.

ਚਾਹ ਦਾ ਲੰਗਰ?

ਗਿ. ਸੰਤੋਖ ਸਿੰਘ, ਆਸਟ੍ਰੇਲੀਆ

ਘਟਨਾ ਇਹ ੨੦੦੪ ਵਿਚਲੇ ਆਪਣੇ ਯੂਰਪੀ ਦੇਸ਼ਾਂ ਦੇ ਦੌਰੇ ਦਰਮਿਆਨ ਵਾਪਰੀ ਸੀ।

ਯੂਰਪ ਦੇ ਇੱਕ ਮੁਲਕ ਵਿੱਚ ਮੈ ਜਾ ਵੜਿਆ। ਕਾਹਦੇ ਲਈ? ਕੋਈ ਪਤਾ ਨਹੀ। ਇਉਂ ਸਮਝੋ, “ਅੰਨ੍ਹੇ ਕੁੱਤੇ ਹਰਨਾਂ ਦੇ ਸ਼ਿਕਾਰੀ” ਵਾਲੀ ਗੱਲ ਹੀ ਕੁੱਝ ਨਾ ਕੁੱਝ ਮੇਰੇ ਤੇ ਵੀ ਢੁਕਦੀ ਹੋਵੇਗੀ।

ਸਵਿਟਜ਼ਰਲੈਂਡ ਵਾਸੀ ਇੱਕ ਬਾਰਸੂਖ਼ ਸੱਜਣ ਸ. ਰਣਜੀਤ ਸਿੰਘ ਦੇ ਆਖਣ ਤੇ ਮੈ ਉਸਦੇ ਬਿਜ਼ਨਿਸ ਦੀ ਬਰਾਂਚ ਵਿੱਚ ਚਲਿਆ ਗਿਆ। ਉਸ ਦੇ ਪ੍ਰਤੀਨਿਧ ਦੇ ਦਫ਼ਤਰ ਵਿੱਚ ਮੈ ਇਸ਼ਨਾਨ ਕੀਤਾ ਤੇ ਮੇਰੇ ਆਖਣ ਤੇ ਉਸ ਭਲੇ ਸੱਜਣ ਨੇ ਕਿਸੇ ਚਾਈਨਜ਼ ਰੈਸਟੋਰੈਂਟ ਤੋਂ ਖਾਣਾ ਮੰਗਵਾ ਕੇ ਖਵਾਇਆ। ਅਧੀ ਕੁ ਰਾਤ ਤੋਂ ਚੱਲਿਆ ਸੀ ਤੇ ਤਿੰਨ ਕੁ ਵਜੇ ਅਗਲੇ ਦਿਨ ਓਥੇ ਪਹੁੰਚਿਆ ਤੇ ਜਹਾਜ ਵਿੱਚ ਵੀ ਟਿਕਟ ਸਸਤੀ ਹੋਣ ਕਰਕੇ ਖਾਣ ਲਈ ਕੁੱਝ ਨਾ ਮਿਲ਼ਿਆ। ਵੱਡੀ ਉਮਰ, ਸ਼ੂਗਰ ਦਾ ਮਰੀਜ਼ ਵੀਹ ਕੁ ਘੰਟੇ ਕੁੱਝ ਖਾਧੇ ਤੋਂ ਬਿਨਾ ਹੀ ਸਮਾ ਕਢਣਾ ਪਿਆ। ਖਾਣਾ ਭਾਵੇਂ ਉਸ ਸੁਹਿਰਦ ਸੱਜਣ ਨੇ ਵੈਜੀਟੇਰੀਅਨ ਹੀ ਮੰਗਵਾਇਆ ਸੀ ਪਰ ਫੇਰ ਵੀ ਮਨ ਮਰਜੀ ਦਾ ਤਾਂ ਨਹੀ ਸੀ ਨਾ! ਮੇਰੀ ਪਸੰਦ ਦਾ ਇੱਕ ਸਮੇ ਦਾ ਭੋਜਨ ਤਾਂ ਕਣਕ ਦੇ ਦੋ ਤਾਜੇ ਫੁਲਕੇ ਤੇ ਨਾਲ਼ ਪਤਲੀ ਦਾਲ ਹੈ। ਮੇਰੇ ਮੁੜ ਮੁੜ ਜੋਰ ਦੇਣ `ਤੇ ਉਸਨੇ ਮੈਨੂੰ ਗੁਰਦੁਆਰੇ ਛੱਡ ਦਿਤਾ। ਉਸਨੇ ਬੜਾ ਜੋਰ ਲਾਇਆ ਕਿ ਉਹ ਪ੍ਰਬੰਧਕਾਂ ਨਾਲ਼ ਗੱਲ ਕਰਕੇ ਮੈਨੂੰ ਓਥੇ ਛੱਡੇਗਾ। ਦੋ ਚਾਰ ਦਿਨ ਉਸਨੇ ਆਪਣੇ ਕੋਲ਼ ਠਹਿਰਨ ਦਾ ਸੁਝਾ ਵੀ ਦਿਤਾ। ਪਰ “ਮੈ ਨਾ ਮਾਨੂੰ ਦੀ” ਰਟ ਮੈ ਲਾਈ ਹੀ ਰੱਖੀ ਤੇ ਉਸਨੇ ਮੇਰੀ ਜਿਦ ਵੇਖ ਕੇ ਮੈਨੂੰ ਗੁਰਦੁਆਰੇ ਦੀਆਂ ਪਉੜੀਆਂ ਚੜ੍ਹਾ ਕੇ ਸੇਵਾਦਾਰ ਦੇ ਹਵਾਲੇ ਕਰ ਦਿਤਾ ਤੇ ਆਪ ਵਾਪਸ ਚਲਿਆ ਗਿਆ। ਸੇਵਾਦਾਰ ਵਿਚਾਰੇ ਨੇ ਵੱਸ ਲੱਗਦੇ ਮੈਨੂੰ “ਜੀ ਆਇਆਂ” ਹੀ ਆਖਿਆ ਤੇ ਰਾਤ ਨੂੰ ਆਪਣੇ ਨੇੜੇ ਹੀ ਕਮਰੇ ਦੀ ਇੱਕ ਨੁੱਕਰ ਵਿਚ, ਚਮਗਿੱਦੜਾਂ ਦੇ ਚਮਗਿੰਦੱੜ ਪ੍ਰਾਹੁਣਿਆਂ ਵਾਂਗ, ਮੈਨੂੰ ਰਾਤ ਕੱਟਣ ਲਈ ਥਾਂ ਦੇ ਦਿਤੀ।

ਬਚਪਨ ਤੋਂ ਵੇਖਦੇ ਆ ਰਹੇ ਸਾਂ ਕਿ ਗੁਰੂ ਕੇ ਲੰਗਰ ਵਿੱਚ ਚਾਹ ਨਹੀ ਸੀ ਬਣਿਆ ਕਰਦੀ। ਸ਼ਾਇਦ ਇਸ ਨੂੰ ਵੀ ਇੱਕ ਨਸ਼ਾ ਸਮਝ ਕੇ ਲੰਗਰ ਵਿੱਚ ਨਾ ਵਰਤਿਆ ਜਾਂਦਾ ਹੋਵੇ ਕਿਉਂਕਿ ਗੁਰੂ ਕੇ ਲੰਗਰ ਵਿੱਚ ਕੋਈ ਵੀ ਅਜਿਹੀ ਵਸਤੂ ਦਾ ਵਰਤਣਾ ਮਨ੍ਹਾ ਹੈ ਜੋ ਕਿ ਕਿਸੇ ਵਿਅਕਤੀ ਦੇ ਧਾਰਮਿਕ ਵਿਸ਼ਵਾਸ਼ ਦੇ ਵਿਰੁਧ ਹੋਵੇ। ਗੁਰੂ ਕੇ ਲੰਗਰ ਉਪਰ ਹਰੇਕ ਪ੍ਰਾਣੀ ਮਾਤਰ ਦਾ ਇਕੋ ਜਿਹਾ ਹੱਕ ਹੈ, ਇਸ ਕਰਕੇ ਵਿਚਾਰ ਹੈ ਕਿ ਕੋਈ ਵੀ ਅਜਿਹੀ ਵਸਤੂ ਲੰਗਰ ਵਿੱਚ ਨਾ ਬਣਾਈ ਜਾਵੇ ਜਿਸ ਕਰਕੇ ਕਿਸੇ ਨੂੰ ਲੰਗਰ ਛਕਣ ਵਿੱਚ ਉਸਦਾ ਮਜ਼ਹਬ ਰੁਕਾਵਟ ਬਣਦਾ ਹੋਵੇ। ਬਹੁਤ ਸਾਰੇ ਸੱਜਣ ਨਸ਼ਿਆਂ ਦੇ ਪ੍ਰਯੋਗ ਨੂੰ ਆਪਣੇ ਧਰਮ ਦੇ ਵਿਰੁਧ ਸਮਝਦੇ ਹਨ ਤੇ ਸਿੱਖ ਧਰਮ ਵੀ ਅਜਿਹੀ ਸਿੱਖਿਆ ਹੀ ਬਖ਼ਸ਼ਦਾ ਹੈ ਜਿਸ ਕਰਕੇ ਮਨੁਖ ਨਸ਼ਿਆਂ ਤੋਂ ਰਹਿਤ ਸਾਦਾ, ਸੌਖਾ ਤੇ ਸੁਰੱਖਿਅਤ ਜੀਵਨ ਬਸਰ ਕਰ ਸਕੇ। ਗੁਰਬਾਣੀ ਵਿੱਚ ਸ਼ਰਾਬ ਦਾ ਵਿਰੋਧ ਇਹ ਆਖ ਕੇ ਕੀਤਾ ਗਿਆ ਹੈ:

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (੫੫੪)

ਗੁਰਮਤਿ ਦਾ ਉਦੇਸ਼ ਹੈ ਕਿ ਗੁਰੂ ਕਾ ਸਿੱਖ ਅਮਲ ਪ੍ਰਸਾਦੇ ਦਾ ਰੱਖੇ।

ਪੁਰਾਣੇ ਪੰਜਾਬ ਵਿੱਚ ਰੋਟੀ ਵੇਲ਼ਾ, ਲੌਢਾ ਵੇਲ਼ਾ, ਰਾਤ ਵੇਲ਼ਾ ਤੋਂ ਇਲਾਵਾ ਸਭ ਤੋਂ ਪਹਿਲਾਂ ਸਵੇਰ ਵੇਲ਼ੇ ਨੂੰ ‘ਛਾਹ ਵੇਲ਼ਾ’ ਆਖਿਆ ਜਾਂਦਾ ਸੀ/ਹੈ। ਛਾਹ ਦਾ ਮਤਲਬ ਹੈ ਲੱਸੀ। ਲੱਸੀ ਦੇ ਨਾਲ਼ ਘਰੋਗੀ ਸਮਰੱਥਾ ਤੇ ਰੁਚੀ ਅਨੁਸਾਰ ਕੋਈ ਰਾਤ ਦੀ ਬਚੀ ਰੋਟੀ, ਕੋਈ ਤਾਜੀ ਰੋਟੀ, ਕੋਈ ਪ੍ਰਾਉਂਠੇ ਆਦਿ ਨਾਲ਼ ਛਾਹ ਵੇਲ਼ਾ ਕਰਿਆ ਕਰਦੇ ਸਨ। ਹੁਣ ਛਾਹ ਦੇ ਥਾਂ ਚਾਹ ਹੋ ਗਈ ਹੈ। ਤਕਰੀਬਨ ਹਰੇਕ ਘਰ ਵਿੱਚ ਚਾਹ ਜਰੂਰ ਬਣਦੀ ਹੈ ਤੇ ਉਸਦੇ ਨਾਲ਼ ਘਰੋਗੀ ਸਮਰੱਥਾ ਅਨੁਸਾਰ ਚਾਹ ਦੇ ਨਾਲ਼ ਕੁੱਝ ਵੀ ਪਸੰਦ ਜਾਂ ਪਹੁੰਚ ਅਨੁਸਾਰ ਖਾਧਾ ਜਾਂਦਾ ਹੈ।

ਸੱਠਵਿਆਂ ਤੱਕ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਵਿੱਚ ਚਾਹ ਨਹੀ ਸੀ ਬਣਿਆ ਕਰਦੀ। ਭਾਵੇਂ ਮੁਲਾਜ਼ਮ ਆਪੋ ਆਪਣੇ ਘਰੀਂ ਚਾਹ ਆਮ ਹੀ ਪੀਆ ਕਰਦੇ ਸਨ। ਬਲਕਿ ਜਦੋਂ ਕੋਈ ਵਿਸ਼ੇਸ਼ ਵਿਅਕਤੀ ਪ੍ਰਬੰਧਕਾਂ ਵਿਚੋਂ ਗੁਰਦੁਆਰਾ ਦੇ ਪ੍ਰਬੰਧਕੀ ਦੌਰੇ ਤੇ ਜਾਂ ਯਾਤਰਾ ਤੇ ਆਉਦਾ ਤਾਂ ਉਸ ਵਾਸਤੇ ਚਾਹ ਲੰਗਰ ਤੋਂ ਬਾਹਰ ਬਣਾਈ ਜਾਇਆ ਕਰਦੀ ਸੀ ਤੇ ਖ਼ਰਚ ਵਾਲ਼ੇ ਰਜਿਸਟਰ ਵਿੱਚ ਚਾਹ ਪਾਣੀ ਦੇ ਥਾਂ ‘ਜਲ ਪਾਣੀ ਛਕਾਇਆ’ ਦਰਜ ਕੀਤਾ ਜਾਂਦਾ ਸੀ। ਮੇਰੀ ਮੁਲਾਜ਼ਮਤ ਦੇ ਦਿਨਾਂ ਦੌਰਾਨ ਸ਼੍ਰੋਮਣੀ ਕਮੇਟੀ ਅਧੀਨ ਦਰਬਾਰ ਸਾਹਿਬ ਸਮੂਹ ਵਿੱਚ ਸਿਰਫ ਦੋ ਥਾਵਾਂ ਤੇ ਹੀ ਅਤੀ ਵਿਸ਼ੇਸ਼ ਵਿਅਕਤੀਆਂ ਵਾਸਤੇ ਬਣੀ ਬਣਾਈ ਹਲਵਾਈ ਤੋਂ ਲਿਆ ਕੇ ਚਾਹ ਛਕਾਈ ਜਾਂਦੀ ਸੀ। ਉਹ ਦੋ ਦਫ਼ਤਰ ਸਨ: ਇੱਕ ਘੰਟਾਘਰ ਵਾਲ਼ਾ ਸੂਚਨਾ ਕੇਂਦਰ ਤੇ ਦੂਜਾ ਪ੍ਰਧਾਨ ਸਾਹਿਬ ਦਾ ਦਫ਼ਤਰ; ਜਿਥੇ ਕਦੀ ਕਦਾਈਂ ਕੋਈ ਅਤੀ ਵਿਸ਼ੇਸ਼ ਵਿਅਕਤੀ ਮੁਲਾਕਾਤ ਜਾਂ ਵਿਚਾਰ ਵਟਾਂਦਰੇ ਲਈ ਆਇਆ ਕਰਦਾ ਸੀ। ਹੁਣ ਸਤਿਗੁਰਾਂ ਦੀ ਕਿਰਪਾ ਸਦਕਾ ਤਕਰੀਬਨ ਹਰੇਕ ਦਫ਼ਤਰ ਵਿੱਚ ਹੀ ਚਾਹ ਦਾ ਪ੍ਰਬੰਧ ਹੈ ਤੇ ਬਿਨਾ ਵਿਤਕਰੇ ਦੇ ਆਮ ਵਿਅਕਤੀਆਂ ਨੂੰ ਵੀ ਦਫ਼ਤਰ ਜਾਣ ਤੇ ਸਤਿਕਾਰ ਵਜੋਂ ਚਾਹ ਛਕਾਈ ਜਾਂਦੀ ਹੈ ਤੇ ਨਾਲ਼ ਹੋਰ ਵੀ ਕੁੱਝ ਛਕਣ ਲਈ ਪੇਸ਼ ਕਰਕੇ ਆਉਣ ਵਾਲ਼ੇ ਸੱਜਣ ਦਾ ਮਾਣ ਵਧਾਇਆ ਜਾਂਦਾ ਹੈ।

ਯਾਦ ਹੈ ੧੯੫੫ ਜਾ ੫੬ ਦਾ ਸਮਾ। ਭਾਈਆ (ਪਿਤਾ) ਜੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਗ੍ਰੰਥੀ ਦੀ ਸੇਵਾ ਤੇ ਸਨ ਤੇ ਮੈ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਥਾਪਤ, ਖ਼ਾਲਸਾ ਪ੍ਰਚਾਰਕ ਵਿਦਿਆਲਾ ਵਿਖੇ ਵਿੱਦਿਆ ਪ੍ਰਾਪਤ ਕਰਦਾ ਸਾਂ। ਭਿੰਡਰਾਂਵਾਲ਼ੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਹਰ ਸਾਲ ਵਾਂਗ ਓਹਨੀਂ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਸਮੇਤ ਜਥੇ ਦੇ ਕਥਾ ਕਰਨ ਲਈ ਪੜਾ ਕੀਤਾ ਹੋਇਆ ਸੀ। ਮੇਰੇ ਮਾਂ (ਦਾਦੀ) ਜੀ ਵੀ ਪਿੰਡੋਂ ਸਾਡੇ ਕੋਲ਼ ਆਏ ਹੋਏ ਸਨ ਤੇ ਗੱਲ ਚਾਹ ਦੀ ਚੱਲੀ। ਮਾਂ ਜੀ ਦੇ ਚਾਹ ਬਾਰੇ ਕੁੱਝ ਕਹਿਣ ਤੇ ਭਾਈਆ ਜੀ ਨੇ ਆਖਿਆ, “ਸੰਤ ਆਖਣਗੇ ਕਿ ਮੈ ਅਜੇ ਚਾਹ ਪੀਂਦਾ ਹਾਂ! ਇਸ ਲਈ ਅੱਜ ਤੋਂ ਪਿੱਛੋਂ ਚਾਹ ਤਾਂ ਘਰ ਵਿੱਚ ਨਹੀ ਬਣੂਗੀ ਪਰ ਸੰਤਾਂ ਨੂੰ ਇਸ ਗੱਲ ਦਾ ਨਹੀ ਪਤਾ ਲੱਗਣਾ ਚਾਹੀਦਾ ਕਿ ਅਸੀਂ ਚਾਹ ਹੁਣ ਛੱਡੀ ਹੈ! : ਓਹਨੀਂ ਦਿਨੀਂ ਇਹ ਚਰਚਾ ਚੱਲ ਰਹੀ ਸੀ ਕਿ ਚਾਹ ਨੂੰ ਤਮਾਕੂ ਦੀ ਪੁੱਠ ਦਿਤੀ ਜਾਂਦੀ ਹੈ ਤੇ ਤਮਾਕੂ ਨਾਲ਼ ਕਿਸੇ ਤਰ੍ਹਾਂ ਦਾ ਵੀ ਨੇੜ ਰੱਖਣਾ ਸਿੱਖੀ ਦੇ ਵਿਰੁਧ ਹੈ। ਇਸ ਲਈ ਇਹ ਗੁਰਸਿੱਖਾਂ ਨੂੰ ਨਹੀ ਪੀਣੀ ਚਾਹੀਦੀ। ਅੱਜ ਵੀ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਆਦਿ ਕੁੱਝ ਜਥਬੰਦੀਆਂ ਹਨ ਜੋ ਕਿ ਚਾਹ ਨਹੀ ਵਰਤਦੀਆਂ ਤੇ ਉਹਨਾਂ ਨਾਲ਼ ਸਬੰਧਤ ਸਿੰਘਾਂ ਵੱਲੋਂ ਇਸ ਅਸੂਲ ਤੇ ਬੜੀ ਤਤਪਰਤਾ ਨਾਲ਼ ਪਹਿਰਾ ਦਿਤਾ ਜਾਂਦਾ ਹੈ। ਚਾਹ ਦੇ ਥਾਂ ਉਹਨਾਂ ਦੇ ਲੰਗਰਾਂ ਵਿੱਚ ‘ਸੌਂਫਾ’ ਬਣਾ ਕੇ ਵਰਤਾਇਆ ਜਾਂਦਾ ਹੈ।

ਅੱਜ ਤਕਰੀਬਨ ਹਰੇਕ ਗੁਰਦੁਆਰਾ ਸਾਹਿਬ ਵਿਖੇ ਚਾਹ ਨੂੰ ਵੀ ਲੰਗਰ ਦੀ ਇੱਕ ਆਈਟਮ ਸਮਝ ਕੇ ਵਰਤਾਇਆ ਜਾਂਦਾ ਹੈ ਤੇ ਮੈਨੂੰ ਸ਼ੱਕ ਹੈ ਕਿ ਸ਼ਾਇਦ ਇਸਦੀ ਵੀ ਲੰਗਰ ਦੀਆਂ ਬਾਕੀ ਆਈਟਮਾਂ ਵਾਂਗ ਭੋਗ ਲਵਾਉਣ ਦੀ ਰਸਮ ਕੀਤੀ ਜਾਂਦੀ ਹੋਵੇ! ਅੰਮ੍ਰਿਤਸਰ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਬਾਹਰ ਵਾਰ ਵੀ ਦੋ ਵੇਲ਼ੇ ਚਾਹ ਵਰਤਣ ਦਾ ਸਮਾ ਲਿਖ ਕੇ ਬੋਰਡ ਲਾਇਆ ਹੋਇਆ ਦਰਸ਼ਕਾਂ ਨੂੰ ਦਰਸ਼ਨ ਦੇ ਰਿਹਾ ਹੈ। ਸਵੇਰੇ ਸ਼ਾਇਦ ਅਠ ਕੁ ਵਜੇ ਤੇ ਲੌਢੇ ਵੇਲ਼ੇ ਤਿੰਨ ਕੁ ਵਜੇ ਚਾਹ ਦਾ ਲੰਗਰ ਵਰਤਦਾ ਹੈ। ਪ੍ਰਸ਼ਾਦੇ ਦਾ ਲੰਗਰ ਚੌਵੀ ਘੰਟੇ ਵਰਤਦਾ ਹੈ। ਹੁਣ ਤਾਂ ਪ੍ਰਸ਼ਾਦੇ ਸਜਾਉਣ ਵਾਲ਼ੀ ਮਸ਼ੀਨ ਵੀ ਲੱਗ ਗਈ ਹੈ ਜੋ ਕਿ ਥੋਹੜੇ ਹੀ ਸਮੇ ਵਿੱਚ ਬਹੁਤ ਸਾਰੇ ਪ੍ਰਸ਼ਾਦੇ ਤਿਆਰ ਕਰ ਦਿੰਦੀ ਹੈ ਤੇ ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਹਿਤ ਆਈਆਂ ਸੰਗਤਾਂ ਨੂੰ ਲੰਗਰ ਛਕਾਉਣ ਵਿੱਚ ਅਸੁਵਿਧਾ ਬਹੁਤ ਘੱਟ ਹੁੰਦੀ ਹੈ। ਲੰਗਰ ਦੀ ਅਜਿਹੀ ਸੁਧਰੀ ਹੋਈ ਸਥਿਤੀ ਵੇਖ ਕੇ ਮਨ ਗ਼ਦ ਗ਼ਦ ਹੁੰਦਾ ਹੈ ਕਿ ਹੁਣ ਚੌਵੀ ਘੰਟੇ ਬਿਨਾ ਵਿਤਕਰੇ ਦੇ ਹਰੇਕ ਪ੍ਰਾਣੀ ਨੂੰ ਗੁਰੂ ਕਾ ਲੰਗਰ ਪ੍ਰਾਪਤ ਹੁੰਦਾ ਹੈ। ਆਪਣੇ ਬਚਪਨ ਦੌਰਾਨ ਇਸ ਲੰਗਰ ਦੀ ਏਨੀ ਮਾੜੀ ਦਸ਼ਾ ਵੇਖੀ ਹੋਈ ਸੀ ਕਿ ਜੋ ਸ਼ਾਇਦ ਸਭ ਤੋਂ ਨਿਘਰੀ ਹੋਈ ਹੋਵੇ! ਓਦੋਂ ਥੋਹੜੇ ਜਿਹੇ ਸਮੇ ਲਈ ਹੀ ਲੰਗਰ ਖੁਲ੍ਹਿਆ ਕਰਦਾ ਸੀ ਤੇ ਗਿਣਤੀ ਦੇ ਹੀ ਭਾਗਸ਼ਾਲੀ ਲੋੜਵੰਦ ਹੁੰਦੇ ਸਨ ਜਿਨ੍ਹਾਂ ਨੂੰ ਪ੍ਰਸ਼ਾਦਾ ਪ੍ਰਾਪਤ ਹੁੰਦਾ ਸੀ। ਬਹੁਤੀ ਗਿਣਤੀ ਵਿੱਚ ਅਸਲੀ ਲੋੜਵੰਦ ਇਸ ਗੁਰੂ ਕਿਰਪਾ ਤੋਂ ਵਾਂਝੇ ਹੀ ਰਹਿ ਜਾਇਆ ਕਰਦੇ ਸਨ। ਇਹ ਸ਼ਾਇਦ ਗੁਰੂ ਦੀ ਕਿਰਪਾ ਜਾਂ ਸਿੱਖਾਂ ਵਿੱਚ ਖੁਸ਼ਹਾਲੀ, ਜਾਂ ਪੰਜਾਬ ਵਿੱਚ ਅਨਾਜ ਦੀ ਬਹੁਲਤਾ ਜਾਂ ਫਿਰ ਪ੍ਰਬੰਧਕਾਂ ਦੀ ਪ੍ਰਬੰਧਕ ਕੁਸ਼ਲਤਾ ਜਾਂ ਇਸ ਸਾਰੇ ਕੁੱਝ ਨੂੰ ਹੀ ਮੰਨ ਲਈਏ ਕਿ ਗੁਰੂ ਕਾ ਲੰਗਰ ਏਨੀ ਖੁਲ੍ਹ ਦਿਲੀ ਨਾਲ਼ ਚੱਲ ਰਿਹਾ ਹੈ। ਇਹਨੀਂ ਦਿਨੀਂ ਤਾਂ ਗੁਰਦੁਆਰਿਆਂ ਤੋਂ ਇਲਾਵਾ, ਖਾਸ ਖਾਸ ਤਿਉਹਾਰਾਂ ਸਮੇ ਆਮ ਸੜਕਾਂ ਤੇ ਵੀ ਵਾਹਨ ਰੋਕ ਕੇ ਰਾਹੀਆਂ ਨੂੰ ਲੰਗਰ ਛਕਾਇਆ ਜਾਂਦਾ ਹੈ। ਭਾਵੇ ਕਿ ਬਹੁਤੀ ਵਾਰੀਂ ਇਹ ਲੰਗਰ ਛਕਾਉਣ ਦੀ ਸੇਵਾ, ਸੇਵਾ ਨਾ ਰਹਿ ਕੇ ਇੱਕ ਕਿਸਮ ਦਾ ਧੱਕਾ ਜਿਹਾ ਵੀ ਦਿਖਾਈ ਦੇਣ ਲੱਗ ਜਾਂਦੀ ਹੈ।

੧੬ ਮਾਰਚ ੧੯੯੯ ਵਾਲ਼ੇ ਦਿਨ ਬੀਬੀ ਜਾਗੀਰ ਕੌਰ ਜੀ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨਗੀ ਪਦ ਸੰਭਾਲ਼ਦਿਆਂ ਹੀ ਇੱਕ ਅਹਿਮ ਐਲਾਨ ਇਹ ਕੀਤਾ ਸੀ ਕਿ ਉਸ ਦਿਨ ਤੋਂ ਹਰੇਕ ਮੁਲਾਜ਼ਮ ਗੁਰੂ ਕੇ ਲੰਗਰ ਵਿੱਚ ਬੈਠ ਕੇ ਆਮ ਯਾਤਰੂਆਂ ਵਾਂਗ ਪ੍ਰਸ਼ਾਦਾ ਛਕ ਸਕਦਾ ਹੈ ਤੇ ਉਸ ਉਪਰ ਕੋਈ ਰੋਕ ਜਾਂ ਉਸਦੀ ਤਨਖਾਹ ਵਿਚੋਂ ਕੋਈ ਕਾਟ ਨਹੀ ਕੱਟੀ ਜਾਵੇਗੀ। ਬਚਪਨ ਵਿੱਚ ਵੇਖਦੇ ਸਾਂ ਕਿ ਵਿਚਾਰੇ ਮੁਲਾਜ਼ਮ ਸੇਵਾਦਾਰ ਆਦਿ ਅੱਠ ਅੱਠ ਘੰਟੇ ਡਿਊਟੀ ਦੇ ਪਿੱਛੋਂ ਫਿਰ ਆਪਣੇ ਰਿਹਾਇਸ਼ੀ ਕਮਰਿਆਂ ਵਿੱਚ ਜਾ ਕੇ ਖ਼ੁਦ ਰੋਟੀ ਪਕਾ ਕੇ ਖਾਇਆ ਕਰਦੇ ਸਨ ਤੇ ਲੰਗਰ ਵਿਚੋਂ ਉਹਨਾਂ ਨੂੰ ਪ੍ਰਸ਼ਾਦਾ ਛਕਣ ਦੀ ਆਗਿਆ ਨਹੀ ਸੀ ਹੁੰਦੀ। ਤਨਖਾਹਾਂ ਕਾਫੀ ਨਾ ਹੋਣ ਕਰਕੇ ਬਹੁਤੇ ਸੇਵਾਦਾਰ ਆਪਣੇ ਪਰਵਾਰਾਂ ਨੂੰ ਸ਼ਹਿਰ ਵਿੱਚ ਆਪਣੇ ਨਾਲ਼ ਨਹੀ ਸਨ ਰੱਖ ਸਕਦੇ ਤੇ ਉਹਨਾਂ ਦੇ ਪਰਵਾਰ ਪਿੰਡਾਂ ਵਿੱਚ ਹੀ ਰਿਹਾ ਕਰਦੇ ਸਨ ਤੇ ਸੇਵਾਦਾਰ ਇਕੱਲੇ ਸ਼ਹਿਰ ਵਿੱਚ ਹੋਣ ਕਰਕੇ ਆਪਣੀ ਰੋਟੀ ਖ਼ੁਦ ਹੀ ਪਕਾ ਕੇ ਖਾਇਆ ਕਰਦੇ ਸਨ। ਪ੍ਰਬੰਧਕਾਂ ਵੱਲੋਂ ਸ਼ਾਇਦ ਅਤਿ ਚੰਗੇ ਫੈਸਲਿਆਂ ਵਿਚੋਂ ਇੱਕ ਇਹ ਫੈਸਲਾ ਸੀ ਪਰ ਸਮੇ ਨਾਲ਼ ਇਸ ਵਿੱਚ ਵੀ ਨਾਵਾਜਬਤਾ ਸ਼ਾਮਲ ਹੋ ਗਈ ਤੇ ਇਸ ਖੁਲ੍ਹ ਦਾ ਕੁੱਝ ਥਾਵੀਂ ਦੁਰਉਪਯੋਗ ਹੋਣਾ ਸ਼ੁਰੂ ਹੋ ਗਿਆ ਜਿਵੇਂ ਕਿ ਅਕਸਰ ਹੀ ਹਰ ਚੰਗੀ ਮਰਯਾਦਾ ਨੂੰ ਮਨੁਖ ਆਪਣੇ ਸਵਾਰਥ ਲਈ ਤੋੜ ਮ੍ਰੋੜ ਲੈਂਦਾ ਹੈ। ਫਿਰ ਪ੍ਰਬੰਧਕਾਂ ਨੂੰ ਇਸ ਆਗਿਆ ਨੂੰ ਠੀਕ ਸੇਧ ਵਿੱਚ ਰੱਖਣ ਲਈ ਹੋਰ ਸਖ਼ਤ ਆਦੇਸ਼ ਦੇਣਾ ਪਿਆ।

ਗੱਲ ਤਾਂ ਚੱਲੀ ਸੀ ਯੂਰਪ ਦੇ ਇੱਕ ਗੁਰੂ ਘਰ ਵਿੱਚ ਵਾਪਰੀ ਮੇਰੇ ਨਾਲ਼ ਘਟਨਾ ਦੀ। ਰਾਤ ਤਾਂ ਮੈ ਸੇਵਾਦਾਰ ਦੀ ਨੁੱਕਰ ਵਿੱਚ ਕੱਟ ਲਈ। ਸਵੇਰੇ ਸਵੇਰੇ ਫਿੱਕੀ ਚਾਹ ਦਾ ਇੱਕ ਕੱਪ ਪੀਣ ਦਾ ਮੈ ਆਦੀ ਹਾਂ ਲੰਮੇ ਸਮੇ ਤੋਂ। ਫੇਰ ਇਸ ਯਾਤਰਾ ਦੌਰਾਨ ਮੈਨੂੰ ਦੋ ਦਿਨ ਚਾਹ ਤੋਂ ਬਿਨਾ ਵੀ ਸਾਰਨਾ ਪਿਆ ਸੀ। ਇਸ਼ਨਾਨ ਆਦਿ ਕਿਰਿਆ ਤੋਂ ਵੇਹਲਾ ਹੋ ਕੇ ਮੈ ਚਾਹ ਦੀ ਤਲਾਸ਼ ਵਿੱਚ ਏਧਰ ਓਧਰ ਝਾਕਣ ਲੱਗਾ। ਗ੍ਰੰਥੀ ਸਿੰਘ ਜੀ ਰਾਤੀਂ ਆਪਣੀ ਦੁਕਾਨ ਤੋਂ ਲੇਟ ਆਏ ਸਨ। ਇਸ ਲਈ ਉਹਨਾਂ ਦੇ ਰਾਤੀਂ ਦਰਸ਼ਨ ਨਹੀ ਸਨ ਹੋ ਸਕੇ। ਇਸ ਸਮੇ ਉਹ ਚਿੱਟਾ ਚੋਲ਼ਾ ਪਾਈ ਤੇ ਚਿੱਟੇ ਰੰਗ ਦੀ ਸੰਤਾਂ ਵਰਗੀ ਦਸਤਾਰ ਸਜਾਈ ਮਹਾਂਰਾਜ ਦੀ ਤਾਬਿਆ ਬੈਠੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ। ਮੈ ਮੱਥਾ ਟੇਕ ਕੇ ਲੰਗਰ ਵੱਲ ਚਲਿਆ ਗਿਆ। ਓਥੇ ਗੈਸ ਦੇ ਚੁਲ੍ਹੇ ਸਨ। ਮੈਨੂੰ ਉਹਨਾਂ ਨੂੰ ਅੱਗ ਲਾਉਣ ਦਾ ਪਤਾ ਨਾ ਲੱਗੇ ਕਿ ਕਿਵੇਂ ਤੇ ਕਿੱਥੇ ਤੀਹਲੀ ਲਾਵਾਂ! ਏਨੇ ਨੂੰ ਇੱਕ ਹੋਰ ਕਲੀਨਸ਼ੇਵਨ ਪ੍ਰੇਮੀ ਓਥੇ ਆ ਗਿਆ ਤੇ ਇਸ ਕਾਰਜ ਵਿੱਚ ਉਸਨੇ ਮੇਰੀ ਮਦਦ ਕੀਤੀ ਤੇ ਮੈ ਚਾਹ ਦਾ ਕੱਪ ਬਣਾ ਕੇ ਪੀ ਲਿਆ। ਮੈਨੂੰ ਨਹੀ ਸੀ ਪਤਾ ਕਿ ਗ੍ਰੰਥੀ ਸਿੰਘ ਜੀ ਪਾਠ ਕਰਦੇ ਕਰਦੇ ਚੋਰ ਅੱਖੀਂ ਮੇਰੀ ਹਰੇਕ ਹਰਕਤ ਨੂੰ ਵਾਚ ਰਹੇ ਹਨ। ਪਾਠ ਦੀ ਸਮਾਪਤੀ ਉਪ੍ਰੰਤ ਉਹਨਾਂ ਨੇ ਆਪਣੇ ਕਾਰੋਬਾਰੀ ਬਸਤਰਾਂ ਵਿੱਚ ਸਜਦਿਆਂ ਹੋਇਆਂ ਮੈਨੂੰ ਪੁੱਛਿਆ ਕਿ ਕੀ ਮੈ ਚਾਹ ਛਕ ਲਈ ਹੈ। ਹਾਲਾਂ ਕਿ ਉਹਨਾਂ ਨੇ ਸਭ ਕੁੱਝ ਵੇਖਿਆ ਹੋਇਆ ਸੀ। ਮੈ ਬੜਾ ਹੁੱਬ ਕੇ ਉਤਰ ਦਿਤਾ, “ਉਹ ਤੇ ਜੀ ਮੈ ਤੁਹਾਡੇ ਪਾਠ ਕਰਦੇ ਸਮੇ ਹੀ ਬਣਾ ਕੇ ਛਕ ਲਈ ਸੀ।” ਸ਼ਾਇਦ ਉਹ ਮੇਰੇ ਉਤਰ ਦੀ ਉਡੀਕ ਵਿੱਚ ਹੀ ਸਨ। ਇੱਕ ਦਮ ਮੇਰੇ ਉਪਰ ਵਰ੍ਹ ਪਏ। ਉਹਨਾਂ ਦੇ ਸ਼ੁਭ ਬਚਨ ਕੁੱਝ ਇਸ ਪ੍ਰਕਾਰ ਸਨ, “ਅਸੀ ਮਹਾਂਰਾਜ ਨੂੰ ਭੋਗ ਲਵਾਇਆਂ ਬਿਨਾ ਏਥੇ ਕੁੱਝ ਨਹੀ ਛਕਦੇ। ਤੁਸੀਂ ਪਹਿਲਾਂ ਹੀ ਚਾਹ ਬਣਾ ਕੇ ਪੀ ਲਈ!” ਮੈ ਆਪਣੀ ਇਸ ਭਿਆਨਕ ਗ਼ਲਤੀ ਦੀ ਖੁਲ੍ਹੇ ਸ਼ਬਦਾਂ ਵਿੱਚ ਮੁਆਫ਼ੀ ਮੰਗੀ। ਪਰ ਮੇਰੇ ਨਿਮਰਤਾ ਭਰਪੂਰ ਸ਼ਬਦ ਉਹਨਾਂ ਦੀ ਤਸੱਲੀ ਕਰਵਾਉਣ ਤੋਂ ਅਸਰੱਥ ਰਹੇ। ਉਹਨਾਂ ਨੇ ਆਪਣੇ ਪ੍ਰਵਚਨ ਦੁਆਰਾ ਮੇਰੇ ਤੇ ਆਪਣੀ ਕਿਰਪਾ ਜਾਰੀ ਹੀ ਰੱਖੀ। ਅੱਗੇ ਹੋਰ ਵਧਦਿਆਂ ਉਹਨਾਂ ਨੇ ਇਹ ਵੀ ਆਖਿਆ, “ਤੁਸੀਂ ਮੱਥਾ ਕਿਵੇਂ ਟੇਕਿਆ! ਇਸ ਤਰ੍ਹਾਂ ਕੋਈ ਮੱਥਾ ਟੇਕਣ ਦਾ ਤਰੀਕਾ ਹੈ!” ਮੈ ਇਸ ਬਾਰੇ ਵੀ ਆਪਣੀ ਗ਼ਲਤੀ ਮੰਨ ਕੇ ਨਾਲ਼ ਹੀ ਮਜਬੂਰੀ ਵੀ ਦੱਸੀ ਕਿ ਮੇਰੇ ਮੌਰਾਂ ਵਿੱਚ ਕੁੱਝ ਆਰਜੀ ਜਿਹੀ ਕਸਰ ਹੋਣ ਕਰਕੇ ਸਾਇਦ ਮੈ ਉਹਨਾਂ ਦੀ ਪਸੰਦ ਦੇ ਤਰੀਕੇ ਨਾਲ਼ ਮੱਥਾ ਟੇਕਣੋ ਅਸਮਰੱਥ ਰਿਹਾ ਹੋਵਾਂਗਾ। ਅੱਗੇ ਤੋਂ ਮੈ ਇਸ ਗੱਲ ਦਾ ਧਿਆਨ ਰੱਖਾਂਗਾ ਤਾਂ ਕਿ ਫਿਰ ਅਜਿਹੀ ਕੁਤਾਹੀ ਨਾ ਹੋਵੇ। “ਨਹੀ ਤੁਸੀਂ ਪ੍ਰਚਾਰਕ ਲੋਕ ਇਸ ਤਰ੍ਹਾਂ ਹੀ ਕਰਦੇ ਹੋ। ਤੁਸੀਂ ਕਿਸੇ ਸੰਤ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਘਰ ਦੀ ਮਰਯਾਦਾ ਨਹੀ ਸਿੱਖੀ। ਬਿਨਾ ਭੋਗ ਲਵਾਏ ਹੀ ਖਾ ਪੀ ਲੈਂਦੇ ਹੋ” ਆਦਿ। ਹੁਣ ਮੇਰੇ ਕੋਲ਼ੌਂ ਵੀ ਰਿਹਾ ਨਾ ਗਿਆ ਤੇ ਫਿਰ ਮੈ ਵੀ ਯੋਗ ਸ਼ਬਦਾਂ ਵਿੱਚ ਆਪਣੇ ਵਿਚਾਰ ਵਿਆਕਤ ਕਰਨੇ ਸ਼ੁਰੂ ਕਰ ਦਿਤੇ ਜੋ ਕਿ ਕੁੱਝ ਇਸ ਤਰ੍ਹਾਂ ਸਨ, “ਪਹਿਲੀ ਗੱਲ ਤਾਂ ਇਹ ਹੈ ਕਿ ਮੈ ਏਥੇ ਨਵਾਂ ਆਇਆ ਹਾਂ। ਮੈਨੂੰ ਨਹੀ ਸੀ ਪਤਾ ਕਿ ਤੁਸੀਂ ਏਥੇ ਕੇਹੜੀ ਮਰਯਾਦਾ ਚਲਾਉਂਦੇ ਹੋ। ਇਸ ਬਾਰੇ ਤੁਹਾਡੇ ਕਿਸੇ ਸੇਵਦਾਰ ਦਾ ਫ਼ਰਜ਼ ਬਣਦਾ ਸੀ ਕਿ ਉਹ ਮੈਨੂੰ ਤੁਹਾਡੀ ਮਰਯਾਦਾ ਤੋਂ ਜਾਣੂ ਕਰਵਾਉਂਦਾ। ਜੇ ਫੇਰ ਮੈ ਕੁਤਾਹੀ ਕਰਦਾ ਤਾਂ ਮੇਰਾ ਕਸੂਰ ਸੀ। ਹੁਣ ਤੁਸੀਂ ਦੱਸ ਦਿਤਾ ਹੈ। ਇਸ ਲਈ ਅੱਗੋਂ ਅਜਿਹੀ ਕੁਤਾਹੀ ਨਹੀ ਹੋਵੇਗੀ। ਬਾਕੀ ਰਹੀ ਗੱਲ ਭੋਗ ਲਵਾਉਣ ਤੋਂ ਪਹਿਲਾਂ ਚਾਹ ਪੀ ਲੈਣ ਦੀ। ਮੈ ਨਹੀ ਸਮਝਦਾ ਕਿ ਮਾਂ ਜਾਂ ਪਿਓ ਤੋਂ ਪਹਿਲਾਂ ਉਹਨਾਂ ਦੇ ਕਿਸੇ ਬੱਚੇ ਦੁਆਰਾ ਲੋੜ ਅਨੁਸਾਰ ਕੁੱਝ ਖਾ ਜਾਂ ਪੀ ਲੈਣ ਨਾਲ਼ ਉਹ ਨਾਰਾਜ਼ ਹੋ ਜਾਂਦੇ ਹੋਣ! ਬਲਕਿ ਮੇਰੀ ਸੀਮਤ ਜਿਹੀ ਸੋਚ ਅਨੁਸਾਰ ਤਾਂ ਉਹਨਾਂ ਨੂੰ ਖ਼ੁਸ਼ ਹੀ ਹੋਣਾ ਚਾਹੀਦਾ ਹੈ। ਫੇਰ ਸਾਡੇ ਮਹਾਂਰਾਜ ਸ਼ਬਦ ਸਰੂਪ ਹਨ; ਕੋਈ ਪੱਥਰ ਦੀ ਮੂਰਤੀ ਜਾਂ ਬੁੱਤ ਨਹੀ ਕਿ ਇਹਨਾਂ ਨੂੰ ਭੁੱਖ ਲੱਗਣ ਕਰਕੇ ਸਮੇ ਸਿਰ ਭੋਗ ਲਵਾਉਣਾ ਜ਼ਰੂਰੀ ਹੈ। “ਗਰੀਬ ਦਾ ਮੂੰਹ ਗੁਰੂ ਦੀ ਗੋਲਕ” ਅਨੁਸਾਰ ਲੋੜਵੰਦ ਦਾ ਛਕਣਾ ਹੀ ਗੁਰੂ ਦਾ ਛਕਣਾ ਹੈ ਆਦਿ ਕੁੱਝ ਲੋੜੋਂ ਵਧ ਹੀ ਨਿਘੇ ਸ਼ਬਦਾਂ ਦਾ ਆਪਸ ਵਿੱਚ ਵਟਾਂਦਰਾ ਹੋਇਆ। ਉਹ ਤਾਂ ਬੁੜ ਬੁੜ ਕਰਦੇ ਆਪਣੀ ਦੁਕਾਨ ਨੂੰ ਤੁਰ ਗਏ ਤੇ ਮੇਰਾ ਮਨ ਓਥੋਂ ਏਨਾ ਉਚਾਟ ਹੋਇਆ ਕਿ ਮੈ ਵੀ ਬਾਹਰ ਨਿਕਲ਼ ਕੇ ਪੈਰਿਸ ਨੂੰ ਵਾਪਸੀ ਜਾਣ ਵਾਲ਼ੀ ਗੱਡੀ ਜਾਂ ਬੱਸ ਦਾ ਪਤਾ ਕਰਨ ਤੁਰ ਗਿਆ; ਹਾਲਾਂ ਕਿ ਐਤਵਾਰ ਤੱਕ ਮੈ ਓਥੇ ਰੁਕ ਕੇ ਸੰਗਤਾਂ ਦੇ ਦਰਸ਼ਨ ਮੇਲੇ ਕਰਨ ਦਾ ਵਿਚਾਰ ਬਣਾ ਕੇ ਹੀ ਓਥੇ ਗਿਆ ਸਾਂ।

ਇਉਂ ਬਾਜ਼ਾਰ ਵਿੱਚ ਵਿਚਰ ਰਹੇ ਨੂੰ ਮੈਨੂੰ ਇੱਕ ਗੁਰਸਿੱਖ ਮਿਲ਼ ਗਏ। ਅਫ਼ਸੋਸ ਕਿ ਮੈ ਉਹਨਾਂ ਦਾ ਨਾਂ ਨਹੀ ਯਾਦ ਰੱਖ ਸਕਿਆ; ਮੇਰੀ ਅਣਗਹਿਲੀ! ਉਹਨਾਂ ਨੇ ਆਪਣੇ ਘਰ ਲਿਜਾ ਕੇ ਮੈਨੂੰ ਪ੍ਰਸ਼ਾਦਾ ਛਕਾਇਆ ਤੇ ਆਪਣੇ ਘਰ ਟਿਕਣ ਦੀ ਪੇਸ਼ਕਸ਼ ਵੀ ਕੀਤੀ ਪਰ ਮੈ ਨਾ ਮੰਨਿਆ ਤੇ ਮੇਰੇ ਬੇਨਤੀ ਕਰਨ ਤੇ ਉਹ ਮੈਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਵਿਖੇ ਛੱਡ ਆਏ। ਓਥੇ ਇੱਕ ਨੌਜਵਾਨ ਸੁਹਿਰਦ ਗ੍ਰੰਥੀ ਸਿੰਘ ਸਨ। ਉਹਨਾਂ ਨੇ ਮੈਨੂੰ ਰਾਤ ਆਪਣੇ ਪਾਸ ਟਿਕਾਇਆ ਤੇ ਅਗਲੇ ਦਿਨ ਹੋਰ ਸੱਜਣਾਂ ਨਾਲ਼ ਵੀ ਮਿਲਾਇਆ। ਇੱਕ ਨੋਜਵਾਨ ਗੁਰਸਿੱਖ ਦੇ ਇੰਟਰਨੈਟ ਕੈਫ਼ੇ ਤੇ ਲਿਜਾ ਕੇ ਮੇਰਾ ਈ-ਮੇਲ ਤੇ ਅਖ਼ਬਾਰਾਂ ਪੜ੍ਹਨ ਦਾ ਝਸ ਵੀ ਉਹਨਾਂ ਨੇ ਪੂਰਾ ਕਰਵਾ ਦਿਤਾ। ਐਤਵਾਰ ਦੀਵਾਨ ਵਿੱਚ ਹਾਜਰੀ ਭਰਨ ਲਈ ਵੀ ਆਖਿਆ। ਪਰ ਮੇਰਾ ਮਨ ਓਥੋਂ ਉਪ੍ਰਾਮ ਹੋ ਚੁੱਕਾ ਹੋਇਆ ਸੀ। ਉਹਨਾਂ ਨੇ ਮੇਰੇ ਜੋਰ ਦੇਣ ਤੇ ਮੈਨੂੰ ਸ਼ਾਮ ਨੂੰ ਪੈਰਿਸ ਜਾਣ ਵਾਲ਼ੀ ਗੱਡੀ ਤੇ ਬਿਠਾ ਦਿਤਾ ਤੇ ਮੈ ੧੧ ਸਤੰਬਰ ੨੦੦੪ ਦੀ ਸਵੇਰ ਨੂੰ ਪੈਰਿਸ ਪਹੁੰਚ ਗਿਆ। ਓਥੇ ਪੈਰਿਸ ਦੇ ਵੱਡੇ ਰੇਲਵੇ ਸਟੇਸ਼ਨ ਵਾਲ਼ਿਆਂ ਨੇ ਕਿਵੇਂ ਮੇਰਾ ਜਿਸ ਤਰ੍ਹਾਂ ‘ਸਵਾਗਤ’ ਕੀਤਾ ਇਹ ਇੱਕ ਵੱਖਰਾ ਤੇ ਲੰਮੇਰਾ ਵਿਸ਼ਾ ਹੈ।

ਨਾਂ ਮੈ ਇਸ ਸੁਹਿਰਦ ਨੌਜਵਾਨ ਗ੍ਰੰਥੀ ਸਿੰਘ ਦਾ ਵੀ ਨਹੀ ਯਾਦ ਰੱਖ ਸਕਿਆ। ਅਕ੍ਰਿਤਘਣਤਾ ਦੀ ਹੱਦ!
.