.

ਗੁਰੂ ਨਾਨਾਕ ਸਾਹਿਬ ਦਾ ਪੱਥਰ ਦਾ ਬੁਤ ਵੀ ਤਿਆਰ, ਲਾੳਣ ਦੀ ਕਮੀ ਬਾਕੀ।

28 ਮਈ 2007 ਦੇ ਟੋਰਾਂਟੋ ਸਟਾਰ ਵਿੱਚ ਇੱਕ ਲੇਖ ਛਪਿਆ ਸੀ, “Great men overcome war at wall of peace”। ਜਿਸ ਨੂੰ ਪੜ੍ਹ ਕੇ ਸਰਦਾਰ ਪ੍ਰਤਾਪ ਸਿੰਘ ਕੋਚਰ ਨੇ ਕਰਨਲ ਅਵਤਾਰ ਸਿੰਘ ਨੂੰ ਤੇ ਉਸਨੇ ਮੈਨੂੰ ਦੱਸਿਆ। ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੇ ਮੈਂਬਰਾਂ ਨੇ ਆਪਸ ਵਿੱਚ ਵਿਚਾਰ ਵਿਟਾਂਦਰਾ ਕਰਕੇ ਦੋ ਦਿਨ ਬਾਅਦ ਮੀਟਿੰਗ ਸੱਦ ਲਈ ਜਿਸ ਵਿੱਚ ਸ੍ਰ. ਪਰਮਿੰਦਰ ਸਿੰਘ ਪਰਮਾਰ, ਸ੍ਰ. ਦਰਸ਼ਨ ਸਿੰਘ ਘਨਕਸ, ਸ੍ਰ. ਮਨਜੀਤ ਸਿੰਘ ਸਹੋਤਾ, ਸ੍ਰ. ਕਰਮਜੀਤ ਸਿੰਘ ਗਿਲ, ਸ੍ਰ. ਅਮਨਦੀਪ ਸਿੰਘ ਕੰਗ, ਸ੍ਰ. ਹਰਜਿੰਦਰ ਸਿੰਘ ਲੁਧਿਆਣਾ, ਸ੍ਰ. ਜਸਵੀਰ ਸਿੰਘ ਮਾਂਗਟ, ਸ੍ਰ. ਸਿਕੰਦਰਜੀਤ ਸਿੰਘ ਧਾਲੀਵਾਲ, ਸ੍ਰ. ਗੁਰਿੰਦਰ ਸਿੰਘ ਬਰਾੜ, ਸ੍ਰ. ਗੁਰਦੇਵ ਸਿੰਘ ਸੰਘਾ ਅਤੇ ਸ੍ਰ. ਗੁਰਚਰਨ ਸਿੰਘ ਜਿਉਣ ਵਾਲਾ ਨੇ ਭਾਗ ਲਿਆ ਤੇ ਫੈਸਲਾ ਇਹ ਕੀਤਾ ਗਿਆ ਕਿ ਸੱਭ ਤੋਂ ਪਹਿਲਾਂ ਡਾ. ਦੂਬੇ, ਜੋ ਵਿਸ਼ਨੂੰ ਮੰਦਰ ਦੇ ਕਰਤਾ ਧਰਤਾ ਹਨ, ਨਾਲ Hwy 7& yonge str. ਸਥਿਤ ਵਿਸਨੂੰ ਮੰਦਰ ਵਿੱਚ ਜਾ ਕੇ ਪ੍ਰੇਮ ਭਾਵਨਾ ਨਾਲ ਗੱਲਬਾਤ ਕੀਤੀ ਜਾਵੇ। ਅਗਲੇ ਐਤਵਾਰ ਨੂੰ ਪੰਜ ਵਿਆਕਤੀ, ਸ੍ਰ. ਰਘਬੀਰ ਸਿੰਘ ਸਮੱਗ ਗੁਰਬਾਣੀ ਟੀ. ਵੀ. ਵਾਲੇ, ਸ੍ਰ. ਮਨਜੀਤ ਸਿੰਘ ਸਹੋਤਾ. ਸ੍ਰ. ਕਰਮਜੀਤ ਸਿੰਘ ਗਿਲ. , ਸ੍ਰ. ਅਮਨਦੀਪ ਸਿੰਘ ਕੰਗ ਤੇ ਸ੍ਰ. ਗੁਰਚਰਨ ਸਿੰਘ ਜਿਉਣ ਵਾਲਾ ਉਥੇ ਚਲੇ ਗਏ। ਡਾ. ਦੂਬੇ ਜੀ ਨੇ ਸਾਡਾ ਇਤਰਾਜ ਬੜੇ ਹੀ ਸਹਿਜ ਸੁਭਾੳ ਨਾਲ ਸੁਣਿਆ।

ਸਾਡਾ ਇਤਰਾਜ ਸੀ ਕਿ ਸਿੱਖ ਧਰਮ ਵਿੱਚ ਤਸਵੀਰਾਂ ਪੂਜਣੀਆਂ, ਪੱਥਰ ਪੂਜਣੇ ਆਦਿ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਮੁਤਾਬਕ ਮਨਾ ਹਨ। ਸੋਭਾ ਸਿੰਘ ਆਰਟਿਸਟ ਨੂੰ ਉਤਸ਼ਾਹਤ ਕਰਨ ਵਾਲਾ ਭਾਈ ਵੀਰ ਸਿੰਘ ਹੀ ਸੀ ਜਿਸ ਨੇ ਇਹ ਤਸਵੀਰਾਂ ਸਿੱਖ ਧਰਮ ਦੇ ਗਲ ਮੜ੍ਹ ਦਿੱਤੀਆਂ। ਇਸ ਕਰਕੇ ਹੀ ਅਸੀਂ ਅੱਜ ਮਨੋਕਲਪਤ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਨੂੰ ਲੈ ਕੇ ਲੜੀ ਜਾ ਰਹੇ ਹਾਂ। ਸਾਡੀ ਅਸਲ ਲੜਾਈ ਸਿਧਾਂਤਕ ਹੋਣੀ ਚਾਹੀਦੀ ਹੈ। ਜਿਸ ਗੁਰੂ ਨੇ ਚੌਦਾਂ ਜੰਗਾਂ ਲੜੀਆਂ ਨੌਂ ਮਹੀਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਅੰਦਰ ਘਿਰੇ ਰਹੇ, ਦੀਨੇ ਕਾਂਗੜ ਵੀ ‘ਬੈਰਾੜ ਏ ਕੌਮ’ ਨੂੰ ਜੰਗੀ ਤਿਆਰੀ ਕਰਵਾਉਂਦੇ ਕਰਵਾਉਂਦੇ ਦੋ ਮਹੀਨੇ ਤੇ 19 ਦਿਨ ਰਹੇ, ਤਲਵੰਡੀ ਸਾਬੋ, ਪਾਉਂਟਾ ਅਤੇ ਪਹਾੜੀ ਰਿਆਸਤਾਂ ਵਿੱਚ ਰਹਿ ਕੇ “ਨਾਨਕ ਨਿਰਮਲ ਪੰਥੁ ਚਲਾਇਆ” ਨੂੰ ਹੋਰ ਪ੍ਰਫੁਲਤ ਕਰਨ ਦੀਆਂ ਵਿਉਂਤਾਂ ਬਣਾਉਂਦੇ ਰਹੇ। ਕੀ ਗੁਰੂ ਜੀ ਰਾਜਿਆਂ ਵਾਂਗਰ ਗਲ ਵਿੱਚ ਮੋਤੀਆਂ ਦੀਆਂ ਮਾਲਾ ਪਾਉਂਦੇ ਹੋਣਗੇ? ਨਹੀ। ਕੀ ਗੁਰੂ ਜੀ ਕਸ਼ਮੀਰੀ ਪਾਨ ਪੱਤਿਆਂ ਦੀ ਕਢਾਈ ਵਾਲੀਆਂ ਪੁਸ਼ਾਕਾਂ ਪਾਉਂਦੇ ਹੋਣਗੇ? ਨਹੀ। ਹਾਂ ਗੁਰੂ ਜੀ ਭਾਈ ਬਚਿਤਰ ਸਿੰਘ ਹੋਰਾਂ ਦੀ ਤਿਆਰ ਕੀਤੀ ਤਲਵਾਰ ਜਾਂ ਨਾਗਣੀ ਨਾਲ ਜੰਗ-ਯੁੱਧ ਦੀ ਤਿਆਰੀ ਜ਼ਰੂਰ ਕਰਦੇ ਹੋਣਗੇ।

ਮਃ 1॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥ ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥ 2॥ {ਪੰਨਾ 556}

ਅਰਥ : —ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ, ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ, ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਨਾਹ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾਹ ਮੂੰਹੋਂ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।

(ਹੇ ਭਾਈ ! ਜਿਨ੍ਹਾਂ ਪੱਥਰਾਂ ਨੂੰ ਪੂਜਦੇ ਹਾਂ) ਜਦੋਂ ਉਹ ਆਪ (ਪਾਣੀ ਵਿਚ) ਡੁੱਬ ਜਾਂਦੇ ਹਨ (ਤਾਂ ਉਹਨਾਂ ਨੂੰ ਪੂਜ ਕੇ) ਤੁਸੀ (ਸੰਸਾਰ-ਸਮੁੰਦਰ ਤੋਂ) ਕਿਵੇਂ ਤਰ ਸਕਦੇ ਹੋ?

ਸਤਿਗੁਰੁ ਮਿਲੈ ਤ ਸਹਸਾ ਜਾਈ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ॥ 3॥ ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ 4॥ 1॥ {ਭਗਤ ਨਾਮਦੇਵ ਜੀ, ਪੰਨਾ 525}

(ਕਿਆ ਅਜਬ ਗੱਲ ਹੈ ਕਿ) ਇੱਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ। ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ (ਉਸ ਨੂੰ ਕਿਉਂ ਪੈਰਾਂ ਹੇਠ ਲਤਾੜੀਦਾ ਹੈ ? ਪਰ) ਨਾਮਦੇਉ ਆਖਦਾ ਹੈ (ਅਸੀ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ ਨੂੰ ਤਿਆਰ ਨਹੀਂ), ਅਸੀ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ। 4. 1.

ਡਾ. ਦੂਬੇ ਜੀ ਨੇ ਸਾਡੀ ਇਹ ਵਿਚਾਰ ਸੁਣ ਕੇ ਸਾਨੂੰ ਗੁਰੂ ਨਨਾਕ ਸਾਹਿਬ ਦਾ ਪੱਥਰ ਦਾ ਬੁਤ (bust) ਨਾ ਲਾਉਣ ਦਾ ਵਾਅਦਾ ਕੀਤਾ ਤੇ ਜੋ ਸਟੀਰੋਫੋਮ ਤੇ ਬਣਿਆ ਹੋਇਆ ਬੁਤ ਲਗਾਇਆ ਹੋਇਆ ਸੀ ਉਸਨੂੰ ਹਟਾਉਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਨੇ ਇਹ ਕੰਮ ਦੋ ਹਫਤਿਆਂ ਵਿੱਚ ਕਰ ਦਿੱਤਾ। ਪਰ ਦੂਜੇ ਪਾਸੇ ਸਿੱਖਾ ਦੀਆਂ ਆਪਣੀਆਂ ਦੁਕਾਨਾਂ ਤੇ ਸ਼੍ਰੋ. ਗੁ. ਪ੍ਰ. ਕਮੇਟੀ ਦੇ ਐਨ ਨੱਕ ਥੱਲੇ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਵੇਚੀਆਂ ਜਾ ਰਹੀਆਂ ਹਨ। ਸ਼ਾਈਦ ਇਸ ਸੱਚੇ ਸੌਦੇ ਦੇ ਵਿਕਣ ਤੇ ਜੱਥੇਦਾਰਾਂ ਨੂੰ ਕੁੱਝ ਇਨਾਮ ਪ੍ਰਾਪੱਤ ਹੁੰਦਾ ਹੋਵੇ ਉਹ ਇਸ ਕਰਕੇ ਚੁੱਪ ਹਨ। ਇਹ ਮੈਂ ਇਸ ਕਰਕੇ ਲਿਖ ਰਿਹਾਂ ਹਾਂ ਕਿਉਂਕਿ ਐਸਾ ਕੁੱਝ ਮੈਂ ਆਪਣੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਵੇਖਿਆ ਹੈ। ਮੇਰਾ ਆਪਣਾ ਤਾਇਆ ਜੋ 1974 ਤਕ ਦਰਬਾਰ ਸਾਹਿਬ ਦੇ ਮੁੱਖ ਚਾਰ ਗ੍ਰੰਥੀਆ ਵਿਚੋਂ ਇੱਕ ਸੀ, ਤੇ ਅਜੋਕਾ ਅਖੌਤੀ ਜੱਥੇਦਾਰ ਅਕਾਲ ਤਖਤ ਸਾਡੇ ਘਰ ਨੰਗੇ ਪੈਰੀਂ ਆਉਂਦਾ ਹੁੰਦਾ ਸੀ, ਇਨ੍ਹਾਂ ਨੂੰ ਮੈਂ ਗੱਲਾਂ ਕਰਦੇ ਤੇ ਭਾਈ ਚਤਰ ਸਿੰਘ ਜੀਵਣ ਸਿੰਘ ਕਿਆਂ ਨੂੰ ਮੇਰਾ ਆਪਣਾ ਤਾਇਆ ਮੈਂ ਆਪਣੇ ਕੰਨਾ ਨਾਲ ਗ੍ਹਾਲਾਂ ਕੱਢਦਾ ਸੁਣਿਆ ਹੈ, “ਸਾਲਿਆਂ ਨੇ ਇਸ ਵਾਰ ਭੇਟਾ (ਦੱਛਣਾ, ਦੰਦ ਘਸਾਈ) ਸਿਰਫ ਪੰਜਾਹ ਰੁਪੈ ਹੀ ਦਿੱਤੀ। ਇਨ੍ਹਾਂ ਦੀਆਂ ਇਤਨੀਆਂ ਕਿਤਾਬਾਂ ਵਿਕਵਾਉਂਦੇ ਹਾਂ ਬੜੇ ਕਾਜੂੰਸ ਹਨ”। ਇਹ ਕਿਤਾਬਾਂ ਵਾਲੇ ਇਨ੍ਹਾਂ ਗ੍ਰੰਥੀਆਂ ਨੂੰ ਮਹੀਨੇ ਦੋ ਮਹੀਨਿਆਂ ਬਾਅਦ ਖਾਣੇ ਲਈ ਦਾਅਵਤ ਦਿੰਦੇ ਸਨ ਤੇ ਨਾਲ ਨਕਦੀ। ਪਰ ਇਹ ਸਿੱਖੀ ਸਰੂਪ ਵਿੱਚ ਬ੍ਰਹਾਮਣ ਜਾਤ ਦਾ ਢਿੱਡ ਕਿਵੇਂ ਵੀ ਨਹੀ ਸੀ ਭਰਦਾ। ਅਸਲ ਵਿੱਚ ਢਿੱਡ ਤਾਂ ਭਰ ਸਕਦਾ ਹੈ ਪਰ ਨੀਯਤ ਨਹੀ ਭਰ ਸਕਦੀ। 1970 ਵਿੱਚ 50 ਰੁਪੈ ਅੱਜ ਦੇ 500 ਰੁਪੈ ਦੇ ਬਰਾਬਰ ਹਨ। ਮੈਨੂੰ ਇਸ ਗੱਲ ਦੀ ਸਮਝ ਨਹੀ ਪੈਦੀ ਸੀ ਕਿ ਇਹ ਲੋਕ ਇਨ੍ਹਾਂ ਨੂੰ ਖਾਣੇ ਤੇ ਕਿਉਂ ਬੁਲਾਉਂਦੇ ਹਨ। ਅੱਜ ਸਮਝ ਪਈ ਕਿ ਇਹ ਜੱਥੇਦਾਰ ਸ਼੍ਰੋ. ਕਮੇਟੀ ਦੀ ਆਪਣੀ ਦੁਕਾਨ ਤੋਂ ਧਾਰਮਿਕ ਪੁਸਤਕਾਂ ਨਾ ਵਿਕਵਾ ਕੇ ਕਿਸੇ ਹੋਰ ਦੀ ਦੁਕਾਨ ਤੋਂ ਵਿਕਵਾਉਂਦੇ ਸਨ ਤਾਂਕਿ ਇਨ੍ਹਾਂ ਦਾ ਆਪਣਾ ਬੋਝਾ ਭਰਦਾ ਰਹੇ।

ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਬਰੈਂਪਟਨ ਵਿੱਚ ਵੀ ਸਿੱਖਾਂ ਦੀ ਦੁਕਾਨ ਤੇ ਵਿਕਦੀਆਂ ਹਨ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਇਹ ਕਹਿਣ ਲੱਗੇ ਜੀ ਦੇਖੋ ਇਹ ਵੀ ਤਾਂ ਇੱਕ ਤਸਵੀਰ ਹੀ ਹੈ। ਪਰ ਬਾਅਦ ਵਿੱਚ ਉਨ੍ਹਾਂ ਦੇ ਮਨ ਵਿੱਚ ਕੋਈ ਖਿਆਲ ਆਇਆ ਤੇ ਇਹ ਮੂਰਤੀ ਉਹ ਹੁਣ ਪਿਛਲੇ ਦਰਵਾਜੇ ਰਾਹੀਂ ਵੇਚਦੇ ਹਨ ਮਤਲਬ ਜੇ ਕੋਈ ਮੰਗ ਲਵੇ ਤਾਂ ਦੇ ਦਿੰਦੇ ਹਨ।

ਸਿੱਖਾਂ ਨੂੰ ਬੁਨਿਆਦੀ ਸਵਾਲ: ਪਿਛਲੇ ਸਵਾ ਕੁ ਸੌ ਸਾਲ ਵਿੱਚ ਸਿੱਖੀ ਦੇ ਦੁਸ਼ਮਣਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨਾਲ ਰੱਜ ਕੇ ਖਿਲਵਾੜ ਕੀਤਾ ਤੇ ਅੱਜ ਸਿੱਖੀ ਸਰੂਪ ਵਿੱਚ ਸਿੱਖ ਇਸਦੀ ਖਿੱਲੀ ਉਡਾ ਰਹੇ ਹਨ। ਸਿੱਖ ਜ਼ਿਹਨੀਅਤ ਤੌਰ ਤੇ ਮਾਰ ਦਿੱਤਾ ਗਿਆ ਹੈ। ਸਿਰਫ ਕਲਬੂਤ ਤੁਰੇ ਫਿਰਦੇ ਦਿਖਾਈ ਦਿੰਦੇ ਹਨ। ਲਬੜਗੱਟੇ ਸੰਤਾਂ ਤੇ ਬਾਬਿਆਂ ਦੇ ਵੱਗ ਫਿਰਦੇ ਹਨ ਜਿਨ੍ਹਾਂ ਨੇ ਨਾ ਸਿਰਫ ਸਾਡੀ ਇਜ਼ਤ ਹੀ ਲੁੱਟੀ ਹੈ ਸਗੋਂ ਸਾਡੀਆਂ ਤਜੌਰੀਆਂ ਨੂੰ ਖਾਲੀ ਕਰਕੇ ਅਸ਼ੀਰਵਾਦਾਂ ਨਾਲ ਭਰਨ ਦਾ ਫੋਕਾ ਵਾਹਦਾ ਕੀਤਾ ਤੇ ਅਸੀਂ ਮੂਰਖ ਇਸਨੂੰ ਸੱਚ ਮੰਨ ਬੈਠੇ। ਸਿੱਖ ਨੂੰ ਅੱਜ ਭਾਲਿਆਂ ਵੀ ਰਾਹ ਨਹੀ ਲੱਭ ਰਿਹਾ ਕਿ ਉਹ ਕਿਧਰ ਨੂੰ ਜਾਵੇ। ਜਿਦਰ ਨੂੰ ਉਹ ਮੂੰਹ ਕਰਦਾ ਹੈ ਉਧਰ ਹੀ ਬਾਬਿਆਂ ਦਾ ਵੱਗ ਖੜਾ ਦਿਖਾਈ ਦਿੰਦਾ ਹੈ ਤੇ ਉਹ ਝੱਟ ਪੱਟ ਆਪਣੀ ਜੇਬ ਬਾਬੇ ਦੇ ਚਰਨਾਂ ਤੇ ਖਾਲੀ ਕਰਕੇ ਆਪਣੀਆਂ ਮੁਸ਼ਕਲਾਂ ਦਾ ਹੱਲ ਮੰਗਦਾ ਹੈ। ਗੁਰੂ ਬਾਬੇ ਨਾਨਕ ਨੇ ਲੋਕ ਭਲਾਈ ਨੂੰ ਆਪਣਾ ਨਿਜੀ ਕੰਮ ਮੰਨ ਕੇ 35-40 ਹਜਾਰ ਕਿਲੋਮੀਟਰ ਦਾ ਫਾਸਲਾ ਤਹਿ ਕੀਤਾ ਤੇ ਫਤਿਹ ਹਾਲਸ ਕੀਤੀ। ਬਾਬਾ ਜੀ ਨੇ ਆਪਣੀ ਸਾਰੀ ਜ਼ਿਦਗੀ ਆਪਣੇ ਕੰਮ ਤੋਂ ਵਾਰ ਦਿੱਤੀ। ਗੁਰੂ ਨਾਨਕ ਪਾਤਸ਼ਾਹ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਲਈ ਵੰਗਾਰ ਰਹੇ ਹਨ। ਅਸੀਂ ਕਦੋਂ ਜਾਗਾਂਗੇ? ਜੇ ਮਨੁੱਖਤਾ ਦੀ ਭਲਾਈ ਲੋਚਦੇ ਹਾਂ ਤਾਂ ਸਾਨੂੰ ਆਪ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਸੁਨੇਹਾ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ, ਸਵੀਕਾਰ ਕਰਨਾ ਹੀ ਪੈਣਾ ਹੈ। ਇਸ ਤੋਂ ਇਲਵਾ ਸਾਡੇ ਕੋਲ ਹੋਰ ਕੋਈ ਰਸਤਾ ਹੈ ਹੀ ਨਹੀ। ਭਾੜੇ ਤੇ ਕਰਵਾਏ ਗਏ ਪਾਠਾਂ ਨੇ ਸਾਡਾ ਕੁੱਝ ਨਹੀ ਸਵਾਰਨਾ। ਨਾਨਕਸਾਰੀਆਂ ਨੇ ਸਾਡੀ ਜੇਬ ਨੂੰ ਹੋਰ ਖੋਰਾ ਲਾਉਣ ਲਈ ਪਾਠ ਦੇ ਨਾਲ ਸੰਪਟ ਵੀ ਲਾ ਦਿੱਤਾ। ਮੁੱਲ ਦਾ ਪਾਠ 800 ਡਾਲਰ ਵਿੱਚ ਨਾ ਹੋ ਕੇ ਸੰਪਟ ਵਾਲਾ ਪਾਠ 1500 ਡਾਲਰ ਵਿੱਚ ਹੋਣ ਲੱਗ ਪਿਆ। ਟਕਸਾਲੀ ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੀਆਂ ਚਲਾਈਆਂ ਇਕੋਤਰੀਆਂ ਤੇ ਨਾਨਕਸਾਰੀਆਂ ਦੇ ਸੰਪਟ ਪਾਠ ਅੱਜ ਕਰੋੜਾਂ ਦੀ ਗਿਣਤੀ ਵਿੱਚ ਹੋ ਚੁਕੇ ਹਨ ਜੇ ਇਨ੍ਹਾਂ ਦੇ ਪਾਠਾਂ ਦਾ ਕੋਈ ਫਲ ਸਿੱਖ ਨੂੰ ਪ੍ਰਾਪੱਤ ਹੋਇਆ ਹੈ ਤਾਂ ਪੰਜਾਬ ਅੱਜ ਖੁਦਕਸ਼ੀਆਂ ਦੇ ਰਾਹ ਕਿਉਂ ਤੁਰ ਪਿਆ ਹੈ? ਕਿਤੇ ਇਹੀ ਫਲ ਤਾਂ ਨਹੀ ਜੋ ਕਿਰਾਏ ਪਾਠ ਦੇ ਇਵਜ਼ਾਨੇ ਵਜ਼ੋਂ ਮਿਲਦਾ ਹੈ?

ਸਿੱਖੋ/ਪੰਜਾਬੀਓ ਹੋਸ਼ ਵਿੱਚ ਆਓ। ਜੇ ਸ਼੍ਰੋਮਣੀ ਕਮੇਟੀ ਨੇ ਸੋਭਾ ਸਿੰਘ ਦੀਆਂ ਤਸਵੀਰਾਂ ਤੇ ਪਾਬੰਦੀ ਲਾਈ ਹੁੰਦੀ ਤਾਂ ਅੱਜ ਆਰ. ਐਸ. ਐਸ. ਸਿੱਖਾਂ ਦੇ ਦਸ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਗਾਂ ਦੇ ਥਣਾਂ ਵਿੱਚ ਬਣਾ ਕੇ ਨਾ ਦਿਖਾਉਂਦੀ।

ਸਲੋਕ ਮਃ 1॥ ਧ੍ਰਿਗੁ ਤਿਨਾ ਕਾ ਜੀਵਿਆ, ਜਿ ਲਿਖਿ ਲਿਖਿ ਵੇਚਹਿ ਨਾਉ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥

ਅੱਜ ਸਿੱਖ ਧਰਮ ਦੇ ਰਾਖੇ ਹੀ ਇਸ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ। ਅਸੀਂ ਇਨ੍ਹਾਂ ਤੋਂ ਆਸ ਕਰਦੇ ਹਾਂ ਕਿ ਇਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਰਾਖੇ ਹਨ। ਇਹ ਖਿਆਲ ਗਲਤ ਹੈ। ਅੱਜ ਸਾਰੇ ਸਿੱਖਾਂ ਨੂੰ ਇਸਦਾ ਰਾਖਾ ਬਣਨਾ ਪੈਣਾ ਹੈ। ਆਓ ਆਪਣੇ ਆਪਣੇ ਆਂਢ-ਗੁਆਂਢ ਵੱਲ ਤਿਰਸ਼ੀ ਨਜ਼ਰ ਨਾਲ ਤੱਕੀਏ ਕਿਤੇ ਕੋਈ ਬਾਬੇ ਨਾਨਕ ਦੇ ਰੱਬੀ ਨੂਰ ਨੂੰ, ਜਿਵੇਂ ਸ਼੍ਰੋ. ਗੁ. ਪ੍ਰ. ਕਮੇਟੀ ਨੇ ਹਿੰਦੀ ਵਿੱਚ ਇੱਕ ਪੁਸਤਕ “ਸਿੱਖ ਇਤਹਾਸ” ਲਿਖ ਕੇ ਗੰਦਾ ਕੀਤਾ ਹੈ, ਗੰਦਾ ਤਾ ਨਹੀ ਕਰ ਰਿਹਾ? ਇਸ ਕਿਤਾਬ ਬਾਰੇ ਫਿਰ ਦੋ ਅੱਖਰ ਲਿਖਣ ਦੀ ਕੋਸ਼ਿਸ਼ ਕਰਾਂਗਾ।

ਗੁਰੂ ਪੰਥ ਦੇ ਦਾਸ,

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ।

www.singhsabhacanada.com.




.