.

❁ ਗੁਰ-ਪ੍ਰਸਾਦਿ ❁
(ਕਿਸ਼ਤ ਨੰ: 01)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਗੁਰੂ ਨਾਨਕ ਵਿਚਾਰਧਾਰਾ ਦੇ ਪ੍ਰਕਾਸ਼ ਤੋਂ ਪਹਿਲਾਂ ਭਾਰਤੀ ਦਰਸ਼ਨ ਵਿੱਚ ਮਾਨਵ-ਜ਼ਿੰਦਗੀ ਨੂੰ ਸਫਲਾਉਣ ਦੀ ਸਾਧਨਾ ਪੱਖੋਂ ਦੋ ਗੱਲਾਂ `ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਸੀ। ਪਹਿਲੀ ਜਮਾਤ ਸੀ, ਉਪਨਿਸ਼ਧਿਕ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦੀ। ਜਿਹੜੇ ਆਖਦੇ ਸਨ ਕਿ ਬ੍ਰਹਮ ਨਾਲ ਸਾਂਝ ਪਾ ਕੇ ਜੀਊਣ ਲਈ ਪੁੰਨ-ਦਾਨ, ਜਪ-ਤਪ, ਪੂਜਾ-ਪਾਠ ਤੇ ਤੀਰਥ-ਇਸ਼ਨਾਨ ਆਦਿਕ ਸ਼ੁਭ-ਕਰਮਾਂ ਦੇ ਰੂਪ ਵਿੱਚ ਭਗਤੀ-ਉਪਾਸ਼ਨਾ ਜ਼ਰੂਰੀ ਹੈ ਅਤੇ ਇਸ ਦੁਆਰਾ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੂਜੇ ਸਨ, ਬੋਧੀ ਤੇ ਜੈਨੀ, ਜਿਹੜੇ ਅਨੀਸ਼੍ਵਰਵਾਦੀ ਹੋਣ ਕਰਕੇ ਉਪਰੋਕਤ ਕਿਸਮ ਦੀ ਭਗਤੀ ਸਾਧਨਾ ਨੂੰ ਵਧੇਰੇ ਮਹਤਵ ਨਹੀ ਸੀ ਦਿੰਦੇ। ਤੇ ਕਹਿੰਦੇ ਸਨ ਕਿ ਆਚਰਣਿਕ ਤੌਰ `ਤੇ ਉਚੇਰੇ ਹੋ ਕੇ ਜੀਊਣਾ ਹੀ ਉਤਮ ਮਾਰਗ ਹੈ ਅਤੇ ਇਸ ਪ੍ਰਕਾਰ ‘ਨਿਰਬਾਣ` ਪਦ ਹਾਸਲ ਕਰਕੇ ਸਾਰੇ ਦੁਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਨੁਭਵ ਕੀਤਾ ਕਿ ਭਾਰਤੀ ਦਰਸ਼ਨ ਦੀ ਅਜਿਹੀ ਵਿਰੋਧਾਤਮਕ, ਕਰਮਵਾਦੀ, ਦੁਬਿਧਾ-ਜਨਕ ਤੇ ਉਲਾਰੂ ਵਿਚਾਰਧਾਰਾ ਸਮਾਜਿਕ-ਜੀਵਨ ਵਿੱਚ ਏਕਤਾ ਤੇ ਸੰਤੁਲਨਤਾ ਕਾਇਮ ਕਰਕੇ ਮਨੁੱਖ ਨੂੰ ਸਹਜਮਈ ਅਵਸਥਾ ਪ੍ਰਦਾਨ ਕਰਨ ਤੋਂ ਅਸਮਰਥ ਹੈ। ਕਿਉਂਕਿ, ਇੱਕ ਪਾਸੇ ਤਾਂ ਉਹ ਲੋਕ ਹਨ, ਜਿਹੜੇ ਬਿਪਰ-ਗੁਰੂਆਂ ਦੀ ਅਗਵਾਈ ਵਿੱਚ ਦੇਵੀ-ਦੇਵਤਿਆਂ ਦੇ ਤੌਰ `ਤੇ ਵਖ-ਵਖ ਰੂਪਾਂ ਵਿੱਚ ਈਸ਼ਵਰੀ ਹੋਂਦ ਨੂੰ ਤਾਂ ਭਾਵੇਂ ਮੰਨਦੇ ਹਨ। ਪਰ, ਉਹ ਵੱਖ-ਵੱਖ ਕਿਸਮ ਦੀਆਂ ਸੰਪਰਦਾਵਾਂ ਤੇ ਊਚ-ਨੀਚ ਦੇ ਵਿਤਕਰਿਆਂ ਵਾਲੇ ਵਰਣਾਂ ਵਿੱਚ ਵੰਡੇ ਹੋਏ, ਜਿਥੇ, ਸੰਪਰਦਾਇਕਤਾ ਤੇ ਕਰਮਕਾਂਡਾਂ ਦੀ ਹਉਮੈ ਵਿੱਚ ਫਸ ਕੇ ਅਹੰਕਾਰੀ ਹੋ ਰਹੇ ਹਨ। ਉਥੇ, ਉਨ੍ਹਾਂ ਦੀ ਦ੍ਰਿਸ਼ਟੀ ਪ੍ਰਾਲੌਕਿਕ ਮੁਕਤੀ ਵਿੱਚ ਟਿਕੀ ਹੋਣ ਕਰਕੇ ਸਮਾਜਿਕ ਜੀਵਨ ਵਿੱਚ ਵਿਰਾਨੀ (Devastation) ਵਾਪਰ ਰਹੀ ਹੈ। ਦੂਜੇ ਪਾਸੇ ਉਹ ਲੋਕ ਹਨ, ਜਿਹੜੇ ਰੱਬੀ-ਹੋਂਦ ਬਾਰੇ ਚੁੱਪ ਵੱਟ ਕੇ ਕੇਵਲ ਸਦਾਚਾਰਕ ਜੀਵਨ ਨੂੰ ਹੀ ਮਹੱਤਵ ਦਈ ਜਾ ਰਹੇ ਹਨ। ਜਿਹੜੇ ਆਖ ਰਹੇ ਸਨ ਕਿ ਅਸੀਂ ਆਪਣੇ ਅੰਦਰ ਚੰਗੇ ਇਖ਼ਲਾਕੀ ਗੁਣ ਪੈਦਾ ਕਰਕੇ ਆਪਣੀ ਸ਼ਖ਼ਸੀਅਤ ਨੂੰ ਆਪੇ ਨਿਖਾਰ ਸਕਦੇ ਹਾਂ। ਅਜਿਹੀ ਸ਼੍ਰੇਣੀ ਦੇ ਆਚਾਰ-ਵਿਹਾਰ ਸਦਕਾ ਮਾਨਵ-ਜੀਵਨ ਵਿੱਚ ਰੁੱਖੇਪਣ, ਨਾਸਤਿਕਤਾ ਤੇ ਪਦਾਰਥਵਾਦ ਦਾ ਬੋਲ-ਬਾਲਾ ਹੋ ਰਿਹਾ ਹੈ।

ਇਸ ਲਈ ਗੁਰਦੇਵ ਜੀ ਨੇ ਆਪਣੇ ਧਰਮ ਦਰਸ਼ਨ ਵਿੱਚ ਭਗਤੀ ਤੇ ਸਦਾਚਾਰ ਦਾ ਸੁਮੇਲ ਕਰਕੇ ਮਾਨਵ-ਜੀਵਨ ਵਿੱਚ ਸੰਤੁਲਨਤਾ ਕਾਇਮ ਕਰਦਿਆਂ, ਰੱਬੀ-ਮਿਲਾਪ ਲਈ ਮਜ਼ਹਬੀ ਕਰਮਕਾਂਡਾਂ ਦਾ ਆਸਰਾ ਲੈਣ ਦੀ ਥਾਂ ਇੱਕ ਰੱਬੀ ਬਖ਼ਸ਼ਿਸ਼ ਦੀ ਓਟ ਵਿੱਚ ਜੀਊਣ ਤੇ ਜ਼ੋਰ ਦਿੱਤਾ। ਤਾਂ ਕਿ ਇਸ਼ਟ-ਏਕਤਾ ਅਤੇ ਗੁਰੂ-ਏਕਤਾ `ਤੇ ਅਧਾਰਿਤ ਸਮਾਜਿਕ ਖੇਤਰ ਦੀ ਸੰਪਰਦਾਇਕ ਵਿਰੋਧਤਾ ਵੀ ਮਿਟੇ ਅਤੇ ਮਨੁੱਖ ਹਰ ਕਿਸਮ ਦੀ ਹਉਮੈ ਤੋਂ ਬਚ ਕੇ ਖੇੜੇ ਭਰਿਆ ਜੀਵਨ ਜੀਊਂਦਾ ਹੋਇਆ ਜ਼ਿੰਦਗੀ ਦਾ ਸਰਬ-ਪੱਖੀ ਵਿਕਾਸ ਵੀ ਕਰ ਸਕੇ। ਕਿਉਂਕਿ, ਜਿਥੇ ਉਹ “ਗੁਰੁ, ਆਦਿ ਪੁਰਖੁ ਹਰਿ ਪਾਇਆ।। {ਗੁ. ਗ੍ਰੰ. ਪੰ. ੮੭੯}” ਦਾ ਐਲਾਨ ਕਰਕੇ ਗੁਰੂ-ਪਦਵੀ ਨੂੰ ਸੰਪਰਦਾਇਕ ਵੰਡੀਆਂ ਦੇ ਮੂਲ ਵਿਅਕਤੀਗਤ ਅਧਿਕਾਰ ਤੋਂ ਮੁਕਤ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਦਾ ਅਚਾਰ-ਵਿਹਾਰ ਵਧੀਆ ਨਹੀ ਬਣ ਸਕਿਆ। (ਭਾਵ, ਕਿਸੇ ਨੂੰ ਵੀ ਚੰਗੀ ਰਹਿਣੀ ਪ੍ਰਾਪਤ ਨਹੀ ਹੋ ਸਕੀ।) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖ ਵਿੱਚ ਟਿਕਿਆ ਰਹਿੰਦਾ ਹੈ: ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ।। ਗੁਰਮੁਖਿ ਓਅੰਕਾਰਿ ਸਚਿ ਸਮਾਇਆ।। {ਗੁ. ਗ੍ਰੰ. ਪੰ ੧੨੮੫} ਉਥੇ, ਉਹ ਅਰਦਾਸ ਵੀ ਕਰਦੇ ਹਨ ਕਿ ਹੇ ਅਕਾਲ ਪੁਰਖ! ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਂਇਆਂ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ। (ਹਾਂ! ਜੇ ਮੈਂ ਸ਼ਰਧਾ ਤੇ ਪਿਆਰ ਸਹਿਤ ਤੇਰੇ ਗੁਣ ਗਾ ਰਿਹਾਂ ਹਾਂ) ਤਾਂ ਇਹ ਸਭ ਤੇਰੀਆਂ ਹੀ ਵਡਿਆਈਆਂ ਹਨ: ਸਭਿ ਗੁਣ ਤੇਰੇ, ਮੈ ਨਾਹੀ ਕੋਇ।। ਵਿਣੁ ਗੁਣ ਕੀਤੇ, ਭਗਤਿ ਨ ਹੋਇ।।

ਕਿਉਂਕਿ, ਸਤਿਗੁਰੂ ਜੀ ਕੁੱਝ ਲੋਕਾਂ ਦੀ ਇਸ ਮਨੌਤ ਨਾਲ ਬਿਲਕੁਲ ਸਹਿਮਤ ਨਹੀ ਹਨ ਕਿ ਅਸੀਂ ਆਪਣੇ ਅੰਦਰ ਚੰਗੇ ਇਖ਼ਲਾਕੀ ਗੁਣ ਪੈਦਾ ਕਰਕੇ ਆਪਣੀ ਸ਼ਖ਼ਸੀਅਤ ਨੂੰ ਆਪੇ ਨਿਖਾਰ ਸਕਦੇ ਹਾਂ। ਨਹੀ! ਨਹੀ! ਹਜ਼ੂਰ ਕਹਿੰਦੇ ਸਨ ਕਿ ਗੁਰਸ਼ਬਦ ਦੁਆਰਾ ਅਉਗਣਾਂ ਨੂੰ ਮਿਟਾਣਾ ਅਤੇ ਸੁਚੱਜੇ ਗੁਣਾਂ ਨੂੰ ਗ੍ਰਹਣਿ ਕਰਨਾ ਵੀ ਮਾਲਕ-ਪ੍ਰਭੂ ਦੀ ਨਦਰ `ਤੇ ਹੀ ਨਿਰਭਰ ਹੈ: ਨਦਰਿ ਕਰੇ ਤਾ ਮੇਲਿ ਮਿਲਾਏ।। ਗੁਣ ਸੰਗ੍ਰਹਿ, ਅਉਗਣ ਸਬਦਿ ਜਲਾਏ।। {ਗੁ. ਗ੍ਰੰ. ਪੰ. ੨੨੨}

ਸਤਿਗੁਰੂ ਜੀ ਤਾਂ ਇਥੋਂ ਤੱਕ ਆਖਿਆ ਹੈ ਕਿ ਲੱਖਾਂ ਨੇਕੀਆਂ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਚੰਗੇ ਪ੍ਰਤੀਤ ਹੋਣ; ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿੱਚ ਜਾ ਕੇ ਸੁੰਨ ਸਮਾਧੀ ਵਿੱਚ ਟਿਕ ਕੇ ਜੋਗ-ਸਾਧਨ ਕੀਤੇ ਜਾਣ; ਰਣ-ਭੂਮੀਆਂ ਵਿੱਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿੱਚ ਹੀ ਵੈਰੀ ਦੇ ਸਨਮੁਖ ਹੋ ਕੇ ਜਾਨ ਦਿੱਤੀ ਜਾਏ, ਲੱਖਾਂ ਤਰੀਕਿਆਂ ਨਾਲ ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ; ਪਰ, ਇਹ ਸਾਰੀਆਂ ਸਿਆਣਪਾਂ ਵਿਅਰਥ ਹਨ। ਦਰਗਾਹ ਵਿੱਚ ਕਬੂਲ ਪੈਣ ਵਾਸਤੇ ਉਸ ਪ੍ਰਭੂ ਦੀ ਬਖ਼ਸ਼ਸ਼ (ਕਰਮੁ, ਪ੍ਰਸਾਦੁ, ਮਿਹਰ) ਹੀ ਸੱਚਾ ਪਰਵਾਨਾ ਹੈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ:

ਲਖ ਨੇਕੀਆ ਚੰਗਿਆਈਆ, ਲਖ ਪੁੰਨਾ ਪਰਵਾਣੁ।। ਲਖ ਤਪ ਉਪਰਿ ਤੀਰਥਾਂ, ਸਹਜ ਜੋਗ ਬੇਬਾਣ।। ਲਖ ਸੂਰਤਣ ਸੰਗਰਾਮ, ਰਣ ਮਹਿ ਛੁਟਹਿ ਪਰਾਣ।। ਲਖ ਸੁਰਤੀ ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ।। ਜਿਨਿ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣੁ।। ਨਾਨਕ, ਮਤੀ ਮਿਥਿਆ, ਕਰਮੁ ਸਚਾ ਨੀਸਾਣੁ।। ੨।। {ਪੰਨਾ ੪੬੭}

੧੨ਵੀਂ ਸਦੀ ਵਿੱਚ ਸੂਫੀ ਫ਼ਕੀਰ ਬਾਬਾ ਸ਼ੇਖ ਫਰੀਦ ਜੀ (ਸੰਨ ੧੧੭੩ ਈ: ਤੋਂ ੧੨੬੬) ਹੋਕਾ ਦੇ ਰਹੇ ਸਨ ਕਿ ਰਾਤਿ ਦੀ ਇਕਾਂਤ ਵਿੱਚ ਨਾਮ ਦੀ ਕਸਤੂਰੀ ਵੰਡੀਦੀ ਹੈ । ਭਾਵ, ਰਾਤਿ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ, ਜੋ ਸੁੱਤੇ ਰਹਿਣ ਉਹਨਾਂ ਨੂੰ ਇਸ ਵਿਚੋਂ ਹਿੱਸਾ ਨਹੀਂ ਮਿਲਦਾ। ਜਿਨ੍ਹਾਂ ਦੀਆਂ ਅੱਖਾਂ ਸਾਰੀ ਰਾਤ ਨੀਂਦ ਵਿੱਚ ਘੁੱਟੀਆਂ ਰਹਿਣ, ਉਹਨਾਂ ਨੂੰ ਨਾਮ ਦੀ ਕਸਤੂਰੀ ਪ੍ਰਾਪਤ ਹੋ ਸਕਣੀ ਅਸੰਭਵ ਹੈ:

ਫਰੀਦਾ ਰਾਤਿ ਕਥੂਰੀ ਵੰਡੀਐ, ਸੁਤਿਆ, ਮਿਲੈ ਨ ਭਾਉ।। ਜਿੰਨ੍ਹ੍ਹਾ ਨੈਣ ਨੀਂਦ੍ਰਾਵਲੇ, ਤਿੰਨ੍ਹ੍ਹਾ ਮਿਲਣੁ ਕੁਆਉ।। ੮੦।। {ਗੁ. ਗ੍ਰੰ. ਪੰ. ੧੩੮੨}

ਰਾਤ ਦੇ ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇੱਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ। ਜੋ ਬੰਦੇ ਅੰਮ੍ਰਿਤ ਵੇਲੇ ਜਾਗਦੇ ਹਨ, ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ:

ਪਹਿਲੈ ਪਹਰੈ ਫੁਲੜਾ, ਫਲੁ ਭੀ ਪਛਾ ਰਾਤਿ।। ਜੋ ਜਾਗੰਨਿ੍, ਲਹੰਨਿ ਸੇ, ਸਾਈ ਕੰਨੋ ਦਾਤਿ।। ੧੧੨।। {ਗੁ. ਗ੍ਰੰ. ਪੰ. ੧੩੮੪}

ਸੰਨ ੧੫੧੮ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਤੀਜੀ ਉਦਾਸੀ ਵੇਲੇ, ਜਦੋਂ ਪਾਕਪਟਨ ਵਿਖੇ ਬਾਬਾ ਫਰੀਦ ਜੀ ਦੀ ਗੱਦੀ ਦੇ ਗਿਆਰਵੇਂ ਵਾਰਿਸ ਸ਼ੇਖ-ਬ੍ਰਹਮ ਨੂੰ ਮਿਲੇ ਅਤੇ ਉਹਦੇ ਪਾਸੋਂ ਬਾਬਾ ਫਰੀਦ ਜੀ ਦੀ ਬਾਣੀ ਹਾਸਲ ਕੀਤੀ। ਤਾਂ ਉਸ ਨੂੰ ਵਿਚਾਰ ਸਹਿਤ ਪੜ੍ਹਣ ਉਪਰੰਤ ਹਜ਼ੂਰ ਨੇ ਉਪਰੋਕਤ ਸਲੋਕਾਂ ਦੇ ਸਦੰਰਭ ਵਿੱਚ ਹੇਠ ਲਿਖਿਆ ਸ਼ਲੋਕ ਰਚਿਆ, ਜਿਸ ਦੁਆਰਾ ਗੁਰਦੇਵ ਜੀ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਨਾਮ ਦੀ ਪ੍ਰਾਪਤੀ ਤਾਂ ‘ਦਾਤਿ` ਹੈ ‘ਦਾਤਿ`। ਭਾਵ, ਇਹ ਤਾਂ ਰੱਬੀ ਬਖ਼ਸ਼ਿਸ਼ ਹੈ। ਰਾਤਾਂ ਦੇ ਜਗਰਾਤੇ ਕੱਟਣ ਦੀ ਘਾਲਣਾ ਵਜੋਂ ਇਹ ਕਿਸੇ ਦਾ ਹੱਕ ਨਹੀਂ ਬਣ ਜਾਂਦਾ: ਦਾਤੀ ਸਾਹਿਬ ਸੰਦੀਆ, ਕਿਆ ਚਲੈ ਤਿਸੁ ਨਾਲਿ।। ਇਕਿ ਜਾਗੰਦੇ ਨਾ ਲਹਨਿ੍, ਇਕਨ੍ਹ੍ਹਾ ਸੁਤਿਆ ਦੇਇ ਉਠਾਲਿ।। ੧੧੩।। {ਪੰਨਾ ੧੩੮੪}

{ਅਰਥ: — ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ ਚੱਲ ਸਕਦਾ ਹੈ? ਕਈ (ਅੰਮ੍ਰਿਤ ਵੇਲੇ) ਜਾਗਦੇ ਵੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿੱਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ ਕੇ ਆਪ ਸੂਝ ਦੇ ਦੇਂਦਾ ਹੈ)।}

ਗੁਰਮਤਿ ਦ੍ਰਿਸ਼ਟੀਕੋਨ ਤੋਂ ਭਾਵੇਂ, ਇਹ ਵੀ ਸੱਚ ਹੈ ਕਿ ਮਾਲਕ-ਪ੍ਰਭੂ ਕਿਸੇ ਦੀ ਘਾਲ ਨਹੀ ਭੰਨਦਾ। ਭਾਵ, ਕਿਸੇ ਦੀ ਮਿਹਨਤ ਨਹੀ ਰਖਦਾ। ਮਿਹਨਤਾਨਾ ਪੂਰਾ ਦਿੰਦਾ ਹੈ। ਇਸ ਲਈ “ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ” (ਗੁ. ਗ੍ਰੰ. ਪੰ. ੪੮) ਅਤੇ ‘ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ` (ਗੁ. ਗ੍ਰੰ. ਪੰ. ੬੧੪) ਆਦਿਕ ਗੁਰਵਾਕਾਂ ਵਿਚੋਂ ਉਦਮ ਕਰੇਂਦਿਆਂ ਜਿਊਣ ਦੀ ਪ੍ਰੇਰਨਾ ਦੇ ਨਾਲ ਨਾਲ, ਭਾਵੇਂ, ਕੁੱਝ ਅਜੇਹੀ ਸੇਧ ਹੀ ਮਿਲਦੀ ਹੈ। ਪਰ, ਕਿਸੇ ਵੀ ਪ੍ਰਕਾਰ ਦੀ ਅਜੇਹੀ ਪ੍ਰਾਪਤੀ ਬਖਸ਼ਿਸ ਨਹੀ ਮੰਨੀ ਜਾ ਸਕਦੀ। ਕਿਉਂਕਿ, ਐਸੀ ਪ੍ਰਾਪਤੀ ਵਿੱਚ ਸੇਵਕ ਕਹਿ ਸਕਦਾ ਹੈ ਕਿ ਇਹ ਮੇਰੀ ਮਿਹਨਤ ਅਥਵਾ ਮੇਰੇ ਉੱਦਮ ਦਾ ਸਿੱਟਾ ਹੈ। ਬਖ਼ਸ਼ਿਸ਼ ਰੂਪ ਦਾਤਿ (ਕਰਮਾਤਿ) ਤਾਂ ਓਹੀ ਮੰਨੀ ਜਾ ਸਕਦੀ ਹੈ, ਜੋ ਮਾਲਕ ਆਪਣੀ ਮਰਜ਼ੀ ਨਾਲ ਪ੍ਰਸੰਨਤਾ ਸਹਿਤ ਦੇਵੇ:

ਏਹ ਕਿਨੇਹੀ ਦਾਤਿ, ਆਪਸ ਤੇ ਜੋ ਪਾਈਐ।।

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ।। {ਗੁ. ਗ੍ਰੰ. ਪੰ. ੪੭੫}

ਦਾਸ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਪਿਤਾ ਜੀ ਨੇ ਮੱਕੀ ਦੇ ਖੇਤ ਦੀ ਗੋਡਾਈ ਕਰਨ ਲਈ ਚਾਰ ਮਜ਼ਦੂਰ ਲਗਾਏ। ਦੁਪਹਿਰ ਤੋਂ ਬਾਅਦ ਉਨ੍ਹਾਂ ਵਿਚੋਂ ਦੋਂ ਦੇ ਦੋ ਨੌਜੁਆਨ ਬੱਚੇ (ਜਿਹੜੇ ਆਪਣੇ ਨਾਨਕਾ ਪਿੰਡ ਤੋਂ ਵਾਪਸ ਆ ਰਹੇ ਸਨ) ਉਹ ਵੀ ਆਣ ਰਲੇ ਅਤੇ ਉਨ੍ਹਾਂ ਨੇ ਬੜੇ ਉਤਸ਼ਾਹ ਨਾਲ ਜ਼ੋਰ ਲਗਾ ਕੇ ਕੰਮ ਕੀਤਾ। ਸ਼ਾਮ ਨੂੰ ਜਦੋਂ ਦਿਹਾੜੀ ਦੇ ਨੀਯਤ ਪੈਸੇ ਵੰਡਣ ਦਾ ਮੌਕਾ ਆਇਆ ਤਾਂ ਪਿਤਾ ਜੀ ਨੇ ਸਾਰਿਆਂ ਨੂੰ ਬਰਾਬਰ ਹੀ ਵੰਡੇ। ਅਜਿਹਾ ਹੋਣ `ਤੇ ਮਜ਼ਦੂਰਾਂ ਵਿਚੋਂ ਦੋਂ ਨੇ ਇਤਰਾਜ਼ ਕੀਤਾ ਕਿ ਸਰਦਾਰ ਜੀ! ਇਹ ਨਿਆਂ ਨਹੀ ਹੈ।

ਪਿਤਾ ਜੀ ਮੁਸਕ੍ਰਾਏ ਤੇ ਪੱਛਿਆ ‘ਕੀ ਤਹਾਨੂੰ ਦਿਹਾੜੀ ਪੂਰੀ ਨਹੀ ਮਿਲੀ`? ਉਨ੍ਹਾਂ ਦਾ ਉੱਤਰ ਸੀ ‘ਹਾਂ ਜੀ, ਪੂਰੀ ਮਿਲੀ ਐ। ਪਿਤਾ ਜੀ ਬੋਲੇ: ਫਿਰ ਇਤਰਾਜ਼ ਕਿਉਂ? ਕਿਉਂਕਿ, ਅਸੀਂ ਸਵੇਰ ਤੋਂ ਕੰਮ ਕਰ ਰਹੇ ਹਾਂ, ਪੂਰੀ ਦਿਹਾੜੀ ਲਗਾਈ ਹੈ, ਸਾਨੂੰ ਵੀ ਉਤਨੇ ਅਤੇ ਜਿਨ੍ਹਾਂ ਬਚਿਆਂ ਨੇ ਅੱਧੀ ਦਿਹਾੜੀ ਤੋਂ ਵੀ ਘੱਟ ਸਮਾਂ ਲਗਾਇਆ, ਉਨ੍ਹਾਂ ਵੀ ਉਤਨੇ। ਪਿਤਾ ਜੀ ਬੋਲੇ: ਭਾਈ! ਇਹ ਤਾਂ ਮੇਰੀ ਮਰਜ਼ੀ ਹੈ। ਮੇਰੀ ਖੁਸ਼ੀ ਹੈ। ਮੇਰੇ ਪਾਸ ਦੇਣ ਨੂੰ ਹੈ, ਮੈਂ ਦੇ ਰਿਹਾ ਹਾਂ। ਤਹਾਨੂੰ ਇਤਰਾਜ਼ ਤਾਂ ਹੀ ਹੋ ਸਕਦਾ ਹੈ, ਜੇ ਤਹਾਨੂੰ ਦਿਹਾੜੀ ਦੀ ਰਕਮ ਪੂਰੀ ਨਾ ਮਿਲਦੀ।

ਸੋ ਉਪਰੋਕਤ ਵਿਚਾਰ ਚਰਚਾ ਤੋਂ, ਜਿਥੇ, ਇਹ ਨਿਰਣੈ ਹੋ ਜਾਂਦਾ ਕਿ ਜਿਵੇਂ ਮਾਂ ਬਿਨਾਂ ਕਿਸੇ ਬੱਚੇ ਦਾ ਜਨਮ ਤੇ ਵਿਕਾਸ ਹੋ ਸਕਣਾ ਅਤੇ ਬੱਚੇ ਬਗੈਰ ਕਿਸੇ ਔਰਤ ਦਾ ਮਾਂ (ਜਨਨੀ) ਅਖਵਾ ਸਕਣਾ ਅਸੰਭਵ ਹੈ। ਤਿਵੇਂ ਹੀ ਭਗਤੀ ਬਿਨਾਂ ਸਦਾਚਾਰਕ ਜੀਵਨ ਦਾ ਮੁਕੰਮਲ ਹੋਣਾ ਅਤੇ ਸਦਾਚਾਰਕ ਗੁਣਾਂ ਬਿਨਾਂ ਕਿਸੇ ਦੀ ਭਗਤੀ ਨੂੰ ਸਫਲ ਮੰਨਿਆ ਜਾ ਸਕਣਾ ਨ-ਮੁੰਮਕਿਨ ਹੈ। ਓਥੇ, ਇਹ ਪੱਖ ਵੀ ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤਿ ਵਿਚਾਰਧਾਰਾ ਕਰਮਵਾਦੀ ਨਹੀ, ਰੱਬੀ ਬਖ਼ਸ਼ਿਸ਼ `ਤੇ ਨਿਰਭਰ ਹੋਣ ਕਰਕੇ ਕਿਰਪਾਵਾਦੀ ਹੈ। ਜਿਹੜੀ ਕਿਸੇ ਸਾਧਕ ਨੂੰ ਕਰਮ-ਘਾਲਣਾ ਦੀ ਹਉਮੈ ਅਤੇ ਨਿਰਾਸ਼ਤਾ ਤੋਂ ਬਚਾਉਂਦੀ ਹੋਈ ਉਤਸ਼ਾਹਤ ਕਰੀ ਰਖਦੀ ਹੈ ਕਿ ਪ੍ਰਭੂ ਕਿਰਪਾ ਦੁਆਰਾ ਉਹ ਕੁੱਝ ਪ੍ਰਾਪਤ ਹੋ ਸਕਣਾ ਵੀ ਸੰਭਵ ਹੈ, ਜਿਹੜਾ ਕਿਸੇ ਕਿਸਮ ਦੀ ਕਰਮ-ਸਾਧਨਾ ਰਾਹੀਂ ਮਿਲ ਸਕਣਾ ਅਸੰਭਵ ਦਿਸਦਾ ਹੋਵੇ। ਗੁਰਵਾਕ ਹੈ:

ਕਿਆ ਹੰਸੁ ਕਿਆ ਬਗੁਲਾ, ਜਾ ਕਉ ਨਦਰਿ ਕਰੇਇ।।

ਜੋ ਤਿਸੁ ਭਾਵੈ ਨਾਨਕਾ, ਕਾਗਹੁ ਹੰਸੁ ਕਰੇਇ।। {ਗੁ. ਗ੍ਰੰ. ਪੰ. ੯੧}

{ਅਰਥ: —ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ) ? ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ।}

ਇਹੀ ਕਾਰਨ ਹੈ ਕਿ ਗੁਰਮਤਿ ਮਾਰਗ ਦਾ ਪਾਂਧੀ ਕਦੇ ਨਿਰਾਸ ਨਹੀ ਹੁੰਦਾ। ਕਿਉਂਕਿ, ਉਸ ਨੂੰ ਭਰੋਸਾ ਬਣਿਆਂ ਰਹਿੰਦਾ ਹੈ ਕਿ ਮੇਰਾ ਮਾਲਕ ਪ੍ਰਭੂ ਬਖ਼ਸਿੰਦ ਹੈ। ਸਦਾ ਕ੍ਰਿਪਾਲੂ ਰਹਿੰਦਾ ਹੈ। “ਅਸੰਖ ਖਤੇ ਖਿਨ ਬਖਸਨਹਾਰਾ।। ਨਾਨਕ, ਸਾਹਿਬ ਸਦਾ ਦਇਆਰਾ।। “ ਉਹ ਵੱਡੇ ਵੱਡੇ ਦੁਰਾਚਾਰੀਆਂ ਤੇ ਵਿਕਾਰੀਆਂ ਨੂੰ ਵੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ, ਇਸ ਲਈ ਉਹ ਮੇਰੀ ਅਰਜ਼ੋਈ ਵੀ ਸੁਣਨ ਵਾਲਾ ਹੈ। ਭਾਵ, ਅਰਦਾਸ ਸੁਣ ਕੇ ਕਦੇ ਮੈਨੂੰ ਵੀ ਬਖਸ਼ ਲਏਗਾ।

ਪਤਿਤ ਉਧਾਰਣੁ ਸਤਿਗੁਰੁ ਮੇਰਾ, ਮੋਹਿ ਤਿਸ ਕਾ ਭਰਵਾਸਾ।। ਬਖਸਿ ਲਏ ਸਭਿ ਸਚੈ ਸਾਹਿਬਿ, ਸੁਣਿ ਨਾਨਕ ਕੀ ਅਰਦਾਸਾ।। {ਗੁ. ਗ੍ਰੰ. ਪੰ. ੬੨੦}

ਪਰਮਾਤਮਾ ਦੇ ਬਖ਼ਸ਼ਿੰਦ ਬਿਰਦ ਨੂੰ ਧਿਆਨ ਵਿੱਚ ਰੱਖ ਕੇ ਭਗਤ ਰਵਿਦਾਸ ਜੀ ਆਪਣੇ ਆਪ ਨੂੰ ਨਿਰਾਸਤਾ ਤੋਂ ਬਚਾਉਂਦੇ ਹੋਏ ਆਖਦੇ ਹਨ ਕਿ ਅਜਾਮਲ ਵਰਗੇ ਦੁਰਾਚਾਰੀ, ਪਿੰਗਲਾ ਵੇਸਵਾ ਵਰਗੇ ਵਿਕਾਰੀ, ਕ੍ਰਿਸ਼ਨ ਨੂੰ ਤੀਰ ਦਾ ਨਿਸ਼ਾਨਾ ਬਨਾਉਣ ਵਾਲੇ ਸ਼ਿਕਾਰੀ ਅਤੇ ਕੁੰਚਰ ਵਰਗੇ ਸਰਾਪੇ ਹੋਏ ਜੀਵ, ਇਹ ਸਾਰੇ ਮੁਕਤ ਹੋ ਕੇ ਪ੍ਰਭੂ-ਚਰਨਾਂ ਵਿੱਚ ਜਾ ਅੱਪੜੇ। ਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ ਇਸ ਸੰਸਾਰ-ਸਾਗਰ ਤੋਂ ਕਿਉਂ ਨ ਪਾਰ ਲੰਘੇਂਗਾ? : ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ, ਗਏ ਹਰਿ ਕੈ ਪਾਸਿ।। ਐਸੇ ਦੁਰਮਤਿ ਨਿਸਤਰੇ, ਤੂ ਕਿਉ ਨ ਤਰਹਿ ਰਵਿਦਾਸ।। ੩।। ੧।। {ਪੰਨਾ ੧੧੨੪}

ਕਾਰਨ ਇਹ ਹੈ ਕਿ ਜਿਵੇਂ ਮਾਪੇ ਬੱਚਿਆਂ ਦੇ ਅਪਰਾਧਾਂ ਨੂੰ ਬਖਸ਼ਣ ਵੇਲੇ ਗਿਣਤੀਆਂ ਵਿੱਚ ਨਹੀ ਪੈਂਦੇ, ਕਿਉਂਕਿ, ਉਹ ਦਿਲੋਂ ਨਹੀ ਚਹੁੰਦੇ ਹੁੰਦੇ ਕਿ ਸਾਡੀ ਵੰਸ਼ ਕਿਸੇ ਪੱਖੋਂ ਦੁਖੀ ਹੋਵੇ। ਇਸੇ ਤਰ੍ਹਾਂ ਰੱਬੀ-ਬਖਸ਼ਿਸ਼ ਵੀ ਲੇਖੇ ਵਿੱਚ ਨਹੀ ਪੈਂਦੀ ਤੇ ਨਾ ਹੀ ਬਰਦਾਸ਼ਤ ਕਰਦੀ ਹੈ ਕਿ ਉਸ ਦੀ ਅੰਸ਼ ਚਿਰਾਂ ਤੱਕ ਐਵੇਂ ਹੀ ਰੁਲਦੀ ਤੇ ਧੱਕੇ ਖਾਦੀ ਰਹੇ। “ਨਦਰਿ ਕਰਹਿ ਜੇ ਆਪਣੀ, ਤਾ ਨਦਰੀ ਸਤਿਗੁਰੁ ਪਾਇਆ।। ਏਹੁ ਜੀਉ ਬਹੁਤੇ ਜਨਮ ਭਰੰਮਿਆ, ਤਾ ਸਤਿਗੁਰਿ ਸਬਦੁ ਸੁਣਾਇਆ”।। (ਗੁ. ਗ੍ਰੰ. ਪੰ. ੪੬੫) ਗੁਰਵਾਕ ਵਿਚੋਂ ਵੀ ਕੁੱਝ ਅਜਿਹਾ ਹੀ ਝਲਕਾਰਾ ਵਜਦਾ ਹੈ। ਕਿਉਂਕਿ, ਜੇ ਇਹ ਸੱਚ ਹੈ ਕਿ ਹਰੇਕ ਅੰਸ਼ ਆਪਣੇ ਅੰਸ਼ੀ ਵਿੱਚ ਲੀਨ ਹੋਣ ਲਈ ਉਤਾਵਲੀ ਰਹਿੰਦੀ ਹੈ। ਤਾਂ ਫਿਰ ਇਹ ਵੀ ਪ੍ਰਵਾਨ ਕਰਕੇ ਚਲਣਾ ਪਵੇਗਾ ਕਿ ਹਰੇਕ ਅੰਸ਼ੀ ਵੀ ਆਪਣੀ ਅੰਸ਼ ਦੀ ਉਡੀਕ ਵਿੱਚ ਰਹਿੰਦਾ ਹੈ। ਜੇ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਨਦੀ ਦਾ ਰੂਪ ਧਾਰ ਕੇ ਸਮੁੰਦਰ ਵਲ ਵਹਿ ਟੁਰਦੀਆਂ ਹਨ। ਤਾਂ ਐਸਾ ਵੀ ਕਦੇ ਨਹੀ ਹੋਇਆ ਕਿ ਸਮੁੰਦਰ ਨੇ ਉਨ੍ਹਾਂ ਨੂੰ ਆਪਣੇ ਵਿੱਚ ਮਿਲਾਉਣ ਤੋਂ ਇਨਕਾਰ ਕੀਤਾ ਹੋਵੇ। ਰੱਬੀ ਬਖਸ਼ਿਸ਼ ਦਾ ਅਜਿਹਾ ਬਿਰਦ ਗੁਰਬਾਣੀ ਵਿਚੋਂ ਇਉਂ ਪ੍ਰਗਟ ਹੁੰਦਾ ਹੈ:

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।। ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।। ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ।। {ਗੁ. ਗ੍ਰੰ. ਪੰ. ੬੨੪}

{ਅਰਥ: —ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ।}

ਇਸਲਾਮੀ ਜਗਤ ਦੀ ਲੋਕ-ਗਾਥਾ ਹੈ ਕਿ ਇੱਕ ਇਨਸਾਨ ਜਿਹੜਾ ਬੜਾ ਕੁਕਰਮੀ, ਪਾਪੀ ਤੇ ਸ਼ਰਾਬੀ-ਕਬਾਬੀ ਸੀ। ਇੱਕ ਦਿਨ ਆਣ ਵੜਿਆ ਮਸੀਤ ਵਿੱਚ ਅਤੇ ਸਿਰ ਰੱਖ ਦਿੱਤਾ ਸੂ ਖ਼ਦਾ ਦੀ ਦਹਿਲੀਜ਼ `ਤੇ। ਇਸ ਪ੍ਰਕਾਰ ਉਹ ਬੁੱਕਾਂ ਦੇ ਬੁੱਕ ਹੰਝੂ ਕੇਰਦਾ ਹੋਇਆ ਪੁਕਾਰ ਰਿਹਾ ਸੀ “ਯਾ ਖ਼ੁਦਾ ਮੈਂ ਤੇਰਾ ਜ਼ਲੀਲ ਬੰਦਾ ਹਾਂ, ਗੁਨਾਹਗਾਰ ਹਾਂ। ਪਖੰਡੀ ਤੇ ਫ਼ਰੇਬੀ ਹਾਂ। ਮੈਂ ਹੋਰ ਨਹੀ ਜੀਊਣਾ ਚਹੁੰਦਾ। ਮੈਨੂੰ ਅਜਿਹੀ ਮਲੀਨ ਜ਼ਿੰਦਗੀ ਤੋਂ ਛੁਟਕਾਰਾ ਬਖ਼ਸ਼ ਦੇ। ਬਸ! ਮੈਨੂੰ ਆਪਣੀ ਜਨ੍ਹਤ ਵਿੱਚ ਲੈ ਚੱਲ।

ਹਰ ਕੋਈ ਜਾਣਦਾ ਸੀ ਕਿ ਉਹ ਜ਼ਿੰਦਗੀ ਦੇ ਸਹੀ ਮਾਰਗ ਤੋਂ ਥਿੜਕਿਆ ਤੇ ਇੱਕ ਵਿਗੜਿਆ ਹੋਇਆ ਇਨਸਾਨ ਹੈ। ਇਸ ਲਈ ਮੌਲਵੀ ਨੇ ਉਸ ਨੂੰ ਗਲਮੇਂ ਤੋਂ ਪਕੜਿਆ, ਦੁਰਕਾਰਿਆ ਤੇ ਲਾਹਨਤਾਂ ਪਾਉਂਦਿਆਂ ਆਖਿਆ “ਓ ਪਾਗਲ ਅਦਰਮੀ, ਤੂੰ ਤਾਂ ਗਿਆ ਗੁਜ਼ਰਿਆ ਬੰਦਾ ਏਂ। ਤੂੰ ਕਿਹੜੀ ਨੇਕੀ ਬਦਲੇ ਜਨ੍ਹਤ (ਸਵਰਗ) ਭਾਲਦਾ ਏਂ? ਸ਼ਰਾਬੀ ਬੋਲੀ ਜਾ ਰਿਹਾ ਸੀ “ਤੂੰ ਮੇਰਾ ਖਹਿੜਾ ਛੱਡ। ਮੈਂ ਤੈਥੋਂ ਤਾਂ ਕੁੱਝ ਨਹੀ ਮੰਗ ਰਿਹਾ। ਮੇਰੀ ਮੰਗ ਤਾਂ ਅੱਲਾ ਮੀਆਂ ਅੱਗੇ ਹੈ।” ਮੌਲਵੀ ਕੁੱਝ ਗੰਭੀਰ ਹੋਇਆ ਅਤੇ ਉਸ ਨੇ ਕਿਹਾ, “ਵਾਹ ਸੁਬਹਾਨ ਅੱਲਾ! ਤੂੰ ਸੱਚ-ਮੁੱਚ ਕਰੀਮ (ਬਖਸਿਸ਼ ਕਰਨ ਵਾਲਾ) ਏਂ, ਰਹੀਮ (ਰਹਮ ਕਰਨ ਵਾਲਾ) ਏਂ, ਬਖਸਸ਼ਾਂ ਤੇ ਬਰਕਤਾਂ ਦਾ ਭੰਡਾਰ ਏਂ। ਮੈਂ ਤਾਂ ਤੇਰੀ ਦੀਨਤਾ (Humility) ਤੇ ਦਇਆਲਤਾ ਤੇ `ਤੇ ਹੈਰਾਨ ਹਾਂ ਕਿ ਪਾਪੀ ਬੰਦਾ ਵੀ ਤੇਰੇ ਪਾਸੋਂ ਰਹਿਮਤ ਦੀ ਆਸ ਲਾਈ ਬੈਠਾ ਹੈ।

ਗੁਰਮਤਿ ਵਿਚਾਧਾਰਾ ਦੇ ਇਸ ਰਹਸਮਈ ਤੇ ਕਿਰਪਾਵਾਦੀ ਪੱਖ ਦਾ ਅਧਾਰ ਹੈ; ‘ੴ ਤੋਂ ਗੁਰਪ੍ਰਸਾਦਿ` ਦੇ ਮੂਲ-ਮਹਾਂਵਾਕ ਦਾ ਅਖ਼ੀਰਲਾ ਇੱਕੋ-ਇੱਕ ਸਮਾਸੀ ਲਫ਼ਜ਼ ‘ਗੁਰਪ੍ਰਸਾਦਿ`। ਕਿਉਂਕਿ, ਇਸ ਲਫ਼ਜ਼ ਦੇ ਵਿਆਕ੍ਰਣਿਕ, ਪ੍ਰਕਰਣਿਕ ਤੇ ਸਿਧਾਂਤਕ ਦਿਸ਼੍ਰਟੀਕੋਨ ਤੋਂ ਨਿਸ਼ਚੇ ਹੁੰਦਾ ਹੈ ਕਿ ਗੁਰੂ ਨਾਨਕ ਦਾ ਇੱਕ-ਓਅੰਕਾਰੀ ਰੱਬ ਬਖ਼ਸ਼ਿੰਦ ਗੁਰੂ-ਦਾਤਾ ਹੈ, ਜਿਸ ਦੀ ਕਿਰਪਾ ਨਾਲ ਹੀ ਜੀਵਾਂ ਨੂੰ ਸਭ ਕੁੱਝ ਪ੍ਰਾਪਤ ਹੋ ਰਿਹਾ ਹੈ। ਕਿਉਂਕਿ, ਗੁਰਬਾਣੀ ਵਿਚੋਂ ਨਿਰਣੈ ਹੁੰਦਾ ਹੈ ਕਿ ਅਜਿਹੇ ਗੁਣ-ਨਿਧਾਨ ਜੋਤਿ ਸਰੂਪ ਇੱਕ-ਓਅੰਕਾਰੀ ਬਖ਼ਸਿੰਦ ਗੁਰੂ-ਦਾਤੇ ਵਲੋਂ ਜੀਵਾਂ ਨੂੰ ਜੀਉ ਪਿੰਡ (ਜਿੰਦ ਤੇ ਸਰੀਰ) ਦੇ ਰੂਪ ਵਿੱਚ ਮਿਲ ਰਹੇ ਜੀਵਨ ਦਾਨ ਤੇ ਫਿਰ ਜੀਊਣ ਲਈ ਭੋਜਨ ਪਾਣੀ ਤੇ ਹਵਾ ਆਦਿਕ ਦੇ ਰੂਪ ਵਿੱਚ ਮਿਲਣ ਵਾਲੀਆਂ ਅਨੇਕਾਂ ਲੋੜੀਂਦੀਆਂ ਵਸਤੂਆਂ ਦੀ ਗੱਲ ਤਾਂ ਛੱਡੋ, ਉਨ੍ਹਾਂ ਨੂੰ ਸ੍ਵੈਮੂਲ ਦੀ ਸੋਝੀ ਦੇ ਤੌਰ `ਤੇ ਰੱਬੀ ਮਿਲਾਪ ਵੀ ਉਸਦੀ ਕਿਰਪਾ ਤੇ ਹੀ ਨਿਰਭਰ ਕਰਦਾ ਹੈ।

ਇਸ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਸੁਖਮਨੀ` ਦੇ ਛੇਵੇਂ ਸਲੋਕ ਅਤੇ ਅਸਟਪਦੀ, ਦੁਆਰਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਲੋਂ ‘ਗੁਰ ਪ੍ਰਸਾਦਿ` ਦੀ ਕੀਤੀ ਗਈ ਕਾਵਿਮਈ ਅਨੂਪਮ ਵਿਆਖਿਆ, ਕਿਸੇ ਪ੍ਰਕਾਰ ਦਾ ਸ਼ੰਕਾ ਨਹੀ ਰਹਿਣ ਦਿੰਦੀ। ਕਿਉਂਕਿ, ਉਸ ਤੋਂ ਅਰਥ ਤੇ ਭਾਵਰਥ ਦੋਨੋ ਹੀ ਸਪਸ਼ਟ ਹੋ ਜਾਂਦੇ ਹਨ। ਸਲੋਕ ਵਿੱਚ ਅਕਾਲ ਪੁਰਖ ਨੂੰ ਗੁਰਦੇਵ ਮੰਨ ਕੇ ਕਿਰਪਾ (ਪ੍ਰਸਾਦੁ) ਦੀ ਜਾਚਨਾ ਕੀਤੀ ਗਈ ਹੈ ਅਤੇ ਅਸਟਪਦੀ ਵਿੱਚ ਉਸ ਦੀ ਕਿਰਪਾ ਦੁਆਰਾ (ਪ੍ਰਸਾਦਿ) ਜੋ ਅਣਗਿਣਤ ਅਣਮੰਗੀਆਂ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਨੂੰ ਚਿਤਾਰਦਿਆਂ ਆਦਿ-ਗੁਰੂ ਦਾਤਾਰ-ਪ੍ਰਭੂ ਨੂੰ ਚੇਤੇ ਰਖਣ ਦੀ ਪ੍ਰੇਰਨਾ ਕੀਤੀ ਗਈ ਹੈ।

ਇਸ ਪ੍ਰਸੰਗ ਵਿੱਚ ਨੋਟ ਕਰਨ ਵਾਲਾ ਵਿਆਕਰਣਿਕ ਨੁਕਤਾ ਇਹ ਹੈ ਕਿ ਸਲੋਕ ਵਿੱਚਲਾ ਲਫ਼ਜ਼ ‘ਪ੍ਰਸਾਦੁ` ਜੋ ਇੱਕ-ਵਚਨੀ ਗੁਣ ਵਾਚਕ ਨਾਮ ਹੈ। ਕ੍ਰਿਆ (verb) “ਕਰਿ” ਦੇ ਨਾਲ ਉਹਦਾ ਕਾਰਕ ਰੂਪ ‘ਕਰਮ ਕਾਰਕ` (Objective Case) ਦਾ ਹੈ। ਅਤੇ ਅਸਟਪਦੀ ਵਿੱਚ ਇਹੀ ਲਫ਼ਜ਼, ਮੂਲ-ਮਹਾਂਵਾਕ ਵਾਂਗ ਜਦੋਂ “ਪ੍ਰਸਾਦਿ” ਦੇ ਰੂਪ ਵਿੱਚ ਸਿਹਾਰੀ (ਿ) ਨਾਲ ਆਉਂਦਾ ਹੈ, ਤਾਂ ਉਹ ‘ਕਰਣ ਕਾਰਕ` (Instrumental case) ਤੇ ਕ੍ਰਿਆ-ਵਿਸ਼ੇਸ਼ਣ ਅਖਵਾਉਂਦਾ ਹੈ, ਜਿਸ ਦਾ ਅਰਥ ਹੈ ‘ਕ੍ਰਿਪਾ ਨਾਲ ਜਾਂ ਕ੍ਰਿਪਾ ਦੁਆਰਾ`।

ਮਿਸਾਲ ਵਜੋਂ ਵਾਚੋ ਹੇਠ ਲਿਖਿਆ ਸਲੋਕ ਤੇ ਅਸਟਪਦੀ ਦਾ ਅਰੰਭਕ ਪਦਾ:

ਸਲੋਕੁ।। ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ।। ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ।। ੧।। {ਪੰਨਾ ੨੬੯}

ਅਰਥ: —ਹੇ ਨਾਨਕ! (ਬੇਨਤੀ ਕਰ ਤੇ ਆਖ) —ਹੇ ਗੁਰਦੇਵ-ਪ੍ਰਭੂ! ਮੈਂ ਸਰਣ ਆਇਆ ਹਾਂ, (ਮੇਰੇ ਉਤੇ) ਮੇਹਰ ਕਰ, (ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ। ੧।




.