.

ਮਨੁੱਖਾ ਜਨਮ ਤੇ ਚਉਰਾਸੀ ਲੱਖ ਜੂਨਾਂ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਪਰਮਾਤਮਾ ਦੀ ਰਚਨਾ ਜੜ੍ਹ ਤੇ ਚੇਤਨ ਰੂਪਾਂ ਵਿੱਚ ਬਹੁਤ ਵੱਡੀ ਪੱਧਰ ਤੇ ਪਸਰੀ ਹੋਈ ਦਿਸਦੀ ਹੈ। ਭਾਵੇਂ ਇਹ ਰਚਨਾ ਜੀਵਨ ਰਹਿਤ ਰੂਪ ਵਿੱਚ ਹੈ ਤੇ ਭਾਵੇਂ ਇਹ ਜੀਵਨ ਭਰਪੂਰ ਰੂਪ ਵਿੱਚ ਹੈ। ਮੁੱਢਲੇ ਤੌਰ ਤੇ ਇਹ ਸਾਰੀ ਸੱਤਿਆ ਪਰਮੇਸ਼ਰ ਦੀ ਹੀ ਹੈ। ਕਾਦਰ ਦੀ ਕੁਦਰਤ ਦੇ ਵੱਖੋ ਵੱਖੇ ਅੰਗਾਂ ਵਿੱਚ ਬਾਹਰਲਾ ਰੂਪ ਵੱਖਰਾ ਹੋਣ ਦੇ ਬਾਵਜੂਦ ਵੀ ਮੂਲ ਰੂਪ ਵਿੱਚ ਪਰਮਾਤਮਾ ਦੀ ਜੋਤ ਕੁਦਰਤ ਦੇ ਹਰ ਅੰਗ ਵਿੱਚ ਸਮਾਨ ਰੂਪ ਵਿੱਚ ਪੱਸਰੀ ਹੋਈ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਸਾਰੀ ਕੁਦਰਤ ਅੰਦਰ ਪਰਮਾਤਮਾ ਤੋਂ ਬਿਨਾ ਹੋਰ ਕੁੱਝ ਵੀ ਨਜ਼ਰ ਨਹੀਂ ਆਉਂਦਾ। “ਸਭੁ ਗੋਬਿੰਦੁ ਹੈ ਸਭੁ ਗੋਬੰਦੁ ਹੈ ਗੋਬਿੰਦੁ ਬਿਨੁ ਨਹੀ ਕੋਈ” –ਆਖ ਕੇ ਸੰਸਾਰ ਦੇ ਜ਼ਰੇ ਜ਼ਰੇ ਵਿੱਚ ਪਰਮਾਤਮਾ ਦੀ ਜੋਤ ਰਮੀ ਹੋਈ ਦੇਖੀ ਹੈ। ਸਾਰਾ ਸੰਸਾਰ ਓਸੇ ਦੀ ਹੋਂਦ ਹੈ, ਉਸ ਦੇ ਨਿਯਮਾਂ ਦੁਆਰਾ ਬਣ ਰਿਹਾ ਹੈ ਤੇ ਹੁਕਮ ਦੁਆਰਾ ਹੀ ਉਸ ਵਿੱਚ ਸਮਾਉਂਦਾ ਜਾ ਰਿਹਾ ਹੈ। ਪ੍ਰਭੂ ਦੇ ਹੁਕਮ ਅੰਦਰ, ਉਸ ਦੇ ਨਿਯਮਾਂ ਨੂੰ ਸਮਝਦਿਆਂ ਸੰਸਾਰ ਤਰੱਕੀ ਦੀਆਂ ਲੀਹਾਂ ਤੇ ਆ ਗਿਆ ਹੈ। ਸੰਸਾਰ ਦਾ ਵਿਕਾਸ ਹੋਇਆ ਹੈ ਤੇ ਮਨੁੱਖ ਦਾ ਵੀ ਵਿਕਾਸ ਹੋਇਆ ਹੈ। ਪਾਣੀ ਤੇ ਹਵਾ ਨੂੰ ਵਿਕਾਸ ਦਾ ਮੁੱਢ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਜੀਵ ਪਾਣੀ ਵਿੱਚ ਪੈਦਾ ਹੋਇਆ, ਹੌਲ਼ੀ ਹੌਲ਼ੀ ਵਿਕਾਸ ਹੁੰਦਾ ਗਿਆ ਤੇ ਜੀਵ ਜੰਤੂ ਬਣਦੇ ਗਏ। ਮਨੁੱਖ ਕਾਦਰ ਦੀ ਕੁਦਰਤ ਦਾ ਖੂਬਸੂਰਤ ਨਮੂਨਾ ਹੈ। ਰਾਗ ਗਉੜੀ ਗੁਆਰੇਰੀ ਅੰਦਰ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਲੈ ਕੇ ‘ਜਨਮੁ ਪਰਾਪਤ’ ਜਾਂ ਮਨੁੱਖਾ ਜਨਮ ਤੇ ਚਉਰਾਸੀ ਲੱਖ ਜੂਨਾਂ ਦੀ ਵਿਚਾਰ ਚਰਚਾ ਕੀਤੀ ਜਾਏਗੀ।

ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥

ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਰਖ ਜੋਇਓ॥ ੧॥

ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿੰਰਕਾਲ ਇਹ ਦੇਹ ਸੰਜਰੀਆ॥ ਰਹਾਉ॥ ੧॥

ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥

ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀ ਜੋਨਿ ਭ੍ਰਮਾਇਆ॥ ੨॥

ਸਾਧ ਸੰਗ ਭਇਓ ਜਨਮ ਪ੍ਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥

ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩॥

ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥

ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ ੪॥

ਪੰਨਾ ੧੭੬

ਸ਼ਬਦ ਦੀ ਰਹਾਉ ਦੀ ਤੁਕ ਅੰਦਰ ਮਨੁੱਖੀ ਜੀਵਨ ਪਰਮਾਤਮਾ ਦੇ ਮਿਲਾਪ ਲਈ ਨਿਰਧਾਰਤ ਕੀਤਾ ਗਿਆ ਹੈ। ਕਿਸੇ ਬੀਜ ਨੂੰ ਜ਼ਮੀਨ ਵਿੱਚ ਬੀਜ ਦਿੱਤਾ ਜਾਏ, ਉਹ ਫ਼ਲ਼ੀ ਭੂਤ ਹੁੰਦਾ ਹੈ। ਫਿਰ ਫ਼ਲ਼ ਪੱਕ ਕੇ ਤਿਆਰ ਹੋ ਜਾਂਦਾ ਹੈ। ਪੱਕੇ ਹੋਏ ਫ਼ਲ਼ ਨੂੰ ਮਨੁੱਖ ਖਾ ਜਾਂਦਾ ਹੈ। ਬੀਜ ਦਾ ਬੀਜਣਾ, ਉਸ ਦਾ ਪੱਕ ਜਾਣਾ ਤੇ ਮਨੁੱਖ ਤੀਕ ਪਾਹੁੰਚ ਜਾਣਾ, ਉਸ ਦੀ ਮੰਜ਼ਿਲ ਸਫਲ ਹੋ ਜਾਂਦੀ ਹੈ। ਮਨੁੱਖ ਨੇ ਆਪਣੇ ਜੀਵਨ ਅੰਦਰ ਚੰਗਾ ਮਨੁੱਖ ਬਣ ਕੇ ਜ਼ਿੰਦਗੀ ਦੀ ਸਿੱਖਰ ਤੇ ਪਾਹੁੰਚਣਾ ਹੈ। ਵਿਅਗਿਆਨੀ ਸਮਝਦਾ ਹੈ ਕਿ ਮਨੁੱਖ ਜੀਵਨ ਬਾਕੀ ਦੀਆਂ ਜੂਨਾਂ ਦੇ ਬਆਦ ਵਿੱਚ ਬਣਿਆ ਹੈ। ਸਾਇੰਸ ਇਸ ਨੂੰ ਕਰਮ ਵਿਕਾਸ ਆਖਦੀ ਹੈ। ਕੁਦਰਤੀ ਨਿਯਮਾਂ ਅਨੁਸਾਰ ਮਨੁੱਖ ਹੋਂਦ ਵਿੱਚ ਆਇਆ ਹੈ। ਆਦਮੀ ਮਨੁੱਖੀ ਸਰੀਰ ਵਿੱਚ ਹੁੰਦਾ ਹੋਇਆ ਆਪਣਾ ਸੁਭਾਅ ਤੇ ਕਰਮ ਬਦਲਣ ਲਈ ਤਿਆਰ ਨਹੀਂ ਹੁੰਦਾ ਕਈ ਵਾਰੀ ਇਹ ਵੀ ਸੁਣਨ ਨੂੰ ਮਿਲਦਾ ਹੈ --- ਹੈ ਤੇ ਬੰਦਾ ਪਰ ਕੰਮ ਬਾਂਦਰਾਂ ਵਾਲੇ ਕਰਦਾ ਹੈ। ਮਨੁੱਖ ਹੁੰਦਾ ਹੋਇਆ ਵੀ ਪਸ਼ੂ ਬਿਰਤੀ ਵਿੱਚ ਬੈਠਾ ਹੈ। ਜਿੰਨਾ ਚਿਰ ਕਿਸੇ ਦੇ ਗੁਣਾਂ ਬਾਰੇ ਗਿਆਨ ਨਾ ਹੋਵੇ, ਅਸੀਂ ਉਸ ਵਸਤੂ ਦਾ ਪੂਰਾ ਲਾਭ ਨਹੀਂ ਉਠਾ ਸਕਦੇ। ਮਨੁੱਖੀ ਜੀਵਨ ਤਾਂ ਹੈ, ਪਰ ਪੂਰਾ ਲਾਭ ਨਹੀਂ ਉਠਾ ਰਹੇ। ਰਹਾਉ ਦੀਆਂ ਤੁਕਾਂ ਹਨ:---

ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥

ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਚਿਰਾਂ ਉਪਰੰਤ ਤੈਨੂੰ ਜੀਵਨ ਮਿਲਿਆ ਹੈ। “ਦੇਹ ਸੰਜਰੀਆ” ---- ਸਰੀਰ ਮਿਲਿਆ ਹੈ; “ਚਿਰੰਕਾਲ” ਚਿਰਾਂ ਉਪਰੰਤ; ਜਨਮ ਲਿਆ, ਜਵਾਨੀ ਆਈ, ਬੁਡੇਪੇ ਵਿੱਚ ਪੈਰ ਪਾ ਲਿਆ ਹੈ। ਨਾ ਸਮਝੀ ਕਰਕੇ ਵਿਆਰਥ ਵਿੱਚ ਜੀਵਨ ਗਵਾ ਲਿਆ ਹੈ। “ਚਿਰੰਕਾਲ” – ਕਾਫੀ ਸਮਾਂ ਉਮਰ ਦਾ ਢਲ ਗਿਆ ਹੈ। ਸਰੀਰ ਮਿਲਿਆ; ਹੁਣ ਸਮਝ ਆਈ ਹੈ। ਬਹੁਤ ਸਮੇਂ ਉਪਰੰਤ ਸਮਝ ਆਈ ਹੈ। ਜਨਮ ਤਾਂ ਮਨੁੱਖਾਂ ਘਰ ਲਿਆ ਸੀ, ਪਰ ਕਰਮ ਤੇ ਸੁਭਾਅ ਵਿੱਚ ਹੋਰ ਹੀ ਪ੍ਰਵਿਰਤੀਆਂ ਕੰਮ ਕਰ ਰਹੀਆਂ ਸਨ। ਅਸਲ ਸਰੀਰ ਓਦੋਂ ਮਿਲਿਆ ਸਮਝਣਾ ਚਾਹੀਦਾ ਹੈ ਜਦੋਂ ਸਮਝ ਆਉਂਦੀ ਹੈ। ਗੁਰੂ ਅਮਰਦਾਸ ਜੀ ਨੇ ੬੨ ਸਾਲ ਦੀ ਉਮਰ ਵਿੱਚ ਮਹਿਸੂਸ ਕੀਤਾ ਕਿ ਜ਼ਿੰਦਗੀ ਅਜਾਈਂ ਗੁਆਚ ਗਈ ਹੈ। ਜਿਸ ਦਿਨ ਗੁਰੂ ਦਰਬਾਰ ਦੇ ਮਹੱਤਵ ਦਾ ਅਹਿਸਾਸ ਹੋਇਆ, ਅਸਲ ਮਨੁੱਖਾ ਜੀਵਨ ਉਹ ਹੈ। ਇਹ ਅਹਿਸਾਸ ਬਚਪਨ ਵਿੱਚ ਵੀ ਆ ਸਕਦਾ ਹੈ ਤੇ ਕਈ ਜ਼ਿੰਦਗੀਆਂ ਵਿੱਚ ਬੁਢੇਪਾ ਆ ਜਾਂਦਾ ਹੈ, ਫਿਰ ਵੀ ਜ਼ਿੰਦਗੀ ਦੇ ਮਹੱਤਵ ਦਾ ਅਹਿਸਾਸ ਨਹੀਂ ਹੁੰਦਾ ਕਿ ਮੇਰੀ ਵੀ ਕੋਈ ਜ਼ਿੰਮੇਵਾਰੀ ਸੀ। ਅਸਲ ਵਿੱਚ ਜਦੋਂ ਸ਼ੁਭ ਗੁਣਾਂ ਦਾ ਜੀਵਨ ਵਿੱਚ ਆਉਣਾ ਸ਼ੁਰੂ ਹੋ ਜਾਏ, ਉਦੋਂ ਹੀ ਸਰੀਰ ਮਿਲਿਆ ਸਮਝਣਾ ਚਾਹੀਦਾ ਹੈ। ਅਸੀਂ ਜ਼ਿਉਂਦੇ ਮਨੁੱਖੀ ਤਲ਼ ਤੇ ਹਾਂ; ਪਰ ਸੁਭਾਅ ਦੀ ਬਿਰਤੀ ਪਸ਼ੂ ਤਲ਼ ਤੇ ਹੁੰਦੀ ਹੈ। ਇਸ ਪੁਸ਼ੂ ਬਿਰਤੀ ਅੰਦਰ ਜ਼ਿਉਂਦਾ ਮਨੁੱਖ ਜੂਨ ਭੋਗ ਰਿਹਾ ਹੁੰਦਾ ਹੈ।

ਮਨੁੱਖ ਨੂੰ ਸਮਝਾਉਣ ਲਈ ਇਹਨਾਂ ਰਹਾਉ ਦੀਆਂ ਤੁਕਾਂ ਦੀ ਬਾਕੀ ਸ਼ਬਦ ਵਿੱਚ ਵਿਆਖਿਆ ਕੀਤੀ ਗਈ ਹੈ। ਵਿਦਵਾਨਾਂ ਦਾ ਖਿਆਲ ਹੈ, ਪੱਥਰ ਅਬੋਧ ਹੈ, ਬਨਸਪਤੀ ਤਿੰਨ ਹਿੱਸੇ ਸੁੱਤੀ ਹੋਈ ਹੈ ਤੇ ਇੱਕ ਹਿੱਸਾ ਜਾਗਦੀ ਹੈ। ਪਸ਼ੁ --- ਪੰਛੀ ਦੋ ਹਿੱਸੇ ਜਾਗਦੇ ਹਨ ਤੇ ਦੋ ਹਿੱਸੇ ਸੁੱਤੇ ਹੋਏ ਹਨ। ਮਨੁੱਖ ਤਿੰਨ ਹਿੱਸੇ ਜਾਗਿਆ ਹੋਇਆ ਹੈ। ਜੇ ਇਹ ਇੱਕ ਹਿੱਸਾ ਜਗਾ ਲੈਂਦਾ ਹੈ ਤਾਂ ਪਰਮਾਤਮਾ ਦਾ ਰੂਪ ਹੋ ਜਾਂਦਾਂ ਹੈ। ਜੇ ਇਸ ਦਾ ਇੱਕ ਹਿੱਸਾ ਹੋਰ ਸੌਂ ਜਾਂਦਾ ਹੈ ਤਾਂ ਇਹ ਪਸ਼ੂ ਬਿਰਤੀ ਤੇ ਉੱਤਰ ਆਉਂਦਾ ਹੈ। ਸਮਾਜ ਵਿੱਚ ਬਲਾਤਕਾਰ ਦੀਆਂ ਘਟਨਾਵਾਂ, ਲੁੱਟਾਂ ਖੋਹਾਂ, ਸੀਨਾ ਜ਼ੋਰੀ ਕਰਨਾ ਤੇ ਹੇਰਾ ਫੇਰੀ ਇੱਕ ਕਲੰਕ ਹੈ। ਮਨੁੱਖ ਨੂੰ ਬਹੁਤ ਹੀ ਪਿਆਰ ਨਾਲ ਸਮਝਾਉਂਦਿਆਂ ਗੁਰਦੇਵ ਜੀ ਫਰਮਾਉਂਦੇ ਹਨ ਕਿ ਦੇਖ, ਕੀੜੇ ਪਤੰਗੇ ਹੈਣ ਤਾਂ ਪਰਮਾਤਮਾ ਦੀ ਉੱਪਜ, ਪਰ ਇਹਨਾਂ ਦਾ ਜੀਵਨ ਕੋਈ ਬਹੁਤ ਵਧੀਆ ਨਹੀਂ ਹੈ। ਕੀੜਿਆਂ ਪਤੰਗਿਆਂ ਦੀਆਂ ਕਿੰਨੀਆਂ ਕਿਸਮਾਂ ਹਨ। ਮੱਛੀਆਂ ਹਾਥੀਆਂ ਤੇ ਹਿਰਨਾਂ ਦੀਆਂ ਕਿੰਨੀਆਂ ਜੂਨਾਂ ਹਨ। ਪੰਛੀਆਂ; ਸੱਪਾਂ, ਘੋੜੇ ਤੇ ਬਲਦਾਂ ਦੀਆਂ ਕਿੰਨੀਆਂ ਜੂਨਾਂ ਹਨ। “ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ” ਵਿੱਚ ਵਿਚਰ ਰਿਹਾ ਹੈ। ਜੇ ਕਰ ਅਜੇ ਵੀ ਮਨੁੱਖੀ ਜੀਵਨ ਨੂੰ ਸਮਝਿਆ ਨਹੀਂ ਹੈ ਤਾਂ ਵੱਖ ਵੱਖ ਜੂਨਾਂ ਵਿੱਚ ਵਿਚਰ ਰਿਹਾ ਹੈ। ਇਹ ਜ਼ਰੂਰੀ ਨਹੀਂ ਕਿ ਇਹ ਸੱਪ ਦੀ ਜੂਨ ਤੋਂ ਹੀ ਮਨੁੱਖ ਬਣਿਆ ਹੈ। ਗੁਰਬਾਣੀ ਨੇ ਪ੍ਰਤੀਕ ਦੇ ਕੇ ਸੱਪ ਦੇ ਤਲ ਤੇ ਜ਼ਿਉਂਦੇ ਮਨੁੱਖ ਦੀ ਤਸਵੀਰ ਸਾਡੇ ਸਾਹਮਣੇ ਰੱਖੀ ਹੈ। ਜਿਸ ਘੜੀ ਤੇ ਇਹ ਅਹਿਸਾਸ ਹੋ ਜਾਏ ਕਿ ਮੈਂ ਗਲਤ ਧਾਰਨਾ ਤੇ ਤੁਰਿਆ ਹਾਂ; ਅਸਲ ਉਸ ਵੇਲੇ ਮਨੁੱਖ ਸਰੀਰ ਧਾਰਿਆ ਸਮਝਿਆ ਜਾ ਸਕਦਾ ਹੈ। ਪ੍ਰਭੂ ਨੂੰ ਮਿਲਣ ਦਾ ਭਾਵ ਰੱਬੀ ਗੁਣਾਂ ਨੂੰ ਧਾਰਨ ਕਰਨ ਦਾ ਹੈ। ਇਹ ਅਹਿਸਾਸ ਨਾ ਹੋਣ ਕਾਰਨ ਹੀ ਵੱਖ – ਵੱਖ ਜੂਨਾਂ ਵਿੱਚ ਤੁਰਿਆ ਫਿਰ ਰਿਹਾ ਹੈ।

ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥

ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥

ਕਈ ਜਨਮ ਪਤੰਗਿਆਂ ਦੇ ਹਨ। ਹਾਥੀ, ਘੋੜਿਆਂ, ਬਲਦਾਂ ਤੇ ਮੱਛੀਆਂ ਦੀਆਂ ਕਈ – ਕਈ ਕਿਸਮਾਂ ਦੀਆਂ ਜੂਨਾਂ ਹਨ, ਇਹ ਸਾਰੀ ਪਰਮਾਤਮਾ ਦੀ ਰਚਨਾ ਹੈ। ਇੱਕ ਤਲ ਤੇ ਅਸੀਂ ਇਹਨਾਂ ਜੂਨਾਂ ਨੂੰ ਮਾੜਾ ਨਹੀਂ ਕਹਿ ਸਕਦੇ। ਸਿਖਾਏ ਹੋਏ ਕੁੱਤੇ ਮਨੁੱਖ ਦੀਆਂ ਮਾੜੀਆਂ ਹਰਕਤਾਂ ਨੂੰ ਲੱਭ ਲੈਂਦੇ ਹਨ। ਵਿਕਸਤ ਦੇਸ਼ਾਂ ਦੇ ਏਅਰ ਪੋਰਟ ਤੇ ਕੁੱਤੇ ਸੁੰਘ ਕੇ ਦੱਸ ਦੇਂਦੇ ਹਨ ਕਿ ਇਸ ਮਨੁੱਖ ਦੇ ਬੈਗ ਅੰਦਰ, ਮਨੁੱਖ ਨੂੰ ਮਾਰਨ ਵਾਲੀ ਵਸਤੂ ਹੈ। ਮੈਂ ਨਿਊਜ਼ੀਲੈਂਡ ਦੇ ਏਅਰ ਪੋਰਟ ਤੇ ਉੱਤਰਿਆ ਤਾਂ ਕੁੱਤੇ ਦੇ ਸੁੰਘਣ ਤੇ ਮੇਰੇ ਬੈਗ ਨੂੰ ਫੋਲਿਆ ਹੀ ਨਹੀਂ ਗਿਆ। ਇਹਨਾਂ ਦੇ ਰਹਿਣ ਸਹਿਣ ਦੀ ਸੁਵਿਧਾ ਪੁਲ਼ਾਂ ਥੱਲੇ ਰਹਿ ਰਹੇ ਮਨੁੱਖਾਂ ਨਾਲੋਂ ਕਿਤੇ ਬੇਹਤਰ ਹੈ। ਤਸਵੀਰ ਦੇ ਦੂਸਰੇ ਪਾਸੇ ਭਾਰਤ ਅੰਦਰ ਸੜਕਾਂ ਦੇ ਕਿਨਾਰਿਆਂ, ਪੁੱਲਾਂ ਦੇ ਹੇਠ, ਖੁਲ੍ਹੇ ਮੈਦਾਨਾਂ ਤੇ ਖੁਲ੍ਹੇ ਅਸਮਾਨ ਦੀ ਛੱਤ ਥੱਲੇ ਤੱਪੜਾਂ ਤੇ ਸੁੱਤੇ ਮਨੁੱਖ ਆਮ ਦੇਖੇ ਜਾ ਸਕਦੇ ਹਨ। ਜ਼ਿੰਦਗੀ ਦੀਆਂ ਮੁੱਢਲ਼ੀਆਂ ਸਹੂਲਤਾਂ ਪ੍ਰਾਪਤ ਕੀ ਕਰਨੀਆਂ ਹਨ, ਇਹਨਾਂ ਵਿਚਾਰਿਆਂ ਨੇ ਤਾਂ ਦੇਖੀਆਂ ਵੀ ਨਹੀਂ ਹੋਣੀਆਂ। ਰੱਬੀ ਰਚਨਾ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ। ਇਹ ਸਾਰੀਆਂ ਜੂਨਾਂ ਕਿਸੇ ਨਿਯਮ ਦੇ ਅਧਾਰ ਤੇ ਸਾਕਾਰ ਹੋਈਆਂ ਹਨ। ਸ਼ਹਿਰਾਂ ਦੇ ਆਲੇ ਦੁਆਲੇ ਝੌਪੜੀਆਂ ਬਣਾ ਕੇ ਰਹਿ ਰਹੇ ਮਨੁੱਖ ਕੀੜਿਆਂ ਮਕੌੜਿਆਂ ਨਾਲੋਂ ਵੀ ਬਦਤਰ ਜੀਵਨ ਬਿਤਾ ਰਹੇ ਹਨ। ਇਹਨਾਂ ਤੁਕਾਂ ਵਿੱਚ ਪਰਮਾਤਮਾ ਦੀ ਰਚਨਾ ਕਈ ਪ੍ਰਕਾਰ ਦੀਆਂ ਜੂਨਾਂ ਵਿੱਚ ਰਚੀ ਹੋਈ ਹੈ। ਇਹ ਜੂਨਾਂ ਅੱਧੀਆਂ ਜਾਗਦੀਆਂ ਤੇ ਅੱਧੀਆਂ ਸੁੱਤੀਆਂ ਹੋਈਆਂ ਹਨ ਪਰ ਇਹਨਾਂ ਸਰੀਆਂ ਜੂਨਾਂ ਨਾਲੋਂ ਮਨੁੱਕ ਵਿਕਸਤ ਹੈ। ਇਸ ਲਈ ਇਸ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਮੰਨਿਆ ਗਿਆ ਹੈ। ਸਮਝਾਉਣ ਲਈ ਸ਼ੈਲੀ ਵਰਤੀ ਗਈ ਹੈ। ਹੇ ਬੰਦੇ! ਦੇਖ, ਤੈਨੂੰ ਚੰਗਾ ਘਰ ਪਰਵਾਰ ਮਿਲਿਆ ਹੋਇਆ ਹੈ। ਕੀੜੇ ਵਿਚਾਰ ਗੰਦੀਆਂ ਥਾਂਵਾਂ ਤੇ ਰਹਿ ਰਹੇ ਹਨ। ਤੈਨੂੰ ਨੇਕ ਕਰਮ ਕਰਕੇ, ਨੇਕ ਸੁਭਾਅ ਬਣਾ ਕੇ ਆਲ੍ਹਾ ਦਰਜੇ ਦਾ ਮਨੁੱਖ ਬਣਨਾ ਚਾਹੀਦਾ ਹੈ।

“ਮਿਲਨ ਕੀ ਬਰੀਆ”, “ਚਿਰੰਕਾਲ”, “ਦੇਹ ਸਜੰਰੀਆ” ਦੇ ਗਹਿਰੇ ਭਾਵ ਨੂੰ ਗੁਰਦੇਵ ਜੀ ਸ਼ਬਦ ਦੇ ਦੂਸਰੇ ਬੰਦ ਅੰਦਰ ਪੱਥਰ, ਪਹਾੜ, ਦਰੱਖਤ ਤੇ ਜਨਮ ਤੋਂ ਪਹਿਲਾਂ ਹੀ ਖੁਰ ਜਾਣ ਦੀ ਅਵਸਥਾ ਨੂੰ ਚੌਰਾਸੀ ਲੱਖ ਜੂਨਾਂ ਦੇ ਗੇੜ ਆਖਿਆ ਹੈ। ਗੁਰਬਾਣੀ ਚੌਰਾਸੀ ਲੱਖ ਦੀ ਪ੍ਰੜੋਤਾ ਨਹੀਂ ਕਰਦੀ। ਇਸ ਦਾ ਅਰਥ ਬੇਅੰਤ ਜੂਨਾਂ ਹਨ। ਹਿੰਦੂ ਮਤ ਪੱਕਿਆਂ ਤੌਰ ਤੇ ਚੌਰਾਸੀ ਲੱਖ ਦੀ ਗਣਤੀ ਮੰਨਦਾ ਹੈ। ਗੁਰਬਾਣੀ ਵਿੱਚ ਇਹ ਸ਼ਬਦ ਮੁਹਾਵਰੇ ਦੇ ਰੂਪ ਵਿੱਚ ਆਇਆ ਹੈ। ਦੂਸਰੇ ਬੰਦ ਦਾ ਮੂਲ ਰੂਪ ਵਿੱਚ ਪਾਠ ਇੰਜ ਆਇਆ ਹੈ।

ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥

ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥

ਸੰਸਾਰ ਦੀ ਉਤਪੱਤੀ ਰੱਬੀ ਹੁਕਮਾਂ ਜਾਂ ਉਸ ਦੇ ਨਿਯਮਾਂ ਅਨੁਸਾਰ ਹੋ ਰਹੀ ਹੈ ਅਤੇ ਹੁੰਦੀ ਰਹੇਗੀ। “ਮਾਤ ਗਰਭ ਮਹਿ ਆਪਨ ਸਿਮਰਨ ਦੇ” --- ਭਾਵ, ਇੱਕ ਨਿਯਮ ਦੇ ਅਧੀਨ ਸਾਜਨਾ ਹੋ ਰਹੀ ਹੈ। ਜਦੋਂ ਵੀ ਮਨੁੱਖੀ ਗਲਤੀ ਹੁੰਦੀ ਹੈ, ਪਰਮਾਤਮਾ ਦਾ ਨਿਯਮ ਟੁਟਦਾ ਹੈ, ਮਾਂ ਦੇ ਗਰਭ ਵਿਚੋਂ ਬੱਚਾ ਗਿਰ ਜਾਂਦਾ ਹੈ। ਧਰਤੀ ਦੀ ਕੁੱਖ ਵਿਚੋਂ ਨਿਯਮਾਂ ਅਨੁਸਾਰ ਹੀ ਦਰੱਖਤ ਪੈਦਾ ਹੁੰਦੇ ਹਨ। ਜੋ ਮਨੁੱਖ ਚੁੱਪ ਸਾਧ ਕੇ ਭਗਤੀ ਕਰਦੇ ਹਨ ਕਲਗੀਧਰ ਐਸੇ ਮਨੁੱਖਾਂ ਨੂੰ ਦਰੱਖਤਾਂ ਤੋਂ ਵੱਧ ਦਰਜਾ ਨਹੀਂ ਦੇਂਦੇ।

“ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ”

ਪਰਮਾਤਮਾ ਦੀ ਕੁਦਰਤ ਵਿਸ਼ਾਲ ਹੈ, ਖੂਬਸੂਰਤ ਪਹਾੜ, ਬਾਗ, ਸੁੰਦਰ ਦਰਿਆਵਾਂ ਦੇ ਵਹਿਣ, ਸੋਹਣੇ ਜੰਗਲ ਪਰਮਾਤਮਾ ਦੀ ਉੱਤਮ ਕਾਰਾਗਰੀ ਦੇ ਨਮੂਨੇ ਹਨ। ਇਹ ਸਾਰਾ ਕੁੱਝ ਪਰਮਾਤਮਾ ਦੇ ਨਿਯਮਾਂ ਅਨੁਸਾਰ ਹੀ ਪੈਦਾ ਹੋ ਰਿਹਾ ਹੈ। ਜੇ ਮਨੁੱਖ ਜੀਵਨ ਵਿੱਚ ਸੂਝ ਨਹੀਂ ਪੈਦਾ ਕਰਦਾ ਤਾਂ ਪੱਥਰ ਤੋਂ ਵੱਧ ਕੁੱਝ ਵੀ ਨਹੀਂ ਹੈ। ਚਉਰਾਸੀ ਲੱਖ ਜੂਨਾਂ ਦੀ ਗਿਣਤੀ ਤੇ ਇਸ ਦਾ ਵੇਰਵਾ ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ, ਕਿ ਹਿੰਦੂ ਮਤ ਅਨੁਸਾਰ ਨੌਂ ਲੱਖ ਜਲ—ਵਾਸੀ, ਦਸ ਲੱਖ ਹਵਾ ਵਿੱਚ ਉੱਡਣ ਵਾਲੇ, ਵੀਹ ਲੱਖ ਇਸਥਿਤ ਰਹਿਣ ਵਾਲੇ ਬ੍ਰਿਛ, ਗਿਆਰਾਂ ਲੱਖ ਪੇਟ ਦੇ ਬਲ ਨਾਲ ਤੁਰਨ ਵਾਲੇ, ਤੀਹ ਲੱਕ ਚਉਪਾਏ, ਚਾਰ ਲੱਖ ਮਨੁੱਖ ਜਾਤੀ ਆਦਿ ਮੰਨਦੇ ਹਨ। ਜੈਨ ਮਤ ਵਾਲਿਆਂ ਨੇ ਸੱਤ ਲੱਖ ਪ੍ਰਿਥਵੀ, ਸਤ ਲੱਖ ਜਲ, ਸਤ ਲੱਖ ਹਵਾ, ਸਤ ਲੱਖ ਅਗਨ, ਸਤ ਲੱਖ ਕੰਦਮੂਲ, ਚੌਦਾਂ ਲੱਖ ਝਾੜੀ ਬ੍ਰਿਛ, ਦੋ ਲੱਖ ਇੱਕ ਇੰਦਰੀਆਂ ਵਾਲੇ, ਦੋ ਲੱਖ ਤਿੰਨ ਇੰਦਰੀਆਂ ਵਾਲੇ, ਚਾਰ ਲੱਖ ਦੇਵਤੇ, ਪੰਜ ਲੱਖ ਨਰਕ ਦੇ ਜੀਵ, ਚੌਦਾਂ ਲੱਖ ਮਨੁੱਖ ਜਾਤੀ ਤੇ ਚਾਰ ਲੱਖ ਚਉਪਾਏ ਆਦਿ ਦੀ ਆਪਣੇ ਢੰਗ ਨਾਲ ਗਿਣਤੀ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੀ ਬੇਅੰਤਤਾ ਇੱਕ ਵਾਕ ਆਖਿਆ ਹੈ।

ਅੰਤ ਨ ਜਾਪੈ ਕੀਤਾ ਆਕਾਰ॥ ਅੰਤ ਨਾ ਜਾਪੈ ਪਾਰਾਵਾਰ॥

ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਹਨ ਕਿ ਪੱਥਰ, ਪਹਾੜ, ਚਟਾਨਾਂ, ਰੁੱਖ, ਮਾਂ ਦੇ ਗਰਭ ਵਿਚੋਂ ਗਿਰ ਜਾਣਾ ਆਦਿ ਚਉਰਾਸੀ ਦਾ ਗੇੜ ਹੈ ਤੇ ਚਉਰਾਸੀ ਲੱਖ ਸੰਸਾਰ ਦੀ ਪ੍ਰਕ੍ਰਿਆ ਹੈ। ਅੱਜ ਦਾ ਵਿਗਿਆਨੀ ਕੁਦਰਤੀ ਵਾਤਾਵਰਨ ਨੂੰ ਤਰਜੀਹ ਦੇ ਰਿਹਾ ਹੈ। ਕੁਦਰਤੀ ਵਾਤਾਵਰਨ ਅੰਦਰ ਮਨੁੱਖ ਦੀ ਸਹਾਇਤਾ ਲਈ, ਰੁੱਖਾਂ ਪਹਾੜਾਂ ਦਾ ਹੋਣਾ, ਦਰਿਆਵਾਂ ਦਾ ਹੋਣਾ ਜ਼ਰੂਰੀ ਹੈ, ਪਰ ਹੇ ਆਦਮ ਦੀ ਸੰਤਾਨ ਤੂੰ ਆਪ ਚਉਰਾਸੀ ਦੇ ਗੇੜ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ। ਜਦ ਆਦਮੀ ਨੂੰ ਮੰਜ਼ਿਲ ਨਾ ਲੱਭ ਰਹੀ ਹੋਵੇ ਤਾਂ ਅਕਸਰ ਕਹਿ ਦੇਂਦਾ ਹੈ ਕਿ ਮੈਂ ਚਉਰਾਸੀ ਦੇ ਗੇੜ ਵਿੱਚ ਪਇਆ ਹੋਇਆ ਹਾਂ। ਗੁਰੂ ਜੀ ਨੇ ਇਹਨਾਂ ਜੂਨਾਂ ਦਾ ਜ਼ਿਕਰ ਕਰਕੇ ਅਹਿਸਾਸ ਕਰਇਆ ਹੈ ਕਿ ਜਾਤ ਤੇਰੀ ਮਨੁੱਖ ਵਾਲੀ ਹੈ ਪਰ ਕਰਤੂਤ ਤੇਰੀ ਪਸ਼ੂਆਂ ਵਾਲੀ ਹੈ। ਰੁੱਖ ਤੋਂ ਸਿੱਧਾ ਆਦਮੀ ਬਣ ਜਾਣਾ ਮੁਸ਼ਕਲ ਹੈ। ਜ਼ਮੀਨ ਵਿਚੋਂ ਦਰੱਖਤ ਦਾ ਪੈਦਾ ਹੋਣਾ ਵੀ ਇੱਕ ਨਿਯਮ ਦੇ ਅਧੀਨ ਹੈ। ਜੇ ਬੀਜ, ਮੌਸਮ ਤੇ ਧਰਤੀ ਦੇ ਅਨੁਕੂਲ ਨਾ ਹੋਵੇ ਤਾਂ ਪੌਦੇ ਦਾ ਬਣਨਾ ਮੁਸ਼ਕਲ ਹੈ। ਪੌਦਾ ਉੱਗਦਾ ਹੈ ਵੱਡਾ ਹੁੰਦਾ ਹੈ ਤੇ ਖਤਮ ਹੋ ਜਾਂਦਾ ਹੈ। ਅਗਾਂਹ ਪੌਦਾ ਫਿਰ ਤਿਆਰ ਹੋ ਜਾਂਦਾ ਹੈ। ਏਸੇ ਤਰ੍ਹਾਂ ਮਨੁੱਖ ਤੋਂ ਅਗਾਂਹ ਦੀ ਅਗਾਂਹ ਮਨੁੱਖਾਂ ਦਾ ਤਿਆਰ ਹੋਣਾ ਪਰਮਾਤਮਾ ਦਾ ਪੱਕਾ ਨਿਯਮ ਹੈ।

ਉਪਰੋਕਤ ਦੋ ਬੰਦਾਂ ਅੰਦਰ ਕੁੱਝ ਜੂਨਾਂ ਦੀ ਗੱਲ ਕੀਤੀ ਗਈ ਹੈ। ਮਨੁੱਖੀ ਕਦਰਾਂ ਕੀਮਤਾਂ ਤੋਂ ਗਿਰ ਜਾਣਾ ਹੀ ਜਿਉਂਦੇ ਜੀਅ ਜੂਨਾਂ ਵਿੱਚ ਘੁੰਮਣਾ ਹੈ। ਤੀਸਰੇ ਬੰਦ ਵਿੱਚ ਗੁਰੂ ਜੀ ਨੇ ਅਸਲੀ ਜਨਮ ਦਾ ਨੁਕਤਾ ਸਾਡੇ ਸਾਹਮਣੇ ਰੱਖਿਆ ਹੈ।

ਸਾਧ ਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥

ਤਿਆਗ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥

ਅਸੀਂ ਪ੍ਰਤੀਕਾਂ ਨੂੰ ਅਸਲੀ ਸਮਝ ਬੈਠੇ ਹਾਂ। ਕੋਈ ਮਾਂ ਆਪਣੇ ਬੱਚੇ ਨੂੰ ਹੱਥ ਦੀ ਉਂਗਲ਼ ਨਾਲ ਚੰਦ੍ਰਮਾ ਦਿਖਾਉਂਦੀ ਹੈ, ਪਰ ਬੱਚਾ ਆਪਣੀ ਨਦਾਨ ਬੁੱਧੀ ਕਰਕੇ ਉਂਗਲ ਨੂੰ ਹੀ ਚੰਦਰਮਾਂ ਸਮਝ ਬੈਠਦਾ ਹੈ। ਇੰਜ ਹੀ ਅਸਲੀ ਤੱਤ ਨੂੰ ਨਾ ਸਮਝਦਿਆਂ ਮਰਨ ਉਪਰੰਤ ਜੀਵਨ ਨੂੰ ਹੀ ਅਸਲੀ ਜੀਵਨ ਸਮਝ ਬੈਠੇ ਹਾਂ। ਸਰੀਰ ਦਾ ਜਨਮ ਮਾਤਾ ਪਿਤਾ ਦੁਆਰਾ ਅਤੇ ਆਤਮਾ ਦਾ ਜਨਮ ਸਾਧ ਸੰਗ ਦੁਆਰਾ ਹੁੰਦਾ ਹੈ। ਸਾਡੇ ਮਨ ਨੂੰ ਕਈ ਪਰਕਾਰ ਦੀਆਂ ਚਿੰਤਾਵਾਂ, ਈਰਖਾਵਾਂ ਤੇ ਵਿਕਾਰਾਂ ਰੂਪੀ ਜਮ ਚਿੰਬੜੇ ਹੋਏ ਹਨ। ਅਸਲ ਵਿੱਚ ਇਹ ਵਿਕਾਰ ਹੀ ਸਾਨੂੰ ਜੂਨਾਂ ਵਿੱਚ ਘੁਮਾਈ ਰੱਖਦੇ ਹਨ। ਗਹਿਰਾ ਨੁਕਤਾ ਸਾਡੇ ਸਾਹਮਣੇ ਹੈ, “ਸਾਧ ਸੰਗਿ ਭਇਓ ਜਨਮੁ ਪ੍ਰਾਪਤਿ”॥ ਇਸ ਦਾ ਸਿੱਧਾ ਸਾਦਾ ਉੱਤਰ ਹੈ ਕਿ ਗੁਰੂ ਜੀ ਦੀ ਸੰਗਤ ਕੀਤਿਆਂ ਹੀ ਸਾਨੂੰ ਨਵਾਂ ਜਨਮ ਮਿਲ ਸਕਦਾ ਹੈ। ਗੁਰੂ ਕਰਕੇ ਪੁਰਾਣਾ ਕਰਮ ਤੇ ਜਾਤ ਖਤਮ ਹੋ ਸਕਦੀ ਹੈ। ਇਸ ਸ਼ਬਦ ਵਿੱਚ ਆਤਮਿਕ ਜਨਮ ਤਥਾ ਜੀਵਨ ਦੀ ਗੱਲ ਕੀਤੀ ਗਈ ਹੈ। ਸਾਧ ਦਾਂ ਅਰਥ ਹੈ ਗੁਰੂ ਤੇ ਗੁਰੂ ਦਾ ਅਰਥ ਹੈ ਨਾਮ, ਉਪਦੇਸ਼ ਤੇ ਗਿਆਨ ਹੈ। ਇਸ ਗਿਆਨ ਵਿੱਚ ਖਲਕਤ ਦੀ ਸੇਵਾ ਤੇ ਆਤਮਿਕ ਸੂਝ ਦਾ ਦੀਵਾ ਜਗਦਾ ਨਜ਼ਰ ਆਉਂਦਾ ਹੈ। ਮਨੁੱਖੀ ਭਾਵ ਸਿੱਖ ਦੇ ਜੀਵਨ ਵਿੱਚ ਗੁਰਮਤਿ ਦੇ ਗਿਆਨ ਦੇ ਦੀਵੇ ਦਾ ਨਾ ਜਗਣਾ, ਔਝੜ ਰਸਤੇ ਪਿਆਂ ਜੂਨਾਂ ਵਿੱਚ ਭਟਕਣਾ ਹੈ। ਜੂਨਾਂ ਤੋਂ ਬਚਣ ਦਾ ਇੱਕ ਲੱਕਸ਼ ਵੀ ਰੱਖਿਆ ਗਿਆ ਹੈ। ਝੂਠ ਨਾ ਬੋਲਣ ਦਾ ਅਭਿਆਸ ਕਰਨਾ ਦੱਸਿਆ ਹੈ। ਮਾਨ ਤੇ ਅਭਿਮਾਨ ਤੋਂ ਉੱਪਰ ਉੱਠਣ ਲਈ ਗੁਰਮਤਿ ਦਾ ਲੱਕਸ਼ ਦਰਸਾਇਆ ਗਿਆ ਹੈ। “ਜੀਵਤ ਮਰਹਿ ਦਰਗਹ ਪਰਵਾਨੁ” – ਚਉਰਾਸੀ ਲੱਖ ਜੂਨਾਂ ਦੇ ਸਰਦਾਰ ਦਾ ਉੱਚਾ ਆਦਰਸ਼ ਮਿੱਥਿਆ ਗਿਆ ਹੈ। ਇਸ ਬੰਦ ਵਿੱਚ ਇੱਕ ਨਵੇਂ ਜਨਮ ਨੂੰ ਤਜਵੀਜ਼ ਕੀਤਾ ਗਿਆ ਹੈ। ਦਰਗਾਹ ਵਿੱਚ ਪਰਵਾਨ ਚੜ੍ਹਨ ਦੀ ਪ੍ਰਤਿਗਿਆ ਕੀਤੀ ਗਈ ਹੈ। ਜੇ ਜ਼ਿਉਂਦਿਆਂ ਅਸੀਂ ਵਿਕਾਰਾਂ ਨੂੰ ਖਤਮ ਨਹੀਂ ਕਰਦੇ ਤਾਂ ਅਸੀਂ ਜੂਨਾਂ ਵਿੱਚ ਘੁੰਮ ਰਹੇ ਹੁੰਦੇ ਹਾਂ। ਗੁਰੁ ਜੀ ਨੇ ਅਸਲੀ ਜੀਵਨ, ਜਾਂ ਅਸਲੀ ਜਨਮ ਦੀ ਪ੍ਰਾਪਤੀ, ਗੁਰੂ ਦੇ ਗਿਆਨ ਤੋਂ ਪ੍ਰਾਪਤ ਕਰਕੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਢਾਲਣ ਲਈ ਆਖਿਆ ਗਿਆ ਹੈ। ਸੇਵਾ, ਗੁਰਮਤਿ ਨੂੰ ਧਾਰਨ ਕਰਨਾ, ਝੂਠ, ਅਭਿਮਾਨ ਦਾ ਤਿਆਗ ਕਰਨਾ, ਜ਼ਿਉਂਦਿਆਂ ਵਿਕਾਰਾਂ ਵਲੋਂ ਮਰਨਾ ਹੀ ਸੱਚੀ ਦਰਗਾਹ ਵਿੱਚ ਪਰਵਾਨ ਹੋਣਾ ਹੈ। ਪਰਮਾਤਮਾ ਵਿੱਚ ਲੀਨ ਹੋਣਾ ਹਰ ਵੇਲੇ ਉਸ ਦੇ ਹੁਕਮ ਵਿੱਚ ਰਹਿਣਾ ਇਸ ਧਰਤੀ ਤੇ ਹੀ ਰੱਬੀ ਦਰਗਾਹ ਵਿੱਚ ਪਰਵਾਨ ਹੋਣਾ ਮੰਨਿਆ ਗਿਆ ਹੈ।

ਸਦੀਆਂ ਤੋਂ ਬ੍ਰਹਮਣ ਨੇ ਪੇਟ—ਪੂਰਤੀ ਦਾ ਸਾਧਨ ਪੂਜਾ ਰੱਖਿਆ ਹੈ। ਲੁਕਾਈ ਨੂੰ ਜਨਮ ਮਰਨ ਦਾ ਡਰ ਪਾ ਕੇ, ਸੱਚ ਖੰਡ ਭੇਜਣ ਦੀਆਂ ਅਰਦਾਸਾਂ ਅਸੀਂ ਬ੍ਰਾਹਮਣੀ ਮਤ ਦੀ ਤਰਜ਼ ਤੇ ਕਰ ਰਹੇ ਹਾਂ। ਗੁਰਬਾਣੀ ਦੀ ਵਡਿਆਈ ਤੇ ਨਿਰਮਲ ਪੰਥ ਨੂੰ ਬ੍ਰਹਾਮ ਦਾ ਪਿਛਲੱਗ ਬਣਾ ਕੇ ਸਮਝਣ ਦਾ ਯਤਨ ਕਰ ਰਹੇ ਹਾਂ। ਸ਼ਬਦ ਦੀਆਂ ਪਹਿਲੀਆਂ ਤੁਕਾਂ ਹਰ ਜਨਮ ਮਰਨ ਤੇ ਪੜ੍ਹ ਕੇ ਆਮ ਲੋਕਾਂ ਨੂੰ ਜੂਨਾਂ ਦਾ ਭੈ ਦੇਣ ਵਿੱਚ ਅਸੀਂ ਬ੍ਰਹਮਣੀ ਸੋਚ ਨੂੰ ਵੀ ਮਾਤ ਪਾ ਗਏ ਹਾਂ। ਸ਼ਬਦ ਦੇ ਅਸਲੀ ਆਦਰਸ਼ ਨੂੰ ਅੱਖੋਂ ਪਰੋਖੇ ਕਰ ਗਏ ਹਾਂ। ਅਖੀਰਲੀਆਂ ਤੁਕਾਂ ਵਿੱਚ ਗੁਰੂ ਜੀ ਰੱਬੀ ਰਚਨਾ ਦਾ ਜ਼ਿਕਰ ਕਰ ਕੇ ਗੁਣ ਗਉਣ ਨੂੰ ਆਖਦੇ ਹਨ।

ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥

ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥

ਸੰਸਾਰ ਵਿੱਚ ਜੋ ਵੀ ਪੈਦਾ ਹੋਇਆ ਹੈ ਉਹ ਸਾਰਾ ਰੱਬੀ ਹੁਕਮ ਵਿੱਚ ਹੀ ਪੈਦਾ ਹੋਇਆ ਹੈ। ਰੁੱਖ, ਪੱਥਰ, ਦਰਿਆ, ਜੀਵ ਜੰਤੂ, ਗੱਲ ਕੀ ਹਰ ਹਰਕਤ “ਤੁਝ ਤੇ ਹੋਗੁ” ਕਰਕੇ ਬਿਆਨਿਆ ਹੈ। ਚੰਗੀਆਂ ਤੇ ਮਾੜੀਆਂ ਜੂਨਾਂ ਅਸੀਂ ਆਪ ਹੀ ਮਿੱਥ ਲਈਆਂ ਹਨ। “ਅਵਰੁ ਨ ਦੂਜਾ ਕਰਣੈ ਜੋਗੁ” --- ਹੋਰ ਕੋਈ ਆਦਮੀ ਰੱਬੀ ਨਿਯਮਾਵਲੀ ਤੋਂ ਬਾਹਰ ਜਾ ਕੇ ਗੱਲ ਨਹੀਂ ਕਰ ਸਕਦਾ ਭਾਵ ਪਰਮਾਤਮਾ ਦੇ ਨਿਯਮ ਅਸੀਂ ਨਹੀਂ ਬਣਾ ਸਕਦੇ। “ਤਾ ਮਿਲੀਐ ਜਾ ਲੈਹਿ ਮਿਲਾਇ” – ਜੇਕਰ ਮਨੁੱਖ ਰੱਬੀ ਹੁਕਮ ਨੂੰ ਸਮਝ ਕੇ ਜੀਵਨ ਵਿੱਚ ਅਪਨਾ ਲੈਂਦਾ ਹੈ ਤਾਂ “ਮਿਲੀਐ” ਦੀ ਅਵਸਥਾ ਹੈ। ਆਪਣੇ ਆਪ ਨੂੰ ਬਦਲ ਲੈਣਾ ਹੀ ਉਸ ਦੀ ਕ੍ਰਿਪਾ ਹੈ। “ਗੁਣਿ ਗਾਇ” ਤੇ ਸ਼ਬਦ ਦੀ ਸਪੂੰਨਤਾ ਕੀਤੀ ਗਈ ਹੈ। ਗੁਣ ਗਾਉਣ ਦਾ ਭਾਵ ਅਰਥ ਇਹ ਨਹੀਂ ਕਿ ਹਰ ਵੇਲੇ ਆਦਮੀ ਗਾਉਂਦਾ ਹੀ ਰਹੇ। ਮਨੁੱਖ ਨੇ ਪਹਿਲਾਂ ਰੱਬ ਦੇ ਹੁਕਮ ਨੂੰ ਸਮਝਣਾ ਹੈ, ਫਿਰ ਆਪਣੇ ਜੀਵਨ ਵਿੱਚ ਢਾਲਣਾ ਹੈ। ਦਰ ਅਸਲ ਆਪਣੇ ਜੀਵਨ ਨੂੰ ਨਾ ਸਵਾਰਨ ਵਾਲਾ ਹੀ ਜੂਨਾਂ ਵਿੱਚ ਪਿਆ ਹੋਇਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋ ਖਿਆਲ ਮਿਲਦਾ ਹੈ ਉਸ ਦੀ ਉਦਾਹਰਣ ਦੇ ਕੇ ਗੁਰਮਤ ਦੇ ਨੁਕਤੇ ਨੂੰ ਅਸੀਂ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਮਿਸ਼ਨਰੀ ਕਾਲਜ ਲੁਧਿਆਣੇ ਵਾਲਿਆਂ ਦੁਅਰਾ ਛੱਪਿਆ ਹੋਇਆ ਇੱਕ ਵੀਹ ਕਬਿੱਤਾਂ ਵਾਲੇ ਕਿਤਾਬਚੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਖਿਆਲ ਜੋ ਮੰਨਿਆ ਗਿਆ ਹੈ ਉਸ ਅਨੁਸਾਰ ਪਾਖੰਡੀਆਂ ਨੂੰ ਗਧਾ, ਸੂਰ, ਹਾਥੀ, ਮ੍ਰਿਗ, ਹੀਜੜਾ, ਬਾਂਦਰ, ਤੇ ਦਰੱਖਤ ਕਰਕੇ ਬਿਆਨਿਆ ਗਿਆ ਹੈ। ਕਿਤੇ ਬਗਲਾ, ਬਘਿਆੜ, ਬਿੱਲਾ ਤੇ ਅਕਾਸ਼ ਵਿੱਚ ਉਡਣ ਵਾਲੀ ਸਮਰੱਥਾ ਰੱਖਣ ਵਾਲੇ ਨੂੰ ਪੰਛੀ ਆਖਿਆ ਗਿਆ ਹੈ ਸਾਰਾ ਸੰਸਾਰ ਕਰਤੇ ਦੀ ਕ੍ਰਿਤ ਹੈ ਸਾਨੂੰ ਕੀ ਹੱਕ ਹੈ ਕਿ ਕਰਤੇ ਦੀ ਕਿਰਤ ਭਾਵ ਉਸ ਦੀਆਂ ਪੈਦਾ ਕੀਤੀਆਂ ਹੋਈਆਂ ਜੂਨਾਂ ਨੂੰ ਮਾੜਾ ਆਖੀਏ। ਸਾਰਾ ਸੰਸਾਰ ਹੀ ਕਰਤੇ ਦੀ ਸੁੰਦਰ ਕਿਰਤ ਵਿੱਚ ਵੱਸਿਆ ਹੋਇਆ ਹੈ। ਗੁਰੂ ਗਿਆਨ ਦੀ ਪ੍ਰਾਪਤੀ ਨੂੰ ਨਿਵੇਕਲਾ ਆਤਮਿਕ ਜਨਮ ਦੱਸਿਆ ਹੈ। ਜੂਨਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਸਗੋਂ ਸਾਨੂੰ ਆਪਣੀ ਜੂਨ ਸੰਵਾਰਨ ਦੀ ਲੋੜ ਹੈ।




.