੰਬਰ ਸੰਨ ੧੮੪੫ ਨੂੰ ਫੇਰੂ ਸ਼ਹਿਰ ਦੇ ਜੰਗ ਵਿੱਚ ਅੰਗ੍ਰੇਜ਼ਾਂ ਨੇ ਸਿੱਖਾਂ ਤੋਂ ਖੋਹੀ। ਹੁਣ ਇਹ ਪੰਜਾਬ ਅਜਾਇਬ ਘਰ ਲਾਹੌਰ ਦੇ ਸਾਹਮਣੇ ਬਿਰਾਜ ਰਹੀ ਹੈ। ਇਸਦੀ ਲੰਬਾਈ ਸਾਢੇ ਚੌਦਾਂ ਫੁੱਟ ਤੇ ਮੁਖ ਦਾ ਛਿਦਰ (ਬੋਰ) ਸਾਢੇ ਨੌ ਇੰਚ ਹੈ।




.