.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 23)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਦਰਸ਼ਨ ਸਿੰਘ ਤਪੋਬਨ ਢੱਕੀ ਵਾਲਾ

ਇਸ ਸਾਧ ਨੇ ਲੁਧਿਆਣੇ ਜ਼ਿਲ੍ਹੇ ਵਿਚ ਮਕਸੂਦੜਾਂ ਵਿਖੇ ਡੇਰਾ ਬਣਾਇਆ। ਇਹ ਸਾਧ ਵੀ ਪੱਕਾ ਕਰਮਕਾਂਡੀ ਹੈ। ਇਹ ਵੀ ਗੁਰਮਤਿ ਦੇ ਉਲਟ ਸਿੱਧੀਆਂ ਧਾਰਨਾ ਦਾ ਕੀਰਤਨ ਕਰਦਾ ਹੈ। ਇਹਦਾ ਵੀ ਪਿੰਡ ਵਾਲਿਆਂ ਨਾਲ ਝਗੜਾ ਚੱਲਿਆ। ਹੈਲੀਕਪਟਰ ਵੀ ਇਹਨੇ ਆਪਣਾ ਹੀ ਰੱਖਿਆ ਹੋਇਆ ਸੀ। ਜਦੋਂ ਕਿਤੇ ਵੀ ਕੀਰਤਨ ਕਰਦਾ ਹੈ ਤਾਂ ਇਹਦੇ ਉਦਾਲੇ ਰਾਈਫ਼ਲਾਂ ਵਾਲੇ ਖੜ੍ਹੇ ਹੁੰਦੇ ਹਨ। ਗੁਰਮਤਿ ਦੇ ਉਲਟ ਅਖੰਡ ਪਾਠਾਂ ਦੀਆਂ ਲੜੀਆਂ ਵੀ ਇਹ ਚਲਾਉਂਦਾ ਹੈ। ਇਸ ਨੂੰ ਵੀ ਮੌਤ ਭੁੱਲੀ ਹੋਈ ਹੈ। ਇਹ ਅਜੇ ਵੀ ਆਪਣੇ ਜਨਮ ਦਿਹਾੜੇ ਮਨਾ ਰਿਹਾ ਹੈ। ਮਿਤੀ 15 ਮਈ 2004 ਨੂੰ ਵੀ ਇਸਨੇ ਆਪਣਾ ਜਨਮ ਦਿਨ ਮਨਾਇਆ ਸੀ। ਇਹਨਾਂ ਸਾਧਾਂ ਨੇ ਕਦੇ ਵੀ ਮਰਨ ਨੂੰ ਨਹੀਂ ਕਬੂਲਿਆ। ਇਹ ਜਨਮ ਦਿਨ ਹੀ ਮਨਾਉਂਦੇ ਰਹਿੰਦੇ ਹਨ। ਇਹ ਵੀ ਤਪ ਕਰਨ ਦੇ ਝੂਠੇ ਦਾਅਵੇ ਕਰਦਾ ਰਹਿੰਦਾਹੈ।

ਸੰਤ ਬਲਵਿੰਦਰ ਸਿੰਘ ਕੁਰਾਲੀ

ਮੇਰੀ ਇਸ ਪੁਤਸਕ ਦਾ ਪਹਿਲਾ ਭਾਗ ਜਦੋਂ ਪਾਠਕਾਂ ਦੇ ਹੱਥਾਂ ਵਿਚ ਪਹੁੰਚਿਆ ਤਾਂ ਜਲਦੀ ਹੀ ਇਸ ਸਾਧ ਨੇ ਮੇਰੇ ਨਾਂਲ ਫੋਨ `ਤੇ ਕੋਈ ਅੱਧਾ ਘੰਟਾ ਗੱਲ ਕੀਤੀ। ਮੈਂ ਪੁੱਛਿਆ ਕਿ ਤੁਸੀਂ ਕਿਤਾਬ ਪੜ੍ਹੀ ਹੈ ਕਿ ਨਹੀਂ? ਇਹਨੇ ਕਿਹਾ ਨਹੀਂ ਮੈਂ ਅਜੇ ਨਹੀਂ ਪੜ੍ਹੀ, ਮੈਨੂੰ ਪੁਸਤਕ ਭੇਜੋ ਅਤੇ ਆਪਾਂ ਬੈਠ ਕੇ ਵੀ ਵਿਚਾਰਾਂ ਕਰਨੀਆਂ ਹਨ ਮੈਂ ਕਿਹਾ ਕਿ ਪਹਿਲਾਂ ਪੁਸਤਕ ਸਾਰੀ ਪੜ੍ਹੋ ਫਿਰ ਬੈਠ ਕੇ ਗੱਲ ਕਰਿਓ ਮੈਂ ਪੁਸਤਕ ਭਾਗ ਪਹਿਲਾ ਪਾਰਸਲ ਕਰ ਦਿੱਤੀ। ਉਹ ਪੁਸਤਕ ਪੜ੍ਹਨ ਤੋਂ ਬਾਅਦ ਇਸ ਸਾਧ ਦਾ ਅਜੇ ਤਕ ਨਾਂ ਮੈਨੂੰ ਕੋਈ ਫੋਨ ਆਇਆ ਅਤੇ ਨਾ ਕੋਈ ਬੈਠ ਕੇ ਵਿਚਾਰ ਕਰਨ ਦੀ ਗੱਲ। ਹੋ ਸਕਦਾ ਹੈ ਪੁਸਤਕ ਪੜ੍ਹ ਕੇ ਵਿਚਾਰ ਕਰਨ ਜੋਗਾ ਰਿਹਾ ਹੀ ਨਾ ਹੋਵੇ। ਆਲ ਇੰਡੀਆ ਸਿੱਖ ਸਟੂਡੈਂਟਸ ਦੇ ਪ੍ਰਧਾਨ ਕਰਨੈਲ ਸਿੰਘ, ਪੀਰ ਮੁਹੰਮਦ ਨੇ ਅਖ਼ਬਾਰ ਵਿਚ ਇਕ ਖ਼ਬਰ ਲਵਾਈ ਸੀ ਉਹ ਅਖ਼ਬਾਰ ਮੇਰੇ ਸਾਹਮਣੇ ਪਈ ਹੈ, ਲਿਖਿਆ ਹੈ ਕਿ ਇਸ ਸਾਧ ਨੇ ਬਾਬਾ ਮੋਤੀ ਸ਼ਾਹ ਦੀ ਮਜ਼ਾਰ `ਤੇ ਲੱਗੇ ਮੇਲੇ ਦੌਰਾਨ ਕਬਰ ਤੇ ਹਰੀ ਚਾਦਰ ਚੜ੍ਹਾਈ ਅਤੇ ਲੰਗਰ ਲਾਇਆ। ਇਸ ਸਾਧ ਬਲਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਾਜ ਸਿੰਘ ਨੂੰ ਫੱਕਰ ਦੀ ਕਬਰ `ਤੇ ਅਖੰਡ ਪਾਠ ਕਰਾਉਣ ਵਾਸਤੇ ਹੁਕਮ ਵੀ ਦਿੱਤਾ ਪਰ ਗ੍ਰੰਥੀ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕਾਪੀ ਵਿਖਾਈ ਅਤੇ ਕਬਰ `ਤੇ ਅਖੰਡ ਪਾਠ ਰੱਖਣ ਤੋਂ ਇਨਕਾਰ ਕਰ ਦਿੱਤਾ। ਫੈਡਰੇਸ਼ਨ ਆਗੂਆਂ ਨੇ ਇਸ ਸਾਧ ਨੂੰ ਅਕਾਲ ਤਖ਼ਤ `ਤੇ ਤਲਬ ਕਰਨ ਦੀ ਮੰਗ ਵੀ ਕੀਤੀ ਸੀ। ਇਹ ਸਾਧ ਇਹ ਵੀ ਕਹਿੰਦਾ ਕਿ ਸਾਨੂੰ ਕੱਚੀ ਬਾਣੀ ਪੜ੍ਹਦੇ ਕਹਿਣ ਵਾਲੇ ਗਲਤ ਹਨ। ਇਹ ਕਹਿੰਦਾ ਅਸੀਂ ਅੰਮ੍ਰਿਤ ਛਕਾਉਂਦੇ ਹਾਂ। ਪਰ ਕਿਹੋ ਜਿਹੇ ਅੰਮ੍ਰਿਤ ਛਕਾਉਂਦੇ ਹਨ ਕਿਵੇਂ ਅੰਮ੍ਰਿਤ ਦਾ ਮਖੌਲ ਉਡਾਉਂਦੇ ਹਨ ਇਸ ਬਾਰੇ ਪਿੱਛੇ ਖੁਲ੍ਹੀ ਵਿਚਾਰ ਲਿਖ ਆਇਆ ਹਾਂ।

ਬਾਬਾ ਠਾਕੁਰ ਸਿੰਘ ਦਮਦਮੀ ਟਕਸਾਲ (ਮਹਿਤਾ)

ਬਹੁਤ ਜ਼ਿਆਦਾ ਸਮਾਂ ਟਕਸਾਲ ਨਾਲ ਸੰਬੰਧਤ ਰਹੇ ਵੱਡਿਆਂ ਸੰਤਾਂ ਨਾਲ ਵੀ ਰਹੇ, ਕਹਿੰਦੇ ਹਨ ਕਿ ਇਹਨਾਂ ਨੇ ਲੰਗਰ ਦੇ ਵਿਚ ਸੇਵਾ ਕਰਦਿਆਂ ਇਕ ਲੱਤ `ਤੇ ਖੜ੍ਹੇ ਹੋ ਕੇ ਬੜੀ ਭਗਤੀ ਕੀਤੀ। ਸਮਾਂ ਲੰਘਦਾ ਗਿਆ ਟਕਸਾਲੀ ਸੰਤਾਂ ਦੀਆਂ ਦੇਹਧਾਰੀ ਗੁਰੂਆਂ ਨਾਲ ਵੀ ਕਾਫ਼ੀ ਮੁੱਠਭੇੜਾਂ ਹੁੰਦੀਆਂ ਰਹੀਆਂ ਕਾਨ੍ਹਪੁਰ, ਅੰਮ੍ਰਿਤਸਰ ਹੋਰ ਵੀ ਕਈ ਥਾਂਵਾਂ `ਤੇ ਨਿਰੰਕਾਰੀਆਂ ਨਾਲ ਗੋਲੀਆਂ ਚੱਲੀਆਂ। ਉਸ ਵਕਤ ਸੰਤ ਜਰਨੈਲ ਸਿੰਘ ਹੋਰਾਂ ਨੇ ਸਿੱਖਾਂ ਦੇ ਗਲੋਂ ਗ਼ੁਲਾਮੀ ਲਾਹੁਣ ਵਾਸਤੇ ਮੋਰਚਾ ਲਾਇਆ ਹੋਇਆ ਸੀ। ਸਿਆਸੀ ਲੀਡਰ ਧੋਖਾ ਕਰ ਗਏ। ਉਹਨਾਂ ਸਿਆਸੀ ਲੀਡਰਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਵਾ ਦਿੱਤਾ। ਕਿਸੇ ਇਕ ਵੀ ਸਾਧ ਨੇ ਹਾਅ ਦਾ ਨਾਅਰਾ ਨਾ ਮਾਰਿਆ ਸਗੋਂ ਡੇਰੇਦਾਰ ਸਾਧ ਉਲਟੀਆਂ ਪੁਲਟੀਆਂ ਗੱਲਾਂ ਕਰਦੇ ਸੁਣੇ ਗਏ। ਕਿਸੇ ਇਕ ਵੀ ਸਾਧ ਦੀ ਸ਼ਕਤੀ ਨੇ ਕੱਖ ਨਾ ਸਵਾਰਿਆ। ਕਈ ਸਿੰਘਾਂ ਸਮੇਤ ਸੰਤ ਜਰਨੈਲ ਸਿੰਘ ਸੱਚ ਸ਼ਮ੍ਹਾ ਤੋਂ ਕੁਰਬਾਨ ਹੋ ਗਏ ਪਰ ਬਾਬਾ ਠਾਕੁਰ ਸਿੰਘ ਮਰਦੇ ਦਮ ਤਕ ਕਹਿੰਦੇ ਰਹੇ ਕਿ ਸੰਤ ਜਿੰਦਾ ਹਨ ਜਿਹੜਾ ਉਹਨਾਂ ਨੂੰ ਸ਼ਹੀਦ ਕਹੇਗਾ ਉਸਦੀ ਜ਼ੁਬਾਨ ਵਿਚ ਕੀੜੇ ਪੈ ਜਾਣਗੇ। ਜਿਹੜਾ ਵੀ ਸਿੰਘ ਉਹਨਾਂ ਦੀ ਸ਼ਹਾਦਤ ਦੀ ਗੱਲ ਕਰਦਾ ਰਿਹਾ ਇਹ ਟਕਸਾਲੀ ਬਾਬਾ ਉਹਨਾਂ ਨੂੰ ਬੇਇੱਜਤ ਕਰਦਾ ਰਿਹਾ ਹੈ। ਜੇ ਪੁੱਛਣਾ ਕਿ ਇਸ ਵਕਤ ਕਿੱਥੇ ਹਨ? ਤਾਂ ਇਸ ਬਾਬੇ ਨੇ ਕਹਿਣਾ ਕਿ ਉਹ ਜਿੱਥੇ ਵੀ ਹਨ ਚੜ੍ਹਦੀ ਕਲਾ ਵਿਚ ਹਨ। ਕਿਸੇ ਨੂੰ ਕਹਿਣਾ ਕਿ ਸਵਾ ਲੱਖ ਪਾਠ ਚੌਪਈ ਸਾਹਿਬ ਦਾ ਕਰੋ ਤੁਹਾਨੂੰ ਸੰਤ ਜਰਨੈਲ ਸਿੰਘ ਆਪ ਦਰਸ਼ਨ ਦੇਣਗੇ। ਇਸ ਸਾਧ ਨੇ ਇਹ ਵੀ ਕਿਹਾ ਸੀ ਕਿ ਮੈਂ ਤੁਹਾਨੂੰ ਸੰਤ ਜਰਨੈਲ ਸਿੰਘ ਦੀ ਬਾਂਹ ਫੜਾ ਕੇ ਜਾਵਾਂਗਾ। ਇਕ ਥਾਂ ਡੇਰੋਲੀ ਵਿਖੇ ਲਗਾਤਾਰ ਅਖੰਡ ਪਾਠਾਂ ਦੀ ਲੜੀ ਚਲਾਈ ਜਾ ਰਹੇ ਹਨ ਕਿ ਇਸ ਲੜੀ ਦੇ ਭੋਗ ਸੰਤ ਜਰਨੈਲ ਸਿੰਘ ਦੇ ਆਉਣ `ਤੇ ਪਾਏ ਜਾਣਗੇ। ਇਸ ਤਰ੍ਹਾਂ ਸਾਰੀ ਕੌਮ ਨੂੰ ਗ਼ੁਮਰਾਹ ਕਰ ਰਹੇ ਹਨ। ਇਕ ਵਾਰੀ ਮੈਂ ਮਹਿਤੇ ਬਰਸੀ `ਤੇ ਗਿਆ। ਬੜੀ ਵੱਡੀ ਸਟੇਜ ਸੱਜੀ ਹੋਈ ਸੀ। “ਧੰਨ ਗੁਰੂ ਗ੍ਰੰਥ ਸਾਹਿਬ” ਜੀ ਦੇ ਪ੍ਰਕਾਸ਼ ਹੋਏ ਸਨ। ਗੁਰੂ ਜੀ ਦੀ ਹਜ਼ੂਰੀ ਵਿਚ ਗੁਰਬਾਣੀ ਦੇ ਕੀਰਤਨ ਹੋ ਰਹੇ ਸਨ। ਬਾਬਾ ਠਾਕੁਰ ਸਿੰਘ ਇਕ ਦਮ ਸਟੇਜ `ਤੇ ਚੜ੍ਹ ਕੇ ਚਵਰ ਕਰਨ ਲੱਗ ਪਏ। ਗੁਰੂ ਉੱਪਰ ਚਵਰ ਇਸ ਤਰੀਕੇ ਨਾਲ ਕਰ ਰਹੇ ਸਨ ਜਿਵੇਂ ਉਹਨਾਂ ਨੂੰ ਚਵਰ ਕਰਨ ਦਾ ਬਿਲਕੁਲ ਤਰੀਕਾ ਹੀ ਨਹੀਂ ਸੀ। ਇਕ ਪੱਠੇ ਵੱਢ ਬੰਦੇ ਵਾਂਗੂੰ ਚਵਰ ਕਰ ਰਹੇ ਸਨ ਜੋ ਵੇਖਣ ਨੂੰ ਵੀ ਬੜਾ ਬੁਰਾ ਲੱਗ ਰਿਹਾ ਸੀ। ਫਿਰ ਚਵਰ ਛੱਡ ਕੇ ਇਕ ਦਮ ਸਟੇਜ ਤੇ ਗੁਟਕਾ ਲੈ ਕੇ ਬੈਠ ਗਏ ਜਦੋਂ ਕਿ ਰਾਤ ਦੇ 11-12 ਵੱਜੇ ਹੋਏ ਸਨ। ਨਿੱਤਨੇਮ ਦਾ ਵੀ ਵਕਤ ਨਹੀਂ ਸੀ। ਉਹਨਾਂ ਵਾਸਤੇ ਗੁਰਬਾਣੀ ਦੇ ਹੋ ਰਹੇ ਕੀਰਤਨ ਦਾ ਕੋਈ ਮਤਲਬ ਨਹੀਂ ਸੀ ਜਦੋਂ ਕਿ ਦੂਜਿਆਂ ਨੂੰ ਸੰਗਤ ਕਰਨ ਦਾ ਉਪਦੇਸ਼ ਦਿੰਦੇ ਰਹੇ।

ਇਕ ਬਾਹਰਲੀ ਸਟੇਟ ਦੇ ਸਿੰਘ ਨੇ ਸਟੇਜ `ਤੇ ਸਮਾਂ ਲੈ ਕੇ ਓਧਰ ਦੇ ਸਿੱਖਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦਿਵਾਉਣਾ ਸ਼ੁਰੂ ਕੀਤਾ ਹੀ ਸੀ ਕਿ ਟਕਸਾਲੀਆਂ ਨੇ ਇਕ ਦਮ ਉਹਨੂੰ ਟੋਕ ਦਿੱਤਾ ਕਿ ਇਹ ਗੱਲਾਂ ਇਥੇ ਨਹੀਂ ਕਰਨੀਆਂ। ਉਹ ਸਿੰਘ ਕਹਿੰਦਾ ਕਿ ਜੇ ਸਿੱਖਾਂ ਦੀਆਂ ਮੁਸ਼ਕਲਾਂ ਇੰਨੀਆਂ ਵੱਡੀਆਂ ਸੰਪਰਦਾਈ ਟਕਸਾਲੀ ਸਟੇਜਾਂ `ਤੇ ਸਾਂਝੀਆਂ ਨਹੀਂ ਕਰਨੀਆਂ ਤਾਂ ਹੋਰ ਕਿੱਥੇ ਕਰਾਂਗੇ? ਜਿਹੜੇ ਕਹਿੰਦੇ ਕਿ ਟਕਸਾਲ ਦੀ ਕੁਰਬਾਨੀ ਬੜੀ ਹੈ। ਉਹ ਵਿਚਾਰ ਲੈਣ। ਜੇ ਕੋਈ ਕਿਸੇ ਨੂੰ ਚੰਗਾ ਰੋਟੀ ਪਾਣੀ ਛਕਾ ਕੇ ਮਗਰੋਂ ਕਹੇ ਕਿ ਇਹ ਲੈ ਥੋੜ੍ਹਾ ਜ਼ਹਿਰ ਵੀ ਖਾ ਲੈ ਤਾਂ ਕੀ ਕੁਰਬਾਨੀ ਹੈ?

ਬਾਬਾ ਠਾਕੁਰ ਸਿੰਘ ਨੂੰ ਡੇਰੇ ਵਾਲੇ ਸਿੰਘਾਂ ਨੇ ਕਿਹਾ ਕਿ ਬਾਬਾ ਜੀ! ਤੁਸੀਂ ਜ਼ਿਆਦਾ ਬਾਹਰਲੇ ਦੇਸ਼ਾਂ ਵਿਚ ਹੀ ਰਹਿੰਦੇ ਹੋ ਕਿਤੇ ਇਥੇ ਵੀ ਰਿਹਾ ਕਰੋ ਸੰਗਤਾਂ ਦੀ ਮੰਗ ਹੈ। ਅੱਗੋਂ ਠਾਕੁਰ ਸਿੰਘ ਕਹਿੰਦਾ ਹੈ ਕਿ ਬਾਹਰਲੇ ਦੇਸ਼ਾਂ ਵਿਚ ਤਾਂ ਡਾਕਟਰ ਬਹੁਤ ਸਿਆਣੇ ਹਨ। ਇੱਧਰ ਮੈਨੂੰ ਕੌਣ ਬਚਾਵੇਗਾ? ਇਹ ਡਾਕਟਰ ਵੀ ਠੀਕ ਨਹੀਂ ਹਨ। ਇਥੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹਨਾਂ ਨੂੰ ਗੁਰੂ `ਤੇ ਕੀ ਭਰੋਸਾ ਹੈ। ਆਖ਼ਰ ਇਹ ਬਾਬਾ “ਪਹਿਲਾਂ ਮਰਣ ਕਬੂਲ” ਗੁਰ ਬਚਨ ਉੱਪਰ ਨਾਹ ਪਹਿਰਾ ਦਿੰਦਾ ਹੋਇਆ ਵੀ ਮਿਤੀ———ਨੂੰ ਸੰਸਾਰ ਤੋਂ ਕੂਚ ਕਰ ਗਿਆ। ਜੋਗੀਆਂ ਵਾਂਗ ਇਹ ਟਕਸਾਲੀ ਵੀ ਗ੍ਰਿਸਤ ਨੂੰ ਬਹੁਤ ਚੰਗਾ ਨਹੀਂ ਸਮਝਦੇ। ਬਿਹੰਗਮ (ਜੋ ਵਿਆਹ ਨਹੀਂ ਕਰਾਉਂਦੇ) ਉਹਨਾਂ ਨੂੰ ਪਹਿਲ ਦਿੰਦੇ ਹਨ। ਇਹਨਾਂ ਦਾ ਇਹ ਵੀ ਕਹਿਣਾ ਪ੍ਰਚਲਿਤ ਹੈ ਕਿ ਦਮਦਮੀ ਟਕਸਾਲ ਦਾ ਮੁਖੀ ਗ੍ਰਿਹਸਤ ਨਹੀਂ ਕਰ ਸਕਦਾ ਉਸ ਵਾਸਤੇ ਜਤੀ ਰਹਿਣਾ ਜ਼ਰੂਰੀ ਹੈ। ਇਥੋਂ ਇਹ ਵੀ ਸਿੱਧ ਹੁੰਦਾ ਹੈ ਕਿ ਗੁਰਬਾਣੀ ਦੇ ਕਥਾਕਾਰ ਟਕਸਾਲੀ ਅਜੇ ਤਕ ਜਤ ਦੇ ਅਰਥ ਵੀ ਨਹੀਂ ਜਾਣਦੇ।

ਬਾਹਰਲੇ ਦੇਸ਼ ਵਿਚ ਭਾਈ ਰਾਮ ਸਿੰਘ ਨੂੰ ਟਕਸਾਲ ਦੀ ਜਿੰਮੇਵਾਰੀ ਦੇਣਾ ਪਤਾ ਨਹੀਂ ਕਿ ਕੀ ਸਟੰਟ ਸੀ ਅਤੇ ਅਗਲੇ ਦਿਨ ਹੀ ਵਾਪਸ ਲੈ ਲਈ। ਵਿਵਾਦ ਅਖ਼ਬਾਰਾਂ ਵਿਚ ਆਇਆ ਭਾ: ਰਾਮ ਸਿੰਘ ਨੇ ਫੋਟੋਆਂ ਦਿਖਾਈਆਂ। ਮਹਿਤੇ ਵਾਲਿਆਂ ਨੇ ਫੋਟੋਆਂ ਨੂੰ ਗ਼ਲਤ ਆਖਿਆ, ਪੱਗ ਦਾ ਝਗੜਾ ਪੈ ਗਿਆ ਮਹਿਤੇ ਵਾਲਿਆਂ ਵੱਲੋਂ ਮੁੱਖ ਉਮੀਦਵਾਰ ਤਿੰਨ ਸਨ—ਭਾਈ ਹਰਨਾਮ ਸਿੰਘ ਧੁੰਮਾ, ਭਾ: ਮੋਹਕਮ ਸਿੰਘ, ਭਾਈ ਜਸਵੀਰ ਸਿੰਘ ਰੋਡੇ। ਭਾਈ ਮੋਹਕਮ ਸਿੰਘ ਨੇ ਜਸਬੀਰ ਸਿੰਘ ਰੋਡੇ ਨੂੰ ਕਹਿ ਦਿੱਤਾ ਕਿ ਤੂੰ ਜਿਨੂੰ ਮਰਜੀ ਬਣਾ ਦੇ। ਹੁਣ ਭਾਈ ਜਸਬੀਰ ਸਿੰਘ ਤਾਂ ਪਾਸੇ ਕਰ ਦਿੱਤਾ ਗਿਆ ਕਿਉਂਕਿ ਉਹ ਆਪਣੇ ਆਪ ਨਹੀਂ ਸੀ ਕਹਿ ਸਕਦਾ ਕਿ ਮੈਂ ਬਣ ਜਾਂਦਾ ਹਾਂ। ਭਾ: ਮੋਹਕਮ ਸਿੰਘ ਉਂਝ ਗ੍ਰਿਹਸਤੀ ਸੀ, ਇਥੇ “ਜਤੀ ਸਦਾਵਹਿ::::” ਚਾਹੀਦਾ ਸੀ ਸੋ ਭ: ਹਰਨਾਮ ਸਿੰਘ ਧੁੰਮਾ ਨੂੰ ਦੁਸਹਿਰੇ `ਤੇ ਪੱਗ ਬੱਝ ਗਈ ਉਧਰ ਅਕਾਲੀ ਸ਼੍ਰੋਮਣੀ ਕਮੇਟੀ ਦੀ ਹਮਾਇਤ ਪ੍ਰਾਪਤ ਭਾ: ਰਾਮ ਸਿੰਘ ਵੀ ਜਿੱਤ ਗਿਆ ਉਹਨੂੰ ਵੀ ਇਕ ਨਵੇਂ ਹੀ ਡੇਰੇ ਲਿਜਾ ਕੇ ਪੱਗ ਬੰਨ੍ਹ ਦਿੱਤੀ। ਵਿਵਾਦ ਭਖਿਆ ਅਖ਼ਬਾਰਾਂ ਵਿਚ ਪੂਰੀ ਖਿੱਲ੍ਹੀ ਉੱਡੀ ਕਿ ਨਵਾਬੀਆਂ ਨੂੰ ਜੁੱਤੀ ਦੀ ਨੋਕ ਉੱਪਰ ਦੀ ਲੰਘਾ ਦੇਣ ਵਾਲੇ ਸਿੱਖ ਸੰਪਰਦਾਈ ਕਹਾਉਣ ਵਾਲੇ ਅੱਜ ਪੱਗਾਂ ਤੋਂ ਲੜ ਰਹੇ ਹਨ। ਇਹਨਾਂ ਸੰਪਰਦਾਵਾਂ ਨੇ ਸਿੱਖ ਕੌਮ ਨੂੰ ਕਦੇ ਵੀ ਤਰੱਕੀ ਵਾਲੇ ਪਾਸੇ ਆਉਣ ਹੀ ਨਹੀਂ ਦਿੱਤਾ। ਅਜੋਕੇ ਸਾਧਾਂ ਨੇ ਡਬਲ ਰੋਲ ਨਿਭਾਇਆ, ਦੋਹਰੀ ਨੀਤੀ `ਤੇ ਚਲਦਿਆਂ ਇਹਨਾਂ ਸਾਧਾਂ ਨੇ ਪਹਿਲਾਂ ਮਹਿਤੇ ਪੱਗ ਬੰਨ੍ਹੀ ਫਿਰ ਸੰਗਰਾਏ (ਬਟਾਲਾ) ਜਾ ਕੇ ਰਾਮ ਸਿੰਘ ਨੂੰ ਵੀ ਬੰਨ੍ਹ ਦਿੱਤੀ। ਭਾ: ਗੁਰਦਾਸ ਜੀ ਦੇ ਕਥਨਾਂ ਮੁਤਾਬਿਕ ਜੇ ਕਿਤੇ ਅੱਗ ਲੱਗ ਜਾਵੇ ਤਾਂ ਪਾਣੀ ਨਾਲ ਬੁਝਾਈ ਜਾ ਸਕਦੀ ਹੈ ਪਰ ਜੇ ਪਾਣੀ ਨੂੰ ਹੀ ਅੱਗ ਲੱਗ ਜਾਵੇ ਤਾਂ ਕਿਸ ਨਾਲ ਬੁਝਾਵਾਂਗੇ। ਪਾਣੀ ਜ਼ਮੀਨ ਦੀ ਜਿੰਦਜਾਨ ਹੈ ਪਰ ਜਿਹੜੀ ਜ਼ਮੀਨ ਪਾਣੀ ਦੀ ਹੀ ਮਾਰੀ ਹੋਵੇ ਉਹਦਾ ਕੀ ਬਣੇਗਾ? ਇਹਨਾਂ ਸੰਪਰਦਾਈਆਂ ਦੀ ਵੀ ਇਹੀ ਹਾਲਤ ਹੈ। ਜਿੱਥੇ ਜਿੱਥੇ ਵੀ ਇਹਨਾਂ ਦੇ ਡੇਰੇ ਹਨ ਇਹ ਸਾਰੇ ਹੀ ਪੱਗਾਂ ਬੰਨ੍ਹ ਕੇ ਮੁਖੀ ਹੋਣ ਦਾ ਦਾਅਵਾ ਕਰਨਗੇ। ਇਕ ਪ੍ਰਚਾਰਕ ਭਾਈ ਸੁਖਦੇਵ ਸਿੰਘ ਜੋ ਬਾਬਾ ਠਾਕੁਰ ਸਿੰਘ ਦਾ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਹੈ। ਉਹ ਟਕਸਾਲ ਦੇ ਸਮਾਗਮਾਂ ਦਾ ਪ੍ਰਬੰਧਕ ਹੈ। ਇਹ ਵੀਰ ਆਪਣੇ ਸਾਰੇ ਸਮਾਗਮਾਂ ਵਿਚ ਪੰਥ ਵਿਚ ਵੰਡੀਆਂ ਪਾਉਣ ਦੀ ਸੇਵਾ ਤਨਦੇਹੀ ਨਾਲ ਨਿਭਾ ਰਿਹਾ ਹੈ। ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਯਾਦਾ ਨੂੰ ਇਹ ਸਦਾ ਹੀ ਭੰਡਦਾ ਨਿੰਦਦਾ ਰਹਿੰਦਾ ਹੈ, ਜਿਹੜੇ ਵੀਰ ਇਸ “ਸਿੱਖ ਰਹਿਤ ਮਰਯਾਦਾ” ਨੂੰ ਮੰਨਦੇ ਹਨ ਪਹਿਰਾ ਦਿੰਦੇ ਹਨ। ਇਹ ਉਹਨਾਂ ਨੂੰ ਬੇਇੱਜਤ ਕਰਨਾ ਆਪਣਾ ਪਰਮ ਧਰਮ ਸਮਝਦਾ ਹੈ। ਸਿੱਖ ਰਹਿਤ ਮਰਯਾਦਾ ਨੂੰ ਰੱਦ ਕਰਨ ਦੀ ਖਾਤਰ ਕਈ ਮਨਘੜਤ ਕੱਚੀਆਂ ਦਲੀਲਾਂ ਦਿੰਦਾ ਹੈ। ਮਿਸਾਲ ਵਜੋਂ, ਕੜਾਹ ਪ੍ਰਸ਼ਾਦ ਕਿਰਪਾਨ ਭੇਟ ਕਰਨ ਦੀ ਗੱਲ ਹੈ। ਇਹ ਕਹਿੰਦਾ ਹੈ ਕਿ ਟਕਸਾਲ ਮੰਨਦੀ ਹੈ ਕਿ “ਗੁਰੂ ਗ੍ਰੰਥ ਸਾਹਿਬ ਜੀ” ਦੇਹ ਸਰੂਪ ਹੋਣ ਕਰਕੇ ਕੜਾਹ ਪ੍ਰਸ਼ਾਦ ਛਕਦੇ ਹਨ। ਇਸ ਕਰਕੇ ਟਕਸਾਲੀ ਵੀਰ ਕਿਰਪਾਨ ਭੇਟ ਕਰਨ ਤੇ ‘ਦਰ ਪ੍ਰਵਾਨ ਹੋਵੇ ਨਹੀਂ ਕਹਿੰਦੇ ਸਗੋਂ ‘ਭੋਗ ਲਾਉਣਾ’ ਕਹਿੰਦੇ ਹਨ, ਕਹਿੰਦਾ ਇਕ ਵਾਰੀ ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ ਜੀ ਨੇ ਪੰਜ ਕਿਲੋ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ। ਫਿਰ ਆਪ ਅਰਦਾਸ ਕੀਤੀ। ਫਿਰ ‘ਭੋਗ ਲਾਉ’ ਵਾਲੀਆਂ ਪੰਗਤੀਆਂ ਪੜ੍ਹੀਆ ਫਿਰ ਸੰਗਤਾਂ ਨੂੰ ਕਿਹਾ ਹੁਣ ਤੋਲੋ। ਜਦੋਂ ਪ੍ਰਸ਼ਾਦ ਤੋਲਿਆ ਤਾਂ 250 ਗ੍ਰਾਮ (ਪਾਈਆ) ਪ੍ਰਸ਼ਾਦ ਘੱਟ ਨਿਕਲਿਆ। ਇਸ ਤੋਂ ਸਿੱਧ ਹੁੰਦਾ ਹੈ ਕਿ “ਗੁਰੂ ਗ੍ਰੰਥ ਸਾਹਿਬ ਜੀ” ਪ੍ਰਸ਼ਾਦ ਛਕਦੇ ਹਨ। ਇਹ ਦਲੀਲਾਂ ਹਨ ਇਹਨਾਂ ਟਕਸਾਲੀਆਂ ਦੀਆਂ (ਇਸ ਬਾਰੇ ਖੁੱਲ੍ਹੀ ਵਿਚਾਰ) ਪੁਸਤਕ ਦੇ ਪਹਿਲੇ ਭਾਗ ਵਿਚ ਕਰ ਆਇਆ ਹਾਂ।

ਬਾਬਾ ਠਾਕੁਰ ਸਿੰਘ ਜੋ ਭਾਈ ਤਰਦੀਪ ਸਿੰਘ, ਭਾਈ ਮਨਬੀਰ ਸਿੰਘ ਅਤੇ ਭਾਈ ਧੰਨਾ ਸਿੰਘ ਦੀ ਬੋਲੀ ਵਿਚ ਇਕ ‘ਬ੍ਰਹਮ ਗਿਆਨੀ’ (ਪਰ ਨਵੇਂ ਯੁਗ ਦੇ) ਕਹੇ ਜਾ ਸਕਦੇ ਹਨ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਸਰਕਾਰ ਨਾਲ ਟੱਕਰ ਲੈਣ ਦੀ ਪਹੁੰਚ ਵਿਚ ਹਰ ਸਮੇਂ ਵਿਰੋਧਤਾ ਕੀਤੀ ਅਤੇ ‘ਨੀਲੇ ਤਾਰੇ’ ਪਿੱਛੋਂ ਗੁ: ਗੁਰਦਰਸ਼ਨ ਪ੍ਰਕਾਸ਼ ਵਿਖੇ ਸੰਮੇਲਨ ਕਰਨ ਵਿਚ ਵੀ ਰੋੜੇ ਅਟਕਾਏ। ਸਰਬੱਤ ਖ਼ਾਲਸਾ ਦੀ ਵਿਰੋਧਤਾ ਕੀਤੀ, ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕੀਤੀ ਹੁਣ ਵੀ ਟਕਸਾਲੀ ਪ੍ਰਚਾਰਕ ਜਿੱਥੇ ਬੋਲਦੇ ਹਨ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਹਨ ਕਿਉਂਕਿ ਇਹ ਟਕਸਾਲੀ, ਇਸਾਈ, ਹਿੰਦੂ ਕੈਲੰਡਰ ਦੇ ਹਾਮੀ ਹਨ ਪਰ ਸਿੱਖਾਂ ਦੇ ਕੈਲੰਡਰ ਦੇ ਕੱਟੜ ਵਿਰੋਧੀ। ਇਹਨਾਂ ਨੂੰ ਐਸੇ ਵਿਰੋਧ ਕਰਨ ਦੇ ਸੰਬੰਧ ਵਿਚ ਕਦੇ ਕਿਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਜਥੇਦਾਰ ਨੇ ਅਕਾਲ ਤਖ਼ਤ `ਤੇ ਤਲਬ ਨਹੀਂ ਕੀਤਾ ਕਦੇ ਕਿਸੇ ਦੀ ਪੇਸ਼ੀ ਨਹੀਂ ਮੰਗੀ। ਜਿਸ ਕਰਕੇ ਹੀ ਮੁਆਮਲਾ ਸ਼ੱਕੀ ਜਾਪਦਾ ਹੈ।

ਸੰਤ ਬਾਬਾ ਹਰਨਾਮ ਸਿੰਘ ਧੁੰਮਾ (ਟਕਸਾਲ)

ਇਹਨਾਂ ਨੂੰ ਮਹਿਤੇ ਪੱਗ ਬੱਝੀ ਹੈ। ਇਹ ਬਿਹੰਗਮ ਹਨ। ਜੋਗੀਆਂ ਵਾਲੇ ਜਪ, ਤਪ, ਚਾਲੀਸੇ, ਭੋਰਿਆਂ ਵਿਚ ਬੈਠ ਕੇ ਕਰ ਰਹੇ ਹਨ। ਥੋੜ੍ਹੇ ਦਿਨ ਹੋਏ ਕੰਗਾਂ ਵਾਲੇ ਸਿੰਘ ਇਹਨਾਂ ਨੂੰ ਮਿਲਣ ਗਏ। ਸਿੰਘਾਂ ਨੇ ਕਿਹਾ ਕਿ ਆਸ਼ੂਤੋਸ਼ ਨੂਰਮਹਿਲੀਆ ਅਤੇ ਹੋਰ ਦੇਹਧਾਰੀ ਸਿਰ ਤੇ ਚੜ੍ਹਦੇ ਆ ਰਹੇ ਹਨ। ਕੀ ਕੁਝ ਬਣਦਾ ਜਾ ਰਿਹਾ ਹੈ, ਇਨ੍ਹਾਂ ਹਾਲਾਤਾਂ ਵਿਚ ਆਪਣੇ ਕੀ ਫ਼ਰਜ਼ ਬਣਦੇ ਹਨ? ਇਹਨਾਂ ਸੰਤਾਂ ਨੇ ਅੱਗੋਂ ਜਵਾਬ ਦਿੱਤਾ ਕਿ ਅਸੀਂ ਜਪ ਤਪ ਸਮਾਗਮ ਕਰ ਰਹੇ ਹਾਂ, 40 ਦਿਨ ਚਾਲੀਸਾ ਕੱਟਣਾ ਹੈ, ਕਿਸੇ ਨਾਲ ਬੋਲਣਾ ਵੀ ਨਹੀਂ ਹੈ। ਮੌਨ ਧਾਰਨਾ ਹੈ। ਸਿੱਖ ਸੰਗਤਾਂ ਅੰਦਾਜ਼ਾ ਲਾਉਣ ਕਿ ਜ਼ਿੰਮੇਵਾਰ ਕੌਣ?

ਹੁਸ਼ਿਆਰਪੁਰ ਲਾਗੇ ਇਕ ਡੇਰਾ ਹੈ, ਉਥੇ ਵੀ ਸਾਧ, ਜੋਗੀਆਂ ਵਾਲੇ ਚਾਲੀਸੇ ਕੱਟ ਰਹੇ ਹਨ। ਕਮਰੇ ਬਣੇ ਹੋਏ ਹਨ। ਹਰ ਕਮਰੇ ਵਿਚ ਇਕ ਇਕ ਮੋਰੀ ਰੱਖੀ ਹੋਈ ਹੈ ਜਿਸ ਵਿਚਦੀ ਰੋਟੀ ਵਾਲੀ ਥਾਲੀ ਲੰਘ ਜਾਵੇ। ਅੰਦਰੇ ਹੀ ਲੈਟਰੀਨਾਂ ਬਣੀਆਂ ਹੋਈਆਂ ਹਨ। ਜੇ ਕੋਈ ਬਿਮਾਰ ਹੋ ਜਾਵੇ ਤਾਂ ਉਹ ਮੂੰਹੋਂ ਕੁਝ ਨਹੀਂ ਬੋਲ ਸਕਦਾ। ਉਹ ਚਿੱਟ ਲਿਖ ਕੇ ਮੋਰੀ ਥਾਣੀਂ ਬਾਹਰ ਭੇਜਦਾ ਹੈ। ਗੱਡੀ ਆਉਂਦੀ ਹੈ, ਫਿਰ ਉਸਦਾ ਇਲਾਜ ਹੁੰਦਾ ਹੈ। ਦੱਸੋ ਇਹ ਕਿਹੜੀ ਸਿੱਖੀ ਹੈ?




.