.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 26)

ਭਾਈ ਸੁਖਵਿੰਦਰ ਸਿੰਘ 'ਸਭਰਾ'

ਕਾਰ ਸੇਵਾ ਦੇ ਨਾਂ `ਤੇ ਰਸਦ ਇਕੱਠੀ ਕਰਨ ਵਾਲੇ ਨਕਲੀ ਨਿਹੰਗ ਸਿੰਘ ਕਾਬੂ

ਚਾਰ ਆਦਮੀ ਸਵਰਾਜ ਮਾਜ਼ਦਾ ਫੋਰ ਵੀਲਰ ਤੇ ਜੰਡਿਆਲਾ ਦੀ ਪੱਤੀ ਧੰਨੀ ਕੀ ਗੁਰਦੁਆਰੇ ਆਏ। ਮੁਖੀ ਦਾ ਬਾਣਾ ਨਿਹੰਗਾਂ ਵਾਲਾ ਸੀ। ਇਕ ਹੋਰ ਅੰਮ੍ਰਿਤਧਾਰੀ ਅਤੇ 2 ਆਦਮੀ ਮੋਨੇ ਸਨ। ਗੁਰਦੁਆਰੇ ਦੇ ਗ੍ਰੰਥੀ ਗਿ: ਸੁਖਦੇਵ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਕਾਰ ਸੇਵਾ ਵਾਲੇ ਬਾਬੇ ਆਉਣ ਦੀ ਅਨਾਊਂਸਮੈਂਟ ਕਰਨ ਲਈ ਕਿਹਾ ਤਾਂ ਉਹਨਾਂ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਰਾਜ ਸਿੰਘ ਕੋਲ ਭੇਜਿਆ ਗਿਆ। ਪੁੱਛ ਗਿੱਛ ਕਰਨ `ਤੇ ਉਹਨਾਂ ਨੇ ਆਪਣਾ ਸੰਬੰਧ ਤਰਨਾ ਦਲ ਨਾਲ ਦੱਸਿਆ। ਸ਼ੱਕ ਪੈਣ `ਤੇ ਪੜਤਾਲ ਕੀਤੀ ਗਈ ਜੋ ਜਾਹਲੀ ਨਿਕਲੇ। ਉਹਨਾਂ ਮੰਨਿਆ ਕਿ ਅਸੀਂ ਆਪਣੀਆਂ ਨਿੱਜੀ ਜਾਇਦਾਦਾਂ ਬਣਾ ਰਹੇ ਹਾਂ। ਪੁਲੀਸ ਹਵਾਲੇ ਕਰਕੇ 420 ਦਾ ਕੇਸ ਬਣਾ ਕੇ ਹਵਾਲਾਤ ਵਿਚ ਭੇਜ ਦਿੱਤਾ ਗਿਆ।

ਕਾਰ ਸੇਵਾ ਵਾਲਾ ਬਾਬਾ ਸੁੱਖਾ ਸਿੰਘ, ਹਾਕਮ ਸਿੰਘ ਸਰਹਾਲੀ

ਇਹਨਾਂ ਬਾਰੇ ਪੁਸਤਕ ਦੇ ਪਹਿਲੇ ਭਾਗ ਵਿਚ ਕਾਫ਼ੀ ਲਿਖ ਚੁੱਕਾ ਹਾਂ। ਪੁਸਤਕ ਦੇ ਆਉਣ ਵਾਲੇ ਭਾਗਾਂ ਵਿਚ ਵੀ ਜ਼ਰੂਰਤ ਮੁਤਾਬਕ ਲਿਖਦਾ ਰਹਾਂਗਾ। ਇਹ ਆਪਣੇ ਡੇਰਿਆਂ ਵਿਚ ਪੰਡਤ ਨਾਲ ਰੱਖਦੇ ਹਨ। ਇਹ ਪੰਡਤ (ਬ੍ਰਾਹਮਣ) ਪੱਤਰੀਆਂ ਖੋਲ ਕੇ ਟੇਵੇ ਲਾ ਕੇ ਇਹਨਾਂ ਨੂੰ ਚੰਗੇ ਮਾੜੇ ਆਉਣ ਵਾਲੇ ਦਿਨਾਂ ਬਾਰੇ, ਸ਼ੁਭ, ਅਸ਼ੁਭ ਮਹੂਰਤਾਂ ਬਾਰੇ ਦੱਸਦੇ ਰਹਿੰਦੇ ਹਨ। ਗੁਰਮਤਿ ਦੀ ਘੋਰ ਖੰਡਨਾਂ ਵਾਲੇ ਹਵਨ ਵੀ ਪੰਡਤਾਂ ਤੋਂ ਕਰਵਾਉਂਦੇ ਹਨ। ਡੇਰਿਆਂ ਵਿਚ, ਇਹਨਾਂ ਨੇ ਨਾਲ ਐਸੇ ਗਰੰਥੀ ਵੀ ਰੱਖੇ ਹੋਏ ਹਨ ਜਿਹੜੇ ਮੱਝਾਂ, ਗਾਵਾਂ ਦੇ ਦੁੱਧ ਵਧਾਉਣ ਵਾਸਤੇ ਗੁਰਬਾਣੀ ਸ਼ਬਦ ਲਿਖ ਕੇ ਦਿੰਦੇ ਰਹਿੰਦੇ ਹਨ। ਮੁੰਡੇ ਜੰਮਣ ਦੇ, ਵਿਆਹ ਹੋਣ ਦੇ ਨੌਕਰੀਆਂ ਦੇਣ ਵਾਲੇ, ਮੁਕੱਦਮੇ ਜਿੱਤਣ ਵਾਲੇ ਸ਼ਬਦ, ਬਾਹਮਣਾਂ ਵਾਂਗੂੰ ਹੀ ਲਿਖਕੇ ਦਿੰਦੇ ਹਨ, ਇਹ ਜਾਤ-ਪਾਤ ਅਤੇ ਬ੍ਰਾਹਮਣੀ ਕਰਮ ਕਾਂਡਾਂ ਦੇ ਪੱਕੇ ਹਾਮੀ ਹਨ। ਬਹੁਤੇ ਕਾਰ ਸੇਵਾ ਵਾਲੇ ਡੇਰਿਆਂ ਵਿਚ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜ਼ਿੰਮੇਵਾਰ ਕੌਣ?

ਕੀ ਕਾਰ ਸੇਵਾ ਵਾਲੇ ਗੁਰੂ ਸਾਹਿਬਾਨ ਦੇ ਅਵਤਾਰ ਹਨ?

ਐਸੇ ਵੀ ਵਿਸ਼ਵਾਸਘਾਤੀ ਹਨ ਜਿਨ੍ਹਾਂ ਨੇ ਸਿੱਖਾਂ ਨੂੰ ਸਿੱਖੀ ਸਿਧਾਂਤਾਂ ਨਾਲੋਂ ਤੋੜ ਕੇ ਗ਼ੁਮਰਾਹ ਕਰਨ ਵਾਸਤੇ, ਡੇਰੇਦਾਰ ਸਾਧਾਂ ਨੂੰ ਗੁਰੂ ਦੇ ਸ਼ਰੀਕਾਂ ਵਜੋਂ ਲਿਖਿਆ ਹੈ।

ਮੌਜੂਦਾ ਦੌਰ ਅੰਦਰ ਅਸਲ ਦੀ ਨਕਲ ਉਤਾਰਨ ਦੀ ਦੌੜ ਜਿਹੀ ਲੱਗੀ ਹੋਈ ਹੈ। ਮਸ਼ੀਨੀ ਜਾਂ ਹੋਰ ਵਸਤੂਆਂ ਤੋਂ ਹੁਣ ਇਹ ਨਕਲ ਧਰਮ ਵਿਚ ਵੀ ਪਸਰ ਰਹੀ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਹਾਲੇ ਤਕ ਸਾਇੰਸਦਾਨਾਂ ਦੀਆਂ ਉਪਲਬਧੀਆਂ ਦੀਆਂ ਨਕਲਾਂ ਤਾਂ ਹੋਈਆਂ ਹਨ ਪਰ ਨਕਲੀ ਸਾਇੰਸਦਾਨ ਕੋਈ ਨਹੀਂ ਬਣਿਆ। ਸਿੱਖ ਧਰਮ ਦੀ ਨਕਲ ਕਰਨ ਵਾਲਿਆਂ ਦੀ ਬੁੱਧ ਉੱਪਰ ਤਾਂ ਤਰਸ ਆਉਂਦਾ ਹੈ। ਨਕਲਚੀਆਂ ਨੇ ਸਿੱਖ ਸਿਧਾਂਤਾਂ ਦੇ ਮੁਕਾਬਲੇ ਕਈ ਕੁਝ ਹੱਥ ਪੈਰ ਤਾਂ ਮਾਰੇ ਹਨ। ਸਿੱਖ ਗੁਰੂ ਸਾਹਿਬਾਨ ਦੀ ਵੀ ਨਕਲ ਕਰਨ `ਚ ਕਸਰ ਨਹੀਂ ਛੱਡੀ। ਨਕਲ ਦੀ ਇਕ ਐਸੀ ਹੀ ਹਰਕਤ ਅਸੀਂ ਖ਼ਾਲਸਾ ਪੰਥ ਦੀ ਕਚਿਹਰੀ `ਚ ਇਸ ਉਮੀਦ ਨਾਲ ਪੇਸ਼ ਕਰ ਰਹੇ ਹਾਂ ਕਿ ਕੋਈ ਯੋਗ ਕਾਰਵਾਈ ਕਰਕੇ ਨਕਲਚੀਆਂ ਨੂੰ ਵਰਜਿਆ ਜਾ ਸਕੇ।

ਤਰਨ ਤਾਰਨ ਸ਼ਹਿਰ ਦੇ ਬਾਹਰਵਾਰ ਸੰਘਿਆਂ ਵਾਲੀ ਨਹਿਰ ਦੇ ਨੇੜੇ ਇਕ ਗੁਰਦੁਆਰਾ ਸੰਤ ਸਰ ਦੇ ਨਾਂ ਦਾ ਸਥਾਪਿਤ ਹੈ। ਨਾਂ ਨੂੰ ਤਾਂ ਇਹ ਤਰਨ ਤਾਰਨ ਦਰਬਾਰ ਸਾਹਿਬ ਦੇ ਸਰੋਵਰ ਵਾਸਤੇ ਸਾਫ਼ ਪਾਣੀ ਦਾ ਪ੍ਰਬੰਧ ਕਰਦਾ ਹੈ। ਜ਼ਰਾ ਗਹੁ ਨਾਲ ਦੇਖਿਆਂ ਪਤਾ ਲਗਦਾ ਹੈ ਕਿ ਇਹ ਡੇਰਾ ਸਰੋਵਰ ਵਿਚ ਸਾਫ਼ ਪਾਣੀ ਭੇਜਣ ਦਾ ਛਲਾਵਾ ਕਰਕੇ (ਝਓਲਾ ਪਾ ਕੇ) ਸਿੱਖੀ ਅੰਦਰ ਕੁਫ਼ਰ ਦੀ ਮੈਲ ਰਲਾ ਰਿਹਾ ਹੈ।

ਗੁਰਦੁਆਰਾ ਨੁਮਾ ਬਣੇ ਡੇਰੇ ਦੀ ਦੀਵਾਰ `ਤੇ ਅਤੇ ਇਸਦੇ ਸਾਹਮਣੇ ਬਣੇ ਸਰੋਵਰ ਜੋ ਕਿ ਚਾਰ ਦੀਵਾਰੀ ਨਾਲ ਘੇਰਿਆ ਹੈ ਤੇ ਉਸਦੀ ਦੀਵਾਰ `ਤੇ ਹੇਠ ਲਿਖਿਆ ਕੁਫ਼ਰ ਤੋਲਿਆ। ਲਿਖਿਆ ਹੋਇਆ ਹੈ: - ਸ੍ਰੀ ਮਾਨ ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸ੍ਰੀ ਮਾਨ ਸੰਤ ਬਾਬਾ ਜਵੰਦ ਸਿੰਘ ਜੀ ਗੁਰੂ ਅਮਰਦਾਸ ਦਾਸ ਜੀ। ਸ੍ਰੀ ਮਾਨ ਸੰਤ ਬਾਬਾ ਝੰਡਾ ਸਿੰਘ ਜੀ ਸ੍ਰੀ ਗੁਰੂ ਰਾਮਦਾਸ ਜੀ।

ਇਨ੍ਹਾਂ ਚਾਰ ਪਾਤਸ਼ਾਹੀਆਂ ਨੇ ਚਰਨ ਪਾਏ ਤੇ ਹੰਸਲੀ ਬਣਵਾਈ ਤੇ ਸੇਵਾ ਕਰਵਾ ਰਹੇ ਚਰਨ ਸੇਵਕ ਸੰਤ ਬਾਬਾ ਬਸਤਾ ਸਿੰਘ। ਅਜਿਹਾ ਕੁਝ ਡੇਰੇ ਵਿਚ ਵੱਡੇ ਗੇਟਾਂ ਤੋਂ ਇਲਾਵਾ ਅੰਦਰ ਕੰਧਾਂ ਉੱਪਰ ਤਕਰੀਬਨ ਦਸ ਥਾਂਵਾਂ `ਤੇ ਲਿਖਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ। ਉੱਪਰ ਦਰਸਾਏ ਚਾਰ ਸੰਤ ਬਾਬਿਆਂ ਦੀਆਂ ਫੋਟੋਆਂ ਜੋ ਗੁਰਦੁਆਰੇ ਦੇ ਅੰਦਰ ਹਨ ਉਨ੍ਹਾਂ ਦੇ ਵੀ ਦਰਸ਼ਨ ਕਰੋ: - ਵੱਡੇ ਵੱਡੇ ਆਕਾਰ `ਚ ਪਈਆਂ ਚਾਰ ਫੋਟੋਆਂ ਵਿਚੋਂ ਬਾਬਾ ਗੁਰਮੁਖ ਸਿੰਘ ਦੀ ਫੋਟੋ `ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਸਾਧੂ ਸਿੰਘ ਦੀ ਫੋਟੋ ਉੱਪਰ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ, ਬਾਬਾ ਜਵੰਦ ਸਿੰਘ ਦੀ ਫੋਟੋ ਤੇ ਸ੍ਰੀ ਗੁਰੂ ਅਮਰਦਾਸ ਜੀ ਅਤੇ ਬਾਬਾ ਝੰਡਾ ਸਿੰਘ ਦੀ ਫੋਟੋ `ਤੇ ਸ੍ਰੀ ਗੁਰੂ ਰਾਮਦਾਸ ਜੀ ਲਿਖਿਆ ਹੈ ਲਾਗੇ ਪਈ ਬਾਬਾ ਬਸਤਾ ਸਿੰਘ ਦੀ ਫੋਟੋ ਉਸੇ ਤਰ੍ਹਾਂ ਪਈ ਹੈ ਭਾਵ ਕੁਝ ਨਹੀਂ ਲਿਖਿਆ। ਬਾਬਾ ਗੁਰਮੁਖ ਸਿੰਘ ਜੀ ਅਤੇ ਬਾਕੀ 3 ਬਾਬੇ ਚੰਗੇ ਸਿੱਖ ਤਾਂ ਹੋ ਸਕਦੇ ਹਨ ਪਰ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਬਿਲੁਕਲ ਨਹੀਂ ਕਰ ਸਕਦੇ, ਐਸਾ ਲਿਖ ਕੇ ਇਹਨਾਂ ਨੇ ਸਿੱਖ ਹਿਰਦਿਆਂ ਤੇ ਕਰਾਰੀ ਸੱਟ ਮਾਰੀ ਹੈ।

ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਵਾਲਾ

ਇਸ ਸਾਧ ਨੇ ਕਿਵੇਂ ਗੁਰੂ ਘਰ ਦੀ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਂ ਲਵਾ ਕੇ ਆਪਣੇ ਪੁੱਤਰਾਂ ਨਾਮ ਵਸੀਅਤ ਕਰਵਾ ਦਿੱਤੀ ਹੈ। ਇਸ ਦੀਆਂ ਧਾਂਦਲੀਆਂ ਦਾ ਕਿੱਸਾ ਬਹੁਤ ਲੰਮੇਰਾ ਹੈ ਇਸ ਸਾਧ ਦੀ ਇਕੱਲੇ ਦੀ ਇਕ ਕਿਤਾਬ ਛਾਪਣੀ ਪੈਣੀ ਹੈ। ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸੇਵਾ ਸੰਪੂਰਨ ਕਰਨ ਤੋਂ ਬਾਅਦ ਵੀ ਇਹ ਸਾਧ ਇਥੋਂ ਨਿਕਲਦਾ ਨਾ ਦੇਖ ਕੇ ਸ਼੍ਰੋਮਣੀ ਕਮੇਟੀ ਨੇ ਸਖ਼ਤੀ ਕੀਤੀ ਕਿਉਂਕਿ ਸ਼੍ਰੋਮਣੀ ਕਮੇਟੀ ਵੀ ਗੋਲਕ ਵਾਸਤੇ ਤਾਂ ਮਰਨ ਨੂੰ ਵੀ ਤਿਆਰ ਹੈ। ਇਸ ਸਾਧ ਨੂੰ ਉਥੋਂ ਕੱਢਿਆ ਗਿਆ। ਗੁਰਦੁਆਰੇ ਦੀ ਜ਼ਮੀਨ ਹੜੱਪ ਕਰਨ ਦੇ ਕਈ ਝਗੜਿਆਂ ਵਿਚੋਂ ਇਕ F. I. R. ਦੀ ਨਕਲ ਵੀ ਮੇਰੇ ਕੋਲ ਪਈ ਹੈ। ਮੁਕੱਦਮਾ ਨੰਬਰ 73 ਮਿਤੀ 24-3-03, 25-3-03 U/S 447/427, 349/380, 148/149 I.P.C. ਥਾਣਾ ਛੇਹਰਟਾ ਵਿਚ ਦਰਜ ਹੈ। ਇਸ ਤਰ੍ਹਾਂ ਹੋਰ ਵੀ ਕਈ ਕੁਝ ਹੈ। ਗੁਰੂ ਘਰ ਦੀ ਬਹੁਤ ਜ਼ਮੀਨ ਇਸਨੇ ਆਪਣੇ ਨਾਂ ਕਰਵਾ ਕੇ ਸਾਂਭੀ ਹੋਈ ਹੈ।

ਨਿਹੰਗ ਬਾਬਾ ਅਜੀਤ ਸਿੰਘ ਪੂਹਲਾ

ਇਕ ਅਖ਼ਬਾਰ ਦੇ ਬਿਆਨ ਮੁਤਾਬਿਕ ਤਰਨਾ ਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਦੇ ਮੀਤ ਜਥੇਦਾਰ ਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜੋ ਅਜੀਤ ਸਿੰਘ ਪੂਹਲਾ ਆਪਣੇ ਆਪ ਨੂੰ ਤਰਨਾ ਦਲ ਦਾ ਮੁਖੀ ਦੱਸਦਾ ਹੈ। ਇਹਨੂੰ ਕਿਸੇ ਵੀ ਜਥੇਬੰਦੀ ਨੇ ਤਰਨਾ ਦਲ ਦਾ ਮੁਖੀ ਨਹੀਂ ਬਣਾਇਆ। ਸਾਰੀਆਂ ਨਿਹੰਗ ਜਥੇਬੰਦੀਆਂ ਨੇ ਮਨਮਾਨੀਆਂ ਕਰਨ ਕਰਕੇ ਇਸਦਾ ਬਾਈਕਾਟ ਕੀਤਾ ਹੋਇਆ ਹੈ। ਉਹਨਾਂ ਦੋਸ਼ ਲਾਇਆ ਕਿ ਜਥੇਦਾਰ ਪੂਹਲਾ ਨੇ ਮੀਤ ਜਥੇਦਾਰ ਕਾਹਨ ਸਿੰਘ ਦਾ ਕਤਲ ਇਕ ਸਾਜਿਸ਼ ਤਹਿਤ ਕਰਵਾਇਆ। ਉਸ ਤੋਂ ਬਾਅਦ ਬਾਬਾ ਕਾਹਨ ਸਿੰਘ ਅਧੀਨ ਗੁਰਦੁਆਰਿਆਂ `ਤੇ ਕਬਜ਼ਾ ਕੀਤਾ। ਇਸਦਾ ਅਸਲੀ ਨਾਮ ਜਸਵਿੰਦਰ ਸਿੰਘ ਉਰਫ ਗੁੱਡੂ ਫਾਈਟਰ ਪੁੱਤਰ ਨਾਹਰ ਸਿੰਘ ਹੈ। ਇਸ ਨੇ ਪਿੰਡ ਪੂਹਲਾ ਵਿਖੇ ਭਾਈ ਤਾਰੂ ਸਿੰਘ ਦੇ ਅਸਥਾਨ `ਤੇ ਨਾਜਾਇਜ਼ ਕਬਜਾ ਕੀਤਾ ਸੀ ਅਤੇ ਉਥੇ ਆਪਣਾ ਨਾਂ ਬਦਲ ਕੇ ਅਜੀਤ ਸਿੰਘ ਰੱਖ ਲਿਆ। ਉਸ ਤੋਂ ਬਾਅਦ ਇਹ ਪੁਲੀਸ ਦਾ ਕੈਟ ਬਣ ਗਿਆ। ਕਾਫ਼ੀ ਨੌਜਵਾਨਾਂ `ਤੇ ਤਸ਼ੱਦਦ ਕਰਵਾਇਆ ਅਤੇ ਕਈ ਕਤਲ ਕਰਵਾਏ। ਇਸ ਖਿਲਾਫ਼ ਜ਼ਿਲ੍ਹਾ ਨਵਾਂ ਸ਼ਹਿਰ ਥਾਣਾ ਬੰਗਾ `ਚ ਐਫ਼: ਆਈ: ਆਰ: ਨੰਬਰ 152, 2002 ਕਤਲ ਕੇਸ 302 341PC ਤਹਿਤ ਅਤੇ ਲੁਧਿਆਣਾ ਜ਼ਿਲ੍ਹੇ ਵਿਚ ਥਾਣਾ ਕੋਤਵਾਲੀ ਐਫ਼: ਆਈ: ਆਰ: ਨੰਬਰ 250, 1980 ਵਿਚ ਧਾਰਾ 307, 145, 149 ਤਹਿਤ ਪੁਲੀਸ ਜ਼ਿਲ੍ਹਾ ਤਰਨਤਾਰਨ ਦੇ P.S. ਭਿੱਖੀਵਿੰਡ ਵਿਚ ਨਿਹੰਗ ਜੱਸਾ ਸਿੰਘ ਪਿੰਡ ਵਰਮਾਲ ਕਤਲ ਕੇਸ FIR 5/2004 ਅਤੇ ਨਾਗੋ ਸ਼ਰਮਾ ਅਗ਼ਵਾ ਕੇਸ FIR169 ਸੰਨ 2003 ਦਰਜ ਹੈ ਅਤੇ ਪੱਟੀ ਦੀ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤਾ ਹੋਇਆ ਹੈ। ਪਹਿਲਾਂ ਇਸ `ਤੇ ਇਸ ਕਰਕੇ ਕਾਰਵਾਈ ਨਹੀਂ ਹੋਈ ਕਿ ਇਸਦੇ ਉੱਚ ਅਫ਼ਸਰਾਂ ਨਾਲ ਸੰਬੰਧ ਸਨ। ਪੂਹਲਾ ਐਕਸ਼ਨ ਕਮੇਟੀ ਕੋਲ ਇਕ ਇਸਦੀ ਤਸਵੀਰ ਵੀ ਹੈ ਜਿਸ ਵਿਚ ਇਹ ਇਕ ਮੰਤਰੀ ਦੇ ਲੜਕੇ ਦੇ ਵਿਆਹ `ਤੇ ਕਲਾਕਾਰਾਂ ਨਾਲ ਨੱਚ ਰਿਹਾ ਹੈ।

ਇਹ ਕਈ ਸਾਲਾਂ ਤੋਂ ਆਪਣੇ ਡੇਰੇ ਵਿਚ ਚੰਮਦੀਆਂ ਚਲਾ ਰਿਹਾ ਸੀ। ਗੁਰਦੁਆਰਾ ਭਾਈ ਤਾਰੂ ਸਿੰਘ ਤੋਂ ਇਸਦਾ ਕਬਜ਼ਾ ਛੱਡਵਾ ਲਿਆ ਹੈ। ਇਹੀ ਇਸਦਾ ਹੈੱਡ ਕੁਆਟਰ ਸੀ। ਹੁਣ ਇਹ ਲੁਧਿਆਣਾ ਜੇਲ੍ਹ ਵਿਚ ਬੰਦ ਹੈ। ਕਰਨਲ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਹੋਰਨਾਂ ਇਲਾਕਿਆਂ ਵਿਚੋਂ ਪੂਹਲਾ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ।




.