.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 07)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ- ਭਲੀ ਭਾਂਤ ਦੇਖ ਚੁਕੇ ਹਾਂ ਕਿ ਗੁਰਬਾਣੀ ਅਨੁਸਾਰ ਜੀਅ-ਹੱਡ-ਮਾਸ ਜਾਂ ਮਿੱਟੀ ਤੋਂ ਬਣਿਆ ਸਰੀਰ ਨਹੀਂ ਬਲਕਿ ਕਰਤੇ ਦਾ ਅੰਸ਼ ਹੈ ਜੋ ਹਰੇਕ ਜੀਵ ਅੰਦਰ ਵੱਸ ਰਿਹਾ ਹੈ। ਇਸਤਰ੍ਹਾਂ ਜਦੋਂ ਤੀਕ ਜੀਵ ਦੇ ਅੰਦਰ ਪ੍ਰਭੁ ਦਾ ਅੰਸ਼ ਮੌਜੂਦ ਹੈ, ਸਰੀਰ ਦਾ ਵਾਧਾ-ਘਾਟਾ, ਚਲਣ-ਤੱਬਦੀਲੀ ਸਭਕੁਝ ਬਣਿਆ ਰਹਿੰਦਾ ਹੈ। ਫ਼ਿਰ ਇਹ ਸਰੀਰ ਮਨੁੱਖ ਦਾ ਹੋਵੇ ਜਾਂ ਪਸ਼ੂ, ਪੰਛੀ, ਕੀੜੇ, ਮਕੌੜੇ, ਹਾਥੀ, ਘੋੜੇ, ਚੀਂਟੀ, ਪਤੰਗੇ, ਫੁਲ, ਬਨਸਪਤੀ, ਅਨਾਜ, ਸਬਜ਼ੀਆਂ, ਸਪਾਂ, ਪਰਬਤਾਂ, ਪਹਾੜਾ, ਰੁਖਾਂ ਤੋਂ ਲੈਕੇ ਪਾਣੀ ਦੇ ਅਦ੍ਰਿਸ਼ਟ ਜੀਵਾਂ ਦਾ, ਜਦੋਂ ਇਕ ਜਾਂ ਦੂਜੇ ਢੰਗ ਸਰੀਰ ਵਿਚੋਂ ਕਰਤੇ ਦੀ ਜੋਤ ਅੱਡ ਹੋ ਜਾਂਦੀ ਹੈ ਤਾਂ ਸਰੀਰ ਦਾ ਵਧਾ-ਘਾਟਾ, ਚਲਣ-ਤੱਬਦੀਲੀ ਸਭ ਰੁੱਕ ਜਾਂਦੀ ਹੈ ਅਤੇ ਬਾਕੀ

“ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ” (ਪੰ:੧੩੫੦)

ਅਨੁਸਾਰ ਬਾਕੀ ਤਾਂ ਉਸ ਸਰੀਰ ਦੀ ਮਿੱਟੀ ਹੀ ਰਹਿ ਜਾਂਦੀ ਹੈ। ਬਾਣੀ ‘ਚ ਕਬੀਰ ਸਾਹਿਬ ਫ਼ੁਰਮਾਂਦੇ ਹਨ:

“ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ(ਪ:੭੮੦)

ਧਿਆਨ ਰਹੇ, ਸਿਧਾਂਤ ਸਦੀਵੀ ਹੁੰਦੇ ਹਨ ਮਿਸਾਲ ਸਮੇਂ ਨਾਲ ਬਦਲਵੀਂ ਹੁੰਦੀ ਹੈ। ਠੀਕ ਇਸੇ ਅਨੁਸਾਰ ਬੇਸ਼ਕ ਅਜ ਮਨੁੱਖਾ ਸਰੀਰ ਦੀਆਂ ਅੱਖਾਂ, ਦਿਲ, ਗੁਰਦੇ ਆਦਿ ਕੁਝ ਅੰਗ ਦੂਜੇ ਮਨੁੱਖਾਂ ਲਈ ਵਰਤੇ ਜਾ ਰਹੇ ਹਨ। ਫ਼ਿਰ ਵੀ ਸਮੂਚੇ ਤੌਰ ਤੇ ਜਜ਼ਬਾਤੀ ਕਾਰਣਾ ਕਰਕੇ, ਮਨੁੱਖਾਂ ਦੇ ਮੁਰਦਾ ਸਰੀਰ ਅਜ ਵੀ ਸਿਵਾਏ ਸਾੜਣ-ਦਫ਼ਨਾਉਣ ਜਾਂ ਪਾਣੀ ‘ਚ ਬਹਾ ਕੇ ਖਤਮ ਕਰਨ ਦੇ; ਮਨੁੱਖ ਸਮਾਜ ਲਈ ਮਿਰਤਕ ਮਨੁੱਖਾ ਸਰੀਰ ਦਾ ਕੋਈ ਲਾਭ ਨਹੀਂ ਹੁੰਦਾ। ਇਸਤਰ੍ਹਾਂ ਮਨੁੱਖਾ ਸਰੀਰ ਲਈ “ਨਰੂ ਮਰੈ ਨਰੁ ਕਾਮਿ ਨ ਆਵੈ” ਵਾਲੀ ਗਲ ਅਜ ਵੀ ਉਥੇ ਹੀ ਖੜੀ ਹੈ। ਮਨੁੱਖਾ ਸਰੀਰ ਨੂੰ ਸਿਵਾਏ ਆਦਮਖੋਰ ਮਨੁੱਖਾਂ ਦੇ ਕੋਈ ਨਹੀਂ ਖਾਂਦਾ ਪਰ ਬਾਕੀ ਹਰੇਕ ਸ਼੍ਰੇਣੀ ਦੇ ਸਰੀਰ ਅਥਵਾ ਮਿੱਟੀ ਨੂੰ ਉਸਦੇ ਰੂਪ, ਨਸਲ, ਗੁਣ ਅਨੁਸਾਰ ਵਰਤਿਆ ਜਾਂਦਾ ਹੈ ਅਤੇ ਸਦੀਵ ਕਾਲ ਤੋਂ ਵਰਤੀਂਦਾ ਆ ਰਹਿਆ ਹੈ। ਇਥੋਂ ਤੀਕ ਕਿ ਜੁੱਧ-ਭੂਮੀ ‘ਚ ਲਾਵਾਰਸ ਪਏ ਮਨੁੱਖਾਂ ਦੇ ਸਰੀਰ ਵੀ ਕੁੱਤੇ-ਗਿਝਾਂ-ਇੱਲਾਂ ‘ਤੇ ਬੇਅੰਤ ਕੀੜੇ-ਮਕੌੜੇ ਖਾ ਲੈਂਦੇ ਹਨ। ਤਾਂਤੇ ਲੋੜ ਹੈ ਜੀਅ ਦਇਆ ਨੂੰ ਗੁਰਬਾਣੀ ਸੇਧ ‘ਚ ਸਮਝਣ ਦੀ।

ਬਿਨਾ ਲੋੜ ਇਕ ਫੁਲ ਦਾ ਤੋੜਣਾ ਵੀ...-ਇਸਦੇ ਬਾਵਜੂਦ ਗੁਰੂ ਦਰ ਤੇ ਇਸ ਬਾਰੇ ਜੋ ਨੀਯਮ ਗੁਰਦੇਵ ਨੇ ਬਖਸ਼ਿਆ ਹੈ ਉਸ ਮੁਤਾਬਕ ਬਿਨਾ ਲੋੜ, ਕਿਸੇ ਇਕ ਫੁਲ ਨੂੰ ਵੀ ਪੌਧੇ ਨਾਲੋਂ ਤੋੜਣਾ ਜਾਂ ਮਸਲਕੇ ਸੁੱਟ ਦੇਣਾ ਜਾਂ ਕਰਮਕਾਂਡੀ ਵਿਸ਼ਵਾਸਾਂ ਅਧੀਨ ਫੁਲਾਂ ਨੂੰ ਜ਼ਾਇਆ ਕਰਣ ਦਾ ਮਨੁੱਖ ਨੂੰ ਹੱਕ ਨਹੀਂ, ਗੁਰਬਾਣੀ ਦਾ ਫ਼ੁਰਮਾਣ ਹੈ:

“ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥

ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥  

ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥  ॥ ਰਹਾਉ ॥

ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥

ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥  

ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥

ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥  

ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥

ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥  

ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥

ਕਹੁ ਕਬੀਰ ਹਮ ਰਾਮ ਰਾਖੇ ਕਿ੍ਰਪਾ ਕਰਿ ਹਰਿ ਰਾਇ (ਪੰ:੪੭੯)

ਸਮਝਣ ਦਾ ਵਿਸ਼ਾ ਹੈ ਕਿ ਕਰਤੇ ਦੀ ਬੇਅੰਤ ਰਚਨਾ ‘ਚ ਫੁਲਾਂ ਦੀ ਅਪਣੀ ਸੁੰਦਰਤਾ ਤੇ ਖੂਸ਼ਬੋ ਹੈ। ਪੌਦੇ ਤੋਂ ਤੋੜਕੇ ਕਿਸੇ ਵਿਸ਼ੇਸ਼ ਸੀਮਾ ‘ਚ, ਕਿਸੇ ਖਾਸ ਜਗ੍ਹਾ ਦੀ ਸੁੰਦਰਤਾ, ਸ਼ੋਭਾ ਜਾਂ ਵਾਤਾਵਰਣ ਨੂੰ ਸੁਖਾਵਾਂ, ਖੁਸ਼ਬੂਦਾਰ ਬਨਾਉਣ ਲਈ ਵਰਤੋਂ ਤਾ ਯੋਗ ਹੈ। ਇਸੇਤਰ੍ਹਾਂ ਫੁਲਾਂ ਤੋਂ ਕਈ ਤਰ੍ਹਾਂ ਦੇ ਰੰਗ, ਸੈਂਟ, ਇੱਤਰ, ਖੁਸ਼ਬੂਆਂ ਬਨਾਉਣ ਲਈ ਜਾਂ ਇਨ੍ਹਾਂ ਦੀ ਦਵਾਈਆਂ ਆਦਿ ‘ਚ ਵਰਤੋਂ ਲਈ, ਜਿਸ ਲਈ ਕਿ ਕਰਤੇ ਨੇ ਫੁਲਾਂ ਨੂੰ ਘੜਿਆ ਹੈ, ਖਾਸ ਸੀਮਾਂ ਤੀਕ ਫੁਲਾਂ ਨੂੰ ਪੋਦਿਆਂ ਤੋਂ ਤੋੜਣਾ ਜਾਇਜ਼ ਹੈ। ਇਸਦੇ ਉਲਟ ਬਿਨਾ ਲੋੜ ਫੁਲਾਂ ਨੂੰ ਪੋਦਿਆਂ ਤੋਂ ਤੋੜਣਾ, ਪੂਜਾ ਦੇ ਫੋਕਟ ਵਿਸ਼ਵਾਸ ‘ਚ ਮੂਰਤੀਆਂ ਅਦਿ ਅਗੇ ਢੇਰ ਲਾਂਦੇ ਜਾਣਾ, ਕਰਤੇ ਦੀ ਮਹਾਨ ਦੇਣ ਦੀ ਕੁਵਰਤੋਂ ਹੈ।

ਇਤਿਹਾਸ ‘ਚ ਇਥੋਂ ਤੀਕ ਜ਼ਿਕਰ ਆਉਂਦਾ ਹੈ ਕਿ ਕਲੀਆਂ ਵਾਲੇ ਚੋਲੇ ਕਾਰਣ ਜਦੋਂ ਬਾਗ਼ ‘ਚ ਸੈਰ ਕਰਦੇ ਬਾਲਕ (ਗੁਰੂ) ਹਰਿਰਾਇ ਜੀ ਪਾਸੋ ਕੇਵਲ ਇਕ ਫੁਲ ਟੁੱਟ ਗਿਆ ਤਾਂ ਆਪ ਬੜੇ ਉਦਾਸ-ਪ੍ਰੇਸ਼ਾਨ ਹੋ ਗਏ, ਅਖਿਰ ਕਿਉਂ? ਕਿਉਂਕਿ ਇਹ ਫੁਲ ਬਿਨਾ ਲੋੜ ਟੁੱਟਾ ਸੀ। ਇਸਤਰ੍ਹਾਂ ਬਿਨਾ ਲੋੜ ਫੁਲ ਦਾ ਟੁਟਣਾ, ਪ੍ਰਭੁ ਦੀ ਦਾਤ ਦੀ ਕੁਵਰਤੋਂ ਸੀ ਅਤੇ ਗੁਰੂਦਰ ਤੇ ਅਜੇਹੀ ਕਰਣੀ ਪ੍ਰਵਾਣ ਨਹੀਂ ਸੀ।

ਹੋਰ ਲਵੋ! ਜਿਸ ਗੁਰੂਦਰ ਨੇ ਦੁਨੀਆਂ ਨੂੰ ਇਸ ਸੱਚਾਈ ਨਾਲ ਜੋੜਣਾ ਸੀ, ਗੁਰਬਾਣੀ ਜੀਵਨ ਤੋਂ ਦੂਰੀ ਦਾ ਨਤੀਜਾ, ਦੂਜਿਆਂ ਨੂੰ ਕੀ ਉਲ੍ਹਾਮਾ, ਅਜ ਗੁਰਦੁਆਰਿਆਂ ‘ਚ ਹੀ ਇਸ ਅਗਿਆਣਤਾ ਦਾ ਨੰਗਾ ਨਾਚ ਹੋ ਰਿਹਾ ਹੈ। ਜੇਕਰ ਕਿਸੇ ਸੀਮਾਂ ਤੀਕ ਜਾਇਜ਼ ਕਹਿ ਵੀ ਲਿਆ ਜਾਵੇ ਪਰ ਅਜ ਤਾਂ ਹਰੇਕ ਗੁਰਦੁਆਰੇ ਦੇ ਬਾਹਰ ਫੁਲਾਂ ਦੀਆਂ ਦੁਕਾਨਾਂ; ਇਤਿਹਾਸਕ ਗੁਰਦੁਆਰਿਆਂ ਚੋਂ ਰੋਜ਼ਾਨਾ ਫ਼ਾਲਤੂ ਆਏ, ਫੁਲਾਂ ਦੇ ਟਰੱਕਾਂ ਦੇ ਟਰੱਕ ਸੁਟਵਾਏ ਜਾ ਰਹੇ ਹਨ। ਇਸਦੇ ਲਈ ਕੇਵਲ ਪ੍ਰਬੰਧਕ ਹੀ ਨਹੀਂ, ਗੁਰੂ ਕੀਆਂ ਸੰਗਤਾਂ ਵੀ ਬਰਾਬਰ ਦੀਆਂ ਜ਼ਿਮੇਵਾਰ ਹਨ। ਫੁਲ ਤਾਂ ਦੂਰ, ਬਿਨਾ ਕਾਰਣ ਜ਼ਮੀਨ ਤੇ ਚਲਦੀ ਚੀਂਟੀ ਨੂੰ ਪ੍ਰੇਸ਼ਾਨ ਕਰਨਾ ਜਾਂ ਮੱਸਲ ਦੇਣਾ ਜਾਂ ਜੀਵ ਨੂੰ ਤੱੜਫਾ ਕੇ ਮਾਰਨਾ ਗੁਰਬਾਣੀ ਨੀਯਮਾ ਵਿਰੁਧ ਹੈ। ਧਿਆਨ ਰਹੇ! ਇਨ੍ਹਾਂ ਹੀ ਗੁਰਬਾਣੀ ਕਾਰਣਾ ਕਰਕੇ ਉਪ੍ਰੋਕਤ ਸ਼ਬਦ ‘ਚ ਕਬੀਰ ਸਾਹਿਬ ਨੇ ਮਿੱਥੇ ਇਸ਼ਟਾਂ ਦੀਆਂ ਦੀਆਂ ਮੂਰਤੀਆਂ ਦੀ ਪੂਜਾ ਲਈ ਫੁਲਾਂ ਦੀ ਵਰਤੋਂ ਤੇ ਕਿੰਤੂ ਕੀਤਾ ਹੈ। ਇਸੇ ਹੀ ਜ਼ਬਰਦਸਤੀ ਅਤੇ ਜ਼ੁਲਮ ਦੇ ਪੱਖ ਨੂੰ ਲੈਕੇ ਗੁਰਬਾਣੀ ‘ਚ ਇਸਲਾਮੀ ‘ਹਲਾਲ’ ਅਤੇ ਯਗਾਂ ਸਮੇਂ ਬਲੀਆਂ ਦੇਣ ਵਾਲੇ ਨੀਯਮ ਦਾ ਗੁਰਬਾਣੀ ‘ਚ ਭਰਵਾਂ ਵਿਰੋਧ ਹੈ, ਜਿਸਨੂੰ ਅਗੇ ਚਲਦੇ ਵੱਖਰੇ ਤੌਰ ਤੇ ਲਿਆ ਜਾਵੇਗਾ। ਉੰਝ ਸਮੂਚੀ ਗੁਰਬਾਣੀ ‘ਚ ਭੋਜਨ ਵਜੋਂ ਮਾਸ ਦਾ ਕਿਤੇ ਵਿਰੋਧ ਨਹੀਂ।

ਜੀਅ, ਜੀਅ ਦਇਆ ਅਤੇ ਗੁਰਬਾਣੀ ਸਿਧਾਂਤ-ਚੇਤੇ ਰਖਣ ਦੀ ਲੋੜ ਹੈ ਕਿ ਗੁਰਬਾਣੀ ‘ਚ ਜਿੱਥੇ ਕਿੱਥੇ ਵੀ ਦਇਆ ਜਾਂ ਜੀਅ ਦਇਆ ਦਾ ਲਫ਼ਜ਼ ਆਇਆ ਹੈ ਉਥੇ ਉਸਦਾ ਮਾਸ ਖਾਣ ਜਾਂ ਨਾ ਖਾਣ ਨਾਲ ਉਕਾ ਸੰਬੰਧ ਨਹੀਂ। ਜੇ ਕਿੱਧਰੇ ਫ਼ਰਕ ਹੈ ਤਾਂ ਸਾਡੇ ਅਰਥ ਸਮਝਣ ‘ਚ। ਦਰਅਸਲ ਸਿੱਖ ਦਾ ਜਨਮ ਉਸ ਵਾਤਾਵਰਣ ‘ਚ ਹੋਇਆ ਜਿੱਥੇ ਹਜ਼ਾਰਾਂ ਸਾਲਾਂ ਤੋਂ ਇਨਸਾਨ ਦੀ ਰੱਗ ਰੱਗ ‘ਚ ਬ੍ਰਾਹਮਣੀ ਪ੍ਰਭਾਵ ਰਚੇ ਹੋਏ ਸਨ। ਇਹੀ ਕਾਰਣ ਹੈ ਯੋਗ ਗੁਰਬਾਣੀ ਪ੍ਰਚਾਰ ਦੀ ਘਾਟ ਕਾਰਣ ਜਦੋਂ-ਜਦੋਂ ਵੀ ਗੁਰਬਾਣੀ ਪਖੋਂ ਸਾਡੀ ਅਗਿਆਣਤਾ ‘ਚ ਵਾਧਾ ਹੁੰਦਾ ਹੈ, ਮੁੜ-ਤੁੱੜ ਕੇ ਸਾਡੇ ਜੀਵਨ ਉਪਰ ਬ੍ਰਾਹਮਣੀ ਪ੍ਰਭਾਵ ਹਾਵੀ ਹੋ ਜਾਂਦੇ ਹਨ ਅਤੇ ਅਜ ਵੀ ਹਰ ਪਖੋਂ ਇਹੀ ਭਾਣਾ ਵਰਤਿਆ ਪਿਆ ਹੈ। ਇਥੇ ਕੁਝ ਪ੍ਰਮਾਣਾਂ ਰਾਹੀ ਗੁਰਬਾਣੀ ਵਿਚੋਂ ਲਫ਼ਜ਼ ਦਇਆ ਦੇ ਅਰਥ ਸਮਝਣ ਦਾ ਜੱਤਨ ਕਰਾਂਗੇ। ਫ਼ੁਰਮਾਨ ਹੈ:

“ਧੌਲੁ ਧਰਮੁ ਦਇਆ ਕਾ ਪੂਤੁ

ਸੰਤੋਖੁ ਥਾਪਿ ਰਖਿਆ ਜਿਨਿ ਸੂਤਿ” (ਜਪੁ ਪਉ:੧੬)

ਦੇਖਣ ਦੀ ਗਲ ਹੈ ਕਿ ਪ੍ਰਸੰਗ ਅਨੁਸਾਰ ਇਥੇ ਦਇਆ ਦੇ ਅਰਥ ਹਨ ‘ਅਕਾਲ ਪੁਰਖੁ’ ਅਤੇ ਗੁਰਦੇਵ ਇਕ ਪੁਰਾਤਣ ਬ੍ਰਾਹਮਣੀ ਮਿੱਥ ਦਾ ਖੰਡਣ ਕਰਦੇ ਹੋਏ ਸਮਝਾ ਰਹੇ ਹਨ ਕਿ ਜੋ ਇਹ ਮਨਿਆ ਜਾਂਦਾ ਹੈ ਕਿ ਇਸ ਧਰਤੀ ਨੂੰ ਕਿਸੇ ਬੈਲ ਨੇ ਅਪਣੇ ਸਿੰਗ (ਜਾਂ ਸ਼ੇਸ਼ਨਾਗ ਨੇ ਅਪਣੇ ਸਿਰ) ਉਪਰ ਚੁਕਿਆ ਦਾ ਹੈ ਤਾਂ ਇਹ ਕੇਵਲ ਕਪੋਲ ਕਲਪਣਾ ਹੈ। ਜੇਕਰ ਬੈਲ ਵਾਲੀ ਇਸ ਮਨੌਤ ਨੂੰ ਸੱਚ ਮੰਨ ਲਿਆ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਜਿਸ ਬੈਲ ਨੇ ਧਰਤੀ ਨੂੰ ਅਪਣੇ ਸਿੰਗਾਂ ‘ਤੇ ਚੁਕਿਆ ਦਾ ਹੈ, “ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ” (ਜਪੁ ਪਉ:੧੬) ਅਨੁਸਾਰ ਉਸ ਬੈਲ ਦੇ ਖੜੇ ਹੋਣ ਲਈ ਕਿਸੇ ਹੋਰ ਧਰਤੀ ਦੀ ਲੋੜ ਹੈ। ਤਾਂਤੇ ਇਹ ਸਿਲਸਿਲਾ ਕਦੇ ਮੁੱਕਣ ਵਾਲਾ ਹੀ ਨਹੀਂ। ਦਰਅਸਲ ਇਥੇ ਗੁਰਦੇਵ ਰੂਪਕ-ਅਲੰਕਾਰ ਵਰਤਕੇ ਰੱਬੀ ਸਚਾਈ ਨੂੰ ਬਿਆਨਦੇ ਹਨ, “ਐ ਦੁਨੀਆ ਦੇ ਲੋਕੋ! ਇਸ ਧਰਤੀ ਨੂੰ ਬੈਲ ਨੇ ਤਾਂ ਚੁਕਿਆ (ਸੰਭਾਲਿਆ) ਹੈ ਪਰ ਇਹ ਬੈਲ ਉਹ ਨਹੀਂ ਜਿਹੜਾ ਤੁਸੀਂ ਮੰਨੀ ਬੈਠੇ ਹੋ। ਬਲਕਿ (ਬਿਨਾ ਖੋਟ) ਇਹ ਧਰਮ ਰੂਪੀ ਬੈਲ ਹੈ ਜਿਸਨੂੰ ਪ੍ਰਭੁ ਨੇ ਸੰਤੋਖ ਦੇ ਧਾਗੇ ਨਾਲ ਬੰਨ੍ਹਿਆ (ਨੱਥਿਆ) ਹੈ। ਇਸ ਧਰਮ ਦਾ ਜਨਮਦਾਤਾ ਖੁਦ ਅਕਾਲਪੁਰਖ (ਦਇਆ) ਹੈ। ਹੁਣ ਇਥੇ ਦੇਖੋ ਇਥੇ ਲਫ਼ਜ਼ ‘ਦਇਆ’ ਤਾਂ ਹੈ ਪਰ ਕਿਸ ਅਰਥ ਵਿਚ? ਇਥੇ ਇਸਦਾ ਮਾਸ ਦੇ ਨਾਲ ਦੂਰ ਦਾ ਵੀ ਵਾਸਤਾ ਨਹੀਂ ਜਿਵੇਂ ਕਿ ਸਾਡੇ ਮਾਸ ਵਿਰੋਧੀ ਇਸ ਨੂੰ ਮਾਸ ਦੇ ਭੋਜਨ ਨਾਲ ਜੋੜ ਰਹੇ ਹਨ।

“ਦਇਆ ਜਾਣੇ ਜੀਅ ਕੀ”-ਇਸੇਤਰ੍ਹਾਂ ਇਸ ਵਿਸ਼ੇ ਉਪਰ ਇਕ ਹੋਰ ਪ੍ਰਮਾਣ ਲੈਦੇ ਹਾਂ, ਵਾਰ ਆਸਾ ਦਾ ਸਲੋਕ ਹੈ “ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ” (ਵਾਰ ਆਸਾ ਪਉ:੧੦)।‘ਦਇਆ ਜਾਣੈ ਜੀਅ ਕੀ..’ ਹੁਣ ਇਸ ਸਲੋਕ ‘ਚ ਹੀ ਦੇਖੋ! ਸ਼ਬਦਾਵਲੀ ਹੈ ‘ਦਇਆ ਜਾਣੈ ਜੀਅ ਕੀ..’ ਤਾਂ ਉਹ ਕਿਹੜੀ ਦਇਆ ਹੈ, ਉਹ ਦਇਆ ਹੈ ‘ਸਤਿਗੁਰੂ ਨੋ ਪੁਛਕੇ’ ਭਾਵ ਉਹ ਦਇਆ ਜੋ ਗੁਰਬਾਣੀ ਦੀ ਸਿਖਿਆ ਅਨੁਸਾਰ ਹੈ। ਗੁਰਬਾਣੀ ਅਨੁਸਾਰ ਇਸ ਪੂਰੇ ਸਲੋਕ ਦੇ ਅਰਥਾਂ ਨੂੰ ਸਮਝਣ ਦਾ ਜੱਤਨ ਕਰੋ ਤਾਂ ਇਸ ‘ਦਇਆ ਜਾਣੈ ਜੀਅ ਕੀ..’ਦੇ ਅਰਥ ਹਨ ਪਰੋਪਕਾਰੀ ਸੁਭਾਅ ਭਾਵ ਕਿਸੇ ਗਰੀਬ, ਮਜ਼ਲੂਮ ਨਾਲ ਧੋਖਾ ਠੱਗੀ ਨਹੀਂ ਕਰਨੀ ਕਿਸੇ ਦਾ ਹੱਕ ਨਹੀਂ ਮਾਰਨਾ ਆਦਿ। ਖੂਬੀ ਇਹ ਕਿ ਇਥੇ ਸ਼ਬਦਾਵਲੀ ਕੇਵਲ ‘ਦਇਆ ਜਾਣੈ ਜੀਅ ਕੀ..’ ਹੀ ਨਹੀਂ ਬਲਕਿ ਦਾਨ, ਪੁੰਨ, ਤੀਰਥ ਆਦਿ ਹੋਰ ਵੀ ਬ੍ਰਾਹਮਣੀ ਲਫ਼ਜ਼ ਹਨ ਪਰ ਅਰਥ ਸਮਝਣ ਲਈ ਇਨ੍ਹਾ ਉਪਰ ਕੁੰਡਾ ਹੈ ‘ਸਤਿਗੁਰੂ ਨੋ ਪੁਛਕੇ’। ਇਸਦੇ ਉਲਟ ਜੇਕਰ ਬਾਣੀ ਸੇਧ ਤੋਂ ਨਾਸਮਝ ਇਨਸਾਨ ਇਨ੍ਹਾ ਲਫ਼ਜ਼ਾਂ ਦੇ ਬ੍ਰਾਹਮਣੀ ਅਰਥ ਹੀ ਲੈਂਦਾ ਰਵੇਗਾ ਤਾਂ ਕੁਰਾਹੇ ਹੀ ਪਇਆ ਰਵੇਗਾ। ਤਾਂਤੇ ਇਥੇ ਵੀ ਦਇਆ ਦਾ ਸੰਬੰਧ ਮੁਰਗੇ, ਮੱਛੀ, ਬਕਰੇ, ਬਟੇਰੇ, ਤਿੱਤਰ, ਕਬੂਤਰ ਆਦਿ ਦੇ ਮਾਸ ਨਾਲ ਨਹੀਂ।

“ਜੀਅ ਦਇਆ ਪਰਵਾਨੁ”- ਇਸੇ ਸੰਬੰਧ ‘ਚ ਇਕ ਮਿਸਾਲ ਹੋਰ ਦੇਣੀ ਚਾਹਾਂਗੇ। ਪੂਰਾ ਬੰਦ ਹੈ

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥

ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥

ਕਾਮਿ ਕਰੋਧਿ ਨ ਮੋਹਿਐ ਬਿਨਸੈ ਲੋਭੁ ਸੁਆਨੁ ॥

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥

ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥

ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥ ੧੨ (ਪੰ:੨੩੫)

ਹੁਣ ਇਥੇ ਵੀ ਪ੍ਰਕਰਣ ਅਨੁਸਾਰ ਗੁਰਦੇਵ ਸਮਝਾ ਰਹੇ ਹਨ, ਬ੍ਰਹਮਣ ਮੱਤ ਇਸ ਗਲ ਤੇ ਜ਼ੋਰ ਦੇਂਦਾ ਹੈ ਕਿ ਮਾਘੀ ਦੀ ਸੰਗ੍ਰਾਂਦ ਨੂੰ ਪ੍ਰਯਾਗ ਜਾ ਕੇ ਇਸ਼ਨਾਨ ਅਤੇ ਬ੍ਰਾਹਮਣਾ ਨੂੰ ਦਾਨ ਪੁੰਨ ਕਰਨ ਦਾ ਵੱਡਾ ਲਾਭ ਹੈ। ਸੱਚਾਈ ਇਹ ਹੈ ਕਿ ਉਸ ਸਾਰੇ ਦੇ ਬਦਲੇ ਸਾਧਸੰਗਤ ‘ਚ ਜਾਕੇ ਪ੍ਰਭੁ ਦੀ ਸਿਫ਼ਤ ਸਲਾਹ ਵਾਲਾ ਜੀਵਨ ਘੜਣਾ ਅਤੇ ਦੂਜਿਆਂ ਨੂੰ ਅਜੇਹੇ ਜੀਵਨ ਦਾ ਪਾਂਧੀ ਬਨਾਉਣਾ (ਦਾਨ) ਹੀ ਸਹੀ ਅਰਥਾਂ ‘ਚ “ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ” ਹੈ।

ਇਸਤਰ੍ਹਾਂ ਇਥੇ ਉਸ ‘ਜੀਅ ਦਇਆ’ ਦੀ ਗਲ ਹੈ ਹੀ ਨਹੀਂ ਜਿਹੜੀ ਬ੍ਰਾਹਮਣ ਵਲੋਂ ਕਹੀ ਤੇ ਪ੍ਰਚਾਰੀ (ਪ੍ਰਵਾਨੁ) ਕੀਤੀ ਜਾਂਦੀ ਹੈ। ਇਸੇਤਰ੍ਹਾਂ ਇਸੇ ਹੀ ਬੰਦ ‘ਚ ਦੂਜੀ ਵਾਰੀ “ਜਿਸ ਨੋ ਦੇਵੈ ਦਇਆ ਕਰਿ” ਇਥੇ ‘ਦਇਆ’ ਦੇ ਅਰਥ ਹਨ ‘ਕਰਤੇ ਦੀ ਬਖਸ਼ਿਸ਼’। ਤਾਂਤੇ ਇਥੇ ਵੀ ਉਹੋ ਜਹੀ ਕੋਈ ‘ਦਇਆ’ ਜਾਂ ‘ਜੀਅ ਦਇਆ’ ਦੀ ਗਲ ਨਹੀਂ ਜਿਸਦੇ ਬ੍ਰਾਹਮਣੀ ਜਾਂ ਬਕਰਿਆ, ਮੁਰਗਿਆਂ, ਮੱਛੀਆਂ ਦੇ ਮਾਸ ਵਾਸਤੇ ਅਰਥ ਕੀਤੇ ਜਾ ਸਕਣ। ਪ੍ਰਕਰਣ ਅਨੁਸਾਰ ਇਥੇ ਤਾਂ ਉਲਟਾ ਗੁਰੂ ਸਾਹਿਬ ਕਹਿ ਰਹੇ ਕਿ ਸਾਧਸੰਗਤ ‘ਚ ਜਾਕੇ ਨਾਮ-ਬਾਣੀ ਦਾ ਇਸ਼ਨਾਨ ਅਤੇ ਉਸ ਇਲਾਹੀ ਜੀਵਨ ਦਾ ਦੂਜਿਆ ਨੂੰ ਵੰਡਣਾ ਹੀ ਤੇਰੇ ਲਈ ਪ੍ਰਯਾਗ ਦਾ ਸਨਾਨ, ਬ੍ਰਾਹਮਣਾ ਨੂੰ ਦਾਨ-ਪੁੰਨ ਅਤੇ ਉਸ ਰਾਹੀਂ ਦਸੀ ਗਈ ‘ਜੀਅ ਦਇਆ’ ਹੈ, ਭਾਵ ਉਨ੍ਹਾਂ ਬ੍ਰਾਹਮਣੀ ਕਰਮਾ ਦੇ ਪੱਚਰੇ ‘ਚ ਨਹੀਂ ਪੈਣਾ।

ਹੁਣ ਦੇਖੋ! ਇਥੇ ਇਨ੍ਹਾਂ ਸਾਰੇ ਪ੍ਰਮਾਣਾ ‘ਚ ਲਫ਼ਜ਼ ਦਇਆ ਜਾਂ ਜੀਅ ਦਇਆ ਪ੍ਰਕਰਣ ਅਨੁਸਾਰ ਭਿੰਨ ਭਿੰਨ ਅਰਥਾਂ ‘ਚ ਹਨ ਪਰ ਇਕ ਵਾਰੀ ਵੀ ਬ੍ਰਾਹਮਣੀ ਜਾਂ ਬਕਰਿਆ, ਮੁਰਗਿਆਂ, ਮੱਛੀਆਂ, ਬਟੇਰਿਆਂ ਦੇ ਮਾਸ ਲਈ ਨਹੀਂ। ਖੂਬੀ ਇਹ ਕਿ ਸਾਡੇ ਇਨ੍ਹਾਂ ਮਾਸ ਵਿਰੋਧੀ ਸੱਜਣਾ ਨੇ ਝੱਟ ਉਹ ਸਾਰੇ ਪ੍ਰਮਾਣ, ਜਿੱਥੇ ਕਿੱਥੇ ਲਫ਼ਜ਼ ‘ਦਇਆ’ ਜਾਂ ‘ਜੀਅ ਦਇਆ’ ਆਇਅ ਬਿਨਾ ਸ਼ਬਦ ਦੇ ਵਿਸ਼ੇ ਨੂੰ ਘੋਖੇ, ਬਿਨਾ ਪ੍ਰਕਰਣ ਨੂੰ ਸਮਝੇ ਇਕ ਦਮ ਚੁੱਕ ਕੇ ਮਾਸ ਵਿਰੁਧ ਵਰਤ ਦਿਤਾ। ਜੇਕਰ ਇਮਾਨਦਾਰੀ ਨਾਲ ਅਤੇ ਬਾਣੀ ਸਤਿਕਾਰ ਪਖੋਂ ਦੇਖਿਆ ਜਾਵੇ ਤਾਂ ਇਹ ਗੁਰਬਾਣੀ ਦੀ ਘੋਰ ਬੇਅਦਬੀ ਹੈ ਅਤੇ ਇਸ ਵਿਸ਼ੇ ਤੇ ਸਾਡੇ ਇਨ੍ਹਾਂ ਮਾਸ ਵਿਰੋਧੀ ਸਤਿਕਾਰਜੋਗ ਸੱਜਣਾ ਤੋਂ ਇਹੀ ਹੋਇਆ ਹੈ ਜਿਥੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ।

ਲਫ਼ਜ਼ ਦਇਆ ਅਤੇ ਧਾਰਮਿਕ ਆਗੂ- ਗੁਰਬਾਣੀ ਵਿਚੋਂ ਇਸੇ ਹੀ ਸ਼ਬਦ ਦਇਆ, ਜੀਅ ਦਇਆ ਜਾਂ ਜੀਅ ਹਤਿਆ ਦੇ ਲਫ਼ਜ਼ ਇਕ ਦੂਜੇ ਰੂਪ ‘ਚ ਵੀ ਆਏ ਹਨ। ਉਸ ਵੇਲੇ ਆਏ ਹਨ ਜਦੋ ਗਲ ਹੁੰਦੀ ਹੈ ਬ੍ਰਾਹਮਣ, ਜੌਗੀ, ਮੌਲਵੀ ਆਦਿ ਧਾਰਮਕ ਆਗੂਆਂ ਦੀ। ਧਾਰਮਿਕ ਆਗੂ ਜਦੋਂ ਦਿਖਾਵੇ ਦੇ ਧਰਮੀ ਹੀ ਰਹਿ ਜਾਂਦੇ ਹਨ ਤਾਂ ਸ਼ਰਧਾਲੂਆਂ ਅੰਦਰ ਧਰਮ ਲਈ ਸ਼ਰਧਾ ਦਾ ਨਾਜਾਇਜ਼ ਲਾਭ ਲੈਕੇ ਬੇਅੰਤ ਪ੍ਰਕਾਰ ਦੇ ਢੋਂਗ ਰਚਦੇ ਹਨ। ਇਹ ਲੋਕ ਲੋਕਾਈ ਦਾ ਖੂਨ ਚੂਸਨ ‘ਚ ਹਰਪਖੋਂ ਲੁਟੇਰਿਆਂ ਡਾਕੂਆਂ ਤੇ ਕਾਤਿਲਾਂ ਅਤੇ ਰਵਾਇਤੀ ਕਸਾਈਆਂ ਨੂੰ ਵੀ ਬਹੁਤ ਪਿਛੇ ਛੱਡ ਜਾਂਦੇ ਹਨ। ਕਿਸੇ ਸਮੇਂ ਜੇਕਰ ਰਾਜਸੀ ਤਾਕਤ ਵੀ ਇਨ੍ਹਾਂ ਦੀਆਂ ਉਂਗਲਾਂ ਤੇ ਨੱਚ ਰਹੀ ਹੋਵੇ ਤਾਂ ਇਨ੍ਹਾ ਵਲੋ ਕੀਤੇ ‘ਤੇ ਕਰਵਾਏ ਜਾ ਰਹੇ ਜ਼ੁਲਮਾਂ ਦਾ ਹੱਦ-ਬੰਨਾ ਹੀ ਨਹੀ ਨਹੀਂ ਰਹਿ ਜਾਂਦਾ।

ਪੁਰਾਤਨ ਸਮੇਂ ਤੋਂ ਰਾਜਾ ਹਰਿਸ਼ਚੰਦ੍ਰ ਤੇ ਰਾਜਾ ਬਲ ਵਰਗੀਆਂ ਕਹਾਣੀਆਂ ਅਖੋਤੀ ਸ਼ੂਦਰਾ ਨਾਲ ਹੋਏ ਰੋਂਗਟੇ ਖੜੇ ਕਰ ਦੇਣ ਵਾਲੇ ਜ਼ੁਲਮਾਂ ਦੀ ਦਾਸਤਾਨ, ਬ੍ਰਾਹਮਣ ਵਰਗ ਦੀ ਬਰਬਰਤਾ ਦੀ ਮੂੰਹ ਬੋਲਦੀ ਤੱਸਵੀਰ ਹੈ। ਮੁਗਲ ਰਾਜ ਸਮੇਂ ਸਿੱਖਾਂ ਦੀਆਂ ਅਣਗਿਣਤ ਸ਼ਹੀਦੀਆਂ, ਧਾਰਮਿਕ ਲੁਟੇਰਿਆਂ, ਜ਼ਾਲਮਾਂ, ਡਾਕੂਆਂ (ਮੌਲਵੀਆਂ-ਕਾਜ਼ੀਆਂ) ਵਲੋ, ਧਰਮ ਦੇ ਪੜ੍ਹਦੇ ‘ਚ ਸ਼ਰਹ ਦੇ ਨਾਂ ਤੇ, ਇਹ ਸਭ ਕੀ ਸਨ? ਵੇਰਵੇ ‘ਚ ਜਾਵੋ ਤਾਂ ਗੁਰਬਾਣੀ ‘ਚ ਅਜੇਹੇ ਬ੍ਰਾਹਮਣਾ, ਜੋਗੀਆਂ, ਕਾਜ਼ੀਆਂ ਆਦਿ ਧਾਰਮਿਕ ਆਗੂਆਂ ਨੂੰ ਹੀ ‘ਦਇਆ’, ‘ਜੀਅ ਦਇਆ’ ਦੀ ਗਲ ਸਮਝਾਈ ਹੈ। ਇਸੇਤਰ੍ਹਾਂ ਇਹ ਸ਼ਬਦਾਵਲੀ ਵਰਤ ਕੇ ਧਰਮ ਦੇ ਪੜ੍ਹਦੇ ਹੇਠ ਉਨ੍ਹਾਂ ਲੁਟੇਰਿਅਆਂ, ਵੱਡੀ ਖੋਰਾਂ ਤੇ ਜ਼ਾਲਮਾਂ ਨੂੰ ਗਰੀਬਾਂ ਮਜ਼ਲੂਮਾ ਦੇ ਸ਼ੋਸ਼ਨ ਅਤੇ ਖੂਨ ਚੂਸਨ ਵਾਲੇ ਕਾਰਿਆਂ ਤੋਂ ਸੁਚੇਤ ਕੀਤਾ ਹੈ। ਉਨ੍ਹਾਂ ਦੇ ਕੁਕਰਮਾ ਨੂੰ ਜੀਅ ਹਤਿਆ ਦਾ ਨਾਮ ਵੀ ਦਿਤਾ ਹੈ। ਜੇਕਰ ਅਪਣੀ ਹੀ ਅਗਿਆਨਤਾ ਕਾਰਣ ਇਸ ਸੰਬੰਧ ‘ਚ ਆਈ ਸ਼ਬਦਾਵਲੀ ਨੂੰ ਬਦੋਬਦੀ ਮੁਰਗਿਆਂ-ਬਕਰਿਆਂ-ਬਟੇਰਿਆਂ, ਮੱਛੀਆਂ ਦੇ ਮਾਸ ਵਲ ਲੈ ਜਾਵੀਏ ਤਾਂ ਕਸੂਰ ਕਿਸਦਾ?

ਇਕ ਪਾਸੇ ਜੋਗੀ ਹਨ, ਜੋ ਘਰ-ਪ੍ਰਵਾਰ ਦਾ ਤਿਆਗ ਕਰਕੇ ਜੰਗਲਾਂ, ਪਰਬਤਾਂ ਦੇ ਵਾਸੀ ਬਣੇ ਬੈਠੇ ਹਨ। ਘਰ-ਪ੍ਰਵਾਰ ਤਾਂ ਤਿਆਗ ਰਖਿਆ ਹੈ ਪਰ ਅਪਣੀਆਂ ਨਿੱਤ ਦੀਆਂ ਲੋੜਾਂ ਲਈ ਗ੍ਰਿਹਸਥੀਆਂ ਦੇ ਗੇੜੇ ਕੱਢਦੇ ਹਨ। ਰਿੱਧੀਆਂ-ਸਿਧੀਆਂ ਦੇ ਦਾਬੇ ਦੇ ਕੇ ਭੋਲੀ-ਭਾਲੀ ਲੋਕਾਈ ਵਿਚਾਲੇ ਡਰ-ਸਹਿਮ ਦੇ ਜਾਲ ਵਿਛਾਂਦੇ ਹਨ ਜਿਸਤੋਂ ਅਗਿਆਨੀ ਲੋਕ ਇਨ੍ਹਾਂ ਦੇ ਸੁਆਲੀ ਬਣੇ ਰਹਿੰਦੇ ਹਨ। ਇਨ੍ਹਾਂ ਦੇ ਸਰਾਪਾਂ-ਕਰੋਪੀਆਂ ਤੋਂ ਡਰਦੇ ਇਨ੍ਹਾਂ ਦੀ ਹਰੇਕ ਮੰਗ ਸਾਹਮਣੇ ਸਿਰ ਝੁਕਾਂਦੇ ਫ਼ਿਰਦੇ ਹਨ। ਦੂਜੇ ਨੰਬਰ ਤੇ ਆਉਂਦੇ ਹਨ ਬ੍ਰਾਹਮਣ ਜਿਨ੍ਹਾਂ ਨੇ ਅਪਣੇ ਕਰਮਕਾਂਡਾ ਦੇ ਜਾਲ ‘ਚ ਲੋਕਾਈ ਨੂੰ ਪੂਰੀ ਤਰ੍ਹਾਂ ਜੱਕੜਿਆ ਹੋਇਆ ਹੈ। ਲੋਕਾਂ ਦਾ ਮਰਨਾ-ਜਮਨਾ, ਖੁਸ਼ੀ-ਗ਼ਮੀ ਸਭ ਉਨ੍ਹਾ ਦੀ ਮੁੱਠੀ ‘ਚ ਹੈ। ਵਹਿਮਾਂ ਤੋਂ ਲੈਕੇ ਸਹਿਮ-ਘਬਰਾਹਟ ਤੇ ਡੱਰ ਵਾਲਾ ਅਜੇਹਾ ਵਾਤਾਵਰਣ ਪੈਦਾ ਕੀਤਾ ਹੋਇਆ ਹੈ ਕਿ ਕਮਾਈ ਦੂਜਿਆਂ ਦੀ ਪਰ ਦਾਨ-ਦੱਛਣਾ ਕਰਮਕਾਂਡਾਂ ਰਸਤੇ ਲੈਣ ਦੇ ਸਾਰੇ ਹੱਕ ਇਨ੍ਹਾਂ ਬ੍ਰਾਹਮਣਾ ਕੋਲ ਹਨ। ਕਿਸੇ ਦੀ ਕੋਈ ਕਾਰਜ ਸਿੱਧੀ ਹੋਣੀ ਹੈ ਤਾਂ ਜਿਵੇਂ ਇਹ ਤਾਕਤ ਵੀ ਬ੍ਰਾਹਮਣ ਕੋਲ ਹੈ। ਸਹਿਮ ਇੰਨਾ ਵਧਾਇਆ ਹੈ, ਜਿਹੜਾ ਇਨ੍ਹਾ ਦੇ ਦਸੇ ਰਸਤੇ ਨਾ ਚਲੇ ਜਾਂ ਇਨ੍ਹਾਂ ਦੀ ਗਲ ਮੋੜੀ ਗਈ ਤਾਂ ਪਤਾ ਨਹੀਂ ਕੋਈ ਵੱਡਾ ਪਹਾੜ ਟੁੱਟ ਪਵੇਗਾ। ਲੋਕਾਂ ‘ਚ ਇਥੋਂ ਤੀਕ ਭਰਮ ਪੈਦੇ ਕੀਤੇ ਹੋਏ ਹਨ ਕਿ ਬ੍ਰਾਹਮਣ ਦੇ ਮੂੰਹ ਤੋਂ ਨਿਕਲੀ ਹਰੇਕ ਗਲ ਬ੍ਰਹਮ ਬਾਣੀ ਹੈ ਇਸ ਲਈ ਲੋਕ ਸਹਿਮੇ ਵੀ ਰਹਿੰਦੇ ਹ ਕਿ ਉੁਸ ਦੇ ਮੂੰਹ ਚੋਂ ਉਨ੍ਹਾਂ ਲਈ ਕੋਈ ਅਪਸ਼ਬਦ ਨਾ ਨਿਕਲ ਜਾਵੇ।

ਇਸ ਲੜੀ ‘ਚ ਤੀਜੇ ਹਨ ਮੌਲਵੀ ‘ਤੇ ਕਾਜ਼ੀ। ਇਨ੍ਹਾਂ ਦੀਆਂ ਕਰਣੀਆ ਤੇ ਝਾਤ ਮਾਰੋ ਤਾਂ ਰਹੀ ਸਹੀ ਕਸਰ ਵੀ ਮੁੱਕ ਜਾਂਦੀ ਹੈ। ਬਾਹਰ ਨਾ ਜਾਵੋ, ਜੇਕਰ ਸਿੱਖ ਇਤਿਹਾਸ ‘ਚ ਹੀ ਨਜ਼ਰ ਮਾਰ ਲਵੋ-ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹੀਦੀ, ਸੱਤ ਤੇ ਨੌ ਸਾਲ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਵਾਉਣ ਵਾਲੇ ਕਾਲੇ ਕਾਰੇ, ਨੌਵੇ ਪਾਤਸ਼ਾਹ ਦੀ ਸ਼ਹੀਦੀ ਅਤੇ ਉਨ੍ਹਾਂ ਤੋਂ ਪਹਿਲਾਂ ਭਾਈ ਮਤੀ ਦਾਸ ਆਦਿ ਦੀਆਂ ਤਸੀਹੇ ਭਰਪੂਰ ਸ਼ਹਾਦਤਾਂ; ਬਾਬਾ ਬੰਦਾ ਸਿੰਘ ਬਹਾਦੁਰ ਦੀ ਦਿਲ ਦਹਿਲਾਣ ਵਾਲ਼ੀ ਸ਼ਹਾਦਤ ਅਤੇ ਉਸ ਨਾਲ ੭੬੦ ਸਿੱਖਾ ਦਾ ਕਤਲੇਆਮ। ਇਸ ਪਾਸੇ ਟੁਰ ਪਵੋ ਤਾਂ ਲਿਸਟ ਕਦੇ ਮੁਕੱਣ ਵਾਲੀ ਹੀ ਨਹੀਂ। ਖੂਬੀ ਇਹ ਕਿ ਇਹ ਸਭ ਹੋਇਆ, ਸ਼ਰਹ ‘ਤੇ ਇਮਾਨ (ਧਰਮ) ਦੇ ਨਾਂ ਤੇ। ਇਸਤੋਂ ਇਲਾਵਾ ਪਠਾਨਾਂ ‘ਤੇ ਮੁਗ਼ਲਾਂ ਦੇ ਰਾਜ ‘ਚ ਜੇਕਰ ਹਿੰਦੂ ਮਜ਼ਲੂਮ ਸੀ ਤਾਂ ਇਹ ਵੀ ਉਸੇ ਸ਼ਰਹ ਦੀ ਹੀ ਵਿਆਖਿਆ ਸੀ।

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ”-ਵਿਸ਼ੇ ਨੂੰ ਹੋਰ ਅਗੇ ਸਮਝਣ ਲਈ ਫੁਰਮਾਨ ਹੈ

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥

ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ (ਪੰ:੬੬੨) ਭਾਵ ਕਾਦੀ ਝੂਠ ਦੀ ਟੇਕ ਲੈਕੇ ਮਾਨੋ ਵਿਸ਼ਟਾ (ਮਲ) ਦੀ ਹੀ ਕਮਾਈ ਖਾ ਰਿਹਾ ਹੈ। ਬ੍ਰਾਹਮਣ ਧੋਤੀ, ਟਿੱਕਾ, ਮਾਲਾ ਆਦਿ ਦਿਖਾਵੇ ਦੇ ਕਰਮ ਕਰਦਾ ਹੈ, ਜੇਕਰ ਉਸਦੀ ਕਰਨੀ ਵਲ ਵੇਖਿਆ ਜਾਵੇ ਤਾਂ ਵਹਿਮ ਸਹਿਮ ਦੇ ਮੱਕੜੀ ਜਾਲ ‘ਚ ਫ਼ਸਾ ਕੇ ਗ਼ਰੀਬਾਂ ਮਜ਼ਲੂਮਾ ਦਾ ਖੂਨ (ਜੀਆਂ ਘਾਇ) ਚੂਸ ਰਿਹਾ ਹੈ। ਇਹੀ ਹਾਲ ਜੋਗੀਆਂ ਦਾ ਹੈ, ਜਿਨ੍ਹਾਂ ਨੂੰ ਪ੍ਰਭੁ ਮਿਲਾਪ (ਜੋਗ) ਵਾਲੀ ਜੁਗਤ ਤਾਂ ਪਤਾ ਨਹੀਂ, ਖੁਦ ਤਾਂ ਅਗਿਆਣਤਾ ਦੇ ਹਨੇਰੇ ‘ਚ ਠੋਕਰਾਂ ਖਾ ਰਹੇ ਹਨ ਪਰ ਅਖਵਾਉਂਦੇ ਹਨ ‘ਜੋਗੀ’। ਇਸਤਰ੍ਹਾਂ ਨਾਮ ਨੂੰ ਇਹ ਸਾਰੇ ਧਰਮ ਦੇ ਆਗੂ ਬਣੇ ਹੋਏ ਹਨ। ਇਨ੍ਹਾਂ ਨੇ ਦੂਜਿਆਂ ਨੂੰ ਤਾਂ ਕਿਹੜਾ ਧਰਮ ਦੇਣਾ ਹੈ, ਇਹ ਸਾਰੇ ਆਪ ਹੀ ਜੀਵਨ ਦੇ ਪੁੱਠੇ ਰਾਹ ਪਏ ਹਨ। ਖੂਬੀ ਇਹ ਕਿ ਪ੍ਰਕਰਣ ਅਨੁਸਾਰ ਅਰਥ ਦੇਖੋ ਤਾਂ ਅਸਲ ਗਲ ਸਮਝ ‘ਚ ਆ ਜਾਂਦੀ ਹੈ ਪਰ ਮਾਸ ਵਿਰੋਧੀ ਸੱਜਣਾ ਨੂੰ ਇਥੇ ਵੀ ‘ਮਲੁ ਖਾਇ’ ‘ਜੀਆ ਘਾਇ’ ਮਾਸ ਵਿਰੋਧੀ ਵਿਸ਼ਾ ਹੀ ਨਜ਼ਰ ਆ ਰਿਹਾ ਹੈ ਤਾਂ ਕਸੂਰ ਕਿਸਦਾ?

ਅਰਥਾਂ ਦੇ ਅਨਰਥ ਕਿਉਂ?- ਗੁਰਬਾਣੀ ‘ਚ ਕੁਝ ਪੰਕਤੀਆਂ ਜਿਵੇਂ

(੧) ਮਾਣਸ ਖਾਣੇ ਕਰਹਿ ਨਿਵਾਜ

(੨) ਛੁਰੀ ਵਗਾਇਨਿ ਤਿਨ ਗਲਿ ਤਾਗ

(੩) ਹਥਿ ਛੁਰੀ ਜਗਤ ਕਾਸਾਈ

(੪) ਮਲੇਛ ਧਾਨੁ ਲੇ ਪੂਜਹਿ ਪੁਰਾਣੁ

(੫) ਅਭਾਖਿਆ ਕਾ ਕੁਠਾ ਬਕਰਾ ਖਾਣਾ” ਆਦਿ ਅਜੇਹੀਆਂ ਹਨ ਜਿਨ੍ਹਾਂ ਦੇ ਜਾਣੇ-ਅਣਜਾਣੇ, ਮਾਸ ਵਿਰੋਧੀ ਸੱਜਣਾ ਨੇ ਅਪਣੇ ਢੰਗ ਦੇ ਹੀ ਅਰਥ ਲਏ ਹਨ ਜਦਕਿ ਪ੍ਰਕਰਣ ਅਨੁਸਾਰ ਇਨ੍ਹਾਂ ਵਿਚੋਂ ਇਕ ਵੀ ਸ਼ਬਦ ਜਾਂ ਪੰਕਤੀ ਅਜੇਹੀ ਨਹੀਂ ਜਿਹੜੀ ਮਾਸ ਜਾਂ ਮਾਸ ਭੋਜਨ ਵਿਰੋਧ ‘ਚ ਹੋਵੇ। ਸੱਚਾਈ ਇਹ ਤਾਂ ਹੋ ਸਕਦੀ ਹੈ ਕਿ ਉਨ੍ਹਾਂ ਨੇ ਇਨ੍ਹਾਂ ਦੇ ਪ੍ਰਕਰਣਾ ਵਲ ਧਿਆਨ ਹੀ ਨਾਂ ਦਿਤਾ ਹੋਵੇ ਅਤੇ ਕੇਵਲ ਮਾਸ ਦੇ ਵਿਰੋਧ ਵਾਲੇ ਜਨੂੰਨ ‘ਚ ਹੀ ਉਨ੍ਹਾਂ ਤੋਂ ਜਲਦਬਾਜ਼ੀ ਹੋ ਗਈ ਹੋਵੇ। ਜੋ ਕੁਝ ਵੀ ਹੋਵੇ,ਉਹ ਸੱਜਣ ਵੀ ਪੰਥ ਦਾ ਅਣਿਖੜਵਾਂ ‘ਤੇ ਸਤਿਕਾਰਜੋਗ ਅੰਗ ਹਨ। ਤਾਂਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਜੇਹੇ ਸ਼ਬਦਾਂ-ਪੰਕਤੀਆਂ ਦੇ ਅਸਲ ਅਰਥਾਂ ਤੋਂ ਗੁਰੂ ਕੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ ਤਾਕਿ ਜਿਥੋਂ ਤੀਕ ਹੋ ਸਕੇ ਪੰਥ ਜਲਦੀ ਤੋਂ ਜਲਦੀ ਇਸ ਦੁਚਿੱਤੀ ਚੋਂ ਨਿਕਲ ਸਕੇ। ਚੂੰਕਿ ਇਹ ਸਾਰੀਆਂ ਤੁੱਕਾਂ ਵਾਰ ਆਸਾ ਪਉੜੀ ੧੬ ਦੇ ਇਕੋ ਸਲੋਕ ‘ਚੋਂ ਹੀ ਹਨ। ਭਾਵੇਂ ਕਿ ਮਾਸ ਵਿਰੋਧੀ ਸੱਜਣਾ ਨੇ ਇਕ ਇਕ ਕਰਕੇ ਇਨ੍ਹਾ ਪੰਕਤੀਆਂ ਨੂੰ ਮਾਸ ਵਿਰੋਧੀ ਸਾਬਤ ਕਰਨ ਦਾ ਬਿਰਥਾ ਹੱਠ ਕੀਤਾ ਹੈ। ਯੋਗ ਸਮਝਦੇ ਹਾਂ ਕਿ ਪੂਰੇ ਸਲੋਕ ਨੂੰ ਸੰਗਤਾਂ ਵਿਚਕਾਰ ਅਰਥਾਂ ਅਤੇ ਗੁਰਮਤਿ ਸਿਧਾਂਤਾਂ ਸਹਿਤ ਉਜਾਗਰ ਕਰ ਦਿਤਾ ਜਾਵੇ, ਸਲੋਕ ਇਸਤਰ੍ਹਾਂ ਹੈ:

ਮਃ ੧ ॥ ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥

ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਹ੍ਹਾ ਭਿ ਆਵਹਿ ਓਈ ਸਾਦ ॥

ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥

ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥

ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥

ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥

ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥

ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥

ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥

ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥  (ਪ:੪੭੧)

ਵੇਰਵਾ ਆ ਚੁਕਾ ਹੈ, ਇਥੇ ‘ਮਾਣਸ ਖਾਣੇ’ ਦੇ ਅਰਥ ਹਨ ਗ਼ਰੀਬਾਂ ਮਜ਼ਲੂਮਾ ਦਾ ਖੂਨ ਚੂਸਣ ਵਾਲੇ। ਕਾਜ਼ੀ ਲੋਕ ਜ਼ਾਹਿਰਾ ਤਾਂ ਨਮਾਜ਼ਾ ਪੜ੍ਹ ਰਹੇ ਹਨ। ਫ਼ਿਰ ਇਨ੍ਹਾ ਹੇਠ ਖਤ੍ਰੀ ਮੁਲਾਜ਼ਮ ਹਨ ਜਿਨ੍ਹਾਂ ਨੇ ਕਾਜ਼ੀਆਂ ਵਾਂਙ ਹੀ ਅਪਣੇ ਆਪ ਨੂੰ ਧਰਮੀ ਸਾਬਤ ਕਰਨ ਲਈ ਨਾਮ ਨੂੰ ਤਾਂ ਜੰਜੂ ਵੀ ਪਾਏ ਹੋਏ ਹਨ। ਅਪਣੇ ਘਰਾਂ ‘ਚ ਧਰਮ ਕਰਮ ਕਰਨ ਸਮੇਂ ਮੱਥੇ ਤੇ ਤਿਲਕ, ਤੇੜ ਗੇਰੂਆ ਧੋਤੀਆਂ ਹੁੰਦੀਆਂ ਹਨ। ਪਰ ਮਜ਼ਲੂਮਾ, ਲੋੜਵੰਦਾਂ ਤੇ ਜ਼ੁਲਮ ਕਰਣ ‘ਚ ਕਾਜ਼ੀਆਂ ਤੋਂ ਵੀ ਦੋ ਕੱਦਮ ਅਗੇ ਚਲਦੇ ਹਨ। ਇਹ ਖਤ੍ਰੀ ਅਪਣੇ ਅਫ਼ਸਰਾਂ ਦੀ ਵੱਧ ਤੋਂ ਵੱਧ ਖੁਸ਼ਨੂਦੀ ਹਾਸਲ ਕਰਣ ਲਈ ਗ਼ਰੀਬਾਂ-ਮਜ਼ਲੂਮਾ-ਮਜਬੂਰਾਂ ਦਾ ਵੱਧ ਚੜ੍ਹ ਕੇ ਸ਼ੋਸ਼ਣ ਕਰਦੇ ਹਨ; ਰੱਜਵਾਂ ਜ਼ੁਲਮ ਢਾਂਦੇ ਅਤੇ ਰਿਸ਼ਵਤ ਖੋਰ ਹਨ। ਇਸੇ ਲੜੀ ‘ਚ ਜੇਕਰ ਬ੍ਰਾਹਮਣਾ ਦੀ ਗਲ ਕਰੋ ਜਿਹੜੇ ਅਪਣੇ ਆਪ ਨੂੰ ਧਰਮ ਦੇ ਸਭਤੋਂ ਵੱਡੇ ਠੇਕੇਦਾਰ ‘ਤੇ ਧਰਮ ਦੇ ਰਖਵਾਲੇ ਦਸਦੇ ਹਨ, ਉਨ੍ਹਾ ਦੀ ਹਾਲਤ ਤਾਂ ਹੋਰ ਵੀ ਮਾੜੀ ਹੈ। ਗ਼ਰੀਬਾਂ-ਮਜ਼ਲੂਮਾ ਦਾ ਖੂਨ ਚੂਸਨ ਵਾਲੇ ਵੱਡੀ ਖੋਰ ਖਤ੍ਰੀ, ਇਨ੍ਹਾ ਬ੍ਰਾਹਮਣਾ ਦੇ ਜਜਮਾਨ ਹਨ। ਇਹੀ ਬ੍ਰਾਹਮਣ ਜਦੋਂ ਉਨ੍ਹਾਂ ਖਤ੍ਰੀਆਂ ਦੇ ਘਰਾਂ ‘ਚ ਜਾਕੇ ਧਰਮ-ਕਰਮ ਕਰਵਾਉਂਦੇ ਹਨ ਤਾਂ ਇਨ੍ਹਾ ਜਜਮਾਨ ਖਤ੍ਰੀਆਂ ਦੇ ਭੋਜਨਾ ‘ਚੋਂ ਉਨ੍ਹਾਂ ਬ੍ਰਾਹਮਣਾਂ ਨੂੰ ਵੀ ਉਹੀ ਸੁਆਦ ਆਉਂਦਾ ਹੈ ਜਿਹੜਾ ਖੁੱਦ ਖਤ੍ਰੀਆਂ ਨੂੰ ਆ ਰਿਹਾ ਹੁੰਦਾ ਹੈ। ਉਥੇ ਇਨ੍ਹਾਂ ਧਰਮ ਦੇ ਠੇਕੇਦਾਰ ਬ੍ਰਾਹਮਣਾ ਨੂੰ ਵੀ ਖਤ੍ਰੀਆਂ ਤੋਂ ਦਾਨ ਦੱਛਣਾ ਲੈਣ ਸਮੇ, ਉਨ੍ਹਾਂ ਰਾਹੀਂ ਕੀਤੀ ਜ਼ੁਲਮ ਦੀ ਕਮਾਈ ਵਿਚੋਂ ਮਜ਼ਲੂਮਾ ਦਾ ਖੂਨ ਜਾਂ ਉਨ੍ਹਾ ਤੋਂ ਪ੍ਰਾਪਤ ਕੀਤੀ ਦਾਨ-ਦੱਛਣਾ ਜਾਂ ਭੋਜਨਾਂ ਚੋ ਕੁਝ ਗਲਤ ਜਾਂ ਖੋਟ ਨਜ਼ਰ ਨਹੀਂ ਆਉਂਦਾ।

ਕੈਸੀ ਅਜੀਬ ਖੇਡ ਬਣੀ ਹੈ, ਨਾਮ ਨੂੰ ਇਹ ਕਾਜ਼ੀ, ਬ੍ਰਾਹਮਣ, ਖਤ੍ਰੀ ਸਾਰੇ ਧਰਮੀ ਬਣੇ ਫ਼ਿਰਦੇ ਹਨ ਪਰ ਜਦੋਂ ਇਨ੍ਹਾ ਦੇ ਕਿਰਦਾਰ ਦੇਖੋ ਤਾਂ ਇਨ੍ਹਾ ਦੇ ਕਿਰਦਾਰ ਅਤੇ ਕਮਾਈ ‘ਚ ਨਿਰੋਲ ਕੂੜ ਭਰਿਆ ਹੈ। ਜ਼ਾਹਿਰਾ ਇਹ ਸਾਰੇ ਧਰਮੀ ਹਨ ਅਤੇ ਦਿਖਾਵੇ ਦੇ ਸਾਰੇ ਧਰਮ ਕਰਮ ਵੀ ਕਰ ਵੀ ਰਹੇ ਹਨ। ਨਮਾਜ਼ਾਂ ਪੜ੍ਹਦੇ ਹਨ, ਗਲਾਂ ‘ਚ ਜਨੇਉ, ਮੱਥੇ ਟਿੱਕਾ, ਤੇੜ ਗੇਰੂਆ ਧੋਤੀਆਂ ਆਦਿ ਤਾਂ ਸਭ ਠੀਕ ਹੈ, ਪਰ ਨਾ ਇਨ੍ਹਾ ਕੋਲ ਇਖਲਾਕ ਹੈ ਨਾ ਧਰਮ ਤੇ ਨਾ ਹੀ ਸ਼ਰਮ। ਇਨ੍ਹਾਂ ਕੋਲ ਹੈ ਤਾਂ ਕੇਵਲ ਗ਼ਰੀਬਾਂ ਮਜ਼ਲੂਮਾ, ਮਜਬੂਰਾਂ ਦਾ ਚੂਸਿਆ ਹੋਇਆ ਖੂਨ। ਪੂਰੇ ਸਲੋਕ ਦੇ ਅਰਥ ਇਸਤਰ੍ਹਾਂ ਹਨ:

ਅਰਥ: ਕਾਜੀ (ਤੇ ਉਨ੍ਹਾਂ ਦੇ ਮੁਸਲਮਾਨ ਹਾਕਮ ਜੀਵਨ ਰਹਿਣੀ ਤੋਂ) ਤਾਂ ਵੱਢੀ ਖੋਰ ਹਨ (ਪਰ ਅਪਨੇ ਆਪ ਨੂੰ ਧਰਮੀ ਦਸਣ ਲਈ) ਪੜ੍ਹਦੇ ਹਨ ਨਮਾਜ਼ਾਂ। ਇਹਨਾਂ ਹਾਕਮਾਂ ਦੇ ਅਗੇ ਮੁਨਸ਼ੀ ਉਹ ਖਤ੍ਰੀ ਹਨ ਜੋ ਗ਼ਰੀਬਾਂ, ਮਜ਼ਲੂਮਾਂ, ਬੇਕਸੂਰਾਂ ਉਤੇ ਜੁਲਮ ਕਰਦੇ ਹਨ ਪਰ ਉਹਨਾਂ ਦੇ ਗਲੇ ‘ਚ (ਉਨ੍ਹਾਂ ਦੇ ਧਰਮੀ ਹੋਣ ਦਾ ਚਿੰਨ੍ਹ) ਜਨੇਊ ਹਨ । (ਇਨ੍ਹਾਂ ਹੀ ਜ਼ਾਲਮ ਖਤ੍ਰੀਆਂ ਦੇ) ਘਰਾਂ ‘ਚ ਜਾ ਕੇ ਬ੍ਰਾਹਮਣ ਸ਼ੰਖ ਪੂਰਦੇ ਹਨ (ਇਨ੍ਹਾਂ ਜ਼ਾਲਮ ਖਤ੍ਰੀਆਂ ਦੇ ਸਾਰੇ ਧਰਮ ਕਰਮ ਬ੍ਰਾਹਮਣ ਹੀ ਕਰਵਾਉਂਦੇ ਹਨ। ਖੂਬੀ ਇਹ ਕਿ ਇਨ੍ਹਾਂ ਬ੍ਰਾਹਮਣਾਂ (ਧਰਮ ਦੇ ਅਖਉਤੀ ਆਗੂਆਂ ਨੂੰ ਵੀ ਉਨ੍ਹਾਂ ਖਤ੍ਰੀਆਂ ਦੀ ਜ਼ੁਲਮ ਦੀ ਕਮਾਈ ਵਾਲੇ ਭੋਜਨਾ ਵਿਚੋਂ, ਉਨ੍ਹਾਂ ਰਾਹੀਂ ਕੀਤੀ ਜ਼ੁਲਮ ਦੀ ਕਮਾਈ ਨਜ਼ਰ ਨਹੀਂ ਆਉਂਦੀ ਬਲਕਿ ਉਸ ਕਮਾਈ ਦੇ ਭੋਜਨਾਂ ਵਿਚੋਂ) ਇਨ੍ਹਾਂ ਬ੍ਰਾਹਮਣਾਂ ਨੂੰ ਭੀ ਉਹੀ ਸੁਆਦ ਆਉਂਦੇ ਹਨ (ਜਿਹੜਾ ਸੁਆਦ ਉਨ੍ਹਾਂ ਖਤ੍ਰੀਆਂ ਨੂੰ ਆ ਰਿਹਾ ਹੈ)।

(ਇਸਤਰ੍ਹਾਂ ਇਨ੍ਹਾਂ ਸਾਰੇ ਅਖਉਤੀ ਧਾਰਮਕ ਲੋਕਾਂ ਦੀ ਫ਼ਿਰ ਭਾਵੇਂ ਉਹ ਕਾਜ਼ੀ ਹਨ, ਬ੍ਰਾਹਮਣ ਜਾਂ ਖਤ੍ਰੀ) ਜੀਵਨ ਦੀ ਰਾਸ (ਪੂੰਜੀ) ਵੀ ਝੂਠੀ ਹੈ ਅਤੇ ਇਸ ਝੂਠ ਦੀ ਪੂੰਜੀ ਰਾਹੀਂ ਹੋ ਰਿਹਾ (ਜੀਵਨ ਦੀ ਸੰਭਾਲ ਵਾਲਾ ਇਨ੍ਹਾਂ ਦਾ) ਵਪਾਰ ਵੀ ਝੂਠਾ ਹੈ। ਤਾਂਤੇ (ਕਾਜ਼ੀ ਹੈਣ, ਬ੍ਰਾਹਮਣ ਜਾਂ ਖੱਤ੍ਰੀ ਇਸਤਰ੍ਹਾਂ ਇਹ ਸਾਰੇ ਪਹਿਰਾਵੇ-ਦਿਖਾਵੇ ਦੇ ਹੀ ਧਰਮੀ ਬਣੇ ਹੋਏ ਹਨ ਪਰ ਸਾਰੇ) ਝੂਠ ਦੀ ਕਮਾਈ ਹੀ ਖਾ ਰਹੇ ਹਨ।

(ਇਸੇ ਕਰਕੇ ਇਨ੍ਹਾਂ ਅੰਦਰੋਂ ਸਚੇ ਧਰਮੀ ਹੋਣ ਦੀ ਸੂਰਤ ਵਿਚ ਜੋ ਆਤਮਕ ਜੀਵਨ ਅਤੇ) ਸ਼ਰਮ-ਹਿਯਾ ਪ੍ਰਗਟ ਹੋਣੀ ਚਾਹੀਦੀ ਹੈ ਉਹ ਤਾਂ ਇਨ੍ਹਾਂ ਦੇ ਨੇੜੇ ਵੀ ਨਹੀਂ ਫੱਟਕ ਰਹੀ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ (ਇਨ੍ਹਾਂ ਲੋਕਾਂ ਕੋਲ ਧਰਮ ਤਾਂ ਕੇਵਲ ਦਿਖਾਵੇ ਦਾ ਹੀ ਬਾਕੀ ਹੈ) ਸਭ ਥਾਈਂ ਝੂਠ ਦਾ ਹੀ ਪਸਾਰਾ ਹੈ।

ਇਹ ਖਤ੍ਰੀ (ਅਪਨੇ ਆਪ ਨੂੰ ਪੱਕਾ ਧਰਮੀ ਦਸਣ ਲਈ) ਗਲਾਂ ‘ਚ ਜੰਜੂ, ਮੱਥੇ ਟਿੱਕੇ ਲਾਉਂਦੇ ਅਤੇ ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ ਬੰਣ੍ਹਦੇ ਹਨ ਪਰ ਇਸਦੇ ਉਲਟ ਇਨ੍ਹਾਂ ਨੇ ਅਪਣੇ ਹਥ ‘ਚ ਤਾਂ ਜ਼ੁਲਮ-ਧੱਕੇ ਦੀ ਛੁਰੀ ਫੜੀ ਹੋਈ ਹੈ। ਇਸਤਰ੍ਹਾਂ ਸੰਸਾਰ ਪੱਧਰ ਦੇ ਸਭ ਤੋਂ ਵਡੇ ਕਸਾਈ ਤਾਂ ਅਸਲ ‘ਚ ਇਹੀ ਹਨ ਜੋ ਉਂਝ ਤਾਂ ਧਰਮੀ ਤੇ ਧਰਮ ਦੇ ਆਗੂ ਬਣਕੇ ਘੁੰਮ ਰਹੇ ਹਨ ਪਰ ਗਰੀਬਾਂ-ਮਜ਼ਲੂਮਾ-ਕਮਜ਼ੋਰਾਂ-ਬੇਕਸੂਰਾਂ ਤੇ ਵਡੇ ਤੋਂ ਵਡਾ ਜ਼ੁਲਮ ਕਰਦੇ ਇਨ੍ਹਾਂ ਨੂੰ ਰਤਾ ਤਰਸ-ਸ਼ਰਮ ਵੀ ਨਹੀਂ ਆਉਂਦੀ।

(ਅਪਣੇ ਆਪ ਨੂੰ ਤੁਰਕ ਹਾਕਮਾਂ ਦਾ ਵਡਾ ਵਫਾਦਾਰ ਸਾਬਤ ਕਰਨ ਲਈ) ਨੀਲੇ ਰੰਗ ਦੇ ਕਪੜੇ ਪਾ ਕੇ (ਉਨ੍ਹਾਂ ਤੁਰਕ) ਹਾਕਮਾਂ ਕੋਲ ਜਾਂਦੇ ਹਨ। (ਖੂਬੀ ਇਹ ਕਿ ਜਿੰਨ੍ਹਾਂ ਨੂੰ ਇਹ ਮਲੇਛ (ਮਲੀਨ ਬੁਧੀ) ਆਖਦੇ ਹਨ। ਉਨ੍ਹਾਂ ਹੀ ਹਾਕਮਾਂ ਦੇ ‘ਹੋਵਹਿ ਪਰਵਾਣੁ’ ਅਨੁਸਾਰ ਤਲੁਏ ਚੱਟਦੇ ਅਤੇ ਉਹਨਾਂ ਹੀ ਹਾਕਮਾਂ ਪਾਸੋਂ ਅਪਨੀ ਰੋਜੀ ਤੇ ਕਮਾਈ ਵੀ ਲਿਆਉਂਦੇ ਹਨ, ਇਸਦੇ ਬਾਵਜੂਦ ਕਹਿਣ ਨੂੰ ਇਹ ਪੁਰਾਣ (ਆਦਿ ਧਰਮ ਪੁਸਤਕਾਂ) ਹੀ ਪੂਜਦੇ (ਤੇ ਇਸਤਰ੍ਹਾਂ ਇਹ ਵੀ ਸਮਝ ਲੈਂਦੇ ਹਨ ਕਿ ਅਸੀਂ ਅਪਨੇ ਪੁਰਾਣਾਂ ਆਦਿ ਵਾਲੇ ਧਰਮ ਦੇ ਅਨੁਸਾਰ ਹੀ ਚਲ ਰਹੇ ਹਾਂ)।

(ਇਥੇ ਹੀ ਬਸ ਨਹੀਂ, ਇਨ੍ਹਾਂ ਖਤ੍ਰੀਆਂ ਦੀ) ਖੁਰਾਕ ਵੀ ਉਹੀ ਬਕਰਾ ਹੈ ਜੋ (ਇਨ੍ਹਾਂ ਮੁਤਾਬਕ) ਨਾ ਪੜ੍ਹਣ-ਬੋਲਣ ਜੋਗ ਭਾਸ਼ਾ (ਅਰਬੀ-ਫ਼ਾਰਸੀ ‘ਚ ਕਲਮਾ ਪੜ੍ਹ ਕੇ) ਕੁਠਾ ਕੀਤਾ (ਕੋਹਿਆ ਹੋਇਆ) ਹੋਇਆ ਹੈ । ਫ਼ਿਰ ਵੀ (ਸੁੱਚਮਾ ਪਖੋਂ ਪੂਰਾ ਧਿਆਨ ਰਖਦੇ ਹਨ ਕਿ) ਇਨ੍ਹਾਂ ਦੇ (ਗੋਬਰ, ਕਾਰਾਂ ਤੇ ਸੁੱਚਮਾਂ ਦੇ ਨੀਯਮਾਂ ਨਾਲ ਪਵਿਤ੍ਰ ਕੀਤੇ ਚਉਕੇ) ਉਤੇ ਕੋਈ (ਕਿਸੇ ਨੀਵੀਂ ਜਾਤ-ਗੋਤ ਦਾ ਨਾ ਆ ਜਾਵੇ) ਇਸੇ ਕਾਰਨ ਚਉਕਾ ਬਣਾ ਕੇ ਦੁਆਲੇ ਲਕੀਰਾਂ ਵੀ ਕਢਦੇ ਹਨ (ਕਮਾਲ ਇਹ ਕਿ) ਇਸ ਚਉਕੇ ਉਤੇ ਆਕੇ ਬੈਠਦੇ ਉਹ ਲੋਕ ਹਨ ਜੋ ਆਪ (ਜੀਵਨ ਤੇ ਮਨ ਕਰਕੇ ਬੜੇ) ਅਪਵਿਤ੍ਰ ਹਨ।

ਦੂਜਿਆਂ ਬਾਰੇ ਆਖਦੇ ਹਨ, ਸਾਡੇ ਚਉਕੇ ਦੇ ਨੇੜੇ ਨਾ ਆਉਣ, ਕਿਧਰੇ ਸਾਡਾ (ਇਹ ‘ਸੁਚਾ’ ਚਉਕਾ) ਭਿਟਿਆ ਹੀ ਨਾ ਜਾਏ ਅਤੇ ਇਸਤਰ੍ਹਾਂ ਸਾਡਾ ਬਣਿਆ ਸਾਰਾ ਪਦਾਰਥ ਸੁਟਣਾ ਹੀ ਨਾ ਪਵੇ ‘ਫਿਟੈ’, ਜਦਕਿ ਆਪ ਇਨ੍ਹਾਂ ਸਰੀਰਾਂ ਨਾਲ ਮੰਦੇ ਕੰਮ ਕਰਦੇ ਹਨ। (ਇਨ੍ਹਾਂ ਦੇ ਮਨ ਅਗਿਆਣਤਾ-ਮਲੀਨਤਾ ਤੇ ਮਜ਼ਲੂਮਾਂ-ਮਜਬੂਰਾਂ ਦਾ ਖੂਨ ਚੂਸ-ਚੂਸ ਕੇ ਉਸੇ) ਜੂਠ ਨਾਲ ਭਰੇ ਪਏ ਹਨ (ਅੰਦਰੋਂ ਉਸ ਜੂਠੇ-ਮਲੀਨ ਜੀਵਨ ਦੇ ਹੁੰਦੇ ਹੋਇਆਂ ਵੀ ਬਾਹਰੋਂ) ਚੁਲੀਆਂ ਕਰ-ਕਰ ਕੇ ਸਮਝ ਲੈਂਦੇ ਹਨ, ਸੁੱਚੇ ਹੋ ਗਏ ਹਾਂ।

ਗੁਰਦੇਵ ਫੈਸਲਾ ਦੇਂਦੇ ਹਨ, ਜੇਕਰ ਮਨੁੱਖ ਸੱਚੇ ਪ੍ਰਭੂ ਦੇ ਰੰਗ ‘ਚ ਰੰਗਿਆ ਜਾਵੇ ਤਾਂ ਹੀ ਉਹ ਸੱਚ ਭਾਵ ਅਕਾਲਪੁਰਖੁ ਨੂੰ ਪਾ ਸਕਦਾ ਹੈ ਤੇ ਆਤਮਕ ਪਖੋਂ ਬਲਵਾਨ ਹੋ ਸਕਦਾ ਹੈ। ਜੀਵਨ ਦੀ ਅਜੇਹੀ ਉਚੀ ਆਤਮਕ ਅਵਸਥਾ ਮਿਲ ਜਾਵੇ ਤਾਂ ਇਨ੍ਹਾਂ ਦਿਖਾਵੇ ਦੀਆਂ ਸੁਚਮਾਂ ਦੀ ਲੋੜ ਹੀ ਨਹੀਂ ਰਹਿੰਦੀ।੨।




.