.

ਸ਼ਬਦ ਸਿੱਖ: ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ

ਸਰਜੀਤ ਸਿੰਘ ਸੰਧੂ, ਯੂ. ਐੱਸ. ਏ.

ਸ਼ਬਦ ਸਿੱਖ ਨੂੰ ਇਤਿਹਾਸਿਕ ਪੱਖ ਤੋਂ ਵੇਖਿਆਂ ਪਤਾ ਲੱਗਦਾ ਹੈ ਕਿ ਇਤਿਹਾਸਕਾਰਾਂ ਨੇ ਇਸ ਨੂੰ ਸੰਸਕ੍ਰਿਤ ਦੇ ਸ਼ਬਦ ਸ਼ਿਸ਼ਯਾ ਵਿਚੋਂ ਨਕਲਿਆ ਮੰਨਿਆ ਹੈ। ਸ: ਕਪੂਰ ਸਿੰਘ {ਪਰਾਸ਼ਰਪਰਸ਼ਨ; ਗੁਰੂ ਨਾਨਕ ਦੇਵ ਯੂਨੀਵਰਟੀ, ਅੰਮ੍ਰਿਤਸਰ, ੧੯੮੯} ਨੇ ਬੁੱਧ ਮੱਤ ਦੀ ਬੋਲੀਪਾਲੀ ਦੇ ਸ਼ਬਦ ਸੇਖੀਓ ਨਾਲ ਸ਼ਬਦ ਸਿੱਖ ਦਾ ਨਿਰੁਕਤੀ ਦੇ ਅਧਾਰ ਉੱਤੇ, ਪਰੀਭਾਸ਼ਾ ਅਤੇ ਅਰਥਾਂ ਦੇ ਆਸਰੇ, ਗੂਹੜਾ ਸੰਬੰਧ ਦੱਸਿਆ ਹੈ। ਮਿਸਰ ਦੇਸ਼ ਦੀ ਪੁਰਾਣੀ ਸੱਭਿਅਤਾ ਵਿੱਚ ਇੱਕ ਦੇਵੀ ਦਾ ਨਾਉਂ ਵੀ ਸਿਖੂਅੱਤ ਮਿਲਦਾ ਹੈ ਜੋ ਪਤ੍ਹਾਈ ਅਤੇ ਗਿਆਨ ਦੀ ਦੇਵੀ ਵਜੋਂ ਪੂਜੀ ਜਾਂਦੀ ਸੀ। ਭਾਰਤ ਵਿੱਚ ਮਿਸਰਾ ਗੋਤ ਦੇ ਬ੍ਰਾਹਮਨਾਂ ਦਾ ਮਿਸਰ ਦੇਸ਼ ਵਿਚੋਂ ਆਇਆਂ ਦਾ ਸਬੂਤ ਅੱਜ ਮਿਲ ਗਿਆ ਹੈ। ਇੰਜ ਜਾਪਦਾ ਹੈ ਕਿ ਸਿੱਖ, ਸੇਖੀਓ ਅਤੇ ਸਿਖੂਅੱਤ ਵਿੱਚ ਕੋਈ ਪੁਰਾਣਾ ਇਤਿਹਾਸਿਕ ਰਿਸ਼ਤਾ ਜ਼ਰੂਰ ਹੈ। ਬੁੱਧ ਮੱਤ ਦਾ ਗ੍ਰੰਥ ਧੱਮਪਦਾ ਸੇਖੀਓ ਦੇ ਅਰਥ ਸਿੱਖਧਰਮ ਵਿੱਚ ਸ਼ਬਦ ਸਿੱਖ ਦੇ ਅਰਥਾਂ ਵਾਲੇ ਹੀ ਦੱਸਦਾ ਹੈ। ਇਸ ਅਨੁਸਾਰ, ਸਿੱਖ ਜੀਵਨ ਯੁੱਧ ਵਿੱਚ ਸਭ ਤਕਲੀਫਾਂ ਅਤੇ ਔਕੜਾਂ ਉੱਪਰ ਜਿੱਤ ਹਾਸਲ ਕਰਦਾ ਹੈ। ਗੁਰਮੁੱਖ ਲੇਖਕਾਂ ਦਾ ਇਹ ਕਹਿਣਾ ਕਿ ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ਿਸ਼ਯਾ ਦੀ ਔਲਾਦ ਹੈ ਇੱਕ ਭੁਲੇਖਾ ਹੀ ਜਾਪਦਾ ਹੈ। ਸਿਖੂਅੱਤ ਦੇਵੀ ਭਾਰਤ ਵਿੱਚ ਜੇ ਪਹੁੰਚੀ ਸੀ ਤਾਂ ਇਸ ਦਾ ਨਾਮ ਕਥਾ ਕਹਾਣੀਆਂ ਵਿੱਚ ਵਿਗੜ ਕੇ ਸਰਸਵਤੀ ਦੇਵੀ ਵਿੱਚ ਬਦਲ ਗਿਆ ਜਾਪਦਾ ਹੈ। ਇਸ ਦੇ ਪੁਜਾਰੀ ਸ਼ਿਖਾਵਤ ਅਤੇ ਸੇਖੋਂ ਅੱਜ ਵੀ ਪੁਰਾਣੇ ਪੰਜਾਬ ਦੇ ਟੋਟਿਆਂ ਵਿੱਚ ਮੌਜੂਦ ਹਨ। ਸਿਖਾਵਤ ਹਰਿਆਣੇ ਅਤੇ ਰਾਜਸਥਾਨ ਵਿੱਚ ਹਨ, ਅਤੇ ਸੇਖੋਂ ਅੱਜ ਵੀ ਪੰਜਾਬ ਵਿੱਚ ਵੱਸਦੇ ਹਨ।

ਸਿੱਖ ਸ਼ਬਦ ਦੀ ਵਰਤੋਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੀ ਵਾਰ ਜਪੁ ਵਿੱਚ ਕੀਤੀ ਮਿਲ਼ਦੀ ਹੈ। ਜਪੁ ਦੀ ਪਉੜੀ ੬ ਦੀ ਤੁਕ ਜਿੱਸ ਵਿੱਚ ਸ਼ਬਦ ਸਿੱਖ ਵਰਤਿਆ ਮਿਲ਼ਦਾ ਹੈ ਅਰਥਾਂ ਸਮੇਤ ਹੇਠਾਂ ਦਿੱਤੀ ਗਈ ਹੈ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ ੬॥ ੧. ੧ ਜਪੁ ਜੀ ਅ: ਗ: ਗ: ਸ: ਪੰਨਾ ੨

ਅਰਥ: ਜੇ ਕਿਸੇ ਵੀ ਇੱਕ ਗੁਰੂ ਦੀ ਸਿਖਿਆ ਸੁਣੀ ਜਾਵੇ ਤਾਂ ਵਿਅਕਤੀ ਦੇ ਮਨ ਦੇ ਅੰਦਰੋਂ ਹੀ ਮਨੁੱਖਾ ਜੀਵਨ ਲਈ ਚੰਗੇ ਗੁਣਾਂ ਦੇ ਹੀਰੇ ਅਤੇ ਮੋਤੀ ਮਿਲ ਜਾਂਦੇ ਹਨ। ੬।

ਨੋਟ: ਬਹੁਤ ਸਾਰੇ ਟੀਕਾਕਾਰਾਂ ਨੇ ਕੋਈ ਵੀ ਇੱਕ ਗੁਰੂ ਦੀ ਥਾਂ ਇੱਕ ਸਿਖਿਆ ਦੇ ਅਰਥ ਕੀਤੇ ਹਨ। ਅਸੀਂ ਇਨ੍ਹਾਂ ਅਰਥਾਂ ਲਈ (ਇੱਕ ਗੁਰੂ ਬਹੁਬਚਨ ਅਤੇ ਇਕੁ ਗੁਰੁ ਇੱਕ ਬਚਨ) ਸਬੂਤ ਆਦਿ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਲਿਆ ਹੈ। ਇਹ ਗੁਰੂ ਸਬਦ ਹੇਠਾਂ ਦਿੱਤਾ ਗਿਆਹੈ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ੧. ੨ ਸੋਰਠ ਮ: ੩ ਅ: ਗ: ਗ: ਸ: ਪੰਨਾ ੬੪੬

ਦੂਜੀ ਵਾਰੀ ਵੀ ਸ਼ਬਦ ਸਿੱਖ ਜਪੁ ਦੀ ਪਉੜੀ ੧੫ ਵਿੱਚ ਵਰਤਿਆ ਮਿਲਦਾ ਹੈ ਅਤੇ ਇਹ ਗੁਰਸਬਦ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਹਾਜ਼ਰ ਹੈ।

ਮੰਨੈ ਤਰੈ ਤਾਰੇ ਗੁਰੁ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥ ੧੫॥ ੧. ੩. ਜਪੁ ਅ: ਗ: ਗ: ਸ: ਪੰਨਾ ੩

ਅਰਥ: ਗੁਰੂ ਦੀ ਦੱਸੀ ਹੋਈ ਗੱਲ ਨੂੰ ਪਰਵਾਨ ਕਰਨ ਨਾਲ ਸਿੱਖ ਦੁਨੀਆਵੀ ਬੰਧਨਾਂ ਦੀ ਜਕੜ ਤੋਂ ਅਜ਼ਾਦ ਹੋ ਜਾਂਦਾ ਹੈ ਅਤੇ ਮੋਹ ਮਾਇਆ ਦੇ ਜਾਲ਼ ਦਾ ਵੀ ਮੁਹਤਾਜ ਨਹੀਂ ਰਹਿੰਦਾ। ਸਿੱਖ ਹੋਰ ਧਰਮਾਂ ਦੇ ਵਿਅਕਤੀਆਂ ਵਾਂਙੂ ਭਿੱਖਿਆ ਲਈ ਘਰ ਘਰ ਨਹੀਂ ਭਾਉਂਦਾ ਫਿਰਦਾ। ੧੫।

ਵਿਆਕਰਨ ਅਨੁਸਾਰ ਦੋਵਾਂ ਗੁਰੂ ਸਬਦਾਂ ਵਿੱਚ ਸ਼ਬਦ ਸਿੱਖ ਨਾਉਂ ਦੇ ਰੂਪ ਵਿੱਚ ਆਇਆ ਹੈ। ਪਹਿਲੇ ਸਬਦ ਵਿੱਚ ਇਹ ਸਿਖਿਆ ਦੇ ਅਰਥਾਂ ਵਿੱਚ ਹੈ ਅਤੇ ਦੂਜੇ ਸਬਦ ਵਿੱਚ ਸਿੱਖ ਦੇ ਅਰਥਾਂ ਵਿੱਚ ਹੈ, ਜੋ ਸਿਖਿਆ ਪ੍ਰਾਪਤ ਕਰਦਾ ਹੈ। ਧਾਰਮਿਕ ਪੱਖ ਤੋਂ ਤਾਂ ਸਿੱਖ ਹਮੇਸ਼ਾ ਸਿਖਿਆ ਲੈਂਦਾ ਰਹਿੰਦਾ ਹੈ ਜਿਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤਦਾ ਵੀ ਰਹਿੰਦਾ ਹੈ। ਵਿਅਕਤੀ ਦਾ ਜੀਵਨ ਸਫਰ ਇੱਕ ਮਹੀਨੇ ਜਾਂ ਇੱਕ ਸਾਲ ਦਾ ਨਹੀਂ ਹੁੰਦਾ, ਇਹ ਤਾਂ ਸਾਰੀ ਉਮਰ ਦਾ ਸਫਰ ਹੈ। ਸੋ ਸਾਰੀ ਉਮਰ ਹੀ ਸਿਖਿਆ ਲੈਣ ਅਤੇ ਇਸ ਨੂੰ ਨਿੱਤ ਦਿਹਾੜੇ ਦੇ ਜੀਵਨ ਵਿੱਚ ਵਰਤਨ ਵਿੱਚ ਲੰਘ ਜਾਂਦੀ ਹੈ। ਗੁਰੂ ਰਾਮ ਦਾਸ ਨੇ ਸਿੱਖ ਲਈ ਹੇਠਾਂ ਦਿੱਤਾ ਗੁਰੂ ਸਬਦ ਰਚ ਕੇ ਸਿੱਖ ਨੂੰ ਜੋ ਉਪਮਾ ਅਤੇ ਮਾਣ ਬਖਸ਼ਿਆ ਹੈ ਇਸ ਦੀ ਮਿਸਾਲ ਢੂੰਡਣੀ ਮੁਸ਼ਕਲ ਹੈ। ਆਉ ਇਸ ਗੁਰੂ ਸਬਦ ਅਤੇ ਇਸ ਦੇ ਅਰਥਾਂ ਨੂੰ ਵਿਚਾਰੀਏ।

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ॥ ੮॥ ੨॥ ੯॥ ੧. ੪ ਆਸਾ ਮ: ੪ ਅ: ਗ: ਗ: ਸ: ਪੰਨਾ ੪੪੪

ਅਰਥ: (ਪ੍ਰੇਮ ਦੀ ਬਰਕਤ ਨਾਲ) ਗੁਰੂ ਸਿੱਖ (ਨਾਲ ਇੱਕ ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿੱਚ ਲੀਨ ਹੋ ਜਾਂਦਾ) ਹੈ। ਸਿੱਖ ਗੁਰੂ ਵਾਲੇ ਉਪਦੇਸ਼ (ਦੀ ਲੜੀ) ਅੱਗੇ ਤੋਰਦਾ ਰਹਿੰਦਾ ਹੈ। ਹੇ ਨਾਨਕ! ਜਿੱਸ ਸਿੱਖ ਨੂੰ ਗੁਰੂ ਇੱਕੋਓ ਦੀ ਸਿਖਿਆ ਨੂੰ ਹਿਰਦੇ ਵਿੱਚ (ਵਸਾਉਣ ਲਈ) ਦੇਂਦਾ ਹੈ, ਪ੍ਰੇਮ ਦੇ ਸਦਕੇ ਉੱਸ ਦੀ ਜਾਣ ਪਛਾਣ (ਇੱਕੋਓ) ਦੇ ਸੁਨੇਹੇ ਨਾਲ ਹੋ ਜਾਂਦੀ ਹੈ। ਗੁਰੂ ਦੀ ਸੋਚਣੀ ਸਿੱਖ ਦੀ ਸੋਚਣੀ ਬਣ ਜਾਂਦੀ ਹੈ। ੮। ੨। ੯।

ਇਨ੍ਹਾਂ ਅਰਥਾਂ ਤੋਂ ਸਪਸ਼ਟ ਹੈ ਕਿ ਬੁੱਧ ਮੱਤ ਅਤੇ ਸਿੱਖ ਧਰਮ ਦੇ ਸ਼ਬਦ ਸਿੱਖ ਦੇ ਅਰਥ ਇੱਕ ਦੂਸਰੇ ਦੇ ਨੇੜੇ ਹਨ। ਦਲੇਰੀ ਦੀ ਪਾਣ ਚਾੜਿਆ ਸਰੀਰ ਅਤੇ ਦ੍ਰਿੜ੍ਹ ਵਿਸ਼ਵਾਸ ਵਿੱਚ ਵੱਸਦਾ ਮਨ ਸਿੱਖ ਦੀ ਦਿੱਖ ਅਤੇ ਦਮਕ ਹਨ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਤੋਂ ਉਪਜਿਆ ਸ਼ਬਦ ਗੁਰਸਿੱਖ ਵੀ ਕਈ ਵਾਰੀ ਵਰਤਿਆ ਗਿਆ ਹੈ।

ਸੱਤੇ ਬਲਵੰਡ ਦੀ ਵਾਰ ਵਿੱਚ ਵੀ ਸ਼ਬਦ ਸਿੱਖ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਸ਼ਬਦ ਨੂੰ ਅਨੋਖੇ ਅਰਥਾਂ ਵਿੱਚ ਪੇਸ਼ ਕੀਤਾ ਗਿਆ ਹੈ। ਅਸੀਂ ਪਾਠਕਾਂ ਦੀ ਸੇਵਾ ਵਿੱਚ ਇਹ ਸਬਦ ਅਤੇ ਇਸ ਦੇ ਅਰਥ ਹੇਠਾਂ ਪੇਸ਼ ਕੀਤੇ ਹਨ।

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥ ੪॥ ੧. ੫ ਵਾਰ ਸਤਾ ਬਲਵੰਡ ਅ: ਗ: ਗ: ਸ: ਪੰਨਾ ੯੬੭

ਅਰਥ: (ਗੁਰੂ ਨਾਨਕ ਜੀ ਦੀ) ਆਤਮਾ (ਬਾਬਾ ਲਹਿਣਾ ਜੀ ਦੀ) ਆਤਮਾ ਵਿੱਚ ਇਉਂ ਮਿਲ਼ ਗਈ ਕਿ ਗਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ ਆਪ (ਬਾਬਾ ਲਹਿਣਾ) ਨਾਲ ਸਾਂਵਾਂ ਕਰ ਲਿਆ। ਹੇ ਸਾਰੀ ਸੰਗਤ! ਵੇਖੋ! ਜੋ ਉੱਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਅਤੇ ਪੁਤਰਾਂ ਨੂੰ ਪਰਖ ਕੇ ਜਦੋਂ ਉੱਸ ਨੇ ਸੁਧਾਈ ਕੀਤੀ ਤਾਂ ਉੱਸ ਨੇ (ਆਪਣੀ ਥਾਂ ਲਈ ਬਾਬਾ) ਲਹਿਣਾ (ਨੂੰ) ਚੁਣਿਆ। ੪।

ਏਥੇ ਸਿੱਖ ਸੰਗਤ ਵਿੱਚ ਬੈਠੇ ਸਨ ਅਤੇ ਪੁਤਰਾਂ ਦੇ ਨਾਲ ਉਹ ਵੀ ਗੁਰਗੱਦੀ ਲਈ ਪਰਖੇ ਗਏ ਸਨ। ਬਾਬਾ ਲਹਿਣਾ ਵੀ ਇੱਕ ਸਿੱਖ ਹੀ ਸਨ ਜੋ ਗੁਰਗੱਦੀ ਲਈ ਚੁਣੇ ਗਏ ਸਨ। ਇਹ ਸਿੱਖਾਂ ਦੀ ਧਾਰਮਿਕ ਅਤੇ ਸਮਾਜਿਕ ਜ਼ਿੰਦਗੀ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ ਜੋ ਉਸ ਵੇਲੇ ਦੇ ਸਿੱਖਾਂ ਅਤੇ ਸੰਗਤ ਵਿੱਚ ਪਰਚੱਲਤ ਸੀ।

ਗੁਰੂ ਨਾਨਕ ਜੀ ਦਾ ਆਸਾ ਰਾਗ ਵਿੱਚ ਇੱਕ ਸਬਦ ਸਿੱਖ ਅਤੇ ਸੰਗਤ ਵਿੱਚ ਸੰਬੰਧ ਦਰਸਾਉਂਦਾ ਹੈ। ਆਓ ਇਸ ਸਬਦ ਅਤੇ ਇਸ ਦੇ ਅਰਥਾਂ ਉੱਤੇ ਵਿਚਾਰ ਕਰੀਏ।

ਧਾਵਤੁ ਰਾਖੈ ਠਾਕਿ ਰਹਾਏ॥ ਸਿਖ ਸੰਗਤਿ ਕਰਮਿ ਮਿਲਾਏ॥ ਗੁਰ ਬਿਨੁ ਭੂਲੋ ਆਵੈ ਜਾਏ॥ ਨਦਰਿ ਕਰੇ ਸੰਜੋਗਿ ਮਿਲਾਏ॥ ੫॥ ੨॥ ੧. ੬ ਆਸਾ ਮ: ੧ ਅ: ਗ: ਗ: ਸ: ਪੰਨਾ ੪੧੨

ਅਰਥ: (ਗੁਰੂ ਦੇ ਜਿੱਸ) ਸਿੱਖ ਨੂੰ (ਇੱਕੋਓ ਆਪਣੀ) ਮਿਹਰ ਨਾਲ ਸੰਗਤ ਵਿੱਚ ਮਿਲਾਉਂਦਾ ਹੈ, ਉਹ ਆਪਣੇ ਭਟਕਦੇ ਮਨ ਦੀ ਰਾਖੀ ਕਰਦਾ ਹੈ। (ਮਾਇਆ ਦੇ ਮੋਹ ਵਲੋਂ) ਰੋਕ ਕੇ ਰੱਖਦਾ ਹੈ। ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਵਿਅਕਤੀ (ਜ਼ਿੰਦਗੀ ਦੇ ਸਹੀ ਰਸਤੇ ਤੋਂ) ਖੁੰਝ ਜਾਂਦਾ ਹੈ ਅਤੇ ਭਟਕਦਾ ਰਹਿੰਦਾ ਹੈ। ਜਦੋਂ ਇੱਕੋਓ ਦੀ ਮਿਹਰ ਹੁੰਦੀ ਹੈ ਤਾਂ ਉੱਸ ਵਿਅਕਤੀਨੂੰ ਸੰਗਤ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ੫। ੨।

ਗੁਰੂ ਨਾਨਕ ਜੀ ਨੇ ਕਿੰਨੇ ਸੋਹਣੇ ਸ਼ਬਦਾਂ ਰਾਹੀਂ ਸਿੱਖ, ਗੁਰੂ ਅਤੇ ਇੱਕੋਓ ਦੀ ਮਿਹਰ ਨੂੰ ਸਹੀ ਜੀਵਣ ਰਸਤਾ ਢੂੰਡਣ ਦਾ ਵਸੀਲਾ ਫਰਮਾਇਆ ਹੈ। ਸਿੱਖ ਨੂੰ ਗੁਰੂ ਦੀ ਸਿਖਿਆ ਦਾ ਲੋੜ ਦਾ ਗਿਆਨ ਪ੍ਰਦਾਨ ਕੀਤਾ ਹੈ। ਅਸੀਂ ਆਖਰੀ ਉਦਾਹਰਨ ਦੇਣ ਲਈ ਗੁਰੁ ਅਰਜਨ ਦਾ ਰਾਗ ਵਡਹੰਸ ਵਿਚੋਂ ਇੱਕ ਗੁਰੂ ਸਬਦ ਅਤੇ ਇਸ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕੀਤੇ ਹਨ।

ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ॥ ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੋ ਕੁਰਬਾਨਾ॥ ੩॥ ੧. ੭ ਵਡਹੰਸ ਮ: ੫ ਅ: ਗ: ਗ: ਸ: ਪੰਨਾ ੫੭੭

ਅਰਥ: (ਜੇਹੜਾ ਵਿਅਕਤੀ ਗੁਰੂ ਦੀ ਸ਼ਰਨ ਵਿੱਚ ਜਾਂਦਾ ਹੈ ਉੱਸ ਦਾ) ਮਨ ਸ਼ਾਂਤ ਹੋ ਜਾਂਦਾ ਹੈ, ਕਦੇ ਨ ਮੁੱਕਣ ਵਾਲੀ ਮਾਇਆ ਦੀ ਪਿਆਸ ਬੁਝ ਜਾਂਦੀ ਹੈ। (ਗੁਰੂ ਰਾਹੀਂ) ਉਹ ਵੱਡਾਨਾਮ-ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ ਅਤੇ ਗੁਰੂ ਦੀ ਸ਼ਰਨ ਵਿੱਚ ਆ ਸਿੱਖ-ਸੇਵਕ ਨਾਮ ਦੇ ਖਜ਼ਾਨੇ ਦੀ ਵਰਤੋਂ ਕਰਨ ਲੱਗ ਪੈਂਦਾ ਹੈ। ੩।

ਇਸ ਗੁਰੂ ਸਬਦ ਵਿੱਚ ਸੇਵਕ ਦੇ ਅਰਥ ਸਿੱਖ ਦੇ ਹੀ ਹਨ। ਆਮ ਬੋਲੀ ਵਿੱਚ ਸੇਵਕ ਭਾਵੇਂ ਸਿੱਖ ਨਾਲੋਂ ਨੀਵਾਂ ਸਮਝਿਆ ਜਾਂਦਾ ਹੈ। ਜਿਵੇਂ ਹਰ ਕਰਮਚਾਰੀ ਨੂੰ ਸੇਵਾਦਾਰ ਕਿਹਾ ਜਾਂਦਾ ਹੈ ਅਤੇ ਕੋਈ ਉੱਸ ਨੂੰ ਵਿਦਿਆਰਥੀ ਜਾਂ ਸਿੱਖ ਨਹੀਂ ਪੁਕਾਰਦਾ। ਸਿੱਖ ਵਾਸਤੇ ਗੁਰੂ ਦੇ ਨਜ਼ਦੀਕ ਪਹੁੰਚਣ ਲਈ ਨਿਸਚਤ ਸਿਖਿਆ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗਈ ਹੈ। ਸਿੱਖ ਲਈ ਅੰਮ੍ਰਿਤ ਪਾਨ ਕਰਨਾ ਕੇਵਲ ਗੁਰਬਾਣੀ ਨੂੰ ਵਿਚਾਰ ਕੇ ਇਸ ਦੇ ਅਧਾਰ ਉੱਤੇ ਜੀਵਨ ਜਾਚ ਨੂੰ ਗ੍ਰਿਹਣ ਕਰਨਾ ਹੈ। ਕਿਸੇ ਵੀ ਸਿੱਖ ਲਈ ਸਿੰਘ ਦੀ ਪਦਵੀ ਹਾਸਲ ਕਰਨ ਲਈ ਗੁਰਬਾਣੀ ਦੀ ਸਿਖਿਆ ਨੂੰ ਗ੍ਰਿਹਣ ਕਰਨਾ ਅਤੇ ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ ਨੂੰ ਕਾਬੂ ਵਿੱਚ ਰੱਖਣ ਦਾ ਜੀਵਨ ਮਨੋਰਥ ਬਨਾਉਣਾ ਪਹਿਲਾ ਜ਼ਰੂਰੀ ਕਦਮ ਹੈ। ਗੁਰੂ ਅਮਰ ਦਾਸ ਦਾ ਗੁਰੂ ਸਬਦ ਅਰਥਾਂ ਸਮੇਤ ਪਾਠਕਾਂ ਦੀ ਜਾਣਕਾਰੀ ਵਾਸਤੇ ਹੇਠਾਂ ਦਿੱਤਾ ਗਿਆ ਹੈ।

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ ੧੪॥ ੧. ੮ ਰਾਮਕਲੀ ਮ: ੩ ਅ: ਗ: ਗ: ਸ: ਪੰਨਾ ੯੧੮

ਅਰਥ: ਇਸ ਰਸਤੇ ਉੱਤੇ ਤੁਰਨਾ (ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ) ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਅਤੇ ਵਾਲ ਨਾਲੋਂ ਪਤਲਾ ਹੈ (ਇਸ ਉਤੋਂ ਡਿੱਗਣ ਦੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆਵੀ ਵਾਸ਼ਨਾ ਮਨ ਦੀ ਅਡੋਲਤਾ ਨੂੰ ਟਿਕਣ ਨਹੀਂ ਦੇਂਦੀ)। ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਨ੍ਹਾਂ ਲਈ ਮਾਇਆ ਦਾ ਮੋਹ ਇੱਕੋਓ ਨੂੰ ਯਾਦ ਰੱਖਣ ਨਾਲ ਦੂਰ ਰਹਿੰਦਾ ਹੈ। ੧੪।

ਦਸਮ ਗ੍ਰੰਥ ਅਤੇ ਸ਼ਬਦ ਸਿੱਖ: ਦਸਮ ਗ੍ਰੰਥ ਵਿੱਚ ਸ਼ਬਦ ਸਿੱਖ ਦੀ ਵਰਤੋਂ ਕੀਤੀ ਗਈ ਹੈ। ਕੁਝ ਸ਼ਰਧਾਲੂ ਗੁਰਸਿੱਖਾਂ ਨੇ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਪੰਜ ਬਾਣੀਆਂ ਨੂੰ ਪਰਵਾਨਤਾ ਦਿੱਤੀ ਹੈ। ਇਨ੍ਹਾਂ ਬਾਣੀਆਂ ਦੇ ਨਾਉਂ ਹਨ; ਜਾਪੁ, ਅਕਾਲ ਉਸਤਤਿ, ਸਵਯੇ ੩੩, ਸ਼ਬਦ ਹਜ਼ਾਰੇ ਅਤੇ ਜ਼ਫਰਨਾਮਾ। ਇਨ੍ਹਾਂ ਬਾਣੀਆਂ ਦਾ ਅਧਿਐਨ ਕਰਨ ਤੋਂ ਪਤਾ ਲੱਗ ਦਾ ਹੈ ਕਿ ਸ਼ਬਦ ਸਿੱਖ ਕੇਵਲ ਇੱਕ ਵਾਰੀ ਸਵਯੇ ੩੨ ਵਿੱਚ ਵਰਤਿਆ ਗਿਆ ਹੈ। ਇਹ ਸਵਯਾ ੩੨ ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤਾ ਗਿਆ ਹੈ।

ਫੋਕਟਕ ਕਰਮ ਦ੍ਰਿੜਾਤ ਕਹਾ ਇਨ ਲੋਗਨ ਕੋ ਕੋਈ ਨ ਐ ਹੈ। ਭਾਗਤ ਕਾ ਧਨ ਹੇਤ ਅਰੇ ਜਮ ਕੰਕਰ ਤੇ ਨਹ ਭਾਜਨ ਪੈ ਹੈ। ਪੁਤ੍ਰ ਕਲਿਤ੍ਰ ਨ ਮਿਤ੍ਰ ਸਭੈ ਊਹਾ ਸਿਖ ਸਖਾ ਕੋਊ ਸਾਖ ਨ ਦੈ ਹੈ। ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰ ਇਕੇਲੈ ਈ ਜੈ ਹੈ। ੩੨। ੧. ੯ ਦਸਮ ਗ੍ਰੰਥ ਭਾਗ ੩ ਜੱਗੀ-ਜੱਗੀ ਪੰਨਾ ੩੯੮

ਅਰਥ: (ਸ਼ਰਧਾਲੂਆਂ ਨੂੰ) ਕਿੱਸ ਲਈ ਫੋਕਟ ਕਰਮ ਦ੍ਰਿੜਾਉਂਦੇ ਹੋ, (ਕਿਉਂਕਿ ਇਹ ਕਰਮ-ਧਰਮ) ਇਨ੍ਹਾਂ ਲੋਕਾਂ ਦੇ ਕਿਸੇ ਕੰਮ ਨਹੀਂ ਆਉਂਣੇ। (ਹੇ ਵਿਅਕਤੀ) ਕਿਸ ਲਈ ਧਨ ਵਾਸਤੇ ਭੱਜਾ ਫਿਰਦਾ ਹੈਂ; (ਪ੍ਰੰਤੂ) ਜਮ ਅਤੇ ਉਸ ਦੇ ਦੂਤਾਂ ਤੋਂ ਕਦੇ ਭੱਜ ਨਹੀਂ ਸਕੇਂਗਾ। ਪੁੱਤਰ, ਇਸਤ੍ਰੀ ਸਾਰੇ ਮਿੱਤਰ ਅਤੇ ਸਿੱਖ-ਸੇਵਕ ਉਥੇ ਕੋਈ ਗਵਾਹੀ ਨਹੀਂ ਦੇਵੇਗਾ। ਹੇ ਅਚੇਤ ਅਤੇ ਮੂਰਖ! ਚੇਤੇ ਕਰ ਲੈ ਕਿ ਅੰਤ ਵੇਲੇ (ਤੂੰ ਇਥੋਂ) ਇਕੱਲਾ ਹੀ ਜਾਵੇਂਗਾ। ੩੨।

ਦਸਮ ਗ੍ਰੰਥ ਵਿੱਚ ਸਿੱਖ ਸ਼ਬਦ ਸਧਾਰਨ ਅਰਥਾਂ ਵਿੱਚ ਭਾਰਤੀ ਪਰੰਪਰਾ ਦੀ ਪਰਵਾਨਤ ਲੋੜ ਪੂਰੀ ਕਰਨ ਲਈ ਹੀ ਵਰਤਿਆ ਗਿਆ ਹੈ। ਦਸਮ ਗ੍ਰੰਥ ਵਿੱਚ ਇਸ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿਚਲੇ, ਗੁਰੂ ਨਾਨਕ ਜਾਂ ਹੋਰ ਗੁਰੂ ਸਾਹਿਬਾਨ ਦੇ ਪਰਦਾਨ ਕੀਤੇ, ਅਰਥ ਹਾਸਲ ਨਹੀਂ ਹੋਏ। ਸ਼ਬਦ ਸਿੱਖ ਪਾਲੀ ਅਤੇ ਪੰਜਾਬੀ ਬੋਲੀ ਵਿੱਚ ਜੋ ਮਹਾਨ ਅਰਥ ਰੱਖਦਾ ਹੈ ਉਹ ਦਸਮ ਗ੍ਰੰਥ ਦੀ ਸ਼ਬਦਾਵਲੀ ਇਸ ਨੂੰ ਦੇਣ ਤੋਂ ਇਨਕਾਰੀ ਹੈ। ਆਦਿ ਗੁਰੂ ਗ੍ਰੰਥ ਸਾਹਿਬ ਦੇ ਗੁਰੂਸਬਦ ੧. ੪ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਇੱਕ ਸਿੱਖ ਗੁਰੂ ਦੀ ਪਦਵੀ ਵੀ ਹਾਸਲ ਕਰ ਸਕਦਾ ਹੈ। ਗੁਰੂ ਸਬਦ ੧. ੫ ਦੇ ਅਰਥਾਂ ਵਿੱਚ ਗੁਰੂ ਦੀ ਪਦਵੀ ਨੂੰ ਗੁਰੂ ਅੰਗਦ ਜੀ, ਜੋ ਇੱਕ ਸਿੱਖ ਸਨ, ਦੇ ਹਾਸਲ ਕਰਨ ਬਾਰੇ ਬਿਆਨ ਕੀਤਾ ਗਿਆ ਹੈ। ਦਸਮ ਗ੍ਰੰਥ ਅਜੇਹੀ ਸ਼ੁਭ ਘਟਣਾ ਦੇ ਵਾਪਰਨ ਬਾਰੇ ਚੁਪ ਧਾਰਨੀ ਕਿਉਂ ਠੀਕ ਸਮਝਦਾ ਹੈ? ਸ਼ਬਦ ਸਿੱਖ ਭਾਵੇਂ ਦੋਵਾਂ ਗ੍ਰੰਥਾਂ ਵਿੱਚ ਵਰਤਿਆ ਗਿਆ ਹੈ, ਇੱਕ ਵਿੱਚ ਸਿੱਖ ਧਰਮ ਦੀ ਉੱਚੀ ਅਤੇ ਸੁੱਚੀ ਪਰੰਪਰਾ ਨੂੰ ਉਜਾਗਰ ਕਰਨ ਲਈ ਅਤੇ ਦੂਜੇ ਵਿੱਚ ਹਿੰਦੂ ਧਰਮ ਦੀ ਪਰੰਪਰਾ ਦੀ ਲੋੜ ਪੂਰੀ ਕਰਨ ਲਈ ਵਰਤਿਆ ਗਿਆ ਹੈ। ਗੁਰੂ ਤੇਗ ਬਹਾਦਰ ਦਿੱਲੀ ਨੂੰ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਆਪਣੀ ਲਿਖੀ ਗੁਰਬਾਣੀ ਦੇ ਕੇ ਗੁਰਗੱਦੀ ਦੀ ਬਖਸ਼ਸ਼ ਕਰ ਗਏ ਸਨ; ਕਿਉਂਕਿ ਉਹ ਗੁਰੂ ਅਰਜਨ ਨਾਲ ਬੀਤੇ ਸਾਕੇ ਦਾ ਇਤਿਹਾਸ ਕਿਵੇਂ ਭੁੱਲ ਸਕਦੇ ਸਨ। ਕੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਇਤਿਹਾਸ ਤੋਂ ਜਾਣੂ ਨਹੀਂ ਸਨ? ਕੀ ਉਹ ਸ਼ਬਦ ਸਿੱਖ ਦੀ ਅਜੇਹੀ ਵੱਖਰੀ ਵਰਤੋਂ ਨੂੰ ਸਵੀਕਾਰ ਕਰਕੇ ਆਪਣੇ ਸਿੱਖ ਨੂੰ ਵੱਖਵਾਦੀ ਭੁਲੇਖਿਆਂ ਵਿੱਚ ਪਾਉਣਗੇ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ।




.