.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 24)

ਭਾਈ ਸੁਖਵਿੰਦਰ ਸਿੰਘ 'ਸਭਰਾ'

ਬਾਬਾ ਸਰਬਜੋਤ ਸਿੰਘ ਬੇਦੀ

ਇਹ ਵੀ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਕੁੱਲ ਵਿਚੋਂ ਦੱਸਦੇ ਹਨ। ਇਹ ਸੰਤ ਸਮਾਜ ਦੇ ਪ੍ਰਧਾਨ ਵੀ ਦੱਸੇ ਜਾਂਦੇ ਹਨ। ਇਕ ਰਾਤ ਇਕ ਸਿੰਘ ਰਣਜੀਤ ਸਿੰਘ ਸੁਧਾਰਪੁਰ (ਪਟਿਆਲਾ) ਦੇ ਰਹਿਣ ਵਾਲੇ ਇਹਨਾਂ ਦੇ ਡੇਰੇ ਜੋ ਊਨਾ (H. P.) ਵਿਚ ਹੈ ਉਥੇ ਰਾਤ ਠਹਿਰਨ ਦਾ ਮੌਕਾ ਬਣਿਆ। ਇਹ ਵੀ ਸੋਚਿਆ ਕਿ ਪੰਥ ਦੀ ਮਹਾਨ ਸ਼ਖ਼ਸੀਅਤ ਨਾਲ ਮੇਲ ਹੋਵੇਗਾ। ਪੰਥ ਬਾਰੇ ਬਚਨ ਬਿਲਾਸ ਹੋਣਗੇ। ਪਰ ਉੱਥੇ ਕੁਝ ਹੋ ਰਿਹਾ ਸੀ ਉਸਨੂੰ ਦੇਖ ਕੇ ਮਨ ਕੁਰਲਾ ਉੱਠਿਆ। ਡੇਰੇ ਵਿਚ ਪੰਥਕ ਮਰਯਾਦਾ ਨੂੰ ਰੋਲਿਆ ਜਾ ਰਿਹਾ ਸੀ। ਕੋਈ 7 ਕੁ ਵਜੇ ਬਾਬਾ ਜੀ ਦੇ ਚੇਲੇ ਮੂੰਹ ਵਿਚ ਬੁਰਸ਼ ਪਾਈ ਆਉਂਦੇ ਤੁਰੇ ਵੇਖੇ। ਸਾਢੇ 7 ਇਸ਼ਨਾਨ ਕਰਕੇ ਉਹਨਾਂ ਨਾਸ਼ਤਾ ਕੀਤਾ। ਕੋਈ ਨੇਮ ਨਾ ਕੋਈ ਨਿੱਤਨੇਮ। ਕੁਝ ਹੋਰ ਸੱਜਣਾਂ ਨੇ 2 ਕੁ ਸ਼ਬਦਾਂ ਦਾ ਕੀਰਤਨ ਕੀਤਾ ਅਤੇ ਅਰਦਾਸ ਕਰਨ ਲੱਗ ਪਏ। ਅਰਦਾਸ ਵੀ ਨਵੇਂ ਤਰੀਕੇ ਦੀ। ਦਸ ਗੁਰੂ ਸਾਹਿਬਾਨ ਤੋਂ ਬਾਅਦ ਬਾਬਾ ਸ੍ਰੀ ਚੰਦ ਅਤੇ ਬਾਬਾ ਗੁਰਦਿੱਤਾ ਦਾ ਨਾਮ ਲਿਆ ਗਿਆ ਜਿਵੇਂ ਅਰਦਾਸ ਅਕਾਲ ਪੁਰਖ ਅੱਗੇ ਨਹੀਂ ਸਗੋਂ ਸ੍ਰੀ ਚੰਦ ਅੱਗੇ ਹੋ ਰਹੀ ਹੋਵੇ। ਜਿੱਥੇ ਅਰਦਾਸ ਵਿਚ ਆਉਂਦਾ ਹੈ ‘ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ::: ਵਾਹਿਗੁਰੂ। ਉਥੇ ਧੰਨ ਧੰਨ ਬਾਬਾ ਸ੍ਰੀ ਚੰਦ ਜੀ। ਬਾਬਾ ਗੁਰਦਿੱਤਾ ਜੀ ਆਪ ਦੇ ਹਜ਼ੂਰ ਅਰਦਾਸਿ ਹੈ ਬੋਲਿਆ ਗਿਆ। ਮਨ ਬਹੁਤ ਉਦਾਸ ਹੋਇਆ ਸੋਚਿਆ ਕਿ ਚਲੋ ਬੇਦੀ ਸਾਹਿਬ ਨਾਲ ਵਿਚਾਰ ਕਰਾਂਗਾ ਪੁੱਛਿਆ ਕਦੋਂ ਆਉਣਗੇ? ਉੱਤਰ ਮਿਲਿਆ ਕਿ ਬਾਬਾ ਜੀ 10 ਕੁ ਵਜੇ ਦਰਸ਼ਨ ਦੇਣ ਆਉਣਗੇ। ਮਨ ਵਿਚ ਸੋਚਿਆ ਕਿ ਸਿੱਖ ਤਾਂ ਗੁਰੂ ਦੇ ਦਰਸ਼ਨ ਕਰਨ ਆਉਂਦਾ ਹੈ ਪਰ ਬੇਦੀ ਜੀ ਕੈਸੇ ਸਿੱਖ ਹਨ, ਜੋ ਦਰਸ਼ਨ ਦੇਣ ਆ ਰਹੇ ਹਨ। ਕੀ ਇਹ ਅਕਾਲ ਤਖ਼ਤ ਦੀ ਮਰਯਾਦਾ ਹੈ? ਇਹੋ ਜਿਹੇ ਬਾਬੇ ਕਿੰਨੀ ਕੁ ਦੇਰ ਤਕ ਪੰਥ ਨੂੰ ਮੂਰਖ ਬਣਾਉਂਦੇ ਰਹਿਣਗੇ? ਕਦੋਂ ਸਿੱਖ ਕੌਮ ਨੂੰ ਇਹਨਾਂ ਦੀ ਪਹਿਚਾਣ ਆਵੇਗੀ? ਕਦੋਂ ਪੰਥ ਇਹਨਾਂ ਦੇ ਚੁੰਗਲ ਵਿਚੋਂ ਆਜ਼ਾਦ ਹੋਵੇਗਾ?

ਸੰਤ ਮਾਨ ਸਿੰਘ ਪਹੇਵਾ ਵਾਲਾ

ਇਸ ਸਾਧ ਬਾਰੇ ਪਹਿਲਾਂ ਵੀ ਕਾਫ਼ੀ ਕੁਝ ਪੁਸਤਕ ਦੇ ਪਹਿਲੇ ਭਾਗ ਵਿਚ ਲਿਖਿਆ ਗਿਆ ਹੈ। ਸਿੱਧੀਆਂ ਧਾਰਨਾ ਦਾ ਕੀਰਤਨ ਕਰਦਾ ਹੈ ਜੋ ਗੁਰਮਤਿ ਵਿਚ ਪ੍ਰਵਾਨ ਨਹੀਂ। ਪ੍ਰਚਾਰ ਕਰਦਾ ਕਰਦਾ ਬਹੁਤ ਲਾਲ ਪੀਲਾ ਹੋ ਜਾਂਦਾ ਹੈ। ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ, ਕੱਚੀਆਂ ਪਿੱਲੀਆਂ, ਬਿੱਲੀਆਂ ਕੁੱਤਿਆਂ ਵਾਲੀਆਂ ਉਦਾਹਰਣਾਂ ਦੇ ਕੇ, ਉਡਾਉਂਦਾ ਹੈ। ਅੰਮ੍ਰਿਤ ਨੂੰ ਵੀ ਇਸਨੇ ਮਖੌਲ ਬਣਾਇਆ ਹੋਇਆ ਹੈ। ਗ਼ਲਤ ਉਚਾਰਨ ਕਰਨਾ ਇਸਦੀ ਆਦਤ ਬਣ ਚੁੱਕੀ ਹੈ। ਯੂ: ਕੇ: ਵਿਚ ਹੋਏ ਇਸਦੇ ਦੀਵਾਨ ਦੀ ਇਸ ਰਿਪੋਰਟ ਮੈਗਜ਼ੀਨ ਵਿਚ ਛਪੀ ਸੀ। “ਮਾਧੋ ਹਮ ਅਈਸੇ ਤੂੰ ਅਈਸਾ” ਪੜ੍ਹਿਆ। “ਜੇ ਰਤ ਡਿਗੇ ਕਪੜੇ” ਆਦਿ ਹੋਰ ਵੀ ਤੁਕਾਂ ਗਲਤ ਬੋਲੀਆਂ। ਸੈਕਟਰੀ ਨੇ ਲਾਗੋਂ ਬੋਲ ਕੇ ਇਕ ਤੁਕ ਠੀਕ ਕਰਵਾਈ ਤਾਂ ਪੂਰੇ ਗੁੱਸੇ ਵਿਚ ਬੋਲਿਆ “ਕੋਈ ਪ੍ਰਵਾਹ ਨਹੀਂ ਐਸਾ ਹੋ ਹੀ ਜਾਂਦਾ ਹੈ।”
ਇਕ ਥਾਂ `ਤੇ ਇਸ ਸਾਧ ਨੂੰ ਪੀਣ ਵਾਸਤੇ ਦੁੱਧ ਫੜਾਉਣ ਲੱਗਿਆਂ ਦੁੱਧ ਇਸ `ਤੇ ਡੁਲ੍ਹ ਗਿਆ। ਇਸਨੇ ਗੁੱਸੇ ਵਿਚ ਆਖਿਆ ਕਿ ਮੈਂ ਪਸ਼ੂ ਹਾਂ ਮੇਰੇ ਉੱਪਰ ਦੁੱਧ ਪਾ ਦਿੱਤਾ ਹੈ। ਇਹ ਸਾਧ ਇਹ ਵੀ ਕਹਿੰਦਾ ਹੈ ਕਿ ਜਿਹੜੇ ਕਹਿੰਦੇ ਪੰਜਾਂ ਪਿਆਰਿਆਂ ਵਿਚ ਬੀਬੀਆਂ ਨੂੰ ਵੀ ਲਾ ਲੈਣਾ ਚਾਹੀਦਾ ਹੈ ਉਹਨਾਂ ਕਦੇ ਸੋਚਿਆ ਕਿ ਜਦੋਂ ਅੰਮ੍ਰਿਤ ਛਕਾਉਣ ਵੇਲੇ ਬੀਬੀਆਂ ਨਾਲ ਗੋਡਾ ਖਹਿ ਗਿਆ ਤਾਂ ਕੀ ਬਣੇਗਾ? ਹੋਰ ਤਾਂ ਕੋਈ ਭਾਵੇਂ ਮਹਿਸੂਸ ਨਾ ਕਰੇ ਮੈਂ ਤਾਂ ਨਹੀਂ ਰਹਿ ਸਕਦਾ।
ਇਕ ਮੈਗਜ਼ੀਨ ਵਿਚ ਵੀ ਆਇਆ ਸੀ ਕਿ ਇਹ ਪਹੇਵਾ ਵਾਲਾ ਸ਼੍ਰੋਮਣੀ ਸੰਤ ਨਹੀਂ ਹੈ। ਸ਼੍ਰੋਮਣੀ ਬਦਮਾਸ਼ ਹੈ। ਅਖ਼ਬਾਰ ਵਿਚ ਵੀ ਆਇਆ ਸੀ ਕਿ ਇਸ ਨੇ ਕਿਸੇ ਆਪਣੇ ਹੀ ਸੇਵਕ ਦੀ ਜਾਇਦਾਦ ਹੜੱਪ ਲਈ ਹੈ। ਮੁਕੱਦਮਾ ਵੀ ਚੱਲਦਾ ਹੈ। ਹੋਰ ਵੀ ਕਈ ਵਿਵਾਦਾਂ ਵਿਚ ਘਿਰਿਆ ਹੋਇਆ ਇਹ ਸਾਧ। ਇਸ ਦੇ ਚੇਲਿਆਂ ਦਾ ਕਹਿਣਾ ਹੈ ਕਿ ਸੰਨ 1990 ਵਿਚ ਇਸ ਬਾਬੇ ਕੋਲ ਇਕ ਟੁੱਟੀ ਫੀਅਟ ਕਾਰ ਸੀ ਪਰ ਅੱਜ::: । 350 ਏਕੜਾਂ `ਚ ਫਾਰਮ, 15-20 ਏਕੜਾਂ ਵਿਚ ਅਕੈਡਮੀ, 15-20 ਏਕੜਾਂ `ਚ ਫੈਲਿਆ ਡੇਰਾ, 2600-2700 ਵਿਦਿਆਰਥੀ ਜਿਨ੍ਹਾਂ ਤੋਂ 2000 ਰੁਪਏ ਫੀਸ ਲਈ ਜਾਂਦੀ ਹੈ ਜਿਸ ਤੋਂ ਬਾਬੇ ਨੂੰ 50-60 ਲੱਖ ਸਾਲ ਦੀ ਆਮਦਨ ਹੈ। ਇਸਦੇ ਗੜਵਈ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਰੋਪੜ ਦੇ ਡੇਰੇ ਵਿਚ ਇਕ ਹੋਰ ਮਾਸੂਮ ਲੜਕੀ, ਜੋ ਗਰੀਬ ਘਰ ਨਾਲ ਸੰਬੰਧਤ ਸੀ ਇਸ ਨਾਲ ਬਾਬੇ ਨੇ ਜਬਰਦਸਤੀ ਕੀਤੀ। 22-23 ਸਾਲ ਦੀ ਇਹ ਲੜਕੀ ਜਿਸਨੂੰ ਬਾਬੇ ਨੇ ਵਿਹਾਉਣ ਯੋਗ ਨਹੀਂ ਰਹਿਣ ਦਿੱਤਾ। ਰੋਪੜ ਡੇਰੇ ਵਿਚ ਇਸ ਲੜਕੀ ਨਾਲ ਬੜਾ ਧੱਕਾ ਹੋਇਆ। ਜਦੋਂ ਵੀ ਇਹ ਬਾਬਾ ਰੋਪੜ ਡੇਰੇ ਆਉਂਦਾ ਸੀ ਤਾਂ ਇਹ ਬਾਬਾ ਰੋਪੜ ਡੇਰੇ ਵਿਚ ਆਉਂਦਾ ਸੀ ਤਾਂ ਇਸ ਲੜਕੀ ਦਾ ਸਰੀਰਕ ਸ਼ੋਸ਼ਣ ਕਰਿਆ ਕਰਦਾ ਸੀ। ਇਸ ਬਾਬੇ ਨੇ ਪੰਜਾਬ ਤੋਂ ਬਾਹਰ ਵੀ ਆਪਣੀਆਂ ਪੈੜਾਂ ਪਾਈਆਂ ਹੋਈਆਂ ਹਨ। ਜਿਨ੍ਹਾਂ ਦਾ ਚਿੱਠਾ ਨਿਕਟ ਭਵਿੱਖ ਵਿਚ ਖੁਲ੍ਹਣ ਦੀ ਆਸ ਹੈ।
ਇਸ ਦੇ ਇਕ ਸ਼ਰਧਾਲੂ ਨੇ ਦੱਸਿਆ ਕਿ ਬਾਬਾ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਦਰਸਾਉਂਦਾ ਰਹਿੰਦਾ ਸੀ ਭਾਵੇਂ ਉਹ ਸਿੱਧਾ ਨਹੀਂ ਸੀ ਕਹਿੰਦਾ ਪਰ ਟੇਢੇ ਢੰਗ ਨਾਲ ਉਹ ਹਮੇਸ਼ਾਂ ਆਪਣੇ ਚੇਲਿਆਂ ਨੂੰ ਕਹਿੰਦਾ ਸੀ ਕਿ ਉਹ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਅਨੰਦਪੁਰ ਦੇ ਕਿਲ੍ਹੇ ਵਿਚ ਰਹੇ ਸਨ। ਇਹ ਵੀ ਪਤਾ ਲੱਗਾ ਹੈ ਕਿ ਬਾਬੇ ਦਾ ਇੰਗਲੈਂਡ ਵਿਚ ਰਹਿੰਦਾ ਇਕ ਚੇਲਾ ਆਪਣੇ ਆਪ ਨੂੰ ਮੀਆਂ ਮੀਰ ਅਤੇ ਇਕ ਹੋਰ ਚੇਲਾ ਪੀਰ ਬੁੱਧੂ ਸ਼ਾਹ ਸਮਝਦਾ ਹੈ। ਕਿਉਂਕਿ ਬਾਬਾ ਉਸ ਨੂੰ ਇਹ ਯਕੀਨ ਦਿਵਾਉਣ ਲਈ ਅਚਨਚੇਤ ਬੁੱਧੂ ਕਹਿ ਕੇ ਪੁਕਾਰਦਾ ਰਹਿੰਦਾ ਹੈ।
ਲੜਕੀਆਂ ਨੂੰ ਭਰਮਾਉਣ ਦਾ ਫਾਰਮੂਲਾ ਦਸਦਿਆਂ ਇਕ ਸ਼ਰਧਾਲੂ ਨੇ ਕਿਹਾ ਕਿ ਪਹਿਲਾਂ ਉਹ ਸਹਿਜੇ-ਸਹਿਜੇ ਔਰਤ ਨੂੰ ਆਪਣੇ ਨਜ਼ਦੀਕ ਲਿਆਉਂਦਾ ਹੈ। ਫਿਰ ਅਚਾਨਕ ਉਸ ਨੂੰ ਕਾਮੁਕ ਛੇੜਖਾਨੀ ਕਰਦਾ ਹੈ। ਅਗਰ ਔਰਤ ਚੁੱਪ ਕਰ ਜਾਵੇ ਤਾਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦਾ ਹੈ ਤੇ ਅਗਰ ਉਹ ਅਜਿਹਾ ਕਰਨ ਤੋਂ ਇਨਕਾਰ ਕਰੇ ਤਾਂ ਉਸ ਨੂੰ ਕਹਿ ਦਿੰਦਾ ਹੈ ਇਹ ਤਾਂ ਪਰਚਾ ਸੀ ਤੂੰ ਬੀਬੀ ਪਾਸ ਹੋ ਗਈ ਹੈਂ, ਆਦਿ ਆਦਿ!
ਅਜੇ ਹੋਰ ਵੀ ਬਹੁਤ ਕੁਝ ਸਾਹਮਣੇ ਆ ਰਿਹਾ ਹੈ, ਜਿੰਮੇਵਾਰ ਕੌਣ? ਜਨਤਕ ਇਕੱਠ ਬੁਲਾ ਕੇ ਇਸ ਬਬੂਨੇ ਸਾਧ ਅਤੇ ਹੋਰ ਚਿਮਟੇ ਵਾਲੇ ਸਾਧਾਂ ਤੋਂ ਭਾਈਚਾਰੇ ਦਾ ਖਹਿੜਾ ਛੁਡਾਇਆ ਜਾਵੇ। ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
 




.