.

☬ ‘ਗੁਰਿ ਕਾਢੀ ਬਾਹ ਕੁਕੀਜੈ॥’ ☬

(ਕਿਸ਼ਤ ਨੰ: 2)

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ

ਇਸ ਅਨਮੋਲ ਕੌਮੀ ਸਰਮਾਏ ਨੂੰ ਕਿਸ ਪਾਪੀ ਨੇ ਕਿੱਧਰ ਖਪਾ ਦਿੱਤਾ?

(ੳ) -ਪਹਿਲਾਂ ਨਿੱਜੀ ਤਜਰਬਾ:-ਦਸੰਬਰ 1981 ਦੀ ਸਵੇਰ ਸੀ। ਦਾਸਰਾ ਨੋਕਰੀ ਤੋਂ ਵਿਹਲਾ ਹੋ ਕੇ `ਤੇਜੇ/ਵ੍ਹੀਲੇ' ਨੱਗਰ ਨੂੰ ਜਾਂਦੀ ਸੜਕ ਦੇ ਕੰਢੇ ਤੇ ਬਣੀ ਮੁਸਲਮਾਨ ਸਰਮਾਏਦਾਰ ਦੀ ਕੋਠੀ, (ਜੋ ਪਿਤਾ ਜੀ ਦੇ ਪਾਕਿਸਤਾਨ ਵਿੱਚ ਰਹੇ ਮਕਾਨਾਂ ਦੇ ਵੱਟੇ ਸਾਨੂੰ ਅਲਾਟ ਹੋਈ ਸੀ) ਦੀ ਛੱਤ ਤੇ ਧੁੱਪੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਸ: ਕਸ਼ਮੀਰਾ ਸਿੰਘ ਛਿੱਛਰੇਵਾਲ ਨੇ ਦੋ ਹੋਰ ਪਤਵੰਤਿਆਂ ਸਹਿਤ ਆ ਫ਼ਤਹਿ ਬੁਲਾਈ। ਰਸਮੀ ਸੁੱਖ-ਸਾਂਦ ਪੁੱਛਣ ਉਪਰੰਤ ਦੱਸਿਆ ਕਿ, -"ਤੇਜਾਕਲਾਂ ਨੱਗਰ ਵਿਖੇ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਦੀ ਸਥਾਨਕ ਕਮੇਟੀ ਦੇ ਕਹਿਣ ਤੇ ਨਵਾਂ ਗੁਰਦੁਆਰਾ ਤਿਆਰ ਕਰਵਾ ਰਹੇ ਸੰਤ ਬਾਬਾ ਜੀ ਨੂੰ ਉਸਾਰੀ ਤੁਰੰਤ ਬੰਦ ਕਰਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ SGPC ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹਾਜ਼ਰ ਹੋਣ ਲਈ ਬੁਲਾਇਆ ਹੈ "। ਘਬਰਾਹਟ ਮੰਨ ਰਹੇ 'ਸਾਧ ਬਾਬਾ ਜੀ' ਦੇ ਨਾਲ ਜਾ ਰਹੇ ਪਤਵੰਤਿਆਂ ਵਿੱਚ ਦਾਸਰੇ ਨੂੰ ਵੀ ਸ਼ਾਮਲ ਹੋਣ ਲਈ ਆਖਿਆ। ਦਾਸਰੇ ਨੇ ਆਪਣੀ ਮਜਬੂਰੀ ਇਉਂ ਕਹਿ ਸੁਣਾਈ- “ਸਨ 1978 ਵਿੱਚ ਜਦ ਟੌਹੜਾ ਜੀ, ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਦੇ ਵਿਰੁੱਧ ਚੋਣ ਲੜ ਰਹੇ ਸਨ, ਉਸ ਸਮੇ ਦਾਸਰਾ 'ਡੇਰਾਬੱਸੀ' ਠਾਣੇ ਦਾ ਮੁਖੀ ਨਿਯੁਕਤ ਸੀ। ਬਚਪਨ ਤੋਂ ਬਣੀ ਖ਼ਾਨਦਾਨੀ ਸ਼ਰਧਾ ਅਨੁਸਾਰ ਪੰਥਕ ਉਮੀਦਵਾਰ ਦਾ ਯਥਾਸ਼ਕਤ ਪੱਖ ਪੂਰਨਾ ਪੰਥਕ ਸੇਵਾ ਮੰਨ ਬੈਠਾ ਹੋਇਆ ਸਾਂ। ਆਪਣੇ ਧੜੇ ਦੇ ਵਰਕਰਾਂ ਤੋਂ ਦਾਸ ਵਲੋਂ ਮਿਲ ਰਹੀ ਉਚੇਚੀ ਸਹਾਇਤਾ ਦੀਆਂ ਖ਼ਬਰਾਂ ਸੁਣਦੇ ਰਹੇ ਟੋਹੜਾ ਜੀ ਏਡੇ ਪ੍ਰਭਵਾਤ ਹੋਏ ਕਿ ਵੋਟਾਂ ਮੰਗਣ ਦੀ ਮੁਹਿੰਮ ਤੇ ਆਏ ਨੇ ਉਚੇਚਾ ਸਮਾ ਕੱਢ ਕੇ ਦਾਸਰੇ ਦਾ ਧੰਨਵਾਦ ਆ ਕੀਤਾ। ਜੱਫੀ ਵਿੱਚ ਲੈਂਦਿਆਂ ਬੜੀ ਮਿੱਠੀ ਸੁਰ/ ਸ਼ਬਦਾਵਲੀ ਵਿੱਚ ਸਦਾ ਮਿਲਦੇ ਰਹਿਣ ਦੀਆਂ ਤਾਕੀਦਾਂ ਅਜੇਹੀ ਸਨੇਹ ਭਰੀ ਸੁਰ ਵਿੱਚ ਕੀਤੀਆਂ ਕਿ ਸਨ 1966 ਤੋਂ ਟੌਹੜਾ ਜੀ ਦੇ ਵਿਰੁੱਧ ਸੁਣੀਆਂ ਸਾਰੀਆਂ ਗੱਲਾਂ ਝੂਠ ਅਨੁਭਵ ਹੋਣ ਲਗ ਗਈਆਂ ਅਤੇ ਉਸ ਨੂੰ ਵਧੀਆ ਇਖ਼ਲਾਕ ਦਾ ਮਾਲਕ ਸੱਜਣ ਪੁਰਸ਼ ਜਾਣ ਲਿਆ।”

ਚੋਣ ਵਿੱਚ ਜੇਤੂ ਰਹੇ ਟੌਹੜਾ ਜੀ ਨੇ ਵਰਕਰਾਂ ਦਾ ਅਥਵਾ ਵੋਟਰਾਂ ਦਾ ਧੰਨਵਾਦ ਕਰਨ ਲਈ ਆਉਣਾ ਸੀ। ਟੌਹੜਾ ਜੀ ਆਪਣੀ ਕਾਰ ਵਿਚੋਂ ਉੱਤਰ ਕੇ ਜਲ਼ੂਸ ਦੀ ਸ਼ਕਲ ਵਿੱਚ ਉਸ ਪਿੰਡਾਲ ਵਲ ਨੂੰ ਜਾ ਰਹੇ ਸਨ ਜੋ ਇਨ੍ਹਾਂ ਦੇ ਸਨਮਾਨ ਵਜੋਂ ਉਥੋਂ ਦੇ ਵਰਕਰਾਂ ਨੇ ਸਜਾਇਆ ਹੋਇਆ ਸੀ। ਦਾਸਰੇ ਦੇ ਸਾਰੇ ਸਹਾਇਕ ਪੁਲਸ ਕਰਮਚਾਰੀ ਪੰਥਕ ਜੇਤੂ ਟੌਹੜਾ ਜੀ ਦੀ ਸੁਰੱਖਿਆ-ਸਨਮਾਨ ਹਿੱਤ ਪ੍ਰੈਸ ਕੀਤੀਆਂ ਪ੍ਰਭਾਵਸ਼ਾਲੀ ਵਰਦੀਆਂ ਪਹਿਨੇ ਖੜੇ ਇਨ੍ਹਾਂ ਦੀ ਸ਼ਾਨ ਵਧਾ ਰਹੇ ਸਨ। ਢੋਲ ਦੀ ਗੜਗੱਜ ਵਿੱਚ ਝੋਲੀ ਚੁੱਕਾਂ ਦਾ ਟੋਲਾ ਭੰਗੜਾ ਪਾਉਂਦਾ ਅੱਗੇ ਅੱਗੇ ਜਾ ਰਿਹਾ ਸੀ। ਪ੍ਰੇਸ (Iron) ਕੀਤੀ ਨਵੀਂ ਵਰਦੀ ਤੇ ਸਰਕਾਰੋਂ ਮਿਲੇ ਰੁਤਬੇ ਦੀ ਨਿਸ਼ਾਨੀ ‘ਫੁੱਲ’ ਫਬਾਈ ਦਾਸਰਾ ਵੀ ਆਪਣੇ ਅਕਾਲੀ ਲੀਡਰ ਟੌਹੜਾ ਸਾਹਿਬ ਦੇ ਸਤਿਕਾਰ ਵਿੱਚ ਅੰਗ ਰਖਿਅਕ ਵਜੋਂ ਕਦਮ ਮਿਲਾਈ ਨਾਲ ਨਾਲ ਤੁਰਿਆ ਜਾ ਰਿਹਾ ਸੀ।

ਕਰਮੂਨਾਮੀ ਬਦਨਾਮ ਸਮਲਗਰ ਜਿਸ ਨੂੰ ਦਾਸਰੇ ਨੇ ਨਾਬਾਲਗ਼ ਬਾਲੜੀ ਦੀ ਪੱਤ ਵਲੂੰਧਰ ਦੇਣ ਦੇ ਭਿਆਨਕ ਦੋਸ਼ ਵਿੱਚ ਕੁੱਝ ਦਿਨ ਪਹਿਲਾਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ। ਹਾਈ ਕੋਰਟ ਵਿਚੋਂ ਜ਼ਮਾਨਤ ਹੋ ਜਾਣ ਤੇ ਉਹ ਦੋ ਦਿਨ ਹੀ ਪਹਿਲਾਂ ਜੇਲ੍ਹ ਵਿਚੋਂ ਆਇਆ ਸੀ। ਅਚਨਚੇਤ ਭੰਗੜਾ ਪਾਉਂਦਾ ਹੋਇਆ ਟੌਹੜਾ ਜੀ ਦੇ ਚਰਨੀਂ ਆ ਲੱਗਾ। ਸਿਆਸੀ ਖਿਡਾਰੀਆਂ ਵਾਲੇ ਪੱਕੇ ਅੰਦਾਜ਼ ਵਿੱਚ ਟੌਹੜਾ ਜੀ ਨੇ ਉਸ ਨੂੰ ਗਲਵੱਕੜੀ ਵਿੱਚ ਲੈ ਕੇ ਉਸ ਕੋਲੋਂ ਸੁੱਖਸਾਂਦ ਪੁੱਛ ਲਈ। ਦਸ-ਨੰਬਰੀਏ ਉਸ ਪੱਕੇ ਬਦਮਾਸ਼ (Hardend Criminal) ਨੇ ਦਾਸ ਵੱਲ ਇਸ਼ਾਰਾ ਕਰਕੇ ਟੌਹੜਾ ਜੀ ਨੂੰ ਆਖਿਆ “ਜਦੋਂ ਤੱਕ ਏਹੋ ਜਿਹਾ ਬੇਪੀਰਾ ਠਾਣੇਦਾਰ ਇਸ ਠਾਣੇ ਵਿੱਚ ਲੱਗਾ ਹੈ ਸਾਡੇ ਵਰਗੇ ਵਫ਼ਾਦਾਰ ਸੇਵਾਦਰਾਂ ਦੇ ਭਾਗਾਂ ਵਿੱਚ ਸੁੱਖ ਦਾ ਸਾਹ ਕਿਥੋਂ?” ਮੇਰਾ ਪੱਖ ਸੁਣੇ ਬਿਨਾ ਬੜੀ ਝਟ ਹੀ ਗਰਜਵੀਂ ਸੁਰ ਵਿੱਚ ਟੌਹੜਾ ਜੀ ਨੇ ਝੱਟ ਦਾਸ ਨੂੰ ਸੰਬੋਧਨ ਕਰ ਲਿਆ ਤੇ ਬੜੀ ਗਰਜਵੀਂ ਸੁਰ ਵਿੱਚ ਬੋਲੇ-"ਸਰਦਾਰਾ ਨੌਕਰੀ ਤੋਂ ਮਨ ਤਾਂ ਨਹੀਂ ਭਰ ਗਿਆ? " ਅਜੇ ਕੱਲ ਦਾਸ ਦਾ ਧੰਨਵਾਦ ਕਰਦਾ ਹੋਇਆ ਸਦਾ ਮਿਲਦੇ ਰਹਿਣ ਦੀਆਂ ਤਾਕੀਦਾਂ ਕਰ ਰਿਹਾ ਸੀ, ਅੱਜ ਚੰਗੇ ਮਾੜੇ ਲੋਕਾਂ ਦੇ ਹਜੂਮ ਦੇ ਸਾਹਮਣੇ ਬਾਵਰਦੀ ਪੁਲੀਸ ਅਫ਼ਸਰ ਨਾਲ ਇਉਂ ਦਾ ਘਟੀਆ ਵਿਹਾਰ? ਅਜੇਹੇ ਅਕ੍ਰਿਤਘਣ ਅਹੰਕਾਰੀ ਦੇ ਜਲੂਸ ਨਾਲ ਤੁਰਨਾ ਗੁਨਾਹ ਮੰਨ ਕੇ ਦਾਸ ਝੱਟ ਹੀ ਠਾਣੇ ਆਪਣੇ ਦਫ਼ਤਰ ਵਿੱਚ ਜਾ ਬੈਠਾ। ਮਾਤਹਿਤ ਵੀ ਖਿਸਕ ਆਏ।

ਤਾਜ਼ੇ ਬਣੇ M.P. ਜਥੇਦਾਰ ਦੀ ਸ਼ਕਾਇਤ ਤੇ ਦਾਸਰੇ ਦੀ ਬਦਲੀ ਰੋਪੜ ਹੋ ਗਈ। ਉਸ ਦਿਨ ਤੋਂ ਦਾਸ ਉਸ ਬੇਅਸੂਲੇ 'ਜਥੇਦਾਰ' ਦੇ ਮੱਥੇ ਕਦੇ ਨਹੀਂ ਲੱਗਾ। ਸੋ, ਜੇ ਕੰਮ ਵਿਗਾੜਨਾ ਹੈ ਤਾਂ ਦਾਸ ਨੂੰ ਨਾਲ ਲੈ ਚਲੋ। ਉਂਜ ਮੇਰਾ ਰੋਮ ਰੋਮ ਤੁਹਾਡੇ ਨਾਲ ਹੈ। ਸੁਹਿਰਦ ਸੱਜਣ ਜੀ ਹੋਣ ਦਾ ਸਦਕਾ ਇਹ ਦੱਸ ਦਿਆਂ ਕਿ ਸਨ 1966 ਦੇ ਜਿਨ੍ਹਾਂ ਦਿਨਾਂ ਵਿੱਚ ਸਿੱਖਾਂ ਨੂੰ ਉਲੂ ਬਣਾਈ ਬੈਠੇ "ਸੰਤ ਬਾਬਾ ਫ਼ਤਹ ਸਿੰਘ" ਨੇ ਸ੍ਰੀ ਅਕਾਲ ਤਖ਼ਤ ਵਿਖੇ ਸੜ ਮਰਨ ਦੇ ਰਚੇ ਡਰਾਮੇ ਸਮੇ 'ਅਗਨ ਕੁੰਡ' ਬਣਾ ਲਏ ਸਨ। ਉਨ੍ਹਾਂ ਦਿਨਾਂ ਵਿੱਚ ਸ੍ਰੀ ਬੀਰਬਲ ਨਾਥ SSP ਨੇ ਬਿਆਸ ਠਾਣੇ ਤੋਂ ਬਦਲ ਕੇ ਦਾਸਰੇ ਨੂੰ ਕੋਤਵਾਲੀ ਦਾ ਇਨਚਾਰਜ ਲਾ ਲਿਆ ਸੀ। ਉਸ ਸੇਵਾ ਸਮੇ ਦਰਬਾਰ ਸਾਹਿਬ Coplex ਵਿੱਚ ਕਰ ਰਹੇ ਕਈ ਪ੍ਰਕਾਰ ਦੇ ਉਪੱਦਰਾਂ ਦੇ ਨਾਲ ਸਿੱਖੀ ਬਾਣੇ ਨੂੰ ਕਲੰਕਿਤ ਕਰ ਰਹੇ ਇਨ੍ਹਾਂ ਪੰਜਕਕਾਰੀ ਪੁਜਾਰੀਆਂ ਦੀਆਂ ਕਾਲੀਆਂ ਕਰਤੂਤਾਂ ਤੋਂ ਵੀ ਸਬੂਤਾਂ ਸਹਿਤ ਚੰਗੀ ਤਰ੍ਹਾਂ ਜਾਣੂ ਹੋ ਗਿਆ ਸਾਂ। ਵੱਡੇ ਵੱਡੇ ਸਿਆਸੀ ਘੁਲਾਟੀਆਂ ਦੇ ਵੀ ਕੰਨ ਕੁਤਰ ਰਹੇ ਸ: ਗੁਰਚਰਨ ਸਿੰਘ ਟੋਹੜਾ ਜੀ ਦੇ ਆਚਰਨ ਵਿਚਲੀ ਇੱਕ ਉਚੇਚੀ ਦੁਰਗੰਧ ਇਹ ਵੀ ਆਈ ਹੋਈ ਸੀ ਕਿ ਉਹ ਗੁਰੂ ਸਾਹਿਬਨਾ ਦੇ ਜੱਦੀ ਘਰਾਂ ਦੇ ਥਾਂ ਗੁਰਮਤਿ ਵਿਰੋਧੀ-"ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ॥ ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ॥ ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ॥ {62} ਆਲੀਸ਼ਾਨ ਗੁਰਦੁਆਰੇ ਬਣਾਉਣ ਦੀ ਸੇਵਾ ਉਸ ਡੇਰੇਦਾਰ-ਸਾਧ ਦੇ ਸਪੁਰਦ ਕਰਦਾ ਹੈ ਜੋ ਸਭ ਤੋਂ ਵਧ ਬੇਹਿਸਾਬੀ- (ਰਸੀਦ ਪਹੁੰਚ ਤੋਂ ਬਿਨਾ, ਗੁਪਤੀ) ਮਾਇਆ ਉਸ ਦੀ ਜੇਬ ਵਿੱਚ ਅਗਾਊਂ ਪਹੁੰਚਾ ਦੇਂਦਾ ਹੈ। ਯਕੀਨ ਨਾਲ ਕਹਿ ਸਕਦਾ ਹਾਂ ਕਿ, ਏਥੇ ਵੀ ਇਸ ਧੰਙਾਣੇ ਦੀ 'ਲੱਤ-ਅੜਾਈ' ਦਾ ਮੰਤਵ ਕੇਵਲ ਮਾਇਅਕ-ਠੱਗਣ ਅੱਡਰਾ ਹੋਰ ਕੁੱਛ ਵੀ ਨਹੀਂ ਹੈ। ਇਹ ਦੋਵੇਂ (ਸਾਧਟੋਲਾ'-ਤੇ-ਪ੍ਰਧਾਨ ਗੁਰਚਰਨ ਸਿੰਘ ਟੌਹੜਾ) ਬੜੀ ਦੇਰ ਤੋਂ `ਚੋਰ ਕੁੱਤੀ' ਰਲ ਬੈਠੇ ਹੋਏ ਗ਼ਰੀਬ ਕਿਰਤੀਆਂ ਦੇ ਖ਼ੂਨ ਪਸੀਨੇ ਦੀ ਕਮਾਈ ਠੱਗਦੇ ਰਹਿਣ ਦੇ ਨਾਲ ਅਨੋਮਲ ਕੌਮੀ ਸਰਮਾਏ ਦਾ ਨਾਮੋ ਨਿਸ਼ਨ ਮਿਟਾ ਰਹੇ ਹਨ। ਸੋ ਗੁਰਮੁਖ ਪਿਆਰੇ ਕਸ਼ਮੀਰਾ ਸਿੱੰਘ ਜੀ! ਠੱਗ ਖਾਣਾ ਨਿਰਸੰਦੇਹ ਪਾਪ ਹੈ ਪਰ ਜਾਣ ਬੁੱਝ ਜੇ ਠੱਗੇ ਜਾਣਾ ਵੀ ਪੁੰਨ-ਕਰਮ ਨਹੀਂ ਹੈ। ਆਪਣੇ ਇਸ ‘'ਸੰਤ ਬਾਬੇ' ਨੂੰ ਕਾਇਮ ਕਰੀ ਰੱਖਣਾ। ਕਿਤੇ ਝਟ-ਪੱਟ ਹੀ ਰਕਮ ਤਾਰਨੀ ਨਾ ਮੰਨ ਜਾਏ। ਬੇਈਮਾਨੀ ਦੇ ਪੈਰ ਛੇਤੀ ਥਿੜਕ ਜਾਇਆ ਕਰਦੇ ਹਨ। ਰੌਲਾ ਪੈਂਣ ਤੋਂ ਟੌਹੜਾ ਜੀ ਘਾਬਰਦੇ ਹਨ। ਸੋ ਡਰਨ ਦੀ ਲੋੜ ਨਹੀ ਸਗੋਂ ਡਟੇ ਰਹਿਣਾ ਹੈ”।

ਭਾਈ ਕਸ਼ਮੀਰਾ ਸਿੰਘ ਜੀ ਨੇ ਝੱਟ ਹੀ ਦਾਸਰੇ ਨਾਲ ਸਹਿਮਤੀ ਪਰਗਟਾਈ ਤੇ ਅੰਮ੍ਰਿਤਸਰੋਂ ਸਿੱਧੇ ਦਾਸਰੇ ਕੋਲ ਆਉਣ ਦਾ ਬਚਨ ਕਰਕੇ ਤੁਰਦੇ ਬਣੇ। 5/6 ਦਿਨਾਂ ਉਪਰੰਤ ਹੀ ਉਨ੍ਹਾਂ ਨੇ ਦਾਸਰੇ ਨੂੰ ਆ ਦੱਸਿਆ- “ਗਲ ਉਹੀ ਸੀ। ਘਟ ਤੋਂ ਘੱਟ 40 ਹਜ਼ਾਰ ਰੁਪਈਆਂ ਦੀ ਮੰਗ ਸੀ। ਲਾਰਾ-ਲੱਪਾ ਲਾ ਕੇ ਖਿਸਕ ਆਏ ਹਾਂ”। ਉਸਾਰੀ ਦਾ ਕੰਮ ਜਾਰੀ ਹੈ ਵੇਖੀਏ ਟੌਹੜਾ ਜੀ ਹੋਰ ਕੀ ਚੰਦ ਚਾੜ੍ਹਦੇ ਹਨ?

ਏਨੇ ਨੂੰ 1978 ਦੀ ਵਿਸਾਖੀ ਤੇ ਹੋਏ 13 ਕਤਲਾਂ ਵਿੱਚ ਬੱਝੇ ਸਾਰੇ ਨਰੰਕਾਰੀ ਬਰੀ ਹੋ ਗਏ। ਅਖੰਡ ਕੀਰਤਨੀ ਜਥਾ ਬਦਲੇ ਲੈਣ ਵਿੱਚ ਸਰਗਰਮ ਹੋ ਗਿਆ। ਬਾਬਾ ਜਰਨੈਲ ਸਿੰਘ ਜੀ ਪਹਿਲਾਂ ਹੀ ਬੜੇ ਗਰਮ ਭਾਸ਼ਨ ਦੇ ਰਹੇ ਸਨ। ਨਿਤ ਠਾਹ ਠਾਹ ਦੇ ਨਾਲ ਬਰੀ ਹੋਏ ਨਿਰੰਕਾਰੀਆਂ ਦੇ ਕਤਲ ਦੀ ਖ਼ਬਰ ਅਖ਼ਬਾਰਾਂ ਵਿੱਚ ਛਪ ਜਾਂਦੀ ਰਹੀ। ਗਰਮ ਤੋਂ ਗਰਮ ਹੁੰਦੇ ਜਾ ਰਹੇ ਮਾਹੌਲ ਵਿੱਚ `ਤੇਜਿਆਂ’ ਵਾਲੇ ਗੁਰਦੁਆਰੇ ਵੱਲ ਟੌਹੜਾ ਜੀ ਦਾ ਧਿਆਨ ਕੀ ਜਾਣਾ ਸੀ?

{ਇਸ ਘਟਣਾ ਤੋਂ ਇਸ ਖ਼ਬਰ ਦੀ ਤਸਦੀਕ ਹੋ ਗਈ ਸੀ ਕਿ-ਮੰਜੀ ਸਾਹਿਬ, ਅਤੇ ਲੰਗਰ-ਹਾਲ ਬਣਾਉਣ ਵਾਲੇ ਸਾਧ ਭੇਖੀਆਂ ਨੇ ਏਸੇ ਟੌਹੜਾ ਜੀ ਨੂੰ 80/80 ਹਜ਼ਾਰ ਰੁਪਈਏ ਅਗਾਊਂ ਜਾ ਫੜਾਏ ਸਨ। ਗੋਲਕ ਦੀ ਮਾਇਆ, ਲੰਗਰ ਦਾ ਭੋਜਨ, ਕੜ੍ਹਾਹ ਪ੍ਰਸ਼ਾਦ, ਨਿੱਤ ਨਵੇਂ ਖ਼ਰੀਦੇ ਜਾਂਦੇ ਬਸਤਰ ਚੰਦੋਏ ਆਦਿ ਅਨਮੋਲ ਪੁਸ਼ਾਕੇ, ਪੇਸ਼ਾ ਕਰਵਾਉਣ ਲਈ ਟਿੱਕੇ ਹੋਏ ਕਮਰੇ ਆਦਿਕ ਬਾਰੇ ਸੁਣੀਆਂ ਅਫ਼ਵਾਹਾਂ ਸਭ ਕੁੱਝ ਬਾਰੇ ਲੰਮੀ ਪੁੱਛ ਪੜਤਾਲ ਤੋਂ ਸਭ ਕੁੱਝ ਸੱਚ ਹੋਣ ਬਾਰੇ ਯਕੀਨ ਹੋਰ ਤੋਂ ਹੋਰ ਪਰਪੱਕ ਹੁੰਦਾ ਰਿਹਾ। ਪਰ ਸਨ 1984 ਦੇ ਨੀਲੇ ਤਾਰੇ ਸਮੇ ਹੋਈ ਸਰਬ ਭੱਖੀ ਗੋਲਾਬਾਰੀ ਸਮੇ ਉਚੇਚੀ ਸਰਕਾਰੀ ਸੁਰੱਖਿਆ ਹੇਠ ਬਚਾਈ ਰੱਖੀ ਪੰਥਕ ਗ਼ੱਦਾਰਾਂ ਦੀ ਜੁੰਡਲੀ ਭਾਵ ਅਜੋਕੀ ਸਿੰਘ ਸਾਹਿਬੀ ਅਥਵਾ ਪੁਜਾਰੀਵਾਦ ਨੂੰ ਕਿਸੇ ਸ਼ਰਧਾਵਾਨ ਦੀ ਚਿੱਠੀ ਦਾ ਉੱਤਰ ਦੇਣ ਦੀ ਕੀ ਲੋੜ? ਕਾਫ਼ੀ ਪੁੱਛ ਪੜਤਾਲ ਉਪਰੰਤ ਮਿਤੀ 20 ਫ਼ਰਵਰੀ ਸਨ 1996 (Feb: 20, 1996) ਨੂੰ ਜਥੇਦਾਰ: ਗੁਰਚਰਨ ਸਿੰਘ ਜੀ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨਾਮ ਵਿਸਥਾਰ ਸਹਿਤ ਚਿੱਠੀ ਵਿੱਚ ਉਨ੍ਹਾਂ ਸਾਰੇ ਉਪੱਦਰਾਂ ਦਾ ਵੇਰਵਾ ਲਿਖ ਭੇਜਿਆ। ਉਸ ਚਿੱਠੀ ਦਾ ਉਤਾਰਾ WWW kalaafghana.com ਤੋਂ ਪੜ੍ਹਿਆ ਜਾ ਸਕਦਾ ਹੈ। ਅਥਵਾ Email ਰਾਹੀ ਦਾਸਰੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ}

ਗੁਰੂ ਸਾਹਿਬਾਨ ਂਨੂੰ ਅਮੀਰੀ ਠਾਠ ਨਾਲ ਜੀਵਨ ਬਤੀਤ ਕਰਦੇ ਦਰਸਾ ਰਹੀਆਂ ਭਰਮਾਊ ਕਥਾ ਕਹਾਣੀਆਂ ਨਾਲ ਭਰੀ ਗੁਰਬਿਲਾਸ ਪਾਤਸ਼ਾਹੀ 6 ਪੁਸਤਕ ਸਨ 1718 ਤੋਂ ਸਾਡੇ ਪੁਜਾਰੀਆਂ ਕੋਲ ਆ ਚੁੱਕੀ ਸੀ। ਰੂਪ ਵਟਾ ਕੇ ਸਿਖੀ ਦੇ ਧਰਮ ਆਗੂ ਬਣਦੇ ਚਲੇ ਆ ਰਹੇ ਗੁਰਮਤਿ ਦੇ ਵੈਰੀ ਪੁਜਾਰੀਆਂ ਨੇ ਗੁਰਮਤਿ ਵਿਰੋਧੀ 'ਗੁਰਬਿਲਾਸ ਪਾਤਸ਼ਾਹੀ 6' ਦੀ ਕਥਾ ਯੋਜਨਾ ਬੱਧ ਢੰਗ ਨਾਲ ਸੁਣਾਈ ਰੱਖੀ ਜਿਸ ਤੋਂ ਅਤੇ ਸ਼ਾਹੀ ਲਿਬਾਸ ਵਿੱਚ ਫੱਬੇ ਸਤਿਗੁਰੂ ਸਾਹਿਬਾਂਨ ਜੀ ਦੀਆਂ ਮਨੋਕਲਪਤ ਤਸਵੀਰਾਂ ਦੀ ਭਰਮਾਰ ਤੋਂ ਅਗਿਆਨੀ ਸਿੱਖਾਂ ਸਮੇਤ ਆਮ ਲੋਕਾਂ ਨੇ ਭਰਮ ਕਬੂਲ ਕਰ ਲਿਆ ਕਿ ਸ਼ਾਇਦ ਸੱਚ ਮੁੱਚ ਹੀ ਗੁਰੁ ਸਾਹਿਬਾਨ ਅਨਮੋਲ ਹੀਰੇ ਜਵਾਹਿਰਾਤ ਜੜਤ ਸ਼ਾਹੀ ਪੁਸ਼ਾਕੇ ਤੇ ਕਲਗ਼ੀਆਂ ਪਹਿਨਦੇ, ਸੁਨਹਿਰੀ ਰਥਾਂ ਪਾਲਕੀਆਂ ਦੀ ਸਵਾਰੀ ਮਾਣਦੇ ਸ਼ਾਹੀ ਜੀਵਨ ਬਤੀਤ ਕਰਦੇ ਰਹੇ ਸਨ। ਪਰ ਇਹ ਕਿਵੇਂ ਹੋ ਸਕਦਾ ਸੀ ਕਿ ਗੁਰੂ ਸਾਹਿਬਾਨ ਦਾ ਨਿੱਜੀ ਜੀਵਨ ਆਪਣੇ ਹੀ ਲਿਖੇ ਗਿਆਨ- “ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ”॥ {595} ਦੇ ਬਿਲਕੁਲ ਉਲਟ ਰਿਹਾ ਹੋਵੇ? ਕੱਚੀਆਂ ਇਟਾਂ ਅਤੇ ਮਿੱਟੀ ਗਾਰੇ ਦੇ ਬਣੇ ਗ਼ਰੀਬ ਕਿਰਤੀਆਂ ਵਰਗੇ ਸਤਿਗੁਰੂ ਸਾਹਿਬਾਨ ਦੇ ਜੱਦੀ ਘਰ, ਵੈਰੀਆਂ ਦੇ ਉਪਰੋਕਤ ਕੋਝੇ ਯਤਨਾਂ ਨੂੰ ਝੂਠ ਸਿੱਧ ਕਰਨ ਲਈ ਕਾਫ਼ੀ ਸਨ। ਗੰਭੀਰ ਖ਼ਤਰਾ ਸੀ ਕਿ ਜਦੋਂ ਵੀ ਕਿਸੇ ਸਿਰਲੱਥ ਲਿਖਾਰੀ ਨੇ ਇਨ੍ਹਾਂ ਪੁਰਾਤਨ ਘਰਾਂ ਕੋਠਿਆਂ ਦੇ ਅਧਾਰ ਤੇ ਬਣ ਰੇ ਇਸ ਝੂਠੇ ਗੁਰੂ ਇਤਹਾਸ ਦੀ ਅਸਲੀਅਤ ਲੋਕਾਂ ਸਾਹਮਣੇ ਨੰਗੀ ਕਰ ਦਿਤੀ ਤੇ ਭਿਆਨਕ ਵਿਦ੍ਰੋਹ ਉਠ ਖੜਾ ਹੋਣਾ ਹੈ। ਗੁਰਮਤਿ ਦੇ ਵੈਰੀਆਂ ਨੇ ਉਨ੍ਹਾਂ ਪੁਰਾਤਨ ਗੁਰੂਘਰਾਂ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਬੜਾ ਜ਼ਰੂਰੀ ਜਾਣ ਲਿਆ ਸੀ।

ਪਰ ਜਿਨ੍ਹਾਂ ਅਨੂਪਮ ਸਤਿਗੁਰੂ ਸਾਹਿਬਾਨ ਨੇ ਸਾਨੂੰ ਸੰਤ ਸੂਰਮਾ ਬਣਾ ਕੇ ਸਾਡੀ ਚੜ੍ਹਦੀ ਕਲਾ ਬਣਾਈ ਰੱਖਣ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਸੀ ਉਨ੍ਹਾਂ ਦੇ ਪਰਵਾਰਕ ਜੀਵਨ ਦੇ ਸਾਖ਼ਸ਼ੀ ਉਨ੍ਹਾਂ ਦੇ ਪਾਵਨ ਪਵਿੱਤ੍ਰ ਜੱਦੀ ਘਰਾਂ ਦੀ ਬੇਹੁਰਮਤੀ ਸਤਿਗੁਰੂ ਸਾਹਿਬਾਨ ਦੀ ਨਿੱਜੀ ਬੇਅਦਬੀ ਹੋ ਦਿਸੀ। ਗੁਰਦੇਵ ਜੀ ਦੇ ਸ਼ਸਤ੍ਰ ਵੈਤੋਂ ਆਏ ਸੁਣ ਕੇ, ਇੱਕ ਗੰਗਾ ਸਾਗਰ ਸਤਿਗੁਰਾਂ ਨੇ ਵਰਤਿਆ ਸੁਣ ਕੇ ਅਥਵਾ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਖੜਾਂਵ ਦੇ ਦਰਸ਼ਨਾਂ ਲਈ ਸਾਰਾ ਪੰਥ ਵਹੀਰਾਂ ਪਾ ਦਿੰਦਾ ਹੈ। ਜਿਨ੍ਹਾਂ ਪਾਵਨ ਘਰਾਂ-ਕੋਠਿਆਂ ਵਿੱਚ ਗੁਰਦੇਵ ਦਾ ਜਨਮ ਹੋਇਆ, ਜਿਨ੍ਹਾਂ ਵੇਹੜਿਆ ਵਿੱਚ ਬਾਲਕ ਗੁਰੁ ਜੀ ਪਲ ਕੇ ਪ੍ਰਾਵਨ ਚੜ੍ਹੇ ਜਿਨ੍ਹਾਂ ਘਰਾਂ ਵਿੱਚ ਗੁਰਦੇਵ ਜੀ ਨੇ ਕਈ ਸਾਲ ਪ੍ਰਵਾਰਕ ਸੁਖ ਮਾਣਿਆ ਉਨ੍ਹਾਂ ਪਾਵਨ ਘਰਾਂ ਉੱਤੇ ਕਹੀਆਂ ਮਾਰਨੀਆਂ ਸੁਹਿਰਦ ਗੁਰਸਿਖਾਂ ਵਾਸਤੇ ਆਤਮਕ ਮੌਤ ਬਣ ਜਾਣੀ ਹੈ। ਮਰਨ ਮਾਰਨ ਦਾ ਮਸਲਾ ਬਣ ਕੇ ਵੈਰੀਆਂ ਲਈ ਕਈ ਖ਼ਤਰਿਆਂ ਦਾ ਕਾਰਨ ਬਣ ਜਾਣਾ ਸੀ। ਦੂਰ ਦ੍ਰਿਸ਼ਟ ਹੁਸ਼ਿਆਰ ਵੈਰੀਆਂ ਨੂੰ ਇਸ ਕੁਕਾਰਜ ਲਈ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਬੜੇ ਢੁੱਕਵੇਂ ਪ੍ਰਧਾਨ ਦੀ ਭਾਲ ਸੀ। ਇਉਂ ਲੱਗਦਾ ਹੈ ਜਿਵੇ ਜ: ਗੁਰਚਰਨ ਸਿੰਘ ਟੌਹੜਾ ਦੀ ਚੋਣ ਗੁਰਮਤਿ ਦੇ ਕੱਟੜ ਵੈਰੀ ਆਰ. ਐਸ. ਐਸ. (RSS) ਦੀ ਮਰਜ਼ੀ ਨਾਲ ਹੀ ਹੋਈ ਹੋਵੇ? ਇੱਕ ਚੌਥਾਈ ਸਦੀ ਤੋਂ ਵੱਧ ਸਮਾ ਸਿੱਖੀ ਦੇ ਖ਼ਜ਼ਾਨੇ ਨੂੰ ਚੰਬੜੇ ਰਹੇ ਭੂਤਾਂ ਦੇ ਸਿਰਦਾਰ ‘ਮਰਹੂਮ’ -Late ਜਥੇਦਾਰ ਗੁਰਚਰਨ ਸਿੰਘ ਟੌਹੜੇ ਨੂੰ ਵੈਰੀ ਨੇ ਕਿਵੇਂ ਗੰਢ ਲਿਆ ਸੀ? ਇਸ ਦਾ ਠੀਕ ਪਤਾ ਉਨ੍ਹਾਂ ਦੇ ਸਾਥੀ ਅਥਵਾ ਸਥਨਾਕ ਖੋਜੀ ਵਿਦਵਾਨ ਹੀ ਜਾਣ ਸਕਦੇ ਹਨ। ਪਰ ਪਰਮ ਉਪਕਾਰੀ ਗੁਰੂ ਸਾਹਿਬਾਨ ਦੇ ਜੱਦੀ ਘਰਾਂ ਦਾ ਨਾਮੋ ਨਿਸ਼ਾਨ ਮਿਟਾ ਦੇਣ ਲਈ ਟੌਹੜਾ ਸਾਹਿਬ ਨੇ ਡੇਰੇ ਦਾਰ ਸਾਧਾਂ ਨਾਲ ਗੰਢ ਤੁਪ ਕਰ ਲਈ ਦਾ ਸੂਬਤ ਪਰਤੱਖ ਹੈ:-

ਪੁਰਾਰਤਨ ਘਰਾਂ ਦੇ ਥਾਂ ਆਲੀਸ਼ਾਨ ਮਹਲ ਮਾੜੀਆਂ ਰੂਪ ਬ੍ਰਾਹਮਣੀ ਸੋਚ ਦੀ ਉਪਜ ਦੇਵ ਮੰਦਰਾਂ ਵਰਗੇ ਗੁਰਮਤਿ ਵਿਰੋਧੀ ਮੰਦਰ ਬਣਾ ਦੇਣ ਦੇ ਠੇਕੇ ਸਾਧ-ਬਾਬਿਆਂ ਨੂੰ ਦਿੱਤੇ ਜਾਣ ਲੱਗ ਪਏ। ਕਦੇ ਕਾਲੀ ਕੰਬਲੀ ਵਾਲਾ ਕਦੇ ਚਿਟੀਆਂ ਚਾਦਰਾਂ ਵਾਲਾ, ਕਦੇ ਬੜੂੰਦੀ ਵਾਲਾ ਕਦੇ ਚੋਮੋਂ ਵਾਲਾ। ਇਸ ਤਰ੍ਹਾਂ ਭਰਮਾਊ ਉਪਨਾਵਾਂ ਵਾਲਾ ਭੇਖੀ ਸਾਧ "ਟੋਕਰੀ" ਰੱਖ ਬੈਠਦਾ ਸੀ। ਉਸ ਦੇ ਕਾਰਿੰਦੇ ਇਲਾਕੇ ਵਿੱਚ ਫੈਲ ਜਾਂਦੇ। ਲਾਊਡ ਸਪੀਕਰਾਂ ਰਾਹੀ ਪਿੰਡੋ ਪਿੰਡ ਹੋਕਾ ਸੁਣਿਆ ਜਾਣ ਲਗ ਪੈਂਦਾ। "ਵੇਖੋ ਤਰੱਕੀਆਂ ਕਰਕੇ ਅਸਾਂ ਆਪਣੇ ਲਈ ਕਿੰਨੇ ਸੁੱਖ ਬਣਾ ਲਏ ਹਨ। ਕਿੱਢੇ ਵਧੀਆ ਮਕਾਨ ਬਣਾ ਲਏ। ਪਰ ਸਾਡੇ ਸਚੇ ਪਾਤਸ਼ਾਹ ਜੀ ਦੇ ਰਿਹਾਇਸ਼ੀ ਕੋਠੇ ਗ਼ਰੀਬਾਂ ਵਰਗੇ ਜਿਉਂ ਦੇ ਤਿਉਂ ਪੁਰਾਣੇ ਹੀ ਰਹ ਗਏ? ਸਾਡਾ ਪਾਪੀਆਂ ਦਾ ਧਿਆਨ ਉਸ ਪਾਸੇ ਕਦੇ ਨਾ ਗਿਆ। ਕਿਸ ਯੁੱਗ਼ ਹੋਣਾ ਸੀ ਸਾਡਾ ਪਾਰ ਉਤਾਰਾ? ਹੇ ਮਾਈਉ ਭੈਣੋਂ! ਪਾਪਾਂ ਦਾ ਖ਼ਾਤਮਾ ਕਰਕੇ ਤੁਹਾਡੇ ਮਨਾਂ ਦੀਆ ਮੁਰਾਦਾਂ ਪੂਰੀਆਂ ਕਰਨ ਲਈ (ਬਾਸਰਕੇ, ਨਾਨਕਸਰ. ਖਡੂਰ, ਗੋਇਂਦਾਵਾਲ, ਕੀਰਤ ਪੁਰ ਆਦਿ) ਵਿਚਲੇ ਪੁਰਾਣੇ ਗੁਰੂ ਘਰਾਂ ਦੇ ਥਾਂ ਆਲੀਸ਼ਾਨ ਗੁਰਦਆਰੇ ਬਣਾ ਰਹੇ ਬੜੇ ਕਰਣੀ ਵਾਲੇ ਸੰਤ ਬਾਬਾ 'ਕਾਲੀ ਕੰਬਲੀ' ਵਾਲਿਆਂ ਨੇ ਸੇਵਾ ਦਾ ਮਹਾਨ ਜੱਗ ਆਣ ਲਾਇਆ ਹੈ। ਪ੍ਰਧਾਨ ਟੌਹੜਾ ਜੀ ਨੇ ਬੜੇ ਸਿਆਣੇ ਇੰਜੀਨਅਰ ਤੋਂ ਨਕਸ਼ਾ ਤਿਆਰ ਕਰਵਾ ਕੇ ਸੰਤਾ ਨੂੰ ਆਪ ਦਿੱਤਾ ਹੈ। ਵਡੇ ਕਰਾਮਕਾਤੀ ਸੰਤ ਬਾਬਾ ਜੀ ਨੇ ਤੁਹਾਡਾ ਲੋਕ ਤੇ ਪਰਲੋਕ ਸੁਆਰਨ ਲਈ ‘ਸੇਵਾ ਦੀ ਟੋਕਰੀ’ ਲਿਆ ਰੱਖੀ ਹੈ। ਉਨ੍ਹਾਂ ਵਲੋਂ ਆਰੰਭ ਕੀਤੇ ਇਸ ਮਹਾਂਨ ਯੱਗ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਆਪਣੇ ਦੁੱਖਾਂ ਦਾ ਨਾਸ ਕਰਦਿਆਂ ਆਪਣੇ ਮਨਾਂ ਦੀਆਂ ਮੁਰਾਦਾਂ ਪੁਰੀਆਂ ਕਰ ਲਵੋ। " ਸਾਧ ਦੇ ਪਾਲਤੂ ਮੁਫ਼ਤ ਖੋਰੇ ਵਿਹਲੜ ਸੇਵਾਦਾਰ-"ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ॥ ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ॥ " {964} -ਅਥਵਾ-"ਹਸਤ ਚਰਨ ਸੰਤ ਟਹਲ ਕਮਾਈਐ॥ ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ॥ " {299} ਗੁਰੂ ਬਚਨਾਂ ਦੀਆਂ ਘਣਕੋਰਾਂ ਪਾਈ ਰੱਖਣੀਆਂ। ਸਦਾ ਅਖੰਡ ਸਮਾਧੀ ਵਿੱਚ ਟਿਕੇ ਰਹਣ ਵਾਲੇ ਬਾਬਾ ਜੀ ਦੇ ਦਰਸ਼ਨਾਂ ਨਾਲ ਭਾਗ ਸਫ਼ਲੇ ਜਾ ਕਰੋ। ਗੁਰੂ ਬਾਣੀ ਗੁਰਮਤਿ ਤੋਂ ਕੋਰੇ ਕੇਵਲ ਆਪਣੀ ਅਗਿਅਨਤਾ ਨੂੰ ਲੁਕਾਈ ਰਖਣ ਲਈ ਮੋਨ ਧਾਰੀ ਬੈਠੇ ਕੰਬਲੀ ਵਾਲੇ ਸੰਤ ਬਾਬੇ ਨੂੰ ਲੋਕਾਂ ਲਈ ਗੁਰੂ ਪਰਮੇਸ਼ਰ ਬਣਾ ਰਹੇ ਹੁੰਦੇ ਹਨ।

ਮਨੁੱਖ ਨੂੰ ਸੰਤ ਸੂਰਮਾ ਬਣਾ ਰਹੇ ਦਸ-ਸਰੂਪੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਗੁਸਿੱਖਾਂ ਦੇ ਮਨਾਂ ਵਿੱਚ ਸੇਵਾ-ਭਾਵ ਦੀ ਗੂੜ੍ਹੇ ਸੰਸਕਾਰ ਬਣਾਏ ਹੋਏ ਹਨ। ਸਾਧ ਰੂਪ ਕਪਟੀ ਲੁਟੇਰਿਆਂ ਦੇ ਕਾਰਿੰਦੇ ਗੁਰੂ ਸ਼ਬਦਾਂ ਵਿੱਚ ਗਲੇਫੇ ਪਚਾਰ ਨਾਲ ਗੁਰਰਿੱਖਾਂ ਦੇ ਹਿਰਦਿਆਂ ਵਿਚਲੇ ਸੇਵਾਭਾਵ ਨੂੰ ਅਜੇਹਾ ਉਤਸ਼ਾਹਤ ਕਰ ਦੇਂਦੇ ਰਹੇ ਕਿ ਗੁਰਮਤਿ ਤੋਂ ਹੀਣੀ ਸ਼ਰਧਾ ਬੇ-ਕਾਬੂ ਹੋ ਤੁਰੀ। ਸ਼ਰਧਾਵਾਨ ਸੰਗਤਾਂ ਕਥਿਤ ਬਾਬਾ ਜੀ ਦੇ ਦਰਸ਼ਨਾਂ ਲਈ ਹੁਮਹੁਮਾ ਤੁਰੀਆਂ। ਸੇਵਾ ਨਾਲ ਤਨ ਮਨ ਧਨ ਸਫ਼ਲਾ ਕਰ ਲੈਣ ਦੇ ਫੋਕਟ ਭਰਮ ਵਿੱਚ ਜਕੜੀਆਂ ਸੰਗਤਾਂ ਦੁਅਰਾ ਬਾਬੇ ਦੀ ਟੋਕਰੀ ਵਿਚ, ਸੋਨਾ, ਚਾਂਦੀ, ਗਹਿਣੇ, ਨਕਦੀ, ਸੰਗਮਰਮਰ, ਅਥਵਾ ਕਵੁਡਮੁੱਲੀ ਲੱਕੜ, ਸੀਮਿੰਟ, ਇੱਟਾਂ, ਚੂਨਾ, ਰੇਤ, ਬੱਜਰੀ ਆਦਿਕ ਦੇ ਪੈਣੇ ਸ਼ੁਰੂ ਹੋ ਜਾਂਦੇ। ਪਰ "ਮੂੰਹ ਪਾੜੀ ਬੈਠੀ ‘ਸਦਾ ਭੁੱਖੀ ਦੀ ਭੁੱਖੀ’ ਉਹ ਟੋਕਰੀ ਕਦੇ ਤ੍ਰਿਪਤਿ ਨਾ ਹੋਈ। ਇਮਾਰਤ ਦੀਆਂ ਕੰਧਾਂ ਉਚੀਆਂ ਹੋਣ ਦੇ ਨਾਲ ਬਾਬੇ ਦਾ "Bank Balance ਵੀ ਛਾਲਾਂ ਮਾਰਦਾ ਵੱਧ ਤੁਰੇ ਦਾ ਰੌਲਾ ਕਈ ਵਾਰ ਅਖ਼ਬਾਰਾਂ ਵਿੱਚ ਵੀ ਛਪਿਆ।

ਸਖ਼ਤ ਹੈਰਾਨ-ਕੁਨ ਕੌਮੀ ਦੁਖਾਂਤ:-ਜਿਨ੍ਹਾਂ ਪਾਵਨ ਪਵਿੱਤਰ ਕੋਠਿਆਂ ਵਿੱਚ ਸਾਹਿਬਾਂ ਦਾ ਜਨਮ ਹੋਇਆ, ਜਿਥੇ ਉਹ ਬਾਲ ਉਮਰੇ ਖੇਡਦੇ ਬਾਲ-ਕਲੋਲਾਂ ਕਰਦੇ ਰਿੜ੍ਹਦੇ ਡਿੱਗ ਡਿੱਗ ਉਠਦੇ ਤੁਰਦੇ ਦੌੜਦੇ ਰਹੇ, ਸਾਦੇ ਜਹੇ ਕੱਚੇ ਚੌਕੇ ਵਿੱਚ ਚੁੱਲ੍ਹੇ ਕੋਲ ਬੈਠ ਕੇ ਸੱਧਰਾਂ ਪਿਆਰਾਂ ਲੱਦੀ ਮਾਤਾ ਜੀ ਦੇ ਹੱਥਾਂ ਦਾ ਭੋਜਨ ਛਕਦੇ ਰਹੇ ਸਨ। ਪੁਰਾਣੇ ਘਰਾਂ ਦੇ ਜਿਨ੍ਹਾ ਕੱਚੇ ਵੇਹੜਿਆਂ ਵਿੱਚ ਸਤਿਸੰਗਤ ਰੂਪ ਧਰਮਸ਼ਾਲਾ ਸਥਾਪਤ ਹੋਇਆ ਕਰਦੀ ਸੀ-"ਸਾਧ ਸੰਗਤਿ ਕਰ ਧਰਮਸਾਲ ਸਿਖ ਸੇਵਾ ਲਾਏ॥ " (9/17/2)। ਸੈਂਕੜੇ ਸਾਲ ਪੁਰਾਣੇ ਘਰਾਂ-ਵੇਹੜਿਆਂ ਦੇ ਰੂਪ ਵਿੱਚ ਜਿਸ ਪਾਵਨ ਗੁਰੂ ਇਤਿਹਾਸ ਦੀਆਂ ਯਾਦ-ਠੰਡਾਂ ਨੂੰ ਸ਼ਰਧਾਵਾਨ ਦਰਸ਼ਕ ਘੰਟਿਆਂ ਬੱਧੀ ਮਾਣਦੇ ਰੱਜਿਆ ਨਾ ਸੀ ਕਰਦੇ ਉਹ ਪਾਵਨ ਪਵਿੱਤਰ ਨਜ਼ਾਰਾ ਕਿੱਧਰ ਛਾਈਂ ਮਾਈਂ ਹੋ ਗਿਆ? ਇਹ ਦੁਖਾਂਤ ਉਸ ਸਮੇ ਹੋਰ ਵੀ ਅਸਹਿ ਬਣ ਜਾਂਦਾ ਹੈ ਜਦ ਇਹ ਪਤਾ ਲੱਗਦਾ ਹੈ ਕਿ ਗੁਰੂਘਰਾਂ-ਰੂਪ ਇਸ ਦੁਰਲੱਭ ਕੌਮੀ ਸਰਮਾਏ ਨੂੰ ਕਿਸੇ ਵੈਰੀ ਨੇ ਨਹੀਂ, ਸਗੋਂ ਖ਼ਾਲਸਾ ਪੰਥ ਦੀ ਸਰਬ ਸ੍ਰੇਸ਼ਟ ਪਦਵੀ ਮਾਣ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਨੇ ਆਪ ਕਰਵਾਇਆ ਸੀ। ਗੁਰੂ ਜੀ ਦੇ ਰਿਹਾਇਸ਼ੀ ਘਰਾਂ ਨੂੰ ਸਿੱਖਾਂ ਦੇ ਹੀ ਜਥੇਦਾਰ ਦੀ ਅਕ੍ਰਿਤਘਣਤਾ ਨੇ ਅਥਵਾ ਕੌਮ ਦੇ ਵਿਦਵਾਨਾਂ ਦੀ ਲਾਪਰਵਾਹੀ ਨੇ ਨਿਗਲ ਲਿਆ? ਜਿਸ ਜਥੇਦਾਰ ਨੇ ਉਸ ਅਨਮੋਲ ਕੌਮੀ ਸਰਮਾਏ ਨੂੰ ਸਦਾ ਜਿਉਂ ਦੇ ਤਿਉਂ ਬਣਾਈ ਰਖਣ ਦੇ ਪ੍ਰਬੰਧ ਕਰਦੇ ਰਹਿਣਾ ਸੀ ਉਹ ਪੁਜਾਰੀ ਟੋਲੇ ਦਾ ਸਹਿਯੋਗੀ ਅਥਵਾ RSS ਦਾ ਦਲਾਲ ਬਣ ਗਿਆ? SGPC ਦੇ ਪਰਧਾਨ ਦੇ ਹਿਰਦੇ ਅੰਦਰ ਬੈਠੀ ਅਕ੍ਰਿਤਘਣਤਾ ਨੇ, ਨਿਮਰਤਾ ਭਰੇ ਸਨੇਹ ਵਾਲੀ “ਭਲੀ ਸੁਹਾਵੀ ਛਾਪਰੀ” ਦੇ ਪ੍ਰਤੱਖ ਰੂਪ, ਬਚੇ ਖੁਚੇ ਉਸ ਕੇਵਲ ਮਾਤਰ ਗੁਰੂ ਇਤਿਹਾਸ ਨੂੰ, ਨਿਹਕਲੰਕ ਬਣੇ ਬੈਠੇ ਇਨ੍ਹਾਂ ਠੱਗ ਬਾਬਿਆਂ ਦੀਆਂ ਨਿਰਦਈ ਕਹੀਆਂ ਨੇ, ਥੋਹੜੇ ਦਿਨਾ ਵਿੱਚ ਸੰਗਮਰਮਰੀ ਗੁਰੂ ਘਰਾਂ ਵਿੱਚ ਬਦਲ ਦਿੱਤਾ। ਜਿਸ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਨੂੰ ਮਰਜ਼ੀ ਹੈ ਚਲੇ ਜਾਉ, ਹਰ ਥਾਂ ਵੈਸੀਆਂ ਹੀ ਪੱਕੀਆਂ ਇੱਟਾਂ ਤੇ ਰੰਗਾ ਰੰਗ ਪੱਥਰ ਨਜ਼ਰ ਆਉਣਗੇ। ਹਿਰਦਿਆਂ ਨੂੰ ਠੰਢਾਂ ਪਾਉਂਦੇ ਗੁਰੂ ਛੋਹਾਂ ਵਾਲੇ ਉਹ ਪਾਵਨ ਕੋਠੇ ਕਿੱਧਰ ਗਏ?

ਹੇ ਪਾਠਕ ਸੱਜਣ ਜੀਓ! ਇਹ ਹੈ ਸਾਡੇ ਗੁਰਦੇਵ ਜੀ ਦੀਆਂ “ਕੂਕ ਪੁਕਾਰਾਂ” ਦਾ ਸਭ ਤੋਂ ਵੱਡਾ ਕਾਰਨ। ਸਿਖੀ ਦੇ ਅਸਲੀ ਗ਼ੱਦਾਰਾਂ ਨੂੰ ਪਛਾਣ ਕੇ ਉਨ੍ਹਾਂ ਤੋਂ ਪਿੱਛਾ ਛੁਡਾਉਣ ਦੇ ਢੁੱਕਵੇਂ ਪਰਬੰਧ ਕਰ ਲੈਣ ਵਿੱਚ ਢਿੱਲ ਕਰੀ ਰੱਖਣੀ ਸਾਰੇ ਸਿੱਖ ਜਗਤ ਨੂੰ ਬੜੀ ਮਹਿੰਗੀ ਪੈਣੀ ਹੈ। ਜ਼ਰਾ ਗਹੁ ਨਾਲ ਵੇਖੋ ਤਾਂ ਆਤਮ ਹੱਤਿਆ ਬਣ ਰਹੀ ਇਸ ਅਣਗਹਿਲੀ ਦੀ ਪਛਾਣ ਆ ਜਾਵੇਗੀ ਕਿ ਸਾਡੇ ਧਰਮ-ਆਗੂਆਂ ਦੇ ਜੀਵਨ ਤੋਂ ਬਣ ਰਹੀ ਸਾਡੀ ਸਿੱਖਾਂ ਦੀ ਜੀਵਨ ਮਰਯਾਦਾ ਦਾ ਅਸਲੀ ਰੂਪ ਇਹ ਬਣ ਰਿਹਾ ਹੈ:-

ਰਾਗੁ ਗਉੜੀ ਗੁਆਰੇਰੀ ਮਹਲਾ 5॥ ਜੋ ਪਰਾਇਓ ਸੋਈ ਅਪਨਾ॥ ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ॥ 1॥ ਕਹਹੁ ਗੁਸਾਈ ਮਿਲੀਐ ਕੇਹ॥ ਜੋ ਬਿਬਰਜਤ ਤਿਸ ਸਿਉ ਨੇਹ॥ 1॥ ਰਹਾਉ॥ ਝੂਠੁ ਬਾਤ ਸਾ ਸਚੁ ਕਰਿ ਜਾਤੀ॥ ਸਤਿ ਹੋਵਨੁ ਮਨਿ ਲਗੈ ਨ ਰਾਤੀ॥ 2॥ ਬਾਵੈ ਮਾਰਗੁ ਟੇਢਾ ਚਲਨਾ॥ ਸੀਧਾ ਛੋਡਿ ਅਪੂਠਾ ਬੁਨਨਾ॥ 3॥ ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ॥ ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ॥ 4॥ 29॥ 98॥ {185}




.