.

❁ ਗੁਰ-ਪ੍ਰਸਾਦਿ ❁
(ਕਿਸ਼ਤ ਨੰ: 03)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਗੁਰੂ ਅਰਜਨ ਸਾਹਿਬ ਜੀ ਮਹਰਾਜ ਨੇ ਵੀ ‘ਸੁਮਖਨੀ` ਵਿੱਚ ਗਵਾਹੀ ਭਰੀ ਹੈ ਕਿ ਜਦੋਂ ਤੋਂ ਮੇਰੇ ਉਤੇ ਗੁਰੂ ਦੀ ਮੇਹਰ ਹੋਈ ਹੈ, ਤਦੋਂ ਤੋਂ ਹੁਣ ਮੈਂ ਜਿਧਰ ਤੱਕਦਾ ਹਾਂ, ਹਰੇਕ ਚੀਜ਼ ਉਸ ਸਭ ਦੇ ਮੁਢ-ਪ੍ਰਭੂ (ਮੂਲ) ਦਾ ਰੂਪ ਦਿੱਸਦੀ ਹੈ। ਅਜਿਹੀ ਸੋਝੀ ਪ੍ਰਾਪਤ ਹੋ ਗਈ ਹੈ ਕਿ ਦਿੱਸਦਾ ਸੰਸਾਰ ਵੀ ਉਹ ਆਪ ਹੈ ਤੇ ਸਭ ਵਿੱਚ ਵਿਆਪਕ ਜੋਤਿ ਵੀ ਆਪਿ ਹੀ ਹੈ। ਇਹੀ ਕਾਰਨ ਹੈ ਕਿ ਜਿਹੜਾ ਮਨੁੱਖ ਪ੍ਰਭੂ ਕਿਰਪਾ ਦਾ ਪਾਤਰ ਬਣਦਾ ਹੈ, ਉਸ ਨੂੰ ਫਿਰ ਕਿਸੇ ਤੋਂ ਕੋਈ ਡਰ ਨਹੀ ਰਹਿ ਜਾਂਦਾ। ਉਹ ਨਿਰਭਉ ਹੋ ਕੇ ਵਿਚਰਦਾ ਹੈ। ਕਿਉਂਕਿ, ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ ਅਸਲ ਵਿੱਚ ਹੈ। ਭਾਵ, ਇਹ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਆਪਣੇ ਰਚੇ ਹੋਏ ਜਗਤ ਵਿੱਚ ਆਪ ਵਿਆਪਕ ਹੈ। ਨਿੱਤ ਅਜਿਹਾ ਚਿੰਤਨ ਅਥਵਾ ਵਿਚਾਰ ਕਰਦਿਆਂ ਉਸ ਸੇਵਕ ਨੂੰ ਵਿਚਾਰ ਵਿੱਚ ਸਫਲਤਾ ਹੋ ਜਾਂਦੀ ਹੈ। ਭਾਵ, ਗੁਰੂ ਦੀ ਕਿਰਪਾ ਨਾਲ ਉਸ ਨੂੰ ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ:

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ।। ਸੋ ਸੇਵਕੁ ਕਹੁ ਕਿਸ ਤੇ ਡਰੈ।। ਜੈਸਾ ਸਾ ਤੈਸਾ ਦ੍ਰਿਸਟਾਇਆ।। ਅਪੁਨੇ ਕਾਰਜ ਮਹਿ ਆਪਿ ਸਮਾਇਆ।। ਸੋਧਤ ਸੋਧਤ ਸੋਧਤ ਸੀਝਿਆ।। ਗੁਰ ਪ੍ਰਸਾਦਿ ਤਤੁ ਸਭੁ ਬੂਝਿਆ।। ਜਬ ਦੇਖਉ ਤਬ ਸਭੁ ਕਿਛੁ ਮੂਲੁ।। ਨਾਨਕ ਸੋ ਸੂਖਮੁ ਸੋਈ ਅਸਥੂਲੁ।। ੫।। {ਗੁ. ਗ੍ਰੰ. ਪੰ. ੨੮੧}

ਅਸਲ ਵਿੱਚ ਇਹੀ ਹੈ ਗੁਰਪ੍ਰਸਾਦਿ ਸਦਕਾ ਹੋਣ ਵਾਲਾ ਰੱਬੀ ਮਿਲਾਪ। ਹੋਰ ਰੱਬ ਦੀ ਕੋਈ ਵਖਰੀ ਤੇ ਵਿਸ਼ੇਸ਼ ਸ਼ਖ਼ਸੀਅਤ ਨਹੀ, ਜਿਸ ਨੂੰ ਅਸੀਂ ਕਿਸੇ ਖਾਸ ਸਚਖੰਡੀ ਅਸਥੂਲ ਟਿਕਾਣੇ ਵਿੱਚ ਜਾ ਕੇ ਗਲਵਕੜੀ ਪਾ ਲਵਾਂਗੇ। ਰੱਬੀ ਮਿਲਾਪ ਤਾਂ ਇੱਕ ਜਾਗਰੂਕਤਾ ਹੈ। ਬਿਲਕੁਲ ਇਉਂ ਹੀ, ਜਿਵੇਂ ਸਮੁੰਦਰ ਵਿੱਚ ਹਵਾ ਦੇ ਸਹਾਰੇ ਉਠਣ ਵਾਲੀਆਂ ਪਾਣੀ ਦੀਆਂ ਉਨ੍ਹਾਂ ਲਹਿਰਾਂ ਨੂੰ ਹੋਸ਼ ਆ ਜਾਏ (ਜਿਨ੍ਹਾਂ ਨੂੰ ਦੇਖ ਕੇ ਦੇਖ ਕੇ ਸਮੁੰਦਰੀ ਕਿਨਾਰੇ `ਤੇ ਖੜੇ ਲੋਕ ਖੁਸ਼ ਹੋ ਰਹੇ ਸਨ ਅਤੇ ਉਹ ਬੇਹੋਸ਼ੀ ਵਿੱਚ ਫੁਲੀਆਂ ਨਹੀ ਸੀ ਸਮਾਂਦੀਆਂ ਕਿ ਅਸੀਂ ਬਹੁਤ ਬਲਵਾਨ ਹਾਂ) ਕਿ ਉਹ ਸਮੁੰਦਰ ਨਾਲੋਂ ਵੱਖ ਨਹੀ ਹਨ ਅਤੇ ਉਨ੍ਹਾਂ ਦੀ ਇਹ ਥੋੜ-ਚਿਰੀ ਹਸਤੀ ਸਮੁੰਦਰੀ ਪਾਣੀ ਦੀ ਬਦੌਲਤ ਹੀ ਹੈ। ਜਿਵੇਂ, ਕਿਸੇ ਸੁਨਾਰ ਵਲੋਂ ਘੜੇ ਹੋਏ ਸੋਨੇ ਦੇ ਕਾਂਟੇ ਤੇ ਕੜੇ ਆਦਿਕ ਉਨ੍ਹਾਂ ਗਹਿਣਿਆਂ ਨੂੰ ਗਿਆਨ ਹੋ ਜਾਏ, ਜਾਗ ਆ ਜਾਏ (ਜਿਹੜੇ ਸੋਹਣਿਆਂ ਦੇ ਸਰੀਰਾਂ ਦਾ ਸ਼ਿੰਗਾਰ ਬਣੇ ਹੋਏ ਬੇਹੋਸ਼ੀ ਵਿੱਚ ਆਕੜੇ ਹੋਏ ਸਨ ਕਿ ਉਹ ਬੜੇ ਖ਼ੂਬਸੂਰਤ ਹਨ) ਕਿ ਉਹ ਸੋਨੇ ਦਾ ਹੀ ਰੂਪ ਹਨ ਅਤੇ ਉਨ੍ਹਾਂ ਦੀ ਇਹ ਚਮਕ-ਦਮਕ ਸੋਨੇ ਦੀ ਬਦੌਲਤ ਹੀ ਹੈ ਅਤੇ ਇਹ ਕਿਸੇ ਵੇਲੇ ਵੀ ਖੁਸ ਸਕਦੀ ਹੈ। ਇਹੀ ਸੋਝੀ ਹੋਈ ਸੀ ਭਗਤ ਬਾਬਾ ਰਵਿਦਾਸ ਜੀ ਨੂੰ, ਜਦ ਉਹ ਆਪਣੇ ਮਾਲਕ ਪ੍ਰਭੂ ਜੀ ਨੂੰ ਸੰਬੋਧਨ ਹੋ ਕੇ ਹੇਠ ਲਿਖਿਆ ਇਲਾਹੀ ਗੀਤ ਗਾ ਉੱਠੇ ਸਨ, ਜਿਸ ਦਾ ਸਾਰੰਸ਼ ਹੈ ਕਿ ਪਰਮਾਤਮਾ ਤੇ ਜੀਵਾਂ ਵਿੱਚ ਕੋਈ ਭਿੰਨ-ਭੇਦ ਨਹੀਂ ਹੈ। ਪ੍ਰਭੂ ਆਪ ਹੀ ਸਭ ਥਾਈਂ ਵਿਆਪਕ ਹੈ। ਜੀਵ ਅਗਿਆਨਤਾ ਵਸ ਉਸ ਨੂੰ ਭੁਲਾ ਬੈਠਦੇ ਹਨ ਅਤੇ ਇਸ ਪ੍ਰਕਾਰ ਮੰਦ-ਕਰਮਾਂ ਵਿੱਚ ਫਸ ਕੇ ਆਪਣੇ ਆਪ ਨੂੰ ਉਸ ਤੋਂ ਵੱਖਰੇ ਪ੍ਰਤੀਤ ਕਰਦੇ ਹਨ। ਆਖ਼ਰ, ਉਹ ਆਪਣੇ ‘ਗੁਰ ਪ੍ਰਸਾਦੀ` ਬਿਰਦ ਦੀ ਪਾਲਣਾ ਕਰਦਾ ਹੋਇਆ ਤ੍ਰੁੱਠ ਕੇ ਕੋਈ ਸ੍ਵੈ-ਮੂਲ ਦੀ ਸੋਝੀ ਰਖਣ ਵਾਲਾ ਸੰਤ ਜਨ ਮਿਲਾ ਕੇ ਭੁੱਲੇ ਜੀਵਾਂ ਨੂੰ ਆਪਣਾ ਅਸਲ ਸਰੂਪ ਵਿਖਾਲਦਾ ਹੈ:

ਸ੍ਰੀ ਰਾਗੁ।। ਤੋਹੀ ਮੋਹੀ ਮੋਹੀ ਤੋਹੀ, ਅੰਤਰੁ ਕੈਸਾ।। ਕਨਕ ਕਟਿਕ, ਜਲ ਤਰੰਗ ਜੈਸਾ।। ੧।। ……………… ਸਰੀਰੁ ਅਰਾਧੈ ਮੋ ਕਉ ਬੀਚਾਰੁ ਦੇਹੂ।। ਰਵਿਦਾਸ ਸਮ ਦਲ ਸਮਝਾਵੈ ਕੋਊ।। ੩।। {ਗੁ. ਗ੍ਰੰ. ਪੰ. ੯੩}

{ਅਰਥ: — (ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ? (ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ। ੧। ………

(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ। (ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ। ੩।}

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹੇਠ ਲਿਖੇ ਵਾਕਾਂ ਦੁਆਰਾ, ਗੁਰੂ ਪਰਮੇਸ਼ਰ ਦੀ ਏਕਤਾ ਦੇ ਸਿਧਾਂਤ ਨੂੰ ਸਨਮੁਖ ਰੱਖ ਕੇ, ਜਿਥੇ, ਇਹ ਸੱਚ ਪ੍ਰਵਾਨ ਕੀਤਾ ਗਿਆ ਹੈ ਕਿ ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ, ਉਸ ਦੀ ਸੰਗਤਿ ਵਿੱਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ। ਜਿਸ ਦੇ ਮਿਲਿਆਂ ਮਨ ਵਿੱਚ ਆਨੰਦ ਪੈਦਾ ਹੋ ਜਾਏ, ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਏ, ਉਸ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ:

ਸਤਿ ਪੁਰਖੁ ਜਿਨਿ ਜਾਨਿਆ, ਸਤਿਗੁਰੁ ਤਿਸ ਕਾ ਨਾਉ।।

ਤਿਸ ਕੈ ਸੰਗਿ ਸਿਖੁ ਉਧਰੈ, ਨਾਨਕ ਹਰਿ ਗੁਨ ਗਾਉ।। {ਪੰ. ੨੮੬}

ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ।।

ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ।। {ਪੰ. ੧੬੮}

ਓਥੇ, ਇਹ ਸੱਚ ਹੋਰ ਵੀ ਜ਼ੋਰਦਾਰ ਸ਼ਬਦਾਂ ਵਿੱਚ ਪ੍ਰਗਟ ਕੀਤਾ ਗਿਆ ਹੈ ਕਿ ਸਿੱਖ ਦਾ ਉਧਾਰ, ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੋਣ ਵਾਲੇ ਗਿਆਨ ਦੀ ਬਦੌਲਤ ਹੁੰਦਾ ਹੈ, ਕੇਵਲ ਗੁਰੂ ਦੇ ਦਰਸ਼ਨਾਂ ਦੁਆਰਾ ਨਹੀ। ਕਿਉਂਕਿ, ਗੁਰ-ਸ਼ਬਦ ਵਿਚਾਰ ਤੋਂ ਬਗੈਰ ਮਨੁਖ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋ ਸਕਣਾ ਅਤੇ ਉਸ ਦਾ ਹਉਮੈ ਆਦਿਕ ਵਿਕਾਰਾਂ ਤੋਂ ਮੁਕਤ ਹੋ ਸਕਣਾ ਅਸੰਭਵ ਹੈ:

ਸਤਿਗੁਰ ਨੋ ਸਭੁ ਕੋ ਵੇਖਦਾ, ਜੇਤਾ ਜਗਤੁ ਸੰਸਾਰੁ।।

ਡਿਠੈ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰੁ।।

ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।। {ਗੁ. ਗ੍ਰੰ. ਪੰ. ੫੯੪}

{ਅਰਥ: —ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ। (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ।}

ਸ੍ਰੀ ਗੁਰੂ ਅਰਜਨ ਸਾਹਿਬ ਜੀ ਤਾਂ ਹੇਠ ਲਿਖੇ ਸ਼ਬਦ ਵਿੱਚ ਸਪਸ਼ਟ ਤੌਰ ਤੇ ਐਲਾਨ ਕੀਤਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਜਿਤਨਾ ਵੀ ਆਤਮਿਕ ਪ੍ਰੀਵਰਤਨ ਆਇਆ ਹੈ, ਜੋ ਵੀ ਅਧਿਆਤਮਿਕ ਪ੍ਰਾਪਤੀ ਹੋਈ ਹੈ, ਉਹ ਗੁਰੂ ਦੇ ਅੰਮ੍ਰਿਤ ਬਚਨਾ ਦਾ ਹੀ ਪ੍ਰਤਾਪ ਹੈ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ, ਤੇ, ਗੁਰੂ ਦੀ ਕਿਰਪਾ ਨਾਲ ਮੈਨੂੰ ਪਰਮਾਤਮਾ ਦੇ ਚਰਨਾਂ ਵਿੱਚ ਥਾਂ ਮਿਲੀ ਹੈ। ਭਾਵ, ਮੇਰਾ ਮਨ ਪ੍ਰਭੂ ਦੀ ਯਾਦ ਵਿੱਚ ਟਿਕਿਆ ਰਹਿੰਦਾ ਹੈ:

ਗੁਰ ਕੈ ਬਚਨਿ ਧਿਆਇਓ ਮੋਹਿ ਨਾਉ।। ਗੁਰ ਪਰਸਾਦਿ ਮੋਹਿ ਮਿਲਿਆ ਥਾਉ।। ੧।। ਰਹਾਉ।।

ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ। ਦੁਨੀਆ ਦੇ ਵਿਕਾਰਾਂ ਦੇ ਮੁਕਾਬਲੇ ਤੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ ਮੈਂ ਆਪਣੀ ਜੀਭ ਨਾਲ ਵੀ ਸਿਫ਼ਤਿ-ਸਾਲਾਹ ਉਚਾਰਦਾ ਰਹਿੰਦਾ ਹਾਂ। ਇਸ ਪ੍ਰਕਾਰ ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਮੇਰੀ ਰਾਸ-ਪੂੰਜੀ ਬਣ ਗਈ ਹੈ :

ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ।। ਗੁਰਿ ਪੂਰੈ ਮੇਰੀ ਪੈਜ ਰਖਾਈ।। ੧।। ਗੁਰ ਕੈ ਬਚਨਿ ਸੁਣਿ ਰਸਨ ਵਖਾਣੀ।। ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ।। ੨।।

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੇ ਅੰਦਰੋਂ ਮੇਰਾ ਆਪਾ-ਭਾਵ ਮਿਟ ਗਿਆ ਹੈ। ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ। ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ, ਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ:

ਗੁਰ ਕੈ ਬਚਨਿ ਮਿਟਿਆ ਮੇਰਾ ਆਪੁ।। ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ।। ੩।। ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ।। ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ।। ੪।।

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿੱਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ। ਅਸਲ ਵਿੱਚ ਇਹੀ ਹੈ ਸੰਸਾਰ ਸਮੁੰਦਰ ਤੋਂ ਪਾਰ ਹੋਣਾ। ਸੋ, ਜਿਵੇਂ ਮੈਂ ਸੰਸਾਰ ਸਮੁੰਦਰ ਤੋ ਪਾਰ ਲੰਘਿਆ ਹਾਂ, ਤਿਵੇਂ ਹੀ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਸਾਰਾ ਜਗਤ ਹੀ ਪਾਰ ਲੰਘ ਜਾਂਦਾ ਹੈ। ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿੱਚ ਸਫਲਤਾ ਹੋ ਰਹੀ ਹੈ, ਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ, ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ ਖ਼ਜ਼ਾਨਾ ਹੈ:

ਗੁਰ ਕੈ ਬਚਨਿ ਕੀਨੋ ਰਾਜੁ ਜੋਗੁ।। ਗੁਰ ਕੈ ਸੰਗਿ ਤਰਿਆ ਸਭੁ ਲੋਗੁ।। ੫।। ਗੁਰ ਕੈ ਬਚਨਿ ਮੇਰੇ ਕਾਰਜ ਸਿਧਿ।। ਗੁਰ ਕੈ ਬਚਨਿ ਪਾਇਆ ਨਾਉ ਨਿਧਿ।। ੬।।

(ਹੇ ਭਾਈ!) ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ ਆਪਣੇ ਮਨ ਵਿੱਚ ਧਾਰ ਲਈ ਹੈ, ਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ। ਮੁਕਦੀ ਗੱਲ, ਮੈਂ ਤਾਂ ਇਹੀ ਆਖਾਂਗਾ ਕਿ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ, ਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ:

ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ।। ਤਿਸ ਕੀ ਕਟੀਐ ਜਮ ਕੀ ਫਾਸਾ।। ੭।। ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ।। ਨਾਨਕ, ਗੁਰੁ ਭੇਟਿਆ ਪਾਰਬ੍ਰਹਮੁ।। ੮।। {ਗੁ. ਗ੍ਰੰ. ਪੰ. ੨੩੯}

ਅਸਲ ਵਿੱਚ ਇਹੀ ਮੁੱਖ ਕਾਰਣ ਹੈ, ਜਿਸ ਕਰਕੇ ਗੁਰੂ ਨਾਨਕ-ਵਿਚਾਰਧਾਰਾ (ਸਿੱਖੀ) ਵਿੱਚ ਵਿਅਕਤੀਗਤ ਗੁਰੂ ਦੀ ਥਾਂ, ਗੁਰੂ ਦੀ ਬਾਣੀ ਅਥਵਾ ਗੁਰੂ ਦੇ ਗਿਆਨ ਨੂੰ ਹੀ ਗੁਰੂ ਰੂਪ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ। ਸਤਿਗੁਰਾਂ ਦਾ ਸਪਸ਼ਟ ਫ਼ੁਰਮਾਨ ਹੈ ਕਿ ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। ਗੁਰੂ ਦੀ ਬਾਣੀ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ ਅਤੇ ਗੁਰੂ ਦਾ ਜਿਹੜਾ ਸੇਵਕ ਸਿੱਖ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ, ਗੁਰੂ ਉਸ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ:

ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ, ਸਾਰੇ।। ਗੁਰੁ ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ।। {ਗੁ. ਗ੍ਰੰ. ਪੰ. ੯੮੨}

ਕਿਉਂਕਿ, ਜਿਵੇਂ ਕਿਸੇ ਪਿਆਸੇ ਮਨੁੱਖ ਦੀ ਪਿਆਸ ਮਿਟਾਉਣ ਵਿੱਚ ਅਹਿਮ ਭੂਮਿਕਾ ਪਾਣੀ ਦੀ ਮੰਨੀ ਜਾਂਦੀ ਹੈ, ਨਾ ਕਿ ਉਸ ਭਾਂਡੇ ਜਾਂ ਨਲਕੇ ਆਦਿਕ ਦੀ, ਜਿਸ ਦੁਆਰਾ ਕਿਸੇ ਪਿਆਸੇ ਨੂੰ ਪਾਣੀ ਪ੍ਰਾਪਤ ਹੁੰਦਾ ਹੈ। ਤਿਵੇਂ ਹੀ ਰੱਬੀ ਮਿਲਾਪ ਵਿੱਚ ਅਹਿਮੀਅਤ ਗੁਰੂ ਦੇ ਮੰਤ (ਉਪਦੇਸ਼) ਦੀ ਹੈ, ਨਾ ਕਿ ਗੁਰੂ ਦੇ ਵਿਅਕਤਵ (ਸਰੀਰ) ਦੀ, ਜਿਸ ਦੁਆਰਾ ਆਦਿ ਗੁਰੂ ਪਰਮੇਸ਼ਰ ਦੀ ਬਾਣੀ (ਸ਼ਬਦ) ਪ੍ਰਗਟ ਹੁੰਦੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਜਿਸ ਨੂੰ ਵੀ ਰੱਬੀ ਮਿਲਾਪ ਹੋਇਆ, ਜਿਸ ਨੇ ਵੀ ਨਾਮ-ਰਸ ਦਾ ਅਨੰਦੀ ਘੁੱਟ ਭਰ ਭਰਿਆ, ਓਹੀ ਪੁਕਾਰ ਉੱਠਿਆ ਕਿ ਉਹਦਾ ਮਿਲਾਪ ਕਿਸੇ ਪ੍ਰਕਾਰ ਦੀ ਅਧਿਆਤਮਕ ਸਾਧਨਾ, ਜਪ-ਤਪ ਜਾਂ ਸੇਵਾ-ਭਗਤੀ ਦਾ ਸਿੱਟਾ ਨਹੀ। ਸਗੋਂ ਇਹ ਤਾਂ ਮਾਲਕ ਪ੍ਰਭੂ ਦੀ ਕਿਰਪਾ ਹੈ, ਜਿਸ ਦੀ ਬਦੌਲਤ ਗੁਰੂ ਦਾ ਉਪਦੇਸ਼ ਸਾਡੀ ਕਰਣੀ ਦਾ ਹਿੱਸਾ ਬਣਿਆ, ਸਾਡੇ ਅਮਲ ਵਿੱਚ ਆਇਆ ਅਤੇ ਅਸੀਂ ਅਚਾਨਕ ਹੀ ਉਸ (ਪ੍ਰਭੂ) ਨੂੰ ਆਪਣੇ ਨਾਲ ਓਤ-ਪੋਤਿ ਦੇਖਿਆ:

ਘਾਲ ਨ ਮਿਲਿਓ, ਸੇਵ ਨ ਮਿਲਿਓ, ਮਿਲਿਓ ਆਇ ਅਚਿੰਤਾ।।

ਜਾ ਕਉ ਦਇਆ ਕਰੀ ਮੇਰੈ ਠਾਕੁਰਿ; ਤਿਨਿ, ਗੁਰਹਿ ਕਮਾਨੋ ਮੰਤਾ।। {ਗੁ. ਗ੍ਰੰ. ਪੰ. ੬੭੨}

ਗੁਰਬਾਣੀ ਤੇ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਜੋਤਿ ਸਰੂਪ ਬਾਕੀ ਸਾਹਿਬਾਨ ਨੇ ਕਿਧਰੇ ਵੀ ਆਪਣੇ ਨਾਮ ਨਾਲ ‘ਗੁਰੂ` ਪਦ ਦੀ ਵਰਤੋਂ ਨਹੀ ਕੀਤੀ ਅਤੇ ਨਾ ਹੀ ਆਪਣੇ ਆਪ ਨੂੰ ‘ਗੁਰੂ` ਸਰੂਪ ਵਿੱਚ ਪ੍ਰਚਾਰਿਆ। ਉਹ ਹਮੇਸ਼ਾ ਆਪਣੇ ਆਪ ਲਈ ‘ਨਾਨਕ`, ‘ਨਾਨਕੁ ਦਾਸੁ`, ‘ਨਾਨਕੁ ਨੀਚੁ`, ‘ਨਾਨਕੁ ਗਰੀਬ`, ‘ਨਾਨਕ ਵਿਚਾਰਾ`, ‘ਨਾਨਕੁ ਸਾਇਰ` ਆਦਿਕ ਲਫ਼ਜ਼ਾਂ ਦੀ ਵਰਤੋਂ ਕਰਦੇ ਰਹੇ। ਜਿਵੇਂ, ਗੁਰਵਾਕ ਹਨ:

ਨਾਨਕੁ ਨੀਚੁ ਕਹੈ ਵੀਚਾਰੁ।। {ਗੁ. ਗ੍ਰੰ. ਪੰ. ੪}

ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ।। {ਗੁ. ਗ੍ਰੰ. ਪੰ. ੫੬੧}

ਨਾਨਕੁ ਗਰੀਬੁ ਬੰਦਾ ਜਨੁ ਤੇਰਾ।। {ਗੁ. ਗ੍ਰੰ. ਪੰ. ੬੭੬}

ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ।। {ਗੁ. ਗ੍ਰੰ. ਪੰ. ੬੬੦}

ਜਨ ਨਾਨਕੁ ਦਾਸੁ ਦਾਸ ਦਾਸਨ ਕੋ, ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ।।

{ਗੁ. ਗ੍ਰੰ. ਪੰ ੧੨੯੬}

ਹਾਂ! ਇਹ ਇੱਕ ਵਖਰੀ ਗੱਲ ਹੈ ਕਿ ਜਿਸ ਰੱਬ ਰੂਪ ਗੁਰੂ-ਵਿਅਕਤੀ ਦੇ ਅਮ੍ਰਿੰਤ ਬਚਨਾਂ ਅਥਵਾ ਉਪਦੇਸ਼ ਰਾਹੀਂ ਕੋਈ ਸਜਣ ਵਰੁਸਾਇਆ, (ਭਾਵ, ਜਿਸ ਤੋਂ ਕਿਸੇ ਨੂੰ ਆਤਮਿਕ ਗਿਆਨ ਪ੍ਰਾਪਤ ਹੋਇਆ, ਸਵੈ-ਮੂਲ ਦੀ ਪਛਾਣ ਦੇ ਰੂਪ ਵਿੱਚ ਰੱਬੀ-ਸਾਂਝ ਦੀ ਸੋਝੀ ਹੋਈ), ਭਾਵੇਂ ਉਹ ਵਿਅਕਤੀ ਧੁਰੋਂ ਥਾਪੇ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਗੁਰੂ-ਸ਼ਖ਼ਸੀਅਤਾਂ ਵਿਚੋਂ ਸੀ, (ਜਿਹੜੇ ਸਿੱਖ-ਸੇਵਕਾਂ ਦਾ ਰੂਪ ਵਿੱਚ ਗੁਰੂ ਕੀ ਸ਼ਰਨ ਪਏ ਤੇ ਪ੍ਰਵਾਨ ਚੜ੍ਹੇ। ਜਿਵੇਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਤੇ ਹੋਰ ਬਾਕੀ ਗੁਰੂ ਸਾਹਿਬਾਨ) ਜਾਂ ਭੱਟਾਂ ਤੇ ਰਬਾਬੀਆਂ ਚੋਂ, ਉਸ ਵਲੋਂ ਉਹਨੂੰ “ਗੁਰੁ ਪਰਮੇਸਰੁ ਏਕੋ ਜਾਣੁ।। “ (ਗੁ. ਗ੍ਰੰ. ਪੰ ੮੬੪) ਅਤੇ ‘ਸਤਿਗੁਰ ਵਿਚਿ ਆਪੁ ਰਖਿਓਨੁ` (ਗੁ. ਗ੍ਰੰ. ਪੰ. ੪੬੬) ਦੇ ਸਿਧਾਂਤ ਨੂੰ ਧਿਆਨ ਵਿੱਚ ਰਖਦਿਆਂ, ਕੇਵਲ ਗੁਰੂ ਜਾਂ ਸਤਿਗੁਰੂ ਕਹਿ ਕੇ ਹੀ ਨਹੀ ਸਨਮਾਨਿਆਂ। ਸਗੋਂ, ਆਤਮਿਕ ਜੀਵਨ ਦੇ ਪੱਖੋਂ ਪਾਰਬ੍ਰਹਮ, ਪਰਮੇਸ਼ਰ ਤੇ ਪ੍ਰਤੱਖ-ਹਰਿ ਕਹਿਣ ਤੋਂ ਵੀ ਸੰਕੋਚ ਨਹੀ ਕੀਤਾ।

ਜਿਵੇਂ, ਗੁਰੂ ਅਮਰਦਾਸ ਜੀ ਮਹਾਰਾਜ ਤੋਂ ਵਰੁਸਾਏ ਸਤਿਗੁਰੂ ਰਾਮਦਾਸ ਜੀ ਮਹਾਰਾਜ ਆਖਦੇ ਹਨ ਕਿ ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ। ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ।

ਰਾਮ, ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ।।

ਹਮ ਮੂੜ ਮੁਗਧ ਅਸੁਧ ਮਤਿ ਹੋਤੇ, ਗੁਰ ਸਤਿਗੁਰ ਕੈ ਬਚਨਿ, ਹਰਿ ਹਮ ਜਾਨੇ।। {ਗੁ. ਗ੍ਰੰ. ਪੰ. ੧੬੯}

ਭੱਟ ਮਥਰਾ ਜੀ ਕਹਿ ਰਹੇ ਹਨ ਕਿ ਗੁਰੂ ਅਰਜੁਨ ਹੀ ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿੱਚ ਵਿਆਪ ਰਿਹਾ ਹੈ। ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕਿਉਂਕਿ, ਉਨ੍ਹਾ ਵਿੱਚ ਤੇ ਅਕਾਲਪੁਰਖ ਵਿੱਚ ਕੋਈ ਫ਼ਰਕ ਨਹੀਂ ਹੈ।

ਧਰਨਿ ਗਗਨ ਨਵ ਖੰਡ ਮਹਿ, ਜੋਤਿ ਸ੍ਵਰੂਪੀ ਰਹਿਓ ਭਰਿ ।।

ਭਨਿ ਮਥੁਰਾ ਕਛੁ ਭੇਦੁ ਨਹੀ, ਗੁਰੁ ਅਰਜੁਨੁ ਪਰਤਖB ਹਰਿ।। {ਗੁ. ਗ੍ਰੰ. ਪੰ. ੧੪੦੯}

ਪਰ, ਗੁਰੂ-ਵਿਅਕਤੀ ਦੀ ਅਜਿਹੀ ਉਸਤਤਿ ਕਰਦਿਆਂ ਕਰਦਿਆਂ ਇਹ ਨਹੀ ਭੁੱਲੇ ਕਿ “ਗੁਰੁ ਗੁਰੁ ਏਕੋ, ਵੇਸ ਅਨੇਕ”। (ਗੁ. ਗ੍ਰੰ. ਪੰ. ੧੨) ਭਾਵ, ਮੂਲ ਰੂਪ ਵਿੱਚ ਸਾਰਿਆਂ ਦਾ ਗੁਰੂ ਇੱਕ ਓਅੰਕਾਰੀ ਅਕਾਲਪੁਰਖ ਵਾਹਗੁਰੂ ਹੈ। ਦੇਖੋ! ਗੁਰੂ ਰਾਮਦਾਸ ਜੀ ਮਹਾਰਾਜ ਹੇਠ ਲਿਖੇ ਵਾਕ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੂੰ ‘ਧੰਨ ਧੰਨ ਗੁਰੂ ਅਤੇ ਗੁਰ ਸਤਿਗੁਰੂ ਆਦਿਕ ਵਿਸ਼ੇਸ਼ਣ ਨਾਲ ਸਤਿਕਾਰਨ ਤੋਂ ਪਹਿਲਾਂ ਹਰੀ ਅਕਾਲ ਪੁਰਖ ਨੂੰ ‘ਸਤਿਗੁਰਾ` ਕਹਿ ਸੰਬੋਧਨ ਕੀਤਾ ਹੈ। ਜਿਵੇਂ, ਗੁਰਵਾਕ ਹੈ:

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ, ਸਾ ਬਿਧਿ ਤੁਮ ਹਰਿ ਜਾਣਹੁ ਆਪੇ।। ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।। ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ, ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ।। ੪।। ੫।। ੧੧।। ੪੯।। {ਪੰਨਾ ੧੬੭}

ਅਰਥ: —ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ। ਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿੱਚ ਲਿਆ ਕੇ ਵਡਿਆਈ ਬਖ਼ਸ਼ੀ। (ਹੇ ਭਾਈ!) ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ। ੪। ੫। ੧੧। ੪੯।

ਕਿਉਂਕਿ, ਗੁਰੂ ਸਾਹਿਬਾਨ ਆਪਣੇ ਵਲੋਂ ਨਿਵਾਜੇ ਜਾ ਰਹੇ ਸਿੱਖ ਸੇਵਕਾਂ ਨੂੰ ਸਮਝਾਂ ਦਿੰਦੇ ਸਨ ਕਿ ਭਾਈ ਸਾਡਾ ਅਸਲ ਅਤੇ ਇੱਕੋ-ਇੱਕ ਗੁਰੂ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਵਾਹਗੁਰੂ ਆਪ ਹੈ। ਜਿਵੇਂ, ਹੇਠ ਲਿਖੇ ੧੨ ਨੰਬਰ ਪਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਅਕਾਲ ਪੁਰਖ ਨੂੰ ਸੰਭੋਧਨ ਹੋ ਕੇ ਆਖਦੇ ਹਨ ਕਿ ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿੱਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ। ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ। ਅਤੇ ਇਸ ਦੇ ਨਾਲ ਹੀ ੧੩ ਨੰਬਰ ਪਦੇ ਵਿੱਚ ਇਹ ਵੀ ਸੰਕੇਤ ਦਿੰਦੇ ਹਨ ਕਿ ਪਿਆਰਾ ਗੁਰੂ ਦਸਦਾ ਹੈ ਕਿ ਮੇਰਾ ਸਤਿਗੁਰੂ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿੱਚ ਮੌਜੂਦ ਹੈ:

ਸਜਣੁ ਮੇਰਾ ਏਕੁ ਤੂੰ, ਕਰਤਾ ਪੁਰਖੁ ਸੁਜਾਣੁ।। ਸਤਿਗੁਰਿ ਮੀਤਿ ਮਿਲਾਇਆ, ਮੈ ਸਦਾ ਸਦਾ ਤੇਰਾ ਤਾਣੁ।। ੧੨।। ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ।। ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ।। ੧੩।। {ਗੁ. ਗ੍ਰੰ. ਪੰ. ੭੫੯}

ਗੁਰਬਾਣੀ ਦੇ ਸਿਰਲੇਖਾਂ ਵਿੱਚ ਗੁਰੂ ਪਹਿਲਾ, ਗੁਰੂ ਦੂਜਾ, ਤੀਜਾ, ਚੌਥਾ ਆਦਿਕ ਲਿਖਣ ਦੀ ਥਾਂ ‘ਮਹਲਾ ੧ (ਪਹਿਲਾ)`, ਮਹਲਾ ੨ (ਦੂਜਾ), ਆਦਿਕ ਲਿਖਦੇ ਰਹੇ। ‘ਮਹਲਾ` ਪਦ ਦਾ ਅਰਥ ਹੈ ‘ਸਰੀਰ`। ਕਿਉਂਕਿ, ਉਹ ਜਾਣਦੇ ਸਨ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਆਪ ਹੀ ਸਾਡੇ ਸਰੀਰਾਂ ਰਾਹੀ ਸ਼ਬਦ (ਗਿਆਨ) ਵਰਤਾ ਰਿਹਾ ਹੈ। ਅਸੀਂ ਤਾਂ ਸੰਦੇਸ਼-ਵਾਹਕ ਹਾਂ। ‘ਗੁਰੂ` ਹੋਣ ਦੀ ਤਾਂ ਸਾਨੂੰ ਵਾਧੂ ਵਡਿਆਈ ਮਿਲ ਰਹੀ ਹੈ। ਅਸਲੀਅਤ ਤਾਂ ਇਹ ਹੈ ਕਿ ‘ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ।। {ਗੁ. ਗ੍ਰੰ. ਪੰ. ੫੧੭}

ਇਹੀ ਕਾਰਣ ਹੈ ਕਿ ਉਹ ਪ੍ਰਚਾਰਦੇ ਰਹੇ ਕਿ ਹੇ ਭਰਾਵੋ! ਜਿਸ ਵਿਅਕਤੀ ਨੂੰ ਵੀਂ ਤੁਸੀਂ ਰੱਬੀ-ਗੁਣਾਂ ਦੇ ਪ੍ਰਗਾਸ ਸਦਕਾ ‘ਗਰੁ` ਮੰਨ ਕੇ ਵਿੱਚ ਆਦਰ ਦੇ ਰਹੋ, ਯਾਦ ਰੱਖੋ! ਪ੍ਰਭੂ ਆਪਣੇ ਆਪ ਨੂੰ ਉਸ ਵਿੱਚ ਲੀਨ ਕਰ ਕੇ (ਆਪਣਾ) ਸ਼ਬਦ (ਭਾਵ, ਸਨੇਹਾ) (ਸਾਰੇ ਜਗਤ ਵਿਚ) ਵੰਡ ਰਿਹਾ ਹੈ, ਤੇ ਅਜਿਹਾ ਗੁਰੂ ਵੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਪਤੀਜ ਕੇ ਉਸ ਨਾਲ ਜੁੜਿਆ ਰਹਿੰਦਾ ਹੈ:

ਗੁਰ ਮਹਿ ਆਪੁ ਸਮੋਇ, ਸਬਦੁ ਵਰਤਾਇਆ।।

ਸਚੇ ਹੀ ਪਤੀਆਇ, ਸਚਿ ਸਮਾਇਆ।। ੨।। (ਪੰਨਾ ੧੨੭੯)

ਕਰਤਾਰ ਨੇ ਆਪਣਾ ਆਪ ਗੁਰੂ ਵਿੱਚ ਲੁਕਾ ਰੱਖਿਆ ਹੈ, ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ ਮਾਇਆ-ਮੋਹ ਆਦਿਕ ਦੀ ਕੋਈ ਮੈਲ ਨਹੀਂ ਲੱਗ ਸਕਦੀ। ਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ ਸੰਸਾਰ-ਸਮੁੰਦਰ ਵਿੱਚ ਡੁੱਬਣੋਂ ਬਚਾ ਲੈਂਦਾ ਹੈ:

ਗੁਰ ਮਹਿ ਆਪੁ ਰਖਿਆ ਕਰਤਾਰੇ।। ਗੁਰਮੁਖਿ ਕੋਟਿ ਅਸੰਖ ਉਧਾਰੇ।।

ਸਰਬ ਜੀਆ ਜਗਜੀਵਨੁ ਦਾਤਾ, ਨਿਰਭਉ ਮੈਲੁ ਨ ਕਾਈ ਹੇ।। {ਗੁ. ਗ੍ਰੰ. ਪੰ. ੧੦੨੪}




.