.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 31)

ਭਾਈ ਸੁਖਵਿੰਦਰ ਸਿੰਘ 'ਸਭਰਾ'

ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ `ਤੇ ਦੋਸ਼-ਕਾਰਵਾਈ ਦੀ ਮੰਗ ਭਖੀ

ਸ: ਤੀਰਥ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਪਿੰਡ ਬੁੱਢਾ ਭੌਰਾ ਜ਼ਿਲ੍ਹਾ ਰੋਪੜ ਹਾਲ ਵਾਸੀ ਮਕਾਨ ਨੰਬਰ 286 ਗੋਬਿੰਦਪੁਰਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਨੇ ਪਿਹੋਵਾ ਵਾਲੇ ਸੰਤ ਮਾਨ ਸਿੰਘ `ਤੇ ਅਨੇਕਾਂ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕਥਿਤ ਬਾਬੇ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਇਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ: ਤੀਰਥ ਸਿੰਘ ਨੇ ਸੰਤ ਮਾਨ ਸਿੰਘ ਪਿਹੋਵਾ ਵਾਲਿਆਂ `ਤੇ ਜ਼ਮੀਨ ਹੜੱਪਣ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਬਾਬੇ ਤੋਂ ਪ੍ਰਭਾਵਿਤ ਹੋ ਕੇ ਆਪਣੀ ਸਾਢੇ ਤਿੰਨ ਏਕੜ ਜ਼ਮੀਨ ਜਿਸ ਵਿਚ ਕਿੰਨੂਆਂ ਦਾ ਬਾਗ਼ ਲੱਗਾ ਹੋਇਆ ਹੈ, 1992 ਵਿਚ ਡੇਰੇ ਦੇ ਨਾਂ ਕਰਵਾ ਦਿੱਤੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਾਬੇ ਦੇ ਫੂਲ ਪਿੰਡ ਸਥਿਤ ਡੇਰੇ `ਚ ਸੇਵਾ ਕਰਨ ਲੱਗ ਪਿਆ ਪਰ ਬਾਅਦ `ਚ ਜਦ ਉਨ੍ਹਾਂ ਨੂੰ ਡੇਰੇ `ਚ ਰਹਿੰਦਿਆਂ ਬਾਬੇ ਅਤੇ ਉਸ ਦੇ ਸੇਵਕਾਂ ਦੀਆਂ ਹਰਕਤਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਜਿਸ `ਤੇ ਬਾਬੇ ਨੇ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਅੰਤ ਉਨ੍ਹਾਂ ਨੇ 1994 `ਚ ਇਹ ਡੇਰਾ ਛੱਡ ਦਿੱਤਾ। ਆਪਣੀ ਫੀਏਟ ਤੇ ਅੰਬੈਸਡਰ ਕਾਰ ਅਤੇ ਮਹਿੰਦਰਾ ਜੀਪ ਬਾਬੇ ਦੇ ਨਾਂ ਕਰਨ ਵਾਲੇ ਸ: ਹਰਪਾਲ ਸਿੰਘ ਸੋਢੀ ਵਾਸੀ ਰੋਪੜ ਅਤੇ 14 ਸਾਲ ਬਾਬੇ ਦੇ ਗੜਵਈ (ਪੀ: ਏ:) ਰਹੇ ਸ: ਸਾਹਿਬ ਸਿੰਘ ਨੇ ਵੀ ਬਾਬੇ `ਤੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਹਨ। ਸਾਹਿਬ ਸਿੰਘ ਨੇ ਦੱਸਿਆ ਕਿ ਬਾਬੇ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਸੰਬੰਧੀ ਉਨ੍ਹਾਂ ਨੇ ਥਾਣਾ ਬੱਸੀ ਪਠਾਣਾਂ ਦੀ ਪੁਲੀਸ ਨੂੰ ਸੂਚਿਤ ਕੀਤਾ ਹੋਇਆ ਹੈ। ਉਧਰ ਸੰਤ ਮਾਨ ਸਿੰਘ ਪਿਹੋਵਾ ਵਾਲਿਆਂ ਨਾਲ ਕੋਸ਼ਿਸ਼ ਕੀਤੇ ਜਾਣ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।

ਸੰਤ ਸੁਖਚੈਨ ਸਿੰਘ ਲੱਧੂ ਵਾਲਾ

ਇਹ ਸਾਧ ਪੱਟੀ ਇਲਾਕੇ ਵਿਚ ਡੇਰਾ ਬਣਾ ਕੇ ਬੈਠਾ ਹੈ ਇਸਨੇ ਇਥੇ ਲਿਖ ਕੇ ਇਕ ਬੋਰਡ ਲਾਇਆ ਹੋਇਆ ਹੈ ਕਿ ਇਥੇ ਸੁੱਕੇ ਬੱਚੇ ਹਰੇ ਹੁੰਦੇ ਹਨ। ਇਹ ਸਾਧ ਆਮ ਹੀ ਇਹ ਗੱਲ ਕਹਿੰਦੇ ਹਨ ਕਿ ਫਲਾਨੇ ਨੇ ਇਥੇ ਇੰਨੀ ਇੱਟਾਂ ਦੀ ਸੇਵਾ ਕੀਤੀ ਹੈ ਫਲਾਨੇ ਨੇ ਇਤਨਾ ਸੀਮੈਂਟ ਦਿੱਤਾ ਹੈ। ਭਾਵੇਂ ਉਹ ਸੀਮੈਂਟ ਇਹਨਾਂ ਨੇ ਕੋਲੋਂ ਹੀ ਪੈਸੇ ਖਰਚ ਕੇ ਲਿਆਂਦਾ ਹੋਵੇ। ਇਸ ਤਰ੍ਹਾਂ ਕਹਿਣ ਨਾਲ ਲੋਕ ਹੋਰ ਵੀ ਚੜ੍ਹਾਵੇ ਚੜ੍ਹਾਉਣ ਵਾਸਤੇ ਤਿਆਰ ਹੋ ਜਾਂਦੇ ਹਨ। ਬਹੁਤੇ ਸਾਧਾਂ ਦੀ ਗਿਣਤੀ ਸੰਗਤ ਨੂੰ ਸੱਚ ਨਹੀਂ ਦੱਸਦੀ। ਲੋਕਾਂ ਨੂੰ ਹਮੇਸ਼ਾਂ ਭੁਲੇਖਿਆਂ ਵਿਚ ਪਾ ਕੇ ਰੱਖਣਾ ਚਾਹੁੰਦੇ ਹਨ। ਇਸਨੇ ਇਹ ਵੀ ਦੱਸਿਆ ਹੈ ਕਿ 40 ਲੱਖ ਰੁਪਏ ਲਾ ਕੇ ਸਰੋਵਰ ਬਣਾਇਆ ਹੈ ਅਤੇ ਸੱਤਾਂ ਸਰੋਵਰਾਂ ਦਾ ਜਲ ਲਿਆ ਕੇ ਇਸ ਸਰੋਵਰ ਵਿਚ ਪਾਇਆ ਹੈ। ਇਥੇ ਸੁੱਕੇ ਬੱਚੇ ਹਰੇ ਹੁੰਦੇ ਹਨ ਇਹ ਧਾਰਣਾ ਇਸ ਨੇ ਆਪਣੇ ਕੋਲੋਂ ਘੜੀ ਹੈ।

ਸੰਤ ਸਰੂਪ ਸਿੰਘ ਚੰਡੀਗੜ੍ਹ

ਇਹ ਵੀ ਗੁਰਮਤਿ ਦੇ ਉਲਟ ਸਿੱਧੀਆਂ ਧਾਰਨਾ ਦਾ ਦੀਵਾਨ ਲਾਉਂਦਾ ਹੈ। ਆਪਣੇ ਆਪ ਨੂੰ ਬਹੁਤ ਵੱਡਾ ਸੰਤ ਇਹ ਸਮਝਦਾ ਹੈ। ਇਸਦੀ ਇਹ ਵੀ ਕੋਸ਼ਿਸ ਹੁੰਦੀ ਹੈ ਕਿ ਜਿਸ ਸਟੇਜ `ਤੇ ਇਹ ਬੋਲੇ ਉਥੇ ਹੋਰ ਕੋਈ ਵੀ ਨਾ ਬੋਲੇ। ਇਸਨੇ ਇਕ ਵਾਰੀ ਇਹ ਵੀ ਕਿਹਾ ਸੀ ਕਿ ਤੁਸੀਂ ਰੇੜੀਆਂ ਆਦਿ ਤੋਂ ਖਾ ਪੀ ਸਕਦੇ ਹੋ ਪਰ ਮੈਂ ਤਾਂ ਰੇੜੀਆਂ ਤੋਂ ਕੁਝ ਵੀ ਨਹੀਂ ਖਾ ਸਕਦਾ ਕਿਉਂਕਿ ਮੈਂ ਤਾਂ ਹੁਣ ਵੱਡਾ ਸੰਤ ਹਾਂ।

ਇੰਗਲੈਂਡ ਵਾਸੀ ਬਾਬਾ ਕਰਨੈਲ ਸਿੰਘ ਨੌਗੱਜਾ

ਜਦੋਂ ਕਿ ਹੋਰ ਕਈ ਸਾਧ ਇਸਦੇ ਸਾਥੀ ਸੋਨੇ ਨੂੰ ਕਲਜੁੱਗ ਕਰਕੇ ਵਿਆਖਿਆ ਕਰ ਰਹੇ ਹਨ ਪਰ ਇਹਨੇ 3 ਕਿਲੋ ਸੋਨਾ ਲਾ ਕੇ “ਗੁਰੂ ਗ੍ਰੰਥ ਸਾਹਿਬ ਜੀ” ਦਾ ਸਰੂਪ ਤਿਆਰ ਕਰਵਾਇਆ ਹੈ। ਜੋ ਗੁਰਮਤਿ, ਤੱਤ ਸੱਚ ਰੂਪੀ ਸੋਨਾ ਗੁਰੂਆਂ ਨੇ ਲਾਇਆ ਹੈ ਉਹ ਇਸ ਸਾਧ ਨੂੰ ਨਜ਼ਰ ਨਹੀਂ ਆਇਆ। ਹੀਰੇ, ਜਵਾਹਰਾਤਾਂ, ਸੋਇਨੇ ਨਾਲੋਂ ਵੀ ਅਮੁੱਲੋ ਅਮੁੱਲ ਗੁਰੂ ਦੇ ਬਚਨ ਹਨ। ਗੁਰੂ ਦੇ ਬਚਨ ਹੁਕਮ ਨੂੰ ਜੀਵਨ ਵਿਚ ਢਾਲਣਾ, ਕਮਾਉਣ ਦੀ ਲੋੜ ਹੈ। ਕੀ ਇਹਨਾਂ ਸਾਧਾਂ ਨੇ ਕਦੇ ਸੋਚਿਆ ਹੈ ਕਿ ਕਈ ਗ਼ਰੀਬ ਸਿੱਖਾਂ ਕੋਲ ਤਾਂ ਕਛਹਿਰਾ ਬਣਾਉਣ ਵਾਸਤੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਪੈਸਾ ਨਹੀਂ ਹੈ।




.