.

ਕਦੇ ਸੋਚਿਆ ਹੈ, ਅਸੀਂ ਕੀ ਕਰ ਰਹੇ ਹਾਂ?

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਇਕੱਲੇ ਹੱਥ ਨੂੰ ਅਸੀਂ ਸਰੀਰ ਨਹੀਂ ਆਖ ਸਕਦੇ। ਇਕੱਲੇ ਪੈਰ ਨੂੰ ਸਰੀਰ ਨਹੀਂ ਆਖਿਆ ਜਾ ਸਕਦਾ। ਇਕੱਲੀਆਂ ਅੱਖਾਂ ਨੂੰ ਵੀ ਸਰੀਰ ਨਹੀਂ ਕਿਹਾ ਜਾ ਸਕਦਾ। ਗੱਲ ਕੀ ਇਕੱਲੇ ਇਕੱਲੇ ਅੰਗ ਨੂੰ ਕਦੇ ਵੀ ਸਰੀਰ ਨਹੀਂ ਕਿਹਾ ਜਾ ਸਕਦਾ। ਸਾਰੇ ਅੰਗ ਤੰਦਰੁਸਤ ਹੋਣ, ਸਾਰੇ ਅੰਗ ਬਰਾਬਰ ਕੰਮ ਕਰਦੇ ਹੋਣ ਤਾਂ ਸਰੀਰ ਆਖਿਆ ਜਾ ਸਕਦਾ ਹੈ। ਇੱਕ ਵੀਚਾਰ ਹੋਰ, ਸਿਰਫ ਕੰਧਾਂ ਕੀਤੀਆਂ ਹੋਣ ਤਾਂ ਮਕਾਨ ਨਹੀਂ ਹੋ ਸਕਦਾ, ਸਿਰਫ ਬਨੇਰਿਆਂ ਨੂੰ ਅਸੀਂ ਮਕਾਨ ਨਹੀਂ ਕਹਿ ਸਕਦੇ। ਨੀਹਾਂ, ਕੰਧਾਂ, ਬਨੇਰੇ ਤੇ ਛੱਤ ਸੰਪੂਰਨ ਰੂਪ ਨੂੰ ਹੀ ਮਕਾਨ ਦਾ ਦਰਜਾ ਦਿੱਤਾ ਜਾ ਸਕਦਾ ਹੈ। ਪੂਰਾ ਮਕਾਨ ਹੀ ਰਹਿਣ ਦੇ ਕਾਬਲ ਹੋ ਸਕਦਾ ਹੈ, ਅਧੂਰੇ ਮਕਾਨ ਕਦੇ ਵੀ ਮਨੁੱਖ ਦੇ ਰਹਿਣ ਦਾ ਕਾਬਲ ਨਹੀਂ ਹੋ ਸਕਦੇ। ਏਸੇ ਤਰ੍ਹਾਂ ਹੀ ਇਕੱਲਾ ਗੁਰਬਾਣੀ ਦਾ ਪਾਠ ਸੁਣ ਲੈਣਾ, ਇਕੱਲਾ ਕੀਰਤਨ ਸੁਣ ਲੈਣਾ ਜਾਂ ਸਿਰਫ ਸਿਮਰਨ ਹੀ ਕਰ ਲੈਣਾ, ਇਕੱਲਾ ਜੋੜਿਆਂ ਦੀ ਸੇਵਾ ਕਰ ਲੈਣੀ, ਇਕੱਲੀ ਕਥਾ ਸੁਣ ਲੈਣੀ ਕੇਵਲ ਸਿੱਖ ਧਰਮ ਨਹੀਂ ਹੈ। ਇਹ ਸਾਰੀਆਂ ਪ੍ਰਕ੍ਰਿਆਵਾਂ, ਇਹ ਸਾਰਾ ਕੁੱਝ ਸਿੱਖ ਧਰਮ ਦੇ ਅੰਗ ਹਨ। ਇਹਨਾਂ ਸਾਰੀਆਂ ਚੀਜ਼ਾਂ ਦੀ ਸਾਂਝ ਸਿੱਖ ਦੇ ਜੀਵਨ ਵਿੱਚ ਹੋਣੀ ਚਾਹੀਦੀ ਹੈ। ਇਹਨਾਂ ਸਾਰੀਆਂ ਪ੍ਰਕ੍ਰਿਆਵਾਂ ਦੀ ਵਰਤੋਂ-ਜਾਚ ਆ ਜਾਵੇ ਤਾਂ ਜ਼ਿੰਦਗੀ ਜਿਉਣ ਦੀ ਜਾਚ ਆ ਸਕਦੀ ਹੈ। ਅੱਜ ਸਾਡੀ ਦਸ਼ਾ ਇਹ ਹੈ ਕਿ ਅਸੀਂ ਧਰਮ ਦੇ ਇੱਕ ਇਕ ਅੰਗ ਨੂੰ ਪਕੜ ਕੇ ਬੈਠ ਗਏ ਹਾਂ ਤੇ ਸਿੱਖ ਧਰਮ ਦੇ ਇੱਕ ਇਕ ਅੰਗ `ਤੇ ਆਪੋ ਆਪਣੀਆਂ ਸਭਾ ਸੁਸਾਇਟੀਆਂ ਬਣਾ ਲਈਆਂ ਹਨ। ਦਿਨ-ਬ-ਦਿਨ ਕਰਮ-ਕਾਂਡੀ ਬਣਦੇ ਜਾ ਰਹੇ ਹਾਂ।

ਜ਼ਿੰਦਗੀ ਦੇ ਹਰ ਖੇਤਰ ਵਿੱਚ ਕਰਮ ਕਾਂਡ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕੋਈ ਵੀਰ ਸਿਮਰਨ ਦੀ ਕਮਾਈ `ਤੇ ਜ਼ੋਰ ਦੇ ਰਿਹਾ ਹੈ। ਕੋਈ ਕੀਰਤਨ ਦਰਬਾਰਾਂ ਨੂੰ ਸ਼੍ਰੋਮਣੀ ਕਰਮ ਸਮਝੀ ਬੈਠਾ ਹੈ। ਕੋਈ ਚੇਤਨਾ ਮਾਰਚ ਤੇ ਪ੍ਰਭਾਤ ਫੇਰੀਆਂ ਨੂੰ ਹੀ ਆਪਣੀ ਜ਼ਿੰਦਗੀ ਦੀ ਮੰਜ਼ਿਲ ਸਮਝੀ ਬੈਠਾ ਹੈ। ਕੋਈ ਠਾਠ ਤੇ ਡੇਰੇ ਵਾਲਾ ਆਪਣੀ ਸਾਧ ਗਿਰੀ ਨੂੰ ਚਮਕਾਉਣ ਲਈ ਸ੍ਰੀ ਅਖੰਡ-ਪਾਠਾਂ ਦੀਆਂ ਲੜੀਆਂ, ਸੁਖਮਨੀ ਦੀਆਂ ਲੜੀਆਂ ਤੇ ਸੰਪਟ-ਪਾਠ ਕਰਨ ਦੀਆਂ ਵਿਧੀਆਂ ਨੂੰ ਸਮਝ ਸਮਝ ਕੇ ਭੋਲੇ-ਭਾਲੇ ਸਿੱਖਾਂ ਨੂੰ ਕਰਮ-ਕਾਂਡੀ ਬਣਾ ਕੇ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਸਿੱਖ ਨੇ ਆਪ ਗੁਰਬਾਣੀ ਦੀ ਲੋਅ ਵਿੱਚ ਚੱਲਣਾ ਸੀ, ਨਾਲ ਹੀ ਸੰਸਾਰ ਨੂੰ ਸਰਬ-ਸਾਂਝੀ ਗੁਰਬਾਣੀ ਦਾ ਚਾਨਣ ਵੰਡਣਾ ਸੀ। ਅੱਜ ਸਿੱਖੀ ਵਿੱਚ ਕੀ ਹੋ ਰਿਹਾ ਹੈ ਕੀ ਕਦੇ ਅਸੀਂ ਸੋਚਿਆ ਹੈ? ਥਾਂ ਥਾਂ `ਤੇ ਰਹਿਤ ਮਰਯਾਦਾ ਦੀਆਂ ਧੱਜੀਆਂ ਉੱਡ ਰਹੀਆਂ ਹਨ। ਪਰ ਸਾਡੇ ਜੱਥੇਦਾਰ ਜੀ ਰਾਜਨੀਤਿਕ ਤਾਣਿਆਂ ਬਾਣਿਆਂ ਵਿੱਚ ਉਲ਼ਝ ਕੇ ਰਹਿ ਗਏ ਹਨ—ਮਨਮਤ ਅਧੀਨ ਚੱਲ ਰਹੇ ਸੰਪਟ ਪਾਠਾਂ ਬਾਰੇ ਜਾਂ ਹੋਰ ਆਏ ਕਰਮ-ਕਾਂਡਾਂ ਨੂੰ ਮੂਕ-ਦਰਸ਼ਕ ਵਾਂਗ ਵੇਖਿਆ ਤੇ ਸੁਣਿਆ ਜਾ ਰਿਹਾ ਹੈ। ਜ਼ਿੰਦਗੀ ਜਿਉਣ ਦੀ ਜਾਚ ਸਿੱਖਣੀ ਸੀ, ਪਰ ਅਸੀਂ ਕਰਮ-ਕਾਂਡ ਨੂੰ ਹੀ ਮੰਜ਼ਿਲ ਸਮਝ ਲਿਆ ਹੈ। ਅਸਾਂ ਕਰਨਾ ਕੀ ਸੀ:--

ਹਉ ਵਾਰੀ ਜੀਉ ਪੜਿ ਬੁਝਿ ਮੰਨਿ ਵਸਾਵਣਿਆ॥

ਮਾਝ ਮ: ੩ ਪੰਨਾ ੧੨੭

ਕਰਮ-ਕਾਂਡ ਤੋਂ ਉੱਪਰ ਉੱਠਣਾ ਸੀ –ਜੀਵਨ ਵਿੱਚ ਗੁਰਬਾਣੀ ਨੂੰ ਪੜ੍ਹ ਕੇ, ਸਮਝ ਕੇ, ਮਨ ਵਿੱਚ ਵਸਾ ਕੇ ਸੁਚੇਤ ਹੋਣਾ ਸੀ, ਗੁਰਬਾਣੀ ਸਮੁੱਚੀ ਮਨੁੱਖਤਾ ਲਈ ਜੀਵਨ-ਜਾਚ ਹੈ। ਜੀਵਨ-ਜਾਚ ਤਾਂ ਸਿੱਖੀ ਜਾ ਸਕਦੀ ਸੀ ਜੇ ਕਰ ਸ਼ਬਦ ਦੀ ਵੀਚਾਰ ਨੂੰ ਜ਼ਿੰਦਗੀ ਦਾ ਅਧਾਰ ਬਣਾਇਆ ਜਾਂਦਾ। ਆਪਣੇ ਸੁਭਾਅ ਨੂੰ ਤਿਆਗ ਕੇ ਵਿਕਾਰਾਂ ਵਲੋਂ ਮੁਕਤ ਹੋਇਆ ਜਾਂਦਾ:---

ਕੁਬੁਧਿ ਮਿਟੈ, ਗੁਰ ਸਬਦੁ ਬੀਚਾਰਿ॥

ਸਤਿਗੁਰੁ ਭੇਟੈ ਮੋਖ ਦੁਆਰ॥

ਰਾਮਕਲੀ ਮ: ੧ ਪੰਨਾ ੯੪੪ –

ਅੱਜ ਗੁਰੂ ਨਾਨਕ ਪਾਤਸਾਹ ਜੀ ਦੇ ਆਸ਼ੇ ਦੇ ਉਲਟ ਇੱਕ ਹੋਣ ਦੀ ਬਜਾਏ ਸਿੱਖੀ ਵਿੱਚ ਵੰਡੀਆਂ ਪਾ ਲਈਆਂ ਹਨ। ਨਿੱਜੀ ਚੌਧਰਾਂ ਤੇ ਨਿੱਜੀ ਮੁਫ਼ਾਦਾਂ ਲਈ ਆਪੋ ਆਪਣੀਆਂ ਸਭਾ ਸੁਸਾਇਟੀਆਂ ਬਣਾ ਲਈਆਂ ਹਨ। ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਇਹ ਸਭਾ ਸੁਸਾਇਟੀਆਂ ਸਮਝਣ ਲਈ ਤਿਆਰ ਨਹੀਂ ਹਨ। ਸਿੱਖੀ ਦੇ ਇੱਕ ਇਕ ਅੰਗ ਨੂੰ ਹੀ ਸਾਰੀ ਸਿੱਖੀ ਸਮਝ ਲਿਆ ਹੈ। ਸਹੀ ਜੀਵਨ—ਜਾਚ ਵਿਸਰਦੀ ਜਾ ਰਹੀ ਹੈ। ਆਪੋ ਆਪਣੇ ਸੰਤਾਂ ਦਾ ਢੋਲ ਵਜਾ ਰਹੇ ਹਾਂ ਤੇ ਧੰਧਾ ਪਿਟਿਆ ਜਾ ਰਿਹਾ ਹੈ।

ਗੁਰਮਤਿ ਦੇ ਨਿਵੇਕਲੇ ਤੇ ਅਨੋਖੇ ਗਿਆਨ ਨੇ ਸਾਰੀ ਮਨੁੱਖਤਾ ਨੂੰ ਕਰਮ-ਕਾਂਡ ਵਲੋਂ ਹਟਾ ਕੇ ਰੱਬੀ ਗਿਆਨ, ਆਤਮਿਕ ਸੋਝੀ ਤੇ ਸਦੀਵ ਆਨੰਦ ਪ੍ਰਾਪਤ ਕਰਨ ਦਾ ਢੰਗ ਸਮਝਾਇਆ ਸੀ। ਗੁਰਬਾਣੀ ਦੀ ਪਵਿੱਤਰ ਲੋਅ ਹੋਣ ਦੇ ਬਾਵਜੂਦ ਵੀ ਸਿੱਖ ਭਾਈ ਚਾਰੇ ਵਿੱਚ ਅਨੁਸ਼ਾਸਨ ਦੀ ਘਾਟ ਮਹਿਸੂਸ ਹੋ ਰਹੀ ਹੈ। ਕੋਈ ਕਿਸੇ ਡੇਰੇ ਨਾਲ ਜੁੜ ਗਿਆ ਤੇ ਕੋਈ ਕਿਸੇ ਠਾਠ ਨਾਲ ਪੱਕੇ ਤੌਰ ਤੇ ਬੱਝ ਗਿਆ ਹੈ। ਅਸੀਂ ਆਪਣੇ ਅਸਲੀ ਧੁਰੇ ਨਾਲੋਂ ਟੁੱਟਦੇ ਜਾ ਰਹੇ ਹਾਂ। ਸਮੇਂ ਦੇ ਹਾਲਾਤ ਨੂੰ ਮੁੱਖ ਰੱਖਦਿਆਂ ਸੁਚਾਰੂ ਸੋਚ ਵਾਲੇ ਦਾਨਸ਼ਵਰ ਵੀਰਾਂ ਬਜ਼ੁਰਗਾਂ ਨੇ ਗੁਰਬਾਣੀ ਦੀ ਲੋਅ ਵਿੱਚ ਪੰਥ ਪਰਵਾਨਤ ਰਹਿਤ ਮਰਯਾਦਾ ਤਿਆਰ ਕੀਤੀ ਸੀ ਤੇ ਜਿਸ ਨੂੰ ਸਮੁੱਚੇ ਪੰਥ ਨੇ ਪਰਵਾਨ ਕੀਤਾ ਤੇ ਇਸ ਦਾ ਨਾਂ ਰੱਖਿਆ ਪੰਥ ਪਰਵਾਨਤ ਰਹਿਤ ਮਰਯਾਦਾ। ਜੇ ਕਰ ਰਹਿਤ ਮਰਯਦਾ ਨੂੰ ਸਾਰਾ ਸਿੱਖ ਜਗਤ ਸਮਝ ਲਏ ਤਾਂ ਸਾਡੇ ਵਖਰੇਵੇਂ ਆਪਣੇ ਆਪ ਹੀ ਖ਼ਤਮ ਹੋ ਜਾਣਗੇ। ਪ੍ਰਵਾਨਤ ਰਹਿਤ ਮਰਯਾਦਾ ਬੜੀਆਂ ਮੁਸ਼ਕਲਾਤਾਂ ਦੇ ਵਿੱਚ ਦੀ ਲੰਘੀ ਹੈ। ਇਸ ਨੂੰ ਤਿਆਰ ਕਰਨ ਲਈ ਬਹੁਤ ਹੀ ਕੁਰਬਾਨੀਆਂ ਕਰਨੀਆਂ ਪਈਆਂ ਸਨ। ਪਰ ਕੀਤਾ ਕੀ ਜਾਏ ਅਸੀਂ ਤਾਂ ਹੁਣ ਵੀ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਛੱਡ ਕੇ ਆਪਣੀਆਂ ਆਪਣੀਆਂ ਵਿਧੀਆਂ ਅਨੁਸਾਰ ਸਿੱਖੀ ਦੇ ਪਰਚਾਰ ਨੂੰ ਢਾਹ ਲਗਾ ਰਹੇ ਹਾਂ। ਬ੍ਰਾਹਮਣੀ-ਮਤ ਅਨੁਸਾਰ ਸਿੱਖੀ ਦੇ ਅਕਸ ਨੂੰ ਪੇਸ਼ ਕਰ ਰਹੇ ਹਾਂ।

‘ਪੰਥ ਪ੍ਰਵਾਨਤ ਰਹਿਤ ਮਰਥਾਦਾ’ ਇੱਕ ਸਿੱਖ ਦੀ ਰਹਿਣੀ ਦੋ ਪ੍ਰਕਾਰ ਦੀ ਹੈ; ਇੱਕ ਸ਼ਖ਼ਸੀ ਤੇ ਦੂਜੀ ਪੰਥਕ ਰਹਿਣੀ ਹੈ। ਸ਼ਖ਼ਸੀ ਰਹਿਣੀ ਤਿੰਨ ਪ੍ਰਕਾਰ ਦੀ ਹੈ। ਇਸ ਰਹਿਣੀ ਵਿੱਚ ਹਰ ਪ੍ਰਕਾਰ ਦੀ ਕ੍ਰਿਤ ਕਰਨ ਵਾਲੇ ਮਨੁੱਖ ਨੂੰ ਨਾਲ ਲਿਆ ਗਿਆ ਹੈ। ਨਿਤ ਨੇਮ ਇਤਨਾ ਕੁ ਦਿੱਤਾ ਗਿਆ ਹੈ ਕਿ ਹਰ ਮਾਈ ਭਾਈ ਅਸਾਨੀ ਨਾਲ ਕਰ ਸਕਣ। ਨਿਜੀ ਰਹਿਣੀ ਵਿੱਚ ਨਾਮ ਬਾਣੀ ਦਾ ਅਭਿਆਸ, ਵਾਹਿਗੁਰੂ ਦਾ ਸਿਮਰਨ ਭਾਵ ਸਦਾ ਹੀ ਉਸ ਦੀ ਯਾਦ ਵਿੱਚ ਰਹਿਣਾ, ਸੇਵਾ ਤੇ ਗੁਰਮਤਿ ਦੀ ਰਹਿਣੀ ਹੈ। ਨਿਤ ਨੇਮ ਵਿੱਚ ਜਪੁ, ਜਾਪ ਤੇ ਦਸ ਸਵੱਯੇ ਹਨ, ਏਸੇ ਤਰ੍ਹਾਂ ਸ਼ਾਮ ਨੂੰ ਸੂਰਜ ਛੁਪਣ `ਤੇ ਰਹਿਰਾਸ ਤੇ ਸੌਣ ਤੋਂ ਪਹਿਲਾਂ ਸੋਹਿਲੇ ਦਾ ਪਾਠ ਹੈ। ਰਹਿਤ ਮਰਯਾਦਾ ਵਿੱਚ ਰਹਿਰਾਸ ਦਾ ਸਰੂਪ ਦਿੱਤਾ ਗਿਆ ਹੈ। ਇਸ ਨਿਤ ਨੇਮ ਦੇ ਪਾਠ ਨੂੰ ਹਰ ਪ੍ਰਕਾਰ ਦੀ ਕਿਰਤ ਕਰਨ ਵਾਲਾ ਸਿੱਖ ਕਰ ਸਕਦਾ ਹੈ। ਭਾਈ ਗੁਰਦਾਸ ਜੀ ਨੇ ਨਿੱਜੀ ਬੰਦਗੀ ਸਬੰਧੀ ਚਾਲ੍ਹੀਵੀਂ ਵਾਰ ਦੀ ਗਿਆਰਵੀਂ ਪਉੜੀ ਵਿੱਚ ਕਮਾਲ ਦਾ ਅੰਕਤ ਕੀਤਾ ਹੈ।

ਗੁਰਸਿਖ ਭਲਕੇ ਉਠ ਕਰਿ, ਅੰਮ੍ਰਿਤ ਵੇਲੇ ਸਰੁ ਨ੍ਹਾਵੰਦਾ॥

ਗੁਰੁ ਕੈ ਬਚਨ ਉਚਾਰਿ ਕੈ ਧਰਮਸਾਲ ਦੀ ਸੁਰਤਿ ਕਰੰਦਾ॥ ੧੧॥ ੪੦॥

ਭਾਈ ਗੁਰਦਾਸ ਜੀ ---

ਨਿਤ ਨੇਮ ਦੀ ਬਾਣੀ ਦਾ ਪਾਠ ਸਿੱਖ ਨੇ ਨਿਜੀ ਤੌਰ ਤੇ ਕਰਨਾ ਹੈ। ਹਾਂ ਗੁਰਦੁਆਰਿਆਂ ਵਿੱਚ ਸੁਖਮਨੀ ਦੇ ਪਾਠ ਦੀ ਥਾਂ `ਤੇ ਨਿਤ ਨੇਮ ਦਾ ਪਾਠ ਸੰਗਤੀ ਰੂਪ ਵਿੱਚ ਰਲ਼ ਕੇ ਕੀਤਾ ਜਾਏ ਤਾਂ, ਪਾਠ ਜਲਦੀ ਜ਼ਬਾਨੀ ਯਾਦ ਹੋ ਸਕਦਾ ਹੈ। ਨਿਤ ਨੇਮ ਦਾ ਪਾਠ ਘਰ ਬੈਠ ਕੇ ਕਰਨਾ ਹੈ। ਸਿਮਰਨ ਉੱਠਦਿਆਂ ਬੈਠਦਿਆਂ ਕਰਨਾ ਹੈ, ਸਿਮਰਨ ਸਬੰਧੀ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਪਿਆਰਾ ਵਾਕ ਹੈ:----

ਆਖਾ ਜੀਵਾ ਵਿਸਰੈ ਮਰਿ ਜਾਉ॥

ਆਸਾ ਮਹਲਾ ੧ ਪੰਨਾ ੯ –

ਅਤੇ ਰਾਗ ਆਸਾ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਪਵਿੱਤਰ ਵਾਕ ਹੈ:

ਊਠਤ ਬੈਠਤ ਸੋਵਤ ਧਿਆਈਐ॥

ਮਾਰਗਿ ਚਲਤ ਹਰੇ ਹਰਿ ਗਾਈਐ॥

ਆਸਾ ਮਹਲਾ ੫ ਪੰਨਾ ੩੮੬ ---

ਸਿੱਖ ਨੇ ਹਰ ਵੇਲੇ ਪਰਾਮਾਤਮਾ ਨੂੰ ਯਾਦ ਕਰਨਾ ਹੈ। ਪਰਮਾਤਮਾ ਦੀ ਯਾਦ, ਸਿਮਰਨ ਦੇ ਗੁਣ ਸਿੱਖ ਦੇ ਜੀਵਨ ਵਿਚੋਂ ਪ੍ਰਗਟ ਹੋਣ ਤੇ ਸੁਭਾਅ ਤਬਦੀਲ ਹੋਵੇ। ਪਰ ਨਿੱਜੀ ਸਿਮਰਨ ਨੂੰ ਅਸੀਂ ਸੰਗਤ ਦੀ ਮਰਯਾਦਾ ਵਿੱਚ ਲੈ ਆਦਾ ਹੈ। ਇੱਕ ਸ਼ਬਦ ਦਾ ਆਸਰਾ ਲੈ ਕੇ ਕਿੰਨਾ ਕਿੰਨਾ ਚਿਰ ਸਿਮਰਨ ਕਰਨ ਲੱਗ ਪਏ ਹਾਂ, ਥੋੜਾ ਚਿਰ ਸਿਰ ਹਿਲਾ ਕੇ ਆਪੋ ਆਪਣੇ ਘਰਾਂ ਨੂੰ ਉੱਠ ਤੁਰਦੇ ਹਾਂ। ਸੰਗਤ ਵਿੱਚ ਜੋ ਮਰਯਾਦਾ ਲਾਗੂ ਕਰਨੀ ਸੀ ਉਸ ਨੂੰ ਵਿਸਾਰਦੇ ਜਾ ਰਹੇ ਹਾਂ। ਸੰਗਤ ਵਿੱਚ ਸ਼ਬਦ ਕੀਰਤਨ ਤੇ ਇਸ ਦੀ ਵਿਆਖਿਆ ਰੂਪ ਬਾਣੀਆਂ ਦਾ ਕੀਰਤਨ ਤੇ ਸ਼ਬਦ ਦੀ ਸਿਧਾਂਤਿਕ ਵੀਚਾਰ ਹੋਣੀ ਚਾਹੀਦੀ ਸੀ, ਜੋ ਕਿ ਇਹ ਸਾਰਾ ਕੁੱਝ ਜਮਾਤੀ ਬੰਦਗੀ ਵਿੱਚ ਆਉਂਦਾ ਹੈ। ਇਸ ਨੂੰ ਥੋੜਾ ਜੇਹਾ ਵਿਸਥਾਰ ਨਾਲ ਲਈਏ----ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ ੧੨ `ਤੇ ਗੁਰਦੁਆਰਾ ਦੇ ਸਿਰਲੇਖ ਹੇਠ ਵਿਆਖਿਆ ਇੰਜ ਕੀਤੀ ਗਈ ਹੈ – ਗੁਰਦੁਆਰਾ –ਗੁਰਬਾਣੀ ਦਾ ਅਸਰ ਸਾਧ ਸੰਗਤ ਵਿੱਚ ਬੈਠਿਆਂ ਵਧੇਰੇ ਹੁੰਦਾ ਹੈ। ਇਸ ਲਈ, ਸਿੱਖ ਲਈ ਉੱਚਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲੇ, ਅਸਥਾਨਾਂ, ਗੁਰਦੁਆਰਿਆਂ ਦੇ ਦਰਸ਼ਨ ਕਰੇ। ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਦਾ ਲਾਭ ਵਧੇਰੇ ਹੁੰਦਾ ਹੈ ਤੇ ਇਹ ਲਾਭ ਉਠਾਉਣਾ ਚਾਹੀਦਾ ਹੈ। ਗੁਰਬਾਣੀ ਦੇ ਅਰਥ ਬੋਧ ਨੂੰ ਸਮਝ ਕੇ ਆਤਮਿਕ ਅਨੰਦ ਮਾਣੇ ਗੁਰਦੁਆਰੇ ਵਿੱਚ ਜੁੜੇ ਇਕੱਠ ਨੂੰ ਜਮਾਤੀ ਬੰਦਗੀ ਆਖਦੇ ਹਨ। ਇਸ ਜਮਾਤੀ ਬੰਦਗੀ ਦੇ ਦੋ ਅੰਗ ਹਨ – ਇੱਕ ਕੀਰਤਨ ਤੇ ਦੂਜਾ ਕਥਾ। ਕੀਰਤਨ—ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਣ ਨੂੰ ਕੀਰਤਨ ਆਖਦੇ ਹਨ। ਕੀਰਤਨ ਰੂਹ ਦੀ ਖੁਰਾਕ ਹੈ। ਕੀਰਤਨ ਦੁਆਰਾ ਸਹਿਜੇ ਹੀ ਪਰਮਾਤਮਾ ਦੇ ਗੁਣਾਂ ਵਿੱਚ ਲੀਨ ਹੋਇਆ ਜਾ ਸਕਦਾ ਹੈ। ਸਿੱਖਾਂ ਦਾ ਕੌਮੀ ਦੁਖਾਂਤ ਹੈ ਕਿ ਕੁੱਝ ਸਿੰਘ ਸਭਾਵਾਂ ਛੱਡ ਬਹੁਤੀ ਥਾਂਈਂ ਆਸਾ ਕੀ ਵਾਰ ਦੇ ਚੌਥੇ ਹਿੱਸੇ ਦਾ ਹੀ ਕੀਰਤਨ ਹੁੰਦਾ ਹੈ। ਕਈਆਂ ਅਸਥਾਨਾਂ `ਤੇ ਕੀਰਤਨ ਹੁੰਦਾ ਹੀ ਨਹੀਂ ਹੈ। ਕਿਉਂਕਿ ਸੰਗਤ ਹੀ ਗੁਰਦੁਆਰੇ ਵਿੱਚ ਨਹੀਂ ਆਉਂਦੀ। ਗੁਰਦੁਆਰੇ ਬਣੇ ਤਾਂ ਜ਼ਰੂਰ ਹਨ ਪਰ ਇਹਨਾਂ ਦੇ ਸਾਰਥਿਕ ਉਪਰਾਲੇ ਦਾ ਕੋਈ ਵਿਧੀ ਵਿਧਾਨ ਨਹੀਂ ਹੈ। ਪਰਚਾਰ ਵਲ ਕਿਸੇ ਗੁਰਦੁਆਰੇ ਦੀ ਤਵੱਜੋਂ ਨਹੀਂ ਹੈ, ਜ਼ਿਆਦਾ ਤਰ ਧੰਧਾ ਹੀ ਪਿੱਟਿਆ ਜਾ ਰਿਹਾ ਹੈ।

ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ `ਤੇ ਇਉ ਹੁੰਦਾ ਹੈ—ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ, ਕਥਾ ਵਖਿਆਨ, ਅਨੰਦ ਸਾਹਿਬ ਦੀਆਂ ਪੰਜ ਤੇ ਇੱਕ ਅਖ਼ੀਰਲੀ ਪਉੜੀ ਭਾਵ ਛੇ ਪਉੜੀਆਂ ਦਾ ਪਾਠ, ਅਰਦਾਸ, ਫ਼ਤਹ, ਸਤਿ ਸ੍ਰੀ ਅਕਾਲ ਦਾ ਜੈ-ਕਾਰਾ, ਹੁਕਮਨਾਮਾ ਤੇ ਉਪਰੰਤ ਦੇਗ਼ ਵਰਤਾਉਣੀ। ਇਹ ਇੱਕ ਸਾਂਝੀ ਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਹੈ। ਹੁਣ ਦਿਨ-ਬ-ਦਿਨ ਕੀ ਹੁੰਦਾ ਜਾ ਰਿਹਾ ਹੈ। ਸ਼ਬਦ ਕੀਰਤਨ ਤੇ ਕਥਾ ਜਮਾਤੀ ਬੰਦਗੀ ਹੈ, ਸਿਮਰਨ ਤੇ ਨਿਤ-ਨੇਮ ਸਾਡੀ ਜ਼ਾਤੀ ਬੰਦਗੀ ਵਿੱਚ ਆਉਂਦਾ ਹੈ। ਗੁਰਬਾਣੀ ਮਹਾਨ ਤੇ ਸਿੱਖ ਦੇ ਜੀਵਨ ਦੀ ਥੰਮ੍ਹੀ ਹੈ। ਇਸ ਵਿੱਚ ਕਿਸੇ ਨੂੰ ਵੀ ਅੱਖਰ ਵਾਧਾ ਘਾਟਾ ਕਰਨ ਦਾ ਹੱਕ ਨਹੀਂ ਹੈ। ਕੀਰਤਨ ਕਰਦਿਆਂ ਬਾਹਰਲੀਆਂ ਧਾਰਨਾਂ ਲਾਉਣਾ ਜਾਂ ਪਵਿੱਤਰ ਸ਼ਬਦਾਂ ਦੀਆਂ ਤੁਕਾਂ ਵਿੱਚ ਪਿਆਰਾ, ਜੀ ਜਾਂ ਵਾਹਿਗੁਰੂ ਸ਼ਬਦ ਲਗਾਉਣਾ ਇਹ ਸਾਡੀ ਆਪਣੀ ਮਤ ਹੈ। ਇੰਜ ਆਪੋ ਆਪਣੀ ਮਤ ਅਨੁਸਾਰ ਸ਼ਬਦ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਗੁਰਬਾਣੀ ਦੇ ਮੁੱਢਲੇ ਸਰੂਪ ਨੂੰ ਤੋੜਨ ਦੀ ਅਵਸਥਾ ਆ ਸਕਦੀ ਹੈ। ਹਰ ਸਿੱਖ ਨੇ ਗੁਰਬਾਣੀ ਦੇ ਮੁੱਢਲੇ ਸਰੂਪ ਨੂੰ ਕਾਇਮ ਰੱਖਣਾ ਹੈ। ਕਈ ਵਾਰੀ ਕੀਰਤਨ ਕਰਦਿਆਂ ਕਰਦਿਆਂ ਤੁਕ ਦੇ ਐਨ ਵਿਚਕਾਰ ਵਾਹਿਗੁਰੂ ਦਾ ਜਾਪ ਸ਼ੁਰੂ ਹੋ ਜਾਂਦਾ ਹੈ ਤੇ ਕਿਨ੍ਹਾਂ ਕਿੰਨ੍ਹਾਂ ਚਿਰ ਵਿੱਚ ਏਹੀ ਧੁੰਨੀ ਲਾਈ ਜਾਂਦੀ ਹੈ। ਇੰਜ ਸਰੋਤਾ-ਜਨ ਗੁਰਬਾਣੀ ਦੇ ਕੇਂਦਰੀ ਭਾਵ ਤੋਂ ਟੁੱਟ ਕੇ ਦੂਰ ਚਲਾ ਜਾਂਦਾ ਹੈ। ਪਾਵਨ ਗਰੁਬਾਣੀ ਦਾ ਆਪਣਾ ਮੁਕੰਮਲ ਸਰੂਪ ਹੈ। ਇੱਕ ਵਾਰੀ ਦੇਖਣ ਵਿੱਚ ਇਹ ਵੀ ਆਇਆ ਕਿ ਕੀਰਤਨ ਵਰਗੀ ਵੱਡਮੁੱਲੀ ਦਾਤ ਨੂੰ ਛੱਡ ਕੇ, ਗੁਰਬਾਣੀ ਨੂੰ ਭੁੱਲ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਗਮਾ ਰੱਖ ਕੇ ਅੱਧਾ ਘੰਟਾ ਤਬਲੇ ਦੇ ਬੋਲ ਹੀ ਸੁਣਨ ਨੂੰ ਮਿਲੇ। ਜਾਨੀ ਕੇ ਫ਼ਿਲਮੀ ਨਗ਼ਮੇ ਦੇ ਅਧਾਰਿਤ ਤਬਲੇ ਦੇ ਬੋਲਾਂ ਦਾ ਕੀਰਤਨ ਸ਼ੁਰੂ ਹੋ ਗਿਆ, ਤਬਲੇ ਦੀ ਕਲਾ ਹੀ ਦੇਖਣ ਨੂੰ ਮਿਲੀ। ਵਾਹਿਗੁਰੂ ਦਾ ਜਾਪ ਜਾਂ ਸਿਮਰਨ ਸਿੱਖ ਦੀ ਜਾਤੀ ਬੰਦਗੀ ਵਿੱਚ ਆਉਂਦਾ ਹੈ। ਦਰ-ਅਸਲ ਅਸੀਂ ਦਿਨ-ਬ-ਦਿਨ ਗੁਰਮਤਿ ਸਿਧਾਂਤ ਪੱਖੋਂ ਆਲਸੀ ਹੁੰਦੇ ਜਾ ਰਹੇ ਹਾਂ। ਜਾਤੀ ਤੇ ਜਮਾਤੀ ਬੰਦਗੀ ਨੂੰ ਸਮਝਣ ਦੀ ਥਾਂ `ਤੇ ਨਿਜੀ ਬੰਦਗੀ ਗੁਰਦੁਆਰੇ ਵਿੱਚ ਲੈ ਆਂਦੀ ਹੈ ਤੇ ਜਮਾਤੀ ਬੰਦਗੀ ਵਿੱਚ ਜੋ ਸ਼ਬਦ ਦੀ ਵੀਚਾਰ ਕਰਨੀ ਸੀ ਉਸ ਨੂੰ ਪੱਕੇ ਤੌਰ ਤੇ ਬੰਦ ਕਰੀ ਜਾ ਰਹੇ ਹਾਂ। ਗੁਰਦੁਆਰਾ ਸਾਹਿਬ ਅੰਦਰ ਗੁਰਬਾਣੀ ਕੀਰਤਨ ਤੇ ਪਾਵਨ ਸ਼ਬਦ ਦੀ ਵੀਚਾਰ ਹੋਣੀ ਚਾਹੀਦੀ ਹੈ ਤਾਂ ਕਿ ਮਨੱਖੀ ਭਾਈ ਚਾਰੇ ਨੂੰ ਸਮਝ ਆ ਸਕੇ। ਅੱਜ ਕੌਮ ਨੂੰ ਲੋੜ ਇਸ ਗੱਲ ਦੀ ਹੈ ਕਿ ਵੱਧ ਤੋਂ ਵੱਧ ਸ਼ਬਦ ਦੀ ਵੀਚਾਰ ਆਉਣ ਵਾਲੀ ਪੀੜ੍ਹੀ ਨੂੰ ਸਮਝਾਈ ਜਾਏ। ਹਰ ਸਭਾ ਸੁਸਾਇਟੀ ਨੂੰ ਤੇ ਕੌਮ ਦੇ ਜੱਥੇਦਾਰਾਂ ਨੂੰ ਇਸ ਨਿਗਰ ਕੰਮ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਪਿੱਛਲੇ ਕੁੱਝ ਸਮੇਂ ਤੋਂ ਕੀਰਤਨ ਦਰਬਾਰਾਂ ਦੀਆਂ ਬੇ-ਮਿਸਾਲ ਰੌਣਕਾਂ ਦੇਖਣ ਨੂੰ ਮਿਲੀਆਂ, ਫਿਰ ਚੇਤਨਾ ਮਾਰਚ ਜ਼ਿਦੋ-ਜ਼ਿਦੀ ਰਾਹਾਂ ਦੀ ਧੂੜ ਫੱਕਣ ਫਕਾਉਂਣ ਲੱਗ ਪਏ ਤੇ ਹਰ ਗੁਰਪੁਰਬ `ਤੇ ਪ੍ਰਭਾਤ ਫੇਰੀਆਂ ਦੀ ਵੀ ਭਰਮਾਰ ਹੁੰਦੀ ਹੈ। ਹੁਣ ਆਤਮ--ਰਸ ਮਾਰਚ ਵੀ ਅਰੰਭ ਹੋ ਗਏ ਹਨ ਪਰ ਸਿੱਖ ਨੌਜਵਾਨ ਪਤਿਤ ਹੁੰਦੇ ਜਾ ਰਹੇ ਹਨ। ਇਸ ਦਾ ਸਾਫ਼ ਉੱਤਰ ਹੈ ਕਿ ਅਸੀਂ ਅਜੇ ਤਕ ਗੁਰਬਾਣੀ ਨੂੰ ਸਮਝ ਸਮਝਾਉਣ ਦਾ ਕੋਈ ਠੋਸ ਉੱਪਰਾਲਾ ਨਹੀਂ ਕੀਤਾ। ਭਾਵੇਂ ਥੋੜ ਸਮੇਂ ਲਈ ਇਹ ਉਤਸ਼ਾਹ ਜਨਕ ਕੰਮ ਸੀ ਪਰ ਇਹ ਸਿੱਖ ਕੌਮ ਦੀ ਮੰਜ਼ਿਲ ਨਹੀਂ। ਇੰਜ ਲੱਗਦਾ ਹੈ ਕਿ ਅਸੀਂ ਕਰਮ-ਕਾਂਡੀ ਤੇ ਹਉਮੇ ਦਾ ਦਿਖਾਵਾ ਕਰਨ ਤਕ ਸੀਮਤ ਹੋ ਕੇ ਰਹਿ ਗਏ ਹੋਈਏ।

ਸਿਆਣੀ ਮਾਂ ਆਪਣੇ ਬੱਚਿਆਂ ਨੂੰ ਲੋਰੀ ਦੇ ਕੇ ਸੌਣ ਲਈ ਮਜ਼ਬੂਰ ਕਰ ਦੇਂਦੀ ਹੈ। ਜੇ ਕਰ ਬੱਚਾ ਪੂਰੀ ਨੀਂਦ ਨਾ ਕਰੇ ਤਾਂ ਮਾਂ ਥਾਪੜਾ ਦੇ ਕੇ ਫਿਰ ਸੁਲਾ ਦੇਂਦੀ ਹੈ। ਏਸੇ ਤਰ੍ਹਾਂ ਹੀ ਸਨਾਤਨੀ ਸੋਚ ਅੱਜ ਸਿੱਖ ਕੌਮ ਦੇ ਆਗੂਆਂ, ਜੱਥੇਦਾਰਾਂ ਨੂੰ ਚੇਤਨਾ ਮਾਰਚ, ਪ੍ਰਭਾਤ ਫੇਰੀਆਂ, ਕੀਰਤਨ ਦਰਬਾਰਾਂ, ਸਿਮਰਨ ਕੇਂਦਰ ਦੀਆਂ ਲੋਰੀਆਂ ਦੇ ਕੇ ਸਿੱਖ ਰਹਿਤ ਮਰਯਾਦਾ, ਸ਼ਬਦ ਦੀ ਵੀਚਾਰ ਨਾਲੋਂ ਤੋੜ ਕੇ ਸਾਨੂੰ ਥਾਪੜਾ ਦੇ ਕੇ ਸਲਾਇਆ ਜਾ ਰਿਹਾ ਹੈ। ਪਿੱਛਲਿਆਂ ਸਾਲਾਂ ਵਿੱਚ ਦੇਖੀਏ ਤਾਂ ਪ੍ਰਾਪਤੀ ਘੱਟ ਹੋਈ ਹੈ ਪਰ ਕੌਮ ਦਾ ਸਮਾਂ ਤੇ ਧਨ ਜ਼ਿਆਦਾ ਤੋਂ ਜ਼ਿਆਦਾ ਨਸ਼ਟ ਹੋਏ ਹਨ।

ਜ਼ਰਾ ਕੁ ਗਹੁ ਕਰਕੇ ਦੇਖਿਆ ਜਾਏ ਤਾਂ ਧਰਮ ਦੇ ਨਾਂ `ਤੇ ਜਿੰਨਾ ਕੁੱਝ ਅਸੀਂ ਹੁਣ ਕੀਤਾ ਹੈ, ਅੱਜ ਤੋਂ ੨੦—੨੫ ਸਾਲ ਪਹਿਲੇ ਨਹੀਂ ਹੋਇਆ। ਜਿੰਨੇ ਸੰਪਟ ਪਾਠ, ਸੁਖਮਨੀ ਸਾਹਿਬ ਦੇ ਸੰਪਟ ਪਾਠ, ਸ੍ਰੀ ਅਖੰਡਪਾਠਾਂ ਦੀਆਂ ਲੜੀਆਂ, ਚੇਤਨਾ ਮਾਰਚ, ਕੀਰਤਨ ਦਰਬਾਰ ਤੇ ਅੰਮ੍ਰਿਤ ਸੰਚਾਰ ਜਿਨਾ ਕੁੱਝ ਹੁਣ ਹੋਇਆ ਹੈ ਪਹਿਲੇ ਇਤਨਾਂ ਕੰਮ ਨਹੀਂ ਹੋਇਆ। ਇਹ ਵੀ ਸੱਚ ਆਪਣੇ ਗਲ਼ੇ ਥੱਲੇ ਦੀ ਲੰਘਾ ਚਾਹੀਦਾ ਹੈ, ਕਿ ਜਿੰਨੀ ਸ਼ਰਾਬ ਤੇ ਨਸ਼ੇ ਦੀ ਵਰਤੋਂ ਤੇ ਪਤਿਤਪੁਣੇ ਦੀ ਲਹਿਰ ਅੱਜ ਚੱਲ ਰਹੀ ਹੈ ਇਹ ਵੀ ਪਹਿਲਾ ਇਤਨੀ ਨਹੀਂ ਸੀ।

ਸੰਤ-ਮਤ, ਠਾਠ ਮਤ, ਰਾਧਾ ਸੁਆਮੀਏ ਇਤਿਆਦਿਕ ਜਿਤਨੇ ਵੀ ਮਤ ਹਨ, ਗੁਰਬਾਣੀ ਦੇ ਅਰਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਪਰ ਅਸੀਂ ਕੀਰਤਨ ਦਰਬਾਰਾਂ ਤੇ ਚੇਤਨਾ ਮਾਰਚਾਂ ਵਿੱਚ ਉਲਝੇ ਪਏ ਹਾਂ। ਕਦੇ ਸੋਚਿਆ ਹੈ ਕਿ ਸਾਡੀ ਜ਼ਿੰਦਗੀ ਦਾ ਅਸਲੀ ਮਨੋਰਥ ਕੀ ਸੀ? ਸ੍ਰੀ ਗੁਰੂ ਅਮਰਦਾਸ ਜੀ ਦਾ ਫ਼ੁਰਮਾਣ ਹੈ, ਕਿ, ਹੇ ਭਲੇ ਲੋਕ! ਜੇ ਕਰ ਗੁਰੂ ਦੀ ਸਿੱਖਿਆ `ਤੇ ਨਹੀਂ ਚੱਲਿਆ, ਸ਼ਬਦ ਦੀ ਵੀਚਾਰ ਨੂੰ ਨਹੀਂ ਸਮਝਿਆ ਤਾਂ ਤੂੰ ਸੰਸਾਰ ਵਿੱਚ ਕੀ ਕਰਨ ਆਇਆਂ ਏਂ? ਅਜੇਹਾ ਜੀਵਨ ਫਿਟਕਾਰ ਯੋਗ ਈ:--

ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰਧਾਰਿ॥

ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ॥

ਸਲੋਕ ਮ: ੩ ੧੪੧੪—

ਸਿੱਖੀ ਦੇ ਹਰ ਅੰਗ ਵਿੱਚ ਅਸੀਂ ਮਿਲਗੋਭਾ ਕਰੀ ਜਾ ਰਹੇ ਹਾਂ। ਕੀਰਤਨ ਦੀ ਅਸਲੀ ਰੂਪ ਰੇਖਾ ਵਿਗਾੜੀ ਜਾ ਰਹੇ ਹਾਂ। ਤਿੰਨ ਸੌ ਸਾਲਾ ਮਨਾਇਆ ਤਦ ਹੀ ਸਾਡਾ ਸਫਲ ਹੈ ਜੇ ਕਰ ਸ਼ਬਦ ਦੀ ਵੀਚਾਰ ਨੂੰ ਮਨੁੱਖੀ ਭਾਈਚਾਰੇ ਦੀ ਜ਼ਿੰਦਗੀ ਦਾ ਅੰਗ ਬਣਾਇਆ ਜਾਏ। “ਪੰਥ ਪ੍ਰਵਾਨਤ ਰਹਿਤ ਮਰਯਾਦਾ” ਨੂੰ ਸਮਝਣ ਸਮਝਾਉਣ ਦੇ ਉੱਪਰਾਲੇ ਕੀਤੇ ਜਾਣ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਣ ਹੈ:---

ਗੁਰੁ ਕੀ ਸੇਵਾ ਸਬਦੁ ਵੀਚਾਰ॥

ਹਉਮੈ ਮਾਰੇ ਕਰਣੀ ਸਾਰ॥

ਗਉੜੀ ਮਹਲਾ ੧ ਪੰਨਾ ੨੨੩---

ਗੁਰੂ ਰਾਮਦਾਸ ਜੀ ਦਾ ਅਗੰਮੀ ਵਾਕ ਹੈ ਆਪਣੇ ਆਪ ਨੂੰ ਸੇਵਕ, ਸਿੱਖ ਅਖਵਾਉਣ ਵਾਲੇ ਗੁਰੂ ਦਰ `ਤੇ ਭਗਤੀ ਕਰਨ ਲਈ ਆਉਂਦੇ ਹਨ। ਪਰਮਾਤਮਾ ਦੀ ਸਿਫਤੋ-ਸਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਉਂਦੇ ਹਨ। ਪਰ ਪਰਮਾਤਮਾ ਉਹਨਾਂ ਮਨੁੱਖਾਂ ਦੀ ਬਾਣੀ ਗਉਂਣਾ ਅਤੇ ਸੁਣਨਾ ਕਬੂਲ ਕਰਦਾ ਹੈ ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉੱਤੇ ਅਮਲ ਕੀਤਾ ਹੈ। ਗੁਰਵਾਕ ਹੈ ---

ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ,

ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥

ਧਨਾਸਰੀ ਮਹਲਾ ੪--- ਪੰਨਾ ੬੬੯ –

ਸੁਤਿਆਂ ਨੂੰ ਜਗਾਇਆ ਜਾ ਸਕਦਾ ਹੈ ਪਰ ਜਿਸ ਨੇ ਘੇਸਲ ਮਾਰੀ ਹੋਵੇ, ਉਸ ਨੂੰ ਜਗਾਉਣਾ ਔਖਾ ਹੈ। ਸੜਕਾਂ `ਤੇ ਭੱਜਣ ਦੀ ਥਾਂ `ਤੇ ਸਿੱਖ ਸਿਧਾਂਤ ਦ੍ਰਿੜ ਕਰਾਇਆ ਜਾਏ, ਰਹਿਤ ਮਰਯਾਦਾ ਤੇ ਪਹਿਰਾ ਦਿੱਤਾ ਜਾਏ ਤਾਂ ਕਿ ਸਨਾਤਨੀ ਹਮਲਿਆਂ ਤੋਂ ਬਚਿਆ ਜਾ ਸਕੇ।




.