.

ਜੀਵਨ ਜਾਚ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਇਤਿਹਾਸ ਦੇ ਪੰਨਿਆਂ ਵਿਚੋਂ ਇੱਕ ਘਟਨਾ ਦਾ ਵਰਣਨ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਜਦ ਬਹਾਦਰ ਸ਼ਾਹ ਨੂੰ ਮਿਲੇ ਤਾਂ ਇੱਕ ਵਿਚਾਰ ਚਰਚਾ ਹੋਈ। ਬਹਾਦਰ ਸ਼ਾਹ ਆਪਣੀ ਸਮਝ ਮੁਤਾਬਿਕ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ, ਕਿ ਸੰਸਾਰ ਵਿੱਚ ਮੁਸਲਮਾਨ ਸਭ ਨਾਲੋਂ ਸ੍ਰੇਸ਼ਟ ਹਨ, ਬਾਕੀ ਲੋਕ ਨੀਵੇਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮੋਹਰ ਦੇ ਕੇ ਬਹਾਦਰ ਸ਼ਾਹ ਦੇ ਸਿਪਾਹੀ ਨੂੰ ਬਜ਼ਾਰ ਭੇਜਿਆ ਕਿ ਕੁੱਝ ਵਸਤੂਆਂ ਲੈ ਕੇ ਆ। ਥੋੜੇ ਸਮੇਂ ਉਪਰੰਤ ਸਿਪਾਹੀ ਖਾਲੀ ਹੱਥ ਪਰਤ ਆਇਆ ਤੇ ਕਹਿਣ ਲੱਗਾ, “ਕਿ ਇਸ ਮੋਹਰ ਨੂੰ ਬਜ਼ਾਰ ਵਿੱਚ ਕਿਸੇ ਵੀ ਦੁਕਾਨਦਾਰ ਨੇ ਨਹੀਂ ਲਿਆ, ਕਿਉਂਕਿ ਇਹ ਮੋਹਰ ਖੋਟੀ ਹੈ”। ਬਹਾਦਰ ਸ਼ਾਹ ਨੇ ਉਹ ਮੋਹਰ ਦੇਖੀ ਕਿ ਇਸ ਮੋਹਰ ਤੇ ਮੇਰੀ ਤਸਵੀਰ ਹੈ, ਮੇਰੇ ਰਾਜ ਦੀ ਮੋਹਰ ਤੇ ਮੇਰੀ ਤਸਵੀਰ ਵੀ ਹੈ ਪਰ ਬਜ਼ਾਰ ਵਿੱਚ ਇਸ ਦਾ ਮੁੱਲ ਕਿਉਂ ਨਹੀਂ ਪਿਆ। ਪਾਰਖੂ ਨੂੰ ਮੰਗਵਾਇਆ ਗਿਆ ਤੇ ਉਸ ਨੇ ਆਣ ਕੇ ਦੱਸਿਆ ਕਿ, “ਜਹਾਂ ਪਨਾਹ –ਬਾਦਸ਼ਾਹ ਸਲਾਮਤ ਇਸ ਮੋਹਰ ਵਿੱਚ ਸੋਨੇ ਦੀ ਮਿਕਦਾਰ ਪੂਰੀ ਨਹੀਂ ਹੈ। ਬੇਸ਼ੱਕ ਤੇਰੀ ਮੋਹਰ ਹੈ, ਤੇਰੀ ਤਸਵੀਰ ਹੈ ਪਰ ਸੋਨੇ ਦੀ ਘੱਟ ਮਿਕਦਾਰ ਕਰਕੇ ਇਹ ਖੋਟੀ ਹੈ”। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, “ਬਾਦਸ਼ਾਹ ਬਹਾਦਰ ਸ਼ਾਹ, ਹੋ ਸਕਦਾ ਏ ਤੈਨੂੰ ਤੇਰੀ ਗੱਲ ਦਾ ਉੱਤਰ ਮਿਲ ਗਿਆ ਹੋਵੇ”। ਬਹਾਦਰ ਸ਼ਾਹ ਕਹਿਣ ਲੱਗਾ, “ਹਜ਼ੂਰ ਮੈਨੂੰ ਕੁੱਝ ਸਮਝ ਨਹੀਂ ਆਈ”। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਕਿ, “ਬਹਾਦਰ ਸ਼ਾਹ ਤੇਰੀ ਗੱਲ ਦਾ ਉੱਤਰ ਹੈ”। ਤੂੰ ਆਖਦਾ ਸੀ ਕਿ ਮੁਸਲਮਾਨ ਚੰਗੇ ਹਨ, ਜੇ ਕਰ ਉਹਨਾਂ ਵਿੱਚ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਪੂਰੀਆਂ ਨਹੀਂ ਹਨ ਤਾਂ ਅਧੂਰੇ ਹਨ। ਕੋਈ ਆਦਮੀ ਜਨਮ ਜਾਂ ਜਾਤ ਬਰਾਦਰੀ ਕਰਕੇ ਵੱਡਾ ਨਹੀਂ ਹੈ। ਵੱਡਾ ਉਹ ਇਨਸਾਨ ਹੈ ਜਿਸ ਵਿੱਚ ਇਨਸਾਨੀਅਤ ਵਾਲੇ ਤੱਤ ਹਨ, ਜਿਸ ਵਿੱਚ ਸ਼ੁਭ ਅਮਲ ਹਨ। ਬਹਾਦਰ ਸ਼ਾਹ ਨੂੰ ਤੱਤ ਗਿਆਨ ਦੀ ਸੋਝੀ ਆਈ। ਭਾਈ ਗੁਰਦਾਸ ਜੀ ਦਾ ਕਥਨ ਬਹੁਤ ਹੀ ਪਿਆਰਾ ਹੈ।

ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ ?

ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ॥ 33॥ 1॥

ਚਾਹੀਦਾ ਤਾਂ ਇਹ ਸੀ ਕਿ ਮਨੁੱਖ ਵਿੱਚ ਸ਼ੁਭ ਅਮਲ ਆਉਂਦੇ, ਜ਼ਿੰਦਗੀ ਜਿਉਣ ਦੀ ਜਾਚ ਆਉਂਦੀ, ਇੰਜ ਹੋਇਆ ਨਹੀਂ। ਸੁਭਾਅ ਅੰਦਰ ਮਲੀਨਤਾ ਆ ਗਈ; ਚਤੁਰ ਮਨੁੱਖ ਨੇ ਗੰਦਗੀ ਦਬਾਉਣ ਲਈ ਸਗੰਧੀਆਂ ਦਾ ਆਸਰਾ ਲਿਆ; ਫੁੱਲਾਂ ਦਾ ਆਸਰਾ ਲਿਆ। ਇਸ ਦਾ ਅਸਰ ਇਹ ਹੋਇਆ, ਜੋ ਸਗੰਧੀਆਂ ਇਸ ਨੇ ਆਪਣੇ ਸਰੀਰ ਨੂੰ ਲਗਾਈਆਂ ਸਨ; ਉਹਨਾਂ ਵਿਚੋਂ ਵੀ ਦੁਰਗੰਧ ਆਉਣ ਲੱਗ ਪਈ। ਇਨਸਾਨ ਆਪਣੇ ਸਰੀਰ ਤੇ ਹੀ ਮਾਣ ਕਰਨ ਲੱਗ ਪਿਆ ਜੋ ਇਸ ਦੀ ਅਗਿਆਨਤਾ ਹੈ। ਗੁਰਬਾਣੀ, ਗਾਥਾ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਦਾ ਬੜਾ ਪਿਆਰਾ ਖਿਆਲ ਹੈ।

ਕਰਪੂਰ ਪੁਹਪ ਸੁਗੰਧਾ, ਪਰਸ ਮਾਨਖ੍ਹ ਦੇਹੰ ਮਲੀਣੰ॥

ਮਜਾ ਰੁਧਿਰ ਦੁਰਗੰਧਾ ਨਾਨਕ ਅਥਿ ਗਰਬੇਣ ਅਗ੍ਹਾਨਣੋ॥

ਪੰਨਾ 1360

ਮੁਸ਼ਕ ਕਪੂਰ, ਫੁੱਲਾਂ ਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲ਼ੀਆਂ ਹੋ ਜਾਂਦੀਆਂ ਹਨ। ਮਨੁੱਖ ਦੇ ਸਰੀਰ ਵਿੱਚ ਮਿੱਝ, ਲਹੂ ਅਤੇ ਹੋਰ ਦੁਰਗੰਧੀਆ ਹਨ, ਫਿਰ ਵੀ ਹੇ ਨਾਨਕ! ਇਹ ਮੂਰਖ ਮੱਨੁਖ ਅਗਿਆਨਤਾ ਦੇ ਹਨ੍ਹੇਰੇ ਵਿੱਚ ਹੰਕਾਰ ਹੀ ਕਰੀ ਜਾ ਰਿਹਾ ਹੈ।

ਇਨਸਾਨ ਨੇ ਕੁਦਰਤੀ ਜ਼ਿੰਦਗੀ ਜਿਉਣ ਨੂੰ ਤਰਜੀਹ ਨਹੀਂ ਦਿੱਤੀ। ਸਗੋਂ ਆਪਣੇ ਟੱਬਰ ਦੇ ਅਧੀਨ ਹੋ ਕੇ ਖ਼ੁਆਰ ਹੋਣ ਲਈ ਮਜ਼ਬੂਰ ਹੋਇਆ ਹੈ। ਮਨੁੱਖੀ ਸਰੀਰ ਦਾ ਜੋ ਟੱਬਰ ਹੈ ਅੱਖਾਂ, ਨੱਕ, ਕੰਨ ਤਥਾ ਬਾਕੀ ਗਿਆਨ ਇੰਦਰੇ ਹਨ। ਇਹ ਗਿਆਨ ਇੰਦਰੇ ਨੀਵੀਂ ਦਲ਼ਦਲ਼ ਵਿੱਚ ਫਸ ਗਏ ਹਨ। ਇਹ ਮਨੁੱਖ ਜੀਵਨ ਦੇ ਅਸਲੀ ਮਕਸਦ ਨੂੰ ਹੀ ਭੁੱਲ ਗਿਆ ਹੈ। ਕਬੀਰ ਸਾਹਿਬ ਜੀ ਨੇ ਵਿਅੰਗਾਤਮਿਕ ਢੰਗ ਨਾਲ ਸਮਝਾਇਆ ਹੈ।

ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ॥

ਹਰਿ ਕਾ ਸਿਮਰਨੁ ਛਾਡਿ ਕੈ, ਘਰਿ ਲੈ ਆਇਆ ਮਾਲੁ॥

ਸਲੋਕ ਕਬੀਰ ਜੀ ਪੰਨਾ 1370 –

ਮਨੁੱਖ ਨੂੰ ਅਪਣੀ ਹੋਣੀ ਤੋਂ ਜਾਣੂ ਕਰਾਂਉਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਕੁੱਝ ਨੁਕਤੇ ਅਪਨਾਉਂਣ ਲਈ ਆਖਿਆ ਹੈ। ਉਦਾਹਰਣਾਂ ਸੰਸਾਰੀ ਰਿਸ਼ਤਿਆਂ ਦੀਆਂ ਲਈਆਂ ਹਨ। ਉਹਨਾਂ ਦਾ ਗਾਉੜੀ ਰਾਗ ਵਿੱਚ ਬੜਾ ਪਿਆਰਾ ਵਾਕ ਹੈ।

ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥ 1॥

ਕਹਣਾ ਹੈ ਕਿਛੁ ਕਹਣੁ ਨ ਜਾਇ॥ ਤਉ ਕੁਦਰਤਿ ਕੀਮਤ ਨਹੀਂ ਪਾਇ॥ ਰਹਾਉ॥

ਸਰਮ ਸੁਰਤਿ ਦੁਇ ਸਸੁਰ ਭਏ॥ ਕਰਣੀ ਕਾਮਣਿ ਕਰਿ ਮਨ ਲਏ॥ 2॥

ਸਾਹਾ ਸੰਜੋਗੁ ਵੀਆਹੁ ਵਿਜੋਗੁ॥ ਸਚੁ ਸੰਤਤਿ ਕਹੁ ਨਾਨਕ ਜੋਗ॥ 3॥

ਗਉੜੀ ਮਹਲਾ 1 ਪੰਨਾ 151

ਇਸ ਸ਼ਬਦ ਰਾਂਹੀ ਇਸ ਜੀਵਨ ਵਿੱਚ ਹੀ ਪਰਮਾਤਮਾ ਨਾਲ ਮਿਲਾਪ ਦੱਸਿਆ ਹੈ, ਪਰਮਾਤਮਾ ਕੋਈ ਇੱਟ ਵੱਟਾ, ਪੱਥਰ ਜਾਂ ਕੋਈ ਮੂਰਤੀ ਨਹੀਂ ਹੈ ਜਿਸ ਦਾ ਇਹਨਾਂ ਅੱਖਾਂ ਨਾਲ ਅਸੀਂ ਦੀਦਾਰ ਕਰ ਸਕੀਏ। ਸਾਡਾ ਦੁਖਾਂਤ ਹੈ ਕਿ ਅਸੀਂ ਇਹਨਾਂ ਅੱਖਾਂ ਨਾਲ ਸਾਖਿਆਤ ਰੂਪ ਵਿੱਚ ਜਾਂ ਕਿਸੇ ਕਰਾਮਾਤ ਰਾਂਹੀ ਪਰਮਾਤਮਾ ਨੂੰ ਦੇਖਣ ਦਾ ਯਤਨ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫ਼ੀ ਨੂੰ ਕੋਈ ਵੀ ਸਮਝਣ ਦਾ ਯਤਨ ਨਹੀਂ ਕੀਤਾ। ਗੁਰੂ ਕਹਿ ਰਿਹਾ ਹੈ ਕਿ “ਐ ਬੰਦਿਆ! ਜੇ ਕਰ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਏਂ ਤਾਂ ਤੈਨੂੰ ਆਪਣੇ ਵਿੱਚ ਰੱਬੀ ਗੁਣ ਪੈਦਾ ਕਰਨੇ ਪੈਣਗੇ”। ਜੋ ਗੁਣ ਪਰਮਾਤਮਾ ਦੇ ਹਨ ਉਹ ਹੀ ਗੁਣ ਇਨਸਾਨ ਵਿੱਚ ਆ ਜਾਣ ਤਾਂ ਮਨੁੱਖ ਰੱਬ ਜੀ ਦਾ ਰੂਪ ਹੋ ਸਕਦਾ ਹੈ, ਰੱਬ ਨਾਲ ਮਿਲਾਪ ਹੋ ਸਕਦਾ ਹੈ। ਅਸਲ ਜੀਵਨ ਜਾਚ ਇਹ ਹੀ ਹੈ।

ਰਹਾਉ ਦੀਆਂ ਤੁਕਾਂ ਵਿੱਚ ਸ਼ਬਦ ਦਾ ਫ਼ਲਸਫ਼ਾ ਹੁੰਦਾ ਹੈ। ਇਸ ਸ਼ਬਦ ਦੇ ਰਹਾਉ ਦੀਆਂ ਤੁਕਾਂ ਵਿੱਚ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਰੱਖੀ ਗਈ ਹੈ। ਦੱਸਿਆ ਹੈ ਕਿ ਹੇ ਪਰਮਾਤਮਾ ਤੇਰੇ ਮਿਲਾਪ ਦੀ ਅਵਸਥਾ ਦੱਸੀ ਨਹੀਂ ਜਾ ਸਕਦੀ। ਤੇਰੀ ਕੁਦਰਤ ਦਾ ਅਸੀਂ ਪੂਰਾ ਮੁੱਲ ਨਹੀਂ ਪਾ ਸਕਦੇ। ਕੀ ਅਸੀਂ ਆਪਣੇ ਹੀ ਸਰੀਰ ਦਾ ਪੂਰਾ ਮੁੱਲ ਪਾ ਸਕਦੇ ਹਾਂ? ਕਈ ਵਾਰ ਆਮ ਮਨੁੱਖ ਇਹ ਵੀ ਆਖਦਾ ਹੈ ਕਿ ਜੀ, ਬਖਸ਼ਿਸ਼ ਹੋਏਗੀ ਫਿਰ ਹੀ ਇਹ ਕੰਮ ਕੀਤਾ ਜਾਏਗਾ ਜਾਂ ਅਜੇ ਮੇਰੇ ਤੇ ਗੁਰੂ ਜੀ ਦੀ ਬਖਸ਼ਿਸ਼ ਨਹੀਂ ਹੋਈ। ਕੀ ਜੋ ਨਿਯਮਾਵਲੀ ਪਰਮਤਾਮਾ ਨੇ ਸਾਨੂੰ ਦਿੱਤਾ ਹੈ ਇਹ ਉਸ ਦੀ ਬਖਸ਼ਿਸ਼ ਨਹੀਂ ਹੈ ਜਾਂ ਕੁੱਝ ਅਸਾਂ ਪ੍ਰਾਪਤ ਕੀਤਾ ਹੈ ਇਹ ਉਸ ਦੀ ਬਖਸ਼ਿਸ਼ ਨਹੀਂ ਹੈ? ਗੁਰੂ ਕਹਿ ਰਿਹਾ ਹੈ – ਹੇ ਪਰਮਾਤਮਾ! ਤੇਰੀ ਕੁਦਰਤ ਤੇਰੀ ਨਿਯਮਾਵਲੀ ਦੀ ਮੈਂ ਕੋਈ ਵੀ ਕੀਮਤ ਨਹੀਂ ਪਾ ਸਕਦਾ ਹਾਂ ਅਜੇਹਾ ਕਿ ਵਾਕ ਹੈ:----

ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥

ਰਾਗ ਆਸਾ ਮਹਲਾ 1 ਪੰਨਾ 469

ਰੱਬੀ ਮਿਲਾਪ ਲਈ ਜੋ ਰਸਤਾ ਗੁਰੂ ਜੀ ਨੇ ਸੰਸਾਰ ਨੂੰ ਦੱਸਿਆ ਹੈ, ਇਹ ਬਹੁਤ ਸਰਲ ਹੈ। ਜਿਸ ਤਰ੍ਹਾਂ ਇੱਕ ਬੱਚਾ ਮਾਤਾ ਦੀ ਗੋਦ ਵਿੱਚ ਸੁਰੱਖਿਅਤ ਹੈ। ਪਿਤਾ ਦੀ ਨਿਗਰਾਨੀ ਵਿੱਚ ਸੁਰੱਖਿਅਤ ਹੈ। ਇੰਜ ਹੀ ਜੇ ਜੀਵਨ ਦੀ ਸਿੱਖਰਤਾ ਤੇ ਪਾਹੁੰਚਣਾ ਚਾਹੁੰਦਾ ਏਂ ਤਾਂ ਆਤਮਾ ਦੀ ਮਾਂ ਤੇ ਪਿਤਾ ਦੀ ਭਾਲ ਕਰਨੀ ਪਏਗੀ। ਸਰੀਰ ਦਾ ਜਨਮ ਮਾਤਾ ਪਿਤਾ ਤੋਂ ਹੈ। ਸਰੀਰ ਦੀ ਪਾਲਣਾ ਪੋਸਣ ਮਾਤਾ ਪਿਤਾ ਕਰਦੇ ਹਨ। ਏਸੇ ਤਰ੍ਹਾਂ ਇਸ ਆਤਮਾ ਦੀ ਨਿਗਰਾਨੀ ਵੀ ਹੋਣੀ ਚਾਹੀਦੀ ਹੈ। ਆਤਮਾ ਦੀ ਨਿਗਰਾਨੀ ਲਈ ਮਾਂ ਚਾਹੀਦੀ ਹੈ --- ਉਹ ਹੈ ਗੁਰੂ ਦੀ ਮਤ। ਗੁਰੂ ਦੀ ਮਤ ਨੂੰ ਆਤਮਾ ਦੀ ਮਾਂ ਬਣਾਉਣਾ ਪਏਗਾ ਭਾਵ ਸ਼ਬਦ ਦੇ ਗਿਆਨ ਨੂੰ ਆਤਮਾ ਦੀ ਮਾਂ ਬਣਾਉਣਾ ਹੈ। ਪ੍ਰਭੂ ਮਿਲਾਪ ਦਾ ਪਹਿਲਾ ਨੁਕਤਾ ਤੇ ਜੀਵਨ ਜਾਚ ਦਾ ਪਹਿਲਾ ਪੜਾਅ ਹੈ।

“ਗੁਰ ਕੀ ਮਤਿ ਤੂੰ ਲੇਹਿ ਇਆਨੇ”॥

ਗਉੜੀ ਸੁਖਮਨੀ ਮਹਲਾ 5 ਪੰਨਾ 288

ਗੁਰੂ ਦੀ ਮਤ ਧਾਰਨ ਕਰਨ ਨਾਲ ਆਤਮਾ ਉੱਚੀ ਹੋਏਗੀ। ਸਤ ਤੇ ਅੱਸਤ ਦੀ ਵੀਚਾਰ ਦੀ ਸਮਰੱਥ ਹੋਏਗੀ। ਗੁਰੂ ਦੀ ਮਤ ਦੇ ਅਧੀਨ ਹੋ ਕੇ ਅਤਮਾ ਵਿਚਰੇਗੀ। ਗੁਰੂ ਦੀ ਮਤਿ ਮਾਂ ਬਣ ਕੇ ਆਤਮਾ ਨੂੰ ਸੁਰੱਖਿਆ ਪਰਦਾਨ ਕਰੇਗੀ। ਗੁਰੂ ਦੀ ਮਤ ਆਉਣ ਨਾਲ ਵੈਰ ਵਿਰੋਧ ਖ਼ਤਮ ਹੋਏਗਾ – ਅੰਦਰੂਨੀ ਭਿਆਨਕ ਰੋਗਾਂ ਤੋਂ ਛੁਟਕਾਰਾ ਮਿਲ ਜਾਏਗਾ। ਦੂਸਰਾ ਨੁਕਤਾ ਆਤਮਾ ਦਾ ਪਰਮਾਤਮਾ ਦੇ ਮਿਲਾਪ ਦਾ ਦੱਸਿਆ ਹੈ, ਉਹ ਹੈ ਸੰਤੋਖ ਦਾ। ਜਿਸ ਤਰ੍ਹਾਂ ਸਰੀਰ ਦਾ ਪਿਤਾ ਹੈ, ਆਤਮਾ ਦਾ ਵੀ ਪਿਤਾ ਹੈ ਸੰਤੋਖ; ਤੇ ਏਸੇ ਸੰਤੋਖ ਨੇ ਹੀ ਪਿਤਾ ਦੇ ਫ਼ਰਜ਼ ਨਿਭਾਉਂਦਿਆਂ ਆਤਮਾ ਦੀ ਨਿਗਰਾਨੀ ਕਰਨੀ ਹੈ। ਸਾਰੀ ਦੁਨੀਆਂ ਦਾ ਧਨ ਵੀ ਇਸ ਮਨੁੱਖ ਪਾਸ ਆ ਜਾਏ, ਇਸ ਦਾ ਰਜ ਨਹੀਂ ਹੋ ਸਕਦਾ। ਜਿਤਨੀ ਪਰਵਾਰਾਂ ਵਿੱਚ ਹਫੜਾ ਦਫੜੀ ਅੱਜ ਮੱਚੀ ਹੋਈ ਹੈ ਇਹ ਸਾਰੀ ਸੰਤੋਖ ਨਾ ਹੋਣ ਕਰਕੇ ਹੀ ਹੈ। ਦਰਵੇਸ਼ੀ ਗਾਖੜੀ ਪੁਸਤਕ ਅਨੁਸਾਰ ਜੋ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਨੇ ਲਿਖੀ ਹੈ --- ਦੋ ਫ਼ਕੀਰ ਆਪਸ ਵਿੱਚ ਮਿਲਦੇ ਹਨ, ਇੱਕ ਦੂਜੇ ਨਾਲ ਗੱਲ ਕਰਦਿਆਂ ਸਬਰ ਅਤੇ ਸੰਤੋਖ ਤੇ ਚਰਚਾ ਹੋ ਰਹੀ ਹੈ। ਇੱਕ ਫ਼ਕੀਰ ਕਹਿੰਦਾ ਹੈ, “ਰੋਟੀ ਨਾ ਮਿਲੇ ਤਾਂ ਸੰਤੋਖ ਹੈ ਪਰ ਜੇ ਮਿਲ ਜਾਏ ਤਾਂ ਸ਼ੁਕਰ ਕਰਕੇ ਖਾ ਲੈਂਦਾ ਹਾਂ”। ਦੂਸਰਾ ਫਕੀਰ ਕਹਿੰਦਾ ਹੈ, “ਫਿਰ ਤੇਰੇ ਵਿੱਚ ਤੇ ਗਲ਼ੀ ਦੇ ਕੁੱਤੇ ਵਿੱਚ ਕੀ ਅੰਤਰ ਹੈ? ਗੱਲ਼ੀ ਦੇ ਕੁੱਤੇ ਨੂੰ ਰੋਟੀ ਪਾ ਦਿਓ ਸ਼ੁਕਰ ਕਰਕੇ ਖਾ ਜਂਦਾ ਹੈ, ਰੋਟੀ ਨਾ ਪਾਉ ਤਾਂ ਸੰਤੋਖ ਕਰਕੇ ਬੈਠਾ ਰਹਿੰਦਾ ਹੈ”। ਤਾਂ ਫਿਰ ਪਹਿਲਾ ਫ਼ਕੀਰ ਪੁੱਛਦਾ ਹੈ, “ਤੂੰ ਕੀ ਕਰਦਾ ਏਂ” ? ਤਾਂ ਅੱਗੋਂ ਉੱਤਰ ਮਿਲਿਆ, “ਨਾ ਮਿਲੇ ਤਾਂ ਸੰਤੋਖ ਪਰ ਜੇ ਮਿਲ ਜਾਏ ਤਾਂ ਵੰਡ ਕੇ ਖਾ ਲੈਂਦਾ ਹਾਂ”। ਇਸ ਦਾ ਅਰਥ ਹੋਇਆ ਸੰਤੋਖੀ ਹੀ ਕੁੱਝ ਵੰਡ ਸਕਦਾ ਹੈ, ਕੁੱਝ ਦੇ ਸਕਦਾ ਹੈ। ਸੰਤੋਖ ਵਿਚੋਂ ਵੰਡ ਕੇ ਛੱਕਣ ਦਾ ਨੁਕਤਾ ਨਿਕਲਦਾ ਹੈ। ਤਾਂ ਫਿਰ ਇਸ ਆਤਮਾ ਦਾ ਪਿਤਾ ਸੰਤੋਖ ਹੈ। ਜ਼ਿੰਦਗੀ ਦੀ ਸਿੱਖਰ ਤੇ ਰਬੀ ਮਿਲਾਪ ਦੀ ਉੱਚਤਾ ਲਈ ਸੰਤੋਖ ਦਾ ਹੋਣਾ ਗੁਰੂ ਨਾਨਕ ਜੀ ਨੇ ਦੂਸਰੇ ਅਸਥਾਨ ਤੇ ਰਖਿਆ ਹੈ। ਗੁਰੂ ਦੀ ਮਤ ਨੂੰ ਮਾਂ ਤੇ ਸੰਤੋਖ ਨੂੰ ਪਿਤਾ ਮੰਨਣ ਵਾਲਾ ਰੱਬੀ ਰਾਹ ਤੇ ਤੁਰ ਪੈਂਦਾ ਹੈ। ਇਸ ਰਸਤੇ ਤੇ ਤੁਰਨ ਵਾਲੇ ਦੀ ਕੀਮਤ ਨਹੀਂ ਪਾਈ ਜਾ ਸਕਦੀ।

‘ਮਾਤਾ ਮਤਿ ਪਿਤਾ ਸੰਤੋਖੁ’॥

ਤੀਸਰੇ ਨੁਕਤੇ ਵਿੱਚ ਭਰਾ ਦੀ ਗੱਲ ਆਖੀ ਹੈ। ਭਰਾ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ ਜੇ ਉੱਪਰਲੇ ਨੁਕਤੇ ਅਪਨਾਏ ਹੋਣ ਤਾਂ, ਨਹੀਂ ਤਾਂ ਭਰਾਵਾਂ ਵਿੱਚ ਸ਼ਰੀਕਾ ਕਾਇਮ ਹੋ ਜਾਂਦਾ ਹੈ। ਸ਼ਬਦ ‘ਸਤੁ’ ਵਰਤਿਆ ਹੈ। ‘ਸਤੁ’ ਦਾ ਅਰਥ ਹੈ ਦਾਨ ਤੇ ਦਾਨ ਦਾ ਅਰਥ ਸੇਵਾ ਲਿਆ ਜਾਏਗਾ। ਖ਼ਲਕਤ ਦੀ ਸੇਵਾ ਨੂੰ ਆਤਮਾ ਦਾ ਭਰਾ ਬਣਾਉਂਣਾ ਹੈ। ਕਿਸੇ ਵੀ ਜਾਤ ਬਰਾਦਰੀ ਨਾਲ ਸਬੰਧ ਰੱਖਦਾ ਹੈ, ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਸਮਝਦਿਆਂ ਖ਼ਲਕਤ ਦੀ ਸੇਵਾ ਵਿੱਚ ਜੁੱਟ ਜਾਏ। ਅੱਜ ਸੇਵਾ ਸੁੰਗੜ ਗਈ ਹੈ, ਕੇਵਲ ਗੁਰਦੁਆਰਿਆਂ ਵਿੱਚ ਸੀਮਤ ਹੋ ਕੇ ਰਹਿ ਗਈ ਹੈ। ਗੁਰਦੁਆਰੇ ਤਾਂ ਸੇਵਾ ਲਈ ਪੂਰਨੇ ਸਿੱਖਣ ਲਈ ਹਨ। ਸੇਵਾ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ। ਦੁਨੀਆਂ ਦੀ ਸੇਵਾ ਵਿੱਚ ਹਰ ਵੇਲੇ ਤਤਪਰ ਰਹਿਣਾ ਹੀ ਗੁਰੂ ਨਾਨਕ ਜੀ ਦਾ ਉਪਦੇਸ਼ ਸੀ। ਉਹਨਾਂ ਦਾ ਆਪਣਾ ਵਾਕ ਹੈ “ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ”॥ ਸਾਂਵੀਂ ਪੱਧਰੀ ਜ਼ਿੰਦਗੀ ਲਈ ਗੁਰੂ ਜੀ ਦੇ ਗਿਆਨ ਦੀ ਮਾਤਾ, ਸੰਤੋਖ ਪਿਤਾ ਤੇ ਖ਼ਲਕਤ ਦੀ ਸੇਵਾ ਆਤਮਾ ਦਾ ਭਰਾ ਹੈ। “ਸਤੁ ਭਾਈ ਕਰਿ ਏਹੁ ਵਿਸੇਖੁ”॥ ਦਾ ਕੌਮੀ ਅਦਰਸ਼ ਹੋਣਾ ਚਹੀਦਾ ਹੈ। ਇਸ ਸ਼ਬਦ ਵਿੱਚ ਜੀਵਨ ਜਾਚ ਪੜਾਅ ਵਾਰ ਚੱਲ ਰਹੀ ਹੈ।

ਦੁਨਿਆਵੀ ਰਿਸ਼ਤਿਆਂ ਦੀਆਂ ਹੋਰ ਉਦਾਹਰਣਾਂ ਦੇਂਦਿਆਂ ਇਸ ਸ਼ਬਦ ਵਿੱਚ ‘ਸਸੁਰ’ ਆਇਆ ਹੈ, ਆਤਮਿਕ ਉੱਨਤੀ ਲਈ ਜਿਸ ਨੂੰ ਪਰਮਾਤਮਾ ਦਾ ਮਿਲਾਪ ਆਖਿਆ ਹੈ। ਇਸ ਵਿੱਚ ਸੱਸ ਤੇ ਸਹੁਰੇ ਦਾ ਜ਼ਿਕਰ ਆਇਆ ਹੈ। ਇਸ ਮਨ ਦਾ ਇੱਕ ਸੱਸ ਤੇ ਇੱਕ ਸਹੁਰਾ ਵੀ ਹੈ। ਸ਼ਰਮ -- ਮਿਹਨਤ ਉੱਦਮ ਲਈ ਵਰਤਿਆ ਗਿਆ ਹੈ। ਉੱਚੀ ਸੁਰਤ ਰੱਖਣ ਦਾ ਵਿਸ਼ੇਸ਼ ਸਥਾਨ ਹੈ, ਸੱਚੀ ਸੁੱਚੀ ਕਿਰਤ ਆਤਮਾ ਦੇ ਤੱਲ ਤੇ ਸਹੁਰਾ ਹੈ ਤੇ ਕਿਰਤ ਕਰਦਿਆਂ ਸੁਰਤੀ ਵਿੱਚ ਰੱਬੀ ਹੁਕਮ ਹੋਵੇ, ਇਹ ਆਤਮਿਕ ਸੱਸ ਹੈ। ਜੇ ਕਿਰਤ ਸਾਫ਼-- ਸੁੱਥਰੀ ਹੋਵੇ, ਸੁਰਤ ਉੱਚੀ ਹੋਏਗੀ। ਕਿਰਤ ਵਿੱਚ ਪਵਿੱਤਰਤਾ ਨਹੀਂ, ਸੁਰਤ ਕਦੇ ਵੀ ਉੱਚੀ ਨਹੀਂ ਉੱਠ ਸਕਦੀ। ਜੇ ਗੁਰੂ ਦੀ ਮਤਿ, ਸੰਤੋਖ ਤੇ ਖ਼ਲਕਤ ਦੀ ਸੇਵਾ ਦੇ ਨੁਕਤੇ ਨੂੰ ਮੁੱਖ ਰੱਖਿਆ ਜਾਏ ਤਾਂ ਸੁਰਤ ਉੱਚੀ ਹੋਏਗੀ ਇਸ ਦੇ ਨਾਲ ਹੀ ਕਿਰਤ ਤੇ ਉੱਚੀ ਸੁਰਤ ਦੀ ਨੇਕ ਧੀ ਕਰਮ ਹੋਣਗੇ ਤਾਂ ਹੀ ਉੱਚਾ ਆਚਰਣ ਹੋਏਗਾ। ਫਿਰ ਇਸ ਆਤਮਾ ਦੀ ਵਹੁਟੀ ਉੱਚ ਆਚਰਣ ਹੋਇਆ। ਸਚੁੱਜਾ--ਪਨ ਆ ਜਾਏਗਾ, ਜ਼ਿੰਦਗੀ ਦਾ ਨੇਕ ਚੱਲਨ ਇਸ ਮਨ ਦੀ ਵਹੁਟੀ ਹੈ। ਏਸੇ ਸ਼ਬਦ ਦੇ ਦੂਸਰੇ ਬੰਦ ਵਿੱਚ ਕਿਤਨਾ ਸਰਲ ਕਰਕੇ ਸਮਝਾਇਆ ਹੈ:-----

ਸਰਮ ਸੁਰਤਿ ਦੁਇ ਸਸੁਰ ਭਏ॥ ਕਰਣੀ ਕਾਮਣਿ ਕਰਿ ਮਨ ਲਏ॥

ਹੁਣ ਜਦੋਂ ਮਨ ਦੇ ਰਿਸ਼ਤੇ ਕਾਇਮ ਹੋ ਗਏ ਹਨ ਤਾਂ ਵਿਆਹ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਦੋ ਪਰਵਾਰ ਲੜਕੀ ਅਤੇ ਲੜਕੇ ਦੇ ਵਿਆਹ ਦਾ ਦਿਨ ਤਹਿ ਕਰਦੇ ਹਨ। ਫਿਰ ਥੋੜੀ ਕੀਤਿਆਂ ਦਿਨ ਤਬਦੀਲ ਨਹੀਂ ਕੀਤਾ ਜਾਂਦਾ, ਕਿਉਂਕਿ ਦੂਰੋਂ ਨੇੜਿਓਂ ਕਈਆਂ ਨੇ ਆਉਣਾ ਹੁੰਦਾ ਹੈ। ਏਸੇ ਤਰ੍ਹਾਂ ਨਿਤਾ ਪ੍ਰਤੀ ਸੰਗਤ ਵਿੱਚ ਆਉਣਾ ਆਤਮਾ ਤੇ ਪਰਮਾਤਮਾ ਦੇ ਵਿਆਹ ਦਾ ਦਿਨ ਹੈ। ਭਾਵ ਕਦੇ ਵੀ ਸਤ ਸੰਗਤ ਦਾ ਸਮਾਂ ਨਾ ਖੁੰਝਾਇਆ ਨਾ ਜਾਏ। ਸੰਗਤ ਵਿੱਚ ਆਉਣ ਦਾ ਸਾਹਾ ਸੋਧਿਆ ਜਾਏ ਤੇ ਸੰਗਤ ਵਿੱਚ ਰਹਿੰਦਿਆਂ ਦੁਨੀਆਂ ਦੀਆਂ ਖ਼ਾਹਸ਼ਾਂ ਤੋਂ ਮੁਕਤ ਹੋਇਆ ਜਾਏ। ਜੇ ਸੰਗਤ ਵਿੱਚ ਬੈਠਿਆਂ ਦੁਨੀਆਵੀ ਭਾਰ ਹੀ ਚੁੱਕੀ ਫਿਰਨਾ ਹੈ ਤਾਂ ਇਹ ਏਸੇ ਤਰ੍ਹਾਂ ਹੀ ਹੈ ਜਿਵੇਂ ਕੋਈ ਆਦਮੀ ਭਾਰ ਚੁੱਕ ਕੇ ਦਰਿਆ ਪਾਰ ਕਰਨ ਦਾ ਯਤਨ ਕਰੇ। ਸਾਨੂੰ ਦੁਨਿਆਵੀ ਖਹਸ਼ਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਇਸ ਆਤਮਿਕ ਵਿਆਹ ਵਿਚੋਂ ਸੱਚ ਰੂਪੀ ਪੁੱਤਰ ਜਨਮ ਲਏਗਾ ਜੋ ਆਤਮਾ ਦੀ ਸੰਤਾਨ ਹੈ। ਇਸ ਆਤਮਿਕ ਵਿਆਹ ਵਿੱਚ ਪਰਮਤਾਮਾ ਰੂਪੀ ਪੁੱਤਰ ਪ੍ਰਗਟ ਹੋਏਗਾ। ਗੁਰੂ ਦੀ ਮਤਿ, ਸੰਤੋਖ, ਖ਼ਲਕਤ ਦੀ ਸੇਵਾ, ਸੁੱਚੀ ਕਿਰਤ, ਉੱਚੀ ਸੁਰਤ, ਨੇਕ ਚੱਲਨ, ਸਮੇਂ ਦੀ ਪਾਬੰਦੀ ਤੇ ਸੰਸਾਰ ਵਲੋਂ ਨਿਰਮੋਹ ਹੋਇਆਂ ਹੀ ਪਰਮਾਤਮਾ ਦਾ ਨਾਲ ਮਿਲਾਪ ਹੈ ਤੇ ਜ਼ਿੰਦਗੀ ਜਿਉਣ ਦੀ ਜਾਚ ਹੈ।

ਸਾਹਾ ਸੰਜੋਗੁ ਵੀਆਹੁ ਵਿਜੋਗੁ॥ ਸਚੁ ਸੰਗਤਿ ਕਹੁ ਨਾਨਕ ਜੋਗੁ॥

ਪਰਮਾਤਮਾ ਦੇ ਮਿਲਾਪ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਹੋਰ ਸਪੱਸ਼ਟ ਸ਼ਬਦਾਂ ਵਿੱਚ ਫਰਮਇਆ ਹੈ ਕਿ ਜਿਹੜੇ ਮਨੁੱਖ ਨੂੰ ਰੱਬ ਮਿਲ ਜਾਏ ਉਸ ਦੀਆਂ ਨਿਸ਼ਾਨੀਆਂ ਕੀ ਹਨ। ਜਿਹੜਾ ਉਸ ਦੇ ਚਰਨਾ ਵਿੱਚ ਜੁੜਿਆ ਰਹਿੰਦਾ ਹੈ ਉਹ ਆਪਣੇ ਮਨ ਵਿੱਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ। ਉਹ ਮਨੁੱਖ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ। ਜਿਹੜੇ ਮਨੁੱਖ ਖਸਮ--ਪ੍ਰਭੂ ਦੀ ਰਜ਼ਾ ਵਿੱਚ ਰਹਿੰਦੇ ਹਨ ਉਹ ਆਤਮਿਕ ਅਡੋਲਤਾ ਵਿੱਚ ਸਦਾ ਟਿਕੇ ਰਹਿੰਦੇ ਹਨ। ਸੰਤੋਖ ਵਿੱਚ ਜੀਵਨ ਬਤੀਤ ਕਰਦੇ ਹਨ। ਤ੍ਰਿਸ਼ਨਾ ਵਲੋਂ ਸਦਾ ਰੱਜੇ ਰਹਿੰਦੇ ਹਨ।

ਪ੍ਰਭ ਮਿਲਣੈ ਕੀ ਏਹ ਨੀਸਾਣੀ॥ ਮਨਿ ਇਕੋ ਸਚਾ ਹੁਕਮੁ ਪਛਾਣੀ॥

ਸਹਿਜ ਸੰਤੋਖਿ ਸਦਾ ਤ੍ਰਿਪਤਾਸੇ, ਅਨਦੁ ਖਸਮ ਕੈ ਭਾਣੈ ਜੀਉ॥

ਮਾਝ ਮਹਲਾ 5 ਪੰਨਾ 106 –

ਅੱਜ ਦੇ ਇਸ ਕਾਹਲ਼ੇ ਦੌਰ ਵਿੱਚ ਉਪਰੋਕਤ ਨੁਕਤਿਆਂ ਨੂੰ ਅਪਣਾ ਲਿਆ ਜਾਏ ਤਾਂ ਸਾਰੇ ਸੰਸਾਰ ਵਿੱਚ ਸ਼ਾਂਤੀ ਆ ਸਕਦੀ ਹੈ। ਮਨੁੱਖ ਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਸਕਦੀ ਹੈ। ਗੁਰਬਾਣੀ ਹੈ ਹੀ ਸਮੁੱਚੀ ਦੁਨੀਆਂ ਲਈ ਜੀਵਨ ਜਾਚ।




.