.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 37)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੱਚੇ ਸੌਦੇ ਵਾਲਾ ਗੁਰਮੀਤ ਰਾਮ ਰਹੀਮ ਸਿੰਘ

ਇਹ ਸਿਰਸੇ ਵਾਲਾ ਡੇਰਾ ਸੱਚਾ ਸੌਦਾ ਕਰਕੇ ਜਾਣਿਆ ਜਾਂਦਾ ਹੈ, ਇਥੇ ਪਹਿਲਾਂ ਵੀ ਕਈ ਦੇਹਧਾਰੀ ਮਹਾਰਾਜ ਹੋ ਚੁੱਕੇ ਹਨ। ਹੁਣ ਇਹ ਵੀ ਸਤਿਗੁਰੂ ਮਹਾਰਾਜ ਕਹਾਉਂਦਾ ਹੈ। ਵੱਲ ਵਿੰਗ ਪਾ ਕੇ ਮਨੁੱਖਤਾ ਦੀ ਭਲਾਈ ਦਾ ਢੰਡੋਰਾ ਪਿੱਟਣ ਵਾਲਾ ਇਹ ਸਤਿਗੁਰੂ ਮਹਾਰਾਜ ਆਪਣੇ ਆਪ ਨੂੰ ਜਗਤ ਦਾ ਮਸੀਹਾ ਦੱਸ ਰਿਹਾ ਹੈ। ਵੱਡੇ ਵੱਡੇ ਪ੍ਰਧਾਨ ਮੰਤਰੀ ਅਤੇ ਸਟੇਟਾਂ ਦੇ ਮੁੱਖ ਮੰਤਰੀਆਂ ਨਾਲ ਸਾਂਝਾਂ ਦੱਸਦਾ ਹੈ। ਸੋਹੰ ਮੰਤਰ ਦੇ ਜਾਪ ਦੀ ਗੱਲ ਵੀ ਉਥੇ ਚਲਦੀ ਹੈ, ਉਹ ਖ਼ੁਦ ਕਹਿ ਰਿਹਾ ਕਿ ਮੈਨੂੰ ਰੋਜ਼ ਦੀ ਕਰੋੜ ਰੁਪਏ ਦੀ ਆਮਦਨ ਹੈ। ਕੀ ਕੁੱਝ ਦੁਨੀਆਂ ਦੇ ਸਾਹਮਣੇ ਆਇਆ, ਉਥੇ ਕੀ ਹੈ? ਕਿਉਂ ਹੈ, ਕਿਵੇਂ ਹੈ? ਅਖ਼ਬਾਰਾਂ ਦੀ ਜ਼ਬਾਨੀ ਹੇਠ ਲਿਖਿਆ ਪੜ੍ਹੋ।

ਡੇਰਾ ਸੱਚਾ ਸੌਦਾ ਦੀ ਸੀ: ਬੀ: ਆਈ: ਜਾਂਚ ਦੇ ਆਦੇਸ਼

ਹਰਿਆਣਾ ਵਿੱਚ ਸਿਰਸਾ ਲਾਗੇ ਸਥਿਤ ਡੇਰਾ ਸੱਚਾ ਸੌਦਾ ਅੱਜ ਉਸ ਵੇਲੇ ਗੰਭੀਰ ਸੰਕਟ ਵਿੱਚ ਫਸ ਗਿਆ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਡੇਰੇ ਦੇ ਅੰਦਰੂਨੀ ਹਾਲਾਤ ਬਾਰੇ ਸੀ: ਬੀ: ਆਈ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ। ਹਾਈਕੋਰਟ ਨੇ ਡੇਰੇ ਦੀ ਇੱਕ ਲੜਕੀ ਵੱਲੋਂ ਲਿਖੇ ਗੁੰਮਨਾਮ ਪੱਤਰ `ਤੇ ਕਾਰਵਾਈ ਕਰਦਿਆਂ ਇਹ ਆਦੇਸ਼ ਦਿੱਤੇ। ਇਸ ਲੜਕੀ ਵੱਲੋਂ ਕਈ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਈ ਦੇ ਨਾਂ ਇੱਕ ਬੇਨਾਮ ਪੱਤਰ ਲਿਖਿਆ ਗਿਆ ਸੀ ਜਿਸ ਦੀਆਂ ਕਾਪੀਆਂ ਗ੍ਰਹਿ ਮੰਤਰੀ ਸ੍ਰੀ ਐਲ: ਕੇ: ਅਡਵਾਨੀ, ਮਨੁੱਖੀ ਅਧਿਕਾਰ ਕਮਿਸ਼ਨ, ਮੁੱਖ ਮੰਤਰੀ ਹਰਿਆਣਾ, ਡੀ: ਆਈ: ਜੀ: ਹਰਿਆਣਾ, ਐਸ: ਪੀ: ਸਿਰਸਾ ਅਤੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਭੇਜੀਆਂ ਗਈਆਂ ਹਨ। ਹਾਈਕੋਰਟ ਵੱਲੋਂ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਿਰਸਾ ਰਾਹੀਂ ਇਸ ਮਾਮਲੇ ਦੀ ਕਰਵਾਈ ਗਈ ਜਾਂਚ ਤੋਂ ਬਾਅਦ ਕੁੱਝ ਪੜਤਾਲ ਯੋਗ ਵੇਰਵੇ ਸਾਹਮਣੇ ਆਏ ਅਤੇ ਇਨ੍ਹਾਂ `ਤੇ ਕਾਰਵਾਈ ਕਰਦਿਆਂ ਜਸਟਿਸ ਏ: ਕੇ: ਗੋਇਲ `ਤੇ ਆਧਾਰਤ ਡਵੀਜ਼ਨ ਬੈਚ ਨੇ ਅੱਜ ਪੂਰੇ ਮਾਮਲੇ ਦੀ ਸੀ: ਬੀ: ਆਈ: ਜਾਂਚ ਦੇ ਆਦੇਸ਼ ਦਿੱਤੇ ਹਨ।

ਇਥੇ ਇਹ ਜ਼ਿਕਰਯੋਗ ਹੈ ਕਿ ਇਸ ਚਿੱਠੀ ਨੂੰ ਲੈ ਕੇ ਡੇਰਾ ਸੱਚਾ ਸੌਦਾ ਪਿਛਲੇ ਲੰਮੇ ਸਮੇਂ ਤੋਂ ਚਰਚਾ ਵਿੱਚ ਹੈ। ਇਹ ਚਰਚਾ ਅੰਦਰੋਂ ਅੰਦਰੀ ਸੁਲਘ ਰਹੀ ਸੀ ਅਤੇ ਡੇਰੇ ਵੱਲੋਂ ਆਪਣੇ ਪ੍ਰਭਾਵ ਸਦਕਾ ਇਸ ਨੂੰ ਦਬਾਅ ਕੇ ਰੱਖਿਆ ਗਿਆ। ਸਿਰਸਾ ਦੇ ਕੁੱਝ ਸਥਾਨਕ ਅਖ਼ਬਾਰਾਂ ਨੇ ਇਸ ਬਾਰੇ ਖ਼ਬਰਾਂ ਛਾਪੀਆਂ ਤਾਂ ਡੇਰਾ ਸੱਚਾ ਸੌਦਾ ਦੇ ਗੁੰਡਿਆਂ ਵੱਲੋਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ। ਇਨ੍ਹਾਂ ਵੱਲੋਂ ਇਹ ਪੱਤਰ ਲਿਖਣ ਵਾਲੇ ਦੀ ਨਿਸ਼ਾਨਦੇਹੀ ਦੇ ਨਾਂ `ਤੇ ਵੀ ਕਈ ਲੋਕਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾਇਆ ਗਿਆ। ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਪ੍ਰਧਾਨ ਸ੍ਰੀ ਰਾਜਾ ਰਾਮ ਹੰਡਿਆਇਆ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਗੁੱਸੇ ਦਾ ਸ਼ਿਕਾਰ ਬਣੇ ਅਤੇ ਉਸਦੀ ਮਾਰ ਕੁੱਟ ਕੀਤੀ ਗਈ। ਕੁੱਝ ਅਰਸਾ ਪਹਿਲਾਂ ਉਹ ਬੇਹੱਦ ਸਹਿਮੀ ਹੋਈ ਹਾਲਤ ਵਿੱਚ ਦੇਸ਼ ਸੇਵਕ ਦੇ ਦਫ਼ਤਰ ਵੀ ਆਏ ਸਨ ਅਤੇ ਉਨ੍ਹਾਂ ਆਪਣੀ ਵਿਥਿਆ ਬਿਆਨ ਕੀਤੀ ਸੀ। ਦੇਸ਼ ਸੇਵਕ ਵੱਲੋਂ ਇਸ ਮਾਮਲੇ ਦੀ ਮੁੱਢਲੀ ਪੜਤਾਲ ਕੀਤੀ ਗਈ ਅਤੇ ਡੇਰਾ ਸੱਚਾ ਸੌਦਾ ਦੀਆਂ ਕਾਰਵਾਈਆਂ ਬਾਰੇ ਕੁੱਝ ਵੇਰਵੇ ਇਕੱਤਰ ਕੀਤੇ ਗਏ। ਪਰ ਡੇਰੇ ਦੀ ਵਿਸ਼ਾਲ ਅਤੇ ਡਰਾਉਣੇ ਤੰਤਰ ਕਾਰਨ ਕਾਨੂੰਨੀ ਨੁਕਤਾ ਨਜ਼ਰ ਤੋਂ ਲੋੜੀਂਦੇ ਬਿਆਨ ਅਤੇ ਵੇਰਵੇ ਪ੍ਰਾਪਤ ਕਰਨ `ਚ ਅੜਚਨਾਂ ਆ ਰਹੀਆਂ ਸਨ।

ਡੇਰੇ ਦੇ ਅੰਦਰ ਰਹਿ ਚੁੱਕੇ ਕੁੱਝ ਲੋਕਾਂ ਦੇ ਬਿਆਨਾਂ ਅਨੁਸਾਰ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੁਆਲੇ ਕਾਫ਼ੀ ਕੁੱਝ ਅਜਿਹਾ ਸੀ ਜਿਸਦੀ ਉਚੇਚੀ ਜਾਂਚ ਪੜਤਾਲ ਦੀ ਲੋੜ ਸੀ। ਡੇਰੇ ਕੋਲ ਮਾਲੀ ਸਾਧਨਾਂ ਅਤੇ ਸ਼ਰਧਾਲੂਆਂ ਦਾ ਏਨਾ ਵਿਸ਼ਾਲ ਘੇਰਾ ਹੈ ਕਿ ਕੋਈ ਵੀ ਸਥਾਨਕ ਸਰਕਾਰੀ ਏਜੰਸੀ ਅਤੇ ਸਥਾਨਕ ਮੀਡੀਆ ਇਸ ਬਾਰੇ ਜਾਂਚ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਰਿਹਾ। ਪੰਜਾਬ ਦੇ ਮਾਲਵਾ ਖੇਤਰ ਅਤੇ ਹਰਿਆਣਾ ਵਿੱਚ ਲੱਖਾਂ ਸ਼ਰਧਾਲੂਆਂ ਕਾਰਨ ਡੇਰੇ ਦਾ ਜ਼ਬਰਦਸਤ ਰਾਜਨੀਤਕ ਪ੍ਰਭਾਵ ਹੈ ਅਤੇ ਦੋਵਾਂ ਰਾਜਾਂ ਦੇ ਸਿਖ਼ਰਲੇ ਸਿਆਸੀ ਆਗੂ ਚੋਣਾਂ ਦੇ ਮੌਕੇ ਡੇਰੇ ਦੀ ਹਮਾਇਤ ਜੁਟਾਉਣ ਲਈ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੀ ਚੌਂਕੀ ਭਰਦੇ ਹਨ। ਗੁੰਮਨਾਮ ਲੜਕੀ ਵੱਲੋਂ ਲਿਖੇ ਪੱਤਰ ਵਿੱਚ ਵੀ ਬਾਬਾ ਗੁਰਮੀਤ ਸਿੰਘ ਦੁਆਰਾ ਇਹ ਕਹਿਣ ਦਾ ਹਵਾਲਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਉਸ ਕੋਲ ਆਉਂਦੇ ਹਨ ਅਤੇ ਕੋਈ ਵੀ ਉਸਦੇ ਖਿਲਾਫ਼ ਕਾਰਵਾਈ ਨਹੀਂ ਕਰ ਸਕਦਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੰਜਾਬ ਦੇ ਅਨੇਕਾਂ ਸਿਆਸੀ ਆਗੂਆਂ ਦੁਆਰਾ ਚੋਣਾਂ ਮੌਕੇ ਡੇਰਾ ਸੱਚਾ ਸੌਦਾ ਦੀ ਹਮਾਇਤ ਲੈਣ ਦੀਆਂ ਖ਼ਬਰਾਂ ਚਰਚਾ ਵਿੱਚ ਰਹੀਆਂ ਹਨ। ਹਾਈਕੋਰਟ ਵੱਲੋਂ ਦਿੱਤੀ ਸੀ: ਬੀ: ਆਈ: ਜਾਂਚ ਦੇ ਤਾਜ਼ਾ ਆਦੇਸ਼ਾਂ ਤੋਂ ਬਾਅਦ ਇਸ ਬਾਰੇ ਸਨਸਨੀਖੇਜ਼ ਵੇਰਵੇ ਸਾਹਮਣੇ ਆਉਣ ਦੀ ਉਮੀਦ ਹੈ।

ਸਿਰਸੇ ਲਾਗੇ ਸਥਿਤ ਇਹ ਡੇਰਾ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਦੇ ਅੰਦਰ ਕਈ ਤਰ੍ਹਾਂ ਦੇ ਸੰਸਥਾਨ ਹਨ। ਡੇਰੇ ਦੀ ਰੋਜ਼ਾਨਾ ਦੀ ਆਮਦਨ 1 ਕਰੋੜ ਰੁਪਏ ਦੱਸਦਾ ਹੈ। ਉਹ ਕਹਿੰਦਾ ਹੈ ਕਿ ਏਨੇ ਪੈਸਿਆਂ ਨਾਲ ਉਹ ਸਿਆਸਤਦਾਨਾਂ, ਪੁਲੀਸ ਅਫ਼ਸਰਾਂ ਅਤੇ ਜੱਜਾਂ ਆਦਿ ਕਿਸੇ ਨੂੰ ਵੀ ਖਰੀਦ ਸਕਦਾ ਹੈ। ਲੜਕੀ ਨੇ ਇਸ ਪੱਤਰ `ਚ ਲਿਖਿਆ ਹੈ ਕਿ ਉਹ ਆਪਣਾ ਨਾਮ ਜੇ ਲਿਖਦੇ ਤਾਂ ਬਾਬਾ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ। ਕਿਉਂਕਿ ਬਾਬਾ ਜੀ ਨੇ ਖ਼ੁਦ ਹੀ ਉਸ ਨੂੰ ਦੱਸਿਆ ਸੀ ਕਿ ਡੇਰੇ ਦੇ ਮੈਨੇਜਰ ਫ਼ਕੀਰ ਚੰਦ ਨੂੰ ਅਸੀਂ ਇੰਝ ਵੀ ਮਰਵਾ ਦਿੱਤਾ ਸੀ ਅਤੇ ਅੱਜ ਤਕ ਉਸਦੀ ਭਾਫ਼ ਤਕ ਨਹੀਂ ਨਿਕਲੀ। ਪੱਤਰ `ਚ ਲਿਖਿਆ ਗਿਆ ਹੈ ਕਿ ਉਸ ਵਰਗੀਆਂ ਕਈ ਲੜਕੀਆਂ ਹਨ ਜਿਹੜੀਆਂ ਬਾਬੇ ਦੇ ਡਰੋਂ ਕੁੱਝ ਵੀ ਕਹਿਣ ਲਈ ਤਿਆਰ ਨਹੀਂ।

ਮਹਾਰਾਜ ਪਿਛਲੇ ਤਿੰਨ ਸਾਲ ਤੋਂ ਮੇਰੇ ਨਾਲ ਇਹ ਕੁੱਝ ਕਰਦੇ ਆ ਰਹੇ ਹਨ। ਹਰ 25-30 ਦਿਨ ਬਾਅਦ ਮੇਰੀ ਵਾਰੀ ਆਉਂਦੀ ਹੈ। ਮੈਨੂੰ ਹੁਣ ਇਹ ਵੀ ਪਤਾ ਚੱਲਿਆ ਹੈ ਕਿ ਮਹਾਰਾਜ ਨੇ ਮੈਥੋਂ ਪਹਿਲਾਂ ਵੀ ਡੇਰੇ `ਚ ਮੌਜੂਦ ਜਿਹੜੀਆਂ ਕੁੜੀਆਂ ਨੂੰ ਬੁਲਾਇਆ ਉਨ੍ਹਾਂ ਨਾਲ ਵੀ ਇਹੀ ਕੁੱਝ ਕੀਤਾ। ਇਨ੍ਹਾਂ `ਚੋਂ ਬਹੁਤ ਸਾਰੀਆਂ ਕੁੜੀਆਂ ਦੀ ਉਮਰ 35 ਤੋਂ 40 ਸਾਲ ਹੈ ਅਤੇ ਉਹ ਵਿਆਹ ਦੀ ਉਮਰ ਵੀ ਲੰਘਾ ਚੁੱਕੀਆਂ ਹਨ। ਉਨ੍ਹਾਂ ਕੋਲ ਇਸ ਹਾਲਾਤ ਵਿੱਚ ਰਹਿਣ ਤੋਂ ਸਿਵਾਅ ਹੋਰ ਕੋਈ ਰਾਹ ਹੀ ਨਹੀਂ ਬਚਿਆ। ਜ਼ਿਆਦਾਤਰ ਕੁੜੀਆਂ ਪੜ੍ਹੀਆਂ ਲਿਖੀਆਂ ਹਨ ਅਤੇ ਉਨ੍ਹਾਂ ਕੋਲ ਬੀ: ਏ:, ਐਮ: ਏ:, ਬੀ: ਐੱਡ: ਆਦਿ ਡਿਗਰੀਆਂ ਹਨ। ਪਰ ਉਹ ਡੇਰੇ ਵਿੱਚ ਨਰਕ ਭੋਗ ਰਹੀਆਂ ਹਨ ਸਿਰਫ਼ ਇਸ ਕਰਕੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮਹਾਰਾਜ ਵਿੱਚ ਅੰਨ੍ਹੀ ਸ਼ਰਧਾ ਹੈ। ਅਸੀਂ ਚਿੱਟੇ ਕੱਪੜੇ ਪਹਿਨਦੀਆਂ, ਸਿਰ ਤੇ ਪਟਕਾ ਬੰਨ੍ਹਦੀਆਂ, ਮਰਦਾਂ ਵੱਲ ਨਹੀਂ ਦੇਖ ਸਕਦੀਆਂ ਅਤੇ ਮਹਾਰਾਜ ਦੇ ਆਦੇਸ਼ ਮੁਤਾਬਕ ਬੰਦਿਆਂ ਨਾਲ 5-10 ਫੁੱਟ ਦੀ ਦੂਰੀ `ਤੇ ਖਲੋ ਕੇ ਗੱਲ ਕਰਦੀਆਂ ਹਾਂ। ਅਸੀਂ ਦੇਖਣ ਵਾਲਿਆਂ ਨੂੰ ਦੇਵੀਆਂ ਲਗਦੀਆਂ ਹਾਂ ਪਰ ਅਸੀਂ ਵੇਸਵਾਵਾਂ ਦੀ ਜੂਨ ਭੋਗ ਰਹੀਆਂ ਹਾਂ। ਇੱਕ ਵਾਰ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਡੇਰੇ ਵਿੱਚ ਸਭ ਕੁੱਝ ਅੱਛਾ ਨਹੀਂ। ਪਰ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਡਾਂਟ ਦਿੱਤਾ ਤੇ ਕਿਹਾ ਕਿ ਡੇਰੇ ਤੋਂ ਅੱਛੀ ਥਾਂ ਹੋਰ ਕੋਈ ਨਹੀਂ। ਕਿਉਂਕਿ ਇਥੇ ਅਸੀਂ ਭਗਵਾਨ ਮਹਾਰਾਜ ਜੀ ਦੀ ਸੰਗਤ ਵਿੱਚ ਹਾਂ। ਉਨ੍ਹਾਂ ਕਿਹਾ ਕਿ ਮੈਂ ਡੇਰੇ ਬਾਰੇ ਆਪਣੇ ਮਨ ਵਿੱਚ ਮੰਦੀ ਸੋਚ ਪੈਦਾ ਕਰ ਲਈ ਹੈ। ਉਨ੍ਹਾਂ ਨੇ ਮੈਨੂੰ ਸਤਿਗੁਰੂ ਦਾ ਜਾਪ ਕਰਨ ਲਈ ਕਿਹਾ। ਮੈਂ ਇਥੇ ਮਜ਼ਬੂਰ ਹਾਂ ਕਿਉਂਕਿ ਮੈਨੂੰ ਮਹਾਰਾਜ ਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਕਿਸੇ ਕੁੜੀ ਨੂੰ ਦੂਜੀ ਕੁੜੀ ਨਾਲ ਗੱਲ ਕਰਨ ਦੀ ਆਗਿਆ ਨਹੀਂ। ਮਹਾਰਾਜ ਦੇ ਆਦੇਸ਼ਾਂ ਮੁਤਾਬਕ ਕੁੜੀਆਂ ਆਪਣੇ ਘਰਦਿਆਂ ਨਾਲ ਵੀ ਟੈਲੀਫ਼ੋਨ `ਤੇ ਗੱਲ ਨਹੀਂ ਕਰ ਸਕਦੀਆਂ। ਜੇ ਕੋਈ ਕੁੜੀ ਡੇਰੇ ਦੀ ਅਸਲੀਅਤ ਬਾਰੇ ਕਿਤੇ ਗੱਲ ਕਰੇ ਤਾਂ ਮਹਾਰਾਜ ਦੇ ਆਦੇਸ਼ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪਿੱਛੇ ਜਿਹੇ ਬਠਿੰਡੇ ਦੀ ਇੱਕ ਕੁੜੀ ਨੇ ਮਹਾਰਾਜੇ ਦੀਆਂ ਕਰਤੂਤਾਂ ਬਾਰੇ ਦੱਸ ਦਿੱਤਾ। ਇਸ ਤੋਂ ਬਾਅਦ ਸਾਰੀਆਂ ਚੇਲੀਆਂ ਨੇ ਉਸ ਨੂੰ ਕੁਟਾਪਾ ਚਾੜ੍ਹਿਆ। ਰੀੜ੍ਹ ਦੀ ਹੱਡੀ ਵਿੱਚ ਫਰੈਕਚਰ ਕਾਰਨ ਉਹ ਹਾਲੇ ਵੀ ਬੈੱਡ `ਤੇ ਪਈ ਹੋਈ ਹੈ। ਇਸ ਤੋਂ ਬਾਅਦ ਉਸਦੇ ਪਿਤਾ ਨੇ ਡੇਰੇ ਦੀ ਸੇਵਾਦਾਰੀ ਛੱਡ ਦਿੱਤੀ ਅਤੇ ਆਪਣੇ ਘਰ ਚਲੇ ਗਏ। ਉਹ ਮਹਾਰਾਜ ਦੇ ਡਰ ਅਤੇ ਬਦਨਾਮੀ ਕਾਰਨ ਕਿਸੇ ਨੂੰ ਕੁੱਝ ਨਹੀਂ ਦਸ ਰਿਹਾ।

ਇਸੇ ਤਰ੍ਹਾਂ ਕੁਰੂਕਸ਼ੇਤਰ ਦੀ ਇੱਕ ਕੁੜੀ ਵੀ ਡੇਰਾ ਛੱਡ ਕੇ ਆਪਣੇ ਘਰ ਚਲੀ ਗਈ। ਜਦੋਂ ਉਸਨੇ ਸਾਰੀ ਕਹਾਣੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਉਸਦੇ ਭਰਾ ਨੇ ਛੱਡ ਦਿੱਤਾ ਜਿਹੜਾ ਕਿ ਡੇਰੇ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਸੀ। ਜਦੋਂ ਸੰਗਰੂਰ ਦੀ ਇੱਕ ਕੁੜੀ ਡੇਰਾ ਛੱਡ ਕੇ ਆਪਣੇ ਘਰ ਗਈ ਅਤੇ ਉਸਨੇ ਡੇਰੇ ਵਿੱਚ ਹੁੰਦੀਆਂ ਕਰਤੂਤਾਂ ਬਾਰੇ ਲੋਕਾਂ ਨੂੰ ਦੱਸ ਦਿੱਤਾ ਤਾਂ ਡੇਰੇ ਦੇ ਹਥਿਆਰਬੰਦ ਸੇਵਾਦਾਰ/ਗੁੰਡੇ ਕੁੜੀ ਦੇ ਘਰ ਪਹੁੰਚ ਗਏ। ਦਰਵਾਜ਼ਾ ਅੰਦਰੋਂ ਬੰਦ ਕਰਨ ਤੋਂ ਬਾਅਦ ਉਨ੍ਹਾਂ ਕੁੜੀ ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਕੋਈ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ। ਇਸੇ ਤਰ੍ਹਾਂ ਮਾਨਸਾ, ਫਿਰੋਜ਼ਪੁਰ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੀਆਂ ਹੋਰ ਵੀ ਕੁੜੀਆਂ ਜਿਹੜੀਆਂ ਡੇਰੇ ਬਾਰੇ ਕੁੱਝ ਵੀ ਦੱਸਣ ਤੋਂ ਡਰ ਰਹੀਆਂ ਹਨ। ਭਾਵੇਂ ਉਹ ਡੇਰਾ ਛੱਡ ਚੁੱਕੀਆਂ ਹਨ ਪਰ ਉਹ ਆਪਣੀ ਜਾਨ ਨੂੰ ਖ਼ਤਰੇ ਦੇ ਡਰੋਂ ਕੁੱਝ ਵੀ ਨਹੀਂ ਦੱਸਦੀਆਂ। ਫਤਿਆਬਾਦ, ਹਨੂਮਾਨਗੜ੍ਹ ਅਤੇ ਮੇਰਠ ਜ਼ਿਲ੍ਹਿਆਂ ਦੀਆਂ ਕੁੜੀਆਂ ਡੇਰੇ ਦੇ ਗੁੰਡਿਆਂ ਕਾਰਨ ਆਪਣੇ ਨਾਲ ਹੋਈਆਂ ਕਹਾਣੀਆਂ ਬਾਹਰ ਨਹੀਂ ਕੱਢ ਰਹੀਆਂ।

ਜੇ ਮੈਂ ਆਪਣਾ ਨਾਂ ਦੱਸ ਦੇਵਾਂ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ। ਮੈਂ ਆਮ ਲੋਕਾਂ ਨੂੰ ਇਹ ਸੱਚਾਈ ਦੱਸਣਾ ਚਾਹੁੰਦੀ ਹਾਂ, ਕਿਉਂਕਿ ਮੈਂ ਅਜਿਹੀ ਪਰੇਸ਼ਾਨੀ ਬਰਦਾਸ਼ਤ ਨਹੀਂ ਕਰ ਸਕਦੀ। ਪਰ ਮੈਨੂੰ ਆਪਣੀ ਜਾਨ ਦਾ ਖਤਰਾ ਹੈ। ਜੇ ਪ੍ਰੈੱਸ ਜਾਂ ਕਿਸੇ ਹੋਰ ਏਜੰਸੀ ਜ਼ਰੀਏ ਜਾਂਚ ਕਰਵਾਈ ਜਾਵੇ ਤਾਂ ਡੇਰੇ ਵਿੱਚ ਰਹਿ ਰਹੀਆਂ 40-50 ਕੁੜੀਆਂ, ਸੱਚਾਈ ਬਿਆਨ ਕਰਨ ਲਈ ਸਾਹਮਣੇ ਆ ਜਾਣਗੀਆਂ। ਸਾਡੀ ਮੈਡੀਕਲ ਜਾਂਚ ਵੀ ਹੋ ਸਕਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਅਸੀਂ ਕੁਆਰੀਆਂ ਚੇਲੀਆਂ ਹਾਂ ਜਾਂ ਨਹੀਂ। ਜੇ ਅਸੀਂ ਕੁਆਰੀਆਂ ਨਹੀਂ ਤਾਂ ਇਸ ਦੀ ਪੜਤਾਲ ਕੀਤੀ ਜਾਵੇ ਕਿ ਕਿਸਨੇ ਸਾਡਾ ਕੁਆਰ ਭੰਗ ਕੀਤਾ। ਇਹ ਗੱਲ ਸਾਹਮਣੇ ਆਏਗੀ ਕਿ ਮਹਾਰਾਜ ਗੁਰਮੀਤ ਰਾਮ ਰਹੀਮ ਸਿੰਘ ਜੀ ਡੇਰਾ ਸੱਚਾ ਸੌਦਾ ਨੇ ਸਾਡੀਆਂ ਜ਼ਿੰਦਗੀਆਂ ਬਰਬਾਤ ਕੀਤੀਆਂ ਹਨ।

ਡੇਰਾ ਸੱਚਾ ਸੌਦਾ ਦੇ ਹਾਲਾਤ ਬਾਰੇ ਇੱਕ ਗੁੰਮਨਾਮ ਲੜਕੀ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਲਿਖਿਆ ਪੱਤਰ

ਵੱਲ

ਪ੍ਰਧਾਨ ਮੰਤਰੀ

ਸ੍ਰੀ ਅਟਲ ਬਿਹਾਰੀ ਵਾਜਪਾਈ

ਵਿਸ਼ਾ: ਸੱਚੇ ਸੌਦੇ ਵਾਲੇ ਮਹਾਰਾਜ ਵੱਲੋਂ ਸੈਂਕੜੇ ਕੁੜੀਆਂ ਨਾਲ ਕੀਤੇ ਬਲਾਤਕਾਰਾਂ ਦੀ ਜਾਂਚ ਸੰਬੰਧੀ।

ਸ੍ਰੀ ਮਾਨ ਜੀ,

ਮੈਂ ਪੰਜਾਬ ਦੀ ਰਹਿਣ ਵਾਲੀ ਇੱਕ ਲੜਕੀ ਹਾਂ। ਮੈਂ ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ) ਵਿੱਚ ਸਾਧਵੀ ਦੇ ਤੌਰ `ਤੇ ਪਿਛਲੇ ਪੰਜ ਸਾਲ ਤੋਂ ਸੇਵਾ ਕਰ ਰਹੀ ਹਾਂ। ਮੈਥੋਂ ਬਿਨਾਂ ਇਸ ਡੇਰੇ ਵਿੱਚ ਹੋਰ ਵੀ ਸੈਂਕੜੇ ਕੁੜੀਆਂ ਹਨ ਜਿਹੜੀਆਂ ਹਰ ਰੋਜ਼ 18 ਘੰਟੇ ਸੇਵਾ ਕਰਦੀਆਂ ਹਨ। ਪਰ ਸਾਡਾ ਇਥੇ ਸਰੀਰਕ ਸ਼ੋਸ਼ਣ ਹੁੰਦਾ ਹੈ। ਡੇਰੇ ਦੇ ਮਹਾਰਾਜ ਗੁਰਮੀਤ ਸਿੰਘ ਕੁੜੀਆਂ ਨਾਲ ਬਲਾਤਕਾਰ ਕਰਦੇ ਹਨ। ਮੈਂ ਬੀ: ਏ: ਪਾਸ ਹਾਂ। ਮੇਰੇ ਪਰਿਵਾਰ ਦੀ ਮਹਾਰਾਜ ਵਿੱਚ ਅੰਨ੍ਹੀ ਸ਼ਰਧਾ ਹੈ। ਉਨ੍ਹਾਂ ਦੇ ਕਹਿਣ `ਤੇ ਹੀ ਮੈਂ ਸਾਧਵੀ ਬਣੀ। ਸਾਧਵੀ ਬਣਨ ਤੋਂ ਦੋ ਸਾਲ ਬਾਅਦ ਮਹਾਰਾਜਾ ਗੁਰਮੀਤ ਸਿੰਘ ਦੀ ਇੱਕ ਖ਼ਾਸ ਸਾਧਵੀ ਗੁਰਜੋਤ ਰਾਤੀਂ 10 ਵਜੇ ਮੇਰੇ ਕੋਲ ਆਈ ਅਤੇ ਮੈਨੂੰ ਕਿਹਾ ਕਿ ਮਹਾਰਾਜ ਨੇ ਮੈਨੂੰ ਆਪਣੀ ਗੁਫ਼ਾ ਵਿੱਚ ਬੁਲਾਇਆ ਹੈ। ਮੈਨੂੰ ਇਸ ਗੱਲ `ਤੇ ਬੜਾ ਮਾਣ ਮਹਿਸੂਸ ਹੋ ਰਿਹਾ ਸੀ ਕਿ ਮਹਾਰਾਜ ਨੇ ਖ਼ੁਦ ਮੈਨੂੰ ਆਪਣੇ ਕੋਲ ਬੁਲਾਇਆ ਹੈ ਤੇ ਮੈਂ ਪਹਿਲੀ ਵਾਰ ਉਨ੍ਹਾਂ ਕੋਲ ਜਾ ਰਹੀ ਸੀ। ਮੈਂ ਜਦੋਂ ਪੌੜੀਆਂ ਚੜ੍ਹਕੇ ਉੱਤੇ ਗਈ ਅਤੇ ਮਹਾਰਾਜ ਬੈੱਡ `ਤੇ ਬੈਠੇ ਸਨ। ਉਨ੍ਹਾਂ ਦੇ ਹੱਥ ਵਿੱਚ ਟੀ: ਵੀ ਦਾ ਰਿਮੋਟ ਫੜ੍ਹਿਆ ਹੋਇਆ ਸੀ ਤੇ ਉਹ ਬਲੂ ਫ਼ਿਲਮ ਦੇਖ ਰਹੇ ਸਨ। ਉਨ੍ਹਾਂ ਦੇ ਸਿਰਹਾਣੇ ਦੇ ਨਾਲ ਬੈੱਡ `ਤੇ ਇੱਕ ਰਿਵਾਲਵਰ ਪਿਆ ਸੀ। ਇਹ ਸਾਰਾ ਕੁੱਝ ਦੇਖ ਕੇ ਮੈਂ ਘਬਰਾ ਗਈ। ਮੈਂ ਮਹਾਰਾਜ ਦੇ ਅਜਿਹੇ ਕਿਰਦਾਰ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਮਹਾਰਾਜ ਨੇ ਟੀ: ਵੀ: ਬੰਦ ਕਰ ਦਿੱਤਾ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ। ਮਹਾਰਾਜ ਨੇ ਮੈਨੂੰ ਪਾਣੀ ਪਿਲਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਇਸ ਕਰਕੇ ਬੁਲਾਇਆ ਹੈ ਕਿ ਉਹ ਮੈਨੂੰ ਆਪਣੇ ਕਰੀਬ ਸਮਝਦੇ ਹਨ। ਮੇਰਾ ਇਹ ਪਹਿਲਾ ਅਨੁਭਵ ਸੀ। ਮਹਾਰਾਜ ਨੇ ਮੈਨੂੰ ਆਪਣੀ ਜਕੜ ਵਿੱਚ ਲੈ ਲਿਆ ਅਤੇ ਕਿਹਾ ਕਿ ਉਹ ਮੈਨੂੰ ਆਪਣੇ ਦਿਲ ਦੀ ਗਹਿਰਾਈ `ਚੋਂ ਪਿਆਰ ਕਰਦੇ ਹਨ। ਮਹਾਰਾਜ ਨੇ ਇਹ ਵੀ ਕਿਹਾ ਕਿ ਉਹ ਮੇਰੇ ਨਾਲ ਪਿਆਰ ਕਰਨਾ ਚਾਹੁੰਦੇ ਹਨ। ਮਹਾਰਾਜ ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਦੀ ਚੇਲੀ ਬਣਨ ਵੇਲੇ ਆਪਣਾ ਤਨ ਮਨ ਧਨ ਉਨ੍ਹਾਂ ਨੂੰ ਸੌਂਪ ਚੁੱਕੀ ਹਾਂ ਅਤੇ ਉਨ੍ਹਾਂ ਨੇ ਮੇਰੀ ਭੇਟਾ ਸਵੀਕਾਰ ਕਰ ਲਈ ਹੈ। ਮੈਂ ਜਦੋਂ ਇਸ `ਤੇ ਇਤਰਾਜ਼ ਕੀਤਾ ਤਾਂ ਮਹਾਰਾਜ ਬੋਲੇ “ਇਸ `ਚ ਕੋਈ ਸ਼ੱਕ ਨਹੀਂ ਕਿ ਮੈਂ ਰੱਬ ਹਾਂ” ਜਦ ਮੈਂ ਪੁੱਛਿਆ ਕਿ ਕੀ ਰੱਬ ਵੀ ਅਜਿਹੇ ਕੰਮ ਕਰਦਾ ਹੈ ਤਾਂ ਮਹਾਰਾਜ ਬੋਲੇ:

1: ਸ੍ਰੀ ਕ੍ਰਿਸ਼ਨ ਵੀ ਭਗਵਾਨ ਸਨ ਤੇ ਉਨ੍ਹਾਂ ਕੋਲ 360 ਗੋਪੀਆਂ ਸਨ ਜਿਨ੍ਹਾਂ ਨਾਲ ਉਹ ਪ੍ਰੇਮ ਲੀਲਾ ਰਚਾਉਂਦੇ ਸਨ। ਤਾਂ ਵੀ ਲੋਕ ਉਨ੍ਹਾਂ ਨੂੰ ਰੱਬ ਮੰਨਦੇ ਸਨ। ਇਸ ਵਿੱਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ।

2: ਮੈਂ ਤੈਨੂੰ ਇਸ ਰਿਵਾਲਵਰ ਨਾਲ ਮਾਰ ਸਕਦਾ ਹਾਂ ਤੇ ਇਥੇ ਹੀ ਤੇਰੀ ਲਾਸ਼ ਦਬਾ ਸਕਦਾ ਹਾਂ। ਤੇਰੇ ਪਰਿਵਾਰ ਵਾਲੇ ਮੇਰੇ ਪੱਕੇ ਸ਼ਰਧਾਲੂ ਹਨ ਤੇ ਉਨ੍ਹਾਂ ਨੂੰ ਮੇਰੇ `ਤੇ ਅੰਨ੍ਹਾ ਵਿਸ਼ਵਾਸ ਹੈ। ਤੈਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਤੇਰੇ ਪਰਿਵਾਰ ਵਾਲੇ ਮੇਰੇ ਵਿਰੁੱਧ ਨਹੀਂ ਜਾ ਸਕਦੇ।

3: ਸਰਕਾਰਾਂ `ਤੇ ਵੀ ਮੇਰਾ ਚੰਗਾ ਅਸਰ ਹੈ। ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਕੇਂਦਰੀ ਮੰਤਰੀ ਨੂੰ, ਮੱਥਾ ਟੇਕਣ ਆਉਂਦੇ ਹਨ। ਸਿਆਸਤਦਾਨ ਲੋਕ ਸਾਥੋਂ ਮਦਦ ਲੈਂਦੇ ਹਨ। ਉਹ ਸਾਥੋਂ ਪੈਸਾ ਵੀ ਲੈਂਦੇ ਹਨ। ਉਹ ਮੇਰੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦੇ। ਅਸੀਂ ਤੇਰੇ ਪਰਿਵਾਰ ਵਾਲਿਆਂ ਨੂੰ ਨੌਕਰੀਆਂ ਤੋਂ ਕਢਵਾ ਦਿਆਂਗੇ ਅਤੇ ਆਪਣੇ ਸੇਵਾਦਾਰਾਂ ਤੋਂ ਮੈਂ ਉਨ੍ਹਾਂ ਨੂੰ ਕਿਤੇ ਮਰਾ ਖਪਾ ਦਿਆਂਗਾ। ਅਸੀਂ ਉਨ੍ਹਾਂ ਦੇ ਕਤਲ ਦਾ ਕੋਈ ਸਬੂਤ ਵੀ ਨਹੀਂ ਛੱਡਾਂਗੇ। ਮੈਨੂੰ ਇਹ ਪਤਾ ਹੈ ਕਿ ਪਹਿਲਾਂ ਵੀ ਅਸੀਂ ਡੇਰੇ ਦੇ ਮੈਨੇਜਰ ਫ਼ਕੀਰ ਚੰਦ ਨੂੰ ਗੁੰਡਿਆਂ ਕੋਲੋਂ ਮਰਵਾ ਚੁੱਕੇ ਹਾਂ। ਅੱਜ ਤਕ ਉਸਦੇ ਕਤਲ ਦੀ ਉਘ-ਸੁਘ ਨਹੀਂ ਨਿਕਲੀ। ਡੇਰੇ ਨੂੰ ਹਰ ਰੋਜ਼ 1 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਇਸ ਨਾਲ ਅਸੀਂ ਲੀਡਰ, ਪੁਲੀਸ ਤੇ ਜੱਜਾਂ ਨੂੰ ਖਰੀਦ ਸਕਦੇ ਹਾਂ। ਇਸ ਤੋਂ ਬਾਅਦ ਮਹਾਰਾਜ ਨੇ ਮੇਰੇ ਨਾਲ ਖੇਹ ਖਾਧੀ।




.