.

ਮਤੁ ਦੇਖਿ ਭੁਲਾ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਬੰਦੇ ਨੂੰ ਭੁੱਲਣ ਦੀ ਆਦਤ ਹੈ। ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤਕ ਇਹ ਵਿਚਾਰਾ ਬਾਵਰਾ ਹੋਇਆ ਭੁੱਲਿਆ ਫਿਰਦਾ ਹੈ। ਜਦ ਇਸ ਨੂੰ ਕੋਈ ਚੀਜ਼ ਨਾ ਲੱਭੇ ਤਾਂ ਮਾਇਆ ਵੇੜ੍ਹਿਆ ਗੁੱਸੇ ਵਿੱਚ ਆ ਜਾਂਦਾ ਹੈ। ਗੁਰਬਾਣੀ ਇਸ ਨੂੰ ਜੀਵਨ ਜਾਚ ਸਿਖ਼ਾਉਂਦੀ ਹੈ। ਹਰ ਵੇਲੇ ਸੁਚੇਤ ਕਰਦੀ ਹੈ ਪਰ ਫਿਰ ਵੀ ਇਹ ਭੁੱਲ ਜਾਂਦਾ ਹੈ। ਇਸ ਦੀ ਆਦਤ ਬਣ ਗਈ ਹੈ, ਜਦ ਭੁੱਲਦਾ ਹੈ ਫਿਰ ਬਾਵਰਾ ਹੋਇਆ ਫਿਰਦਾ ਹੈ। ਆਪਣੇ ਆਪ ਨੂੰ ਸਮਝਣ ਲਈ ਤਿਆਰ ਨਹੀਂ ਹੁੰਦਾ। ਜਿੱਥੇ ਇਹ ਸੰਸਾਰ ਵਿੱਚ ਭੁੱਲਿਆ ਫਿਰਦਾ ਹੈ ਉੱਥੇ ਇਹ ਪਰਮਾਤਮਾ ਨੂੰ ਵੀ ਭੁਲਾਈ ਬੈਠਾ ਹੈ। ਸਰੀਰਕ ਮੋਹ, ਪਦਾਰਥ ਮੋਹ ਇਸ ਦੀ ਪ੍ਰਬਲ ਇੱਛਾ ਬਣ ਗਏ ਹਨ। ਸਾਹਮਣੇ ਪਈ ਚੀਜ਼ ਨੂੰ ਦੇਖੇਗਾ ਤਾਂ ਪਿੱਛਲੀ ਦਾ ਚੇਤਾ ਵਿਸਾਰ ਦੇਂਦਾ ਹੈ। ਕਿਸੇ ਆਦਮੀ ਪਾਸ ਸਰੀਰ ਤੰਦਰੁਸਤ ਨਹੀਂ ਹੈ, ਉਸ ਨੂੰ ਕਿਹਾ ਜਾਏ – ਭਲਿਆ ਗੁਰਦੁਆਰੇ ਜਾਇਆ ਕਰ ਤੇ ਜਾ ਕੇ ਸੇਵਾ ਕਰਿਆ ਕਰ। ਉਸ ਦਾ ਉੱਤਰ ਹੋਏਗਾ – ਬੀਮਾਰੀ ਨੇ ਮੈਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ, ਤੁਹਾਨੂੰ ਸੇਵਾ ਦੀ ਪਈ ਹੋਈ ਏ, ਹੋ ਸਕਦਾ ਏ ਇਹ ਆਦਮੀ ਕਿਸੇ ਹੱਦ ਤੀਕ ਠੀਕ ਹੋਵੇ। ਕਈਆਂ ਆਦਮੀਆਂ ਪਾਸ ਰੋਜ਼ਗਾਰ ਦੇ ਸਾਧਨ ਸੀਮਤ ਹਨ ਤੇ ਸਾਰਾ ਦਿਨ ਮਜ਼ਦੂਰੀ ਕਰਦਿਆਂ ਹੀ ਲੰਘ ਜਾਏ, ਉਸ ਨੂੰ ਕਿਹਾ ਜਾਏ ਭਲਿਆ! ਰੱਬ ਜੀ ਦਾ ਸਿਮਰਨ ਕਰਿਆ ਕਰ। ਉਹ ਅਗੋਂ ਕਹਿ ਸਕਦਾ ਹੈ—ਕਿ ਮੈਨੂੰ ਪਰਵਾਰ ਦੇ ਬੱਚਿਆਂ ਦੀਆਂ ਫੀਸਾਂ ਦਾ ਫ਼ਿਕਰ ਹੈ, ਬੁੱਢੀ ਮਾਂ ਨੂੰ ਦਵਾਈ ਲਿਆ ਕੇ ਦੇਣੀ ਹੈ। ਤੁਹਾਨੂੰ ਸਿਮਰਨ ਦੀ ਹਫੜਾ ਦਫੜੀ ਪਈ ਹੋਈ ਹੈ। ਜਾਉ ਤੇ ਆਪੋ ਆਪਣਾ ਕੰਮ ਕਰੋ, ਮੈਨੂੰ ਦਿਹਾੜੀ ਲਗਾਉਣ ਦਿਉ। ਕਿਸੇ ਆਦਮੀ ਪਾਸ ਰਹਿਣ ਲਈ ਮਕਾਨ ਨਹੀਂ ਹੈ ਤੇ ਉਹ ਮਕਾਨ ਬਣਾਉਣ ਲਈ ਜਦੋ ਜਹਿਦ ਕਰ ਰਿਹਾ ਹੈ। ਉਸ ਨੂੰ ਧਰਮ ਦਾ ਪਾਠ ਪੜ੍ਹਾਉਣ ਜਾਈਏ, ਉਹ ਨਹੀਂ ਸੁਣੇਗਾ। ਉਸ ਦੀ ਸੁਰਤ ਵਿੱਚ ਸਿਰਫ ਮਕਾਨ ਹੀ ਹੈ। ਇੱਕ ਆਦਮੀ ਪਾਸ ਸਾਰੀਆਂ ਸਹੂਲਤਾਂ ਹੈਨ ਪਰ ਉਹ ਕਈ ਮੁਕਦਮਿਆਂ ਵਿੱਚ ਫਸਿਆ ਪਿਆ ਹੈ, ਰੋਜ਼ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਹੈ, ਉਹ ਆਦਮੀ ਵੀ ਬਹਾਨਾ ਲਗਾ ਸਕਦਾ ਹੈ ਕਿ ਮੇਰੇ ਤਾਂ ਭਈ ਕਈ ਝੁਮੇਲ੍ਹੇ ਹਨ ਜੋ ਮੁੱਕਣ ਦਾ ਨਾਂ ਹੀ ਨਹੀਂ ਲੈਂਦੇ ਪਰ ਤੁਸੀਂ ਆਖਦੇ ਹੋ ਭਈ ਸਤਿ ਸੰਗ ਕਰਿਆ ਕਰ, ਮੇਰੇ ਲਈ ਬਹੁਤ ਹੀ ਮੁਸ਼ਕਲ ਕੰਮ ਹੈ। ਹਾਲਾਂ ਕਿ ਉਪਰੋਕਤ ਆਦਮੀ ਵੀ ਸੰਸਾਰਿਕ ਝਮੇਲ੍ਹਿਆਂ ਵਿੱਚ ਫਸਿਆ ਹੋਇਆ ਰੱਬ ਨੂੰ ਵੀ ਯਾਦ ਰੱਖ ਸਕਦਾ ਹੈ। ਸੋਹਣੇ ਢੰਗ ਨਾਲ ਜੀਵਨ ਜੀਊ ਸਕਦਾ ਹੈ। ਜੇ ਕਰ ਇੱਕ ਆਦਮੀ ਪਾਸ ਇਹ ਸਾਰੀਆਂ ਸੁੱਖ--ਸਹੂਲਤਾਂ ਹੋਣ, ਉਹ ਫਿਰ ਵੀ ਵਾਹਿਗੁਰੂ ਜੀ ਨੂੰ ਭੁਲਿਆ ਬੈਠਾ ਹੋਵੇ ਤਾਂ ਕਹਿਣਾ ਪਏਗਾ ਕਿ ਇਹ ਆਦਮੀ ਜਾਣ ਬੁਝ ਕੇ ਬਹਾਨੇ--ਬਾਜ਼ੀ ਕਰ ਰਿਹਾ ਹੈ। ਸਾਰੇ ਸੁੱਖ ਹੋਣਦੇ ਬਾਵਜੂਦ ਵੀ ਇਹ ਭੁਲਿਆ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਨੇ ਮਨੁੱਖ ਨੂੰ ਸੁਚੇਤ ਕੀਤਾ ਹੈ:----

ਤਨੁ ਧਨੁ ਸੰਪੇ ਸੁਖ ਦੀਓ ਅਰੁ ਜਿਹ ਨੀਕੇ ਧਾਮ॥

ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ॥ ੯॥

ਸਲੋਕ ਮ: ੯ ੧੩੨੬ –

ਸੰਸਾਰ ਦੇ ਸਾਰੇ ਸੁੱਖ ਅਰਾਮ ਲੈ ਕੇ ਵੀ ਪਰਮਾਤਮਾ ਨੂੰ ਵਿਸਾਰ ਬੈਠਾ ਏ। ਪਰਮਾਤਮਾ ਭੁੱਲ ਜਾਏ ਤਾਂ ਮਨੁੱਖ ਨੂੰ ਜੀਵਨ ਜਾਚ ਹੀ ਭੁੱਲ ਜਾਂਦੀ ਹੈ। ਅਦਮੀ ਦੇ ਮਨ ਅੰਦਰ ਬਦੀ ਨੇ ਡੇਰਾ ਲਗਾ ਲਿਆ ਹੈ, ਜਿਸ ਕਰਕੇ ਇਹ ਸਿਆਣੀ ਮਤ ਲੈਣ ਲਈ ਤਿਆਰ ਹੀ ਨਹੀਂ ਹੈ। ਫਰੀਦ ਜੀ ਦਾ ਪਿਆਰਾ ਵਾਕ ਹੈ:--

ਫਰੀਦਾ ਕੂਕੇਦਿਆ ਚਾਂਗੇਦਿਆ, ਮਤੀ ਦੇਦਿਆ ਨਿਤ॥

ਜੋ ਸੈਤਾਨਿ ਵੰਞਾਇਆ, ਸੇ ਕਿਤ ਫੇਰਹਿ ਚਿਤ॥ ੧੫॥

ਪੰਨਾ ੧੩੭੮ ---

ਜਦੋਂ ਕੋਈ ਆਦਮੀ ਕਿਤੇ ਬਾਹਰ ਸਫ਼ਰ ਕਰਨ ਲਈ ਨਿਕਲਦਾ ਹੈ ਤਾਂ ਉਸ ਨੂੰ ਆਉਣ ਵਾਲੇ ਖ਼ਤਰਿਆਂ ਤੋਂ ਸੁਚੇਤ ਕੀਤਾ ਜਾਂਦਾ ਹੈ। ਸਿਆਣਾ ਆਦਮੀ ਦੱਸ ਦੇਂਦਾ ਹੈ ਕਿ ਪ੍ਰਦੇਸ ਵਿੱਚ ਚਲਿਆ ਏਂ ਤਾਂ ਇਹ ਮੁਸ਼ਲਕਾਂ ਤੈਨੂੰ ਆਉਣਗੀਆਂ। ਦੇਖੀਂ, ਧਿਆਨ ਰੱਖੀਂ, ਜੇਕਰ ਧਿਆਨ ਨਾ ਰੱਖਿਆ ਤਾਂ ਤੇਰੇ ਜੀਵਨ ਦਾ ਅਧਾਰ ਡਗਮਗਾ ਜਾਏਗਾ ਤੇ ਪਰਦੇਸ਼ ਵਿੱਚ ਮੁਸ਼ਕਲਾਂ ਹੀ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ। ਇੰਜ ਹੀ ਸਫਲ ਜੀਵਨ ਲਈ, ਸਫਲ ਪਰਵਾਰ ਲਈ, ਸਮਾਜ ਲਈ ਜੋ ਖ਼ਤਰੇ ਪੈਦਾ ਹੋ ਜਾਂਦੇ ਹਨ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਖ਼ਤਰਿਆਂ ਤੋਂ ਸਾਨੂੰ ਸੁਚੇਤ ਕੀਤਾ ਹੈ। ਐ ਭਲੇ ਅਦਮੀ! ਜ਼ਿੰਦਗੀ ਵਿੱਚ ਤੂੰ ਪਰਮਾਤਮਾ ਨੂੰ ਨਹੀਂ ਭਲਾਉਣਾ, ਪਰਮਾਤਮਾ ਭੁਲਾਇਆਂ ਤੇਰੀ ਆਤਮਾ ਸੜ੍ਹ ਜਾਏਗੀ, ਭੁੱਜ ਜਾਏਗੀ। ਕਿਸਾਨ ਫਸਲ ਨੂੰ ਪਾਣੀ ਦੇਣਾ ਭੁੱਲ ਜਾਏ ਤਾਂ ਫਸਲ ਹੀ ਸੜ ਕਿ ਸੁਆਹ ਹੋ ਜਾਂਦੀ ਹੈ। ਰੱਬੀ ਰਾਹ ਤੇ ਤੁਰਦਿਆਂ ਜੋ ਰੁਕਾਵਟ ਹਨ, ਉਹਨਾਂ ਰੁਕਾਵਟਾਂ ਨੂੰ ਸਹਿਜ--ਅਵਸਥਾ ਵਿੱਚ ਰਹਿ ਕੇ ਪਾਰ ਕਰਨਾ ਹੈ। ਗੁਰੂ ਜੀ ਨੇ ਕਿਹਾ ਹੈ ਕਿ ਇਹਨਾਂ ਰੁਕਵਟਾਂ ਵਿੱਚ ਰਹਿੰਦਿਆਂ ਪਰਮਾਤਮਾ ਨੂੰ ਯਾਦ ਕਰਨਾ ਹੈ। ‘ਸਿਰੀਰਾਗੁ’ ਦੇ ਪਹਿਲੇ ਸ਼ਬਦ ਵਿੱਚ ਇੱਕ ਵਿਸ਼ੇਸ਼ ਚਰਚਾ ਕੀਤੀ ਗਈ ਹੈ:------

ਮੋਤੀ ਤ ਮੰਦਰ ਉਸਰਹਿ, ਰਤਨੀ ਤ ਹੋਹਿ ਜੜਾਉ॥

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥

ਮਤੁ ਦੇਖਿ ਭੁਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ॥ ੧॥

ਹਰਿ ਬਿਨੁ ਜੀਉ ਜਲਿ ਬਲਿ ਜਾਉ॥

ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ ੧॥ ਰਹਾਉ॥

ਧਰਤੀ ਤ ਹੀਰੇ ਲਾਲ ਜੜਤੀ ਪਲੰਘਿ ਲਾਲ ਜੜਾਉ॥

ਮੋਹਣੀ ਮੁਖਿ ਮਣੀ ਸੋਹੈ, ਕਰੇ ਰੰਗਿ ਪਸਾਉ॥

ਮਤੁ ਦੇਖਿ ਭੁਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ॥ ੨॥

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥

ਗੁਪਤੁ ਪਰਗਟੁ ਹੋਇ ਬੈਸਾ, ਲੋਕੁ ਰਾਖੈ ਭਾਉ॥

ਮਤੁ ਦੇਖਿ ਭੁਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ॥ ੩॥

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥

ਹੁਕਮੁ ਹਾਸਲੁ ਕਰੀ ਬੈਠਾ, ਨਾਨਕਾ ਸਭ ਵਾਉ॥

ਮਤੁ ਦੇਖਿ ਭੁਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ॥ ੪॥

ਪੰਨਾ ੧੪ –

ਸੰਸਾਰ ਤੇ ਆਉਣ ਦਾ ਕੁੱਝ ਮਨੁੱਖੀ ਮਕਸਦ ਹੈ। ਜੇ ਉਸ ਮਕਸਦ ਵਿੱਚ ਕਾਮਯਾਬ ਹੁੰਦਾ ਹੈ ਤਾਂ ਨਿਸਚੇ ਇਸ ਦੀ ਜਿੱਤ ਹੁੰਦੀ ਹੈ। ਸ਼ਬਦ ਅੰਦਰ ਰਹਾਉ ਦੀਆਂ ਤੁਕਾਂ ਸ਼ਬਦ ਦਾ ਅਕਸਰ ਕੇਂਦਰ ਬਿੰਦੂ ਹੁੰਦਾ ਹੈ ਤੇ ਬਾਕੀ ਸ਼ਬਦ ਵਿੱਚ ਰਹਾਉ ਦੀਆਂ ਤੁਕਾਂ ਦੀ ਵਿਆਖਿਆ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਕਿ ਮੈਨੂੰ ਯਕੀਨ ਆ ਗਿਆ ਹੈ; ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਪਰਮਾਤਮਾ ਨਾਲੋਂ ਵਿਛੜ ਕੇ ਜਿੰਦ ਸੜ੍ਹ ਜਾਂਦੀ ਹੈ। ਹੇ! ਵਾਹਿਗੁਰੂ! ਤੇਰੀ ਯਾਦ ਤੋਂ ਬਿਨਾਂ ਮੇਰਾ ਹੋਰ ਕੋਈ ਵੀ ਥਾਂ ਨਹੀਂ ਹੈ। ਜਿੱਥੇ ਇਹ ਮੇਰਾ ਸਾੜਾ ਖ਼ਤਮ ਹੋਵੇ।

ਸਰੀਰ ਦੇ ਦੋ ਭਾਗ ਹਨ: ਇੱਕ ਬਾਹਰਲਾ ਸਰੀਰ ਹੈ ਤੇ ਇੱਕ ਅੰਦਰਲਾ ਸਰੀਰ ਹੈ। ਅੰਦਰਲੇ ਸਰੀਰ ਨੂੰ ਆਤਮਾ ਆਖਦੇ ਹਨ। ਅਸੀ ਜਿੰਨੇ ਵੀ ਅਡੰਬਰ ਕਰਦੇ ਹਾਂ ਸਾਰੇ ਬਾਹਰਲੇ ਸਰੀਰ ਲਈ ਹੀ ਕਰਦੇ ਹਾਂ। ਹਾਂ ਅੰਦਰਲੇ ਸਰੀਰ ਲਈ ਸਾਨੂੰ ਵੱਖਰੇ ਉਪਰਾਲੇ ਕਰਨੇ ਪੈਣਗੇ। ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਮਨੁੱਖਤਾ ਨੂੰ ਚੰਗੇ ਇਨਸਾਨ, ਚੰਗੇ ਸ਼ਹਿਰੀ ਬਣਨ ਦਾ ਉਪਦੇਸ਼ ਦਿੱਤਾ ਹੈ। ਇਸ ਚੰਗੇ ਇਨਸਾਨ ਦਾ ਨਾਂ ਉਹਨਾਂ ਨੇ ਸਚਿਆਰ ਰੱਖਿਆ ਹੈ। ਗੁਰਬਾਣੀ ਅੰਦਰ ਸਚਿਆਰ ਮਨੁੱਖ ਦੀ ਘਾੜ੍ਹਤ ਘੜਨ ਤੇ ਹੀ ਜ਼ੋਰ ਦਿੱਤਾ ਗਿਆ ਹੈ। ਹੁਣ ਰਹਾੳ ਵਾਲੀ ਤੁਕ ਅੰਦਰ ਆਤਮਾ ਦੇ ਸੜਨ ਦੀ ਗੱਲ ਕੀਤੀ ਗਈ ਹੈ ਆਤਮਾ ਕਿਉਂ ਸੜ ਰਹੀ ਹੈ, ਉਸ ਦੇ ਕਾਰਨ ਦੱਸੇ ਗਏ ਹਨ ਤੇ ਨਾਲ ਹੀ ਇਲਾਜ ਵੀ ਦੱਸਿਆ ਗਿਆ ਹੈ।

ਸ਼ਬਦ ਦੇ ਪਹਿਲੇ ਬੰਦ ਅੰਦਰ ਰਤਨਾਂ ਨਾਲ ਜੜਿਆ ਹੋਇਆ ਮਕਾਨ, ਕਸਤੂਰੀ ਚੰਦਨ ਦਾ ਲੇਪ ਦੇਖ ਕੇ ਕਿਤੇ ਮਨੁੱਖ ਆਪਣੀ ਮੰਜ਼ਿਲ ਹੀ ਨਾ ਭੁੱਲ ਜਾਏ। ਰਤਨਾਂ ਦੀ ਦੀਵਾਰ ਨਹੀਂ ਬਣ ਸਕਦੀ, ਨਾ ਹੀ ਕਸਤੂਰੀ ਦਾ ਲੇਪ ਹੋ ਸਕਦਾ ਹੈ। ਇਸ ਦਾ ਭਾਵ ਅਰਥ ਹੈ ਬਹੁਤ ਹੀ ਕੀਮਤੀ ਮਕਾਨ ਹੋਵੇ, ਬਹੁਤ ਹੀ ਵਧੀਆ ਤਰੀਕੇ ਨਾਲ ਬਣਿਆ ਹੋਵੇ, ਲਕੜੀ ਦਾ ਕੰਮ ਸੁੰਦਰ ਢੰਗ-ਤਰੀਕੇ ਦਾ ਕੀਤਾ ਹੋਵੇ ਭਾਵ ਬਹੁਤ ਹੀ ਵਧੀਆ ਮਕਾਨ ਬਣਿਆ ਹੋਵੇ। ਰੰਗ ਰੋਗਨ ਵੀ ਚੰਗੀ ਕਿਸਮ ਦਾ ਹੀ ਕੀਤਾ ਹੋਵੇ। ਇਸ ਦਾ ਅਰਥ ਇਹ ਨਹੀਂ ਲੈਣਾ ਕਿ ਜੇ ਮਨੁੱਖ ਪਾਸ ਕੀਮਤੀ ਮਕਾਨ ਨਹੀਂ ਹੈ ਤਾਂ ਉਹ ਜ਼ਿਉਂਦਾ ਹੀ ਨਹੀਂ ਰਹਿ ਸਕਦਾ, ਨਹੀਂ; ਮਕਾਨ ਤਾਂ ਮਨੁੱਖ ਦੀ ਮੁੱਢਲੀ ਲੋੜ ਹੈ। ਗੁਰੂ ਤਾਂ ਕਹਿ ਰਿਹਾ ਹੈ ਕਿ ਹਰ ਆਦਮੀ ਪਾਸ ਆਪਣਾ ਘਰ ਹੋਣਾ ਚਾਹੀਦਾ ਹੈ – ਮਕਾਨ ਅੰਦਰ ਆਧੁਨਿਕ ਢੰਗ ਦੀ ਸਾਰੀ ਸਹੂਲਤ ਹੋਣੀ ਚਾਹੀਦੀ ਹੈ। ਸਮੱਸਿਆ ਓਦੋਂ ਖੜੀ ਹੁੰਦੀ ਹੈ ਜਦੋਂ ਆਦਮੀ ਅੰਦਰ ਆਲੀਸ਼ਾਨ ਮਕਾਨ ਦੇਖ ਕੇ ਚਾਉ ਪੈਦਾ ਹੁੰਦਾ ਹੈ ਤੇ ਇਹ ਚਾਉ ਹਉਮੈ ਦਾ ਰੂਪ ਧਾਰਨ ਕਰ ਜਾਂਦਾ ਹੈ। ਭਿਆਨਕ ਹਉਮੇ ਆਉਂਦਿਆਂ ਹੀ ਬੰਦਾ ਜੀਵਨ ਜਾਚ ਖੋਹ ਬੈਠਦਾ ਹੈ। ਪਰਮਾਤਮਾ ਦੀ ਸਦੀਵ ਕਾਲ ਨਿਯਮਾਵਲੀ ਵਿਸਰ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਦਿੱਤਾ ਕਿ ਆਲੀਸ਼ਾਨ ਕੋਠੀਆਂ ਬੰਗਲੇ ਹੋਵਣ, ਤੂੰ ਸੁੱਖੀ ਵੱਸ ਪਰ ਕਿਤੇ ਤੇਰੇ ਜੀਵਨ ਦੇ ਵਿੱਚ ਮਕਾਨ ਰੁਕਾਵਟ ਨਾ ਬਣ ਜਾਏ। ਬਸ, ਇਸ ਤੋਂ ਬਚਣ ਦੀ ਲੋੜ ਹੈ।

ਸਿਆਣਿਆਂ ਦਾ ਕਥਨ ਹੈ, ਜਦ ਕਿਰਸਾਨ ਕਣਕ ਬੀਜਦਾ ਹੈ ਤਾਂ ਘਾਹ ਆਦਿਕ ਨਹੀਂ ਬੀਜਦਾ –ਘਾਹ ਆਦਿਕ ਆਪਣੇ ਆਪ ਹੀ ਆ ਜਾਂਦਾ ਹੈ। ਇਸ ਫਾਲਤੂ ਘਾਹ ਨੂੰ ਮਾਰਨ ਲਈ ਦਵਾਈ ਦੀ ਜ਼ਰੂਰਤ ਪੈਂਦੀ ਹੈ। ਏਸੇ ਤਰ੍ਹਾਂ ਜਦ ਮਨੁੱਖ ਪਾਸ ਸੁੰਦਰ ਮਕਾਨ ਆ ਜਾਂਦਾ ਹੈ ਤਾਂ ਵਿਕਾਰਾਂ ਰੂਪੀ ਬਿਮਾਰੀਆਂ ਵੀ ਨਾਲ ਹੀ ਆ ਜਾਂਦੀਆਂ ਹਨ। ਘਾਹ ਨੂੰ ਮਾਰਨ ਲਈ ਦਵਾਈਆਂ ਹਨ ਤੇ ਮਾੜੀਆਂ ਆਦਤਾਂ ਨੂੰ ਮਾਰਨ ਲਈ ਗੁਰੂ ਦਾ ਗਿਆਨ ਤਥਾ ਸਤਿ ਸੰਗ ਹੈ। ਜੇ ਕਰ ਘਰ ਅੰਦਰ ਸਤਿ ਸੰਗ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਤਾਂ ਘਰ ਸਫਲ ਹੈ; ਨਹੀਂ ਤਾਂ ਘਰ ਅੰਦਰ ਵਿਕਾਰ ਜਨਮ ਲੈ ਲੈਂਦੇ ਹਨ। ਗੁਰੂ ਜੀ ਬਿਨਾ ਉਧਾਰ ਰੱਖਿਆਂ ਸਾਫ਼ ਖੁਲ੍ਹੇ ਸ਼ਬਦਾਂ ਵਿੱਚ ਆਖਦੇ ਹਨ – ਹੇ ਪਭ੍ਰ! ਮਹਿਲ ਮਾੜੀਆਂ ਦੇਖ ਕੇ ਮੈਂ ਕਿਤੇ ਤੈਨੂੰ ਨਾ ਭੁੱਲ ਬੈਠਾਂ, ਕਿਤੇ ਤੂੰ ਮੈਨੂੰ ਵਿਸਰ ਨਾ ਜਾਂਏਂ। ਕਿਤੇ ਤੇਰਾ ਨਾਮ ਮੇਰੇ ਚਿਤ ਵਿੱਚ ਟਿਕੇ ਹੀ ਨਾ:---

ਮੋਤੀ ਤ ਮੰਦਰ ਉਸਰਹਿ, ਰਤਨੀ ਤ ਹੋਹਿ ਜੜਾਉ॥

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥

ਮਤੁ ਦੇਖਿ ਭੁਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ॥

ਸ਼ਬਦ ਦੇ ਦੂਸਰੇ ਬੰਦ ਵਿੱਚ ਤਿੰਨ ਗੱਲਾਂ ਦੀ ਚਰਚਾ ਕੀਤੀ ਗਈ ਹੈ, ਪਹਿਲੀ ਚਰਚਾ, ਧਰਤੀ ਹੀਰਿਆਂ ਨਾਲ ਜੜੀ ਹੋਵੇ ਦੂਸਰਾ ਸੌਣ ਵਾਲਾ ਪਲੰਘ ਵੀ ਲਾਲਾਂ ਨਾਲ ਜੜਿਆ ਹੋਵੇ ਤੀਸਰੀ, ਇਸ ਘਰ ਦੇ ਅੰਦਰ ਸੂਝਵਾਨ ਇਸਤਰੀ ਹੋਵੇ। ਹੁਣ ਸਾਰੀ ਧਰਤੀ ਹੀਰਿਆਂ ਵਾਲੀ ਨਹੀਂ ਹੋ ਸਕਦੀ ਫਿਰ ਇਸ ਦਾ ਭਾਵ ਅਰਥ ਹੀ ਲਿਆ ਜਾਏਗਾ ਤੇ ਇਸ ਦਾ ਭਾਵ ਅਰਥ ਹੈ --- ਜਿਸ ਘਰ ਵਿੱਚ ਮੈਂ ਰਹਿ ਰਿਹਾ ਹਾਂ ਉਸ ਦਾ ਫ਼ਰਸ਼ ਬਹੁਤ ਹੀ ਵਧੀਆ ਹੋਵੇ, ਕੀਮਤੀ ਤੋਂ ਕੀਮਤੀ ਪੱਥਰ ਲੱਗਿਆ ਹੋਵੇ। ਸੌਣ ਲਈ ਸੋਹਣੇ ਪਲੰਘ ਦੀ ਮੰਗ ਕੀਤੀ ਗਈ ਹੈ। ਅੱਜ ਬਹੁਤ ਦੁਨੀਆਂ ਹੈ ਜੋ ਜ਼ਮੀਨ ਤੇ ਹੀ ਰੈਣ ਬਸੇਰਾ ਕਰਦੀ ਹੈ। ਗੁਰੂ ਜੀ ਨੇ ਇਸ ਸ਼ਬਦ ਵਿੱਚ ਚੰਗੇ ਘਰ ਤੇ ਚੰਗੇ ਫ਼ਰਸ਼ ਦੀ ਮੰਗ ਕੀਤੀ ਹੈ। ਅਰਾਮ ਕਰਨ ਲਈ ਵਧੀਆ ਬੈੱਡ ਮੰਗਿਆ ਹੈ। ਘਰ ਬੈੱਡ ਸਾਰੇ ਅਧੂਰੇ ਗਿਣੇ ਗਏ ਹਨ ਜੇ ਕਰ ਘਰ ਦੀ ਰੌਣਕ ਇਸਤ੍ਰੀ ਨਾ ਹੋਵੇ। ਬੱਤੀ ਸੁਲੱਖਣੀ ਤੇ ਭਗਤੀ ਵਾਲੀ ਨਾਰ ਹੋਵੇ। ਉਸ ਦੇ ਚੰਗੇ ਸੁਭਾਅ ਵਿੱਚ ਮਿੱਠੀ ਮੁਸਕਾਣ ਹੋਵੇ। ਜ਼ਿੰਮੇਵਾਰ ਇਸਤ੍ਰੀ, ਸੁੰਦਰ ਘਰ; ਮਨ ਨੂੰ ਲੁਭਾਏਮਾਨ ਕਰਨ ਵਾਲਾ ਫ਼ਰਸ਼, ਪਲੰਘ ਤੇ ਪਰਵਾਰ ਦਾ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਦੇ ਨਿਯਮ ਅੰਦਰ ਸਫ਼ਲ ਜ਼ਿੰਦਗੀ ਲਈ ਇਹ ਵਸਤੂਆਂ ਜ਼ਰੂਰੀ ਕਰਾਰ ਦਿੱਤੀਆਂ ਗਈਆਂ ਹਨ, ਨਾਲ ਹੀ ਤਾੜਨਾ ਕੀਤੀ ਗਈ ਹੈ ਕਿ ਇਹਨਾਂ ਦੀ ਵਰਤੋਂ ਕਰਦਿਆਂ ਪਰਮਾਤਮਾ ਦੇ ਨਿਯਮ ਵਿੱਚ ਰਹਿ ਕੇ ਸੁੰਦਰ ਸਮਾਜ ਦੀ ਸਿਰਜਣਾ ਕਰ। ਕਿਤੇ ਪਰਮਾਤਮਾ ਨੂੰ ਵਿਸਾਰ ਹੀ ਨ ਦੇਵੀਂ। ਇਸ ਘਰ ਵਿਚੋਂ ਕਿਸੇ ਲੋੜਵੰਦ ਦੀ ਲੋੜ ਵੀ ਪੂਰੀ ਕਰੀਂ – ਪੂਰਾ ਵਾਕ ਇਸ ਤਰ੍ਹਾਂ ਹੈ।

ਧਰਤੀ ਤ ਹੀਰੇ ਲਾਲ ਜੜਤੀ ਪਲੰਘਿ ਲਾਲ ਜੜਾਉ॥

ਮੋਹਣੀ ਮੁਖਿ ਮਣੀ ਸੋਹੈ, ਕਰੈ ਰੰਗਿ ਪਸਾਉ॥

ਮਤੁ ਦੇਖਿ ਭੁਲਾ ਵਿਸਰੈ, ਤੇਰਾ ਚਿਤਿ ਨ ਆਵੈ ਨਾਉ॥

ਸ਼ਬਦ ਦੇ ਤੀਸਰੇ ਬੰਦ ਵਿੱਚ ਇੱਕ ਖ਼ਤਰਨਾਕ ਮੋੜ ਤੋਂ ਸੁਚੇਤ ਕੀਤਾ ਹੈ। ਇਸ ਮੋੜ ਵਿੱਚ ਕਰਾਮਾਤ ਦੀ ਤਾਕਤ ਤੇ ਉਸ ਦੀ ਵਰਤੋਂ ਕੀਤਿਆਂ ਨਿਕਲੇ ਨਤੀਜਿਆਂ ਤੋਂ ਸਾਵਧਾਨ ਕੀਤਾ ਹੈ। ਹਰ ਆਦਮੀ ਇਹ ਚਾਹੁੰਦਾ ਹੈ ਕਿ ਮੇਰੇ ਪਾਸ ਅਜੇਹੀ ਤਾਕਤ ਆ ਜਾਏ ਜਿਸ ਦੁਆਰਾ ਜੋ ਚਾਹਾਂ ਉਹ ਮੈਂ ਪ੍ਰਾਪਤ ਕਰ ਲਵਾਂ। ਜੋਗੀਆਂ ਸਿੱਧਾਂ ਨੇ ਬੰਦਗੀ ਕਰਕੇ ਏਹੀ ਕੁੱਝ ਪ੍ਰਾਪਤ ਕੀਤਾ। ਆਪਣੀ ਇਸ ਇਕਾਗਰਤਾ ਦੁਆਰਾ ਰੱਬੀ ਨਿਯਮ ਤੋੜਨ ਲੱਗ ਪਏ। ਆਮ ਲੁਕਾਈ ਇਹਨਾਂ ਤੋਂ ਡਰਨ ਲੱਗ ਪਈ, ਕਿਤੇ ਇਹ ਸਰਾਪ ਨਾ ਦੇ ਦੇਣ। ਦੂਸਰਾ ਇਸ ਲਈ ਮਾਨਤਾ ਕਰਨ ਲੱਗ ਪਏ ਕਿ ਕਰਾਮਾਤ ਦੁਆਰਾ ਸਾਨੂੰ ਸੰਸਾਰ ਦੀਆਂ ਵਸਤੂਆਂ ਮਿਲ ਜਾਣ। ਗੁਰੂ ਨਾਨਕ ਸਾਹਿਬ ਜੀ ਨੇ ਅਜੇਹੀ ਕਰਾਮਾਤ ਨੂੰ ਅਵਰਾ ਸਾਦ ਆਖ ਕੇ ਦੁਰਕਾਰਿਆ ਹੈ। ਏਸੇ ਸੰਦਰਭ ਵਿੱਚ ਆਦਮੀ ਪਾਸ ਧਨ ਦੌਲਤ ਆ ਗਈ, ਇਹ ਵੀ ਇੱਕ ਕਰਾਮਾਤ ਹੈ। ਅਚਾਨਕ ਦੌਲਤ ਆ ਜਾਣੀ, ਦਿਨਾਂ ਵਿੱਚ ਹੀ ਅਮੀਰ ਬਣ ਜਾਣਾ, ਫਿਰ ਜਿੱਥੇ ਮੈਂ ਚਾਹਾਂ ਆ ਸਕਦਾ ਹੋਵਾਂ, ਜਾ ਸਕਦਾ ਹੋਵਾਂ, ਧਨ ਦੌਲਤ ਦੀ ਆਈ ਕਰਾਮਾਤ ਦੁਆਰਾ ਸਹਿਜੇ ਹੀ ਲੋਕ ਮੇਰਾ ਅੱਗੇ ਨਾਲੋਂ ਵੀ ਵੱਧ ਸਤਿਕਾਰ ਕਰਨ ਲੱਗ ਜਾਣ। ਇਸ ਬੰਦ ਅੰਦਰ ਕਰਾਮਾਤ ਦੀ ਗੱਲ ਕੀਤੀ ਗਈ ਹੈ। ਇੱਕ ਤਾਂ ਜੋਗੀਆਂ ਵਾਲੀ ਕਰਾਮਾਤ, ਜੋ ਅੱਜ ਕਲ੍ਹ ਦੇ ਪਾਖੰਡੀ ਸਾਧ ਬਾਬਿਆਂ ਵਿੱਚ ਪਾਖੰਡੀ ਕਰਾਮਾਤ ਦੇਖੀ ਜਾ ਸਕਦੀ ਹੈ। ਦੂਸਰਾ ਧਨ ਦੌਲਤ ਦੀ ਕਰਾਮਾਤ ਹੈ ਤੇ ਇਸ ਦੌਲਤ ਦੁਆਰਾ ਜਿੱਥੇ ਚਾਹਾਂ ਜਾ ਸਕਦਾ ਹੋਵਾਂ। ਗੁਰੂ ਜੀ ਨੇ ਇਸ ਨੂੰ ਖ਼ਤਰਨਾਕ ਮੋੜ ਦੱਸਿਆ ਹੈ। ਇਸ ਮੋੜ ਤੇ ਆ ਕਿ ਮੈਂ ਕੁਦਰਤੀ ਨਿਯਮਾਵਲੀ ਤੋੜ ਸਕਦਾ ਹਾਂ। ਸਮਾਜ ਵਿੱਚ ਕਰਾਮਾਤ ਦੇ ਜ਼ੋਰ ਕਰਕੇ ਰੱਬ ਜੀ ਨੂੰ ਭੁੱਲ ਸਕਦਾ ਹਾਂ। ਗੁਰਦੇਵ ਪਿਤਾ ਦੱਸਦੇ ਹਨ, ਜੇ ਕਰ ਸਾਰੀਆਂ ਤਾਕਤਾਂ ਆ ਜਾਣ ਤਾਂ ਮੈਂ ਕਿਤੇ ਤੇਰਾ ਨਾਮ ਨਾ ਭੁੱਲ ਜਾਵਾਂ, ਇਹ ਤੂੰ ਮਿਹਰ ਕਰੀਂ। ਤੇਰੀ ਕ੍ਰਿਪਾ ਕਰਕੇ ਹੀ ਮੇਰੇ ਹਿਰਦੇ ਵਿੱਚ ਤੇਰਾ ਨਾਮ ਟਿਕ ਸਕਦਾ ਹੈ – ਮੂਲ ਪਾਠ ਇਸ ਤਰ੍ਹਾਂ ਹੈ ---

ਸਿਧੁ ਹੋਵਾ ਸਿਧਿ ਲਾਈ, ਰਿਧਿ ਆਖਾ ਆਉ॥

ਗੁਪਤੁ ਪਰਗਟੁ ਹੋਇ ਬੈਸਾ, ਲੋਕੁ ਰਾਖੈ ਭਾਉ॥

ਮਤੁ ਦੇਖਿ ਭੁਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ॥

ਸ਼ਬਦ ਦੇ ਅਖੀਰਲੇ ਬੰਦ ਵਿੱਚ ਇੱਕ ਉਹ ਲਾਲਸਾ ਪ੍ਰਗਟਾਈ ਹੈ, ਜਿਸ ਨੂੰ ਹਰ ਆਦਮੀ ਚਾਹੁੰਦਾ ਹੈ ਪਰ ਇਹ ਹੋ ਨਹੀਂ ਸਕਦੀ। ਇਹ ਲਾਲਸਾ ਹੈ ਬਾਦਸ਼ਾਹ ਬਣਨ ਦੀ। ਹਾਕਮ ਬਣ ਕੇ ਫ਼ੌਜਾਂ ਇਕੱਠੀਆਂ ਕਰਾਂ, ਮੇਰਾ ਆਪਣਾ ਤੱਖਤ ਹੋਵੇ, ਸੁਤੰਤਰ ਬਾਦਸ਼ਾਹ ਹੋਵਾਂ। ਹੁਣ ਮਸਲਾ ਇਹ ਹੈ ਕਿ ਸਾਰੇ ਬਾਦਸ਼ਾਹ ਬਣ ਨਹੀਂ ਸਕਦੇ। ਇਹਨਾਂ ਤੁਕਾਂ ਵਿੱਚ ਇੱਕ ਰਾਜ਼ ਛੁਪਿਆ ਹੋਇਆ ਹੈ ਕਿ ਬਾਦਸ਼ਾਹਾਂ ਵਾਲੀ ਜ਼ਿੰਦਗੀ ਹੋਵੇ। ਗੱਲ ਕੀ ਹਰ ਪਰਕਾਰ ਦੀ ਸਹੂਲਤ ਹੋਵੇ, ਸ਼ਹਿਰੀ ਅਜ਼ਾਦੀ ਦਾ ਅਨੰਦ ਮਾਣਦਾ ਹੋਵਾਂ, ਸਮਾਜ ਭਾਈਚਾਰੇ ਵਿੱਚ ਮੇਰਾ ਨਾਂ ਹੋਵੇ, ਚਾਰ ਆਦਮੀ ਮੇਰੇ ਨਾਲ ਤੁਰਨ ਵਾਲੇ ਹੋਣ। ਹੁਣ ਬਾਣੀ ਸਾਰੀ ਮਨੁੱਖ ਜਾਤੀ ਲਈ ਹੈ, ਇਸ ਦਾ ਅਰਥ ਹੈ ਜੋ ਹਰ ਮਨੁੱਖ ਨੂੰ ਇੱਕ ਸੁਨੇਹਾਂ ਮਿਲਦਾ ਹੈ ਕਿ ਐ ਬੰਦਿਆ! ਤੂੰ ਕਿਸੇ ਬਾਦਸ਼ਾਹ ਨਾਲੋਂ ਘੱਟ ਨਹੀਂ ਏ, ਵਹਿਗੁਰੂ ਜੀ ਬਖਸ਼ਿਸ਼ ਕਰਨ ਤੂੰ ਸੁਲਤਾਨ ਹੋਵੇਂ ਤੇਰ ਪਾਸ ਫ਼ੌਜਾਂ ਹੋਵਣ ਤੱਖਤ ਹੋਵੇ, ਪਰ ਦੇਖੀਂ ਕਿਤੇ ਕੁਦਰਤ ਦਾ ਨਿਯਮ ਨਾ ਤੋੜੀਂ। ਰੱਬੀ ਨਿਯਮਾਵਲੀ ਤੋੜਨੀ ਰੱਬ ਨੂੰ ਭੁੱਲਣ ਵਾਲੀ ਗੱਲ ਹੈ। ਬਾਦਸ਼ਾਹ ਬਣਕੇ ਜ਼ੁਲਮ ਵਾਲੀ ਬਿਰਤੀ ਨਾ ਅਪਨਾਈ। ਸਭ ਨਾਲ ਇਨਸਾਫ਼ ਕਰੀਂ, ਰੱਬੀ ਗੁਣਾਂ ਨੂੰ ਚੇਤੇ ਕਰੀਂ, ਜੀਵਨ ਜਾਚ ਨਾ ਭੁੱਲ ਬੈਠੀਂ। ਅਖੀਰਲੇ ਬੰਦ ਅੰਦਰ ਗੁਰੂ ਜੀ ਦਾ ਇਲਾਹੀ ਫੁਰਮਾਣ ਹੈ:---

ਸੁਲਤਾਨੁ ਹੋਵਾ ਮੇਲਿ ਲਸਕਰ, ਤਖਤਿ ਰਾਖਾ ਪਾਉ॥

ਹੁਕਮੁ ਹਾਸਲੁ ਕਰੀ ਬੈਠਾ, ਨਾਨਕਾ ਸਭ ਵਾਉ॥

ਮਤੁ ਦੇਖਿ ਭੁਲਾ ਵੀਸਰੈ, ਤੇਰਾ ਚਿਤਿ ਨ ਆਵੈ ਨਾਉ॥

ਮੁੱਕਦੀ ਗੱਲ ਇਹ ਕਿ ਪਰਮਾਤਮਾ ਨਾਲੋਂ ਵਿਛੜ ਕੇ ਜਿੰਦ ਸੜ ਜਾਂਦੀ ਹੈ, ਵਿਛੜਨ ਦਾ ਕਾਰਨ ਚੰਗਾ ਮਕਾਨ, ਵਧੀਆ ਫ਼ਰਸ਼, ਸੁੰਦਰ ਇਸਤ੍ਰੀ; ਕਰਾਮਾਤ ਤੇ ਬਾਦਸ਼ਾਹੀ ਠਾਠ ਹੋ ਸਕਦਾ ਹੈ --- ਗੁਰੂ ਦਾ ਭਾਵ ਹੈ ਇਹ ਵਸਤੂਆਂ ਹੋਵਣ ਪਰ ਪਰਮਾਤਮਾ ਨਾਲ ਵਿੱਥ ਨਹੀਂ ਪੈਣੀ ਚਾਹੀਦੀ, ਜਿਸ ਨਾਲ ਜੀਵਨ ਜਾਚ ਹੀ ਵਿਸਰ ਜਾਏ। ਸਫਲ ਮਨੁੱਖ ਉਸ ਨੂੰ ਹੀ ਗਿਣਿਆ ਜਾ ਸਕਦਾ ਹੈ ਜੋ ਸੰਸਾਰ ਵਿੱਚ ਰਹਿੰਦਾ ਹੋਇਆ ਨਿੰਰਕਾਰ ਨਾਲ ਜੁੜਿਆ ਹੋਵੇ। ਗੁਰੂ ਜੀ ਦੀ ਬਾਣੀ ਦਾ ਇੱਕ ਇਕ ਅੱਖਰ ਮਨੁੱਖ ਲਈ ਜੀਵਨ ਜਾਚ ਹੈ।




.