.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 05)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

“ਗਿਆਨ ਗੁੜ, ਸਾਲਾਹ ਮੁੰਡੇ, ਭਉ ਮਾਸ ਆਹਾਰ” - ਮਾਸ ਵਿਰੋਧੀ ਸੱਜਣਾ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਪਹਿਲੇ ਪਾਤਸ਼ਾਹ ਰਾਹੀ ਉਚਾਰੇ ਕੁੱਝ ਸਲੋਕਾਂ ਦੇ ਅਰਥਾਂ ਬਾਰੇ ਵੀ ਖਾਸ ਟੱਪਲਾ ਲਿਆ ਹੈ। ਮਾਸ ਵਿਰੋਧੀ ਸੱਜਣਾ ਅਨੁਸਾਰ ਇਨ੍ਹਾਂ ਸਲੋਕਾਂ `ਚ ਗੁਰਦੇਵ ਨੇ ਮਾਸ ਨੂੰ ਵਿਕਾਰੀ ਭੋਜਨ ਦਸਿਆ ਹੈ। ਦਰਅਸਲ ਇਥੇ ਵੀ ਉਨ੍ਹਾਂ ਰਾਹੀਂ ਇਨ੍ਹਾਂ ਦੇ ਅਰਥ ਲੈਣ `ਚ ਹੀ ਧੋਖਾ ਖਾਧਾ ਗਿਆ ਹੈ। ਤਾਂਤੇ ਜ਼ਰੂਰੀ ਹੈ ਕਿ ਗੁਰੂ ਕੀਆਂ ਸੰਗਤਾਂ ਨੂੰ ਇਨ੍ਹਾਂ ਸਲੋਕਾਂ ਦੇ ਅਰਥ ਵੀ ਸਪੱਸ਼ਟ ਹੋ ਜਾਣ ਅਤੇ ਇਸ ਨਾਲ ਸੱਚਾਈ ਵੀ ਪ੍ਰਗਟ ਹੋ ਜਾਵੇ। ਆਓ! ਇਸ ਪਾਸੇ ਵੀ ਝਾਤ ਮਾਰ ਲਵੀਏ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੫੫੩ ਉਪਰ ਪਹਿਲੇ ਪਾਤਸ਼ਾਹ ਵਲੋਂ ਤਿੰਨ ਸਲੋਕ ਭਾਈ ਮਰਦਾਨਾ ਜੀ ਨੂੰ ਸਮ੍ਰਪਤ ਹਨ। ਇੱਕ ਤਰੀਕੇ ਇਨ੍ਹਾਂ ਸਲੋਕਾਂ ਰਾਹੀਂ ਗੁਰਦੇਵ ਨੇ ਸੰਸਾਰ ਨੂੰ ਸਾਬਤ ਕੀਤਾ ਹੈ ਕਿ ਮਰਦਾਨਾ, ਜਿਸ ਦਾ ਜਨਮ ਇੱਕ ਮਰਾਸੀ ‘ਤ ਡੂਮ ਪ੍ਰਵਾਰ ਦਾ ਸੀ, ਉਹ ਪ੍ਰਵਾਰ ਜਿਹੜਾ ਬਹੁਤ ਹਲਕੀ ਰਹਿਣੀ ਅਤੇ ਮਹਿਫ਼ਲਾਂ-ਮੁਸ਼ਹਿਰੀਆਂ ਆਦਿ `ਚ ਡੁੱਬਾ ਹੋਇਆ ਸੀ। ਜਦੋਂ ਉਸੇ ਪ੍ਰਵਾਰ ਵਿਚੋਂ ਭਾਈ ਮਰਦਾਨੇ ਦਾ ਜੀਵਨ, ਗੁਰਦੇਵ ਦੀ ਬਖਸ਼ਿਸ਼ ਨਾਲ ਬਦਲ ਗਿਆ ਤਾਂ ਉਹ ਜੀਵਨ ਦੀ ਕਿਸ ਉਚੀ ਅਵਸਥਾ ਨੂੰ ਪ੍ਰਾਪਤ ਹੋਇਆ, ਸੰਬੰਧਤ ਸਲੋਕ ਇਸਦਾ ਸਬੂਤ ਹਨ। ਇਹ ਤਿੰਨ ਸਲੋਕ ਹਨ

“ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ॥

ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ॥

ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ॥

ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ॥

ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ॥

ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ॥   

ਮਰਦਾਨਾ ੧॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ॥

ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥

ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥

ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥   

ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥

ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ॥   ॥” (ਪੰ: ੫੫੩)

ਹੁਣ ਇਥੇ ਵੀ ਦਰਸ਼ਨ ਕਰੋ, ਇਥੇ ਵੀ ਗੁਰਦੇਵ ਨੇ ਮਾਸ ਦੇ ਭੋਜਨ ਦਾ ਵਿਰੋਧ ਨਹੀਂ ਕੀਤਾ ਬਲਕਿ ਵਿਕਾਰਾਂ `ਚ ਫ਼ਸੇ ਮਨੁੱਖ ਨੂੰ ਸੁਚੇਤ ਕੀਤਾ ਅਤੇ ਮਾਸ ਦੀ ਤਸ਼ਬੀਹ ਭੋਜਨ ਵਜੋਂ ਹੀ ਦਿਤੀ ਹੈ। ਇਨ੍ਹਾਂ ਤਿੰਨਾ ਸਲੋਕਾਂ ਦੇ ਨੰਬਰਵਾਰ ਅਰਥ ਹਨ:

(ਸਲੋਕ ਨੰ: ੧) ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ, ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ ਇਸਨੂੰ) ਪਿਲਾਉਣ ਵਾਲਾ ਹੈ, ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿੱਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ।

ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ। ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ— (ਇਹ ਸਾਰੀ) ਖ਼ੁਰਾਕ ਬਣਾ; ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਅਜੇਹੀ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ੧।

(ਸਲੋਕ ਨੰ: ੨) ਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤਿ੍ਰਸ਼ਨਾ ਵਿੱਚ ਭੱਟਕਣਾ (ਮਾਨੋ) ਮਹਿਫ਼ਲ ਹੈ, ਕੂੜ ਨਾਲ ਭਰੀ ਹੋਈ ਵਾਸ਼ਨਾ (ਮਾਨੋ) ਕਟੋਰੀ ਹੇ ਤੇ ਜਮ ਕਾਲ (ਮਾਨੋ ਇਸਨੂੰ) ਪਿਲਾਉਂਦਾ ਹੈ ਭਾਵ ਇਸ ਗੰਦੇ ਜੀਵਨ ਕਰਕੇ ਮਨੁੱਖ ਮੁੜ-ਮੁੜ ਜਨਮ-ਮਰਣ ਦੇ ਗੇੜ੍ਹ `ਚ ਫਸਿਆ ਰਹਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤਿ੍ਰਸ਼ਨਾ ਕੂੜ ਆਦਿਕ ਦੇ ਕਾਰਨ ਜੀਵਨ ਅੰਦਰ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹੁੰਦੇ ਹਨ)।

(ਇਸਦੇ ਉਲਟ ਜੇਕਰ) ਪ੍ਰਭੂ ਦਾ ਗਿਆਨ (ਮਾਨੋ) ਗੁੜ ਹੋਵੇ, ਸਿਫ਼ਤਿ-ਸਾਲਾਹ ਰੋਟੀਆਂ, (ਪ੍ਰਭੂ ਦਾ) ਨਿਰਮਲ ਭਉ ਮਾਸ— (ਮਨੁਖ ਦੀ ਜੇਕਰ) ਇਹ ਖ਼ੁਰਾਕ ਹੋਵੇ। ਤਾਂ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਇਹੀ ਭੋਜਨ ਸੱਚਾ ਭੋਜਨ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ। ੨।

(ਸਲੋਕ ਨੰ: ੩) ਸਰੀਰ (ਜੇਕਰ) ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਤੇ (ਮਨੁੱਖ ਨੂੰ) ਅਮਰ ਕਰਨ ਵਾਲੀ ਉਸ (ਸ਼ਰਾਬ ਦੀ ਧਾਰ ਹੋਵੇ, ਸਤਸੰਗਤਿ (ਹੀ ਮਜਲਸ) ਹੋਵੇ, ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪੀ) ਕਟੋਰੀ (ਮਨ) ਹੋਵੇ, (ਤਾਂ ਮਨੁੱਖ ਇਸ ਸ਼ਰਾਬ ਨੂੰ) ਪੀ ਪੀ ਕੇ (ਅਪਣੇ) ਸਾਰੇ ਵਿਕਾਰ ਪਾਪ ਦੂਰ ਕਰਦੇ ਹਨ। ੩।

ਮੁੱਕਦੀ ਗਲ, ਇਨ੍ਹਾਂ ਸਲੋਕਾਂ ਰਾਹੀਂ ਗੁਰਦੇਵ ਸਮਝਾ ਰਹੇ ਹਨ ਕਿ ਐ ਭਾਈ! ਤੇਰੇ ਇਸ ਜੀਵਨ ਅੰਦਰ ਹੰਕਾਰ ਦਾ ਮੱਟ ਭਰਿਆ ਪਿਆ ਹੈ। ਇਸ ਹੰਕਾਰ ਵਾਲੇ ਮੱਟ ਤੋਂ ਮਨੁੱਖਾ ਜੀਵਨ ਅੰਦਰ ਵੱਧ ਰਹੀ ਹੈ ਭੱਟਕਣਾ-ਦੌੜ ਭੱਜ ਕਾਰਣ ਤੇਰੀ ਜ਼ਿੰਦਗੀ ਅੰਦਰ ਕੇਵਲ ਤ੍ਰਿਸ਼ਨਾ-ਵਿਕਾਰਾਂ ਦਾ ਹੀ ਵਾਸਾ ਬਣਿਆ ਰਹਿੰਦਾ ਹੈ। (ਇਸੇ ਤ੍ਰਿਸ਼ਨਾ ਕਾਰਣ) ਇਸ ਜੀਵਨ ਅੰਦਰ ਆਸਾ, ਮਨਸਾ ਤੇ ਵਾਸ਼ਨਾਵਾਂ ਕਰਕੇ ਮਨੁੱਖ ਦਾ ਕਟੋਰੀ ਰੂਪ ਮਨ ਹਰ ਸਮੇਂ ਭੱਟਕਣਾ-ਅਸ਼ਾਂਤੀ ਨਾਲ ਹੀ ਭਰਿਆ ਰਹਿੰਦਾ ਹੈ। ਨਤੀਜਾ ਇਸ ਸਰੀਰ ਨੂੰ ਹਰ ਸਮੇਂ ਮੋਹ ਮਾਇਆ, ਸੰਸਾਰਕ ਖਿਚਾਂ ਤੇ ਕੂੜ-ਵਿਕਾਰਾਂ ਦੀ ਸ਼ਰਾਬ ਪਿਲਾਈ ਜਾ ਰਹੀ ਹੁੰਦੀ ਹੈ। ਜਿਸਤੋਂ ਇਹ ਮਨੁੱਖ ਮੁੜ-ਮੁੜ ਜਨਮ ਮਰਣ ਦੇ ਗੇੜ੍ਹ `ਚ ਹੀ ਫਸਿਆ ਰਹਿ ਜਾਂਦਾ ਹੈ ਅਤੇ ਕਰਤੇ ਨਾਲ ਅਭੇਦ ਨਹੀਂ ਹੋ ਸਕਦਾ।

ਉਪ੍ਰੰਤ ਗੁਰਦੇਵ ਇਸਦਾ ਸਮਾਧਾਨ ਕਰਦੇ ਦਸਦੇ ਹਨ, ਜੇਕਰ ਇਸ ਮਨੁੱਖਾ ਸਰੀਰ ਨੂੰ ਸ਼ਰਾਬ ਕੱਢਣ ਦੀ ਭੱਠੀ ਮੰਨ ਲਿਆ ਜਾਵੇ ਅਤੇ ਇਸ ਇਲਾਹੀ ਸ਼ਰਾਬ ਦੇ ਕੱਢਣ ਲਈ ਗੁਰੂ ਗਿਆਨ ਵਾਲਾ ਗੁੜ੍ਹ ਵਰਤਿਆ ਜਾਵੇ। ਇਸਤਰ੍ਹਾਂ ਅਜੇਹੀ ਸ਼ਰਾਬ ਨੂੰ ਪੀਣ ਲਈ ਉਸ ਨਾਲ ਸਿਫ਼ਤ ਸਲਾਹ ਦੀਆਂ ਰੋਟੀਆਂ `ਤੇ ਪ੍ਰਭੁ ਦੇ ਨਿਰਮਲ ਭਉ ਨੂੰ ਮਾਸ ਬਣਾਇਆ ਜਾਵੇ ਤਾਂ ਇਹ ਭੋਜਨ ਮਨੁੱਖ ਦੀ ਸਫ਼ਲਤਾ ਦਾ ਆਸਰਾ ਬਣ ਜਾਵੇਗਾ।

ਇਥੇ ਵੀ ਦੇਖ ਲਵੋ! ਸਾਰੇ ਸਲੋਕਾਂ `ਚ ਵਿਰੋਧ ਮਾਸ ਜਾਂ ਮਾਸ ਦੇ ਭੋਜਨ ਦਾ ਨਹੀਂ ਅਤੇ ਨਾ ਹੀ ਮਾਸ ਨੂੰ ਵਿਕਾਰੀ ਭੋਜਨ ਹੀ ਕਿਹਾ ਹੈ। ਬਲਕਿ ਇਥੇ ਵਿਰੋਧ ਕੀਤਾ ਹੈ ਤਾਂ ਸ਼ਰਾਬ ਦਾ। ਜਦਕਿ ਮਾਸ ਨੂੰ ਤਾਂ ਗੁੜ, ਰੋਟੀਆਂ ਆਦਿ ਨਾਲ ਆਹਾਰ ਵਜੋਂ ਲਿਆ ਹੈ। ਇਹ ਹੈ ਵੀ ਸੱਚ ਕਿ ਸ਼ਰਾਬੀ ਮਨੁੱਖ, ਸ਼ਰਾਬ ਦੇ ਨਾਲ ਕੁੱਝ ਨਮਕੀਨ ਆਦਿ ਕੁੱਝ ਲੈਂਦੇ ਜ਼ਰੂਰ ਹਨ। ਪ੍ਰਕਰਣ ਅਨੁਸਾਰ ਇਥੇ ਰੋਟੀਆਂ ਤੇ ਮਾਸ ਦਾ ਜ਼ਿਕਰ ਹੈ ਪਰ ਵਿਰੋਧ ਹੈ ਤਾਂ ਕੇਵਲ ਸ਼ਰਾਬ ਦਾ। ਮਾਸ ਸਮੇਤ ਬਾਕੀ ਨਾਲ ਲਈਆਂ ਜਾਣ ਵਾਲੀਆਂ ਵਸਤਾਂ ਦਾ ਵਿਰੋਧ ਨਹੀਂ। ਨਿਰਪੱਖ ਹੋਕੇ ਦੇਖੋ ਤਾਂ ਮਾਸ ਨੂੰ ਤਾ ਇਥੇ ਗੁੜ, ਰੋਟੀਆਂ ਆਦਿ ਭੁੰਚਣ ਜੋਗ ਵਸਤਾਂ ਨਾਲ ਹੀ ਬਰਾਬਰੀ ਦਿੱਤੀ ਹੈ।

ਦੇਖਣ ਵਿਚਾਰਣ ਦੀ ਗਲ ਹੈ ਕਿ ਪਹਿਲੇ ਸਲੋਕ `ਚ ਵੀ ਗੁਰਦੇਵ ਨੇ ਮਾਸ ਦੀ ਗਿਣਤੀ ਘਿਉ, ਗੁੜ ਆਦਿ ਛੱਕਣ ਜੋਗ ਪਦਾਰਥਾਂ ਨਾਲ ਕੀਤੀ ਹੈ, ਸ਼ਰਾਬ ਨਾਲ ਨਹੀਂ। ਇਥੇ ਵੀ ਇਹ ਨਹੀਂ ਕਿ ਸ਼ਰਾਬ ਤੋਂ ਮਨ੍ਹਾ ਕਰਨ ਸਮੇਂ ਗੁਰਦੇਵ ਨੇ ਸਾਨੂੰ ਰੋਟੀਆਂ, ਗੁੜ, ਮਾਸ ਆਦਿ ਤੋਂ ਮਨ੍ਹਾ ਕੀਤਾ ਹੋਵੇ।

“ਕਬੀਰ ਭਾਂਗ ਮਾਛੁਲੀ ਸੁਰਾ ਪਾਨਿ” - ਇਸੇ ਲੜੀ `ਚ ਅਸੀਂ ਕਬੀਰ ਸਾਹਿਬ ਦੇ ਇਸ ਸਲੋਕ ਨੂੰ ਵੀ ਲੈਣਾ ਚਾਹਾਂਗੇ। ਸਲੋਕ ਹੈ “ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥

ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥  ੨੩੩ ॥”

ਅਸਲ `ਚ ਇਥੇ ਸਲੋਕ ਨੰ: ੨੨੮ ਤੋਂ ੨੩੩ ਤੀਕ ਸਾਰਾ ਮਜ਼ਮੂਨ ਬੱਝਵਾਂ ਅਤੇ ਲੜੀ ਬੱਧ ਹੈ। ਫ਼ੁਰਮਾਇਆ ਹੈ ਨਾਮ ਰੱਸ ਤੋਂ ਟੁਟਾ ਮਨੁੱਖ ਦੁਨੀਆ ਦੇ ਬਾਦ-ਬਿਬਾਦ, ਝਮੇਲਿਆਂ ਤੋਂ ਕਤੇਈ ਨਹੀਂ ਬੱਚ ਸਕਦਾ। ਇਸਦੇ ਜੀਵਨ ਦੀ ਸੰਭਾਲ ਹੁੰਦੀ ਹੈ ਤਾਂ ਕੇਵਲ ਸਾਧਸੰਗਤ `ਚ ਆਕੇ ਅਤੇ ਗੁਰੂ ਦੀ ਮੱਤ ਤੇ ਚਲਕੇ ਹੀ। ਕਬੀਰ ਸਾਹਿਬ ਇਥੇ ਪੱਕਾ ਕਰ ਰਹੇ ਹਨ ਕਿ ਆਮ ਤੌਰ ਤੇ ਮਨੁੱਖ ਦਿਖਾਵੇ ਦੇ ਧਰਮ ਕਰਮ ਜਿਵੇਂ ਤੀਰਥ ਇਸ਼ਨਾਨ, ਵਰਤ ਨੇਮ ਆਦਿ ਤਾਂ ਬਹੁਤ ਕਰਦਾ ਹੈ ਪਰ ਨਾਲ ਹੀ ਸ਼ਰਾਬ, ਭੰਗ, ਗਾਂਜਾ ਅਦਿਕ ਵਿਕਾਰਾਂ `ਚ ਵੀ ਡੁੱਬਿਆ ਰਹਿੰਦਾ ਹੈ ਤਾਂ ਉਸਦੇ ਕੀਤੇ ਸਾਰੇ ਧਰਮ ਕਰਮ ਕਿਸ ਕੰਮ? ਇਥੇ ਸੁਆਦਲੀ ਗਲ ਇਹ ਵੀ ਹੈ ਕਿ ਕੁੱਝ ਵਿਦਵਾਨਾਂ ਸਣੇ ਇਥੇ ਲਫ਼ਜ਼ ‘ਮਾਛੁਲੀ’ ਨੂੰ ਮੱਛਲੀ ਮੰਨਕੇ ਕਬੀਰ ਜੀ ਰਾਹੀਂ ਮਾਸ ਦੇ ਭੋਜਨ ਤੋਂ ਵਰਜਣ ਦੀ ਗਲ ਦਸੀ ਹੈ ਜੋ ਇਸਦੇ ਅਸਲ ਅਰਥਾਂ ਨੂੰ ਸਮਝੇ ਬਿਨਾ ਹੈ। ਪਾਲੀ ਭਾਸ਼ਾ `ਚ ‘ਮਾਛੁਲੀ’ ਅਜੇਹੇ ਪੇੜ ਦੀ ਛਾਲ ਹੈ ਜਿਸਤੋਂ ਸ਼ਰਾਬ ਬਣਦੀ ਹੈ ਅਤੇ ਗਲ ਕੇਵਲ ਭਾਂਗ, ਸੁਰਾਪਾਨਿ ਆਦਿ ਨਸ਼ਿਆਂ ਦੀ ਹੀ ਹੋ ਰਹੀ ਹੈ।

ਇਸਤੋਂ ਬਾਦ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਇਥੇ ਮੱਛਲੀ ਦੇ ਅਰਥ ਮੱਛਲੀ ਦੇ ਮਾਸ ਤੋਂ ਹੀ ਹਨ ਤਾਂ ਇਹ ਵੀ ਮੰਨਣਾ ਪਵੇਗਾ ਕਿ ਕਬੀਰ ਸਾਹਿਬ ਨੇ ਕੇਵਲ ਮੱਛਲੀ ਦੇ ਮਾਸ ਤੋਂ ਹੀ ਮਨ੍ਹਾਂ ਕੀਤਾ ਹੈ ਅਤੇ ਬਾਕੀ ਹਰ ਤਰ੍ਹਾਂ ਦੇ ਮਾਸ ਤੋਂ ਛੋਟ ਦੇ ਦਿੱਤੀ ਹੈ; ਇਹ ਗਲ ਅਪਣੇ ਆਪ `ਚ ਹੀ ਹਾਸੋਹੀਣੀ ਹੈ। ਇਥੇ ਇੱਕ ਤਾਂ ਅਸਾਂ ਪ੍ਰੋ: ਸਾਹਿਬ ਸਿੰਘ ਕ੍ਰਿਤ ਗੁਰੂ ਗ੍ਰੰਥ ਦਰਪਣ ਪੋਥੀ ਨੰ: ੧੦ ਪੰਨਾ ੨੭੮ ਤੇ ਦਿੱਤੀ ਸੇਧ ਨੂੰ ਧਿਆਨ `ਚ ਰਖਣਾ ਹੈ ਕਿ ਸਲੋਕ ਨੰਬਰ ੨੩੩ ਇਕੱਲਾ ਨਹੀਂ ਬਲਕਿ ਸਲੋਕ ਨੰ: ੨੨੮ ਤੋਂ ੨੩੩ ਇਕੋ ਲੜੀ `ਚ ਹਨ। ਦੂਜਾ ਜਿਵੇਂ ਕਿ ਦਸਿਆ ਜਾ ਚੁਕਾ ਹੈ ਕਿ ਸਮੇਂ ਨਾਲ ਲਫ਼ਜ਼ ਮਾਛੁਲੀ ਦੇ ਅਰਥਾਂ ਬਾਰੇ ਵੀ ਨਿਖਾਰ ਆ ਚੁੱਕਾ ਹੈ। ਨਿੱਖਾਰ `ਚ ਆ ਚੁੱਕੇ ਅਰਥਾਂ ਅਨੁਸਾਰ ਪਾਲੀ ਭਾਸ਼ਾ `ਚ ਮਾਛੁਲੀ, ਉਸ ਬਿਰਖ ਦੀ ਛਾਲ ਹੈ ਜਿਸਤੋਂ ਸ਼ਰਾਬ ਤਿਆਰ ਹੁੰਦੀ ਹੈ। ਇਸਤਰ੍ਹਾਂ ਵਿਸ਼ਾ ਅਪਣੇ ਆਪ `ਚ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਕਿ ਇਥੇ ਵੀ ਕੇਵਲ ਨਸ਼ਿਆਂ ਦਾ ਹੀ ਵਿਰੋਧ ਹੈ, ਮਾਸ ਦਾ ਵਿਸ਼ਾ ਇਥੇ ਵੀ ਨਹੀਂ।

ਪ੍ਰਕਰਣ ਅਨੁਸਾਰ, ਬੇਸ਼ਕ ਇਸ ਸੰਬੰਧ `ਚ ਗੁਰਬਾਣੀ ਖਜ਼ਾਨੇ `ਚ ਹੋਰ ਵੀ ਬਹੁਤ ਸ਼ਬਦ ਹਨ ਜੋ ਸਾਬਤ ਕਰਦੇ ਹਨ ਕਿ ਗੁਰਬਾਣੀ `ਚ ਮਾਸ ਨੂੰ ਭੋਜਨ ਹੀ ਦਸਿਆ ਹੈ। ਤਾਂ ਵੀ ਅਸੀਂ ਉਹੀ ਸ਼ਬਦ ਲੈ ਰਹੇ ਹਾਂ ਜਿਨ੍ਹਾਂ ਨੂੰ ਮਾਸ ਵਿਰੋਧੀ ਸੱਜਣਾਂ ਨੇ ਮਾਸ ਵਿਰੋਧੀ ਜਾਂ ਮਾਸ ਲਈ ਵਿਕਾਰੀ ਭੋਜਨ ਹੋਣ ਵਾਲਾ ਭੁਲੇਖਾ ਖਾਧਾ ਹੈ, ਤਾਕਿ ਸੱਚਾਈ ਵੀ ਪ੍ਰਗਟ ਹੋ ਜਾਵੇ ਅਤੇ ਉਨ੍ਹਾਂ ਸ਼ਬਦਾਂ ਦੇ ਅਰਥ ਵੀ ਸਪੱਸ਼ਟ ਹੁੰਦੇ ਜਾਣ।

ਗੁਰਬਾਣੀ ਅਨੁਸਾਰ ਮਾਸ ਦੀ ਪ੍ਰੀਭਾਸ਼ਾ, ਮਾਸ ਕਿਸਨੂੰ ਕਿਹਾ ਹੈ- ਜੀਵਾਤਮਾ ਜਦੋ ਕਰਤੇ ਦੇ ਹੁਕਮ ਦੀ ਖੇਡ `ਚ ਨਸਲ ਮੁਤਾਬਕ ਅਪਣਾ ਨਿਜਰੂਪ ਧਾਰਨ ਕਰਦੀ ਹੈ ਤਾਂ ਉਸਨੂੰ ਇੱਕ ਜਾਂ ਦੂਜਾ ਸਰੀਰ ਪ੍ਰਾਪਤ ਹੁੰਦਾ ਹੈ।

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥

ਤਿਨ ਕੇ ਨਾਮ ਅਨੇਕ ਅਨੰਤ” (ਬਾਣੀ ਜਪੁ ਪਉ: ੩੪)

ਭਾਵ ਕਰਤੇ ਦੀ ਇਸ ਬੇਅੰਤ ਰਚਨਾ `ਚ ਇਨ੍ਹਾਂ ਜੀਵਾਂ ਦੇ ਅਣਗਿਣਤ ਅਤੇ ਬੇਅੰਤ ਰੂਪ ਹਨ ਅਤੇ ਮੂਲ ਰੂਪ `ਚ ਇਨ੍ਹਾਂ ਸਾਰਿਆਂ ਦੀ ਰਚਨਾ ਇਕੋ ਹੀ ਮਿੱਟੀ ਤੋਂ ਹੋਈ ਹੈ। ਮਨੁੱਖ ਤੋਂ ਲੈਕੇ ਪਸ਼ੂ ਪੰਛੀ, ਕੀੜੇ-ਮਕੌੜੇ, ਅਨਾਜ-ਫਲ-ਕਮਾਦ, ਪੌਧੇ-ਕਪਾਹ ਉਪ੍ਰੰਤ ਅਦ੍ਰਿਸ਼ਟ ਜੀਵਾਂ ਤੀਕ, ਸਾਰਿਆਂ ਅੰਦਰ ਜ਼ਿੰਦਗੀ ਦਾ ਨੀਯਮ ਇਕੋ ਹੀ ਹੈ। ਗੁਰਬਾਣੀ ਦਾ ਫ਼ੈਸਲਾ ਹੈ

“ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ” (ਪੰ: ੧੩੫੦) ਅਤ

“ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ” (ਪੰ: ੯੮੮)

ਇਥੋਂ ਤੀਕ ਕਿ “ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ” (ਪੰ: ੪੭੨) ਭਾਵ ਜਿੰਨੇ ਅੰਨ ਦੇ ਦਾਣੇ ਅਸੀਂ ਵਰਤਦੇ ਹਾਂ ਸਾਰਿਆਂ ਅੰਦਰ ਜ਼ਿੰਦਗੀ ਦਾ ਉਹੀ ਸਿਧਾਂਤ ਕੰਮ ਕਰ ਰਿਹਾ ਹੈ ਜੋ ਸਾਡੇ ਜੀਵਨ ਅੰਦਰ ਕੰਮ ਕਰ ਰਿਹਾ ਹੈ। ਧਿਆਨ ਰਹੇ ਅਸੀਂ ਆਤਮਾ ਨੂੰ ਨਹੀਂ, ਬਲਕਿ ਇਨ੍ਹਾਂ ਅੰਦਰੋ ਜੀਵਨ ਤੱਤ ਅੱਡ ਹੋਣ ਬਾਦ, ਕੇਵਲ ਇਸ ਅਨਾਜ ਆਦਿ ਦੀ ਮਿੱਟੀ ਨੂੰ ਹੀ ਵਰਤ ਰਹੇ ਹਾਂ। ਜ਼ਰਾ ਸੋਚੋ! ਜੇਕਰ ਇਸ ਅਨਾਜ-ਫਲ, ਸਬਜ਼ੀਆਂ ਆਦਿ ਨੂੰ ਵੀ ਵਰਤਣਾ ਬੰਦ ਕਰ ਦਿੱਤਾ ਜਾਵੇ ਤਾਂ ਸਾਡੀ ਜ਼ਿੰਦਗੀ ਦਾ ਕੀ ਹਾਲ ਹੋਵੇਗਾ? ਇਸਤੋਂ ਬਾਦ ਜੇਕਰ ਇਨ੍ਹਾਂ ਦੀ ਉਤਪਤੀ ਅਤੇ ਜੀਵਨ ਦੇ ਢੰਗ ਨੂੰ ਸਮਝਿਆ ਜਾਵੇ ਤਾਂ ਫ਼ਿਰ ਉਹੀ ਗਲ ਸਾਹਮਣੇ ਆਵੇਗੀ ਜਿਸ ਨੂੰ ਅਸੀਂ ਮਾਸ ਕਹਿਕੇ ਵਰਤਦੇ ਜਾਂ ਜਿਸ ਬਾਰੇ ਝੱਗੜੇ ਖੜੇ ਕਰਦੇ ਹਾਂ।

ਦਰਅਸਲ ਕਰਤਾਰ ਦੀ ਰਚਨਾ `ਚ ਜੋ ‘ਕੇਤੀਆਂ ਖਾਣੀ’ (ਬਾਣੀ ਜਪੁ) ਦਾ ਸਿਧਾਂਤ ਕੰਮ ਕਰ ਰਿਹਾ ਹੈ, ਉਨ੍ਹਾਂ ਵਿਚੋਂ ਉਤਭੁਜ ਭਾਵ ਜ਼ਮੀਨ ਦਾ ਪੇਟ ਪਾੜ ਕੇ ਪੈਦਾ ਹੋਣ ਵਾਲੇ ਪੌਦੇ, ਸਬਜ਼ੀਆਂ, ਫਲ ਆਦਿ ਵੀ ਉਸੇ ਹੀ ਨੀਯਮ ਦਾ ਹਿੱਸਾ ਹਨ। ਉਸੇ ਹੀ ਉਤਪਤੀ ਦਾ ਜਿਸਦਾ ਕਿ ਸੇਤਜ, ਅੰਡਜ ਆਦਿ। ਇਸਤਰ੍ਹਾਂ ਉਸੇ ਉਤਪਤੀ ਦੀਆਂ ਸ਼੍ਰੇਣੀਆਂ ਵਿਚੋਂ ‘ਅੰਡਜ’ ਭਾਵ ਤਿੱਤਰ, ਕਬੂਤਰ, ਬਟੇਰੇ, ਮੁਰਗੇ, ਮੱਛੀਆਂ ਆਦਿ ਅਤੇ ‘ਸੇਤਜ’ ਭਾਵ ਬਕਰੇ, ਗਊਆਂ, ਮੱਝਾਂ, ਸੂਰ, ਗੈਂਡੇ, ਹਿਰਨ, ਖਰਗੋਸ਼ ਆਦਿ। ਅਣਜਾਣੇ ਜਾਂ ਕਿਸੇ ਹੱਠਧਰਮੀ ਕਾਰਣ ਦੂਜਿਆਂ ਉਪਰ ਬਦੋਬਦੀ ਅਪਣੀ ਗਲ ਨੂੰ ਥੋਪਣ ਦੀ ਭਾਵਨਾ ਨਾਲ ਭਾਵੇਂ ਕੁੱਝ ਵੀ ਕਿਹਾ ਜਾਵੇ ਪਰ ਇਲਾਹੀ ਸੱਚ ਨੂੰ ਨਹੀਂ ਬਦਲਿਆ ਜਾ ਸਕਦਾ। ਇਲਾਹੀ ਸਚ ਇਹੀ ਹੈ ਕਿ

ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ” (ਪੰ: ੭੩੬)

ਕਰਤਾਰ ਦੀ ਸਾਰੀ ਰਚਨਾ `ਚ ਪੰਜ ਤੱਤਾਂ ਦਾ ਸਿਧਾਂਤ ਹੀ ਕੰਮ ਕਰ ਰਿਹਾ ਹੈ। ਇਸਤਰ੍ਹਾਂ ਮਨੁੱਖ, ਪਸ਼ੂ, ਪੰਛੀ, ਮਛੀਆਂ, ਫਲ-ਪੌਦੇ-ਸਬਜ਼ੀਆਂ-ਅਨਾਜ ਹੋਣ ਜਾਂ ਪਾਣੀ ਅੰਦਰਲੇ ਅਰਬਾਂ-ਖਰਬਾਂ ਜੀਵ ਜਿਨ੍ਹਾਂ ਕਾਰਣ ਸਾਰੇ ਸੰਸਾਰ ਦੀ ਹਰਿਆਵਲ ਕਾਇਮ ਹੈ, ਉਸੇ ਇਕੋ ਗਿਣਤੀ `ਚ ਹੀ ਆਉਂਦੇ ਹਨ। ਬਲਕਿ ਪਾਣੀ ਅੰਦਰਲੇ ਉਹ ਜੀਵ ਵੀ ਉਨ੍ਹਾਂ ਹੀ ਪੰਜ ਤੱਤਾਂ ਤੋਂ ਬਣੇ ਹੁੰਦੇ ਹਨ। ਇਸਬਾਰੇ ਗੁਰਦੇਵ ਇਥੋਂ ਤੀਕ ਫ਼ੁਰਮਾਅ ਰਹੇ ਹਨ

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥

ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ” (ਪੰ: ੧੨੮੯)

ਦਰਅਸਲ ਸੂਤਕ ਦੇ ਵਿਸ਼ੇ ਤੋਂ ਬਾਦ ਇਥੇ ਆਕੇ ਤਾਂ ਗੁਰਦੇਵ ਨੇ

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ” (ਪੰ: ੪੭੨) ਵਾਲੀ ਗਲ ਨੂੰ ਇੰਨਾ ਵੱਧ ਸਾਫ ਕਰ ਦਿਤਾ ਹੈ ਕਿ ਪਾਣੀ ਤੋਂ ਸੰਸਾਰ ਦੀ ਹਰਿਆਵਲ ਵਾਲੇ ਨੀਯਮ `ਚ ਪਾਣੀ ਅੰਦਰ ਜੀਵ ਰਚਨਾ ਵਾਲੀ ਗਲ ਬਾਰੇ ਹੋਰ ਵੱਧ ਸਪਸ਼ਟਤਾ ਦੀ ਲੋੜ ਹੀ ਮੁੱਕ ਜਾਂਦੀ ਹੈ। ‘ਸੂਤਕ’ ਜਿਸਨੂੰ ਬ੍ਰਾਹਮਣ ਇਨਸਾਨ ਦੀ ਮੌਤ ਨਾਲ ਜੋੜਦਾ ਹੈ, ਗੁਰਦੇਵ ਉਸਦੇ ਇਸੇ ਸੁਤਕ ਵਾਲੇ ਭਰਮ ਨੂੰ ਅੰਨ, ਗੋਹੇ, ਲਕੜੀ ਬਲਕਿ ਪਾਣੀ ਦੇ ਅਦ੍ਰਿਸ਼ਟ ਜੀਵਾਂ ਨੂੰ ਵੀ ਮਨੁੱਖ ਦੇ ਜਨਮ-ਮਰਣ ਦੀ ਬਰਾਬਰੀ ਤੇ ਦਸਦੇ ਹਨ। ਭਾਵ ਕਰਤੇ ਦੀ ਰਚਨਾ `ਚ ਜਿਥੋਂ ਤੀਕ ਜਨਮ-ਮਰਨ ਦੇ ਨੀਯਮ ਦੀ ਗਲ ਹੈ ਉਥੇ ਇਨਸਾਨ ਦਾ ਜਨਮ-ਮਰਣ ਹੋਵੇ ਜਾਂ ਅਦ੍ਰਿਸ਼ਟ ਜੀਵਾਂ ਤੀਕ ਦਾ ਜਨਮ-ਮਰਣ, ਦੋਨਾ `ਚ ਸਮਾਨਤਾ ਹੈ।

“ਕਈ ਜਨਮ ਭਏ ਕੀਟ ਪਤੰਗਾ … “- ਆਓ! ਹੁਣ ਇਸੇ ਵਿਸ਼ੇ ਨੂੰ ਥੋੜਾ ਹੋਰ ਵਿਸਤਾਰ ਨਾਲ ਸਮਝਣ ਦਾ ਜਤਨ ਕਰੀਏ, ਫ਼ੁਰਮਾਣ ਹੈ:

“ਕਈ ਜਨਮ ਭਏ ਕੀਟ ਪਤੰਗਾ॥

ਕਈ ਜਨਮ ਗਜ ਮੀਨ ਕੁਰੰਗਾ॥

ਕਈ ਜਨਮ ਪੰਖੀ ਸਰਪ ਹੋਇਓ॥

ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ 

ਮਿਲੁ ਜਗਦੀਸ ਮਿਲਨ ਕੀ ਬਰੀਆ॥

ਚਿਰੰਕਾਲ ਇਹ ਦੇਹ ਸੰਜਰੀਆ॥   

ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥

ਕਈ ਜਨਮ ਗਰਭ ਹਿਰਿ ਖਰਿਆ॥

ਕਈ ਜਨਮ ਸਾਖ ਕਰਿ ਉਪਾਇਆ॥

ਲਖ ਚਉਰਾਸੀਹ ਜੋਨਿ ਭ੍ਰਮਾਇਆ॥” (ਪੰ: ੧੭੬)

ਭਾਵ ਅਸੀਂ ਕਈ ਜਨਮ ਕੀੜੇ ਪਤੰਗੇ, ਮੱਛੀਆਂ, ਹਿਰਣ, ਪੰਖੀ, ਸਰਪ, ਘੋੜੇ, ਬਿਰਖ ਇਥੋਂ ਤੀਕ ਕਿ ਪੱਥਰ, ਪਹਾੜ ਦੇ ਜਨਮ `ਚ ਆਏ, ਕਈ ਵਾਰੀ ਤਾਂ ਗਰਭ `ਚ ਹੀ ਸਾਡੇ ਜੀਵਨ ਦਾ ਅੰਤ ਹੁੰਦਾ ਰਿਹਾ। ਵੱਡੀ ਗਲ ਇਹ ਹੈ ਕਿ ਮਨੁੱਖਾ ਜਨਮ ਤਾਂ ਮਿਲਿਆ ਹੀ ਪ੍ਰਭੁ ਮਿਲਾਪ ਲਈ ਹੈ। ਇਸ ਲਈ ਨਹੀਂ ਮਿਲਿਆ ਕਿ ਵਾਧੂ ਦੇ ਬਖੇੜੇ ਖੜੇ ਕਰਕੇ ਸਮਾਂ ਕਮਿਤੀ ਖਰਾਬ ਕੀਤਾ ਜਾਵੇ। ਹੋਰ ਲਵੋ!

“ਅਸਥਾਵਰ ਜੰਗਮ ਕੀਟ ਪਤੰਗਾ॥

ਅਨਿਕ ਜਨਮ ਕੀਏ ਬਹੁ ਰੰਗਾ॥   

ਐਸੇ ਘਰ ਹਮ ਬਹੁਤੁ ਬਸਾਏ॥

ਜਬ ਹਮ ਰਾਮ ਗਰਭ ਹੋਇ ਆਏ” (ਪੰ: ੩੨੫)

ਭਾਵ ਕਦੇ ਅਸੀਂ ਇੱਕ ਥਾਂ ਟਿਕਣ ਵਾਲੇ ਬਿਰਖਾਂ ਦੇ ਜਨਮ `ਚ ਆਏ, ਕਦੇ ਪਸ਼ੂ ਅਤੇ ਕਦੇ ਪੰਛੀ, ਕੀੜੇ, ਪਤੰਗੇ ਆਦਿ ਅਸਾਂ ਕਈ ਤਰ੍ਹਾਂ ਦੇ ਜਨਮ ਲਏ। ਸਮਝਣ ਦੀ ਗਲ ਹੈ ਕਿ ਇਨ੍ਹਾਂ ਹੀ ਅਨੇਕਾਂ ਜਨਮਾਂ ਵਿਚੋਂ ਇੱਕ ਮਨੁੱਖਾ ਜਨਮ ਵੀ ਹੈ। ਇਸਤਰ੍ਹਾਂ ਸਾਡੇ ਬਾਕੀ ਸਾਰੇ ਜਨਮ ਵੀ ਉਹੀ ਹਨ ਜਿਨ੍ਹਾਂ ਦੇ ਸਰੀਰਾਂ ਦੀ ਮਿੱਟੀ ਦੇ ਵਰਤਣ ਨੂੰ ਹੀ ਲੈਕੇ ਅਸੀਂ ਮਾਸ ਖਾਣ ਜਾਂ ਨਾ ਖਾਣ ਦੇ ਝੱਗੜੇ `ਚ ਉਲਝੇ ਪਏ ਹਾਂ। ਤਾਂਤੇ ਗੁਰਬਾਣੀ ਆਧਾਰਤ ਇਸ ਥੋੜੇ ਜਹੇ ਵੇਰਵੇ ਤੋਂ ਸਾਫ਼ ਹੋ ਜਾਣਾ ਚਾਹੀਦਾ ਹੈ ਕਿ ਜਿਸਨੂੰ ਅਸੀਂ ਮਾਸ ਦਾ ਨਾਂ ਦੇਂਦੇ ਹਾਂ ਜੀਵਨ ਅਤੇ ਜਨਮ-ਮਰਣ ਦਾ ਉਹੀ ਨੀਯਮ ਦਾਲਾਂ, ਗੇਹੂੰ, ਲੱਕੜੀ, ਫਲ, ਫੁਲ, ਸਬਜ਼ੀ, ਬਨਸਪਤੀ ਆਦਿ `ਚ ਵੀ ਕੰਮ ਕਰ ਰਿਹਾ ਹੈ।

ਇਸਤਰ੍ਹਾਂ ਇਹ ਸਬਜ਼ੀ, ਫਲ, ਅਨਾਜ, ਮਾਸ ਆਦਿ ਸ਼ਬਦਾਵਲੀ ਵੀ ਭਾਸ਼ਾ-ਭਾਸ਼ਾ ਦੇ ਮੁਤਾਬਕ ਮਨੁੱਖ ਦੇ ਦਿਤੇ ਹੋਏ ਨਾਮ ਹਨ, ਕਰਤੇ ਨੇ ਤਾਂ ਬੇਅੰਤ ਰੂਪ ਤੇ ਨਸਲਾਂ ਘੜ ਕੇ ਸੰਸਾਰ ਦੀ ਰਚਨਾ ਕੀਤੀ ਹੈ। ਫ਼ੁਰਮਾਣ ਹੈਂ

“ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ (ਜਪੁ ਪਉ: ੧੬)

ਇਨਾ ਹੀ ਨਹੀਂ, ਇਸ ਬਾਰੇ ਜੇਕਰ ਜਿੰਨਾ ਅਗੇ ਚਲੀਏ ਉSਨਾ ਹੀ ਵੱਧ ਸਾਫ਼ ਹੁੰਦਾ ਜਾਂਦਾ ਹੈ ਕਿ ਗਰਭ ਪ੍ਰਵੇਸ਼, ਜਨਮ, ਜੁਆਨੀ, ਬੁੜ੍ਹਾਪਾ ਅੰਤ (ਮੌਤ) ਵਾਲਾ ਨੀਯਮ ਵੀ ਕੇਵਲ ਮਨੁੱਖ ਲਈ ਨਹੀਂ, ਇਹੀ ਨੀਯਮ ਹਰੇਕ ਸ਼੍ਰੇਣੀ ਤੇ ਲਾਗੂ ਹੁੰਦਾ ਹੈ। ਅਨਾਜ ਤੋਂ ਲੈਕੇ ਫਲ-ਫੁਲ, ਸਬਜ਼ੀਆਂ-ਜਿੰਨੀਆਂ ਵਸਤਾਂ ਦਾ ਅਸੀਂ ਸੇਵਨ ਕਰਦੇ ਹਾਂ, ਇਨ੍ਹਾਂ ਸਾਰੀਆਂ ਦਾ ਪਹਿਲਾਂ ਬੀਜ ਪੈਦਾ ਹੈ ਫ਼ਿਰ ਜਨਮ, ਜਨਮ ਤੋਂ ਬਾਦ ਪੱਕਦੇ ਹਨ ਭਾਵ ਇਨ੍ਹਾਂ ਦੀ ਜੁਆਨੀ ਅੰਤ ਇੱਕ ਜਾਂ ਦੂਜੇ ਢੰਗ ਪੋਦਿਆਂ ਤੋ ਤੋੜ-ਕੱਟਕੇ ਜਾਂ ਸੜ-ਗਲ-ਡਿੱਗ ਕੇ ਮੌਤ ਭਾਵ ਅੰਤ। ਇਸਤੋਂ ਬਾਦ ਜਿਸਦੀ ਵੀ ਗਲ ਕਰੀਏ, ਮੱਛੀਆਂ ਆਦਿ ਸਮੁਦ੍ਰੀ ਭੋਜਨ (Sea Foods) ਦੀ, ਮੁਰਗਾ, ਬਕਰਾ ਆਦਿ ਜਾਨਵਰ ਜਾਂ ਪੰਛੀ-ਉਤਪਤੀ ਤੋਂ ਅੰਤ ਤੀਕ ਸਾਰਿਆਂ ਅੰਦਰ ਜੀਵਨ ਅਤੇ ਉਸ ਜੀਵਨ ਤੋਂ ਅੱਡ ਹੋਕੇ ਵਾਪਿਸ ਮਿਟੀ `ਚ ਪੁੱਜਣ ਤੀਕ ਦਾ ਨੀਯਮ ਇਕੋ ਹੀ ਹੈ, ਦੂਜਾ ਨਹੀਂ।

ਕਉਣ ਮਾਸ ਕਉਣ ਸਾਗ ਕਹਾਵੈ ਕਿਸੁ ਮਹਿ ਪਾਪ ਸਮਾਣੇ? - ਮਾਸ ਬਾਰੇ ਗੁਰਬਾਣੀ ਦਾ ਫੈਸਲਾ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ ਜਦੋਂ ਗੁਰਦੇਵ ਫੁਰਮਾਂਦੇ ਹਨ, ਐ ਇਨਸਾਨ! ਤੂੰ ਮਾਸ ਕਿਸਨੂੰ ਆਖਦਾ ਹੈ `ਤੇ ਸਾਗ ਕਿਸਨੂੰ ਆਖਦਾ ਹੈ; ਜਦਕਿ ਸਭ ਦੀ ਉਤਪਤੀ ਇਕੋ ਹੀ ਪਾਣੀ ਤੋਂ ਹੈ। ਗੁਰਦੇਵ ਇਥੋਂ ਤੀਕ ਤਾੜਣਾ ਕਰਦੇ ਹਨ ਕਿ ਜੋ ਲੋਗ ਬਿਨਾ ਕਾਰਣ ਮਾਸ ਦਾ ਝੱਗੜਾ ਖੜਾ ਕਰੀ ਰਖਦੇ ਹਨ। ਦਰਅਸਲ ਅਜੇਹੇ ਲੋਕਾਂ ਨੂੰ ਨਾਸਮਝ ਅਥਵਾ ਮੂਰਖ ਹੀ ਕਹਿਣਾ ਚਾਹੀਦਾ ਹੈ ਭਾਵ ਇਹ ਝਗੜਾ ਕੇਵਲ ਵਾਧੂ ਦੀ ਖਿਚ-ਧੂ ਤੋਂ ਵੱਧ ਹੋਰ ਕੁੱਝ ਨਹੀਂ। ਇਸਤਰ੍ਹਾਂ ਸਪੱਸ਼ਟ ਹੈ ਕਿ ਇਹ ਵਾਧੂ ਦਾ ਪੈਦਾ ਕੀਤਾ ਹੋਇਆ ਝਗੜਾ ਹੈ ਜਿਸਦਾ ਕੋਈ ਵਜੂਦ ਹੀ ਨਹੀਂ। ਇਸ ਸੰਬੰਧ `ਚ ਗੁਰਦੇਵ ਨੇ ਨਾਲ-ਨਾਲ ਜੁੱੜਵੇਂ ਦੋ ਸਲੋਕ ਬਖਸ਼ੇ ਹਨ ਜੋ ਇਸਤਰ੍ਹਾਂ ਹਨ:

ਸਲੋਕ ਮਃ ੧॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥

ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥

ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥

ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥

ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ॥

ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥ .

ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥

ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥   

ਅਰਥ ਹਨ- ਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ) ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿੱਚ ਇਸ ਦਾ ਵਸੇਬਾ ਹੁੰਦਾ ਹੈ; ਜਦੋਂ (ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿੱਚ ਮਿਲਦਾ ਹੈ (ਇਸਦੇ ਸਰੀਰ ਦੀ ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁੱਝ ਮਾਸ (ਹੀ ਬਣਦਾ ਹੈ)।

ਜਦੋਂ (ਮਾਂ ਦੇ ਪੇਟ-ਰੂਪ) ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ (ਮੰਮਾ-ਰੂਪ) ਮਾਸ ਤੋਂ ਹੀ ਖ਼ੁਰਾਕ ਮਿਲਦੀ ਹੈ; ਇਸ ਦਾ ਮੂੰਹ ਭੀ ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿੱਚ ਸਾਹ ਲੈਂਦਾ ਹੈ। ਜਦੋਂ ਜੁਆਨ ਹੁੰਦਾ ਤੇ ਵਿਆਹਿਆ ਜਾਂਦਾ ਹੈ ਤਾਂ ਭੀ (ਇਸਤ੍ਰੀ-ਰੂਪ) ਮਾਸ ਹੀ ਘਰ ਲੈ ਆਉਂਦਾ ਹੈ; (ਫਿਰ) ਮਾਸ ਤੋਂ ਹੀ (ਬੱਚਾ-ਰੂਪ) ਮਾਸ ਜੰਮਦਾ ਹੈ; (ਸੋ, ਜਗਤ ਦਾ ਸਾਰਾ) ਸਾਕ-ਸੰਬੰਧ ਮਾਸ ਤੋਂ ਹੀ ਹੈ।

(ਮਾਸ ਖਾਣ ਜਾਂ ਨਾਹ ਖਾਣ ਦਾ ਨਿਰਨਾ ਸਮਝਣ ਦੇ ਥਾਂ) ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵ (ਦਾ ਜਗਤ ਵਿੱਚ ਆਉਣਾ) ਨੇਪਰੇ ਚੜ੍ਹਦਾ ਹੈ (ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ ਕਿ) ਆਪਣੇ ਜ਼ੋਰ ਨਾਲ ਇਸ ਤੋਂ ਖ਼ਲਾਸੀ ਨਹੀਂ ਹੁੰਦੀ; ਹੇ ਨਾਨਕ! (ਇਸ ਕਿਸਮ ਦੀ) ਚਰਚਾ ਨਾਲ (ਨਿਰੀ) ਹਾਨੀ ਹੀ ਹੁੰਦੀ ਹੈ। ੧। ਅਤੇ ਦੂਜਾ ਸੰਬੰਧਤ ਸਲੋਕ

“ਮਃ ੧॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥

ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥

ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥

ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥

ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ॥

ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ॥

ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ॥

ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ॥

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥

ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ॥

ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ॥

ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥

ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਕਮਾਣਾ॥

ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ॥

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ॥

ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ॥

ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥

ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ॥

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥

ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ॥

ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ॥

ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥   (ਪੰ: ੧੨੮੯)

ਅਰਥ- (ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤਿ ਹੈ (ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿੱਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿੱਚ ਪਾਪ ਹੈ। (ਪੁਰਾਣੇ ਸਮੇ ਵਿੱਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜ ‘ਗ ਕਰਦੇ ਸਨ। ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹੀ ਮਨੁੱਖ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ); (ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤਿ ਹੈ। ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ), ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।”

“(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿੱਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ), (ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ)। (ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ। ਅਸੀ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀ ਮਾਸ ਤੋਂ ਹੀ ਪੈਦਾ ਹੋਏ, (ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤਿ ਹੈ। (ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ? (ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿੱਚ ਹੀ) ਡੇਰਾ ਲਾਇਆ ਹੋਇਆ ਹੈ; ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ। ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀ ਮਾਸ ਤੋਂ ਹੀ ਪੈਦਾ ਹੋਏ, (ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤਿ ਹੈ।”

“ਪੁਰਾਣਾਂ ਵਿੱਚ ਮਾਸ (ਦਾ ਜ਼ਿਕਰ), ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿੱਚ ਭੀ ਮਾਸ (ਵਰਤਣ ਦਾ ਜ਼ਿਕਰ); ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ। ਜੱਗ ਵਿਚ, ਵਿਆਹ ਆਦਿਕ ਕਾਜ ਵਿੱਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ। ਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ … ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ। ਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿੱਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ।”

“(ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ਼ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ। (ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ। ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ। (ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ। ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ), ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿੱਚ ਹੀ ਹਨ। ਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪਤੀ ਭੀ ਪਾਣੀ ਤੋਂ ਹੀ ਹੈ)। ੨। (ਧੰਨਵਾਦਿ ਸਹਿਤ, ਅਰਥ ਉਤਾਰਾ ਪ੍ਰੋਫ਼ੇਸਰ ਸਾਹਿਬ ਸਿੰਘ ਜੀ ਡੀ: ਲਿਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ (ਪੰ: ੩੩੧)।




.