.

ਦਸਮ ਗ੍ਰੰਥ ਦਾ ਲਿਖਾਰੀ ਕੌਣ?

(ਭਾਗ ਪਹਿਲਾ, ਕਿਸ਼ਤ ਨੰ: 03)

ਜਸਬਿੰਦਰ ਸਿੰਘ ਖਾਲਸਾ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ

ਸ੍ਰੀ ਭਗਉਤੀ ਜੀ ਸਹਾਇ।।

ਅਥ ਪਖਯਾਨ ਚਰਿਤ੍ਰ ਲਿਖਯਤੇ

ਪਾਤਿਸ਼ਾਹੀ ੧੦।।

ਪਾਤਰ: ਸ੍ਰੀ ਭਗਉਤੀ ਕਵੀ ਰਾਮ

ਦਸਮ ਗ੍ਰੰਥ ਦਾ ਮੁਖ ਲੇਖਕ ਕਵੀ ਰਾਮ ਅਪਣੇ ਇਸ਼ਟ ਸ੍ਰੀ ਭਗਉਤੀ ਦੀ ਦਿਲ ਖੋਲ੍ਹ ਕੇ ਉਸਤਤ ਕਰਦਾ ਹੈ। ਉਹ ਕਹਿੰਦਾ ਹੈ ਕਿ ਹੇ ਭਗਉਤੀ ਮੇਰੇ ਲਈ ਤੂੰਹੀ ਖੜਗਧਾਰੀ ਅਤੇ ਬਾਢਵਾਰੀ ਹੈ। ਮੈਂ ਤੈਨੂੰ ਹੀ ਤੀਰ-ਤਲਵਾਰ ਤੇ ਕਾਤੀ-ਕਟਾਰੀ ਮੰਨਦਾ ਹਾਂ। ਤੇਰੇ ਵਿੱਚ ਹੀ ਮੈਂ ਹੱਲਬੀ-ਜੁਨੱਬੀ ਤੱਕਦਾ ਹਾਂ। ਜਿੱਧਰ ਭੀ ਮੈਂ ਤੈਨੂੰ ਤੱਕਣ ਦੀ ਕੋਸ਼ਿਸ਼ ਕਰਦਾ ਹਾਂ ਉੱਧਰ ਹੀ ਤੂੰ ਮੈਨੂੰ ਖੜੀ ਨਜ਼ਰ ਆਉਂਦੀ ਹੈਂ। ਜੋਗ ਮਾਯਾ ਅਤੇ ਬਾਕਬਾਨੀ (ਸੁਰਸਵਤੀ) ਰੂਪਾ ਤੇ ਸ੍ਰੀ ਭਵਾਨੀ ਸਭ ਤੇਰੇ ਹੀ ਤਾਂ ਰੂਪ ਹਨ। ਸੱਚ ਪੁੱਛੋ ਤਾਂ ਬਿਸ਼ਨ-ਬ੍ਰਹਮਾ ਤੇ ਰੁਦ੍ਰ ਰਾਜੇ ਵਿੱਚ ਭੀ ਤੂੰ ਹੀ ਨਜ਼ਰ ਆਉਂਦੀ ਹੈਂ। ਮੈਨੂੰ ਯਕੀਨ ਹੈ ਕਿ ਤੂੰ ਬਿਸ੍ਵਮਾਤਾ ਹੈਂ ਤੇ ਸਭ ਥਾਈਂ ਤੂੰ ਬਿਰਾਜਦੀ ਹੈਂ। ਦੇਵਤੇ ਤੇ ਦੈਂਤ ਤੇਰੇ ਹੀ ਤਾਂ ਪੈਦਾ ਕੀਤੇ ਹਨ। ਤੁਰਕ ਤੇ ਹਿੰਦੂ ਭੀ ਤੂੰ ਹੀ ਸੰਸਾਰ ਵਿੱਚ ਪੈਦਾ ਕੀਤੇ। ਤੇਰਾ ਡਰਾਉਣਾ ਰੂਪ ਅਤੇ ਅੰਤਾਂ ਦੀ ਸੁੰਦਰਤਾ ਬਿਆਨੋ ਬਾਹਰ ਹੈ। ਅਪਣੇ ਮੁੱਖ ਤੋਂ ਚਾਰੋਂ ਬੇਦ ਤੇਰੇ ਹੀ ਤਾਂ ਉਚਾਰਣ ਕੀਤੇ ਹਨ।

(ਇਹ ਵੱਖਰੀ ਗੱਲ ਹੈ ਕਿ ਹਿੰਦੂ ਧਰਮ ਵੇਦਾਂ ਦਾ ਰਚਾਇਤਾ ਬ੍ਰਹਮਾ ਨੂੰ ਮੰਨਦਾ ਹੈ ਪਰ ਕਵੀ ਰਾਮ ਸ੍ਰੀ ਭਗਉਤੀ ਨੂੰ)

ਤੇਰੀ ਬਹਾਦਰੀ ਦਾ ਲੇਖਾ ਜੋਖਾ ਨਹੀਂ ਹੋ ਸਕਦਾ। ਤੂੰ ਹੀ ਸੁੰਭ-ਨਿਸੁੰਭ ਦੈਤਾਂ ਨੂੰ ਮਾਰਿਆ। ਨਰਸਿੰਘ ਦਾ ਰੂਪ ਧਾਰ ਕੇ ਤੂੰ ਹਰਨਾਖਸ ਨੂੰ ਮਾਰਿਆ। ਦਾੜ੍ਹ ਦੈਂਤ ਨੂੰ ਮਾਰਨਵਾਲੀ ਭੀ ਤੂੰ ਤੇ ਰਾਮ ਦਾ ਅਵਤਾਰ ਲੈ ਕੇ ਹਠੀ (ਰਾਵਣ) ਮਾਰਨ ਵਾਲੀ ਭੀ ਤੂੰ। ਫਿਰ ਕ੍ਰਿਸ਼ਨ ਦਾ ਰੂਪ ਧਾਰ ਕੇ ਕੰਸ ਨੂੰ ਖਪਾਯਾ। ਤੈਨੂੰ ਲੋਕ ਜਾਲਪਾ ਤੇ ਕਾਲਕਾ ਭੀ ਆਖਦੇ ਹਨ। ਚੌਦਾਂ ਲੋਕਾਂ ਵਿੱਚ ਤੇਰਾ ਹੀ ਰਾਜ ਹੈ। ਤੂੰ ਪੈਦਾ ਕਰਨ ਵਾਲੀ ਹੈਂ ਅਤੇ ਮਾਰਨ ਵਾਲੀ ਕਾਲ ਦੀ ਰਾਤ ਲੈ ਕੇ ਘੁੰਮਦੀ ਹੈਂ। ਤੈਨੂੰ ਲੋਕ ਉਗ੍ਰਾ ਅਤੇ ਅਤਿਉਗ੍ਰਾ ਦੇ ਰੂਪ ਵਿੱਚ ਭੀ ਜਾਣਦੇ ਹਨ ਤੇ ਤੈਨੂੰ ਚੌਦਾਂ ਲੋਕਾਂ ਦੀ ਰਾਣੀ ਆਖਦੇ ਹਨ ਰਾਜੇਸ਼ਵਰੀ ਦੇ ਸਰੂਪ ਚੋਂ ਹੁੰਦੀ ਹੋਈ ਤੂੰ ਬਿਯਾਸ ਦੀ ਬਾਣੀ (ਪੁਰਾਣਾਂ) ਵਿੱਚ ਛੁੱਪੀ ਹੈਂ। ਕਦੇ ਸ਼ੇਸਨਾਗ ਦੇ ਫਣ ਤੇ ਤੂੰ ਸੇਜ ਵਿਛਾਈ ਤੇ ਕਦੇ ਸ਼ੇਰ ਦੀ ਸਵਾਰੀ ਕੀਤੀ। ਚੰਡ ਅਤੇ ਮੁੰਡ ਦੈਂਤਾਂ ਨੂੰ ਖਪਾਉਣ ਵਾਲੀ ਤੇ ਰਕਤਬੀਜ ਨਾਲ ਜੁੱਧ ਕਰਨ ਵਾਲੀ ਭੀ ਤੂੰ ਹੀ ਹੈਂ। ਮਹਿਖਾਸੁਰ-ਧੁਮ੍ਰਾਛ-ਜਵਾਲਾਛਸ ਦੈਂਤਾਂ ਨੂੰ ਖਪਾਯਾ। ਕੌਚ-ਬਕ੍ਰਤਾਪਬਿਡਾਲਾਛ-ਚਿੱਛੁਰਾਛਸ ਤੋਂ ਰੱਖਿਆ ਕੀਤੀ। ਡੌਰੂ ਬਜਾਣ ਵਾਲੀ ਭੀ ਤੂੰ ਹੀ ਹੈਂ। ਲੋਕੀਂ ਤੈਨੂੰ ਜਯੰਤੀਮੰਗਲਾ-ਕਪਾਲਿਨ ਤੇ ਭੱਦ੍ਰਕਾਲੀ ਭੀ ਕਹਿੰਦੇ ਹਨ ਤੇ ਦੁਰਗਾ ਅਤੇ ਸਿਵ ਜੀ ਦਾ ਰੂਪ ਭੀ ਤੇਰਾ ਹੀ ਗਿਣਦੇ ਹਨ। ਹੇ ਸ੍ਰੀ ਭਗਉਤੀ ਮੈ ਤੈਨੂੰ ਨਮਸਕਾਰ ਕਰਦਾ ਹਾਂ।

ਸਵੇਰ ਤੋਂ ਸ਼ਾਮ ਤੱਕ ਤੂੰ ਲਾਲ ਬਸਤ੍ਰ ਧਾਰਣ ਕਰਦੀ ਹੈਂ ਤੇ ਤੇਰੇ ਗਲੇ ਵਿੱਚ ਮੁਰਦਿਆਂ ਦੀਆਂ ਖੋਪੜੀਆਂ ਦਾ ਹਾਰ ਹੈ। ਤੂੰ ਮੱਛ ਦਾ ਰੂਪ ਧਾਰਿਆ ਤੇ ਕੱਛ ਦਾ ਰੂਪ ਹੋ ਕੇ ਸਮੁੰਦ੍ਰ ਨੂੰ ਰਿੜਕਿਆ। ਨਿਹਕਲੰਕੀ ਦੇ ਰੂਪ ਵਿੱਚ ਸਭ ਮਲੇਛਾਂ ਦਾ ਨਾਸ ਕੀਤਾ। ਹੇ ਮਾਂ (ਸ੍ਰੀ ਭਗਾਉਤੀ) ਅਪਣਾ ਚੇਲਾ ਜਾਣ ਕੇ ਮੇਰੇ ਤੇ ਮੇਹਰ ਕਰਨੀ ਅਤੇ ਜੋ ਮੇਰੇ ਚਿੱਤ ਵਿੱਚ ਹੈ ਉਹ ਮੈਨੂੰ ਦੇਣਾ।

ਕਵੀ ਰਾਮ ਅਪਣੇ ਇਸ਼ਟ ਸ੍ਰੀ ਭਗਉਤੀ ਦੀ ਉਸਤਤ ਇਨ੍ਹਾਂ ਸਬਦਾਂ ਵਿੱਚ ਕਰਦਾ ਹੈ:-

ਦਿਲ ਤਾਂ ਚਾਹੁੰਦਾ ਹੈ ਕਿ ਅਨਤਰਿਆਂ ਹੀ ਸਿੰਧ ਨੂੰ ਤਰ ਕੇ ਪਾਰ ਕਰ ਜਾਂਵਾਂ ਪਰ ਬਿਨਾ ਨੌਕਾ (ਬੇੜੀ) ਦੇ ਕਿਵੇਂ ਤਰਿਆ ਜਾਏ। ਮੈਂ ਤਾਂ ਤੇਰਾ ਹੀ ਨਾਂ ਧਿਆਉਂਦਾ ਹਾਂ। ਗੂੰਗਾ ਤੇਰੀ ਕ੍ਰਿਪਾ ਨਾਲ ਅਪਣੇ ਮੂੰਹ ਤੋਂ ਖਟ ਸ਼ਾਸਤ੍ਰਾਂ ਨੂੰ ਸੁਣਾ ਸਕਦਾ ਹੈ ਤੇ ਪਿੰਗਲਾ ਪਰਬਤਾਂ ਤੇ ਚੜ੍ਹ ਸਕਦਾ ਹੈ। ਅੰਨ੍ਹਿਆਂ ਨੂੰ ਅੱਖਾਂ ਮਿਲ ਜਾਂਦੀਆਂ ਹਨ ਤੇ ਬੋਲੇ ਸੁਣਨ ਲਗ ਜਾਂਦੇ ਹਨ। ਤਰਬੂਜ ਤੇ ਔਰਤ ਦੇ ਗਰਭ ਦਾ ਕੋਈ ਭੇਦ ਨਹੀਂ ਪਾ ਸਕਦਾ। ਜੇਕਰ ਤੇਰੀ ਕ੍ਰਿਪਾ ਹੋ ਜਾਏ ਤਾਂ ਕੁੱਛ ਕੁੱਛ ਜੋੜ ਤੋੜ ਕੇ ਦੱਸ ਸਕਦਾ ਹਾਂ। ਪਹਿਲਾਂ ਮੈਂ ਤੇਰੀ ਅਰਾਧਨਾ ਕਰਦਾ ਹਾਂ ਅਪਣੇ ਬਲ ਅਤੇ ਬੁੱਧੀ ਅਨੁਸਾਰ ਜੋ ਤੂੰ ਮੈਨੂੰ ਦਿੱਤੀ ਹੈ। ਡਰਦਾ ਹਾਂ ਕਿ ਘੱਟ ਕਵਿਤਾ ਲਿਖੀ ਜਾਣ ਤੇ ਮੇਰਾ ਕੋਈ ਹਾਸਾ ਹੀ ਨਾ ਉਡਾਏ। ਇਸੇ ਲਈ ਮੈਂ ਤ੍ਰਿਯਾ ਪ੍ਰਸੰਗ ਵਰਨਣ ਕਰਨ ਲਈ ਪਹਿਲਾਂ ਸ੍ਰੀ ਭਗਉਤੀ ਦੀ ਅਰਾਧਨਾ ਕੀਤੀ ਹੈ ਮੇਰੇ ਹਿਰਦੇ ਵਿੱਚ ਤੂੰ ਨਦੀ ਸਮਾਨ ਹੈਂ ਤੇ ਲਹਿਰਾਂ ਬਣ ਬਣ ਪ੍ਰਗਟ ਹੋਣਾ।

ਮੇਰੇ ਘਾਹ ਸਮਾਨ ਤੇ ਮੇਹਰ ਕਰਨੀ। ਹੇ ਗਰੀਬ ਨਿਵਾਜ (ਸ੍ਰੀ ਭਗਾਉਤੀ) ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ। ਹੇ ਪ੍ਰਭੂ ਮੇਰੀਆਂ ਭੁੱਲਾਂ ਮੁਆਫ ਕਰ ਦੇਣੀਆਂ। ਮੈਂ ਅਪਣੇ ਆਪ ਨੂੰ ਭੁੱਲਣਹਾਰ ਕਬੂਲਦਾ ਹਾਂ। ਜੋ ਤੇਰੀ ਸੇਵਾ ਕਰਦੇ ਹਨ ਉਨ੍ਹਾਂ ਦੇ ਛਿਨ ਮਾਤਰ ਵਿੱਚ ਧੰਨ ਦੇ ਭੰਡਾਰ ਭਰ ਦੇਂਦਾ ਹੈਂ।

ਦੋਹਰਾ।। ਅਨਤਰਿਯਾ ਜਯੋਂ ਸਿੰਧੁ ਕੋ ਚਹਤ ਤਰਨ ਕਰਿ ਜਾਉਂ।।

ਬਿਨੁ ਨੌਕਾ ਕੈਸੇ ਤਰੈ ਲਏ ਤਿਹਾਰੋ ਨਾਉਂ।। ੪੨।।

ਮੂਕ ਉਚਰੈ ਸ਼ਾਸਤ੍ਰ ਖਟ ਪਿੰਗ ਗਿਰਨ ਚੜਿ ਜਾਇ।।

ਅੰਧ ਲਖੈ ਬਧਰੋ ਸੁਨੈ ਜੌ ਤੁਮ ਕਰੋ ਸਹਾਇ।। ੪੩।।

ਅਰਘਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਪਾਯੋ ਜਾਇ।।

ਤਊ ਤਿਹਾਰੀ ਕ੍ਰਿਪਾ ਤੇ ਕਛੁ ਕਛੁ ਕਹੋ ਬਨਾਇ।। ੪੪।।

ਪ੍ਰਥਮ ਮਾਨਿ ਤੁਮ ਕੋ ਕਹੋ ਜਥਾ ਬੁੱਧਿ ਬਲੁ ਹੋਇ।।

ਘਟਿ ਕਬਿਤਾ ਲਖਿਕੈ ਕਬਹਿ ਹਾਸ ਨ ਕਰਿਯਹੁ ਕੋਇ।। ੪੫।।

ਪ੍ਰਥਮ ਧਯਾਇ ਸ੍ਰੀ ਭਗਵਤੀ ਬਰਨੌ ਤ੍ਰਿਯਾ ਪ੍ਰਸੰਗ।।

ਮੋ ਘਟ ਮੈ ਤੁਮ ਹਵੈ ਨਦੀ ਉਪਜਹੁ ਬਾਕ ਤਰੰਗ।। ੪੬।।

ਸਵੈਯਾ।। ਮੇਰ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋਸੌ।।

ਭੂਲ ਛਿਮੋ ਹਮਰੀ ਪ੍ਰਭੁ ਆਪਨ ਭੂਲਨਹਾਰ ਕਹੂੰ ਕੋਊ ਮੋਸੌ।।

ਸੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੋ।।

ਯਾ ਕਲਿ ਮੈ ਸਭ ਕਾਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੋ।। ੪੭।।

ਇਤੀ ਸ੍ਰੀ ਚਰਿਤ੍ਰ ਪਖਯਾਨੇ ਚੰਡੀ ਚਰਿਤ੍ਰੇ ਪ੍ਰਥਮ ਧਯਾਇ ਸਮਾਪਤਮ ਸਤੁ ਸੁਭਮ ਸਤੁ।। ੧।। ੪੮।। ਅਪਜੂੰ।।

ਕਵੀ ਰਾਮ ਦੁਆਰਾ ਸ੍ਰੀ ਭਗਾਉਤੀ ਦੀ ਉਸਤਤ ਵਿੱਚ ਲਿਖਿਆ ਇਹ ਮੰਗਲਾ ਚਰਨ ਹੈ। ਹਰ ਲੇਖਕ ਅਪਣੀ ਸਫਲਤਾ ਜਾਂ ਅਪਣੀ ਰਚਨਾਂ ਦੇ ਸੰਪੂਰਣ ਹੋ ਜਾਣ ਲਈ ਜੋਦੜੀ ਕਰਦਾ ਆਇਆ ਤੱਕੀਦਾ ਹੈ। ਕਵੀ ਰਾਮ ਦੀ ਇਸ ਰਚਨਾ ਤੇ ਪਾਤਸ਼ਾਹੀ ੧੦ ਲਿਖਣਾ ਸੰਪਾਦਕ ਅਤੇ ਸੋਧ ਕਮੇਟੀ ਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਉਪਜੀ ਘ੍ਰਿਣਾ ਪ੍ਰਤੱਖ ਜਾਹਿਰ ਕਰਦੀ ਹੈ।

੧੪੬੯ ਈਸਵੀ ਵਿੱਚ ਪ੍ਰਗਟ ਹੋਈ ਸਿੱਖ ਕੌਮ ਨੇ ੨੩੯ ਸਾਲ ਦਾ ਲੰਮਾ ਪੈਂਡਾ ਤਹਿ ਕਰਦਿਆਂ ੧੭੦੮ ਈਸਵੀ ਤੱਕ ਸਮੁੱਚੀ ਦੁਨੀਆਂ ਵਿੱਚ ਅਪਣੀ ਵੱਖਰੀ ਪਹਿਚਾਣ ਤੇ ਹੋਂਦ ਪ੍ਰਗਟ ਕਰ ਦਿੱਤੀ ਸੀ ਜਿਸ ਕੌਮ ਦੇ ਗੁਰੂ ਰੂਪ ਵਿੱਚ ਮੁੱਖ ਆਗੂ ਗੁਰੁ ਗੋਬਿੰਦ ਸਿੰਘ ਜੀ ਹੋਣ ਕੀ ਉਸ ਗੁਰੂ ਨੂੰ ਸਿੱਖ ਕੌਮ ਬਾਰੇ ਜਾਣਕਾਰੀ ਨਹੀਂ ਸੀ ਜਾਂ ਉਹ ਸਿੱਖਾਂ ਨੂੰ ਹਿੰਦੂ ਹੀ ਗਿਣਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਇਹ ਅਖਵਾਉਣਾ ਕਿ:-

ਤੁਹੀ ਦੇਵ ਤੂੰ ਦੈਤ ਤੈ ਜਛੁ ਉਪਾਏ।। ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ।।

ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸ਼ਟਿ ਮਾਂਹੀ।। ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ।। ੩।।

ਚੰਡੀ ਚਰਿਤ੍ਰੇ ਪ੍ਰਥਮ ਧਯਾਇ।। ੧।। (ਪੰਨਾ ੮੦੯)

ਹਾਸੋ ਹੀਣਾ ਲਗਦਾ ਹੈ। ਸਿੱਖ ਧਰਮ ਕਿਸੇ ਭਗਉਤੀ ਜਾਂ ਦੇਵੀ ਦੇਵਤੇ ਦੀ ਹੋਂਦ ਨੂੰ ਨਹੀਂ ਮੰਨਦਾ। ਸਿੱਖ ਧਰਮ ਸ੍ਰਿਸਟੀ ਦਾ ਰਚਣਹਾਰ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ ਤੇ ਉਸੇ ਨੂੰ ਹੀ ਸਰਬ ਸ਼ਕਤੀਮਾਨ ਕਹਿੰਦਾ ਹੈ। ਸਿੱਖ ਧਰਮ ਦਾ ਵਿਸ਼ਵਾਸ ਹੈ ਕਿ ਦੁਨੀਆਂ ਚ ਪੈਦਾ ਹੋਈ ਹਰ ਤਾਕਤ ਅਤੇ ਸਮੂਹ ਦੇਵੀ ਦੇਵਤੇ ਰੱਬ ਦੇ ਦਰ ਦੇ ਮੰਗਦੇ ਹਨ, ਗੁਰੁ ਗੋਬਿੰਦ ਸਿੰਘ ਜੀ ਤੋਂ ਕਿਸੇ ਭਗਉਤੀ ਦੀ ਉਸਤਤ ਕਰਾਉਣਾ ਨੀਚਤਾਈ ਦੀਆਂ ਸਭ ਹੱਦ ਬੰਨੇ ਟੱਪਣ ਸਮਾਨ ਹੈ। ਜੋ ਮਨੁੱਖ ਜਾਣਬੁੱਝ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰ ਰਹੇ ਹਨ ਉਨ੍ਹਾਂ ਨੂੰ ਗੁਰੁ ਦੇ ਸਿੱਖ ਨਹੀਂ ਕਿਹਾ ਜਾ ਸਕਦਾ। ਇਹ ਰਚਨਾ ਕਵੀ ਰਾਮ ਦੀ ਲਿਖੀ ਹੈ ਸਿੱਧ ਕਰਨ ਲਈ ਉਨ੍ਹਾਂ ਦੀ ਅਪਣੀ ਹੀ ਕਲਮ ਤੋਂ ਲਿਖਿਆ ਹਥਲਾ ਬੰਦ ਪੜ੍ਹਨਾ ਲਾਹੇਬੰਦ ਰਹੇਗਾ।

ਧੂਮਰੀ ਧੂਰਿ ਭਰੇ ਧੁਮਰੇ ਤਨ ਧਾਏ ਨਿਸਾਚਰ ਲੋਹ ਕਟੀਲੇ।।

ਮੇਚਕ ਪਬਨ ਸੇ ਜਿਨਕੇ ਤਨ ਕੌਚ ਸਜੇ ਮਦਮੱਤ ਜਟੀਲੇ।।

ਰਾਮ ਭਨੈ ਅਤਿਹੀ ਰਿਸਿ ਸੋ ਜਗ ਨਾਇਕ ਸੌ ਰਨ ਠਾਟ ਠਟੀਲੇ।।

ਤੇ ਝਟਦੈ ਪਟਕੇ ਛਿਤ ਪੈ ਰਨ ਰੌਰ ਪਰੇ ਰਨ ਸਿੰਘ ਰਜੀਲੇ।। ੨੨।। ਚੰਡੀ ਚਰਿਤ੍ਰੇ ਪ੍ਰਥਮ ਧਯਾਇ।। ੧।। (ਪੰਨਾ ੮੧੧)

ਆਓ ਅੱਗੇ ਅੱਗੇ ਪੜ੍ਹਦੇ ਹਾਂ ਮੰਦ ਕਰਮੀਆਂ ਦੇ ਮੰਦੇ ਕਰਮ ਅਤੇ ਮੰਦੀ ਸੋਚ ਜਿਸ ਅਧੀਨ ਗੁਰੁ ਗੋਬਿੰਦ ਸਿੰਘ ਜੀ ਨੂੰ ਅਤਿ ਗੰਦੀ ਭਾਸ਼ਾ ਵਰਤ ਕੇ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਕਵੀ ਦੁਆਰਾ ਵਰਤੇ ਕੁੱਝ ਖਾਸ ਸ਼ਬਦ: ਹੋ ਮਾਰਿ ਕਟਾਰੀ ਮਰਿਹੋਂ ਘਰੀ ਨ ਜੀਵ ਹੋਂ।। ੪।।

ਨਗਰੀ ਚਿਤ੍ਰਵਤੀ

ਪਾਤਰ: ਚਿੱਤ੍ਰ ਸਿੰਘ (ਨ੍ਰਿਪ), ਚਿਤ੍ਰ ਮਤੀ (ਸੁਤਾ), ਹਨਿਵਤਿ ਸਿੰਘ, ਦਿਜਬਰ (ਬ੍ਰਾਹਮਣ), ਨ੍ਰਿਪ ਸੁਤ ਅਤੇ ਸਹਸ (੧੦੦) ਸਖੀ ਦਿਜਬਰ (ਬ੍ਰਾਹਮਣ)

ਚਿਤ੍ਰਵਤੀ ਨਗਰੀ ਦੇ ਰਾਜਾ ਚਿੱਤ੍ਰ ਸਿੰਘ ਦੇ ਘਰ ਬਹੁਤ ਧੰਨ-ਰਥ-ਹਾਥੀ ਤੇ ਬਾਜ ਸਨ। ਓਹਦਾ ਰੂਪ ਤੱਕ ਕੇ ਸੁਰੀ-ਅਸੁਰੀ ਤੇ ਕਿੰਨ੍ਰਨੀ ਅਪਣਾ ਮਨ ਡੋਲਦੀਆਂ ਸਨ। ਇੱਕ ਇੰਦਰਲੋਕ ਦੀ ਅਪਸਰਾ ਓਹ ਤੇ ਮਰ ਮਿਟੀ। ਬਣਾਈ ਸਕੀਮ-ਭੇਜੀ ਦੂਤਿਕਾ-ਕੀਤਾ ਰਾਜਾ ਰਾਜੀ-ਹੋਈ ਸ਼ਾਦੀ-ਜੰਮਿਆ ਪੁੱਤਇਸ ਪੁੱਤ ਨੂੰ ਤੱਕ ਕੇ ਮਹਾ ਰੁਦ੍ਰ ਤੇ ਕਾਮਦੇਵ ਦੇ ਹਿਰਦੇ ਉਪਜੀ ਈਰਖਾ।

ਬਹੁਤ ਸਾਲ ਅਪਸਰਾ ਨਾਲ ਰਾਜੇ ਨੇ ਮਨਮਰਜੀ ਦੇ ਕੀਤੇ ਭੋਗ ਤੇ ਆਖਰ ਇਹ ਵਿਚਾਰੀ ਜਾ ਪੁੱਜੀ ਇੰਦ੍ਰਲੋਕ। ਬਿਨਾ ਔਰਤ ਦੇ ਰਾਜਾ ਹੋਇਆ ਵਿਆਕੁਲ-ਸੱਦੇ ਮੰਤ੍ਰੀ-ਬਣਾਈ ਤਸਵੀਰ ਤੇ ਲੱਗੇ ਹੋਰ ਔਰਤ ਨੂੰ ਭਾਲਣ ਤੇ ਆਖਰ ਇੱਕ ਕੰਨਿਆ ਜਾ ਲੱਭੀ ਓੜਛੇ (ਉੜੀਸਾ) ਦੇਸ ਵਿੱਚ। ਰਾਜੇ ਬੁਲਾਏ ਮੰਤ੍ਰੀ-ਲੁਟਾਇਆ ਧਨ-ਕੀਤੀ ਇੱਕਠੀ ਸੈਨਾ-ਧਾਰੇ ਸਾਸਤ੍ਰ-ਭੱਜਿਆ ਉੜੀਸਾ ਨੂੰ-ਬਹੁਤੀ ਸੈਨਾ ਨਾਲ ਹਨਿਵਤ ਸਿੰਘ (ਪਤਾ ਨਹੀਂ ਪੁੱਤ ਹੈ ਜਾਂ ਸੈਨਾ ਪਤੀ) ਕੀਤਾ ਅੱਗੇ ਤੇ ਆਪ ਰਿਹਾ ਪਿੱਛੇ (ਸ਼ਾਇਦ ਡਰਪੋਕ ਹੋਏ) ਮਾਰਿਆ ਓੜਛਾ (ਉੜੀਸਾ) ਦਾ ਰਾਜਾ ਤੇ ਕੀਤੀ ਓਸ ਦੀ ਧੀ ਕਾਬੂ। ਪੜ੍ਹਨੇ ਪਾਇਆ ਦਿਜਬਰ (ਬ੍ਰਾਮ੍ਹਣ) ਕੋਲ ਤੇ ਨਾਲ ਭੇਜਿਆ ਪੁੱਤ। ਜੁਆਨ ਕੁੜੀ ਰਾਜੇ ਦੇ ਪੁੱਤ ਤੇ ਹੋਈ ਮੋਹਿਤ ਕਹਿੰਦੀ:-

ਦੋਹਰਾ।। ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ।।

ਮੋ ਮਨ ਕੋ ਮੋਹਤ ਸਦਾ ਮਿੱਤ੍ਰ ਤਿਹਾਰੇ ਨੈਨ।। ੨੪।। (ਦੁਤਿਯ ਚਰਿਤ੍ਰ ਪੰਨਾ ੮੧੫)

ਸਵੈਯਾ।। ਬਾਨ ਬਧੀ ਬਿਰਹਾ ਕੇ ਬਲਾਇ ਯੋ ਰੀਝਿ ਰਹੀ ਲਖਿ ਰੂਪ ਤਿਹਾਰੋ।।

ਭੋਗ ਕਰੋ ਮੋਹਿ ਸਾਥ ਭਲੀ ਬਿਧਿ ਭੁਪਤਿ ਕੋ ਨਹਿ ਤ੍ਰਾਸ ਬਿਚਾਰੋ।।

ਸੋ ਨ ਕਰੈ ਕਛੁ ਚਾਰੁ ਚਿਤੈਬੇ ਕੋ ਖਾਇ ਗਿਰੀ ਮਨ ਮੈਨ ਤਵਾਰੋ।।

ਕੋਟਿ ਉਪਾਇ ਰਹੀ ਕੈ ਦਯਾ ਕੀ ਸੋ ਕੈਸੇ ਹੂੰ ਭੀਜਤ ਭਯੋ ਨ ਅਠਯਾਰੋ।। ੨੫।।

(ਦੁਤਿਯ ਚਰਿਤ੍ਰ ਪੰਨਾ ੮੧੫)

ਦੋਹਰਾ।। ਚਿਤ ਚੇਟਕ ਸੋ ਚੁਭਿ ਗਯੋ ਚਮਕਿ ਚਕ੍ਰਿਤ ਭਯੋ ਅੰਗ।।

ਚੋਰਿ ਚਤੁਰ ਚਿਤ ਲੈ ਗਯੋ ਚਪਲ ਚਖਨ ਕੇ ਸੰਗ।। ੨੬।।

ਹੇਰ ਰੂਪ ਤੁਹਿ ਬਸਿ ਭਈ ਗਹੋਂ ਕਵਨ ਕੀ ਓਟ।।

ਮਛਰੀ ਜਯੋਂ ਤਰਫੈ ਪਰੀ ਚੁਭੀ ਚਖਨ ਕੀ ਚੋਟ।। ੨੭।। (ਦੁਤਿਯ ਚਰਿਤ੍ਰ ਪੰਨਾ ੮੧੫)

ਰਾਜੇ ਦੇ ਪੁੱਤ ਨੇ ਠੁਕਰਾਇਆ ਹੁਸਨ। ਹੁਸਨ ਖਾਧੀ ਈਰਖਾ-ਜਾ ਪਹੁੰਚੀ ਰਾਜੇ ਪਾਸ-ਕੀਤੀ ਸ਼ਿਕਾਇਤ-ਅਪਣੇ ਹੀ ਨਹੂੰਆਂ ਨਾਲ ਕੀਤਾ ਅਪਣਾ ਹੀ ਚੇਹਰਾ ਜਖ਼ਮੀ। ਰਾਜੇ ਤੱਕਿਆ-ਖਾਧਾ ਗੁੱਸਾਦੌੜਿਆ ਅਪਣੇ ਹੀ ਪੁੱਤ ਨੂੰ ਮਾਰਨ ਲਈ ਪਰ ਸਿਆਣੇ ਮੰਤ੍ਰੀਆਂ ਸਮਝਾਇਆ ਕਿ ਤ੍ਰਿਯਾ ਚਰਿਤ੍ਰ ਦਾ ਭੇਦ ਕਿਸੇ ਨੇ ਨਹੀਂ ਪਾਇਆ:-

ਚੌਪਈ।। ਬਚਨ ਸੁਨਤ ਕ੍ਰੁੱਧਿਤ ਨ੍ਰਿਪ ਭਯੋ।। ਮਾਰਨ ਹੇਤ ਸੁਤਹਿ ਲੈ ਗਯੋ।। ਮੰਤ੍ਰਿਨ ਆਨਿ ਰਾਵ ਸਮੁਝਾਯੋ।। ਤ੍ਰਿਯ ਚਰਿੱਤ੍ਰ ਨ ਕਿਨਹੂੰ ਪਾਯੋ।। ੩੦।। (ਦੁਤਿਯ ਚਰਿਤ੍ਰ ਪੰਨਾ ੮੧੫)

ਨੋਟ:- ਪਤਾ ਨਹੀਂ ਸਾਡੇ ਧਰਮ ਦੇ ਰਖਵਾਲੇ ਕਿਸ ਮਜਬੂਰੀ ਵੱਸ ਅਜਿਹੇ ਊਲ ਜਲੂਲ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜਦੇ ਹਨ। ਸਾਡੀਆਂ ਧਾਰਮਿਕ ਅਖਵਾਉਂਦੀਆਂ ਸੰਸਥਾਵਾਂ ਜੋ ਦਸਮ ਗ੍ਰੰਥ ਦੀ ਹਮਾਇਤ ਕਰਦੀਆਂ ਹਨ, ਉਨ੍ਹਾਂ ਦੀ ਨੀਯਤ ਖਰੀ ਨਹੀਂ ਜਾਪਦੀ। ਜਦ ਅਜਿਹਾ ਗੰਦਾ ਲਿਟਰੇਚਰ ਗੁਰਸਿੱਖ ਜਾਂ ਧੀ ਪੜ੍ਹੇਗੀ ਓਹਦਾ ਆਚਰਣ ਕਿਸ ਪੱਧਰ ਦਾ ਹੋਏਗਾ ਕੋਈ ਲੁਕਿਆ ਛੁਪਿਆ ਨਹੀਂ। ਧਰਮ ਦੇ ਦੋਖੀਆਂ ਦੀ ਹਰ ਸੰਭਵ ਕੋਸ਼ਿਸ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਗੁਰਸਿੱਖ ਨੂੰ ਤੋੜ ਕੇ ਗੁਮਰਾਹ ਕੀਤਾ ਜਾਏ ਅਤੇ ਗੁਰੂ ਸਹਿਬ ਜੀ ਦੇ ਜੀਵਨ ਨੂੰ ਗੰਧਲਾ ਕੀਤਾ ਜਾਏ। ਹਰ ਗੁਰਸਿੱਖ ਨੂੰ ਅਪਣਾ ਫਰਜ਼ ਪਹਿਚਾਣਦਿਆਂ ਖਬਰਦਾਰ ਹੋਣ ਦੀ ਲੋੜ ਹੈ।




.