.

ਆਰਤੀ

ਜਦੋਂ ਸੰਤਾਂ ਨੇ ਮੈਨੂੰ ਵਾਹਣੀਂ ਪਾਇਆ

ਧਨਾਸਰੀ ਮਹਲਾ ੧ ਆਰਤੀ ੴ ਸਤਿਗੁਰ ਪ੍ਰਸਾਦਿ॥

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥

ਧੁਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ॥

ਸਾਰਾ ਆਕਾਸ਼ ਮਾਨੋ ਥਾਲ ਹੈ; ਸੂਰਜ ਤੇ ਚੰਦ ਇਸ ਥਾਲ ਵਿੱਚ ਦੀਵੇ ਬਣੇ ਹੋਏ ਹਨ; ਤਾਰਿਆਂ ਦੇ ਸਮੂਹ ਥਾਲ ਵਿੱਚ ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵੱਲੋਂ ਆਉਣ ਵਾਲ਼ੀ ਹਵਾ ਮਾਨੋ ਧੂਪ ਧੁਖ ਰਿਹਾ ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਾਸਪਤੀ ਜੋਤਿ ਰੂਪ ਪ੍ਰਭੂ ਦੀ ਆਰਤੀ ਲਈ ਫੁੱਲ ਦੇ ਰਹੀ ਹੈ॥ ੧॥

ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ॥ ੧॥॥ ਰਹਾਉ॥

ਹੇ ਜੀਵਾਂ ਦੇ ਜਨਮ ਮਰਨ ਕਰਨ ਵਾਲ਼ੇ, ਕੁਦਰਤਿ ਵਿੱਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਸਭ ਜੀਵਾਂ ਵਿੱਚ ਰੁਮਕ ਰਹੀ ਇੱਕ ਰਸ ਜੀਵਨ-ਰੌ ਮਾਨੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ॥ ੧॥ ਰਹਾਉ॥

ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ॥

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥ ੨॥

ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ ਪਰ ਨਿਰਾਕਾਰ ਹੋਣ ਕਰਕੇ ਹੇ ਪ੍ਰਭੂ, ਤੇਰੀਆਂ ਕੋਈ ਅੱਖਾਂ ਨਹੀ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ ਪਰ ਤੇਰੀ ਕੋਈ ਭੀ ਸਕਲ ਨਹੀ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ ਪਰ ਨਿਰਾਕਾਰ ਹੋਣ ਕਰਕੇ ਤੇਰਾ ਇੱਕ ਭੀ ਪੈਰ ਨਹੀ। ਹਜ਼ਾਰਾਂ ਤੇਰੇ ਨੱਕ ਹਨ ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ॥ ੨॥

ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥

ਗੁਰ ਸਾਖੀ ਜੋਤਿ ਪਰਗਟੁ ਹੋਇ॥ ਜੋ ਤਿਸੁ ਭਾਵੈ ਸੁ ਆਰਤੀ ਹੋਇ॥ ੩॥

ਸਾਰੇ ਜੀਵਾਂ ਵਿੱਚ ਇਕੋ ਓਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਪ੍ਰਕਾਸ਼ ਨਾਲ਼ ਸਾਰੇ ਜੀਵਾਂ ਵਿੱਚ ਚਾਨਣ ਅਰਥਾਤ ਸੂਝ ਬੂਝ ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ਼ ਹੀ ਹੁੰਦਾ ਹੈ। ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ। ਇਸ ਸਰਬ ਵਿਆਪਕ ਜੋਤਿ ਦੀ ਆਰਤੀ ਇਹ ਹੈ ਕਿ ਜੋ ਕੁੱਝ ਉਸਦੀ ਰਜ਼ਾ ਵਿੱਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ। ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ॥ ੩॥

ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥

ਕ੍ਰਿਪਾ ਮਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ॥ ੪॥ ੧॥ ੭॥ ੯॥ (ਪੰਨਾ ੬੬੩)

ਹੇ ਹਰੀ, ਤੇਰੇ ਚਰਨ ਰੂਪ ਕੌਲ ਫੁੱਲਾਂ ਦੇ ਸਰ ਲਈ ਮੇਰਾ ਮਨ ਲਲਚਾਉਂਦਾ ਹੈ। ਰੋਜ਼ ਮੈਨੂੰ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ ਜਿਸਦੀ ਬਰਕਤਿ ਨਾਲ਼ ਮੈ ਤੇਰੇ ਨਾਮ ਵਿੱਚ ਟਿਕਿਆ ਰਹਾਂ॥ ੪॥ ੧॥ ੭॥ ੯॥

੧੯੫੮ ਤੋਂ ਜਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਦਾਖ਼ਲੇ ਦੇ ਸਮੇ ਪ੍ਰਿੰ. ਸਾਹਿਬ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ ਤਾਂ ਆਰਤੀ ਬਾਰੇ ਮੇਰੇ ਵਿਚਾਰ ਇਸ ਸ਼ਬਦ ਦੇ ਉਹਨਾਂ ਵੱਲੋਂ ਕੀਤੇ ਗਏ ਅਰਥਾਂ ਨਾਲ ਇਸ ਤਰ੍ਹਾਂ ਦੇ ਬਣੇ ਹੋਏ ਸਨ ਕਿ ਨਿਰੰਕਾਰ ਦੀ ਅਰਤੀ ਨਿਰੰਤਰ ਹੋਈ ਜਾ ਰਹੀ ਹੈ ਤੇ ਇਸ ਲਈ ਉਸਨੂੰ ਦੀਵੇ ਜਗਾ ਕੇ ਤੇ ਹੋਰ ਕਿਸੇ ਤਰ੍ਹਾਂ ਦੇ ਆਡੰਬਰ ਕਰਕੇ ਉਸਦੀ ਆਰਤੀ ਉਤਾਰਨ ਦੀ ਕੋਈ ਲੋੜ ਨਹੀ। ਇਸ ਬਾਰੇ ਇੱਕ ਨਿਹੰਗ ਸਿੰਘ ਦੇ ਬਚਨ ਵੀ ਕੁੱਝ ਇਸ ਤਰ੍ਹਾਂ ਦੇ ਸੁਣ ਰੱਖੇ ਸਨ: ਇੱਕ ਵਾਰੀਂ ਭਗਤਾਂ ਨੂੰ ਇਸ ਤਰ੍ਹਾਂ ਪ੍ਰੰਪਰਾਗਤ ਤਰੀਕੇ ਨਾਲ ਆਰਤੀ ਉਤਾਰਦਿਆਂ ਵੇਖ ਕੇ, ਉਸਨੇ ਹੈਰਾਨੀ ਨਾਲ਼ ਕਿਸੇ ਤੋਂ ਪੁਛਿਆ, “ਇਹ ਕੀ ਹੋ ਰਿਹਾ ਹੈ?” ਉਤਰ ਮਿਲ਼ਿਆ ਕਿ ਭਗਤ ਜਨ ਆਰਤੀ ਉਤਾਰ ਰਹੇ ਹਨ। “ਪਹਿਲਾਂ ਪਤੰਦਰਾਂ ਨੇ ਚੜ੍ਹਨ ਹੀ ਕਿਉਂ ਦਿਤੀ ਜੋ ਹੁਣ ਏਨੇ ਲੋਹੇ ਲਾਖੇ ਹੋ ਰਹੇ ਨੇ ਉਸਨੂੰ ਉਤਾਰਨ ਲਈ!”

ਅਜਿਹੇ ਵਿਚਾਰ ਹੀ ਆਪਣੀ ਸੋਚ ਵਿੱਚ ਮੈ ਲਈ ਫਿਰਦਾ ਹੁੰਦਾ ਸਾਂ ਕਿ ਇੱਕ ਵਾਕਿਆ ਮੇਰੇ ਨਾਲ ਵੀ ਵਰਤ ਗਿਆ। ਗੱਲ ਇਹ ੧੯੬੯ ਦੇ ਨਵੰਬਰ ਮਹੀਨੇ ਦੀ ਹੈ। ਦੇਸ ਤੇ ਪਰਦੇਸਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਰ ਪੁਰਬ ਮਨਾਇਆ ਜਾ ਰਿਹਾ ਸੀ। ਸਭ ਜਥੇਬੰਦੀਆਂ ਤੇ ਅਦਾਰੇ ਆਪਣੇ ਆਪਣੇ ਤੌਰ ਤੇ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਲਈ ਸਮਾਗਮ ਰਚ ਰਹੇ ਸਨ। ਚੱਬੇਵਾਲ਼ ਜਿਆਣ ਦੇ ਹਾਇਰ ਸੈਕੰਡਰੀ ਸਕੂਲ਼ ਦੇ ਨੌਜਵਾਨ ਤੇ ਬਸਤਰਾਂ ਤੋਂ ਬੜੇ ਪੜ੍ਹੇ ਲਿਖੇ ਦਿਸਣ ਵਾਲੇ ਪ੍ਰਿੰਸੀਪਲ ਜੀ ਨੇ ਮੈਨੂੰ ਵੀ ਉਸ ਮੌਕੇ ਬੋਲਣ ਲਈ ਦਾਅਵਤ ਦੇ ਦਿਤੀ। ਅੰਨਾ ਕੀ ਭਾਲੇ ਦੋ ਅੱਖਾਂ! ਮੈ ਖੁਸ਼ੀ ਨਾਲ ਹਾਂ ਕਰ ਦਿਤੀ। ਨਿਸਚਿਤ ਦਿਨ ਓਥੇ ਮੈ ਪਹੁੰਚ ਗਿਆ। ਤਿੰਨਾਂ ਦਿਨਾਂ ਤੋਂ ਗੁਰਬਾਣੀ ਦੇ ਚੱਲ ਰਹੇ ਅਖੰਡਪਾਠ ਦਾ ਭੋਗ ਪਾਇਆ ਗਿਆ। ਇਹ ਸਾਰੀ ਮਰਯਾਦਾ ਕਿਸੇ ਡੇਰੇ ਦੇ ਉਦਾਸੀ ਸੰਤ ਜੀਆਂ ਦਾ ਜਥਾ ਨਿਭਾ ਰਿਹਾ ਸੀ। ਉਹਨਾਂ ਨੇ ਹੀ ਪੂਰੀ ਸਨਾਤਨੀ ਮਰਯਾਦਾ ਅਨੁਸਾਰ ਸਾਰਾ ਅਖੰਡਪਾਠ ਸੰਪੂਰਨ ਕੀਤਾ ਤੇ ਭੋਗ ਸਮੇ ਮੰਦਰਾਂ ਵਾਂਗ ਪੂਰੀ ਮਰਯਾਦਾ ਅਨੁਸਾਰ ਜੋਰ ਸ਼ੋਰ ਨਾਲ਼ ਉਹਨਾਂ ਨੇ ਉਪਰਲਾ ਆਰਤੀ ਵਾਲ਼ਾ ਸ਼ਬਦ ਗਾਉਣ ਦੇ ਨਾਲ਼ ਨਾਲ਼ ਦੀਵੇ ਜਗਾ ਕੇ, ਰਣਸਿੰਘੇ, ਘੜਿਆਲ, ਸੰਖ, ਖੜਤਾਲਾਂ ਆਦਿ ਸਾਜਾਂ ਦੀ ਘਣਘੋਰ ਵਿੱਚ ਪੂਰੀ ਤਨਦੇਹੀ ਨਾਲ਼ ਆਰਤੀ ਉਤਾਰੀ। ਆਰਤੀ ਦੀ ਸਮਾਪਤੀ ਦੇ ਨਾਲ਼ ਹੀ ਬੋਲਣ ਲਈ ਮੇਰਾ ਨਾਂ ਲੈ ਦਿਤਾ ਗਿਆ। ਮੈ ਓਦੋਂ ਨਵਾਂ ਨਵਾਂ ਹੀ ਪ੍ਰਚਾਰਕ ਬਣਿਆ ਸਾਂ। ਜਿਵੇਂ ਨਵਾਂ ਬਣਿਆ ਮੁਸਲਮਾਨ ਦੂਜਿਆਂ ਨਾਲ਼ੋਂ ਵਧ ਉਚੀ ਬਾਂਗ ਦਿੰਦਾ ਹੈ ਤੇ ਜ਼ਿਆਦਾ ਕੱਟੜਤਾ ਵਿਖਾਉਂਦਾ ਹੈ; ਏਸੇ ਤਰ੍ਹਾਂ ਮੇਰੇ ਸਿਰ ਤੇ ਵੀ ਸੁਧਾਰਾਂ ਦਾ ਭੂਤ ਸਵਾਰ ਸੀ। ਓਦੋਂ ਅਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖੋਂ ਉਚਾਰੇ ਗਏ ਇਸ ਇਲਾਹੀ ਹੁਕਮ ਦੀ ਸਮਝ ਨਹੀ ਸੀ:

ਤਾਕਉ ਸਮਝਾਵਣਿ ਜਾਈਐ ਜੋ ਕੇ ਭੂਲਾ ਹੋਈ॥

ਪੂਰੇ ਜੋਸ਼ ਵਿੱਚ ਮੈ ਵੀ ਆਪਣਾ ਭਾਸ਼ਨ ਉਠਦੇ ਨੇ ਹੀ ਸ਼ੁਰੂ ਕਰ ਦਿਤਾ ਜਿਸਦਾ ਸਾਰ ਕੁੱਝ ਇਸ ਤਰ੍ਹਾਂ ਸੀ: ਪੌਣੇ ਪੰਜ ਸਦੀਆਂ ਬੀਤ ਗਈਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਉਦੇਸ਼ ਦਿਤਿਆਂ ਕਿ ਭਈ ਇਸ ਤਰ੍ਹਾਂ ਆਰਤੀ ਕਰਨ ਦਾ ਕੋਈ ਲਾਭ ਨਹੀ। ਪਰ ਅਸੀਂ ਜਿਵੇ ਗੁਰੂ ਜੀ ਨੂੰ ਚਿੜਾਉਣ ਵਾਸਤੇ, ਓਸੇ ਸ਼ਬਦ ਦਾ ਉਚਾਰਣ ਕਰਦੇ ਹੋਏ ਓਸੇ ਹੀ ਪੁਰਾਤਨ ਤਰੀਕੇ ਨਾਲ਼ ਆਰਤੀ ਕਰਨੀ ਹੈ ਜਿਸ ਵਿੱਚ ਉਹਨਾਂ ਨੇ ਇਸਨੂੰ ਨਿਸਫਲ ਆਖਿਆ ਹੈ। ਮੈ ਅਜੇ ਬੋਲ ਹੀ ਰਿਹਾ ਸਾਂ ਕਿ ਸੰਗਤ ਵਿਚੋਂ ਇੱਕ ਪਾਸਿਉਂ ਇੱਕ ਸੰਤ ਜੀ ਬੋਲ ਉਠੇ, “ਓਇ ਗਿਆਨੀ, ਜਾਈਂ ਨਾ; ਸਾਡੀ ਗੱਲ ਸੁਣਕੇ ਜਾਈਂ!” ਦੂਜੇ ਪਾਸਿਉਂ ਇੱਕ ਹੋਰ ਸੰਤ ਜੀ ਬੋਲੇ. “ਜਾਣਾ ਹੁਣ ਇਹਨੇ ਕਿੱਥੇ ਆ!” ਮੇਰਾ ਭਾਸ਼ਨ ਮੁਕਦਿਆਂ ਹੀ ਪ੍ਰਿੰਸੀਪਲ ਜੀ ਮੇਰੇ ਕੋਲ਼ ਆਏ ਤੇ ਮੈਨੂੰ ਸੰਗਤ `ਚੋਂ ਉਠਾ ਕੇ ਬਾਹਰ ਲਿਜਾ ਕੇ ਓਥੋਂ ਚਲੇ ਜਾਣ ਲਈ ਆਖ ਦਿਤਾ। ਮੈ ਵੇਖਾਂ ਆਲ਼ਾ ਦੁਆਲ਼ਾ ਕਿ ਹੁਣ ਕਿਧਰ ਜਾਵਾਂ! ਇਹ ਸੋਚ ਕੇ ਕਿ ਭਰੀ ਸੰਗਤ ਵਿੱਚ ਜੇਕਰ ਕੋਈ ਗੱਲ ਹੁੰਦੀ ਤਾਂ ਹੱਥੋ ਪਾਈ ਹੋਣ ਦੀ ਸੰਭਾਵਨਾ ਨਹੀ ਸੀ। ਜਾਭਾਂ ਦਾ ਭੇੜ ਭਾਵੇਂ ਅਸੀਂ ਕਰੀ ਜਾਂਦੇ। ਪਰ ਜੇਕਰ ਰਸਤੇ ਵਿੱਚ ਜਾਂਦਿਆ ਇਹਨਾਂ ਸੰਤਾਂ ਨੇ ਮੈਨੂੰ ਆ ਦਬੋਚਿਆ ਤਾਂ ਮੈ ਫਿਰ ਕੇਹੜੀ ਮਾਂ ਨੂੰ ਮਾਸੀ ਆਖੂੰ! ਇਕੱਲਾ ਇਕੱਲਾ ਸੰਤ ਮੇਰੇ ਨਾਲ਼ੋ ਤਕੜਾ ਸੀ। ਮੈ ਤਾਂ ਹਲਵਾਈ ਤੋਂ ਦਿਹਾੜੀ ਵਿੱਚ ਪੰਜ ਸੱਤ ਵਾਰ ਚਾਹ ਪੀ ਛੱਡਦਾ ਸਾਂ ਤੇ ਢਾਬਿਆਂ ਤੋਂ ਰੋਟੀ ਸੁਖੀ ਰੋਟੀ ਹੀ ਮੇਰੀ ਖੁਰਾਕ ਸੀ ਤੇ ਉਹ ਵੀ ਲੰਙੇ ਡੰਘ ਹੀ ਸੀ।। ਇਹ ਸੰਤ ਜੀ ਤਾਂ ਸਾਤਵਿਕ ਤੇ ਸਨਿਗਧ ਭੋਜਨ, ਜਿਹਾ ਕਿ ਦੁਧ, ਮਲਾਈ, ਬਾਦਾਮ, ਘਿਓ, ਮਾਹਲ ਪੂੜੇ ਆਦਿ ਪਦਾਰਥ ਛਕਣ ਵਾਲ਼ੇ ਜਤੀ ਸਤੀ ਸੰਤ ਜੀ ਮਹਾਂਰਾਜ ਵਾਹਵਾ ਸ਼ਕਤੀਸ਼ਾਲੀ ਦਿਖਾਈ ਦਿੰਦੇ ਸਨ। ਕਿਥੇ ਮੈ ਸਾਧਾਰਣ ਜਿਹਾ ਆਮ ਮਨੁਖ ਤੇ ਕਿਥੇ ਉਹ ਸਾਰੇ ਹੀ ਮੇਰੇ ਤੋਂ ਤਕੜੇ ਸੰਤ ਜੀ ਮਹਾਂਪੁਰਸ਼! ਫੈਸਲਾ ਤੱਤਫੱਟਤਾ ਦੀ ਮੰਗ ਕਰਦਾ ਸੀ। ਸੋ ਮੈ ਵਾਹਣਾਂ ਵਿਚਦੀ ਕਾਹਲ਼ੀ ਕਾਹਲ਼ੀ ਤੁਰਦਾ, ਬਲਕਿ ਇੱਕ ਕਿਸਮ ਦਾ ਅਰਧ ਭੱਜਦਾ ਜਿਹਾ ਗਿਆ ਤੇ ਬਹੁਤ ਦੂਰ ਜਾ ਕੇ ਦੂਜੇ ਅੱਡੇ ਤੋਂ ਬੱਸ ਫੜੀ ਤੇ ਅੰਮ੍ਰਿਤਸਰ ਪੁੱਜ ਕੇ ਹੀ ਮੇਰਾ ਸਾਹ ਨਾਲ਼ ਰਲ਼ਿਆ।

ਇਉਂ ਸੰਤ ਜੀਆਂ ਨੇ ਮੈਨੂੰ ਵਾਹਣੀਂ ਪਾਇਆ। ਇਹ ਵੀ ਮੇਰੀ ਜ਼ਬਾਨ ਦਾ ਹੀ ਰਸ ਸੀ।

(ਆਰਤੀ- ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ। ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਤੇ, ਇਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘੁਮਾਣੇ ਚਾਹੀਦੇ ਹਨ। ਦੀਵੇ ਇਕ ਤੋਂ ਲੈ ਕੇ ਸੌ ਤਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਖੇਧ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਦੀ ਵਡਿਆਈ ਕੀਤੀ ਹੈ।)

ਗਿਆਨੀ ਸੰਤੋਖ ਸਿੰਘ




.