.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 08)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਵਿਸ਼ੇਸ਼ 1. ਮਲੇਛ’ ਤੇ ‘ਅਭਾਖਿਆ’ ਪਦਾਂ ਦੀ ਵਰਤੋਂ? - ਇਸ ਸਲੋਕ `ਚ ਮਲੇਛ `ਤੇ ਅਭਾਖਿਆ ਦੋਵੇਂ ਪਦ ਖਾਸ ਧਿਆਨ ਮੰਗਦੇ ਹਨ। ਇਹ ਦੋਵੇਂ ਪਦ ਗੁਰੂ ਪਾਤਸ਼ਾਹ ਨੇ ਆਪਣੇ ਵਲੋਂ ਨਹੀਂ, ਬਲਕਿ ਬ੍ਰਾਹਮਣਾਂ `ਤੇ ਖਤ੍ਰੀਆਂ ਦੀ ਬੋਲੀ `ਚ ਹੀ ਵਰਤੇ ਹਨ। ‘ਮਲੇਛ’ ਦੇ ਅਰਥ ਹਨ ‘ਮਲੀਨ ਬੁੱਧੀ’ ਵਾਲੇ। ਹਿੰਦੂ ਲੋਕ, ਮੁਸਲਮਾਨਾਂ ਨੂੰ ਮਲੇਛ ਇਸ ਲਈ ਸੱਦਦੇ ਸਨ, ਇੱਕ ਤਾਂ ਉਹ ਬੁੱਤ ਖਾਣਿਆਂ (ਮੰਦਰਾਂ-ਸ਼ਿਵਾਲਿਆਂ) ਤੇ ਬੁੱਤਾਂ (ਮੂਰਤੀਆਂ) ਨੂੰ ਤੋੜਣ `ਚ ਯਕੀਨ ਰਖਦੇ। ਦੂਜਾ-ਬੁੱਤ ਪ੍ਰਸਤ ਹੋਣ ਕਾਰਣ ਹਿੰਦੂਆਂ ਨੂੰ ਕਾਫ਼ਿਰ (ਨਾਸਤਿਕ) ਮੰਨਦੇ। ਤੀਜਾ-ਹਿੰਦੂਆਂ ਦਾ ਕਤਲ ਜਾਂ ਇਨ੍ਹਾਂ ਉਪਰ ਵੱਧ ਤੋਂ ਵੱਧ ਜ਼ੁਲਮ ਕਰਨ `ਚ ਵਿਸ਼ਵਾਸ ਰਖਦੇ। ਚੌਥਾ-ਗਊ, ਜਿਸਨੂੰ ਹਿੰਦੂ, ਮਾਤਾ ਮੰਨਦੇ ਤੇ ਪੂਜਦੇ ਹਨ-ਮੁਸਲਮਾਨ, ਗਊ ਕਸ਼ੀ ਨੂੰ ਸੁਆਬ (ਵਧੀਆ ਕੰਮ) ਮੰਨਦੇ ਤੇ ਗਊ ਦਾ ਮਾਸ ਵੀ ਖਾਂਦੇ ਸਨ। ਪੰਜਵਾਂ-ਹਿੰਦੂ ਮੁਰਦੇ ਨੂੰ ਸਾੜਣਾ ਧਰਮ-ਕਰਮ ਮੰਨਦੇ ਹਨ ਜਦਕਿ ਮੁਸਲਮਾਨ ਮੁਰਦੇ ਨੂੰ ਦਫਨਾਉਣ `ਚ ਵਿਸ਼ਵਾਸ ਰਖਦੇ ਸਨ-ਅਜੇਹੇ ਕੁੱਝ ਕਾਰਨਾਂ ਕਰਕੇ ਹਿੰਦੂ ਲੋਕ, ਮੁਸਲਮਾਨਾਂ ਨੂੰ ਮਲੇਛ (ਮਲੀਨ ਬੁਧੀ) ਸੱਦਦੇ ਸਨ।

ਹੁਣ ਗਲ ਆਉਂਦੀ ਹੈ ਅਭਾਖਿਆ ਦੀ। ਇੱਕ ਪਾਸੇ ਤਾਂ ਬ੍ਰਾਹਮਣ ਰਾਹੀ ਚਿਰਾਂ ਤੋਂ ਵਿਸ਼ਵਾਸ ਦਿੱਤਾ ਜਾ ਰਿਹਾ ਸੀ ਕਿ ਸੰਸਕ੍ਰਿਤ, ਬ੍ਰਹਮਾ ਦੀ ਉਚਾਰਣ ਕੀਤੀ ਬ੍ਰਹਮ-ਭਾਸ਼ਾ ਹੈ। ਇਸੇ ਲਈ, ਇਸਦੀ ਲਿਪੀ ਨੂੰ ਉਸਨੇ ਦੇਵਨਾਗਰੀ, ਭਾਵ ਦੇਵਤਿਆਂ ਦੀ ਲਿਪੀ ਦਾ ਨਾਂ ਦਿੱਤਾ ਹੋਇਆ ਸੀ। ਇਸੇ ਲਈ ਬ੍ਰਾਹਮਣਾਂ-ਹਿੰਦੂਆਂ ਅਨੁਸਾਰ ਉਨ੍ਹਾਂ ਮਲੇਛਾਂ (ਮੁਸਲਮਾਨਾ) ਰਾਹੀਂ ਵਰਤੀਆਂ ਜਾ ਰਹੀਆਂ ਅਰਬੀ, ਫਾਰਸੀ, ਉਰਦੂ ਭਾਸ਼ਾਵਾਂ ਚੂੰਕਿ ਦੇਵ ਜਾਂ ਬ੍ਰਹਮ ਭਾਸ਼ਾਵਾਂ ਨਹੀਂ ਹਨ ਹਿੰਦੂਆਂ ਅਨੁਸਾਰ ਇਹ ਨਾ ਬੋਲਣ ਤੇ ਨਾ ਪੜ੍ਹਣ ਜੋਗ ਭਾਸ਼ਾਵਾਂ (ਅਭਾਖਿਆ) ਸਨ। ਅਪਣੀ ਇਸੇ ਸੋਚਨੀ ਕਾਰਨ ਹਿੰਦੂ ਉਨ੍ਹਾਂ ਦੀਆਂ ਭਾਸ਼ਾਵਾਂ ਨੂੰ ‘ਅਭਾਖਿਆ’ ਪ੍ਰਚਾਰਦੇ-ਮੰਨਦੇ ਸਨ। ਇਥੇ ਗੁਰੂ ਸਾਹਿਬ ਕੇਵਲ ਬ੍ਰਾਹਮਣਾ-ਖਤ੍ਰੀਆਂ ਦੀ ਬੋਲੀ `ਚ ਹੀ ‘ਮਲੇਛ’ ਤੇ ‘ਅਭਾਖਿਆ’ ਵਾਲੀ ਸ਼ਬਦਾਵਲੀ ਵਰਤਕੇ, ਉਨ੍ਹਾਂ ਦੀ ਕਮੀ, ਉਨ੍ਹਾਂ ਨੂੰ ਉਨ੍ਹਾ ਦੀ ਬੋਲੀ `ਚ ਹੀ ਸਮਝਾ ਰਹੇ ਹਨ।

2. ਮਾਣਸ ਖਾਣੇ ਕਰਹਿ ਨਿਵਾਜ- ਕਾਜੀ’ ਕਿੱਤਾ ਹੈ ਜਿਸਦਾ ਅਰਥ ਹੈ ਕਿ ਉਸਨੇ ਕੁਰਾਨ ਸ਼ਰੀਫ਼ ਮੁਤਾਬਕ ਹਰੇਕ ਨਾਲ ਇਨਸਾਫ਼ ਕਰਨਾ ਹੈ, ਕਿਸੇ ਨਾਲ ਜ਼ਿਆਦਤੀ-ਧੱਕਾ ਨਹੀਂ ਹੋਣ ਦੇਣਾ। ਫ਼ਿਰ ਉਨ੍ਹਾਂ ਦੇ ਹੀ ਮੁਸਲਮਾਨ ਹਾਕਮ ਜੋ ਜਾਹਿਰਾ ਇਹੀ ਕਹਿੰਦੇ ਹਨ ‘ਉਹਨਾਂ ਦਾ ਨਿਆਂ ਸ਼ਰਹ ਮੁਤਾਬਕ ਤੇ ਸੱਚਾ ਹੈ’। ਪਰ ਧਰਮ ਦੇ ਜਨੂੰਨ `ਚ ਅੰਨੇ ਹੋਏ ਇਹ ਲੋਕ ਮਜ਼ਲੂਮਾਂ-ਬੇਕਸੂਰਾਂ-ਗ਼ਰੀਬਾਂ ਉਪਰ ਕਹਿਰਾਂ ਦੇ ਜੁਲਮ ਢਾਂਦੇ ਸਨ। ਇਸਤਰ੍ਹਾਂ ਜ਼ੁਲਮ ਕਰਦੇ ਇਨ੍ਹਾਂ ਨੂੰ ਤਰਸ-ਸ਼ਰਮ ਵੀ ਨਹੀ ਸੀ ਹੁੰਦੀ। ਫ਼ਿਰ ਵੀ ਪੰਜ ਨਮਾਜਾਂ ਅਦਾ ਕਰਕੇ ਅਤੇ ਅਪਣਾ ਧਾਰਮਕ ਨੀਯਮ ਪੂਰਾ ਕਰਕੇ ਹੀ ਸਮਝ ਲੈਂਦੇ ਸਨ ਕਿ ਉਹ ਪੱਕੇ ਧਰਮੀ ਹਨ। ਪਾਤਸ਼ਾਹ ਸਪੱਸ਼ਟ ਕਰਦੇ ਹਨ ਕਿ ਜੀਵਨ ਕਰਕੇ ਧਰਮੀ ਬੰਦਾ ਕਦੇ ਜ਼ਾਲਮ ਨਹੀਂ ਹੁੰਦਾ ਅਤੇ ਧਰਮ ਬਾਹਰਲੇ ਕਰਮਾਂ ਜਾਂ ਦਿਖਾਵੇ-ਪਹਿਰਾਵੇ ਦਾ ਨਾਂ ਨਹੀਂ। ਧਰਮ ਆਦਰਸ਼ਕ, ਸਦਾਚਾਰਕ ਜੀਵਨ ਤੇ ਉਚੇ ਆਚਰਣ ਦਾ ਨਾਂ ਹੈ। ਬੇਕਸੂਰਾਂ, ਮਜ਼ਲੂਮਾਂ `ਤੇ ਜ਼ੁਲਮਾਂ ਨਾਲ ਭਰਪੂਰ ਜੀਵਨ; ਕੇਵਲ ਬਾਹਰੀ ਦਿਖਾਵੇ ਦੇ ਕਰਮਾਂ ਜਾਂ ਪਹਿਰਾਵੇ ਕਰਕੇ, ਅਲ੍ਹਾ ਦੀ ਦਰਗਾਹ `ਚ ਕਬੂਲ ਨਹੀਂ ਹੁੰਦਾ।

3.’ਛੁਰੀ ਵਗਾਇਨਿ ਤਿਨ ਗਲਿ ਤਾਗ’ -– ‘ਤਾਗ’ ਦੇ ਅਰਥ ਹਨ ‘ਜਨੇਉ’ -ਵਿਚਾਰਾਧੀਨ ਸਲੋਕ `ਚ ਪਾਤਸ਼ਾਹ ਨੇ ਅਜੇਹੇ ਖਤ੍ਰੀਆਂ ਦੀ ਕਲਈ ਖੋਲ੍ਹੀ ਹੈ। ਦਸਿਆ ਹੈ, ਕਿਸਤਰ੍ਹਾਂ ਇਹ ਲੋਕ ਉਂਝ ਤਾਂ ਅਪਨੇ ਆਪ ਨੂੰ ਅਣਖੀਲੇ ਤੇ ਦੂਜੇ ਵਰਣਾ ਦਾ ਜੁਝਾਰੂ ਅੰਗ ਅਖਵਾਉਦੇ ਹਨ। ਪਰ ਅਪਣੇ ਮੁਸਲਮਾਨ ਹਾਕਮਾਂ ਦੀ ਖੁਸ਼ਨੂਦੀ `ਤੇ ਅਹੁਦਿਆਂ ਦੀ-ਰੁੱਤਬਾ ਲਾਲਚ `ਚ ਅਪਣੇ ਹੀ ਜਾਤ ਭਾਈਆਂ ਤੇ ਜ਼ੁਲਮ ਕਰਨ `ਚ ਸਭ ਤੋਂ ਅਗੇ ਰਹਿੰਦੇ ਹਨ। ਇਸਦੇ ਬਾਵਜੂਦ ਕੇਵਲ ਕੁੱਝ ਬਾਹਰੀ ਧਾਰਮਕ ਕਰਮਾਂ `ਚ ਰੁੱਝੇ ਰਹਿਕੇ ਹੀ, ਆਪਣੇ ਆਪ ਨੂੰ ਸੱਚੇ ਧਰਮੀ ਤੇ ਖਤ੍ਰੀ ਹੀ ਮੰਨਦੇ ਹਨ। ਦਰਅਸਲ ਮੁਗ਼ਲ ਹਾਕਮਾਂ ਨੇ ਇਨ੍ਹਾਂ ਖੱਤ੍ਰੀਆਂ ਨੂੰ ਸ਼ੁਰੂ ਤੋਂ ਹੀ ਆਪਣਾ ਹੱਥਠੋਕਾ ਤੇ ਟਾਉਟ ਬਣਾਕੇ ਵਰਤਿਆ ਸੀ। ਚੇਤੇ ਰਹੇ! ਹਾਕਮ ਲੋਕ ਬਹੁਤਾ ਕਰਕੇ ਇਨ੍ਹਾਂ ਖਤ੍ਰੀਆਂ ਦੇ ਮੋਢੇ `ਤੇ ਬੰਦੂਕ ਰਖ ਕੇ ਤੇ ਅਗੇ ਲਾ ਕੇ, ਇਨ੍ਹਾਂ ਦੇ ਹੀ ਜਾਤ ਭਾਈਆਂ ਉਪਰ ਜ਼ੁਲਮ-ਧੱਕਾ ਕਰਵਾਉਂਦੇ ਸਨ।

ਗਲਾਂ `ਚ ਤਾਂ ਇਹਨਾਂ ਨੇ ਜਨੇਊ ਪਾਏ ਹੁੰਦੇ, ਘਰਾਂ ਅੰਦਰ ਪੂਜਾ-ਅਰਚਾ ਵੇਲੇ ਲੰਮੇ ਤਿਲਕ ਲਾਉਂਦੇ, ਗੇਰੂਆ ਧੋਤੀਆਂ ਬੰਨਦੇ ਸਨ। ਇਹ ਲੋਕ ਅਪਣੀ ਰੋਟੀ-ਰੋਜੀ ਲਈ ਉਹਨਾਂ ਮੁਗਲ ਹਾਕਮਾਂ ਦੇ ਤਲੁਏ ਚੱਟਦੇ, ਚਾਪਲੂਸੀਆਂ ਕਰਦੇ-ਜਿੰਨ੍ਹਾਂ ਨੂੰ ਅੰਦਰਖਾਤੇ ਮਲੇਛ (ਮਲੀਨ ਬੁਧੀ) ਆਖਦੇ। ਫ਼ਿਰ ਉਨ੍ਹਾਂ ਹੀ ‘ਮਲੇਛਾਂ’ ਦੀਆਂ ਨਜ਼ਰਾਂ `ਚ ਸਰਕਾਰੀ ਦਰਬਾਰੇ ਵਧ ਤੋਂ ਵਧ ਕਬੂਲ ਹੋਣ ਲਈ-ਜਾਗੀਰਾਂ, ਨਜ਼ਰਾਨੇ, ਖਿੱਲਤਾਂ, ਉਹਦੇ ਲੈਣ ਲਈ, ਨੀਲੇ ਕਪੜੇ ਵੀ ਪਹਿਨਦੇ ਸਨ। ਪਰ ਕਰਮ ਕਰਕੇ ਮਜ਼ਲੂਮਾਂ-ਬੇਕਸੂਰਾਂ ਉਪਰ ਜ਼ੁਲਮ ਧੱਕਾ ਤੇ ਉਨ੍ਹਾਂ ਕੋਲੋ ਵੱਡੀਆਂ ਲੈਣ ਸਮੇਂ ਅਸਲ `ਚ ਇਹ ਵੱਡੇ ਕਸਾਈ ਸਨ।

4. ਅਭਾਖਿਆ ਕਾ ਕੁਠਾ ਬਕਰਾ ਖਾਣਾ- ਅਪਣੇ ਘਰ ਅੰਦਰ ਭੋਜਨ ਤਿਆਰ ਕਰਨ ਲਈ ਚਉਕੇ ਕਾਰਾਂ ਸਮੇਂ ਪੂਰੇ ਬ੍ਰਾਹਮਣੀ ਤੇ ਸ਼ਾਸਤ੍ਰਾਂ ਦੇ ਨੀਯਮ ਵਰਤਦੇ। ਗੋਬਰ ਦੇ ਪੋਚੇ, ਕਾਰਾਂ, ਸੁੱਚਮਾਂ ਦਾ ਪੂਰਾ-ਪੂਰਾ ਧਿਆਨ ਕਰਦੇ। ਚੁਲੀਆਂ ਕਰ-ਕਰਕੇ ਸਮਝ ਲੈਂਦੇ ‘ਅਸੀਂ ਸੁੱਚੇ ਹੋ ਗਏ ਹਾਂ’। ਦੂਜੇ ਪਾਸੇ-ਇਨ੍ਹਾਂ ਖਤ੍ਰੀਆਂ ਦੀ ਜ਼ਲਾਲਤ ਦੀ ਹੱਦ ਇਹ ਸੀ ਕਿ ਜਿਸ ਅਰਬੀ-ਫਾਰਸੀ-ਉਰਦੂ ਭਾਸ਼ਾ ਨੂੰ ਅਭਾਖਿਆ (ਨਾ ਬੋਲਣ ਜੋਗ ਮਲੇਛਾਂ ਦੀ ਭਾਸ਼ਾ) ਪਚਾਰਦੇ ਸਨ, ਫ਼ਿਰ ਉਸੇ ਹੀ ਭਾਸ਼ਾ `ਚ ਕਲਮਾਂ ਪੜ੍ਹਕੇ ਬਣਾਏ ਹੋਏ ਬਕਰੇ, ਜਿਸਨੂੰ ਇਹ ਅਪਣੀ ਬੋਲੀ `ਚ ‘ਕੁਠਾ’ ਕਹਿੰਦੇ ਸਨ, ਉਸ ਅਪਣੇ ਅਖਉਤੀ ‘ਸੁੱਚੇ’ ਕੀਤੇ ਚਉਕਿਆਂ `ਚ ਰਿੰਨਦੇ ਵੀ ਆਪ ਹੀ ਸਨ। ਗਲ ਸਮਝ ਆ ਜਾਣ ਤੇ ਤਾਂ ਇਥੇ ਵੀ ਇਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਥੇ ਵੀ ਬਕਰੇ ਨੂੰ ਭੋਜਨ ਹੀ ਪ੍ਰਵਾਨਿਆ ਹੈ, ਚੋਟ ਕੀਤੀ ਹੈ ਤਾਂ ਉਨ੍ਹਾਂ ਲੋਕਾਂ ਦੀ ਕਰਨੀ-ਰਹਿਣੀ ਦਿਖਾਵੇ ਉਪਰ।

5. ਹਥਿ ਛੁਰੀ ਜਗਤ ਕਾਸਾਈ- ਇਸਤੋਂ ਬਾਦ ਗਲ ਆ ਜਾਂਦੀ ਹੈ ‘ਹਥਿ ਛੁਰੀ ਜਗਤ ਕਾਸਾਈ’ ਵਾਲੀ। ਇਹ ਨੁੱਕਤਾ ਵੀ ਸਮਝਣ ਵਾਲਾ ਹੈ। ਇੱਕ ਤਾਂ ਉਹ ਲੋਕ ਹਨ ਜਿਨ੍ਹਾਂ ਦਾ ਪੇਸ਼ਾ ਹੀ ਕਸਾਈ ਹੈ ਅਤੇ ਅਪਣੇ ਪੇਸ਼ੇ ਤੀਕ ਸੀਮਤ ਹੁੰਦੇ ਹਨ। ਦੂਜੇ ਇਹ ਬ੍ਰਾਹਮਣ-ਖਤ੍ਰੀ ਜਿਹੜੇ ਕਿੱਤੇ ਕਰਕੇ ਤਾਂ ਕਸਾਈ ਨਹੀਂ, ਧਰਮੀ ਹਨ। ਗੁਰਦੇਵ ਫ਼ੁਰਮਾਂਦੇ ਹਨ, ਅਸਲ `ਚ ਇਹੀ ਵੱਡੇ ਕਸਾਈ ਹਨ। ਕਿਉਂਕਿ ਇਹ ਖਤ੍ਰੀ ਜਿਹੜੇ ਆਪਣੇ ਧਰਮੀ ਹੋਣ ਦਾ ਨਾਟਕ ਤਾਂ ਬੜਾ ਕਰਦੇ ਹਨ ਪਰ ਵੱਢੀ ਲੈਣ ਜਾਂ ਗ਼ਰੀਬਾਂ-ਮਜ਼ਲੂਮਾਂ-ਬੇਕਸੂਰਾਂ `ਤੇ ਜ਼ੁਲਮ ਕਰਨ ਵੇਲੇ, ਇਨ੍ਹਾਂ ਦੇ ਹੱਥਾਂ `ਚ ਮਾਨੋ ਹਰ ਸਮੇਂ ਜ਼ੁਲਮ ਦੀ ਛੁਰੀ ਫੜੀ ਰਹਿੰਦੀ ਹੈ। ਉਨ੍ਹਾਂ ਮਜ਼ਲੂਮਾਂ, ਬੇਕਸੂਰਾਂ, ਮਜਬੂਰਾਂ ਤੇ ਉਕਾ ਤਰਸ ਨਹੀਂ ਖਾਂਦੇ। ਫ਼ਿਰ ਵੀ ਦਿਖਾਵੇ ਦੇ ਧਰਮ ਕਰਮ ਕਰਕੇ ਹੀ ਮਾਣ ਕਰਦੇ ਹਨ ਕਿ ਅਸੀਂ ਵਡੇ ਧਰਮੀ ਹਾਂ, ਦਰਅਸਲ ਇਹੀ ਹਨ ਸੰਸਾਰ ਪੱਧਰ ਦੇ ਵੱਡੇ ਕਸਾਈ।

6. ਤਿਨ ਘਰਿ ਬ੍ਰਹਮਣ ਪੂਰਹਿ ਨਾਦ- ਗੁਰਦੇਵ ਨੇ ਇਥੇ ਧਾਰਮਕ ਤੇ ਜ਼ਮੀਰ ਪਖੋਂ ਬ੍ਰਾਹਮਣਾਂ ਦੀ ਹਾਲਤ ਖਤ੍ਰੀਆਂ ਤੋਂ ਵੀ ਮਾੜੀ ਦੱਸੀ ਹੈ। ਧਰਮ ਦੇ ਆਗੂ ਦਾ ਫ਼ਰਜ਼ ਹੈ ਦੂਜਿਆਂ ਦੇ ਆਤਮਕ ਪੱਧਰ ਨੂੰ ਉਚਾ ਚੁਕਣਾ `ਤੇ ਉਨ੍ਹਾਂ ਦੀ ਸਦਾਚਾਰਕ ਪਖੋਂ ਸੰਭਾਲ ਕਰਨੀ। ਇਸ ਦੇ ਉਲਟ ਬ੍ਰਾਹਮਣ ਤਾਂ ਉਸੇ ਜਜਮਾਨ ਦੀਆਂ ਹੀ ਸਿਫਤਾਂ ਕਰਦੇ ਤੇ ਸੋਹਿਲੇ ਗਾਉਂਦੇ, ਜਿਨ੍ਹਾਂ ਤੋਂ ਉਹਨਾਂ ਨੂੰ ਵਧ ਤੋਂ ਵਧ ਦਾਨ-ਦੱਛਣਾ ਮਿਲਦੀ। ਰਾਜ ਪ੍ਰਬੰਧ `ਚ ਵਡੇ ਟਾਉਟ ਤੇ ਆਗੂ ਹੋਣ ਕਰਕੇ ਇਹ ਸਮ੍ਰਥਾ ਵੀ ਖੱਤ੍ਰੀਆਂ ਕੋਲ ਹੀ ਸੀ। ਇਹ ਖੱਤ੍ਰੀ ਅਸਲ `ਚ ਮਜ਼ਲੂਮ ਨਹੀ ਬਲਕਿ ‘ਹਥਿ ਛੁਰੀ ਜਗਤ ਕਾਸਾਈ’ ਅਨੁਸਾਰ ਵੱਡੇ ਜਾਲਮ ਤੇ ਵੱਡੀ ਖੋਰ ਸਾਬਤ ਹੋ ਰਹੇ ਸਨ। ਇਸਲਈ ਇਨ੍ਹਾਂ ਕੋਲ ਧੰਨ-ਤਾਕਤ ਦੀ ਕਮੀ ਤਾਂ ਹੁੰਦੀ ਨਹੀਂ ਸੀ। ਇਨ੍ਹਾਂ ਕੋਲੋਂ ਹੀ ਵੱਡੀ ਦੱਛਣਾ ਮਿਲਣ ਕਰਕੇ, ਬ੍ਰਾਹਮਣਾਂ ਨੂੰ ਵੀ ਖੱਤ੍ਰੀਆਂ ਦੇ ਕਰਮਾਂ `ਚ ਕੋਈ ਖੋਟ ਜਾਂ ਉਨ੍ਹਾਂ ਦੀ ਕਮਾਈ ਜਾਂ ਉਨ੍ਹਾਂ ਤੋਂ ਭੋਜਨ- ਦੱਛਣਾ `ਚੋਂ ਮਜ਼ਲੂਮਾਂ ਦਾ ਖੂਨ ਨਜਰ ਨਹੀ ਸੀ ਆਉਂਦਾ। ਕਿਉਂਕਿ ਉਹਨਾਂ ਖੱਤ੍ਰੀਆਂ ਦੇ ਸਾਰੇ ਧਰਮ ਕਾਰਜ ਤਾਂ ਬ੍ਰਾਹਮਣ ਨੇ ਹੀ ਕਰਵਾਉਣੇ ਹੁੰਦੇ ਸਨ। ਇਸਤਰ੍ਹਾਂ ਬ੍ਰਾਹਮਣ ਹੀ ਉਨ੍ਹਾਂ ਖਤ੍ਰੀਆਂ ਦੇ ਵੱਧ ਤੋਂ ਵੱਧ ਸੋਹਿਲੇ ਗਾ ਕੇ ਉਨ੍ਹਾਂ ਨੂੰ ਚੁੱਕਣ ਵਾਲੇ ਤੇ ਕੁਰਾਹੇ ਪਾਉਣ ਵਾਲੇ ਸਨ। ਜੇ ਧਰਮ ਦੇ ਆਗੂ ਹੀ, ਇਨ੍ਹਾਂ ਜ਼ਾਲਮਾਂ (ਖੱਤ੍ਰੀਆਂ) ਦੀ ਕਰਨੀ ਨੂੰ ਸਾਲਾਹੁੰਦੇ ਹੋਣ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਘੋਖਣ ਦੀ ਲੋੜ ਹੀ ਕੀ ਰਹਿ ਜਾਵੇਗੀ?

ਇਸਤੋਂ ਅਗੇ ਬੇਸ਼ਕ ਮਾਸ ਵਾਲੇ ਚਲਦੇ ਪ੍ਰਕਰਣ ਅਨੁਸਾਰ ਅਗਲੇ ਪਦੇ ਦੀ ਇਥੇ ਲੋੜ ਨਹੀਂ ਫ਼ਿਰ ਵੀ ਸਲੋਕ ਦੇ ਅਰਥਾਂ ਵਾਲੇ ਚਲਦੇ ਵਿਸ਼ੇ ਅਨੁਸਾਰ ਕੇਵਲ ਗਲ ਨੂੰ ਪੂਰਾ ਕਰਣ ਲਈ ਇਥੇ ਦੇਣਾ ਜ਼ਰੂਰੀ ਸਮਝਦੇ ਹਾਂ। ਤਾਂਤੇ ਵਿਸ਼ਾ ਇਸਤਰ੍ਹਾਂ ਹੈ:

ਸੁਚਿ ਹੋਵੈ ਤਾਂ, ਸਚੁ ਪਾਈਐ -– ‘ਸੁਚਿ ਹੋਵੈ ਤਾਂ, ਸਚੁ ਪਾਈਐ’ ਵਾਲੀ ਪੰਕਤੀ ਚ ਵਿਸ਼ਰਾਮ ‘ਤਾਂ’ ਤੋਂ ਬਾਅਦ ਦੇ ਕੇ ਪੜ੍ਹਣਾ ਹੈ ਅਤੇ ਅਰਥ ਹਨ ‘ਜੇਕਰ ਮਨੁੱਖ ਦਾ ਜੀਵਨ ਆਤਮਕ ਤੌਰ ਤੇ ਕਰਤਾਰ ਨਾਲ ਜੁੱੜ ਜਾਵੇ, ਇਨਸਾਨ ਜੀਂਦੇ ਜੀਅ ਪ੍ਰਭੁ `ਚ ਇੱਕ ਮਿੱਕ ਹੋ ਜਾਵੇ ਤਾਂ ਬ੍ਰਾਹਮਣੀ ਸੁੱਚਮਾਂ ਤੇ ਹੋਰ ਕਰਮਕਾਂਡਾਂ ਦੀ ਲੋੜ ਹੀ ਨਹੀਂ ਰਹਿ ਜਾਂਦੀ ਭਾਵ ਅਜੇਹੇ ਸੁਅੱਛ ਜੀਵਨ ਅੰਦਰ ਇਹੋ ਜਹੇ ਸੁੱਚਾਂ-ਭਿਟਾਂ ਵਾਲੇ ਭੁਲੇਖੇ ਰਹਿੰਦੇ ਹੀ ਨਹੀਂ। ਤਾਂਤੇ ਸਲੋਕ ਦੀ ਇਸ ਅੰਤਮ ਪੰਕਤੀ “ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ” ਵਿੱਚ ਗੁਰਦੇਵ ਨਿਰਣਾ ਦੇਂਦੇ ਹਨ ਕਿ ਕੇਵਲ ਬਾਹਰੋਂ ਧਰਮ ਦੇ ਭੇਖ ਕਰ ਲੈਣ ਨਾਲ ਕੋਈ ਬੰਦਾ ਧਰਮੀ ਜਾਂ ਸੁੱਚਾ ਨਹੀ ਹੋ ਜਾਂਦਾ। ਫਿਰ ਇਹ ਜੋ ਦਿਖਾਵੇ ਦੀਆਂ ਸੁਚਾਂ, ਮੂੰਹ ਨਾਲ ਬਾਰ-ਬਾਰ ਚੁੱਲੀਆਂ, ਚੌਂਕੇ-ਕਾਰਾਂ, ਤੀਰਥਾਂ ਦੇ ਸਨਾਨ, ਸੁੱਚ-ਭਿੱਟ ਦੇ ਭਰਮ ਕੇਵਲ ਫੋਕਟ ਕਰਮ ਹਨ। ਕਰਤਾਰ ਦੇ ਰੰਗ `ਚ ਰੰਗੇ ਜਾਣਾ ਹੀ ਅਸਲ `ਚ ਸੱਚਾ ਧਰਮੀ ਹੋਣਾ ਹੈ। ਪ੍ਰਭੁ ਦੀ ਸਿਫ਼ਤ ਸਲਾਹ ਵਾਲੇ ਰਸਤੇ ਚਲਣ ਵਾਲਾ ਮਨੁੱਖ ਇਨ੍ਹਾਂ ਵਾਧੂ ਸੁੱਚਮਾਂ, ਸੁੱਚ-ਭਿੱਟ ਆਦਿ ਦੇ ਕਰਮਕਾਂਡਾਂ ਜਾਂ ਫ਼ਰਜ਼ੀ ‘ਮਹਾਤਮ’ ਆਦਿ ਦੇ ਭੁਲੇਖਿਆਂ `ਚ ਨਹੀਂ ਉਲਝਦਾ।

ਗੁਰਮਤਿ ਅਤੇ ਸੁੱਚਮਾ- ਗੁਰਮਤਿ ਇਨ੍ਹਾਂ ਸੁੱਚਮਾਂ ਤੇ ਸੁੱਚਾਂ-ਭਿੱਟਾਂ ਦੀ ਨਹੀਂ ਬਲਕਿ ਮਨੁੱਖ ਨੂੰ ਤਾਂ ਉਸ ਸੁਅੱਛਤਾ ਦੀ ਸੇਧ ਦੇਂਦੀ ਹੈ, ਠੀਕ ਉਹ ਸੁਅੱਛਤਾ ਜਿਥੇ ਸੈਂਕੜੇ ਸਾਲਾਂ ਬਾਦ ਅਜ ਮੈਡੀਕਲ ਤੇ ਡਾਕਟਰੀ ਸਾਇੰਸ ਪੁੱਜੀ ਹੈ। ਇਸੇ ਮੂਲ ਸੁੱਅਛਤਾ ਦੀ ਲੋੜ ਲਈ ਅਜ ਕਈ ਕਿਟਾਣੂ ਨਾਸ਼ਕ (Anticeptic) ਸਾਬਨ ਤੇ ਲੋਸ਼ਨ ਹੋਂਦ `ਚ ਆਏ ਹਨ। ਸੰਸਾਰ ਪੱਧਰ ਤੇ ਸਭ ਤੋਂ ਪਹਿਲਾਂ ਇਹ ਸੇਧ ਦੇਣ ਦਾ ਮਾਣ ਵੀ ਗੁਰੂਦਰ ਨੂੰ ਹੀ ਜਾਂਦਾ ਹੈ। ਬਾਕੀ ਜਿੱਥੋਂ ਤੀਕ ਬ੍ਰਾਹਮਣੀ ਸੁੱਚਮਾ ਦਾ ਤਾਲੁਕ ਹੈ, ਗੁਰੂ ਸਾਹਿਬ ਨੇ ਤਾਂ ਉਨ੍ਹਾਂ ਦਾ ਭੋਗ ਸੈਂਕੜੇ ਵਰ੍ਹੇ ਪਹਿਲਾਂ ਹੀ ਪਾ ਦਿੱਤਾ ਹੈ। ਹੋਰ ਤਾਂ ਹੋਰ ਦੂਜਿਆਂ ਨੂੰ ਛੱਡੋ, ਅਹ ਉਹ ਬ੍ਰਾਹਮਣੀ ਸੁੱਚਮਾਂ ਤਾਂ ਲਗਭਗ ਖੁੱਦ ਬ੍ਰਾਹਮਣ ਦੇ ਚੌਂਕੇ `ਚ ਵੀ ਨਾ ਦੇ ਬਾਰਬਰ ਹੀ ਰਹਿ ਚੁਕੀਆਂ ਹਨ। ਇਹੀ ਕਾਰਨ ਹੈ ਕਿ ਜੀਵਨ ਦੇ ਸੱਚੇ ਮਾਰਗ ਤੇ ਚਲਣ ਵਾਲਾ, ਗੁਰੂ ਕਾ ਲਾਲ, ਚੌਂਕੇ-ਕਾਰਾਂ, ਸੁੱਚਾਂ-ਭਿੱਟਾਂ ਵਾਲੇ ਹੋਰ ਅਜੇਹੇ ਬ੍ਰਾਹਮਣੀ ਫੋਕਟ ਕਰਮ-ਕਾਂਡਾਂ `ਚ ਜ਼ਿੰਦਗੀ ਦਾ ਅਮੁਲਾ ਸਮਾ ਬਰਬਾਦ ਨਹੀਂ ਕਰਦਾ।

‘ਮਨਿ ਜੂਠੈ ਚੁਲੀ ਭਰੇਨਿ’ ਅਨੁਸਾਰ ਧਿਆਨ ਦੇਣ ਦਾ ਵਿਸ਼ਾ ਹੈ, ਜਦੋਂ ਕਈ ਸੱਜਣ “ਸੁਚਿ ਹੋਵੈ ਤਾ ਸਚੁ ਪਾਈਐ” ਵਾਲੀ ਪੰਕਤੀ `ਚ ਵਿਸ਼੍ਰਾਮ ‘ਸੁਚਿ ਹੋਵੈ’ ਤੋਂ ਬਾਅਦ ਲਗਾਉਂਦੇ ਹਨ ਅਤੇ ਅਰਥ ਕਰਦੇ ਹਨ, ਜੇਕਰ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੈ ਤਾਂ ਸੁੱਚਮਾਂ ਜਰੂਰੀ ਹਨ। ਅਜੇਹੇ ਲੋਕ ਯਕੀਨਣ ਅਰਥਾਂ ਦਾ ਅਨਰਥ ਕਰਦੇ ਹਨ ਅਤੇ ਇਹ ਗਲ ਗੁਰਬਾਣੀ ਸਿਧਾਂਤ ਨਾਲ ਮੇਲ ਨਹੀ ਖਾਂਦੀ। ਅਜੇਹੀ ਸੋਚ ਵਾਲੇ ਸੱਜਣਾ ਨੂੰ ਪ੍ਰਕਰਣ ਅਨੁਸਾਰ ਇਸ ਸਲੋਕ ਦੇ ਅਰਥਾਂ ਵਲ ਗਹਿਰਾਈ ਤੋਂ ਧਿਆਨ ਦੇਣ ਦੀ ਲੋੜ ਹੈ, ਗਲ ਆਪੇ ਸਮਝ `ਚ ਆ ਜਾਵੇਗੀ। ਬਲਕਿ ਇਥੇ ਮਨ ਦੇ ਮੈਲੇ, ਚੌਂਕੇ-ਕਾਰਾਂ ਕੱਢਣ ਤੇ ਚੁੱਲੀਆਂ ਕਰਕੇ ਸੁੱਚੇ ਹੋਣ ਵਾਲਿਆਂ ਨੂੰ ਹੀ ਤਾਂ ਗੁਰੂ ਸਾਹਿਬ ਤਾੜਣਾ ਕਰਕੇ ਸਮਝਾ ਰਹੇ ਹਨ।

ਬਿਨਾਂ ਪ੍ਰਕਰਣ ਸਾਨੂੰ ਉਚੇਚੇ ਇਸ ਵਿਸ਼ੇ ਵਲ ਵੱਧਣ ਦੀ ਲੋੜ ਪਈ। ਕਿਉਂਕਿ ਅਜ ਦੇ ਸਮੇਂ `ਚ ਕੁੱਝ ਆਪ ਬਣੇ ਸੰਤ, ਸਾਧ `ਤੇ ਡੇਰੇ ਵੀ ਉਪ੍ਰੋਕਤ ਪੰਕਤੀ ਦੇ ਗ਼ਲਤ ਅਰਥ ਦੇਕੇ, ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਕੇ ਅਨੇਕਾਂ ਬ੍ਰਾਹਮਣੀ ਵਹਿਮਾਂ-ਭਰਮਾਂ `ਚ ਉਲਝਾਂਦੇ ਹਨ। “ਨਲਕੇ ਦਾ ਪਾਣੀ ਨਹੀਂ ਪੀਣਾ, ਇਸ `ਚ ਚਮੜੇ ਦਾ ਵਾਸ਼ਰ ਹੁੰਦਾ ਹੈ” ਜਦਕਿ ਅਜ ਇਹ ਵਾਸ਼ਰ ਵੀ ਪਲਾਸਟਿਕ ਦੇ ਹੋ ਗਏ ਹਨ। ਹੋਰ ਲਵੋ! “ਹਰ ਵਾਰੀ ਜੰਗਲ ਪਾਣੀ ਤੋਂ ਬਾਅਦ ਇਸ਼ਨਾਨ ਕਰਨਾ ਹੈ”, “ਜਿੰਨ੍ਹੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣਾ ਹੈ, ਕੇਸੀ ਇਸ਼ਨਾਨ ਕਰਕੇ ਬੈਠਣਾ ਹੈ”, “ਚੀਨੀ-ਕੱਚ ਦੇ ਬਰਤਨਾਂ `ਚ ਜਲ-ਭੋਜਨ ਨਹੀ ਛੱਕਣਾ”, “ਮਾਸਿਕ ਧਰਮ ਦੌਰਾਨ ਬੀਬੀ ਨੇ ਪਾਠ `ਚ ਹਿੱਸਾ ਨਹੀਂ ਲੈਣਾ” ਅਤੇ ਹੋਰ ਬਹੁਤੇਰੇ ਬ੍ਰਹਮਣੀ ਬਲਕਿ ਅਪਣੇ ਵਲੋਂ ਹੋਰ ਜੜੇ ਹੋਏ ਢੋਂਗ। ਅਜੇਹੇ ਵਹਿਮ-ਭਰਮ ਇਨ੍ਹਾਂ ਸੁੱਚਾਂ-ਭਿੱਟਾਂ ਦੀ ਹੀ ਦੇਣ ਹਨ ਜਿਨ੍ਹਾਂ ਦਾ ਗੁਰਮਤਿ ਨਾਲ ਕੁੱਝ ਲੈਣਾ-ਦੇਣਾ ਨਹੀਂ। ਸਾਨੂੰ ਅਜੇਹੇ ਡੇਰੇਦਾਰਾਂ ਕੋਲੋਂ ਇਸ ਪਖੋ ਸੁਚੇਤ ਰਹਿਣਾ ਹੈ। ਗੁਰੂਦਰ ਤੇ ਅਜਿਹੀਆਂ ਸੋਚਣੀਆਂ ਨੂੰ ਕੋਈ ਥਾਂ ਨਹੀਂ। ਸੁਅੱਛਤਾ-ਸਫਾਈ ਦਾ ਧਿਆਨ ਰਖਣਾ ਹੋਰ ਗੱਲ ਹੈ ਪਰ ਮਨੁੱਖ-ਮਨੁੱਖ ਵਿੱਚਾਲੇ ਵਿੱਤਕਰਾ, ਵਾਧੂ ਦੀਆਂ ਸੁੱਚਾਂ ਭਿੱਟਾਂ `ਚ ਫਸੇ ਰਹਿਣਾ ਜਾਂ ਦੂਜਿਆਂ ਨੂੰ ਫਸਾਉਣਾ, ਸਿੱਖ ਧਰਮ ਨਹੀਂ।

ਇਸੇਤਰ੍ਹਾਂ “ਕੂੜੀ ਰਾਸਿ ਕੂੜਾ ਵਾਪਾਰੁ” ਅਨੁਸਾਰ ਇਨ੍ਹਾਂ ਸਲੋਕਾਂ `ਜਿਹੜਾ ਉਲ੍ਹਾਮਾ ਗੁਰਦੇਵ ਧਰਮ ਦੇ ਆਗੂ ਕਾਜ਼ੀਆਂ, ਬ੍ਰਾਹਮਣਾ, ਖਤ੍ਰੀਆਂ ਨੂੰ ਦੇ ਰਹੇ ਹਨ ਅੱਜ ਸਿੱਖ ਆਗੂਆਂ, ਪ੍ਰਚਾਰਕਾਂ `ਤੇ ਗ੍ਰੰਥੀਆਂ `ਚ ਵੀ ਅਜਿਹੇ ਝੋਲੀ ਚੁੱਕਾਂ ਦਾ ਘਾਟਾ ਨਹੀਂ। ਚੰਗੀ ਤਰ੍ਹਾਂ ਜਾਣਦੇ ਹੋਏ ਵੀ ਕਿ ਕਿਸੇ ਦੀ ਕਮਾਈ ਠੱਗੀ, ਬਲੈਕ ਮਾਰਕੀਟਿੰਗ ਜਾਂ ਸੀਨਾ ਜੋਰੀ, ਰਿਸ਼ਵਤ ਆਦਿ ਦੀ ਹੈ, ਕੇਵਲ ਇਸ ਲਈ ਉਨ੍ਹਾਂ ਦੇ ਗੁਣ ਗਾਉਂਦੇ ਹਨ, ਤਾਕਿ ਹੋਰ ਵੱਧ ਭੇਟਾ ਮਿਲੇ। ਇਸਤਰ੍ਹਾਂ ਅਜੋਕੇ ਸਮੇਂ ਅਜਿਹੇ ਪ੍ਰਚਾਰਕ ਕੇਵਲ ਮਲਿਕ ਭਾਗੋ ਵਰਗਿਆਂ ਦਾ ਹੀ ਪੱਖ ਪੂਰ `ਤੇ ਸੋਹਿਲੇ ਗਾ ਰਹੇ ਹੁੰਦੇ ਹਨ। ਚੇਤੇ ਰਹੇ! ਗੁਰੂ ਦਰ ਤੇ ਵੱਖ-ਵੱਖ ਮਾਪ ਦੰਡ ਨਹੀ ਹਨ। ਗੁਰੂ ਸਾਹਿਬ ਅਜਿਹੇ ਪ੍ਰਚਾਰਕਾਂ ਨੂੰ ਪਖੰਡੀ, ਜ਼ਮੀਰ ਫਰੋਸ਼ `ਤੇ ਅਮਾਨਤ `ਚ ਖਿਆਨਤ ਕਰਨ ਵਾਲੇ ਹੀ ਦੱਸਦੇ ਹਨ। ਤਾਂਤੇ ਅਜਿਹੇ ਪ੍ਰਚਾਰਕ, ਗ੍ਰੰਥੀ, ਪ੍ਰਬੰਧਕ ਆਦਿ ਅਕਾਲਪੁਰਖੁ ਦੀ ਦਰਗਾਹ ਚੋਂ ਕਿਵੇਂ ਸੁਰਖਰੂ ਹੋ ਸਕਦੇ ਹਨ। ਸੰਗਤਾਂ ਨੂੰ ਵੀ ਅਜਿਹੇ ਪਾਖੰਡੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਪੂਰੇ ਸਲੋਕ `ਚ ਮਾਸ ਦਾ ਵਿਸ਼ਾ ਹੈ ਹੀ ਨਹੀਂ- ਇਸਤਰ੍ਹਾਂ ਸਾਰੇ ਸਲੋਕ ਦੇ ਅਰਥਾਂ ਨੂੰ ਦੇਣ ਦਾ ਜੋ ਸਾਡਾ ਮੱਤਲਬ ਸੀ, ਅਰਥਾਂ ਦੇ ਵੇਰਵੇ `ਚ ਜਾਣ ਬਾਦ ਸਾਫ ਹੋ ਜਾਂਦਾ ਹੈ ਕਿ ਉਪ੍ਰੋਕਤ ਪੰਕਤੀਆਂ ਜਾਂ ਪ੍ਰਮਾਣ ਇਸ ਇਕੋ ਹੀ ਸਲੋਕ ਵਿਚੋਂ ਹੀ ਸਨ। ਫ਼ਿਰ ਜਿਵੇਂ ਸਾਡੇ ਮਾਸ ਵਿਰੋਧੀ ਸੱਜਣਾ ਨੇ ਇਨ੍ਹਾਂ ਪ੍ਰਮਾਣਾ ਨੂੰ ਮਾਸ ਵਿਰੋਧੀ ਪ੍ਰਚਾਰ ਲਈ ਵਰਤਿਆ, ਇਨ੍ਹਾਂ ਵਿਚੋਂ ਇੱਕ ਵੀ ਅਜੇਹਾ ਪ੍ਰਮਾਣ ਪ੍ਰਮਾਣ ਸਾਬਤ ਨਹੀਂ ਹੋਇਆ ਜਿਸਦਾ ਸੰਬੰਧ ਮਾਸ ਜਾਂ ਮਾਸ ਦੇ ਭੋਜਨ ਵਿਰੁਧ ਹੋਵੇ। ਇਥੇ ਇਹ ਤੁੱਕਾਂ ਤਾਂ ਕੇਵਲ ਗ਼ਰੀਬਾਂ, ਮਜ਼ਲੂਮਾਂ, ਬੇਕਸੂਰਾਂ ਦਾ ਖੂਨ ਚੂਸਨ ਨਾਲ ਹੀ ਸੰਬੰਧਤ ਹਨ।

ਇਥੇ ਬੱਕਰੇ, ਕੁੱਕੜਾਂ, ਬਟੇਰਿਆਂ, ਮੱਛੀਆਂ ਦਾ ਮਾਸ ਨਹੀਂ- ਇਥੇ ਦਇਆ ਦਾ ਅਰਥ ਹੈ ਗ਼ਰੀਬਾਂ ਮਜ਼ਲੂਮਾ, ਲੋੜਵੰਦਾ ਨਾਲ ਦਇਆ ਕਰਨਾ, ਉਨ੍ਹਾਂ ਦਾ ਸ਼ੋਸ਼ਣ ਨਹੀਂ ਕਰਨਾ। ਜਿਸਤਰ੍ਹਾ ਪ੍ਰਕਰਣ ਅਨੁਸਾਰ ਉਪਰ ਆਏ ਸਲੋਕ ‘ਮਾਣਸ ਖਾਣੇ ਕਰਹਿ ਨਿਵਾਜ’ ਦੇ ਅਰਥ ਸਮਝਣ ਤੋਂ ਬਾਦ ਭੁਲੇਖਾ ਨਹੀਂ ਰਹਿ ਜਾਂਦਾ ਕਿ ਗੁਰਬਾਣੀ `ਚ ਬਹੁਤਾ ਕਰਕੇ ਅਜੇਹੀ ਸ਼ਬਦਾਵਲੀ ਧਾਰਮਕ ਆਗੂਆਂ ਨੂੰ ਸੰਬੋਧਨ ਕਰਕੇ, ਉਨ੍ਹਾਂ ਦੇ ਸੁਭਾਅ `ਚ ਆ ਚੁਕੀ ਲੋਕਾਈ ਵਾਸਤੇ ਕਰੂਰਤਾ, ਬਣ ਚੁੱਕੇ ਲੁੱਟ-ਖੋਹ ਦੇ ਸੁਭਾਅ ਨੂੰ ਵੰਗਾਰ ਹੈ। ਇਸੇਤਰ੍ਹਾਂ ਗੁਰਬਾਣੀ `ਚ ਧਾਰਮਕ ਆਗੂਆਂ ਜਿਵੇਂ ਬ੍ਰਾਹਮਣਾ, ਜੋਗੀਆਂ, ਕਾਜ਼ੀਆਂ ਆਦਿ ਨੂੰ ਅਨੇਕਾਂ ਵਾਰੀ, ਵੱਖ ਵੱਖ ਪ੍ਰਕਰਣਾ ਅਨੁਸਾਰ, ਉਨ੍ਹਾਂ ਦੀ ਬਣ ਚੁਕੀ ਸੁਭਾਵਕ ਕਰੂਰਤਾ ਆਦਿ ਅਉਗਣਾਂ ਵਲੋਂ ਚੇਤਾਇਆ ਅਤੇ ਉਨ੍ਹਾਂ ਨੂੰ ਦੂਜਿਆਂ ਤੇ ਦਇਆ ਵਾਲੇ ਵਤੀਰੇ ਲਈ ਪ੍ਰੇਰਿਆ ਹੈ। ਇਸੇ ਨੂੰ ਜੀਅ ਦਇਆ ਕਰਨਾ ਵੀ ਕਿਹਾ ਹੈ। ਇਸਤਰ੍ਹਾਂ ਅਜੇਹੇ ਪ੍ਰਕਰਣਾਂ `ਚ ਲਫ਼ਜ਼ ‘ਦਇਆ ਜਾਂ ਜੀਅ ਦਇਆ’ ਦਾ ਕਿੱਧਰੇ ਵੀ ਅਰਥ ਬੱਕਰੇ, ਕੁੱਕੜਾਂ, ਬਟੇਰਿਆਂ, ਮੱਛੀਆਂ ਆਦਿ ਦੇ ਭੋਜਨ ਜਾਂ ਉਨ੍ਹਾਂ ਦੇ ਮਾਸ ਨਾਲ ਸੰਬੰਧਤ ਨਹੀਂ ਹਨ।

ਸਿਵਾਇ ਉਦੋਂ, ਜਦੋਂ ਇਸਲਾਮੀ ਢੰਗ ‘ਹਲਾਲ’ ਦੀ ਗਲ ਜਾਂ ਬ੍ਰਾਹਮਣੀ ਜਗਾ ਸਮੇ ਬਲੀਆਂ ਦੀ ਗਲ ਹੀ ਨਾ ਚਲੀ ਹੋਵੇ। ਇਸ ਪੂਰੇ ਵਿਸ਼ੇ ਨੂੰ ਵੀ ਅਗੇ ਚਲਕੇ ਵੱਖਰੇ ਤੌਰ ਤੇ ਲਿਆ ਜਾਵੇਗਾ। ਉਂਝ ਗੁਰਬਾਣੀ `ਚ ਦਇਆ ਜਾਂ ਜੀਅ ਦਇਆ ਜਿੱਥੇ ਵੀ ਆਇਆ ਹੈ, ਬਹੁਤਾ ਕਰਕੇ ਧਾਰਮਕ ਆਗੂਆਂ ਦੇ ਸੁਭਾਅ `ਚ ਆ ਚੁਕੇ ਲੁੱਟ-ਖੋਹ ਸ਼ੋਸ਼ਣ ਵਾਲੇ ਅਉਗਣ ਤੋਂ ਸੁਚੇਤ ਕਰਨ ਲਈ ਹੀ ਆਇਆ ਹੈ। ਬਾਰ-ਬਾਰ ਇਹੀ ਪੱਕਾ ਕੀਤਾ ਹੈ ਕਿ ਮਨੁੱਖ ਨੇ ਹੰਕਾਰ, ਗ਼ਰੀਬਾਂ ਮਜ਼ਲੂਮਾ ਤੇ ਜ਼ੁਲਮ, ਧੱਕਾ, ਠੱਗੀਆਂ `ਤੇ ਉਨ੍ਹਾਂ ਦਾ ਖੂਨ ਚੂਸਣ ਵਾਲਾ ਰਸਤਾ ਤਿਆਗ ਕੇ ਦਇਆ, ਪਰੋਪਕਾਰ, ਸੰਤੋਖ, ਉਚੇ ਆਚਰਣ, ਸਦਾਚਾਰ ਆਦਿ ਦੇ ਗੁਣ ਧਾਰਨ ਕਰਨੇ ਹਨ। ਇਸੇ ਲੜੀ `ਚ ਕੁੱਝ ਹੋਰ ਪ੍ਰਮਾਣ ਵੀ ਲੈਣੇ ਚਾਹਾਂਗੇ ਪਰ ਸਮਝ ਤਾਂ ਹੀ ਆ ਸਕੇਗੀ ਜੇਕਰ ਅਸੀਂ ਅਪਣੇ ਮਨ `ਚ ਦਇਆ ਬਾਰੇ ਬਦੋਬਦੀ ਆਪਣੇ ਮਿੱਥ ਚੁਕੇ ‘ਮਾਸ ਖਾਣ’ ਵਾਲੇ ਅਰਥਾਂ ਤੋਂ ਹੱਟ ਕੇ ਪ੍ਰਕਰਣ ਅਨੁਸਾਰ ਸ਼ਬਦ ਦੇ ਠੀਕ ਅਰਥਾਂ ਨੂੰ ਲਵਾਂਗੇ ਤਾਂ। ਜੇਕਰ ਅਜੇਹਾ ਨਹੀਂ ਕਰਾਂਗੇ ਤਾਂ ਇੱਕ ਪਾਸੇ ਅਪਣਾ ਨੁਕਸਾਨ ਕਰਾਂਗੇ, ਇਸ ਦੇ ਨਾਲ ਗੁਰੂ ਪਾਤਸ਼ਾਹ ਦੇ ਨਿਆਂ `ਚ ਬਾਣੀ ਦੀ ਬੇਅਦਬੀ ਦੇ ਵੱਡੇ ਦੋਸ਼ੀ ਵੀ ਬਣਾਂਗੇ।

“ਅੰਤਰਿ ਜਾਣੈ ਸਰਬ ਦਇਆ. .” ਇਸੇ ਲੜੀ `ਚ ਕੁੱਝ ਹੋਰ ਪ੍ਰਮਾਣ ਜਿਨ੍ਹਾਂ ਨੂੰ ਸਾਡੇ ਮਾਸ ਵਿਰੋਧੀ ਸੱਜਣਾਂ ਨੇ ਅਪਣੇ ਹੀ ਢੰਗ ਨਾਲ ਜ਼ਬਰਦਸਤੀ ‘ਮਾਸ ਵਿਰੋਧੀ’ ਮੰਨ ਲਿਆ ਪਰ ਉਥੇ ਵੀ ਅਜੇਹੀ ਕੋਈ ਗਲ ਨਹੀਂ। ਉਨ੍ਹਾਂ ਵਿਚੋ ਹੀ ਕੁੱਝ ਪ੍ਰਮਾਣ ਹਨ: ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ॥ ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ” (ਪੰ: ੯੪੦) ਦਰਅਸਲ ਇਹ ਪੰਕਤੀ, ਬਾਣੀ ‘ਸਿਧ ਗੋਸ਼ਟ’ ਦੀ ਪਉੜੀ ਨੰ: ੨੪ ਹੈ। ਜ਼ਰੂਰੀ ਹੈ ਕਿ ਵਿਸ਼ੇ ਨੂੰ ਸਮਝਣ ਲਈ ਪੂਰੀ ਪਉੜੀ ਦੇ ਦਰਸ਼ਨ ਕਰੀਏ ਸਾਰਾ ਭੁਲੇਖਾ ਆਪੇ ਮੁੱਕ ਜਾਵੇਗਾ-ਪਉੜੀ ਹੈ:

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ॥

ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ॥

ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ॥

ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ॥

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ॥

ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ॥ ੨੪॥” (ਪੰ: ੯੪੦)

ਧਿਆਨ ਦੇਣ ਦੀ ਗਲ ਹੈ ਕਿ ਜੋਗੀ ਲੋਕ ਜੋ ਆਪ ਤਾਂ ਸ਼ਹਿਰਾਂ-ਪ੍ਰਵਾਰਾਂ ਨੂੰ ਛੱਡ ਕੇ ਪਹਾੜਾਂ ਤੇ ਜਾ ਬੈਠੇ ਸਨ। ਫ਼ਿਰ ਅਪਣੀ ਉਦਰ ਪੂਰਤੀ ਆਦਿ ਲੋੜਾਂ ਲਈ ਮੁੜ ਗ੍ਰਿਹਸਥੀਆਂ ਕੋਲ ਆਕੇ ਵਰ-ਸਰਾਪਾਂ ਦੇ ਢੋਂਗ ਰਚਦੇ। ਇਸਤਰ੍ਹਾਂ ਉਨ੍ਹਾਂ ਦੇ ਸਰਾਪਾਂ ਤੋਂ ਡਰੇ-ਸਹਮੇ ਗ੍ਰਿਹਸਥੀ, ਉਨ੍ਹਾਂ ਦੀ ਹਰ ਮੰਗ ਅਗੇ ਨੱਤ-ਮਸਤਕ ਰਹਿੰਦੇ। ਇਸ ਗਲੋਂ ਘਬਰਾਏ ਰਹਿੰਦੇ, ਕਿੱਧਰੇ ਇਹ ਜੋਗੀ ਅਪਣੀਆਂ ਰਿਧੀਆਂ-ਸਿਧੀਆਂ ਦੀਆਂ ਤਾਕਤਾਂ ਨਾਲ ਉਨ੍ਹਾਂ ਦਾ ਕੋਈ ਨੁਕਸਾਨ ਹੀ ਨਾ ਕਰ ਦੇਣ। ਇਸਤਰ੍ਹਾਂ ਸਾਰੀ ਸਿਧ ਗੋਸ਼ਟ ਅਤੇ ਗੁਰਬਾਣੀ `ਚ ਜੋਗੀਆਂ ਨਾਲ ਜਿੰਨੇ ਵੀ ਸੰਵਾਦ ਜਾਂ ਸ਼ਬਦ ਆਏ ਹਨ, ਉਨ੍ਹਾਂ ਨੂੰ ਪੜ੍ਹੌ, ਅਜੇਹੀਆਂ ਸਾਰੀਆਂ ਰਚਨਾਵਾਂ `ਚ ਜੋਗੀਆਂ ਨੂੰ ਸ਼ਰਾਬ ਤੋਂ ਤਾਂ ਰੋਕਿਆ ਹੈ ਪਰ ਮਾਸ ਛੱਕਣ ਜਾਂ ਨਾ ਛੱਕਣ ਦਾ ਵਿਸ਼ਾ ਕਿਸੇ ਇੱਕ ਥਾਵੇਂ ਵੀ ਜੋਗੀਆਂ ਨਾਲ ਨਹੀ ਆਇਆ। ਇਸਤੋਂ ਇਲਾਵਾ ਗੁਰਦੇਵ ਨੇ ਜੇਕਰ ਉਨ੍ਹਾਂ ਨੂੰ ਝਜੋੜਿਆ ਵੀ ਤਾਂ ਉਨ੍ਹਾਂ ਦੀ ਵੇਹਲੜ ਜ਼ਿੰਦਗੀ ਲਈ ਉਨ੍ਹਾਂ ਨੂੰ ਉਲ੍ਹਾਮਾ ਦਿਤਾ। ਇਸਤਰ੍ਹਾਂ ਉਨ੍ਹਾਂ ਰਾਹੀ ਗ੍ਰਿਹਸਥੀਆਂ ਅਤੇ ਦੂਜੇ ਲੋਕਾਂ ਦੇ ਸ਼ੋਸ਼ਣ ਤੋਂ ਵਰਜਦੇ ਉਨ੍ਹਾਂ ਨੂੰ ਦੂਜਿਆਂ ਪ੍ਰਤੀ ਦਇਆ ਵਾਲੀ ਗਲ ਸਮਝਾਈ।

ਇਸਤਰ੍ਹਾਂ ਜਦੋਂ ਵੀ ਉਨ੍ਹਾਂ ਨੂੰ ਜਿੱਥੇ ਕਿਥੇ ਵੀ ‘ਸਰਬ ਜੀਅ ਦਇਆ’ ਦੀ ਗਲ ਸਮਝਾਈ ਤਾਂ ਸੰਸਾਰੀਆਂ-ਗ੍ਰਿਹਸਥੀਆਂ ਉਪਰ ਦਇਆ ਕਰਣ ਦੀ ਹੀ ਗਲ ਸੀ। ਉਥੇ ਕਿਧਰੇ `ਤੇ ਕਦੇ ਵੀ ਬਕਰੇ, ਮੁਰਗਿਆਂ, ਕਬੂਤਰਾਂ ਆਦਿ ਦੇ ਮਾਸ ਦੇ ਭੋਜਨ ਦਾ ਵਿਸ਼ਾ ਹੈ ਹੀ ਨਹੀਂ ਸੀ। ਜੋਗੀਆਂ ਵਲੋਂ ਥੋਪੇ ਜਾਂਦੇ ਰਿਧੀਆਂ-ਸਿਧੀਆਂ ਦੇ ਡਰ-ਸਹਿਮ ਅਤੇ ਸਰਾਪਾਂ ਵਾਲੀ ਪੈਦਾ ਕੀਤੀ ਘਬਰਾਹਟ ਤੋਂ ਉਨ੍ਹਾਂ ਨੂੰ ਵਰਜਣਾ ਸੀ। ਇਸਤਰ੍ਹਾਂ ਪ੍ਰਭੁ ਦੀ ਸਰਬ ਵਿਆਪਕਤਾ ਬਾਰੇ ਸੁਚੇਤ ਕਰਕੇ ਗ੍ਰਿਹਸਥੀਆਂ-ਸੰਸਾਰੀਆਂ ਨੂੰ ਜੋਗੀਆਂ ਦੇ ਇਸ ਬਨਾਵਟੀ ਸਹਿਮ ਤੋਂ ਮੁੱਕਤ ਕਰਣ ਲਈ, ਜੋਗੀਆਂ ਨੂੰ ਉਪਦੇਸ਼ ਦੇਣਾ ਹੁੰਦਾ ਸੀ। ਆਖਿਰ ਇਹੀ ਉਹ ਵਿਸ਼ਾ ਹੈ ਜਿਸਨੂੰ ਬਾਣੀ ਜਪੁ `ਚ ਵੀ ਗੁਰਦੇਵ ਨੇ ਫ਼ੁਰਮਾਇਆ

“ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ.”

ਉਥੇ ਵੀ ਗੁਰਦੇਵ ਨੇ ਫੁਰਮਾਇਆ, ਐ ਜੋਗੀਓ! ਜੇਕਰ ਤੁਹਾਡੇ ਕੋਲ ਗਿਆਨ ਦਾ ਚੂਰਮਾ ਹੋਵੇ ਤਾਂ ਉਥੇ ਵਰਤਾਵੀ ਦਇਆ ਦਾ ਹੋਣਾ ਵੀ ਜ਼ਰੂਰੀ ਹੈ ਭਾਵ ਇਹ ਵਰ-ਸਰਾਪਾਂ ਦਾ ਰਾਹ ਤਿਆਗ ਕੇ ਉਨ੍ਹਾਂ ਗ੍ਰਿਹਸਥੀਆਂ ਆਦਿ ਲਈ ਦਇਆ ਦੀ ਹੀ ਗਲ ਸਮਝਾਈ ਹੈ। ਹਾਲਾਂਕਿ ਇਹ ਵੀ ਉਹ ਪੰਕਤੀ ਹੈ ਜਿਸਨੂੰ ਮਾਸ ਵਿਰੋਧੀ ਸੱਜਣਾ ਨੇ ਅਪਣੇ ਢੰਗ ਨਾਲ ਮਾਸ ਵਿਰੁਧ ਵਰਤਿਆ ਹੈ। ਜਦਕਿ ਇਥੇ ਵੀ ਮਾਸ ਜਾਂ ਮਾਸ ਦੇ ਭੋਜਨ ਦੀ ਉਕਾ ਕੋਈ ਗਲ ਨਹੀਂ। ਤਾਂਤੇ, ਸੱਚਾਈ ਨੂੰ ਪਛਾਨਣ ਲਈ ਇਥੇ ‘ਸਿਧ ਗੋਸ਼ਟ’ ਪਉੜੀ ਨੰ: ੨੪ ਦੇ ਅਰਥ ਵੀ ਸਮਝਣ ਦੇ ਵੀ ਜੱਤਣ ਕਰੀਏ, ਅਰਥ ਹਨ:

“(ਜਦੋਂ) ਅਦਿ੍ਰਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਸਰੂਪ ਤੋਂ ਸਰਗੁਣ ਬਣਦਾ ਹੈ ਭਾਵ, ਆਪਣੇ ਅਦਿ੍ਰਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੋਂ ਅਸਥੂਲ ਰੂਪ ਧਾਰਨ ਕਰ ਲੈਂਦਾ ਹੈ। ਤਦੋਂ ਇਸ ਦਿ੍ਰਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜ ਜਾਂਦਾ ਹੈ ਤਾਂ ਉਸ ਜੀਵ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤਾਂ ਹੀ ਸਮਝੋ ਕਿ ਗੁਰੂ ਦੇ ਸ਼ਬਦ ਰਾਹੀਂ ਸੱਚੇ ਪ੍ਰਭੂ ਨੇ ਜੀਵ ਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ। ਅਜੇਹੀ ਅਵਸਥਾ `ਚ ਉਹ ਜੀਵ ਕੇਵਲ ਇੱਕ ਪ੍ਰਭੂ ਨੂੰ ਹੀ ਸਦਾ ਥਿਰ ਰਹਿਣ ਵਾਲੀ ਹਸਤੀ ਜਾਣਦਾ ਹੈ, ਉਸਨੇ ਹਉਮੈ `ਤੇ ਦੂਜਾ-ਭਾਵ ਮਤਲਬ ਕਿ ਪ੍ਰਭੂ ਤੋਂ ਬਿਨਾ ਕਿਸੇ ਹੋਰ ਹਸਤੀ ਦੀ ਸੰਭਾਵਨਾ ਦਾ ਖ਼ਿਆਲ ਹੀ ਦੂਰ ਕਰ ਲਿਆ ਹੁੰਦਾ ਹੈ। ਅਸਲ `ਚ ਉਹੀ ਜੋਗੀ ਹੁੰਦਾ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ। ਉਸਦਾ ਹਿਰਦਾ ਰੂਪੀ ਕੌਲ ਫੁੱਲ ਖਿੜ ਜਾਂਦਾ ਹੈ।

ਜੋ ਮਨੁੱਖ ਜੀਂਦੇ ਜੀਅ ਮਰ ਜਾਂਦਾ ਹੈ ਭਾਵ ਹਉਮੈ-ਸੁਆਰਥ ਦਾ ਤਿਆਗ ਕਰ ਕੇ ਮਾਇਆ ਤੋਂ ਨਿਰਲੇਪ ਅਤੇ ਕਰਤੇ ਨਾਲ ਇਕ-ਮਿਕ ਹੋ ਜਾਂਦਾ ਹੈ, ਅਜੇਹੇ ਮਨੁੱਖ ਨੂੰ ਜ਼ਿੰਦਗੀ ਦੇ ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ ਦਾ ਅਸੂਲ ਆਪਣੇ ਮਨ `ਚ ਪੱਕਾ ਕਰ ਲੈਂਦਾ ਹੈ ਭਾਵ ਦੂਜਿਆਂ ਦੇ ਮਨਾ `ਚ ਡਰ-ਸਹਿਮ ਪੈਦਾ ਕਰਕੇ ਉਨ੍ਹਾਂ ਦਾ ਸ਼ੋਸ਼ਣ ਨਹੀਂ ਕਰਦਾ। ਗੁਰੂ ਪਾਤਸ਼ਾਹ ਫ਼ੁਰਮਾਂਦੇ ਹਨ, ਉਸੇ ਮਨੁੱਖ (ਜੋਗੀ) ਨੂੰ ਸ਼ੋਭਾ ਮਿਲਦੀ ਹੈ ਅਤੇ ਸਾਰੇ ਜੀਵਾਂ ਭਾਵ ਦੂਜੇ ਲੋਕਾਂ `ਚੋਂ ਵੀ ਅਪਣੀ ਪਛਾਣ ਕਰਦਾ ਹੈ ਭਾਵ ਅਪਣੇ ਸੁਆਰਥਾਂ ਲਈ ਦੂਜਿਆਂ ਨਾਲ ਜ਼ਿਆਦਤੀ-ਧੱਕੇ ਅਤੇ ਉਨ੍ਹਾਂ ਦਾ ਸ਼ੋਸ਼ਣ ਨਹੀਂ ਕਰਦਾ। ੨੪। (ਧਿਆਨ ਰਹੇ ਕਿ ਜੀਵ ਤੋਂ ਅਰਥ ਕੇਵਲ ਮਨੁੱਖ ਜਨਮ ਹੀ ਹੈ। ਕਿਉਂਕਿ ਸ਼ਬਦ ਨਾਲ ਪਤੀਜਣ ਵਾਲੀ ਗਲ ਕੇਵਲ ਮਨੁੱਖਾ ਜਨਮ ਤੇ ਹੀ ਲਾਗੂ ਹੁੰਦੀ ਹੈ ਦੂਜੀਆਂ ਜੂਨੀਆ `ਚ ਸੰਭਵ ਹੀ ਨਹੀਂ ਅਤੇ ਮੂਲ ਵਿਸ਼ਾ ਹੀ ਦੂਜੇ ਲੋਕਾਂ ਉਪਰ ਦਇਆ ਕਰਨ ਦਾ ਜਿਨਾਂ ਲੋਕਾਂ ਉਪਰ ਜੋਗੀਆਂ ਰਾਹੀ ਜ਼ੁਲਮ, ਧੱਕਾ ਕਰਨ ਦੀ ਗਲ ਚਲ ਰਹੀ ਹੈ।

“ਕਹਤੁ ਕਬੀਰੁ … ਧਰਮੁ ਦਇਆ ਕਰਿ ਬਾੜੀ” -ਤਾਂਤੇ ਚਲਦੇ ਪ੍ਰਕਰਣ ਅਨੁਸਾਰ ਚੇਤੇ ਰਖੀਏ! ਇਥੇ ਹਰ ਜਗ੍ਹਾ ਜੀਵਾਂ ਦਾ ਅਰਥ ਹੀ ਸੰਸਾਰੀਆਂ-ਗ੍ਰਿਹਸਥੀਆਂ ਉਪਰ ਦਇਆ ਕਰਨਾ ਹੈ ਜਿਨ੍ਹਾਂ ਦੇ ਜੀਵਨ ਨੂੰ ਅਪਣੇ ਮੱਤਲਬ ਲਈ ਜੋਗੀਆਂ ਨੇ ਨਰਕ ਬਣਾਇਆ ਹੁੰਦਾ ਹੈ। ਹੁਣ ਅਗੇ ਦੇਖੀਏ ਜੋਗੀਆਂ ਨੂੰ ਹੀ ਸੰਬੋਧਨ ਕਰਕੇ ਇਹੀ ਵਿਸ਼ਾ ਕਬੀਰ ਸਾਹਿਬ ਦੇ ਇਸ ਸ਼ਬਦ ਵਿੱਚ ਵੀ ਚਲ ਰਿਹਾ ਹੈ, ਸ਼ਬਦ ਹੈ:

ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ॥

ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ॥  ੧ 

ਐਸਾ ਜੋਗੁ ਕਮਾਵਹੁ ਜੋਗੀ॥ ਜਪ ਤਪ ਸੰਜਮੁ ਗੁਰਮੁਖਿ ਭੋਗੀ॥ ੧॥ ਰਹਾਉ॥

ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ॥

ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ॥  ੨ ॥

ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ॥

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ॥  ੩ ॥” (੯੭੦)

ਉਸੇਤਰ੍ਹਾਂ ਇਥੇ ਵੀ ਅਰਥ ਹਨ “ਹੇ ਜੋਗੀਓ! ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ `ਤੇ ਤੁਰਨਾ ਹੀ ਜਪ, ਤਪ ਤੇ ਸੰਜਮ ਹੈ ਇਸਤਰ੍ਹਾਂ ਗ੍ਰਿਹਸਤ `ਚ ਰਹਿੰਦੇ ਹੋਏ ਹੀ ਜੋਗ ਕਮਾਵੋ। ੧। ਰਹਾਉ। ਹੇ ਜੋਗੀਓ! ਮਨ ਨੂੰ ਵਿਕਾਰਾਂ ਤੋਂ ਬਚਾਓ, ਕੰਨਾਂ ਦੀ ਮੁੰਦ੍ਰਾ ਬਣਾ ਲਵੋ, ਪ੍ਰਭੂ ਦੇ ਗੁਣਾਂ ਦੀ ਵਿਚਾਰ ਨੂੰ ਖੱਪਰ ਬਣਾ ਲਵੋ।

(ਮੈਂ ਭੀ ਤੁਹਾਡੇ ਵਾਂਗ ਇੱਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹੀ ਮੈਂ ਗੋਦੜੀ ਸੀਤੀ ਹੋਈ ਹੈ। ਮੈਂ ਪ੍ਰਭੂ ਦੇ ਨਾਮ ਨੂੰ ਜਿੰਦ ਦਾ ਆਸਰਾ ਬਣਾਇਆ ਹੋਇਆ ਹੈ। ੧।

(ਹੇ ਜੋਗੀਓ!) ਮੈਂ ਆਪਣੀ ਅਕਲ ਨੂੰ ਪ੍ਰਭੂ-ਚਰਨਾਂ `ਚ ਚੜ੍ਹਾਈ ਰੱਖਦਾ ਹਾਂ, ਇਹੀ ਹੈ ਜੋ ਮੈਂ ਅਪਣੇ ਪਿੰਡੇ ਉੱਤੇ ਸੁਆਹ ਮਲੀ ਹੋਈ ਹੈ। ਮੈਂ ਆਪਣੇ ਮਨ ਦੀ ਸੁਰਤ ਨੂੰ ਪ੍ਰਭੂ-ਚਰਨਾਂ `ਚ ਜੋੜਿਆ ਦਾ ਹੈ, ਇਹ ਮੇਰੀ ਸਿੰਙੀ ਹੈ। ਮਾਇਆ ਵਲੋਂ ਵੈਰਾਗ ਕਰਕੇ ਸਾਧੂ ਬਣ ਕੇ ਫਿਰਦਾ ਹਾਂ ਅਤੇ ਆਪਣੇ ਹੀ ਸਰੀਰ-ਰੂਪ ਨਗਰ `ਚ ਫਿਰਦਾ ਹਾਂ ਭਾਵ ਅਪਣੇ ਆਪ ਨੂੰ ਖੋਜਦਾ ਹਾਂ; ਇਸਤਰ੍ਹਾਂ ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ ਭਾਵ ਮਨ `ਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ। ੨।

(ਹੇ ਜੋਗੀਓ!) ਪ੍ਰਭੂ ਨੂੰ ਆਪਣੇ ਹਿਰਦੇ `ਚ ਪਰੋਅ ਕੇ ਰੱਖੋ, ਇਸਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ। ਕਬੀਰ ਆਖਦਾ ਹੈ, ਹੇ ਸੰਤ ਜਨੋ! (ਇਸਤਰ੍ਹਾਂ ਪ੍ਰਭੂ-ਚਰਨਾਂ ਵਿੱਚ ਜੁੜਣਾ ਹੀ) ਅਸਲ `ਚ ਧਰਮ ਤੇ ਦਇਆ ਦੀ ਆਪਣੇ ਮਨ `ਚ ਸੋਹਣੀ ਬਗ਼ੀਚੀ ਦਾ ਬਣਾਉਣਾ ਹੈ”। ੩। ੭।

ਤਾਂਤੇ ਇਥੇ ਵੀ ਦੇਖ ਲਵੋ! ਪਰ ਮਾਸ ਵਿਰੋਧੀ ਸੱਜਣਾਂ ਨੇ ਇਸ ਸ਼ਬਦ ਵਿਚੋ ਵੀ ਕੇਵਲ ਇੱਕ ਪੰਕਤੀ “ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ” ਚੁੱਕ ਲਈ ਅਤੇ ਅਪਣੀ ਬਣੀ ਹੋਈ ਮਾਸ ਵਿਰੋਧੀ ਧਾਰਨਾ ਕਾਰਣ ਉਹੀ ਧੋਖਾ ਖਾ ਗਏ। ਹਾਲਾਂਕਿ ‘ਪੰਚ ਤਤੁ’ ਵਾਲੀ ਪੰਕਤੀ ਤਾਂ ਸ਼ਬਦ ਦੇ ਅਰਥਾਂ ਅਨੁਸਾਰ ਪਿਛੋਂ ਆ ਰਹੇ ਅਰਥਾਂ ਦੀ ਲੜੀ ਨਾਲ ਸੰਬੰਧਤ ਹੈ ਅਤੇ ਅੰਤਮ ਪੰਕਤੀ “ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ” ਸ਼ਬਦ ਦਾ ਕੇਂਦਰੀ ਭਾਵ ਹੈ। ਇਸਤਰ੍ਹਾ ਅਰਥਾਂ ਅਨੁਸਾਰ ਵੀ ਇਹ ਦੋਵੇਂ ਪੰਕਤੀਆਂ ਜੁੜਵੀਆਂ ਨਹੀਂ ਹਨ। ਇਥੇ ਇਹ ਵੀ ਦੋਹਰਾ ਦੇਣਾ ਚਾਹੁੰਦੇ ਹਾਂ ਕਿ ਸਮੂਚੀ ਗੁਰਬਾਣੀ ਰਚਨਾ `ਚ ਜਿੱਥੇ ਕਿੱਥੇ ਵੀ ਜੋਗੀਆਂ ਨਾਲ ਸੰਵਾਦ ਜਾਂ ਉਨ੍ਹ੍ਹਾਂ ਨਾਲ ਸੰਬੰਧਤ ਸ਼ਬਦ ਆਏ ਹਨ, ਜੋਗੀਆਂ ਨੂੰ ਸ਼ਰਾਬ ਆਦਿ ਨਸ਼ਿਆਂ ਤੋਂ ਸੁਚੇਤ ਕੀਤਾ ਹੈ ਪਰ ਮਾਸ ਦੇ ਭੋਜਨ ਵਾਲਾ ਵਿਸ਼ਾ ਉਨ੍ਹਾਂ ਨਾਲ ਕਿੱਧਰੇ ਆਇਆ ਹੀ ਨਹੀ। ਜੋਗੀਆਂ ਨੂੰ ਉਨ੍ਹਾਂ ਵਲੋਂ ਸੰਸਾਰੀਆਂ-ਗ੍ਰਿਹਸਥੀਆਂ ਵਿਰੁਧ ਬਣ ਚੁਕੇ ਸ਼ੋਸ਼ਣ ਵਾਲੇ ਕਿਰਦਾਰ ਵਿਰੁਧ ਉਨ੍ਹਾਂ ਨੂੰ ਸੰਸਾਰੀਆ ਪ੍ਰਤੀ ਦਇਆ ਵਾਲਾ ਸੁਭਾਅ ਅਪਣਾਉਣ ਲਈ ਪ੍ਰੇਰਿਆ ਹੈ। ਇਸੇ ਤਰ੍ਹਾਂ ਇਸ ਸ਼ਬਦ `ਚ ਵੀ ਮੁਰਗਿਆਂ-ਬਕਰਿਆਂ ਦਾ ਵਿਸ਼ਾ ਹੈ ਹੀ ਨਹੀਂ।




.