.

ਸ਼ਬਦ ਸਿੰਘ: ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ

ਸਰਜੀਤ ਸਿੰਘ ਸੰਧੂ, ਯੂ. ਐੱਸ. ਏ.

ਸਿੱਖਾਂ ਵਿੱਚ ਬਹੁਤ ਸੱਜਣ ਇਹ ਭੁਲੇਖਾ ਖਾਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰੀ ਸਿੱਖ ਧਰਮ ਵਿੱਚ ਸ਼ਬਦ ਸਿੰਘ ਦੀ ਵਰਤੋਂ ਕੀਤੀ ਸੀ ਅਤੇ ਖੰਡੇਧਾਰ ਪਹੁਲ ਪਾਨ ਕਰਨ ਪਿਛੋਂ ਹੀ ਸਿੱਖ ਨੂੰ ਆਪਣੇ ਨਾਉਂ ਨਾਲ ਸਿੰਘ ਸ਼ਬਦ ਲਿਖਣ ਦਾ ਅਧਿਕਾਰ ਦਿੱਤਾ ਸੀ। ਤਵਾਰੀਖ ਗਵਾਹ ਹੈ ਕਿ ਮੁਗਲਾਂ ਦੇ ਰਾਜ ਸਮੇਂ ਬਹੁਤ ਸਾਰੇ ਰਾਜਪੂਤ ਮੁਗ਼ਲ ਰਾਜ ਦੇ ਸਮਰਥੱਕ ਸਨ ਅਤੇ ਉਹ ਵੀ ਆਪਣੇ ਨਾਉਂ ਨਾਲ ਸ਼ਬਦ ਸਿੰਘ ਲਿਖਦੇ ਸਨ। ਬਹੁਤ ਸਾਰੇ ਸਿੱਖਾਂ ਅਨੁਸਾਰ ਸਿੱਖ ਧਰਮ ਵਿੱਚ ਸ਼ਬਦ ਸਿੰਘ ਦੀ ਵਰਤੋਂ ਕੇਵਲ ੧੬੯੯ ਈ: ਦੀ ਵਿਸਾਖੀ ਤੋਂ ਹੀ ਅਰੰਭ ਹੋਈ ਸੀ। ਅਸੀਂ ਸ਼ਬਦ ਸਿੰਘ ਬਾਰੇ ਧਾਰਮਿਕ ਅਤੇ ਇਤਿਹਾਸਿਕ ਜਾਣਕਾਰੀ ਵਿਸਤਾਰ ਨਾਲ ਦੇਣ ਦਾ ਉਪਰਾਲਾ ਕਰ ਰਹੇ ਹਾਂ।

ਬੁੱਧ ਧਰਮ ਦੇ ਗ੍ਰੰਥ ਅੰਗੁਤ੍ਰਾ-ਨਿਕਾਇਆ ਵਿਚੋਂ ਸ: ਕਪੂਰ ਸਿੰਘ ਹਵਾਲਾ ਦੇਂਦਾ ਹੈ ਕਿ ਸਿੰਘਨਾਦ ਸ਼ੇਰ ਦੀ ਅਵਾਜ਼ ਚਾਰੇ ਪਾਸੇ ਤਿੰਨ ਵਾਰ ਗੂੰਜਦੀ ਹੈ ਅਤੇ ਛੋਟੇ ਜਾਨਵਰਾਂ ਨੂੰ ਆਪਣਾ ਬਚਾਅ ਕਰਨ ਲਈ ਰਸਤਾ ਛੱਡ ਦੇਣ ਦਾ ਇਸ਼ਾਰਾ ਕਰਦੀ ਹੈ। ਇੱਸ ਤੋਂ ਸਪਸ਼ਟ ਹੈ ਕਿ ਸਿੰਘ ਸ਼ਬਦ ਬੁੱਧ ਧਰਮ ਨੇ ਸਭ ਤੋਂ ਪਹਿਲਾਂ ਵਰਤੋਂ ਵਿੱਚ ਲਿਆਂਦਾ ਸੀ। ਗੁਰੂ ਗੋਬਿੰਦ ਸਿੰਘ ਨੇ ਕਰਤਾਰਪੁਰੀ ਬੀੜ, ਜੋ ਗੁਰੂ ਅਰਜਨ ਨੇ ੧੬੦੪ ਈ: ਵਿੱਚ ਤਿਆਰ ਕਰਵਾਈ ਸੀ, ਵਿੱਚ ਗੁਰੂ ਤੇਗ਼ ਬਹਾਦਰ ਦੀ ਬਾਣੀ ੧੭੦੬ ਈ: ਵਿੱਚ ਦਰਜ ਕਰਵਾ ਇੱਸ ਨੂੰ ਦਮਦਮੀ ਬੀੜ ਦਾ ਨਾਉਂ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਨੂੰ ੧੭੦੮ ਈ: ਵਿੱਚ ਗੁਰਗੱਦੀ ਦੇ ਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕੀਤਾ ਸੀ। ਗੁਰਬਾਣੀ ਦਾ ਰੱਸ ਮਾਨਣ ਵਾਲੇ ਗੁਰਮੁੱਖ ਜਾਣਦੇ ਹਨ ਕਿ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਸਿੰਘ ਦੀ ਵਰਤੋਂ ਕੀਤੀ ਮਿਲਦੀ ਹੈ। ਪਾਠਕਾਂ ਦੀ ਸੇਵਾ ਵਿੱਚ ਇਨ੍ਹਾਂ ਵਿਚੋਂ ਕੁੱਝ ਗੁਰੂ ਸਬਦ ਅਰਥਾਂ ਸਮੇਤ ਹੇਠਾਂ ਦਿੱਤੇ ਗਏ ਹਨ।

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨਾ ਨਾਸੈ॥

ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥ ੧॥ ਰਹਾਉ॥ ੧॥ ੧. ੧

ਬਿਲਾਵਲ ਸਧਨਾ ਜੀ ਅ: ਗ: ਗ: ਸ: ਪੰਨਾ ੮੫੭

ਅਰਥ: ਹੇ ਜਗਤ ਦੇ ਗੁਰੂ ਇੱਕੋਓ! ਜੇ ਮੈਂ ਮੰਦੇ ਕਰਮਾਂ ਦੇ ਸੰਸਕਾਰਾਂ ਕਾਰਨ ਹੁਣ ਵੀ ਮੰਦੇ ਕਰਮ ਕਰ ਦਾ ਰਿਹਾ ਤਾਂ ਤੇਰੀ ਸ਼ਰਨ ਵਿੱਚ ਆਉਣ ਦਾ ਕੀ ਫਲ ਮਿਲਿਆ। ਸ਼ੇਰ ਦੀ ਸ਼ਰਨ ਪੈਣ ਦਾ ਕੀ ਲਾਭ ਜੇ ਫਿਰ ਵੀ ਗਿੱਦੜ ਨੇ ਹੀ ਖਾ ਜਾਣਾ ਹੈ। ੧। ਰਹਾਉ।

ਭਗਤ ਸਧਨਾ ਦੇ ਕਿੰਨੇ ਸੁੱਚੇ ਵਿਚਾਰ ਹਨ ਕਿ ਇੱਕੋਓ ਸ਼ੇਰ ਹੈ। ਗੁਨ੍ਹਾਗਾਰ, ਜੋ ਇੱਕੋਓ ਦੀ ਸ਼ਰਨ ਵਿੱਚ ਆ ਕੇ ਚੰਗੇ ਕੰਮ ਕਰਨ ਲੱਗ ਪੈਂਦੇ ਹਨ, ਇੱਕੋਓ ਉਨ੍ਹਾਂ ਉੱਪਰ ਮਿਹਰ ਦਾ ਹੱਥ ਰੱਖ ਉਨ੍ਹਾਂ ਦੀ ਸਹਾਇਤਾ ਕਰਦਾ ਹੈ।

ਗੁਰੂ ਅਰਜਨ ਦਾ ਸਬਦ ਬਸੰਤ ਰਾਗ ਵਿਚੋਂ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤਾ ਗਿਆ ਹੈ।

ਸਿੰਘ ਰੁਚੈ ਸਦ ਭੋਜਨ ਮਾਸ॥ ਰਣੁ ਦੇਖਿ ਸੂਰੇ ਚਿਤ ਉਲਾਸ॥ ੩॥ ੨॥ ੧. ੨

ਬਸੰਤ ਮ: ੫ ਅ: ਗ: ਗ: ਸ: ਪੰਨਾ ੧੧੮੦

ਅਰਥ: ਮਾਸ ਦਾ ਭੋਜਨ ਸ਼ੇਰ ਨੂੰ ਖੁਸ਼ ਕਰਦਾ ਹੈ। ਜੁੱਧ ਵੇਖ ਕੇ ਸੂਰਮੇ ਦੇ ਚਿੱਤ ਵਿੱਚ ਜੋਸ਼ ਆਉਂਦਾ ਹੈ। ੩। ੨।

ਬਿਲਾਵਲ ਰਾਗ ਵਿਚੋਂ ਇੱਕ ਹੋਰ ਸਬਦ ਗੁਰੂ ਅਰਜਨ ਦਾ ਅਰਥਾਂ ਸਮੇਤ ਪਾਠਕਾਂ ਦੀ ਵਿਚਾਰ ਲਈ ਹੇਠਾਂ ਦਿੱਤਾ ਗਿਆ ਹੈ ਜਿੱਸ ਵਿੱਚ ਸਿੰਘ ਸ਼ਬਦ ਬੜੇ ਨਿਰਾਲੇ ਅਲੰਕਾਰ ਵਿੱਚ ਵਰਤਿਆ ਗਿਆ ਹੈ।

ਸਿੰਘ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ॥

ਸ੍ਰਮ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ॥ ੩॥ ੭॥ ੩੭॥ ੧. ੩

ਬਿਲਾਵਲ ਮ: ੫ ਸ: ਗ: ਗ: ਸ: ਪੰਨਾ ੮੦੯

ਅਰਥ: ਇੱਕੋਓ ਦੀ ਮਿਹਰ ਨਾਲ ਸ਼ੇਰ (ਅਹੰਕਾਰ) ਬਿੱਲ਼ੀ (ਨਿਮਰਤਾ) ਬਣ ਜਾਂਦਾ ਹੈ। ਤੀਲਾ (ਗਰੀਬੀ ਸਭਾਉ) ਸੁਮੇਰ ਪਰਬਤ (ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ। ਜੇ ਕੋਈ ਕੌਡੀ ਕੌਡੀ ਵਾਸਤੇ ਧੱਕੇ ਖਾਂਦਾ ਫਿਰਦਾ ਹੈ ਉਹ ਧਨਵੰਤ ਬਣ ਜਾਂਦਾ ਹੈ (ਮਾਇਆ ਤੋਂ ਬੇਮੁਹਤਾਜ ਹੋ ਜਾਂਦਾ ਹੈ)। ੩। ੭। ੩੭।

ਇਨ੍ਹਾਂ ਸਲੋਕਾਂ ਦੇ ਅਰਥਾਂ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸ਼ਬਦ ਸਿੰਘ ਦੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੋਂ ਬਾਰੇ ਜਾਣਦੇ ਸਨ। ਖੰਡੇਧਾਰ ਪਹੁਲ ਰਾਹੀਂ ਸਿੱਖ ਤੋਂ ਸਿੰਘ ਸਜਾਉਣ ਵੇਲੇ ਉਨ੍ਹਾਂ ਇਨ੍ਹਾਂ ਅਲੰਕਾਰਾਂ ਵੱਲ ਜ਼ਰੂਰ ਧਿਆਨ ਦਿੱਤਾ ਹੋਵੇਗਾ। ਗੁਰੂ ਗੋਬਿੰਦ ਸਿੰਘ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿਚੋਂ ਸਿੱਖ ਦੇ ਗੁਰਬਾਣੀ ਦੁਆਰਾ ਅੰਮ੍ਰਿਤ ਛੱਕਣ ਪਿਛੋਂ, ਉਸ ਦੇ ਗ੍ਰਿਹਣ ਕੀਤੇ ਗੁਣਾ ਨੂੰ ਖੰਡੇਧਾਰ ਪਹੁਲ ਦੀ ਪਾਣ ਚਾੜ੍ਹੀ ਸੀ ਅਤੇ ਸਿੰਘ ਦੀ ਸਾਜਣਾ ਕੀਤੀ ਸੀ। ਗੁਰੂ ਗੋਬਿੰਦ ਸਿੰਘ ਨੇ ਸਿੱਖ ਵਿੱਚ ਸ਼ੇਰ ਵਾਲੇ ਗੁਣਾਂ ਦੀ ਪਰਖ ਕਰਨ ਪਿਛੋਂ ਹੀ ਉਸ ਨੂੰ ਖੰਡੇਧਾਰ ਪਹੁਲ ਛਕਾਈ ਸੀ ਅਤੇ ਸ਼ਬਦ ਸਿੰਘ ਆਪਣੇ ਨਾਮ ਨਾਲ ਲਿਖਣ ਦੀ ਆਗਿਆ ਦਿੱਤੀ ਸੀ। ਭਾਰਤੀ ਸਮਾਜ ਵਿੱਚ ਹਿੰਦੂ ਧਰਮ ਦੀ ਦੇਣ ਸਰੀਰਕ ਛੂਤ-ਛਾਤ ਨੂੰ ਸਿੱਖ ਧਰਮ ਦੇ ਪਹਿਲੇ ਨੌਂ ਗੁਰੂ ਸਹਿਬਾਨ ਦੇ ਸਮੇਂ ਖ਼ਤਮ ਕੀਤਾ ਗਿਆ ਸੀ। ਪਰ ਭਾਰਤੀ ਸਮਾਜ ਉੱਪਰ ਜੂਠ ਅਤੇ ਸੁੱਚ ਵਰਗੀਆਂ ਲਾਗੂ ਹੋ ਚੁੱਕੀਆਂ ਲਾਹਨਤਾਂ ਹਾਲੇ ਵੀ ਮਾਨਵਤਾ ਵਿੱਚ ਵੱਖਵਾਦੀ ਰੁਚੀਆਂ ਦਾ ਵੱਡਾ ਕਾਰਨ ਬਣੀਆਂ ਹੋਈਆਂ ਸਨ। ਸੁੱਚ ਅਤੇ ਜੂਠ ਵਿੱਚ ਫਰਕ ਨੂੰ ਖਤਮ ਕਰਨ ਲਈ ਹੀ ਗੁਰੂ ਗੋਬਿੰਦ ਸਿੰਘ ਨੇ ਖੰਡੇਧਾਰ ਪਹੁਲ ਇੱਕ ਬਾਟੇ ਵਿਚੋਂ ਸਿੱਖਾਂ ਨੂੰ ਛਕਾਉਣੀ ਅਰੰਭ ਕੀਤੀ ਸੀ। ਕਈ ਵਿਦਵਾਨਾਂ ਦਾ ਖਿਆਲ ਹੈ ਕਿ ਖੰਡੇਧਾਰ ਪਹੁਲ ਚਰਨ ਪਹੁਲ ਦੀ ਥਾਂ ਜਾਰੀ ਕੀਤੀ ਗਈ ਸੀ। ਜੇ ਜੂਠ ਅਤੇ ਸੁੱਚ ਦਾ ਮਸਲਾ ਨਹੀਂ ਸੀ ਤਾਂ ਖੇਮ ਸਿੰਘ ਬੇਦੀ {੧੮੮੭ ਈ: } ਨੂੰ ਪ੍ਰੋ ਗੁਰਮੁੱਖ ਸਿੰਘ ਉੱਪਰ ਇਹ ਦੋਸ਼ ਲਾਉਣ ਦੀ ਕੀ ਲੋੜ ਸੀ ਕਿ ਉਹ ਇੱਕ ਹੀ ਬਾਟੇ ਵਿਚੋਂ ਸਭ ਨੂੰ ਖੰਡੇਧਾਰ ਪਹੁਲ ਛਕਾਉਂਦਾ ਹੈ {ਵੇਖੋ ਡਾ ਸੰਗਤ ਸਿੰਘ, ਸਿਖਸ ਇਨ ਹਿਸਟਰੀ}। ਖੇਮ ਸਿੰਘ ਬੇਦੀ ਵਲੋਂ ਇੱਸ ਦੋਸ਼ ਦਾ ਸੌ ਕੁ ਵਰ੍ਹੇ ਪਿਛੋਂ ਲਾਉਣਾ ਸਿੱਖਾਂ ਵਿੱਚ ਬ੍ਰਾਹਮਣਵਾਦੀ ਸੋਚ ਦੇ ਹੋਣ ਦਾ ਜੀਉਂਦਾ ਜਾਗਦਾ ਸਬੂਤ ਹੈ {ਸਪੋਕਸਮੈਨ, ੨੦੦੩, ਅਗਸਤ, ਪੰਨਾ ੩੦}।

ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੀ ਦਸਵੀਂ ਜੋਤ ਸਨ। ਉਨ੍ਹਾਂ ਨੇ ਸਿੱਖ ਧਰਮ ਦੀ ਫਿਲਾਸਫੀ ਅਨੁਸਾਰ ਹੀ ਸਿੱਖ ਤੋਂ ਸਿੰਘ ਦੀ ਟਕਸਾਲ ਚਾਲੂ ਕੀਤੀ ਸੀ। ਸ਼ਬਦ ਸਿੰਘ ਦੀ ਫਿਲਾਸਫੀ ਨਾਲ ਸੰਬੰਧਤ ਗੁਰੂ ਵਾਕ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤੇ ਗਏ ਹਨ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੋਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥ ੨੦॥ ੧. ੪

ਮ: ੧ ਅ: ਗ: ਗ: ਸ: ਪੰਨਾ ੧੪੧੨

ਅਰਥ: ਗੁਰੂ ਨਾਨਕ ਫਰਮਾਉਂਦੇ ਹਨ ਕਿ ਜੇ ਤੂੰ ਇੱਕੋਓ ਦੇ ਰਾਹ ਉੱਤੇ ਦਲਣ ਦੀ ਇੱਛਾ ਨਾਲ ਆਇਆ ਹੈਂ ਤਾਂ ਆਪਣਾ ਸਿਰ ਤਲੀ ਉੱਤੇ ਰੱਖ ਕੇ ਆ, ਇਹ ਰਸਤਾ ਕਠਣ ਹੈ। ਪਿੱਛੇ ਮੁੜਨਾ ਮੁਸ਼ਕਲ ਹੈ। ਕੁਰਬਾਨੀ ਦੇਣ ਲਈ ਨਿੱਜੀ ਬਖੇੜੇ ਤਿਆਗ ਕੇ ਹੀ ਵਿਅਕਤੀ ਸੱਚੇ ਅਤੇ ਸੁੱਚੇ ਜੀਵਨ ਮਾਰਗ ਉੱਤੇ ਚੱਲ ਸਕਦਾ ਹੈਂ। ੨੦।

ਕਬੀਰ ਜੀ ਦਾ ਸਬਦ ਵੀ ਇੱਸ ਵਿਸ਼ੇ ਬਾਰੇ ਅਨੋਖੇ ਸ਼ਬਦਾਂ ਵਿੱਚ ਆਪਣਾ ਵਿਚਾਰ ਪੇਸ਼ ਕਰ ਦਾ ਹੈ ਜੋ ਪਾਠਕਾਂ ਦੀ ਸੇਵਾ ਵਿੱਚ ਅਰਥਾਂ ਸਮੇਤ ਹੇਠਾਂ ਦਿੱਤਾ ਗਿਆ ਹੈ।

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਂਨ ਕੇ ਹੇਤ॥

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ੨॥ ੨॥ ੧. ੫

ਮਾਰੂ ਕਬੀਰ ਜੀ ਅ: ਗ: ਗ: ਸ: ਪੰਨਾ ੧੧੦੫

ਅਰਥ: ਉਹ ਸਿੱਖ ਸੂਰਮਾ ਹੈ ਜੋ ਗਰੀਬਾਂ ਦੇ ਹੱਕਾਂ ਦੀ ਹਿਫਾਜ਼ਤ ਕਰ ਦਾ ਹੈ ਅਤੇ ਉਨ੍ਹਾਂ ਵਾਸਤੇ ਲੜ ਦਾ ਹੈ। ਏਥੋਂ ਤਕ ਕਿ ਉਹ ਆਪਣੇ ਸਿਰ ਧੜ ਦੀ ਬਾਜ਼ੀ ਲਾਉਣ ਤੋਂ ਵੀ ਜ਼ਰਾ ਨਹੀੰ ਝਿਜਕਦਾ ਅਤੇ ਆਪਣੇ ਧਾਰਮਿਕ ਅਸੂਲਾਂ ਉੱਤੇ ਡਟਿਆ ਰਹਿੰਦਾ ਹੈ। ੨।

ਇਨ੍ਹਾਂ ਸਲੋਕਾਂ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਸਿੰਘ ਸ਼ਬਦ ਨੂੰ ਸਿੱਖ ਧਰਮ ਵਿੱਚ ਖਾਸ ਅਰਥਾਂ ਵਿੱਚ ਵਰਤਿਆ ਗਿਆ ਹੈ। ਇਹ ਅਰਥ ਆਮ ਭਾਰਤੀ ਨਾਮ ਵਿੱਚ ਸਿੰਘ ਲਿਖਣ ਵਾਲੇ ਅਰਥਾਂ ਤੋਂ ਵੱਖਰੇ ਹਨ ਅਤੇ ਇਹ ਅਰਥ ਇੱਕ ਭਾਰੀ ਜ਼ੁੰਮੇਂਵਾਰੀ ਨਾਲ ਜੁੜੇ ਹੋਏ ਹਨ। ਗੁਰੂ ਹਰਗੋਬਿੰਦ ਦਾ ਸ਼ਿਕਾਰ ਖੇਡਣ ਦੀ ਨਵੀਂ ਪਰੰਪਰਾ ਜਾਰੀ ਕਰਨਾ ਅਤੇ ਪੀਰੀ-ਮੀਰੀ ਦੇ ਨਿਸ਼ਾਨ ਖੜੇ ਕਰਨਾ ਸਿੱਖ ਤੋਂ ਸਿੰਘ ਬਨਾਉਣ ਦੇ ਰਸਤੇ ਵੱਲ ਤੁਰਨਾ ਸੀ। ਇੱਸ ਰਸਤੇ ਉੱਪਰ ਤੁਰਨ ਲਈ ਤਿਆਰੀ ਦੀ ਲੋੜ ਸੀ ਜੋ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਿੱਚ ਮੁਕੱਮਲ ਹੋ ਗਈ ਸੀ ਅਤੇ ਅਗਲੇ ਕਦਮ ਪੁਟੱਣ ਦਾ ਸਮੇਂ ਵਲੋਂ ਸੁਨੇਹਾ ਆ ਗਿਆ ਸੀ।

ਦਸਮ ਗ੍ਰੰਥ ਵਿੱਚ ਸ਼ਬਦ ਸਿੰਘ ਅਕਾਲ ਉਸਤਤਿ ਵਿੱਚ ਵਰਤਿਆ ਗਿਆ ਹੈ। ਇਹ ਸਲੋਕ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤਾ ਗਿਆ ਹੈ।

ਕਿੰਕਣੀ ਪ੍ਰਸੋਹਣਿ ਸੁਰ ਨਰ ਮੋਹਣਿ ਸਿੰਘਾਰੋਹਣਿ ਬਿਤਲ ਤਲੇ।

ਜੈ ਜੈ ਹੋਸੀ ਸਭ ਠਾਉਰਿ ਨਿਵਾਸਨ ਬਾਇ ਪਤਾਲ ਅਕਾਸ ਅਨਲੇ। ੯। ੨੧੯। ੧. ੬

ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੮੪

ਅਰਥ: ਤੂੰ ਲੱਕ ਨਾਲ ਘੁੰਘਰੂਆਂ ਵਾਲੀ ਤੜਾਗੀ ਬੰਨ੍ਹਣ ਵਾਲੀ, ਦੇਵਤਿਆਂ ਅਤੇ ਮਨੁੱਖਾਂ ਨੂੰ ਮੋਹਣ ਵਾਲੀ, ਸ਼ੇਰ ਦੀ ਸਵਾਰੀ ਕਰਨ ਵਾਲੀ ਅਤੇ ਦੂਜੇ ਪਾਤਾਲ ਤਕ ਵਿਚਰਨ ਵਾਲੀ, ਪੌਣ, ਪਾਤਾਲ, ਅਕਾਸ ਅਤੇ ਅਗਨੀ ਵਿੱਚ ਸਭ ਥਾਂ ਨਿਵਾਸ ਕਰਨ ਵਾਲੀ ਹੈ, (ਤੇਰੀ) ਜੈ ਜੈ ਕਾਰ ਹੋਵੇ। ੯। ੨੧੯।

ਚੰਡੀ ਚਰਿਤ੍ਰ ਉਕਤਿ ਬਿਲਾਸ ਵਿੱਚ ਵੀ ਸ਼ਬਦ ਸਿੰਘ ਕੁੱਝ ਤੁਕਾਂ ਵਿੱਚ ਵਰਤਿਆ ਗਿਆ ਹੈ। ਇਹ ਤੁਕਾਂ ਅਤੇ ਇਨ੍ਹਾਂ ਦੇ ਅਰਥ ਪਾਠਕਾਂ ਦੀ ਵਿਚਾਰ ਵਾਸਤੇ ਹੇਠਾਂ ਹਾਜ਼ਰ ਹਨ।

ਦੈਤਨ ਕੇ ਬਧ ਕੇ ਜਬੈ ਚੰਡੀ ਕੀਓ ਪ੍ਰਕਾਸ।

ਸਿੰਘ ਸੰਖ ਅਉ ਅਸਤ੍ਰ ਸਭ ਸਸਤ੍ਰ ਆਇਗੇ ਪਾਸਿ। ੨੪।

ਦੈਤ ਸੰਘਾਰਨ ਕੇ ਨਮਿਤ ਕਾਲ ਜਨਮੁ ਇਹ ਲੀਨ।

ਸਿੰਘ ਚੰਡਿ ਬਾਹਨ ਭਇਓ ਸਤ੍ਰਨ ਕਉ ਦੁਖੁ ਦੀਨ। ੨੫। … … … …. . ੧. ੭

ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੧੯੮

ਅਰਥ: ਦੈਂਤਾਂ ਨੂੰ ਮਾਰਨ ਦੀ ਜਦੋਂ ਚੰਡੀ ਨੇ (ਪ੍ਰਤਿਗਿਆ) ਕੀਤੀ (ਤਦੋਂ) ਸਿੰਘ, ਸੰਖ, ਅਤੇ ਹੋਰ ਸਾਰੇ ਅਸਤ੍ਰ ਅਤੇ ਸ਼ਸਤ੍ਰ (ਉਸ) ਕੋਲ ਆ ਗਏ। ੨੪। ਦੈਂਤਾਂ ਨੂੰ ਨਸ਼ਟ ਕਰਨ ਲਈ ਕਾਲ ਹੀ ਨੇ ਇਹ ਜਨਮ ਲਿਆ ਹੋਵੇ। ਵੈਰੀਆਂ ਨੂੰ ਦੁਖ ਦੇਣ ਲਈ ਸਿੰਘ ਚੰਡੀ ਦਾ ਵਾਹਨ ਬਣਿਆ। ੨੫।

ਇਹਨਾਂ ਅਰਥਾਂ ਤੋਂ ਸਪਸ਼ਟ ਹੈ ਕਿ ਚੰਡੀ ਦੇਵੀ ਦੀ ਉਪਮਾ ਦਸਮ ਗ੍ਰੰਥ ਵਿੱਚ ਕੀਤੀ ਗਈ ਹੈ ਅਤੇ ਉਸ ਨੂੰ ਸ਼ੇਰ ਦੀ ਸਵਾਰੀ ਕਰਨ ਵਾਲੀ ਦੱਸਿਆ ਗਿਆ ਹੈ। ਕੀ ਸਿੱਖ ਤੋਂ ਸਿੰਘ ਬਨਾਉਣ ਵਾਲਾ ਗੁਰੂ ਗੋਬਿੰਦ ਸਿੰਘ, ਚੰਡੀ ਦੇਵੀ ਦੀ ਸਵਾਰੀ ਆਪਣੇ ਸਾਜੇ ਸਿੰਘ ਉੱਪਰ ਕਰਵਾ ਕੇ, ਚੰਡੀ ਦੇਵੀ ਦਾ ਸਤਿਕਾਰ ਨਹੀਂ ਕਰ ਰਿਹਾ? ਕੀ ਆਪਣੇ ਸਾਜੇ ਸਿੰਘ ਨੂੰ ਆਪ ਹੀ ਖੱਜਲ਼ ਖਵਾਰ ਕਰ ਕੇ ਦੇਵੀ ਦਾ ਸਤਿਕਾਰ ਨਹੀਂ ਕਰ ਰਿਹਾ? ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੰਘ ਸਾਜਣ ਦੀ ਵੱਡੀ ਲੋੜ ਚੰਡੀ ਦੇਵੀ ਨੂੰ ਖ਼ੁਸ਼ ਕਰਨ ਦੀ ਹੀ ਸੀ? ਕੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਰਾਹੀਂ ਗੁਰੂ ਨਾਨਕ ਜੀ ਦਾ ਪੈਗ਼ਾਮ ਸਾਰੀ ਦੁਨੀਆਂ ਤਕ ਪਹੁੰਚਾਉਣਾ ਪਹਿਲਾ ਉਦੇਸ਼ ਨਹੀੰ ਸਨ ਸਮਝਦੇ? ਕੀੇ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਉਸਤਤਿ ਇਸ ਵਾਸਤੇ ਲਿਖੀ ਸੀ ਕਿ ਉਹ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗੁਰਬਾਣੀ ਦੇ ਉਲਟ ਦੇਵੀ ਪੂਜਾ ਵਾਸਤੇ ਸਿੱਖਾਂ ਨੂੰ ਪ੍ਰੇਰਨਾ ਦੇਣੀ ਠੀਕ ਸਮਝਦੇ ਸਨ? ਉਹ ਤਾਂ ਗੁਰੂ ਨਾਨਕ ਦੀ ਦਸਵੀਂ ਜੋਤ ਸਨ ਅਤੇ ਇੰਜ ਕਿਵੇਂ ਕਰ ਸਕਦੇ ਸਨ? ਕੀ ਅਕਾਲ ਉਸਤਤਿ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਾ ਮੰਨਣ ਨਾਲ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਸੌਖਾ ਹੀ ਨਹੀ ਮਿਲ ਜਾਂਦਾ? ਪਾਠਕ ਸਜਨ ਆਪਣਾ ਫ਼ੈਸਲਾ ਦੇਣ ਦੀ ਕਿਰਪਾ ਕਰਨ।




.